ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਨਿਆਇ-ਸ਼ਾਸਤਰ (4)

ਨਿਗ੍ਰਹਸਥਾਨ ਦੀਆਂ ਕਿਸਮਾਂ

ਵਾਦ-ਵਿਵਾਦ ਵਿਚ, ਇਕ ਧਿਰ ਦੀ ਦੂਸਰੀ ਧਿਰ ਹੱਥੋਂ ਹਾਰ ਜਾਂ ਗਲਤ ਦਲੀਲਬਾਜ਼ੀ ਕਰਨ ਤੇ ਰੋਕ ਜਾਂ ਪਕੜ ਦੀ ਥਾਂ (ਅਵਸਰ) ਨੂੰ ਨਿਗ੍ਰਹਸਥਾਨ ਕਿਹਾ ਜਾਂਦਾ ਹੈ। ਨਿਆਇ-ਸੂਤਰ ਵਿਚ ਬਾਈ ਕਿਸਮ ਦੇ ਨਿਗ੍ਰਹਸਥਾਨ ਦੀ ਚਰਚਾ ਕੀਤੀ ਗਈ ਹੈ। ਇਹ ਹਨ: (1) ਪ੍ਰਤਿਗਿਆ-ਹਾਨੀ, ਪੇਸ਼ ਕੀਤੇ ਪ੍ਰਸਤਾਵ ਜਾਂ ਪ੍ਰਤਿਗਿਆ ਨੂੰ ਹਾਨੀ ਪਹੁੰਚਾਉਣਾ;(2) ਪ੍ਰਤਿਗਿਆਂਤਰ, ਪ੍ਰਤਿਗਿਆ ਨੂੰ ਬਦਲਣਾ; (3) ਪ੍ਰਤਿਗਿਆ-ਵਿਰੋਧ, ਪ੍ਰਤਿਗਿਆ ਦੀ ਵਿਰੋਧਤਾ ਕਰਨਾ; (4) ਪ੍ਰਤਿਗਿਆ-ਸਨਿਆਸ, ਪ੍ਰਤਿਗਿਆ ਨੂੰ ਤਿਆਗਣਾ; (5) ਹੇਤਵੰਤਰ, ਹੇਤੁ ਜਾਂ ਕਾਰਣ ਨੂੰ ਬਦਲਨਾ; (6) ਅਰਥਾਂਤਰ, ਅਰਥਾਂ ਨੂੰ ਬਦਲਨਾ; (7) ਨਿਰਾਰਥਕ, ਬੇਰਥ ਦਲੀਲ; (8) ਅਵਿਗਿਆਤਾਰਥ, ਦੁਰਬੋਧ ਜਾਂ ਨਾ ਸਮਝ ਆਉਣਾ; (9) ਅਪਾਰਥਕ, ਅਰਥਹੀਨ; (10) ਅਪ੍ਰਾਪਤ-ਕਾਲ, ਬੇਮੌਕਾ ਜਾਂ ਅਕਾਲਕ; (11) ਨ੍ਯੂਨ, ਬਹੁਤ ਥੋੜਾ ਕਹਿਣਾ; (12) ਅਧਿਕ, ਬਹੁਤ ਜ਼ਿਆਦਾ ਕਹਿਣਾ; (13) ਪੁਨਰੁਕਤ, ਗੱਲ ਨੂੰ ਦੁਹਰਾਈ ਜਾਣਾ; (14) ਅਨਨੁਭਾਸ਼ਣ, ਪ੍ਰਤਿਗਿਆ ਨੂੰ ਨਾ ਦੁਹਰਾਉਣਾ ਜਾਂ ਚੁੱਪ ਰਹਿਣਾ; (15) ਅਗਿਆਨ; (16) ਅਪ੍ਰਤਿਭਾ, ਸੂਖਮ ਬੁੱਧੀ ਨਾ ਹੋਣਾ; (17) ਵਿਕਸ਼ੇਪ, ਟਾਲ ਮਟੋਲ ਜਾਂ ਬਹਾਨੇਬਾਜ਼ੀ ਕਰਨਾ; (18) ਮਤਾਨੁਗਿਆ, ਕਿਸੇ ਹੋਰ ਮਤ ਨੂੰ ਸਵੀਕਾਰਨਾ; (19) ਪਰਯਨੁਯੋਜਯੋਪੇਸ਼ਣ, ਨਿੰਦਣਯੋਗ ਨੂੰ ਅਣਡਿਠ ਕਰਨਾ; (20) ਨਿਰਨੁਯੋਜਯਾਨੁਯੋਗ, ਨਾ ਨਿੰਦਣਯੋਗ ਨੂੰ ਨਿੰਦਣਾ; (21) ਅਪਸਿਧਾਂਤ, ਸਥਾਪਤ ਸਿਧਾਂਤ ਤੋਂ ਥਿੜਕਨਾ; (22) ਹੇਤਵਾਭਾਸ, ਹੇਤੁ ਜਾਂ ਕਾਰਣ ਦਾ ਦੋਸ਼।

ਇਨ੍ਹਾਂ ਦਾ ਵਿਸਤਾਰ ਨਾਲ ਵਰਣਨ ਇਸ ਪ੍ਰਕਾਰ ਹੈ:

ਪ੍ਰਤਿਗਿਆ-ਹਾਨੀ

ਪੇਸ਼ ਕੀਤੇ ਪ੍ਰਸਤਾਵ ਜਾਂ ਪ੍ਰਤਿਗਿਆ ਨੂੰ ਹਾਨੀ ਪਹੁੰਚਾਉਣਾਇਹ ਉਸ ਵੇਲੇ ਵਾਪਰਦਾ ਹੈ ਜਦੋਂ ਕੋਈ ਆਪਣੀ ਉਦਾਹਰਣ ਵਿਚ ਵਿਰੋਧੀ ਉਦਾਹਰਣ ਦਾ ਕੋਈ ਗੁਣ ਸਵੀਕਾਰ ਕਰਕੇ ਸੰਮਿਲਤ ਕਰਦਾ ਹੋਵੇ। ਜਿਵੇਂ, ਇਕ ਵਿਵਾਦੀ ਸ਼ਬਦ ਦੀ ਪ੍ਰਕਿਰਤੀ ਬਾਰੇ ਦਲੀਲ ਇਸ ਪ੍ਰਕਾਰ ਦਿੰਦਾ ਹੈ:

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਇੰਦ੍ਰੀ ਰਾਹੀਂ ਜਾਣਨਯੋਗ ਹੈ,
ਜੋ ਵੀ ਇੰਦ੍ਰੀ ਰਾਹੀ ਜਾਣਨਯੋਗ ਹੈ, ਅਨਿੱਤ ਹੈ, ਘੜੇ ਵਾਂਗ,
ਐਸੇ ਹੀ ਸ਼ਬਦ ਵੀ (ਇੰਦ੍ਰੀ ਰਾਹੀਂ ਜਾਣਨਯੋਗ ਹੈ),
ਇਸ ਲਈ ਸ਼ਬਦ ਅਨਿੱਤ ਹੈ।

ਇਕ ਵਿਰੋਧੀ ਦੀ ਦਲੀਲ ਇਸ ਪ੍ਰਕਾਰ ਹੈ: ਇਕ ਜਾਤੀ ਜਾਂ ਸ਼੍ਰੇਣੀ (ਜਿਵੇਂ ਘੜਾਪਣ), ਜਿਹੜੀ ਇੰਦ੍ਰੀ ਰਾਹੀਂ ਜਾਣਨਯੋਗ ਹੈ, ਨੂੰ ‘ਨਿੱਤ’ ਸਥਾਪਤ ਕੀਤਾ ਗਿਆ ਹੈ: ਤਾਂ ਫਿਰ ਸ਼ਬਦ ਵੀ ਨਿੱਤ ਕਿਉਂ ਨਹੀ ਹੋ ਸਕਦਾ ਜੋ ਕਿ ਇੰਦ੍ਰੀ ਰਾਹੀਂ ਜਾਣਨਯੋਗ ਹੈ? ਵਿਵਾਦੀ, ਇਸ ਤਰ੍ਹਾ ਦੀ ਵਿਰੋਧਤਾ ਨੂੰ ਦੇਖਕੇ ਆਪਣੀ ਪ੍ਰਤਿਗਿਆ ਨੂੰ ਬਦਲਦੇ ਹੋਏ ਕਹਿੰਦਾ ਹੈ:

ਜੋ ਵੀ ਇੰਦ੍ਰੀ ਰਾਹੀਂ ਜਾਣਨਯੋਗ ਹੈ, ਨਿੱਤ ਹੈ, ਘੜੇ ਵਾਂਗ,
ਸ਼ਬਦ ਇੰਦ੍ਰੀ ਰਾਹੀਂ ਜਾਣਨਯੋਗ ਹੈ,
ਇਸ ਲਈ ਸ਼ਬਦ ਨਿੱਤ ਹੈ।

ਇਸ ਤਰ੍ਹਾਂ ਆਪਣੀ ਉਦਾਹਰਣ (ਘੜਾ) ਵਿਚ ਵਿਪਰੀਤ-ਉਦਾਹਰਣ (ਜਾਤੀ ਜਾਂ ਸ਼੍ਰੇਣੀ) ਦਾ ਗੁਣ (ਨਿੱਤਤਾ) ਸਵੀਕਾਰ ਕਰਕੇ, ਭਾਵ ਘੜੇ ਨੂੰ ਨਿੱਤ ਸਵੀਕਾਰ ਕਰਕੇ ਉਹ ਆਪਣੀ ਪ੍ਰਤਿਗਿਆ ਨੂੰ ਹਾਨੀ ਪਹੁੰਚਾਉਂਦਾ ਹੈ (ਕਿ ਸ਼ਬਦ ਅਨਿੱਤ ਹੈ), ਭਾਵ ਵਿਰੋਧਤਾ ਦੇ ਦਬਾ ਥੱਲੇ ਆ ਕੇ ਉਸ ਨੇ ਆਪਣੀ ਮੂਲ ਪ੍ਰਤਿਗਿਆ ਬਦਲ ਲਈ ਹੈਐਸਾ ਕਰਕੇ ਉਹ ਆਪਣੇ ਪ੍ਰਸਤਾਵ ਤੋਂ ਥਿੜਕ ਗਿਆ ਹੈ। ਇਸ ਤਰ੍ਹਾਂ ਜੋ ਪੁਰਸ਼ ਆਪਣੀ ਪ੍ਰਤਿਗਿਆ ਨੂੰ ਬਦਲ ਕੇ ਹਾਨੀ ਪਹੰਚਾਉਂਦਾ ਹੈ, ਨਿਗ੍ਰਹਿ (ਦੰਡ) ਦੇ ਕਾਬਲ ਹੈ ਅਤੇ ਪਰਿਸ਼ਦ ਵਿੱਚ ਹਿੱਸਾ ਲੈਣ ਦਾ ਹੱਕ ਖੋਹ ਬੈਠਦਾ ਹੈ।

ਪ੍ਰਤਿਗਿਆਂਤਰ

ਪ੍ਰਤਿਗਿਆ ਨੂੰ ਬਦਲਨਾ ਜਾਂ ਸੋਧ ਕਰਨ ਦੀ ਕੋਸ਼ਿਸ਼ ਕਰਨਾ ਪ੍ਰਤਿਗਿਆਂਤਰ ਕਿਹਾ ਜਾਂਦਾ ਹੈਇਹ ਉਦੋਂ ਵਾਪਰਦਾ ਹੈ ਜਦੋਂ ਪ੍ਰਤਿਗਿਆ ਦੇ ਸਮਰਥਨ ਵਿਚ ਪੇਸ਼ ਕੀਤੀ ਉਦਾਹਰਣ ਅਤੇ ਵਿਪਰੀਤ-ਉਦਾਹਰਣ ਵਿਚ ਨਵਾਂ ਗੁਣ ਸ਼ਾਮਲ ਕਰਕੇ ਉਸ ਦਾ ਪੱਖ ਪੂਰਿਆ ਜਾਵੇ। ਜਿਵੇਂ ਕੋਈ ਇਸ ਤਰ੍ਹਾ ਦੀ ਦਲੀਲ ਪੇਸ਼ ਕਰੇ,

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਇੰਦ੍ਰੀ ਰਾਹੀਂ ਜਾਣਨਯੋਗ ਹੈ,
ਘੜੇ ਵਾਂਗ।

ਇਸ ਦੇ ਵਿਰੁੱਧ ਦਲੀਲ ਇਸ ਤਰ੍ਹਾਂ ਪੇਸ਼ ਕੀਤੀ ਜਾਵੇ, 

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਇੰਦ੍ਰੀ ਰਾਹੀਂ ਜਾਣਨਯੋਗ ਹੈ,
ਜਾਤੀ ਵਾਂਗ।

 ਪਹਿਲਾ ਪੁਰਸ਼ ਆਪਣੀ ਦਲੀਲ ਦੇ ਪੱਖ ਵਿਚ ਕਹਿੰਦਾ ਹੈ ਕਿ ਜਾਤੀ ਅਤੇ ਘੜਾ ਦੋਵੇਂ ਇੰਦ੍ਰੀ ਰਾਹੀਂ ਜਾਣਨਯੋਗ ਹਨ, ਪਰ ਪਹਿਲਾ ਸਰਵ-ਵਿਆਪਕ (ਜਾਤੀ) ਹੈ ਅਤੇ ਦੂਜਾ (ਅਰਥਾਤ ਘੜਾ) ਐਸਾ ਨਹੀ ਹੈ: ਇਸ ਤਰ੍ਹਾਂ ਸ਼ਬਦ ਜਿਹੜਾ ਘੜੇ ਦੇ ਸਮਾਨ ਸਮਝਿਆ ਗਿਆ ਹੈ ਸਰਵ-ਵਿਆਪਕ ਨਹੀ (ਅਨ-ਸਰਵਵਿਆਪਕ) ਹੈ। ਇਸ ਤਰ੍ਹਾਂ ਦਾ ਪੱਖ ਪੂਰਨਾ ਪ੍ਰਤਿਗਿਆ ਨੂੰ ਬਦਲਣ ਦੇ ਬਰਾਬਰ ਹੈ।  

ਮੂਲ ਪ੍ਰਤਿਗਿਆ ਇਸ ਪ੍ਰਕਾਰ ਸੀ:

ਸ਼ਬਦ ਅਨਿੱਤ ਹੈ

ਹੁਣ ਜਿਸ ਪ੍ਰਤਿਗਿਆ ਦਾ ਪੱਖ ਪੂਰਿਆ ਗਿਆ ਹੈ, ਇਸ ਪ੍ਰਕਾਰ ਹੈ:

ਸ਼ਬਦ ਸਰਵ-ਵਿਆਪਕ ਹੈ।

ਇਕ ਪੁਰਸ਼ ਜੋ ਆਪਣੀ ਪ੍ਰਤਿਗਿਆ ਨੂੰ ਇਸ ਤਰ੍ਹਾਂ ਬਦਲਦਾ ਹੈ, ਨਿਗ੍ਰਹਿ (ਸਜ਼ਾ) ਦੇ ਕਾਬਲ ਹੈ ਕਿਉਂਕਿ ਉਹ ਆਪਣੇ ਮੂਲ ਕਾਰਣ ਅਤੇ ਉਦਾਹਰਣ ਤੋਂ ਥਿੜਕਦਾ ਹੈ।

ਪ੍ਰਤਿਗਿਆ-ਵਿਰੋਧ

ਪ੍ਰਤਿਗਿਆ ਦੀ ਵਿਰੋਧਤਾ ਕਰਨਾਇਹ ਉਸ ਵੇਲੇ ਵਾਪਰਦਾ ਹੈ ਜਦੋਂ ਪ੍ਰਤਿਗਿਆ ਅਤੇ ਇਸ ਦਾ ਹੇਤੁ ਆਪਸ ਵਿਚ ਵਿਰੁੱਧ ਹੁੰਦੇ ਹਨ। ਜਿਵੇਂ,

ਦ੍ਰਵ ਆਪਣੇ ਗੁਣ ਤੋਂ ਭਿਨ ਹੈ,
ਕਿਉਂਕਿ ਇਹ ਰੰਗ ਆਦਿ ਤੋਂ ਅਭਿੰਨ ਅਨੁਭਵ ਕੀਤਾ ਜਾਂਦਾ ਹੈ।

ਇਸ ਦਲੀਲ ਵਿਚ ਇਹ ਦੇਖਣ ਦੀ ਲੋੜ ਹੈ ਕਿ ਜੇ ਦ੍ਰਵ, ਗੁਣ ਤੋਂ ਭਿੰਨ ਹੈ ਤਾਂ ਇਹ ਰੰਗ ਆਦਿ ਤੋਂ ਵੀ ਭਿੰਨ ਹੋਣਾ ਜ਼ਰੂਰੀ ਹੈ, ਕਿਉਂਜੋ ਰੰਗ ਗੁਣ ਹੀ ਤਾਂ ਹੈ। “ਦ੍ਰਵ, ਰੰਗ ਆਦਿ ਤੋਂ ਅਭਿੰਨ ਹੈ” ਵਾਲਾ ਹੇਤੁ ਪ੍ਰਤਿਗਿਆ ਦੇ ਵਿਰੁੱਧ ਹੈ, ਅਰਥਾਤ ‘ਦ੍ਰਵ, ਗੁਣ ਤੋਂ ਭਿੰਨ ਹੈ’। ਇਕ ਪੁਰਸ਼ ਜੋ ਆਪਣੀ ਪ੍ਰਤਿਗਿਆ ਦੇ ਵਿਰੁੱਧ ਹੇਤੁ ਦੀ ਵਰਤੋਂ ਕਰਦਾ ਹੈ, ਲਾਜ਼ਮੀ ਹੀ ਉਹ ਹਾਰ ਦੇ ਕਾਬਲ ਹੈ।

ਪ੍ਰਤਿਗਿਆ-ਸਨਿਆਸ

ਪ੍ਰਤਿਗਿਆ ਨੂੰ ਤਿਆਗਣਾਜਦੋਂ ਕੋਈ ਪੁਰਸ਼, ਪ੍ਰਤਿਗਿਆ ਦੇ ਵਿਰੋਧ ਦੀ ਅਵਸਥਾ ਵਿਚ, ਪ੍ਰਤਿਗਿਆ ਨੂੰ ਤਿਆਗਦਾ ਹੈ ਤਾਂ ਇਸ ਨੂੰ ਪ੍ਰਤਿਗਿਆ-ਸਨਿਆਸ ਕਿਹਾ ਜਾਂਦਾ ਹੈ। ਜਿਵੇ, ਕੋਈ ਪੁਰਸ਼ ਇਹ ਦਲੀਲ ਪੇਸ਼ ਕਰੇ, 

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਇੰਦ੍ਰੀ ਰਾਹੀਂ ਜਾਣਨਯੋਗ ਹੈ।

ਇਸ ਦੀ ਵਿਰੋਧਤਾ ਕੋਈ ਦੂਜਾ ਪੁਰਸ਼ ਇਸ ਤਰ੍ਹਾਂ ਕਰੇ: ਜਿਸ ਤਰ੍ਹਾਂ ਜਾਤੀ ਇੰਦ੍ਰੀ ਰਾਹੀਂ ਜਾਣਨਯੋਗ ਹੈ ਅਤੇ ਫਿਰ ਵੀ ਅਨਿੱਤ ਹੈ, ਇਸੇ ਤਰ੍ਹਾਂ ਸ਼ਬਦ ਇੰਦ੍ਰੀ ਰਾਹੀਂ ਜਾਣਨਯੋਗ ਹੈ, ਅਤੇ ਫਿਰ ਵੀ ਅਨਿੱਤ ਨਹੀ ਹੈ।

ਪਹਿਲਾ ਪੁਰਸ਼ ਵਿਰੋਧਤਾ ਦੇ ਵਿਰੁੱਧ ਪੱਖ ਪੂਰਦਾ ਹੋਇਆ ਆਪਣੀ ਪ੍ਰਤਿਗਿਆ ਨੂੰ ਤਿਆਗਦਾ ਹੋਇਆ ਕਹਿਣ ਲੱਗ ਪਵੇ:

ਕੌਣ ਕਹਿੰਦਾ ਹੈ ਸ਼ਬਦ ਅਨਿੱਤ ਹੈ?

ਇਸ ਤਰ੍ਹਾਂ ਆਪਣੀ ਹੀ ਪ੍ਰਤਿਗਿਆ ਦਾ ਤਿਆਗ, ਪ੍ਰਤਿਗਿਆ-ਸਨਿਆਸ ਕਿਹਾ ਜਾਂਦਾ ਹੈ ਜੋ ਅਵੱਸ਼ ਹੀ ਨਿਗ੍ਰਹਿ ਦੇ ਕਾਬਲ ਹੈ।

ਹੇਤਵਾਂਤਰ

ਹੇਤੁ ਜਾਂ ਕਾਰਣ ਨੂੰ ਬਦਲਨਾ ਇਹ ਉਸ ਵੇਲੇ ਵਾਪਰਦਾ ਹੈ ਜਦੋਂ ਸਧਾਰਣ ਗੁਣ ਵਾਲੇ ਕਾਰਣ (ਹੇਤੁ) ਦੀ ਵਿਰੋਧਤਾ ਦੀ ਸਥਿਤੀ ਵਿਚ ਕਾਰਣ ਨਾਲ ਵਿਸੇਸ਼ ਗੁਣ ਜੋੜ ਦਿੱਤਾ ਜਾਵੇ। ਜਿਵੇ ਕੋਈ ਪੁਰਸ਼ ਆਪਣੀ ਦਲੀਲ ਇਵੇਂ ਪੇਸ਼ ਕਰੇ, 

ਸ਼ਬਦ ਅਨਿੱਤ ਹੈ,
ਕਿਉਂਕਿ ਇਹ ਇੰਦ੍ਰੀ ਰਾਹੀਂ ਜਾਣਨਯੋਗ ਹੈ।

ਇਸ ਦੇ ਉਲਟ ਕੋਈ ਦੂਜਾ ਪੁਰਸ਼ ਇਹ ਕਹੇ ਕਿ ਸ਼ਬਦ ਨੂੰ ਸਿਰਫ ਇਸ ਆਧਾਰ ‘ਤੇ ਅਨਿੱਤ ਸਾਬਤ ਨਹੀ ਕੀਤਾ ਜਾ ਸਕਦਾ ਕਿ ਇਹ ਇੰਦ੍ਰੀ ਦੁਆਰਾ ਜਾਣਨਯੋਗ ਹੈ। ਇਸੇ ਤਰ੍ਹਾ ਇਕ ਜਾਤੀ, ਜਿਵੇਂ ਘੜਾਪਣ, ਜੋ ਇੰਦ੍ਰੀ ਦੁਆਰਾ ਜਾਣਨਯੋਗ ਹੈ ਅਤੇ ਫਿਰ ਵੀ ਇਹ ਅਨਿੱਤ ਨਹੀ ਹੈ। ਪਹਿਲਾ ਪੁਰਸ਼ ਆਪਣੀ ਸਫਾਈ ਪੇਸ਼ ਕਰਦਾ ਹੋਇਆ ਕਹਿੰਦਾ ਹੈ ਕਿ ਕਾਰਣ, ਅਰਥਾਤ ਇੰਦ੍ਰੀ ਰਾਹੀ ਜਾਣਨਯੋਗ, ਤੋਂ ਭਾਵ ਹੈ ਜੋ ਜਾਤੀ ਦਾ ਸੰਕੇਤਕ ਅਤੇ ਇਸੇ ਆਧਾਰ ‘ਤੇ ਹੀ ਇਹ ਇੰਦ੍ਰੀ ਰਾਹੀਂ ਜਾਣਨਯੋਗ ਹੈ। ਸ਼ਬਦ ਦੀ ਜਾਤੀ “ਸ਼ਬਦਪਣ” ਹੈ ਅਤੇ ਇਸ ਦੇ ਨਾਲ ਨਾਲ ਇਹ ਇੰਦ੍ਰੀ ਰਾਹੀਂ ਵੀ ਜਾਣਨਯੋਗ ਹੈ। ਪ੍ਰੰਤੂ ਇਕ ਜਾਤੀ ਜਿਵੇਂ ਕਿ ਘੜਾਪਣ ਇਕ ਹੋਰ ਜਾਤੀ “ਘੜਾਪਣ-ਪਣ” ਦੇ ਥੱਲੇ ਨਹੀ ਆਉਂਦੀ, ਭਾਵੇਂ ਕਿ ਇਹ ਇੰਦ੍ਰੀ ਰਾਹੀਂ ਜਾਣਨਯੋਗ ਹੈ। ਇਸ ਤਰ੍ਹਾਂ ਦੀ ਆਪਣੇ ਪੱਖ ਲਈ ਸਫਾਈ ‘ਹੇਤਵਾਂਤਰ’ ਕਹੀ ਜਾਂਦੀ ਹੈ, ਜੋ ਅਵੱਸ਼ ਹੀ ਨਿਗ੍ਰਹਿ ਦੇ ਕਾਬਲ ਹੈ।

ਅਰਥਾਂਤਰ

ਅਰਥਾਂ ਨੂੰ ਬਦਲਨਾਇਹ ਉਹ ਦਲੀਲ ਹੈ ਜਿਸ ਵਿਚ ਵਾਦ-ਵਿਵਾਦ ਦੇ ਅਸਲੀ ਵਿਸ਼ੇ ਨੂੰ ਛੱਡਕੇ ਹੋਰ ਅਪ੍ਰਸੰਗਕ ਵਿਸ਼ੇ ਨੂੰ ਦਲੀਲ ਵਿਚ ਸ਼ਾਮਲ ਕੀਤਾ ਜਾਂਦਾ ਹੈ। ਜਿਵੇਂ ਇਕ ਪੁਰਸ਼ ਆਪਣੀ ਦਲੀਲ ਇਸ ਤਰ੍ਹਾਂ ਪੇਸ਼ ਕਰੇ,

ਸ਼ਬਦ ਅਨਿੱਤ ਹੈ, (ਪ੍ਰਤਿਗਿਆ)

ਕਿਉਂਕਿ ਇਹ ਅਸਪਰਸ਼ ਹੈ (ਹੇਤੁ)

ਕਿਸੇ ਹੋਰ ਪੁਰਸ਼ ਦੁਆਰਾ ਇਸ ਦੀ ਵਿਰੋਧਤਾ ਕਰਨ ‘ਤੇ ਉਹ ਆਪਣੀ ਸਫਾਈ ਇਸ ਪ੍ਰਕਾਰ ਪੇਸ਼ ਕਰਦਾ ਹੈ,

ਹੇਤੁ ਸ਼ਬਦ ਦੋ ਧਾਤੂਆਂ ਦੇ ਮੇਲ ਨਾਲ ਬਣਦਾ ਹੈ “ਹੇ” ਅਤੇ “ਤੁ”। ਕੋਈ ਸ਼ਬਦ ਇਕ ਨਾਂਵ, ਕ੍ਰਿਆ ਜਾਂ ਅਵ੍ਯਯ ਹੋ ਸਕਦਾ ਹੈ। ਇਕ ਨਾਂਵ ਦੀ ਪਰਿਭਾਸ਼ਾ ਬਗੈਰਾ ਬਗੈਰਾ....। ਇਸ ਤਰ੍ਹਾਂ ਦੀ ਅਪ੍ਰਸੰਗਕ ਦਲੀਲ ਪੇਸ਼ ਕਰਨੀ ਸ਼ੁਰੂ ਕਰ ਦੇਣੀ ਜਿਸ ਦਾ ਵਿਸ਼ੇ ਨਾਲ ਕੋਈ ਸੰਬੰਧ ਨਾ ਹੋਵੇ “ਅਰਥਆਂਤਰ” ਕਹੀ ਜਾਂਦੀ ਹੈ ਅਤੇ ਇਹ ਨਿਗ੍ਰਹਿ ਜਾਂ ਨਿੰਦਣ ਦੇ ਕਾਬਲ ਹੈ।

ਨਿਰਾਰਥਕ

ਭਾਵ ਬੇਰਥ ਦਲੀਲਇਹ ਉਹ ਦਲੀਲ ਹੈ ਜਿਸ ਵਿਚ ਅੱਖਰਾਂ ਦੇ ਬੇਅਰਥ ਜੋੜ ਪੇਸ਼ ਕੀਤੇ ਜਾਂਦੇ ਹਨ। ਜਿਵੇਂ ਇਕ ਪੁਰਸ਼ ਆਪਣੀ ਦਲੀਲ ਇਸ ਪ੍ਰਕਾਰ ਪੇਸ਼ ਕਰੇ: 

ਸ਼ਬਦ ਨਿੱਤ ਹੈ,
ਕਿਉਂਕਿ ਕ, ਸ, ਤ, ਟ ਅਤੇ ਪ ਦੇ ਬਰਾਬਰ ਦੇ ਅੱਖਰ ਹਨ ਜ, ਵ, ਗ, ਦ ਅਤੇ ਧ

ਕਿਉਂਕਿ ਇਨ੍ਹਾਂ ਅੱਖਰਾਂ ਦੇ ਕੋਈ ਅਰਥ ਨਹੀ ਹਨ ਇਸ ਲਈ ਇਨ੍ਹਾਂ ਨੂੰ ਵਰਤਣ ਵਾਲਾ ਪੁਰਸ਼ ਨਿੰਦਣਯੋਗ ਹੈ ਅਤੇ ਇਹ ਸਾਰੀ ਦੀ ਸਾਰੀ ਦਲੀਲ ਬੇਅਰਥ ਹੈ।

ਅਵਿਗਿਆਤਾਰਥ

ਦੁਰਬੋਧ ਜਾਂ ਨਾ ਸਮਝ ਆਉਣਾ। ਇਹ ਉਹ ਦਲੀਲ ਹੈ ਜੋ ਭਾਵੇਂ ਤਿੰਨ ਬਾਰ ਕਹੀ ਗਈ ਹੈ, ਨਾ ਤਾਂ ਸ੍ਰੋਤਿਆਂ (ਪਰਿਸ਼ਦ) ਦੇ ਸਮਝ ਵਿਚ ਆਈ ਹੈ ਅਤੇ ਨਾ ਹੀ ਵਿਰੋਧੀ ਸਮਝ ਸਕਦਾ ਹੈ।

ਵਾਦ ਵਿਵਾਦ ਵਿਚ ਇਕ ਪੁਰਸ਼ ਆਪਣੀ ਹਾਰ ਹੁੰਦੀ ਦੇਖਦੇ ਹੋਏ ਆਪਣੇ ਪੱਖ ਦੀ ਤਸੱਲੀਬਖਸ਼ ਸਫਾਈ ਪੇਸ਼ ਨਹੀ ਕਰਦਾ ਤਾਂ ਉਹ ਆਪਣੀ ਅਯੋਗਤਾ ਨੂੰ ਛੁਪਾਉਣ ਲਈ ਦ੍ਵਅਰਥ ਅਤੇ ਦੁਰਦੋਧ ਸ਼ਬਦਾਂ ਦੀ ਵਰਤੋਂ ਕਰਨ ਦੇ ਨਾਲ ਨਾਲ ਤੇਜ਼ੀ ਨਾਲ ਬੋਲਣਾ ਸ਼ੁਰੂ ਕਰ ਦੇਵੇ ਜੋ ਨਾ ਤਾ ਉਸ ਦੇ ਵਿਰੋਧੀ ਨੂੰ ਅਤੇ ਨਾ ਹੀ ਸਰੋਤਾਗਣ ਨੂੰ ਸਮਝ ਆਉਂਦੇ ਹੋਣ, ਭਾਵੇ ਕਿ ਉਹ ਉਨ੍ਹਾਂ ਨੂੰ ਤਿੰਨ ਬਾਰ ਦੁਹਰਾਉਂਦਾ ਹੈ ਤਾਂ ਇਸ ਤਰ੍ਹਾਂ ਦੇ ਕਥਨਾ ਨੂੰ ਅਵਿਗਿਆਤ ਕਿਹਾ ਜਾਂਦਾ ਹੈ ਜੋ ਠੀਕ ਹੀ ਨਿੰਦਣ ਦੇ ਕਾਬਲ ਹਨ।

ਅਪਾਰਥਕ

ਅਰਥਹੀਨਇਹ ਉਹ ਦਲੀਲ ਹੈ ਜੋ ਕੋਈ ਅਰਥ ਵਿਅਕਤ ਨਹੀ ਕਰਦੀ ਕਿਉਂਕਿ ਇਸ ਵਿਚ ਸ਼ਬਦਾਂ ਨੂੰ ਬੇਤਰਤੀਬ ਜੋੜ ਕੇ ਵਾਕਰਚਨਾ ਕੀਤੀ ਗਈ ਹੁੰਦੀ ਹੈ, ਅਰਥਾਤ ਇਸ ਵਿਚ ਅਨ੍ਵਯ ਜਾਂ ਵਾਕਰਚਨਾ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਹੁੰਦੀ। ਜਿਵੇਂ ਕੋਈ ਆਪਣੀ ਦਲੀਲ ਵਿਚ ਐਵੇਂ ਫਜ਼ੂਲ ਸ਼ਬਦ ਉਚਰੇ, 

ਦਸ ਅਨਾਰ, ਛੇ ਪੇੜੇ, ਇਕ ਕਟੋਰਾ, ਬੱਕਰੀ ਦੀ ਚਮੜੀ ਅਤੇ ਢੇਰ ਸਾਰੀ ਮਠਿਆਈ, 

ਇਸ ਤਰ੍ਹਾਂ ਦੇ ਅਰਥਹੀਣ ਕਥਨ ਵਿਚ ਵਾਦੀ ਦੀ ਹਾਰ ਹੈ।

ਅਪ੍ਰਾਪਤ-ਕਾਲ

ਬੇਮੌਕਾ ਜਾਂ ਅਕਾਲਕਇਹ ਉਹ ਦਲੀਲ ਹੈ ਜਿਸ ਵਿਚ ਕੁਝ ਹਿੱਸਿਆਂ ਦਾ ਜ਼ਿਕਰ ਬਿਨਾ ਕਿਸੇ ਪੈਹਲ ਤੋਂ ਕੀਤਾ ਗਿਆ ਹੋਵੇ। ਜਿਵੇਂ ਕੋਈ ਇਸ ਤਰ੍ਹਾਂ ਦੀ ਦਲੀਲ ਪੇਸ਼ ਕਰੇ, 

ਪਰਬਤ ਅਗਨੀਮਾਨ ਹੈ (ਪ੍ਰਤਿਗਿਆ)
ਜਿੱਥੇ ਕਿਤੇ ਧੂੰਆ ਹੈ, ਉੱਥੇ ਅੱਗ ਹੈ, ਜਿਵੇਂ ਰਸੋਈ ਵਿਚ (ਉਦਾਹਰਣ)
ਕਿਉਂਕਿ ਇਹ ਧੂੰਆਮਾਨ ਹੈ (ਹੇਤੁ)
ਪਰਬਤ ਅਗਨੀਮਾਨ ਹੈ (ਨਿਗਮਨ)
ਪਰਬਤ ਧੂੰਆਮਾਨ ਹੈ (ਪ੍ਰਯੋਗ ਜਾਂ ਉਪਮਾਨ)

ਇਸ ਦਲੀਲ ਵਿਚ ਕੋਈ ਤਰਤੀਬ ਨਹੀ ਹੈ, ਕਿਉਂਕਿ ਕਿਸੇ ਦਲੀਲ ਦਾ ਭਾਵਅਰਥ ਇਸ ਤੱਥ ‘ਤੇ ਨਿਰਭਰ ਕਰਦਾ ਹੈ ਕਿ ਉਸ ਦੇ ਭਾਗ (ਅਵਯਵ) ਕਿਸ ਤਰਤੀਬ ਵਿਚ ਪੇਸ਼ ਕੀਤੇ ਗਏ ਹਨ। ਬੇਮੌਕਾ ਜਾਂ ‘ਅਪ੍ਰਾਪਤਕਾਲ’ ਦਲੀਲ ਬਿਲਕੁਲ ਬੇਅਰਥ ਹੁੰਦੀ ਹੈ ਅਤੇ ਇਸ ਤਰ੍ਹਾਂ ਦੀ ਦਲੀਲ ਪੇਸ਼ ਕਰਨ ਵਾਲਾ ਨਿਗ੍ਰਹਿ ਜਾਂ ਹਾਰ ਦੇ ਕਾਬਲ ਹੈ

ਨ੍ਯੂਨ

ਬਹੁਤ ਥੋੜਾ ਕਹਿਣਾ। ਜੇ ਇਕ ਦਲੀਲ ਵਿਚ ਉਸ ਦੇ ਇਕ ਹਿੱਸੇ (ਅਵਯਵ) ਦੀ ਵੀ ਘਾਟ ਹੋਵੇ ਤਾਂ ਇਸ ਨੂੰ ਨ੍ਯੂਨ ਕਿਹਾ ਜਾਂਦਾ ਹੈ। ਜੇ ਕੋਈ ਪੁਰਸ਼ ਪੰਚਾਵਯਵ ਵਿਚੋਂ ਇਕ ਅਵਯਵ ਨੂੰ ਵੀ ਛੱਡ ਦਿੰਦਾ ਹੈ ਤਾਂ ਦਲੀਲ ਅਧੂਰੀ ਰਹਿ ਜਾਂਦੀ ਹੈ। ਸਹੀ ਪੰਚਾਵਯਵ ਇਸ ਪ੍ਰਕਾਰ ਹੈ: 

(1)             ਪਰਬਤ ਅਗਨੀਮਾਨ ਹੈ (ਪ੍ਰਤਿਗਿਆ)

(2)            ਕਿਉਂਕਿ ਇਹ ਧੂੰਆਮਾਨ ਹੈ (ਹੇਤੁ)

(3)            ਜਿੱਥੇ ਜਿੱਥੇ ਧੂੰਆ ਹੈ, ਉੱਥੇ ਉੱਥੇ ਅੱਗ ਹੈ, ਜਿਵੇਂ ਰਸੋਈ ਵਿਚ (ਉਦਾਹਰਣ)

(4)            ਪਰਬਤ ਧੂੰਆਮਾਨ ਹੈ (ਉਪਮਾਨ)

(5)            ਇਸ ਲਈ ਪਰਬਤ ਅਗਨੀਮਾਨ ਹੈ (ਨਿਗਮਨ)।

ਅਧਿਕ

ਬਹੁਤ ਜ਼ਿਆਦਾ ਕਹਿਣਾਇਹ ਉਹ ਦਲੀਲ ਹੈ ਜਿਸ ਵਿਚ ਇਕ ਤੋਂ ਜ਼ਿਆਦਾ ਹੇਤੁ ਜਾਂ ਉਦਾਹਰਣ ਸ਼ਾਮਲ ਕੀਤੇ ਗਏ ਹੋਣ। ਜਿਵੇਂ, 

ਪਰਬਤ ਅਗਨੀਮਾਨ ਹੈ (ਪ੍ਰਤਿਗਿਆ)
ਕਿਉਂਕਿ ਇਹ ਧੂੰਆਮਾਨ ਹੈ (ਹੇਤੁ)
ਅਤੇ ਕਿਉਂਕਿ ਇਹ ਪ੍ਰਕਾਸ਼ਮਾਨ ਹੈ (ਹੇਤੁ)
ਰਸੋਈ ਵਾਂਗ (ਉਦਾਹਰਣ)
ਭੱਠੀ ਵਾਂਗ (ਉਦਾਹਰਣ)

ਇਸ ਦਲੀਲ ਵਿਚ ਦੂਜਾ ਹੇਤੁ ਅਤੇ ਦੂਦੀ ਉਦਾਹਰਣ ਫਜ਼ੂਲ ਹਨ। ਇਸ ਤਰ੍ਹਾਂ ਦੀ ਦਲੀਲ ਪੇਸ਼ ਕਰਨ ਵਾਲਾ ਨਿਗ੍ਰਹਿ ਜਾਂ ਹਾਰ ਦੇ ਕਾਬਲ ਹੈ।

ਪੁਨਰੁਕਤ

ਗੱਲ ਨੂੰ ਦੁਹਰਾਈ ਜਾਣਾਇਹ ਉਹ ਦਲੀਲ ਹੈ ਜਿਸ ਵਿਚ ਇਕ ਸ਼ਬਦ ਜਾਂ ਭਾਵ (ਅਨੁ-ਵਾਦ ਤੋਂ ਛੁੱਟ) ਨੂੰ ਬਾਰ ਬਾਰ ਕਿਹਾ ਜਾਵੇ। ਜਿਵੇਂ,

ਸ਼ਬਦ ਨੂੰ ਦੁਹਰਾਉਣਾ (ਪੁਨਰਵਚਨ)         ਸ਼ਬਦ ਅਨਿੱਤ ਹੈ, ਸ਼ਬਦ ਅਨਿੱਤ ਹੈ ਆਦਿ
ਅਰਥ ਨੂੰ ਦੁਹਰਾਉਣਾ                         ਸ਼ਬਦ ਅਨਿੱਤ ਹੈ, ਗੂੰਜ ਨਾਸਵਾਨ ਹੈ, ਜੋ ਸੁਣਨਯੋਗ ਉਹ ਅਸਥਾਈ ਹੈ

ਪੁਨਰਵਚਨ (ਦੁਹਰਾਉਣਾ) ਅਤੇ ਅਨੁ-ਵਾਦ (ਦ੍ਰਿੜ੍ਹਾਉਣ) ਵਿਚ ਕਾਫੀ ਫਰਕ ਹੈ। ਅਨੁ-ਵਾਦ ਇਕ ਉਪਯੋਗੀ ਮੰਤਵ ਹੱਲ ਕਰਦਾ ਹੈ ਇਸ ਰਾਹੀਂ ਇਕ ਵਿਸ਼ੇਸ਼ ਸਿੱਟੇ ‘ਤੇ ਪਹੁੰਚਿਆ ਜਾਂਦਾ ਹੈ, ਜਿਵੇਂ, 

ਪਰਬਤ ਅਗਨੀਮਾਨ ਹੈ (ਪ੍ਰਤਿਗਿਆ)
ਕਿਉਂਕਿ ਇਹ ਧੂੰਆਮਾਨ ਹੈ (ਹੇਤੁ)
ਜੋ ਧੂੰਆਮਾਨ ਹੈ ਉਹ ਅਗਨੀਮਾਨ ਹੈ, ਜੈਸੇ ਰਸੋਈ (ਉਦਾਹਰਣ)
ਪਰਬਤ ਧੂੰਆਮਾਨ ਹੈ (ਉਪਮਾਨ)
ਇਸ ਲਈ ਪਰਬਤ ਅਗਨੀਮਾਨ ਹੈ (ਨਿਗਮਨ ਜਾਂ ਸਿੱਟਾ)

ਇਸ ਦਲੀਲ ਵਿਚ “ਸਿੱਟਾ”, “ਪ੍ਰਤਿਗਿਆ” ਦਾ ਅਨੁ-ਵਾਦ ਹੈ ਕਿਉਂਕਿ ਪ੍ਰਤਿਗਿਆ ਨੂੰ ਸਾਬਤ ਕਰਕੇ ਦੁਬਾਰਾ ਕਹਿਣ ਨਾਲ ਦ੍ਰਿੜ੍ਹ ਕੀਤਾ ਗਿਆ ਹੈ। ਇਸ ਤਰ੍ਹਾਂ ਇਹ ਉਪਰੋਕਤ ਪੰਚਾਵਯਵ ਦੇ ਸੰਦਰਭ ਵਿਚ ਵਿਸ਼ੇਸ਼ ਮੰਤਵ ਹੱਲ ਕਰਦਾ ਹੈ ਅਥਵਾ ਅਸੀਂ ਪ੍ਰਤਿਗਿਆ ਨੂੰ ਦੁਹਰਾਅ ਕੇ ਕਿਸੇ ਲਾਭਦਾਇਕ ਸਿੱਟੇ ‘ਤੇ ਪਹੁੰਚਦੇ ਹਾਂ।

ਪੁਨਰੁਕਤੀ (ਦੁਹਰਾ) ਵਿਚ ਕਿਸੇ ਚੀਜ਼ ਦਾ ਉਸਦੇ ਨਾਮ ਨਾਲ ਜ਼ਿਕਰ ਕਰਨਾ ਵੀ ਸ਼ਾਮਲ ਹੈ ਭਾਵੇ ਇਹ ਚੀਜ਼ ਵਾਕ ਦੇ ਸੰਦਰਭ ਵਿਚ ਅਰਥਾਪੱਤਿ ਦੁਆਰਾ ਸੰਕੇਤਕ ਕੀਤੀ ਗਈ ਹੋਵੇ। 

“ਇਕ ਚੀਜ਼ ਜੋ ਅਨਿੱਤ ਨਹੀ ਹੈ, ਉਸ ਵਿਚ ਉਤਪਤੀ ਦੇ ਗੁਣ ਨਹੀ ਹੁੰਦੇ।“ ਇਹ ਕਥਨ ਕੇਵਲ ਨਿਮਨਲਿਖਤ ਕਥਨ ਦੀ ਹੀ ਪੁਨਰੁਕਤੀ ਹੈ: 

“ਉਤਪਤੀ ਦੇ ਗੁਣਾਂ ਵਾਲੀ ਚੀਜ਼ ਅਨਿੱਤ ਹੁੰਦੀ ਹੈ।“

ਅਨਨੁਭਾਸ਼ਣ

ਪ੍ਰਤਿਗਿਆ ਨੂੰ ਨਾ ਦੁਹਰਾਉਣਾ ਜਾਂ ਚੁੱਪ ਰਹਿਣਾਵਾਦ-ਵਿਵਾਦ ਵਿਚ ਅਨਨੁਭਾਸ਼ਣ ਉਹ ਅਵਸਰ ਹੈ ਜਦੋਂ ਵਿਰੋਧੀ ਪ੍ਰਤਿਗਿਆ ਦਾ ਉੱਤਰ (ਪ੍ਰਤ੍ਯੁਚਾਰਣ = ਪ੍ਰਤਿ+ਉਚਾਰਣ) ਨਾ ਦੇਵੇ (ਅਪ੍ਰਤ੍ਯੁਚਾਰਣ) ਹਾਲਾਂਕਿ ਇਹ ਵਾਦੀ ਰਾਹੀਂ ਸ੍ਰੋਤਾਗਣ (ਪਰਿਸ਼ਦ) ਦੇ ਸਾਹਮਣੇ ਤਿੰਨ ਬਾਰ ਦੁਹਰਾਈ ਗਈ ਹੈ। ਵਿਰੋਧੀ ਵਲੋਂ ਇਸ ਤਰ੍ਹਾਂ ਦਾ ਉਤਸ਼ਾਹਹੀਣ ਰਵੱਈਆ ਅਪਣਾਏ ਜਾਣ ਨਾਲ ਵਾਦ-ਵਿਵਾਦ ਨੂੰ ਅੱਗੇ ਨਹੀ ਵਧਾਇਆ ਜਾ ਸਕਦਾ। ਇਸ ਲਈ ਵਿਰੋਧੀ ਵਲੋਂ ਇਸ ਤਰ੍ਹਾਂ ਦੀ ਚੁੱਪ ਨਿਗ੍ਰਹਿ ਜਾਂ ਹਾਰ ਦੇ ਕਾਬਲ ਹੈ।

ਅਗਿਆਨ

ਅਗਿਆਨ ਦੀ ਸਥਿਤੀ ਉਦੋਂ ਪਹੁੰਚਦੀ ਹੈ ਜਦੋਂ ਪ੍ਰਤਿਗਿਆ ਨਾ ਸਮਝੀ (ਅਵਿਗਿਆਤ) ਜਾਵੇ। ਪਰਿਸ਼ਦ ਦੇ ਸਾਹਮਣੇ ਤਿੰਨ ਬਾਰ ਦੁਹਰਾਏ ਜਾਣ ‘ਤੇ ਵੀ ਜੇ ਵਿਰੋਧੀ ਪ੍ਰਤਿਗਿਆ ਪੂਰੀ ਤਰ੍ਹਾਂ ਨਹੀ ਸਮਝਦਾ ਤਾਂ ਉਹ ਇਸ ਦਾ ਖੰਡਨ ਕਰਨ ਦੇ ਕਾਬਲ ਨਹੀ ਰਹਿ ਜਾਂਦਾ। ਉਸ ਦੀ ਇਹ ਅਗਿਆਨਤਾ ਨਿਗ੍ਰਹਿ ਜਾਂ ਹਾਰ ਦੇ ਕਾਬਲ ਹੈ।

ਅਪ੍ਰਤਿਭਾ

ਸੂਖਮ ਬੁੱਧੀ ਨਾ ਹੋਣਾ ਵਾਦ ਵਿਵਾਦ ਵਿਚ ਉੱਤਰ ਨਾ ਦੇ ਸਕਣ ਦੀ ਅਯੋਗਤਾ ਨੂੰ ਅਪ੍ਰਤਿਭਾ ਕਿਹਾ ਜਾਂਦਾ ਹੈ। ਬਹਿਸ ਸ਼ੁਰੂ ਕਰਨ ਲਈ ਇਕ ਪੁਰਸ਼ ਆਪਣੀ ਪ੍ਰਤਿਗਿਆ ਪੇਸ਼ ਕਰਦਾ ਹੈ। ਜੇ ਉਸਦਾ ਵਿਰੋਧੀ ਇਸ ਨੂੰ ਪੂਰੀ ਤਰ੍ਹਾਂ ਸਮਝਦਾ ਹੈ ਪਰ ਉੱਤਰ ਨਹੀ ਦੇ ਸਕਦਾ ਤਾਂ ਉਹ ਡਾਂਟਣ (ਨਿਗ੍ਰਹਿ) ਦੇ ਕਾਬਲ ਹੈ ਕਿਉਂਕਿ ਉਸ ਵਿਚ ਪ੍ਰਤਿਭਾ (ਸੂਖਮ ਬੁੱਧੀ) ਦੀ ਕਮੀ ਹੈ ਅਤੇ ਉਸ ਦੀ ਇਸ ਵਿਚ ਹਾਰ ਹੈ।

ਵਿਕਸ਼ੇਪ

ਟਾਲ ਮਟੋਲ ਜਾਂ ਬਹਾਨੇਬਾਜ਼ੀ ਕਰਨਾ ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਦਲੀਲਬਾਜ਼ੀ ਨੂੰ ਇਹ ਬਹਾਨਾ ਪਾ ਕੇ ਰੋਕ ਦੇਵੇ (ਕਥਾਵਿਛੇਦ) ਕਿ ਉਸ ਨੂੰ ਕਿਸੇ ਹੋਰ ਕੰਮ (ਕਾਰਯਵ੍ਯਾਸੰਗਤ) ਜਾਣਾ ਪੈਣਾ ਹੈ। ਜਦੋਂ ਵਾਦ ਵਿਵਾਦ ਵਿਚ ਇਕ ਪੁਰਸ਼ ਆਪਣਾ ਪੱਖ ਸਥਾਪਤ ਕਰਨਾ ਅਸੰਭਵ ਦੇਖਦੇ ਹੋਏ ਇਸ ਨੂੰ ਅੱਗੇ ਵਧਣ ਤੋਂ ਰੋਕ ਦੇਵੇ ਇਹ ਕਹਿ ਕੇ ਕਿ ਉਸ ਨੂੰ ਕਿਸੇ ਹੋਰ ਜ਼ਰੂਰੀ ਕੰਮ ‘ਤੇ ਜਾਣਾ ਹੈ ਤਾਂ ਇਸ ਵਿਚ ਉਸ ਦੀ ਹਾਰ ਮੰਨੀ ਜਾਂਦੀ ਹੈ।

ਮਤਾਨੁਗਿਆ

ਕਿਸੇ ਹੋਰ ਮਤ ਨੂੰ ਸਵੀਕਾਰ ਕਰਨਾ ਇਹ ਸਥਿਤੀ ਉਹ ਹੈ ਜਿਸ ਵਿਚ ਵਿਰੋਧੀ ਦੀ ਦਲੀਲ ਵਿਚ ਤਰੁੱਟੀ ਦਾ ਇਲਜ਼ਾਮ ਲਗਾਇਆ ਜਾਵੇ ਇਹ ਸਵੀਕਾਰ ਕਰਕੇ ਕਿ ਉਸਦੀ ਆਪਣੀ ਦਲੀਲ ਵਿਚ ਵੀ ਇਹੋ ਤਰੁੱਟੀ ਹੈ। ਜਿਵੇਂ ਇਕ ਪੁਰਸ਼ ਵਿਰੋਧੀ ‘ਤੇ ਇਲਜ਼ਾਮ ਲਗਾਏ “ਤੂੰ ਚੋਰ ਹੈ” ਪਰ ਇਸ ਦੇ ਜਵਾਬ ਵਿਚ, ਇਸ ਦੋਸ਼ ਦਾ ਖੰਡਨ ਕਰਨ ਦੀ ਬਜਾਏ ਦੂਸਰਾ ਆਦਮੀ ਇਹ ਕਹੇ “ਤੂੰ ਵੀ ਚੋਰ ਹੈ” ਤਾਂ ਉਹ ਗੁਪਤ ਰੂਪ ਵਿਚ ਇਸ ਇਲਜ਼ਾਮ ਨੂੰ ਕਬੂਲ ਕਰਦਾ ਹੈ। ਇਸ ਤਰ੍ਹਾਂ ਦਾ ਜਵਾਬੀ ਦੋਸ਼ “ਮਤਾਨੁਗਿਆ” ਕਿਹਾ ਜਾਂਦਾ ਹੈ, ਭਾਵ ਇਲਜ਼ਾਮ ਨੂੰ ਸਵੀਕਾਰ ਕੀਤਾ ਜਾਂਦਾ ਹੈ।

ਪਰਯਨੁਯੋਜਯੋਪੇਸ਼ਣ

ਨਿੰਦਣਯੋਗ ਨੂੰ ਅਣਡਿਠ ਕਰਨਾਇਹ ਉਦੋਂ ਪੈਦਾ ਹੁੰਦਾ ਹੈ ਜਦੋਂ ਨਿੰਦਣਯੋਗ ਪੁਰਸ਼ ਨੂੰ ਨਿੰਦਿਆ ਨਹੀ ਜਾਂਦਾ। ਜੇ ਦਲੀਲਬਾਜ਼ੀ ਵਿਚ ਕੋਈ ਪੁਰਸ਼ ਆਪਣੀਆਂ ਕਮੀਆਂ ਸਵੀਕਾਰ ਨਹੀ ਕਰਦਾ ਤਾਂ ਇਸ ਹਾਲਤ ਵਿਚ ਪਰਿਸ਼ਦ ਦਾ ਫਰਜ਼ ਬਣਦਾ ਹੈ ਕਿ ਉਹ ਇਸ ਪੁਰਸ਼ ਦੀ ਨਿੰਦਾ ਕਰਨ ਲਈ ਆਪਣੀ ਰਾਇ ਦਾ ਮਤਾ ਪਾਸ ਕਰਨ। ਜੇ ਪਰਿਸ਼ਦ ਇਸ ਤਰ੍ਹਾਂ ਨਹੀ ਕਰਦੀ ਤਾਂ ਪਰਿਸ਼ਦ ਸਵੈ ਨਿੰਦਣ ਦੇ ਕਾਬਲ ਹੈ ਅਤੇ ਇਸ ਸਥਿਤੀ ਨੂੰ “ਪਰਯਨੁਯੋਜਯੋਪੇਸ਼ਣ” ਕਿਹਾ ਜਾਂਦਾ ਹੈ।

ਨਿਰਨੁਯੋਜਯਾਨੁਯੋਗ

ਨਾ ਨਿੰਦਣਯੋਗ ਨੂੰ ਨਿੰਦਣਾਇਹ ਸਥਿਤੀ ਉਸ ਵੇਲੇ ਪੈਦਾ ਹੁੰਦੀ ਹੈ ਜਦੋਂ ਨਾ-ਨਿੰਦਣਯੋਗ ਪੁਰਸ਼ ਨੂੰ ਨਿੰਦਿਆ ਜਾਵੇਇਕ ਆਦਮੀ ਬਦਨਾਮੀ ਖੱਟਦਾ ਹੈ ਜੇ ਉਹ ਕਿਸੇ ਨੂੰ ਐਵੇਂ ਨਿੰਦਦਾ ਹੈ ਜੋ ਨਿੰਦਣਯੋਗ ਨਹੀ ਹੈ।

ਅਪਸਿਧਾਂਤ

ਸਥਾਪਤ ਸਿਧਾਂਤ ਤੋਂ ਥਿੜਕਨਾਇਕ ਪੁਰਸ਼ ਕਿਸੇ ਸਿਧਾਂਤ ਨੂੰ ਸਵੀਕਾਰ ਕਰਨ ਤੋਂ ਬਾਅਦ ਜੇ ਦਲੀਲਬਾਜ਼ੀ ਦੇ ਦੌਰਾਨ ਇਸ ਸਿਧਾਂਤ ਤੋਂ ਥਿੜਕਦਾ ਹੈ ਇਸ ਨੂੰ “ਅਪਸਿਧਾਂਤ” ਕਿਹਾ ਜਾਂਦਾ ਹੈ।

ਕੋਈ ਪੁਰਸ਼ ਸਾਂਖਦਰਸ਼ਨ ਦੇ ਸਿਧਾਂਤਾਂ ਨੂੰ ਸਵੀਕਾਰ ਕਰਦਾ ਹੋਇਆ ਦਲੀਲਬਾਜ਼ੀ ਵਿਚ ਹਿੱਸਾ ਲੈਂਦਾ ਹੈਸਾਂਖਦਰਸ਼ਨ ਸਿਧਾਂਤ ਹਨ: (1) ਜੋ ਚੀਜ਼ ਹੋਂਦ ਵਿਚ ਹੈ ਉਹ ਕਦੇ ਅਣਹੋਂਦ ਨਹੀ ਹੋ ਸਕਦੀ, (2) ਜੋ ਅਣਹੋਂਦ ਹੈ ਉਹ ਕਦੇ ਹੋਂਦ ਵਿਚ ਨਹੀ ਆ ਸਕਦੀ। ਪ੍ਰਕ੍ਰਿਤੀ ਦੇ ਇਹ ਦੋ ਅਟਲ ਨਿਯਮ ਹਨ, ਅਰਥਾਤ ਕਿਸੇ ਚੀਜ਼ ਦੀ ਸਿਰਜਣਾ ਜਾਂ ਵਿਨਾਸ਼ ਨਹੀ ਹੋ ਸਕਦਾ।

ਇਸ ਦੇ ਵਿਰੁੱਧ ਕੋਈ ਦੂਸਰਾ ਪੁਰਸ਼ ਇਹ ਕਹਿੰਦਾ ਹੈ ਕਿ ਸਮੁੱਚੀ ਮਾਨਵ ਕ੍ਰਿਆ ਅਸੰਭਵ ਹੋ ਜਾਵੇਗੀ ਜੇ ਹੁਣ ਦੀ ਅਣਹੋਂਦ ਵਾਲੀ ਚੀਜ਼ ਸਮੇ ਦੇ ਵਹਾਉ ਨਾਲ ਹੋਂਦ ਵਿਚ ਨਹੀ ਆ ਸਕਦੀ, ਅਤੇ ਕੋਈ ਕ੍ਰਿਆ ਕਦੇ ਖਤਮ ਨਹੀ ਹੋ ਸਕਦੀ ਜੇ ਜੋ ਚੀਜ਼ ਇਸ ਵੇਲੇ ਹੋਂਦ ਵਿਚ ਹੈ, ਇਹ ਹਮੇਸ਼ਾ ਜਾਰੀ ਰਹਿੰਦੀ ਹੈ।

ਜੇ ਪਹਿਲਾ ਪੁਰਸ਼ ਇਸ ਵਿਰੋਧਤਾ ਨੂੰ ਮੰਨਦੇ ਹੋਏ ਇਹ ਸਵੀਕਾਰ ਕਰ ਲੈਂਦਾ ਹੈ ਕਿ ਹੋਂਦ, ਅਣਹੋਂਦ ਤੋਂ ਪੈਦਾ ਹੁੰਦੀ ਹੈ ਤਾਂ ਉਹ ਸਥਾਪਤ ਸਿਧਾਂਤ ਤੋਂ ਥਿੜਕ ਰਿਹਾ ਹੋਵੇਗਾ। ਐਸਾ ਕਰਨ ਵਿਚ ਉਸ ਦੀ ਹਾਰ ਮੰਨੀ ਜਾਏਗੀ।

ਹੇਤਵਾਭਾਸ

ਹੇਤੁ ਜਾਂ ਕਾਰਣ ਦਾ ਦੋਸ਼ਹੇਵਾਭਾਸ ਨਾਲ ਵੀ ਨਿਗ੍ਰਹਸਥਾਨ ਦੀ ਸਥਿਤੀ ਪੈਦਾ ਹੁੰਦੀ ਹੈ। ਆਭਾਸ ਜਾਂ ਭਰਮ ਸਿਰਫ ਬਾਹਰੀ ਰੂਪ ਵਿਚ ਹੀ ਦੇਖਣ ਨੂੰ ਹੇਤੁ ਲਗਦੇ ਹਨ ਪਰ ਅਸਲ ਵਿਚ ਇਹ ਭੁਲੇਖੇ ਹੁੰਦੇ ਹਨ। ਜੋ ਪੁਰਸ਼ ਵਾਦ ਵਿਵਾਦ ਵਿਚ ਇਨ੍ਹਾਂ ਦੀ ਵਰਤੋਂ ਕਰਦਾ ਹੈ ਉਹ ਨਿਘ੍ਰਹਿ ਅਤੇ ਹਾਰ ਦੇ ਕਾਬਲ ਹੈ।

ਸਮੁੱਚੇ ਦ੍ਰਿਸ਼ਮਾਨ ਜਗਤ ਦਾ ‘ਦੇਸ’ ਵਿਚ ਟਿਕਾਣਾ ਹੈ ਅਤੇ ‘ਕਾਲ’ ਵਿਚ ਇਹ ਕ੍ਰਿਆਸ਼ੀਲ ਹੁੰਦਾ ਹੈ। ਇਸ ‘ਦੇਸ-ਕਾਲ’ ਅਤੇ ਹੋਰ ਸੰਬੰਧਤ ਵਿਸ਼ਿਆਂ ‘ਤੇ ਵੀ ਨਿਆਇ ਸੂਤਰ ਵਿਚ ਚਰਚਾ ਕੀਤੀ ਗਈ ਹੈ, ਜਿਵੇ:  ਅਵਯਵ ਅਤੇ ਅਵਯਵੀਂ, ਪ੍ਰਮਾਣੂ, ਕਾਲ, ਸ਼ਬਦਾਰਥ, ਸ਼ਬਦ, ਪਦ, ਕਕਸ਼ੁ, ਬੁੱਧੀ, ਸਿਮ੍ਰਿਤੀ ਅਤੇ ਸੰਖਿਆਏਕਾਂਤ ਆਦਿ। ਅਗਲੀ ਕਿਸ਼ਤ ਵਿਚ ਅਸੀਂ ਇਨ੍ਹਾਂ ਵਿਸ਼ਿਆਂ ‘ਤੇ ਚਰਚਾ ਕਰਾਂਗੇ।

... ਚਲਦਾ

21/02/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)
 

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com