|
|
|
ਅਜੇ ਵੀ ਵਕਤ ਲੱਗੇਗਾ
ਨਜ਼ਮ, ਜਸਪ੍ਰੀਤ ਕੌਰ ਚੀਮਾਂ |
ਅਜ਼ਾਦੀ
,
ਉਹ ਤਾਂ ਸੰਸਦ ਭਵਨ ਦੇ ਨੁਮਾਇਸ਼ੀ ਹਾਲ ਵਿੱਚ
ਗੂੜ੍ਹੇ ਪਰਦਿਆਂ ਪਿੱਛੇ
ਕਿਤੇ ਲੁਕ ਕੇ ਰਹਿ ਗਈ ਹੈ.....
ਜੇ ਚਾਹੁੰਦੇ ਹੋ ਤੁਸੀ ਆਜ਼ਾਦੀ ਬਾਰੇ ਜਾਨਣਾ,
ਤਾਂ ਪੁੱਛੋ ,
ਉਸ ਮਾਸੂਮ ਬੱਚੇ ਨੂੰ,
ਜਿਸਨੇ ਖੇਡਣ ਦੀ ਉਮਰੇ, ਜਿਸ ਨੇ ਪੜ੍ਹਣ ਦੀ ਉਮਰ,
ਕਿਸੇ ਢਾਬੇ ਵਿੱਚ ਮਾਂਜੇ ਹਨ ਜੂਠੇ ਭਾਂਡੇ।
ਜੇ ਜਾਨਣਾ ਚਾਹੁੰਦੇ ਹੋ ਸੱਚ ਅਜ਼ਾਦੀ ਬਾਰੇ ,
ਤਾਂ ਪੁੱਛੋ ,
ਉਸ
ਪਿਆਰੀ ਨੰਨ੍ਹੀ ਜਾਨ ਨੂੰ,
ਜਿਸ ਨੂੰ ਰੋਂਦੀ ਵਿਲਕਦੀ ਨੂੰ ਛੱਡ,
ਉਸ ਦੀ ਮਾਂ ਤੁਰ ਗਈ ਸੀ, ਭੱਠੇ 'ਤੇ ਇੱਟਾਂ ਚੁੱਕਣ!
ਜਾਂ ਫਿਰ ...
ਜਾ ਪੁੱਛੋ ,
ਜਿਸ ਦੇ ਜੰਮਦਿਆਂ ਹੀ ਖੋਹ ਲਿਆ ਬਚਪਨ ਉਸ ਦਾ,
ਜਵਾਨੀ ਵਿੱਚ ਪੈਰ ਧਰਦਿਆਂ ਹੀ ਲੁੱਟ ਖਾਧਾ ਲੁਟੇਰਿਆਂ,
ਤੇ ਅੱਜ 'ਮੌਤ' ਵੀ ਜਿਸ ਤੋਂ ਚਾਰ ਕਦਮ ਦੂਰ ਫ਼ਲੋ ਗਈ ਹੈ।
ਜੇ ਅਜੇ ਵੀ,
ਹੋਰ ਜਾਨਣਾ ਚਾਹੁੰਦੇ ਹੋ,
ਅਜ਼ਾਦੀ ਦੇ ਅਰਥਾਂ ਬਾਰੇ,
ਤਾਂ ਗੱਲ ਕਰਕੇ ਵੇਖੋ ਉਸ ਬਜ਼ੁਰਗ ਨਾਲ,
ਜਿਸ ਜਵਾਨੀ ਤੋਂ ਬੁਢਾਪੇ ਤੱਕ , ਕੇਵਲ,
ਇੱਕ ਕੱਪੜਾ ਹੀ ਤਨ 'ਤੇ ਹੰਢਾਇਆ ਹੋਵੇ,
ਇੱਕ ਡੰਗ ਦੀ ਰੋਟੀ ਲਈ ਜਿਸ ਨੂੰ ਅੱਡਣੇ ਪਏ,
ਹੱਥ ਆਪਣੇ ਕਮਾਉ ਪੁੱਤ ਅੱਗੇ!
ਜਾਂ ਪੁੱਛੋ,
ਅਜ਼ਾਦੀ ਬਾਰੇ ਹਰ ਉਸ ਇਨਸਾਨ ਨੂੰ,
ਜਿੰਨ੍ਹਾਂ ਨੇ ਗੁਲਾਮੀ ਦੇ ਪਲ ਹੰਢਾਏ ਆਪਣੇ ਤਨ 'ਤੇ,
ਤੇ ਜਿਹੜੇ ਅਜੇ ਵੀ ਜਿਓਂ ਰਹੇ ਨੇ ਵਿੱਚ ਗੁਲਾਮੀ ਦੇ।
ਅਜ਼ਾਦੀ, ਅਜ਼ਾਦੀ, ਅਜ਼ਾਦੀ,
ਹਰ ਪਾਸੇ ਆਵਾਜ਼ ਤਾਂ ਇਹੋ ਗੂੰਜਦੀ ਹੈ,
ਪਰ ਅਜੇ ਵੀ ਵਕਤ ਲੱਗੇਗਾ,
ਸਹੀ ਅਜ਼ਾਦੀ ਦੇ ਸਾਡੀਆਂ ਬਰੂਹਾਂ 'ਤੇ ਢੁੱਕਣ ਵਿੱਚ! |
|
|
|
|
|