ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਨਿਆਇ-ਸ਼ਾਸਤਰ (1)

ਈਸਵੀ ਸਨ ਦੀ ਪਹਿਲੀ ਸਦੀ ਤੱਕ ਜੋ ਤਰਕ ਵਿਦਿਆ ਆਨਵੀਕਸ਼ਿਕੀ, ਹੇਤੁ-ਸ਼ਾਸਤਰ ਜਾਂ ਤਰਕ-ਵਿਦਿਆ  ਦੇ ਨਾਮ ਨਾਲ ਜਾਣੀ ਜਾਂਦੀ ਸੀ, ਉਹ ਇਸ ਸਮੇ ਤੱਕ ਨਿਆਇ-ਸ਼ਾਸਤਰ  ਦੇ ਨਾਮ ਥੱਲੇ ਪੂਰੀ ਤਰ੍ਹਾਂ ਸਥਾਪਤ ਹੋ ਚੁੱਕੀ ਸੀ। ਤਰਕ ਵਿਦਿਆ ਦੇ ਪ੍ਰਸਾਰ ਦਾ ਇਹ ਦੂਸਰਾ ਦੌਰ ਸੀ। ‘ਨਿਆਇ’ ਸ਼ਬਦ ਤੋਂ ਭਾਵ “ਸਹੀ” ਜਾਂ “ਨਿਆਂ” ਹੈ। ਇਸ ਲਈ ਨਿਆਇ-ਸ਼ਾਸਤਰ ਦੀ ਵਿਦਿਆ ਤੋਂ ਭਾਵ ਸਹੀ ਜਾਂ ਯੁਕਤਿਪੂਰਵਕ ਜਾਂ ਤਰਕਪੂਰਣ ਨਿਰਣਾ ਲੈਣ ਤੋਂ ਹੈ। ਅਰਥਾਤ ਤਾਰਕਿਕ ਸੋਚ ਦੇ ਆਧਾਰ ‘ਤੇ ਕਿਸੇ ਮੁੱਦੇ ਬਾਰੇ ਫੈਸਲਾ ਕਰਨਾ। ਇਸ ਨਿਰਣਾ ਲੈਣ ਦੀ ਵਿਧੀ ਦੇ ਪੰਜ ਹਿੱਸੇ (ਜਾਂ ਅਵਯਵ) ਮੰਨੇ ਗਏ ਹਨ। ਇਸ ਕਰਕੇ ਨਿਆਇ ਦਾ ਅਰਥ ਹੀ ਪੰਜ ਅਵਯਵ ਮੰਨਿਆ ਜਾਣ ਲੱਗ ਪਿਆ (ਸੰਵਾਕ੍ਯ ਜਾਂ ਅਵਯਵਨ ਜਾਂ ਪੰਚਾਵਯਵ)।

ਰਿਸ਼ੀ ਵਾਤਸਯਾਇਨ ਅਨੁਸਾਰ ਨਿਆਇ ਦਾ ਸੰਬੰਧ ਨਾ ਤਾਂ ‘ਅਗਿਆਤ’ (ਅਨ-ਜਾਣੀਆਂ) ਵਸਤੂਆਂ ਨਾਲ ਅਤੇ ਨਾ ਹੀ ‘ਗਿਆਤ’ ਵਸਤੂਆਂ ਨਾਲ ਹੈ, ਪ੍ਰੰਤੂ ਇਸ ਦਾ ਸੰਬੰਧ ਸਿਰਫ ਉਨ੍ਹਾਂ ਵਸਤੂਆਂ ਨਾਲ ਹੈ ਜੋ ਸੰਸਾਪੂਰਵਕ (ਸੰਦੇਹਪੂਰਵਕ) ਹਨ। ਮਤਲਬ ਉਨ੍ਹਾਂ ਵਸਤੂਆਂ ਨਾਲ ਹੈ ਜਿਨ੍ਹਾਂ ਦਾ ਸਾਨੂੰ ਪੂਰੀ ਤਰ੍ਹਾ ਗਿਆਨ ਨਹੀ ਹੈ। ਇਸ ਤਰ੍ਹਾਂ ਨਿਆਇ ਤੋਂ ਭਾਵ ਪੰਜ ਅਵਯਵਾਂ ਵਾਲਾ ਨਿਆਇ ਵਾਕ ਹੈ ਜਿਸ ਦੀ ਵਰਤੋਂ ਨਾਲ ਅਸੀ ਸੰਸਾ ਵਾਲੀ ਵਸਤੂ ਬਾਰੇ ਗਿਆਨ ਪ੍ਰਾਪਤ ਕਰ ਸਕਦੇ ਹਾਂ। ਇਹ ਅਵਯਵ ਇਸ ਪ੍ਰਕਾਰ ਹਨ: ਪ੍ਰਤਿਗਿਆ (ਪ੍ਰਤਿਗ੍ਯਾ ਜਾ ਪ੍ਰਸਤਾਵ), ਹੇਤੁ (ਕਾਰਣ), ਉਦਾਹਰਣ, ਉਪਨਯ (ਪ੍ਰਯੋਗ ਜਾਂ ਵਰਤੋਂ) ਅਤੇ ਨਿਗਮਨ (ਨਤੀਜਾ)। ਇਸ ਤਰ੍ਹਾਂ ਦੀ ਨਿਆਇ ਵਿਧੀ (ਤਰਕਵਿਧੀ ਜਾਂ ਪ੍ਰਮਾਣ ਵਿਧੀ) ਨੂੰ ਕਈ ਆਸ਼ਰਮਾਂ ਵਿਚ “ਸਥਾਪਨਾ” (ਸਬੂਤ ਦੇ ਕੇ ਕਿਸੇ ਮਤ ਨੂੰ ਸਥਾਪਤ ਕਰਨਾ) “ਆਕਸ਼ੇਪ” (ਰੱਦ ਕਰਨ ਦੀ ਕਿਰਿਆ ਜਾਂ ਖੰਡਨ ਕਰਨਾ) ਅਤੇ “ਸਿੱਧਾਂਤ” (ਅੰਤ ਨੂੰ ਸਿੱਧ ਹੋਈ ਬਾਤ ਜਾਂ ਸਹੀ ਨਤੀਜੇ ‘ਤੇ ਪਹੁੰਚਣਾ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ।

ਮਹਾਂਭਾਰਤ  ਅਨੁਸਾਰ ਰਿਸ਼ੀ ਨਾਰਦ ਨੂੰ ਪੰਚਾਵਯਵ ਵਾਕ ਦਾ ਮਾਹਰ ਮੰਨਿਆ ਜਾਂਦਾ ਸੀ। ਇਹ ਬੜਾ ਝਗੜਾਲੂ ਪੁਰਸ਼ ਸੀ ਜੋ ਆਪਣੀ ਤਾਰਕਿਕ ਕਾਬਲੀਅਤ ਨਾਲ ਦੂਸਰਿਆਂ ਵਿਚ ਝਗੜੇ ਪੈਦਾ ਕਰਨ ਵਿਚ ਵੀ ਬੜਾ ਮਸ਼ਹੂਰ ਸੀ। ਪੁਰਾਣਾਂ ਵਿਚ ਇਸ ਨੂੰ ਰਿਸ਼ੀ ਕਸ਼੍ਯਪ ਦਾ ਪੁੱਤਰ ਦੱਸਿਆ ਗਿਆ ਹੈ।

ਨਿਆਇ-ਸੂਤਰ

ਨਿਆਇਸ਼ਾਸਤਰ ਦੀ ਪ੍ਰਮੁੱਖ ਰਚਨਾ ਨਿਆਇ-ਸੂਤਰ  ਗ੍ਰੰਥ ਹੈ। ਇਸ ਨੂੰ ਪੰਜ ਹਿੱਸਿਆਂ ਵਿਚ ਵੰਡਿਆ ਗਿਆ ਹੈ ਅਤੇ ਹਰ ਹਿੱਸੇ ਵਿਚ ਦੋ ਕਾਂਡ ਹਨ ਜਿਨ੍ਹਾਂ ਨੂੰ ਆਹਿਨਕ (ਰੋਜ਼ਾਨਾ ਕੰਮ) ਕਿਹਾ ਜਾਂਦਾ ਹੈ। ਇਸ ਵਿਚ ਸਾਂਖ, ਵੈਸ਼ੇਸ਼ਕ, ਯੋਗ, ਮੀਮਾਂਸਾ, ਵੇਦਾਂਤ ਅਤੇ ਬੋਧੀ ਵਿਚਾਰਧਾਰਾਵਾਂ ਦਾ ਉਲੇਖ ਵੀ ਆਉਂਦਾ ਹੈ। ਰਿਸ਼ੀ ਵਾਤਸਯਾਇਨ (400 ਈ) ਨੇ ਇਸ ਗ੍ਰੰਥ ‘ਤੇ ਪਹਿਲੀ ਟੀਕਾ (ਭਾਸ਼) ‘ਨਿਆਇ-ਭਾਸ਼੍ਯ’ ਲਿਖੀ। ਨਿਆਇ ਸੂਤਰ ਵਿਚ ਦੋਨੋ ਤਰਕਸ਼ਾਸਤਰ ਅਤੇ ਦਰਸ਼ਨਸ਼ਾਸਤਰ  ਦੇ ਨਿਯਮ ਅੰਕਿਤ ਹਨ। ਇਸ ਟੀਕਾ ‘ਤੇ ਰਿਸ਼ੀ ਉਦਯੋਤਕਰ (600 ਈ) ਨੇ ‘ਨਿਆਇ-ਵਾਤਰਕ’ ਨਾਮ ਦੀ ਇਕ ਵਿਸਥਾਰ ਨਾਲ ਵਾਰਤਿਕ ਲਿਖੀ ਜਿਸ ਵਿਚ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਗ੍ਰੰਥ ਦਿਨਨਾਗ ਜਾਂ ਦਿਗਨਾਗ (ਬੋਧੀ ਦਾਰਸ਼ਨਿਕ ਅਤੇ ਤਰਕਸ਼ਾਸਤਰੀ) ਦੇ ਗਲਤ ਤਰਕਾਂ ਦਾ ਖੰਡਨ ਕਰਨ ਲਈ ਲਿਖਿਆ ਹੈ।

ਬਹੁਤ ਸਾਰੀਆਂ ਪੁਰਾਤਨ ਟੀਕਾ ਵਿਚ ਰਿਸ਼ੀ ਅਕਸ਼ਪਾਦ ਨੂੰ ‘ਨਿਆਇ-ਸੂਤਰ’ ਦਾ ਕਰਤਾ (ਬਾਨੀ) ਦੱਸਿਆ ਗਿਆ ਹੈ। ‘ਨਿਆਇ-ਵਾਰਤਕ-ਤਾਤਪਰਯ-ਟੀਕਾ’ (81 ਈ) ਅਤੇ ‘ਨਿਆਇ-ਮੰਜਰੀ’ ਵਿਚ ਅਕਸ਼ਪਾਦ ਨੂੰ ਨਿਆਇਸ਼ਾਸਤਰ ਦਾ ਪ੍ਰਣੇਤ੍ਰ (ਪ੍ਰਚਾਰਕ) ਦੱਸਿਆ ਗਿਆ ਹੈ। ਮਾਧਵਆਚਾਰੀਆ ਆਪਣੇ ਗ੍ਰੰਥ ‘ਸਰਵਦਰਸ਼ਨ-ਸੰਗ੍ਰਹਿ’ (1350 ਈ) ਵਿਚ ਨਿਆਇਦਰਸ਼ਨ ਨੂੰ ਅਕਸ਼ਪਾਦ-ਦਰਸ਼ਨ ਮੰਨਦੇ ਹਨ। ਇਸ ਦੇ ਨਾਲ ਨਾਲ ਗੌਤਮ ਨਾਮ ਦੇ ਰਿਸ਼ੀ ਨੂੰ ਵੀ ਨਿਆਇ-ਸੂਤਰ ਦਾ ਲੇਖਕ ਮੰਨਿਆ ਜਾਂਦਾ ਹੈ। ਪਰ ਇਹ ਵੀ ਧਾਰਣਾ ਕੀਤੀ ਜਾਂਦੀ ਹੈ ਕਿ ਗੌਤਮ ਅਤੇ ਅਕਸ਼ਪਾਦ  ਇੱਕੋ ਹੀ ਰਿਸ਼ੀ ਦੇ ਨਾਮ ਹਨ। ਵਿਦਿਆਭੂਸ਼ਣ ਦੇ ਮਤ ਅਨੁਸਾਰ, ਜਦੋਂ ਰਾਜਾ ਕਨਿਸ਼ਕ ਨੇ ਈਸਵੀ ਸਨ ਦੀ ਪਹਿਲੀ ਸਦੀ ਵਿਚ, ਜਲੰਧਰ ਵਿਖੇ, ਮਹਾਤਮਾ ਬੁੱਧ ਦੇ ਉਪਦੇਸ਼ਾਂ ਨੂੰ ਇਕੱਤਰ ਕਰਨ ਲਈ ਚੌਥੀ ਬੋਧੀ ਪਰਿਸ਼ਦ ਬੁਲਾਈ ਤਾਂ ਉਸ ਵੇਲੇ ਬ੍ਰਾਹਮਣ ਰਿਸ਼ਿਆਂ ਨੇ ਵੀ ਇਸ ਦੇ ਮੁਕਾਬਲੇ, ਪੁਰਾਣ ਅਤੇ ਹੋਰ ਸ਼ਾਸਤਰਾਂ ਨੂੰ ਇਕੱਤਰ ਕਰਨ ਦਾ ਕੰਮ ਅਰੰਭਿਆ। ਅਤੇ ਇਹ ਸੰਭਵ ਹੈ ਕਿ ਅਕਸ਼ਪਾਦ ਨੇ ਵੀ ਨਿਆਇ-ਸੂਤਰ ਇਨ੍ਹਾਂ ਸਮਿਆਂ ਵਿਚ ਹੀ ਲਿਖੇ ਹੋਣ। ਇਸ ਆਧਾਰ ਤੇ ਵਿਦਿਆਭੂਸ਼ਣ ਨਿਆਇ-ਸੂਤਰ ਦਾ ਰਚਨਾ ਕਾਲ 150 ਈਸਵੀ ਦੇ ਕਰੀਬ ਮੰਨਦੇ ਹਨ।

ਨਿਆਇ-ਸੂਤਰ ਵਿਚ ਪੰਜ ਵਿਸ਼ਿਆਂ ਨੂੰ ਘੋਖਿਆ ਗਿਆ ਹੈ। ਇਹ ਹਨ: (1) ਪ੍ਰਮਾਣ, ਗਿਆਨ ਪ੍ਰਾਪਤੀ ਦੇ ਸਾਧਨ, (2) ਪ੍ਰਮੇਯ, ਗਿਆਨ ਦਾ ਵਿਸ਼ਾ-ਵਸਤੂ, ਜਿਸ ਦਾ ਤੋਲ ਮਾਪ ਦੱਸਿਆ ਜਾ ਸਕੇ, (3) ਵਾਦ, ਵਿਚਾਰ-ਵਿਮਰਸ਼, (4) ਅਵਯਵ, ਨਿਆਇ-ਵਾਕ ਦੇ ਅੰਗ, ਅਤੇ (5) ਅਨ੍ਯਮਤਪ੍ਰੀਕਸ਼ਾ, ਦੂਸਰੇ ਸਮਕਾਲੀ ਦਾਰਸ਼ਨਿਕ ਮਤਾਂ ਦੀ ਪ੍ਰੀਖਿਆ।

ਨਿਆਇ-ਸੂਤਰ ਦੇ ਪਦਾਰਥ

ਜਿਸ ਤਰ੍ਹਾਂ ਰਿਸ਼ੀ ਵਾਤਸਯਾਇਨ ਦੱਸਦੇ ਹਨ, ਨਿਆਇ-ਸੂਤਰ ਆਪਣੇ ਵਿਸ਼ਾ-ਪਦਾਰਥਾਂ ਨੂੰ ਜਿਸ ਪ੍ਰਕਿਰਿਆ ਨਾਲ ਕਰਮਬੱਧ ਕਰਦਾ ਹੈ ਉਹ ਹਨ: ਉਦੇਸ਼, ਲਕਸ਼ਣ (ਲੱਛਣ) ਅਤੇ ਪ੍ਰੀਕਸ਼ਾ (ਪ੍ਰੀਖਿਆ)। ‘ਉਦੇਸ਼’ ਥੱਲੇ ਸਿਰਫ ਪਦਾਰਥ ਦਾ ਹੀ ਨਾਮ ਆਉਂਦਾ ਹੈ, ‘ਲਕਸ਼ਣ’ ਉਸ ਪਦਾਰਥ ਦੇ ਗੁਣ ਅਤੇ ਵਿਸ਼ੇਸ਼ਤਾਈਆਂ ਦੀ ਚਰਚਾ ਕਰਦਾ ਹੈ। ‘ਪ੍ਰੀਖਿਆ’ ਥੱਲੇ ਉਦੇਸ਼ ਅਤੇ ਲਕਸ਼ਣ ਦੀ ਯੁਕਤੀਪੂਰਵਕ ਛਾਣਬੀਣ ਕੀਤੀ ਗਈ ਹੈ। ਰਿਸ਼ੀ ਅਕਸ਼ਪਾਦ ਨਿਆਇ-ਸੂਤਰ ਦੀ ਸ਼ੁਰੂਆਤ ਇਹ ਕਹਿ ਕੇ ਕਰਦੇ ਹਨ ਕਿ ਨਿਹਸ਼੍ਰੇਯਸ (ਸਰਬੋਤਮ ਅਨੰਦ) ਸੋਲਾਂ ਪਦਾਰਥਾਂ ਦੇ ਸੱਚੇ ਗਿਆਨ ਰਾਹੀਂ ਪ੍ਰਾਪਤ ਹੁੰਦਾ ਹੈ। ਇੱਥੇ ਇਹ ਕਹਿਣਾ ਉਚਿੱਤ ਹੋਏਗਾ ਕਿ ਭਾਰਤ ਦੀ ਸਮੁੱਚੀ ਸੰਸਕ੍ਰਿਤੀ ਵਿਚ ਮਾਨਵ ਜੀਵਨ ਦਾ ਇਕੋ ਇਕ ਮਨੋਰਥ ‘ਸਰਬੋਤਮ ਅਨੰਦ’ (ਨਿਰਵਾਣ) ਹਾਸਲ ਕਰਨਾ ਦੱਸਿਆ ਗਿਆ ਹੈ। ਇਹ ਮਨੋਰਥ ‘ਗਿਆਨ’ ਪ੍ਰਾਪਤ ਕਰਕੇ ਹੀ ਉਪਲਬਧ ਕੀਤਾ ਜਾ ਸਕਦਾ ਹੈ ਅਤੇ ਤਰਕਸ਼ਾਸਤਰ ਇਸ ਉਪਲਬਧੀ ਦਾ ਇਕ ਮਹੱਤਵਪੂਰਣ ਸਾਧਨ ਮੰਨਿਆ ਗਿਆ ਹੈ।

ਨਿਆਇ-ਸੂਤਰ ਵਿਚ ਸੰਸਾਰ ਰੂਪੀ ਵਸਤੂਆਂ ਨੂੰ “ਪਦਾਰਥ” ਕਿਹਾ ਗਿਆ ਹੈ। ਪਦਾਰਥ (“ਪਦ” + “ਅਰਥ”) ਤੋਂ ਭਾਵ ਹੈ “ਪਦ” (ਜਾਂ ਸ਼ਬਦ) ਦਾ “ਅਰਥ”। ਅਰਥਾਤ ਜਿਸ ਚੀਜ਼ ਦਾ ਨਾਮ ਰੱਖਿਆ ਜਾਵੇ ਅਤੇ ਉਸ ਦਾ ਕੋਈ ਪ੍ਰਯੋਗਾਤਮਕ ‘ਅਰਥ’ ਵੀ ਹੋਵੇ। ਜਿਸ ਨੂੰ ਨਾਮ ਦਿੱਤਾ ਜਾ ਸਕਦਾ ਹੈ ਉਸ ਨੂੰ ਜਾਣਿਆ ਵੀ ਜਾ ਸਕਦਾ ਹੈ। ਇਸ ਤਰ੍ਹਾਂ ਨਿਆਇ, ਮਾਨਵ ਮਨ ਦੀਆਂ ਦਲੀਲਮਈ ਸ਼ਕਤੀਆਂ ਦੀ ਜਾਂਚ ਪੜਤਾਲ ਕਰਦਾ ਹੈ। ਇਸ ਦਾ ਮੁੱਖ ਮੰਤਵ ਗਿਆਨ ਦੀ ਪ੍ਰਾਪਤੀ ਹੈ; ਸੱਚਾ ਗਿਆਨ ਜਾਂ ਪਰਮਾਰਥ ਗਿਆਨ ਭਾਵ ਵਸਤੂਆਂ ਦੇ ‘ਸਵੈ-ਲਕਸ਼ਣ’ ਦਾ ਗਿਆਨ ਹਾਸਲ ਕਰਨਾ। ਇਹ 'ਸਵੈ-ਲਕਸ਼ਣ' ਕੀ ਹੈ? ਇਸ ਦੀ ਚਰਚਾ ਵੀ ਵਿਸਤਾਰਪੂਰਵਕ ਕੀਤੀ ਗਈ ਹੈ। ਪਦਾਰਥ, ਵਸਤੂਆਂ ਦੇ ਵਿਸ਼ੇਸ਼ ਅਤੇ ਉੱਚਤਮ ਗੁਣ (ਵਿਧੇਯ ਜਾਂ ਆਧੇਯ) ਮੰਨੇ ਜਾਂਦੇ ਹਨ। ‘ਪ੍ਰਤੱਖਣਯੋਗਤਾ’ ਇਨ੍ਹਾਂ ਦਾ ਵਿਸ਼ੇਸ਼ ਲੱਛਣ ਹੈ। ਇਨ੍ਹਾਂ ਦਾ ਸੰਬੰਧ “ਸ਼ਬਦ” ਦੇ “ਆਮ” ਅਰਥਾਂ ਨਾਲ ਹੈ, ਕਿ ਸ਼ਬਦ ਕਿਸ ਚੀਜ਼ ਨੂੰ ਦਰਸਾਉਂਦਾ ਹੈ, ਪ੍ਰਤਿਪਾਦਕ ਕਰਦਾ ਹੈ।

ਨਿਆਇ-ਸੂਤਰ ਵਿਚ ਸੋਲਾਂ ਪਦਾਰਥ ਗਿਣੇ ਗਏ ਹਨ। ਇਹ ਹਨ:

 1. ਪ੍ਰਮਾਣ (ਸਹੀ ਗਿਆਨ ਪ੍ਰਾਪਤੀ ਦੇ ਸਾਧਨ),
 2. ਪ੍ਰਮੇਯ (ਸਹੀ ਗਿਆਨ ਦਾ ਵਿਸ਼ਾ-ਵਸਤੂ),
 3. ਸੰਸਾ (ਸੰਸ਼ਾ ਜਾਂ ਸੰਦੇਹ),
 4. ਪ੍ਰਯੋਜਨ (ਉਦੇਸ਼ ਜਾਂ ਮਕਸਦ),
 5. ਉਦਾਹਰਣ (ਦ੍ਰਿਸ਼ਟਾਂਤ),
 6. ਸਿੱਧਾਂਤ,
 7. ਅਵਯਵ (ਨਿਆਇ ਵਾਕ ਦੇ ਅੰਗ),
 8. ਤਰਕ (ਯੁਕਤੀ ਜਾਂ ਦਲੀਲ),
 9. ਨਿਰਣਾ (ਨਤੀਜਾ),
 10. ਵਾਦ (ਵਿਚਾਰ ਵਟਾਂਦਰਾ),
 11. ਜਲਪ (ਬਹਿਸ ਝਗੜਾ ਜਾਂ ਤਕਰਾਰ ਕਰਨਾ),
 12. ਵਿਤੰਡਾ (ਘੁਣਤਰ, ਖੰਡਨ ਕਰਨਾ ਜਾਂ ਨਘੋਚਬਾਜ਼ੀ – ਆਪਣੇ ਪੱਖ ਨੂੰ ਕਾਇਮ ਕੀਤੇ ਬਿਨਾ ਹੀ ਦੂਸਰੇ ਦੇ ਪੱਖ ਨੂੰ ਤੋੜਨਾ (ਦੇਖੋ ਮਹਾਨ ਕੋਸ਼)),
 13. ਹੇਤਵਆਭਾਸ  ਜਾਂ ਹੇਤਵਾਭਾਸ (ਕੁਤਰਕ ਜਾਂ ਤਰਕਦੋਸ਼, ਭੁਲੇਖਾ),
 14. ਛਲ (ਵਾਕ-ਛਲ, ਫਿਕਰੇਬਾਜ਼ੀ, ਲਫਜ਼ੀ ਹੇਰ-ਫੇਰ ਕਰਨਾ),
 15. ਜਾਤਿ (ਬੇਕਾਰ ਜਾਂ ਬੇਢੰਗੀ ਉਦਾਹਰਣ (ਦ੍ਰਿਸ਼ਟਾਂਤ) ਦੇਣਾ, ਸਦ੍ਰਿਸ਼ਤਾ ਜਾਂ ਤੁਲਰੂਪਤਾ)
 16. ਨਿਗ੍ਰਹਸਥਾਨ (ਪਕੜ ਦੀ ਥਾਂ, ਚਰਚਾ ਕਰਦੇ ਜੇ ਇਕ ਪੱਖ ਦਾ ਆਦਮੀ ਕੋਈ ਅਜੇਹੀ ਬਾਤ ਕਹਿ ਦੇਵੇ, ਜੋ ਯੁਕਤੀ ਵਿਰੁੱਧ ਹੋਵੇ ਜਾਂ ਕਹਿਣ ਵਾਲੇ ਦੇ ਪੱਖ ਨੂੰ ਖੰਡਨ ਕਰਕੇ ਦੂਜੇ ਦੇ ਪੱਖ ਨੂੰ ਸਿੱਧ ਕਰਦੀ ਹੋਵੇ, ਤਦ ਪ੍ਰਤਿਪਕਸ਼ੀ ਝਟ ਉਸ ਗੱਲ ਨੂੰ ਮੁੱਖ ਰੱਖ ਕੇ ਬੋਲਣ ਵਾਲੇ ਦਾ ਮੁੰਹ ਬੰਦ ਕਰ ਦਿੰਦਾ ਹੈ (ਦੇਖੇ ਮਹਾਨ ਕੋਸ਼))।

ਪ੍ਰਮਾਣ - ਗਿਆਨ ਪ੍ਰਾਪਤੀ ਦੇ ਸਾਧਨ

ਨਿਆਇ-ਸੂਤਰ ਵਿਚ ਸਹੀ ਗਿਆਨ ਪ੍ਰਾਪਤ ਕਰਨ ਦੇ ਚਾਰ ਸਾਧਨ ਦੱਸੇ ਗਏ ਹਨ: ਪ੍ਰਤਿਅਕਸ਼, ਅਨੁਮਾਨ, ਉਪਮਾਨ ਅਤੇ ਸ਼ਬਦ

ਪ੍ਰਤਿਅਕਸ਼

'ਇੰਦ੍ਰੀਆਂ ਦਾ ਇੰਦ੍ਰੀਪਦਾਰਥਾਂ (ਇੰਦ੍ਰੀਆਰਥਾਂ) ਦੇ ਮੇਲ ਤੋਂ ਜੋ ਗਿਆਨ ਉਤਪੰਨ ਹੁੰਦਾ ਹੈ ਉਸ ਨੂੰ ਪ੍ਰਤਿਅਕਸ਼ (ਜਾਂ ਪ੍ਰਤੱਖਣ) ਕਿਹਾ ਜਾਂਦਾ ਹੈ ਜੋ ਨਿਸ਼ਚਿਤ, ਨਾਮ-ਰਹਿਤ ਅਤੇ ਅਬਿਭਚਾਰੀ  ਹੁੰਦਾ ਹੈ'।

ਇੰਦ੍ਰੀਆਂ: ਇਹ ਪੰਜ ਮੰਨੀਆਂ ਗਈਆਂ ਹਨ, ਪਰ ਕਈ ਤਾਰਕਿਕ ‘ਮਨ’ ਨੂੰ ਵੀ ਇੰਦ੍ਰੀ ਮੰਨਦੇ ਹਨ ਕਿਉਂਕਿ ਉਨ੍ਹਾਂ ਦੇ ਕਹਿਣ ਅਨੁਸਾਰ ਦੁੱਖ, ਸੁੱਖ ਅਤੇ ਆਤਮਾ ਆਦਿ ਦਾ ਗਿਆਨ ਬਾਕੀ ਇੰਦ੍ਰੀਆਂ ਦੇ 'ਮਨ' ਨਾਲ ਮੇਲ ਤੋਂ ਪੈਦਾ ਹੁੰਦਾ ਹੈ।
 
ਨਿਸ਼ਚਿਤ: ਪ੍ਰਤਿਅਕਸ਼ ਦੀ ਪਰਿਭਾਸ਼ਾ ਵਿਚ ਇਹ ‘ਵਿਸ਼ੇਸ਼ਣ’ ਇਸ ਲਈ ਸ਼ਾਮਲ ਕੀਤਾ ਗਿਆ ਹੈ ਕਿ ਇਹ ਇਸ ਗਿਆਨ ਨੂੰ ਸੰਸਾ ਭਰੇ ਗਿਆਨ ਤੋਂ ਅਲਗ ਕਰਦਾ ਹੈ। ਜੈਸੇ, ਧੂੰਏਂ ਨੂੰ ਦੂਰ ਫਾਸਲੇ ਤੋਂ ਦੇਖਣ ਨਾਲ ਅਸੀਂ ਆਸਾਨੀ ਨਾਲ ਇਹ ਨਹੀਂ ਦਸ ਸਕਦੇ ਕਿ ਇਹ ਧੁੰਦ ਹੈ ਜਾਂ ਧੂੰਆ। ਇਸ ਤਰ੍ਹਾਂ ਦਾ ਸੰਸਾ ਭਰਿਆ ਗਿਆਨ ਪ੍ਰਤਿਅਕਸ਼ ਨਹੀ ਕਿਹਾ ਜਾ ਸਕਦਾ।
 
ਨਾਮਰਹਿਤ: ਨਾਮਰਹਿਤ ਜਾਂ ਅਵਰਣਨਯੋਗ ‘ਵਿਸ਼ਲੇਸ਼ਣ’ ਇਹ ਦਸਦਾ ਹੈ ਕਿ ਕਿਸੇ ਚੀਜ਼ ਦੇ ਪ੍ਰਤਿਅਕਸ਼ ਰਾਹੀਂ ਪ੍ਰਾਪਤ ਗਿਆਨ ਦਾ ਉਸ ਚੀਜ਼ ਦੇ ਨਾਮ ਨਾਲ ਕੋਈ ਸੰਬੰਧ ਨਹੀ ਹੈ। ਇਹ ਗਿਆਨ ਭਾਸ਼ਾ ਦੀ ਮਦਦ ਬਗੈਰ ਉਗਮਦਾ ਹੈ।
 
  ਕਈਆਂ ਦਾ ਕਹਿਣਾ ਹੈ ਕਿ ਕੋਈ ਵੀ ਪ੍ਰਤਿਅਕਸ਼ ਪੂਰਣ ਤੌਰ ‘ਤੇ ਸ਼ਾਬਦਿਕ ਨਿਰੂਪਣ ਤੋਂ ਮੁਕਤ ਨਹੀ ਹੁੰਦਾ। ਸਾਰੀਆਂ ਚੀਜ਼ਾਂ ਦੇ ਨਾਮ ਹੁੰਦੇ ਹਨ। ਕੋਈ ਵੀ ਚੀਜ਼ ਨਾਮ-ਰਹਿਤ ਨਹੀ ਹੁੰਦੀ। ਜਦ ਵੀ ਕੋਈ ਚੀਜ਼ ਗਿਆਤ (ਅਨੁਭਵ) ਹੁੰਦੀ ਹੈ ਉਹ ਨਾਮ ਨਾਲ ਹੀ ਗਿਆਤ ਹੁੰਦੀ ਹੈ। ਕਿਸੇ ਚੀਜ਼ ਦਾ ਉਸ ਦੇ ਨਾਮ ਨਾਲ ਅਨਿੱੜਵਾਂ ਸੰਬੰਧ ਹੋਣ ਕਰਕੇ, ਚੀਜ਼ ਦੇ ਪ੍ਰਤਿਅਕਸ਼ ਦੇ ਨਾਲ ਨਾਲ ਉਸ ਦੇ ਨਾਮ ਦਾ ਵੀ ਪ੍ਰਤਿਅਕਸ਼ ਹੁੰਦਾ ਹੈ। ਇਸ ਤਰ੍ਹਾ ਕੋਈ ਐਸਾ ਪ੍ਰਤਿਅਕਸ਼ ਨਹੀ ਜਿਸ ਦਾ ਸਾਥ ਨਾਮ ਨਾਲ ਨਾ ਹੁੰਦਾ ਹੋਵੇ।
 
  ਅਕਸ਼ਪਾਦ ਇਸ ਮਤ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ ਕਹਿੰਦੇ ਹਨ ਕਿ ਅਸੀਂ ਕਿਸੇ ਵੀ ਚੀਜ਼ ਦਾ ਪ੍ਰਤੱਖਣ (ਪ੍ਰਤਿਅਕਸ਼) ਕਰ ਸਕਦੇ ਹਾਂ ਭਾਵੇਂ ਅਸੀਂ ਉਸ ਦਾ ‘ਨਾਮ’ ਜਾਣਦੇ ਹਾਂ ਜਾਂ ਨਹੀ। ਅਤੇ ਜਦ ਅਸੀਂ ਇਸ ਦਾ ਨਾਮ ਜਾਣ ਲੈਂਦੇ ਹਾਂ ਤਾਂ ਅਸੀਂ ਇਸ ਚੀਜ਼ ਦਾ ਨਾਮ ਨਾਲੋਂ ਸਮੁੱਚੇ ਤੌਰ ‘ਤੇ ਭਿੰਨ ਪ੍ਰਤੱਖਣ ਕਰਦੇ ਹਾਂ। ਇਸ ਤਰ੍ਹਾਂ ਸਾਡਾ ਕਿਸੇ ਵੀ ਚੀਜ਼ ਦਾ ਪ੍ਰਤੱਖਣ ਉਸ ਦੇ ਨਾਮ ਤੋਂ ਸਮੁੱਚੇ ਤੌਰ ‘ਤੇ ਅਨਾਸ੍ਰਿਤ (ਬਿਨਾ ਆਸਰੇ ਭਾਵ ਸੁਤੰਤਰ) ਹੁੰਦਾ ਹੈ। ਪਰ ਇਹ ਮੰਨਣਾ ਜ਼ਰੂਰੀ ਹੈ ਕਿ ‘ਨਾਮ’ ਸਾਡੇ ਪ੍ਰਤੱਖਣ ਨੂੰ ਦੂਸਰਿਆਂ ਨਾਲ ਸਾਂਝਾ ਕਰਨ ਵਿਚ ਬੜਾ ਸਹਾਈ ਹੁੰਦਾ ਹੈ। ‘ਨਾਮ’ ਤੋਂ ਬਗੈਰ ਉਹ ਸਾਡੇ ਪ੍ਰਤੱਖਣ ਨੂੰ ਸਮਝ ਨਹੀਂ ਸਕਦੇ। ਇਸ ਤੋਂ ਇਹ ਸਪਸ਼ਟ ਹੈ ਕਿ ਕਿਸੇ ਚੀਜ਼ ਦੇ ਪ੍ਰਤਿਅਕਸ਼ ਲਈ ਨਾ ਤਾਂ ਉਸ ਦੇ ਨਾਮ ਦੀ ਜ਼ਰੂਰਤ ਹੁੰਦੀ ਹੈ ਅਤੇ ਨਾ ਹੀ ਪ੍ਰਤਿਅਕਸ਼ ਵੇਲੇ ਉਹ ਉਪਸਥਿਤ ਹੁੰਦਾ ਹੈ।
 
ਅਬਿਭਚਾਰੀ: ‘ਅਬਿਭਚਾਰੀ’ ਤੋਂ ਭਾਵ ਹੈ ਜੋ ਲਗਾਤਾਰ ਬਦਲਦਾ ਨਾ ਹੋਵੇ। ਜਿਵੇਂ ਸਖਤ ਗਰਮੀਆਂ ਦੀ ਰੁੱਤੇ, ਜਦੋ ਜ਼ਮੀਨ ਉੱਪਰ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਤਾਂ ਦੂਰ ਫਾਸਲੇ ‘ਤੇ ਸਾਨੂੰ ਪਾਣੀ ਦੀਆਂ ਲਹਿਰਾਂ ਜੇਹਈਆ ਨਜ਼ਰ ਆਉਂਦੀਆਂ ਹਨ (ਮ੍ਰਿਗ-ਤ੍ਰਿਸ਼ਨਾ ਜਾਂ ਮਰੀਚਿਕਾ)। ਇਸ ਤਰ੍ਹਾ ਦਾ ‘ਪਾਣੀ’ ਜਿਹਾ ਦਿਸਣਾ ਸਹੀ ਪ੍ਰਤਿਅਕਸ਼ ਨਹੀ ਹੁੰਦਾ, ਕਿਉਂਕਿ ਦਿੱਤੇ ਹੋਏ ਹਾਲਾਤਾਂ ਵਿੱਚ ਇਹ ਕੇਵਲ ਪਾਣੀ ਦੀ ਹੋਂਦ ਦਾ ਭੁਲੇਖਾ ਹੀ ਹੈ। ਸਿੱਟੇ ਵਜੋਂ, ਪ੍ਰਤਿਅਕਸ਼ ਦੀ ਪਰਿਭਾਸ਼ਾ ਨੂੰ ਨਿਪੁੰਨ ਬਣਾਉਣ ਲਈ ‘ਅਬਿਭਚਾਰੀ’ ਵਿਸ਼ਲੇਸ਼ਣ ਨੂੰ ਸ਼ਾਮਲ ਕੀਤਾ ਗਿਆ ਹੈ।

ਅਨੁਮਾਨ

ਅਨੁਮਾਨ ਗਿਆਨ - ਜੋ ਪ੍ਰਤਿਅਕਸ਼ ਤੋ ਬਾਅਦ ਵਿਚ ਆਉਂਦਾ ਹੈ - ਨੂੰ ਤਿੰਨ ਕਿਸਮਾਂ ਦਾ ਮੰਨਿਆ ਗਿਆ ਹੈ: ਪੂਰਵਵਤੁ, ਸ਼ੇਸ਼ਵਤੁ ਅਤੇ ਸਾਮਾਨ੍ਯਾਤੋ ਦ੍ਰਿਸ਼ਟ

ਪੂਰਵਵਤੁ: ਪੂਰਵ ਦਾ ਅਰਥ ਹੈ ‘ਪਹਿਲਾ’ ਜਾਂ ‘ਅਤੀਤ’ ਅਤੇ ਵਤੁ ਦਾ ਅਰਥ ਹੈ ‘ਵਰਗਾ’ਜਾ ‘ਵਾਂਗ'। ਇਹ ਉਸ ਕਾਰਜ (ਕਾਰਨ ਦਾ ਫਲ ਜਾਂ ਨਤੀਜਾ) ਬਾਰੇ ਗਿਆਨ ਹੈ ਜੋ ਇਸ ਦੇ ਕਾਰਨ  ਦੇ ਪ੍ਰਤਿਅਕਸ਼ (ਪ੍ਰਤੱਖਣ) ਦੁਆਰਾ ਜਾਣਿਆ ਜਾਂਦਾ ਹੈ, ਜੈਸੇ ਘਣੇ ਬੱਦਲਾਂ ਨੂੰ ਦੇਖ ਕੇ ਬਾਰਸ਼ ਹੋਣ ਦੀ ਸੰਭਾਵਨਾ ਦਾ ਅਨੁਮਾਨ  ਕਰਨਾ ਜਾਂ ਦਰਿਆ ਵਿਚ ਚੜ੍ਹੇ ਪਾਣੀ ਨੂੰ ਦੇਖ ਕੇ ਹੜ੍ਹ ਆਉਣ ਦੀ ਸੰਭਾਵਨਾ ਦਾ ਅਨੁਮਾਨ ਕਰਨਾ। ਅਰਥਾਤ ਪੂਰਵਵਤੁ ਅਨੁਮਾਨ ਵਿਚ ਕਿਸੇ, ਦਿੱਤੇ ਗਏ, ਕਾਰਨ  ਦੇ ਅਨੁਭਵ ਤੇਂ ਕਾਰਜ  ਦਾ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ। ਇਸ ਵਿਚ ਭਵਿੱਖ ਦੇ ਵਾਪਰਣ ਵਾਲੇ ਕਾਰਜ ਜਾਂ ਪ੍ਰਭਾਵ ਦਾ, ਵਰਤਮਾਨ ਕਾਰਣਾਂ ਦੇ ਆਧਾਰ 'ਤੇ, ਪੂਰਬਅਨੁਮਾਨ ਕੀਤਾ ਜਾਂਦਾ ਹੈ। ਇੱਥੇ ਕਾਰਣਤਾ ਦਾ ਸੰਬੰਧ ‘ਸਾਧ੍ਯ’ (ਜੋ ਸਾਬਤ ਕਰਨਾ ਹੈ) ਅਤੇ ‘ਸਾਧਨ’ (ਸਬੂਤ) ਦੇ ਵਿਚਕਾਰ ਹੈ।
 
  ਜਿਵੇਂ ਚਿੱਤਰ 1 ਵਿਚ ਦਿਖਇਆ ਗਿਆ ਹੈ, ਅਸੀਂ ਕਿਸੇ ਦਰਿਆ ਵਿਚ ਆਮ ਨਾਲੋਂ ਬਹੁਤ ਜ਼ਿਆਦਾ ਪਾਣੀ ਚੜ੍ਹਿਆ ਦੇਖਦੇ ਹਾਂ (ਕਾਰਨ)। ਇਸ ਨੂੰ ਇੰਦ੍ਰੀਗੋਚਰ ਘਟਨਾ  ਕਿਹਾ ਜਾਂਦਾ ਹੈ ਕਿਉਂਕਿ ਇਹ ਘਟਨਾ ਸਾਡੀਆਂ ਇੰਦ੍ਰੀਆਂ ਸਾਹਮਣੇ ਵਾਪਰ ਰਹੀ ਹੈ, ਅਰਥਾਤ ਸਾਨੂੰ ਇਸਦਾ ਨਿਸ਼ਚਾਤਮਕ ਗਿਆਨ ਪ੍ਰਾਪਤ ਹੈ। ਇਸ ਤੋਂ ਅਸੀਂ ਪੂਰਵਵਤੁ ਅਨੁਮਾਨ  ਲਗਾਉਂਦੇ ਹਾਂ ਕਿ ਹੜ੍ਹ ਆਉਣ ਦੀ ਸੰਭਾਵਨਾ ਹੈ ਜਿਸ ਤੋਂ ਜਾਨ/ਮਾਲ ਦਾ ਨੁਕਸਾਨ ਹੋ ਸਕਦਾ ਹੈ। ਇਸ ਸਥਿਤੀ ਵਿਚ ਦਰਿਆ ਵਿਚ ਪਾਣੀ ਦਾ ਚੜ੍ਹਨਾ, ਹੜ੍ਹ ਆਉਣ ਦਾ ਕਾਰਨ ਹੈ ਅਤੇ ਹੜ੍ਹ ਆਉਣਾ ਕਾਰਜ (ਜਾਂ ਨਤੀਜਾ) ਹੈ। ਵਿਗਿਆਨਕ ਪ੍ਰਯੋਗ ਵਿਚ ਇਸ ਨੂੰ ਆਗਮਨ ਤਰਕ  ਜਾਂ ਯੁਕਤੀ ਵੀ ਕਿਹਾ ਜਾਂਦਾ ਹੈ।
 
ਸ਼ੇਸ਼ਵਤੁ: ਸ਼ੇਸ਼  ਦਾ ਅਰਥ ਹੈ ‘ਕਾਰਜ’ ਜਾ 'ਪ੍ਰਭਾਵ' ਜਾਂ 'ਪਰਿਣਾਮ'। ਇਹ ਉਸ ਕਾਰਨ  (ਜਾਂ ਕਾਰਨਾਂ) ਦਾ ਗਿਆਨ ਹੈ ਜੋ ਇਸ ਦੇ ਕਾਰਜ  ਦੇ ਪ੍ਰਤਿਅਕਸ਼ (ਪ੍ਰਤੱਖਣ) ਦੁਆਰਾ ਜਾਣਿਆ ਜਾਂਦਾ ਹੈ। ਇਸ ਵਿਚ ਵਰਤਮਾਨ 'ਕਾਰਜ' (ਅਰਥਾਤ ਪਰਿਣਾਮ, ਨਤੀਜਾ) ਤੋਂ ਅਤੀਤ ਜਾਂ ਪੂਰਵ ਕਾਰਣ ਦਾ ਅਨੁਮਾਨ ਲਗਾਇਆ ਜਾਂਦਾ ਹੈ। ਜੈਸੇ, ਚਿੱਤਰ 1 ਵਿਚ ਦਰਿਆ ਵਿਚ ਪਾਣੀ ਚੜ੍ਹਿਆ ਦੇਖ ਕੇ ਕੋਈ ਇਹ ਅਨੁਮਾਨ ਲਗਾਏ ਕਿ ਬਾਰਸ਼ ਹੋਈ ਹੋਵੇਗੀ ਜਾਂ ਸ਼ਾਇਦ ਕਿਸੇ ਬੰਧ ਤੋਂ ਵਾਧੂ ਪਾਣੀ ਛੱਡਿਆ ਗਿਆ ਹੋਵੇਗਾ। ਇਹ ਸ਼ੇਸ਼ਵਤੁ ਅਨੁਮਾਨ ਹੈ। ਅਰਥਾਤ ਸ਼ੇਸ਼ਵਤੁ ਅਨੁਮਾਨ  ਵਿਚ ਕਿਸੇ ਦਿੱਤੇ ਗਏ ਕਾਰਜ ਦੇ ਅਨੁਭਵ  ਤੋਂ ਕਾਰਨ (ਜਾਂ ਕਾਰਨਾਂ) ਦਾ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ। ਇੱਥੇ ਕਾਰਣਤਾ ਦਾ ਸੰਬੰਧ ‘ਸਾਧਨ’ (ਸਬੂਤ) ਅਤੇ ‘ਸਾਧ੍ਯ’ (ਜੋ ਸਾਬਤ ਕਰਨਾ ਹੈ) ਦੇ ਵਿਚਕਾਰ ਹੈ।

ਸ਼ੇਸ਼ਵਤੁ ਅਤੇ ਪੂਰਵਵਤੁ ਅਨੁਮਾਨ ਆਧੁਨਿਕ ਵਿਗਿਆਨਕ ਅਨੁਸੰਧਾਨ ਅਤੇ ਤਕਨੀਕੀ ਵਿਕਾਸ ਵਿਚ ਇਕ ਬੜੀ ਅਨਮੋਲ ਮਹੱਤਤਾ ਰੱਖਦੇ ਹਨ। ‘ਔਸ਼ਧ’ ਅਤੇ ‘ਜੀਵ-ਵਿਗਿਆਨ’ ਦੇ ਖੇਤਰਾਂ ਵਿਚ ਕਈ ਕਿਸਮ ਦੀਆਂ ਭਿਆਨਕ ਬੀਮਾਰੀਆਂ ਦੇ ਇਲਾਜ ਅਤੇ ਦਵਾਈਆਂ ਦਾ ਵਿਕਾਸ ਅਤੇ ਨਿਰਮਾਣ ਇਸ ਵੱਡਮੁੱਲੀ ਵਿਧੀ ਨੂੰ ਵਰਤ ਕੇ ਹੀ ਕੀਤਾ ਜਾਂਦਾ ਹੈ। ਵਿਗਿਆਨੀ, ਜਾਂਚ ਪੜਤਾਲ ਦੇ ਤਰੀਕੇ ਰਾਹੀਂ, ਪਹਿਲਾਂ ਤਾਂ ਅਨੇਕ ਕਿਸਮ ਦੇ ਪ੍ਰਯੋਗ ਅਤੇ ਪ੍ਰੀਖਿਆਵਾਂ ਰਾਹੀਂ ਬੀਮਾਰੀ ਦੇ ਕਾਰਨਾ ਦਾ ਪਤਾ ਲਗਾਉਂਦੇ ਹਨ ਅਤੇ ਫਿਰ ਇਸ ਜਾਣਕਾਰੀ ਦੇ ਆਧਾਰ ‘ਤੇ ਦਵਾਈਆਂ ਦਾ ਵਿਕਾਸ ਕਰਦੇ ਹਨ।

ਇਸ ਤੋਂ ਬਾਅਦ ਦਵਾਈਆਂ ਦੇ ਅਸਰ (ਕਾਰਜ, ਨਤੀਜਾ) ਦੀ ਛਾਣ ਬੀਨ ਵੀ ਇਸੇ ਵਿਧੀ ਨੂੰ ਵਰਤ ਕੇ ਹੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਵਿਹਾਰਕ ਸਮੱਸਿਆਵਾਂ ਦੇ ਹੱਲ ਲਈ ਦੋਵੇਂ ਸ਼ੇਸ਼ਵਤੁ ਅਤੇ ਪੂਰਵਵਤੁ ਅਨੁਮਨ ਸਾਥ ਸਾਥ ਵਰਤੇ ਜਾਂਦੇ ਹਨ।
 

ਸਾਮਾਨ੍ਯਾਤੋ ਦ੍ਰਿਸ਼ਟ: ਇਸ ਵਿਚ ਇਕ ਚੀਜ਼ ਦਾ ਗਿਆਨ ਕਿਸੇ ਹੋਰ ਚੀਜ਼ ਦੇ ਪ੍ਰਤਿਅਕਸ਼ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਜਿਸ ਦੇ ਨਾਲ ਕਿ ਇਹ ਚੀਜ਼ ਆਮ ਤੌਰ ‘ਤੇ ਦੇਖੀ ਜਾਂਦੀ ਹੋਵੇ, ਜੈਸੇ ਕਿਸੇ ਪਸੂ ਦੇ ਸਿੰਗ ਦੇਖ ਕੇ ਕੋਈ ਇਹ ਅਨੁਮਾਨ ਲਗਾਏ ਕਿ ਇਸ ਦੀ ਪੂਛ ਵੀ ਜ਼ਰੂਰ ਹੋਵੇਗੀ, ਜਾਂ ਕੂੰਜਾਂ ਨੂੰ ਦੇਖ ਕੇ ਪਾਣੀ ਦੇ ਹੋਣ ਦਾ ਅਨੁਮਾਨ ਲਗਾਇਆ ਜਾਵੇ। ਇਸ ਅਨੁਮਾਨ ਵਿਚ ਘਟਨਾਵਾਂ ਦਾ ਆਪਸੀ ਕਾਰਨ-ਕਾਰਜ  ਵਾਲਾ ਸੰਬੰਧ ਨਹੀ ਹੁੰਦੀ ਬਲਕਿ ਇਹ ਸਿਰਫ ਸਬੱਬ ਵਾਲਾ ਰਿਸ਼ਤਾ ਹੀ ਹੁੰਦਾ ਹੈ। ਅਰਥਾਤ, ਘਟਨਾਵਾਂ ਬਸ ਇਕ ਸਮੇ ਵਾਪਰਦੀਆਂ ਹੀ ਦੇਖੀਆਂ ਜਾਂਦੀਆਂ ਹਨ, ਨਾ ਕਿ ਇਕ ਘਟਨਾ ਦੂਸਰੀ ਦਾ ਕਾਰਨ ਬਣਦੀ ਹੈ। ਉਪਰਲੀ ਉਦਾਹਰਣ ਵਿਚ ਕੂੰਜਾਂ ਪਾਣੀ ਦਾ ਕਾਰਨ ਨਹੀ ਹਨ ਬਲਕਿ ਪਾਣੀ ਦੇ ਹੋਣ ਦੀ ਸੰਭਾਵਨਾ ਵਲ ਇਸ਼ਾਰਾ ਹੀ ਹੈ।

ਵੀਹਵੀਂ ਸਦੀ ਦੇ ਦੂਸਰੇ ਹਿੱਸੇ ਵਿਚ ਪੁਲਾੜੀ ਖੋਜ ਦਾ ਚਰਚਾ ਬੜਾ ਜ਼ੋਰਾਂ ਸ਼ੋਰਾਂ ‘ਤੇ ਸੀ। ਪਹਿਲਾ ਪਹਿਲ ਪ੍ਰਿਥਵੀ ਦੁਆਲੇ ਪੁਲਾੜੀ ਵਿਮਾਨ ਛੱਡਣਾ ਹੀ ਬੜੀ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਸੀ। ਪਰ ਛੇਤੀ ਹੀ ਆਦਮੀ ਨੇ ਦੂਸਰੇ ਗ੍ਰਹਿਆਂ ਉੱਪਰ ਵੀ ਜਾ ਕਦਮ ਰੱਖਿਆ ਅਤੇ ਪ੍ਰਿਥਵੀ ਤੋਂ ਇਲਾਵਾ ਹੋਰ ਗ੍ਰਹਿਆਂ ਉੱਪਰ ‘ਜੀਵਨ’ ਦੀ ਤਲਾਸ਼ ਦੇ ਚਰਚੇ ਵੀ ਹੋਣ ਲੱਗੇ। ਇਸ ਤਲਾਸ਼ ਵਿਚ, ਕਿਸੇ ਹੱਦ ਤੱਕ, ਸਾਮਾਨ੍ਯਾਤੋ ਦ੍ਰਿਸ਼ਟ ਅਨੁਮਨ  ਦੀ ਵਿਧੀ ਦਾ ਸਹਾਰਾ ਲਿਆ ਗਿਆ। ਇਹ ਦਲੀਲ ਪੇਸ਼ ਕੀਤੀ ਜਾਣ ਲੱਗੀ ਕਿ ਜਿਸ ਗ੍ਰਹਿ ਉੱਪਰ ਪਾਣੀ (H2O) ਅਤੇ ਆਕਸੀਜਨ (O2) ਮਿਲਦੇ ਹੋਣ ਉੱਥੇ ਪ੍ਰਿਥਵੀ ਵਰਗੇ ‘ਜੀਵਨ’ ਦੇ ਹੋਣ ਦੀ ਸੰਭਾਵਨਾ ਕਾਫੀ ਹੋ ਸਕਦੀ ਹੈ, ਕਿਉਂਕਿ ਪ੍ਰਿਥਵੀ ਉਪਰ ਤਥਾਂ ਅਨੁਸਾਰ ਇੱਥੋਂ ਦੇ ਸਾਰੇ ਜੀਵ ਜੰਤੂ (ਆਦਮੀ ਵੀ) ਪਾਣੀ ਅਤੇ ਆਕਸੀਜਨ (ਜਲ ਵਾਯੂ) ਤੋਂ ਬਗੈਰ ਜੀਅ ਨਹੀ ਸਕਦੇ।

ਵਿਹਾਰਕ ਤੌਰ ‘ਤੇ ਵਿਗਿਆਨ ਅਤੇ ਤਕਨੀਕ ਦੀਆਂ ਸਮੱਸਿਆਵਾਂ ਦੇ ਪੂਰੇ ਹੱਲ ਲਈ ਉਪਰੋਕਤ ਢੰਗਾਂ ਨੂੰ ਇੱਕਸਾਰ ਵਰਤਿਆ ਜਾਂਦਾ ਹੈ। ਚਿਕਿਤਸਾ ਵਿਗਿਆਨ ਵਿਚ ਰੋਗਾਂ ਦੇ ਨਵੇਂ ਇਲਾਜ ਅਤੇ ਦਵਾਈਆਂ ਦਾ ਵਿਕਾਸ ਸ਼ੇਸ਼ਵਤੁ ਅਨੁਮਾਨ ਦੁਆਰਾ ਬਿਮਾਰੀਆਂ ਦੇ ਕਾਰਨਾਂ ਨੂੰ ਜਾਣ ਕੇ ਕੀਤਾ ਜਾਂਦਾ ਹੈ ਅਤੇ ਇਨਾਂ ਦਵਾਈਆਂ ਦੇ ਬੀਮਾਰੀ ਦੇ ਇਲਾਜ ਕਰਨ ਤੋਂ ਇਲਾਵਾ ਵਿਪੱਖੀ ਜਾਂ ਹਾਨੀਕਾਰਕ ਅਸਰਾਂ ਦੀ ਛਾਣ-ਬੀਣ ਪੂਰਵਵਤੁ ਅਨੁਮਾਨ ਦੇ ਤਰੀਕਿਆਂ ਨੂੰ ਵਰਤ ਕੇ ਕੀਤੀ ਜਾਂਦੀ ਹੈ।

ਚਿੱਤਰ 1: ਪੂਰਵਵਤੁ ਅਤੇ ਸ਼ੇਸ਼ਵਤੁ ਅਨੁਮਾਨ ਦੀ ਵਿਆਖਿਆ

ਉਪਮਾਨ - ਅਰਥਾਤ ਤੁਲਨਾ

ਉਪਮਾਨ ਕਿਸੇ ਚੀਜ਼ ਦਾ ਉਹ ਗਿਆਨ ਹੈ ਜੋ ਪਹਿਲਾਂ ਜਾਣੀ ਹੋਈ ਚੀਜ਼ ਦੀ ਤਦਰੂਪਤਾ (ਜਾਂ ਸਮਰੂਪਤਾ) ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ।

ਇਕ ਆਦਮੀ ਜੋ ‘ਮੱਝ’ ਬਾਰੇ ਕੁਝ ਨਹੀ ਜਾਣਦਾ ਤਾਂ ਕਿਸੇ ਸਿਆਣੇ (ਤਜਰਬਾਕਾਰ ਆਦਮੀ) ਤੋਂ ਇਹ ਸੁਣਕੇ ਕਿ ‘ਮੱਝ’ ਇਕ ਗਊ ਵਰਗਾ ਜਾਨਵਰ, ਜੰਗਲ ਵਿਚ ਗਊ ਵਰਗਾ ਜਾਨਵਰ ਦੇਖਦਾ ਹੈ। ਸਿਆਣੇ ਦੀ ਵਿਆਖਿਆ ਨੂੰ ਯਾਦ ਕਰਕੇ ਉਹ ਸਾਹਮਣੇ ਦਿਸਦੇ ਜਾਨਵਰ ਨਾਲ ਤੁਲਨਾ ਕਰਕੇ ਇਸ ਨਤੀਜੇ ‘ਤੇ ਪਹੁੰਚਦਾ ਹੈ ਕਿ ਜਿਹੜਾ ਜਾਨਵਰ ਉਹ ਦੇਖ ਰਿਹਾ ਹੈ ‘ਮੱਝ’ ਹੀ ਹੋ ਸਕਦਾ ਹੈ। ਇਸ ਤੁਲਨਾ ਦੁਆਰਾ ਕਿਸੇ ਸਿੱਟੇ ‘ਤੇ ਪਹੁੰਚਣ ਨੂੰ ‘ਉਪਮਾਨ’ ਕਿਹਾ ਜਾਂਦਾ ਹੈ। ਇਹ ‘ਮੱਝ’ ਅਤੇ ‘ਗਊ’ ਦੀ ਆਪਸੀ ਤਦਰੂਪਤਾ ਦੁਆਰਾ ਪ੍ਰਾਪਤ ਕੀਤਾ ਗਿਆਨ ਹੈ ਅਤੇ ਇਸ ਤੁਲਨਾ ਕਰਨ ਦੀ ਸਮੁੱਚੀ ਪ੍ਰਕ੍ਰਿਆ ਨੂੰ ਉਪਮਾਨ  ਦਾ ਨਾਮ ਦਿੱਤਾ ਗਿਆ ਹੈ। ਇਸ ਕੰਮ ਜਾਂ ਵ੍ਯਾਪਾਰ ਵਿਚ ਪਹਿਲਾ ਜਾਣੀ ਹੋਈ ਚੀਜ਼ ਦੇ ਚਿਤਵਣ (ਚੇਤੇ ਕਰਨਾ) ਦਾ ਬਹੁਤ ਜ਼ਿਆਦਾ ਮਹੱਤਵ ਹੈ।

ਵਿਗਿਆਨਕ ਅਨੁਸੰਧਾਨ ਵਿਚ ਉਪਮਾਨ ਦੀ ਵਿਧੀ ਵੀ ਅਕਸਰ ਬੜੀ ਲਾਭਦਾਇਕ ਸਾਬਤ ਹੁੰਦੀ ਹੈ, ਅਤੇ ਇਸ ਦੀਆਂ ਬਹੁਤ ਸਾਰੀਆਂ ਵਿਹਾਰਕ ਉਦਾਹਰਣਾਂ ਵੀ ਮਿਲਦੀਆਂ ਹਨ। ਜਿਸ ਤਰ੍ਹਾਂ ਉਪਰਲੀ ਪਰਿਭਾਸ਼ਾ ਤੋ ਸਵੈ-ਸਪਸ਼ਟ ਹੈ, ਉਪਮਾਨ ਵਿਚ ਕਿਸੇ ਚੀਜ਼ ਦਾ ਸੰਦੇਹ-ਰਹਿਤ, ਸੁਨਿਸਚਿਤ ਅਤੇ ਸਹੀ ਵਰਣਨ ਅਤਿਅੰਤ ਜ਼ਰੂਰੀ ਹੈ। ਇਸ ਦੀ ਪੂਰਤੀ ਲਈ ਖੋਜਕਾਰ ਦੀ ਭਾਸ਼ਾ ਵਿਚ ਵਿਚ ਠੋਸ ਨਿਪੁੰਨਤਾ ਅਤੇ ਵਾਗੀਸ਼ਤਾ ਇਕ ਵੱਡਮੁੱਲੀ ਅਤੇ ਨਿਰਧਾਰਕ ਭੂਮਿਕਾ ਅਦਾ ਕਰਦੇ ਹਨ। ਜਿੰਨਾ ਜ਼ਿਆਦਾ ਵਿਸਤਾਰਪੂਰਵਕ ਵਰਣਨ ਹੋਏਗਾ ਉੱਨਾ ਹੀ ਸਹੀ ਉਪਮਾਨ ਆਧਾਰਤ ਨਿਰਣਾ ਵੀ।

ਸ਼ਬਦ ਜਾਂ ਆਪਤ ਪ੍ਰਮਾਣ

ਨਿਆਇ ਵਿਚ ‘ਸ਼ਬਦ’ ਨੂੰ ਗਿਆਨ ਦਾ ਇਕ ਪ੍ਰਮੁੱਖ ਸਾਧਨ ਮੰਨਿਆ ਗਿਆ ਹੈ। ਅਸੀ ਇਤਿਹਾਸਕ ਪਰੰਪਰਾ ਅਤੇ ਧਰਮਸ਼ਾਸਤਰਾਂ ਦੇ ‘ਦੈਵੀ ਸੰਦੇਸ਼ਾਂ’ ਦੁਆਰਾ ਕਾਫੀ ਕੁਝ ਸਿੱਖਦੇ ਹਾਂ। ਇਕ ਭਰੋਸੇਯੋਗ ਪੁਰਸ਼ ਦੇ ਉਪਦੇਸ਼ਮਈ ਆਖਿਆਨ ਨੂੰ ‘ਸ਼ਬਦ’ ਜਾਂ ਸ਼ਾਬਦਿਕ ਸਬੂਤ ਕਿਹਾ ਜਾਂਦਾ ਹੈ। ‘ਭਰੋਸੇਯੋਗ ਪੁਰਸ਼’ ਉਹ ਹੈ ਜੋ ਕਿਸੇ ਵਿਸ਼ੇ ਵਿਚ ਨਿਪੁੰਨ ਹੋਵੇ ਅਤੇ ਆਪਣਾ ਤਜਰਬਾ ਦੂਜਿਆਂ ਨਾਲ ਸਾਂਝਾ ਕਰਨ ਲਈ ਤਿਆਰ ਹੋਵੇ, ਜੈਸੇ ਰਿਸ਼ੀ, ਆਰੀਆ ਜਾਂ ਮਲੇਛ।

ਇਕ ‘ਸ਼ਬਦ’ ਅੱਖਰਾਂ ਦੇ ਮੇਲ ਨਾਲ ਬਣਦਾ ਹੈ ਜੋ ‘ਅਭਿਧਾ ’ ਜਾਂ ‘ਲਕਸ਼ਣ ’ ਦੁਆਰਾ ਕਿਸੇ ਪਦਾਰਥ ਦਾ ਸੰਕੇਤ ਕਰਦਾ ਹੈ। ਹਰ ਸ਼ਬਦ ਦਾ ਅਰਥ ਹੁੰਦਾ ਹੈ ਅਤੇ ਇਹ ਆਮ ਤੌਰ ‘ਤੇ ਸ਼ਬਦ ਅਤੇ ਉਸ ਪਦਾਰਥ ਦੇ ਮੱਧ ਜਿਸ ਨੂੰ ਇਹ ਪ੍ਰਗਟਾਉਂਦਾ ਹੈ, ਇਕ ਪ੍ਰਕਾਰ ਦਾ ਸੰਬੰਧ ਸਮਝਿਆ ਜਾਂਦਾ ਹੈ। ‘ਸ਼ਬਦ’ ਅਤੇ ‘ਅਰਥ’ ਦਾ ਆਪਸੀ ਸੰਬੰਧ ਪ੍ਰਾਕਿਰਤਿਕ ਨਹੀ ਬਲਕਿ ਰੂੜ੍ਹੀਵਾਦੀ (ਲੋਕਾਚਾਰ) ਹੁੰਦਾ ਹੈ। ਅਸੀ ਸ਼ਬਦਾਂ ਦੇ ਅਰਥਾਂ ਦਾ ਗਿਆਨ ਪ੍ਰਚੱਲਤ ਪ੍ਰਯੋਗ, ਵਿਆਕਰਣ ਅਤੇ ਸ਼ਬਦਕੋਸ਼ਾਂ ਦੁਆਰਾ ਪ੍ਰਾਪਤ ਕਰਦੇ ਹਾਂ। ਕਈ ਨੈਯਾਯਿਕ ਸ਼ਬਦਾਂ ਦੇ ਅਰਥ ਈਸ਼ਵਰ ਰਾਹੀਂ ਸਥਾਪਤ (ਈਸ਼ਵਰਸੰਕੇਤਕ) ਕੀਤੇ ਗਏ ਮੰਨਦੇ ਹਨ। ਪਰ ਇਸ ਦੇ ਨਾਲ ਨਾਲ ਕਈ ਨਿਆਇ ਸੰਪ੍ਰਦਾਇ ਇਹ ਵੀ ਮੰਨਦੇ ਹਨ ਕਿ ਅਰਥ ਨੂੰ ਮਨੁੱਖ ਵੀ ਸਥਾਪਤ (ਇੱਛਾਮਾਤ੍ਰ ਸ਼ਕਤੀ) ਕਰਦੇ ਹਨ।

ਸ਼ਬਦਾਂ ਦਾ ਭਾਵਅਰਥ ਕੀ ਹੈ; ਵਿਅਕਤੀ, ਰੂਪ (ਆਕਾਰ) ਦਾ ਪ੍ਰਗਟਾਵਾ, ਜਾਂ ਫਿਰ ਜਾਤਿ ਦਾ ਪ੍ਰਗਟਾਵਾ, ਜਾਂ ਇਹ ਤਿੰਨੇ ਹੀ? ‘ਵਿਅਕਤੀ’ ਉਹ ਹੈ ਜਿਸ ਦੀ ਇਕ ਨਿਸ਼ਚਿਤ ਮੂਰਤ ਹੁੰਦੀ ਹੈ ਜਾਂ ਜੋ ਵਿਸ਼ੇਸ਼ ਗੁਣਾਂ ਦਾ ਵਾਸਸਥਾਨ ਹੁੰਦਾ ਹੈ। ਇਹ ਅਭਿਵਿਅਕਤ ਹੁੰਦਾ ਹੈ ਅਤੇ ਇਸ ਦਾ ਪ੍ਰਤੱਖਣ ਵੀ ਕੀਤਾ ਜਾ ਸਕਦਾ ਹੈ। ‘ਆਕਾਰ’ ਇਕ ਵਿਸ਼ੇਸ਼ ਗੁਣ ਹੈ, ਜੈਸੇ ਗਲਮਾ ਇਕ ਗਊ ਦਾ ਵਿਸ਼ੇਸ਼ ਰੂਪ ਹੈ। ‘ਜਾਤਿ’ ਇਕ ਨਮੂਨਾ ਅਥਵਾ ਵਰਗ ਹੈ, ਇਹ ਸਾਨੂੰ ਸਾਦ੍ਰਿਸ਼ ਪਦਾਰਥਾਂ ਦਾ ਸੰਪੂਰਣ ਗਿਆਨ ਪ੍ਰਾਪਤ ਕਰਨ ਵਿਚ ਸਹਾਇਤਾ ਕਰਦਾ ਹੈ। ਨਿਆਇਸ਼ਾਸਤਰ ਦਾ ਦਾਅਵਾ ਹੈ ਕਿ ਸ਼ਬਦ ਵਿਅਕਤੀ, ਉਸਦੇ ਆਕਾਰ ਅਤੇ ਉਸਦੀ ਜਾਤਿ  ਤਿੰਨਾ ਨੂੰ ਹੀ ਭਿੰਨ ਭਿੰਨ ਦਰਜਿਆਂ ਵਿਚ ਪ੍ਰਗਟਾਉਂਦਾ ਹੈ। ਵਿਹਾਰਕ ਵਰਤੋਂ ਵਿਚ ਸ਼ਬਦ ਆਕਾਰ  ਦਾ ਉਲੇਖ ਕਰਦਾ ਹੈ। ਭਿੰਨਤਾ ਦਾ ਵਿਖਰੇਵਾ ਕਰਨ ਲਈ ਸ਼ਬਦ ਵਿਅਕਤੀ  ਦਾ ਨਿਰਦੇਸ਼ ਕਰਦਾ ਹੈ ਅਤੇ ਜਦ ਅਸੀ ਸਾਮਾਨ੍ਯ (ਆਮ) ਵਿਚਾਰ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਜਾਤਿ ਦਾ ਉਲੇਖ ਕਰਦਾ ਹੈ। ਇਸ ਤਰ੍ਹਾਂ ਸ਼ਬਦ ਆਕਾਰ ਨੂੰ ਦਰਸਾਉਂਦਾ ਹੈ, ਵਿਅਕਤੀ ਦਾ ਸੰਕੇਤ ਅਤੇ ਜਾਤਿ ਦਾ ਗੁਣ-ਨਿਰਦੇਸ਼ ਕਰਦਾ ਹੈ। ਵਿਸ਼ੁੱਧ ਅਨਿਸ਼ਚਿਤ ਗੁਣ ਵਰਗੀ ਕੋਈ ਚੀਜ਼ ਨਹੀ ਹੁੰਦੀ। ਗੁਣ ਕਿਸੇ ਨਾ ਕਿਸੇ ਰੂਪ ਵਿਚ ਪ੍ਰਗਟ ਹੁੰਦਾ ਹੀ ਹੈ। ਆਕਾਰ ਆਪਣੇ ਆਪ ਵਿਚ ਹੀ ਕਾਫੀ ਨਹੀ ਹੈ। ਜੈਸੇ ਮਿੱਟੀ ਦੀ ਬਣੀ ਗਊ ਦੀ ਮੂਰਤੀ ਨੂੰ ਅਸੀ, ਇਸ ਦਾ ਰੂਪ ਹੋਣ ਦੇ ਬਾਵਜੂਦ ਵੀ, ਗਊ ਨਹੀ ਕਹਿ ਸਕਦੇ, ਕਿਉਂਕਿ ਇਸ ਵਿਚ ਸਾਮਾਨ੍ਯ (ਜਾਤਿਗਤ) ਗੁਣ ਮੌਜੂਦ ਨਹੀ ਹਨ। ਵਿਹਾਰਕ ਪ੍ਰਯੋਗ ਨਾਲ ਵੀ ਇਸ ਮਤ ਦੀ ਪੁਸ਼ਟੀ ਹੁੰਦੀ ਹੈ ਕਿ ਸ਼ਬਦ ਵਿਅਕਤੀਆਂ ਦਾ ਸੰਕੇਤ ਕਰਦੇ ਹਨ।

ਇਕ ‘ਵਾਕ’ ਸਾਰਥਕ (ਭਾਵਪੂਰਣ) ਧੁਨੀਆਂ ਜਾਂ ਸ਼ਬਦਾਂ ਦਾ ਸੰਗ੍ਰਹਿ ਹੈ। ਸਾਨੂੰ ਪਹਿਲਾ ਵਾਕ ਦੇ ਬਣਾਉਣਵਾਲੇ ਸ਼ਬਦਾਂ ਦਾ ਬੋਧ ਹੁੰਦਾ ਹੈ ਅਤੇ ਉਸ ਤੋਂ ਬਾਦ ਉਨ੍ਹਾਂ ਦੇ ਅਰਥਾਂ ਦਾ। ਸ਼ਬਦਾਂ ਦੇ ਬੋਧ ਆਪਣੇ ਪਿੱਛੇ ਸੰਸਕਾਰ ਛੱਡ ਜਾਂਦੇ ਹਨ ਜਿਨ੍ਹਾਂ ਨੂੰ ਵਾਕ ਦੇ ਅੰਤ ਵਿਚ ਸਮਰਣ (ਯਾਦ) ਕੀਤਾ ਜਾਂਦਾ ਹੈ ਅਤੇ ਤਦ ਵਿਭਿੰਨ ਅਰਥ ਇਕ ਪ੍ਰਸੰਗ (ਪ੍ਰਕਰਣ) ਵਿਚ ਇਕਸਾਥ ਸੰਬੰਧਿਤ ਹੋ ਜਾਂਦੇ ਹਨ। ਜਿੱਥੇ ਪ੍ਰਾਚੀਨ ਨੈਯਾਯਿਕਾਂ ਦਾ ਕਹਿਣਾ ਹੈ ਕਿ ਸ਼ਾਬਦਿਕ ਗਿਆਨ ਦਾ ਮੁੱਖ ਕਾਰਣ ਮੌਖਿਕ ਸਿਮਰਤੀ ਨਾਲ ਪ੍ਰਾਪਤ ਪਦਾਰਥਾਂ ਦਾ ਸਮਰਣ ਹੈ, ਉੱਥੇ ਆਧੁਨਿਕ ਨੈਯਾਯਿਕ ਤਰਕ ਕਰਦੇ ਹਨ ਕਿ ਮੌਖਿਕ ਸਿਮਰਤੀ ਮੁੱਖ ਕਾਰਣ ਹੈ। ਵਾਕ ਦਾ ਅਰਥ ਜਿਨਾਂ ਤੱਤਾਂ ‘ਤੇ ਨਿਰਭਰ ਕਰਦਾ ਹੈ ਉਹ ਹਨ: (1) ਆਕਾਂਕਸ਼ਾ, ਅਰਥਾਤ ਪਰਸਪਰ ਅਵੱਸ਼ਕਤਾ ਜਾਂ ਅੰਤਰਨਿਰਭਰਤਾ, ਜਾਂ ਇਕ ਸ਼ਬਦ ਦੀ ਦੂਜੇ ਸ਼ਬਦ ਬਗੈਰ ਅਰਥ ਸੰਕੇਤ ਕਰਨ ਦੀ ਅਸਮਰਥਤਾ, (2) ਯੋਗਤਾ, ਅਥਵਾ ਵਾਕ ਦੇ ਭਾਵ ਦੇ ਅਨੁਰੂਪ ਹੋਣ ਦੀ ਸਮਰਥਾ, ਜਾਂ ਉਸ ਨੂੰ ਨਿਰਥਰਕ ਜਾਂ ਅਸਫਲ ਨਾ ਹੋਣ ਦੇਣ ਦੀ ਸਮਰਥਾ, (3) ਸੰਨਿਧਿ , ਅਰਥਾਤ ਨਿਕਟਤਾ ਜਾਂ ਸਮੀਪਤਾ, ਅਥਵਾ ਸ਼ਬਦਾਂ ਵਿਚ ਲੰਬਾ ਸਮਾ ਦਿੱਤੇ ਬਗੈਰ ਲਗਾਤਾਰ ਉਚਾਰਣ। ਇਨ੍ਹਾਂ ਤੱਤਾਂ ਵਿਚ ਸ਼ਬਦਾਂ ਦੇ ਵਾਕ-ਰਚਨਾ, ਤਾਰਕਿਕ ਅਤੇ ਧੁਨੀਆਤਮਕ ਸੰਬੰਧਾਂ ਦਾ ਖਾਸ ਖਿਆਲ ਰੱਖਿਆ ਗਿਆ ਹੈ। ਐਸੇ ਸ਼ਬਦਾਂ ਦੇ ਸੰਕਲਨ ਜੋ ਪਰਸਪਰ ਅੰਤਰ-ਨਿਰਭਰ ਨਾ ਹੋਣ, ਜਿਵੇਂ ਆਦਮੀ, ਘੋੜਾ ਅਤੇ ਬਸਤੀ  ਆਦਿ ਕੋਈ ਮਤਲਬ ਨਹੀ ਰੱਖਦੇ। ਇਕ ਐਸੇ ਵਾਕ ਜੈਸੇ “ਅੱਗ ਨਾਲ ਸਿੰਜਿਆ” ਦਾ ਕੁਝ ਵੀ ਅਰਥ ਨਹੀ ਹੈ। ਇਸ ਪ੍ਰਕਾਰ ਦੇਰ-ਦੇਰ ਨਾਲ ਉਚਾਰਣ ਕੀਤੇ ਗਏ ਸ਼ਬਦ ਕੁਝ ਅਰਥ ਨਹੀ ਰੱਖਦੇ। ਵਾਕ ਐਸੇ ਸ਼ਬਦਾਂ ਨਾਲ ਬਣਦਾ ਹੈ ਜੋ ਇਕ ਦੂਸਰੇ ‘ਤੇ ਨਿਰਭਰ ਹੋਣ ਅਤੇ ਜਿਨਾਂ ਨੂੰ ਇਕ ਦੂਸਰੇ ਦੇ ਅਗਲ-ਬਗਲ ਰੱਖ ਕੇ ਕੋਈ ਰਚਨਾ ਕੀਤੀ ਜਾ ਸਕੇ।

‘ਪ੍ਰਤਿਗਿਆਵਾਂ’ (ਪ੍ਰਸਤਾਵਾਂ) ਨੂੰ ਤਿੰਨ ਵਰਗਾਂ ਵਿਚ ਵੰਡਿਆ ਗਿਆ ਹੈ: ਵਿਧੀ, ਨਿਸ਼ੇਧ ਅਤੇ ਵਿਆਖਿਆ (ਅਰਥਵਾਦ)। ਸ਼ਬਦ ਦਾ ਉਪਯੋਗ ਜਦ ਗਿਆਨ ਦੇ ਸਾਧਨ ਦੇ ਰੂਪ ਵਿਚ ਕੀਤਾ ਜਾਂਦਾ ਹੈ ਤਾਂ ਉਸ ਦਾ ਤਾਤਪਰਯ (ਅਰਥ) ਹੁੰਦਾ ਹੈ ‘ਆਪਤੋਪਦੇਸ਼’ ਅਰਥਾਤ ਇਕ ਭਰੋਸੇਯੋਗ ਵਿਅਕਤੀ ਦਾ ਕਥਨ (ਉਪਦੇਸ਼)। ਜਦ ਕੋਈ ਨੌਜੁਆਨ ਪੁਰਸ਼ ਨਦੀ ਦੇ ਕਿਨਾਰੇ ਪਹੁੰਚ ਕੇ ਇਹ ਸੋਚੇ ਕਿ ਕੀ ਇਸ ਨਦੀ ਨੂੰ ਪਾਰ ਕਰਨਾ ਸੁਰੱਖਿਅਤ ਹੈ ਜਾ ਨਹੀ ਤਾਂ ਉਸ ਨੂੰ ਕਿਸੇ ਸਥਾਨਕ ਸਿਆਣੇ ਪੁਰਸ਼ ‘ਤੇ ਭਰੋਸਾ ਕਰਨਾ ਪਵੇਗਾ ਜੋ ਆਪਣੇ ਲੰਬੇ ਤਜਰਬੇ ਦੇ ਆਧਾਰ ‘ਤੇ ਇਹ ਦੱਸੇ ਕਿ ਇਹ ਨਦੀ ਪਾਰ ਕਰਨੀ ਸੁਰੱਖਿਅਤ ਹੈ।

ਇਸ ਤਰ੍ਹਾਂ ਦੇ ਭਰੋਸੇਯੋਗ ਕਥਨ ਦ੍ਰਿਸ਼ਟਮਾਨ ਜਗਤ ਅਤੇ ਅਦ੍ਰਿਸ਼ਟਮਾਨ ਜਗਤ ਨਾਲ ਸੰਬੰਧ ਰੱਖਦੇ ਹਨ। ਜੈਸੇ ਇਹ ਕਥਨ ਕਿ “ਕੁਨੈਨ ਨਾਮਕ ਦਵਾ ਤਾਪ ਦਾ ਇਲਾਜ ਕਰਦੀ ਹੈ” ਪਹਿਲੇ ਪ੍ਰਕਾਰ ਦਾ ਹੈ, ਅਤੇ “ਧਾਰਮਿਕ ਜੀਵਨ ਨਾਲ ਸਵੱਰਗ ਮਿਲਦਾ ਹੈ” ਇਹ ਦੂਸਰੇ ਪ੍ਰਕਾਰ ਦਾ ਹੈ। ਰਿਸ਼ੀਆਂ ਦੇ ਸ਼ਬਦ ਅਦ੍ਰਿਸ਼ਟਮਾਨ ਜਗਤ ਨਾ ਸੰਬੰਧ ਰੱਖਦੇ ਹਨ ਜਦ ਕਿ ਭੌਤਿਕ ਵਿਗਿਆਨੀਆਂ ਦੇ ਕਥਨ ਦ੍ਰਿਸ਼ਟਮਾਨ ਜਗਤ ਨਾਲ।

ਸਾਡੇ ਇਸ ਸੰਖੇਪ ਜਿਹੇ ਸਰਵੇਖਣ ਤੋਂ ਇਹ ਸਪੱਸ਼ਟ ਹੈ ਕਿ ਨਿਆਇ-ਸੂਤਰ ਵਿਚ ਗਿਆਨ ਹਸਲ ਕਰਨ ਦੇ ਚਾਰ ਸਾਧਨ ਦੱਸੇ ਗਏ ਹਨ, ਅਰਥਾਤ: ਪ੍ਰਤਿਅਕਸ਼, ਅਨੁਮਾਨ, ਉਪਮਾਨ ਅਤੇ ਸ਼ਬਦ (ਆਪਤ-ਪ੍ਰਮਾਣ) । ਇਹ ਸਾਧਨ ਜਾਂ ਪ੍ਰਮਾਣ ਆਧੁਨਿਕ ‘ਵਿਗਿਆਨਕ ਵਿਧੀ’ ਦਾ ਪ੍ਰਮੁੱਖ ਆਧਾਰ ਬਣਦੇ ਹਨ ਖਾਸ ਕਰਕੇ ਪ੍ਰਤਿਅਕਸ਼ ਅਤੇ ਅਨੁਮਾਨ। ਉਪਮਾਨ ਦੀ ਸਹਾਇਤਾ ਨਾਲ ਨਵੇਂ ਵਿਗਿਆਨਕ ਸਿੱਧਾਂਤ ਘੜੇ ਜਾਂਦੇ ਹਨ। ਜਿਵੇਂ ਗੈਸਾਂ ਦੇ ਗਤੀਆਤਮਕ ਸਿਧਾਂਤ (Kinetic Theory of Gases) ਵਿਚ ਗੈਸ ਦੇ ‘ਅਣੂਆਂ’ ਨੂੰ ਸੂਖਮ, ਗੋਲ ਅਤੇ ਲਚਕਦਾਰ ‘ਕਣ’ ਦੇ ਸਮਰੂਪ ਸਮਝਿਆ ਜਾਂਦਾ ਹੈ। ‘ਆਪਤ ਪ੍ਰਮਾਣ’ ਦੀਆਂ ਠੋਸ ਨੀਹਾਂ ‘ਤੇ ਸਮੁੱਚੇ ਵਿਗਿਆਨ ਦੇ ਮੀਨਾਰ ਭਰੋਸੇਯੋਗ ਸਾਇੰਸਦਾਨਾਂ ਦੇ ਕਥਨਾਂ ਅਤੇ ਸਿਧਾਂਤਾਂ ਦੇ ਸਹਾਰੇ ਮਜ਼ਬੂਤ ਖੜੇ ਹਨ। ਵਿਗਿਆਨ ਦੇ ਵਿਕਾਸ ਵਿਚ ਭਾਸ਼ਾ ਦੀ ਨਿਪੁੰਨਤਾ ਅਤੇ ਪ੍ਰਭੁਤਾ (ਵਾਗੀਸ਼ਤਾ) ਇਕ ਅਹਿਮ ਭੂਮਿਕਾ ਅਦਾ ਕਰਦੀ ਹੈ।

ਦ੍ਰਿਸ਼ਟਮਾਨ ਜਗਤ ਬਾਰੇ ਮਾਨਵ ਗਿਆਨ ਕਦੇ ਵੀ ਸੰਪੂਰਣ ਜਾਂ ਪਰਮਾਰਥ ਸਤਿ ਦਾ ਗਿਆਨ ਨਹੀ ਹੁੰਦਾ। ਇਸ ਵਿਚ ਗਲਤ ਹੋਣ ਦੀ ਸੰਭਾਵਨਾ (ਸੰਸਾ) ਹਰ ਵੇਲੇ ਬਣੀ ਰਹਿੰਦੀ ਹੈ। ਅਸਲ ਵਿਚ ਪ੍ਰਤਿਅਕਸ਼ ਅਤੇ ਅਨੁਮਾਨ ਸੰਭਾਵਨਾਵਾਂ ਦਾ ਹੀ ਗਿਆਨ ਹੈ। ਸਾਡੀ ਦਲੀਲਬਾਜ਼ੀ ਵਿਚ ਭੁਲੇਖੇ (ਜਾਂ ਹੇਤਵਾਭਾਸ) ਅਨਿਵਾਰੀ ਤੌਰ 'ਤੇ ਅੰਤਰਨਿਹਿਤ ਹੁੰਦੇ ਹਨ। ਇਨ੍ਹਾਂ ਭੁਲੇਖਿਆਂ ਨੂੰ ਪਛਾਣ ਕੇ ਅਸੀ ਪਰਮਾਰਥ ਸਤਿ ਦੇ ਨੇੜੇ ਤਾਂ ਜਾ ਸਕਦੇ ਹਾਂ ਪਰ ਉੱਥੇ ਪਹੁੰਚ ਨਹੀ ਸਕਦੇ। ਇਹ ਹੇਤਵਾਭਾਸ ਕੀ ਹਨ ਅਤੇ ਇਨ੍ਹਾਂ ਨੂੰ ਕਿਸ ਤਰ੍ਹਾ ਪਛਾਣਿਆ ਜਾ ਸਕਦਾ ਹੈ ਅਸੀ ਅਗਲੀ ਕਿਸ਼ਤ ਵਿਚ ਚਰਚਾ ਕਰਾਂਗੇ।

... ਚਲਦਾ

01/02/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)
 

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com