ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਦੋ ਨਜ਼ਮਾਂ
ਦਰਸ਼ਨ ਦਰਵੇਸ਼
 

ਮੈਂ ਤੈਨੂੰ ਕਹਿੰਦਾ ਹਾ

ਨਿੱਤਰੀ ਜਿਹੀ ਨਜ਼ਰ ਵਾਲੀਏ
ਤੈਨੂੰ
ਮੇਰੀਆਂ ਨਿਸ਼ਾਨੀਆਂ ਦੀ ਸਹੁੰ
ਮੇਰਿਆਂ ਅਹਿਸਾਸਾਂ ਦੇ ਹਾਣ ਦੀ ਹੋਕੇ ਰਹੀਂ
ਕਿਤੇ
ਤਲੀਆਂ ‘ਚ ਲੈ ਕੇ ਤੇਰਾ ਚਿਹਰਾ ਪਲੋਸਦਾ
ਮੈਂ ਆਪਣੇ
ਚਿਹਰੇ ਤੇ ਜ਼ਖਮ ਨਾ ਸਿਰਜ ਲਵਾਂ

ਇਸ ਵੇਲੇ
ਮੈਂ ਤੈਨੂੰ ਆਪਣੇ ਕਿਨਾਰੇ ਦੀ ਠੰਡਕ
ਮਹਿਸੂਸਦਾ ਹਾਂ
ਤੇਰੇ ਹੀ ਹਾਸਿਆਂ ‘ਚ ਛਣਕਣਾਂ ਚਾਹੁੰਦਾ ਹਾਂ
ਹੱਥਾਂ ‘ਚ ਪਰਚਣਾ ਚਾਹੁੰਦਾ ਹਾਂ

ਮੈਂ ਕਦੇ ਨਹੀਂ ਚਾਹਿਆ
ਕਿ
ਚੁੱਪ ਦੇ ਸਹਿਮ ਹੇਠ ਧੁਖਦਾ ਰਹਾਂ

ਜਦ ਵੀ
ਚੁੱਪ ਨੇ ਮੈਨੂੰ ਕੋਲ ਬਿਠਾਇਐ
ਤਾਂ ਮੇਰੇ ਸਾਹਵੇਂ
ਤੇਰੇ ਗਲ ਦੀ ਤਵੀਤੀ ਮੁਸਕਰਾਉਣ ਲੱਗ ਪੈਂਦੀ ਹੈ
ਤੇ ਮੈਂ
ਮੁਜਰਿਮ ਬਣਨ ਤੋਂ ਪਹਿਲਾਂ
ਤੈਨੂੰ ਹਾਕ ਮਾਰ ਦਿੰਦਾ ਹਾਂ

ਜਦ ਤੁਰਦੇ ਹਾਂ
ਤਾਂ ਆਪਾਂ
ਖਿਆਲਾਂ ‘ਚ ਨਹੀਂ
ਧਰਤੀ ਤੇ ਤੁਰਦੇ ਹਾਂ
ਜਦ ਅਹਿਸਾਸਾਂ ਦਾ ਨਿੱਘ ਬਣਦੇ ਹਾਂ
ਤਾਂ ਬਿਨ ਬੋਲਿਆਂ
ਪੌਣਾਂ ਨੂੰ ਚੁੰਮਣ ਲੱਗ ਪੈਂਦੇ ਹਾਂ
ਖਿਆਲਾਂ ਦੀ ਤੋਰ ਤਾਂ
ਹਰ ਕੋਈ ਜਰ ਲਵੇਗਾ
ਪੌਣਾਂ ਨੇ ਚੁੰਮਣ ਬਰਦਾਸ਼ਤ ਨਾਂ ਕੀਤੇ
ਤਾਂ ਅਸੀਂ
ਪੌਣਾਂ ਦੇ ਗਿਲਿਆਂ ਸੰਗ
ਰਚਾਉਂਦੇ ਹੀ ਰਹਿ ਜਾਣਾ ਹੈ
-ਸੰਵਾਦ

ਮੈਂ ਤੈਨੂੰ ਕਹਿੰਦਾ ਹਾਂ
ਤੂੰ ਇੱਥੇ ਹੀ
ਮੇਰੇ ਵਿਸ਼ਵਾਸ਼ ਦੇ ਪਾਣੀਆਂ ‘ਚ ਤੈਰਦੀ ਰਹਿ

ਤੇ-
ਆਪਣੇ ਚਿਹਰੇ ਦੇ ‘ਅਕਸ ਨੂੰ
ਪਾਣੀਆਂ ‘ਚ ਟਿਕਾ ਕੇ ਤਾਂ ਵੇਖ
ਤੈਨੂੰ
ਤੇਰੀ ਰੂਹ ਦੇ ਨਕਸ਼ ਨਜ਼ਰ ਆਉਣਗੇ
ਮਨ ਦਾ ਸੂਰਜਮੁਖੀ
ਟਹਿਕਿਆ ਮਿਲੇਗਾ

ਟਿਕੇ ਪਾਣੀਆਂ ‘ਚ ਹੱਥ ਮਾਰਨ ਨਾਲ
ਤੈਨੂੰ ਰਾਗ ਤਾਂ ਸੁਣੇਗਾ
ਮੇਰੀਆਂ ਨਿਸ਼ਾਨੀਆਂ ਦਾ ਸਾਜ਼
ਖੁਦਕੁਸ਼ੀ ਕਰ ਗਿਆ ਹੋਵੇਗਾ

ਉਦੋਂ ਤੂੰ ਹੁਬਕੀਂ-ਹੁਬਕੀਂ ਰੋਏਂਗੀ
ਤੇਰੀ ਉੱਛਲੀ ਹੋਈ ਨਜ਼ਰ
ਤੇ ਖੁਰਦੇ ਹੋਏ ਚਿਹਰੇ ਨੂੰ
ਤਲੀਆਂ ‘ਚ ਲੈ ਕੇ ਪਲੋਸਦਾ
ਮੈਂ-
ਆਪਣੇ
ਚਿਹਰੇ ਤੇ ਜ਼ਖਮ ਸਿਰਜ ਰਿਹਾ ਹੋਵਾਂਗਾ
 

ਨਜ਼ਮ ਨਹੀਂ ਹੈ

ਹੁਣ ਮੈਂ ਜੋ ਵੀ ਲਿਖਦਾ ਹਾਂ
ਨਜ਼ਮ ਨਹੀਂ ਹੈ……ਫਿਰ ਵੀ
ਨਜ਼ਮ ਦੀ ਤਲਬ ਲਈ ਭਟਕਦੀ
ਕੋਈ ਰੂਹ ਹੈ ਸ਼ਾਇਦ

ਹੁਣ ਮੈਂ ਜੋ ਵੀ ਲਿਖਦਾ ਹਾਂ-
-ਉਹ
ਆਪਣੇ ਦੇਸ਼ ‘ਚੋਂ ਆਪ ਨੂੰ ਹੀ ਲੱਭਦਾ
-ਸੁਮੀਤ ਹੈ

ਔੜ ‘ਚ ਭਸਮ ਹੋਇਆ ਬੇਬੱਸ ਜ਼ਖਮ ਹੈ

ਸੱਥ ‘ਚ ਪਸਰਿਆ ਖਿਲਾਅ ਹੈ
ਜੌੜਿਆਂ ਪੁਲਾਂ ਵਿਚਕਾਰ ਖਲੋਤੇ
ਬੋਹੜ ਹੇਠਲਾ ਸਹਿਮ ਹੈ
ਪਿੰਡਾਂ ਦੀ ਹਵਾ ‘ਚ ਰਚਿਆ
ਧੂੰਆਂ ਹੈ
ਸ਼ਹਿਰ ਉੱਤਲੇ ਬੱਦਲਾਂ ‘ਚ ਅਟਕੀ
ਹਨੇਰੀ ਹੈ
-ਨਜ਼ਮ ਨਹੀਂ ਹੈ

ਹੁਣ ਮੈਂ ਜੋ ਵੀ ਲਿਖਦਾ ਹਾਂ
-ਉਹ
ਭੈਣ ਦੇ ਹੱਥਾਂ ਵਿੱਚੋਂ ਨੋਚੀ ਰੱਖੜੀ ਹੈ
ਭਰਾ ਦੀਆਂ ਤਲੀਆਂ ਤੇ ਨੱਚ ਰਿਹਾ ਜ਼ਹਿਰ ਹੈ
ਮਾਂ ਦੀਆਂ ਅੱਖਾਂ ‘ਚ ਬਰਫ ਹੋਈ ਉਡੀਕ ਹੈ
ਬਾਪ ਦੀਆਂ ਮੁੱਛਾਂ ‘ਚ ਅਟਕਿਆਂ ਅੱਥਰੂ ਹੈ
ਵਿਹੜੇ ‘ਚ ਮਰਿਆਂ ਕੰਧਾਂ ਦਾ ਪਰਛਾਵਾਂ ਹੈ

ਦਹਿਲੀਜ਼ ‘ਤੇ ਦਸਤਕ ਦਿਂਦੀ
ਸਿਵਿਆਂ ਦੀ ਲੋਰੀ ਹੈ
-ਨਜ਼ਮ ਨਹੀਂ ਹੈ

ਹੁਣ ਮੈਂ ਜੋ ਵੀ ਲਿਖਦਾ ਹਾਂ
ਉਹ ਗੁਆਚਿਆ ਪੰਨਾਂ ਬਣ ਜਾਦਾਂ ਹੈ
ਜੋ ਰਾਤ ਪਏ
ਪੌਣਾਂ ‘ਚ ਭਟਕਦੇ ਲਹੂ ਦੀ ਸੂਚੀ
ਮੇਰੇ ਕੋਲ ਲਿਆਉਂਦਾ ਹੈ
ਉਸਦੀ ਬੁੱਕਲ ‘ਚ ਹੁੰਦੇ ਨੇ
ਤੱਤੀਆਂ ਛਾਵਾਂ ‘ਚ ਸਿਸਕਦੇ ਹਉਕੇ
ਵਗਦੇ ਪਾਣੀਆਂ ‘ਚ ਡੁੱਬੇ ਤੈਰਾਕ

ਲੰਮੇ ਬੀਆਬਾਨ ‘ਚ ਖਿੰਡੀ
ਰੰਗਾਂ ਦੀ ਪੁਸਤਕ
ਕਾਲੇ ਹਾਸ਼ੀਏ ਦਾ ਇਤਿਹਾਸ ਲਿਖਦਾ ਵਰਤਮਾਨ
-ਨਜ਼ਮ ਨਹੀਂ ਹੁੰਦੀ

ਹੁਣ ਮੈਂ ਜੋ ਵੀ ਲਿਖਦਾ ਹਾਂ
ਮੋਏ ਬ੍ਰਿਖ ਦਾ
ਬਾਅਦ ‘ਚ ਲਿਖਿਆ ਇਤਿਹਾਸ ਹੁੰਦਾ ਹੈ
ਜੋ ਮੈਨੂੰ ਦੱਸਦਾ ਹੈ
-ਇਥੇ
ਭਲੇ ਵੇਲਿਆਂ ‘ਚ
ਦਫਨ ਹੋਏ ਤਲਖ ਵਰ੍ਹੇ ਹਨ
ਵਣਜਾਰਿਆਂ ਤੋਂ ਲਹੂ ਚੜ੍ਹਵਾਉਣ ਆਏ
ਵਪਾਰੀਆਂ ਦਾ ਮੇਲਾ ਹੈ
-ਨਜ਼ਮ ਨਹੀਂ ਹੈ

ਜੇ ਨਜ਼ਮ ਹੁੰਦੀ
ਸ਼ਿਵ ਤੇ ਪਾਸ਼
ਨੀਰੋ ਤੇ ਨੇਰੂਦਾ ਦਾ
ਇੱਕੋ ਘਰ ਹੁੰਦਾ
ਮੈਂ –ਸੌਂਫੀਆਂ ਦੁਪੱਟੇ ਨੂੰ
ਠੰਡੀ ਧੁੱਪ ‘ਚ ਸੁੱਕਦਾ ਤੱਕ ਕੇ
ਕਿਸੇ ਨੂੰ ਖਤ ਲਿਖ ਰਿਹਾ ਹੁੰਦਾ
ਤੱਤੀ ਰੇਤ ਤੇ ਲੋਟਣੀਆਂ ਮਾਰਦਾ
ਮਾਂ ਤੋਂ ਝਿੜਕਾਂ ਖਾ ਰਿਹਾ ਹੁੰਦਾ
ਯਾਰਾਂ ਦੀਆਂ ਬੁੱਕਲਾਂ ‘ਚ ਬਾਘੀਆਂ ਪਾਉਂਦਾ
ਤਾਰਿਆਂ ਦੇ ਹਾਣ ‘ਚ ਖੜੋ ਜਾਦਾਂ
ਤੇ ਜਾਂ ਬੱਸ
ਆਂਪਣੇ ਅੰਦਰ ਅੰਦਰ ਤੁਰਦਾ
ਆਪਣੇ ਕੋਲ ਕੋਲ ਰਹਿੰਦਾ
ਮੈਨੂੰ ਗੌਤਮ ਨਾਂ ਬਣਨਾ ਪੈਂਦਾ

ਹੁਣ ਮੈਂ ਜੋ ਵੀ ਲਿਖਦਾ ਹਾਂ

ਨਜ਼ਮ ਨਹੀਂ ਹੈ –
ਫਿਰ ਵੀ
ਸ਼ਰਨਾਰਥੀ ਨਜ਼ਮ ਦਾ ਕੈਂਪ ਲੱਭਦਾ
ਸੁਪਨਾ ਹੈ ਸ਼ਾਇਦ …..

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)