ਮੈਨੂੰ
ਨਹੀਂ ਪਤਾ ਕਿ ਹਰਸ਼ਿੰਦਰ ਕੌਰ ਕੋਲ ਰੋਣੇ ਰੋਣ ਵਾਲੀਆਂ ਕੁੜੀਆਂ ਨੇ ਸੱਚਮੁੱਚ
ਆਪਣੀ ਹੱਡਬੀਤੀ ਸੁਣਾਈ ਹੈ ਜਾਂ ਸਿਰਫ ਇਹ ਹਰਸ਼ਿੰਦਰ ਕੌਰ ਦੇ ਮਹਿਜ਼ ਕਾਲਪਨਿਕ
ਪਾਤਰ ਹਨ ਜਿਨ੍ਹਾਂ ਨੇ ਇਸ 'ਪੰਜਾਬ ਦੀ ਧੀ'
ਕਹਾਈ ਜਾਣ ਵਾਲੀ ਇਸ ਔਰਤ ਡਾਕਟਰ ਹਰਸ਼ਿੰਦਰ ਕੌਰ ਨੂੰ ਇਕ ਅਸ਼ਲੀਲ ਕਹਾਣੀਆਂ ਲਿਖਣ
ਵਾਲੀ ਲੇਖਿਕਾ ਦੀ ਤਰ੍ਹਾਂ ਪੇਸ਼ ਕਰ ਦਿੱਤਾ ਹੈ। ਪਰ ਜੇ ਕੁਝ ਕੁੜੀਆਂ ਨੇ ਇਹੋ
ਜਿਹੀ ਕਹਾਣੀ ਸੁਣਾਈ ਹੈ ਜਿਸ ਨੇ ਸਮੂਹ ਪੰਜਾਬੀ ਭਾਈਚਾਰੇ ਦਾ ਸਿਰ ਨੀਵਾਂ ਕਰ
ਦਿੱਤਾ ਹੈ ਤਾਂ ਮੇਰੇ ਉਨ੍ਹਾਂ ਕੁੜੀਆਂ ਨੂੰ ਕੁਝ ਸਵਾਲ ਹਨ।ਅੱਜ ਵਿਸ਼ਵ
ਆਰਥਿਕ ਮੰਦਵਾੜੇ ਦੇ ਮਾੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਸਾਰੀ ਦੁਨੀਆਂ ਨੂੰ ਇਸ
ਗੱਲ ਦੀ ਜਾਣਕਾਰੀ ਹੈ ਕਿ ਅੱਜ ਕੱਲ੍ਹ ਵਿਕਸਤ ਦੇਸ਼ਾਂ ਨੂੰ ਬੇਰੁਜ਼ਗਾਰੀ ਦਾ
ਸਾਹਮਣਾ ਕਰਨਾ ਪੈ ਰਿਹਾ ਹੈ। ਵਿਦਿਆਰਥੀ ਵੀਜ਼ਾ ਤੇ ਆਸਟ੍ਰੇਲੀਆ ਜਾਣ ਵਾਲਿਆਂ
ਨੂੰ ਕੀ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਉੱਥੇ ਜਾ ਕੇ ਬੇਰੁਜ਼ਗਾਰੀ ਦਾ
ਸਾਹਮਣਾ ਕਰਨਾ ਪਵੇਗਾ। ਆਸਟਰੇਲੀਆ ਦਾ ਤੇ ਧੰਨਵਾਦ ਕਰਨਾ ਚਾਹੀਦਾ ਹੈ ਜਿੱਥੇ
ਪੱਕੇ ਹੋਣ ਦਾ ਕਾਨੂੰਨ ਹੈ ਜਦਕਿ ਇੰਗਲੈਂਡ ਵਿਚ ਇਹ ਕਾਨੂੰਨ ਬਹੁਤ ਹੀ ਜਿਆਦਾ
ਸਖ਼ਤ ਹੈ ਅਤੇ ਇਸ ਕਰਕੇ ਵਿਦਿਆਰਥੀ ਵੀਜ਼ਾ ਤੇ ਇੰਗਲੈਂਡ ਗਏ ਲੋਕਾਂ ਨੂੰ ਪੱਕੇ
ਹੋਣ ਵਿਚ ਕਦੇ ਕਦੇ 10-10 ਸਾਲ ਵੀ ਲੱਗ ਜਾਂਦੇ ਹਨ। ਕੋਈ ਰਿਸਰਚ
ਲਈ ਵੱਡੀ ਯੂਨੀਵਰਸਿਟੀ ਵਿਚ ਜਾ ਰਿਹਾ
ਹੈ ਜਿੱਥੇ ਸਕੋਲਰਸ਼ਿਪ ਦੀ ਵੀ ਪਰੋਵੀਜ਼ਨ ਹੋਵੇ
, ਉਹਦੇ ਲਈ ਇੰਗਲੈਂਡ ਜਾਣਾ ਵਧੀਆ ਹੈ ਜਾਂ ਫਿਰ ਕੋਈ ਸਕਿਲਡ ਕੈਟੇਗਰੀ
ਰਾਹੀਂ ਵਰਕ ਪਰਮਿਟ ਤੇ ਜਾਵੇ ਉਸ ਲਈ ਵੀ ਵਧੀਆ ਹੈ।
ਪਰ 10+2 ਵਾਲਿਆਂ ਲਈ ਇੰਗਲੈਂਡ ਜਾਣਾ ਸਿਆਣਪ ਨਹੀਂ ਹੈ ਕਿਉਂਕਿ ਇੰਗਲੈਂਡ ਵਿਚ
ਉਨ੍ਹਾਂ ਕੰਮ ਲੱਭਣ ਸੰਬੰਧੀ ਮੁਸ਼ਕਲ ਆਵੇਗੀ ਅਤੇ ਜਿਸ ਦੁਕਾਨ ਵਰਗੇ ਕਾਲਜ ਵਿਚ
ਉਹ ਦਾਖਲਾ ਲੈ ਕੇ ਜਾ ਰਹੇ ਹਨ ਉਸਦਾ ਲਾਇਸੈਂਸ ਕਿਸੇ ਸਮੇਂ ਵੀ ਰੱਦ ਹੋ ਸਕਦਾ
ਹੈ। ਜੇ ਬਾਹਰਲੇ ਦੇਸ਼ ਜਾਣਾ ਹੈ ਤਾਂ ਭਾਰਤ ਵਿਚ ਚੰਗੀ ਪੜ੍ਹਾਈ ਕਰੋ। ਖਾਸ ਕਰਕੇ
ਤਕਨੀਕੀ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਜ਼ਰਾ ਖੁਦ ਸੋਚੋ ਭਾਰਤ ਵਿਚ
ਫੀਸਾਂ ਸਾਡੇ ਮਾਂ ਬਾਪ ਦਿੰਦੇ ਹਨ, ਪੜ੍ਹਾਈ ਸਾਡੀ ਆਪਣੀ ਭਾਸ਼ਾ ਵਿਚ ਹੈ ਅਤੇ
ਫਿਰ ਵੀ ਸਾਡੇ ਕੋਲੋਂ ਉਥੇ ਪੜ੍ਹਾਈ ਨਹੀਂ ਹੁੰਦੀ ਤਾਂ ਬਾਹਰ ਜਾ ਕੇ ਜਿੱਥੇ
ਰਹਿਣ ਸਹਿਣ, ਖਾਣ –ਪੀਣ ਅਤੇ ਕਾਲਜ ਫੀਸ ਦਾ ਪ੍ਰਬੰਧ ਵੀ ਖੁਦ ਕਰਨਾ ਪਵੇਗਾ
ਅਸੀਂ ਕੀ ਕਰਾਂਗੇ। ਇਹੋ ਜਿਹੇ ਵਿਦਿਆਥੀ ਵੀਜੇ ਵਾਲੇ ਆਪਣਾ ਸਮਾ ਅਤੇ
ਮਾਂ ਬਾਪ ਦੇ ਪੈਸੇ ਹੀ ਬਰਬਾਦ ਕਰ ਰਹੇ ਹਨ। ਜੇ ਡਾ. ਹਰਸ਼ਿੰਦਰ ਕੌਰ ਵਲੋਂ ਲਿਖੇ
ਗਏ ਲੇਖ ਅਨੁਸਾਰ ਪੰਜਾਬ ਦੀਆਂ ਧੀਆਂ ਆਸਟ੍ਰੇਲੀਆ ਵਿਚ ਰੋ ਰਹੀਆਂ ਹਨ ਤਾਂ ਅਸੀਂ
ਇਹ ਕਹਿ ਸਕਦੇ ਹਾਂ ਕਿ ਮੁੰਡਿਆਂ ਦੇ ਬਰਾਬਰ ਦੇ ਹੱਕਾਂ ਲਈ ਰੋਣ ਧੋਣ ਵਾਲੀਆਂ
ਇਨ੍ਹਾਂ ਕੁੜੀਆਂ ਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਇਹ ਮੁੰਡਿਆਂ ਦਾ ਮੁਕਾਬਲਾ
ਕਰਨ ਦੇ ਅਸੱਮਰਥ ਹਨ। ਸਾਨੂੰ ਉਨ੍ਹਾਂ ਪੰਜਾਬੀ ਨੌਜਵਾਨਾਂ ਤੇ ਫਖਰ ਕਰਨਾ
ਚਾਹੀਦਾ ਹੈ ਜੋ ਬਾਹਰਲੇ ਦੇਸ਼ਾਂ ਵਿਚ ਭਾਵੇਂ ਗੈਰ ਕਾਨੂੰਨੀ ਤਰੀਕੇ ਨਾਲ ਹੀ ਆਏ
ਹੋਣ ਪਰ ਪਰਦੇਸ ਵਿਚ ਹੱਡ ਭੰਨਵੀਂ ਮਿਹਨਤ ਕਰਕੇ, ਪੇਪਰ ਬਣਾਉਣ ਲਈ ਤਰ੍ਹਾਂ
ਤਰ੍ਹਾਂ ਦੀਆਂ ਮੁਸ਼ਕਲਾਂ ਵਿਚੋਂ ਲੰਘ ਕੇ ਵੀ ਕੁੜੀਆਂ ਵਾਗੂੰ ਆਪਣੇ ਹਾਲਾਤ
ਪੰਜਾਬ ਤੋਂ ਆਏ ਕਿਸੇ ਫੋਕੀ ਸ਼ੋਹਰਤ ਦੇ ਭੁੱਖੇ ਲੇਖਕ ਨੂੰ ਸੁਣਾ ਕੇ ਆਪਣੇ ਮਾਂ
ਬਾਪ ਨੂੰ ਦੁਖੀ ਨਹੀਂ ਕਰਦੇ। ਕੋਈ ਘਰਦਿਆਂ ਦਾ 10-10 ਲੱਖ ਲਵਾ ਕੇ ਆਸਟ੍ਰੇਲੀਆ
ਗਈਆਂ ਇਨ੍ਹਾਂ ਕੁੜੀਆਂ ਨੂੰ ਯੂਰਪ ਵਿਚ ਏਜੰਟਾ ਹੱਥੋਂ ਖੱਜਲ ਖੁਆਰ ਹੋ ਕੇ ਗੈਰ
ਕਾਨੂੰਨੀ ਤਰੀਕੇ ਨਾਲ ਪਹੁੰਚੇ ਨੌਜੁਆਨਾਂ ਦੀ ਕਹਾਣੀ ਸੁਣਾਓ। ਕੋਈ ਇਨ੍ਹਾਂ ਨੂੰ
ਦੱਸੋ ਕਿ ਕਿਸ ਤਰ੍ਹਾਂ ਇਹ ਰੂਸ ਤੋਂ ਯੂਰਪ ਬਰਫ ਵਿਚ ਤੁਰ ਤੁਰ ਕੇ ਆਉਂਦੇ ਹਨ
ਅਤੇ ਕਈ ਕਈ ਮਹੀਨੇ ਭੋਰਿਆਂ ਵਿਚ ਰਹਿ ਕੇ ਸਾਰੇ ਦਿਨ ਵਿਚ 1 ਟੁਕੜਾ ਬ੍ਰੈਡ ਦਾ
ਕਾ ਕੇ ਗੁਜ਼ਾਰਾ ਕਰਦੇ ਹਨ। ਕਿਵੇਂ ਬਿਨ੍ਹਾਂ ਪੇਪਰਾਂ ਤੋਂ ਰੁਲ ਰੁਲ ਕੇ ਕੰਮ
ਕਰਦੇ ਹਨ ਅਤੇ ਫਿਰ ਵੀ ਹੌਸਲਾ ਨਹੀਂ ਹਾਰਦੇ। ਕਿੱਦਾ ਗੋਰੀਆਂ ਦੀਆਂ ਮਿੰਨਤਾਂ
ਤਰਲੇ ਕਰਕੇ ਬਾਹਰਲੇ ਦੇਸ਼ਾਂ ਵਿਚ ਸੈੱਟ ਹੁੰਦੇ ਹਨ।
ਝੂਠੇ ਦਸਤਾਵੇਜ਼ ਬਣਾ ਕੇ, ਨਕਲੀ ਵਿਆਹ ਅਤੇ ਆਈਲੈਟਸ
ਪਾਸ ਕਰਕੇ ਆਸਟ੍ਰੇਲੀਆਂ ਜਾਣ ਵਾਲੀਆਂ ਇਨ੍ਹਾਂ ਕੁੜੀਆਂ ਅਤੇ ਗੈਰ ਕਾਨੂੰਨੀ
ਤਰੀਕੇ ਨਾਲ ਆਉਣ ਵਾਲੇ ਮੁੰਡਿਆ ਵਿਚ ਜ਼ਿਆਦਾ ਫਰਕ ਨਹੀਂ ਹੈ। ਇਨ੍ਹਾਂ ਨੌਜੁਆਨਾਂ
ਵਿਚ ਬਹੁਤੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਘਰਦਿਆਂ ਨੇ ਬੁਰੀ ਸੰਗਤ ਨਾਲ
ਸੰਬੰਧ ਰੱਖਣ ਅਤੇ ਨਸ਼ੇ ਦੇ ਆਦੀ ਹੋਣ ਕਰਕੇ ਬਾਹਰ ਭੇਜਿਆ ਹੁੰਦਾ ਹੈ, ਪਰ ਬਾਹਰ
ਆ ਕੇ ਜਦੋਂ ਜਿੰਦਗੀ ਦੀ ਅਸਲ ਸੱਚਾਈ ਨਾਲ ਸਾਹਮਣਾ ਕਰਨਾ ਪੈਂਦਾ ਹੈ ਅਤੇ
ਮੁਸ਼ਕਿਲਾਂ ਦੇ ਦੌਰ ਵਿਚੋਂ ਗੁਜ਼ਰਨਾ ਪੈਂਦਾ ਹੈ ਤਾਂ ਇਨ੍ਹਾਂ ਨੌਜੁਆਨਾਂ ਨੂੰ
ਆਪਣੀ ਜਿੰਮੇਵਾਰੀ ਅਤੇ ਮਾਂ ਬਾਪ ਦੀਆਂ ਖੁਸ਼ੀਆਂ ਗਮੀਆਂ ਦਾ ਅਹਿਸਾਸ ਵੀ ਹੋਣਾ
ਸ਼ੁਰੂ ਹੋ ਜਾਂਦਾ ਹੈ ਅਤੇ ਉਹ ਆਪਣੀ ਜਿੰਦਗੀ ਨੂੰ ਸੇਧ ਦੇਣੀ ਸ਼ੁਰੂ ਕਰ ਦਿੰਦੇ
ਹਨ। ਜਿੰਦਗੀ ਵਿਚ ਸਫਲ ਹੋਣ ਵਾਸਤੇ ਮੁਸ਼ਕਲਾਂ ਦੇ ਦੌਰ ਵਿਚੋਂ ਤੇ ਗੁਜ਼ਰਨਾ ਹੀ
ਪੈਂਦਾ ਹੈ। ਹੁਣ ਆਸਟ੍ਰੇਲੀਆ ਗਈਆਂ ਕੁੜੀਆਂ ਨੂੰ ਮੇਰੇ ਕੁਝ ਸਵਾਲ ਹਨ।
1. ਕੀ ਤੁਸੀਂ ਬਾਹਰ ਜਾਣ ਦੀ ਜਿੱਦ ਖੁਦ ਨਹੀਂ ਸੀ ਕੀਤੀ?
2. ਕੀ ਤੁਹਾਡੇ ਮਾਂ ਬਾਪ ਨੇ ਤੁਹਾਨੂੰ ਜਬਰਦਸਤੀ ਜਹਾਜ਼ ਵਿਚ ਬਿਠਾ ਦਿੱਤਾ ?
3. ਕੀ ਤੁਹਾਨੂੰ ਆਪਣੇ ਮਾਂ ਬਾਪ ਦੀ ਹੈਸੀਅਤ ਦਾ ਅਹਿਸਾਸ ਨਹੀਂ ਹੈ? ਕੀ
ਉਨ੍ਹਾਂ ਨੇ ਤੁਹਾਡੇ ਕੋਲੋਂ ਪੈਸੇ ਲੁਕੋ ਕੇ ਰੱਖੇ ਹਨ?
4. ਕੀ ਮਾਂ ਬਾਪ ਦੀ ਵਿੱਤੀ ਹਾਲਾਤ ਜਾਣਦੇ ਹੋਏ ਤੁਸੀਂ ਖੁਦ ਅਨਪੜ੍ਹ ਮੁੰਡੇ
ਨਾਲ ਵਿਆਹ ਕਰਨ ਦੀ ਹਾਮੀ ਨਹੀਂ ਸੀ ਭਰੀ?
5. ਕੀ ਤੁਹਾਡੀ ਬਾਹਰਲੇ ਦੇਸ਼ ਵਿਚ ਰਹਿਣ ਦੀ ਕੋਈ ਇੱਛਾ ਨਹੀਂ ਸੀ ?
6. ਤੁਹਾਡੇ ਵਿਚੋਂ ਕਿੰਨੀਆਂ ਕੁੜੀਆਂ ਅਜਿਹੀਆਂ ਹਨ ਜਿਨ੍ਹਾਂ ਨੇ ਭਾਰਤ ਵਿਚ
ਮਿਹਨਤ ਨਾਲ ਕੋਈ ਕੰਮ ਜਾਂ ਇਮਾਨਦਾਰੀ ਨਾਲ ਪੜਾਈ ਕੀਤੀ ਹੋਵੇ?
7. ਕਿੰਨੀਆਂ ਕੁੜੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਡਾ ਹਰਸ਼ਿੰਦਰ ਕੌਰ ਦੇ ਲੇਖ
ਅਨੁਸਾਰ ਬਾਹਰ ਵਸਦੇ ਪੰਜਾਬੀਆਂ ਵਲੋਂ ਸ਼ੋਸ਼ਣ ਕਰਨ ਦੀ ਕੋਸ਼ਿਸ਼ ਜਾਂ ਕੀਤਾ ਹੋਵੇ?
ਜੇ ਸੱਚ ਹੈ ਤਾਂ ਪੁਲਿਸ ਕੋਲ ਕਿਉਂ ਨਹੀਂ ਸ਼ਿਕਾਇਤ ਦਰਜ ਕਰਵਾਈ ਗਈ। ਮੇਰੇ ਖਿਆਲ
ਵਿਚ ਇੰਨੀ ਕੁ ਜਾਣਕਾਰੀ ਤਾਂ ਦਸਵੀਂ ਪਾਸ ਕੁੜੀ ਨੂੰ ਵੀ ਹੋਣੀ ਹੀ ਚਾਹੀਦੀ ਹੈ।
8. ਕੀ ਉਹ ਇਹ ਨਹੀਂ ਜਾਣਦੀਆਂ ਕੇ ਵਿਸ਼ਵ ਆਰਥਿਕ ਮੰਦਵਾੜੇ ਦੇ ਦੌਰ ਵਿਚੋਂ ਗੁਜ਼ਰ
ਰਿਹਾ ਹੈ? ਜੇ ਇਹ ਸਭ ਕੁਝ ਜਾਨਣ ਦੇ ਬਾਵਜੂਦ ਉਹ ਬਾਹਰ ਗਈਆਂ ਹਨ ਤਾਂ ਇਸ ਵਿਚ
ਕਿਸਦਾ ਕਸੂਰ ਹੈ?
ਡਾਕਟਰ ਸਾਹਿਬਾ ਦੇ ਲੇਖ ਦੀਆਂ ਪਾਤਰ ਕੁੜੀਆਂ ਜੇ ਮੈਨੂੰ ਇਨ੍ਹਾਂ ਸਵਾਲਾਂ
ਦੇ ਜਵਾਬ ਦੇ ਦੇਣ ਤਾਂ ਇਸ ਵਿਚ ਮਾਪਿਆਂ ਜਾਂ ਧੀਆਂ ਵਿਚ ਕੌਣ ਕਸੂਰਵਾਰ ਹੈ ਪਤਾ
ਚਲ ਜਾਵੇਗਾ।
ਉੱਚ ਡਿਗਰੀਆਂ ਵਾਲੇ ਬੇਰੁਜ਼ਗਾਰ
ਹੁਣ ਕੁਝ ਸ਼ਬਦ ਉਨ੍ਹਾਂ ਲਈ ਜਿਹੜੇ ਕਹਿੰਦੇ ਨੇ ਕੇ ਅਸੀਂ ਡਿਗਰੀਆਂ ਲੈ ਕੇ
ਵੀ ਬੇਰੁਜ਼ਗਾਰ ਹਾਂ। ਅਸੀਂ ਸਾਰੇ ਜਾਣਦੇ ਹਾਂ ਕੇ ਪੰਜਾਬ ਦੇ ਪ੍ਰੋਫੈਸ਼ਨਲ
ਕਾਲਜਾਂ ਦੀਆਂ ਫੀਸਾਂ ਲੱਖਾਂ
ਵਿਚ ਹਨ। ਇਹ ਲੱਖਾਂ ਰੁਪਏ ਫੀਸਾਂ ਦੇ ਮਾਂ ਬਾਪ ਹੀ ਔਖੇ ਸੌਖੇ ਹੋ ਕੇ ਦਿੰਦੇ
ਹਨ ਅਤੇ ਬਹੁਤੇ ਵਿਦਿਆਰਥੀ ਕਾਲਜ ਨੂੰ ਪੜਾਈ ਦਾ ਮੰਦਰ ਸਮਝਣ ਦੀ ਵਜਾਏ ਟਾਇਮ
ਪਾਸ ਸਮਝਦੇ ਹਨ। ਵੈਲੇਨਟਾਈਨ ਡੇ ਜਾਂ
ਕਿਸੇ ਦੋਸਤ ਦੇ ਜਨਮ ਦਿਨ ਪਾਰਟੀ ਡਿਸਕੋ ਵਿਚ ਕੀਤੀ ਜਾਂਦੀ ਹੈ। ਜਿਹੜੇ
ਵਿਚਾਰੇ ਇਸ ਪਾਰਟੀ ਵਿਚ ਹਿੱਸਾ ਨਹੀਂ ਲੈਂਦੇ ਉਨ੍ਹਾਂ ਨੂੰ “ਬੈਕਵਾਰਡ” ਸਮਝਿਆ
ਜਾਂਦਾ ਹੈ। “ਬੈਕਵਾਰਡ” ਇੱਕ ਦਿਨ ਅੱਗੇ ਨਿਕਲ ਜਾਂਦੇ ਹਨ ਤੇ ਡਿਸਕੋ ਵਾਲੇ ਹੱਥ
ਵਿਚ ਡਿਗਰੀਆਂ ਲੈ ਕੇ ਘੁੰਮਦੇ ਰਹਿੰਦੇ ਹਨ। ਤੀਜੀ ਡਿਵੀਜ਼ਨ ਵਿਚ ਪਾਸ ਡਿਗਰੀ ਦੀ
ਨਾਂ ਤੇ ਭਾਰਤ ਵਿਚ ਕੋਈ ਕੀਮਤ ਪੈਂਦੀ ਹੈ ਅਤੇ ਨਾਂ ਬਾਹਰ। ਹਾਂ ਡਿਸਕੋ ਵਿਚ
ਜ਼ਰੂਰ ਪੈ ਸਕਦੀ ਹੈ। ਜੇ ਕੋਈ ਡਾਕਟਰ ਸਾਹਿਬਾ ਦੀ ਪਾਤਰ ਕੁੜੀ ਮੇਰੇ ਲੇਖ ਵਿਚ
ਦਿੱਤੇ ਕਾਰਨਾਂ ਦੇ ਅਨੁਕੂਲ ਨਹੀਂ ਹੈ ਅਤੇ ਉਪਰੋਕਤ ਕੈਟੇਗਰੀਆਂ
ਵਿਚ ਸ਼ਾਮਲ ਨਹੀਂ ਹੈ ਤਾਂ ਮੈਂ ਮੰਨਣ ਨੂੰ ਤਿਆਰ ਹਾਂ ਕਿ ਉਸਦੇ ਮਾਂ ਬਾਪ
ਨੇ ਉਸ ਨਾਲ ਦੁਸ਼ਮਣੀ ਕਮਾਈ ਹੈ ਅਤੇ ਅਜਿਹੀਆਂ ਕੁੜੀਆਂ ਲਈ ਆਪਣੀ ਅਤੇ ਮਾਪਿਆਂ
ਦੀ ਪੱਤ ਰੋਲਣਾ ਕੋਈ ਗੁਨਾਹ ਨਹੀਂ ਹੈ।
ਪੰਜਾਬੀ ਨੌਜੁਆਨਾਂ ਤੇ ਚੋਰੀ ਦਾ ਇਲਜ਼ਾਮ ਬੇਬੁਨਿਆਦ
ਡਾਕਟਰ ਸਾਹਿਬਾ ਨੇ ਜਦੋਂ ਕਿਹਾ ਕਿ ਸਾਡੇ ਪੰਜਾਬੀ ਆਸਟ੍ਰੇਲੀਆ ਵਿਚ ਚੋਰੀ
ਚਕਾਰੀ ਕਰ ਕੇ ਗੁਜ਼ਾਰਾ ਕਰਦੇ ਹਨ ਤਾਂ ਦਿਲ ਨੂੰ ਬਹੁਤ ਦੁੱਖ ਹੋਇਆ। ਮੈਂਨੂ
ਆਸਟ੍ਰੇਲੀਆ ਦਾ ਪਤਾ ਨਹੀਂ। ਪਰ ਇੱਥੇ ਦੇ ਵਾਸੀ ਇਹ ਕਹਿੰਦੇ ਹਨ ਕੇ ਪਾਕਿਸਤਾਨੀ
ਅਤੇ ਭਾਰਤੀ 15-15 ਘੰਟੇ ਘੱਟ ਤਨਖਾਹ ਤੇ ਕੰਮ ਕਰ ਲੈਣਗੇ, ਕਦੇ ਕਦੇ ਸਰਕਾਰ
ਨੂੰ ਚੂਨਾ ਵੀ ਲਾ ਦੇਣਗੇ ਪਰ ਕਦੇ ਛੋਟੀਆਂ ਮੋਟੀਆਂ ਚੋਰੀਆਂ ਕਰ ਕੇ ਲੋਕਾਂ ਨੂੰ
ਪ੍ਰੇਸ਼ਾਨ ਨਹੀਂ ਕਰਨਗੇ। ਇੱਥੇ ਇਸ ਕੰਮ ਲਈ ਮੋਰਾਕੀ ਅਤੇ ਰੋਮਾਨੀਆ
ਦੇ ਲੋਕ ਮਸ਼ਹੂਰ ਹਨ। ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦੀ ਹਾਂ ਕਿ ਯੂਰਪ
ਵਿਚ ਜ਼ਿਆਦਾਤਰ ਸਾਡੇ ਘੱਟ ਪੜ੍ਹੇ ਪੰਜਾਬੀ ਹੀ ਹਨ ਅਤੇ ਇੱਥੇ ਦੇ ਹਰ ਮੁਲਕ ਦੀ
ਵੱਖਰੀ ਭਾਸ਼ਾ ਹੈ ਅਤੇ ਫਿਰ ਵੀ ਸਾਡੇ ਪੰਜਾਬੀ ਇੰਨੇ ਮਿਹਨਤੀ ਹਨ ਏਨੀਆਂ
ਮੁਸ਼ਕਿਲਾਂ ਦੇ ਬਾਵਜੂਦ ਵੀ ਸਫਲ ਜਿੰਦਗੀ ਗੁਜ਼ਾਰ ਰਹੇ ਹਨ ਅਤੇ ਜਿੱਥੇ ਤੱਕ ਮੈਂ
ਸਮਝਦੀ ਹਾਂ ਇਹੋ ਜਿਹੇ ਮਿਹਨਤੀ ਮੁੰਡੇ ਹੀ ਆਸਟ੍ਰੇਲੀਆ ਗਏ ਹਨ। ਉਹ ਚੋਰੀ
ਕਿੱਦਾ ਕਰ ਸਕਦੇ ਹਨ? ਇਹ ਜਿਹੜੀਆਂ ਕੁੜੀਆਂ ਮੁੰਡਿਆਂ ਤੇ ਅਨਪੜ੍ਹ ਹੋਣ ਦੇ
ਇਲਜ਼ਾਮ ਲਾ ਰਹੀਆਂ ਹਨ ਮੈਂ ਇਨ੍ਹਾਂ ਨੂੰ ਬੇਬੁਨਿਆਦ ਕਰਾਰ ਦਿੰਦੀ ਹਾਂ। ਮਾਫ
ਕਰਨਾ ਬੀਬੀੳ ਤੁਸੀਂ ਵੀ ਤੀਜੇ ਦਰਜੇ ਵਿਚ ਐਵੈਂ ਐਵੇ ਦੀ ਐਮ.ਏ ,
ਬੀ.ਏ ਜਾਂ ਫਿਰ ਪਲਸ ਟੂ ਕਰ ਕੇ ਝੰਡੇ ਨਹੀਂ ਗੱਡ ਦਿੱਤੇ। ਇਹਦੇ
ਨਾਲੋਂ ਤੇ ਤੁਸੀਂ ਅਨਪੜ੍ਹ ਚੰਗੀਆਂ ਸੀ। ਇੱਕ ਤੇ ਪੈਸੇ ਬਚ ਜਾਂਦੇ ਦੂਜਾ ਘਰਦਿਆ
ਦੇ ਕਹਿਣੇ ਅੰਦਰ ਤੇ ਹੁੰਦੀਆਂ, ਵਿਦੇਸ਼ਾਂ ਵਿਚ ਡਾ ਹਰਸ਼ਿੰਦਰ ਕੌਰ ਕੋਲ ਰੋਣੇ ਰੋ
ਕੇ ਪੰਜਾਬੀਆਂ ਦੀ ਪੱਤ ਨਾ ਰੋਲਦੀਆਂ ਹੁੰਦੀਆਂ । ਇਹੋ ਜਿਹੀਆਂ ਕੁੜੀਆਂ ਜੇ
ਇਨ੍ਹਾਂ ਦੇ ਮਾਪੇ ਆਪਣੀ ਹੈਸੀਅਤ ਮੁਤਾਬਕ ਭਾਰਤ ਵਿਚ ਹੀ ਵਿਆਹ ਕਰਦੇ ਹਨ ਤਾਂ
ਵੀ ਇਨ੍ਹਾਂ ਕੋਲੋ ਸਹੁਰੇ ਘਰ ਨਹੀਂ ਟਿਕ ਹੁੰਦਾ ਅਤੇ ਬਹੁਤੀਆਂ ਦਾਜ ਪ੍ਰਥਾ ਦੀ
ਰਸਮ ਨੂੰ ਮੁੱਦਾ ਬਣਾ ਕੇ ਸਹੁਰੇ ਅਤੇ ਪੇਕੇ ਪਰਿਵਾਰ ਨੂੰ ਥਾਣੇ , ਕਚਿਹਰੀ ਜਾਂ
ਪੰਚਾਇਤ ਵਿਚ ਹੀ ਰੱਖਦੀਆਂ ਹਨ । ਇੱਕ ਸਮਾਂ ਸੀ ਜਦੋਂ ਕਹਿੰਦੇ ਸੀ ਜੱਟ ਕਚਿਹਰੀ
ਜ਼ਮੀਨ ਦੇ ਕੇਸ ਲੜਨ ਜਾਂਦਾ ਸੀ। ਅੱਜ ਕਲ੍ਹ ਜ਼ਿਆਦਾ ਘਰਵਾਲੀਆਂ ਦੇ ਕੇਸ ਲੜਨ
ਜਾਂਦੇ ਹਨ। ਫਿਰ ਜੇ ਘਰਦਿਆ ਨੇ ਬਾਹਰਲੇ ਵਰ ਲੱਭਣੇ ਤਾਂ ਵੀ ਦੁਖੀ ਸੀ। ਮਾਂ
ਬਾਪ ਨੇ ਤੁਹਾਨੂੰ ਪਾਲ ਪੋਸ ਕੇ ਵੱਡਾ ਕਰ ਦਿੱਤਾ । ਕੀ ਉਨ੍ਹਾਂ ਤੁਹਾਡਾ ਸਾਰੀ
ਉਮਰ ਦਾ ਠੇਕਾ ਲਿਆ ਹੈ? ਇਹੋ ਜਿਹੇ ਹਾਲਾਤਾਂ ਵਿਚ ਮਾਪੇ ਕੁੜੀਆਂ ਮਾਰਨ ਨਾਂ
ਜਾਂ ਫਿਰ ਕੁੜੀਆ ਦੀ ਜਗ੍ਹਾ ਮੁੰਡਾ ਨਾ ਲੱਭਣ ਤਾਂ ਹੋਰ ਕੀ ਕਰਨ? ਮੇਰੇ ਕਹਿਣ
ਦਾ ਭਾਵ ਹੈ ਕਿ ਕੁੜੀਆਂ ਨੂੰ ਪੜ੍ਹਨ ਜਾਂ ਪੈਰਾਂ ਤੇ ਖੜਨ ਦੇ ਮਿਲੇ ਮੌਕੇ ਦਾ
ਭਰਪੂਰ ਫਾਇਦਾ ਉਠਾਉਣਾ ਚਾਹੀਦਾ ਹੈ। ਜਦੋਂ ਤੁਹਾਡੇ ਮਾਂ ਬਾਪ ਪੇਟ ਕੱਟ ਕੱਟ
ਪੜਾਉਂਦੇ ਹਨ ਤਾਂ ਪੜ੍ਹਨਾ ਚਾਹੀਦਾ ਹੈ ਨਾਂ ਕੇ ਇਧਰ ਉਧਰ ਦੀਆਂ ਗੱਲ੍ਹਾਂ ਵੱਲ
ਧਿਆਨ ਦੇਣਾ ਚਾਹੀਦਾ ਹੈ।
ਜਦੋਂ ਮੈ ਪਲਸ ਵਨ ਵਿਚ ਕਾਲਜ ਜਾਣਾ ਸ਼ੁਰੂ ਕੀਤਾ ਤਾਂ ਮੈਂ
ਨਾਨ ਮੈਡੀਕਲ ਰੱਖਿਆ। ਆਲੇ ਦੁਆਲੇ ਦੇ ਪਿੰਡਾਂ ਵਿਚ ਸ਼ਾਇਦ ਮੈਂ
ਇੱਕਲੀ ਹੀ ਸੀ ਜਿਸ ਨੇ ਇਹ ਵਿਸ਼ੇ ਚੁਣੇ ਸਨ। ਬੱਸ ਸਟਾਪ ਤੋਂ ਰੋਜ਼ ਕਾਲਜ ਬੱਸ
ਵਿਚ ਜਾਣਾ ਪੈਂਦਾ ਸੀ ਤਾਂ ਮੇਰੇ ਨਾਲ ਦੀਆਂ ਆਰਟਸ ਵਾਲੀਆਂ ਕੁੜੀਆਂ ਨੇ
ਮੈਨੂੰ “ਨਾਨ ਮੈਡੀਕਲ” ਨਾਮ ਨਾਲ ਸੰਬੋਧਤ ਕਰਕੇ ਬਹੁਤ ਤੰਗ ਕਰਨਾ। ਉਨ੍ਹਾਂ ਨੇ
ਰੋਜ਼ ਨਵੇਂ ਨਵੇਂ ਫੈਸ਼ਨ ਕਰਨੇ। ਨਾਲੇ ਕਹਿਣਾ ਅਸੀਂ ਤੇ “ਇਨਜੋਇ” ਕਰਨ ਕਾਲਜ
ਜਾਂਦੀਆਂ ਹਾਂ ਤੂੰ ਤੇ ਸਦੈਣ ਹੈ। ਮੇਰੇ ਰੋਣ ਧੋਣ ਅਤੇ ਦਿਲ ਛੱਡਣ ਤੇ ਮੇਰੇ
ਮਾਪਿਆਂ ਨੇ ਮੈਨੂੰ ਕਾਲਜ ਜਾਣ ਲਈ ਸਕੂਟਰ ਲੈ ਦਿੱਤਾ ਅਤੇ ਕਾਲਜ ਬੱਸ ਛੁੱਟਣ
ਨਾਲ ਉਨ੍ਹਾਂ ਕੁੜੀਆਂ ਨਾਲ ਸੰਪਰਕ ਬਿਲਕੁੱਲ ਖਤਮ ਹੋ ਗਿਆ। ਕੁਝ ਸਾਲਾਂ ਬਾਅਦ
ਉਨ੍ਹਾਂ ਕੁੜੀਆਂ ਵਿਚੋਂ ਕਈ ਕੁੜੀਆਂ ਦੀ ਕਹਾਣੀਆਂ ਬਣਨੀਆਂ ਸ਼ੁਰੂ ਹੋ ਗਈਆਂ ਕਿ
ਫਲਾਣੀ ਟੈਂਪੂ ਵਾਲੇ ਨਾਲ ਭੱਜ ਗਈ ਅਤੇ ਕਿਸੇ ਦਾ ਵਿਆਹ ਤੋਂ ਬਾਅਦ ਤਲਾਕ ਹੋ
ਗਿਆ ਆਦਿ ਆਦਿ। ਇੱਕ ਨੇ ਆਪਣੇ ਹੀ ਪਿੰਡ ਦੇ ਮੁੰਡੇ ਦੇ ਪਿਆਰ ਵਿਚ ਜ਼ਹਿਰ ਖਾ ਕੇ
ਖੁਦਕਸ਼ੀ ਕਰ ਲਈ। ਕਿਸੇ ਨੂੰ ਬਦਨਾਮੀ ਦੇ ਡਰੋਂ ਰਾਤੋ ਰਾਤ 2 ਨੰਬਰ ਵਿਚ ਵਿਦੇਸ਼
ਭੇਜਣ ਦਾ ਪ੍ਰਬੰਧ ਕੀਤਾ ਗਿਆ।
ਭੇਡਚਾਲ ਤੋਂ ਹਟਕੇ ਕੁਝ ਕਰਨ ਦੀ ਕੋਸ਼ਿਸ਼ ਕਰੋ
ਸਾਡੇ ਦੇਸ਼ ਵਿਚ ਹਰ ਕੰਮ ਭੇਡਚਾਲ ਬਣ ਜਾਂਦਾ ਹੈ। ਜੇ ਕੋਈ ਬੀ.ਐਡ ਕਰਨ ਲੱਗ
ਜਾਵੇ ਸਾਰੇ ਬੀ.ਐਡ ਕਰਨ ਲੱਗ ਜਾਂਦੇ ਹਨ। ਇਹੀ ਹਾਲ ਈ. ਟੀ.ਟੀ, ਐਮ.ਬੀ.ਏ (ਮੈਂ
ਖੁਦ ਐਮ. ਬੀ .ਏ ਹਾਂ ) ਐਮ.ਸੀ.ਏ ਦਾ ਹੈ। ਜੇ ਆਸਟ੍ਰੇਲੀਆ ਦੇ ਵੀਜ਼ੇ ਦੀਆਂ
ਸ਼ਰਤਾਂ ਨਰਮ ਹੋਈਆਂ ਤਾਂ ਸਭ ਆਸਟ੍ਰੇਲੀਆ ਜਾਣ ਲੱਗ ਪਏ ਅਤੇ ਜੇ ਇੰਗਲੈਂਡ ਦੀਆਂ
ਤਾਂ ਸਭ ਇੰਗਲੈਂਡ। ਮਾਂ ਬਾਪ ਵੀ ਆਖਿਰ ਕਿੰਨੀ ਦੇਰ ਪਾਲਣ ਪੋਸ਼ਣ ਕਰੀ ਜਾਣ ?
ਬਾਹਰ ਜਿੱਥੇ ਤੁਸੀਂ ਜਾ ਕੇ ਆਪਣੇ ਮਾਂ ਬਾਪ ਨੂੰ ਆਪਣੀ ਮੌਜੂਦਾ ਹਾਲਾਤ ਦੇ
ਦੋਸ਼ੀ ਕਹਿੰਦੇ ਹੋ ਉਨ੍ਹਾਂ ਗੋਰਿਆਂ ਦੇ ਕਲਚਰ ਵੱਲ ਵੀ ਨਜ਼ਰ ਮਾਰੋ। ਇਥੇ ਜਦੋਂ
ਉਨ੍ਹਾਂ ਦੇ ਬੱਚੇ ਥੋੜੇ ਜਵਾਨ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਮਾਂ ਬਾਪ ਕਹਿਣਾ
ਸ਼ੁਰੂ ਕਰ ਦਿੰਦੇ ਹਨ ਕਿ ਆਪਣੀ ਰੋਜ਼ੀ ਰੋਟੀ ਅਤੇ ਰਹਿਣ ਸਹਿਣ ਦਾ ਬੰਦੋਬਸਤ ਖੁਦ
ਕਰੋ।
ਵਿਦਿਆਰਥੀ ਵੀਜ਼ੇ ਦੀਆਂ ਸ਼ਰਤਾਂ ਕਿਉਂ ਨਰਮ ਕੀਤੀਆਂ
ਗਈਆਂ?
ਕੀ ਕਦੇ ਕਿਸੇ ਨੇ ਇਹ ਸੋਚਿਆ ਹੈ ਕਿ ਇੰਗਲੈਂਡ ਅਤੇ ਆਸਟ੍ਰੇਲੀਆ ਵਰਗੇ
ਦੇਸ਼ਾਂ ਨੂੰ ਵਿਦਿਆਰਥੀ ਵੀਜ਼ਾ ਦੀਆਂ ਸ਼ਰਤਾਂ ਨਰਮ ਕਰਕੇ ਕੀ ਫਾਇਦਾ ਹੈ। ਉਨ੍ਹਾਂ
ਦੇ ਆਪਣੇ ਦੇਸ਼ ਵਿਚ ਲੋਕ ਬੇਰੁਜ਼ਗਾਰ ਹਨ। ਫਿਰ ਉਹ ਵਿਦਿਆਰਥੀ ਵੀਜ਼ੇ ਦੀਆਂ ਸ਼ਰਤਾਂ
ਕਿਉਂ ਨਰਮ ਕਰ ਰਹੇ ਹਨ। ਇਸ ਪਿੱਛੇ ਦੋ ਕਾਰਨ ਹਨ। ਇਕ ਤੇ ਫੀਸ ਦੇ ਰੂਪ ਵਿਚ
ਉਨ੍ਹਾਂ ਦੇ ਦੇਸ਼ ਵਿਚ ਪੈਸਾ ਆ ਰਿਹਾ ਹੈ ਅਤੇ ਦੂਜਾ ਵਿਦਿਆਰਥੀ ਵੀਜ਼ੇ ਤੇ ਆਉਣ
ਵਾਲੇ ਲੋਕ ਲੀਗਲ ਹੁੰਦੇ ਹਨ ਅਤੇ ਇਹ ਇਲੀਗਲ ਇਮੀਗਰੇਸ਼ਨ
ਨੂੰ ਘਟਾਉਣ ਵਿਚ ਫਾਇਦੇਮੰਦ ਸਿੱਧ ਹੁੰਦੇ ਹਨ। ਕਿਉਂਕਿ ਇਲੀਗਲ
ਵਿਅਕਤੀ ਨੂੰ ਕੰਮ ਤੇ ਰੱਖਣ ਵਾਲੇ ਮਾਲਕ ਨੂੰ ਫੜੇ ਜਾਣ ਭਾਰੀ ਜੁਰਮਾਨਾ
ਅਦਾ ਕਰਨਾ ਪੈ ਸਕਦਾ ਹੈ ਇਸ ਲਈ ਲੋਕ ਵਿਦਿਆਰਥੀ ਵੀਜ਼ੇ ਵਾਲਿਆ ਨੂੰ ਕੰਮ ਤੇ ਰੱਖ
ਲੈਂਦੇ ਹਨ ਕਿਉਂਕਿ ਇਸ ਵਿਚ ਘੱਟ ਖਤਰਾ ਹੈ। ਇਸ ਨਾਲ ਇਨ੍ਹਾਂ ਦੇਸ਼ਾਂ ਵਿਚ
ਜਿੱਥੇ ਕਰਾਈਮ ਘਟਦਾ ਹੈ ਉੱਥੇ ਗੈਰ ਕਾਨੂੰਨੀ ਤਰੀਕੇ ਨਾਲ ਆਉਣ
ਵਾਲਿਆਂ ਦੀ ਗਿਣਤੀ ਤੇ ਵੀ ਅਸਰ ਪੈਂਦਾ ਹੈ। ਵਿਦਿਆਰਥੀਆਂ ਨੂੰ ਹਰ ਦੇਸ਼ ਦੇ
ਕਾਨੂੰਨ ਅਨੁਸਾਰ ਕੁਝ ਘੰਟੇ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਜਿਸ ਨਾਲ
ਵਿਦਿਆਰਥੀ ਆਪਣਾ ਜੇਬ ਖਰਚਾ ਚਲਾ ਸਕਦੇ ਹਨ । ਇਸ ਦਾ ਮਤਲਬ ਹੈ ਕਿ ਉਹ ਤੁਹਾਨੂੰ
ਅਪਾਣੇ ਦੇਸ਼ ਵਿਚ ਸਿਰਫ ਪੜਾਈ ਲਈ ਬੁਲਾ ਰਹੇ ਹਨ ਨਾਂ ਕੇ ਪੈਸਾ ਕਮਾਉਣ ਲਈ ।
ਫਿਰ ਜਦੋਂ ਇਹ ਵਿਦਿਆਰਥੀ ਪੜ੍ਹ ਲਿਖ ਕੇ ਪੱਕੇ ਹੋ ਜਾਂਦੇ ਹਨ ਤਾਂ ਇੱਕ ਤੇ
ਸਕਿਲਡ ਲੇਬਰ ਮਿਲ ਜਾਂਦੀ ਹੈ ਅਤੇ ਇਹ ਸਰਕਾਰ ਨੂੰ ਟੈਕਸ ਦਿੰਦੇ
ਹਨ ਜਿਸ ਨਾਲ ਇਨ੍ਹਾਂ ਦੇਸ਼ਾਂ ਦੀ ਸਰਕਾਰ ਬੇਰੁਜ਼ਗਾਰ ਲੋਕਾਂ ਨੂੰ ਪੈਂਨਸ਼ਨ ਆਦਿ
ਜਾਂ ਹੋਰ ਸੁਵਿਧਾਵਾਂ ਦੇ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰ ਸਕਦੀ ਹੈ ਕਿਉਂਕਿ
ਵਿਕਸਿਤ ਦੇਸ਼ਾਂ ਦੇ ਲੋਕਾਂ ਵਿਚ ਕੰਮ ਕਰਨ ਦੀ ਪ੍ਰਵਿਰਤੀ ਵਿਚ ਦਿਨ ਬ ਦਿਨ
ਗਿਰਾਵਟ ਆ ਰਹੀ ਹੈ ਅਤੇ ਪੈਂਨਸ਼ਨ , ਬੇਰੁਜ਼ਗਾਰੀ ਭੱਤਾ ਅਤੇ ਸਰਕਾਰ ਤੋਂ ਸਹਾਇਤਾ
ਲੈਣ ਵਾਲਿਆਂ ਵਿਚ ਵਾਧਾਂ ਹੋ ਰਿਹਾ ਹੈ।
ਇਨ੍ਹਾਂ ਦੇਸ਼ਾਂ ਵਿਚ ਜਨਮ-ਦਰ ਘੱਟ ਹੋਣ ਕਰਕੇ ਜਨਸੰਖਿਆਂ ਘੱਟ ਰਹੀ ਹੈ ਅਤੇ
ਬਹੁ ਗਿਣਤੀ ਵਿਚ ਬੱਚੇ ਅਤੇ ਬਜ਼ੁਰਗ ਹਨ ਅਤੇ ਬਹੁਤ ਸਾਰੇ ਦੇਸ਼ਾਂ ਨੂੰ ਲੇਬਰ
ਸ਼ੋਰਟੇਜ ਸੱਮਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਅਨੁਮਾਨ ਅਨੁਸਾਰ ਜਰਮਨ
ਦੀ 82.4 ਮਿਲੀਅਨ ਜਨਸੰਖਿਆ 2050 ਵਿਚ 42 ਮਿਲੀਅਨ ਰਹਿਣ ਦਾ ਖਦਸ਼ਾ ਹੈ ਜਿਸ
ਵਿਚ ਜ਼ਿਅਦਾ ਸਿਰਫ ਬੱਚੇ ਅਤੇ ਬਜ਼ੁਰਗ ਹੀ ਹੋਣਗੇ । ਯੂਰਪ ਵਿਚ ਸਿਰਫ ਦੋ ਦੇਸ਼ -
ਬ੍ਰਿਟੇਨ ਅਤੇ ਫਰਾਂਸ - ਦੀ ਜਨਸੰਖਿਆ ਵਿਚ ਕਮੀ ਨਹੀਂ ਆ ਰਹੀ । ਇਟਲੀ ਸਪੇਨ
ਨੂੰ ਪੈਂਨਸ਼ਨ ਦੇਣ ਵਿਚ ਸੱਮਸਿਆ ਸੀ ਜਿਸ ਨੂੰ ਮੁੱਖ ਰੱਖ ਕੇ ਉਨ੍ਹਾਂ ਨੇ ਗੈਰ
ਕਾਨੂੰਨੀ ਕਾਮਿਆ ਨੂੰ ਪੇਪਰ ਦੇਣੇ ਸ਼ੁਰੂ ਕਰ ਦਿੱਤੇ ਸੀ। ਇੰਗਲੈਂਡ ਤੋਂ
ਬਿਨ੍ਹਾਂ ਲੱਗ ਪੱਗ ਯੂਰਪ ਦੇ ਸਾਰੇ ਦੇਸ਼ ਜਨਸੰਖਿਆ ਦੇ ਘਟਣ ਸੰਬੰਧੀ ਸੱਮਸਿਆ ਦਾ
ਸਾਹਮਣਾ ਕਰ ਰਹੇ ਹਨ ਅਤੇ ਕਈ ਦੇਸ਼ਾਂ ਦੀ ਜਨਮ-ਦਰ ਨੇਗੈਟਿਵ
ਅਤੇ ਜ਼ੀਰੋ ਹੈ।
ਉੱਚੇ ਮਿਆਰ ਦੀ ਸਿਖਿਆ ਯੂਰਪ ਵਿਚ ਮੁਫਤ
ਬਹੁਤੇ ਯੂਰੋਪੀਅਨ ਦੇਸ਼ਾਂ ਵਿਚ ਯੂਨੀਵਰਸਿਟੀ ਸਿਖਿਆਂ ਮੁਫਤ ਹੈ ਜਾਂ ਫਿਰ
ਨਾਂਹ ਦੇ ਬਰਾਬਰ ਹੈ ਅਤੇ ਜਰਮਨੀ ਅਤੇ ਸਵੀਡਨ ਵਰਗੇ ਦੇਸ਼ਾਂ ਵਿਚ ਵਿਦਿਆਰਥੀਆਂ
ਨੂੰ ਬਹੁਤ ਸੁਵਿਧਾਵਾਂ ਵੀ ਉਪਲਬਧ ਹਨ। ਜਿਵੇਂ ਮੁਫਤ ਇੰਸ਼ੋਰੈਂਸ
ਅਤੇ ਟ੍ਰੈਵਲਿੰਗ ਪਾਸ ਆਦਿ। ਇਕ ਗੱਲ ਨੋਟ ਕਰਨ ਵਾਲੀ ਹੈ ਕਿ
ਮੈਂ ਵੱਡੀਆਂ ਯੂਨੀਵਰਸਿਟੀਆਂ ਦੀ ਗੱਲ ਕਰ ਰਹੀ ਹਾਂ ਨਾਂ ਕੇ ਦੁਕਾਨਾਂ ਵਰਗੇ
ਪ੍ਰਾਈਵੇਟ ਕਾਲਜਾਂ ਦੀ। ਇਨ੍ਹਾਂ ਯੂਨੀਵਰਸਿਟੀਆਂ ਵਿਚ ਜੇ ਸਿਖਿਆ ਮੁਫਤ ਹੈ ਤਾਂ
ਇਨ੍ਹਾਂ ਦਾ ਸਿਖਿਆ ਦਾ ਮਿਆਰ ਵੀ ਉੱਚਾ ਹੈ ਅਤੇ ਦਾਖਲੇ ਲਈ ਉੱਚੇ ਮਿਆਰ ਦੀ
ਤਕਨੀਕੀ ਸਿਖਿਆ ਦੀ ਲੋੜ ਹੈ ਅਤੇ ਪੜਾਈ ਵੀ ਔਖੀ ਹੈ। ਮੇਰੇ ਲਿਖਣ ਤੋਂ ਭਾਵ ਕਿ
ਜੇ ਤੁਸੀ ਇਨ੍ਹਾਂ ਮੁਲਕਾਂ ਵਿਚ ਪੜ੍ਹਨ ਲਈ ਆਉਣਾ ਚਾਹੁੰਦੇ ਹੋ ਤਾਂ ਸਿਰਫ ਪੜ੍ਹ
ਹੀ ਸਕਦੇ ਹੋ ਕਿਉਂਕਿ ਔਖੀ ਪੜਾਈ ਦੀ ਵਜ੍ਹਾ ਕਾਰਨ ਕੰਮ ਕਰਕੇ ਪੈਸਾ ਕਮਾ ਕੇ
ਭਾਰਤ ਨਹੀਂ ਭੇਜ ਸਕਦੇ। ਹੁਣ ਰਹੀ ਪੱਕੇ ਹੋਣ ਦੀ ਗੱਲ, ਇਹ ਗੱਲ ਬੇਸਮਝ ਵੀ ਸਮਝ
ਸਕਦਾ ਹੈ ਕਿ ਜੇ ਇਨ੍ਹਾਂ ਨੇ ਤੁਹਾਨੂੰ ਆਪਣੀ ਦੇਸ਼ ਵਿਚ ਪੜਾਇਆ ਹੈ ਤਾਂ ਪੱਕੇ
ਵੀ ਕਰ ਦੇਣਗੇ ਕਿਉਕਿ ਸਾਡੇ ਭਾਰਤ ਮਹਾਨ ਤੋਂ ਬਿਨ੍ਹਾਂ ਪੜੇ
ਲਿਖੇ ਗੁਣਵਾਨ ਵਿਅਕਤੀ ਦੀ ਹਰ ਜਗ੍ਹਾ ਕਦਰ ਹੈ। ਮੈਂ ਟੈਕਨੀਕਲ ਡਾਰਮਸਟਾਡ
ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਮੇਰੇ ਨਾਲ ਸਾਰੇ ਦੱਖਣੀ
ਭਾਰਤੀ ਹੀ ਸਨ। ਉੱਥੇ ਜਾ ਕੇ ਸਾਨੂੰ ਆਪਣੇ ਪੰਜਾਬ ਦੀ ਸਿਖਿਆ ਦੇ ਮਿਆਰ ਪਤਾ
ਚਲਦਾ ਹੈ। ਉਨ੍ਹਾਂ ਵਿਚੋਂ ਬਹੁਤੇ ਪੜਾਈ ਖਤਮ ਕਰ ਕੇ ਵਾਪਸ ਭਾਰਤ ਆ ਗਏ ਕਿਉਂਕਿ
ਉਨ੍ਹਾਂ ਵਿਚ ਦੇਸ਼ ਭਗਤੀ ਦਾ ਜ਼ਜ਼ਬਾ ਸ਼ਾਇਦ ਮੇਰੇ ਨਾਲੋਂ ਜ਼ਿਆਦਾ ਸੀ।
ਸਾਰ ਅੰਸ਼ ਵਿਚ ਮੈ ਡਾਕਟਰ ਸਾਹਿਬਾ ਦੇ ਲੇਖ ਦੀਆਂ ਪਾਤਰ ਕੁੜੀਆਂ ਨੂੰ ਇਹੀ
ਕਹਿਣਾ ਚਾਹੁੰਦੀ ਹਾਂ ਕੇ ਜੇ ਤੁਹਾਡੇ ਵਿਚ ਬਾਹਰ ਕੱਲੀਆਂ ਗੁਜ਼ਾਰਾ ਕਰਨ ਦੀ
ਜੁਰੱਅਤ ਅਤੇ ਕਾਬਲੀਅਤ ਨਹੀਂ ਹੈ ਤਾਂ ਕਿਰਪਾ ਕਰਕੇ ਬਾਹਰ ਜਾ ਕੇ ਪੰਜਾਬੀ
ਭਾਈਚਾਰੇ, ਆਪਣੇ ਮਾਂ ਬਾਪ ਅਤੇ ਆਪਣੀ ਇੱਜ਼ਤ ਨਾਂ ਰੋਲੋ। ਆਸਟ੍ਰੇਲੀਆ ਜਾਣ
ਵਾਲੀਆਂ ਬੀਬੀਆਂ ਨੂੰ ਸ਼ਾਇਦ ਪਤਾ ਨਹੀਂ ਕਿ ਬਾਹਰ ਆ ਕੇ ਨੌਜੁਆਨਾਂ ਜਿਨ੍ਹਾਂ
ਨਾਲ ਇਹ ਉਨ੍ਹਾਂ ਨੂੰ ਅਨਪੜ੍ਹ ਕਹਿੰਦੇ ਹੋਏ ਵਿਆਹ ਕਰਾਉਣ ਵੇਲੇ ਇਹ 20-20
ਹਜ਼ਾਰ ਨਖਰੇ ਕਰਦੀਆਂ ਹਨ, ਨੂੰ ਬਾਹਰ ਸੈਟਲ ਹੋਣ ਲਈ ਕਿਨ੍ਹਾਂ ਕਿਨ੍ਹਾਂ
ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਕਿਸੇ ਹੱਦ ਤੱਕ ਇਨ੍ਹਾਂ ਬੀਬੀਆਂ ਦੀ
ਕਹਾਣੀ ਇਨ੍ਹਾਂ ਮੁੰਡਿਆਂ ਨਾਲੋਂ ਵੱਖਰੀ ਨਹੀਂ ਹੈ। ਉਨ੍ਹਾਂ ਵਲੋਂ ਝੱਲੀਆਂ ਜਾਣ
ਵਾਲੀਆਂ ਮੁਸ਼ਕਲਾਂ ਨੂੰ ਮੈ ਇੱਕ ਕਵਿਤਾ ਰਾਹੀਂ ਬਿਆਨ ਕਰਨਾ ਚਾਹੁੰਦੀ ਹਾਂ ।
ਪੁੱਤ ਪ੍ਰਦੇਸੀ
ਬਾਹਰ ਆ ਕੇ ਇੰਡੀਆਂ ਨੂੰ ਚੇਤੇ ਕਰਦੇ ਰਹੇ
ਚੰਗੀ ਜਿੰਦਗੀ ਦੀ ਆਸ ਵਿਚ
ਖਾਂਦੇ ਰਹੇ ਥਾਂ-ਥਾਂ ਧੱਕੇ
ਬੀਅਰਾਂ ਅਤੇ ਫੁੱਲ ਵੇਚ ਕੇ ਵੀ ਗੁਜ਼ਾਰਾ ਕਰਦੇ
ਲ਼ੁਕ ਲੁਕ ਪੁਲਿਸ ਤੋਂ ਰਹਿੰਦੇ ਰਹੇ
ਪੱਕੇ ਨਹੀਂ ਹੁੰਦੇ ਦਿਨ ਰਾਤ ਸੋਚਦੇ
ਪੇਪਰਾਂ ਲਈ ਰੋਜ਼ ਨਵੇਂ ਤਰੀਕੇ ਲੱਭਦੇ
ਲੱਖਾਂ ਧੋਖੇ ਫਰੇਬ ਕਰਦੇ ਤੇ ਸਹਾਰਦੇ
ਗੋਰੀ ਨੂੰ ਪਟਾਉਣ ਦੀ ਵੀ
ਦਿਨ ਰਾਤ ਕੋਸ਼ਿਸ਼ ਕਰਦੇ
ਬਾਪੂ ਦੇ ਸ਼ਬਦ “ਪੁੱਤ ਪੜ੍ਹ ਲਾ” ਵਾਰ ਵਾਰ ਚੇਤੇ ਆਉਂਦੇ
ਗੋਰੀ ਨਾਲ ਵਿਆਹ ਕਰਾ ਕੇ ਅਸੀੰ ਰੌਦੇ ਰਹੇ
ਪੀਜ਼ਾ ਵੀ ਬਣਾਇਆ ਤੇ ਭਾਂਡੇ ਵੀ ਧੋਂਦੇ ਰਹੇ
ਕੱਪੜੇ ਵੀ ਧੋਤੇ ਤੇ ਨਿਆਣੇ ਵੀ ਸਾਂਭਦੇ ਰਹੇ
ਆਪਣੀ ਧੀ ਨੂੰ ਸਿਗਰਟਾਂ ਪੀਂਦੀ ਦੇਖਕੇ
ਦਿਲ ਹੀ ਦਿਲ ਵਿਚ ਕੁੜਦੇ ਰਹੇ
ਸਾਰੀ ਕਮਾਈ ਗੋਰੀ ਦੀ ਜੇਬ ਚ ਪਾਉਂਦੇ
ਲੱਤਾਂ ਵੀ ਘੁੱਟੀਆਂ ਤੇ ਜੁੱਤੀਆਂ ਵੀ ਖਾਂਦੇ
ਅੱਖਾਂ ਵਿਚ ਖੂਨ ਦੇ ਅੱਥਰੂ ਵੀ ਵਹਿੰਦੇ
ਰਾਤਾਂ ਬਾਹਰ ਬਰਫ ਵਿਚ ਕਟਦੇ ਰਹੇ
ਪੱਕੇ ਕਾਰਡ ਦੀ ਉਡੀਕ ਵਿਚ ਸੱਭ ਕੁਝ ਸਹਿੰਦੇ
ਪੰਜਾਬ ਵਿਚ ਨਸ਼ੇ ਕਰਕੇ ਐਸ਼ ਕਰਦੇ
ਕਾਲੇ ਸ਼ੀਸ਼ਿਆਂ ਵਾਲੀ ਸਫਾਰੀ ਨੂੰ ਚੇਤੇ ਕਰਕੇ ਭੁੱਬਾਂ ਮਾਰ ਰੌੰਦੇ
ਬਾਪੂ ਦੇ ਸ਼ਬਦ “ਪੁੱਤ ਪੜ੍ਹ ਲਾ” ਵਾਰ ਵਾਰ ਚੇਤੇ ਆਉਂਦੇ
ਸੋਚਿਆ ਸੀ
ਵਿਆਹ ਕੇ ਲਿਆਵਾਂਗੇ ਇਕ ਦਿਨ ਹੀਰ ਪੰਜਾਬ ਤੋਂ
ਇਹੀ ਸੁਪਨੇ ਉਲੀਕ ਕੇ ਦਿਨ ਕੱਟਦੇ ਰਹੇ
ਪਰ ਕੀ ਕਰੀਏ ਹੀਰਾਂ ਵੀ ਜਾਈ ਜਾਂਦੀਆਂ ਹੁਣ ਅਸਟ੍ਰੇਲੀਆ ਵਲੈਤ
ਰੱਬਾ ਕਰਦੇ ਬੰਦ ਵੀਜ਼ੇ ਲੱਗਣੇ ਕੁੜੀਆਂ ਦੇ
ਅਸੀਂ ਇਹੀ ਦੁਹਾਈ ਪਾਉਂਦੇ ਰਹੇ
“ਪੁੱਤ ਪੜ੍ਹ ਲਾ” ਸ਼ਬਦ ਬਾਪੂ ਦੇ ਵਾਰ ਵਾਰ ਚੇਤੇ ਆਉਂਦੇ ਰਹੇ
ਫਿਰ ਵੀ ਹੌਂਸਲਾ ਨਾ ਹਾਰਿਆ
ਹੱਢ ਭੰਨਵੀ ਮਿਹਨਤ ਕਰਦੇ ਰਹੇ
ਪੈਸਾ ਕਮਾ ਲਿਆ ਤੇ ਬਣਾ ਲਈ ਕੋਠੀ ਪੰਜਾਬ ਵਿਚ
ਤੇ ਨਾਲੇ ਲੱਭ ਲਈ ਸਿਆਲਾਂ ਦੀ ਹੀਰ ਪੰਜਾਬ ਤੋਂ
ਦਿਨ ਰਾਤ ਹੀਰ ਦੇ ਪੇਪਰ ਭੇਜਣ ਲਈ ਪਾਪੜ ਵੇਲਦੇ ਰਹੇ
ਕਹਿ ਗਈ ਏਅਰਪੋਰਟ ਤੋਂ ਬਾਰੇ ਬਾਏ ਹੀਰ ਸਾਨੂੰ
ਅਸੀਂ ਆਪਣੀ ਕਿਸਮਤ ਨੂੰ ਰੋਂਦੇ ਰਹੇ
ਕੀ ਖਟਿਆ ਬਾਹਰ ਆ ਕੇ
ਧੋਬੀ ਦਾ ਡੱਬੂ ਵਾਂਗ ਨਾ ਘਰ ਦੇ ਨਾ ਘਾਟ ਦੇ
ਅਸੀਂ ਇਹੀ ਕੀਰਨੇ ਪਾਉਂਦੇ ਰਹੇ
“ਪੁੱਤ ਪੜ੍ਹ ਲਾ” ਸ਼ਬਦ ਬਾਪੂ ਦੇ ਵਾਰ ਵਾਰ ਚੇਤੇ ਆਉਂਦੇ ਰਹੇ
-----------
ਆਤਮ ਨਿਰਭਰ ਹੋਣ ਦੀ ਕੋਸ਼ਿਸ਼ ਕਰਨ ਵਾਲੀਆਂ ਕੁੜੀਆਂ ਦਾ ਭਵਿੱਖ
ਦਾਅ ਤੇ ਲਗਾਇਆ ਡਾ. ਹਰਸ਼ਿੰਦਰ ਕੌਰ ਨੇ
ਰਾਜਬੀਰ ਕੌਰ ਤੇਜਾ, ਸਪੇਨ
-----------------------
ਆਸਟ੍ਰੇਲੀਆ
ਪੰਜਾਬੀ
ਚੋਰਾਂ
ਤੇ
ਵੇਸਵਾਵਾਂ
ਦਾ
ਘਰ
(?)
ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)
|