|
|
|
ਗ਼ਜ਼ਲ
ਸੁਰਜੀਤ ਸਿੰਘ ਜੀਤ |
ਗ਼ਜ਼ਲ਼
ਮੈਂ ਖੁਸ਼ੀ ਨੂੰ ਭਾਲ ਰਿਹਾ ਹਾਂ
ਹੱਸ ਕੇ ਗ਼ਮ ਨੂੰ ਟਾਲ ਰਿਹਾ ਹਾਂ।
ਜਿਥੇ ਬਗ਼ਲੇ ਹੰਸ ਨੇ ਬਣਦੇ
ਲੱਭ ਮੈਂ ਐਸਾ ਤਾਲ ਰਿਹਾ ਹਾਂ।
ਵੇਖ ਵੇਖ ਕੇ ਰਾਹ ਮੈਂ ਉਸਦਾ
ਦੀਦੇ ਅਪਣੇ ਗਾਲ ਰਿਹਾ ਹਾਂ।
ਸ਼ਾਇਦ ਚਾਨਣ ਹੋ ਹੀ ਜਾਏ
ਦਿਲ ਦਾ ਦੀਵਾ ਬਾਲ ਰਿਹਾ ਹਾਂ।
ਜਿਸ ਵਿਚ ਹੋਣ ਮੁਹੱਬਤ ਖੇੜੇ
ਲੋਚ ਅਜਿਹਾ ਸਾਲ ਰਿਹਾ ਹਾਂ।
ਆਖੇ ਸਾਧ ਭਰਮ ਵਿਚ ਪਾ ਕੇ
ਹਰ ਦਮ ਤੇਰੇ ਨਾਲ ਰਿਹਾ ਹਾਂ।
ਉੱਲੂ ਕਿਵੇਂ ਬਣਾਏ ਨੇਤਾ?
ਸਮਝ ਮੈਂ ਤੇਰੀ ਚਾਲ ਰਿਹਾ ਹਾਂ।
ਕਿੱਦਾਂ ਹੱਲ ਬਖੇੜਾ ਹੋਊ ?
ਪੁੱਟ ਮੈਂ ਅਪਣੇ ਵਾਲ ਰਿਹਾ ਹਾਂ।
ਜੋ ਮੇਰੀ ਇੱਕ ਵੀ ਨੀ ਸੁਣਦਾ
ਉਸ ਨੂੰ ਦੱਸ ਮੈ ਹਾਲ ਰਿਹਾ ਹਾਂ।
ਕਦੇ ਤਾਂ ਇਸ ਚੋਂ ਨਿਕਲ ਜਾਂਊਂ
ਕੱਟ ਕਰਮਾਂ ਦਾ ਜਾਲ ਰਿਹਾ ਹਾਂ।
ਨਾ ਮਿੱਤਰ ਨਾ ਵੈਰੀ ਹੋਂਵਾਂ
ਖੁਦ ਨੂੰ ਏਦਾਂ ਢਾਲ ਰਿਹਾ ਹਾਂ।
ਤਾਂਬਾ ਹੋਜੂ ਇੱਕ ਦਿਨ ਸੋਨਾ
ਘਾਲ ਮੈਂ ਐਸੀ ਘਾਲ ਰਿਹਾ ਹਾਂ।
“ਜੀਤ” ਨਹੀਂ ਮੈ ਕੁਝ ਵੀ ਭਾਵੇਂ
ਹਉਮੈ ਅਪਣੀ ਪਾਲ ਰਿਹਾ ਹਾਂ। ਸਮਾਪਤ
|

|
|
|
|
|