ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸੰਪਰਕ: info@5abi.com

ਜੇਹਾ ਦਿਸਿਆ- ਤੇਹਾ ਲਿਖਿਆ
ਪੰਜਾਬ ‘ਚ ਵਾਪਰੀਆਂ ਦੋ ਘਟਨਾਵਾਂ ‘ਤੇ ਪੰਛੀ ਝਾਤ..!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

• ਕਤਲ ਸਾਧੂ ਸਿੰਘ ਤਖਤੂਪੁਰਾ ਦਾ ਨਹੀਂ.... ਲੋਕਤੰਤਰ ਦਾ ਹੈ।
• ਆਤਮ ਹੱਤਿਆ ਨਹੀਂ..... ਪ੍ਰਾਪਤੀ ਦੇ ਰਾਹ ਪੈ ਵੇ ਲੋਕਾ....

ਕਤਲ ਸਾਧੂ ਸਿੰਘ ਤਖਤੂਪੁਰਾ ਦਾ ਨਹੀਂ.... ਲੋਕਤੰਤਰ ਦਾ ਹੈ।

ਸਾਧੂ ਸਿੰਘ ਤਖਤੂਪੁਰਾ ਬੇਸ਼ੱਕ ਮੋਗਾ ਜਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਤਖਤੂਪੁਰਾ ਦਾ ਹੀ ਜੰਮਪਲ ਸੀ ਪਰ ਜਿੱਥੇ ਅੱਜ ਉਸਨੂੰ ‘ਲੋਕ ਨਾਇਕ’ ਜਾਂ ‘ਕਿਸਾਨ ਲਹਿਰ ਦਾ ਸ਼ਹੀਦ’ ਦੇ ਰੁਤਬੇ ਨਾਲ ਲੋਕਾਂ ਵੱਲੋਂ ਨਿਵਾਜਿਆ ਗਿਐ ਉੱਥੇ ਉਸਦੇ ਕਤਲ ਨੇ ਪੰਜਾਬ ਅੰਦਰ ਦਰਸਾ ਦਿੱਤੈ ਕਿ ਤੁਹਾਡੇ ਹੱਕਾਂ ਉੱਪਰ ਝਪਟਣ ਲਈ ਸਿਆਸੀ ਸਰਪ੍ਰਸਤੀ ਪ੍ਰਾਪਤ ਸਰਮਾਏਦਾਰਾਂ ਦਾ ਲਾਣਾ ਆਪਣੀ ਪੁਰਾਣੀ ‘ਆਦਤ’ ਤੋਂ ਬਾਜ ਨਹੀਂ ਆਉਂਦਾ।

ਸਾਧੂ ਸਿੰਘ ਤਖਤੂਪੁਰਾ ਇੱਕ ਨਿਰਾਪੁਰਾ ਸਾਫਾ- ਬੰਨ੍ਹ ਕਿਸਾਨ ਹੀ ਨਹੀਂ ਸੀ ਬਲਕਿ ਅਧਿਐਨ ਪਸੰਦ ਰਿਟਾਇਰਡ ਅਧਿਆਪਕ ਵੀ ਸੀ। ਇੱਕ ਸੁਚੱਜਾ ਆਗੂ ਵੀ ਸੀ ਤੇ ਨਿੱਡਰ- ਬੇਬਾਕ ਬੁਲਾਰਾ ਵੀ ਸੀ। ਉਸਦੀ ਇਹੀ ਨਿੱਡਰਤਾ ਤੇ ਸੱਚ ਬੋਲਣ ਦੀ ਆਦਤ ਸਰਮਾਏਦਾਰਾਂ ਦੇ ਪਚੀ ਨਹੀਂ। ਅਸੀਂ ਉਸ ਸਾਧੂ ਸਿੰਘ ਤਖਤੂਪੁਰਾ ਦੀ ਗੱਲ ਕਰ ਰਹੇ ਹਾ ਜੋ ਅਜ਼ਨਾਲਾ ਖੇਤਰ ਦੇ ਪਿੰਡਾਂ ‘ਚ ਕਿਸਾਨ ਸੁੱਖਾ ਸਿੰਘ ਸਾਰੰਗਦੇਵ ਦੇ ਕਤਲ ਖਿਲਾਫ ਵਰਤੀ ਜਾ ਰਹੀ ਸਰਕਾਰੀ ਢਿੱਲਮੱਠ ਅਤੇ ਪਿੰਡ ਸੌੜੀਆਂ ਦੀ ਕਿਸਾਨ ਯੂਨੀਅਨ ਇਕਾਈ ਦੇ ਪ੍ਰਧਾਨ ਬਿਕਰਮਜੀਤ ਸਿੰਘ ਦੀ ਜਮੀਨ ਦੀਆਂ ਸਿਆਸੀ ਧੱਕੇਸ਼ਾਹੀ ਨਾਲ ਹਾਕਮ ਧਿਰ ਦੇ ‘ਬੰਦਿਆਂ’ ਵੱਲੋਂ ਗਿਰਦਾਵਰੀਆਂ ਕਰਵਾਉਣ ਦੇ ਵਿਰੋਧ ‘ਚ ਵਿੱਢੇ ਸੰਘਰਸ਼ ਦੌਰਾਨ ਆਪਣੀ ਸੰਭਾਵੀ ਹਾਰ ਤੋਂ ਬੁਖਲਾਏ ਸਿਆਸੀ ਗੁੰਡਿਆਂ ਵੱਲੋਂ ਭਿੰਡੀ ਔਲਖ ਲਾਗੇ ਕੋਹ ਕੋਹ ਕੇ ਕਤਲ ਕੀਤਾ ਗਿਆ ਹੈ। ਇਹ ਉਹ ਸਾਧੂ ਸਿੰਘ ਤਖਤੁਪੁਰਾ ਹੈ ਜਿਸ ਨੇ ਨਾਮਧਾਰੀ ਪਰਿਵਾਰ ‘ਚੋਂ ਉੱਠ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਅਤਿ ਜਿੰਮੇਵਾਰਾਨਾ ਅਹੁਦੇ ਸੂਬਾ ਸੰਗਠਨ ਸਕੱਤਰ ਤੱਕ ਪਹੁੰਚਿਆ। ਆਪਣੀਆਂ ਦਲੀਲ ਪੂਰਵਕ ਤਕਰੀਰਾ ਅਤੇ ਭ੍ਰਿਸ਼ਟਾਚਾਰ ‘ਚ ਗਲਤਾਨ ਹੋਏ ਸਿਆਸੀ ਆਗੂਆਂ ਨੂੰ ਲੋਕਾਂ ਦੇ ਇਕੱਠਾਂ ‘ਚ ਨੰਗੇ ਕਰਨ ਦੀ ਮੁਹਾਰਤ ਸਦਕਾ ਸਾਧੂ ਸਿੰਘ ਤਖਤੂਪੁਰਾ ਇੱਕ ਨਿਪੁੰਨ ਸੰਗਠਨ ਕਰਤਾ ਵਜੋਂ ਜਾਣਿਆ ਜਾਦਾ ਸੀ।

ਨਿੱਜੀ ਮੁਫਾਦ ਉਸ ਸਖ਼ਸ਼ ਦੀ ਪਾਕ ਨੀਅਤ ਦਾ ਹਿੱਸਾ ਕਦੇ ਵੀ ਨਹੀਂ ਬਣੇ। ਨਾ ਹੀ ਉਸ ਨੂੰ ਕਿਸਾਨਾਂ ਦੀ ਲਾਮਬੰਦੀ ‘ਚੋਂ ‘ਹੋਰਾਂ’ ਵਾਂਗੂੰ ਕਿਸੇ ਕੁਰਸੀ ਦੀ ਝਾਕ ਸੀ। ਜੇ ਉਸ ਅੰਦਰ ਤੜਪ ਸੀ ਤਾਂ ਸਿਰਫ ਤੇ ਸਿਰਫ ਕਿਸਾਨਾਂ ਦੇ ਹੱਕ ਉਹਨਾਂ ਨੂੰ ਦਿਵਾਉਣ ਦੀ ਸੀ। ਸ਼ਾਇਦ ਅੱਜ ਉਸਦੇ ਚਲੇ ਜਾਣ ‘ਤੇ ਕੁਝ ਕੁ ਅਨਸਰ ਕੱਛਾਂ ਵਜਾ ਰਹੇ ਹੋਣ ਪਰ ਇਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਜਿੰਨਾ ਵੀ ਇਸ ਬੂਟੇ ਨੂੰ ਕਿਸੇ ਨੇ ਛਾਗਣਾ ਚਾਹਿਆ ਹੈ ਇਹ ਉਸਤੋਂ ਵੀ ਦੂਣ ਸਵਾਇਆ ਹੋ ਕੇ ਵਧਿਆ ਹੈ। ਪੰਜਾਬ ਤਾਂ ਇੱਕ ਪਾਸੇ ਰਿਹਾ, ਪੂਰੇ ਸੰਸਾਰ ਦੇ ਕੋਨੇ ਕੋਨੇ ‘ਚ ਬੈਠੇ ਪੰਜਾਬੀਆਂ ਨੇ ਸਾਧੂ ਸਿੰਘ ਦੇ ਕਤਲ ਨੂੰ ਦਿਨ ਦਿਹਾੜੇ ‘ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ’ ਦੇਣ ਦੀਆ ਟਾਹਰਾਂ ਮਾਰਨ ਵਾਲੇ ਪਿਉ- ਪੁੱਤਰ ਦੇ ਰਾਜ ‘ਚ ਲੋਕਤੰਤਰ ਦਾ ਕਤਲ ਦੱਸਿਆ ਹੈ। ਬੇਸ਼ੱਕ ਇਸ ਕਤਲ ਦੇ ਮੁੱਖ ਸੂਤਰਧਾਰ ਸਿੱਧੇ ਤੌਰ ‘ਤੇ ਹੀ ਅਕਾਲੀ ਦਲ (ਬ) ਦੇ ਆਗੂ ਵੀਰ ਸਿੰਘ ਲੋਪੋਕੇ ਤੇ ਉਸਦੇ ਭਾਈਵਾਲ ਥਾਣੇਦਾਰ ਹੀ ਗਿਣੇ ਜਾ ਰਹੇ ਹਨ ਅਤੇ ਇਸ ਕਤਲ ਸੰਬੰਧੀ ਕਾਗਰਸ ਵੀ ਬਾਦਲਕਿਆਂ ਨੂੰ ਘੇਰਨ ਦੇ ਸਿਆਸੀ ਦਾਅ ਪੇਚ ਖੇਡ ਰਹੀ ਹੈ ਪਰ ਅਕਾਲੀ ਤਬਕਾ ਤਾਂ ਇਸ ਗੱਲੋਂ ਚਿੰਤਤ ਹੈ ਕਿ ਜੇ ਵੀਰ ਸਿੰਘ ਲੋਪੋਕੇ ਸਚਮੁੱਚ ਹੀ ਦੋਸ਼ੀ ਸਾਬਤ ਹੋ ਗਿਆ ਤਾਂ ਅਕਾਲੀ ਦਲ (ਬ) ਦੀ ਮਿੱਟੀ ਪਲੀਤ ਤਾਂ ਹੋਵੇਗੀ ਹੀ ਜੋ ਕਿਸਾਨ ਵੋਟ ਬੈਂਕ ਉਹਨਾਂ ਤੋਂ ਦੂਰ ਹੋਵੇਗਾ ਉਹ ਵੱਖਰਾ...।

ਇਸ ਕਤਲ ਕੇਸ ਬਾਰੇ ਕਾਂਗਰਸ ਵੀ ਵਧੇਰੇ ਸੁਖੀ ਨਹੀਂ, ਉਹਨਾਂ ਨੂੰ ਅੰਦਰਖਾਤੇ ਇਹੀ ਡਰ ਮਾਰੀ ਜਾ ਰਿਹਾ ਹੈ ਕਿ ਇਹ ਕਤਲ ਕੇਸ ਉਹਨਾਂ ਦੇ ਕਾਂਗਰਸੀ ਸਾਥੀਆਂ ਸਿਰ ਹੀ ਮੜ੍ਹ ਕੇ ਵੀਰ ਸਿੰਘ ਲੋਪੋਕੇ ਵਰਗੇ ਬਚਾ ਨਾ ਲਏ ਜਾਣ। ਸ਼ਾਇਦ ਇਹੀ ਵਜ੍ਹਾ ਹੋਵੇਗੀ ਕਿ ਕਾਂਗਰਸ ਪ੍ਰਧਾਨ ਜੀ ਵੀ ਹਾਅ ਦਾ ਨਾਅਰਾ ਮਾਰਨ ਦੇ ਨਾਲ ਨਾਲ ਅਕਾਲੀਆਂ ਨੂੰ ਬਿਆਨਾਂ ਰਾਹੀਂ ਗੋਡਿਆਂ ਹੇਠਾਂ ਲੈ ਬੈਠੇ, ਪਰ ਇਹ ਵੀ ਜਿਕਰਯੋਗ ਹੈ ਕਿ ਇਹ ਉਹੀ ਕਾਂਗਰਸ ਹੈ ਜਿਸਨੇ ਪਿਛਲੇ ਰਾਜਕਾਲ ਦੌਰਾਨ ਵੀ ਘੱਟ ਨਹੀਂ ਸੀ ਗੁਜ਼ਾਰੀ ਕਿਸਾਨਾਂ ਨਾਲ...। ਜੋਗਾ ਰੱਲਾ ਕਾਂਡ ਵਿੱਚ ਕੁਰਕੀ ਰੋਕਣ ਗਏ ਕਿਸਾਨਾਂ ਦੀਆਂ ਲੱਤਾਂ ਬਾਹਾਂ ਬੇਕਿਰਕੀ ਨਾਲ ਤੋੜੀਆਂ ਗਈਆਂ ਸਨ। ਜੇ ਕਿਸੇ ਨੇ ਕਾਂਗਰਸ ਵੱਲੋਂ ਵਰਤਾਏ ਕਹਿਰ ਬਾਰੇ ਜਾਨਣਾ ਹੋਵੇ ਤਾਂ ਪਿੰਡ ਕੁੱਸਾ ਦੇ ਬਜ਼ੁਰਗ ਕਰਤਾਰ ਸਿੰਘ ਦਾ ਹਾਲ ਪੁੱਛਿਆ ਜਾ ਸਕਦਾ ਹੈ ਜਿਸਦੀਆਂ ਦੋਵੇਂ ਬਾਹਾਂ ਹੀ ਤੋੜ ਦਿੱਤੀਆਂ ਗਈਆਂ ਸਨ। ਬਹੁ ਚਰਚਿਤ ਮੀਨੀਆਂ ਕਾਂਡ ਵੀ ਕਾਂਗਰਸ ਵੇਲੇ ਹੀ ਵਾਪਰਿਆ ਸੀ ਜਿਸ ਵਿੱਚ ਉਦੋਂ ਹੁਣ ਵਾਲੇ ਸਾਧੂ ਸਿੰਘ ਦੇ ਕਤਲ ਵਰਗਾ ਹੀ ਦ੍ਰਿਸ਼ ਪੇਸ਼ ਹੁੰਦਾ ਸੀ ਜਦੋਂ ਕਾਂਗਰਸੀ ਧੜੇ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੀ ਪਿੰਡ ਪਿੰਡ ਰੋਸ ਮੁਜਾਹਰੇ ਕਰ ਰਹੇ ਨਿਹੱਥੇ ਕਿਸਾਨਾਂ ਨੂੰ ਛੱਲੀਆਂ ਵਾਂਗ ਡਾਂਗਾਂ ਨਾਲ ਕੁੱਟਿਆ ਸੀ ਜਦੋਂਕਿ ਮੌਕੇ ਦਾ ਪੁਲਿਸ ਅਫਸਰ ਸਵਰਨ ਸਿੰਘ ਕਿਸਾਨਾਂ ਵੱਲ ਹੀ ਪਿਸਤੌਲ ਤਾਣ ਕੇ ਖੜ੍ਹਾ ਰਿਹਾ ਸੀ। ਉਦੋਂ ਇੱਕ ਪੱਤਰਕਾਰ ਵੀਰ ਤੋਂ ‘ਮੁੱਲ’ ਫੋਟੋਆਂ ਲੈ ਕੇ ਅਕਾਲੀਆਂ ਨੇ ਪੋਸਟਰ ਛਪਵਾ ਕੇ ਪਿੰਡ ਪਿੰਡ ਲਾ ਕੇ ਲੋਕਾਂ ਨੂੰ ਦੱਸਿਆ ਸੀ ਕਿ ਕਾਂਗਰਸ ‘ਬੰਦੇਖਾਣੀ’ ਹੈ ਪਰ ਹੁਣ ਉਸੇ ਅਕਾਲੀ ਲਾਣੇ ਨੂੰ ਕੀ ਕਿਹਾ ਜਾਵੇ ਜਿਸਦੇ ਆਗੂ ਦਾ ਹੀ ਸਾਧੂ ਸਿੰਘ ਤਖਤੂਪੁਰਾ ਦੇ ਕਤਲ ਵਿੱਚ ਨਾਂਅ ‘ਬੋਲਦਾ’ ਹੈ।

ਇਸ ਸਭ ਕੁਝ ਦੇ ਚਲਦਿਆਂ ਪੰਜਾਬ ‘ਚ ਹੀ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੂ ਅਖਵਾਉਂਦੀ ਇੱਕ ਧਿਰ ਵੱਲੋਂ ਸਾਧੂ ਸਿੰਘ ਦੇ ਕਤਲ ਬਾਰੇ ਚੁੱਪੀ ਨਾ ਤੋੜਨਾ ਸਾਂਇਦ ਇਹੀ ਦਰਸਾਉਂਦਾ ਹੈ ਕਿ ਸਾਧੂ ਸਿੰਘ ਦਾ ਕਤਲ ਉਹਨਾਂ ਲਈ ‘ਸ਼ਰੀਕ ਉੱਜੜਿਆ...!’ ਵਾਂਗ ਸਾਬਤ ਹੋਇਆ ਹੋਵੇ। ਸਾਧੂ ਸਿੰਘ ਨੇ ਜਿੰਨੀ ਕੁ ਲੜਾਈ ਕਿਸਾਨ ਹਿਤਾਂ ਲਈ ਲੜੀ ਹੈ ਕਾਬਲੇ ਤਾਰੀਫ ਹੈ ਜਦੋਂਕਿ ਉਕਤ ਆਗੂ ਸਾਹਿਬਾਨ ਨੂੰ ਤਾਂ ਹਾਕਮ ਧਿਰ ਸਰਕਾਰੀ ਪੀਪਣੀ ਵਜੋਂ ਵਰਤ ਰਹੀ ਹੈ। ਜਿਸ ਤਰ੍ਹਾਂ ਦੀ ਫੂਕ ਵੱਜਦੀ ਹੈ ਜਨਾਬ ਵੀ ਐਸੀ ਹੀ ਆਵਾਜ ਆਪਣੇ ਅਖਬਾਰੀ ਬਿਆਨ ਰਾਹੀਂ ਕੱਢ ਦਿੰਦੇ ਹਨ। ਬਸ਼ਰਤੇ ਕਿ ਜਨਾਬ ਨੂੰ ਮਿਲੀ ਸਰਕਾਰੀ ਕੁਰਸੀ ਦੀ ਕਾਇਮੀ ਬਣੀ ਰਹੇ। ਇਹੋ ਜਿਹੇ ਜੁਗਾੜਲਾਊ ਮਾਹੌਲ ਵਿੱਚ ਲਾਲਚ ਰਹਿਤ ਘੋਲ ਵਿੱਚ ਮੌਤ ਦੇ ਮੂੰਹ ਪੈ ਜਾਣਾ ਵੀ ਕੁਰਬਾਨੀ ਸ਼ਬਦ ਨੂੰ ਛੋਟਾ ਜਿਹਾ ਦਿਖਾ ਦਿੰਦਾ ਹੈ। ਇੱਕ ਡਰਾਇੰਗ ਟੀਚਰ ਦੇ ਹੱਥਾਂ ਵਿੱਚ ਰਿਟਾਇਰਮੈਂਟ ਉਪਰੰਤ ਰੰਗਾਂ ਨਾਲ ਅਠਖੇਲੀਆਂ ਕਰਨ ਵਾਲੇ ਬੁਰਸ਼ਾਂ ਦੀ ਜਗ੍ਹਾ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਆ ਜਾਣਾ ਕਾਫੀ ਮਾਅਨੇ ਰੱਖਦਾ ਹੈ। ਜੇ ਚਾਹੁੰਦਾ ਤਾਂ ਸਾਧੂ ਸਿੰਘ ਵੀ ਹੋਰਨਾਂ ਵਾਂਗ ਪੈਨਸ਼ਨ ਨਾਲ ਚੰਗਾ ਨਿਰਬਾਹ ਕਰ ਸਕਦਾ ਸੀ ਪਰ ਲੋਕਾਂ ਲਈ ਆਪਾ ਵਾਰਨ ਦੀ ਪਰਿਵਾਰਕ ਪਿਛੋਕੜ ‘ਚੋਂ ਮਿਲੀ ਸਿੱਖਿਆ ਨੇ ਸਾਧੂ ਸਿੰਘ ਨੂੰ ਸੰਘਰਸ਼ਾ ਦੇ ਰਾਹ ਤੁਰਨ ਲਈ ਪ੍ਰੇਰਿਆ। ਉਹਨਾਂ ਦਾ ਹਾਈ ਸਕੂਲ ਭਾਗੀਕੇ ਦਾ ਵਿਦਿਆਰਥੀ ਹੋਣ ਦੇ ਨਾਤੇ ਉਹਨਾਂ ਨੂੰ ਸ਼ਰਧਾ ਪੁਸ਼ਪ ਅਰਪਣ ਕਰਦਾ ਹੋਇਆ ਉਹਨਾਂ ਦੇ ਕਾਤਲਾਂ ਅਤੇ ਉਹਨਾਂ ਦੇ ‘ਚਲੇ’ ਜਾਣ ਤੋਂ ਬਾਦ ਲੁੱਡੀਆਂ ਪਾ ਰਹੇ ਟੋਲੇ ਨੂੰ ਆਗਾਹ ਕਰਦਾ ਹਾਂ ਕਿ ਇਹ ਤਾਂ ਸਿਰਫ ਇੱਕ ਸਾਧੂ ਸਿੰਘ ਖੁਦ ਲੋਕਾਂ ਦੀਆਂ ਨਜ਼ਰਾਂ ਤੋਂ ‘ਪਰ੍ਹੇ’ ਹੋਇਆ ਹੈ। ਉਸ ਦੀ ਸੂਝ ਬੂਝ ਜ਼ਰੀਏ ਵਿਚਾਰਧਾਰਕ ਤੌਰ ‘ਤੇ ਪੈਦਾ ਹੋਏ ਅਨੇਕਾਂ ਸਾਧੂ ਸਿੰਘ ਉਸ ਰਾਹ ‘ਤੇ ਆਣ ਖੜ੍ਹੇ ਹੋਣਗੇ ਜਿਸ ਰਾਹ ਤੋਂ ਉਸਨੂੰ ਕਤਲ ਕਰਕੇ ‘ਮੋੜ ਦਿੱਤਾ’ ਸਮਝਿਆ ਜਾ ਰਿਹਾ ਹੈ। ਇਹ ਕਾਤਲਾ ਦਾ ਵਹਿਮ ਹੋਵੇਗਾ ਕਿਉਂਕਿ ਸਾਧੂ ਸਿੰਘ ਸਰੀਰਕ ਤੌਰ ‘ਤੇ ਕਤਲ ਕਰ ਦਿੱਤਾ ਗਿਆ ਹੈ ਜਦੋਂਕਿ ਉਹ ਵਿਚਾਰ ਬਣਕੇ ਲੋਕ ਮਨਾਂ ‘ਚ ਵਸ ਚੁੱਕਾ ਹੈ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਵਿਚਾਰਾਂ ਦੇ ਤੂਫਾਨ ਝੁੱਲਦੇ ਹਨ ਤਾਂ ਤਖਤਾਂ ਤਾਜਾਂ ਨੂੰ ਵੀ ਵਖਤ ਪੈ ਜਾਂਦੇ ਹਨ। ਅੰਨਦਾਤੇ ਸਿਰ ਜਿੱਤ ਦਾ ਸਿਹਰਾ ਸਜੇ...... ਆਮੀਨ।

 

ਆਤਮ ਹੱਤਿਆ ਨਹੀਂ..... ਪ੍ਰਾਪਤੀ ਦੇ ਰਾਹ ਪੈ ਵੇ ਲੋਕਾ....

ਪਿਆਰੇ ਪੰਜਾਬ ਤੋਂ ਆਉਂਦੀ ਹਰ ਠੰਢੀ ਤੱਤੀ ਹਵਾ ਅਖਬਾਰਾਂ ਰਾਹੀਂ ਮਨ ਉੱਪਰ ਆਪਣਾ ਅਸਰ ਕਰਦੀ ਰਹਿੰਦੀ ਹੈ। ਰਾਜਨੀਤੀਵਾਨਾਂ ਵੱਲੋਂ ਕੀਤੀ ਜਾਂਦੀ ਇੱਕ ਦੂਜੇ ਦੀ ਕੁੱਤ ਪੋਹ ਤੋਂ ਲੈ ਕੇ ਕਤਲਾਂ, ਲੁੱਟਾਂ ਖੋਹਾਂ ਜਾਂ ਫਿਰ ਥਾਂ ਥਾਂ ਨਾਅਰੇ ਮਾਰਦੇ ਲੋਕਾਂ ਦੀਆਂ ਖਬਰਾਂ ਹੀ ਪੜ੍ਹਨ ਨੂੰ ਮਿਲਦੀਆਂ ਨੇ। ਹਰ ਰੋਜ ਅਖਬਾਰ ਦੀ ਪਹਿਲੀ ਸੁਰਖੀ ਦੇਖਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਇਹੀ ਅਰਦਾਸ ਹੁੰਦੀ ਹੈ ਕਿ "ਹੇ ਮਾਲਕਾ! ਖੈਰ ਸੁੱਖ ਹੋਵੇ.... ਬਰੂਦ ਦੇ ਢੇਰ 'ਤੇ ਬਿਠਾਏ ਪੰਜਾਬ 'ਚ..!" ਪਰ ਹਰ ਰੋਜ਼ ਹੀ ਅਰਦਾਸ ਵੀ ਨਿਸਫਲ ਹੋ ਜਾਂਦੀ ਐ ਜਦੋਂ ਕਿੱਧਰੇ ਕਤਲ ਹੋਇਆ ਸੁਣੀਂਦੈ, ਕਿੱਧਰੇ ਕਿਸੇ ਨੂੰ ਅਗਵਾ ਕਰਕੇ ਫਿਰੌਤੀ ਮੰਗੀ ਸੁਣੀਂਦੀ ਐ, ਕਿੱਧਰੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਸਰਕਾਰੀ ਦੱਬੇ ਦੀ ਖ਼ਬਰ ਸੁਣੀਂਦੀ ਐ ਤੇ ਕਿਧਰੇ ਨਵਜੰਮੀ ਬਾਲੜੀ ਦੇ ਗੰਦੇ ਨਾਲੇ ਆਦਿ 'ਚੋਂ ਮਿਲੇ ਭਰੂਣ ਬਾਰੇ ਖ਼ਬਰ ਸੁਣੀਂਦੀ ਐ..! ਕੀ ਹੋ ਗਿਐ ਪੰਜਾਬ ਨੂੰ? ਕਿਸ ਮਾਰੂ ਰੋਗ ਨੇ ਮਾਰ ਲਿਐ ਗੁਲਾਬ ਦਾ ਫੁੱਲ? ਕਿਹਨਾਂ ਦੀਆਂ ਬਦਨੀਤੀਆਂ ਦਾ ਸ਼ਿਕਾਰ ਹੋ ਰਹੇ ਨੇ ਲੋਕ? ਕਿਉਂ ਲੋਕ ਸੰਘਰਸ਼ਾਂ ਦਾ ਰਾਹ ਛੱਡਕੇ ਖੁਦਕੁਸ਼ੀਆਂ ਦੇ ਰਾਹ ਹੋ ਤੁਰੇ ਨੇ? ਕਿਉਂ... ਕਿਉਂ.... ਕਿਉਂ?

ਇਹਨਾਂ ਸਵਾਲਾ ਦੇ ਜਵਾਬ ਮਨ ਨੂੰ ਅਜੀਬ ਜਿਹੀ ਘੁੰਮਣਘੇਰੀ 'ਚ ਪਾ ਦਿੰਦੇ ਨੇ। ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਬਾਰੇ ਸੁਣਿਆ ਸੀ ਪਰ ਹੁਣ ਤਾਂ ਪੰਜਾਬ ਦੇ ਜਾਏ ਸੰਘਰਸਾਂ ਦਾ ਰਾਹ ਤਿਆਗ ਕੇ ਖੁਦਕੁਸ਼ੀਆਂ ਦੇ ਰਾਹ ਹੋ ਤੁਰੇ ਨੇ। ਚਾਹੇ ਕੋਈ ਈ. ਜੀ. ਐੱਸ. ਵਰਕਰ  ਹੋਵੇ ਜਾ ਈ.ਟੀ.ਟੀ. ਹੋਵੇ, ਬੀ. ਐੱਡ. ਅਧਿਆਪਕ ਹੋਵੇ ਜਾਂ ਫਿਰ ਕੋਈ ਹੋਰ ਹੋਵੇ ਜੋ ਅੱਖਰ ਗਿਆਨ ਹਾਸਲ ਕਰਕੇ ਨੌਕਰੀ ਲੈਣ ਤੱਕ ਪੁੱਜਾ ਹੋਵੇ... ਸਭ ਨੂੰ ਇੰਨਾ ਕੁ ਤਾਂ ਗਿਆਨ ਹੋਵੇਗਾ ਹੀ ਕਿ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਪਿਆਉਂਦੀ। ਕੀ ਕਿਸੇ ਨੇ ਇਹ ਸੁਣਿਆ ਹੈ ਕਿ ‘ਮਰੇ ਬਿਨਾਂ ਮਾਂ ਦੁੱਧ ਨਹੀਂ ਪਿਆਉਂਦੀ?’..... ਇਹ ਕਹਿਣ ਦਾ ਮਤਲਬ ਇਹ ਹੈ ਕਿ ਜੇ ਸਰਕਾਰਾਂ ਤੋਂ ਕੁਝ ਲੈਣਾ ਹੈ ਤਾਂ ਸੰਘਰਸ਼ ਹੀ ਇੱਕੋ ਇੱਕ ਰਾਹ ਹੈ ਜਿਸਦੇ ਜ਼ਰੀਏ ਖੁਦ ਅਤੇ ਦੂਜਿਆਂ ਨੂੰ ਕੁਝ ਹਾਸਲ ਹੋ ਸਕਦਾ ਹੈ।

ਖੁਦ ਨੂੰ ਅੱਗ ਲਗਾ ਕੇ ਰੋਸ ਪ੍ਰਦਰਸ਼ਨ ਕਰਨਾ ਕਿੱਥੋਂ ਕੁ ਦੀ ਸਿਆਣਪ ਹੈ? ਪੰਜਾਬ ਵਿੱਚ ਹੱਕਾਂ ਦੀ ਪ੍ਰਾਪਤੀ ਲਈ ਜੂਝ ਰਹੇ ਵੀਰੋ, ਭੈਣੋ ਇਤਿਹਾਸ ਗਵਾਹ ਹੈ ਕਿ ਹੱਕ ਸੰਘਰਸ਼ ਕਰਿਆਂ ਹੀ ਪ੍ਰਾਪਤ ਹੋਏ ਹਨ। ਜੇ ਦੇਸ਼ ਦੇ ਆਜਾਦੀ ਸੰਗਰਾਮ ਵੇਲੇ ਵੀ ਗਦਰੀ ਬਾਬੇ, ਕਰਤਾਰ ਸਰਾਭਾ, ਭਗਤ ਸਿੰਘ, ਊਧਮ ਸਿੰਘ ਆਦਿ ਤੁਹਾਡੇ ਵਾਲੇ ‘ਖੁਦਕੁਸ਼ੀ ਮਾਰਕਾ ਫਾਰਮੂਲੇ’ ਵਰਤਣ ਲੱਗਦੇ ਤਾਂ ਸ਼ਾਇਦ ਹੀ ਐਡੀ ਤਕੜੀ ਲਾਮਬੰਦੀ ਹੋਣੀ ਸੀ ਕਿਉਂਕਿ ਲਾਮਬੰਦੀ ਕਰਨ ਵਾਲਿਆਂ ਨੇ ਤਾਂ ਪਹਿਲਾਂ ਹੀ ਖੁਦ ਨੂੰ ਅੱਗ ਲਾ ਕੇ ਸੜ ਮਰਨਾ ਸੀ। ਬੜਾ ਦੁਖੀ ਕੀਤਾ ਈ. ਜੀ. ਐੱਸ. ਵਲੰਟੀਅਰ  ਭੈਣ ਕਿਰਨਜੀਤ ਕੌਰ ਦੀ ਮੌਤ ਨੇ... ਉਸ ਤੋਂ ਵੀ ਵਧੇਰੇ ਦੁੱਖ ਉਦੋਂ ਹੋਇਆ ਜਦੋਂ ਪੜ੍ਹੇ ਲਿਖੇ ਵਰਗ ਦੇ ਫੂਹੜ ਆਗੂ ਦਾ ਦੂਜੇ ਦਿਨ ਹੀ ਅਖਬਾਰੀ ਬਿਆਨ ਪੜ੍ਹਿਆ ਕਿ ‘ਕਿਰਨਜੀਤ ਵਾਂਗ ਕੁਰਬਾਨੀ ਲਈ ਹੋਰ ਵੀ ਬਹੁਤ ਤਿਆਰ ਹਨ।’ ਅਜਿਹੇ ਬਿਆਨ ਖਾਸ ਕਰਕੇ ਅਧਿਆਪਕ ਵਰਗ ਦੇ ਮੂੰਹੋਂ ਨਿਕਲਣੇ ਹੀ ਦਰਸਾ ਦਿੰਦਾ ਹੈ ਕਿ ਭਵਿੱਖ ਦੇ ਨੇਤਾਵਾਂ ਨੂੰ ਉਹ ਕਿਹੋ ਜਿਹੀ ਨਰੋਈ ਸੇਧ ਦੇ ਦੇਣਗੇ। ਖੁਦਕੁਸ਼ੀਆਂ ਰਾਹੀਂ ਆਪਣੇ ਹੱਕ ਲੈਣ ਦੇ ਭੁਲੇਖੇ ਵਿੱਚ ਵਿਚਰ ਰਹੇ ਮੇਰੇ ਵੀਰ ਭੈਣਾਂ ਕੀ ਆਪਣੇ ਚੇਲੇ ਬਾਲਕਿਆਂ ਨੂੰ ਵੀ ਇਹੀ ਸਿੱਖਿਆ ਦੇਣਗੇ ਕਿ ਜਦੋਂ ਤੁਹਾਡੀ ਗੱਲ ਨਾ ਸੁਣੀ ਜਾਂਦੀ ਹੋਵੇ ਤਾਂ ਚੁੱਕੋ ਮਿੱਟੀ ਦੇ ਤੇਲ ਦੀ ਬੋਤਲ, ਪਿੰਡੇ ‘ਤੇ ਛਿੜਕੋ ਤੇ ਲਾਓ ਤੀਲੀ....? ਘੱਟੋ ਘੱਟ ਇਹੋ ਜਿਹਾ ਰੁਝਾਨ ਇੱਕ ਪੜ੍ਹੇ ਲਿਖੇ ਵਰਗ ਦੇ ਜਿਹਨ ਦਾ ਹਿੱਸਾ ਬਣਨਾ ਦੇਸ਼ ਦੇ ਸਿੱਖਿਆਤੰਤਰ ਦੀਆਂ ਜੜ੍ਹਾਂ ਵਿੱਚ ਘੁਣ ਨਹੀਂ ਤਾਂ ਹੋਰ ਕੀ ਕਿਹਾ ਜਾਵੇਗਾ? ਇੱਕ ਅਧਿਆਪਕ ਤੋਂ ਨਰੋਏ ਸਮਾਜ ਦੀ ਸਥਾਪਨਾ ਦੀ ਆਸ ਰੱਖੀ ਜਾਂਦੀ ਹੈ, ਪਰ ਖੁਦਕੁਸ਼ੀਆਂ ਦੇ ਡਰਾਵੇ ਜਾਂ ਖੁਦਕੁਸ਼ੀਆਂ ਕਰ ਕੇ ਅਧਿਆਪਕ ਬਣਿਆਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਆਪਣੀ ਹੱਕੀ ਆਵਾਜ ਸੁਣਾਉਣ ਲਈ ਉੱਚੀਆਂ ਥਾਵਾਂ ਦੀ ਲੋੜ ਨਹੀਂ ਹੁੰਦੀ ਸਗੋਂ ਨਿੱਗਰ ਦਲੀਲਾਂ, ਬੁਲੰਦ ਹੌਸਲਿਆਂ ਅਤੇ ਆਤਮ ਵਿਸ਼ਵਾਸ ਦੀ ਲੋੜ ਹੁੰਦੀ ਹੈ ਨਾ ਕਿ ਪਾਣੀ ਵਾਲੀਆਂ ਟੈਂਕੀਆਂ ਦੀ। ਆਪਣੀਆਂ ਮੰਗਾਂ ਮਨਵਾਉਣ ਲਈ ਕਿੰਨਾ ਉਚਿਤ ਸਾਧਨ ਲੱਭਿਆ ਹੈ ਪੰਜਾਬ ਦੇ ਪੜ੍ਹੇ ਲਿਖੇ ਵਰਗ ਨੇ...... ਉਹ ਨੇ ਪਾਣੀ ਵਾਲੀਆਂ ਟੈਂਕੀਆਂ। ਕਦੇ ਕੋਈ ਅਧਿਆਪਕ ਟੈਂਕੀ ‘ਤੇ ਚੜ੍ਹ ਜਾਂਦੈ ਤੇ ਕਦੇ ਦੇਖਾ ਦੇਖੀ ਬੇਰੁਜ਼ਗਾਰ ਲਾਈਨਮੈਨ ਟੈਂਕੀ ‘ਤੇ ਜਾ ਚੜ੍ਹੇ। ਵਾਹ ਬਈ ਵਾਹ! ਸੰਘਰਸ਼ ਨੂੰ ਹੀ ਕਿੰਨਾ ਹਾਸੋਹੀਣਾ ਬਣਾ ਦਿੱਤੈ ਸਾਡੇ ਪੜ੍ਹੇ ਲਿਖੇ ਸੰਘਰਸ਼ਸੀਲਾਂ ਨੇ... ਜਿਹਨਾਂ ਨੇ ਸੰਘਰਸ਼ਾਂ ਨੂੰ ਹੀ ਖੁਦਕੁਸ਼ੀਆਂ ਦਾ ਮੁਲੰਮ੍ਹਾ ਚਾੜ੍ਹ ਦਿੱਤੈ।

ਓਏ ਮਾਂ ਦਿਓ ਮਲਾਈ ਖਾਣਿਉ!

ਥੋਨੂੰ ਕੌਣ ਸਮਝਾਵੇ ਕਿ ਖੁਦਕੁਸ਼ੀਆਂ ਰਾਹੀਂ ਜਿੰਦਗੀ ਤੋਂ ਛੁਟਕਾਰਾ ਪਾਉਣ ਨਾਲੋਂ ਸੰਘਰਸ਼ਾਂ ਰਾਹੀਂ ਹੱਕ ਪ੍ਰਾਪਤ ਕਰਕੇ ਸ਼ਾਨ ਨਾਲ ਹਿੱਕ ਚੌੜੀ ਕਰਕੇ ਜਿਉਣ ‘ਚ ਜੋ ਮਜ਼ਾ ਹੈ, ਉਹ ਮਿੱਟੀ ਦੇ ਤੇਲ ਨਾਲ ਖੁਦ ਨੂੰ ਅੱਗ ਲਾ ਕੇ ਨਹੀਂ। ਉਮੀਦ ਹੈ ਕਿ ਮੇਰੇ ਸੋਹਣੇ ਪੰਜਾਬ ਦਾ ਸਿਆਣਾ ਵਰਗ ਇਸ ਰੁਝਾਨ ਨੂੰ ਸ਼ਹਿ ਦੇਣ ਨਾਲੋਂ ਆਪਣੇ ਹੱਥਾਂ ਨੂੰ ਨਾਅਰਿਆਂ ਰਾਹੀਂ ਆਵਾਜ਼ ਬੁਲੰਦ ਕਰਨ ਦੇ ਆਹਰ ਲਾਵੇਗਾ ਨਾ ਕਿ ਮਿੱਟੀ ਦੇ ਤੇਲ ਦੀ ਬੋਤਲ ਜਾਂ ਤੀਲੀ ਫੜ੍ਹਨ ਲਈ..! ਅਕਸਰ ਹੀ ਕਿਹਾ ਜਾਂਦੈ ਕਿ ਜਦੋਂ ਦੋ ਏਕੇ ‘ਕੱਠੇ ਹੋ ਜਾਣ ਤਾਂ ਗਿਆਰਾਂ ਬਣ ਜਾਂਦੇ ਨੇ, ਜੇ ਤਿੰਨ ਹੋਣ ਤਾਂ ਇੱਕ ਸੌ ਗਿਆਰਾਂ... ਇਸੇ ਤਰ੍ਹਾਂ ਹੀ ਜੇ ਇੱਕ ਕਰਕੇ ਸੰਘਰਸ਼ ਦੇ ਰਾਹ ਤੁਰਿਆ ਜਾਵੇ ਤਾ ਇਸ ਗੱਲ ਦੀ ਗਾਰੰਟੀ ਮੈਂ ਦਿੰਦਾ ਹਾ ਕਿ ਤੁਹਾਡੇ ਹੱਕ ਖੋਹਣ ਦੀ ਕੋਈ ਵੀ ਹਿੰਮਤ ਨਹੀਂ ਕਰੇਗਾ। ਪਰ ਜੇ ਇਹੀ ‘ਏਕੇ’ ਖੁਦਕੁਸ਼ੀਆਂ ਕਰਦਿਆਂ ਅੰਕੜੇ ਵਧਾਉਣ ਲੱਗ ਗਏ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਪੰਜਾਬ ਜਿਉਂਦੇ ਮਨੁੱਖਾਂ ਨਾਲੋਂ ਖੁਦਕੁਸ਼ੀਆਂ ਕਰਨ ਵਾਲੇ ‘ਸ਼ਹੀਦਾਂ’ ਕਰਕੇ ਜ਼ਿਆਦਾ ਜਾਣਿਆ ਜਾਵੇਗਾ। ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਦੁਜਿਆਂ ਨੂੰ ਲਾਮਬੰਦ ਕਰਕੇ ਹੱਕ ਪ੍ਰਾਪਤੀ ਦੇ ਰਾਹ ਵੱਲ ਤੁਰਨਾ ਹੈ ਜਾਂ ਫਿਰ ‘ਸ਼ਹੀਦ’ ਬਣਕੇ ਦੋ ਤਿੰਨ ਇੱਟਾਂ ਦੀ ਮਟੀ ਦੀ ਵਲਗਣ ‘ਚ ਕੈਦ ਹੋ ਕੇ ਰਹਿਣਾ ਹੈ। ਪੰਜਾਬ ਦੇ ਲੋਕ ਤੁਹਾਡੇ ਕੋਲੋ਼ ਸਾਕਾਰਾਤਮਕ ਹੁੰਗਾਰੇ ਦੀ ਆਸ ਰੱਖਣਗੇ।

ਮਿੱਤਰੋ! ਅੱਜ ਵੇਲਾ ਖੁਦਕੁਸ਼ੀਆਂ ਕਰਨ ਦਾ ਨਹੀਂ ਸਗੋਂ ਇਹ ਆਵਾਜ ਬੁਲੰਦ ਕਰਨ ਦਾ ਹੈ ਕਿ

“ਆਓ ਉੱਚਾ ਕਰੀਏ ਹੋਕਾ,
ਆਤਮ ਹੱਤਿਆ ਨਹੀਂ....

ਪ੍ਰਾਪਤੀ ਦੇ ਰਾਹ ਪੈ ਵੇ ਲੋਕਾ।

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)