ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਤੇਲੀਆ - ਕੁਝ ਪ੍ਰਭਾਵ
ਸੁਖਦੇਵ ਸਿੱਧੂ

 

ਪਿਛਲੇ ਕੁਝ ਸਾਲਾਂ ਤੋਂ ਇੰਡੀਅਨਾਂ ਨੇ ਅਸਟ੍ਰੇਲੀਆ ਵੱਲ ਮੂੰਹ ਕੀਤਾ ਸੀ। ਬਹੁਤ ਪਹਿਲਾਂ ਗਏ ਹੁਣ ਸਥਾਪਿਤ ਭਾਈਚਾਰੇ ਦਾ ਹਿੱਸਾ ਹੋ ਗਏ ਹਨ। ਪੰਜ ਸਾਲ ਪਹਿਲਾਂ ਸਟੂਡੈਂਟਾ ਦੀ ਗਿਣਤੀ ਘੱਟ ਸੀ, ਹੁਣ ਬਥੇਰੀ ਹੈ। ਭਾਈਚਾਰੇ ਨੇ ਆਪਣੇ ਆਪ ਨੂੰ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਨਵੇਂ ਸਟਰੱਗਲ ਕਰ ਰਹੇ ਨੇ।

ਪੰਜਾਬੀ ਜਿੱਥੇ ਜਾਂਦੇ ਨੇ ਆਪਣਾ ਨਾਂ ਚਮਕਾਂਉਦੇ ਨੇ।

ਸਿਡਨੀ ਦਾ ਨਿਊ ਯੀਅਰ ਈਵ ਤੇ ਨਵੇਂ ਸਾਲ ਦੀ ਆਮਦ ਦਾ ਜਸ਼ਨ ਮੰਨਿਆ ਹੋਇਆ ਹੈ। ਮੈਂ ਇਹ ਨਜ਼ਾਰਾ ਦੂਜੀ ਵਾਰ ਦੇਖਣਾ ਸੀ। ਪਿਛਲੀ ਵਾਰ ਸੁਖ ਸੁਖੀਲੀ ਰਹੀ ਸੀ। ਪਾਰਟੀ ਵਾਲ਼ਾ ਪਰ ਸ਼ਾਤ ਮਹੌਲ ਸੀ। ਐਤਕੀਂ ਰੌਣਕ ਮੇਲਾ ਕਿਤੇ ਵੱਧ ਸੀ। ਸਾਡੇ ਲਾਗੇ ਹੀ ਪੰਜ ਸਤ ਪਾਕਿਸਤਾਨੀ ਪੰਜਾਬੀ ਮੁੰਡੇ ਖੜੇ ਸੀ। ਪਹਿਲਾਂ ਸਾਊ ਲੱਗਦੇ ਇਹ ਆਪਣੀ ਆਈ ਤੇ ਉਤਰ ਆਏ। ਉਨ੍ਹਾਂ ਚੋਂ ਇਕ ਪੀ ਐੱਚ ਡੀ ਮੁੰਡਾ ਵੀ ਘੱਟ ਨਹੀਂ ਸੀ। ਓਹ ਸੇਖੀ ਚ ਆ ਕੇ ਦੂਜਿਆਂ ਨੂੰ ਦੱਸਣ ਲੱਗਾ ਕਿ ਪੰਜਾਬੀ ਪੀ ਕੇ ਚੀਕ ਕਿੱਦਾਂ ਮਾਰਦੇ ਨੇ। ਇਹਨਾਂ ਦਾ ਬਾਅਦ ਦਾ ਪ੍ਰੋਗਰਾਮ ਪਾਕਿਸਤਾਨ ਦਾ ਕੌਮੀ ਤਰਾਨਾ ਗਾਂਉਂਦਿਆ ਸਾਰੇ ਗੇੜੀ ਦੇਣ ਦਾ ਸੀ। ਇਹਨਾਂ ਦੇ ਕਹਿਣ ਮੂਜ਼ਬ ਓਸ ਪੀ ਐੱਚ ਡੀ ਮੁੰਡੇ ਨੇ ਪਿਛਲੇ ਸਾਲ ਵੀ ਏਦਾਂ ਹੀ ਕੀਤੀ ਸੀ। ਤੇ ਸਾਡੇ ਏਧਰਲੇ ਸ਼ੇਰ ਨਸ਼ੇ ਚ ਧੁੱਤ ਉੱਚੀ ਉੱਚੀ ‘ਓ ਦੇਸੀ, ਓ ਦੇਸੀ’ ਦੀਆਂ ਟਾਹਰਾਂ ਮਾਰ ਰਹੇ ਸੀ। ਇਕ ਦੋ ਝੂਲਦੇ ਫਿਰਦੇ ਸੀ। ਲੱਗੇ ਬਈ ਇਹ ਹੁਣ ਡਿੱਗੇ, ਹੁਣ ਡਿੱਗੇ। ਫਿਰ ਜਿੱਥੇ ’ਕੱਲੀਆਂ ਗੋਰੀਆਂ ਖੜੀਆਂ ਸੀ, ਜਾ ਕੇ ਧੱਕੇ ਮਾਰਨ ਲੱਗ ਪਏ। ਸ਼ਰੀਫ਼ਾਂ ਨੂੰ ਨਿਮੋਸ਼ੀ ਹੋਈ। ਇਹ ਕੋਈ ਨਾਮਣਾ ਕਮਾ ਰਹੇ ਸੀ।

ਜਿੰਨੇ ਸਟੂਡੈਂਟਸ ਜਾਂਦੇ ਨੇ, ਸਾਰੇ ਦੇ ਸਾਰੇ ਕੰਮ ਕਰਦੇ ਹਨ। ਇਨ੍ਹਾਂ ਨੂੰ ਹਫ਼ਤੇ ਦੇ 20 ਘੰਟੇ ਕੰਮ ਕਰਨ ਦੀ ਖੁਲ੍ਹ ਹੈ, ਪਰ ਕਰਦੇ ਸਾਰੇ ਹੀ ਫੁੱਲ ਟੈਮ ਹਨ। ਕਈ ਤਾਂ ਕਾਲਜ ਵੜਦੇ ਹੀ ਨਹੀਂ। ਕੁਝ ਜਾਹਲੀ ਕਾਲਜ ਬੰਦ ਵੀ ਹੋਏ ਹਨ। ਕਾਲਜਾਂ ਵਾਲਿਆਂ ਦਾ ਫੀਸ ਦਾ ਮਾਮਲਾ ਹੈ। ਓਹ ਪਹਿਲਾਂ ਲੈ ਲੈਂਦੇ ਹਨ ਤੇ ਓਂ ਵੀ ਇਹ ਨਿਆਣੇ ਤਾਂ ਹੈ ਨਹੀਂ ਕਿ ਇਹਨਾਂ ਨੂੰ ਦਬਕ ਕੇ ਕਲਾਸਾਂ ਲਵਾਈਆਂ ਜਾਣ। ਨਾਲੇ ਸੱਭ ਦਾ ਜਾਣ ਦਾ ਮਕਦਸ ਜਾਂ ਤਾਂ ਪੱਕਾ ਹੋਣਾ ਹੈ ਜਾਂ ਵੱਧ ਤੋਂ ਵੱਧ ਪੈਸੈ ਕਮਾ ਲੈਣਾ। ਸਸਤੇ ਭਾਅ ਤੇ ਕਾਮੇ ਮਿਲਣ ਕਾਰਨ ਹੋਸਟ ਕਮਿਊਨਿਟੀ ਦੇ ਲੋਕ ਸਮਝਦੇ ਹਨ ਕਿ ਇਹ ਉਨ੍ਹਾ ਦਾ ਕੰਮ ਘਟਾਉਂਦੇ ਹਨ। ਰੇਸ ਰਿਲੇਸ਼ਨ ਦਾ ਇਹ ਪੁਰਾਣਾ ਮੰਨਿਆ ਹੋਇਆ ਪ੍ਰਸੰਗ ਹੈ। ਸਗੋਂ ਉਹ ਕਹਿੰਦੇ ਹਨ ਕਿ ਇੰਡੀਅਨ ਮਾਲਕ ਉਨ੍ਹਾਂ ਨਾਲ਼ ਵਿਤਕਰਾ ਕਰਦੇ ਹਨ ਤੇ ਦੇਸੀਆ ਨੂੰ ਜ਼ਿਆਦਾ ਕੰਮ ਦਿੰਦੇ ਹਨ। ਹਾਲਾਂ ਕਿ ਇਹ ਸਿਰਫ਼ ਥੋੜੀ ਮੇਹਨਤ ਦੇਣ ਦਾ ਮਾਮਲਾ ਹੈ।

ਸਾਨੂੰ ਦਮਗ਼ਜੇ ਛੱਡ ਦੇਣੇ ਚਾਹੀਦੇ ਨੇ। ਗੁਰਦੁਆਰੇ ਤੋਂ ਬਿਨਾਂ ਮੈਂ ਬਹੁਤੇ ਮੁੰਡਿਆਂ ਦੀ ਪੱਗਾਂ ਵਲੇਟੀਆਂ ਹੀ ਦੇਖੀਆਂ। ਇਹ ਓਹੀ ਆ, ਜਿਹੜੇ ਪਿੱਛੇ ਪੱਗ ਦੇ ਪੇਚ ਸੂਤ ਕਰਦਿਆਂ ਘੰਟਾ ਘੰਟਾ ਲਾਉਂਦੇ ਸੀ। ‘ਮੁੰਡੇ ਪੱਗਾਂ ਪੋਚਵੀਆਂ ਵਾਲੇ’ ਹੁਣ ਹੋ ਗਏ ਮੁੰਡੇ ਪੱਗਾਂ ਵਲ੍ਹੇਟੀਆਂ ਵਾਲ਼ੇ ਬਣੇ ਹੋਏ ਹਨ । ਕੰਮ ਦਾ ਕੋਈ ਮਿਹਣਾ ਨਹੀਂ ਹੁੰਦਾ। ਸਾਡਾ ਬਾਬਾ ਨਾਨਕ ਤਾਂ ਜੋਰ ਹੀ ਦਸਾਂ ਨਹੁੰਆਂ ਦੀ ਕਿਰਤ ਤੇ ਦਿੰਦਾ ਹੈ। ਤਕਰੀਬਨ ਹਰ ਪੰਜਾਬੀ ਹੱਥੀਂ ਕੰਮ ਕਰਨ ਨੂੰ ਹੀਣਤ ਸਮਝਦਾ ਹੈ ਤੇ ਬਾਹਰ ਜਾ ਕੇ ਹਰ ਕੰਮ ਕਰਨ ਨੂੰ ਤਿਆਰ। ਮੈਲਬੋਰਨ ਚ ਇਕ ਖਾਂਦੇ ਪੀਂਦੇ ਘਰ ਦੇ ਮੁੰਡੇ ਨੇ ਲੋਕਾਂ ਦੇ ਘਰੀ ਜਾ ਕੇ ਸਫ਼ਾਈ ਕਰਨ ਦੀ ਕੰਪਨੀ ਖੋਲੀ ਹੋਈ ਹੈ। ਇਹਦੇ ਕੋਲ਼ ਕੰਮ ਕਰਨ ਵਾਲ਼ੇ ਸਾਰੇ ਹੀ ਦੇਸੀ ਮੁੰਡੇ ਕੁੜੀਆਂ ਹਨ। ਇਹਨਾਂ ਨੂੰ ਇਹੀ ਕੰਮ ਪੰਜਾਬ ਚ ਕਰਨ ਲਈ ਕਹਿ ਕੇ ਦੇਖੋ। ਤੁਹਾਡਾ ਸਿਰ ਪਾੜਨ ਨੂੰ ਆਉਣਗੇ। ਇਹ ਮੁੰਡਾ ਫਿਲਮੀ ਸ਼ੌਕ ਦਾ ਮਾਰਿਆ ਹੁਣ ਬੰਬਈ ਨੂੰ ਚੱਲਿਆ ਹੈ ਤੇ ਮੇਰੇ ਸੱਜਣ ਦੀ ਧੀ ਨੇ ਇਹੀ ਕੰਮ ਸੰਭਾਲਣਾ ਹੈ। ਸਾਡੀ ਇਹ ਧੀ ਫ਼ੈਸ਼ਨ ਡਿਜ਼ਾਈਨ ਦੀ ਪੋਸਟ ਗਰੈਜੂਏਟ  ਹੈ।

ਮੈਨਲੀ ਦੇ ਬਜ਼ਾਰ ਚ ਮਹਿੰਦਰਾ ਕਾਲਜ ਦਾ ਗਰੈਜੂਏਟ ਸ਼ਾਪਿੰਗ ਟਰਾਲੀਡਿਲਿਵਰੀਆਂ ਕਰਦਾ ਫਿਰਦਾ ਸੀ। ਗਰਮੀ ਵਾਹਵਾ ਸੀ ਤੇ ਇਹ ਬੌਂਦਲਿਆਂ ਲੱਗਦਾ ਸੀ। ਇਹਨੇ ਦੋ ਸਾਲ ਦਾ ਹੌਸਪਿਲਿਟੀ ਦਾ ਡਿਪਲੋਮਾ ਸਿਡਨੀ ਤੋਂ ਕੀਤਾ ਹੈ। ਪੁਛਣ ਤੇ ਇਹਨੇ ਦੱਸਿਆ ਕਿ ਘਰ ਤਾਂ ਪਾਣੀ ਵੀ ਮੰਮੀ ਕੋਲੋ ਮੰਗਵਾਕੇ ਪੀਈਦਾ ਸੀ। ਹੁਣ ਲੋਕਾਂ ਨੂੰ ਕਿਵੇਂ ਵਰਤਾਂਉਂਦੇ ਫਿਰੀਏ। ਇਹਨੂੰ ਆਸ ਹੈ ਕਿ ਇਹਨੂੰ ਪੀ ਆਰ  ਮਿਲ ਜਾਣੀ ਹੈ। ਫਿਰ ਮੌਜਾਂ ਹੀ ਮੌਜਾਂ। ਸੌਦੇਬਾਜ਼ੀ ਆਮ ਹੋਣ ਕਰਕੇ ਪੱਕੇ ਹੋਣ ਦੀ ਇਕ ਦੂਜੇ ਨੂੰ ਸਲਾਹ ਆਮ ਦਿੱਤੀ ਜਾਂਦੀ ਹੈ। ਕਿਸੇ ਕੁੜੀ ਨੂੰ ਕੋਈ ਜਾਣੂੰ ਮੁੰਡਾ ਸਲਾਹ ਦਿੰਦਾ ਸੀ: ਤੂੰ ਪੈਸੇ ਦੇਹ ਤੇ ਪੱਕੀ ਹੋ, ਐਂਵੇ ਕਿਉਂ ਝੰਜਟਾਂ ਚ ਪੈਂਦੀ ਫਿਰਦੀ ਏਂ। ਇਜੇਹਿਆਂ ਵਿਆਹਾਂ ਦੇ ਮਸਲੇ ਅੱਡ ਹੋਣੇ ਨੇ। ਬਲੈਕ ਮੇਲ ਵੀ ਹੋਣੀ ਹੈ। ਦੇਖੀਏ ਆਗੇ ਆਗੇ ਹੋਤਾ ਹੈ ਕਿਆ।

ਬੋਰਨ (Indian children born in Australia) ਤੇ ਸਟੂਡੈਂਟਸ ਵਿਚ ਤਲਖ਼ੀ ਅੱਡ ਰਹਿੰਦੀ ਹੈ। ਸਟੂਡੈਂਟਸ ਕਹਿੰਦੇ ਨੇ ਇਹ ਵੱਡੇ ਅੰਗ਼ਰੇਜ਼ ਬਣ ਗਏ ਨੇ ਤੇ ਸਾਡੇ ਨਾਲ਼ ਅੱਖ ਨਹੀਂ ਮੇਲ਼ਦੇ। ਦੂਸਰੇ ਸੋਚਦੇ ਨੇ ਕਿ ਇਹਨਾਂ ਦੀਆਂ ਹਰਕਤਾਂ ਕਰਕੇ ਸਾਨੂੰ ਨਿਮੋਸ਼ੀ ਝੱਲਣੀ ਪੈਂਦੀ ਹੈ। ਇਹੀ ਕੈੜ ਸਟੂਡੈਂਟਸ (ਦੇਸੀ) ਬੋਰਨ ਤੇ ਰਾਤ ਨੂੰ ਕਲੱਬਾਂ ਤੇ ਗਿਆਂ ਤੇ ਕੱਢਦੇ ਹਨ। ਬਹੁਤੀਆਂ ਕਲੱਬਾਂ ਚ ਰਾਤ ਨੂੰ ਸਕਿਊਰਿਟੀ (ਬਾਂਊਸਰ) ਦੀ ਸੇਵਾ ਸਟੂਡੈਂਟਸ ਹੀ ਨਿਭਾਂਉਂਦੇ ਹਨ।

ਸਟੂਡੈਂਟ ਆਪਸ ਵਿਚ ਗੱਲਾਂ ਬਾਤਾਂ ਵੀ ਏਦਾਂ ਹੀ ਕਰਦੇ ਨੇ: ਓਹ ਦੇਖ ਦੇਸਣ ਜਾਂਦੀ ਓਏ। ਚਲੋ ਅੱਖ ਲੜਾਈਏ ਓਏ। ਇਹ ਦੂਸਰੇ ਮੁਲਕ ਵਿਚ ਜਾ ਕੇ ਵੀ ਆਪਣਾ ਕਾਰਨਾਮਾ ਦਿਖਾ ਜਾਂਦੇ ਨੇ। ਐਕਸਪਲਾਇਟੇਸ਼ਨ ਵੀ ਕਰਨ ਦੀ ਕੋਸ਼ਿਸ ਕਰਦੇ ਹਨ। ਕੁੜੀਆਂ ਨੂੰ ਬਿਨਾਂ ਵਜ੍ਹਾ ਤੰਗ ਕਰਦੇ ਹਨ, ਭਾਂਵੇ ਕਿ ਪੁਲਸ ਝੱਟ ਪਹੁੰਚ ਜਾਂਦੀ ਹੈ। ਗੱਲਾਂਬਾਤਾਂ ਚ ਇਕ ਅੱਧ ਵਾਰ ਕੁਛ ਕਹਿ ਲੈਣ ਨੂੰ ਪੁਲਿਸ ਕੁਝ ਨਹੀਂ ਕਹਿ ਸਕਦੀ, ਵੱਧ ਤੋਂ ਵੱਧ ਵਾਰਨਿੰਗ ਦੇ ਦੇਣਗੇ। ਸਿਨੇਮੇ ਚ ਪੰਜਾਬੀ ਫਿਲਮ ਦੇਖਣ ਜਾਣਦਾ ਅਸਟ੍ਰੇਲੀਆ ਚ ਕੋਈ ਹੱਜ ਨਹੀਂ। ਕੋਈ ਇੱਜ਼ਤ ਵਾਲਾ ਬੰਦਾ ਦੂਸਰੀ ਵਾਰ ਪੰਜਾਬੀ ਫਿਲਮ ਦੇਖਣ ਨਹੀਂ ਜਾਦਾ। ਪਰਿਵਾਰ ਨਾਲ਼ ਤਾਂ ਬਿਲਕੁਲ ਨਹੀਂ। ਟਾਹਰਾਂ ਪੈਂਦੀਆਂ ਨੇ। ਲਲਕਾਰੇ ਵੱਜਦੇ ਹਨ। ਧੀ ਦੀ, ਭੈਣ ਦੀ ਹੋਈ ਜਾਂਦੀ ਹੈ। ਕਿਸੇ ਨੂੰ ਫਿਲਮ ਦਾ ਸੁਆਦ ਨਹੀਂ ਆਉਂਦਾ ਤੇ ਉੱਤੋਂ ਪ੍ਰੇਸ਼ਾਨੀ ਵੱਧ।

ਮਦਰਾਸੀ ਰਾਮਨ ਨੇ ਦੱਸਦਾ ਕਿ ਕਿਤੇ ਹੱਸੇ ਮਖੌਲ ਚ ਇਹ ਗੋਰਿਆਂ ਨੂੰ ਕਹਿ ਦੇਣ ਕਿ ਤੁਹਾਡਾ ਵੀ ਕੀ ਕਲਚਰ, ਤੁਸੀਂ ਤਾਂ ਨਿਆਣਿਆ ਨੂੰ 16-17 ਸਾਲਾਂ ਦੇ ਹੋਣ ਤੇ ਘਰੋਂ ਕੱਢ ਦੇਂਦੇ ਹੋ। ਓਹ ਮੋੜ ਕੇ ਕਹਿੰਦੇ ਨੇ ਕਿ ਤੁਸੀ ਆਵਦਾ ਦੇਖ ਲਓ। ਪੈਸੇ ਲੈ ਕੇ ਵਿਆਹ ਕਰ ਲੈਂਦੇ ਹੋ। ਇੰਡੀਅਨ ਅਖਬਾਰਾਂ ਸ਼ਰੇਆਮ ਛਾਪਦੇ ਨੇ: ILETS ਕਲੀਅਰ ਲੜਕੀ ਕੋਲ ਕਨੇਡਾ/ਅਸਟ੍ਰੇਲੀਆ ਦਾ ਵੀਜਾ ਹੈ। ਖਰਚਾ ਕਰਨ ਵਾਲ਼ੇ ਪਹੁੰਚ ਕਰਨ। ਸੌਦੇ ਦੇ ਵਿਆਹ ਵੀ ਛਪਾਏ ਲੱਭਦੇ ਨੇ। ਲੋਕ ਝੱਟਪੱਟ ਪਹੁੰਚ ਕਰਦੇ ਹਨ। ਤੇ ਕਈ ਵਾਰ ਗੱਲ ਏਦੂੰ ਵੀ ਅੱਗੇ ਨਿਕਲੀ ਹੋਈ ਹੁੰਦੀ ਏ। ਨਤੀਜੇ ਵਜੋਂ ਐਮ ਏ ਪਾਸ ਕੁੜੀਆਂ, ਅਨਪੜ੍ਹ ਮੁੰਡਿਆਂ/ਪਕਰੋਆਂ ਨਾਲ਼ ਨਰੜੀਆਂ ਜਾਂਦੀਆਂ ਨੇ। ਜਿਹਦੇ ਨਤੀਜੇ ਬੜੀ ਦੇਰ ਬਾਅਦ ਨਿਕਲਣੇ ਨੇ। ਪੰਜਾਬੀਆਂ ਦੀ ਦੂਰ ਅੰਦੇਸ਼ੀ ਦਾ ਸਾਨੂੰ ਪਤਾ ਹੀ ਹੈ। ਪੰਜਾਬੀਆਂ ਦਾ ਕੌਮੀ ਨਾਹਰਾ ‘ਫੇ ਦੇਖੀ ਜਾਊ, ਜਿੱਦਾਂ ਹੋਊ’

ਨਿਤਿਨ ਗਰਗ ਦਾ ਕਤਲ

ਹੋਰਨਾਂ ਵਾਂਗ ਮੋਗੇ ਦਾ ਇਹ ਮੁੰਡਾ ਘਰੋਂ ਪੜਨ ਗਿਆ ਸੀ। ਅਕਾਂਊਟਿੰਗ ਦੀ ਪੜਾਈ ਕੀਤੀ। ਹੁਣ ਕਿਸੇ ਫੂਡਆਊਟ ਲੈੱਟ ਕੰਮ ਕਰਦਾ ਸੀ। ਰਾਤ ਦੀ ਸ਼ਿਫਟ ਕਰਕੇ ਆਉਂਦਾ ਮਾਰ ਦਿੱਤਾ। ਇਹਦੀ ਘੜੀ ਪੈਸੇ ਤੇ ਹੋਰ ਕਿਸੇ ਸਮਾਨ ਨੂੰ ਹੱਥ ਨਹੀਂ ਲਾਇਆ। ਪੁਲਿਸ ਅਜੇ ਵੀ ਇਹਦਾ ਕਤਲ ਨਸਲੀ ਨਹੀਂ ਮੰਨਦੀ। ਕਿਸੇ ਮਾਹਿਰ ਨੇ ਸਗੋਂ ਉਤੋਂ ਦੀ ਇਹ ਕਹਿ ਦਿਤਾ ਕਿ ਇੰਡੀਅਨ, ਮਹਿੰਗੇ ਕੰਪਿਉਟਰਾਂ, ਮੋਬਾਈਲ ਟੈਲੀਫੋਨਾਂ, ਲੇਟ ਸ਼ਿਫ਼ਟਾਂ ਕਰਨ ਕਰਕੇ ਅਤੇ ਸਸਤੇ ਪਰ ਮਾੜੇ ਇਲਾਕਿਆਂ ਚ ਰਹਿੰਦੇ ਹਨ। ਇਸੇ ਕਰਕੇ ਆਪਣੇ ਆਪ ਨੂੰ ਨਿਸ਼ਾਨਾ ਬਣਾ ਲੈਂਦੇ ਨੇ। ਹੁਣ ਕਿਤੇ ਜਾ ਕੇ ਪੁਲਸ ਕਹਿਣ ਲੱਗੀ ਹੈ ਕਿ ਭਾਰਤੀ ਨਸਲਵਾਦ ਦਾ ਸ਼ਿਕਾਰ ਹੁੰਦੇ ਨੇ। ਸੌ ਸਵਾਲਾਂ ਦਾ ਸਵਾਲ ਹੈ ਕਿ ਐਨੇ ਪੈਸੇ ਲਾ ਕੇ, ਪ੍ਰਦੇਸ ਚਾਗ ਕੇ, ਨਿਤਿਨ ਦੇ ਮਾਂ ਬਾਪ ਨੇ ਕੀ ਖੱਟਿਆ।

ਕਿਸੇ ਵੀ ਭਾਈਚਾਰੇ ਦੇ ਲੋਕ ਸਾਰੇ ਮਾੜੇ ਨਹੀਂ ਹੁੰਦੇ ਤੇ ਨਾ ਹੀ ਦੁੱਧ ਧੋਤੇ ਹੁੰਦੇ ਨੇ। ਸਾਡੇ ਵੀ ਚੰਗੇ ਵੀ ਨੇ ਤੇ ਮੰਦੇ ਵੀ। ਚੰਗੇ ਆਪਣੇ ਕੰਮ ਚ ਮਸਤ ਨੇ। ਜਲੰਧਰ ਛਾਉਣੀ ਦਾ ਕੁਲਜੀਤ, ਸਮਰਾਲੇ ਦਾ ਸੋਨੀ, ਚੰਡੀਗੜ ਦਾ ਇੰਦਰਜੀਤ ਤੇ ਡੇਰਾ ਬਾਬਾ ਨਾਨਕ ਦਾ ਰਾਜਬੀਰ। ਚਲੋ ਮਾੜਿਆਂ ਦਾ ਕੀ ਨਾਂ ਲੈਣਾ। ਏਦਾਂ ਹੀ ਹੋਸਟ ਕਮਿਊਨਿਟੀ ਦੇ ਵੀ। ਇੰਡੀਅਨ ਰੈਸਟੋਰੈਂਟਾਂ ਚ ਬਥੇਰੇ ਗੋਰੇ ਮੈਂ ਖਾਣਾ ਖਾਂਦੇ ਦੇਖੇ ਹਨ। ਖ਼ੁਸ਼ ਹੋ ਕੇ ਬੁਲਾਉਂਦੇ ਨੇ। ਸਤਿ ਸ੍ਰੀ ਅਕਾਲ ਕਰਦੇ ਨੇ। ਕਈ ਮੁੰਡੇ ਇਹ ਵੀ ਦਸਦੇ ਸਨ ਕਿ ਨੁਕਸ ਆਪਣਿਆਂ ਚ ਵੀ ਬਥੇਰੇ ਨੇ। ਘਰ ਜੰਮਿਆਂ ਦੇ ਦੰਦ ਨਹੀਂ ਗਿਣੀਦੇ।

ਪਹਿਲੇ ਦਿਨ ਹੀ ਮੇਰਾ ਮੇਲ਼ ਮੌ ਸਾਹਿਬ ਦੇ ਦੋ ਜੋੜਿਆਂ ਨਾਲ਼ ਹੋ ਗਿਆ। ਇਹ ਛੇ ਕੁ ਮਹੀਨੇ ਪਹਿਲਾ ਹੀ ਮੈਲਬੋਰਨ ਆਏ ਸੀ। ਮੁੰਡਿਆਂ ਦੇ ਨਾਂ ਮਨਦੀਪ ਤੇ ਸੰਦੀਪ ਇਨ੍ਹਾ ਦੀਆਂ ਸੁਆਣੀਆਂ ਦੇ ਨਾ ਵੀ ਏਦਾਂ ਦੇ ਹੀ ਸੀ ਹਰਪ੍ਰੀਤ ਆਦਿ। ਮਨਦੀਪ ਪਿੱਛੇ ਬਿਜਲੀ ਦਾ ਕੰਮ ਕਰਦਾ ਸੀ ਤੇ ਸੰਦੀਪ ਖੇਤੀ ਬਾੜੀ। ਇਹਨਾਂ ਦੋਹਾਂ ਦੇ ਘਰੋਂ ਕੁੜੀਆਂ ਐਮ ਏ ਬੀ ਐਡ ਸੀ। ਇਹਨਾਂ ਦੇ ਆਸਰੇ ਇਹਨਾਂ ਦਾ ਕੰਮ ਬਣਿਆ ਸੀ। ਦੋਹਾਂ ਮੁੰਡਿਆ ਦਾ ਅੰਗਰੇਜ਼ੀ ਵੱਲੋਂ ਹੱਥ ਵਾਹਵਾ ਤੰਗ ਸੀ। ਮੈਨੂੰ ਇਹਨਾਂ ਦੇ ਵਿਆਹ ਸੌਦੇ ਵਾਲੇ ਲੱਗੇ ਸੀ। ਸੌਦਿਆਂ ਚ ਖਰਚਾ ਮੁੰਡੇ ਵਲਿਆਂ ਦਾ। ਮੁੰਡਾ ਸਟੂਡੈਂਟ ਦਾ ਡਿਪੈਂਡੈਂਟ ਬਣ ਕੇ ਮੈਲਬੋਰਨ ਪੁੱਜਦਾ ਹੈ। ਅੱਗੋਂ ਪੱਕੇ ਹਣਿ ਦੀ ਲਾਲਸਾ ਬਣੀ ਰਹਿੰਦੀ ਹੈ।

ਨਵੇਂ ਨਵੇਂ ਅਣਜਾਣ ਮੁੰਡੇ ਸ਼ੇਖੀ ਵੀ ਮਾਰਦੇ ਸੀ। ਮਨਦੀਪ ਦੱਸਦਾ ਸੀ ਕਿ ਏਥੋਂ ਪੁਲਸ ਐਵੇਂ ਹੀ ਆ। ਕੁਛ ਨਹੀਂ ਕਹਿੰਦੀ। ਮਾਰਦੀ ਵੀ ਨਹੀਂ। ਫਿਰ ਦੱਸਣ ਲੱਗਾ ਕਿ ਇਕ ਨੇ ਕਿਸੇ ਨੂੰ ਚਾਕੂ ਮਾਰ ਕੇ ਜਖ਼ਮੀ ਕਰ ਦਿਤਾ। ਪੁਲਸ ਨੇ ੳਹਨੂੰ ਕੁਛ ਨਹੀਂ ਕਿਹਾ; ਜੀ ਇਹ ਤਾ ਸ਼ਰਾਬੀ ਸੀ ਇਹਨੂੰ ਕੋਈ ਪਤਾ ਨਹੀਂ ਸੀ। ਫਿਰ ਕਹਿੰਦਾ ਲੈ ਤਾ ਪੰਜਾਬ ਦੀ ਪੁਲਸ ਹੁੰਦੀ, ਜੇ ਚੀਕਾਂ ਨਾ ਕਢਾ ਦਿੰਦੀ। ਮੈਂ ਪੁਛਿਆ ਪੰਜਾਬ ਪੁਲਸ ਨੇ ਕਈ ਬੇਦੋਸ਼ੇ ਵੀ ਧਰ ਲੈਣੇ ਸੀ। ਅੱਵਲ ਤਾਂ ਆਉਣਾ ਹੀ ਰਿਸ਼ਵਤ ਲੈ ਕੇ ਸੀ। ਕਹਿੰਦਾ: ਇਹ ਗੱਲ ਤਾਂ ਹੈ ਜੀ। ਇਹ ਕਹਿੰਦਾ ਅਸੀਂ ਦੋਹਾਂ ਮੀਆਂ-ਬੀਵੀ ਨੇ ਕੰਮ ਕਰਕੇ ਸਾਰੇ ਪੈਸੇ ਲਾਹ ਦਿੱਤੇ ਆ। ਹੁਣ ਘਰ ਦਿਆਂ ਨੂੰ ਕਹਿ ਦਿੱਤਾ ਬਈ ਜਿੰਨਾ ਚਿਰ ਪੜਾਈ ਖਤਮ ਨਹੀਂ ਹੁੰਦੀ ਸਾਡੇ ਤੋਂ ਆਸ ਨਾ ਰੱਖਿਓ। ਇਨ੍ਹਾ ਨੇ ਘਰ ਕਿਰਾਏ ਤੇ ਲੈ ਲਿਆ ਹੈ। ਦੋ ਬੈੱਡਰੂਮ ਦੇ ਘਰ ਚ ਇਕ ਕਮਰੇ ਚ ਆਪ ਰਹਿਣਗੇ ਤੇ ਇਕ ਚ ਤਿੰਨ ਕੁੜੀਆ ਕਿਰਾਏ ਤੇ ਪਾ ਦੇਣੀਆਂ। ਇਹ ਦਾਵਆ ਕਰਦਾ ਸੀ ਕਿ ਸਰਕਾਰ ਨੇ ਇਹਨਾਂ ਨੂੰ ਪੱਕੇ ਕਰਨਾ ਹੀ ਕਰਨਾ ਹੈ। ਇਹਨਾਂ ਨੂੰ ਟਰੇਨ ਹੀ ਏਸ ਤਰਾਂ ਕਰ ਰਹੇ ਹਨ। ਰਾਹ ਚ ਪੰਜਾਬ ਦਾ ਤੇ ਮੈਲਬੋਰਨ ਦਾ ਫਰਕ ਦਸਦੇ ਰਹੇ।

ਮੈਂ ਬਲੈਕਬਰਨ ਗੁਰਦੁਆਰੇ ਇਨ੍ਹਾਂ ਨਾਲ਼ ਹੀ ਰੇਲ ਗੱਡੀ ਚ ਗਿਆ ਸਾਂ। ਗੱਡੀਓ ਉੱਤਰ ਕੇ ਐਤਵਾਰ ਤੇ ਬੁੱਧਵਾਰ ਨੂੰ ਪੰਜਾਬੀਆਂ ਦੀ ਲਾਇਨ ਲੱਗੀ ਹੁੰਦੀ ਹੈ। ਰਾਹ ਚ ਪੈਂਦੀ ਸੜਕ ਦੇ ਦੋਹੀਂ ਪਾਸੀ ਤਿੰਨ ਤਿੰਨ ਲੇਨਾਂ ਚ ਤੇਜ਼ ਗੱਡੀਆਂ ਲੰਘਦੀਆਂ ਹਨ। ਇਹ ਬਿਨਾਂ ਦੇਖਿਆਂ-ਵਿਚਾਰਿਆਂ ਭੱਜ ਕੇ ਸੜਕ ਪਾਰ ਕਰਦੇ ਨੇ। ਡਰੈਵਰ ਜ਼ੋਰ ਜ਼ੋਰ ਨਾਲ ਹਾਰਨ ਵਜਾਂਉਂਦੇ ਹਨ। ਅਜੇ ਮੈਂ ਕਹਿ ਹੀ ਰਿਹਾ ਸਾਂ ਕਿ ਗੁਰਦੁਆਰੇ ਵਾਲਿਆਂ ਨੂੰ ਇਹਦਾ ਜਾਂ ਆਪ ਬੰਦੋਬਸਤ ਕਰਨਾ ਚਾਹੀਦਾ ਹੈ ਜਾਂ ਲੋਕਲ ਕਾਊਸਿਲ ਨੂੰ ਕਹਿਣ, ਤਾਂ ਮਨਦੀਪ ਆਵਦੀ ਘਰਵਾਲੀ ਦੇ ਰੋਕਣ ਦੇ ਬਾਵਜੂਦ ‘ਤੋੜੋ ਕਨੂੰਨ, ਤੋੜੋ ਕਨੂੰਨ’ ਕਹਿੰਦਾ ਸੜਕ ਪਾਰ ਕਰ ਗਿਆ। ਡਰੈਵਰਾਂ ਨੇ ਉੱਚੀ ਉੱਚੀ ਹਾਰਨ ਵਜਾਏ। ਇਹਦੇ ਘਰੋਂ ਕੁੜੀ ਨੇ ਨਿਮੋਸ਼ੀ ਮੰਨੀ। ਮੈਨੂੰ ਏਸ ਗੱਲ ਦੀ ਹੈਰਾਨੀ ਸੀ ਕਿ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਨਿਤਨ ਦਾ ਪਿਛਲੀ ਰਾਤ ਕਤਲ ਹੋ ਗਿਆ ਹੈ। ਇਹ ਦਸਦੇ ਸੀ ਕਿ ਦੋ ਤਿਨ ਮਹੀਨੇ ਪਹਿਲਾ ਟਰੱਬਲ ਹੋਈ ਸੀ ਹੁਣ ਸੁੱਖ ਸ਼ਾਤੀ ਸੀ। ਬਾਅਦ ਚ ਮੈਨੂੰ ਪਤਾ ਲੱਗਿਆ ਕਿ ਆਮ ਕਰਕੇ ਇਹ ਇਕ ਇਕ ਕਮਰੇ ਰਹਿੰਦੇ ਹਨ। ਨਾ ਕੋਈ ਰੇਡੀਓ ਨਾ ਟੈਲੀਵੀਯਨ ਨਾ ਇਹਨਾਂ ਨੂੰ ਸੁਣਨ ਦਾ ਸ਼ੌਕ। ਪੰਜਾਬੀਆਂ ਨੂੰ ਅਖ਼ਬਾਰ ਪੜਨ ਦਾ ਕਿੰਨਾ ਕੁ ਸ਼ੌਕ ਹੈ –ਸੱਭ ਜਾਣਦੇ ਨੇ। ਜੇ ਇਹ ਸੁਣਦੇ ਹਨ ਸਿਰਫ਼ ਤਾਂ ਚੱਕ ਲੌ ਚੱਕ ਲੌ।

ਜਿੰਨਾ ਕੁ ਮੇਰਾ ਵਾਹ ਪਿਆ ਮੈਂ ਦੇਖਿਆ ਪੰਜਾਬੀਆਂ ਚ ਸੈਵਨ ਅਲੈਵਨ ( ਇਹ ਸਟੋਰ ਸਵੇਰੇ 7 ਤੋਂ ਰਾਤ ਦੇ 11 ਤਕ) ਲੈਣ ਦੀ ਦੌੜ ਹੈ। ਦੌੜ ਕੀ ਮਨਾਪਲੀ ਹੈ। ਇਹ ਤਕਰੀਬਨ ਸਾਰੇ ਨਹੀਂ ਤਾਂ ਬਹੁਤੇ ਇਨ੍ਹਾਂ ਕੋਲ ਹੀ ਹਨ। ਸਟੋਰ ਲੈ ਕੇ ਥੋੜੀ ਤਨਖਾਹ ਤੇ ਸਟੂਡੈਂਟ ਨੂੰ ਖੜਾ ਕਰ ਦਿੰਦੇ ਹਨ। ਸਟੂਡੈਂਟਾਂ ਨੂੰ ਗਿਲਾ ਹੈ ਕਿ ਆਪਣੇ ਹੀ ਇਨ੍ਹਾਂ ਦੀ ਲੁਟ ਕਰਦੇ ਹਨ। ਅੱਧੇ ਪੈਸਿਆਂ ਤੇ ਕੰਮ ਕਰਾਂਉਂਦੇ ਨੇ। ਅਗਲਿਆਂ ਦਾ ਖਿਆਲ ਹੈ ਕਿ ਇਹ ਤਾਂ 20 ਘੰਟੇ ਤੋਂ ਵੱਧ ਕੰਮ ਹੀ ਨਹੀਂ ਕਰ ਸਕਦੇ; ਅਸੀਂ ਇਨ੍ਹਾਂ ਨੂੰ ਕੰਮ ਦਿੰਦੇ ਆਂ। ਬੰਗਿਆਂ ਦਾ ਹਰਪ੍ਰੀਤ ਪੱਗ ਵਲ੍ਹੇਟੀ ਸਟੋਰ ਤੇ ਖੜਾ ਪਟਿਸਰੀਆਂ ਦਾ ਕਰੋਸ ਕਰੀ ਬੈਠਾ ਹੈ। ਪੱਕਾ ਹੋਣ ਦੀ ਆਸ ਹੈ। ਪਰ ਕੰਮ ਸਟੋਰ ਤੇ ਕਰਦਾ ਹੈ। ਅਸਲ ਚ ਸਟੋਰ ਲੇਟ ਖੁੱਲੇ ਰਹਿਣ ਕਾਰਨ, ਇਹ ਵੀ ਨਸਲੀ/ਹਮਲਿਆ ਦਾ ਕਾਰਨ ਬਣਦੇ ਨੇ। ਪਰ ਮੁੰਡੇ ਵਿਚਾਰੇ ਕੀ ਕਰਨ। ਘਰਾ ਤੋਂ ਖਰਚ ਕਰ ਕੇ ਆਏ ਹਨ। ਭਵਿੱਖ ਦੀਆਂ ਲਾਈ ਬੈਠੇ ਹਨ। ਪਿੱਛੇ ਮਾ-ਬਾਪ ਨੂੰ ਹੋਰ ਕਈ ਆਸਾਂ ਹਨ। ਇਨ੍ਹਾਂ ਆਪ ਪੀ ਆਰ ਮਿਲਣ ਤੇ ਵਧੇਰੇ ਦਾਜ ਦੀਆਂ ਆਸਾਂ ਲਾਈਆਂ ਹੋਈਆਂ ਹਨ। ਪਿਛੇ ਜਿਹੇ ਹੋਏ ਮੁਜ਼ਾਹਿਰਿਆਂ ਚ ਅਸਟ੍ਰੇਲੀਆ ਦਾ ਝੰਡਾ ਪਾੜ ਕੇ ਇੰਡੀਆ ਦਾ ਚੜਾਉਣ ਨਾਲ਼ ਵੀ ਫਰਕ ਪੈਣਾ ਹੈ। ਮੁੰਡੇ ਆਮ ਦੱਸਦੇ ਹਨ ਕਿ ਹੁਣ ਸਟੂਡੈਂਟ ਬੰਦ ਕਰ ਦਿੱਤੇ ਹਨ ਜਾਂ ਬਹੁਤ ਘੱਟ ਆ ਰਹੇ ਹਨ। ਨਿਤਿਨ ਗਰਗ ਦੇ ਕਤਲ ਤੋਂ ਬਾਅਦ ਭਾਰਤੀ ਪਰੈੱਸ ਤੇ ਸਰਕਾਰ ਦਾ ਰੋਸ ਵੀ ਅਸਟ੍ਰੇਲੀਆ ਨੇ ਪੂਰੀ ਤਰ੍ਹਾਂ ਕਬੂਲ ਨਹੀਂ ਕੀਤਾ। ਵਿਤਕਰਾ ਤਾਂ ਹਰ ਪਾਸੇ ਮਾੜਾ ਹੀ ਹੂੰਦਾ ਹੈ। ਮੈਂ ਅਕਸਰ ਆਪਣਿਆਂ ਨੂੰ ਸੁਆਲ ਕਰਦਾ ਹਾਂ ਕਿ ਤੁਸੀਂ ਕਿਹੜੇ ਮੂੰਹ ਨਾਲ ਇਹ ਰੌਲ਼ਾ ਪਾ ਲੈਂਦੇ ਹੋ। ਤੁਸੀ ਆਪ ਬਿਹਾਰ-ਯੂ ਪੀ ਤੋ ਆਇਆਂ ਨਾਲ ਕੀ ਕਰਦੇ ਹੋ। ਆਪਣੇ ਪਿੰਡਾਂ ਚ ਕੀ ਕਰਦੇ ਹੋ। ਭਲਾ ਸਾਡੇ ਨਾਲੋਂ ਵੱਡਾ ਵਿਤਕਰੇਬਾਜ਼ ਹੋਰ ਕੌਣ ਹੋ ਸਕਦਾ ਹੈ।

ਅਵਤਾਰ ਦਾ ਬਾਬਾ ਤੱਲ੍ਹਣੋਂ ਉੱਠ ਕੇ ਹਰਿਆਣੇ ਜਾ ਵਸਿਆ ਸੀ। ਠੇਠ ਪੰਜਾਬੀ ਬੋਲਦੇ ਨੇ ਦੱਸਿਆ ਕਿ ਇਹ ਹੋਟਲ ਚ ਕੰਮ ਕਰਦਾ ਹੈ। ਕਿਸੇ ਨਾਲ਼ ਬਹੁਤਾ ਮੇਲ਼-ਗੇਲ਼ ਨਹੀਂ, ਕੰਮ ਨਾਲ਼ ਵਾਹ ਹੈ। ਬਾਕੀਆਂ ਵਾਂਗ ਇਹਨੂੰ ਵੀ ਹਮਲਿਆਂ ਦਾ ਡਰ ਹੈ। ਪਤਾ ਨਹੀਂ ਕਦੋਂ ’ਕੱਲੇ ਦੁਕੱਲੇ ਨੂੰ ਦੇਖ ਕੇ ਮਾਰਨ। ਫੇਰ ਫੇਰ ਵੀ ਖੁਸ਼ ਹੈ। ਕੰਮ ਕਰਦਾ ਹੈ। ਪੈਸੈ ਮਿਲਦੇ ਨੇ। ਆਪ ਵੀ ਖੁਸ਼ ਤੇ ਘਰਦੇ ਵੀ।

ਇੰਡੀਅਨ ਕਰੀ ਹਾਊਸਜ਼ ਦਾ ਕੋਈ ਵਾਰਾ ਪਹਿਰਾ ਨਹੀਂ। ਇਹਦੇ ਵੱਡੇ ਫਾਇਦੇ ਹਨ। ਮਾਲਕਾਂ ਨੂੰ ਪੈਸੇ ਮਿਲਦੇ ਹਨ। ਸਟੂਡੈਂਟਾਂ ਨੂੰ ਕੰਮ ਮਿਲਦਾ ਹੈ। ਲੋਕਾਂ ਨੂੰ ਸੁਆਦੀ ਖਾਣਾ। ਇਹ ਬੜੇ ਸਟੂਡੈਂਟਾਂ ਨੂੰ ਸਾਂਭੀ ਬੈਠੇ ਹਨ। ਕਈਆਂ ਨੂੰ ਪੱਕੇ ਵੀ ਕਰਵਾ ਦਿੰਦੇ ਨੇ। ਰਾਮਪੁਰੇ ਫੂਲ ਦੇ ਫੌਜੀ ਦਾ ਪੁਤ ਹਰਦੀਪ ਵੀ ਪੱਕਾ ਫਲੋਰਾ ਇੰਡਅਨ ਟੇਕ ਅਵੇ ਵਾਲਿਆਂ ਦੇ ਟਿਕਿਆ ਹੋਇਆ ਹੈ ਤੇ ਡੇਰੇ ਬਾਬੇ ਨਾਨਾਕ ਲਾਗਲਾ ਰਾਜਬੀਰ ਸਿੰਘ ਵੀ। ਪਟਿਆਲੇ ਦੇ ਰੈਸਟੋਰੈਂਟ ਮਾਲਕਾਂ ਦਾ ਵੀ ਭਲਾ। ਕੰਮ ਕਰਨ ਵਾਲਿਆਂ ਦਾ ਵੀ। ਲਾਗਲੇ ਹੋਰ ਹੋਟਲ ਤੇ ਲਾਡੋਆਲ਼ੀ ਰੋਡ ਜਲੰਧਰ ਦੀ ਨਿੱਕੀ ਜਿਹੀ ਕੁੜੀ ਭੱਜ ਭੱਜ ਕੰਮ ਕਰਦੀ ਸੀ। ਤੇ ਇਕ ਮੋਗੇ ਦੀ ਲੰਮੀ ਝੰਮੀ ਕੁੜੀ ਹੌਲੀ ਤੁਰਦੀ ਸੀ। ਇਹਨੂੰ ਮਾਲਕ ਨੇ ਆਂਡੇ ਲੈਣ ਭੇਜਿਆਂ ਤਾਂ ਇਹ ਬੱਤਖ ਦੇ ਆਂਡੇ ਚੱਕ ਲਿਆਈ। ਓਧਰੋਂ ਦੁਪਿਹਰ ਦਾ ਰੱਸ਼ ਪੈ ਗਿਆ। ਇਹ ਤਾਜ਼ੀ ਚਾਹ ਬਣਾ ਕੇ ਦੇਣ ਦੇ ਬਜਾਏ ਬੇਹੀ, ਗਰਮ ਕਰਕੇ ਵਰਤਾਈ ਜਾ ਰਹੇ ਸੀ।

ਕੁਝ ਮੁੰਡੇ ਟੈਕਸੀਆਂ ਵੀ ਚਲਾਉਂਦੇ ਹਨ। ਇਹ ਵੱਧ ਖਤਰੇ ਵਾਲਾ ਕੰਮ ਹੈ। ਖਾਸ ਕਰਕੇ ਰਾਤ ਨੂੰ। ਲੁਧਿਆਣੇ ਦਾ ਹਨੀ ਪਿੱਛੇ ਕੁਝ ਨਹੀਂ ਸੀ ਕਰਦਾ। ਹੁਣ ਮੋਟਰ ਮਕੈਨਕੀ ਦਾ ਕੋਰਸ ਕਰਦਾ ਹੈ। ਫੁਲ ਟਈਮ ਟੈਕਸੀ ਵਾਹੁੰਦਾ ਹੈ। ਕੋਟਕਪੂਰੇ ਲਾਗੇ ਦਾ ਨੌ ਕੁ ਮਹੀਨੇ ਪਹਿਲਾਂ ਗਿਆ ਮੁੰਡਾ ਕਦੇ ਕਦੇ ਟੈਕਸੀ ਵਾਹੁੰਦਾ ਹੈ। ਦਿਨੇ ਹੀ ਇਹਦੀ ਟੈਕਸੀ ਤੇ ਕੋਈ ਸ਼ਰਾਬੀ ਔਰਤ ਦੁਧ ਦੀ ਬੋਤਲ ਮਾਰ ਗਈ ਸੀ। ਇਹਨੂੰ ਪੱਕੇ ਹੋਣ ਦਾ ਕੋਈ ਪਤਾ ਨਹੀਂ। ਬੱਸ ਪੈਸੇ ਬਣਾਉਣ ਦਾ ਇਰਾਦਾ ਹੈ। ਕਹਿੰਦਾ ਜੀ ਸਖ਼ਤੀ ਬਹੁਤ ਹੋ ਗਈ। ਫਿਰ ਵੀ ਕੋਈ ਚੋਰ ਮੋਰੀ ਲੱਭ ਪਊਗੀ। ਕਾਰੋਬਾਰੀ ਹਿਸਾਬ ਨਾਲ਼ ਭਾਰਤੀਆਂ ਦਾ ਨਾ ਹੋਟਲ ਕਾਮਿਆ ਜਾਂ ਕੰਨਵੀਨੀਅੰਸ ਸਟੋਰ ਮਾਲਕਾਂ ਵਜੋਂ ਸਥਾਪਿਤ ਹੋ ਜਾਣ ਤੇ ਹੈਰਾਨੀ ਨਹੀਂ ਹੋਊਗੀ।

ਅਸਟ੍ਰੇਲੀਆ ਚ ਹੁਣ ਆਏ ਲੋਕਾ ਦੇ ਮਸਲੇ ਹੋਰ ਵੱਧਣੇ ਨੇ। ਹੁਣ ਨਾਲੋਂ ਓਹ ਹੋਰ ਤਰ੍ਹਾਂ ਦੇ ਹੋਣਗੇ। ਅਗਲੀ ਪੀੜੀ ਦੇ ਮਸਲੇ। ਪੀੜੀ ਪਾੜੇ ਦੇ ਮਸਲੇ। ਪਰਿਵਾਰਾਂ ਦੇ ਮਸਲੇ। ਦੇਸੋਂ ਪ੍ਰਦੇਸ ਹੋਣ ਦਾ ਇਤਿਹਾਸ ਤਾਂ ਅਜੇਹਾ ਹੀ ਦੱਸਦਾ ਹੈ।

ਮੈਂ ਸਤਰਾਂ ਲਿਖ ਹੀ ਰਿਹਾਂ ਸਾਂ ਕਿ ਪ੍ਰੋ ਪ੍ਰੀਤਮ ਸਿੰਘ ਹੋਰਾਂ ਦੀ ਡਾਕਟਰ ਧੀ ਹਰਸ਼ਿੰਦਰ ਦੇ ਲਿਖੇ ਤੋਂ ਕੁਝ ਜਣਿਆਂ ਬੁਰਾ ਮਨਾਇਆ। ਪਰ ਸੁਣਿਆ ਤਾਂ ਮੈਂ ਵੀ ਏਦਾ ਕੁ ਦਾ ਹੀ। ਅਜੇ ਇਹ ਵਿਚਾਰਦਾ ਹੀ ਸਾਂ ਕਿ ਹੋਰ ਹਮਲੇ ਤੇ ਕਤਲ ਹੋ ਗਿਆ। ਨਾਲ ਹੀ ਪੁਲਸ ਤੇ ਸੰਕਾ ਪਰਗਟ ਕੀਤੀ ਕਿ ਭਾਰਤੀ ਕੁੜੀਆਂ ਗਲਤ ਰਾਹੇ ਪੈ ਰਹੀਆਂ ਹਨ। ਇਸਦੇ ਕਾਰਨ ਤਾਂ ਕਈ ਹੋਣਗੇ। ਮਹੌਲ ਦੀ ਖੁੱਲ, ਸਹੀ ਰਾਇ ਦੀ ਘਾਟ, ਦਬਾਅ, ਆਰਥਿਕ ਲੋੜਾਂ। ਸੋਸ਼ਣ ਆਦਿ।

ਭਲੀ ਹੋਵੇ

ਮੇਰੇ ਇਹ ਪ੍ਰਭਾਵ ਮਹੀਨਾ ਭਰ (ਦਸੰਬਰ 2009 – ਜਨਵਰੀ 2009)ਅਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ ਚ ਫਿਰਨ ਤੁਰਨ ਅਤੇ ਗੱਲਾਂ ਬਾਤਾਂ ਤੋ ਬਣੇ ਹਨ।

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)