ਇਹਨੀਂ ਦਿਨੀਂ ਪੰਜਾਬੀ ਬਾਰੇ ਪ੍ਰੈਸ ਵਿਚ ਵਾਹਵਾ ਸ਼ੋਰ ਸ਼ਰਾਬਾ ਜਿਹਾ ਸੁਣਨ ਵਿਚ
ਆ ਰਿਹਾ ਹੈ। ਅਜਿਹਾ ਹੀ ਰੌਲਾ ਰੱਪਾ ਚਾਲ਼ੀ ਸਾਲ ਪਹਿਲਾਂ ਵੀ ਕੁਝ ਦਿਨ ਵਾਹਵਾ
ਸੁਣਾਈ ਦਿਤਾ ਸੀ। ਓਦੋਂ ਵੀ ਲਛਮਣ ਸਿੰਘ ਗਿੱਲ ਨੇ ਪੰਜਾਬ ਅਸੈਂਬਲੀ ਵਿਚ, ਇਕ
ਕਾਂਗਰਸੀ ਮੈਬਰ ਪ੍ਰਬੋਧ ਚੰਦਰ, ਤੋਂ ਪੇਸ਼ ਕਰਵਾ ਕੇ ਹੁਣ ਨਾਲ਼ ਮਿਲ਼ਦਾ ਜੁਲ਼ਦਾ
ਕੋਈ ਮਤਾ ਮੁਤਾ ਜਿਹਾ ਪਾਸ ਕਰਵਾਇਆ ਸੀ। ਉਸ ਸਮੇ ਬੜਾ ਪ੍ਰਾਪੇਗੰਡਾ ਪ੍ਰੈਸ ਵਿਚ
ਵੇਖਣ ਤੇ ਪੜ੍ਹਨ ਨੂੰ ਮਿਲ਼ਿਆ ਸੀ ਕਿ ਅਕਾਲੀ ਜੋ ਕੁਝ ਨਹੀ ਕਰ ਸਕੇ ਉਹ ਗਿੱਲ ਨੇ
ਕਰ ਵਿਖਾਇਆ। ਪਰ ਕਿਧਰ ਗਿਆ ਉਹ ਕੋਈ ਮਤਾ ਮੁਤਾ ਜਿਹਾ ਜੇ ਕੋਈ ਸੀ ਤੇ ਉਸ ਮਤੇ
ਰਾਹੀਂ ਲਾਗੂ ਹੋ ਚੁੱਕੀ ਪੰਜਾਬੀ ਕਿਧਰ ਚਲੀ ਗਈ ਜੋ ਹੁਣ ਚਾਲ਼ੀ ਸਾਲਾਂ ਪਿਛੋਂ
ਫਿਰ ਅਜਿਹਾ ਡਰਾਮਾ ਕਰਨ ਦੀ ਲੋੜ ਪੈ ਗਈ! ਇਸ ਤੋਂ ਵੀ ਪਹਿਲਾਂ, 1962 ਵਿਚ
ਓਦੋਂ ਦੇ ਮੁਖ ਮੰਤਰੀ, ਸ. ਪਰਤਾਪ ਸਿੰਘ ਕੈਰੋਂ, ਨੇ ਵੀ ਐਲਾਨ ਕੀਤਾ ਸੀ ਕਿ
1963 ਦੀ ਪਹਿਲੀ ਅਕਤੂਬਰ ਤੋਂ ਪੰਜਾਬ ਵਿਚ ਜ਼ਿਲਾ ਪਧਰ ਤੇ ਪੰਜਾਬੀ ਲਾਗੂ ਕਰ
ਦਿਤੀ ਜਾਵੇਗੀ ਪਰ ਗੱਲ, “ਵੋਹੀ ਢਾਕ ਕੇ ਤੀਨ ਪਾਤ!“ ਹੀ ਓਦੋਂ ਵੀ ਹੋਈ ਸੀ।
ਪੰਜਾਬ ਦੇ ਸਿਆਸਤਦਾਨਾਂ ਵਿਚ ਪੰਜਾਬੀ ਨੂੰ ਲਾਗੂ ਕਰਨ ਦੀ ਇਮਾਨਦਾਰੀ ਨਹੀ।
ਉਹਨਾਂ ਦੇ ਮਤੇ ਸ਼ਤੇ ਜਿਹੇ ਸਿਰਫ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਤੱਕ ਹੀ
ਸੀਮਤ ਹਨ। ਦੂਜੇ ਬੰਨੇ ਅਫ਼ਸਰ ਸ਼ਾਹੀ ਕਦੇ ਵੀ ਲੋਕਾਂ ਦੀ ਬੋਲੀ ਨੂੰ ਸਰਕਾਰੇ
ਦਰਬਾਰੇ ਨਾ ਚੜ੍ਹਨ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।ਜਦੋ ਤੋਂ ਹੀ ਮੈ ਗੁਰਮੁਖੀ ਦੇ ਅੱਖਰ ਉਠਾਲਣ ਦੇ ਯੋਗ ਹੋਇਆ ਤਦੋਂ ਤੋਂ ਹੀ,
"ਪੰਜਾਬੀ ਓਇ, ਮਾਂ ਬੋਲੀ ਓਇ, ਮਾਰੇ ਗਏ ਓਇ, ਲੁੱਟੇ ਗਏ ਓਇ" ਦੀ ਦੁਹਾਈ ਪਾਈ
ਜਾ ਰਹੀ ਅੱਖਾਂ ਤੇ ਕੰਨਾਂ ਨੂੰ ਸੁਣਾਈ ਦੇ ਰਹੀ ਹੈ। ਅਕਾਲੀਆਂ ਦੀ ਅਗਵਾਈ ਹੇਠ
ਇਸ ਲਈ ਕਈ ਮੋਰਚੇ ਵੀ ਲੱਗੇ। ਜੇਹਲਾਂ ਵੀ ਝਾਗੀਆਂ। ਸ਼ਹੀਦੀਆਂ ਵੀ ਹੋਈਆਂ ਤਾਂ
ਕਿ ਹਿੰਦੁਸਤਾਨ ਦੇ ਅੰਦਰ ਕੋਈ ਅਜਿਹਾ ਖ਼ਿੱਤਾ ਨਿਸਚਤ ਕਰਕੇ ਉਸ ਦੁਆਲ਼ੇ ਲੀਕ ਮਾਰ
ਕੇ ਸਮਝਿਆ ਜਾਵੇ ਕਿ ਇਸ ਥਾਂ ਦੀ ਬੋਲੀ ਪਜੰਾਬੀ ਹੈ ਤੇ ਏਥੇ ਦੀ ਪੜ੍ਹਾਈ ਤੇ
ਸਰਕਾਰੀ ਕੰਮ ਕਾਜ ਪੰਜਾਬੀ ਬੋਲੀ ਤੇ ਇਸਦੀ ਲਿੱਪੀ ਗੁਰਮੁਖੀ ਵਿਚ ਹੋਵੇਗਾ। 1
ਨਵੰਬਰ 1966 ਨੂੰ ਇਹ ਕੰਮ ਵੀ ਹੋ ਗਿਆ। ਪਰ, "ਵੋਹੀ ਢਾਕ ਕੇ ਤੀਨ ਪਾਤ!"
ਪੰਜਾਬੀ ਲਾਗੂ ਹੋਣ ਦੀ ਸਮੱਸਿਆ ਫੇਰ ਓਵੇਂ ਜਿਵੇਂ ਖੜ੍ਹੀ ਹੈ।
"ਪੰਚਾਂ ਦਾ
ਕਿਹਾ ਸਿਰ ਮੱਥੇ ਪਰ ਪਰਨਾਲ਼ਾ ਓਥੇ ਦਾ ਓਥੇ।"
ਬਹੁਤ ਕੁਝ ਪੜ੍ਹਿਆ ਕਿ ਮਾਂ ਬੋਲੀ ਮਨੁਖ ਵਾਸਤੇ ਸਭ ਤੋਂ ਵਧ ਲੋੜੀਂਦੀ ਹੈ।
ਸਿੱਖਿਆ ਦਾ ਮਾਧਿਅਮ ਮਾਂ ਬੋਲ਼ੀ ਹੋਣੀ ਚਾਹੀਦੀ ਹੈ। ਮੈਨੂੰ ਵੀ ਏਹੀ ਗੱਲ ਸ਼ੁਰੂ
ਤੋਂ ਹੀ ਭਾਉਂਦੀ ਆ ਰਹੀ ਹੈ। ਜਿਥੇ ਅੰਗ੍ਰੇਜ਼ਾਂ ਤੇ ਅੰਗ੍ਰੇਜ਼ੀ ਦਾ ਰਾਜ ਨਹੀ
ਰਿਹਾ ਉਹ ਲੋਕ ਕਿਵੇਂ ਹਰ ਪ੍ਰਕਾਰ ਦਾ ਕਾਰਜ ਚਲਾਉਂਦੇ ਹਨ ਤੇ ਅਸੀਂ ਪੰਜਾਬੀ
ਕਿਉਂ ਨਹੀ ਇਸ ਤੋਂ ਬਿਨਾ ਆਪਣਾ ਕੰਮ ਕਰ ਸਕਦੇ; ਅਜਿਹੀ ਸੋਚ ਸਦਾ ਹੀ ਮੇਰੀ ਸੋਚ
ਤੇ ਹਾਵੀ ਰਹੀ ਹੈ।
ਸ਼ਾਇਦ ਮੇਰੇ ਅਜਿਹੇ ਵਿਚਾਰ ਬਣਨ ਵਿਚ ਇਸ ਗੱਲ ਦਾ ਵੀ ਬਹੁਤਾ ਅਸਰ ਹੋਵੇ ਕਿ
ਮੈਨੂੰ ਪੰਜਾਬੀ ਤੋਂ ਬਿਨਾ ਹੋਰ ਕੋਈ ਭਾਸ਼ਾ ਪੜ੍ਹਨੀ ਨਹੀ ਸੀ ਆਉਂਦੀ। ਭਾਵੇਂ
ਮਾੜੀ ਮੋਟੀ ਹਿੰਦੀ ਉਠਾਲ਼ ਲੈਂਦਾ ਸਾਂ।
ਫਿਰ ਪੰਜਾਬ ਦੇ ਪੰਜਾਬੀ ਤੇ ਹਿੰਦੀ ਪ੍ਰੈਸ ਵਿਚ ਵੀ ਵਾਹਵਾ ਇਕ ਦੂਜੀ ਭਾਸ਼ਾ ਦਾ
ਵਿਰੋਧ ਹੁੰਦਾ ਪੜ੍ਹਨ ਨੂੰ ਮਿਲ਼ਦਾ ਰਿਹਾ। 1967 ਦੀਆਂ ਗਰਮੀਆਂ ਵਿਚ, 'ਵੀਰ
ਪ੍ਰਤਾਪ' ਦੇ ਇਕ ਪਰਚੇ ਦੇ ਐਡੀਟੋਰੀਅਲ ਵਿਚ ਮਹਾਸ਼ਾ ਵਰਿੰਦਰ ਦੇ ਲਿਖੇ ਇਹ ਸ਼ਬਦ
ਅਜੇ ਤੱਕ ਨਹੀ ਭੁੱਲੇ, "ਪੰਜਾਬੀ ਹਮਾਰੀ ਬੋਲੀ ਅਵੱਸ਼ ਹੈ ਮਗਰ ਯਹ ਹਮਾਰੀ ਭਾਸ਼ਾ
ਨਹੀ। ਯਹ ਹਮਾਰੀ ਭਾਸ਼ਾ ਹੋ ਸਕਤੀ ਥੀ ਅਗਰ ਇਸੇ ਦੇਵਨਾਗਰੀ ਮੇ ਲਿਖਨੇ ਕੀ
ਅਨੁਮਤੀ ਦੀ ਜਾਤੀ।" ਇਹ ਸ਼ਬਦ ਮੈ ਕਿਤੇ "ਸਮਝਦਾਰ ਦੀ ਦਲੀਲ" ਦੇ ਨਾਂ ਹੇਠ ਕਿਤੇ
ਲਿਖੇ ਹੋਏ ਹਨ।
ਪੜ੍ਹਾਈ ਬਾਰੇ ਮੁਢਲੀ ਬਾਤ ਹੀ ਇਹ ਹੈ ਕਿ ਸ਼ੁਰੂ ਵਿਚ ਸਾਹਿਤ, ਸਭਿਆਚਾਰ,
ਸ਼ਖ਼ਸੀਅਤ ਦੇ ਨਿਖਾਰ ਵਰਗੇ ਖਿਆਲੀ ਹਵਾਈ ਮਹੱਲਾਂ ਦੀ ਪ੍ਰਾਪਤੀ ਵਾਸਤੇ ਘਰ ਦਾ
ਪਿਆਰ, ਸਾਥੀਆਂ ਨਾਲ਼ ਖੇਡਣ ਵਰਗੇ ਮਾਹੌਲ਼ ਨੂੰ ਛੱਡ ਕੇ ਜ਼ਾਲਮ ਦਿਸਣ ਵਾਲ਼ੇ
ਮਾਸਟਰਾਂ ਦੇ ਡੰਡੇ ਦੀ ਮਾਰ ਹੇਠਾਂ ਆੳਣੇ ਲਈ ਕੋਈ ਬੱਚਾ ਸਕੂਲ ਨਹੀ ਜਾਂਦਾ।
ਮਾਪੇ ਬਦੋ ਬਦੀ ਬੱਚੇ ਨੂੰ ਸਕੂਲੇ ਇਸ ਲਈ ਭੇਜਦੇ ਹਨ ਤਾਂ ਕਿ ਉਹ ਪੜ੍ਹ ਕੇ
ਆਪਣੀ ਰੋਟੀ ਕਮਾ ਸਕੇ। ਸੋ ਪੜ੍ਹਾਈ ਦਾ ਸਬੰਧ ਕੇਵਲ ਤੇ ਕੇਵਲ ਰੋਟੀ ਨਾਲ਼
ਹੀ ਨੱਥੀ ਹੈ। ਜਦੋਂ ਪੜ੍ਹਾਈ, ਡਿਗਰੀ ਆਦਿ ਦਾ ਸਬੰਧ ਰੋਟੀ ਨਾਲ਼ ਜੁੜਿਆ
ਹੋਇਆ ਹੈ ਤਾਂ ਮਾਪੇ ਆਪਣੇ ਬੱਚਿਆਂ ਨੂੰ ਓਹੀ ਪੜ੍ਹਾਈ ਪੜ੍ਹਵਾਉਣਗੇ ਜੇਹੜੀ
ਨਾਲ਼ ਉਹ ਦੂਜਿਆਂ ਨਾਲ਼ੋਂ ਚੰਗੇਰੀ ਪਦਵੀ ਤੇ ਚੰਗੇਰੀ ਕਮਾਈ ਦੇ ਯੋਗ ਹੋ
ਸਕਣ। ਇਹ ਤਾਂ, "ਨਾਨਕ ਲੇਖੈ ਇਕ ਗਲ" ਹੈ; ਬਾਕੀ ਸਭ ਗੱਲਾਂ "ਹੋਰੁ ਹਉਮੈ
ਝਖਣਾ ਝਾਖ॥" ਹੀ ਹਨ। ਬਾਕੀ ਗੱਲਾਂ ਤਾਂ ਜ਼ਿਹਨੀ ਅਯਾਸ਼ੀ ਹੀ ਹਨ; ਜਾਂ
ਅਮੀਰਾਂ ਦੇ ਚੋਂਚਲੇ। ਆਰਾਮਚੇਅਰ ਬੁਧੀਜੀਵੀਆਂ ਦੀਆਂ ਖ਼ਾਮ ਖ਼ਿਆਲੀਆਂ। ਇਸ
ਤੋਂ ਇਕ ਗੱਲ ਚੇਤੇ ਆਈ: ਖੇਤ ਵਿਚ ਹਲ਼ ਵਾਹ ਰਹੇ ਜੱਟ ਕੋਲ਼ ਮਰਾਸੀ ਚਲਿਆ
ਗਿਆ। ਨਾਲ਼ ਨਾਲ਼ ਉਸਦੇ ਹਲ਼ ਦੇ ਮਗਰ ਹੀ ਤੁਰੀ ਗਿਆ ਤੇ ਚੰਗੀਆਂ ਚੰਗੀਆਂ,
ਨਿਘੀਆਂ ਨਿਘੀਆਂ, ਪਿਆਰੀਆਂ ਪਿਆਰੀਆਂ ਚੇਹਰੇ ਤੇ ਮੁਸ੍ਰਾਹਟ ਲਿਆਉਣ
ਵਾਲ਼ੀਆਂ ਕੁਝ ਸਮਾ ਗੱਲਾਂ ਕਰਨ ਪਿਛੋਂ ਆਪਣੀ ਅਸਲੀ ਗੱਲ ਵੱਲ ਆ ਗਿਆ; ਤੇ
ਆਖਣ ਲੱਗਾ, "ਪ੍ਰਭਾ, ਰਾਗ ਰੂਹ ਦੀ ਖ਼ੁਰਾਕ ਹੈ। ਮੈ ਤੇਰੇ ਮੁੰਡੇ ਨੂੰ ਰਾਗ
ਮੁਖ਼ਤ ਹੀ ਸਿਖਾ ਦਿੰਦਾ ਹਾਂ। ਹੋਰ ਕੁਝ ਨਹੀ, ਬੱਸ ਤੂੰ ਮੈਨੂੰ ਦੋ ਰੋਟੀਆਂ
ਦੇ ਛੱਡਿਆ ਕਰੀਂ।" ਜੱਟ ਸਮਝ ਗਿਆ ਕਿ ਮਸਲਾ ਤਾਂ ਸਾਰਾ ਦੁਨੀਆ ਵਿਚ ਰੋਟੀ
ਦਾ ਹੀ ਆ! ਉਹ ਵੀ ਸਵੇਰ ਦਾ ਹਲ਼ ਰੋਟੀ ਵਾਸਤੇ ਹੀ ਵਾਹ ਰਿਹਾ ਸੀ ਤੇ ਮਰਾਸੀ
ਵੀ ਵਿਚਾਰਾ ਲੋਲੋ ਪੋਪੋ ਰੋਟੀ ਵਾਸਤੇ ਹੀ ਕਰ ਰਿਹਾ ਸੀ। "ਮੀਰਜਾਦਿਆ, ਗੱਲ
ਤਾਂ ਤੇਰੀ ਠੀਕ ਆ ਪਰ ਮੈ ਤਾਂ ਮੁੰਡੇ ਨੂੰ ਉਹ ਕੰਮ ਸਿਖਾਊਂਗਾ ਜਿਸ ਨਾਲ਼
ਉਹਨੂੰ ਕਿਸੇ ਕੋਲ਼ੋਂ ਰੋਟੀ ਨਾ ਮੰਗਣੀ ਪਏ।" ਇਹ ਪੜ੍ਹਾਈਆਂ, ਇਹ ਕਿੱਤੇ,
ਇੰਜ ਮੁਥਾਜੀਆਂ ਸਭ ਰੋਟੀ ਵਾਸਤੇ ਹੀ ਹੀਲੇ ਵਸੀਲੇ ਹਨ।
"ਰੋਟੀ ਤੋ ਕਿਸੀ ਤੌਰ ਕਮਾ ਖਾਏ ਮਛੰਦਰ!"
ਮੁਸਲਮਾਨਾਂ ਦੇ ਰਾਜ ਵੇਲ਼ੇ ਫ਼ਾਰਸੀਦਾਨਾਂ ਨੂੰ ਸਰਕਾਰੀ ਨੌਕਰੀਆਂ ਲਭਦੀਆਂ ਸਨ।
ਏਥੋਂ ਤੱਕ ਕਿ ਪੰਜਾਬ ਵਿਚ ਸਰਕਾਰਿ ਖ਼ਾਲਸਾ ਦੇ ਰਾਜ ਦੌਰਾਨ ਵੀ ਸਰਕਾਰੀ ਕਾਰ
ਵਿਹਾਰ ਫ਼ਾਰਸੀ ਵਿਚ ਹੀ ਹੁੰਦਾ ਸੀ ਤੇ ਸਰਕਾਰੀ ਨੌਕਰੀ ਲਈ ਫ਼ਾਰਸੀ ਜਾਨਣੀ ਲਾਜ਼ਮੀ
ਸੀ। ਇਹ ਕਹਾਵਤ ਵੀ ਉਸ ਸਮੇ ਦੀ ਹੈ:
ਪੜ੍ਹੇ ਫ਼ਾਰਸੀ ਵੇਚੇ ਤੇਲ। ਵੇਖੋ ਇਹ ਕਰਮਾਂ ਦਾ ਖੇਲ।
ਅਰਥਾਤ ਜਿਸਨੂੰ ਫ਼ਾਰਸੀ ਪੜ੍ਹਨ ਪਿਛੋਂ ਵੀ ਸਰਕਾਰੀ ਨੌਕਰੀ ਨਹੀ ਲਭੀ ਤੇ ਹੱਟੀ
ਤੇ ਬਹਿ ਕੇ ਲੂਣ ਤੇਲ ਹੀ ਵੇਚ ਰਿਹਾ ਹੈ, ਉਸਦੇ ਕਰਮ ਹੀ ਮਾੜੇ ਹਨ।
ਫਿਰ ਅੰਗ੍ਰੇਜ਼ਾਂ ਦਾ ਰਾਜ ਆਇਆ ਤਾਂ ਉਹ ਅਪਣੇ ਨਾਲ਼ ਆਪਣੀ ਬੋਲੀ ਅੰਗ੍ਰੇਜ਼ੀ ਲੈ
ਕੇ ਆਏ ਤੇ ਸਰਕਾਰੀ ਨੌਕਰੀਆਂ ਖ਼ਾਤਰ ਅੰਗ੍ਰੇਜ਼ੀ ਸਾਨੂੰ ਪੜ੍ਹਨੀ ਪਈ ਜੋ ਕਿ ਅਜੇ
ਤੱਕ ਸਾਡੇ ਪਿਛੋਂ ਨਹੀ ਲਹਿ ਰਹੀ। ਹੋਰ ਤਾਂ ਹੋਰ ਪਿਛਲੇਰੀ ਅਕਾਲੀ ਸਰਕਾਰ ਦੇ
ਵਿੱਦਿਆ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਸਰਕਾਰੀ ਸਕੂਲਾਂ ਵਿਚ ਵੀ ਪਹਿਲੀ ਤੋਂ
ਅੰਗ੍ਰੇਜ਼ੀ ਲਾ ਦਿਤੀ। ਬੰਦਾ ਪੁਛੇ ਭਈ ੳ ਅ ਤੇ ਸਰਕਾਰੀ ਸਕੂਲਾਂ ਵਿਚ ਕਿਸੇ ਨੂੰ
ਪੜ੍ਹਨਾ ਪੜ੍ਹਾਉਣਾ ਆਉਂਦਾ ਨਹੀ ਇਹ ਏ ਬੀ ਸੀ ਕੌਣ ਪੜ੍ਹਾਊ ਤੇ ਕੌਣ ਪੜੇਗਾ!
ਬਥੇਰਾ ਵਿਦਵਾਨ ਰੌਲ਼ਾ ਪਾ ਹਟੇ ਹਨ ਇਸ ਬਾਰੇ ਪਰ ਇਹ ਜਥੇਦਾਰ ਤੋਤਾ ਸਿੰਘ ਦਾ
ਫ਼ੈਸਲਾ ਬਦਲ ਸਕਣ ਦੀ ਕੋਈ ਜੁਰਅਤ ਨਹੀ ਕਰ ਸਕਿਆ; ਨਾ ਖ਼ਫ਼ਤਾਨੀ ਚਿੱਟੀ ਸਰਕਾਰ ਤੇ
ਨਾ ਹੀ ਹੁਣ ਵਾਲ਼ੀ ਬਾਦਲੀ ਨੀਲੀ ਸਰਕਾਰ ਇਹ ਸਹੀ ਕਦਮ ਚੁੱਕ ਸਕੀ ਹੈ। ਸਾਡੇ
ਜਥੇਦਾਰ ਨੇ ਇਹ ਤਾਂ ਸਾਬਤ ਕਰ ਹੀ ਦਿਤਾ ਕਿ ਵਿੱਦਿਆ ਦੇ ਮੁਆਮਲੇ ਵਿਚ ਉਹ
ਇਹਨਾਂ ਸਾਰੇ 'ਬੁਧੀਜੀਵੀਆਂ' ਨਾਲ਼ੋਂ ਵਧ ਵਿਦਵਾਨ ਹੈ।
ਜਦੋਂ ਮਾਰਚ 1981 ਵਿਚ ਏਥੇ ਆਸਟ੍ਰੇਲੀਆ ਵਿਚ ਮੇਰਾ ਪਰਵਾਰ ਆਇਆ ਤਾਂ ਇਕ
ਪਰਵਾਰਕ ਹਮਦਰਦੀ ਰੱਖਣ ਵਾਲ਼ੀ ਸੁਹਿਰਦ ਭੈਣ ਨੇ ਸੁਝਾ ਦਿਤਾ ਕਿ ਜੇ ਅਸਾਂ
ਅੰਗ੍ਰੇਜ਼ੀ ਬੋਲਣੀ ਸਿੱਖਣੀ ਹੈ ਤਾਂ ਅਸੀਂ ਆਪਣੇ ਬੱਚਿਆਂ ਨਾਲ਼ ਅੰਗ੍ਰੇਜ਼ੀ ਬੋਲਿਆ
ਕਰੀਏ। ਸਾਨੂੰ ਇਹ ਸਲਾਹ ਬੜੀ ਚੰਗੀ ਲੱਗੀ। ਪਰ ਘਰ ਆ ਕੇ ਜਦੋਂ ਠੰਡੇ ਦਿਲ ਨਾਲ
ਇਸ ਤੇ ਵਿਚਾਰ ਕੀਤੀ ਤਾਂ ਇਹ ਸੋਚ ਆਈ ਕਿ ਸ਼ਾਇਦ ਸਾਨੂੰ ਤਾਂ ਇਸ ਤਰ੍ਹਾਂ
ਅੰਗ੍ਰੇਜ਼ੀ ਬੋਲਣ ਨਾਲ਼ ਕੁਝ ਲਾਭ ਹੋ ਹੀ ਜਾਵੇ ਪਰ ਸਾਡੇ ਬੱਚੇ ਪੰਜਾਬੀ ਕਿਥੋਂ
ਸਿਖਣਗੇ! ਸੋ ਅਸੀਂ ਘਰ ਵਿਚ ਇਕ ਵੀ ਸ਼ਬਦ ਅੰਗ੍ਰੇਜ਼ੀ ਨਾ ਬੋਲਣ ਦਾ ਫੈਸਲਾ ਕਰ
ਲਿਆ ਤੇ ਇਸ ਗੱਲ ਤੇ ਹੁਣ ਤੱਕ ਅਮਲ ਕਰ ਰਹੇ ਹਾਂ।
ਪਿਛਲੇ ਤਿੰਨ ਕੁ ਦਹਾਕਿਆਂ ਤੋਂ ਦੇਸੋਂ ਨਵੇ ਆੳਣ ਤੇ ਸਾਥੋਂ ਪਹਿਲਾਂ ਵੀ
ਰਹਿਣ ਵਾਲ਼ੇ ਕੁਝ ਸਿੱਖਾਂ ਵਿਚ ਰੁਝਾਨ ਵੇਖਿਆ ਕਿ ਉਹ ਗੋਰਿਆਂ ਨਾਲ਼ ਅੰਗ੍ਰੇਜ਼ੀ
ਬੋਲਦੇ ਬੋਲਦੇ ਜਦੋਂ ਮੇਰੇ ਨਾਲ਼ ਗੱਲ ਕਰਨ ਤਾਂ ਪੰਜਾਬੀ ਵਿਚ ਤੇ ਏਸੇ ਹੀ ਸਮੇ
ਕੋਲ਼ ਖਲੋਤੇ ਆਪਣੇ ਬੱਚੇ ਨਾਲ਼ ਹਿੰਦੀ ਵਿਚ ਗੱਲ ਕਰਨ। ਇਸ ਗੱਲ ਦੀ ਤਾਂ ਖ਼ੁਸ਼ੀ
ਹੋਵੇ ਕਿ ਅਸੀਂ ਸਿੱਖ ਇਕੋ ਸਮੇ ਤਿੰਨੇ ਜ਼ਬਾਨਾਂ ਖ਼ੂਬੀ ਨਾਲ਼ ਬੋਲ ਸਕਦੇ ਹਾਂ ਪਰ
ਇਹ ਸਮਝ ਨਾ ਆਵੇ ਕਿ ਆਪਣੇ ਬੱਚਿਆਂ ਨਾਲ ਏਥੋਂ ਦੀ ਭਾਸ਼ਾ ਅੰਗ੍ਰੇਜ਼ੀ ਤੇ ਆਪਣੀ
ਮਾਂ ਬੋਲੀ ਪੰਜਾਬੀ ਛੱਡ ਕੇ, ਇਹ ਤੀਜੇ ਥਾਂ ਹਿੰਦੀ ਬੋਲਣ ਦੀ ਕੀ ਮਜਬੂਰੀ ਹੈ!
ਕਿਸੇ ਨੂੰ ਤਾਂ ਨਹੀ ਸੀ ਇਸ ਬਾਰੇ ਪੁੱਛ ਸਕਿਆ ਪਰ ਆਪੇ ਹੀ ਵਿਚਾਰ ਆਉਣੀ ਕਿ
ਸ਼ਾਇਦ ਦਿੱਲੀ ਦੇ ਵਸਨੀਕ ਸਿੱਖ ਇਸ ਤਰ੍ਹਾਂ ਕਰਦੇ ਹੋਣ! ਜਦੋਂ ਦਿੱਲੀ ਤੋਂ ਬਾਹਰ
ਵਾਲ਼ੇ ਵੀ ਇਸ ਤਰ੍ਹਾਂ ਕਰਦੇ ਦਿਸੇ ਤਾਂ ਸੋਚਿਆ ਭਈ ਚੰਡੀਗੜ੍ਹ ਵਾਲ਼ੇ ਇਉਂ ਕਰਦੇ
ਹੋਣਗੇ! ਅਚਾਨਕ ਇਕ ਸ਼ਮ ਨੂੰ ਮੇਰਾ ਤਰਾਹ ਹੀ ਨਿਕਲ਼ ਗਿਆ ਜਦੋਂ ਮੈ 1998 ਦੇ
ਦਸੰਬਰ ਮਹੀਨੇ, ਆਪਣੇ ਘਰ ਅੰਮ੍ਰਿਤਸਰ ਵਿਚ, ਆਪਣੀ ਪੰਜਾਬੀ ਦੀ ਐਮ ਏ ਪਾਸ ਟੀਚਰ
ਭਣੇਵੀ ਨੂੰ, ਆਪਣੀ ਪਹਿਲੀ ਜਮਾਤ ਵਿਚ ਪੜ੍ਹਦੀ ਧੀ ਨਾਲ਼ ਹਿੰਦੀ ਵਿਚ ਗੱਲ
ਕਰਦਿਆਂ ਸੁਣ ਲਿਆ। ਮੇਰੇ ਮੂਹੋਂ ਹੈਰਾਨੀ ਨਾਲ਼ ਨਿਕਲ਼ਿਆ, " ਬੱਬੂ, ਇਹ ਕੀ!
ਪੰਜਾਬੀ ਛੱਡ ਕੇ ਹਿੰਦੀ!! ਉਹ ਵੀ ਅੰਮ੍ਰਿਤਸਰ ਆਪਣੇ ਘਰ ਵਿਚ ਬਹਿ ਕੇ ਆਪਣੀ
ਬੱਚੀ ਨਾਲ਼!!!" ਅੱਗੋਂ ਜਵਾਬ ਮਿਲ਼ਿਆ, "ਕੀ ਕਰੀਏ ਮਾਸੜ ਜੀ, ਜੇ ਬੱਚਾ ਸਕੂਲ
ਵਿਚ ਪੰਜਾਬੀ ਬੋਲੋ ਤਾਂ ਜੁਰਮਾਨਾ ਕਰਦੇ ਨੇ। ਇੰਗਲਿਸ਼ ਮੀਡੀਅਮ ਦਾ ਸਕੂਲ ਹੋਣ
ਕਰਕੇ ਆਖਦੇ ਨੇ ਅੰਗ੍ਰੇਜ਼ੀ ਬੋਲੋ। ਜੇ ਅੰਗ੍ਰੇਜ਼ੀ ਨਹੀ ਬੋਲ ਸਕਦੇ ਤਾਂ ਹਿੰਦੀ
ਬੋਲੋ। ਪੰਜਾਬੀ ਬੋਲਣੀ ਸਕੂਲ ਵਿਚ ਬੈਨ ਆ। ਇਸ ਲਈ ਅਸੀਂ ਘਰਾਂ ਵਿਚ ਬੱਚਿਆਂ
ਨਾਲ਼ ਹਿੰਦੀ ਬੋਲਦੇ ਹਾਂ ਤਾਂ ਕਿ ਉਹਨਾਂ ਨੂੰ ਸਕੂਲ਼ ਵਿਚ ਦੂਜੇ ਬੱਚਿਆਂ ਦੇ
ਸਾਹਮਣੇ ਹਿੰਦੀ ਬੋਲਣ ਵਿਚ ਦਿੱਕਤ ਨਾ ਆਵੇ।" ਇਹ ਹਾਲਤ ਅੰਮ੍ਰਿਤਸਰ ਸ਼ਹਿਰ ਵਿਚ,
ਚੀਫ਼ ਖ਼ਾਲਸਾ ਦੀਵਾਨ ਵੱਲੋਂ ਚੱਲ ਰਹੇ, ਸ੍ਰੀ ਗੁਰੁੂ ਹਰਿਕ੍ਰਿਸ਼ਨ ਪਬਲਿਕ ਸਕੂਲ
ਦੀ ਹੈ, ਜੋ ਕਿ ਸਿੱਖਾਂ ਦੀ ਪੁਰਾਤਨ ਤੇ ਨੰਬਰ ਦੋ ਵਾਲ਼ਾ ਮਹੱਤਵਪੂਰਣ ਸਥਾਨ
ਰੱਖਦੀ ਹੈ; ਇਹ ਕੋਈ ਆਰੀਆ ਸਮਾਜੀ ਜਾਂ ਸਨਾਤਨ ਧਰਮ ਵਰਗੀ ਜਥੇਬੰਦੀ ਦੁਆਰਾ
ਚਲਾਇਆ ਜਾ ਰਿਹਾ ਸਕੂਲ ਨਹੀ।
ਇਕ ਹੋਰ ਗੱਲ ਹੈਰਾਨੀ ਵਾਲ਼ੀ ਸੁਣ ਲਵੋ: ਏਸੇ ਫਰਵਰੀ ਮਹੀਨੇ ਦੀ ਗੱਲ ਹੈ ਕਿ ਮੈ
ਆਪਣੇ ਇਕ ਮਿੱਤਰ ਦੇ ਦਫ਼ਤਰ ਵਿਚ ਬੈਠਾ ਸਾਂ। ਉਸਨੇ ਕਿਸੇ ਕੰਮ ਦੀ ਹਿਦਾਇਤ ਦੇਣ
ਲਈ, ਆਪਣੀ ਸੈਕ੍ਰੇਟਰੀ ਨੂੰ ਆਪਣੇ ਕੇਬਿਨ ਵਿਚ ਬੁਲਾਇਆ ਤੇ ਉਸਨੂੰ ਹਿੰਦੀ ਵਿਚ
ਕੰਮ ਦੱਸਿਸਆ। ਉਸ ਲੜੀ ਦੇ ਬਾਹਰ ਚਲੇ ਜਾਣ ਪਿਛੋਂ ਮੈ ਕਿਹਾ ਕਿ ਕੀ ਇਹ ਲੜਕੀ
ਪੰਜਾਬੋਂ ਕਿਸੇ ਬਾਹਰਲੇ ਇਲਾਕੇ ਵਿਚੋਂ ਆਈ ਹੈ। ਉਸਨੇ ਅੱਗੋਂ ਜਵਾਬ ਦਿਤਾ ਕਿ
ਲੜਕੀ ਭਾਵੇਂ ਅੰਮ੍ਰਿਤਸਰ ਦੀ ਹੀ ਰਹਿਣ ਵਾਲ਼ੀ ਹੈ ਪਰ ਕੰਪਨੀ ਦੀ ਮੈਨੇਜਮੈਟ ਦੀ
ਪੌਲਸੀ ਹੈ ਕਿ ਮਾਤਾਹਿਤ ਸਟਾਫ਼ ਨਾਲ਼ ਅੰਗ੍ਰੇਜ਼ੀ ਜਾਂ ਹਿੰਦੀ ਵਿਚ ਗੱਲ ਕੀਤਿਆਂ
ਰੋਹਬ ਰਹਿੰਦਾ ਹੈ ਤੇ ਇਹ ਰੋਹਬ ਡਿਸਿਪਲਿਨ ਕਾਇਮ ਰੱਖਣ ਵਿਚ ਸਹਾਈ ਹੁੰਦਾ ਹੈ।
ਮਿੱਤਰ ਠੀਕ ਹੀ ਕਹਿੰਦਾ ਹੋਵੇਗਾ!
ਗੱਲ ਮੁੱਕਦੀ ਏਥੇ ਆਣ ਕੇ ਹੈ ਕਿ ਜੇਹੜੀ ਭਾਸ਼ਾ ਪੜ੍ਹਕੇ ਚੰਗਾ ਰੁਜ਼ਗਾਰ ਤੇ ਸਮਾਜ
ਵਿਚ ਮਾਣ ਮਿਲ਼ਨਾ ਹੈ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਓਹੋ ਭਾਸ਼ਾ ਪੜ੍ਹਵਾਉਣੀ
ਹੈ। ਜੇ ਪੰਜਾਬ ਸਰਕਾਰ ਘੱਟ ਤੋਂ ਘੱਟ ਪੰਜਾਬ ਵਿਚ ਕਾਨੂੰਨੀ ਤੌਰ ਤੇ ਕੋਈ
ਅਜਿਹਾ ਬਾਹਨਣੂ ਬੰਨ੍ਹੇ ਜਿਸ ਨਾਲ਼ ਪੰਜਾਬੀ ਨੂੰ ਕੋਈ ਆਦਰ ਯੋਗ ਸਥਾਨ ਮਿਲ਼ ਸਕਣ
ਦੀ ਸੰਭਾਵਨਾ ਹੋਵੇ ਤਾਂ ਫਿਰ ਬਿਨਾ ਮਜ਼ਹਬੀ ਵਿਤਕਰੇ ਦੇ ਸਾਰੇ ਪੰਜਾਬੀ ਪੰਜਾਬੀ
ਹੀ ਪੜ੍ਹਨਗੇ। (ਅਪ੍ਰੈਲ 2008) |