ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਦੋ ਕਵਿਤਾਵਾਂ
ਸ਼ਿਵਚਰਨ ਜੱਗੀ ਕੁੱਸਾ

ਰੂਹ ਦੀ ਹਰ ਪੀੜ

ਮੁੱਢ-ਕਦੀਮ ਤੋਂ ਹੀ ਪ੍ਰੇਮ ਪਿਆਸੀਆਂ ਰੂਹਾਂ,
ਦਿਲੀ ਦਰਿਆਵਾਂ ਦੇ ਕੰਢੇ ਹੀ,
ਵਿਗਸਦੀਆਂ ਆਈਆਂ ਹਨ!
ਤੇਰੀ ਰੂਹ ਦਾ ਸੱਚਾ ਅਤੇ ਸੁੱਚਾ ਪਿਆਰ ਪਾ ਕੇ,
ਮੇਰੀ 'ਹਾੜ' ਮਾਰੀ ਰੂਹ, ਜਲ-ਥਲ ਹੋ ਗਈ
ਅਤੇ
ਤੇਰੀ ਆਤਮਾਂ 'ਚੋਂ ਝਰੇ ਪ੍ਰੇਮ ਨੇ ਮੈਨੂੰ
'ਬੂੰਦ' ਤੋਂ 'ਸਾਗਰ' ਬਣਾਂ ਧਰਿਆ!
ਸਕੂਲ ਵਿਚ ਇਕ 'ਪਿਆਸੇ ਕਾਂ' ਦੀ
ਪੜ੍ਹਦੇ ਹੁੰਦੇ ਸੀ ਕਹਾਣੀ...।

ਜਿਸ ਨੇ, ਸੁਰਾਹੀ ਵਿਚ ਰੋੜ ਸੁੱਟ-ਸੁੱਟ ਕੇ,
ਪਾਣੀ ਉਪਰ ਲੈ ਆਂਦਾ ਸੀ,
ਆਪਣੀ ਪਿਆਸ ਬੁਝਾਉਣ ਲਈ...!
ਪਰ 'ਤੂੰ' ਮੇਰੀ ਪਿਆਸ ਬੁਝਾਉਣ ਲਈ,
ਮੇਰੀ ਖਾਲੀ ਖੜਕਦੀ ਰੂਹ-ਸੁਰਾਹੀ ਵਿਚ,
ਐਸੇ ਮਾਣਕ-ਮੋਤੀ ਕੇਰੇ,
ਕਿ ਮੈਂ ਨਿਤਾਣਾਂ 'ਏਕ' ਤੋਂ 'ਅਨੇਕ' ਹੋ ਤੁਰਿਆ!
'ਨਥਿੰਗ' ਤੋਂ 'ਸਮਥਿੰਗ' ਬਣ ਗਿਆ!
ਤੂੰ ਮੇਰੇ ਜਲ਼ਦੇ-ਬਲ਼ਦੇ ਦਿਲ 'ਤੇ ਹੌਂਸਲੇ,
ਆਸਰੇ ਅਤੇ ਰਹਿਮਤ ਦੀਆਂ ਬੂੰਦਾਂ ਛਿੜਕਦੀ ਰਹੀ
ਅਤੇ ਮੈਂ ਹਾਲਾਤਾਂ ਦੇ ਜਵਾਲਾ-ਮੁਖੀ ਵਿਚ ਸੜਦਾ,
ਸੀਤ-ਸ਼ਾਂਤ ਅਤੇ ਆਨੰਦਮਈ ਹੁੰਦਾ ਗਿਆ...!
ਮੇਰੇ ਝੁਲ਼ਸੇ ਦਿਲ ਦਾ ਲਾਵਾ,
ਤੇਰੇ ਮਨ ਮੰਦਰ ਤੱਕ ਪੁੱਜਿਆ,
ਤੂੰ ਸਿਲ-ਪੱਥਰ ਹੋਏ ਨੂੰ ਭਾਵਨਾ ਦੇ ਜਲ ਦਾ ਛਿੱਟਾ ਦੇ,
ਮੈਨੂੰ ਮੁੜ ਸੁਰਜੀਤ ਕਰ ਲਿਆ
ਅਤੇ ਸਹੀ ਮੰਜ਼ਿਲ ਵੱਲ ਉਂਗਲ਼ ਕਰ ਕੇ,
ਮੇਰੀ ਮਾਰਗ-ਦਰਸ਼ਕ ਬਣੀਂ...!
ਵੈਰਾਨ ਜ਼ਿੰਦਗੀ ਵਿਚ ਖੇੜਾ ਲਿਆਂਦਾ,
ਮੁੜ ਜੀਵਨ ਜਾਂਚ ਸਿਖਾਈ,
ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ...!
ਕਦੇ-ਕਦੇ ਸੋਚਦਾ ਹਾਂ
ਕਿ ਇਸ ਖ਼ੁਦਗਰਜ਼ ਦੁਨੀਆਂ ਵਿਚ,
ਤੂੰ ਰੱਬੀ ਰੂਪ ਕਿਵੇਂ...?
ਬਦ-ਯੁੱਗ ਵਿਚ ਮੈਂ ਤੇਰੀ ਮੂਰਤ ਵਿਚੋਂ
ਇਲਾਹੀ ਦਰਸ਼ਣ ਕੀਤੇ ਨੇ..!
ਤੂੰ ਨਿਰਮਲ, ਤੂੰ ਨਿਰਲੇਪ ਅਤੇ ਪ੍ਰੇਮ ਦੀ ਦੇਵੀ...!
ਤੈਨੂੰ ਦਿਲੋਂ ਪ੍ਰਣਾਮ ਕਰਦਾ ਹਾਂ, ਮੇਰੀ ਜਿੰਦ!
ਜੋਗੀਆਂ ਦਾ 'ਭੋਗੀਆਂ' ਤੋਂ ਦੂਰ ਰਹਿਣਾਂ ਵੀ ਔਖਾ
ਅਤੇ ਨੇੜੇ ਰਹਿਣਾਂ ਵੀ...!
ਪਰ ਤੇਲ ਬਾਝੋਂ ਚਿਰਾਗ ਵੀ ਨਿਕਾਰਾ!
ਬਿਨਾ ਦਿਲੀ ਸਾਂਝ ਤੋਂ ਪ੍ਰੇਮ-ਪੰਥ ਨਹੀਂ ਚੱਲ ਪੈਂਦੇ
ਅਤੇ ਨਾ ਹੀ ਦਿਲਾਂ ਦੇ ਜਾਨੀ ਬਾਝੋਂ,
ਪ੍ਰੇਮ ਦਾ ਸਿੱਕਾ ਹੀ ਚੱਲਦਾ ਹੈ, ਕਿ ਨਹੀਂ...?
"ਤੁਸੀਂ ਵੀ ਨ੍ਹਾਂ...!"
ਕਦੇ-ਕਦੇ ਮੇਰਾ ਮਨ ਤੇਰੀ ਰੂਹ ਵਿਚ
ਸਮਾਅ ਜਾਣ ਨੂੰ ਕਰਦਾ ਹੈ,
ਇੱਕ-ਮਿੱਕ ਅਤੇ ਅਭੇਦ ਹੋ ਜਾਣ ਨੂੰ!
ਪਰ, ਫ਼ੈਸਲਾ ਰੱਬ ਦੇ ਨਹੀਂ, ਸਮੇਂ ਦੇ ਹੱਥ ਹੈ!
ਤੇਰੇ ਨਾਲ਼ ਕੋਈ ਬੇਹੂਦਾ ਵਾਅਦਾ ਕਰ ਕੇ,
ਭਵਿੱਖ ਦਾ ਗੁਨਾਹਗਾਰ ਨਹੀਂ ਬਣਨਾ ਚਾਹੁੰਦਾ!
ਫ਼ੋਕੀਆਂ ਤਸੱਲੀਆਂ ਅਤੇ ਧਰਵਾਸੇ ਮਾਨੁੱਖ ਨੂੰ,
ਦੋਸ਼ੀ ਤਾਂ ਸਾਬਤ ਕਰਦੇ ਹੀ ਨੇ,
ਮਿਹਰਬਾਨ ਹਾਣੀਂ ਦੇ ਦਿਲੋਂ ਵੀ ਲਾਹ ਮਾਰਦੇ ਹਨ...!
ਦੁਬਿਧਾਵਾਂ ਦੇ ਭਵਸਾਗਰ
ਅਤੇ ਭਿਆਨਕ ਘੁੰਮਣਘੇਰੀਆਂ ਵਿਚ ਡਿੱਕਡੋਲੇ ਖਾਂਦੇ ਨੂੰ,
ਤੂੰ ਮੈਨੂੰ 'ਮਲਾਹ' ਬਣ ਕੇ ਮਿਲ਼ੀ।
ਤੂੰ ਸਿਰਫ਼ ਫ਼ੋਕਾ ਦਿਲਾਸਾ ਨਹੀਂ ਦਿੱਤਾ,
ਸਗੋਂ ਅਡੋਲਤਾ ਅਤੇ ਸਥਿਰਤਾ ਬਖ਼ਸ਼ ਕੇ
ਪੱਤਣ 'ਤੇ ਲਿਆ ਖੜ੍ਹਾ ਕੀਤਾ।
...ਤੇ ਤੁਰਦੀ ਹੋਈ, ਬੇੜੀ ਅਤੇ ਸਮੁੰਦਰ ਦਾ,
ਮਾਲਕ ਵੀ ਮੈਨੂੰ ਬਣਾ ਗਈ।
ਚੱਪੂ ਮੇਰੇ ਹੱਥ ਹੈ ਅਤੇ ਖ਼ਿਆਲਾਂ ਦੀ ਬਾਦਸ਼ਾਹੀ ਮੇਰੇ ਕੋਲ਼!
ਅੱਜ ਤੇਰੇ ਸਦਕਾ ਮੈਂ ਕਿਸੇ ਪੱਖੋਂ ਵੀ 'ਊਣਾਂ' ਮਹਿਸੂਸ ਨਹੀਂ ਕਰਦਾ,
ਭਰਪੂਰ ਹੀ ਭਰਪੂਰ ਹਾਂ...!
ਤੇਰਾ ਇਹ ਕਰਜ਼ ਮੇਰੇ ਸਿਰ ਹੈ,
ਪਤਾ ਨਹੀਂ ਕਦੇ ਲਾਹ ਕੇ ਸੁਰਖ਼ਰੂ ਵੀ ਹੋ ਸਕਾਂਗਾ, ਕਿ ਨਹੀਂ?
ਬੜਾ ਦਿਲ ਕਰਦੈ ਕਿ ਤੇਰੇ ਮਸਤਕ ਨੂੰ ਚੁੰਮ ਕੇ,
ਤੇਰੀ ਰੂਹ ਦੀ ਹਰ ਪੀੜ ਚੂਸ ਲਵਾਂ
ਅਤੇ ਕਰ ਦੇਵਾਂ ਤੈਨੂੰ ਹਰ ਦੁੱਖ-ਸੰਤਾਪ ਤੋਂ ਮੁਕਤ
ਅਤੇ ਤੂੰ ਮੈਨੂੰ ਸਦਾ ਤਰੇਲ਼ ਧੋਤੇ ਫ਼ੁੱਲ ਵਾਂਗ,
ਨਿੱਖਰੀ ਅਤੇ ਹਲਕੀ-ਹਲਕੀ ਲੱਗੇਂ,
ਹਮੇਸ਼ਾ ਖ਼ੁਸ਼ਬੂ ਬਖ਼ੇਰਦੀ!

ਬੋਲ ਕੇ ਦੱਸੀਂ..!

ਇੱਛਾ ਮੇਰੀ ਵੀ ਰਹੀ ਹੈ,
ਸ਼ਾਇਦ ਇੱਛਾ ਤੇਰੀ ਵੀ ਰਹੀ ਹੈ..!
ਇਕ ਦੂਜੇ ਦੀ ਗਲਵਕੜੀ ਵਿਚ ਗੁਆਚ ਕੇ,
ਦੋ ਦਿਲਾਂ ਦੀ ਧੜਕਣ ਇਕ ਸਾਰ ਸੁਣਨ ਦੀ..!
ਜੁੱਗੜਿਆਂ ਜੁਗਾਂਤਰਾਂ ਤੋਂ,
ਵੇਲਾਂ ਵਾਂਗ ਪਿਆਸੀਆਂ, ਮੱਚੀਆਂ ਰੂਹਾਂ ਨੂੰ,
ਰੂਹਾਨੀ ਜਲ ਦੇਣ ਦੀ..!
ਤੂੰ ਬੋਲ ਕੇ ਦੱਸ, ਚਾਹੇ ਨਾ ਦੱਸ,
ਪਰ ਪੜ੍ਹਿਆ ਹੈ ਮੈਂ ਤੇਰੇ ਹੁਸੀਨ ਚਿਹਰੇ 'ਤੇ,
ਸ਼ੀਸ਼-ਸਿ਼ਲਾਲੇਖ ਹਰਫ਼ਾਂ ਨੂੰ...!
ਅਤੇ ਥਰਕਦਾ ਤੱਕਿਆ ਕੋਈ ਲਾਵਾ,
ਤੇਰੇ ਵਿਸ਼ਾਲ ਹਿਰਦੇ ਅੰਦਰ...!
ਬਲ਼ਦੀ ਵੇਖੀ ਜੁਆਲਾ ਮੁਖੀ,
ਤੇਰੇ ਮਨ ਮਸਤਿਕ 'ਤੇ...!
ਲਿਸ਼ਕਦੀ ਦੇਖੀ ਕੋਈ ਤੂਫ਼ਾਨੀ ਬਿਜਲੀ,
ਤੇਰੀਆਂ ਬਲੌਰੀ ਅੱਖਾਂ ਵਿਚ..!
ਤੇਰੀ ਇਕ ਛੋਹ, ਪਾਰਸ ਵਾਂਗ,
ਕਿਸੇ ਲੋਹ-ਸਿਲ਼ ਨੂੰ,
ਸੋਨ ਪਰਬਤ ਵਿਚ ਬਦਲਣ ਦੀ,
ਸਮਰੱਥਾ ਰੱਖਦੀ ਹੈ..!
ਪਰ,
ਤੇਰੀਆਂ ਸਧਰਾਂ ਦੇ ਬੋਲਾਂ ਦੀ ਬੱਦਲ਼ਵਾਈ,
ਤੇਰੇ ਹੋਠਾਂ 'ਤੇ ਆ ਕੇ ਰੁਕ ਜਾਂਦੀ ਰਹੀ,
ਅਤੇ ਗੁੰਮ ਹੋ ਜਾਂਦੀ ਕਿਸੇ ਸਮਾਜ ਦੇ
ਬੰਜਰ ਉਜਾੜ ਵਿਚ..!
ਮੈਂ ਜੋਗੀ ਵਾਂਗ ਫ਼ਰੋਲਦਾ ਰਿਹਾ,
ਤੇਰੇ ਮਨ ਦੀ ਹਸਰਤਾਂ ਦੀ ਮਿੱਟੀ,
ਮੇਰਾ ਮਨ ਵੀ ਗ਼ੈਬੀ ਅੰਬਰ ਨੂੰ
ਟਾਕੀਆਂ ਲਾਉਣ ਲੱਗਦਾ!
ਪਰ ਚੰਦਰੀ ਸੱਸ ਅੱਗੇ,
ਨਾ ਬੋਲਣ ਦੀ ਕਸਮ ਖਾਣ ਵਾਂਗ,
ਕਦੇ ਬਾਗ਼ੀ ਮਨ ਦਾ ਹੁੰਗਾਰਾ ਨਾ ਭਰ ਸਕਿਆ!
ਡਰਦੇ ਰਹੇ ਆਪਾਂ ਦੋਨੋਂ,
ਜ਼ਮਾਨੇ ਦੀ ਲਛਮਣ ਰੇਖਾ ਤੋਂ!
ਤੇ ਭਟਕਦੇ ਰਹੇ ਰੋਹੀ ਬੀਆਬਾਨ ਵਿਚ..!
ਪਾਰ ਕਰਨ ਦੀ ਹਿੰਮਤ, ਨਾ ਤੇਰੇ ਵਿਚ,
ਅਤੇ ਨਾ ਮੇਰੇ ਵਿਚ...!
ਅਰਮਾਨ ਸੜਦੇ ਰਹੇ ਆਪਣੇ,
ਚੁੱਪ ਸਿਵਿਆਂ ਵਾਂਗ ਆਪਣੇ ਹਿਰਦਿਆਂ 'ਚ!
ਮੈਂ ਚੁੱਪ ਰਿਹਾ, ਤੂੰ ਚੁੱਪ ਹੈਂ,
ਹਵਨ ਕੁੰਡ ਵਿਚ ਡਿੱਗੀ ਛਿਪਕਲੀ ਵਾਂਗ,
ਧੁਖ਼ਦੇ ਬਦਨ ਦਾ ਦੀਵਾ ਬਾਲ਼ਦੇ ਰਹੇ,
ਕਿਸੇ ਮੁਕਤੀ ਦੀ ਆਸ ਵਿਚ...!
ਮੈਨੂੰ ਸਮਝ ਨਹੀਂ ਆਉਂਦੀ,
ਇਸ ਰੋਹੀ ਬੀਆਬਾਨ ਦੀ,
ਦਿਸਹੱਦਿਆਂ ਤੋਂ ਪਾਰ ਦੀ ਸੀਮਾਂ,
ਪਾਰ ਕਰਨ ਦੀ ਪਹਿਲ,
ਤੂੰ ਕਰੇਂਗੀ...?
ਕਿ ਮੈਂ ਕਰਾਂ...?
ਆਪਣੇ ਵਿਚ ਸ਼ਰਮ ਦਾ ਓਹਲਾ,
ਜਾਂ ਅਖੌਤੀ ਹਾਉਮੈ ਦਾ ਅਹਿਸਾਸ,
ਜਾਂ ਫ਼ੋਕੀ ਸ਼ੋਹਰਤ ਦੀ ਕੋਹੜ ਕਿਰਲ਼ੀ,
ਜਾਂ ਕਹਿਣ ਦਾ ਸਾਹਸ,
ਇਕ ਚੀਜ਼ ਕੰਧ ਬਣੀ ਖੜ੍ਹੀ ਹੈ,
ਆਪਣੇ ਮਨ ਦੀਆਂ ਸਾਂਝਾਂ ਵਿਚ..!
ਜਿਤਨੀ ਦੇਰ ਇਸ ਕੰਧ,
ਹਾਉਮੈਂ, ਸ਼ੋਹਰਤ
ਜਾਂ ਓਹਲੇ ਨੂੰ,
ਆਪਣੇ ਸਾਹਸ ਅਤੇ ਹਿੰਮਤ ਦਾ ਧੱਕਾ ਨਹੀਂ ਵੱਜਦਾ,
ਆਪਾਂ ਆਪਸ ਵਿਚ, ਕਿਸੇ ਸ਼ਰਾਪੀ ਲਾਸ਼ ਵਾਂਗ
ਲਾਵਾਰਿਸ ਹੀ ਰਹਿ ਜਾਵਾਂਗੇ..!
..ਤੇ ਆਪਣੇ ਤੜਫ਼ਦੇ ਅਹਿਸਾਸ,
ਫ਼ੱਟੜ ਅਰਮਾਨ,
ਤਿੜਕਿਆ ਦਿਲ,
ਮੈਨੂੰ ਹੀ ਨਹੀਂ,
ਤੈਨੂੰ ਵੀ ਮੁਆਫ਼ ਨਹੀਂ ਕਰਨਗੇ..!
ਤੇ ਆਪਾਂ ਭਟਕਾਂਗੇ ਜੁੱਗੋ ਜੁੱਗ,
ਪਤਾ ਨਹੀਂ ਕਿਸ ਜੂਨੀ ਵਿਚ..!
ਕਿਉਂਕਿ ਆਤਮਘਾਤੀ, ਜਗਤ ਕਿਸਾਈ ਹੁੰਦਾ ਹੈ..!
ਰੱਖ ਹੱਥ ਇਕ ਵਾਰ ਆਪਣੇ ਦਿਲ 'ਤੇ,
ਦੁਨੀਆਂ ਦੇ ਖ਼ੌਫ਼ ਨੂੰ ਪਰਾਂਹ ਵਗਾਹ ਕੇ,
ਦੇਖ, ਸਵਰਗ ਕਿਵੇਂ ਤੇਰੀ ਝੋਲ਼ੀ ਢਹਿ ਪੈਂਦਾ..!
ਇਕ ਵਾਰ ਸੁਣ ਤਾਂ ਸਹੀ,
ਆਪਣੀ ਪਾਕ ਰੂਹ ਦੀ ਅਵਾਜ਼,
ਨਿਰਪੱਖ ਹੋ ਕੇ..!
ਤੱਕ ਵਿਸ਼ਾਲ ਸੂਰਜ ਦੀਆਂ ਕਿਰਨਾਂ ਨੂੰ,
ਕਿੱਦਾਂ ਤੇਰੀ ਝੋਲੀ ਡਿੱਗਣ ਲਈ ਬੇਤਾਬ ਨੇ..!
ਤਾਰਿਆਂ ਦੀ ਜ਼ਾਤ ਨਾ ਪੁੱਛੀਂ,
ਨਹੀਂ ਬ੍ਰਹਿਮੰਡ ਦੇ ਸਿਤਾਰੇ ਤੈਨੂੰ,
'ਵਿਤਕਰਾ' ਆਖ ਦੁਰਕਾਰ ਦੇਣਗੇ..!
ਜੇ ਆਪਣੀ ਅੰਤਰ ਆਤਮਾਂ ਦੀ ਹੂਕ ਸੁਣ ਕੇ,
ਕਦੇ ਦਿਲ ਖੋਲ੍ਹ ਕੇ ਹੁੰਗਾਰਾ ਭਰ ਛੱਡੇਂ,
ਤਾਂ ਹਰ ਖ਼ੁਸ਼ੀ ਦੀ ਰਹਿਮਤ,
ਤੇਰੇ ਹਾਰ ਬਣ ਗਲ਼ ਵਿਚ ਆ ਪਵੇ..!
ਤੂੰ ਸ਼ਾਇਦ ਮੈਨੂੰ ਕਮਲ਼ਾ, ਬਾਂਵਰਾ ਗਰਦਾਨੇਂ,
ਪਰ ਸੱਚ ਦੀ ਅਵਾਜ਼ ਸੁਣ ਕੇ,
ਕੰਨ ਮੁੱਢ ਮਾਰ ਲੈਣਾਂ,
ਰੱਬ ਵੱਲੋਂ ਮੁੱਖ ਮੋੜਨਾ ਹੈ..!
ਇਕ ਪਲ ਮੇਰੇ ਲਈ ਕੱਢ ਕੇ,
ਸਮੁੰਦਰ ਦੀਆਂ ਸਿੱਪੀਆਂ ਦੀ,
ਨਸਲ ਪਰਖ਼ਣੀ ਛੱਡ..!
..ਤੇ ਆਪਣੇ ਦਿਲ ਦੇ ਅਰਮਾਨਾਂ ਦੇ,
ਜਵਾਹਰ ਮੋਤੀ ਚੁੱਕ ਕੇ,
ਦੁਪੱਟੇ ਦੇ ਲੜ ਵਿਚ ਤਾਂ ਪਾ..!
..ਤੇ ਫ਼ੇਰ ਤੇਰੀਆਂ ਬਲੌਰੀ ਅੱਖਾਂ ਵਿਚ,
ਜਦ ਤੱਕਾਂਗਾ ਮੈਂ,
ਤਾਂ ਸੁਆਲ ਕਰਨ ਦੀ ਲੋੜ ਹੀ ਨਹੀਂ ਰਹਿ ਜਾਣੀ,
ਕਿਉਂਕਿ
ਦਿਲਾਂ ਦੀ ਕੋਈ ਭਾਸ਼ਾ ਜਾਂ ਪ੍ਰੀਭਾਸ਼ਾ ਨਹੀਂ ਹੁੰਦੀ..!
ਸਹਿਮਤ ਹੈਂ?
ਤਾਂ ਇਕ ਪੰਗਤੀ ਵਾਹ,
ਜੋ ਤੈਨੂੰ 'ਏਕ' ਤੋਂ 'ਅਨੇਕ' ਕਰ ਜਾਵੇਗੀ..!

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)