ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਨਿਆਇ-ਸ਼ਾਸਤਰ (5)

ਨਿਆਇ ਸੂਤਰ ਵਿਚ ਹੋਰ ਵਿਸ਼ੇ ਜੋ ਸੰਖੇਪ ਰੂਪ ਵਿਚ ਪਰਖੇ ਗਏ

ਸਮੁੱਚੇ ਦ੍ਰਿਸ਼ਮਾਨ ਜਗਤ ਦਾ ‘ਦੇਸ’ ਵਿਚ ਟਿਕਾਣਾ ਹੈ ਅਤੇ ‘ਕਾਲ’ ਵਿਚ ਇਹ ਕ੍ਰਿਆਸ਼ੀਲ ਹੁੰਦਾ ਹੈ। ਇਸ ‘ਦੇਸ-ਕਾਲ’ ਅਤੇ ਹੋਰ ਸੰਬੰਧਤ ਵਿਸ਼ਿਆਂ ‘ਤੇ ਵੀ ਨਿਆਇ ਸੂਤਰ ਵਿਚ ਚਰਚਾ ਕੀਤੀ ਗਈ ਹੈ, ਜਿਵੇ:  ਅਵਯਵ ਅਤੇ ਅਵਯਵੀਂ, ਪ੍ਰਮਾਣੂ, ਕਾਲ, ਸ਼ਬਦਾਰਥ, ਸ਼ਬਦ, ਪਦ, ਕਕਸ਼ੁ, ਬੁੱਧੀ, ਸਿਮ੍ਰਿਤੀ ਅਤੇ ਸੰਖਿਆਏਕਾਂਤ ਆਦਿ।

ਅਵਯਵ (ਅੰਸ਼) ਅਤੇ ਅਵਯਵੀਂ (ਸਮੱਗਰ)

ਕਈਆਂ ਦਾ ਕਹਿਣਾ ਹੈ ਕਿ ਅੰਸ਼ ਹੀ ਯਥਾਰਥ ਹਨ ਅਤੇ ਉਨ੍ਹਾਂ ਦੇ ਪਿੱਛੇ ਸਮੱਗਰ ਦਾ ਕੋਈ ਅਸਤਿੱਤਤਵ ਨਹੀ ਹੈ। ਜਿਵੇਂ ਇਕ ਦਰੱਖਤ ਦੇ ਕਈ ਅੰਗ ਪੀਲੇ ਅਤੇ ਕਈ ਹਰੇ। ਜੇਕਰ ਦਰੱਖਤ ਇਕ ਸਮੱਗਰ ਹੁੰਦਾ ਤਾਂ ਇਸ ਵਿਚ ਪੀਲਾਪਣ ਅਤੇ ਹਰਾਪਣ ਵਰਗੇ ਵਿਰੋਧੀ ਗੁਣ ਸਮਕਾਲੀ ਮੌਜੂਦ ਨਾ ਹੁੰਦੇ। ਇਸ ਲਈ ਇਕੱਲੇ ਅੰਸ਼ ਹੀ ਯਤਾਰਥ ਹਨ।

ਇਸ ਦੇ ਜਵਾਬ ਵਿਚ ਅਕਸ਼ਪਾਦ ਕਹਿੰਦੇ ਹਨ ਕਿ ਸਮੱਗਰ ਨੂੰ ਅਸਵੀਕਾਰ ਕਰਨ ਨਾਲ ਕਿਸੇ ਵੀ ਚੀਜ਼ ਦਾ ਅਨੁਭਵ ਨਹੀ ਹੋ ਸਕਦਾ। ਮੰਨ ਲਓ ਕਿ ਅੰਸ਼ ਹੀ ਯਥਾਰਥ ਹਨ। ਤਾਂ ਕਿਉਂਕਿ ਅੰਸ਼ ਦਾ ਕੋਈ ਸਥਿਰ ਆਕਾਰ ਨਹੀ ਹੈ, ਇਸ ਨੂੰ ਹੋਰ ਅੰਸ਼ਾਂ ਵਿਚ ਵੰਡਿਆ ਜਾ ਸਕਦਾ ਹੈ, ਇਨ੍ਹਾਂ ਨੂੰ ਫਿਰ ਅੱਗੇ ਹੋਰ ਅੰਸ਼ਾਂ ਵਿਚ ਬਗੈਰਾ ਬਗੈਰਾ, ਜਦ ਤੱਕ ਅਸੀਂ ਅਣੂਆਂ ਤੱਕ ਨਹੀਂ ਪਹੁੰਚ ਜਾਂਦੇ ਜਿਹੜੇ ਕਿ ਅੰਤਿਮ ਅੰਸ਼ ਹਨ। ਇਹ ਅਣੂ, ਜਿਨ੍ਹਾਂ ਦੀ ਕੋਈ ਮਾਤਰਾ (ਜਾਂ ਭਾਰ) ਨਹੀ ਹੈ, ਅਨੁਭਵ ਨਹੀ ਕੀਤੇ ਜਾ ਸਕਦੇ। ਇਸ ਦੇ ਫਲਸਰੂਪ ਅੰਸ਼ਮਾਤ੍ਰ ਚੀਜ਼ ਅਨੁਭਵਯੋਗ ਨਹੀ ਹੈ। ਇਸ ਲਈ ਸਾਨੂੰ ਅੰਸ਼ਾਂ ਦੇ ਅਤਿਰਿਕਤ ਸਮੱਗਰ ਦੀ ਅਸਲੀਅਤ ਨੂੰ ਮੰਨਣਾ ਪਵੇਗਾ। ਜੇ ਸਮੱਗਰ ਨਾ ਹੁੰਦਾ ਤਾਂ “ਇਕ ਘੜਾ” ਜਾਂ “ਇਕ ਆਦਮੀ” ਕਹਿਣਾ ਬਿਲਕੁਲ ਬੇਅਰਥ ਹੁੰਦਾ।

ਪ੍ਰਮਾਣੂ

ਨਿਆਇ ਸੂਤਰ ਦਾ ਦਾਅਵਾ ਹੈ ਕਿ ਐਸਾ ਸਮਾ ਕਦੇ ਵੀ ਨਹੀ ਆਏਗਾ ਜਦੋਂ ਸਭ ਚੀਜ਼ਾਂ ਦਾ ਨਾਸ਼ ਹੋ ਜਾਏਗਾਦੁਨੀਆ ਵਿਚ ਪਰਲੋ ਆਉਂਣ ‘ਤੇ ਵੀ ਚੀਜ਼ਾਂ ਪ੍ਰਮਾਣੂ ਦੇ ਰੂਪ ਵਿਚ ਜਾਰੀ ਰਹਿਣਗੀਆਂ। ਪ੍ਰਮਾਣੂ ਉਹ ਹੈ ਜਿਸ ਨੂੰ ਅੰਸ਼ਾਂ ਵਿਚ ਵੰਡਿਆ ਨਹੀ ਜਾ ਸਕਦਾ: ਇਹ ਅੰਸ਼-ਰਹਿਤ ਸਮੱਗਰ ਹੈ। ਇਹ ਦ੍ਰਿਸ਼ਟੀ ਕਿ ਪ੍ਰਮਾਣੂ ਅੰਸ਼ਰਹਿਤ ਨਹੀ ਹੋ ਸਕਦਾ ਕਿਉਂਕਿ ਇਹ ਅੰਦਰੋਂ ਅਤੇ ਬਾਹਰੋਂ ਆਕਾਸ਼ ਦੁਆਰਾ ਪਰਿਮਿਲਿਤ (ਘਿਰਿਆ ਹੋਇਆ) ਹੈ ਤਰਕਸੰਗਤ ਨਹੀ ਕਿਉਂਕਿ “ਅੰਦਰੋਂ” ਅਤੇ “ਬਾਹਰੋਂ” ਦੇ ਪਦ ਨਿੱਤ (ਸਦੀਵੀ) ਸਰੂਪੀ ਪ੍ਰਮਾਣੂ ਨੂੰ ਲਾਗੂ ਨਹੀਂ ਹੁੰਦੇ ਜੋ ਪੂਰਣ ਤੌਰ ‘ਤੇ ਸਧਾਰਣ ਚੀਜ਼ਾਂ ਨਾਲੋਂ ਭਿੰਨ ਹੈਸਧਾਰਣ ਚੀਜ਼ਾਂ ਆਪਣੇ ਅੰਸ਼ਾਂ ਦੁਆਰਾ ਘਿਰੀਆਂ ਵੀ ਜਾ ਸਕਦੀਆਂ ਹਨ (ਪਰਿਭਾਵਿਤ) ਅਤੇ ਆਪਣੇ ਹੀ ਦੂਜੇ ਅੰਸ਼ਾਂ ਅੰਗਾਂ ਨੂੰ ਘੇਰਦੀਆਂ (ਪਰਿਭਵਿਤ) ਵੀ ਹਨ। 

ਇਹ ਨਿਰਸੰਦੇਹ ਮੰਨਿਆ ਜਾਂਦਾ ਹੈ ਕਿ ਆਕਾਸ਼ ਸਰਵ-ਵਿਆਪੀ ਹੈ, ਪ੍ਰੰਤੂ ਨਾ ਤਾਂ ਇਹ ਕਿਸੇ ਚੀਜ਼ ਵਿਚ ਵਿਘਨ ਪਾਉਂਦਾ ਹੈ ਅਤੇ ਨਾ ਹੀ ਕਿਸੇ ਚੀਜ਼ ਦੁਆਰਾ ਪਛਾੜਿਆ ਜਾਂਦਾ ਹੈ, ਤਾਂ ਫਿਰ “ਅੰਦਰ” ਅਤੇ “ਬਾਹਰ” ਦਾ ਸਵਾਲ ਹੀ ਪੈਦਾ ਨਹੀ ਹੁੰਦਾ। ਜਿਹੜੇ ਇਹ ਦਾਅਵਾ ਕਰਦੇ ਹਨ ਕਿ ਪ੍ਰਮਾਣੂ ਦੇ ਅੰਸ਼ ਜ਼ਰੂਰ ਹੋਣੇ ਚਾਹੀਦੇ ਹਨ ਕਿਉਂਕਿ ਇਹ ਆਪਣੇ ਕੁਝ ਇਕ ਅੰਸ਼ਾਂ ਵਿਚ ਦੂਜੇ ਪ੍ਰਮਾਣੂ ਨਾਲ ਮਿਲ (ਸੰਜੋਗ) ਸਕਦਾ ਹੈ, ਉਨ੍ਹਾਂ ਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਉਨ੍ਹਾਂ ਦੀ ਦਲੀਲ ਅਨਵਸਥਾ ਦੋਸ਼ (ਅਨੰਤ ਵ੍ਯਤਿਕ੍ਰਮ) ਦੀ ਸਥਿਤੀ ਪੈਦਾ ਕਰਦੀ ਹੈ ਜੋ ਤਰਕਸੰਗਤ ਜਾਂ ਉਚਿਤ ਨਹੀ ਹੈ। ਜੇ ਪ੍ਰਮਾਣੂ ਨੂੰ ਅੰਸ਼ਾਂ ਵਿਚ ਵੰਡਣਯੋਗ ਮੰਨਿਆ ਜਾਂਦਾ ਹੈ, ਤਾਂ ਉਹ ਅੰਸ਼ ਅਗਾਂਹ ਵੀ ਵੰਡਣਯੋਗ ਮੰਨਣਾ ਪਵੇਗਾ। ਇਸ ਤਰ੍ਰਾਂ ਦੀ ਦਲੀਲ ਸਾਨੂੰ ਅਨੰਤ ਵ੍ਯਤਿਕ੍ਰਮ ਜਾਂ ਅਨੰਤ ਪ੍ਰਤਿਗਮਤਾ  ਦੇ ਆਭਾਸ (ਦੋਸ਼) ਵਲ ਲੈ ਜਾਏਗੀ। ਇਕ ਚੀਜ਼ ਭਾਵੇਂ ਉਸ ਨੂੰ ਅੰਸ਼ਾਂ ਅਤੇ ਉਪ-ਅੰਸ਼ਾਂ ਵੰਡਿਆ ਜਾ ਸਕਦਾ ਹੈ, ਪਰ ਉਹ ਆਪਣੇ ਆਪ ਨੂੰ ਗੁਆਉਂਦੀ ਨਹੀ। ਪਰਲੋ ਦੀ ਸਥਿਤੀ ਵਿਚ ਵੀ ਪ੍ਰਮਾਣੂ ਆਪਣੀ ਹੋਂਦ ਨਹੀ ਗੁਆਉਂਦੇ।

ਦੋ ਪ੍ਰਮਾਣੂਆਂ ਦਾ ਸੁਮੇਲ ਦ੍ਵਯਣੁਕ, ਅਤੇ ਤਿੰਨ ਦ੍ਵਯਣੁਕ ਦਾ ਸੁਮੇਲ ਤ੍ਰਇਸ੍ਰੇਣੁ ਕਿਹਾ ਜਾਂਦਾ ਹੈ। ਸਭ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਅਨੁਭਵ ਕਰਦੇ ਹਾਂ ਤ੍ਰਇਸ੍ਰੇਣੂਆਂ ਦੇ ਮੇਲ ਨਾਲ ਬਣੀਆਂ ਹੋਈਆਂ ਹਨ।

 

ਕਾਲ

ਕਈਆਂ ਦਾ ਕਹਿਣਾ ਹੈ ਕਿ ਵਰਤਮਾਨ ਕਾਲ ਦੀ ਕੋਈ ਹੋਂਦ ਨਹੀ ਹੈ ਕਿਉਂਕਿ ਜਦ ਕੋਈ ਚੀਜ਼ ਉਚਾਈ ਤੋਂ ਡਿਗਦੀ ਹੈ  ਤਾਂ ਅਸੀਂ ਉਹ ਕਾਲ ਹੀ ਜਾਣ ਸਕਦੇ ਹਾਂ ਜਿਸ ਵਿੱਚੋਂ ਹੁੰਦੀ ਹੋਈ ਇਹ ਡਿੱਗੀ ਹੈ, ਅਤੇ ਉਹ ਕਾਲ ਜਿਸ ਵਿੱਚਦੀ ਇਹ ਡਿੱਗੇਗੀ। ਜਿਵੇਂ, ਜਦ ਕੋਈ ਫਲ ਦਰੱਖਤ ਤੋਂ ਡਿਗਦਾ ਹੈ ਤਾਂ ਅਸੀਂ ਉਸ ਭੂਤਕਾਲ ਨੂੰ ਹੀ ਪਛਾਣਦੇ ਹਾਂ ਜੋ ਫਲ ਨੂੰ ਕੋਈ ਢੁਕਵਾਂ ਫਾਸਲਾ ਤਹਿ ਕਰਨ ਵਿਚ ਲੱਗਾ ਹੈ ਅਤੇ ਭਵਿੱਖਤ ਕਾਲ ਜੋ ਇਸ ਫਲ ਨੂੰ ਬਾਕੀ ਦਾ ਫਾਸਲਾ ਤੈਹ ਕਰਨ ਲਈ ਲੱਗੇਗਾਇਸ ਤਰ੍ਹਾ ਦਾ ਕੋਈ ਅੰਤਰਵਰਤੀ ਫਾਸਲਾ ਨਹੀ ਹੈ ਜੋ ਇਹ ਫਲ ਵਰਤਮਾਨ ਸਮੇ ਵਿਚ ਤੈਹ ਕਰ ਸਕਦਾ ਹੈ। ਇਸ ਲਈ ਉਹਨਾਂ ਦਾ ਮੰਨਣਾ ਹੈ ਕਿ ਵਰਤਮਾਨ ਕਾਲ ਦੀ ਕੋਈ ਹੋਂਦ ਨਹੀ ਹੈ (ਵਰਤਮਾਨ ਕਾਲ ਹੋਂਦ ਰਹਿਤ ਹੈ)।

ਇਸ ਦੇ ਜਵਾਬ ਵਿਚ ਸਾਡਾ ਕਹਿਣਾ ਹੈ ਕਿ ਵਰਤਮਾਨ ਕਾਲ ਦੀ ਹੋਂਦ ਅਵੱਸ਼ ਹੈ, ਕਿਉਂਜੋ ਭੂਤਕਾਲ ਅਤੇ ਭਵਿੱਖਤਕਾਲ ਇਸੇ ਨਾਲ ਹੀ ਸੰਬੰਧ ਰੱਖਦੇ ਹਨ। ਭੂਤਕਾਲ, ਵਰਤਮਾਨ ਕਾਲ ਦਾ ਪੂਰਵਵਰਤੀ ਅਤੇ ਭਵਿੱਖਤਕਾਲ ਇਸ ਦਾ ਉੱਤਰਵਰਤੀ ਹੈ। ਇਸ ਲਈ ਜੇ ਵਰਤਮਾਨ ਨਹੀ ਤਾਂ ਭੂਤ ਅਤੇ ਭਵਿੱਖਤ ਕਾਲ ਵੀ ਨਹੀ ਹੋ ਸਕਦੇ। ਜੇ ਭੂਤਕਾਲ ਅਤੇ ਭਵਿੱਖਤਕਾਲ ਇਸ ਤਰ੍ਹਾ ਪਰਿਭਾਸ਼ਿਤ ਕੀਤੇ ਜਾਂਦੇ ਹਨ ਕਿ ‘ਭੂਤ ਉਹ ਹੈ ਜੋ ਭਵਿੱਖ ਨਹੀ ਹੈ’ ਅਤੇ ‘ਭਵਿੱਖ ਉਹ ਹੈ ਜੋ ਭੂਤ ਨਹੀ ਹੈ’ ਤਾਂ ਇਸ ਪਰਿਭਾਸ਼ਾ ਵਿਚ ਪਰਸਪਰ ਨਿਰਭਰਤਾ ਦਾ ਆਭਾਸ (ਦੋਸ਼) ਸ਼ਾਮਲ ਹੋਵੇਗਾ। ਇਸ ਲਈ ਸਾਨੂੰ ਵਰਤਮਾਨ ਕਾਲ ਦੀ ਹੋਂਦ ਨੂੰ ਮੰਨਣਾ ਪਏਗਾ ਜਿਸ ਨਾਲ ਭੂਤ ਅਤੇ ਭਵਿੱਖ ਸੰਬੰਧ ਰੱਖਦੇ ਹਨ।

ਵਰਤਮਾਨ ਕਾਲ ਵਸਤੂਆਂ ਦੇ ਯਕੀਨਨ ਅਸਤਿੱਤਵ ਰਾਹੀਂ ਸੰਸੂਚਿਤ ਕੀਤਾ ਜਾਂਦਾ ਹੈ। ਜੇ ਵਰਤਮਾਨਕਾਲ ਨੂੰ ਅਸਵੀਕਾਰ ਕੀਤਾ ਜਾਂਦਾ ਹੈ ਤਾਂ ਪ੍ਰਤਿਅਕਸ਼ ਦੀ ਕੋਈ ਹੋਂਦ ਨਹੀ ਕਿਉਂਕਿ ਇਹ ਵਰਤਮਾਨ ਚੀਜ਼ਾਂ ਦੇ ਸੰਬੰਧ ਵਿਚ ਹੀ ਪੈਦਾ ਹੁੰਦਾ ਹੈ, ਅਤੇ ਪ੍ਰਤਿਅਕਸ਼ ਦੀ ਅਣਹੋਂਦ ਵਿਚ ਹਰ ਪ੍ਰਕਾਰ ਦਾ ਗਿਆਨ ਅਸੰਭਵ ਹੋਵੇਗਾ। ਇਸ ਤਰ੍ਹਾਂ ਦੀ ਦਲੀਲ ਨਾਲ ਸਿੱਟੇ ਦੀ ਵਿਸੰਗਤੀ ਦਿਖਾ ਕੇ (ਵਿਸੰਗਤੀ ਪ੍ਰਦਰਸ਼ਨ) ਵਰਤਮਾਨ ਕਾਲ ਨੂੰ ਸਥਾਪਤ ਕੀਤਾ ਜਾ ਸਕਦਾ ਹੈ। ਜਾਰੀ ਰਹਿਣਾ ਵਰਤਮਾਨ ਕਾਲ ਦਾ ਸੰਕੇਤਕ ਹੈ, ਜੋ ਖਤਮ ਹੋ ਚੁੱਕਾ ਹੈ ਉਹ ਭੂਤਕਾਲ ਦਾ ਅਤੇ ਜੋ ਅਜੇ ਅਰੰਭ ਨਹੀ ਹੋਇਆ ਉਹ ਭਵਿੱਖਤ ਕਾਲ ਦਾ ਸੰਕੇਤਕ ਹੈ।

ਸ਼ਬਦਾਰਥ (ਸ਼ਬਦ ਅਤੇ ਉਨ੍ਹਾਂ ਦੇ ਅਰਥ)

ਕਈਆਂ ਦਾ ਕਹਿਣਾ ਹੈ ਕਿ ਸ਼ਬਦ ਅਤੇ ਉਸਦੇ ਅਰਥ ਵਿਚਕਾਰ ਨਿਸ਼ਚਿਤ ਸੰਬੰਧ ਹੈ। ਇਕ ਵਿਸ਼ੇਸ਼ ਸ਼ਬਦ ਦਾ ਵਿਸ਼ੇਸ਼ ਅਰਥ ਹੁੰਦਾ ਹੈ, ਜਿਵੇਂ ਸ਼ਬਦ ‘ਗਊ’ ਇਸ ਨਾਮ ਦੇ ਪਸ਼ੁ ਦਾ ਸੰਕੇਤਕ ਹੈ, ਪ੍ਰੰਤੂ ਇਹ ਇਕ ਘੋੜੇ ਦਾ, ਘੜੇ ਦਾ ਕਿਸੇ ਹੋਰ ਚੀਜ਼ ਦਾ ਸੰਕੇਤਕ ਨਹੀ ਹੈ। ਇਸ ਲਈ ਇਕ ਸ਼ਬਦ ਅਤੇ ਇਸ ਦੇ ਅਰਥ ਵਿਚ ਸਥਾਈ ਸੰਬੰਧ ਹੈ।

ਇਸ ਦੇ ਜਵਾਬ ਵਿਚ ਅਸੀਂ ਕਹਿੰਦੇ ਹਾਂ ਕਿ ਇਕ ਸ਼ਬਦ ਦਾ ਅਰਥ ਉਸ ਦੇ ਰੂੜ੍ਹ (ਰੂਢ) ਸੰਗਤ ਅਰਥ ਦੁਆਰਾ ਸਮਝਿਆ ਜਾਂਦਾ ਹੈ। ਸ਼ਬਦ ਅਤੇ ਉਸਦੇ ਅਰਥ ਵਿਚਕਾਰ ਸੰਬੰਧ ਰੂੜ੍ਹੀ ਹੈ ਨਾ ਕਿ ਪ੍ਰਕਿਰਤਕ। ਇਹ ਸੰਬੰਧ ਆਦਮੀ ਦੁਆਰਾ ਨਿਯਮਤ ਕੀਤਾ ਗਿਆ ਹੈ ਅਤੇ ਅਟੁੱਟ ਨਹੀ ਹੈ। ਇਸ ਤੋਂ ਇਲਾਵਾ ਸ਼ਬਦਾਰਥ ਵਿਚ ਕੋਈ ਵਿਆਪਕ ਇਕਸਾਰਤਾ ਵੀ ਨਹੀ ਹੈ। ਰਿਸ਼ੀ, ਆਰੀਆ ਅਤੇ ਮਲੇਛ ਉਹੀ ਸ਼ਬਦ ਦੀ ਵਰਤੋਂ ਅਲਗ ਅਲਗ ਅਰਥਾਂ ਵਿਚ ਕਰਦੇ ਹਨ, ਜਿਵੇਂ ਆਰੀਆ “ਯਵ” ਸ਼ਬਦ ਜੌਂ ਦੇ ਬੀਜ ਲਈ ਵਰਤਦੇ ਹਨ ਅਤੇ ਮਲੇਛਾਂ ਲਈ ਇਸ ਦਾ ਅਰਥ ਹੈ ਕਾਲੀ ਸਰੋਂ ਦਾ ਬੀਜ (ਰਾਈ ਜਾਂ ਪ੍ਰਿਯਾਂਗੂ)। ਇਸ ਲਈ ਇਕ ਸ਼ਬਦ ਦਾ ਅਰਥ ਹਰ ਥਾਂ ਇਕਸਾਰ ਨਹੀ ਹੁੰਦਾ।

ਸ਼ਬਦ (ਆਵਾਜ਼)

ਆਵਾਜ਼ ਬਾਰੇ ਕਈ ਵਿਵਾਦਗਰਸਤ ਮਤ ਹਨ। ਕਈਆਂ ਦਾ ਕਹਿਣਾ ਹੈ ਕਿ ਆਵਾਜ਼ ਆਕਾਸ਼ ਦਾ ਗੁਣ ਹੈ ਅਤੇ ਇਹ ਸਰਵ-ਵਿਆਪਕ, ਨਿੱਤ ਅਤੇ ਵਿਅਕਤ ਹੋਣ ਦੇ ਯੋਗ ਹੈ। ਕਈ ਹੋਰ ਕਹਿੰਦੇ ਹਨ ਕਿ ਮਹਿਕ ਦੀ ਤਰ੍ਹਾਂ ਆਵਾਜ਼ ਇਕ ਵਸਤੁ ਦਾ ਗੁਣ ਹੈ ਜਿਸ ਵਿਚ ਇਹ ਸਮਾਈ ਹੋਈ ਹੈ ਅਤੇ ਪ੍ਰਗਟ ਹੋਣ ਦੇ ਕਾਬਲ ਹੈ। ਹੋਰਨਾ ਦਾ ਕਹਿਣਾ ਹੈ ਕਿ ਆਵਾਜ਼ ਆਕਾਸ਼ ਦਾ ਗੁਣ ਹੈ ਅਤੇ ਗਿਆਨ ਦੀ ਤਰ੍ਹਾ ਉਤਪਤੀ ਅਤੇ ਵਿਨਾਸ਼ ਦੇ ਪਰਾਧੀਨ ਹੈ। ਫਿਰ ਹੋਰ ਇਹ ਵੀ ਕਹਿੰਦੇ ਹਨ ਕਿ ਆਵਾਜ਼ ਤੱਤਾਂ ਦੇ ਟਕਰਾਉ ਤੋਂ ਪੈਦਾ ਹੁੰਦੀ ਹੈ, ਇਸ ਨੂੰ ਕਿਸੇ ਟਿਕਾਣੇ ਦੀ ਕੋਈ ਜ਼ਰੂਰਤ ਨਹੀ, ਅਤੇ ਇਸ ਦੀ ਉਤਪਤੀ (ਉਦੇ) ਅਤੇ ਵਿਨਾਸ਼ (ਅਸਤ) ਹੁੰਦਾ ਰਹਿੰਦਾ ਹੈ।

ਨਿਆਇ ਅਨੁਸਾਰ ਆਵਾਜ਼ ਅਨਿੱਤ (ਸਦੀਵੀ) ਹੈ ਕਿਉਂਕਿ, (1) ਇਸ ਦੀ ਸ਼ੁਰੂਆਤ (ਪ੍ਰਾਰੰਭ) ਹੁੰਦੀ ਹੈ, ਅਰਥਾਤ ਇਹ ਠੋਸ ਵਸਤੂਆਂ ਦੀ ਆਪਸੀ ਟੱਕਰ ਤੋਂ ਪੈਦਾ ਹੁੰਦੀ ਹੈ, (2) ਸਾਡੀ ਇਕ ਇੰਦ੍ਰੀ (ਕੰਨ) ਦੁਆਰਾ ਇਸ ਦਾ ਬੋਧ ਹੁੰਦਾ ਹੈ, ਅਤੇ (3) ਇਸ ਨੂੰ ਇਕ ਮਿਥਿਆ ਵਸਤੂ ਦੇ ਗੁਣਾਂ ਦੀ ਧਾਰਣੀ ਕਿਹਾ ਗਿਆ ਹੈ, ਜਿਵੇਂ ਇਸ ਨੂੰ ਮੱਧਮ, ਤਿੱਖਾ, ਸੁਰੀਲਾ ਆਦਿ ਨਾਲ ਅੰਕਿਤ ਕੀਤਾ ਜਾਂਦਾ ਹੈ

ਕਈਆਂ ਦਾ ਕਹਿਣਾ ਹੈ ਕਿ ਆਵਾਜ਼ ਦੀ ਕਥਿਤ ਸ਼ੂਰੁਆਤ ਕੇਵਲ ਇਸ ਦਾ ਪ੍ਰਗਟਾਵਾ ਹੀ ਹੈ, ਭਾਵ ਆਵਾਜ਼ ਅਸਲ ਵਿਚ ‘ਸ਼ੁਰੂ’ ਨਹੀ ਹੁੰਦੀ, ਇਹ ਦੋ ਠੋਸ ਵਸਤੂਆਂ ਦੀ ਟੱਕਰ ਨਾਲ ਸਿਰਫ ਪ੍ਰਗਟ (ਅਭਿਵਿਅਕਤ) ਹੀ ਹੁੰਦੀ ਹੈ। ਇਸ ਦੇ ਜਵਾਬ ਵਿਚ ਇਹ ਕਿਹਾ ਗਿਆ ਹੈ ਕਿ ਟੱਕਰ, ਪ੍ਰਗਟ ਨਹੀ ਬਲਕਿ ਆਵਾਜ਼ ਨੂੰ ਪੈਦਾ ਕਰਦੀ ਹੈ। ਤੁਸੀਂ ਟੱਕਰ ਨੂੰ ਪ੍ਰਗਟਕਰਤਾ ਅਤੇ ਆਵਾਜ਼ ਨੂੰ ਪ੍ਰਗਟਿਤ ਨਹੀ ਮਿਥ ਸਕਦੇ ਜਦੋਂ ਤਕ ਤੁਸੀਂ ਇਹ ਸਾਬਤ ਨਹੀ ਕਰਦੇ ਕਿ ਟੱਕਰ ਅਤੇ ਆਵਾਜ਼ ਸਮਕਾਲੀ ਹਨ। ਪ੍ਰੰਤੂ ਇਸ ਤਰ੍ਹਾ ਦਾ ਸਬੂਤ ਅਸੰਭਵ ਹੈ ਕਿਉਂਕਿ ਆਵਾਜ਼ ਦੂਰ ਫਾਸਲੇ ‘ਤੇ ਵੀ ਸੁਣੀ ਜਾਂਦੀ ਹੈ ਜਦੋ ਵਸਤੂਆਂ ਦੀ ਟੱਕਰ ਖਤਮ ਹੋ ਚੁੱਕੀ ਹੁੰਦੀ ਹੈ। ਇਸ ਲਈ ਆਵਾਜ਼ (ਸ਼ਬਦ) ਟੱਕਰ ਦੁਆਰਾ ਪ੍ਰਗਟ (ਵਿਅਕਤ) ਨਹੀ ਹੁੰਦੀ। ਫਿਰ ਵੀ ਇਹ ਮੰਨ ਲੈਣਾ ਜਾਇਜ਼ ਹੈ ਕਿ ਆਵਾਜ਼ ਟੱਕਰ ਦੁਆਰਾ ਪੈਦਾ ਹੁੰਦੀ ਹੈ, ਅਤੇ ਇਹ ਕਿ ਇਕ ਆਵਾਜ਼ ਦੂਸਰੀ ਆਵਾਜ਼ ਨੂੰ ਪੈਦਾ ਕਰਦੀ ਹੈ ਇਤਿਆਦਿ (ਭਾਵ ਤਰੰਗ ਦੀ ਤਰ੍ਹਾ ਵਹਾਉ) ਜਦ ਤੱਕ ਦੂਰ ਫਾਸਲੇ ‘ਤੇ ਆਖਰੀ ਆਵਾਜ਼ ਸੁਣੀ ਜਾਂਦੀ ਹੈ।

ਕਈ ਕਹਿੰਦੇ ਹਨ ਕਿ ਇਹ ਕਹਿਣਾ ਸੱਚ ਨਹੀ ਹੈ ਕਿ ਜੋ ਕੁਝ ਵੀ ਆਰੰਭ (ਆਦਿ) ਹੁੰਦਾ ਹੈ ਉਹ ਅਨਿੱਤ ਹੈ। ਜਿਵੇਂ, ਇਕ ਘੜੇ ਦਾ ਟੁੱਟਣਾ (ਵਿਨਾਸ਼) ਯਾਨੀ ਉਸਦੀ ਅਣਹੋਂਦ (ਅਭਾਵ) – ਜੋ ਟੁੱਟਣ ‘ਤੇ ਸ਼ੁਰੂ ਹੋਈ - ਨਿੱਤ (ਅਵਿਨਾਸ਼ੀ) ਹੈ। ਮਤਲਬ ਕਿ ‘ਵਿਨਾਸ਼’ ਦਾ ‘ਨਾਸ਼’ ਨਹੀ ਕੀਤਾ ਜਾ ਸਕਦਾ ਇਸ ਲਈ ‘ਵਿਨਾਸ਼’ ਨਿੱਤ ਹੈ। ਇਸ ਦੇ ਜਵਾਬ ਵਿਚ ਇਹ ਕਿਹਾ ਗਿਆ ਹੈ ਕਿ ਜੋ ਨਿੱਤ ਹੈ ਉਹ ਤਿੰਨ ਕਾਲਾਂ ਵਿਚ ਨਿੱਤ ਹੁੰਦਾ ਹੈ (ਯਾਨੀ ਭੂਤ, ਵਰਤਮਾਨ ਅਤੇ ਭਵਿੱਖ ਵਿਚ)। ਪ੍ਰੰਤੂ, ਇਸ ਉਦਾਹਰਣ ਵਿਚ, ਘੜੇ ਦਾ ਅਭਾਵ (ਵਿਨਾਸ਼) ਤਿੰਨ ਕਾਲਾਂ ਨਾਲ ਸੰਬੰਧ ਨਹੀ ਰੱਖਦਾ ਕਿਉਂਕਿ ਘੜੇ ਨੂੰ ਤੋੜਨ ਤੋਂ ਪਹਿਲਾ ਉਸ ਦਾ ਅਭਾਵ (ਵਿਨਾਸ਼) ਮੌਜੂਦ ਨਹੀ ਸੀ। ਇਸ ਲਈ ਘੜੇ ਦਾ ਅਭਾਵ, ਜਿਸ ਦਾ ਆਰੰਭ (ਆਦਿ) ਬਿੰਦੁ ਹੈ, ਅਸਲ ਵਿੱਚ ਨਿੱਤ ਨਹੀ ਹੈ। ਅਰਥਾਤ, ‘ਆਦਿ’ ਦਾ ‘ਅੰਤ’ ਅਨਿਵਾਰੀ ਹੈ।

ਇੰਦ੍ਰੀਆਂ ਦੁਆਰਾ ਪ੍ਰਾਪਤ ਸਾਡਾ ‘ਹਰ ਬੋਧ’ ਅਨਿੱਤ ਹੈ: ਇਸ ਨੂੰ ਵੀ ਇਕ ਦੋਸ਼ਪੂਰਣ ਦਲੀਲ ਕਿਹਾ ਜਾਂਦਾ ਹੈ। ਜਿਵੇਂ, ਜਦੋਂ ਅਸੀਂ ਘੜੇ ਦਾ ਅਨੁਭਵ ਕਰਦੇ ਹਾਂ ਤਾਂ ਅਸੀਂ ਉਸਦੀ ਜਾਤੀ (ਘੜਾਤਵ) ਦਾ ਵੀ ਅਨੁਭਵ ਕਰਦੇ ਹਾਂ, ਜਾਤੀ ਜੋ ਕਿ ਨਿੱਤ ਹੈ। ਇਸ ਦੇ ਜਵਾਬ ਵਿਚ ਅਸੀਂ ਕਹਿੰਦੇ ਹਾਂ ਕਿ ਇੰਦ੍ਰੀਆਂ ਦੁਆਰਾ ਅਨੁਭਵ ਕੀਤੀਆਂ ਸਾਰੀਆਂ ਚੀਜ਼ਾਂ ਅਨਿੱਤ ਨਹੀਂ ਹੁੰਦੀਆਂ, ਪ੍ਰੰਤੂ ਸਿਰਫ ਓਹੀ ਹੁੰਦੀਆਂ ਹਨ ਜੋ ਕਿਸੇ ਨਿਸ਼ਚਿਤ ਜਾਤੀ ਨਾਲ ਸੰਬੰਧ ਰੱਖਦੀਆਂ ਹੋਣ। ਜਿਵੇਂ, ਇਕ ਘੜਾ ਅਨਿੱਤ ਹੈ ਕਿਉਂਕਿ ਅਸੀਂ ਇਸ ਦਾ ਅਨੁਭਵ ਘੜਾਤਵ  ਜਾਤੀ ਦੇ ਨਾਤੇ ਕਰਦੇ ਹਾਂ। ਪ੍ਰੰਤੂ, ਘੜਾਤਵ ਜੋ ਇੰਦ੍ਰੀਆਂ ਦੁਆਰਾ ਅਨੁਭਵ ਕੀਤਾ ਗਿਆ ਹੈ, ਅਨਿੱਤ ਨਹੀ ਹੈ ਕਿਉਂਕਿ ਇਸ ਦਾ ਸੰਬੰਧ ਕਿਸੇ ਅਗਲੀ ਹੋਰ ਜਾਤੀ ਘੜਾਤਵ-ਤਵ ਨਾਲ ਨਹੀ ਹੈ। ਇਸੇ ਤਰ੍ਹਾ ਆਵਾਜ਼ (ਸ਼ਬਦ) ਵੀ ਅਨਿੱਤ ਹੈ, ਕਿਉਂਕਿ ਇਸ ਦਾ ਸਾਡੀ ਇੰਦ੍ਰੀ ਰਾਹੀਂ ਅਨੁਭਵ ਆਵਾਜ਼ਤਵ  (ਸ਼ਬਦਤਵ) ਜਾਤੀ ਦੇ ਸੰਬੰਧ ਦੁਆਰਾ ਹੀ ਹੁੰਦਾ ਹੈ।

ਇਹ ਵੀ ਕਿਹਾ ਗਿਆ ਹੈ ਕਿ ਮਿਥਿਆ ਵਸਤੂ ਦੇ ਗੁਣਾਂ ਦਾ ਆਵਾਜ਼ ਉੱਪਰ ਆਰੋਪਣ ਉਸ ਨੂੰ ਅਨਿੱਤ ਨਹੀ ਬਣਾਉਂਦਾ। ਅਕਸਰ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਅਸੀਂ ਨਿੱਤ ਚੀਜ਼ਾਂ ਉੱਪਰ ਮਿਥਿਆ ਵਸਤੂਆਂ ਦੇ ਗੁਣ ਥੋਪਦੇ ਹਾਂ, ਜਿਵੇਂ ਅਸੀ ਆਕਾਸ਼ ਦੇ ਫੈਲਾਉ ਦਾ ਜ਼ਿਕਰ ਇਕ ਕੰਬਲ ਦੇ ਫੈਲਾਉ ਵਾਂਗ ਕਰਦੇ ਹਾਂ। ਇਸ ਦੇ ਜਵਾਬ ਵਿਚ ਸਾਡਾ ਕਹਿਣਾ ਹੈ ਕਿ ਜਦੋਂ ਅਸੀ ਆਕਾਸ਼ ਦੇ ਫੈਲਾਉ ਦੀ ਚਰਚਾ ਕਰਦੇ ਹਾਂ ਤਾਂ ਸਾਡਾ ਭਾਵ ਮਿਥਿਆ ਵਸਤੂ ਦੇ ਫੈਲਾਉ ਤੋਂ ਹੁੰਦਾ ਹੈ ਜਿਸ ਦੀ ਉੱਪ-ਸਤਰ (ਥੱਲੇ ਦੀ ਸਤਰ) ਆਕਾਸ਼ ਹੈ। ਇਸ ਤਰ੍ਹਾ ਅਸਲ ਵਿਚ ਅਸੀ ਮਿਥਿਆ ਵਸਤੂਆਂ ਦੇ ਗੁਣ ਨਿੱਤ ਚੀਜ਼ਾਂ ਉੱਪਰ ਨਹੀ ਥੋਪਦੇ (ਜਾਂ ਆਰੋਪਤ ਕਰਦੇ)। ਆਵਾਜ਼ (ਸ਼ਬਦ), ਵਾਸਤਵ ਵਿਚ, ਅਨਿੱਤ ਹੈ, ਕਿਉਂਕਿ ਨਾ ਤਾਂ ਅਸੀ ਉਚਰਣ ਤੋਂ ਪਹਿਲਾ ਇਸ ਦਾ ਅਨੁਭਵ ਕਰਦੇ ਹਾਂ ਅਤੇ ਨਾ ਹੀ ਅਸੀ ਇਸ ਨੂੰ ਛੁਪਾਉਣ ਵਾਲਾ ਕੋਈ ਪਰਦਾ ਦੇਖਦੇ ਹਾਂ। ਜੇ ਆਵਾਜ਼ ਨਿੱਤ ਹੁੰਦੀ ਤਾਂ ਅਸੀ ਇਸ ਦਾ ਅਨੁਭਵ ਉਚਰਣ ਤੋਂ ਪਹਿਲਾ ਕਰ ਸਕਦੇ ਹੁੰਦੇ। ਤੁਸੀ ਇਹ ਨਹੀ ਕਹਿ ਸਕਦੇ ਕਿ ਅਸਲ ਵਿਚ ਆਵਾਜ਼ (ਸ਼ਬਦ) ਉਚਰਣ ਤੋਂ ਪਹਿਲਾ ਹੋਂਦ ਵਿਚ ਸੀ ਪਰ ਕਿਸੇ ਪਰਦੇ ਨਾਲ ਢਕੀ ਹੋਈ ਸੀ, ਕਿਉਂਜੋ ਅਸੀ ਐਸਾ ਪਰਦਾ ਨਹੀ ਦੇਖ ਸਕਦੇ। ਕਈ ਕਹਿੰਦੇ ਹਨ ਕਿ ਆਵਾਜ਼ (ਸ਼ਬਦ) ਨੂੰ, ਪਰੰਪਾਗਤ ਉਪਦੇਸ਼ਾਂ ਦਾ ਪਾਲਣ ਕਰਦੇ ਹੋਏ, ਨਿੱਤ ਮੰਨਣਾ ਚਾਹੀਦਾ ਹੈ। ਇਕ ਗੁਰੂ ਦੇ ਉਪਦੇਸ਼ਕ ਸ਼ਬਦ, ਬਹੁਤ ਲੰਬੇ ਸਮੇ ਬਾਅਦ ਉਸ ਦੇ ਚੇਲਿਆਂ ਰਾਹੀਂ ਦੁਹਰਾਏ ਜਾਂਦੇ ਹਨ। ਇਹ ਦੁਹਰਾਉਣਾ ਬਿਲਕੁਲ ਅਸੰਭਵ ਹੁੰਦਾ ਜੇ ਸ਼ਬਦ ਵਿਨਾਸ਼ਯੋਗ ਹੁੰਦੇ। ਇਸ ਦੇ ਜਵਾਬ ਵਿਚ ਇਹ ਦੱਸਿਆ ਗਿਆ ਹੈ ਕਿ ਜਿਹੜੇ ਸ਼ਬਦ ਗੁਰੂ ਦੇ ਉਚਰਣ ਤੋਂ ਬਾਅਦ ਸੁਣਨਯੋਗ ਨਹੀ ਸਨ, ਉਹ ਚੇਲੇ ਦੁਆਰਾ ਦੁਬਾਰਾ ਉਤਪੰਨ ਜਾਂ ਨਕਲ ਕੀਤੇ ਗਏ ਹਨ। ਅਸੁਣਨਯੋਗਤਾ, ਪੁਨਰਉਤਪੰਨਯੋਗਤਾ ਅਤੇ ਨਕਲਯੋਗਤਾ ਦੇ ਆਧਾਰ ‘ਤੇ ਸ਼ਬਦਾਂ ਨੂੰ ਅਨਿੱਤ ਮੰਨਣਾ ਪਵੇਗਾ।

ਸ਼ਬਦ ਦੀ ਉੱਪ-ਸਤਰ ਲਈ ਸਪਰਸ਼ੀ ਵਸਤੂਆਂ ਵਿਚੋਂ ਕੋਈ ਵੀ ਵਸਤੂ ਮੌਜੂਦ ਨਹੀ ਹੈ, ਯਾਨੀ ਧਰਤੀ, ਪਾਣੀ, ਅੱਗ, ਜਾਂ ਹਵਾ। ਇਸ ਦੀ ਉੱਪ-ਸਤਰ ਆਕਾਸ਼ ਹੈ ਜੋ ਸਮੁੱਚੇ ‘ਦੇਸ’ (ਪੁਲਾੜ) ਵਿਚ ਵਿਆਪਕ ਹੈ। ਇਸ ਤਰ੍ਹਾ ਆਵਾਜ਼ (ਸ਼ਬਦ) ਨਿਰਵਾਤ (ਖਿਲਾਅ, ਸੁੰਨ-ਸਥਾਨ) ਵਿਚ ਵੀ ਉਤਪੰਨ ਹੁੰਦੀ ਹੈ ਜੋ (ਭਾਵ ਨਿਰਵਾਤ) ਸੁਗੰਧ, ਸੁਆਦ, ਰੰਗ ਅਤੇ ਛੋਹ ਵਰਗੇ ਗੁਣਾਂ ਤੋਂ ਖਾਲੀ ਹੈ – ਇਹ ਗੁਣ ਸਪਰਸ਼ੀ ਵਸਤੂਆਂ ਦੇ ਹੀ ਹੁੰਦੇ ਹਨ। ਨਿਰਵਾਤ ਵਿਚ ਪੈਦਾ ਹੋਈ ਆਵਾਜ਼ ਸਾਡੇ ਕੰਨਾਂ ਤੱਕ ਕਿਉਂ ਨਹੀ ਪਹੁੰਚਦੀ। ਇਸ ਦਾ ਕਾਰਣ ਇਹ ਹੈ ਕਿ ਇਸ ਨੂੰ ਲਿਜਾਣ ਵਾਲੀ ਹਵਾ ਉੱਥੇ ਮੌਜੂਦ ਨਹੀ ਹੈ। ਭਾਵ, ਆਵਾਜ਼ ਦੀ ਗਤੀ ਲਈ ‘ਮਾਧਿਅਮ’ ਦੀ ਜ਼ਰੂਰਤ ਹੈ। ਉੱਪ-ਸਤਰ ਵਿਚ ਸਪਰਸ਼ੀ ਵਸਤੂ ਦਾ ਨਾ ਹੋਣਾ ਆਵਾਜ਼ ਨੂੰ ਅਨਿੱਤ ਹੋਣ ਤੋਂ ਰੋਕ ਨਹੀ ਸਕਦਾ। ਭਾਵੇ ਇਸ ਦਾ ਉੱਪ-ਸਤਰ ਅਸਪਰਸ਼ੀ ਆਕਾਸ਼ ਹੈ, ਫਿਰ ਵੀ ਆਵਾਜ਼ ਦੋ ਸਥੂਲ ਵਸਤੂਆਂ ਦੇ ਮੇਲ ਟੱਕਰ) ਨਾਲ ਪੈਦਾ ਹੁੰਦੀ ਹੈ। ਇਕ ਆਵਾਜ਼ ਦੂਜੀ ਆਵਾਜ਼ ਨੂੰ ਪੈਦਾ ਕਰਦੀ ਚਲੀ ਜਾਂਦੀ ਹੈ ਜਦ ਤਕ ਆਖਰੀ ਆਵਾਜ਼ ਕਿਸੇ ਅੜਚਣ ਕਰਕੇ ਖਤਮ ਨਹੀ ਹੋ ਜਾਂਦੀ। ਇਸ ਲਈ ਆਵਾਜ਼ (ਸ਼ਬਦ) ਅਨਿੱਤ ਹੈ।

ਪਦ

ਅੱਖਰਾਂ ਦੇ ਨਾਲ ਲੱਗੇ ਵਧੇਤਰ ਨਾਲ ‘ਪਦ’ ਬਣਦਾ ਹੈ ਜੋ ਦੋ ਕਿਸਮ ਦਾ ਮੰਨਿਆ ਗਿਆ ਹੈ, ਯਾਨੀ ‘ਨਾਵ’ ਅਤੇ ‘ਕ੍ਰਿਆ’। ਵਧੇਤਰ ਨੂੰ ਸਮਾਉਣ ਲਈ ਅੱਖਰਾਂ ਦਾ ਰੂਪ ਬਦਲ ਜਾਂਦਾ ਹੈ (ਅੱਖਰ ਪਰਿਣਤ ਹੋ ਜਾਂਦੇ ਹਨ)। ਇਹ ਰੂਪਾਂਤਰਣ ਵਿਕਾਰ (ਸੰਸ਼ੋਧਨ) ਦੀ ਬਜਾਏ ਆਦੇਸ਼ (ਅਦਲਾ-ਬਦਲੀ) ਰਾਹੀਂ ਹੁੰਦਾ ਹੈ, ਜਿਵੇਂ ਭੋ + ਤੀ = ਭਵਤੀ, ਇੱਥੇ “ੋ” ਨੂੰ “ਵ” ਨਾਲ ਬਦਲਿਆ (ਆਦੇਸ਼) ਗਿਆ ਹੈ। ਇਕ ਪਦ ਕੀ ਵਿਅਕਤ ਕਰਦਾ ਹੈ? ਇਕ ਪਦ ਸਾਨੂੰ ਵਿਅਕਤੀ, ਰੂਪ  ਅਤੇ ਜਾਤੀ  ਨਾਲ ਪਰਿਚਿਤ ਕਰਾਉਂਦਾ ਹੈਪਦ “ਗਊ” ਸਾਨੂੰ ਇਕ ਪਸੂ ਦਾ ਵਿਅਕਤੀਤਵ (ਅਰਥਾਤ ਚਾਰ ਖੁਰਾਂ ਵਾਲਾ), ਉਸਦਾ ਰੂਪ ਅਤੇ ਉਸਦੀ ਜਾਤੀ (ਕਿਸਮ) ਦੀ ਯਾਦ ਦਿਲਾਉਂਦਾ ਹੈ। ਹੁਣ ਇਹ ਵੀ ਪੁੱਛਿਆ ਜਾਂਦਾ ਹੈ ਕਿ ਪਦ ਦੀ ਅਸਲੀ ਸਾਰਥਕਤਾ ਕੀ ਹੈ? – ਇਕ ਵਿਅਕਤੀ, ਇਕ ਰੂਪ ਜਾਂ ਇਕ ਜਾਤੀ? ਕਈ ਕਹਿੰਦੇ ਹਨ ਕਿ ਪਦ ਇਕ ਵਿਅਕਤੀ ਦਾ ਸੰਕੇਤਕ ਹੈ, ਕਿਉਂਕਿ ਸਿਰਫ ਇਕ ਵਿਅਕਤੀ ਦੇ ਪ੍ਰਸੰਗ ਵਿਚ ਹੀ ਕੋਈ ਬਿਆਨ ਦਿੱਤਾ ਦਾ ਸਕਦੇ ਹੈ, ਜਿਵੇਂ “ਉਹ ਗਊ ਜਾ ਰਹੀ ਹੈ” – ਇੱਥੇ “ਉਹ” ਦਾ ਪ੍ਰਯੋਗ ਸਿਰਫ ਇਕ ਵਿਅਕਤੀਗਤ ਗਊ ਦੇ ਸੰਦਰਭ ਵਿਚ ਹੀ ਕੀਤਾ ਜਾ ਸਕਦਾ ਹੈ। ਕਈ ਹੋਰ ਕਹਿੰਦੇ ਹਨ ਕਿ ‘ਪਦ’ ਰੂਪ ਦਾ ਸੰਕੇਤਕ ਹੈ ਜਿਸ ਰਾਹੀਂ ਇਕ ਚੀਜ਼ ਦੀ ਪਛਾਣ ਕੀਤੀ ਜਾਂਦੀ ਹੈ, ਜਿਵੇਂ ਅਸੀ ਇਸ ਤਰ੍ਹਾਂ ਦੇ ਵਾਕੰਸ਼ ਵਰਤਦੇ ਹਾਂ “ਇਹ ਇਕ ਗਊ ਹੈ” ਅਤੇ “ਇਹ ਇਕ ਘੋੜਾ ਹੈ” ਜੋ ‘ਗਊ’ ਅਤੇ ‘ਘੋੜਾ’ ਦੇ ਰੂਪ ਦੇ ਸੰਦਰਭ ਵਿਚ ਹੀ ਵਰਤੇ ਗਏ ਹਨ। ਹੋਰਨਾ ਦਾ ਮੰਨਣਾ ਹੈ ਕਿ ‘ਪਦ’ ਜਾਤੀ ਦਾ ਹੀ ਸੰਕੇਤਕ ਹੈ, ਕਿਉਂਕਿ ਜੇ ਅਸੀਂ ਜਾਤੀ ਨੂੰ ਧਿਆਨ ਵਿਚ ਨਹੀ ਰੱਖਦੇ ਤਾਂ ਪਦ ‘ਗਊ’ ਕੋਈ ਵੀ ਕਿਸੇ ਵੀ ਕਿਸਮ ਦੇ ‘ਵਿਅਕਤੀ’ ਦਾ ਸੰਕੇਤਕ ਹੋ ਸਕਦਾ ਹੈ।

ਇਸ ਦੇ ਜਵਾਬ ਵਿਚ ਅਸੀਂ ਕਹਿੰਦੇ ਹਾਂ ਕਿ ‘ਪਦ’ ਸਮੁੱਚੇ ਤਿੰਨਾਂ ਦਾ ਹੀ ਸੰਕੇਤਕ ਹੈ ਭਾਵੇ ਕਿ ਮਹੱਤਤਾ ਇਨ੍ਹਾਂ ਵਿਚੋਂ ਇਕ ਨੂੰ ਹੀ ਦਿੱਤੀ ਜਾਂਦੀ ਹੈ। ਵਿਸ਼ਿਸ਼ਟਤਾ ਦੇ ਮੰਤਵ ਲਈ ‘ਵਿਅਕਤੀ’ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ। ਸਾਮਾਨ੍ਯ ਵਿਚਾਰ ਵਿਅਕਤ ਕਰਨ ਲਈ ਸਰਬ-ਸ੍ਰੇਸ਼ਟਤਾ ‘ਜਾਤੀ’ ਨੂੰ ਦਿੱਤੀ ਜਾਂਦੀ ਹੈ। ਵਿਹਾਰਕ ਮਾਮਲਿਆਂ ਵਿਚ ਜ਼ਿਆਦਾ ਮਹੱਤਤਾ ‘ਰੂਪ’ ਨਾਲ ਜੋੜੀ ਜਾਂਦੀ ਹੈ। ਅਸਲੀਅਤ ਵਿਚ ‘ਪਦ’ ਸਾਧਾਰਣ ਤੌਰ ‘ਤੇ ਸਾਨੂੰ ਰੂਪ ਪੇਸ਼ ਕਰਦਾ ਹੈ, ਵਿਅਕਤੀ ਦਾ ਸੰਕੇਤਕ ਹੁੰਦਾ ਹੈ , ਅਤੇ ਜਾਤੀ ਦੇ ਗੁਣਾਰਥ ਦਰਸਾਉਂਦਾ ਹੈ।

ਵਿਅਕਤੀ  ਉਹ ਹੈ ਜਿਸ ਦਾ ਰੂਪ ਨਿਰਧਾਰਿਤ ਹੁੰਦਾ ਹੈ ਅਤੇ ਇਹ ਵਿਵੇਸ਼ ਗੁਣਾਂ ਦਾ ਟਿਕਾਣਾ ਵੀ ਹੁੰਦਾ ਹੈ। ਵਿਅਕਤੀ ਕੋਈ ਵੀ ਵਸਤੂ ਹੋ ਸਕਦੀ ਹੈ ਜਿਸ ਦਾ ਬੋਧ ਇੰਦ੍ਰੀਆਂ ਰਾਹੀਂ ਹੁੰਦਾ ਹੈ ਅਤੇ ਇਸ ਵਿਚ ਰੰਗ, ਸੁਆਦ, ਸੁਗੰਧ, ਛੋਹ, ਭਾਰ, ਠੋਸਤਾ, ਕੰਬਾਹਟ, ਗਤੀ ਅਤੇ ਲਚਕ ਵਰਗੇ ਗੁਣਾਂ ਦਾ ਸਿਮਿਤ ਟਿਕਾਣਾ ਹੁੰਦਾ ਹੈ।

ਆਕ੍ਰਿਤਿ ਜਾਂ ਰੂਪ ਨੂੰ ਜਾਤੀ ਦੀ ਨਿਸ਼ਾਨੀ ਕਿਹਾ ਜਾਂਦਾ ਹੈ। ਜਾਤੀ, ਜਿਵੇਂ ਗਊਤਵ (ਜਾਂ ਗਊਪਣ), ਦੀ ਪਛਾਣ ਗਲਮੇ ਦੀ ਨਿਸ਼ਚਿਤ ਤਰਤੀਬ ਦੁਆਰਾ ਹੁੰਦੀ ਹੈ ਜੋ ਗਊਤਵ ਦਾ ਰੂਪ ਹੈ। ਅਸੀਂ ਰੂਪਰਹਿਤ ਵਸਤੂ ਦੀ ਪਛਾਣ ਨਹੀ ਕਰ ਸਕਦੇ।

ਜਾਤੀ ਉਹ ਹੈ ਜਿਸ ਦੀ ਪ੍ਰਕਿਰਤੀ (ਸੁਭਾਉ) ਇਕ ਸਮਾਨ ਸੰਕਲਪ ਪੈਦਾ ਕਰਨਾ ਹੈ। ਗਊਪਣ ਦੀ ਜਾਤੀ ਸਭ ਗਊਆਂ ਦੇ ਰੂਪ ਦਾ ਆਧਾਰ ਹੈ ਕਿਸੇ ਥਾਂ ਗਊ ਨੂੰ ਦੇਖ ਕੇ ਅਸੀਂ ਗਊਆਂ ਦੀ ਸਾਮਾਯ ਧਾਰਣਾ ਕਰਦੇ ਹਾਂ (ਅਰਥਾਤ ਗਊਪਣ ਦਾ ਗਿਆਨ ਪ੍ਰਾਪਤ ਕਰਦੇ ਹਾਂ)। ਇਹ ਸਾਮਾਨਯ ਧਾਰਣਾ ਸਾਨੂੰ ਸਾਰੇ ਆਗਾਮੀ ਅਵਸਰਾਂ ‘ਤੇ ਵਿਸ਼ੇਸ਼ ਗਊਆਂ ਨੂੰ ਪਛਾਣਨ ਦੇ ਯੋਗ ਬਣਾਉਂਦੀ ਹੈ।

ਕਕਸ਼ੁ - ਅੱਖਾਂ

ਕਈ ਕਹਿੰਦੇ ਹਨ ਕਿ ਅੱਖਾਂ ਦੋ ਨਹੀ ਹਨ: ਦਵੈਤ ਦਾ ਵਹਿਮ ਦ੍ਰਿਸ਼ਟੀ ਦੀ ਇਕਹਿਰੀ ਇੰਦ੍ਰੀ ਵੰਡੇ ਜਾਣ ਤੋਂ ਪੈਦਾ ਹੁੰਦਾ ਹੈ ਜੋ ਨੱਕ ਦੀ ਹੱਡੀ ਦੁਆਰਾ ਵਿਭਾਜਿਤ (ਵੰਡੀ) ਕੀਤੀ ਹੋਈ ਹੈ। ਇਸ ਦੇ ਜਵਾਬ ਵਿਚ ਅਸੀਂ ਕਹਿੰਦੇ ਹਾਂ ਕਿ ਅੱਖਾਂ ਅਸਲ ਵਿਚ ਦੋ ਹਨ, ਕਿਉਂਕਿ ਇਕ ਅੱਖ ਦੀ ਖਰਾਬੀ ਦੂਸਰੀ ਦੀ ਖਰਾਬੀ ਦਾ ਕਾਰਣ ਨਹੀ ਬਣਦੀ।

ਕਈ ਕਹਿੰਦੇ ਹਨ ਕਿ ਅੱਖ ਭੌਤਿਕ ਪਦਾਰਥ ਹੈ ਕਿਉਂਕਿ ਇਸ ਦੀ ਕਾਰਜਕਤਾ ਇਸ ਦੀ ਛੋਹ ਤਕ ਹੀ ਸਾਮਿਤ ਹੈ। ਇਕ ਚੀਜ਼ ਉਦੋਂ ਦਿਸਦੀ ਹੈ ਜਦ ਇਸ ਦਾ ਅੱਖ ਨਾਲ ਸੰਪਰਕ ਹੁੰਦਾ ਹੈ, ਅਰਥਾਤ ਹੋਰ ਭੌਤਿਕ ਵਸਤੂਆਂ ਦੀ ਤਰ੍ਹਾਂ, ਅੱਖ ਵੀ ਆਪਣਾ ਕਾਰਜ ਦੂਸਰੀਆਂ ਚੀਜ਼ਾਂ ਨਾਲ ਸੰਪਰਕ ਹੋਣ ‘ਤੇ ਹੀ ਨਿਭਾਉਂਦੀ ਹੈ। ਹੋਰਨਾ ਦਾ ਕਹਿਣਾ ਹੈ ਕਿ ਜੇ ਅੱਖ ਭੌਤਿਕ ਪਦਾਰਥ ਹੁੰਦੀ ਤਾਂ ਇਹ ਸਿਰਫ ਉਨ੍ਹਾਂ ਚੀਜ਼ਾਂ ਨੂੰ ਹੀ ਗ੍ਰਹਿਣ ਕਰ ਸਕਦੀ ਹੁੰਦੀ ਜੋ ਸਥੂਲ ਤੌਰ ‘ਤੇ ਇਸ ਦੇ ਅਨੁਰੂਪ ਹੁੰਦੀਆਂ। ਪ੍ਰੰਤੂ ਸਾਨੂੰ ਪਤਾ ਹੈ ਕਿ ਇਹ ਸਭ ਵੱਡੀਆਂ ਅਤੇ ਛੋਟੀਆਂ ਚੀਜ਼ਾਂ ਨੂੰ ਵੀ ਗ੍ਰਹਿਣ ਕਰਦੀ ਹੈ। ਇਸ ਲਈ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਅੱਖ ਇਕ ਅਭੌਤਿਕ ਵਸਤੂ ਹੈ। 

ਇਸ ਦੇ ਜਵਾਬ ਵਿਚ ਅਸੀਂ ਕਹਿੰਦੇ ਹਾਂ ਕਿ ਚਾਹੇ ਅੱਖ ਸਥੂਲਤਾ ਦੇ ਆਧਾਰ ‘ਤੇ ਛੋਟੀਆਂ ਜਾਂ ਵੱਡੀਆਂ ਚੀਜ਼ਾਂ ਦੇ ਅਨੁਰੂਪ ਨਹੀ ਹੈ ਫਿਰ ਵੀ ਅੱਖ ਵਿਚੋਂ ਨਿਕਲੀਆਂ ਕਿਰਨਾਂ ਵਸਤੂਆਂ ਦੇ ਸਮੁੱਚੇ ਫੈਲਾਉ ਤੱਕ ਪਹੁੰਚਦੀਆਂ ਹਨ। ਇਸ ਤਰ੍ਹਾਂ ਅੱਖ ਦੇ ਭੌਤਿਕ ਵਸਤੂ ਹੋਣ ਦੇ ਬਾਵਜੂਦ ਵੀ ਇਸ ਨੂੰ ਛੋਟੀਆਂ ਜਾਂ ਵੱਡੀਆਂ ਚੀਜ਼ਾਂ ਗ੍ਰਹਿਣ ਕਰਨਾ ਕੋਈ ਅਸੰਭਵ ਨਹੀ ਹੈ।

ਬੁੱਧੀ

ਕਈ ਦਾਰਸ਼ਨਿਕ (ਸਾਂਖ ਤਤਵਗਿਆਨੀ) ਦਾਅਵਾ ਕਰਦੇ ਹਨ ਕਿ ਬੁੱਧੀ ਸਥਿਰ ਹੈ ਕਿਉਂਕਿ ਇਸ ਵਿਚ ਵਸਤੂਆਂ ਪਛਾਣਨ ਦੀ ਸਮਰਥਾ ਹੈ। ਇਕ ਚੀਜ਼ ਜੋ ਪਹਿਲਾ ਜਾਣੀ ਹੋਈ ਸੀ ਹੁਣ ਓਹੀ ਤਦਰੂਪ ਚੀਜ਼ ਕਰਕੇ ਜਾਣੀ ਗਈ ਹੈ। ਇਸ ਤਰ੍ਹਾ ਦਾ ਸਿਮ੍ਰਿਤੀ (ਯਾਦਦਾਸ਼ਤ) ਦੁਆਰਾ ਪ੍ਰਾਪਤ ਕੀਤਾ ਗਿਆਨ, ਅਭਿਗਿਆਨ ਕਿਹਾ ਜਾਂਦਾ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਬੁੱਧੀ ਲਗਾਤਾਰ ਭੂਤਕਾਲ ਅਤੇ ਵਰਤਮਾਨ ਕਾਲ ਵਿਚ ਜਾਰੀ ਰਹਿੰਦੀ ਹੈ, ਅਰਥਾਤ ਬੁੱਧੀ ਅਟਲ[6] ਹੈ। ਗਿਆਨ, ਜੋ ਬੁੱਧੀ ਦਾ ਕਾਰਜ ਹੈ, ਇਸ ਤੋਂ ਭਿੰਨ ਨਹੀ ਹੈ।

ਅਕਸ਼ਪਾਦ ਇਸ ਦਾ ਖੰਡਨ ਕਰਦੇ ਹੋਏ ਕਹਿੰਦੇ ਹਨ ਕਿ ਬੁੱਧੀ ਇਕ ਅਚੇਤਨ ਉਪਕਰਣ (ਸਾਧਨ) ਹੈ, ਇਸ ਲਈ ਇਹ ਵਸਤੂਆਂ ਦੀ ਪਛਾਣ ਨਹੀ ਕਰ ਸਕਦੀ, ਕਿਉਂਕਿ ਅਸਲ ਵਿਚ ਪਛਾਣ ਇਕ ਚੇਤਨ ਕਰਤਾ ਦਾ ਕਾਰਜ ਹੈ, ਯਾਨੀ ਆਤਮਾਜੇਕਰ ਗਿਆਨ ਅਟਲ ਬੁੱਧੀ ਤੋਂ ਭਿੰਨ ਨਾ ਹੁੰਦਾ ਤਾਂ ਵੱਖਰੇ ਕਿਸਮ ਦੇ ਗਿਆਨ, ਅਟਲ ਵਸਤੂਆਂ ਵਾਂਗ, ਦੀ ਹੋਂਦ ਸਮਕਾਲੀ ਹੁੰਦੀ ਅਤੇ ਗਿਆਨ ਜਾਂ ਪਛਾਣ ਦੀ ਸਮਾਪਤੀ ਕਦੇ ਨਾ ਹੁੰਦੀ। ਇਸ ਤਰ੍ਹਾ ਦੀਆਂ ਭਾਵੀ ਘਟਨਾਵਾਂ ਦੀ ਅਸੰਗਤੀ ਨੂੰ ਮੁੱਖ ਰੱਖਦੇ ਹੋਏ ਅਸੀ ਇਹ ਅਸਵੀਕਾਰ ਕਰਦੇ ਹਾਂ ਕਿ ਬੁੱਧੀ ਕੋਈ ਸਥਿਰ ਚੀਜ਼ ਹੈ ਅਤੇ ਕਿ ਗਿਆਨ ਇਸ ਦਾ ਕਾਰਜ ਹੈ।

ਸਿਮ੍ਰਿਤੀ (ਸਿਮਰਤੀ ਜਾਂ ਯਾਦਾਸ਼ਤ

ਸਿਮਰਤੀ ਸਾਡੀ ਆਤਮਾ ਦਾ ਹਿੱਸਾ ਹੈ, ਆਤਮਾ ਜੋ ਭੂਤ, ਵਰਤਮਾਨ ਅਤੇ ਭਵਿੱਖ ਦੇ ਗਿਆਨ ਦਾ ਟਿਕਾਣਾ ਹੈ। ਜਿਨ੍ਹਾਂ ਕਾਰਨਾ ਨਾਲ ਸਿਮਰਤੀ ਜਾਗਰੂਕ ਹੁੰਦੀ ਹੈ, ਉਹ ਹਨ: ਪ੍ਰਣਿਧਾਨ, ਨਿਬੰਧ, ਅਭਿਆਸ, ਲਿੰਗ, ਲੱਛਣ, ਸਦ੍ਰਿਸ਼, ਪਰਿਗ੍ਰਹ, ਆਸ੍ਰਯ-ਆਸ੍ਰਿਤ ਸੰਬੰਧ, ਆਨੰਤਰਯ, ਵਿਯੋਗ, ਏਕਾ ਕਾਰਯ, ਵਿਰੋਧ, ਅਤਿਸ਼ਯ, ਪ੍ਰਾਪਤੀ, ਵ੍ਯਵਧਾਨ, ਸੁੱਖ-ਦੁੱਖ, ਇੱਛਾ, ਦ੍ਵੇਸ, ਭੈ, ਅਰਥਿੱਤਵ, ਕ੍ਰਿਆ, ਰਾਗ, ਧਰਮ ਅਤੇ ਅਧਰਮ। ਇਨ੍ਹਾਂ ਦਾ ਸੰਖੇਪ ਵਿਆਖਿਆਨ ਇਸ ਪ੍ਰਕਾਰ ਹੈ:

ਪ੍ਰਣਿਧਾਨ:

ਬਿਰਤੀ। ਇਹ ਸਾਨੂੰ ਆਪਣੇ ਮਨ ਦਾ ਧਿਆਨ ਇਕ ਵਿਸ਼ੇ ‘ਤੇ ਕੇਂਦ੍ਰਿਤ ਕਰਨ ਦੇ ਯੋਗ ਬਣਾਉਂਦਾ ਹੈ ਅਤੇ ਇਧਰ ਉਧਰ ਭਟਕਣ ਤੋਂ ਕਾਬੂ ਵਿਚ ਰੱਖਦਾ ਹੈ।

ਨਿਬੰਧ:

ਇਹ ਪ੍ਰਮਾਣ (ਸਬੂਤ) ਅਤੇ ਪ੍ਰਮੇਯ (ਜੋ ਸਾਬਤ ਕਰਨਾ ਹੈ) ਦਾ ਆਪਸੀ ਸੰਬੰਧ ਦਰਸਾਉਂਦਾ ਹੈ। ਅਰਥਾਤ ਜਿਸ ਵਿਸ਼ੇ ਬਾਰੇ ਪੁੱਛ ਪੜਤਾਲ ਕਰਨੀ ਹੁੰਦੀ ਹੈ ਉਸ ਨੂੰ, ਥਿੜਕਣ ਜਾਂ ਭਟਕਣ ਤੋਂ ਦੂਰ ਰਹਿ ਕੇ, ਹਰ ਵੇਲੇ ਧਿਆਨ ਵਿਚ ਰੱਖਿਆ ਜਾਂਦਾ ਹੈ।

ਅਭਿਆਸ:

ਇਸ ਰਾਹੀਂ ਲਗਾਤਾਰ ਦੁਹਰਾਉਂਣ ਨਾਲ ਵਿਚਾਰ ਦ੍ਰਿੜ ਹੁੰਦੇ ਹਨ।

ਲਿੰਗ:

ਚਿੰਨ੍ਹ ਜਾਂ ਲਿੰਗ। ਇਹ, ਇਸ ਕਿਸਮ ਦੇ ਹੋ ਸਕਦੇ ਹਨ: (1) ਅਨੁਬੰਧਕ, ਜੁੜਿਆ ਹੋਇਆ, (2) ਅਟੁੱਟ (ਜਿਗਰੀ, ਲਿੰਗਕ), (3) ਸਹਿ-ਸੰਬੰਧਿਤ, ਜਾਂ (4) ਵਿਪਰੀਤ (ਵਿਰੋਧੀ, ਜਿਵੇਂ ਧੂੰਆ ਅੱਗ ਦਾ ਲਿੰਗ ਹੈ ਜਿਸ ਦੇ ਨਾਲ ਇਹ ਜੁੜਿਆ ਹੋਇਆ ਹੈ; ਸਿੰਗ ਗਊ ਦਾ ਚਿੰਨ੍ਹ ਹੈ ਜਿਸ ਤੋਂ ਇਹ ਅਟੁੱਟ ਹੈ; ਬਾਂਹ ਇਕ ਲੱਤ ਦਾ ਚਿੰਨ੍ਹ ਹੈ ਜਿਸ ਨਾਲ ਇਹ ਸਹਿ-ਸੰਬੰਧਿਤ ਹੈ; ਅਤੇ ਅਭਾਵ, ਭਾਵ ਦਾ ਚਿੰਨ੍ਹ ਹੈ ਜਿਨ੍ਹਾਂ ਦਾ ਵਿਪਰੀਤ ਸੰਬੰਧ ਹੈ।

ਲੱਛਣ:

ਇਕ ਘੋੜੇ ਦੇ ਸਰੀਰ ਉਪਰਲਾ ਨਿਸ਼ਾਨ (ਲੱਛਣ) ਉਸ ਤਬੇਲੇ (ਘੋੜਸ਼ਾਲਾ) ਦੀ ਯਾਦ ਕਰਾਂਉਂਦਾ ਹੈ ਜਿੱਥੇ ਉਸ ਨੂੰ ਰੱਖਿਆ ਜਾਂਦਾ ਹੈ।

ਸਦ੍ਰਿਸ਼:

‘ਦੇਵਦੱਤ’ ਨਾਮ ਦੇ ਪੁਰਸ਼ ਦਾ ਅਕਸ (ਚਿੱਤਰ) ਸਾਨੂੰ ਅਸਲੀ ਦੇਵਦੱਤ ਦੀ ਯਾਦ ਕਰਾਉਂਦਾ ਹੈ।

ਪਰਿਗ੍ਰਹ:

ਇਕ ਸੰਪਤੀ, ਸਾਡੇ ਵਿਚ ਇਸ ਦੇ ਮਾਲਕ ਦੀ ਯਾਦ ਜਾਗਰੂਕ ਕਰਦੀ ਹੈ।

ਆਸ੍ਰਯ-ਆਸ੍ਰਿਤ:

ਜਿਵੇਂ ਕਿ ਇਕ ਰਾਜਾ ਅਤੇ ਉਸਦੇ ਪਹਿਰੇਦਾਰ – ਪਰਸਪਰ ਇਕ ਦੂਸਰੇ ਦੇ ਆਸਰੇ ‘ਤੇ ਨਿਰਭਰ ਕਰਦੇ ਹਨ।

ਆਨੰਤਰਯ:

ਜਿਵੇਂ ਚੌਲਾਂ ਨੂੰ ਕੂੰਡੀ ਵਿਚ ਛਿੜਕਦੇ ਸਮੇ ਉਨ੍ਹਾਂ ਨੂੰ ਕੁੱਟ ਕੇ ਚੂਰਾ ਕਰਨਾ, ਇਹ ਕੰਮ ਲਗਾਤਾਰ ਇਕ ਤੋਂ ਬਾਅਦ ਦੂਸਰਾ ਕੀਤਾ ਜਾਂਦਾ ਹੈ। ਅਰਥਾਤ ਇਕ ਕੰਮ ਦੂਸਰੇ ਕੰਮ ਦੀ ਯਾਦ ਦਲਾਉਂਦੈ ਹੈ।

ਵਿਯੋਗ:

ਜਿਵੇਂ ਪਤੀ ਅਤੇ ਪਤਨੀ ਦਾ ਵਿਛੋੜਾ। ਇਕ ਦੂਸਰੇ ਦੀ ਯਾਦ ਕਰਾਉਂਦਾ ਹੈ।

ਏਕਾ ਕਾਰਯ:

ਜਿਵੇਂ ਇਕ ਗੁਰੂ ਦੇ ਸੰਗੀ-ਚੇਲੇ ਇਕ ਸਾਥ ਕੰਮ ਕਰਦੇ ਹਨ। ਇਕ ਚੇਲਾ ਦੂਸਰੇ ਚੇਲੇ ਨੂੰ ਓਹੀ ਕੰਮ ਕਰਨ ਦੀ ਯਾਦ ਦਲਾਉਂਦਾ ਹੈ।

ਵਿਰੋਧ:

ਜਿਵੇਂ ਇਕ ਸੱਪ ਅਤੇ ਨਿਉਲੇ ਦਾ ਪਰਸਪਰ ਵਿਰੋਧ।

ਅਤਿਸ਼ਯ:

ਅਤਿਅੰਤ। ਕਿਸੇ ਚੀਜ਼ ਦੇ ਸੀਮਾ ਤੋਂ ਜ਼ਿਆਦਾ (ਅਤਿਅੰਤ) ਵਧ ਜਾਣ ‘ਤੇ ਯਾਦ ਦਾ ਜਾਗਰੂਕ ਹੋਣਾ।

ਪ੍ਰਾਪਤੀ:

ਸਾਨੂੰ ਉਸਦੀ ਯਾਦ ਆਉਂਣੀ ਜਿਸ ਤੋਂ ਕੋਈ ਚੀਜ਼ ਲਈ ਗਈ ਹੋਵੇ ਜਾਂ ਲਈ ਜਾਣੀ ਹੈ।

ਵ੍ਯਵਧਾਨ:

ਵਿਘਨ। ਜਿਸ ਤਰ੍ਹਾਂ ਇਕ ਮਿਆਨ ਸਾਨੂੰ ਕਿਰਪਾਨ ਦੀ ਯਾਦ ਕਰਾਵੇ।

ਦੁੱਖ-ਸੁੱਖ:

ਦੁੱਖ-ਸੁੱਖ ਸਾਨੂੰ ਇਨ੍ਹਾਂ ਦੇ ਕਾਰਨਾਂ ਦੀ ਯਾਦ ਦਿਲਾਉਂਦੇ ਹਨ।

ਇੱਛਾ ਅਤੇ ਦ੍ਵੇਸ਼:

ਇਹ ਸਾਨੂੰ ਉਸ ਦੀ ਯਾਦ ਕਰਾਂਦੇ ਹਨ ਜਿਸ ਨੂੰ ਅਸੀਂ ਪਸੰਦ ਜਾਂ ਨਾ-ਪਸੰਦ ਕਰਦੇ ਹਾਂ।

ਭੈ:

ਭੈ ਜਾਂ ਡਰ ਸਾਨੂੰ ਉਸ ਚੀਜ਼ ਦੀ ਯਾਦ ਕਰਾਉਂਦਾ ਹੈ ਜੋ ਸਾਡੇ ਅੰਦਰ ਡਰ ਪੈਦਾ ਕਰਦੀ ਹੈ, ਜਿਵੇਂ ਮੌਤ।

ਅਰਥਿੱਤਵ:

ਬੇਨਤੀ। ਸਾਨੂੰ ਉਸ ਚੀਜ਼ ਦੀ ਯਾਦ ਕਰਾਉਂਦਾ ਹੈ ਜਿਸ ਨੂੰ ਅਸੀਂ ਚਾਹੁੰਦੇ ਹਾਂ ਜਾਂ ਜਿਸ ਲਈ ਅਰਦਾਸ ਕਰਦੇ ਹਾਂ।

ਕ੍ਰਿਆ:

ਜਿਵੇਂ ਰਥ ਤੋਂ ਸਾਨੂੰ ਰਥਵਾਨ (ਰਥਸਾਰਥੀ) ਦੀ ਯਾਦ ਆਵੇ।

ਰਾਗ:

ਪ੍ਰੀਤ। ਜਿਵੇਂ ਪੁੱਤਰ ਜਾਂ ਪਤਨੀ ਦੀ ਯਾਦ ਆਵੇ।

ਧਰਮ ਅਤੇ ਅਧਰਮ:

ਜਿਸ ਦੁਆਰਾ ਪੁਨਰ-ਜਨਮ ਦੇ ਦੁੱਖਾਂ ਅਤੇ ਸੁੱਖਾਂ ਦੇ ਅਨੁਭਵਾਂ ਦੇ ਕਾਰਨਾਂ ਦੀ ਯਾਦ ਆਵੇ।

ਸੰਖਿਆਏਕਾਂਤ (ਸੰਖਿਆ ਦੀ ਸਥਿਰ ਮਹੱਤਤਾ)

ਕਈ ਕਹਿੰਦੇ ਹਨ ਕਿ ਹੋਂਦ ਸਿਰਫ ਇਕ ਹੀ ਚੀਜ਼ ਹੈ; ਅਰਥਾਤ ਬ੍ਰਹਮ। ਕਈ ਕਹਿੰਦੇ ਹਨ ਕਿ ਚੀਜ਼ਾਂ ਦੋ ਹੀ ਹਨ, ਅਰਥਾਤ ਨਿੱਤ ਅਤੇ ਅਨਿੱਤਕਈਆਂ ਦਾ ਵਿਚਾਰ ਹੈ ਕਿ ਚੀਜ਼ਾਂ ਤਿੰਨ ਹਨ, ਅਰਥਾਤ ਗਿਆਤਾ, ਗਿਆਤ ਅਤੇ ਗਿਆਨ; ਜਦ ਕਿ ਦੂਸਰੇ ਚੀਜ਼ਾਂ ਦੀ ਗਿਣਤੀ ਚਾਰ ਦੱਸਦੇ ਹਨ, ਅਰਥਾਤ ਗਿਆਨ ਦਾ ਕਰਤਾ, ਗਿਆਨ ਦੇ ਸਾਧਨ (ਪ੍ਰਮਾਣ), ਗਿਆਨ ਦੇ ਵਿਸ਼ਾ-ਵਸਤੂ (ਪ੍ਰਮੇਯ), ਗਿਆਨ ਦੀ ਕਿਰਿਆ। ਇਸ ਤਰ੍ਹਾਂ ਦਾਰਸ਼ਨਿਕ ਆਪਣੇ ਆਪ ਨੂੰ ਚੀਜ਼ਾਂ ਦੀ ਸਥਿਰ ਗਿਣਤੀ ਦੇ ਸੇਵਨ ਵਿਚ ਗੁਆ ਬੈਠਦੇ ਹਨ। ਅਕਸ਼ਪਾਦ ਇਨ੍ਹਾਂ ਦੀ ਵਿਰੋਧਤਾ ਇਹ ਕਹਿ ਕੇ ਕਰਦੇ ਹਨ ਕਿ ਗਿਣਤੀ ਦੀ ਸਥਿਰਤਾ ਸਥਾਪਤ ਨਹੀ ਕੀਤੀ ਜਾ ਸਕਦੀ। ਗਿਣਤੀ ਨੂੰ ਸਥਿਰ ਸਾਬਤ ਕਰਨ ਲਈ ਕਾਰਨ ਦੀ ਜ਼ਰੂਰਤ ਹੈ। ਹੁਣ ਸਵਾਲ ਉੱਠਦਾ ਹੈ ਕਿ ਕੀ ਕਾਰਣ ਵੀ ਗਿਣਤੀ ਵਿਚ ਸੰਮਿਲਤ ਹੈ, ਜਾਂ ਇਸ ਵਿਚੋਂ ਬਾਹਰ ਹੈ, ਜਾਂ ਇਸ ਦੇ ਨਾਲ ਤਦਰੂਪ ਹੈ? ਜੇਕਰ ਕਾਰਣ ਗਿਣਤੀ ਵਿਚ ਸੰਮਿਲਤ ਹੈ, ਇਹ ਇਵੇਂ ਹੀ ਅਸਥਿਰ ਹੈ ਜਿਵੇਂ ਕਿ ਸਵੈ ਗਿਣਤੀ। ਜੇਕਰ ਕਾਰਣ ਗਿਣਤੀ ਤੋਂ ਬਾਹਰ ਹੈ, ਤਾਂ ਗਿਣਤੀ ਦੀ ਸਥਿਰਤਾ ਅਵੱਸ਼ਕ ਹੀ ਤਿਆਗਣੀ ਪਵੇਗੀਜੇ ਗਿਣਤੀ ਅਤੇ ਕਾਰਣ ਤਦਰੂਪੀ ਹਨ, ਤਾਂ ਗਿਣਤੀ ਦੀ ਸਥਿਰਤਾ ਨੂੰ ਸਥਾਪਤ ਕਰਨ ਲਈ ਕੋਈ ਸਾਧਨ ਨਹੀ ਬਚੇਗਾ। 

ਪਿਛਲੀਆਂ ਕਿਸ਼ਤਾਂ ਵਿਚ ਅਸੀਂ, ਈਸਵੀ ਸੰਨ ਦੀ ਪਹਿਲੀ ਸਦੀ ਦੇ, ‘ਨਿਆਇ-ਸੂਤਰ’ ਵਿਚ ਵਿਚਾਰੇ ਗਏ ਵਿਸ਼ਿਆਂ ਉੱਪਰ, ਸੰਖੇਪ ਤੌਰ ‘ਤੇ, ਚਰਚਾ ਕੀਤੀ ਹੈ ਅਤੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਗਿਆਨ (ਵਿਗਿਆਨ) ਨੂੰ ਹਾਸਲ ਕਰਨ ਵਿਚ ਕਿਹੜੇ ਕਿਹੜੇ ਸਾਧਨਾਂ (ਪ੍ਰਮਾਣਾਂ) ਬਾਰੇ ਜਾਂਚ ਪੜਤਾਲ ਕੀਤੀ ਗਈ। ਇਸ ਤੋਂ ਜੋ ਤੱਥ ਸਾਫ ਸਾਫ ਸਾਹਮਣੇ ਆਏ ਉਹ ਇਹ ਹਨ ਕਿ ਰਿਸ਼ੀ ਅਕਸ਼ਪਾਦ ਨੇ ਦ੍ਰਿਸ਼ਟਮਾਨ ਜਗਤ ਬਾਰੇ ਗਿਆਨ (ਅਰਥਾਤ ਵਿਗਿਆਨ) ਪ੍ਰਾਪਤ ਕਰਨ ਲਈ ਹੋਰਨਾ ਤੋਂ ਇਲਾਵਾ ਦੋ ਪ੍ਰਮੁੱਖ ਅਤੇ ਮਹੱਤਵਪੂਰਣ ਪ੍ਰਮਾਣ ਦੱਸੇ ਹਨ: ਪ੍ਰਤਿਅਕਸ਼ ਅਤੇ ਅਨੁਮਾਨ। ਅਨੁਮਾਨ ਪ੍ਰਮਾਣ ਵਿਚ ਨਿਆਇ-ਵਾਕ ਜਾਂ ਪੰਚਾਵਯਵ ਦੀ ਤਰਕਸੰਗਤ ਵਿਧੀ ਪ੍ਰਸਤੁਤ ਕੀਤੀ ਗਈ, ਜਿਸ ਵਿਚ ਦੋਵੇਂ ‘ਨਿਗਮਨ’ ਅਤੇ ‘ਆਗਮਨ’ ਤਰਕ ਵਰਗੀਆਂ ਯੁਕਤੀਆਂ ਪੇਸ਼ ਕੀਤੀਆਂ ਗਈਆਂ ਜੋ ਵਿਗਿਆਨਕ ਖੋਜ ਦਾ ਆਧਾਰ ਮੰਨੀਆਂ ਜਾਂਦੀਆਂ ਹਨ।  ਅਕਸ਼ਪਾਦ ਦੇ ‘ਨਿਆਇ-ਸੂਤਰ’ ਤੋਂ ਬਾਅਦ, ਆਉਣ ਵਾਲੀਆਂ ਸਦੀਆਂ ਵਿਚ, ਇਸ ਗ੍ਰੰਥ ਉੱਪਰ ਬਹੁਤ ਸਾਰੇ ਪ੍ਰਕਰਣ ਅਤੇ ਟੀਕਾ-ਟਿੱਪਣੀਆ ਲਿਖੀਆਂ ਗਈਆਂ ਅਤੇ ਕੁਝ ਇਕ ਵਿਸ਼ਿਆਂ ਨੂੰ ਸੋਧਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ‘ਨਿਆਇ-ਸੂਤਰ’ ਨੂੰ ਆਧਾਰ ਮੰਨ ਕੇ ਭਾਰਤੀ ਤਰਕਸ਼ਾਸਤਰ ਦੇ ਵਿਕਾਸ ਵਿਚ ਬ੍ਰਾਹਮਣ, ਜੈਨ ਅਤੇ ਬੋਧੀ ਸੰਪ੍ਰਦਾਇਆ ਦੀ ਵੱਡਮੁੱਲੀ ਅਤੇ ਆਦਰਸ਼ਮਈ ਦੇਣ ਮੰਨੀ ਜਾਂਦੀ ਹੈ। ਅਗਲੀ ਕਿਸ਼ਤ ਵਿਚ ਅਸੀਂ, ਬ੍ਰਾਹਮਣ ਸੰਪ੍ਰਦਾਇ ਦੀਆਂ, ਕੁਝ ਇਕ ਮਹੱਤਵਪੂਰਣ ਟੀਕਾ-ਟਿੱਪਣੀਆਂ ‘ਤੇ ਚਰਚਾ ਕਰਾਂਗੇ, ਜੋ ਭਾਰਤ ਦੀ ਦਾਰਸ਼ਨਿਕ ਅਤੇ ਤਰਕ-ਸ਼ਾਸਤਰ ਪੱਧਤੀ ਦੀਆਂ ਅਹਿਮ ਅਤੇ ਵੱਡਮੁੱਲੀਆਂ ਰਚਨਾਵਾਂ ਮੰਨੀਆਂ ਜਾਂਦੀਆਂ ਹਨ।

... ਚਲਦਾ

28/02/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)
 

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com