|
ਸਾਊਥਾਲ (ਮਨਦੀਪ ਖੁਰਮੀ ਹਿੰਮਤਪੁਰਾ) ਉੱਘੇ
ਰੰਗਕਰਮੀ ਤੇ ਟੀ. ਵੀ. ਕਲਾਕਾਰ ਡਾ: ਨਿਰਮਲ ਜੌੜਾ ਦੀ ਇੰਗਲੈਂਡ ਆਮਦ ‘ਤੇ
ਖੁਸ਼ਆਮਦੀਦ ਕਹਿਣ ਲਈ ਸਾਹਿਤ ਤੇ ਰੰਗਮੰਚ ਪ੍ਰੇਮੀਆਂ ਵੱਲੋਂ ਇੱਕ ਸਾਹਿਤਕ
ਸ਼ਾਮ ਦਾ ਆਯੋਜਨ ਇੰਗਲੈਂਡ ਦੇ ਪ੍ਰਸਿੱਧ ਵਪਾਰੀ ਉਮਰਾਓ ਅਟਵਾਲ ਦੇ
‘ਕਿੰਗਜ਼ਵੇ ਰੈਸਟੋਰੈਂਟ ਹੰਸਲੋ’ ਵਿਖੇ ਕੀਤਾ ਗਿਆ।

ਇਸ ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਫਾਊਂਡੇਸਨ ਇੰਗਲੈਂਡ ਦੇ
ਚੇਅਰਮੈਨ ਡਾ: ਤਾਰਾ ਸਿੰਘ ਆਲਮ ਨੇ ਕੀਤੀ। ਸ੍ਰੀ ਜੌੜਾ ਨੂੰ ਜੀ ਆਇਆਂ
ਕਹਿਣ ਉਪਰੰਤ ਡਾ: ਆਲਮ ਵੱਲੋਂ ਜੌੜਾ ਦੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ
ਵਿੱਚ ਪਾਏ ਜਾ ਰਹੇ ਯੋਗਦਾਨ ਬਾਰੇ ਹਾਜਰੀਨ ਨੂੰ ਚਾਨਣਾ ਪਾਇਆ ਗਿਆ। ਇਸ
ਸਮੇਂ ਬੋਲਦਿਆਂ ਉਹਨਾਂ ਕਿਹਾ ਕਿ ਡਾ: ਜੌੜਾ ਨੇ ਇੱਕ ਪੇਸ਼ਕਾਰ, ਮੰਚ
ਸੰਚਾਲਕ, ਲੇਖਕ ਹੋਣ ਦੇ ਨਾਲ ਨਾਲ ਜੋ ਰੰਗਮੰਚ ਰਾਹੀਂ ਨਾਟਕ ਪੰਜਾਬੀਆਂ ਦੀ
ਝੋਲੀ ਪਾਏ ਹਨ ਉਹ ਆਪਣੇ ਆਪ ‘ਚ ਸ਼ਾਹਕਾਰ ਹਨ। ਉਹਨਾਂ ਵਿਸ਼ੇਸ਼ ਤੌਰ ‘ਤੇ
ਜੌੜਾ ਦੇ ਨਾਵਲ ‘ਸਵਾਮੀ’ ਦਾ ਜਿਕਰ ਕਰਦਿਆਂ ਕਿਹਾ ਕਿ ਉਕਤ ਨਾਟਕ ਪੰਜਾਬ
ਦੇ ਬਾਣੀ ਨਾਲ ਲਬਰੇਜ਼ ਮਾਹੌਲ ਨੂੰ ਅਮਰਵੇਲ ਵਾਂਗ ਲਿਪਟਦੀ ਜਾ ਰਹੀ
ਸਾਧਵਾਦ ਦੀ ਵੇਲ ਅਤੇ ਡੇਰਾਵਾਦ ਅੰਦਰ ਹੁੰਦੀਆਂ ਅਨੈਤਿਕ ਕਰਤੂਤਾਂ ਉੱਪਰੋਂ
ਪਰਦਾ ਚੁੱਕਣ ਦਾ ਕੰਮ ਕਰਦਾ ਪ੍ਰਤੀਤ ਹੁੰਦਾ ਹੈ।
ਇਸ ਸਮੇਂ ਡਾ: ਜੌੜਾ ਦਾ ਨਾਟਕ ‘ਸਵਾਮੀ’ ਲੋਕ ਅਰਪਣ ਵੀ ਕੀਤਾ ਗਿਆ। ਇਸ
ਉਪਰੰਤ ਆਯੋਜਿਤ ਕੀਤੇ ਕਵੀ ਦਰਬਾਰ ਮੌਕੇ ਟੀ.ਵੀ. ਪੇਸ਼ਕਾਰ ਤੇ ਉੱਘੇ ਕਵੀ
ਸਾਥੀ ਲੁਧਿਆਣਵੀ, ਸ਼ਾਇਰਾ ਕੁਲਵੰਤ ਕੌਰ ਢਿੱਲੋਂ, ਜਨਾਬ ਚਮਨ ਲਾਲ ਚਮਨ,
ਡਾ: ਤਾਰਾ ਸਿੰਘ ਆਲਮ, ਕੁੰਦਨ ਲਾਲ ਕੁੰਦਨ, ਇੰਟਰਨੈਸ਼ਨਲ ਡੋਮੀਨੋ ਪੀਜ਼ਾ
ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਗਰੇਵਾਲ, ਉਮਰਾਓ ਅਟਵਾਲ, ਸ੍ਰੀਮਤੀ
ਜਸਵੀਰ ਅਟਵਾਲ, ਮਨਦੀਪ ਖੁਰਮੀ ਹਿੰਮਤਪੁਰਾ, ਮਨਪ੍ਰੀਤ ਸਿੰਘ, ਜਗਸੀਰ
ਧਾਲੀਵਾਲ ਨੰਗਲ, ਟੀ. ਵੀ. ਪੇਸ਼ਕਾਰ ਸੁਖਵੀਰ ਸੋਢੀ, ਉਪਿੰਦਰਜੀਤ ਸਿੰਘ
ਆਦਿ ਵੱਲੋਂ ਨਜ਼ਮਾਂ ਪੇਸ਼ ਕੀਤੀਆਂ ਗਈਆਂ।
ਡਾ: ਨਿਰਮਲ ਜੌੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਰਤੀਆਂ
ਵੱਲੋਂ ਮਿਲਿਆ ਪਿਆਰ ਉਹ ਆਖਰੀ ਸਾਹ ਤੱਕ ਨਹੀਂ ਭੁਲਾਉਣਗੇ ਅਤੇ ਉਹ ਆਪਣੀ
ਜਿੰਮੇਵਾਰੀ ਸਮਝਦੇ ਹੋਏ ਪੰਜਾਬੀ ਮਾਂ ਬੋਲੀ ਦੀ ਝੋਲੀ ਨਰੋਆ ਸਾਹਿਤ ਪਾਉਣ
ਲਈ ਰੁੱਝੇ ਰਹਿਣਗੇ ਜੋ ਸਮਾਜ ਨੂੰ ਉਚਿਤ ਸੇਧ ਦੇਣ ਵੱਲ ਮਦਦਗਾਰ ਸਾਬਤ
ਹੋਵੇ। ਜ਼ਿਕਰਯੋਗ ਹੈ ਕਿ ਡਾ: ਨਿਰਮਲ ਜੌੜਾ ਆਪਣੇ ਨਾਟਕਾਂ ‘ਵਾਪਸੀ’,
‘ਮਾਤਾ ਗੁਜ਼ਰੀ- ਸਾਕਾ ਸਰਹੰਦ’ ਅਤੇ ‘ਸਵਾਮੀ’ ਦੇ ਸਫਲ ਮੰਚਨ ਤੋਂ ਬਾਦ
ਹੁਣ ਚੌਥੇ ਨਾਟਕ ‘ਮੈਂ ਪੰਜਾਬ ਬੋਲਦਾ ਹਾਂ’ ਦੀ ਪੇਸ਼ਕਾਰੀ ਲਈ ਟੋਰਾਂਟੋ
ਜਾ ਰਹੇ ਹਨ।

ਇਸ ਸਮਾਗਮ ਵਿੱਚ ਹਾਜਰ ਸਮੂਹ ਸਾਹਿਤ ਪ੍ਰੇਮੀਆਂ ਨੇ ਉਹਨਾਂ ਨੂੰ ਸ਼ੁੱਭ
ਇੱਛਾਵਾਂ ਭੇਂਟ ਕੀਤੀਆਂ।
ਰਿਪੋਰਟ:- ਮਨਦੀਪ ਖੁਰਮੀ ਹਿੰਮਤਪੁਰਾ
|