ਪੰਜਾਬੀ
ਸੱਥ ਜਰਗ ਵਲੋਂ ਕਰਵਾਏ ਗਏ ਪਲੇਠੇ ਸਲਾਨਾ ਸਨਮਾਨ ਸਮਾਗਮ ਵਿਚ ਪੁੱਜੇ ਪ੍ਰਸਿੱਧ
ਬੁਲਾਰਿਆਂ ਨੇ ਪੰਜਾਬ ਵਿਚੋਂ ਤੇਜੀ ਨਾਲ ਲੁਪਤ ਹੋ ਰਹੇ ਸਾਡੇ ਸੱਭਿਅਚਾਰ ਤੇ
ਵਿਰਾਸਤੀ ਸਰੂਪਾਂ 'ਤੇ ਚਿੰਤਾ ਪ੍ਰਗਟਾਈ । ਪ੍ਰਿੰਸੀਪਲ ਹਰਦੇਵ ਸਿੰਘ ਜਰਗ ਨੂੰ
ਸਮਰਪਿਤ ਇਸ ਸਮਾਗਮ ਦੀ ਪ੍ਰਧਾਨਗੀ ਸ. ਜਗਦੇਵ ਸਿੰਘ ਜੱਸੋਵਾਲ ਨੇ ਕੀਤੀ ਜਦਕਿ
ਪੰਜਾਬੀ ਸੱਥ ਦੇ ਬਾਨੀ ਡਾ. ਨਿਰਮਲ ਸਿੰਘ ਲਾਂਬੜਾ ਮੁੱਖ ਮਹਿਮਾਨ ਵਜੋਂ ਸ਼ਾਮਲ
ਹੋਏ। ਸਭ ਤੋਂ ਪਹਿਲਾਂ ਸਮਾਗਮ ਦੀਆਂ ਸਨਮਾਨਿਤ ਹਸਤੀਆਂ ਲੋਕ ਢਾਡੀ ਗੁਰਨਾਮ
ਸਿੰਘ ਗੁਪਾਲਪੁਰ, ਪ੍ਰਸਿੱਧ ਪੱਤਰਕਾਰ ਡਾ. ਹਰਜਿੰਦਰ ਸਿੰਘ ਲਾਲ, ਭੰਗੜਾ ਤੇ
ਲੋਕ ਨਾਚ ਕਲਾਕਾਰ ਬਲਵਿੰਦਰ ਗੁਰੁ ਤੇ ਕੈਨੇਡਾ ਤੋਂ ਉਚੇਚੇ ਤੌਰ ਤੇ ਪੁਜੀ
ਪੰਜਾਬੀ ਅਧਿਅਪਕਾ, ਵਿਦਵਾਨ ਤੇ ਖੋਜਕਾਰ ਬੀਬੀ ਐਨ. ਮਰਫੀ ਨੇ ਪੰਜਾਬਣ ਪਹਿਰਾਵੇ
ਵਿਚ ਸਮਾਗਮ ਦੇ ਮੁੱਖ ਪ੍ਰਬੰਧਕ ਸ. ਨਵਜੋਤ ਸਿੰਘ ਦੀ ਅਗਵਾਈ ਵਿਚ ਪੰਜਾਬੀ
ਸੱਭਿਆਚਾਰ ਦੀ ਅਮੀਰ ਵਿਰਾਸਤ ਦੇ ਸੰਭਾਲੂ ਲਾਡੀ ਗੱਡੇ ਵਾਲੇ ਵਲੋਂ ਸ਼ਿੰਗਾਰੇ
ਬਲਦ-ਗੱਡੇ ‘ਤੇ ਚੜ੍ਹ ਕੇ ਲੋਕ ਬੋਲੀਆਂ ਵਿਚ ਵਸਦੇ ਪਿੰਡ ਜਰਗ ਦੀ ਫਿਰਨੀ ਦਾ
ਗੇੜਾ ਦਿੱਤਾ। ਜੋਰਾਵਰ ਦੇ ਗਿੱਧੇ ਦੇ ਗਰੁੱਪ ਨੇ ਲੋਕ ਬੋਲੀਆਂ ਨਾਲ ਖੂਹ ਭਰਨ
ਵਾਲੀ ਗੱਲ ਕਰ ਦਿੱਤੀ। ਰਾਜਾ ਜਗਦੇਵ ਸਕੂਲ ਦੇ ਨਿੱਕੇ ਵਿਦਿਆਰਥੀਆਂ ਦਵਿੰਦਰ
ਸਿੰਘ ਪੰਜਰੁੱਖਾ, ਅਮਨਪ੍ਰੀਤ ਸਿੰਘ ਜਰਗ ਤੇ ਪ੍ਰਿਤਪਾਲ ਸਿੰਘ ਤੁਰਮਰੀ ਨੇ ਵਾਰ
ਗਾ ਕੇ ਰੰਗ ਬੰਨ੍ਹਿਆ।
ਸੱਥ ਨੂੰ ਸੰਬੋਧਨ ਕਰਦੇ ਹੋਏ ਸ.ਜੱਸੋਵਾਲ ਨੇ ਕਿਹਾ ਕਿ ਅੱਜ ਲੋਕ
ਜਾਤਾਂ-ਗੋਤਾ ਦੀ ਥਾਂ ਸਿਆਸੀ ਧਿਰਾਂ ਵਿਚ ਜਿਆਦਾ ਵੰਡੇ ਹੋਏ ਹਨ, ਅੱਜ ਵਾਤਾਵਰਨ
ਪਲੀਤ ਹੋ ਗਿਆ, ਸਮੇਂ ਦੀ ਸਿਆਸਤ ਬੇਰੁਜਗਾਰੀ , ਕਿਸਾਨੀ ਦੁਰਦਸ਼ਾ ਤੇ
ਸੱਭਿਅਚਾਰ ਦੀ ਸੰਭਾਲ ਪ੍ਰਤੀ ਅਵੇਸਲੀ ਹੈ। ਆਧੁਨਿਕ ਦੌਰ ਵਿਚ ਮਨੁੱਖ ਦੀ ਬੇਬਸੀ
‘ਤੇ ਬੋਲਦਿਆਂ ਸ. ਜੱਸੋਵਾਲ ਨੇ ਕਿਹਾ ਕਿ ਅੱਜ ਮਨੁੱਖ ਦਾ ਸਭ ਕੁਝ ਗੁਆਚ ਰਿਹਾ
ਹੈ, ਸਾਡਾ ਸਾਂਝਾ ਸੱਭਿਆਚਾਰ, ਸਾਂਝੇ ਖੂਹ, ਸਾਂਝੇ ਪਰਵਾਰ ਤੇ ਸਾਂਝੇ ਚੁੱਲ੍ਹੇ
ਗੁਆਚ ਰਹੇ ਹਨ ਤੇ ਜਰਗ ਵਾਲਿਆਂ ਨੇ ਇਸ ਸਭ ਗੁਆਚਦੇ ਜਾ ਰਹੇ ਨੂੰ ਮੋਢਾ ਦੇ ਕੇ
ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਸਿਆਣੇ ਕਿਸਾਨ ਚੰਗੀ ਫਸਲ ਦਾ ਬੀਜ
ਸਾਂਭਦੇ ਸੀ ਇਵੇਂ ਜਰਗ ਵਾਲਿਆਂ ਦੀ ਇਹ ਕੋਸ਼ਿਸ਼ ਵੀ ਸੱਭਿਆਚਾਰ ਤੇ ਪੰਜਾਬੀ
ਬੋਲੀ ਦਾ ਬੀਜ ਸਾਂਭਣ ਸਮਾਨ ਹੈ। ਇਸੇ ਲਈ ਮੈਂ ਜਰਗ ਦੀ ਧਰਤੀ ਨੂੰ ਸਜਦਾ ਕਰਦਾ
ਹਾਂ।
ਪੰਜਾਬੀ
ਸੱਥ ਲਾਂਬੜਾ ਦੇ ਬਾਨੀ ਡਾ. ਨਿਰਮਲ ਸਿੰਘ ਲਾਂਬੜਾ ਨੇ ਕਿਹਾ ਕਿ ਭਾਵੇ ਅੱਜ ਤੋਂ
40 ਸਾਲ ਪਹਿਲਾਂ ਪੰਜਾਬੀ ਲਾਗੂ ਕੀਤੀ ਗਈ ਸੀ ਪਰ ਅੱਜ ਜੋ ਸਥਿਤੀ ਹੈ ਤੁਹਾਨੂੰ
ਸਭ ਨੂੰ ਪਤਾ ਹੈ। ਸਰਕਾਰਾਂ ਬਣਦੀਆਂ ਰਹੀਆਂ ਪਰ ਪੰਜਾਬੀ ਬੋਲੀ ਤੇ ਸੱਭਿਆਚਾਰ
ਪ੍ਰਤੀ ਕੀ ਪਹੁੰਚ ਹੈ ਅਸੀਂ ਸਭ ਜਾਣਦੇ ਹਾਂ। ਸ਼ਹਿਰਾਂ ਨੇ ਸਾਡੇ ਪਿੰਡਾਂ ਨੂੰ
ਖਾ ਲਿਆ, ਲੁਧਿਆਣਾ, ਜਲੰਧਰ ਤੇ ਅਮਿੰਤਸਰ ਵਿਚ ਸੈਂਕੜੇ ਪਿੰਡ ਖਤਮ ਹੋ ਗਏ।
ਚੰਡੀਗੜ੍ਹ ਨੇ ਤਾਂ ਪਿੰਡ ਉਜਾੜ ਹੀ ਦਿੱਤੇ, ਨਾਲ ਹੀ ਸਾਡੀ ਸੱਭਿਆਚਾਰਕ ,
ਧਾਰਮਿਕ ਤੇ ਭਾਈਚਾਰਕ ਸਾਂਝ ਅਤੇ ਬੋਲੀ ਵੀ ਉਜੜ ਗਈ। ਚੰਡੀਗੜ੍ਹ ਇਲਾਕੇ ਦੀ
ਪੁਆਧੀ ਬੋਲੀ ਮਰ ਰਹੀ ਹੈ। ਡਾ. ਲਾਂਬੜਾ ਨੇ ਦੱਸਿਆ ਕਿ ਸੱਥ ਵਿਚ ਲੱਖੀ ਜੰਗਲ,
ਢਾਹਾ, ਮਾਝਾ, ਖਾਰਾ ਮਾਝਾ ਤੇ ਹੁਸੈਨੀਵਾਲਾ ਤੇ ਜਰਗ ਦੀਆਂ ਸੱਥਾਂ ਨਵੀਆਂ
ਜੁੜੀਆਂ ਹਨ। ਇਸ ਮੌਕੇ ਲੇਖਕ ਅਮਰਜੀਤ ਸਿੰਘ ਸੋਮਲ ਦੀ ਪੁਸਤਕ ‘ਬੋਲਦੇ ਹਰਫ’ ਤੇ
ਬਲਿਹਾਰ ਗੋਬਿੰਦਗੜ੍ਹੀਆ ਦੀ ‘ ਬੱਲੇ ਨੀ ਪੰਜਾਬੀਏ’ ਵੀ ਜਾਰੀ ਕੀਤੀਆਂ ਗਈਆਂ।
ਸਮਾਗਮ ਵਿਚ ਲੋਕ ਢਾਡੀ ਕਲਾ ਦੇ ਸਰੰਗੀ ਵਾਦਕ ਗੁਰਨਾਮ ਸਿੰਘ ਗੋਪਾਲਪੁਰ ਨੂੰ
ਪਿੰਰਸੀਪਲ ਹਰਦੇਵ ਸਿੰਘ ਜਰਗ ਪੁਰਸਕਾਰ, ਅਜੀਤ ਦੇ ਪੱਤਰਕਾਰ ਤੇ ਗਜ਼ਲਗੋ ਡਾ.
ਹਰਜਿੰਦਰ ਸਿੰਘ ਲਾਲ ਨੂੰ ਸ਼ਹੀਦ ਸੈਕਿੰਡ ਲੈਫਟੀਨੈਂਟ ਜਤਿੰਦਰਜੀਤ ਸਿੰਘ ਮੰਡੇਰ
ਪੁਰਸਕਾਰ, ਭੰਗੜੇ ਤੇ ਲੋਕ ਨਾਚ ਨੂੰ ਸਮਰਪਿਤ ਕਲਾਕਾਰ ਬਲਵਿੰਦਰ ਗੁਰੁ ਨੂੰ
ਬੇਬੇ ਨੰਦ ਕੌਰ ਪੁਰਸਕਾਰ ਅਤੇ ਬ੍ਰਿਟਸ਼ ਕੋਲੰਬੀਆ ਯੂਨੀਵਰਸਿਟੀ ਕੈਨੇਡਾ ਵਿਚ
ਪੰਜਾਬੀ ਪੜ੍ਹਾ ਰਹੀ ਅਮਰੀਕਨ ਬੀਬੀ ਐਨ ਮਰਫੀ ਨੂੰ ਵਿਦੇਸ਼ੀ ਮਹਿਮਾਨ ਪੁਰਸਕਾਰ
ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਢਾਹਾਂ ਪੰਜਾਬੀ ਸੱਥ ਬਰਵਾਲੀ ਤੋਂ
ਗੁਰਦੀਪ ਸਿੰਘ ਕੰਗ, ਮਲਵਈ ਪੰਜਾਬੀ ਸੱਥ ਮੰਡੀ ਕਲਾਂ (ਬਠਿੰਡਾ) ਤੋਂ ਡਾ.
ਲਖਵੀਰ ਸਿੰਘ ਨਾਮਧਾਰੀ, ਮਾਝਾ ਪੰਜਾਬੀ ਸੱਥ ਬੁਤਾਲਾ ਤੋਂ ਬੀਬੀ ਸਵਰਨ ਕੌਰ
ਬੱਲ, ਮੰਜਕੀ ਪੰਜਾਬੀ ਸੱਥ ਤੋਂ ਪ੍ਰਿੰ. ਕੁਲਵਿੰਦਰ ਸਿੰਘ ਸਰਾਏ, ਰਿਆੜਕੀ
ਪੰਜਾਬੀ ਸੱਥ ਗੁਰਦਾਸਪੁਰ ਤੋਂ ਸੂਬਾ ਸਿੰਘ ਖਹਿਰਾ,ਮਾਝਾ ਪੰਜਾਬੀ ਸੱਥ ਤਂ
ਰਘਵੀਰ ਸਿੰਘ ਤੀਰ, ਪੰਜਾਬੀ ਸੱਥ ਸਰਹਿੰਦ ਤੋਂ ਗੁਰਨਾਮ ਬਾਵਾ, ਕਹਾਣੀਕਾਰ
ਤ੍ਰਿਪਤ ਭੱਟੀ, ਪ੍ਰੋ. ਹਰਚੰਦ ਸਿੰਘ ਨਾਭਾ, ਮਾ. ਜਗਦੇਵ ਸਿੰਘ ਘੁੰਗਰਾਲੀ,
ਜੋਗਿੰਦਰ ਅਜਾਦ ਜਰਗ, ਭਰਭੂਰ ਸਿੰਘ ਜਲਾਜਣ, ਸੁਖਦੇਵ ਸਿੰਘ ਭੱਟੀ, ਨੰਬਰਦਾਰ
ਕੁਲਵੰਤ ਚਾਪੜਾ, ਕੁਲਵਿੰਦਰ ਸਿੰਘ ਘੁੰਮਣ, ਬਲਬੀਰ ਸਿੰਘ ਕੈਨੇਡਾ,ਪਰਮਿੰਦਰ
ਸਿੰਘ ਸੇਖੋਂ ਕੈਨੇਡਾ, ਜਸਵੰਤ ਸਿੰਘ ਗਰੇਵਾਲ ਯੂ.ਕੇ.,ਸਤਵੀਰ ਸਿੰਘ ਗਰਚਾ
ਯੂ.ਕੇ., ਸ਼੍ਰੀਮਤੀ ਪਰਮਜੀਤ ਕੌਰ ਪ੍ਰਿੰ. ਰਾਜਾ ਜਗਦੇਵ ਸੀ.ਸੈ.ਸਕੂਲ ਜਰਗ,
ਮਨਜੀਤ ਸਿੰਘ ਮੁੱਖ ਅਧਿਆਪਕ, ਕਟਾਰ ਸਿੰਘ ਰੌਲ ਵਿਸੇਸ਼ ਤੌਰ ਤੇ ਸ਼ਾਮਲ ਹੋਏ।
 |
 |
|