ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਨਿਆਇ-ਸ਼ਾਸਤਰ (3)

ਜਾਤਿ (ਮਿਥਿਓਤਰ) ਦੀਆਂ ਕਿਸਮਾਂ

ਗਿਆਨ ਹਾਸਲ ਕਰਨ ਦੀ ਭਾਲ ਵਿਚ ਨਿਆਇ ਵਿਚ ਭਰਮ-ਭੁਲੇਖਿਆਂ ਦੀ ਜਾਂਚ ਪੜਤਾਲ ਬੜੇ ਵਿਸਤਾਰ ਨਾਲ ਕੀਤੀ ਗਈ ਹੈ। ਕਿਸੇ ਦਲੀਲ ਦੇ ਖੰਡਨ (ਕੰਟਕ ਜਾਂ ਦੂਸ਼ਣ) ਕਰਨ ਦੀ ਪ੍ਰਕ੍ਰਿਆ ਵਿਚ ਵਿਰੋਧੀ ਪੱਖ ਦਾ ਬੇਤੁਕਾਪਣ ਦਿਖਾ ਕੇ ਆਪਣੇ ਪੱਖ ਨੂੰ ਸਾਬਤ ਕਰਨਾ ਹੁੰਦਾ ਹੈ। ਐਸਾ ਕਰਨ ਲਈ ਵਿਵਾਦੀ ‘ਛਲ’ ਅਤੇ ‘ਜਾਤਿ’ ਵਰਗੇ ਉੱਤਰਾਂ ਦਾ ਪ੍ਰਯੋਗ ਕਰਦੇ ਹਨ। ਛਲ ਇਕ ਐਸਾ ਨਾਵਾਜਿਬ ਉੱਤਰ ਹੈ ਜਿਸ ਵਿਚ ਜਾਣ ਬੁੱਝ ਕੇ ਕਿਸੇ ਕਥਨ ਦੇ ਮਨੋਰਥ ਨੂੰ ਗਲਤ ਭਾਵਅਰਥਾਂ ਵਿਚ ਲੈ ਕੇ ਵਿਰੋਧਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੂਸਰੇ ਪਾਸੇ, ਜਾਤਿ ਜਾਂ ਮਿਥਿਓਤਰ ਵਿਚ ਨਾਵਾਜਿਬ ਉੱਤਰ ਝੂਠੀ ਤੁਲਨਾ ਜਾਂ ਉਦਾਹਰਣ ਦੀ ਸਮਰੂਪਤਾ ਦੇ ਆਧਾਰ ‘ਤੇ ਦਿੱਤਾ ਜਾਂਦਾ ਹੈ। ਕਿਉਕਿ ਇਹ ਉੱਤਰ ਪਹਿਲਾ ਪੇਸ਼ ਕੀਤੀ ਦਲੀਲ ਦੀ ਆਪੱਤੀ (ਜਾਂ ਵਿਰੋਧਤਾ) ਤੋਂ ਜਨਮ (ਜਾਯਤੇ ਅਰਥਾਤ ਜਾਇ) ਲੈਂਦਾ ਹੈ ਇਸ ਲਈ ਇਸ ਨੂੰ ਜਾਤਿ (ਵਿਅਰਥ ਜਾਂ ਫਜ਼ੂਲ ਉੱਤਰ) ਕਿਹਾ ਜਾਂਦਾ ਹੈ। ਇਹ ਆਪੱਤੀ ਸਮਰੂਪਤਾ ਜਾਂ ਅਸਮਰੂਪਤਾ ਦੇ ਆਧਾਰ ‘ਤੇ ਵਿਰੋਧਤਾ, ਇਲਜ਼ਾਮ ਜਾਂ ਇਨਕਾਰ ਦੇ ਰੂਪ ਵਿਚ ਹੁੰਦੀ ਹੈ।  ਇੱਥੇ ਇਹ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਤਰਕਸ਼ਾਸਤਰ ਦੀ ਬਜਾਏ ਦਵੰਦਵਾਦ ਵਿਚ ਜਾਤਿ ਦੀ ਮਹੱਤਤਾ ਜ਼ਿਆਦਾ ਹੈ, ਸ਼ਾਇਦ ਇਸੇ ਕਰਕੇ ਜਾਨੇ ਮਾਨੇ ਬੋਧੀ ਤਾਰਕਿਕ ਧਰਮਕੀਰਤੀ ਜਾਤਿ ਦੀ ਖਾਸ ਵਿਸ਼ੇਸ਼ਤਾ ਨਹੀ ਸਮਝਦੇ। ਕਈ ਬਾਰ, ਵਿਗਿਆਨਕ ਸੋਚ-ਵਿਚਾਰ ਵਿਚ ਗਲਤ ਪੂਰਵ-ਧਾਰਣਾਵਾਂ ‘ਤੇ ਆਧਾਰਤ ਦਲੀਲਬਾਜ਼ੀ ਗਲਤ ਸਿਧਾਂਤ ਅਤੇ ਨਤੀਜੇ ਪੈਦਾ ਕਰਦੀ ਹੈ, ਇਸ ਲਈ ਗਲਤ ਦਲੀਲਬਾਜ਼ੀ (ਜਾਤਿ) ਦੀਆਂ ਕਿਸਮਾਂ ਦੀ ਜਾਣਕਾਰੀ ਬੜੀ ਫਾਇਦੇਮੰਦ ਰਹਿੰਦੀ ਹੈ। ਨਿਆਇ-ਸੂਤਰ ਵਿਚ ਚੌਵੀ ਕਿਸਮ ਦੀ ਜਾਤਿ (ਮਿਥਿਓਤਰਾਂ) ਦਾ ਵੇਰਵਾ ਦਿੱਤਾ ਗਿਆ ਹੈ ਅਤੇ ਇਹ “ਸਮ” (ਜਾਂ ਸੰਤੁਲਨ) ਦੇ ਸ਼ਬਦ ਨਾਲ ਜਾਣੇ ਜਾਂਦੇ ਹਨਇਹ ਹਨ:

(1) ਸਾਧਰਮ੍ਯ-ਸਮ (ਸਮਰੂਪਤਾ ਜਾਂ ਸਮਜਾਤਿ ਦਾ ਸੰਤੁਲਨ), (2) ਵੈਧਰਮ੍ਯ-ਸਮ (ਵਿਜਾਤਿਅਤਾ ਜਾਂ ਅਸਮਰੂਪਤਾ ਦਾ ਸੰਤੁਲਨ), (3) ਉਤਕਰਸ਼-ਸਮ (ਅਧਿਕਤਾ ਦਾ ਸੰਤੁਲਨ), (4) ਅਪਕਰਸ਼-ਸਮ (ਕਮੀ ਦਾ ਸੰਤੁਲਨ), (5) ਵਰਣਯ-ਸਮ (ਵਿਵਾਦਪੂਰਣ (ਜਾਂ ਇਤਰਾਜ਼ਯੋਗ) ਦਾ ਸੰਤੁਲਨ), (6) ਅਵਹਣਯ-ਸਮ (ਵਿਵਾਦਹੀਣ ਜਾਂ ਨਿਰਸੰਦੇਹ ਦਾ ਸੰਤੁਲਨ), (7) ਵਿਕਲਪ-ਸਮ (ਵਿਕਲਪਕ ਦਾ ਸੰਤੁਲਨ), (8) ਸਾਧ੍ਯ-ਸਮ (ਪ੍ਰਸ਼ਨ ਦਾ ਸੰਤੁਲਨ), (9) ਪ੍ਰਾਪਤੀ-ਸਮ (ਸਹਿਉਪਸਥਿਤੀ ਦਾ ਸੰਤੁਲਨ), (10) ਅਪ੍ਰਾਪਤੀ-ਸਮ (ਪਰਸਪਰ ਅਨਉਪਸਥਿਤੀ ਦਾ ਸੰਤੁਲਨ), (11) ਪ੍ਰਸੰਗ-ਸਮ (ਅਮੁਕ ਜਾਂ ਅਨੰਤ ਦਲੀਲ ਦਾ ਸੰਤੁਲਨ), (12) ਪ੍ਰਤਿਦ੍ਰਿਸ਼ਟਾਂਤ-ਸਮ (ਉਲਟ ਉਦਾਹਰਣ ਦਾ ਸੰਤੁਲਨ), (13) ਅਨਉਤਪਤੀ-ਸਮ (ਅਨਉਤਪੰਨ ਦਾ ਸੰਤੁਲਨ), (14) ਸੰਸ਼ਾ-ਸਮ (ਸ਼ੱਕ ਦਾ ਸੰਤੁਲਨ), (15) ਪ੍ਰਕਰਣ-ਸਮ (ਮੁੱਦੇ ਦਾ ਸੰਤੁਲਨ, (16) ਅਹੇਤੁ-ਸਮ (ਅਕਾਰਣ ਦਾ ਸੰਤੁਲਨ), (17) ਅਰਥਾਪੱਤੀ-ਸਮ (ਉਪਧਾਰਣਾ ਦਾ ਸੰਤੁਲਨ), (18) ਅਵਿਸ਼ੇਸ਼-ਸਮ (ਅਭੇਦ ਦਾ ਸੰਤੁਲਨ), (19) ਉਪਪੱਤਿ-ਸਮ (ਸਿੱਧਿ ਦਾ ਸੰਤੁਲਨ), (20) ਉਪਲਬਧਿ-ਸਮ (ਪ੍ਰਤੱਖਣ ਦਾ ਸੰਤੁਲਨ), (21) ਅਨਉਪਲਬਧਿ-ਸਮ (ਅਪ੍ਰਤੱਖਣ ਦਾ ਸੰਤੁਲਨ), (22) ਅਨਿੱਤਯ-ਸਮ (ਅਨਿੱਤ ਦਾ ਸੰਤੁਲਨ), (23) ਨਿੱਤ-ਸਮ (ਨਿੱਤ ਦਾ ਸੰਤੁਲਨ), (24) ਕਾਰਯ-ਸਮ (ਕਾਰਜ ਦਾ ਸੰਤੁਲਨ)।

ਸਾਧਰਮਯ-ਸਮ

ਜੇ ਸਾਧਰਮਯ ਉਦਾਹਰਣ ਤੇ ਆਧਾਰਤ ਦਲੀਲ ਦੇ ਖਿਲਾਫ (ਵਿਪਰੀਤ), ਕੋਈ ਸਿਰਫ ਇਸੇ ਵਰਗੀ (ਸਮਾਨ ਕਿਸਮ ਦੀ) ਉਦਾਹਰਣ ਦੇ ਆਧਾਰ ਤੇ ਵਿਰੋਧਤਾ ਪੇਸ਼ ਕਰਦਾ ਹੈ ਤਾਂ ਇਸ ਨੂੰ ਸਾਧਰਮਯ ਸਮ ਕਿਹਾ ਜਾਂਦਾ ਹੈ। ਜਿਵੇਂ,

ਸ਼ਬਦ (ਆਵਾਜ਼) ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਇਸ ਪ੍ਰਸਤਾਵ ਨੂੰ ਵਿਰੋਧਤਾ ਵਿਚ ਸੰਤੁਲਨ ਕਰਨ ਲਈ ਇਸ ਦੇ ਵਿਪਰੀਤ ਕੋਈ ਹੋਰ ਪੁਰਸ਼ ਇਸ ਤਰ੍ਹਾ ਦੀ ਵਿਰੋਧੀ ਦਲੀਲ ਪੇਸ਼ ਕਰਦਾ ਹੈ:

ਸ਼ਬਦ (ਆਵਾਜ਼) ਨਿੱਤ ਹੈ,
ਕਿਉਂਕਿ ਇਹ ਅਭੌਤਿਕ ਹੈ,
ਆਕਾਸ਼ ਵਾਂਗੂ।

ਪਹਿਲੀ ਦਲੀਲ (ਕਿ ਸ਼ਬਦ ਅਨਿੱਤ ਹੈ) ਸ਼ਬਦਦੀ ਅਨਿੱਤ ਘੜੇਨਾਲ ਸਾਧਰਮਯਤਾ ਤੇ ਆਧਾਰਤ ਹੈ, ਕਿਉਂਕਿ ਦੋਵੇਂ ਹੀ ਉਤਪਾਦਨ ਮੰਨੇ ਗਏ ਹਨ। ਦੂਸਰੀ, ਵਿਰੋਧੀ ਦਲੀਲ (ਕਿ ਸ਼ਬਦ ਨਿੱਤ ਹੈ) ਸ਼ਬਦਦੀ ਨਿੱਤ ਆਕਾਸ਼ਨਾਲ ਸਾਧਰਮਯਤਾ ਤੇ ਆਧਾਰਤ ਕਹੀ ਜਾਂਦੀ ਹੈ, ਕਿਉਂਕਿ ਇਹ ਦਾਅਵਾ ਕੀਤਾ ਗਿਆ ਹੈ ਕਿ ਦੋਵੇ (‘ਸ਼ਬਦ’ ਅਤੇ ‘ਅਕਾਸ਼’)ਅਭੌਤਿਕ ਹਨ। ਇਸ ਤਰ੍ਹਾ ਦੀ ਬੇਕਾਰ ਵਿਰੋਧਤਾ ਸਾਧਰਮਯ ਸਮਕਹੀ ਜਾਂਦੀ ਹੈ। ਇਸ ਦਾ ਮੰਤਵ ਦੋਨਾਂ ਦਲੀਲਾਂ ਦੀ ਸਮਾਨਤਾ, ਸਾਧਰਮਯ ਉਦਾਹਰਣਾਂ ਦੇ ਪ੍ਰਯੋਗ ਦੁਆਰਾ, ਸਥਾਪਤ ਕਰਨ ਦੀ ਕੋਸ਼ਿਸ਼ ਹੈ।

ਵੈਧਰਮਯ-ਸਮ

ਜੇ, ਵੈਧਰਮਯ ਉਦਾਹਰਣ ਤੇ ਆਧਾਰਤ ਦਲੀਲ ਦੇ ਖਿਲਾਫ ਕੋਈ ਇਸੇ ਵਰਗੀ (ਸਮਾਨ ਕਿਸਮ ਦੀ) ਉਦਾਹਰਣ ਦੇ ਆਧਾਰ ਤੇ ਵਿਰੋਧਤਾ ਪੇਸ਼ ਕਰਦਾ ਹੈ ਤਾਂ ਇਸ ਬੇਕਾਰ ਵਿਰੋਧਤਾ ਨੂੰ ਵੈਧਰਮਯ ਸਮਕਿਹਾ ਜਾਂਦਾ ਹੈ। ਜਿਵੇਂ,

ਸ਼ਬਦ (ਆਵਾਜ਼) ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਜੋ ਨਿੱਤ ਹੈ ਉਹ ਉਤਪਾਦਨ ਨਹੀ ਹੁੰਦਾ, ਆਕਾਸ਼ ਵਾਂਗੂ।

ਇਸ ਦੇ ਵਿਰੁੱਧ ਬੇਕਾਰ ਦਲੀਲ ਇਸ ਪ੍ਰਕਾਰ ਦੀ ਹੋ ਸਕਦੀ ਹੈ,

ਸ਼ਬਦ ਨਿੱਤ ਹੈ,
ਕਿਉਂਕਿ ਇਹ ਅਭੌਤਿਕ ਹੈ,
ਜੋ ਨਿੱਤ ਨਹੀ ਹੈ, ਉਹ ਅਭੌਤਿਕ ਵੀ ਨਹੀ, ਜਿਵੇਂ ਇਕ ਘੜਾ।

ਪਹਿਲੀ ਦਲੀਲ (ਕਿ ਸ਼ਬਦ ਅਨਿੱਤ ਹੈ) ਵਿਚ ਸ਼ਬਦਦੀ ਨਿੱਤ ਆਕਾਸ਼ਨਾਲ ਵੈਧਰਮਯਤਾ (ਵਿਜਾਤਿਅਤਾ) ਤੇ ਆਧਾਰਤ ਹੈ। ਦੂਜੀ ਵਿਰੋਧੀ ਦਲੀਲ (ਕਿ ਸ਼ਬਦ ਨਿੱਤ ਹੈ) ਵਿਚ ਸ਼ਬਦਦੀ ਅਨ-ਅਭੌਤਿਕ ਘੜੇ ਨਾਲ ਵੈਧਰਮਯਤਾ ਤੇ ਆਧਾਰਤ ਹੈ। ਇਸ ਤਰ੍ਹਾ ਦੀ ਬੇਕਾਰ ਵਿਰੋਧਤਾ ਨੂੰ ਵੈਧਰਮਯ ਸਮਕਿਹਾ ਜਾਂਦਾ ਹੈ, ਜਿਸ ਦਾ ਮਨੋਰਥ ਦੋਨਾਂ ਦਲੀਲਾਂ ਦੀ ਸਮਾਨਤਾ ਵੈਧਰਮਯ ਉਦਾਹਰਣਾਂ ਦੇ ਪ੍ਰਯੋਗ ਦੁਆਰਾ ਸਥਾਪਤ ਕਰਨ ਦੀ ਕੋਸ਼ਿਸ਼ ਹੈ।

ਉਤਕਰਸ਼-ਸਮ (ਅਧਿਕਤਾ ਦਾ ਸੰਤੁਲਨ)

ਜੇ, ਉਦਾਹਰਣ ਦੇ ਕਿਸੇ ਲੱਛਣ ਦੇ ਆਧਾਰ ਤੇ ਪੇਸ਼ ਕੀਤੀ ਦਲੀਲ ਦੇ ਵਿਪਰੀਤ, ਕੋਈ ਇਸ ਦੇ ਵਾਧੂ ਲੱਛਣ (ਗੁਣ) ਨੂੰ ਲੈ ਕੇ ਵਿਰੋਧਤਾ ਪੇਸ਼ ਕਰੇ ਤਾਂ ਇਹ ਫਜ਼ੂਲ ਦਲੀਲ ਉਤਕਰਸ਼ ਸਮਕਹੀ ਜਾਂਦੀ ਹੈ। ਜਿਵੇਂ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਇਸ ਦੇ ਵਿਰੁੱਧ ਦਲੀਲ ਇਸ ਤਰ੍ਹਾ ਦੀ ਹੋ ਸਕਦੀ ਹੈ:

ਸ਼ਬਦ ਅਨਿੱਤ ਹੈ (ਅਤੇ ਅਵੱਸ਼ਯ ਭੌਤਿਕ ਵੀ),
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ (ਜੋ ਅਨਿੱਤ ਦੇ ਨਾਲ ਨਾਲ ਭੌਤਿਕ ਵੀ ਹੈ)।

ਇੱਥੇ ਵਿਰੋਧੀ ਦਾ ਦੂਸ਼ਣ ਹੈ ਕਿ ਜੇਕਰ ‘ਸ਼ਬਦ’ ਘੜੇ ਵਾਂਗ ਅਨਿੱਤ ਹੈ ਤਾਂ ਇਹ ਇਸ ਵਾਂਗ ਭੌਤਿਕ ਵੀ ਜ਼ਰੂਰ ਹੈ; ਜੇ ਇਹ ਭੌਤਿਕ ਨਹੀ ਤਾਂ ਅਨਿੱਤ ਵੀ ਨਹੀ ਹੈ। ਇਸ ਤਰ੍ਹ੍ ਦੀ ਵਿਰੋਧੀ ਦਲੀਲ ਉਤਕਰਸ਼ ਸਮ ਕਹੀ ਜਾਂਦੀ ਹੈ, ਜਿਸ ਦਾ ਮਨੋਰਥ ਦੋਨਾਂ ਦਲੀਲਾਂ ਦੀ ਸਮਾਨਤਾ ਨੂੰ, ‘ਵਾਧੂ ਲੱਛਣ’ ਦੇ ਪਹਿਲੂ ਨੂੰ ਮੁੱਖ ਰੱਖ ਕੇ, ਦਿਖਾਉਣਾ ਹੈ। ਅਰਥਾਤ ਉਦਾਹਰਣ ਦਾ ਇਹ ਲੱਛਣ ਵਿਸ਼ੇ ਨੂੰ ਆਰੋਪਤ ਕੀਤਾ ਗਿਆ ਹੈ। ਇਹ, ਉਦਾਹਰਣ ਅਤੇ ਵਿਸ਼ੇ ਦੀ ਆਪਸੀ ਪੂਰਣ ਬਰਾਬਰਤਾ ਦੀ ਮਿਥੀ ਧਾਰਣਾ ਉੱਪਰ ਆਧਾਰਤ ਹੈ। ਭਾਵੇਂ ਇਸ ਤਰ੍ਹਾਂ ਦੀ, ਕੁਝ ਇਕ ਲੱਛਣਾਂ ਦੀ, ਬਰਾਰਬਤਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ ਪਰ ਲਾਜ਼ਮੀ ਤੌਰ ਤੇ ਕਈ ਹੋਰ ਲੱਛਣਾਂ ਨੂੰ ਲੈ ਕੇ ਇਨ੍ਹਾਂ ਵਿਚ ਬੜਾ ਵੱਡਾ ਅੰਤਰ ਵੀ ਹੈ। ਇਸ ਤਰ੍ਹਾਂ, ਜੋ ਬਰਾਬਰਤਾ ਭੌਤਿਕਤਾ ਦੇ ਪੱਖੋਂ ਘੜੇਅਤੇ ਸ਼ਬਦਦੇ ਵਿਚਕਾਰ ਮੰਨੀ ਗਈ ਹੈ ਇਹ ਦਲੀਲ ਦੁਆਰਾ ਜਾਇਜ਼ (ਅਥਵਾ ਕਿ ਇਹ ਉਤਪਾਦਨ ਹੈ) ਕਰਾਰ ਨਹੀਂ ਦਿੱਤੀ ਗਈ ਕਿਉਂਕਿ ਕਈ ਚੀਜ਼ਾਂ ਐਸੀਆਂ ਵੀ ਹਨ, ਜੈਸੇ ਕਿ ਬੁੱਧੀ ਜਾਂ ਗਿਆਨ, ਜੋ ਉਤਪਾਦਨ ਤਾਂ ਹਨ ਪਰ ਭੌਤਿਕ ਨਹੀਂ ਹਨ।

ਅਪਕਰਸ਼-ਸਮ (ਕਮੀ ਦਾ ਸੰਤੁਲਨ)

ਜੇ, ਉਦਾਹਰਣ ਦੇ ਕਿਸੇ ਲੱਛਣ ਦੇ ਆਧਾਰ ਤੇ ਦਲੀਲ ਦੇ ਵਿਪਰੀਤ, ਕੋਈ ਇਸ ਦੇ ਕਿਸੇ ਹੋਰ ਲੱਛਣ (ਗੁਣ), ਜਿਸ ਦੀ ਇਸ ਵਿਚ ਕਮੀ ਹੈ, ਦੇ ਆਧਾਰ ‘ਤੇ ਵਿਰੋਧਤਾ ਪੇਸ਼ ਕਰੇ ਤਾਂ ਇਹ ਫਜ਼ੂਲ ਦਲੀਲ ਅਪਕਰਸ਼ਕਹੀ ਜਾਂਦੀ ਹੈ। ਜਿਵੇਂ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਇਸ ਦੇ ਵਿਰੁੱਧ ਫਜ਼ੂਲ ਦਲੀਲ ਇਸ ਤਰ੍ਹਾ ਦੀ ਹੋ ਸਕਦੀ ਹੈ:

ਸ਼ਬਦ ਅਨਿੱਤ ਹੈ (ਅਤੇ ਸੁਣਨਯੋਗ ਨਹੀ ਹੋ ਸਕਦਾ),
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ (ਜੋ ਅਨਿੱਤ ਹੈ ਅਤੇ ਸੁਣਨਯੋਗ ਨਹੀ ਹੈ)।

ਇੱਥੇ ਵਿਰੋਧੀ ਦਾ ਦੂਸ਼ਣ ਹੈ ਕਿ ਜੇ ‘ਸ਼ਬਦ’ ਘੜੇ ਦੀ ਤਰ੍ਹਾ ਅਨਿੱਤ ਹੈ ਤਾਂ ਇਹ ਸੁਣਨਯੋਗ ਨਹੀ ਹੋ ਸਕਦਾ ਕਿਉਂਕਿ ਘੜਾ ਸੁਣਨਯੋਗ ਨਹੀ ਹੈ; ਅਤੇ ਜੇ ਫਿਰ ਵੀ ਸ਼ਬਦਨੂੰ ਸੁਣਨਯੋਗ ਮੰਨਿਆ ਜਾਂਦਾ ਹੈ ਤਾਂ ਇਹ ਅਨਿੱਤ ਵੀ ਨਹੀ ਹੈ। ਇਸ ਤਰ੍ਹਾਂ ਦੀ ਫਜ਼ੂਲ ਵਿਰੋਧੀ ਦਲੀਲ ਅਪਕਰਸ਼ ਸਮਕਹੀ ਜਾਂਦੀ ਹੈ, ਜਿਸ ਦਾ ਮਨੋਰਥ ਦੋਨਾਂ ਦਲੀਲਾਂ ਦੀ ਸਮਾਨਤਾ, ਲ਼ੱਛਣ ਦੀ ਉਦਾਹਰਣ ਵਿਚ ਕਮੀ ਦੇ ਪਹਿਲੂ ਨੂੰ ਮੁੱਖ ਰੱਖ ਕੇ ਦਿਖਾਉਣਾ ਹੈ। ਇਹ ਕਮੀ ਵਿਸ਼ੇ ਵਿਚ ਵੀ ਮੰਨੀ ਗਈ ਹੈ। ਸ਼ਬਦਅਤੇ ਘੜੇਵਿਚਕਾਰ ਠੋਸੀ ਗਈ ਇਹ ਸਮਾਨਤਾ ਦਲੀਲ ਰਾਹੀਂ ਜਾਇਜ਼ ਕਰਾਰ ਨਹੀ ਦਿੱਤੀ ਗਈ ਹੈ (ਅਰਥਾਤ ਕਿ ਇਹ ਉਤਪਾਦਨ ਹੈ)।

ਵਰਣਯ-ਸਮ (ਵਿਵਾਦਪੂਰਣ ਦਾ ਸੰਤੁਲਨ)

ਜੇ ਕੇਈ, ਇਕ ਦਲੀਲ ਦੀ ਵਿਰੋਧਤਾ ਇਸ ਦਾਅਵੇ ਨਾਲ ਕਰੇ ਕਿ ਉਦਾਹਰਣ ਦਾ ਲੱਛਣ ਉੱਨਾ ਹੀ ਵਿਵਾਦਪੂਰਣ (ਵਰਣਨਯੋਗ) ਹੈ ਜਿੰਨਾ ਕਿ ਸੰਬੰਧਤ ਵਿਸ਼ੇ ਦਾ, ਤਾਂ ਇਸ ਤਰ੍ਹਾਂ ਦੀ ਫਜ਼ੂਲ ਵਿਰੋਧਤਾ ਨੂੰ ਵਰਣਯ ਸਮਕਿਹਾ ਜਾਂਦਾ ਹੈ। ਜਿਵੇਂ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਇਸ ਦੇ ਵਿਰੁੱਧ ਫਜ਼ੂਲ ਦਲੀਲ ਇਸ ਤਰ੍ਹਾ ਦੀ ਹੋ ਸਕਦੀ ਹੈ,

ਇਕ ਘੜਾ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਸ਼ਬਦ (ਆਵਾਜ਼) ਵਾਂਗੂ।

ਇੱਥੇ ਵਿਰੋਧੀ ਦਾ ਦੂਸ਼ਣ (ਕੰਟਕ) ਹੈ ਕਿ ਜੇ ‘ਸ਼ਬਦ’ ਦੀ ਅਨਿੱਤਤਾ ਤੇ ਪ੍ਰਸ਼ਨ ਉਠਾਇਆ ਜਾਂਦਾ ਹੈ ਤਾਂ ਇਹ ਕਿਉਂ ਨਹੀ ਕਿ ‘ਘੜੇ’ ਦੀ ਅਨਿੱਤਤਾ ਤੇ ਵੀ ਪ੍ਰਸ਼ਨ ਉਠਾਇਆ ਜਾਵੇ, ਕਿਉਂ ਜੋ ਦੋਵੇਂ ‘ਘੜਾ’ ਅਤੇ ‘ਸ਼ਬਦ’ ਉਤਪਾਦਨ ਹੀ ਹਨ? ਉਸ ਦਾ ਮਨੋਰਥ ਇਹ ਕਹਿ ਕੇ ਦਲੀਲ ਨੂੰ ਰੱਦ ਕਰਨਾ ਹੈ ਕਿ ਇਸ ਦੀ ਉਦਾਹਰਣ ਦਾ ਲੱਛਣ ਵਿਵਾਦਮਈ ਹੈ। ਇਸ ਤਰ੍ਹਾ ਦੀ ਫਜ਼ੂਲ ਵਿਰੋਧਤਾ ਨੂੰ ਵਰਣਯ ਸਮਕਿਹਾ ਜਾਂਦਾ ਹੈ, ਜਿਸ ਦਾ ਮੰਤਵ ਸੰਬੰਧਤ ਵਿਸ਼ਾ ਅਤੇ ਉਦਾਹਰਣ ਦੇ ਪ੍ਰਸ਼ਨਮਈ ਲੱਛਣ ਦੇ ਪਹਿਲੂ ਨੂੰ ਮੁੱਖ ਰੱਖ ਕੇ, ਦੋਨਾਂ ਦਲੀਲਾਂ ਦੀ ਸਮਾਨਤਾ (ਬਰਾਬਰਤਾ) ਦਿਖਾਉਣਾ ਹੈ। ਇਸ ਤਰ੍ਹਾ ਇਹ ਵਿਸ਼ਾ ਅਤੇ ਉਦਾਹਰਣ ਦੇ ਵਿਚਕਾਰ ਅੰਤਰਾਂ ਨੂੰ ਸਮੁੱਚੇ ਤੌਰ ਤੇ ਅਣਡਿੱਠ ਕਰਕੇ, ਸਭ ਕਿਸਮ ਦੇ ਅਨੁਮਾਨਦਾ ਖਾਤਮਾ ਕਰ ਦਿੰਦਾ ਹੈ, ਕਿਉਂਕਿ ਅਨੁਮਾਨ ਦੀ ਪਰਿਭਾਸ਼ਾ ਅਨੁਸਾਰ ਇਸ ਪ੍ਰਕ੍ਰਿਆ ਵਿਚ ਹਰ ਉਦਾਹਰਣ ਤੇ ਕਿੰਤੂ ਪ੍ਰੰਤੂ ਕੀਤਾ ਜਾ ਸਕਦਾ ਹੈ।

ਅਵਰਣਯ-ਸਮ (ਵਿਵਾਦਹੀਣ ਦਾ ਸੰਤੁਲਨ)

ਜੇ ਕੋਈ ਇਕ ਦਲੀਲ ਦੀ ਵਿਰੋਧਤਾ ਇਸ ਦਾਅਵੇ ਨਾਲ ਕਰੇ ਕਿ ਉਦਾਹਰਣ ਦਾ ਲੱਛਣ ਉੱਨਾ ਹੀ ਵਿਵਾਦਹੀਣ ਹੈ ਜਿੰਨਾ ਕਿ ਸੰਬੰਧਤ ਵਿਸ਼ੇ ਦਾ, ਤਾਂ ਇਸ ਤਰ੍ਹਾਂ ਦੀ ਫਜ਼ੂਲ ਵਿਰੋਧਤਾ ਨੂੰ ਅਵਰਣਯ ਸਮਕਿਹਾ ਜਾਂਦਾ ਹੈ। ਜਿਵੇਂ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਇਸ ਦੇ ਵਿਰੁੱਧ ਫਜ਼ੂਲ ਦਲੀਲ ਇਸ ਤਰ੍ਹਾਂ ਦੀ ਹੋ ਸਕਦੀ ਹੈ:

ਇਕ ਘੜਾ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਸ਼ਬਦ ਵਾਂਗੂ।

ਇੱਥੇ ਵਿਰੋਧੀ ਦਾ ਦੂਸ਼ਣ (ਕੰਟਕ) ਹੈ ਕਿ ਜੇ ਘੜੇਦੀ ਅਨਿੱਤਤਾ’ ‘ਤੇ ਕੋਈ ਪ੍ਰਸ਼ਨ ਨਹੀ ਉਠਾਇਆ ਜਾਂਦਾ ਹੈ ਤਾਂ ਇਹ ਕਿਉਂ ਨਹੀ ਕਿ ਸ਼ਬਦਦੀ ਅਨਿੱਤਤਾ ਤੇ ਵੀ ਪ੍ਰਸ਼ਨ ਨਾ ਉਠਾਇਆ ਜਾਵੇ, ਕਿਉਂ ਜੋ ਦੋਵੇਂ ਘੜਾਅਤੇ ਸ਼ਬਦਉਤਪਾਦਨ ਹੀ ਤਾਂ ਹਨ? ਇਸ ਤਰ੍ਹਾਂ ਦੀ ਫਜ਼ੂਲ ਵਿਰੋਧਤਤਾ ਨੂੰ ਅਵਰਣਯ ਸਮਕਿਹਾ ਜਾਂਦਾ ਹੈ, ਜਿਸ ਦਾ ਮਨੋਰਥ ਸੰਬੰਧਤ ਵਿਸ਼ਾ ਅਤੇ ਉਦਾਹਰਣ ਦੇ ਅਪ੍ਰਸ਼ਨਮਈ ਲੱਛਣ ਦੇ ਪਹਿਲੁ ਨੂੰ ਮੁੱਖ ਰੱਖ ਕੇ, ਦੋਨਾਂ ਦਲੀਲਾਂ ਦੀ ਸਮਾਨਤਾ ਦਿਖਾਉਣਾ ਹੈ।

ਇਸ ਤਰ੍ਹਾ ਇਹ ਵਿਸ਼ਾਅਤੇ ਉਦਾਹਰਣਵਿਚਕਾਰ ਅੰਤਰਾਂ ਨੂੰ ਸਮੁੱਚੇ ਤੌਰ ਤੇ ਅਣਡਿੱਠ ਕਰਕੇ ਸਭ ਕਿਸਮ ਦੇ ਅਨੁਮਾਨਦਾ ਖਾਤਮਾ ਕਰ ਦਿੰਦਾ ਹੈ।

ਵਿਕਲਪ-ਸਮ (ਵਿਕਲਪਾਂ ਦਾ ਸੰਤੁਲਨ)

ਜੇ ਕੋਈ, ਇਕ ਦਲੀਲ ਦੀ ਵਿਰੋਧਤਾ, ਵਿਸ਼ਾ ਅਤੇ ਉਦਾਹਰਣ ਨੂੰ ਵਿਕਲਪ ਲੱਛਣਾਂ ਦੇ ਆਰੋਪਣ ਦੁਆਰਾ ਕਰੇ ਤਾਂ ਇਸ ਤਰ੍ਹਾਂ ਦੀ ਬੇਕਾਰ ਵਿਰੋਧਤਾ ਨੂੰ ਵਿਕਲਪ ਸਮ ਕਿਹਾ ਜਾਂਦਾ ਹੈ। ਜਿਵੇਂ,

ਇਕ ਘੜਾ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਸ਼ਬਦ ਵਾਂਗੂ।

ਇਸ ਦੇ ਵਿਰੁੱਧ ਫਜ਼ੂਲ ਦਲੀਲ ਇਸ ਤਰ੍ਹਾਂ ਦੀ ਪੇਸ਼ ਕੀਤੀ ਜਾ ਸਕਦੀ ਹੈ:

ਸ਼ਬਦ ਨਿੱਤ ਅਤੇ ਅਰੂਪ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ (ਜਿਹੜਾ ਅਨਿੱਤ ਅਤੇ ਰੂਪ ਵਾਲਾ ਹੈ)।

ਇੱਥੇ ਵਿਰੋਧੀ ਦਾ ਦਾਅਵਾ ਹੈ ਕਿ ਘੜਾਅਤੇ ਸ਼ਬਦਦੋਨੋ ਉਤਪਾਦਨ ਹਨ ਹਾਲਾਂ ਕਿ ਇਕ ਦਾ ‘ਰੂਪ’ ਹੈ ਅਤੇ ਦੂਸਰਾ ‘ਅਰੂਪ’: ਕਿਉਂ ਇਸੇ ਅਸੂਲ ਦੇ ਅੰਤਰਗਤ ਇਕ (ਘੜਾ) ਅਨਿੱਤ ਅਤੇ ਦੂਸਰਾ (ਸ਼ਬਦ) ਨਿੱਤ ਨਹੀ ਹੈ? ਇਸ ਤਰ੍ਹਾਂ ਦੀ ਫਜ਼ੂਲ ਵਿਰੋਧਤਾ ਨੂੰ ਵਿਕਲਪ ਸਮਕਿਹਾ ਜਾਂਦਾ ਹੈ, ਜਿਸ ਦਾ ਮਨੋਰਥ ਸੰਬੰਧਤ ਵਿਸ਼ਾ ਅਤੇ ਉਦਾਹਰਣ ਨੂੰ ਵਿਕਲਪਕ ਲੱਛਣ ਆਰੋਪਤ ਕਰਨ ਦੇ ਪਹਿਲੁ ਨੂੰ ਮੁੱਖ ਰੱਖ ਕੇ ਦੋਨਾਂ ਧਿਰਾਂ ਦੀਆਂ ਦਲੀਲਾਂ ਨੂੰ ਬਰਾਬਰ ਦਿਖਾਉਣਾ ਹੈ। ਇੱਕ ਲੱਛਣ ਦੇ ਪ੍ਰਸੰਗ ਵਿਚ (ਅਰਥਾਤ ਨਿੱਤ ਹੋਣ ਦੇ) ਇਹ ਘੜਾਅਤੇ ਸ਼ਬਦਵਿਚਕਾਰ ਬਰਾਬਰਤਾ ਨੂੰ ਸ਼ਾਮਲ ਕਰਦਾ ਹੈ ਜੋ ਦਲੀਲ (ਉੱਤਪਾਦਨ ਹੋਣਾ) ਦੁਆਰਾ ਜਾਇਜ਼ ਕਰਾਰ ਨਹੀਂ ਦਿੰਦਾ।

ਸਾਧ੍ਯ-ਸਮ (ਪ੍ਰਸ਼ਨ ਦਾ ਸੰਤੁਲਨ)

ਜੇ ਕੋਈ, ਇੱਕ ਦਲੀਲ ਦੀ ਵਿਰੋਧਤਾ ਇਸ ਦਾਅਵੇ ਨਾਲ ਕਰੇ ਕਿ ਉਦਾਹਰਣ ਨੂੰ ਵੀ ਉੱਨੀ ਹੀ ਸਬੂਤ ਦੀ ਜ਼ਰੂਰਤ ਹੈ ਜਿੰਨੀ ਕਿ ਸੰਬੰਧਤ ਵਿਸ਼ੇ ਨੂੰ ਤਾਂ ਇਸ ਤਰ੍ਹਾਂ ਦੀ ਬੇਕਾਰ ਵਿਰੋਧਤਾ ਨੂੰ ਸਾਧ੍ਯ ਸਮਕਿਹਾ ਜਾਂਦਾ ਹੈ। ਜਿਵੇਂ,

ਇਕ ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਇਸ ਦੇ ਵਿਰੁੱਧ ਫਜ਼ੂਲ ਦਲੀਲ ਇਸ ਤਰ੍ਹਾਂ ਦੀ ਹੋ ਸਕਦੀ ਹੈ:

ਇਕ ਘੜਾ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਸ਼ਬਦ ਵਾਂਗੂ।

ਇੱਥੇ, ਵਿਰੋਧੀ ਦਾ ਦਾਅਵਾ ਹੈ ਕਿ ਘੜਾਅਤੇ ਸ਼ਬਦਦੋਵੇਂ ਉਤਪਾਦਨ ਹੋਣ ਕਰਕੇ ਉਨ੍ਹਾਂ ਦੀ ਅਨਿੱਤਤਾ ਲਈ ਸਬੂਤ ਦੀ ਜ਼ਰੂਰਤ ਹੈ। ਸ਼ਬਦਨੂੰ ਅਨਿੱਤ ਸਾਬਤ ਕਰਨਾ ਘੜੇ ਦੀ ਉਦਾਹਰਣ ਵਰਤ ਕੇ ਅਤੇ ਘੜੇਨੂੰ ਅਨਿੱਤ ਸਾਬਤ ਕਰਨਾ ਹੈ ਸ਼ਬਦਦੀ ਉਦਾਹਰਣ ਦੁਆਰਾ। ਇਸ ਤਰ੍ਹਾਂ ਦੀ ਘੜੇ (ਉਦਾਹਰਣ) ਅਤੇ ਸ਼ਬਦ (ਵਿਸ਼ਾ) ਵਿਚ ਪਰਸਪਰਤਾ ਦੇ ਨਤੀਜੇ ਵਜੋਂ ਸ਼ਬਦ ਦੀ ਨਿੱਤਤਾ ਜਾਂ ਅਨਿੱਤਤਾ ਬਾਰੇ ਕੋਈ ਠੋਸ ਸਿੱਟੇ ਤੇ ਨਹੀ ਪਹੁੰਚਿਆ ਜਾ ਸਕਦਾ। ਇਸ ਤਰ੍ਹਾਂ ਦੀ ਵਿਰੋਧਤਾ ਨੂੰ ਸਾਧ੍ਯ ਸਮਕਿਹਾ ਜਾਂਦਾ ਹੈ ਜਿਸ ਦਾ ਮਨੋਰਥ ਦਲੀਲ ਨੂੰ, ਵਿਸ਼ਾ ਅਤੇ ਉਦਾਹਰਣ ਵਿਚ ਪਰਸਪਰਤਾ ਦਿਖਾ ਕੇ ਰੋਕਣਾ ਹੈ।

ਇਹ, ਵਿਸ਼ਾ ਅਤੇ ਉਦਾਹਰਣ ਵਿਚਕਾਰ ਬਰਾਬਰਤਾ ਦੀ ਮਿਥਿਆ (ਗਲਤ) ਧਾਰਣਾ ਉੱਪਰ ਆਧਾਰਤ ਹੈ। ਉਦਾਹਰਣ ਨੂੰ ਆਪਣੇ ਗੁਣਾਂ ਬਾਰੇ ਸਬੂਤ ਦੀ ਕੋਈ ਜ਼ਰੂਰਤ ਨਹੀ ਹੈ, ਕਿਉਂਕਿ ਇਹ ਸਾਫ ਜ਼ਾਹਰ ਹੈ ਕਿ ਇਕ ਘੜਾ ਉਤਪਾਦਨ ਹੋਣ ਦੇ ਨਾਤੇ ਅਨਿੱਤ ਹੈ। ਇਸ ਲਈ ਵਿਰੋਧਤਾ ਫਜ਼ੂਲ ਹੈ।

ਪ੍ਰਾਪਤੀ-ਸਮ (ਸਹਿ-ਉਪਸਥਿਤੀ ਦਾ ਸੰਤੁਲਨ)

ਜੇ, ਕਾਰਨ (ਹੇਤੁ) ਅਤੇ ਵਿਧੇਯ (ਗੁਣ) ਦੀ ਸਹਿ-ਉਪਸਥਿਤੀ ਤੇ ਆਧਾਰਤ ਦਲੀਲ ਵਿਰੁੱਧ ਕੋਈ ਇਸੇ ਹੀ ਕਿਸਮ ਦੀ ਬਰਾਬਰ ਸਹਿ-ਉਪਸਥਿਤੀ ਤੇ ਆਧਾਰਤ ਵਿਰੋਧਤਾ ਪੇਸ਼ ਕਰਦਾ ਹੈ ਤਾਂ ਇਸਤਰ੍ਹਾਂ ਦੀ ਬੇਕਾਰ ਵਿਰੋਧਤਾ ਨੂੰ, ਜਿਸ ਵਿਚ ਕਾਰਣ ਵਿਧੇਯ ਤੋਂ ਅਵਿਛਿੰਨ (ਵੱਖਰਾ ਨਹੀ) ਹੈ, “ਪ੍ਰਾਪਤੀ ਸਮਕਿਹਾ ਜਾਂਦਾ ਹੈ। ਜਿਵੇਂ,

ਪਰਬਤ ਉੱਪਰ ਅੱਗ ਹੈ,
ਕਿਉਂਕਿ ਇਸ ਉੱਪਰ ਧੂੰਆ ਹੈ,
ਰਸੋਈ ਵਾਂਗੂ।

ਇਸ ਦੇ ਵਿਰੁੱਧ ਫਜ਼ੂਲ ਦਲੀਲ ਇਸ ਤਰ੍ਹਾਂ ਦੀ ਹੋ ਸਕਦੀ ਹੈ:

ਪਰਬਤ ਉੱਪਰ ਧੂੰਆ ਹੈ,
ਕਿਉਂਕਿ ਇਸ ਉੱਪਰ ਅੱਗ ਹੈ,
ਰਸੋਈ ਵਾਂਗੂ।

ਇੱਥੇ, ਵਾਦੀ ਧੂੰਏ ਨੂੰ ਕਾਰਣ (ਹੇਤੁ) ਅਤੇ ਅੱਗ ਨੂੰ ਵਿਧੇਯ ਮੰਨਦਾ ਹੈ। ਵਿਵਾਦੀ (ਵਿਰੋਧੀ) ਇਸ ਤੇ ਪ੍ਰਸ਼ਨ ਉਠਾਉਂਦਾ ਹੈ ਕਿ ਕੀ ਧੂੰਆ ਉਸੇ ਜਗਹ ਉਪਸਥਿਤ ਹੈ ਜਿੱਥੇ ਅੱਗ ਹੈ ਜਾਂ ਉਸ ਜਗਹ ਤੋਂ ਅਨਉਪਸਥਿਤ ਹੈ। ਜੇ ਧੂੰਆ ਅੱਗ ਵਾਲੀ ਥਾਂ ਤੇ ਅੱਗ ਦੇ ਨਾਲ ਉਪਸਥਿਤ ਹੈ ਤਾਂ, ਵਿਰੋਧੀ ਦੇ ਮਤ ਅਨੁਸਾਰ, ਕਾਰਨ ਨੂੰ ਵਿਧੇਯ ਨਾਲੇਂ ਅਲਗ (ਵਿਛਿੰਨ) ਦਰਸਾਉਣ ਦੀ ਕਸੌਟੀ (ਨਿਕਸ) ਬਾਕੀ ਨਹੀ ਹੈ। ਉਸ ਦੇ ਮਤ ਅਨੁਸਾਰ ਧੂੰਆ ਅੱਗ ਦਾ ਉੱਨਾ ਹੀ ਕਾਰਨ ਹੈ ਜਿੰਨਾ ਆੱਗ ਧੂੰਏ ਦਾ।

ਇਸ ਤਰ੍ਹਾਂ ਦੀ ਫਜ਼ੂਲ ਵਿਰੋਧਤਾ ਨੂੰ ਪ੍ਰਾਪਤੀ ਸਮਕਿਹਾ ਜਾਂਦਾ ਹੈ ਜਿਸ ਦਾ ਮਨੋਰਥ, ‘ਕਾਰਨ’ ਅਤੇ ‘ਵਿਧੇਯ’ ਦੀ ਆਰੋਪਿਤ ਸਹਿ-ਉਪਸਥਿਤੀ ਦੇ ਆਧਾਰ ਤੇ ਦਲੀਲ ਨੂੰ ਰੋਕਣਾ ਹੈ।

ਇਹ ਜਾਣ ਕੇ ਕਿ ਘੁਮਾਰ ਆਪਣੇ ਕੋਲ ਮਿੱਟੀ ਲਿਆਏ ਬਗੈਰ ਘੜਾ ਨਹੀ ਬਣਾ ਸਕਦਾ, ਇਹ ਮੰਨਿਆ ਜਾਂਦਾ ਹੈ ਕਿ ਕਈ ਬਾਰ ਕੋਈ ਚੀਜ਼ ਤਾਂ ਹੀ ਸੰਪੰਨ ਕੀਤੀ ਜਾਂਦੀ ਹੈ ਜੇ ਕਾਰਨ ਉਸ ਥਾਂ ਉਪਸਥਿਤ ਹੋਵੇ। ਪ੍ਰਾਪਤੀ ਸਮ, ਜੋ ਥਾਂ ਦੀ ਨਿਕਟਤਾ ਨੂੰ ਬੇਲੇੜੀ ਮਹੱਤਤਾ ਦਿੰਦਾ ਹੈ, ਇਸ ਲਈ ਪੂਰਨ ਤੌਰ ਤੇ ਫਜ਼ੂਲ ਵਿਰੋਧਤਾ ਹੈ।

ਅਪ੍ਰਾਪਤੀ-ਸਮ (ਪਰਸਪਰ ਅਨਉਪਸਥਿਤੀ ਦਾ ਸੰਤੁਲਨ)

ਜੇ, ਕਾਰਨ (ਹੇਤੁ) ਅਤੇ ਵਿਧੇਯ (ਗੁਣ) ਦੀ ਪਰਸਪਰ ਅਨ-ਉਪਸਥਿਤੀ ਤੇ ਆਧਾਰਤ ਦਲੀਲ ਦੇ ਵਿਰੁੱਧ ਕੋਈ ਇਸੇ ਹੀ ਕਿਸਮ ਦੀ ਪਰਸਪਰ ਅਨ-ਉਪਸਥਿਤੀ ਤੇ ਆਧਾਰਤ ਵਿਰੋਧਤਾ ਪੇਸ਼ ਕਰੇ ਤਾਂ ਇਸ ਤਰ੍ਹਾ ਦੀ ਬੇਕਾਰ ਵਿਰੋਧਤਾ, ਜਿਸ ਵਿਚ ਕਾਰਨ ਵਿਧੇਯ ਦਾ ਸਹਾਇਕ ਨਾ ਹੋਵੇ, ਨੂੰ ਅਪ੍ਰਾਪਤੀ ਸਮਕਿਹਾ ਜਾਂਦਾ ਹੈ। ਜਿਵੇਂ,

ਪਰਬਤ ਉੱਪਰ ਅੱਗ ਹੈ,
ਕਿਉਂਕਿ ਇਸ ਉੱਪਰ ਧੂੰਆ ਹੈ,
ਰਸੋਈ ਵਾਂਗੂ।

ਇਸ ਦੇ ਵਿਰੁੱਧ ਫਜ਼ੂਲ ਦਲੀਲ ਇਸ ਤਰ੍ਹਾਂ ਦੀ ਹੋ ਸਕਦੀ ਹੈ:

ਪਰਬਤ ਉੱਪਰ ਧੂੰਆ ਹੈ,
ਕਿਉਂਕਿ ਇਸ ਉੱਪਰ ਅੱਗ ਹੈ,
ਰਸੋਈ ਵਾਂਗੂ।

ਵਿਰੋਧੀ ਪੁੱਛਦਾ ਹੈ: ਕੀ ਧੂੰਏ ਨੂੰ ਕਾਰਨ (ਹੇਤੁ) ਮੰਨਿਆ ਜਾਵੇ ਕਿਉਂਕਿ ਇਹ ਅੱਗ ਦੇ ਸਥਾਨ ਤੋਂ ਅਨ-ਉਪਸਿਥਤ ਹੈ?” “ਇਸ ਤਰ੍ਹਾਂ ਦੀ ਮਨੌਤ ਸੱਚਮੁੱਚ ਹੀ ਬੇਤੁਕੀ ਹੈ।ਕਾਰਨ ਵਿਧੇਯ ਨੂੰ ਤਾਂ ਹੀ ਸਥਾਪਤ ਕਰ ਸਕਦਾ ਹੈ ਜੇਕਰ ਇਹ ਇਸ ਨਾਲ ਜੁੜਿਆ ਹੋਇਆ ਹੋਵੇ, ਜੈਸੇ ਇਕ ਚਿਰਾਗ ਉਸ ਚੀਜ਼ ਨੂੰ ਹੀ ਰੌਸ਼ਨ ਕਰ ਸਕਦਾ ਹੈ ਜੋ ਇਸ ਦੇ ਘੇਰੇ ਵਿਚ ਹੋਵੇ। ਜੇ ਵਿਧੇਯ ਨਾਲ ਅਜੁੜਵਾਂ ਕਾਰਨ ਵਿਧੇਯ ਨੂੰ ਸਥਾਪਤ ਕਰ ਸਕਦਾ ਹੁੰਦਾ ਤਾਂ ਅੱਗ ਧੂੰਏ ਦਾ ਉੱਨਾ ਹੀ ਕਾਰਨ ਹੁੰਦੀ ਜਿੰਨਾ ਕਿ ਧੂੰਆ ਅੱਗ ਦਾਇਸ ਤਰ੍ਹਾਂ ਦੀ ਫਜ਼ੂਲ ਵਿਰੋਧਤਾ ਨੂੰ ਅਪ੍ਰਾਪਤੀ ਸਮਕਿਹਾ ਜਾਂਦਾ ਹੈ ਜਿਸ ਦਾ ਮਨੋਰਥ ‘ਕਾਰਨ’ ਅਤੇ ‘ਵਿਧੇਯ’ ਦੀ ਪਰਸਪਰ ਅਨ-ਉਪਸਥਿਤੀ ਦੇ ਆਰੋਪਿਤ ਆਧਾਰ ਤੇ ਦਲੀਲ ਵਿਚ ਰੁਕਾਵਟ ਪੈਦਾ ਕਰਨਾ ਹੈ।

ਇਹ ਜਾਣਕੇ ਕਿ ਇਕ ਝਾੜੀ (ਝਾੜਾ ਕਰਨ ਵਾਲਾ ਢਕਵੰਜੀ) ਦੂਰ ਬੈਠੇ ਆਪਣੇ ਜਾਦੂ ਟੂਣਿਆ ਰਾਹੀਂ ਕਿਸੇ ਨੂੰ ਬਰਬਾਦ ਕਰ ਸਕਦਾ ਹੈ, ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਕਈ ਬਾਰ ਕੋਈ ਚੀਜ਼ ਕਾਰਨ ਤੋਂ ਬਗੈਰ ਸਥਾਪਤ ਕੀਤੀ ਜਾ ਸਕਦੀ ਹੈ। ਅਪ੍ਰਾਪਤੀ ਸਮ ਜੋ ਇਸ ਤਰ੍ਹਾਂ ਦੇ ਅਨਉਪਸਥਿਤ ਕਾਰਨ ਨੂੰ ਜ਼ਰੂਰਤ ਤੋ ਜ਼ਿਆਦਾ ਮਹੱਤਤਾ ਦਿੰਦਾ ਹੈ, ਇਕ ਬਿਲਕੁਲ ਹੀ ਬੇਕਾਰ ਵਿਰੋਧਤਾ ਹੈ।

ਪ੍ਰਸੰਗ-ਸਮ (ਅਮੁਕ ਜਾਂ ਅਨੰਤ ਦਲੀਲਬਾਜ਼ੀ ਦਾ ਸੰਤੁਲਨ)

ਜੇ ਕੋਈ, ਕਿਸੇ ਦਲੀਲ ਦਾ ਵਿਰੋਧ ਇਸ ਆਧਾਰ ਤੇ ਕਰੇ ਕਿ ਪਹਿਲਾਂ, ਸਿਲਸਿਲੇਵਾਰ ਦਲੀਲਾਂ ਨਾਲ ਉਦਾਹਰਣ ਦੀ ਵੈਧਤਾ (ਪ੍ਰਮਾਣਕਤਾ) ਦੀ ਸਥਾਪਨਾ ਕਰਨ ਦੀ ਜ਼ਰੂਰਤ ਹੈ ਤਾਂ ਇਸ ਤਰ੍ਹਾਂ ਦੀ ਫਜ਼ੂਲ ਵਿਰੋਧਤਾ ਨੂੰ ਪ੍ਰਸੰਗ ਸਮਕਿਹਾ ਜਾਵੇਗਾ। ਜਿਵੇਂ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਇਸ ਦੇ ਵਿਰੁੱਧ ਫਜ਼ੂਲ ਦਲੀਲ ਦੀ ਵਿਆਖਿਆ ਇਸ ਤਰ੍ਹਾਂ ਦੀ ਹੋ ਸਕਦੀ ਹੈ:

ਜੇਕਰ ਸ਼ਬਦਦੀ ਅਨਿੱਤਤਾ ਨੂੰ ਘੜੇਦੀ ਉਦਾਹਰਣ ਦੁਆਰਾ ਸਾਬਤ ਕੀਤਾ ਜਾਂਦਾ ਹੈ ਤਾਂ ਫਿਰ ਘੜੇਦੀ ਅਨਿੱਤਤਾ ਨੂੰ ਕਿਸ ਤਰ੍ਹਾਂ ਸਾਬਤ ਕੀਤਾ ਜਾਵੇ? ਜਿਹੜਾ ਸਬੂਤ ਘੜੇ ਦੀ ਅਨਿੱਤਤਾ ਨੂੰ ਸਾਬਤ ਕਰਦਾ ਹੈ, ਸਵੈ ਉਸ ਨੂੰ ਸਥਾਪਤ ਕਰਨ ਲਈ ਵੀ ਅਧਿਕਤਰ ਸਬੂਤ ਦੀ ਜ਼ਰੂਰਤ ਹੈ, ਅਤੇ ਫਿਰ ਵਾਰੀ ਨਾਲ ਅੱਗੇ ਚਲ ਕੇ ਉਸ ਨੂੰ ਸਾਬਤ ਕਰਨ ਦੀ ਜ਼ਰੂਰਤ ਪਏਗੀ ਬਗੈਰਾ ਬਗੈਰਾ। ਇਸ ਤਰ੍ਹਾਂ ਸਾਬਤ ਕਰਨ ਦਾ ਇਹ ਅਮੁੱਕ ਪਿਛਲਖੁਰੀ ਸਿਲਸਿਲਾ (ਪ੍ਰਤਿਗਮਨ) ਚਲਦਾ ਜਾਏਗਾ ਅਤੇ ਦਲੀਲ ਕਿਸੇ ਸਥਿਰ ਸਿੱਟੇ ਤੇ ਨਹੀ ਪਹੁੰਚ ਪਾਏਗੀ। ਇਸ ਤਰ੍ਹਾਂ ਦੀ ਅਨੰਤ ਪਿੱਛਲਖੋਰੀ ਕਾਰਨਾਂ ਜਾਂ ਦਲੀਲਾਂ ਦੀ ਲ਼ੜੀ ਨੂੰ ਪ੍ਰਸੰਗ ਸਮ ਕਿਹਾ ਜਾਂਦਾ ਹੈ ਜਿਸ ਦਾ ਮਨੋਰਥ ਇਸ ਤਰ੍ਹਾਂ ਅਨੰਤ ਪ੍ਰਤਿਗਮਨ ਸ਼ਾਮਲ ਕਰਕੇ ਦਲੀਲ ਵਿਚ ਰੁਕਾਵਟ ਪੈਦਾ ਕਰਨਾ ਹੈ ਅਤੇ ਉਦਾਹਰਣ ਦੀ ਵਰਤੋਂ ਨੂੰ ਰੋਕ ਲਗਾਉਣਾ ਹੈਪ੍ਰੰਤੂ ਉਦਾਹਰਣ ਦੇ ਲੱਛਣ ਦੀ ਆਮ ਆਦਮੀ ਨੂੰ ਅਤੇ ਵਿਸ਼ੇਸ਼ੱਗ ਨੂੰ ਚੰਗੀ ਤਰ੍ਹਾਂ ਪਛਾਣ ਹੈ ਅਤੇ ਇਸ ਨੂੰ ਸਾਬਤ ਕਰਨ ਲਈ ਵਾਧੂ ਦਲੀਲਬਾਜ਼ੀ ਦੀ ਕੋਈ ਜ਼ਰੂਰਤ ਨਹੀ ਹੈ। ਇਸ ਲਈ ਇਹ ਵਿਰੋਧਤਾ ਪ੍ਰਸੰਗ ਸਮਕਿਸੇ ਹਾਲਤ ਵਿਚ ਵੀ ਜਾਇਜ਼ (ਉਚਿਤ) ਨਹੀ ਹੈ।

ਆਮ ਪਦਾਂ ਵਿਚ ਇਸ ਦਾ ਵਰਣਨ ਇਸ ਪ੍ਰਕਾਰ ਕੀਤਾ ਜਾ ਸਕਦਾ ਹੈ: ਪ੍ਰਸੰਗ-ਸਮ ਇਕ ਸਿਲਸਿਲੇ ਬਾਰ ਪ੍ਰਤਿਗਿਆਵਾਂ (ਪ੍ਰਸਤਾਵਾਂ) ਦੀ ਲੜੀ ਹੈ, ਜੇ ਇਕ ਪ੍ਰਤਿਗਿਆ P1 ਦੀ ਸਚਾਈ ਨੂੰ ਸਥਾਪਤ ਕਰਨ ਲਈ ਪ੍ਰਤਿਗਿਆ P2 ਦੀ ਲੋੜ ਪਵੇ, ਪ੍ਰਤਿਗਿਆ P2 ਦੀ ਸਚਾਈ ਲਈ ਪ੍ਰਤਿਗਿਆ P3 ਦੀ, ... ਅਤੇ ਪ੍ਰਤਿਗਿਆ Pn-1 ਲਈ ਪ੍ਰਤਿਗਿਆ Pn ਦੀ ਲੋੜ ਪਵੇ, ਅਤੇ n ਅਮੁੱਕ ਜਾਰੀ ਰਹੇ। ਇਸ ਤਰ੍ਹਾਂ ਇਹ ਲੜੀ ਕਦੇ ਵੀ ਖਤਮ ਨਹੀ ਹੋਵੇਗੀ।

ਪ੍ਰਤਿਦ੍ਰਿਸ਼ਟਾਂਤ-ਸਮ (ਉਲਟ ਉਦਾਹਰਣ ਦਾ ਸੰਤੁਲਨ)

ਜੇ ਕੋਈ, ਸਿਰਫ ਉਲਟੀ ਉਦਾਹਰਣ ਦੀ ਹੋਂਦ ਦੇ ਆਧਾਰ ਤੇ ਹੀ ਦਲੀਲ ਦੀ ਵਿਰੋਧਤਾ ਕਰਦਾ ਹੈ ਤਾਂ ਇਹੋ ਜਿਹੀ ਫਜ਼ੂਲ ਵਿਰੋਧਤਾ ਨੂੰ ਪ੍ਰਤਿਦ੍ਰਿਸ਼ਟਾਂਤ ਸਮਕਿਹਾ ਜਾਵੇਗਾ। ਜਿਵੇਂ,

ਪ੍ਰਤਿੱਗਿਆ:                 ਸ਼ਬਦ ਅਨਿੱਤ ਹੈ,
ਹੇਤੁ:                        ਕਿਉਂਕਿ ਇਹ ਉਤਪਾਦਨ ਹੈ,
ਉਦਾਹਰਣ:                 ਘੜੇ ਵਾਂਗੂ।

ਇਸ ਦੇ ਵਿਰੁੱਧ ਫਜ਼ੂਲ ਦਲੀਲ ਇਸ ਤਰ੍ਹਾਂ ਦੀ ਹੋ ਸਕਦੀ ਹੈ:

ਪ੍ਰਤਿੱਗਿਆ:                 ਸ਼ਬਦ ਨਿੱਤ ਹੈ,
ਉਦਾਹਰਣ:                 ਅਕਾਸ਼ ਵਾਂਗੂ।

ਵਿਰੋਧੀ ਦਾ ਦੂਸ਼ਣ (ਕੰਟਕ) ਹੈ ਕਿ ਜੇ ਸ਼ਬਦਨੂੰ ਘੜੇਦੀ ਉਦਾਹਰਣ ਦੁਆਰਾ ਅਨਿੱਤ ਮੰਨਿਆ ਜਾਂਦਾ ਹੈ ਤਾਂ ਕਿਉਂ ਇਸ ਨੂੰ ਆਕਾਸ਼ਦੀ ਉਦਾਹਰਣ ਦੁਆਰਾ ਨਿੱਤ ਨਹੀ ਮੰਨਿਆ ਜਾ ਸਕਦਾ? ਜੇਕਰ ਆਕਾਸ਼ਦੀ ਉਦਾਹਰਣ ਰੱਦ ਕੀਤੀ ਜਾਂਦੀ ਹੈ ਤਾਂ ਫਿਰ ਘੜੇਦੀ ਕਿਉਂ ਨਹੀ। ਇਸ ਤਰ੍ਹਾਂ ਦੀ ਫਜ਼ੂਲ ਵਿਰੋਧਤਾ ਨੂੰ ਪ੍ਰਤਿਦ੍ਰਿਸ਼ਟਾਂਤ ਸਮਕਿਹਾ ਜਾਂਦਾ ਹੈ, ਜਿਸ ਦਾ ਮਨੋਰਥ ਦਲੀਲ ਨੂੰ ਨਿਰੀ ਉਲਟ ਉਦਾਹਰਣ ਸ਼ਾਮਲ ਕਰਕੇ, ਰੱਦ ਕਰਨਾ ਹੁੰਦਾ ਹੈ।

ਕਾਰਨ ਤੋਂ ਬਗੈਰ ਨਿਰੀ ਉਲਟ ਉਦਾਹਰਣ ਕਿਸੇ ਸਿੱਟੇ ਦੀ ਪ੍ਰੇਰਕ ਨਹੀ ਹੋ ਸਕਦੀ। ਅਸੀਂ ਹੇਤੁ ਨਾਲ ਸੰਗਤ ਉਦਾਹਰਣ ਨੂੰ ਸਵੀਕਾਰ ਕਰ ਸਕਦੇ ਹਾਂ, ਪ੍ਰੰਤੂ ਹੇਤੁ ਤੋਂ ਮੁਤਕ ਉਲਟ-ਉਦਾਹਰਣ ਨੂੰ ਨਹੀ।  ਇਸ ਲਈ ਨਿਰੀ ਉਲਟ ਉਦਾਹਰਣ ਤੇ ਆਧਾਰਤ ਵਿਰੋਧਤਾ ਨੂੰ ਫਜ਼ੂਲ ਕਹਿ ਕੇ ਰੱਦ ਕਰਨਾ ਪਵੇਗਾ।

ਅਨ-ਉਤਪਤੀ ਸਮ

ਜੇ ਕੋਈ, ਕਿਸੇ ਦਲੀਲ ਦਾ ਵਿਰੋਧ ਇਸ ਆਧਾਰ ਤੇ ਕਰੇ ਕਿ ਹੇਤੁ ਦੁਆਰਾ ਤਾਤਪਰਜਕ (ਗੁਣਨਿਰਦੇਸ਼) ਲੱਛਣ, ਵਿਸ਼ੇ ਦੁਆਰਾ ਸੰਕੇਤਕ ਚੀਜ਼ ਵਿਚੋਂ ਗੈਰਹਾਜ਼ਰ ਹੈ ਜਦ ਕਿ ਚੀਜ਼ ਅਜੇ ਪੈਦਾ ਵੀ ਨਹੀ ਹੋਈ ਤਾਂ ਇਸ ਤਰ੍ਹਾਂ ਦੀ ਫਜ਼ੂਲ ਵਿਰੋਧਤਾ ਨੂੰ ਅਨ-ਉਤਪਤੀ ਸਮਕਿਹਾ ਜਾਂਦਾ ਹੈ। ਜਿਵੇਂ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਇਕ ‘ਜਤਨ-ਦਾ-ਕਾਰਜ’ (ਪਰਿਣਾਮ) ਹੈ,
ਘੜੇ ਵਾਂਗੂ।

ਇਸ ਦੇ ਵਿਰੁੱਧ ਫਜ਼ੂਲ ਦਲੀਲ ਇਸ ਤਰ੍ਹਾਂ ਦੀ ਹੋ ਸਕਦੀ ਹੈ:

ਸ਼ਬਦ ਨਿੱਤ ਹੈ,
ਕਿਉਂਕਿ ਇਹ ਇਕ ਅਨ-‘ਜਤਨ-ਦਾ-ਕਾਰਜ’ ਹੈ,
ਆਕਾਸ਼ ਵਾਂਗੂ।

ਵਿਰੋਧੀ ਦਾ ਦਾਅਵਾ ਹੈ ਕਿ ਹੇਤੁ ਦੁਆਰਾ ਤਤਪਰਜ ਲੱਛਣ (ਗੁਣ) ਅਰਥਾਤ ਜਤਨ ਦਾ ਕਾਰਜ ਹੋਣਾ’, ਵਿਸੇ ਦਾ ਵਿਧੇਯਕ (ਪੁਸ਼ਟੀਯੋਗ) ਨਹੀ ਹੈ, ਅਰਥਾਤ ਸ਼ਬਦ’ (ਕਿਉਂ ਜੋ ਇਹ ਅਜੇ ਪੈਦਾ ਹੀ ਨਹੀ ਹੋਇਆ)ਇਸ ਦਾ ਸਿੱਟਾ ਇਹ ਹੋਇਆ ਕਿ ਸ਼ਬਦਅਨਿੱਤਨਹੀ ਹੈ, ਤਾਂ ਫਿਰ ਇਹ ਨਿੱਤ ਜ਼ਰੂਰ ਹੈ। ਵਿਰੋਧੀ ਅਨੁਸਾਰ ਦੋਹਾਂ ਧਿਰਾਂ ਵਿਚ ਇਸ ਪੱਖੋਂ ਤਾਂ ਸਹਿਮਤੀ ਲਗਦੀ ਹੈ ਕਿ ‘ਸ਼ਬਦ’ ਅਨ-(ਜਤਨ-ਦਾ-ਕਾਰਜ) ਹੋਣ ਦੇ ਨਾਤੇ ਨਿੱਤ ਹੈ। ਇਸ ਤਰ੍ਹਾਂ ਦੀ ਵਿਰੋਧਤਾ ਨੂੰ ਅਨ-ਉਤਪਤੀ ਸਮਕਿਹਾ ਜਾਂਦਾ ਹੈ, ਜੋ ਦੋਨਾ ਧਿਰਾਂ ਦੀ ਦਲੀਲ ਦੀ ਬਰਾਬਰਤਾ (ਸਮਾਨਤਾ) ਦਿਖਾਉਣ ਦਾ ਦਿਖਾਵਾ ਕਰਦੀ ਹੈ ਪਹਿਲਾਂ ਇਹ ਮੰਨ ਕੇ ਕਿ ਵਿਸ਼ੇ ਦੁਆਰਾ ਸੰਕੇਤਕ ਚੀਜ਼ ਅਜੇ ਪੈਦਾ ਹੀ ਨਹੀ ਹੋਈ। ਇਹ ਵਿਰੋਧ ਫਜ਼ੂਲ ਇਸ ਕਰਕੇ ਹੈ ਕਿ ਵਿਸ਼ਾ ਤਾਂ ਹੀ ਵਿਸ਼ਾ ਬਣ ਸਕਦਾ ਹੈ ਜਦੋਂ ਇਹ ਉਤਪੰਨ ਹੋਇਆ ਹੋਵੇ, ਤਾਂ ਫਿਰ ਹੇਤੁ ਦਾ ਲੱਛਣ ਇਸ ਦਾ (ਵਿਸ਼ੇ ਦਾ) ਵਿਧੇਯਕ ਬਣਨ ਵਿਚ ਕੋਈ ਅੜਚਣ ਨਹੀ ਆਉਂਦੀ। ਵਿਰੋਧੀ ਦਲੀਲ ਕਿ ਸ਼ਬਦ (ਜਦੋਂ ਕਿ ਇਹ ਅਨ-ਉਤਪੰਨ ਹੈ) ਨਿੱਤ ਹੈ, ਕਿਉਂਕਿ ਇਸ ਤਰ੍ਹਾਂ ਇਹ ਜਤਨ ਦਾ ਕਾਰਜ ਨਹੀ ਹੈ। ਕੋਈ ਵਜ਼ਨ ਨਹੀ ਰੱਖਦੀ ਕਿਉਂ ਜੋ ਅਸੀ ‘ਸ਼ਬਦ’ ਨੂੰ ‘ਸ਼ਬਦ’ ਹੀ ਨਹੀ ਕਿਹਾ ਜਾ ਸਕਦਾ ਜਿੰਨਾ ਚਿਰ ਕਿ ਇਹ ਪੈਦਾ ਨਹੀ ਹੋ ਜਾਂਦਾ। ਸ਼ਬਦ, ਪੈਦਾ ਹੋਣ ਦੇ ਦੌਰਾਨ ਨਿਸ਼ਚੈ ਹੀ ਜਤਨ ਦਾ ਕਾਰਜ ਹੈ ਅਤੇ ਇਸ ਤਰਾਂ ਇਹ ਅਨਿੱਤ ਹੈ।

ਸੰਸ਼ਾ-ਸਮ (ਸ਼ੰਕਾ ਦਾ ਸੰਤੁਲਨ)

ਜੇ ਕੋਈ, ਉਦਾਹਰਣ ਅਤੇ ਇਸ ਦੇ ਆਮ ਭਾਵਦੋਵੇਂ ਬਰੋ ਬਰਾਬਰ ਪ੍ਰਤਿਅਕਸ਼ ਦੇ ਵਿਸ਼ਾ-ਵਸਤੂ ਹੋਣ ਦੇ ਫਲਸਰੂਪ ਨਿੱਤਤਾ ਅਤੇ ਅਨਿੱਤਤਾ ਦੀ ਸਾਧਰਮਤਾ (ਸਮਰੂਪਤਾ) ਤੋਂ ਪੈਦਾ ਹੋਈ ਸ਼ੱਕ ਦੇ ਆਧਾਰ ਤੇ, ਦਲੀਲ ਦੀ ਵਿਰੋਧਤਾ ਕਰਦਾ ਹੈ ਤਾਂ ਇਹੋ ਜਿਹੀ ਫਜ਼ੂਲ ਵਿਰੋਧਤਾ ਸੰਸ਼ਾ ਸਮਕਹੀ ਜਾਏਗੀ। ਜਿਵੇਂ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਇਸ ਦੇ ਵਿਰੁੱਧ ਫਜ਼ੂਲ ਦਲੀਲ ਇਸ ਤਰ੍ਹਾਂ ਦੀ ਹੋ ਸਕਦੀ ਹੈ:

ਸ਼ਬਦ ਅਨਿੱਤ (ਜਾਂ ਨਿੱਤ) ਹੈ,
ਕਿਉਂਕਿ ਇਹ ਪ੍ਰਤਿਅਕਸ਼ ਦਾ ਵਿਸ਼ਾ-ਵਸਤੂ ਹੈ,
ਘੜੇ (ਜਾਂ ਘੜਾਤਵ) ਵਾਂਗੂ।

ਵਿਰੋਧੀ ਦਾ ਦਾਅਵਾ ਹੈ ਕਿ ਸ਼ਬਦਘੜਾ ਅਤੇ ਘੜਾਤਵ ਨਾਲ ਇਸ ਲਈ ਸਾਧਰਮ੍ਯ ਹਨ ਕਿਉਂਕਿ ਦੋਵੇ ਪ੍ਰਤਿਅਕਸ਼ ਦਾ ਵਿਸ਼ਾ ਹਨ: ਘੜਾ ਅਨਿੱਤ ਹੋਣ ਦੇ ਨਾਤੇ ਅਤੇ ਘੜਾਤਵ (ਸਾਰੇ ਘੜਿਆਂ ਦਾ ਆਮ ਭਾਵ) ਨਿੱਤ ਹੋਣ ਦੇ ਨਾਤੇ, ਇਕ ਸ਼ੰਕਾ ਪੈਦਾ ਹੁੰਦਾ ਹੈ ਕਿ ਸ਼ਬਦ ਨਿੱਤ ਹੈ ਜਾਂ ਅਨਿੱਤ। ਇਸ ਤਰ੍ਹਾਂ ਦੀ ਵਿਰੋਧਤਾ ਨੂੰ ਸੰਸ਼ਾ ਸਮਕਿਹਾ ਜਾਂਦਾ ਹੈ ਜਿਸ ਦਾ ਮਨੋਰਥ ਦਲੀਲ ਨੂੰ ਇਸ ਪੈਦਾ ਹੋਈ ਸ਼ੰਕਾ ਦੇ ਆਧਾਰ ਤੇ ਰੱਦ ਕਰਨਾ ਹੈ।

ਇਹ ਵਿਰੋਧ ਫਜ਼ੂਲ ਇਸ ਕਰਕੇ ਹੈ ਕਿਉਂਕਿ ਸ਼ਬਦ ਨੂੰ ਨਿੱਤ ਨਿਰਾ ਇਸ ਆਧਾਰ ਤੇ ਨਹੀ ਕਿਹਾ ਜਾ ਸਕਦਾ ਕਿ ਇਹ ‘ਘੜਾਤਵ’ ਨਾਲ ‘ਸਾਧਰਮ੍ਯ’ ਹੈ, ਪ੍ਰੰਤੂ ਇਸ ਨੂੰ ਅਨਿੱਤ ਇਸ ਆਧਾਰ ਤੇ ਜ਼ਰੂਰ ਕਹਿਣਾ ਪਵੇਗਾ ਕਿ ਇਹ ਉਤਪਾਦਨ ਦੇ ਆਧਾਰ ਤੇ ਘੜਾਤਵ ਦੇ ਵੈਧਰਮ੍ਯ ਹੈ। ਭਾਵੇਂ ਸਾਧਰਮਤਾ ਦੇ ਆਧਾਰ ਤੇ ਸਾਨੂੰ ਸ਼ਾਇਦ ਸ਼ੱਕ ਹੋਵੇ ਕਿ ਸ਼ਬਦ ਨਿੱਤ ਹੈ ਜਾਂ ਅਨਿੱਤ, ਪ੍ਰੰਤੂ ਵੈਧਰਮਤਾ ਦੇ ਨਾਤੇ ਇਸ ਦੀ ਅਨਿੱਤਤਾ ਦੇ ਬਾਰੇ ਸਾਨੂੰ ਕੋਈ ਸ਼ੱਕ ਨਹੀ ਹੋਣੀ ਚਾਹੀਦੀ। ਇਸ ਵਿਸ਼ੇ ਵਿਚ ਸਾਨੂੰ ਇਹ ਯਾਦ ਰੱਖਣਾ ਪਏਗਾ ਕਿ ਅਸੀਂ ਉੱਨੀ ਦੇਰ ਤੱਕ ਕਿਸੇ ਚੀਜ਼ ਦਾ ਸਹੀ ਸੁਭਾਉ ਨਹੀ ਜਾਣ ਸਕਦੇ ਜਿੱਨਾ ਚਿਰ ਅਸੀਂ ਇਸ ਨੂੰ ਦੂਜੀਆਂ ਚੀਜ਼ਾਂ ਦੀ ਸਾਧਰਮ੍ਯਤਾ ਦੇ ਨਾਲ ਨਾਲ ਵੈਧਰਮ੍ਯਤਾ ਨਾਲ ਨਹੀ ਤੋਲਦੇ। ਇਸ ਦੇ ਬਾਵਜੂਦ ਵੀ ਜੇ ਸ਼ੰਕਾ ਕਾਇਮ ਰਹਿੰਦਾ ਹੈ ਤਾਂ ਇਸ ਨੂੰ ਕਦੇ ਵੀ ਦੂਰ ਨਹੀ ਕੀਤਾ ਜਾ ਸਕਦਾ।

ਪ੍ਰਕਰਣ-ਸਮ (ਮੁੱਦੇ ਦਾ ਵਿਵਾਦ ਦਾ ਸੰਤੁਲਨ)

ਇਹ ਉਹ ਵਾਦ ਵਿਵਾਦ ਹੈ ਜਿਸ ਦਾ ਸੰਚਾਲਨ ਦੋਨਾਂ ਧਿਰਾਂ ਦੁਆਰਾ ਸਾਧਰਮ੍ਯਤਾ ਅਤੇ ਵੈਧਰਮ੍ਯਤਾ ਨੂੰ ਆਧਾਰ ਬਣਾ ਕੇ ਕੀਤਾ ਜਾਂਦਾ ਮੰਨਿਆ ਗਿਆ ਹੈ। ਜਿਵੇਂ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਇਸ ਦੇ ਵਿਰੁੱਧ ਫਜ਼ੂਲ ਦਲੀਲ ਇਸ ਤਰ੍ਹਾਂ ਦੀ ਹੋ ਸਕਦੀ ਹੈ:

ਸ਼ਬਦ ਨਿੱਤ ਹੈ,
ਕਿਉਂਕਿ ਇਹ ਸੁਣਨਯੋਗ ਹੈ,
ਸ਼ਬਦਤਵ (ਜਾਂ ਧੁਨੀਤਵ) ਵਾਂਗੂ।

ਵਿਰੋਧੀ ਦਾ ਦੂਸ਼ਣ ਹੈ ਕਿ ਇਹ ਪ੍ਰਸਤਾਵ, ਅਰਥਾਤ ਸ਼ਬਦ ਅਨਿੱਤ ਹੈ ਸਾਬਤ ਨਹੀ ਕੀਤਾ ਜਾ ਸਕਦਾ ਕਿਉਂਕਿ ਹੇਤੁ (ਕਾਰਣ), ਅਰਥਾਤ ਸੁਣਨਯੋਗਤਾਜੋ ਦੋਨਾਂ ਸ਼ਬਦ’ (ਜੋ ਅਨਿੱਤ ਹੈ) ਅਤੇ ਸ਼ਬਦਤਵ’ (ਜੋ ਨਿੱਤ ਹੈ) ਨਾਲ ਸਾਧਰਮ੍ਯ ਹੈ, ਸਿਰਫ ਦੁਬਿਧਾ (ਸ਼ੰਕਾ) ਹੀ ਪੈਦਾ ਕਰਦਾ ਹੈ ਨਾ ਕਿ ਇਸ ਨੂੰ ਦੂਰ ਕਰਦਾ ਹੈ ਜੋ ਕਿ ਦਲੀਲ ਦਾ ਮੂਲ ਮਨੋਰਥ ਸੀ। ਇਸ ਤਰ੍ਹਾਂ ਦੀ ਵਿਰੋਧਤਾ ਨੂੰ ਪ੍ਰਕਰਣ ਸਮਕਿਹਾ ਜਾਂਦਾ ਹੈ ਜੋ ਸ਼ੰਕਾ ਨੂੰ ਦੂਰ ਕਰਨ ਦੀ ਬਜਾਏ ਇਸ ਨੂੰ ਪੈਦਾ ਕਰਕੇ ਦਲੀਲ ਨੂੰ ਠੇਸ ਪਹੁੰਚਾਉਂਦੀ ਹੈ। ਇਹ ਵਿਰੋਧਤਾ ਫਜ਼ੂਲ ਹੈ ਜੋ ਮੁੱਖ ਦਲੀਲ ਨੂੰ ਰੱਦ ਨਹੀ ਕਰ ਸਕਦੀ ਕਿਉਂਕਿ ਇਹ ਉਸ ਨੁਕਤੇ ਵਲ ਲੈ ਜਾਂਦੀ ਹੈ ਜੋ ਇਕ ਧਿਰ ਦਾ ਉੱਨਾ ਹੀ ਸਮਰਥਕ ਹੈ ਜਿੰਨਾ ਕਿ ਦੂਸਰੀ ਧਿਰ ਦਾ ਵਿਰੋਧੀ।

ਅਹੇਤੁ-ਸਮ (ਹੇਤੁ ਨਾ ਹੋਣ ਦਾ ਸੰਤੁਲਨ)

ਇਹ ਵਿਰੋਧਤਾ ਇਸ ਆਧਾਰ ਤੇ ਮੰਨੀ ਜਾਂਦੀ ਹੈ ਕਿ ਹੇਤੁ ਨੂੰ ਤਿੰਨਾ ਹੀ ਕਾਲਾਂ ਵਿਚ ਅਸੰਭਵ ਦਿਖਾਇਆ ਜਾਂਦਾ ਹੈ। ਜਿਵੇਂ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਇੱਥੇ ਉਤਪਾਦਨ ਹੋਣਾਹੇਤੁ (ਕਾਰਣ) ਹੈ ਅਤੇ ਅਨਿੱਤ ਹੋਣਾਵਿਧੇਯ ਹੈ।

(ੳ)    ਇੱਥੇ ਹੇਤੁ, ਵਿਧੇਯ ਦਾ ਪੂਰਵਵਰਤੀ ਨਹੀ ਹੈ, ਕਿਉਂਕਿ ਹੇਤੁ ਤਾਂ ਹੀ ਹੇਤੁ ਕਿਹਾ ਜਾਂਦਾ ਹੈ ਜਦੋਂ ਇਹ ਵਿਧੇਯ ਨੂੰ ਸਥਾਪਤ ਕਰਦਾ ਹੈ। ਵਿਧੇਯ ਦੇ ਸਥਾਪਤ ਹੋ ਜਾਣ ਤੋਂ ਪਹਿਲਾਂ, ਹੇਤੁ ਨੂੰ ਹੇਤੁ ਕਹਿਣਾ ਅਸੰਭਵ ਹੈ। [ਇਸ ਦਲੀਲ ਦਾ “ਆਗਮਨ ਤਰਕ ਵਿਧੀ ਦੀ ਸਮੱਸਿਆ” ਨਾਲ ਸੰਬੰਧ ਹੈ। ਇਹ ਸਮੱਸਿਆ ਕੁਝ ਇਸ ਤਰ੍ਹਾ ਹੈ: ਵਿਗਿਆਨਕ ਆਗਮਨ ਦਲੀਲ ਦੀ ਪ੍ਰਮਾਣਕਤਾ ਅਤੀਤ ਦੀਆਂ ਸਮਰੂਪੀ ਘਟਨਾਵਾਂ ਉੱਪਰ ਨਿਰਭਰ ਕਰਦੀ ਹੈ ਜਿਸ ਰਾਹੀ ਭਵਿੱਖ ਦੀਆਂ “ਅਗਿਆਤ” ਸੰਭਾਵੀ ਘਟਨਾਵਾਂ ਦਾ ਅਨੁਮਾਨ ਅਤੀਤ ਦੀਆਂ “ਗਿਆਤ” ਸਮਰੂਪੀ ਘਟਨਾਵਾਂ ਦੇ ਆਧਾਰ ‘ਤੇ ਲਗਾਇਆ ਜਾਂਦਾ ਹੈ। ਪ੍ਰੰਤੂ ਇਸ ਅਨੁਮਾਨ ਦੀ ਵੈਧਤਾ ਜਾਂ ਸਚਾਈ ਦਾ ਆਧਾਰ ਇਸ ਧਾਰਨਾ ‘ਤੇ ਨਿਰਭਰ ਕਰਦਾ ਹੈ ਕਿ ਸਮੁੱਚੀ ਪ੍ਰਕਿਰਤੀ ਵਿਚ ਇਕਸਾਰਤਾ ਹੈ, ਭਾਵ ਜਿਵੇਂ ਅਤੀਤ ਵਿਚ ਵਾਪਰਦਾ ਹੈ ਉਵੇਂ ਹੀ ਭਵਿੱਖ ਵਿਚ  ਵਾਪਰੇਗਾ। ਸਾਡਾ ਇਹ ਨਿਸ਼ਕਰਸ਼ ਕਿ “ਸਾਰੇ ਕਾਂ ਕਾਲੇ ਹੁੰਦੇ ਹਨ” ਇਸ ਤੱਥ ‘ਤੇ ਨਿਰਭਰ ਕਰਦਾ ਹੈ ਕਿ ਅੱਜ ਤੱਕ ਚਿੱਟਾ ਕਾਂ ਕਦੇ ਵੀ ਦੇਖਿਆ ਨਹੀ ਗਿਆ। ਪਰ ਇਹ ਅਨੁਭਵ ਇਸ ਗੱਲ ਦੀ ਨਿਸ਼ਚਿਤ ਰੂਪ ਵਿਚ ਪੂਰਨ ਗਰੰਟੀ ਨਹੀ ਦਿੰਦਾ ਕਿ ਚਿੱਟੇ ਰੰਗ ਦਾ ਕਾਂ ਕਦੇ ਵੀ ਹੋ ਨਹੀ ਸਕਦਾ। ਇਸ ਦੀ ਸੰਭਾਵਨਾ ਭਾਵੇਂ ਥੋੜੀ ਹੈ ਪਰ ਹੈ ਜ਼ਰੂਰ। ਇਸ ਲਈ ਆਗਮਨ ਵਿਧੀ ਦੁਬਿਧਾਗ੍ਰਸਤ ਵਿਧੀ ਹੈ ਜਿਸ ਵਿਚ ਸਾਡਾ ਗਿਆਨ ਨਿਸ਼ਚਾਤਮਕ ਤੌਰ ‘ਤੇ ਪੂਰਨ ਨਹੀ ਹੁੰਦਾ। ਇਸ ਲਈ ਉੱਪਰਲੀ ਦਲੀਲ ਵਿਚ “ਘੜੇ” ਦੀ ਅਨਿੱਤਤਾ (ਕਿਉਂਕਿ ਇਹ ਉਤਪਾਦਨ ਹੈ) ਦੇ ਆਧਾਰ ‘ਤੇ “ਸ਼ਬਦ” ਦੀ ਅਨਿੱਤਤਾ ਦਾ ਸਿੱਟਾ ਨਹੀ ਕੱਢਿਆ ਜਾ ਸਕਦਾ। ]

(ਅ)    ਹੇਤੁ, ਵਿਧੇਯ ਦਾ ਉੱਤਰਵਰਤੀ ਨਹੀ ਹੁੰਦਾ, ਅਰਥਾਤ ਹੇਤੁ ਵਿਧੇਯ ਤੋਂ ਮਗਰੋਂ ਨਹੀ ਆਉਂਦਾ ਕਿਉਂਕਿ ਹੇਤੁ ਬੇਕਾਰ ਹੋਏਗਾ ਜੇਕਰ ਵਿਧੇਯ ਨੂੰ ਇਸ ਤੋਂ ਬਗੈਰ ਸਥਾਪਤ ਕੀਤਾ ਜਾ ਸਕਦਾ ਹੁੰਦਾ।

(ੲ)     ਹੇਤੁ ਅਤੇ ਵਿਧੇਯ ਦੀ ਸਮਕਾਲੀਨ ਹੋਂਦ ਨਹੀ ਹੋ ਸਕਦੀ. ਕਿਉਂਕਿ ਤਾਂ ਫਿਰ ਉਹ ਪਰਸਪਰ ਜੁੜੇ ਹੁੰਦੇ ਜਿਵੇਂ ਕਿ ਗਊ ਦਾ ਸੱਜਾ ਅਤੇ ਖੱਬਾ ਸਿੰਗ। ਵਿਧੇਯ ਤੇ ਨਿਰਭਰ ਹੇਤੁ, ਵਿਧੇਯ ਨੂੰ ਸਥਾਪਤ ਨਹੀ ਕਰ ਸਕਦਾ। ਇਸ ਤਰ੍ਹਾਂ ਦੀ ਵਿਰੋਧਤਾ ਨੂੰ ਅਹੇਤੁ ਸਮਕਿਹਾ ਜਾਂਦਾ ਹੈ, ਜਿਸ ਦਾ ਮਨੋਰਥ, ਹੇਤੁ ਨੂੰ ਤਿੰਨ ਕਾਲਾਂ ਵਿਚ ਅਸੰਭਵ ਦਿਖਾ ਕੇ, ਦਲੀਲ ਨੂੰ ਰੱਦ ਕਰਨਾ ਹੈ।

ਅਸਲ ਵਿਚ ਹੇਤੁ ਨੂੰ ਅਮਲ ਵਿਚ ਲਿਆਉਣ ਵਿਚ ਕੋਈ ਅਸੰਭਵਤਾ ਨਹੀ ਹੈ। ਗਿਆਨਯੋਗ (ਵਿਗੇਯ) ਬਾਰੇ ਗਿਆਨ ਅਤੇ ਜੋ ਸਥਾਪਤ ਕਰਨਾ ਹੈ ਉਸ ਦੀ ਸਥਾਪਨਾ, ਹੇਤੁ ਦੁਆਰਾ ਹੀ ਹੁੰਦੀ ਹੈ ਜਿਹੜਾ ਕਿ ਜੋ ਗਿਆਤਣਾ ਹੈ ਅਤੇ ਸਥਾਪਣਾ ਹੈ, ਉਸ ਦਾ ਪੂਰਵਵਰਤੀ ਹੁੰਦਾ ਹੈ। ਜੇ ਹੇਤੁ ਨੂੰ ਅਸੰਭਵ ਮੰਨਿਆ ਜਾਂਦਾ ਹੈ ਤਾਂ ਵਿਰੋਧਤਾ ਸਵੈ ਅਸੰਭਵ ਕਿਉਂ ਨਹੀ, ਜੋ ਕਿ ਹੇਤੁ ਉਪਰ ਨਿਰਭਰ ਕਰਦੀ ਹੈ? ਵਿਰੋਧਤਾ ਅਸੰਭਵ ਹੋਣ ਦੀ ਸਥਿਤੀ ਵਿਚ, ਮੁਢਲੀ ਦਲੀਲ ਬਿਲਕੁਲ ਠੀਕ ਹੈ।

ਅਰਥਾਪੱਤੀ-ਸਮ (ਪਰਿਕਲਪਨਾ ਦਾ ਸੰਤੁਲਨ)

ਜੇ ਕੋਈ, ਪਰਿਕਲਪਨਾ ਜਾਂ ਮਨੌਤ (ਅਰਥਾਪੱਤੀ) ਦੇ ਆਧਾਰ ਤੇ ਕਿਸੇ ਦਲੀਲ ਦੀ ਵਿਰੋਧਤਾ ਪੇਸ਼ ਕਰਦਾ ਹੈ ਤਾਂ ਇਸ ਤਰ੍ਹਾਂ ਦੀ ਫਜ਼ੂਲ ਵਿਰੋਧਤਾ ਨੂੰ ਅਰਥਾਪੱਤੀ ਸਮਕਿਹਾ ਜਾਂਦਾ ਹੈ। ਜਿਵੇਂ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਇਸ ਦੇ ਵਿਰੁੱਧ ਫਜ਼ੂਲ ਦਲੀਲ ਇਸ ਤਰ੍ਹਾਂ ਦੀ ਪੇਸ਼ ਕੀਤੀ ਜਾ ਸਕਦੀ ਹੈ:

ਸ਼ਬਦ ਨੂੰ ਅਰਥਾਪੱਤੀ ਰਾਹੀ ਨਿੱਤ ਮੰਨਿਆ ਗਿਆ ਹੈ,
ਕਿਉਂਕਿ ਇਹ ਅਭੌਤਿਕ ਹੈ,
ਆਕਾਸ਼ ਵਾਂਗੂ।

ਇਹ ਦਲੀਲ ਪੇਸ਼ ਕਰਕੇ ਵਿਰੋਧੀ ਦਾਅਵਾ ਕਰਦਾ ਹੈ ਕਿ ਜੇ ਸ਼ਬਦ ਨੂੰ ਇਸ ਆਧਾਰ ਤੇ ਅਨਿੱਤ ਮੰਨਿਆ ਗਿਆ ਹੈ ਕਿ ਇਹ ਅਨਿੱਤ ਚੀਜ਼ਾਂ ਨਾਲ ਸਾਧਰਮਯ ਹੈ (ਜੈਸੇ ਉਤਪਾਦਨ ਹੋਣ ਦੇ ਨਾਤੇ) ਤਾਂ ਇਸ ਤੋਂ ਇਹ ਵੀ ਬਰਾਬਰ ਕਿਹਾ ਜਾ ਸਕਦਾ ਹੈ ਕਿ ਸ਼ਬਦ ਨਿੱਤ ਹੈ ਕਿਉਂਕਿ ਇਹ ਨਿੱਤ ਚੀਜ਼ਾਂ ਨਾਲ ਸਾਧਰਮਯ ਹੈ (ਜੈਸੇ ਇਹ ਅਭੌਤਿਕ ਹੈ)। ਇਸ ਤਰ੍ਹਾਂ ਦੀ ਵਿਰੋਧਤਾ ਨੂੰ ਅਰਥਾਪੱਤੀ ਸਮਕਿਹਾ ਜਾਂਦਾ ਹੈ ਜਿਸ ਦਾ ਮਨੋਰਥ ਅਰਥਾਪੱਤੀ ਨੂੰ ਮੁੱਖ ਰੱਖ ਕੇ ਵਾਦ ਵਿਵਾਦ ਵਿਚ ਰੁਕਾਵਟ ਪਾਉਣਾ ਹੈ। ਇਹ ਵਿਰੋਧਤਾ ਫਜ਼ੂਲ ਹੈ ਕਿਉਂਕਿ ਜੇ ਅਰਥਾਪੱਤੀ ਨੂੰ ਵਰਤ ਕੇ ਦਲੀਲ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਇਹ ਵੀ ਸੰਭਵ ਹੈ ਕਿ ਵਿਰੋਧਤਾ ਸਵੈ ਅਰਥਾਪੱਤੀ ਨਾਲ ਗਲਤ ਠਹਿਰਾਈ ਜਾ ਸਕਦੀ ਹੈ:

ਸ਼ਬਦ ਨਿੱਤ ਹੈ,
ਕਿਉਂਕਿ ਇਹ ਅਭੌਤਿਕ ਹੈ,
ਆਕਾਸ਼ ਵਾਂਗੂ।

ਇਸ ਦੇ ਵਿਰੁੱਧ ਅਰਥਾਪੱਤੀ ਦੇ ਸਹਾਰੇ ਇਹ ਕਿਹਾ ਜਾ ਸਕਦਾ ਹੈ:

ਸ਼ਬਦ ਅਨਿੱਤ ਮੰਨਿਆ ਗਿਆ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਇਹ ਦਲੀਲ ਸਪਸ਼ਟ ਤੌਰ ਤੇ ਪਹਿਲੀ ਦਲੀਲ ਦੇ ਵਿਰੁੱਧ ਜਾਂਦੀ ਹੈ।

ਅਵਿਸ਼ੇਸ਼ ਸਮ (ਅਭੇਦ ਦਾ ਸੰਤੁਲਨ)

ਜੇ ਹੇਤੁ ਦੁਆਰਾ ਤਾਤਪਰਜ ਕਿਸੇ ਇਕ ਸਾਂਝੇ ਗੁਣ ਦੇ ਆਧਾਰ ਤੇ ਵਿਸ਼ਾ ਅਤੇ ਉਦਾਹਰਣ ਨੂੰ ਅਭਿੰਨ ਮੰਨਿਆ ਜਾਵੇ (ਅਰਥਾਤ, ਵਿਸ਼ਾ ਅਤੇ ਉਦਾਹਰਣ ਸਮਾਨ ਮੰਨੇ ਜਾਣ) ਤਾਂ ਨਤੀਜਾ ਇਹ ਕੱਢਿਆ ਜਾਵੇ ਕਿ ਹਰ ਗੁਣ ਦੇ ਆਧਾਰ ਤੇ ਸਾਰੀਆਂ ਚੀਜ਼ਾਂ ਪਰਸਪਰ ਅਭਿੰਨ ਹਨ ਕਿਉਂਕਿ ਉਹ ਸਭ ਅਸਤਿੱਤਤਵਵਾਨ (ਹੋਂਦ ਵਿਚ) ਹਨ: ਇਹੋ ਜਿਹੀ ਵਿਰੋਧਤਾ ਨੂੰ ਅਵਿਸ਼ੇਸ਼ ਸਮਕਿਹਾ ਜਾਂਦਾ ਹੈ। ਜਿਵੇਂ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਕੋਈ ਹੋਰ ਪੁਰਸ਼ ਫਜ਼ੂਲ ਵਿਰੋਧਤਾ ਇਸ ਤਰ੍ਹਾ ਪੇਸ਼ ਕਰਦਾ ਹੈ: ਜੇਕਰ ਉਤਪਾਦਨ ਹੋਣ ਦੇ ਫਲਸਰੂਪ, ‘ਘੜਾਅਤੇ ਸ਼ਬਦਅਨਿੱਤਤਾ ਦੇ ਨਾਤੇ ਅਭਿੰਨ ਮੰਨੇ ਜਾਂਦੇ ਹਨ ਤਾਂ ਨਤੀਜਾ ਇਹ ਨਿਕਲਦਾ ਹੈ ਕਿ ਸਾਰੀਆਂ ਚੀਜ਼ਾਂ ਹਰ ਗੁਣ ਦੇ ਨਾਤੇ ਪਰਸਪਰ ਅਭਿੰਨ ਹਨ ਕਿਉਂਕਿ ਉਨ੍ਹਾਂ ਸਭ ਦਾ ਅਸਤਿੱਤਵ ਹੈ (ਹੋਂਦ ਹੈ)। ਇਸ ਲਈ ਅਨਿੱਤਤਾ ਅਤੇ ਨਿੱਤਤਾ ਵਿਚ ਕੋਈ ਭਿੰਨਤਾ ਨਾ ਹੋਣ ਕਰਕੇ ਸ਼ਬਦ ਨੂੰ ਨਿੱਤ ਮੰਨਿਆ ਜਾ ਸਕਦਾ ਹੈ। ਇਸ ਤਰ੍ਹਾਂ ਦੀ ਵਿਰੋਧਤਾ ਨੂੰ ਅਵਿਸ਼ੇਸ਼ ਸਮਕਿਹਾ ਜਾਂਦਾ ਹੈ ਜਿਸ ਦਾ ਮਨੋਰਥ ਸਭ ਚੀਜ਼ਾਂ ਨੂੰ ਪਰਸਪਰ ਅਭਿੰਨ ਮੰਨ ਕੇ, ਦਲੀਲ ਵਿਚ ਅੜਚਣ ਪੈਦਾ ਕਰਨਾ ਹੈ। ਇਹ ਵਿਰੋਧਤਾ ਫਜ਼ੂਲ ਇਸ ਕਰਕੇ ਹੈ ਕਿ ਜੋ ਗੁਣ ਵਿਸ਼ਾ ਅਤੇ ਉਦਾਹਰਣ ਵਿਚ ਸਾਂਝੇ ਹੁੰਦੇ ਹਨ, ਕਈ ਬਾਰ ਹੇਤੁ ਵਿਚ ਵੀ ਪਾਏ ਜਾਂਦੇ ਹਨ, ਜਦ ਕਿ ਕਈ ਬਾਰ ਉਹ ਕਾਰਣ ਵਿਚ ਉਪਸਥਿਤ ਨਹੀ ਹੁੰਦੇ।

ਉਪਰਲੇ ਨਿਆਇ-ਵਾਕ ਵਿਚ ਘੜਾਅਤੇ ਸ਼ਬਦਉਤਪਾਦਨ ਹੋਣ ਦਾ ਸਾਂਝਾ ਗੁਣ ਰੱਖਦੇ ਹੋਏ, ਅਨਿੱਤਤਾ ਦੇ ਨਾਤੇ ਅਭਿੰਨ ਮੰਨੇ ਗਏ ਹਨ। ਇਸੇ ਤੱਤ ਨੂੰ ਮੁੱਖ ਰੱਖ ਕੇ ਜੇ ਸਭ ਚੀਜ਼ਾਂ ਨੂੰ ਉਹਨਾਂ ਦੀ ਕੇਵਲ ਹੋਂਦ ਦੇ ਆਧਾਰ ਤੇ ਹੀ ਅਭਿੰਨ ਸਮਝਿਆ ਜਾਂਦਾ ਹੈ ਤਾਂ ਸਾਨੂੰ ਪੁੱਛਣਾ ਪਏਗਾ ਕਿ ਉਹ ਕਿਸ ਪ੍ਰਸੰਗ ਵਿਚ ਅਭਿੰਨ ਮੰਨਿਆ ਜਾਂਦਾ ਹੈ ਤਾਂ ਦਲੀਲ ਇਸ ਪ੍ਰਕਾਰ ਹੋਵੇਗੀ,

ਸਭ ਚੀਜ਼ਾਂ ਅਨਿੱਤ ਹਨ,
ਕਿਉਂਕਿ ਉਹ ਹੋਂਦਵਾਨ ਹਨ,
ਜਿਵੇਂ (?)

ਇਸ ਦਲੀਲ ਵਿਚ ਕਿਉਂਕਿ ਵਿਸ਼ਾ ਸਭ ਚੀਜ਼ਾਂਹੈ ਇਸ ਲਈ ਕੋਈ ਚੀਜ਼ ਬਾਕੀ ਨਹੀ ਰਹਿ ਜਾਂਦੀ ਜੋ ਉਦਾਹਰਣਬਣ ਸਕੇ। ਵਿਸ਼ੇ ਦੇ ਇਕ ਹਿੱਸੇ ਨੂੰ ਉਦਾਹਰਣ ਦੇ ਤੌਰ ਤੇ ਨਹੀ ਵਰਤਿਆ ਜਾ ਸਕਦਾ ਕਿਉਂਕਿ ਉਦਾਹਰਣ ਦੀ ਸੰਪੂਰਣ-ਸਥਾਪਤੀ ਜ਼ਰੂਰੀ ਹੈ, ਜਦ ਕਿ ਵਿਸ਼ਾ ਉਹ ਚੀਜ਼ ਹੈ ਜਿਸ ਨੂੰ ਅਜੇ ਸਥਾਪਤ ਕਰਨਾ ਹੈ। ਇਹ ਵੀ ਹੈ ਕਿ ਸਾਰੀਆਂ ਚੀਜ਼ਾਂ ਅਨਿੱਤ ਨਹੀ ਹਨ, ਕਿਉਂਕਿ ਕਈ ਨਿੱਤ ਵੀ ਹਨ। ਦੂਸਰੇ ਸ਼ਬਦਾਂ ਵਿਚ ਅਨਿੱਤਤਾ ਕਈ ਅਸਤਿੱਤਵ ਚੀਜ਼ਾਂ ਵਿਚ ਮੌਜੂਦ ਹੈ ਅਤੇ ਕਈਆਂ ਵਿਚ ਨਹੀ। ਇਸ ਲਈ ਸਭ ਚੀਜ਼ਾਂ ਪਰਸਪਰ ਅਭਿੰਨ ਨਹੀ ਹੁੰਦੀਆਂ ਅਤੇ ਅਵਿਸ਼ੇਸ਼ ਸਮਵਾਲੀ ਵਿਰੋਧਤਾ ਬੇਤੁਕੀ ਹੈ।

ਉਤਪੱਤਿ-ਸਮ (ਸਬੂਤ ਦਾ ਸੰਤੁਲਨ)

ਕਾਰਣ ਦੁਆਰਾ ਕਿਸੇ ਵਸਤੂ ਦੀ ਹੋਂਦ ਬਾਰੇ ਨਿਸ਼ਚਾ ਕਰਨਾ ਉਤਪੱਤਿ ਕਹਾਉਂਦਾ ਹੈ।

ਜੇ, ਕਿਸੇ ਦਲੀਲ ਦੀ ਵਿਰੋਧਤਾ, ਦੋ ਸਬੂਤਾਂ (ਸਿਧੀਆਂ) ਨੂੰ ਅਲਗ ਅਲਗ ਕਾਰਨ ਪੇਸ਼ ਕਰਕੇ ਉਚਿਤ (ਜਾਇਜ਼) ਸਿੱਧ ਕਰਕੇ ਕੀਤੀ ਜਾਦੀ ਹੈ ਤਾਂ ਇਸ ਵਿਰੋਧਤਾ ਨੂੰ ਉਤਪੱਤਿ ਸਮਕਿਹਾ ਜਾਂਦਾ ਹੈ। ਜਿਵੇਂ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਇਸ ਦੇ ਵਿਰੁੱਧ ਸ਼ਬਦ (ਆਵਾਜ਼) ਦੀ ਨਿੱਤਤਾ ਦੀ ਸਿਧੀ ਦਾ ਦਾਅਵਾ ਇਸ ਤਰ੍ਹਾਂ ਪੇਸ਼ ਕੀਤਾ ਜਾ ਸਕਦਾ ਹੈ,

ਸ਼ਬਦ ਨਿੱਤ ਹੈ,
ਕਿਉਂਕਿ ਇਹ ਅਭੌਤਿਕ ਹੈ,
ਆਕਾਸ਼ ਵਾਂਗੂ।

ਉਪਰੋਤਕ ਪਹਿਲੀ ਸਿਧੀ ਵਿਚ ਹੇਤੁ (ਕਾਰਣ) ਸ਼ਬਦ ਦੀ ਅਨਿੱਤਤਾ ਨੂੰ ਸਿੱਧ ਕਰਦਾ ਹੈ, ਜਦ ਕਿ ਦੂਜੀ ਇਸ ਦੀ ਨਿੱਤਤਤਾ ਨੂੰ ਅਤੇ ਦੋਵੇਂ ਸਿਧੀਆਂ ਸਹੀ ਹੋਣ ਦਾ ਵੀ ਦਾਅਵਾ ਕਰਦੀਆਂ ਹਨ। ਵਿਰੋਧੀ ਨੇ ਜ਼ਾਹਰਾ ਤੌਰ ਤੇ ਦੂਜੀ ਸਿਧੀ ਪਹਿਲੀ ਦੇ ਵਿਰੁੱਧ ਤਕਰਾਰ ਵਜੋਂ ਅੜਿੱਕਾ ਡਾਹੁਣ ਲਈ ਪੇਸ਼ ਕੀਤੀ ਹੈ। ਇਸ ਤਰ੍ਹਾ ਦੀ ਫਜ਼ੂਲ ਵਿਰੋਧਤਾ ਨੂੰ ਉਤਪੱਤਿ ਸਮਕਿਹਾ ਜਾਂਦਾ ਹੈ। ਇਹ ਫਜ਼ੂਲ ਇਸ ਲਈ ਹੈ ਕਿਉਂਕਿ ਪਹਿਲੀ ਸਿਧੀ ਨੂੰ ਮਨਜ਼ੂਰ ਕੀਤਾ ਜਾ ਚੁੱਕਾ ਹੈ। ਵਿਰੋਧੀ ਨੇ ਇਹ ਸਵੀਕਾਰ ਕੀਤਾ ਹੈ ਕਿ ਦੋਵੇਂ ਸਿਧੀਆਂ ਹੇਤੁ ਦੁਆਰਾ ਜਾਇਜ਼ ਹਨ, ਜਿਸ ਤੋਂ ਜ਼ਾਹਰ ਹੈ ਕਿ ਉਹਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਪਹਿਲੀ ਸਿਧੀ ਜਾਇਜ਼ ਹੈ ਜੋ ਸ਼ਬਦ ਦੀ ਅਨਿੱਤਤਾ ਹੋਣ ਦਾ ਸਮਰਥਨ ਕਰਦੀ ਹੈ। ਜੇ, ਦੋਨਾਂ ਸਿਧੀਆਂ ਦੀ ਅਸੰਗਤਤਾ ਤੋਂ ਬਚਣ ਲਈ, ਉਹ ਹੁਣ ਅਨਿੱਤਤਾ ਸਥਾਪਤ ਕਰਨ ਵਾਲੇ ਹੇਤੁ ਨੂੰ ਨਾ-ਮਨਜ਼ੂਰ ਕਰਦਾ ਹੈ ਤਾਂ ਅਸੀਂ ਉਸ ਨੂੰ ਪੁੱਛਾਂਗੇ ਕਿ ਉਹ ਦੂਸਰੇ ਹੇਤੁ ਨੂੰ ਨਾ-ਮਨਜ਼ੂਰ ਕਿਉਂ ਨਹੀ ਕਰਦਾ ਜੋ ਸ਼ਬਦ ਦੀ ਨਿੱਤਤਾ ਦੀ ਪੁਸ਼ਟੀ ਕਰਦਾ ਹੈ, ਕਿਉਂਕਿ ਉਹ ਇਨਾਂ ਵਿਚੋਂ ਇਕ ਨੂੰ ਨਾ-ਮਨਜ਼ੂਰ ਕਰਕੇ ਅਸੰਗਤੀ ਤੋਂ ਬਚ ਸਕਦਾ ਹੈ। ਇਸ ਲਈ ਉਤਪੱਤਿ ਸਮਵਿਰੋਧਤਾ ਠੀਕ ਤੱਥਾਂ ਤੇ ਆਧਾਰਿਤ ਨਹੀ ਹੈ।

ਉਪਲਬਧਿ-ਸਮ (ਪ੍ਰਤੱਖਣਤਾ ਦਾ ਸੰਤੁਲਨ)

ਜੇ ਕਿਸੇ ਦਲੀਲ ਦੀ ਵਿਰੋਧਤਾ ਇਸ ਆਧਾਰ ਤੇ ਪੇਸ਼ ਕੀਤੀ ਜਾਵੇ ਕਿ ਅਸੀ ਕਿਸੇ ਵਿਸ਼ੇ ਦਾ ਲੱਛਣ (ਸਰੂਪ) ਹੇਤੁ ਦੀ ਵਰਤੋਂ ਤੋਂ ਬਗੈਰ ਵੀ ਅਨੁਭਵ ਕਰ ਸਕਦੇ ਹਾਂ ਤਾਂ ਇਹ ਫਜ਼ੂਲ ਵਿਰੋਧਤਾ ਉਪਲਬਧਿ ਸਮਕਹੀ ਜਾਂਦੀ ਹੈ। ਕੋਈ ਆਦਮੀ ਜੇ ਸ਼ਬਦ (ਆਵਾਜ਼) ਦੀ ਅਨਿੱਤਤਾ ਸਾਬਤ ਕਰਨ ਲਈ ਇਸ ਤਰ੍ਹਾਂ ਦੀ ਦਲੀਲ ਪੇਸ਼ ਕਰੇ ਕਿ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਇਸ ਦੇ ਵਿਰੁੱਧ ਕੋਈ ਹੋਰ ਆਦਮੀ ਫਜ਼ੂਲ ਵਿਰੋਧਤਾ ਇਸ ਤਰ੍ਹਾਂ ਪੇਸ਼ ਕਰੇ ਕਿ ਸ਼ਬਦ ਨੂੰ, ਉਤਪਾਦਨ ਹੋਣ ਤੋਂ ਇਲਾਵਾ ਵੀ ਅਨਿੱਤ ਸਾਬਤ ਕੀਤਾ ਜਾ ਸਕਦਾ ਹੈ ਕਿਉਂਕਿ ਹਵਾ ਵਿਚ ਦਰੱਖਤ ਦੀਆਂ ਝੂਲਦੀਆਂ ਟਾਹਣੀਆਂ ਦੀ ਆਵਾਜ਼ (ਸ਼ਬਦ) ਅਸੀ ਅਨੁਭਵ ਕਰਦੇ ਹਾਂ। ਇਸ ਤਰ੍ਹਾਂ ਦੀ ਵਿਰੋਧਤਾ ਨੂੰ ਉਪਲਬਧਿ ਸਮਕਿਹਾ ਜਾਂਦਾ ਹੈ ਜਿਸ ਦਾ ਮਨੋਰਥ ਅਨੁਭਵਨੂੰ ਖੜਾ ਕਰਕੇ ਦਲੀਲ ਦਾ ਖੰਡਨ ਕਰਨ ਦੀ ਕੋਸ਼ਿਸ਼ ਕਰਨਾ ਹੈ।

ਵਿਰੋਧਤਾ ਫਜ਼ੂਲ ਇਸ ਲਈ ਹੈ ਕਿਉਂਕਿ ਵਿਸ਼ੇ ਦਾ ਸਰੂਪ (ਲੱਛਣ) ਹੋਰ ਸਾਧਨਾਂ ਦੁਆਰਾ ਵੀ ਸਥਾਪਤ ਕੀਤਾ ਜਾ ਸਕਦਾ ਹੈ। ਸ਼ਬਦ ਅਨਿੱਤ ਹੈ, ਕਿਉਂਕਿ ਇਹ ਉਤਪਾਦਨ ਹੈ, ਘੜੇ ਵਾਂਗਵਾਲੀ ਦਲੀਲ ਦਾ ਭਾਵ ਹੈ ਕਿ ਸ਼ਬਦ ਨੂੰ ਇਕ ਉਤਪਾਦਨ ਹੋਣ ਦੇ ਨਾਤੇ ਅਨਿੱਤ ਸਾਬਤ ਕੀਤਾ ਗਿਆ ਹੈ। ਇਸ ਦਾ ਮਤਲਬ ਇਹ ਨਹੀ ਕਿ ਹੋਰ ਸਾਧਨ ਜਿਵੇਂ ਕਿ ਪ੍ਰਤਿਅਕਸ਼, ਇਸ ਦੀ ਅਨਿੱਤਤਾ ਨਹੀ ਸਾਬਤ ਕਰ ਸਕਦੇ। ਇਸ ਤਰ੍ਹਾਂ ਇਹ ਵਿਰੋਧਤਾ ਉਪਲਬਧਿ ਸਮਮੁੱਖ ਦਲੀਲ ਦਾ ਖੰਡਨ ਨਹੀ ਕਰਦੀ।

ਅਨਉਪਲਬਧਿ-ਸਮ (ਪ੍ਰਤੱਖਣਤਾ ਦਾ ਸੰਤੁਲਨ)

ਜਦੋਂ ਇਕ ਦਲੀਲ ਨਾਲ ਕਿਸੇ ਚੀਜ਼ ਦੇ ਆਭਾਵ (ਅਣਹੋਂਦ) ਨੂੰ ਉਸ ਚੀਜ਼ ਦੀ ਅਨਉਪਲਬਧਿ (ਅਪ੍ਰਤਿਅਕਸ਼) ਦੁਆਰਾ ਸਾਬਤ ਕੀਤਾ ਗਿਆ ਹੋਵੇ ਤਾਂ, ਜੇ ਕੋਈ ਇਸ ਦੇ ਵਿਰੁੱਧ ਅਨਉਪਲਬਧਿ ਦੀ ਅਨਉਪਲਬਧਿਵਰਗੀ ਦਲੀਲ ਵਰਤ ਕੇ ਇਸ ਨੂੰ ਉਲਟ (ਪ੍ਰਤਿਸ਼ੇਧ) ਸਾਬਤ ਕਰੇ ਤਾਂ ਇਸ ਵਿਰੋਧਤਾ ਨੂੰ ਅਨਉਪਲਬਧਿ ਸਮਕਿਹਾ ਜਾਏਗਾ।

ਜੇਕਰ ਕਿਸੇ ਚੀਜ਼ ਦੀ ਅਨਉਪਲਬਧਿ ਉਸ ਦੇ ਅਭਾਵ ਨੂੰ ਸਾਬਤ ਕਰਦੀ ਹੈ, ਤਾਂ ਵਿਰੋਧੀ ਦੇ ਮਤਅਨੁਸਾਰ ਅਨਉਪਲਬਧਿ ਦੀ ਅਨਉਪਲਬਧਿਉਸ ਚੀਜ਼ ਦੇ ਭਾਵ (ਹੋਂਦ) ਨੂੰ ਜ਼ਰੂਰ ਸਾਬਤ ਕਰਦੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਵਿਰੋਧਤਾ ਨੂੰ ਅਨਉਪਲਬਧਿ ਸਮਕਿਹਾ ਜਾਂਦਾ ਹੈ ਜਿਸ ਦਾ ਮਨੋਰਥ ਅਨਉਪਲਬਧਿ ਨੂੰ ਬਰਾਬਰ ਖੜਾ ਕਰ ਕੇ ਮੁਢਲੀ ਦਲੀਲ ਦੀ ਵਿਰੋਧਤਾ ਕਰਨਾ ਹੈ।

ਇਸ ਤਰ੍ਹਾਂ ਦੀ ਵਿਰੋਧਤਾ ਤਰਕਸਿੱਧ ਨਹੀ ਹੈ ਕਿਉਂਕਿ ਅਨਉਪਲਬਧਿ ਕੇਵਲ ਉਪਲਬਧਿ (ਪ੍ਰਤਿਅਕਸ਼) ਦੀ ਅਣਹੋਂਦ ਹੀ ਹੈ। ਉਪਲਬਧਿ, ਵਸਤੂਆਂ ਦੀ ਹੋਂਦ ਦੀ ਸੰਕੇਤਕ ਹੈ ਜਦੋਂ ਕਿ ਅਨਉਪਲਬਧਿ ਉਨ੍ਹਾਂ ਦੀ ਅਣਹੋਂਦ ਦੀ। ਅਨਉਪਲਬਧਿ ਦੀ ਅਨਉਪਲਬਧਿ’, ਜੋ ਕੇਵਲ ਅਨਉਪਲਬਧਿਦੀ ਅਣਹੋਂਦ ਦੀ ਹੀ ਸੂਚਕ ਹੈ, ਨੂੰ ਕਿਸੇ ਚੀਜ਼ ਦੀ ਹੋਂਦ ਵਜੋਂ ਨਹੀਂ ਸਮਝਿਆ ਜਾ ਸਕਦਾ। ਅਨਉਪਲਬਧਿ ਕੋਈ ਵਾਸਤਵਿਕ ਚੀਜ਼ ਨਹੀ ਹੈ। ਇਹ ਤਾਂ ਇਕ ਖਿਆਤ-ਮਾਤ੍ਰ ਹੀ ਹੈ। ਇਸ ਲਈ ਇਹ ਵਿਰੋਧਤਾ ਅਨਉਪਲਬਧਿ ਸਮਸਹੀ ਤਥਾਂ ਉੱਪਰ ਆਧਾਰਤ ਨਹੀ ਹੈ। 

ਅਨਿੱਤਯ-ਸਮ (ਅਨਿੱਤ ਦਾ ਸੰਤੁਲਨ)

ਜੇ ਕੋਈ ਇਹ ਜਾਣਦੇ ਹੋਏ ਕਿ ਸਾਧਰਮਯ (ਸਮਰੂਪੀ) ਚੀਜ਼ਾਂ ਦੇ ਲੱਛਣ ਸਮਾਨ ਹੁੰਦੇ ਹਨ, ਇਕ ਦਲੀਲ ਦੀ ਵਿਰੋਧਤਾ ਇਹ ਕਹਿ ਕੇ ਕਰੇ ਕਿ ਸਭ ਚੀਜ਼ਾਂ ਅਨਿੱਤ ਹਨ ਤਾਂ ਇਸ ਤਰ੍ਹਾਂ ਦੀ ਫਜ਼ੂਲ ਵਿਰੋਧਤਾ ਨੂੰ ਅਨਿੱਤਯ ਸਮਕਿਹਾ ਜਾਂਦਾ ਹੈ। ਜਿਵੇਂ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਕੋਈ ਹੋਰ ਆਦਮੀ ਇਸ ਦੀ ਵਿਰੋਧਤਾ ਇਸ ਤਰ੍ਹਾਂ ਪੋਸ਼ ਕਰਦਾ ਹੈ: ਜੇ ਘੜੇ ਨਾਲ ਸਾਧਰਮ੍ਯ ਹੋਣ ਦੇ ਨਾਤੇ ਸ਼ਬਦ ਅਨਿੱਤ ਹੈ, ਤਾਂ ਸਿੱਟੇ ਵਜੋਂ ਸਾਰੀਆਂ ਚੀਜ਼ਾਂ ਹੀ ਅਨਿੱਤ ਹਨ ਕਿਉਂਕਿ ਕਿਸੇ ਨਾ ਕਿਸੇ ਨਾਤੇ ਉਹ ਘੜੇ ਨਾਲ ਸਾਧਰਮ੍ਯ ਹਨ। ਇਸ ਤਰ੍ਹਾਂ ਦਾ ਨਿਸਕਰਸ ਅਨੁਮਾਨਨੂੰ ਅਸੰਭਵ ਕਰ ਦੇਵੇਗਾ ਕਿਉਂਕਿ ਵੈਧਰਮ੍ਯ ਉਦਾਹਰਣ ਲੱਭਣੀ ਮੁਸ਼ਕਲ ਹੋ ਜਾਵੇਗੀ। ਇਸ ਤਰ੍ਹਾਂ ਦੀ ਵਿਰੋਧਤਾ ਨੂੰ ਅਨਿੱਤਯ ਸਮਕਿਹਾ ਜਾਂਦਾ ਹੈ ਜਿਸ ਦਾ ਮਨੋਰਥ ਮੁਢਲੀ ਦਲੀਲ ਦੀ ਵਿਰੋਧਤਾ ਇਹ ਕਹਿ ਕੇ ਕਰਨਾ ਹੈ ਕਿ ਸਭ ਚੀਜ਼ਾਂ ਅਨਿੱਤ ਹਨ।

ਇਹ ਫਜ਼ੂਲ ਇਸ ਲਈ ਹੈ ਕਿ ਕੇਵਲ ਸਾਧਰਮ੍ਯ ਹੋਣ ਨਾਲ ਕੁਝ ਵੀ ਸਥਾਪਤ ਨਹੀ ਕੀਤਾ ਜਾ ਸਕਦਾ। ਅਸੀਂ ਕਿਸੇ ਚੀਜ਼ ਦੇ ਲੱਛਣ ਬਾਰੇ ਦੂਸਰੀ ਚੀਜ਼ ਦੇ ਨਾਲ ਸਾਧਰਮ੍ਯ ਹੋਣ ਦੇ ਨਾਤੇ, ਕੋਈ ਨਿਸ਼ਚਾ ਨਹੀ ਕਰ ਸਕਦੇ: ਐਸਾ ਕਰਨ ਲਈ ਸਾਨੂੰ ਹੇਤੁ ਅਤੇ ਵਿਧੇਯ ਵਿਚਾਲੇ ਤਾਰਕਿਕ ਸੰਬੰਧ ਵਿਚਾਰਨਾ ਪਵੇਗਾ। ਜਿਵੇ ਸ਼ਬਦਕੇਵਲ ਇਸ ਲਈ ਅਨਿੱਤ ਨਹੀ ਹੈ ਕਿਉਂਕਿ ਇਹ ਅਨਿੱਤ ਘੜੇ ਨਾਲ ਸਾਧਰਮ੍ਯ ਹੈ, ਪ੍ਰੰਤੂ ਇਸ ਲਈ ਵੀ ਕਿ ਉਤਪਾਦਨ ਹੋਣਾਅਤੇ ਅਨਿੱਤ ਹੋਣਾਦਾ ਆਪਸੀ ਸੰਬੰਧ ਹੈ। ਇਸ ਲਈ ਇਹ ਸਿੱਟਾ ਕੱਢਣਾ ਬੇਤੁਕਾ ਹੋਏਗਾ ਕਿ ਸਾਰੀਆਂ ਚੀਜ਼ਾਂ ਅਨਿੱਤ ਹਨ ਕਿਉਂਕਿ ਉਹ ਨਿਰੀਆਂ, ਕਿਸੇ ਇਕ ਜਾਂ ਦੂਸਰੇ ਪੱਖੋਂ, ਅਨਿੱਤ ‘ਘੜੇ’ ਨਾਲ ਸਾਧਰਮ੍ਯ ਹਨ । ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਨਿੱਤ ਆਕਾਸ਼ ਨਾਲ ਸਾਧਰਮ੍ਯ ਹੋਣਾ ਕਿਸੇ ਇਕ ਜਾਂ ਦੂਜੇ ਪੱਖੋਂ ਇਹ ਸਾਬਤ ਨਹੀ ਕਰਦਾ ਕਿ ਸਭ ਚੀਜ਼ਾਂ ਨਿੱਤ ਹਨ। ਇਸ ਲਈ ਇਹ ਵਿਰੋਧਤਾ ਸਹੀ ਤੱਤਾਂ ਤੇ ਆਧਾਰਿਤ ਨਹੀ ਹੈ।

ਨਿੱਤ-ਸਮ (ਨਿੱਤ ਦਾ ਸੰਤੁਲਨ)

ਜੇ ਕੋਈ, ਇਕ ਦਲੀਲ ਦੀ ਵਿਰੋਧਤਾ ਸਾਰੀਆਂ ਅਨਿੱਤ ਚੀਜ਼ਾਂ ਨੂੰ ਨਿੱਤਤਾ ਦਾ ਗੁਣ-ਆਰੋਪਣ ਕਰਕੇ ਇਸ ਆਧਾਰ ਤੇ ਕਰੇ ਕਿ ਇਹ ਸਦੀਵੀ (ਨਿੱਤ) ਤੌਰ ਤੇ ਅਨਿੱਤ ਹੁੰਦੀਆਂ ਹਨ ਤਾਂ ਇਸ ਤਰ੍ਹਾਂ ਦੀ ਫਜ਼ੂਲ ਵਿਰੋਧਤਾ ਨੂੰ ਨਿੱਤ ਸਮਕਿਹਾ ਜਾਵੇਗਾ। ਜਿਵੇਂ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਉਤਪਾਦਨ ਹੈ,
ਘੜੇ ਵਾਂਗੂ।

ਇਸ ਦੀ ਫਜ਼ੂਲ ਵਿਰੋਧਤਾ ਇਸ ਪ੍ਰਕਾਰ ਕੀਤੀ ਜਾ ਸਕਦੀ ਹੈ: ਤੁਸੀਂ ਕਹਿੰਦੇ ਹੋ ਕਿ ਸ਼ਬਦ ਅਨਿੱਤ ਹੈ। ਕੀ ਇਹ ਅਨਿੱਤਤਾ ਸ਼ਬਦ ਵਿਚ ਸਦਾ ਰਹਿੰਦੀ ਹੈ ਜਾਂ ਕਦੇ ਕਦੇ ? ਜੇ ਅਨਿੱਤਤਾ ਸਦਾ ਰਹਿੰਦੀ ਤਾਂ ਸ਼ਬਦ ਦੀ ਹੋਂਦ ਵੀ ਸਦਾ ਹੋਣੀ ਚਾਹੀਦੀ ਹੈ, ਅਰਥਾਤ ਸ਼ਬਦ ਨਿੱਤ ਹੈ। ਜੇ ਅਨਿੱਤਤਾ ਕਦੇ ਕਦੇ ਰਹਿੰਦੀ ਹੈ ਤਦ ਵੀ ਸ਼ਬਦ, ਅਨਿੱਤਤਾ ਦੀ ਗੈਰਮੌਜੂਦਗੀ ਵਿਚ ਨਿੱਤ ਹੋਣਾ ਲਾਜ਼ਮੀ ਹੈ। ਇਸ ਤਰ੍ਹਾਂ ਦੀ ਵਿਰੋਧਤਾ ਨੂੰ ਨਿੱਤ ਸਮਕਿਹਾ ਜਾਂਦਾ ਹੈ ਜੋ ਨਿੱਤਤਾ ਨੂੰ ਬਰਾਬਰ ਖੜਾ ਕਰਕੇ ਦਲੀਲ ਵਿਚ ਅੜਿੱਕਾ ਪਾਉਣ ਦਾ ਦਾਅਵਾ ਕਰਦੀ ਹੈ।

ਇਸ ਤਰ੍ਹਾਂ ਦੀ ਵਿਰੋਧਤਾ ਬੇਬੁਨਿਆਦ ਹੈ ਕਿਉਂਕਿ ਵਿਰੋਧ ਕੀਤੀ ਗਈ ਚੀਜ਼ ਅਨਿੱਤਤਾ ਦੀ ਨਿੱਤਤਾ ਦੇ ਨਾਤੇ ਸਦਾ ਅਨਿੱਤ ਹੈ। ਅਨਿੱਤ ਦੀ ਨਿੱਤਤਾ ਬਾਰੇ ਬੋਲਦਿਆਂ ਤੁਸੀਂ ਇਹ ਸਵੀਕਾਰ ਕੀਤਾ ਹੈ ਕਿ ਸ਼ਬਦ ਸਦਾ ਅਨਿੱਤ ਹੈ ਅਤੇ ਹੁਣ ਤੁਸੀਂ ਇਸ ਦੀ ਅਨਿੱਤਤਾ ਤੋਂ ਇਨਕਾਰ ਨਹੀਂ ਕਰ ਸਕਦੇ। ਨਿੱਤ ਅਤੇ ਅਨਿੱਤ ਆਪਸ ਵਿਚ ਅਸੰਗਤ ਹਨ: ਸ਼ਬਦ ਨੂੰ ਅਨਿੱਤ ਸਵੀਕਾਰ ਕਰਕੇ ਤੁਸੀਂ ਇਹ ਮੰਨਿਆ ਹੈ ਕਿ ਇਹ ਨਿੱਤ ਨਹੀ ਹੈ। ਇਸ ਲਈ ਨਿੱਤ ਸਮਕੋਈ ਠੋਸ ਵਿਰੋਧਤਾ ਨਹੀ ਹੈ।

ਕਾਰਯ-ਸਮ (ਕਾਰਜ ਦਾ ਸੰਤੁਲਨ)

ਜੇ ਕੋਈ, ਇਕ ਦਲੀਲ ਦੀ ਵਿਰੋਧਤਾ ਪ੍ਰਯਤਨ ਦੇ ਕਾਰਜਾਂ ਦੀ ਵਿਭਿੰਨਤਾ ਦਿਖਾ ਕੇ ਕਰਦਾ ਹੈ ਤਾਂ ਇਸ ਫਜ਼ੂਲ ਵਿਰੋਧਤਾ ਨੂੰ ਕਾਰਯ ਸਮਕਿਹਾ ਜਾਵੇਗਾ। ਜਿਵੇਂ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਪ੍ਰਯਤਨ ਦਾ ਕਾਰਜਫਲ ਹੈ,

ਇਸ ਦੀ ਫਜ਼ੂਲ ਵਿਰੋਧਤਾ ਇਸ ਪ੍ਰਕਾਰ ਕੀਤੀ ਜਾ ਸਕਦੀ ਹੈ: ਪ੍ਰਯਤਨ ਦਾ ਕਾਰਜਫਲ (ਪਰਿਣਾਮ) ਦੋ ਪ੍ਰਕਾਰ ਦਾ ਮੰਨਿਆ ਗਿਆ ਹੈ, ਅਥਵਾ (1) ਕਿਸੇ ਚੀਜ਼ ਦਾ ਨਿਰਮਾਣ ਜਿਸ ਦੀ ਪਹਿਲਾ ਕੋਈ ਹੋਂਦ ਨਾ ਹੋਵੇ, ਜਿਵੇਂ ਘੜਾ, ਅਤੇ (2) ਕਿਸੇ ਪੂਰਵ-ਹੋਂਦ ਚੀਜ਼ ਦਾ ਪ੍ਰਗਟਾਵਾ, ਜਿਵੇਂ ਖੂਹ ਵਿਚ ਪਾਣੀ। ਕੀ ਸ਼ਬਦ ਦਾ ਕਾਰਜ ਪਹਿਲੀ ਪ੍ਰਕਾਰ ਦਾ ਹੈ ਜਾਂ ਦੂਜੀ ਪ੍ਰਕਾਰ ਦਾ। ਜੇ ਇਹ ਕਾਰਜ ਪਹਿਲੀ ਪ੍ਰਕਾਰ ਦਾ ਹੈ ਤਾਂ ਸ਼ਬਦ ਅਨਿੱਤ ਹੈ, ਪ੍ਰੰਤੂ ਜੇ ਇਹ ਦੂਜੀ ਪ੍ਰਕਾਰ ਦਾ ਹੈ ਤਾਂ ਇਹ ਨਿੱਤ ਹੈ। ਪ੍ਰਯਤਨ ਦੇ ਕਾਰਜ ਦੀ ਇਸ ਵਿਭਿੰਨਤਾ ਕਰਕੇ ਇਹ ਨਿਰਣਾ ਲੈਣਾ ਅਸੰਭਵ ਹੈ ਕਿ ਸ਼ਬਦ ਅਨਿੱਤ ਹੈ। ਇਸ ਤਰ੍ਹਾ ਦੀ ਵਿਰੋਧਤਾ ਨੂੰ ਕਾਰਯ ਸਮ ਕਿਹਾ ਜਾਂਦਾ ਹੈ। ਇਹ ਫਜ਼ੂਲ ਇਸ ਲਈ ਹੈ ਕਿਉਂਕਿ ਸ਼ਬਦ ਦੇ ਵਿਸ਼ੇ ਵਿਚ ਪ੍ਰਯਤਨ ਦੂਸਰੇ ਪ੍ਰਕਾਰ ਦੇ ਕਾਰਜ ਨੂੰ ਪੈਦਾ ਨਹੀਂ ਕਰਦਾ। ਅਸੀਂ ਇਹ ਨਹੀ ਕਹਿ ਸਕਦੇ ਕਿ ਸਾਡੇ ਪ੍ਰਯਤਨ ਨਾਲ ਸ਼ਬਦ ਦਾ ਪ੍ਰਗਟਾਵਾ ਹੈ ਕਿਉਂਕਿ ਅਸੀਂ ਸ਼ਬਦ ਦੀ ਪੂਰਵ-ਹੋਂਦ ਨੂੰ ਸਾਬਤ ਕਰਨ ਵਿਚ ਅਸਮਰਥ ਹਾਂ। ਇਸ ਲਈ ਸ਼ਬਦ ਪੂਰਵ-ਹੋਂਦ ਦਾ ਪ੍ਰਗਟਾਵਾ ਨਹੀ ਪ੍ਰੰਤੂ ਇਕ ਉਤਪਾਦਨ ਹੈ।

ਨਿਆਇ-ਸੂਤਰ ਬਾਰੇ ਜਾਂਚ ਪੜਤਾਲ ਨੂੰ ਜਾਰੀ ਰੱਖਦੇ ਹੋਏ, ਅਸੀਂ ਅਗਲੀ ਕਿਸ਼ਤ ਵਿਚ ਨਿਗ੍ਰਹਸਥਾਨ ਦੀਆਂ ਕਿਸਮਾਂ ਬਾਰੇ ਚਰਚਾ ਕਰਾਂਗੇ। ਵਾਦ-ਵਿਵਾਦ ਵਿਚ, ਇਕ ਧਿਰ ਦੀ ਦੂਸਰੀ ਧਿਰ ਹੱਥੋਂ ਹਾਰ ਜਾਂ ਗਲਤ ਦਲੀਲਬਾਜ਼ੀ ਕਰਨ ਤੇ ਰੋਕ ਜਾਂ ਪਕੜ ਦੀ ਥਾਂ (ਅਵਸਰ) ਨੂੰ ਨਿਗ੍ਰਹਸਥਾਨ ਕਿਹਾ ਜਾਂਦਾ ਹੈ। ਨਿਆਇ-ਸੂਤਰ ਵਿਚ ਬਾਈ ਕਿਸਮ ਦੇ ਨਿਗ੍ਰਹਸਥਾਨ ਦੀ ਚਰਚਾ ਕੀਤੀ ਗਈ ਹੈ। ਭਾਵੇਂ ਇਹ ਚਰਚਾ ਵਾਦ-ਵਿਵਾਦ ਦੇ ਪ੍ਰਸੰਗ ਵਿਚ ਕੀਤੀ ਗਈ ਹੈ ਪਰ ਗਲਤ ਦਲੀਲਬਾਜ਼ੀ ਦੀ ਵਿਗਿਆਨਕ ਸੋਚ-ਵਿਚਾਰ ਵਿਚ ਵੀ ਖਾਸ ਮਹੱਤਤਾ ਹੈ।

... ਚਲਦਾ

14/02/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)
 

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com