ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਆਨਵੀਕਸ਼ਿਕੀ (2)

ਆਨਵੀਕਸ਼ਿਕੀ ਦਾ ਵਿਸ਼ਾ-ਵਸਤੂ

ਚਰਕ-ਸੰਹਿਤਾ  ਵਿਚ ਪਾਏ ਜਾਂਦੇ ਮਤ ਨੂੰ ਨਿਮਨਲਿਖਿਤ ਵਿਸ਼ਿਆਂ ਵਿਚ ਵੰਡਿਆ ਗਿਆ ਹੈ:

  1. ਕਾਰਯਾਭਿੰਨਰਵ੍ਰਿੱਤਿ - ਕੋਈ ਕੰਮ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੇ ਸਾਧਨਾਂ ਦਾ ਇਕੱਠ,

  2. ਪ੍ਰੀਕਸ਼ਾ - ਪ੍ਰੀਖਿਆ ਕਰਨ ਦਾ ਮਿਆਰ, ਕਿਸੇ ਚੀਜ਼ ਨੂੰ ਪਰਖਣ ਦਾ ਪ੍ਰਮਾਣ,

  3. ਸਮਭਾਸ਼ਾ -ਵਿਧੀ  - ਜਾਂ ਵਾਦ-ਵਿਧੀ, ਵਾਦ-ਵਿਵਾਦ ਜਾਂ ਸਹੀ ਵਿਚਾਰ-ਵਿਮਰਸ਼ ਕਰਨ ਦਾ ਤਰੀਕਾ।

ਇਨ੍ਹਾਂ ਵਿੱਚੋਂ ਸਮਭਾਸ਼ਾ-ਵਿਧੀ ਆਨਵੀਕਸ਼ਿਕੀ ਦਾ ਮੁੱਖ ਵਿਸ਼ਾ ਹੈ। ਇਨ੍ਹਾਂ ਸਿਰਲੇਖਾਂ ਥੱਲੇ ਜਿਨ੍ਹਾਂ ਵਿਸ਼ਿਆਂ ਦੀ ਚਰਚਾ ਚਰਕ-ਸੰਹਿਤਾ ਵਿਚ ਕੀਤੀ ਗਈ ਉਹ ਹਨ:

1.      ਕਾਰਯਾਭਿੰਨਰਵ੍ਰਿੱਤਿ ਜੋ ਪੁਰਸ਼ ਆਪਣੇ ਕੰਮ ਨੂੰ ਸਫਲਤਾਪੂਵਕ ਨੇਪਰੇ ਚਾੜ੍ਹਨਾ ਚਾਹੁੰਦਾ ਹੈ, ਉਸ ਨੂੰ ਹੇਠ ਲਿਖੇ ਸਾਧਨਾਂ ਦੀ ਜਾਂਚ ਕਰਨ ਦੀ ਜ਼ਰੂਰਤ ਹੈ:

ਕਾਰਣ ਜਾਂ ਹੇਤੁ ਉਹ ਸਬਬ ਜਾਂ ਕਾਰਣ (ਮਾਧਿਅਮ) ਜਿਸ ਦੇ ਰਾਹੀਂ ਕੰਮ ਨੂੰ ਸਿਰੇ ਚੜ੍ਹਾਇਆ ਜਾਂਦਾ ਹੈ।
ਕਰਣ ਉਹ ਸਾਧਨ ਜੋ ਕਾਰਣ ਨਾਲ ਮਿਲ ਕੇ ਕੰਮ ਨੂੰ ਨੇਪਰੇ ਚੜ੍ਹਾਉਂਣ ਵਿਚ ਮਦਦ ਕਰਦਾ ਹੈ।
ਕਾਰਯ-ਯੋਨੀ ਉਹ ਮੁੱਖ ਹੇਤੁ ਜੋ ਕਾਰਜ ਵਿਚ ਬਦਲਦਾ ਹੈ।
ਕਾਰਯ ਉਹ ਕੰਮ ਜਿਸ ਦੀ ਪੂਰਤੀ ਲਈ ਜਤਨ ਕੀਤਾ ਜਾਂਦਾ ਹੈ।
ਕਾਰਯਫਲ ਉਹ ਫਲ ਜਿਸ ਦੀ ਪ੍ਰਾਪਤੀ ਲਈ ਕੰਮ ਕੀਤਾ ਜਾਂਦਾ ਹੈ।
ਅਨੁਬੰਧ ਕੰਮ ਤੋਂ ਉਪਜੀ ਉਹ ਚੰਗੀ ਜਾਂ ਮਾੜੀ ਪਰਿਸਥਿਤੀ ਜੋ ਅਣਚਾਹੇ ਕਰਤਾ ਨਾਲ ਬੰਧ (ਜੁੜ) ਜਾਵੇ।
ਦੇਸ਼ ਉਹ ਜਗ੍ਹਾ ਜਿੱਥੇ ਕੰਮ ਕੀਤਾ ਜਾਵੇ।
ਕਾਲ ਕੰਮ ਕਰਨ ਦਾ ਸਮਾ।
ਪ੍ਰਵ੍ਰਿੱਤੀ ਪਰਵਿਰਤੀ, ਕੰਮ ਦੀ ਪੂਰਤੀ ਲਈ ਕੀਤੀ ਕੋਸ਼ਿਸ਼ ਜਾਂ ਕਿਰਿਆ (ਮਨ ਦਾ ਵਿਹਾਰ)।
ਉਪਾਯ ਕੰਮ ਦੀ ਪੂਰਤੀ ਲਈ ਕੀਤਾ ਗਿਆ ਉਪਾਉ, ਜਤਨ ਜਾਂ ਸਾਧਨ।

2.     ਪ੍ਰੀਕਸ਼ਾ (ਪਰੀਖਿਆ) - ਸਤਿ ਅਤੇ ਅਸਤਿ ਦੀ ਪਰਖ ਚਾਰ ਪ੍ਰਮਾਣਾਂ ਜਾਂ ਮਿਆਰਾਂ ਰਾਹੀਂ ਕਾਤੀ ਜਾਂਦੀ ਹੈ। ਉਹ ਹਨ:

ਆਪਤੋਪਦੇਸ਼ (ਆਪਤ-ਉਪਦੇਸ਼) ਉਹ ਕਥਨ ਜਿਸ ਉੱਪਰ ਪੂਰਨ ਵਿਸ਼ਵਾਸ ਕੀਤਾ ਜਾ ਸਕੇ। ਭਰੋਸੇਯੋਗ ਜਾਂ ਮੰਨਣਯੋਗ ਸਿਖਿਆ ਜੋ ਬੁੱਧੀਮਾਨ ਪੁਰਸ਼ਾਂ ਅਤੇ ਧਰਮ ਗ੍ਰੰਥਾਂ ਤੋ ਮਿਲਦੀ ਮੰਨੀ ਜਾਂਦੀ ਹੈ। ਮੰਨਣਯੋਗ ਸਿੱਖਿਆ ਉਸ ਪੁਰਸ਼ ਦੀ ਹੁੰਦੀ ਹੈ ਜੋ ਭਰੋਸੇਯੋਗ, ਕੁਲੀਨ (ਖਾਨਦਾਨੀ), ਅਕਲਮੰਦ (ਸਿਆਣਾ) ਅਤੇ ਬੁਰੀਆਂ ਰੁਚੀਆਂ ਤੋਂ ਮੁਕਤ ਹੋਵੇ ਅਤੇ ਜਿਸ ਦੇ ਕੰਮਾਂ-ਕਾਰਾਂ ‘ਤੇ ਕਦੇ ਸ਼ੱਕ ਨਾ ਕੀਤੇ ਜਾਵੇ।
ਪ੍ਰਤਿਅਕਸ਼ (ਪ੍ਰਤੱਖ) ਇੰਦ੍ਰੀਆਂ ਰਾਹੀਂ ਪ੍ਰਾਪਤ ਕੀਤਾ ਗਿਆਨ। ਉਹ ਗਿਆਨ ਜੋ ਆਤਮਾ ਦੇ ਮਨ, ਇੰਦ੍ਰੀਆਂ ਅਤੇ ਇੰਦ੍ਰੀਆਂ ਦੇ ਵਿਸ਼ਾ-ਵਸਤੂਆਂ ਦੇ ਸੁਮੇਲ ਤੋਂ ਪੈਦਾ ਹੁੰਦਾ ਹੈ।
ਅਨੁਮਾਨ ਨਿਸ਼ਕਰਸ ਜਾਂ ਤਰਕਣ। ਅਨੁਮਾਨ ਰਾਹੀਂ ਪ੍ਰਾਪਤ ਗਿਆਨ ਪ੍ਰਤੱਖ ਗਿਆਨ ਤੋਂ ਮਗਰੋਂ ਉਤਪੰਨ ਹੁੰਦਾ ਹੈ ਅਤੇ ਇਸ ਦੀ ਪ੍ਰਾਪਤੀ ਲਈ ਦਲੀਲ (ਜਾਂ ਤਰਕਵਾਕ) ਦੀ ਵਰਤੋਂ ਕੀਤੀ ਜਾਂਦੀ ਹੈ।
ਯੁਕਤਿ ਕਿਸੇ ਬਾਤ ਨੂੰ ਦਲੀਲ ਨਾਲ ਖੰਡਨ ਮੰਡਨ ਕਰਨਾ। ਉਹ ਗਿਆਨ ਜੋ ਤਿੰਨ ਕਾਲ (ਭੂਤ, ਵਰਤਮਾਨ ਅਤੇ ਭਵਿੱਖ) ਦੀਆਂ ਪਰਸਥਿਤੀਆਂ (ਦੇਸ-ਕਾਲ ਵਿਚ) ਦੇ ਸੁਮੇਲ ਨਾਲ ਪੈਦਾ ਹੁੰਦਾ ਹੈ।

ਇਨ੍ਹਾਂ ਸਾਰੇ ਪ੍ਰਮਾਣਾਂ (ਗਿਆਨ ਪ੍ਰਾਪਤੀ ਦੇ ਸਾਧਨਾਂ) ਨੂੰ ਸਮੂਹਕ ਰੂਪ ਵਿਚ ਪਰੀਖਿਆ ਕਿਹਾ ਜਾਂਦਾ ਹੈ ਅਤੇ  ਵਿਗਿਆਨਕ ਜਾਂਚ ਪੜਤਾਲ (ਖੋਜ) ਵਿਚ ਪਰੀਖਿਆ ਦਾ ਮਹੱਤਵ ਬੇਹੱਦ ਨਿਰਣਾਇਕ ਹੁੰਦਾ ਹੈ।

3.     ਵਾਦ-ਵਿਧੀ, ਸੰਭਾਸ਼ਾ (ਸੰਭਾਖਨ) ਵਾਦ-ਵਿਧੀ ਜਾਂ ਬਹਿਸ ਕਰਨ ਦਾ ਤਰੀਕਾ। ਜੇ ਇਕ ਪੁਰਸ਼ ਦੂਸਰੇ ਪੁਰਸ਼ ਨਾਲ ਵਾਦ-ਵਿਵਾਦ ਕਰਦਾ ਹੈ, ਉਸ ਵਿਸ਼ੇ ਤੇ ਜਿਸ ਵਿਚ ਦੋਨੋ ਹੀ ਮਾਹਰ (ਨਿਪੁੰਨ) ਹੋਣ, ਤਾਂ ਉਨ੍ਹਾਂ ਦੇ ਗਿਆਨ ਅਤੇ ਅਨੰਦ ਵਿਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵਿਚ ਪ੍ਰਬੀਨਤਾ, ਸੁਵਕਤਾ (ਬੋਲਣ ਦੀ ਕਲਾ, ਸੁਭਾਖਣ, ਵਿਆਖਿਆਨ-ਕਲਾ) ਪੈਦਾ ਹੁੰਦੀ ਹੈ ਅਤੇ ਸ਼ੁਹਰਤ ਹੋਰ ਵੀ ਰੌਸ਼ਨ ਹੁੰਦੀ ਹੈ। ਇਸ ਨਾਲ ਵਿਸ਼ੇ ਬਾਰੇ ਗਲਤਫਹਿਮੀ ਦੂਰ ਹੁੰਦੀ ਹੈ ਅਤੇ ਗਿਆਨ ਵਿਚ ਹੋਰ ਵਾਧਾ ਕਰਨ ਲਈ ਉਤਸ਼ਾਹ ਮਿਲਦਾ ਹੈ। ਇਸ ਨਾਲ ਵਿਵਾਦੀਆਂ (ਆਲੋਚਕਾਂ) ਨੂੰ ਨਵੇਂ ਵਿਸ਼ਿਆਂ ਨਾਲ ਜਾਣ-ਪਛਾਣ ਹੁੰਦੀ ਹੈ ਜਿਨ੍ਹਾਂ ਬਾਰੇ ਉਹ ਪਹਿਲਾਂ ਨਹੀ ਸਨ ਜਾਣਦੇ।

ਦ੍ਵਿਵਿਧਾ ਸੰਭਾਸ਼ਾ ਦੋ ਵਿਦਵਾਨਾਂ ਵਿਚਕਾਰ ਵਾਦ ਦੋ ਪ੍ਰਕਾਰ ਦਾ ਮੰਨਿਆ ਗਿਆ ਹੈ:

ਸੰਧਾਯ ਵਾਦ ਸ਼ਾਂਤਮਈ ਢੰਗ ਨਾਲ ਸੰਚਾਲਨ ਕੀਤਾ ਸੰਭਾਖ, ਅਤੇ
ਵਿਗ੍ਰਹ (ਬਿਗ੍ਰਹਿ) ਵਿਰੋਧਤਾ ਦੀ ਭਾਵਨਾ ਨਾਲ ਜਾਂ ਮੁਖਾਲਫਤ ਦੀ ਰੁਚੀ ਲੈ ਕੇ ਕੀਤਾ ਸੰਭਾਖ।

ਸੰਧਾਯ ਵਾਦ ਅਨੁਲੋਮ ਸੰਭਾਸ਼ਾ (ਅਨੁਕੂਲ ਜਾਂ ਮਾਫਕ ਸੰਭਾਖ) ਅਖਵਾਉਂਦਾ ਹੈ ਅਤੇ ਦੂਜਾ ਵੈਰਭਾਵੀ ਸੰਭਾਖ ਕਰਕੇ ਜਾਣਿਆ ਜਾਂਦਾ ਹੈ। ਅਨੁਕੂਲ ਵਾਦ ਉਦੋਂ ਹੁੰਦਾ ਹੈ ਜਦੋਂ ਵਿਵਾਦੀ (ਪ੍ਰਤਿਵਾਦੀ) ਸਿਆਣਪ, ਵਿਦਵਤਾ (ਗੂੜ੍ਹ ਗਿਆਨ) ਅਤੇ ਸੁਵਕਤਾ ਰੱਖਦੇ ਹੋਣ। ਉਨ੍ਹਾਂ ਵਿਚ ਵਿਚਾਰ-ਵਿਮਰਸ਼ ਲਈ ਤਾਂਗ ਅਤੇ ਉਤਸੁਕਤਾ ਦੀ ਭਾਵਨਾ ਹੋਣੀ ਵੀ ਜ਼ਰੂਰੀ ਹੈ। ਵਿਵਾਦੀ ਕ੍ਰੋਧ-ਰਹਿਤ, ਖੁਣਸ-ਰਹਿਤ (ਬਦਨੀਤੀ, ਦੁਰਭਾਵਨਾ-ਰਹਿਤ) ਹੋਣ ਅਤੇ ਪ੍ਰੇਰਣਾ ਦੀ ਕਲਾ ਵਿਚ ਨਿਪੁੰਨ ਹੋਣ। ਮਿੱਠਬੋਲੜੇ ਅਤੇ ਧੀਰਜਵਾਨ ਸਹਿਣਸ਼ੀਲਤਾ ਰੱਖਣ ਵਾਲੇ ਹੋਣ। ਇਸ ਤਰ੍ਹਾ ਦੇ ਪ੍ਰਤਿਵਾਦੀ ਪੁਰਸ਼ ਨਾਲ ਸੰਭਾਖ ਕਰਦੇ ਹੋਏ ਵਿਵਾਦੀ ਨੂੰ ਪੂਰੇ ਸਵੈ-ਵਿਸ਼ਵਾਸ (ਵਿਸ਼ਵਾਸਪੂਰਵਕ) ਨਾਲ ਬੋਲਣਾ, ਪ੍ਰਸ਼ਨ ਕਰਨਾ ਅਤੇ ਉੱਤਰ (ਜਵਾਬ) ਵੀ ਵਿਸ਼ਵਾਸਪੂਰਵਕ ਦੇਣੇ ਚਾਹੀਦੇ ਹਨ। ਐਸੇ ਪੁਰਸ਼ ਤੋਂ ਹਾਰ ਖਾਣ (ਸ਼ਿਕਸਤ) ‘ਤੇ ਬੇਚੈਨੀ ਨਹੀ ਹੋਣੀ ਚਾਹੀਦੀ ਅਤੇ ਨਾ ਹੀ ਉਸ ਨੂੰ ਹਰਾਉਣ ‘ਤੇ ਖੁਸ਼ੀ ਪ੍ਰਗਟ ਕਰਨੀ ਚਾਹੀਦੀ ਹੈ। ਇਹੋ ਜਿਹੇ ਪੁਰਸ਼ ਵਲ ਸਿਰੜਤਾ ਦਿਖਾਉਣੀ ਅਤੇ ਬੇਤੁਕੇ (ਅਸੰਗਤ) ਮਸਲੇ ਉਠਾਉਣੇ ਅਸ਼ਿਸ਼ਟ ਮੰਨਿਆ ਜਾਂਦਾ ਹੈ। ਨਿਮਰਤਾ ਅਤੇ ਪ੍ਰੇਰਣਾ ਭਾਵ ਨਾਲ ਵਾਦ-ਵਿਵਾਦ ਕਰਦੇ ਸਮੇ ਵਾਦਵਿਸ਼ੇ ਨੂੰ ਹਰ ਵੇਲੇ ਮੁੱਖ ਰੱਖਣਾ ਚਾਹੀਦਾ ਹੈ। ਇਸ ਤਰ੍ਹਾ ਦਾ ਵਾਦਵਿਵਾਦ ਸੰਧਾਯ ਸੰਭਾਸ਼ਾ ਕਿਹਾ ਜਾਂਦਾ ਹੈ।

ਵਿਗ੍ਰਹ  ਸੰਭਾਸ਼ਾ ਸ਼ੁਰੂ ਕਰਨ ਤੋਂ ਪਹਿਲਾ ਵਿਰੋਧੀ ਨਾਲ ਸਰਸਰੀ ਗੱਲਬਾਤ (ਵਾਰਤਾਲਾਪ) ਰਾਹੀਂ ਆਪਣੀ ਤਾਕਤ (ਨਿਪੁੰਨਤਾ) ਅਜ਼ਮਾਅ (ਅਜ਼ਮਾਇਸ਼) ਲੈਣੀ ਚਾਹੀਦੀ ਹੈ। ਇਸ ਤਰ੍ਹਾ ਦੀ ਪਰਖ ਤੋਂ ਇਹ ਤੈਅ (ਨਿਸਚਿਤ) ਹੋ ਜਾਏਗਾ ਕਿ ਐਸੇ ਵਿਵਾਦ ਵਿਚ ਪੈਣਾ ਉਚਿੱਤ ਹੈ ਜਾਂ ਨਹੀਂ। ਬਹਿਸ ਦੇ ਕਾਬਲ ਚੰਗੀਆਂ ਯੋਗਤਾਵਾਂ (ਗੁਣ) ਇਸ ਪ੍ਰਕਾਰ ਹਨ: ਵਿਦਵਤਾ, ਪ੍ਰਬੀਨਤਾ (ਜੁਗਤ) ਅਤੇ ਸੁਵਕਤਾ (ਸੁਬੋਲ, ਸੁਬਾਖਣ, ਸੁਭਾਸ਼, ਸੁਭਾਖ)। ਔਗੁਣ, ਜਿਨ੍ਹਾਂ ਨੂੰ ਬੁਰੇ ਸਮਝਿਆ ਜਾਂਦਾ ਹੈ ਇਸ ਪ੍ਰਕਾਰ ਹਨ: ਖਿਜਣਾ (ਉਤੇਜਨਾਸ਼ੀਲਤਾ), ਹੋਛਾਪਣ (ਖੋਖਲਾਪਣ, ਥੋਤਾਪਣ, ਪੇਤਲਾਪਣ), ਸੰਕੇਚਪਣ, ਅਤੇ ਅਣਗਹਿਲਾਪਣ (ਬੇਧਿਆਨੀ, ਲਾਪਰਵਾਹੀ, ਅਵੇਸਲਾਪਣ)।

ਪਰਿਸ਼ਦ ਜਿਸ ਸਭਾ ਵਿਚ ਵਾਦ-ਵਿਵਾਦ ਕੀਤਾ ਜਾਂਦਾ ਸੀ ਉਸ ਨੂੰ ਪਰਿਸ਼ਦ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਨ੍ਹਾਂ ਪਰਿਸ਼ਦਾਂ ਦੇ ਖਾਸ ਨਿਯਮ ਹੁੰਦੇ ਸਨ ਅਤੇ ਇਸ ਵਿਚ ਹਿੱਸਾ ਲੈਣ ਲਈ ਵਿਸ਼ੇਸ਼ ਕਿਸਮ ਦੇ ਗੁਣਾਂ ਦੀ ਜ਼ਰੂਰਤ ਮੰਨੀ ਜਾਂਦੀ ਸੀ। ਦੋ ਕਿਸਮ ਦੀਆਂ ਸਭਾਵਾਂ ਦਾ ਵਰਣਨ ਮਿਲਦਾ ਹੈ,

·      ਵਿਵੇਕ ਪੁਰਸ਼ਾਂ ਦੀ ਪਰਿਸ਼ਦ, ਅਤੇ

·      ਅਵਿਵੇਕ ਪੁਰਸ਼ਾਂ ਦੀ ਪਰਿਸ਼ਦ।

ਇਨ੍ਹਾਂ ਨੂੰ ਅੱਗੇ ਜਾ ਕੇ ਹੋਰ ਕਈ ਕਿਸਮਾਂ ਵਿਚ ਵੰਡਿਆ ਗਿਆ ਹੈ।

ਵਾਦ-ਮਾਰਗ ਸਹੀ ਅਤੇ ਸਫਲ ਵਾਦ-ਵਿਵਾਦ ਲਈ ਨਿਮਨਲਿਖਤ ਵਿਸ਼ਿਆਂ ਦਾ ਸੰਪੂਰਣ ਗਿਆਨ ਜ਼ਰੂਰੀ ਸਮਝਿਆ ਜਾਂਦਾ ਸੀ। ਇਹ ਵਿਸ਼ੇ ਵਿਗਿਆਨਕ ਸੋਚ ਅਤੇ ਵਿਗਿਆਨਕ ਤਰਕ ਵਿਚ ਵੀ ਬੜੀ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ।

ਵਾਦ:

ਗਿਆਨ ਦੇ ਮਹੱਤਵਪੂਰਣ ਪ੍ਰਸ਼ਨਾਂ ਨੂੰ ਨਿਪਟਾਉਣ ਲਈ ਦੋ ਧਿਰਾਂ ਵਿਚਕਾਰ ਸ਼ਾਂਤਮਈ ਵਿਚਾਰ-ਵਟਾਂਦਰਾ (ਗੋਸ਼ਟੀ, ਪ੍ਰਵਚਨ) ਨੂੰ ਵਾਦ ਕਿਹਾ ਜਾਂਦਾ ਹੈ। ਵਾਦ ਦੋ ਕਿਸਮ ਦਾ ਮੰਨਿਆ ਗਿਆ ਹੈ: (1) ਜਲਪ (ਤਕਰਾਰ ਜਾਂ ਝਗੜਾ), ਇਹ ਉਹ ਵਾਦ ਹੈ ਜਿਸ ਵਿਚ ਐਵੇਂ ਬਕਣਾ ਅਤੇ ਬੇਫਜ਼ੂਲ ਝਗੜਾ ਕਰਨਾ; (2) ਵਿਤੰਡਾ, ਇਕ ਪੁੱਠੀ ਕਿਸਮ ਦੀ ਬਹਿਸ ਨੂੰ ਵਿਤੰਡਾ ਕਿਹਾ ਜਾਂਦਾ ਹੈ ਜਿਸ ਦਾ ਮਨੋਰਥ ਸਿਰਫ ਵਾਰ ਕਰਨਾ ਹੁੰਦਾ ਹੈ। ਆਪਣੇ ਪੱਖ ਨੂੰ ਕਾਇਮ ਕੀਤੇ ਬਿਨਾ ਹੀ ਦੂਸਰੇ ਦੇ ਪੱਖ ਨੂੰ ਭੰਗ ਕਰਨਾ (ਖੰਡਨ ਕਰਨਾ) ਹੀ ਇਸ ਤਰ੍ਹਾ ਦੀ ਬਹਿਸ ਦਾ ਮਕਸਦ ਹੁੰਦਾ ਹੈ।

ਦ੍ਰਵ:

ਉਹ ਵਸਤੁ ਜਿਸ ਵਿਚ ਕਿਰਿਆ  ਅਤੇ ਗੁਣਾਂ  ਦੀ ਮੌਜੂਦਗੀ ਹੋਵੇ। ਜਿਸ ਤਰ੍ਹਾ ਆਕਾਸ਼, ਵਾਯੂ, ਅੱਗ, ਪਾਣੀ, ਧਰਤੀ ਆਤਮਾ ਅਤੇ ਮਨ ਆਦਿ।

ਗੁਣ:

ਉਹ ਜੋ ਦ੍ਰਵ ਦੇ ਅੰਦਰ ਮੌਜੂਦ ਹੁੰਦੇ ਹਨ ਅਤੇ ਨਿਸਕਿਰਿਆ (ਬੇਹਰਕਤ) ਰਹਿੰਦੇ ਹਨ, ਜੈਸੇ ਰੰਗ, ਸੁਆਦ, ਗੰਧ (ਮਹਿਕ, ਵਾਸ਼ਨਾ), ਭਾਰਾ/ਹਲਕਾ, ਠੰਡਾ/ਗਰਮ, ਬੁੱਧੀ (ਸੂਝ), ਦੁੱਖ/ਸੁੱਖ, ਇੱਛਾ/ਅਨਿੱਛਾ, ਅਸਮਾਨਤਾ, ਵਿਰੋਧਤਾ, ਸੰਜੋਗ, ਵਖਰੇਵਾਂ, ਅੰਕ ਅਤੇ ਮਾਤਰਾ ਆਦਿ।

ਕਰਮ:

ਉਹ ਜੋ ਸੰਜੋਗ ਅਤੇ ਵਿਜੋਗ (ਵਖਰੇਵਾ) ਦਾ ਕਾਰਨ ਹੋਵੇ। ਜੋ ਕਿਸੇ ਦ੍ਰਵ ਵਿਚ ਮੌਜੂਦ ਹੈ ਅਤੇ ਜੋ ਕਿਸੇ ਕਾਰਜਫਲ ਦਾ ਪ੍ਰਤੀਕ ਹੁੰਦਾ ਹੈ ਜੋ ਪ੍ਰਗਟ ਹੋਣਾ ਹੈ ਅਤੇ ਜੋ ਕਿਸੇ ਹੋਰ ਕਰਮ ਤੇ ਨਿਰਭਰ ਨਹੀ ਕਰਦਾ।

ਸਾਮਾਨ੍ਯ:

(ਸਰਵਵਿਆਪਕ) - ਜੋ ਏਕਤਾ ਪੈਦਾ ਕਰਦਾ ਹੈ।

ਵਿਸ਼ੇਸ਼:

ਜੋ ਭਿੰਨਤਾ (ਅਸਮਾਨਤਾ) ਪੈਦਾ ਕਰਦਾ ਹੈ।

ਸਮਵਾਯ:

ਦ੍ਰਵ ਅਤੇ ਉਸਦੇ ਗੁਣਾਂ ਜਾਂ ਕਿਰਿਆਵਾਂ ਦਾ ਸਥਾਈ ਸੰਬੰਧ ਜਿਸ ਤੋਂ ਬਗੈਰ ਉਨ੍ਹਾਂ ਦਾ ਕੋਈ ਅਸਤਿੱਤਵ ਨਹੀ ਹੈ, ਭਾਵ ਉਨ੍ਹਾਂ ਦੀ ਕੋਈ ਹੋਂਦ ਨਹੀ ਹੈ।

ਪ੍ਰਤਿਗ੍ਯਾ:

(ਪ੍ਰਸਥਾਪਨਾ) - ਕੁੱਝ ਸਥਾਪਤ ਕਰਨ ਦਾ ਕਥਨ, ਜੈਸੇ ਇਹ ਕਹਿਣਾ ਕਿ ਅਤਮਾ ਨਿੱਤ ਹੈ।”  ਇਹ ਇਕ ਪ੍ਰਸਥਾਪਨਾ ਜਾਂ ਪ੍ਰਤਿਗ੍ਯ ਹੈ ਜਿਸ ਨੂੰ ਦਲੀਲ ਵਿਧੀ (ਤਰਕ-ਵਾਕ) ਨਾਲ ਸਥਾਪਤ ਕੀਤਾ ਜਾਣਾ ਹੈ।

ਸਥਾਪਨਾ:

ਤਰਕ (ਦਲੀਲ), ਦ੍ਰਿਸ਼ਟਾਂਤ, ਪ੍ਰਯੋਗ ਅਤੇ ਨਿਰਣਾ ਦੀ ਪ੍ਰਕਿਰਿਆ ਦੁਆਰਾ ਕਿਸੇ ਪ੍ਰਤਿਗ੍ਯਾ ਨੂੰ ਸਥਾਪਿਤ ਕਰਨਾ। ਜਿਵੇਂ ਨਿਮਨਲਿਖਤ ਤਰਕਵਾਕ,

(ਕ) ਆਤਮਾ ਨਿੱਤ ਹੈ (ਪ੍ਰਤਿਗ੍ਯਾ),
(ਖ) ਕਿਉਂਕਿ ਇਹ ਪੈਦਾ ਨਹੀਂ ਹੁੰਦੀ (ਕਾਰਣ)
(ਗ) ਜਿਸ ਤਰ੍ਹਾ ਆਕਾਸ਼
, ਜੋ ਪੈਦਾ ਨਹੀ ਹੁੰਦਾ ਅਤੇ ਨਿੱਤ ਹੈ (ਦ੍ਰਿਸ਼ਟਾਂਤ)
(ਘ) ਆਤਮਾ ਵੀ ਆਕਾਸ਼ ਵਾਂਗ ਪੈਦਾ ਨਹੀ ਹੁੰਦੀ (ਪ੍ਰਯੋਗ, ਵਰਤੋਂ)
(ਙ) ਇਸ ਲਈ ਆਤਮਾ ਨਿੱਤ ਹੈ (ਨਿਰਣਾ)

ਪ੍ਰਤਿਸਥਾਪਨਾ:

ਵਿਰੋਧੀ ਪ੍ਰਤਿਗ੍ਯਾ ਦੀ ਸਥਾਪਨਾ ਕਰਨਾ, ਜੈਸੇ

(ਕ) ਆਤਮਾ ਅਨਿੱਤ ਹੈ (ਪ੍ਰਤਿਗ੍ਯਾ)
(ਖ) ਕਿਉਂਕਿ ਇਸ ਦਾ ਸੰਗਿਆਨ ਇੰਦ੍ਰੀਆਂ ਰਾਹੀ ਹੁੰਦਾ ਹੈ (ਕਾਰਣ)
(ਗ) ਜਿਸ ਤਰ੍ਹਾ ਇਕ ਘੜਾ
, ਜਿਸ ਦਾ ਸੰਗਿਆਨ ਇੰਦ੍ਰੀਆਂ ਰਾਹੀ ਹੁੰਦਾ ਹੈ, ਅਨਿੱਤ ਹੈ (ਦ੍ਰਿਸ਼ਟਾਂਤ)
(ਘ) ਆਤਮਾ ਵੀ ਘੜੇ ਵਾਂਗ ਇੰਦ੍ਰੀਆਂ ਰਾਹੀ ਸੰਗਿਆਨਤ ਹੈ (ਪ੍ਰਯੋਗ)
(ਙ) ਇਸ ਲਈ ਆਤਮਾ ਅਨਿੱਤ ਹੈ (ਨਿਰਣਾ)।

ਹੇਤੁ:

(ਕਾਰਣ) - ਗਿਆਨ ਦਾ ਸ੍ਰੋਤ ਜਿਸ ਤਰ੍ਹਾ ਕਿ ਪ੍ਰਤੱਖ, ਅਨੁਮਾਨ ਏਤਿਹ੍ਯ (ਪਰੰਪਰਾ) ਅਤੇ ਉਪਮੇਯ (ਤੁਲਨਾ, ਉਪਮਾ)।

ਉਪਨਯ:

ਪ੍ਰਯੋਗ ਜਾਂ ਵਰਤੋਂ (ਦੇਖੋ ਉਪਰਲੀਆਂ ਦੋ ਉਦਾਹਰਣਾਂ, ਸਥਾਪਨਾ ਅਤੇ ਪ੍ਰਤਿਸਤਾਪਨਾ)।

ਨਿਗਮਨ:

ਤਰਕਵਾਕ ਦਾ ਨਤੀਜਾ ਜਾਂ ਸਿੱਧ ਕਰਨ ਵਾਲਾ ਵਾਕ (ਨਿਰਣਾ)।

ਉੱਤਰ:

ਪ੍ਰਤਿ-ਪ੍ਰਤਿਗ੍ਯ, ਪ੍ਰਤਿਸਥਾਪਨਾ ਲਈ ਪੇਸ਼ ਕੀਤੀ ਪ੍ਰਤਿਗ੍ਯਾ।

ਦ੍ਰਿਸ਼ਟਾਂਤ:

ਉਹ ਚੀਜ਼ ਜਿਸ ਬਾਰੇ ਆਮ ਆਦਮੀ ਅਤੇ ਮਾਹਰ ਦੇ ਖਿਆਲਾਂ ਵਿਚ ਸਹਿਮਤੀ ਹੋਵੇ। ਜੈਸੇ, ਇਹ ਕਹਿਣਾ ਕਿ ਅੱਗ ਗਰਮ ਹੁੰਦੀ ਹੈ।

ਸਿਧਾਂਤ:

ਉਹ ਮਤ (ਜਾਂ ਸੱਚ) ਜੋ ਮਾਹਰਾਂ ਦੁਆਰਾ, ਪੁੱਛ-ਪੜਤਾਲ (ਪਰਖ) ਦੇ ਆਧਾਰ ‘ਤੇ ਦਲੀਲ ਦਾ ਸਬੂਤ ਦੇ ਕੇ ਸਥਾਪਤ ਕੀਤਾ ਗਿਆ ਹੋਵੇ। ਸਿਧਾਂਤ ਚਾਰ ਕਿਸਮ ਦਾ ਮੰਨਿਆ ਗਿਆ ਹੈ: (1) ਉਹ ਸੱਚ ਜਿਸ ਨੂੰ ਸਾਰੇ ਸੰਪਰਦਾਇ ਬਰਾਬਰ ਸਵੀਕਾਰ ਕਰਦੇ ਹੋਣ; (2) ਉਹ ਜਿਸ ਨੂੰ ਇਕ ਵਿਸ਼ੇਸ਼ ਸੰਪ੍ਰਦਾਇ ਹੀ ਸਵੀਕਾਰ ਕਰਦਾ ਹੋਵੇ; (3) ਮਨੌਤੀ ਰੂਪ (ਕਲਪਨਾਤਮਕ ਰੂਪ) ਵਿਚ ਹੀ ਸਵੀਕਾਰ ਕੀਤਾ ਹੋਵੇ; (4) ਉਹ ਜੋ ਸੰਕੇਤਾਤਮਕ (ਨਿਹਿਤ) ਰੂਪ ਵਿਚ ਹੀ ਸਵੀਕਾਰ ਕੀਤਾ ਗਿਆ ਹੋਵੇ।

ਸ਼ਬਦ:

ਅੱਖਰਾਂ ਦਾ ਅਰਥਪੂਰਵਕ ਸੁਮੇਲ (ਸੰਜੋਗ) ਸ਼ਬਦਅਖਵਾਉਂਦਾ ਹੈ। ਸ਼ਬਦ ਚਾਰ ਕਿਸਮ ਦਾ ਮੰਨਿਆ ਗਿਆ ਹੈ: (1) ਉਹ ਜੋ ਦ੍ਰਿਸ਼ਟਮਾਨ ਪਦਾਰਥ ਦਾ ਸੰਕੇਤ ਹੋਵੇ, (2) ਉਹ ਜੋ ਅਦ੍ਰਿਸ਼ਟਮਾਨ ਪਦਾਰਥ ਦਾ ਸੰਕੇਤ ਹੋਵੇ, (3) ਉਹ ਜੋ ਵਾਸਤਵਿਕਤਾ ਦੇ ਅਨੁਰੂਪ ਹੋਵੇ, (4) ਉਹ ਜੋ ਵਾਸਤਵਿਕਤਾ ਦੇ ਅਨੁਰੂਪ ਨਾ ਹੋਵੇ।

ਪ੍ਰਤਿਅਕਸ਼:

(ਪ੍ਰਤੱਖ)- ਉਹ ਗਿਆਨ ਜੋ ਪੰਜ ਇੰਦ੍ਰੀਆਂ ਅਤੇ ਮਨ ਦੇ ਸੁਮੇਲ ਦੁਆਰਾ ਪ੍ਰਾਪਤ ਕੀਤਾ ਗਿਆ ਹੋਵੇ। ਸੁੱਖ, ਦੁੱਖ, ਇੱਛਾ, ਅਨਿੱਛਾ, ਆਦਿ ਮਨ ਦਾ ਵਿਸ਼ਾ-ਵਸਤੂ ਹਨ, ਜਦ ਕਿ ਧੁਨੀ (ਆਵਾਜ਼), ਰੰਗ ਆਦਿ ਇੰਦ੍ਰੀਆਂ ਦੇ ਵਿਸ਼ਾ-ਵਸਤੂ ਹਨ।

ਅਨੁਮਾਨ:

ਇਹ ਦਲੀਲ ਪੇਸ਼ ਕਰਨ ਦੀ ਪ੍ਰਕ੍ਰਿਆ ਹੈ ਜੋ ਤੱਤਾਂ ਦੇ ਗਿਆਨ ਦੇ ਆਪਸੀ ਸੰਬੰਧਾਂ ‘ਤੇ ਆਧਾਰਤ ਹੈ। ਜਿਵੇਂ, ਅੱਗ ਦੀ ਮੌਜੂਦਗੀ ਦਾ ਅਨੁਮਾਨ ਧੂਏਂ ਤੋਂ ਲਗਾਇਆ ਜਾਂਦਾ ਹੈ। “ਜਿੱਥੇ ਧੂਆਂ ਹੈ, ਉੱਥੇ ਅੱਗ ਵੀ ਹੈ।“

ਉਪਮ੍ਯ:

(ਤੁਲਨਾ) - ਇਕ ਚੀਜ਼ ਬਾਰੇ ਗਿਆਨ ਜੋ ਦੂਸਰੀ ਚੀਜ਼ ਨਾਲ ਸਮਰੂਪਤਾ ਤੋਂ ਪ੍ਰਾਪਤ ਕੀਤਾ ਗਿਆ ਹੋਵੇ।

ਏਤਿਆਯ:

(ਪਰੰਪਰਾ) - ਗਿਆਨ ਜੋ ਪਰੰਪਰਾ ਦੁਆਰਾ ਪ੍ਰਾਪਤ ਕੀਤਾ ਗਿਆ ਹੋਵੇ।

ਸੰਸ਼ਾ:

(ਸੰਦੇਹ) - ਕਿਸੇ ਕਥਨ ਜਾਂ ਚੀਜ਼ ਤੇ ਸ਼ੱਕ ਕਰਨਾ, ਜਿਵੇਂ ਇਹ ਸਵਾਲ ਕਰਨਾ “ਕੀ ਆਤਮਾ ਦੀ ਹੋਂਦ ਹੈ ਜਾ ਨਹੀ?

ਪ੍ਰਯੋਜਨ:

(ਉਦੇਸ਼) - ਉਹ ਮਨੋਰਥ ਜਿਸ ਦੀ ਪੂਰਤੀ ਲਈ ਕਰਮ ਕੀਤਾ ਜਾਵੇ।

ਵ੍ਯਭਿਚਾਰ:

(ਬਿਭਚਾਰ ਜਾਂ ਅਨਿਸ਼ਚਿਤ) ਉਹ ਕਾਰਣ ਜਾਂ ਹੇਤੁ ਜਿਸ ਵਿਚ ਦੋਸ਼ ਹੋਵੇ ਜਾਂ ਅਨਿਸ਼ਚਿਤ ਹੋਵੇ। ਜੈਸੇ, ਇਹ ਕਹਿਣਾ ਕਿ ਇਹ ਦਵਾਈ ਇਸ ਬੀਮਾਰੀ ਦਾ ਇਲਾਜ ਕਰ ਵੀ ਸਕਦੀ ਹੈ, ਨਹੀ ਵੀ ਕਰ ਸਕਦੀ।

ਜਿਗ੍ਯਾਸਾ:

(ਜਿਗਿਆਸਾ) - ਗਿਆਨ ਪ੍ਰਾਪਤ ਕਰਨ ਦੀ ਲਾਲਸਾ ਜਾਂ ਇੱਛਾ।

ਵਿਵਸਾਇ:

(ਨਿਸ਼ਚਾ) - ਕਿਸੇ ਕਥਨ ਨੂੰ ਨਿਰਧਾਰਿਤ ਕਰਨਾ ਜਾਂ ਦਲੀਲ ਨਾਲ ਕਿਸੇ ਸਿੱਟੇ ਤੇ ਪਹੁੰਚਣਾ। ਜਿਵੇਂ, ਖੰਘ ਖਟਿਆਈ ਖਾਣ ਨਾਲ ਹੁੰਦੀ ਹੈ, ਇਸ ਦਾ ਇਲਾਜ ਖੱਟਾ ਖਾਣ ਤੋਂ ਪ੍ਰਹੇਜ ਕਰਨਾ ਹੈ।

ਅਰਥਪ੍ਰਾਪਤਿ:

ਇਕ ਚੀਜ਼ ਦੇ ਗਿਆਨ ਤੋਂ ਦੂਸਰੀ ਚੀਜ਼ ਦਾ ਕਿਆਸ ਕਰਨਾ (ਉਪਧਾਰਣਾ)। ਜੈਸੇ, ਜਦੋ ਇਹ ਕਿਹਾ ਜਾਵੇ ਕਿ ਕੋਈ ਪੁਰਸ਼ ਦਿਨੇ ਖਾਣਾ ਨਹੀ ਖਾਂਦਾ ਤਾਂ ਇਸ ਦਾ ਭਾਵ ਇਹ ਹੋਇਆ ਕਿ ਉਹ ਰਾਤ ਨੂੰ ਖਾਣਾ ਖਾਂਦਾ ਹੈ।

ਸੰਭਵ:

ਉੱਤਪਤੀ ਦਾ ਮੁੱਖ ਕਾਰਣ। ਉਹ ਜਿਸ ਵਿੱਚੋਂ ਕੋਈ ਚੀਜ਼ ਪੈਦਾ ਹੁੰਦੀ ਹੋਵੇ ਜਾਂ ਉਗਮਦੀ ਹੋਵੇ। ਜੈਸੇ, ਛੇ ਧਾਤੂਆਂ ਦੇ ਸੁਮੇਲ ਤੋਂ ਗਰਭ ਵਿੱਚ ਭਰੂਣ ਦੀ ਉੱਤਪਤੀ ਹੁੰਦੀ ਹੈ।

ਅਨੁਯੋਗ੍ਯ:

ਦੋਸ਼ਾਂ ਭਰਿਆ ਬੋਲ। ਜੈਸੇ, ਕੋਈ ਆਮ ਕਥਨ ਬੋਲਦਾ ਹੈ ਜਦ ਕਿ ਵਿਸ਼ੇਸ਼ ਕਥਨ ਦੀ ਲੋੜ ਹੈ। ਜੈਸੇ, “ਇਸ ਬੀਮਾਰੀ ਦੀ ਦਵਾ ਹੈਕਹਿਣ ਦੀ ਬਜਾਏ ਇਹ ਕਹਿਣ ਦੀ ਜ਼ਰੂਰਤ ਹੈ ਇਸ ਬੀਮਾਰੀ ਦੀ ਦਵਾ ਐਸਪਰਿੰਨ ਹੈ।

ਅਨ-ਅਨੁਯੋਗ੍ਯ:

ਅਨੁਯੋਗ੍ਯ ਦੇ ਉਲਟ (ਵਿਪਰੀਤ) ਕਹਿਣਾ।

ਅਨੁਯੋਗ:

ਇਕ ਪੁਰਸ਼ ਵਲੋਂ ਕਿਸੇ ਵਿਸ਼ੇ ਬਾਰੇ ਪੁੱਛ-ਗਿੱਛ, ਜਿਸ ਵਿਸ਼ੇ ਬਾਰੇ ਉਹ ਜਾਂਚ ਕਰ ਰਿਹਾ ਹੈ। ਜੇ ਕੋਈ ਇਹ ਕਹਿੰਦਾ ਹੈ ਕਿ ‘ਆਤਮਾ ਨਿੱਤ ਹੈ’ ਤਾਂ ਦੂਸਰਾ ਪੁੱਛਦਾ ਹੈ ‘ਇਸ ਦਾ ਕੀ ਕਾਰਣ ਹੈ’ ਤਾਂ ਇਸ ਨੂੰ ਅਨੁਯੋਗ ਕਿਹਾ ਜਾਂਦਾ ਹੈ।

ਪ੍ਰਤਿਅਨੁਯੋਗ:

ਇਕ ਪੁੱਛ-ਗਿੱਛ ਬਾਰੇ ਪੁੱਛ-ਗਿੱਛ ਕਰਨੀ। ਜਿਵੇਂ ਜੇ ਕੋਈ ਕਹੇ ਕਿ “ਆਤਮਾ ਨਿੱਤ ਹੈ ਕਿਉਂਕਿ ਇਸ ਦੀ ਉੱਤਪਤੀ ਨਹੀਂ ਹੁੰਦੀ” ਤਾਂ ਇਸ ਦਾ ਪ੍ਰਤਿਅਨੁਯੋਗ ਹੋਵੇਗਾ, “ਇਸ ਦੀ ਉੱਤਪਤੀ ਕਿਉਂ ਨਹੀ ਹੁੰਦੀ ?”

ਵਾਕ-ਦੋਸ਼:

ਬੋਲਣ ਵਿਚ ਉਣਤਾਈਆਂ (ਖਾਮੀਆਂ, ਤਰੁੱਟੀਆਂ) ਜੋ ਦੱਸੀਆਂ ਗਈਆਂ ਹਨ ਉਹ ਇਸ ਪ੍ਰਕਾਰ ਹਨ:

(ਕ) ਨ੍ਯੂਨਤਾ ਜਾਂ ਘੱਟ ਕਹਿਣਾ। ਇਹ ਉਸ ਵੇਲੇ ਵਾਪਰਦਾ ਹੈ ਜਦ ਕਾਰਣ, ਦ੍ਰਿਸ਼ਟਾਂਤ, ਉਪਨਯ ਜਾਂ ਨਿਗਮਨ ਨੂੰ ਵਾਕ ਵਿਚੋਂ ਨਜ਼ਰਅੰਦਾਜ ਕੀਤਾ ਜਾਂਦਾ ਹੈ, ਅਰਥਾਤ ਸ਼ਾਮਲ ਨਹੀ ਕੀਤਾ ਜਾਂਦਾ। ਇਸ ਤਰ੍ਹਾਂ ਦਾ ਬੋਲ ਜਾਂ ਵਾਕ ਅਧੂਰਾ ਅਤੇ ਨਿਸ਼ਫਲ ਰਹਿ ਜਾਂਦਾ ਹੈ। (ਖ) ਅਤਿਰਿਕਤਾ ਇਹ ਉਦੋ ਵਾਪਰਦਾ ਹੈ ਜਦੋ ਜ਼ਰੂਰਤ ਤੋਂ ਵਾਧੂ ਕਹਿ ਦਿੱਤਾ ਜਾਵੇ। ਇਸ ਵਿਚ ਸ਼ਾਮਲ ਹੈ, (1) ਅਨੁਪਪੱਤਿ”, ਅਰਥਾਤ ਬੇਦਲੀਲੀ ਜਾਂ ਅਸੰਗਤੀ ਬਾਤ ਜਿਸ ਤਰ੍ਹਾਂ ਗੱਲ ਚਲ ਰਹੀ ਹੋਵੇ ‘ਆਤਮਾ ਦੀ ਨਿੱਤਤਾ’ ਦੀ ਅਤੇ ਕੋਈ ਪੁਰਸ਼ ਗੱਲ ਛੇੜ ਦੇਵੇ ‘ਰਾਜਨੀਤੀ’ ਦੀ; (ਗ) ਆਵ੍ਰਿਤੀ, ਕਿਸੇ ਗੱਲ ਨੂੰ ਵਾਰੰਵਾਰ ਕਹੀ ਜਾਣਾ ਜਾਂ ਉਸ ਦਾ ਅਰਥ ਬਾਰ ਬਾਰ ਕਹੀ ਜਾਣਾ (ਦੁਹਰਾਉਣਾ)। ਜਿਵੇਂ ਕੋਈ ਕਹੇ ਭੈਸਜ੍ਯ (ਭੈਸਜ, ਭੇਖਜ, ਭੇਸ਼ਜ), ਸਾਧਨਾ, ਔਸ਼ਧ ਆਦਿ ਜੋ ਸਾਰੇ ਦਵਾ ਦੇ ਹੀ ਸੂਚਕ ਹਨ (ਜਿਨ੍ਹਾਂ ਸਾਰਿਆ ਦਾ ਅਰਥ ਰੋਗ ਦੂਰ ਕਰਨਾ ਹੀ ਹੈ); (ਘ) ਨਿਰਰਥਕ, ਮਤਲਬ ਬੇਅਰਥਤਾ ਜਿਸ ਵਿਚ ਬਗੈਰ ਮਤਲਬ ਅੱਖਰਾਂ ਨੂੰ ਜੋੜਿਆ ਗਿਆ ਹੋਵੇ;
(
ਙ) ਅਸੰਗਤ, ਅੱਖਰਾਂ ਦਾ ਉਹ ਸੁਮੇਲ ਜਿਸ ਦਾ ਕੋਈ ਅਰਥ ਨਾ ਨਿਕਲਦਾ ਹੋਵੇ, ਜਿਵੇਂ ਕ ਖ ਗ ਘ, ਣ ਆਦਿ;
(ਚ)
ਵਿਰੋਧ, ਕਿਸੇ ਸਿਧਾਂਤ, ਮਤ, ਜਾਂ ਮੌਕੇ ਵਿਰੁਧ ਕਿਹਾ ਗਿਆ ਬੋਲ। 

ਵਾਕ-ਪ੍ਰਸ਼ੰਸਾ:

ਜਦੋ ਕੋਈ ਬੋਲ ਕਿਸੇ ਕਮੀ ਤੋਂ ਮੁਕਤ ਹੋਵੇ, ਜਿਸ ਵਿਚ ਸੂਚਕ ਸ਼ਬਦਾਂ ਦੀ ਭਰਮਾਰ ਹੋਵੇ, ਅਤੇ ਜਿਸ ਨੂੰ ਸ੍ਰੇਸ਼ਟ ਨਿਪੁੰਨ ਅਤੇ ਸ਼ਲਾਘਾਯੋਗ ਕਹਿ ਕੇ ਸਲਾਹਿਆ ਜਾਵੇ।

ਛਲ:

ਉਹ ਬੋਲ ਜਿਸ ਵਿਚ ਸਿਰਫ ਚਲਾਕੀ ਅਤੇ ਹੇਰ ਫੇਰ ਭਰੇ ਸ਼ਬਦਾਂ ਦੀ ਹੀ ਭਰਮਾਰ ਹੋਵੇ। ਇਸ ਨੂੰ ਦੋ ਪ੍ਰਕਾਰ ਦੇ ਮੰਨਿਆ ਗਿਆ ਹੈ: (1) ਸ਼ਬਦਾਂ ਦਾ ਛਲ, ਜੈਸੇ ਕੋਈ ਪੁਰਸ਼ ਨਵਤੰਤਰ ਸ਼ਬਦ ਦੀ ਵਰਤੋਂ ਇਹ ਕਹਿਣ ਲਈ ਕਰਦਾ ਹੈ ਉਹ ਨੌਂ ਤੰਤਰਾਂ ਦਾ ਮਾਹਰ ਹੈ ਜਦ ਕਿ ਉਹਦਾ ਭਾਵ ਇਹ ਕਹਿਣ ਤੋਂ ਹੈ ਕਿ ਤੰਤਰ ਉਸ ਨੇ ਨਵੇਂ ਨਵੇਂ ਹੀ ਪੜ੍ਹੇ ਹਨ; (2) ਵਿਆਪਕਤਾ ਦਾ ਛਲ, ਜਿਸ ਤਰ੍ਹਾ ਕਿ ਇਹ ਕਿਹਾ ਜਾਵੇ ਕਿ ਦਵਾਈ ਜੋ ਸਿਰਦਰਦ ਦਾ ਹੀ ਇਲਾਜ ਹੈ, ਉਹ ਕੈਂਸਰ ਦਾ ਵੀ ਇਲਾਜ ਹੋ ਸਕਦੀ ਹੈ ਕਿਉਂਕਿ ਸਿਰਦਰਦ ਅਤੇ ਕੈਂਸਰ ਦੋਨੋ ਬੀਮਾਰੀਆ ਹੀ ਹਨ।

ਅਹੇਤੁ:

(ਅਕਾਰਣ) - ਅਹੇਤੁ ਤਿੰਨ ਪ੍ਰਕਾਰ ਦਾ ਮੰਨਿਆ ਗਿਆ ਹੈ: (1) ਪ੍ਰਕਰਣ-ਸਮ, ਉਹ ਜਿਸਨੂੰ ਕਿ ਸਾਬਤ ਕਰਨਾ ਹੈ, ਇਕ ਕਾਰਣ ਮੰਨ ਲਿਆ ਜਾਂਦਾ ਹੈ। ਜੈਸੇ ‘ਆਤਮਾ ਨਿੱਤ ਹੈ ਕਿਉਂਕਿ ਇਹ ਸਰੀਰ ਤੋਂ ਭਿੰਨ ਹੈ’: ਸਰੀਰ ਅਨਿੱਤ ਹੈ, ਅਤੇ ਆਤਮਾ ਸਰੀਰ ਤੋਂ ਭਿੰਨ ਹੋਣ ਕਰਕੇ ਨਿੱਤ ਹੋਣੀ ਜ਼ਰੂਰੀ ਹੈ; (2) ਸੰਸ਼ਾ-ਸਮ, ਇਹ ਅਹੇਤੁ ਉਸ ਵੇਲੇ ਪੈਦਾ ਹੁੰਦਾ ਹੈ ਜਦੋ ਉਹ ਚੀਜ਼ ਜੋ ਸ਼ੰਕਾ ਦਾ ਕਾਰਣ ਹੁੰਦੀ ਹੈ, ਉਸਨੂੰ ਸ਼ੰਕਾ ਦੂਰ ਕਰਨ ਵਾਲੀ ਮੰਨ ਲਿਆ ਜਾਵੇ (ਧਾਰ ਲਿਆ ਜਾਵੇ), ਜਿਵੇਂ ਜਿਸ ਪੁਰਸ਼ ਨੇ ਸਿਹਤਵਿਗਿਆਨ ਦਾ ਸਿਰਫ ਇਕ ਅੰਗ ਹੀ ਪੜ੍ਹਿਆ ਹੋਵੇ, ਉਸ ਨੂੰ ਵੈਦ (ਡਾਕਟਰ) ਮੰਨ ਲਿਆ ਜਾਵੇ। ਇਹ ਪ੍ਰਕਰਣ-ਸਮ ਦਾ ਦੂਸਰਾ ਰੂਪ ਹੈ; (3) ਵਰਣ-ਸਮ, ਇਹ ਉਦੋਂ ਵਾਪਰਦਾ ਹੈ ਜਦੋ ਉਦਾਹਰਣ, ਵਿਸ਼ਾ-ਵਸਤੂ ਤੋਂ ਅਲਗ ਨਾ ਹੋਵੇ, ਜਦੋ ਦੋਨਾ ‘ਤੇ ਪ੍ਰਸ਼ਨ ਉਠਾਇਆ ਗਿਆ ਹੋਵੇ, ਜਿਵੇਂ ‘ਬੁੱਧੀ ਅਨਿੱਤ ਹੈ, ਕਿਉਂਕਿ ਇਹ ਸਾਕਾਰਾਤਮਕ ਹੈ, ਧੁਨੀ (ਆਵਾਜ਼) ਦੀ ਤਰ੍ਹਾ।‘ ਇਥੇ ਬੁੱਧੀ ਦੀ ‘ਨਿੱਤਤਾ’ ਉਤਨੀ ਹੀ ਵਿਵਾਦਪੂਰਣ ਹੈ ਜਿੰਨੀ ਕਿ ਧੁਨੀ ਦੀ।

ਅਤੀਤ-ਕਾਲ:

(ਗਲਤ ਸਮੇ) - ਇਹ ਉਹ ਦੋਸ਼ (ਗਲਤੀ, ਭੁਲੇਕਾ) ਹੈ ਜੋ ਉਦੋ ਵਾਪਰਦਾ ਹੈ (ਉਗਮਦਾ ਹੈ ਜਾਂ ਪੈਦਾ ਹੁੰਦਾ ਹੈ) ਜਦ ਪਹਿਲਾਂ ਕਹਿਣ ਵਾਲੀ ਚੀਜ਼ ਨੂੰ ਬਾਅਦ ਵਿਚ ਕਿਹਾ ਜਾਵੇ, ਭਾਵ ਵਕਤ ਸਿਰ ਨਾ ਕਿਹਾ ਜਾਵੇ।

ਉਪਾਲੰਭ:

(ਉਲਾਂਭਾ, ਆਰੋਪਣ ਜਾਂ ਊਜ) ਪੋਸ਼ ਕੀਤੇ ਕਾਰਣਾਂ ਉਪਰ ਊਣਤਾਈ ਥੱਪਣਾ।

ਪਰਿਹਾਰ:

(ਦੋਸ਼ ਦੂਰ ਕਰਨ ਦੀ ਕਿਰਿਆ ਜਾਂ ਤਿਆਗ, ਖੰਡਨ, ਤਰਦੀਦ [ਮਹਾਨ ਕੋਸ਼]) - ਦੋਸ਼ ਤੋ ਬਚਣ ਦੀ ਕਿਰਿਆ। ਇਹ ਉਦੋਂ ਵਾਪਰਦਾ ਹੈ ਜਦੋ ਦੋਸ਼ ਨੂੰ ਸਹੀ ਕੀਤਾ ਜਾਵੇ ਜਾਂ ਸੁਧਾਰਿਆ ਜਾਵੇ। ਜਿਵੇਂ, ਜਦੋ ਆਤਮਾ ਸਰੀਰ ਵਿਚ ਹੁੰਦੀ ਹੈ ਤਾਂ ਸਰੀਰ ਜੀਉਂਦਾ ਹੈ, ਪ੍ਰੰਤੁ ਜਦੋ ਆਤਮਾ ਚਲੀ ਜਾਂਦੀ ਹੈ ਤਾਂ ਸਰੀਰ ਵਿਚ ਕੋਈ ਜਾਨ ਨਹੀ ਹੁੰਦੀ, ਇਸ ਲਈ ਆਤਮਾ ਸਰੀਰ ਨਾਲੋ ਵੱਖਰੀ ਹੈ।

ਪ੍ਰਤਿਗ੍ਯ-ਹਾਨਿ:

(ਪ੍ਰਤਿਗ੍ਯ ਨਿਆਇਸ਼ਾਸਤਰ ਵਿਚ ਪੰਚਾਵਯਵ ਦਾ ਪਹਿਲਾ ਵਾਕ੍ਯ) ਇਹ ਉਦੋਂ ਵਾਪਰਦਾ ਹੈ ਜਦੋ ਇਕ ਵਿਵਾਦੀ, ਸਖ਼ਤ ਵਿਰੋਧ ਦੀ ਸਥਿਤੀ ਵਿਚ ਆਪਣਾ ਪ੍ਰਸਤਾਵ (ਪ੍ਰਤਿਗ੍ਯ) ਤਿਆਗ ਦਿੰਦਾ ਹੈ।

ਅਭਿਨੁਗਿਆ:

 

(ਸਵੀਕਾਰ ਕਰਨਾ ਜਾਂ ਮੰਨਣਾ) - ਇਕ ਪੁਰਸ਼ ਰਾਹੀਂ ਉਹ ਸਵੀਕਾਰ ਕਰ ਲੈਣਾ ਜਿਹੜਾ ਉਸ ਦੇ ਵਿਰੋਧੀ ਨੇ ਉਸ ਦੇ ਸਿਰ ਮੜ੍ਹਿਆ (ਲਾਇਆ) ਹੋਵੇ, ਭਾਵੇਂ ਉਹ ਚੰਗਾ ਹੋਵੇ ਜਾਂ ਮਾੜਾ। ਜੈਸੇ, ਇਕ ਵਿਵਾਦੀ ਕਹੇ, “ਤੂੰ ਚੋਰ ਹੈਵਿਰੋਧੀ ਉੱਤਰ ਦੇਵੇ ਤੂੰ ਵੀ ਤਾਂ ਚੋਰ ਹੈਇਸ ਜਵਾਬ ਵਿਚ ਵਿਰੋਧੀ ਇਸ ਊਜ ਨੂੰ ਸਵੀਕਾਰਦਾ ਹੈ।

ਹੇਤਵੰਤਰ:

(ਕਾਰਨ ਨੂੰ ਬਦਲਣਾਂ) - ਇਹ ਉਦੋਂ ਵਾਪਰਦਾ ਹੈ ਜਦੋ ਕੋਈ ਸਹੀ ਅਤੇ ਅਨੁਕੂਲ ਕਾਰਣ ਪੇਸ਼ ਕਰਨ ਦੀ ਬਜਾਇ ਕੋਈ ਅਲਗ ਕਾਰਣ ਪੇਸ਼ ਕਰੇ। ਇਕ ਕਿਸਮ ਦਾ ਬਹਾਨਾ ਪੇਸ਼ ਕਰਨਾ।

ਅਰਥਾਂਤਰ:

(ਵਿਸ਼ੇ ਨੂੰ ਬਦਲਣਾਂ) - ਇਕ ਪੁਰਸ਼ ਵਲੋਂ ਵਿਸ਼ਾ ਬਦਲਣ ਦੀ ਕੋਸ਼ਿਸ਼। ਜੈਸੇ ਗੱਲ ਚਲ ਰਹੀ ਹੋਵੇ ਚੀਚਕ ਦੀ ਅਤੇ ਲੱਛਣ ਦੱਸੇ ਜਾਣ ਤਪਦਿਕ ਦੇ।

ਨਿਗ੍ਰਹਸਥਾਨ:

ਚਰਚਾ ਕਰਦੇ ਜੇ ਇਕ ਪੱਖ ਦਾ ਆਦਮੀ ਕੋਈ ਅਜੇਹੀ ਬਾਤ ਕਹਿ ਦੇਵੇ, ਜੋ ਦਲੀਲ (ਯੁਕਤਿ) ਦੇ ਵਿਰੁੱਧ ਹੋਵੇ ਜਾਂ ਕਹਿਣ ਵਾਲੇ ਦੇ ਪੱਖ ਨੂੰ ਖੰਡਨ ਕਰਕੇ ਦੂਜੇ ਦੇ ਪੱਖ ਨੂੰ ਸਿੱਧ ਕਰਦੀ ਹੋਵੇ, ਤਦ ਪ੍ਰਤਿਪਕਸ਼ੀ (ਪ੍ਰਤਿਪੱਖੀ) ਝਟ ਉਸ ਗਲ ਨੂੰ ਮੁੱਖ ਰੱਖ ਕੇ ਬੋਲਣ ਵਾਲੇ ਦਾ ਮੁੰਹ ਬੰਦ ਕਰ ਦਿੰਦਾ ਹੈ।

ਆਨਵਿਕਸ਼ਿਕੀ ਬਾਰੇ ਪ੍ਰਤਿਕਿਰਿਆ (ਵਿਰੋਧ ਅਤੇ ਸਤਿਕਾਰ)

ਕਿਉਂਕਿ ਆਨਵੀਕਸ਼ਿਕੀ (ਹੇਤੁ-ਸ਼ਾਸਤਰ ਜਾਂ ਤਰਕ-ਵਿਦਿਆ) ਵਿਧੀ ਦਾ ਮੁੱਖ ਮੰਤਵ, ਆਮ ਵਿਸ਼ਵਾਸਾਂ, ਪਰੰਪਾਗਤ ਧਾਰਣਾਵਾਂ - ਜੋ ਵੇਦ ਅਤੇ ਹੋਰ ਧਰਮ-ਗ੍ਰੰਥਾਂ ਦੁਆਰਾ ਸਥਾਪਤ ਕੀਤੀਆਂ ਗਈਆਂ ਸਨ - ਨੂੰ ਆਲੋਚਨਾਤਮਕ ਦ੍ਰਿਸ਼ਟੀ ਨਾਲ ਪਰਖਣਾ ਅਤੇ ਉਨ੍ਹਾਂ ਦੀ ਵੈਧਤਾ (ਪ੍ਰਮਾਣਕਤਾ) ਉੱਪਰ ਤਾਰਕਿਕ ਪ੍ਰਸ਼ਨਾਂ ਰਾਹੀਂ ਛਾਣਬੀਣ ਕਰਨਾ ਸੀ, ਇਸ ਲਈ ਇਸ ਨੂੰ ਸਥਾਪਤ ਬ੍ਰਹਮਣਵਾਦ ਵਲੋਂ ਵਿਆਪਕ ਤੌਰ ਤੇ ਨਾਮਨਜ਼ੂਰ ਕੀਤਾ ਗਿਆ ਅਤੇ ਇਸ ਦੀ ਬੁੱਧੀਗਤ ਪੱਧਰ ਤੇ ਹਰ ਖੇਤ੍ਰ ਵਿਚ ਸਖਤ ਵਿਰੋਧਤਾ ਕੀਤੀ ਗਈ। ਇਸ ਲਈ ਇਸ ਵਿਚ ਕੋਈ ਹੈਰਤ (ਹੈਰਾਨੀ) ਵਾਲੀ ਗਲ ਨਹੀ ਕਿ ਆਨਵੀਕਸ਼ਿਕੀ ਦੇ ਪੈਰੋਕਾਰਾਂ (ਅਨੁਯਾਈਆਂ) ਨੂੰ ਅਤੇ ਇਸ ਦੇ ਸਮਰਥਕਾਂ ਨੂੰ ਵੇਦ-ਨਿੰਦਕਕਹਿ ਕੇ ਧਾਰਮਕ ਸਭਾਵਾਂ ਵਿਚੋਂ ਬਰਖਾਸਤ ਕਰਨ ਦੀਆਂ ਹਰ ਕੋਸ਼ਿਸ਼ਾਂ ਕੀਤੀਆਂ ਗਈਆਂ। ਰਿਸ਼ੀ ਵਾਲਮੀਕਿ ਵੀ ਆਪਣੇ ਮਹਾਂ-ਕਾਵਿ ਰਮਾਇਣ ਵਿਚ ਆਨਵੀਕਸ਼ਿਕੀ ਅਨੁਆਈਆਂ ਨੂੰ 'ਦੁਰਬੁੱਧੀ ਲੋਕ' ਕਹਿ ਕੇ ਭੰਡਦੇ ਹਨ, ਅਤੇ ਕਹਿੰਦੇ ਹਨ ਕਿ ਇਹ ਧਰਮਸ਼ਾਸਤਰਾਂ ਦਾ ਮਾਰਗ ਛੱਡ ਕੇ ਲੋਕਾਇਤ (ਪਦਾਰਥਵਾਦ, ਚਾਰਵਾਕ) ਦੇ ਰਾਹ ਤੇ ਭਟਕਦੇ ਫਿਰਦੇ ਹਨ (ਵਿਦਿਆਭੂਸ਼ਣ, ਪੰਨਾ 36):

ਧਰਮਸ਼ਾਸਰੇਸ਼ੁ ਮੁੱਖੇਸ਼ੁ ਵਿਧਾਮਨੇਸ਼ੁ ਦੁਰਬੁੱਧਾ।
ਬੁੱਧੀਮਾਨਵੀਕਸ਼ਿਕਮ ਪ੍ਰਾਪਯ ਨਿਰਰਥ ਪ੍ਰਵਦਿਤ ਤੇ ॥
ਅਯੁਧਿਆ ਕਾਂਡ 2-100-39॥

ਇਸੇ ਪ੍ਰਸੰਗ (ਮਨੋਭਾਵ) ਵਿਚ ਮਹਾਂਭਾਰਤ ਵਿਚ ਇਕ ਪਸ਼ਚਾਤਾਪੀ ਬ੍ਰਹਮਣ ਦਾ ਜ਼ਿਕਰ ਵੀ ਆਉਂਦਾ ਹੈ ਜਿਸ ਨੂੰ ਤਰਕ-ਵਿਦਿਆ ਦਾ ਆਦੀ ਦੱਸਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਉਹ ਵੇਦ-ਸ਼ਾਸਤਰਾਂ ਤੋਂ ਇਤਨਾ ਦੂਰ ਜਾ ਚੁੱਕਾ ਸੀ ਕਿ ਉਸ ਨੂੰ, ਦੰਡ ਵਜੋਂ ਅਗਲੇ ਜਨਮ ਵਿਚ ਸ਼੍ਰਿਗਾਲ (ਗਿੱਦੜ) ਦੀ ਜੂਨ ਭੁਗਤਣੀ ਪਈ। ਇੱਥੋਂ ਤੱਕ ਕਿ ਇਸ ਦੇ ਬਾਨੀ, ਗੌਤਮ, ਨੂੰ ਗੋ-ਤਮਾ” (ਗੋ ਗਊ, ਤਮਾ ਅੰਧੇਰਾ) ਅਰਥਾਤ ਮੰਦ-ਬੁੱਧੀ ਵਾਲਾ ਡੰਗਰ ਦੱਸਿਆ ਗਿਆ।

ਪਰ ਇਸ ਵਿਰੋਧਤਾ ਦੇ ਨਾਲ ਨਾਲ ਅਣਗਿਣਤ ਬੁੱਧਜੀਵੀ ਸਭਾਵਾਂ ਵਿਚ ਇਸ ਨੂੰ ਉੱਚ ਦਰਜੇ ਦਾ ਸਤਿਕਰ ਵੀ ਪ੍ਰਾਪਤ ਸੀ। ਇਸ ਤਰ੍ਹਾਂ ਦੇ ਰਿਸ਼ੀ-ਮੁਨੀ ਵੀ ਸਨ ਜੋ ਸੱਚ ਦੀ ਪ੍ਰਾਪਤੀ ਲਈ ਤਰਕਸ਼ਾਸਤਰ ਦੀ ਵੱਡਮੁੱਲੀ ਦੇਣ ਨੂੰ ਚੰਗੀ ਤਰ੍ਹਾ ਪਛਾਣਦੇ ਸਨ। ਇਸ ਦੀ ਮਹੱਤਤਾ ਇਤਨੀ ਸਮਝੀ ਜਾਂਦੀ ਸੀ ਕਿ ਰਾਜਿਆਂ ਲਈ ਇਸ ਦੀ ਸਿਖਿਆ ਲਾਜ਼ਮੀ ਮੰਨੀ ਜਾਣ ਲੱਗੀ ਕਿਉਂਕਿ ਨਿਆਂ-ਵਿਵਸਥਾ ਅਤੇ ਰਾਜ-ਪ੍ਰਬੰਧ ਲਈ ਤਰਕ ਦੀ ਉਪਯੋਗਤਾ ਨੂੰ ਸਰਬੋਤਮ ਦਰਜਾ ਹਾਸਲ ਸੀ। ਇਥੋਂ ਤੱਕ ਕਿ ਮਨੁ ਆਪਣੀ ਰਚਨਾ ਮਨੁ-ਸੰਹਿਤਾ ਵਿਚ ਇਹ ਸਵੀਕਾਰ ਕਰਦੇ ਹਨ ਕਿ ਧਰਮ (ਪਵਿਤ੍ਰ ਨਿਯਮ) ਨੂੰ ਤਰਕ ਦੁਆਰਾ ਸਥਾਪਿਤ ਕਰਨਾ ਚਾਹੀਦਾ ਹੈ, ਪ੍ਰੰਤੁ ਇਸ ਦੇ ਨਾਲ ਨਾਲ ਉਹ ਇਹ ਵੀ ਕਹਿੰਦੇ ਹਨ ਕਿ ਤਰਕ ਨੂੰ ਵੇਦ-ਗ੍ਰੰਥਾਂ ਦਾ ਵਿਰੋਧ ਨਹੀ ਕਰਨਾ ਚਾਹੀਦਾ। ਉਹ ਆਨਵੀਕਸ਼ਿਕੀ ਦੀ ਵਿਦਿਆ ਨੂੰ ਰਾਜਿਆਂ ਲਈ ਰਾਜ-ਪ੍ਰਬੰਧ ਚਲਾਉਣ ਲਈ ਜ਼ਰੂਰੀ ਸਮਝਦੇ ਹਨ ਅਤੇ ਇਹ ਵੀ ਸਿਫਾਰਸ਼ ਕਰਦੇ ਹਨ ਕਿ ਰਾਜ ਸਭਾਵਾਂ ਵਿਚ ਤਾਰਕਿਕਾਂ (ਤਰਕ ਦੇ ਮਾਹਰਾਂ) ਦਾ ਸ਼ਾਮਲ ਹੋਣਾ ਅਨਿਵਾਰੀ ਹੈ। ਰਿਸ਼ੀ ਕੌਟਿਲਿਆ ਆਪਣੇ ਗ੍ਰੰਥ ਅਰਥਸ਼ਾਸਤਰਵਿਚ ਆਨਵੀਕਸ਼ਿਕੀ ਨੂੰ ਸਰਵ ਸ਼ਾਸਤਰਾਂ ਦਾ ਦੀਪ (ਚਿਰਾਗ), ਸਭ ਕਿਰਿਆਵਾਂ ਦਾ ਸ੍ਰੋਤ, ਅਤੇ ਸਭ ਨੇਕੀਆਂ (ਸਦਗੁਣਾਂ) ਦਾ ਸਦੀਵੀ ਆਸਰਾ ਮੰਨਦੇ ਹਨ (ਵਿਦਿਆਭੂਸ਼ਣ, ਪੰਨਾ 3):

ਪ੍ਰਦੀਪ: ਸ੍ਰਵਵਿਦਿਆਨਾਸੁਪਾਯ: ਸ੍ਰਵਕਰਮਣਾਮ੍।
ਆਸ਼੍ਰਯ: ਸ੍ਰਵਧਰਮਾਣਾਨ ਸ਼ਰਦਾਨਵੀਕਸ਼ਿਕੀ ਮਤਾ॥ (ਅਰਥਸ਼ਾਸਤਰ)

ਅਧੁਨਿਕ ਵਿਗਿਆਨਕ ਵਿਚਾਰਧਾਰਾ ਵਿਚ ਵੀ ਤਕਰਸ਼ਾਸਤਰ ਨੂੰ ਸਰਵ-ਸ਼ਾਸਤਰਾਂ ਦਾ ਸ਼ਾਸਤਰ, ਸਭ ਵਿਗਿਆਨਾਂ ਦਾ ਵਿਗਿਆਨ ਕਿਹਾ ਜਾਂਦਾ ਹੈ।

ਯਾਗਵਲਕਿਆ (ਯਾਗ੍ਯਵਲਕ੍ਯ) ਤਰਕਸ਼ਾਸਤਰ ਨੂੰ ਨਿਆਇਦੇ ਨਾਮ ਨਾਲ ਚੌਦਾਂ ਮੁੱਖ ਸ਼ਾਸਤਰਾਂ ਵਿਚ ਗਿਣਦੇ ਹਨ ਅਤੇ ਰਿਸ਼ੀ ਵੇਦ ਵਿਆਸ ਵੀ ਮੰਨਦੇ ਹਨ ਕਿ ਆਨਵੀਕਸ਼ਿਕੀ ਦੀ ਮਦਦ ਨਾਲ ਉਨ੍ਹਾਂ ਨੇ ਉਪਨਿਸ਼ਦਾਂ ਨੂੰ ਸਫਲਤਾਪੂਰਵਕ ਵਰਗਬੱਧ ਕੀਤਾ। ਹੌਲੀ ਹੌਲੀ ਤਰਕ ਦੀ ਮਹੱਤਤਾ ਇਤਨੀ ਵਧੀ ਕਿ ਇਸ ਨੂੰ (ਨਿਆਇਵਿਦਿਆ ਨੂੰ) ਵੇਦਾਂ ਦੇ ਬਰਾਬਰ ਬ੍ਰਹਮਾ ਦੇ ਮੁੱਖ ਚੋਂ ਪੈਦਾ ਹੋਈ ਕਿਹਾ ਜਾਣ ਲਗ ਪਿਆ। ਨਿਆਇਸ਼ਾਸਤਰ ਦੇ ਰੂਪ ਵਿਚ ਤਰਕਵਿਦਿਆ ਦਾ ਅਧਿਐਨ ਦੂਰ ਦੂਰ ਤੱਕ ਫੈਲਿਆ ਅਤੇ ਵਿਸਤ੍ਰਿਤ ਹੋਇਆ। ਇੱਥੋਂ ਤੱਕ ਕਿ ਅਧਿਆਤਮਕ ਅਤੇ ਈਸ਼ਵਰਵਾਦ ਦੇ ਵਿਸ਼ਿਆਂ ਵਿਚ ਵੀ ਇਸ ਨੂੰ ਵਿਸੇਸ਼ ਮਾਨਤਾ ਮਿਲੀ। ਮਹਾਂਭਾਰਤ ਵਿਚ ਇਸ ਦਾ ਜ਼ਿਕਰ ਥਾਂ ਥਾਂ ਮਿਲਦਾ ਹੈ। ਇਹ ਸਵੈ-ਪ੍ਰਤੱਖ ਹੈ ਕਿ ਤਰਕਵਾਦ ਅਤੇ ਇਸ ਦੀ ਪ੍ਰਯੋਗਤਾ ਭਾਰਤੀ ਦਾਰਸ਼ਨਿਕ ਅਤੇ ਵਿਗਿਆਨਕ ਪਰੰਪਰਾ ਵਿਚ ਸਥਾਈ ਤੌਰ ਤੇ ਜੰਮ ਚੁੱਕੀ ਸੀ। ਮਹਾਂਭਾਰਤ ਵਿਚ ਨਿਆਇ  ਦਾ ਵਰਣਨ ਚਿਕਿਤਸਾ (ਸਿਹਤ ਵਿਗਿਆਨ) ਦੇ ਸੰਦਰਭ (ਪ੍ਰਸੰਗ) ਵਿਚ ਵੀ ਕਾਫੀ ਆਉਂਦਾ ਹੈ ਅਤੇ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਰਿਸ਼ੀ ਕੱਸਪ (ਕਸ਼੍ਯਪ) ਦੇ ਆਸ਼ਰਮ ਵਿਚ ਨਿਆਇ-ਤਤਵ  ਦੇ ਮਾਹਰਾਂ ਦੀ ਭਰਮਾਰ ਹਮੇਸ਼ਾਂ ਬਣੀ ਰਹਿੰਦੀ ਸੀ। ਇਸੇ ਮਹਾਂਕਾਵਿ ਵਿਚ ਇਹ ਵੀ ਕਿਹਾ ਗਿਆ ਹੈ ਕਿ ਯੁਧਿਸ਼ਟਰ ਦੇ ਯਗ੍ਯ (ਹਵਨ) ਕਰਨ ਵਾਲੇ ਸਥਾਨ ਤੇ ਹੇਤੁਵਾਦੀਆਂ ਦੇ ਆਪਸੀ ਵਿਚਾਰ-ਵਿਮਰਸ਼ ਆਮ ਹੋਇਆ ਕਰਦੇ ਸਨ।

ਉਪਰੋਕਤ ਸੰਖੇਪ ਜਿਹੇ ਸਰਵੇਖਣ ਤੋਂ ਇਹ ਸਪੱਸ਼ਟ ਹੈ ਕਿ ਈਸਵੀ ਸੰਨ ਦੀ ਪਹਿਲੀ ਸਦੀ ਤੱਕ ਆਨਵੀਕਸ਼ਿਕੀ ਦੀ ਵਿਰੋਧਤਾ ਕਾਫੀ ਹੱਦ ਤੱਕ ਖਤਮ ਹੋ ਚੁੱਕੀ ਸੀ ਅਤੇ ਇਸ ਨੂੰ ਨਿਆਇ-ਸ਼ਾਸਤਰ ਦੇ ਰੂਪ ਵਿਚ ਪੂਰਨ ਤੌਰ ਤੇ ਸਵੀਕਾਰ ਕਰ ਲਿਆ ਗਿਆ ਸੀ। ਇਸ ਸਵੀਕਾਰਤਾ ਦਾ ਮੁੱਲ ਜੋ ਦੇਣਾ ਪਿਆ ਉਹ ਇਹ ਸੀ ਕਿ ਨਿਆਇ-ਸ਼ਾਸਤਰ ਨੇ ਵੇਦਾਂ ਦੀ ਪ੍ਰਮਾਣਕਤਾ ਨੂੰ ਮੰਨਿਆ ਅਤੇ ਉਨ੍ਹਾ ਵਿਚ ਦਿੱਤੇ ਉਪਦੇਸ਼ਾਂ ਨੂੰ ਬਿਨਾ ਸਵਾਲ ਉਠਾਏ ਸਵੀਕਾਰ ਕੀਤਾ। ਇਸ ਤੋਂ ਬਾਅਦ (ਅਰਥਾਤ ਪਹਿਲੀ ਈਸਵੀ ਤੋਂ ਅੱਗੇ) ਨਿਆਇਸ਼ਾਸਤਰ ਦੀ ਉਚਿਤਤਾ (ਵੈਧਤਾ) ਨੂੰ ਕਿਸੇ ਵਿਚਾਰਧਾਰਾ ਵਲੋਂ ਵੀ ਚਣੌਤੀ ਦਾ ਸਾਹਮਣਾ ਨਹੀ ਕਰਨਾ ਪਿਆ। ਬਲਕਿ ਇਸ ਦੇ ਉਲਟ (ਪ੍ਰਤਿਕੂਲ) ਹਰ ਦਾਰਸ਼ਨਿਕ ਸੰਪ੍ਰਦਾਇ (ਸ਼ੈਲੀ) ਨੇ ਇਸ ਨੂੰ ਅਪਣਾਇਆ ਅਤੇ ਬੇਹੱਦ ਪ੍ਰਫੁੱਲਤ ਕੀਤਾ। ਅੱਗੇ ਚਲ ਕੇ ਅਸੀਂ ਇਨ੍ਹਾਂ ਸੰਪ੍ਰਦਾਇਆਂ ਦੀ ਦੇਣ ਦਾ ਮੁਤਾਲਿਆ ਵਿਸਤਾਰਪੂਰਵਕ ਕਰਾਂਗੇ।

 ਅਗਲੀ ਕਿਸ਼ਤ ਵਿਚ ਅਸੀ ਨਿਆਇ-ਸ਼ਾਸਤਰ ਬਾਰੇ ਚਰਚਾ ਕਰਾਂਗੇ।

  ... ਚਲਦਾ 

 

25/01/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com