ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਨਿਆਇ-ਸ਼ਾਸਤਰ (6)

ਨਿਆਇ-ਸੂਤਰ ਉੱਪਰ ਵਿਵਿਧ ਟੀਕਾ

ਅਕਸ਼ਪਾਦ ਦੇ ‘ਨਿਆਇ-ਸੂਤਰ’ ਤੋਂ ਬਾਅਦ, ਆਉਣ ਵਾਲੀਆਂ ਸਦੀਆਂ ਵਿਚ, ਇਸ ਗ੍ਰੰਥ ਉੱਪਰ ਕਈ ਪ੍ਰਕਰਣ ਅਤੇ ਟੀਕਾ-ਟਿੱਪਣੀਆ ਲਿਖੀਆਂ ਗਈਆਂ ਅਤੇ ਕੁਝ ਇਕ ਵਿਸ਼ਿਆਂ ਨੂੰ ਸੋਧਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਇਨ੍ਹਾਂ ਟਿੱਪਣੀਆਂ ਦਾ ਮੂਲ ਮਕਸਦ, ਬੁੱਧ ਮਤ ਅਤੇ ਜੈਨ ਮਤ ਦੇ ਤਾਰਕਿਕਾਂ ਵਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਦੇਣਾ ਅਤੇ ਨਿਆਇ-ਸੂਤਰ ਦੀ ਤਰਫਦਾਰੀ ਕਰਨਾ ਹੀ ਸੀ। ਪਰ ਇਸ ਦੇ ਨਾਲ ਨਾਲ ਇਸ ਦੇ ਖਿਆਲਾਂ ਨੂੰ ਸਰਲ ਭਾਸ਼ਾ ਵਿਚ ਵਿਅਕਤ ਕਰਨਾ ਅਤੇ ਵਿਆਖਿਆ ਕਰਨਾ ਵੀ ਸੀ। ਇਨ੍ਹਾਂ ਟਿੱਪਣੀਆਂ ਦੇ ਪ੍ਰਮੁੱਖ ਦਾਰਸ਼ਨਿਕ ਅਤੇ ਤਾਰਕਿਕ ਲੇਖਕ ਇਸ ਪ੍ਰਕਾਰ ਸਨ: ਵਾਤਸਯਾਇਨ (400 ਈ), ਉਦਯੋਤਕਰ (635 ਈ), ਵਾਚਸਪਤੀ ਮਿਸ਼੍ਰ (841 ਈ:), ਉਦਯਨਆਚਾਰੀਆ (984 ਈ) ਅਤੇ ਜਯੰਤ ਭੱਟ (10ਵੀ ਸਦੀ ਈ)।

ਵਾਤਸਯਾਇਨ (400 ਈ)

ਨਿਆਇ-ਸੂਤਰ ਉੱਪਰ ਸਭ ਤੋਂ ਪੁਰਾਣੀ ਅਤੇ ਪਹਿਲੀ ਅਹਿਮ ਟੀਕਾ, ਨਿਆਇ-ਭਾਸ਼੍ਯ, ਰਿਸ਼ੀ ਵਾਤਸਯਾਇਨ ਨੇ ਲਿਖੀ ਇਸ ਵਿਚ ਹੋਰ ਟੀਕਾਕਾਰਾਂ ਦਾ ਉਲੇਖ ਵੀ ਆਉਂਦਾ ਹੈ, ਪਰ ਉਨ੍ਹਾਂ ਦੀਆਂ ਰਚਨਾਵਾਂ ਸਾਡੇ ਤਕ ਨਹੀ ਪਹੁੰਚ ਸਕੀਆਂ ਨਿਆਇ-ਭਾਸ਼੍ਯ, ਨਿਆਇ-ਸੂਤਰ ਤੋਂ ਲਗ ਪਗ ਦੋ ਸਦੀਆਂ ਬਾਅਦ ਲਿਖੀ ਗਈ ਸੀ ਕਿਉਂਕਿ ਇਸ ਵਿਚ ਬੋਧੀ ਤਾਰਕਿਕਾਂ ਦੀ ਸਖਤ ਆਲੋਚਨਾ ਕੀਤੀ ਗਈ ਹੈ, ਇਸ ਲਈ ਇਹ ਕਿਆਸ ਕੀਤਾ ਜਾਂਦਾ ਹੈ ਕਿ ਇਹ ਬੋਧੀ ਰਚਨਾਵਾਂ ਤੋਂ ਜ਼ਰੂਰ ਬਾਅਦ ਵਿਚ ਲਿਖੀ ਗਈ ਹੋਵੇਗੀ ਆਚਾਰੀਆ ਵਿਦਿਆਭੂਸ਼ਣ ਇਸ ਦਾ ਰਚਨਾਕਾਲ 400 ਈਸਵੀ ਮੰਨਦੇ ਹਨ।

ਵਾਤਸਯਾਇਨ ਨੂੰ ਦੱਖਣੀ ਭਾਰਤ ਦੇ ਦ੍ਰਾਵਿੜ ਇਲਾਕੇ ਦਾ ਬਾਸਿੰਦਾ ਮੰਨਿਆ ਜਾਂਦਾ ਹੈ ਇਸ ਇਲਾਕੇ ਦੀ ਰਾਜਧਾਨੀ ਕਾਂਚੀਪੁਰਾ ਸੀ, ਜੋ ਹੁਣ ਕਾਂਜੀਵਰੰਮ ਨਾਮ ਨਾਲ ਪ੍ਰਸਿੱਧ ਹੈ ਇਹ ਪੁਰਾਣੇ ਸਮੇ ਵਿਚ ਚੋਲ ਅਤੇ ਪਲ੍ਹਵਾਂ ਰਾਜਾਂ ਦੀ ਰਾਜਧਾਨੀ ਵੀ ਰਹੀ ਹੈ ਇਸ ਨੂੰ ਕਈ ਵਾਰ ‘ਕਾਂਚੀ’ ਦੀ ਬਜਾਏ ‘ਕਾਂਤੀ’ ਵੀ ਕਿਹਾ ਜਾਂਦਾ ਹੈ

ਕਾਂਚੀ, ਬ੍ਰਹਮਣਵਾਦ ਦਾ ਇਕ ਬੜਾ ਮਸ਼ਹੂਰ ਕੇਂਦਰ ਸੀ, ਜਿੱਥੇ ਬੁੱਧਮਤ ਦੇ ਮਹਾਨ ਤਾਰਕਿਕ ਦਿਨਨਾਗ (500 ਈ) ਅਤੇ ਧਰਮਪਾਲ (600 ਈ) ਵੀ ਰਹੇ ਸਨ ਆਚਾਰੀਆ ਵਿਦਿਆਭੂਸ਼ਣ ਇਹ ਸਾਫ ਕਰਦੇ ਹਨ ਕਿ ਕਾਮ-ਸੂਤਰ  ਅਤੇ ਅਰਥ-ਸ਼ਾਸਤਰ  ਲਿਖਣ ਵਾਲਾ ਵਾਤਸਯਾਇਨ ਇਕ ਅਲਗ ਰਿਸ਼ੀ ਸੀ ਜਿਸ ਦਾ ਤਾਰਕਿਕ ਵਾਤਸਯਾਇਨ ਨਾਲ ਕੋਈ ਸੰਬੰਧ ਨਹੀ ਹੈ।

ਵਾਤਸਯਾਇਨ, ਨਾਗਾਰਜੁਨ (250-300 ਈ) ਦੇ ਮਾਧਿਆਮਿਕ-ਸੂਤਰ ਦੇ ਆਪਸੀ-ਸੰਬੰਧ ਸਿਧਾਂਤ ਅਪੇਕਸ਼ਾ (ਅਪੇਖਿਆ) ਜਾਂ ਪ੍ਰਤ੍ਯਯ ਦੀ ਸਖਤ ਅਲੋਚਨਾ ਕਰਦੇ ਹਨ ਅਤੇ ਇਸ ਸਿਧਾਂਤ ਦਾ ਸਾਰਾਂਸ਼ ਇਸ ਪ੍ਰਕਾਰ ਦਿੰਦੇ ਹਨ:

ਕਈਆਂ ਦਾ ਕਹਿਣਾ ਹੈ ਕਿ ਵਸਤੂਆਂ ਦੀ ਸਵੈ-ਹੋਂਦ (ਸੈਭੰ ਜਾਂ ਸਵੈ-ਲਕਸ਼ਣ) ਕੋਈ ਨਹੀਂ ਹੁੰਦੀ ਕਿਉਂਕਿ ਸਿਰਫ ਉਨ੍ਹਾਂ ਦੇ ਆਪਸੀ-ਸੰਬੰਧ ਹੀ ਉਨ੍ਹਾਂ ਦੀ ਹੋਂਦ ਹਨ ਇਕ ਵਸਤੂ ਦੂਸਰੀ ਦੇ ਮੁਕਾਬਲੇ ਛੋਟੀ ਇਸ ਲਈ ਕਹੀ ਜਾਂਦੀ ਹੈ, ਕਿਉਂਕਿ ਦੂਸਰੀ ਲੰਬੀ ਹੁੰਦੀ ਹੈ, ਜਾਂ ਵਿਲੋਮਤ (ਉਲਟਾ) ਉਹ ਲੰਬੀ ਇਸ ਲਈ ਹੁੰਦੀ ਹੈ ਕਿਉਂਕਿ ਦੂਸਰੀ ਛੋਟੀ ਹੁੰਦੀ ਹੈ ਲੰਬਾ ਅਤੇ  “ਛੋਟਾ ਸਿਰਫ ਪਰਸਪਰ ਸੰਬੰਧ ਹੀ ਹਨ ਨਾ ਕਿ ਉਨ੍ਹਾਂ ਦੀ ਕੋਈ ਸਵੈ-ਹੋਂਦ ਹੈ

ਵਾਤਸਯਾਇਨ ਇਸ ਦੀ ਵਿਰੋਧਤਾ ਇਹ ਕਹਿ ਕੇ ਕਰਦੇ ਹਨ ਕਿ ਇਸ ਤਰ੍ਹਾਂ ਕਹਿਣਾ ਸਵੈ-ਵਿਰੋਧੀ ਹੈ ਜੇ ਲੰਬਾ ਅਤੇ  “ਛੋਟਾ ਦੀ ਕੋਈ ਸਵੈ-ਹੋਂਦ ਨਹੀ ਹੈ ਤਾਂ ਉਨ੍ਹਾਂ ਦੇ ਆਪਸੀ ਸੰਬੰਧ ਸਥਾਪਤ ਕਰਨੇ ਅਸੰਭਵ ਹਨ, ਅਤੇ ਆਪਸੀ ਸੰਬੰਧ ਨਾ ਹੋਣ ਦੀ ਹਾਲਤ ਵਿਚ ਇਹ ਸਿਧਾਂਤ ਆਪਣੇ ਆਪ ਸ਼ਿਕਸਤ (ਹਾਰ) ਖਾ ਜਾਂਦਾ ਹੈ

ਨਿਆਇ-ਸੂਤਰ ਵਿਚ, ਦਲੀਲ ਪੇਸ਼ ਕਰਨ ਦੇ ਵਾਕ, ਨਿਆਇਵਾਕੁ ਦੇ ਪੰਜ ਅੰਗ (ਅਵਯਵ) ਮੰਨੇ ਗਏ ਹਨ (ਪੰਚਾਵਯਵ): ਪ੍ਰਤਿਗ੍ਯਾ, ਹੇਤੁ, ਉਦਾਹਰਣ, ਉਪਨਯ ਅਤੇ ਨਿਗਮਣ ਇਸ ਵਾਕ ਨੂੰ ਅਵਯਵਿਨ ਅਤੇ ਸੰਵਾਕੁ ਵੀ ਕਿਹਾ ਜਾਂਦਾ ਹੈ ਪਰ ਨਾਗਾਰਜੁਨ, ਸਿਰਫ ਪਹਿਲੇ ਤਿੰਨ ਅੰਗਾ ਨੂੰ ਹੀ ਸਵੀਕਾਰ ਕਰਦੇ ਹਨ, ਅਤੇ ਬਾਕੀ ਦੋ ਨੂੰ ਬੇਲੋੜੇ ਕਰਾਰ ਦਿੰਦੇ ਹਨ ਆਪਣੀ ਕਿਰਤ ਉਪਾਯਕੌਸ਼ਲ੍ਯਾ-ਸੂਤਰ [ਉਪਾਉ (ਜਤਨ ਜਾਂ ਸਾਧਨ) ਲੱਭਣ ਵਿਚ ਚਤੁਰਾਈ ਜਾਂ ਕੁਸ਼ਲਤਾ)] ਵਿਚ ਉਹ ਲਿਖਦੇ ਹਨ ਕਿ ਇਕ ਸਿਧਾਂਤ (ਜਾਂ ਪ੍ਰਸਤਾਵ) ਕੇਵਲ ਹੇਤੁ (ਕਾਰਣ) ਅਤੇ ਉਦਾਹਰਣ ਰਾਹੀਂ ਵੀ ਸਥਾਪਿਤ (ਸਾਬਤ, ਪ੍ਰਮਾਣਿਤ) ਕੀਤਾ ਜਾ ਸਕਦਾ ਹੈ, ਜੋ ਸਕਾਰਾਤਮਕ ਜਾਂ ਨਕਾਰਾਤਮਕ ਹੋ ਸਕਦਾ ਹੈ ਇਕ ਨਿਆਇਵਾਕੁ ਵਿਚ ਪੰਜ ਦੀ ਬਜਾਏ ਤਿੰਨ ਅਵਯਵ ਹੀ ਕਾਫੀ ਹਨ, ਆਖਰੀ ਦੋ ਜਾਣੀਕਿ ਉਪਨਯ (ਅਨੁਸੰਧਾਨ) ਅਤੇ ਨਿਗਮਨ  ਬੇਲੋੜੇ (ਅਤਿਅਧਿਕ) ਹਨ ਅਤੇ ਜਾਤਿਉੱਤਰ ਭਾਵ ਸਮਾਨਰੂਪੀ ਉੱਤਰ ਤੋਂ ਵਧ ਕੇ ਹੋਰ ਕੁੱਝ ਨਹੀ ਹਨ ਜਾਤਿਉੱਤਰ ਤੋਂ ਉਨ੍ਹਾਂ ਦਾ ਭਾਵ ਹੈ, ਉਹ ਜਵਾਬ ਦੇਣਾ ਜੋ ਪਹਿਲੇ ਜਵਾਬ (ਜਾਂ ਉਦਾਹਰਣ) ਦੇ ਬਿਲਕੁਲ ਸਮਾਨ (ਤੁੱਲਰੂਪ) ਹੋਵੇ ਅਤੇ ਪੇਸ਼ ਕੀਤੀ ਦਲੀਲ ਵਿਚ ਕੋਈ ਖਾਸ ਮਹੱਤਤਾ ਨਾ ਰੱਖਦਾ ਹੋਵੇ, ਭਾਵ ਤਰਕ ਦੇ ਵਜ਼ਨ ਵਿਚ ਕੋਈ ਵਾਧਾ ਨਾ ਕਰਦਾ ਹੋਵੇ ਮਤਲਬ ਕਿ ਪਹਿਲੀ ਬਾਤ ਨੂੰ ਦੁਹਰਾਉਣ ਤੋਂ ਜ਼ਿਆਦਾ ਹੋਰ ਕੁੱਝ ਵੀ ਨਾ ਹੋਵੇ

ਇਸ ਦੇ ਜਵਾਬ ਵਿਚ, ਨਿਆਇ-ਸੂਤਰ ਦੀ ਹਾਮੀ ਭਰਦੇ ਹੋਏ ਰਿਸ਼ੀ ਵਾਤਸਯਾਇਨ ਕਹਿੰਦੇ ਹਨ: ਉਪਨਯ  ਅਤੇ ਨਿਗਮਨ ਨਿਆਇਵਾਕੁ ਦੇ ਆਵੱਸ਼ਕ ਅੰਗ (ਅਵਯਵ) ਹਨ ਕਿਉਂਜੋ ਉਹ ਉਦਾਹਰਣ ਵਿਚ ਦਿੱਤੇ ਆਮ ਤੱਤ ਦੇ ਬਲ (ਜ਼ੋਰ) ਦੇ ਸਹਾਰੇ, ਹੇਤੁ ਦੀ ਪ੍ਰੋੜਤਾ ਅਤੇ ਪ੍ਰਤਿਗ੍ਯਾ ਦਾ, ਨਿਰਣਾਤਮਕ ਰੂਪ ਵਿਚ ਜ਼ੋਰ ਦੇ ਕੇ, ਸਮਰਥਨ ਕਰਦੇ ਹਨ, ਜੋ ਪਹਿਲਾਂ ਪੇਸ਼ ਕਰਨ ਵੇਲੇ ਸੰਸਾਪੂਰਵਕ ਸੀ ਉਦਾਹਰਣ ਵਿਚ ਹੇਤੁ ਅਤੇ ਵਿਸ਼ੇਸ਼ਕ (ਆਧੇਯ, ਵਿਧੇਯ, ਗੁਣ, ਲੱਛਣ) ਦੇ ਵਿਆਪਕ ਸੰਬੰਧ ਸਾਬਤ ਹੋ ਜਾਣ ਤੇ ਵਿਰੋਧੀ ਨੂੰ ਇਹ ਕਹਿਣ ਦਾ ਮੌਕਾ ਨਹੀ ਮਿਲਦਾ ਕਿ ਉਪਨਯ ਸਿਰਫ ਜਾਤਿਉੱਤਰ ਹੀ ਹੈ ਕਿਉਂਕਿ ਇਸ ਦਾ ਆਧਾਰ ਸਿਰਫ ਸਮਰੂਪਤਾ ਜਾਂ ਭਿੰਨਤਾ ਨਹੀਂ, ਬਲਕਿ ਆਮ ਤੱਤ ਹੈ ਜੋ ਉਦਾਹਰਣ ਰਾਹੀਂ ਸਥਾਪਤ ਕੀਤਾ ਗਿਆ ਹੈ

ਅੱਗੇ ਚੱਲ ਕੇ ਵਾਤਸਯਾਇਨ ਬੋਧੀ ਵਿਚਾਰਧਾਰਾ ਦੇ ਵਿਗਿਆਨਵਾਦ ਅਤੇ ਕਛਿਣਕਵਾਦ (ਛਿਨਭੰਗਰ ਜਾਂ ਖਿਨਭੰਗਰ) ਸਿਧਾਂਤਾਂ ਦੀ ਅਲੋਚਨਾ ਵੀ ਇਸੇ ਭਾਵਨਾ ਨਾਲ ਕਰਦੇ ਹਨ ਬੋਧੀ ਵਿਚਾਰਧਾਰਾ ਅਤੇ ਤਰਕਸ਼ਾਸਤਰ ਦਾ ਸਰਵੇਖਣ ਅਸੀ ਅੱਗੇ ਚੱਲ ਕੇ ਕਰਾਂਗੇ ਕਿ ਇਹ ਵਿਚਾਰ ਅਧੁਨਿਕ ਵਿਗਿਆਨਕ ਉਪਲਭਦੀਆਂ ਦੇ ਕਿੰਨੇ ਕੁ ਨੇੜੇ ਹਨ

ਉਦਯੋਤਕਰ  (635 ਈ)

ਰਿਸ਼ੀ ਉਦਯੋਤਕਰ, ਨਿਆਇ-ਸੂਤਰ ਉੱਪਰ ਨਿਆਇ-ਵਾਰਤਕ ਨਾਮ ਦੀ ਉੱਪਟੀਕਾ ਦੇ ਰਚਨਾਕਾਰ ਸਨ ਇਸ ਦਾ ਰਚਨਾਕਾਲ, ਰਾਜਾ ਹਰਸ਼ਵਰਧਨ (ਰਾਜਾ ਸ਼੍ਰੀ ਹਰਸ਼) ਦੇ ਰਾਜ ਕਾਲ ਦਾ ਮੰਨਿਆ ਜਾਂਦਾ ਹੈ ਰਾਜਾ ਹਰਸ਼ਵਰਧਨ ਥਾਨੇਸ਼ਵਰ ਦਾ ਰਾਜਾ ਸੀ (692-644 ਈ) ਚੀਨ ਦੇ ਮਸ਼ਹੂਰ ਤੀਰਥ-ਯਾਤਰੀ ਹੀਊਨ-ਸੈਂਗ ਨੇ ਇਸ ਸਮੇ ਭਾਰਤ ਦੀ ਯਾਤਰਾ ਕੀਤੀ ਸੀ ਬੋਧੀ ਮਹਾਨ ਤਾਰਕਿਕ ਭਿਖਸ਼ੂ ਧਰਮਕੀਰਤੀ ਨੂੰ ਉਦਯੋਤਕਰ ਦਾ ਸਮਕਾਲੀ ਮੰਨਿਆ ਜਾਂਦਾ ਹੈ

ਉਦਯੋਤਕਰ ਵੀ ਵਾਤਸਯਾਇਨ ਦੀ ਤਰ੍ਹਾ ਬੋਧੀ ਤਾਰਕਿਕਾ, ਜੈਸੇ ਰਿਸ਼ੀ ਦਿਨਨਾਗ ਅਤੇ ਨਾਗਾਰਜੁਨ ਆਦਿ ਦੇ ਤਰਕਸ਼ਾਸਤਰ ਦੀ ਵਿਰੋਧਤਾ ਕਰਦੇ ਹਨ ਉਹ ਰਿਸ਼ੀ ਦਿਨਨਾਗ ਨੂੰ ਆਪਣੀ ਸਮੁੱਚੀ ਰਚਨਾ ਵਿਚ ਬੜੇ ਸਤਿਕਾਰ ਮਾਣ ਨਾਲ ਭਦੰਤ (ਸਤਿਕਾਰਯੋਗ ਬੋਧੀ ਭਿਖਸ਼ੂ) ਕਹਿ ਕੇ ਪੁਕਾਰਦੇ ਹਨ ਨਿਆਇਵਾਰਤਕ ਵਿਚ ਦਿਨਨਾਗ ਦੀ ਪ੍ਰਤੱਖਣ (ਪ੍ਰਤਿਅਕਸ਼) ਦੀ ਪਰਿਭਾਸ਼ਾ ਦੀ ਅਲੋਚਨਾ ਕੀਤੀ ਗਈ ਹੈ ਦਿਨਨਾਗ ਦੀ ਪਰਿਭਾਸ਼ਾ ਇਸ ਪ੍ਰਕਾਰ ਹੈ:

ਪ੍ਰਤਿਅਕਸ਼ ਉਹ ਗਿਆਨ ਹੈ ਜੋ ਕਲਪਨਾ ਤੋਂ ਮੁਕਤ ਹੈ, ਅਰਥਾਤ ਇਸ ਦਾ ਜਾਤੀ (ਸਮਾਨ੍ਯਤਾ) ਅਤੇ ਨਾਮ (ਵਿਸ਼ੇਸ਼) ਨਾਲ ਕੋਈ ਸੰਬੰਧ ਨਹੀ ਹੈ ਅਸਲ ਵਿਚ  ਪ੍ਰਤਿਅਕਸ਼ (ਪ੍ਰਤੱਖਣ) ਇਕ ਸ਼ੁੱਧ ਸੰਵੇਦਨਾ (ਇੰਦ੍ਰੀਆਈ-ਬੋਧ) ਹੈ ਜਿਸ ਨੂੰ ਨਾਮ ਨਹੀ ਦਿੱਤਾ ਜਾ ਸਕਦਾ ਅਤੇ ਨਾ ਹੀ ਇਸ ਦੀ ਕੋਈ ਜਾਤੀ (ਵਰਗ) ਹੈ ਇਹ ਆਪਣੇ ਆਪ ਵਿਚ ਵਿਸ਼ਿਸ਼ਟ ਹੈ ਅਤੇ ਇਸ ਦਾ ਬੋਧ ਵੀ ਆਪਣੇ ਆਪ ਹੀ ਹੁੰਦਾ ਹੈ

ਉਦਯੋਤਕਰ ਇਸ ਪਰਿਭਾਸ਼ਾ ਨੂੰ ਅਨਰਥਕ (ਅਰਥ-ਰਹਿਤ) ਅਤੇ ਅਸੰਗਤੀ ਮੰਨਦੇ ਹਨ ਜੇ ਨਿਸ਼ਚਿਤ ਗਿਆਨ ਨੂੰ ਨਾਮ ਨਹੀ ਦਿੱਤਾ ਜਾ ਸਕਦਾ ਤਾਂ ਇਸ ਨੂੰ ਪ੍ਰਤਿਅਕਸ਼ (ਪ੍ਰਤੱਖ) ਕਿਵੇਂ ਕਿਹਾ ਜਾ ਸਕਦਾ? “ਪ੍ਰਤਿਅਕਸ਼ ਸ਼ਬਦ ਬਿਲਕੁਲ ਬੇਅਰਥ ਹੋਵੇਗਾ ਜੇਕਰ ਇਸ ਰਾਹੀਂ ਪ੍ਰਗਟ ਗਿਆਨ ਨੂੰ ਨਾਮ ਨਹੀ ਦਿੱਤਾ ਜਾ ਸਕਦਾ ਇਸੇ ਤਰ੍ਹਾਂ ਜੇ ਪ੍ਰਤਿਅਕਸ਼ ਤੋਂ ਭਾਵ ਕੋਈ ਵਿਸ਼ੇਸ਼ ਵਸਤੂ ਹੈ (ਸਵੈ-ਰੂਪ) ਨਾ ਕਿ ਕੋਈ ਜਾਤੀਗਤ ਵਸਤੂ (ਸਮਾਨ੍ਯਤਾ) ਤਾਂ ਇਸ ਨੂੰ ਸਾਡਾ ਮਨ ਗ੍ਰਹਿਣ ਨਹੀ ਕਰ ਸਕਦਾ, ਅਤੇ ਅਸੀਂ ਇਹ ਗਿਆਨ ਦੂਜਿਆਂ ਨੂੰ ਨਹੀ ਦੱਸ ਸਕਦੇ, ਕਿਉਂਕਿ ਸਾਡਾ ਵਿਸ਼ੇਸ਼ ਵਸਤੂਗਤ ਗਿਆਨ, ਹਮੇਸ਼ਾ ਜਾਤੀ ਦਾ ਗਿਆਨ ਹੀ ਹੁੰਦਾ ਹੈ ਇਸ ਅਲੋਚਨਾ ਤੋਂ ਬਾਅਦ ਉਦਯੋਤਕਰ ਪ੍ਰਤਿਅਕਸ਼ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੰਦੇ ਹਨ: ‘ਪ੍ਰਤਿਅਕਸ਼ ਉਹ ਗਿਆਨ ਹੈ ਜੋ ਇੰਦ੍ਰੀ ਅਤੇ ਉਸ ਦੇ ਵਿਸ਼ਾ-ਵਸਤੂ (ਇੰਦ੍ਰੀਆਰਥ) ਦੇ ਸੁਮੇਲ (ਸੰਨਿਕਰਸ਼ ਜਾਂ ਸੰਨਿਕਰਖ) ਤੋਂ ਪੈਦਾ ਹੁੰਦਾ ਹੈ’ ਉਦਯੋਤਰਕਰ ਛੇ ਪ੍ਰਕਾਰ ਦੇ ਸੰਨਿਕਰਖ ਦੀ ਵਿਆਖਿਆ ਇਸ ਪ੍ਰਕਾਰ ਕਰਦੇ ਹਨ

 1. ਸੰਯੋਗ (ਜਾਂ ਸੰਜੋਗ) ਜੈਸੇ, ਅੱਖ ਦੇ ਸਾਹਮਣੇ ‘ਘੜੇ’ ਦਾ ਮੌਜੂਦ ਹੋਣਾ (ਸੰਜੋਗ) ਘੜੇ ਦਾ ਪ੍ਰਤੱਖਣ ਹੈ।
 2. ਸੰਯੁਕਤ-ਸਮਵਾਯ  - ਜੈਸੇ, ਘੜਾ ਅਤੇ ਉਸਦੇ ਰੰਗ ਦਾ ਸੁਮੇਲ। ਇਹ ਸੰਯੁਕਤਸਮਵਾਯ ਸੰਬੰਧ ਹੈ। ਘੜੇ ਦੇ ਪ੍ਰਤੱਖਣ ਵੇਲੇ ਉਸ ਦੇ ਰੰਗ ਦਾ ਵੀ ਪ੍ਰਤੱਖਣ ਹੁੰਦਾ ਹੈ।
 3. ਸੰਯੁਕਤ-ਸਮਵੇਤ-ਸਮਵਾਯ ਜੈਸੇ, ਘੜੇ ਦਾ ਅਤੇ ਉਸਦੇ ਰੰਗ ਦਾ ਅੱਖ ਨਾਲ ਸੰਯੋਗ ਹੋਣ ‘ਤੇ ਸਾਨੂੰ ਰੰਗ ਦੀ ਵਿਆਪਕਤਾ (ਰੰਗੀਨਤਾ, ਅਰਥਾਤ ਰੰਗ ਦਾ ਸਾਮਾਨ੍ਯ ਗੁਣ) ਦਾ ਬੋਧ ਵੀ ਹੁੰਦਾ ਹੈ, ਉਹ ਰੰਗੀਨਤਾ ਜਿਸ ਦਾ ਰੰਗ ਨਾਲ ਸਮਵਾਯ ਸੰਬੰਧ ਹੈ। ਕੀ ਰੰਗੀਨਤਾ ਅਤੇ ਰੰਗਦਾ ਇਕ ਦੂਸਰੇ ਤੋਂ ਅਲਗ ਕੋਈ ਸੁਤੰਤਰ ਵਜੂਦ ਹੈ ਜਾ ਨਹੀ ? ਇਸ ਸਵਾਲ ਬਾਰੇ ਵੀ ਭਾਰਤੀ ਤਾਰਕਿਕਾਂ ਨੇ ਡੂੰਘੇ ਵਿਸਤਾਰ ਨਾਲ ਜਾਂਚ ਪੜਤਾਲ (ਅਨਵੇਸ਼ਣ) ਕੀਤੀ ਹੈ।
 4. ਸਮਵਾਯ ਜੈਸੇ, ਜਦੋਂ ਸਾਨੂੰ ਆਵਾਜ਼ (ਜਾਂ ਧੁਨੀ) ਦਾ ਬੋਧ ਹੁੰਦਾ ਹੈ ਜਿਸ ਦਾ ਸਾਡੇ ਕੰਨ ਦੇ ਪੋਲ ਨਾਲ ਸਮਵਾਯ ਸੰਬੰਧ ਹੈ। ਜਿਵੇਂ ਤਾਗੇ ਅਤੇ ਕੱਪੜੇ ਦਾ ਸਮਵਾਯ ਸੰਬੰਧ ਹੁੰਦਾ ਹੈ।
 5. ਸਮਵੇਤ-ਸਮਵਾਯ ਜੈਸੇ, ਇਕ ਵਿਸ਼ੇਸ਼ ਧੁਨ ਤੋਂ ਸਾਨੂੰ ਧੁਨੀਅਤਾ (ਧੁਨੀ ਦੀ ਵਿਆਪਕਤਾ) ਦਾ ਬੋਧ ਹੋਣਾ। ਇਸ ਵਿਚ ਧੁਨੀਅਤਾ ਦਾ ਧੁਨੀ ਨਾਲ ਸਮਵਾਯ ਸੰਬੰਧ ਹੈ ਅਤੇ ਇਸ ਦੇ ਪ੍ਰਤਿ ਧੁਨੀਅਤਾ ਦਾ ਸਾਡੇ ਕੰਨ ਦੇ ਪੋਲ ਨਾਲ ਸੰਮਵਾਯ ਸੰਬੰਧ ਹੋਣ ਨਾਲ ਸਾਨੂੰ ਧੁਨ ਦਾ ਬੋਧ ਹੁੰਦਾ ਹੈ।
 6. ਵਿਸ਼ੇਸ਼ਣਤਾ ਜਾ ਵਿਲੱਖਣਤਾ (ਖਸੂਸੀਅਤ)। ਇਹ ਇਕ ਵਸਤੂ ਨੂੰ ਦੂਜੀ ਵਸਤੂ ਤੋਂ ਭਿੰਨ ਕਰਨ ਵਾਲਾ ਖਾਸ ਗੁਣ (ਜਾਂ ਧਰਮ) ਹੈ, ਭਾਵ ਕਿਸੇ ਚੀਜ਼ ਦਾ ਵਿਅੱਕਤੀਤਵ ਹੈ ਜੈਸੇ, ਅਸੀਂ ਕਿਸੇ ਚੀਜ਼ ਦੇ ਅਭਾਵ (ਗੈਰਮੌਜੂਦਗੀ, ਅਨ-ਉਪਸਥਿਤੀ, ਅਣਹੋਂਦ) ਦਾ ਪ੍ਰਤੱਖਣ ਕਰਦੇ ਹਾਂ, ਉਸ ਥਾਂ ਦਾ ਵਿਸ਼ੇਸ਼ੀਕਰਣ ਕਰਕੇ ਜਿਸ ਥਾਂ ਤੇ ਉਸਦੀ ਮੌਜੂਦਗੀ ਹੋ ਸਕਦੀ ਸੀ ਦੂਜੇ ਸ਼ਬਦਾਂ ਵਿਚ ਖਾਲੀ ਜਗ੍ਹਾ ਦੇ ਪ੍ਰਤੱਖਣ ਤੋਂ ਅਸੀਂ ਇਹ ਕਹਿੰਦੇ ਹਾਂ ਕਿ ਫਲਾਣੀ ਫਲਾਣੀ ਚੀਜ਼ ਇੱਥੇ ਮੌਜੂਦ ਨਹੀ ਹੈ ਖਾਲੀਪਣ ਜਗ੍ਹਾ ਦੀ ਵਿਸ਼ੇਸ਼ਣਤਾ ਹੈ

ਅਨੁਮਾਨ ਦੀ ਪਰਿਭਾਸ਼ਾ: ਉਦਯੋਤਕਰ, ਅਨੁਮਾਨ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੰਦੇ ਹਨ:

ਅਨੁਮਾਨ ਉਹ ਗਿਆਨ ਹੈ ਜੋ ਪਹਿਲਾਂ ਹੇਤੁ (ਕਾਰਣ) ਦੇ ਪ੍ਰਤੱਖ ਗਿਆਨ ਅਤੇ ਇਸ ਦੇ ਵਿਧੇਯ ਨਾਲ ਵਿਆਪਕ ਸੰਬੰਧ (ਵਿਆਪਤੀ) ਦੇ ਯਾਦ ਆਉਂਣ ਤੋਂ ਬਾਅਦ ਪੈਦਾ ਹੁੰਦਾ ਹੈ ਉਦਾਹਰਣ ਵਜੋਂ ਮੈਨੂੰ ਦੂਰ ਇਕ ਪਰਬਤ ਤੇ ਧੂੰਆ (ਹੇਤੁ) ਦਿਖਾਈ ਦਿੰਦਾ ਹੈ (ਧੂੰਏ ਦਾ ਪ੍ਰਤੱਖ ਗਿਆਨ), ਫਿਰ ਮੈਨੂੰ ਯਾਦ ਆਉਂਦਾ ਹੈ ਕਿ ਧੂੰਏ ਦਾ ਅੱਗ (ਵਿਧੇਯ ਜਾਂ ਪ੍ਰਤਿਪਾਦ) ਨਾਲ ਵਿਆਪਕ ਸੰਬੰਧ ਹੈ (ਯਤ੍ਰ ਯਤ੍ਰ ਧੂਮਸ, ਤਤ੍ਰ ਤਤ੍ਰ ਵਹਿਨਹ ਜਿੱਥੇ ਜਿੱਥੇ ਧੂੰਆ, ਉੱਥੇ ਉੱਥੇ ਅੱਗ) ਤਾਂ ਮੈ ਇਹ ਅਨੁਮਾਨ ਕਰਦਾ ਹਾਂ ਕਿ ਇਸ ਪਰਬਤ ਉਪਰ ਅੱਗ ਹੈ

ਵਾਚਸਪਤੀ ਮਿਸ਼੍ਰ (841 ਈ:)

ਵਾਚਸਪਤੀ ਮਿਸ਼੍ਰ ਨੂੰ ਇਕ ਮਹਾਨ ਵਿਦਵਤਾ ਵਾਲਾ ਤਾਰਕਿਕ ਮੰਨਿਆ ਜਾਂਦਾ ਹੈ ਉਸ ਨੇ ਵਾਤਸਯਾਇਨ ਦੀ ਕਿਰਤ ਨਿਆਇਵਾਰਤਕ ਦੇ ਸਮਰਥਨ ਵਿਚ ਇਕ ਟੀਕਾ ਲਿਖੀ ਜਿਸ ਦਾ ਨਾਮ ਸੀ ਨਿਆਇਵਾਰਤਕ ਤਾਤਪਰਯ ਟੀਕਾ

ਵਾਚਸਪਤੀ ਨੂੰ ਬਿਹਾਰ ਵਿਚ ਦਰਭੰਗਾ ਦੇ ਨੇੜੇ ਮਿਥਲਾ ਸਥਾਨ ਦਾ ਰਹਿਣ ਵਾਲਾ ਮੰਨਿਆ ਜਾਂਦਾ ਹੈ ਉਸਨੇ 841 ਈ ਵਿਚ ਨਿਆਇਸੂਤਰ ਦੀ ਵਿਸ਼ਾ-ਸੂਚੀ ਵੀ ਤਿਆਰ ਕੀਤੀ ਜਿਸ ਦਾ ਨਾਮ ਨਿਆਇ-ਸੂਚੀ-ਨਿਬੰਧ ਸੀ

ਵਾਚਸਪਤੀ ਨੇ ਤਰਕਵਿਦਿਆ ਆਪਣੇ ਗੁਰੂ ਕੋਲੋਂ ਸਿੱਖੀ ਜਿਸ ਦਾ ਨਾਮ ਉਹ ਤ੍ਰਿਲੋਚਨ ਦੱਸਦੇ ਹਨ ਅਤੇ ਇਹ ਵੀ ਕਹਿੰਦੇ ਹਨ ਕਿ ਪ੍ਰਤਿਅਕਸ਼ ਦਾ ਦੋ ਹਿੱਸਿਆਂ ਵਿਚ ਵਿਭਾਜਨ ਸਵਿਕਲਪ ਅਤੇ ਨਿਰਵਿਕਲਪ ਵੀ ਉਸਨੇ ਰਿਸ਼ੀ ਤ੍ਰਿਲੋਚਨ ਤੋਂ ਹੀ ਸਿੱਖਿਆ ਰਿਸ਼ੀ ਤ੍ਰਿਲੋਚਨ ਨੂੰ ਵਿਸ਼ੇਸ਼ਕ ਵਿਚਾਰਧਾਰਾ ਦਾ ਅਨੁਯਾਈ ਅਤੇ ਕਰਤਾ ਮੰਨਿਆ ਜਾਂਦਾ ਹੈ ਤ੍ਰਿਲੋਚਨ ਦੇ ਸਮਵਾਯ ਅਤੇ ਸਹਿਕਾਰੀਕਾਰਣਦੇ ਸਿਧਾਤਾਂ ਉੱਪਰ ਬੋਧੀ ਤਾਰਕਿਕ ਰਤਨਕੀਰਤੀ ਨੇ ਕਰੜੀ ਅਲੋਚਨਾ ਕੀਤੀ ਹੈ ਵਾਚਸਪਤੀ ਨੇ ਤਰਕਸ਼ਾਸਤਰ ਦੇ ਵਿਸ਼ੇ ਉੱਪਰ ਕਾਫੀ ਕੁੱਝ ਲਿਖਿਆ ਅਤੇ ਉਨ੍ਹਾਂ ਦੀਆਂ ਟੀਕਾ ਭਾਮਤੀ-ਟੀਕਾ (ਵੇਦਾਂਤ-ਭਾਸ਼ ਦੀ ਅਲੋਚਨਾ) ਅਤੇ ਸਾਂਖ-ਤਤਵ-ਕੌਮੁਦੀ (ਕੌਮੁਦੀ -ਵਿਸਤਾਰ), ਸਾਂਖ-ਕਾਰਿਕਾ ਦੀ ਅਲੋਚਨਾ, ਕਾਫੀ ਮਸ਼ਹੂਰ ਹਨ ਉਹ ਭਾਰਤ ਦੇ ਸਭ ਦਾਰਸ਼ਨਿਕ ਸੰਪ੍ਰਦਾਇਆਂ ਦੇ ਮਾਹਰ ਸਨ ਪਰ ਕਿਸੇ ਦੇ ਵੀ ਪੱਕੇ ਤੌਰ ਤੇ ਉਪਾਸਕ ਨਾ ਹੋਣ ਕਰਕੇ ਉਨ੍ਹਾਂ ਨੂੰ ਸਰਵਤੰਤਰ-ਸ੍ਵਤੰਤਰ(ਸਾਰੇ ਤੰਤਰਾਂ ਦਾ ਮਾਹਰ ਪ੍ਰੰਤੂ ਨਿਰਭਰ ਕਿਸੇ ‘ਤੇ ਵੀ ਨਹੀ) ਵੀ ਕਿਹਾ ਜਾਂਦਾ ਸੀ ਆਪਣੀ ਰਚਨਾ ‘ਨਿਆਇ-ਵਾਰਤਕ-ਤਾਤਪਰਯ-ਟੀਕਾ’ ਵਿਚ ਉਹ ਜ਼ਿਆਦਾ ਕਰਕੇ ਬੋਧੀ ਤਾਰਕਿਕ ਦਿਨਨਾਗ ਅਤੇ ਧਰਮਕੀਰਤੀ ਨੂੰ ਹੀ ਆਪਣੀ ਟਿੱਪਣੀ ਦਾ ਵਿਸ਼ਾ ਬਣਾਉਂਦੇ ਹਨ

ਵਾਚਸਪਤੀ ਦੀ ਸਵਿਕਲਪਕ  ਅਤੇ ਨਿਰਵਿਕਲਪਕ  ਪ੍ਰਤੀਅਕਸ਼ ਦੀ ਵਿਆਖਿਆ

ਆਪਣੇ ਗੁਰੂ, ਰਿਸ਼ੀ ਤ੍ਰਿਲੋਚਨ ਦੇ ਵਿਚਾਰਾਂ ‘ਤੇ ਆਧਾਰਤ ਵਾਚਸਪਤੀ, ਪ੍ਰਤਿਅਕਸ਼ ਨੂੰ ਦੋ ਪ੍ਰਕਾਰ ਵਿਚ ਵੰਡਦੇ ਹਨ, ਸਵਿਕਲਪ ਅਤੇ ਨਿਰਵਿਕਲਪ ਪ੍ਰਤਿਅਕਸ਼

ਸਵਿਕਲਪ  ਗਿਆਨ ਕਿਸੇ ਵਿਸ਼ਿਸ਼ਟ ਵਸਤੂ ਦਾ ਗਿਆਨ ਹੈ ਜਿਸ ਦੀ ਜਾਤੀ (ਵਰਗ) ਉਸ ਦਾ ਵਿਸ਼ੇਸ਼ੀਕਰਣ ਹੈ ਜੈਸੇ ਇਹ ਕਹਿਣਾ ਇਹ ਇਕ ਆਦਮੀ ਹੈ ਇਸ ਤੋਂ ਇਹਭਾਵ ਵਿਸ਼ੇਸ਼ ਆਦਮੀ ਆਦਮ ਜਾਤੀ ਨਾਲ ਸੰਬੰਧ ਰੱਖਦਾ ਹੈ ਮਤਲਬ ਕਿ ਵਿਸ਼ੇਸ਼ ਵਸਤੂ ਦਾ ਗਿਆਨ ਉਸਦੀ ਸਮਾਨ੍ਯ (ਆਮ) ਜਾਤੀ ਦੇ ਗਿਆਨ ਦੁਆਰਾ ਹੀ ਹੁੰਦਾ ਹੈ

ਇਸ ਦੇ ਉਲਟ (ਵਿਲੋਮ) ਨਿਰਵਿਕਲਪ  ਪ੍ਰਤਿਅਕਸ਼ ਉਹ ਗਿਆਨ ਹੈ ਜੋ ਕਿਸੇ ਵਸਤੂ ਦੇ ਸਾਡੀਆਂ ਇੰਦ੍ਰੀਆਂ ਨਾਲ ਸੰਯੋਗ (ਨਿਸ਼ਕਰਸ ਜਾਂ ਨਿਸ਼ਕਰਸ਼) ਤੋਂ ਪੈਦਾ ਹੁੰਦਾ ਹੈ ਮਤਲਬ ਕਿ ਵਸਤੂ ਦੀ ਵਿਸ਼ੇਸ਼ਤਾ ਦਾ ਗਿਆਨ ਸਾਨੂੰ ਸਿੱਧਾ ਹੁੰਦਾ ਹੈ

ਵਾਚਸਪਤੀ ਦਾ ਪ੍ਰਮਾ ਅਤੇ ਅਪ੍ਰਮਾ ਗਿਆਨ ਦਾ ਸਿਧਾਂਤ

ਵਾਚਸਪਤੀ ਪ੍ਰਮਾ (ਤਤਵ-ਗਿਆਨ) ਅਤੇ ਅਪ੍ਰਮਾ (ਮਿਥਿਆ) ਗਿਆਨ ਦੇ ਅੰਤਰ ਦੀ ਵਿਆਖਿਆ ਕਰਦੇ ਹੋਏ ਕਹਿੰਦੇ ਹਨ: ਵਸਤੂ ਦੀ  ਅਸਲੀ ਹੋਂਦ (ਯਥਾਰਥਾ, ਸਵੈ-ਲਕਸ਼ਣ) ਦਾ ਗਿਆਨ ਤਤਵ ਗਿਆਨ ਹੈ, ਅਤੇ ਵਸਤੂ ਦਾ ਉਹ ਗਿਆਨ ਜੈਸੀ ਉਹ ਨਹੀ ਹੈ, ਮਿਥਿਆ ਗਿਆਨ ਹੈ ਵਾਚਸਪਤੀ ਮਿਥਿਆ ਗਿਆਨ (ਅਪ੍ਰਮਾ) ਬਾਰੇ ਪੰਜ ਸਿਧਾਂਤ ਪੇਸ਼ ਕਰਦੇ ਹਨ

 1. ਆਤਮ-ਖ੍ਯਾਤੀ (ਆਤਮ ਪ੍ਰਗਟਾਵਾ) ਇਹ ਉਹ ਅਪ੍ਰਮਾ ਹੈ ਜਿਸ ਵਿਚ ਵਸਤੂਆਂ ਦੇ ਬੋਧ ਨੂੰ, ਜੋ ਸਿਰਫ ਸਾਡੇ ਮਨ ਵਿਚ ਹੀ ਹੁੰਦੀਆਂ ਹਨ, ਬਾਹਰਲੀਆਂ ਅਸਲੀ ਵਸਤੂਆਂ ਮੰਨ ਲਿਆ ਜਾਂਦਾ ਹੈ ਯੋਗਚਾਰ ਮਤ ਦੇ ਬੋਧੀ ਕਛਣਿਕ (ਛਿਣਭੰਗਰ) ਵਿਗਿਆਨਵਾਦ ਦੇ ਸਿਧਾਂਤ ਅਨੁਸਾਰ ਕਹਿੰਦੇ ਹਨ ਕਿ ਸਾਡੀ ਬੁੱਧੀ ਹੀ ਅਸਲੀਅਤ (ਯਥਾਰਥ) ਹੈ, ਅਤੇ ਪਦਾਰਥਾਂ ਨੂੰ ਬਾਹਰੀ ਅਸਲੀਅਤ ਮੰਨਣਾ ਆਤਮ-ਖ੍ਯਾਤੀ ਹੈ

 2. ਅਸਤਖ੍ਯਾਤੀ ਇਹ ਉਹ ਮਿਥਿਆ ਗਿਆਨ ਹੈ ਜਿਸ ਵਿਚ ਇਕ ਵਸਤੂ, ਜਿਸ ਦੀ ਹੋਂਦ ਨਹੀ ਹੈ, ਅਸਲੀ ਪ੍ਰਗਟ ਹੁੰਦੀ ਹੈ ਜੈਸੇ ਭੁਲੇਖੇ ਵਿਚ ਰੱਸੀ ਨੂੰ ਸੱਪ ਸਮਝ ਲੈਣਾ ਮਾਧਿਆਮਿਕ ਵਿਚਾਰਧਾਰਾ ਦੇ ਬੋਧੀ ਆਪਣੇ ਸ਼ੂਨ੍ਯਵਾਦੀ ਸਿਧਾਂਤ ਅਨੁਸਾਰ ਇਹ ਕਹਿੰਦੇ ਹਨ ਕਿ ਰੱਸੀ ਵਿਚ ਸੱਪ ਅਤਿਅੰਤ ਅਸਤ (ਅਵਾਸਤਵਿਕ, ਅਯਥਾਰਥਕ, ਖਿਆਲੀ) ਹੈ, ਅਤੇ ਅਤਿਅੰਤ ਅਸਤ ਪਦਾਰਥ (ਇਸ ਵਿਸ਼ੇ ਵਿਚ ਸੱਪ) ਦੀ ਰੱਸੀ ਵਿਚ ਪ੍ਰਤੀਤੀ (ਪ੍ਰਗਟਹੋਣਾ) ਅਸਤਖ੍ਯਾਤੀ  ਹੈ ਭਾਵ, ਰੱਸੀ ਨੂੰ ਸੱਪ ਸਮਝ ਲੈਣਾ ਅਸਤਖ੍ਯਾਤੀ ਹੈ

 3. ਅਨਿਰਵਚਨੀਯ-ਖ੍ਯਾਤੀ ਇਹ ਉਹ ਅਪ੍ਰਮਾ ਹੈ ਜਿਸ ਵਿਚ ਕੋਈ ਚੀਜ਼ (ਵਸਤੁ) ਇਸ ਤਰ੍ਹਾ ਪ੍ਰਗਟ ਹੁੰਦੀ ਹੈ, ਜਿਸ ਵਿਚ ਨਾ ਤਾ ਅਸੀ ਉਸਦੀ ਹੋਂਦ ਦੀ ਪਰਿਭਾਸ਼ਾ ਦੇ ਸਕਦੇ ਹਾਂ ਅਤੇ ਨਾ ਹੀ ਉਸਦੀ ਅਣਹੋਂਦ ਦੀ ਜੈਸੇ, ਜਦੋ ਅਸੀਂ ਰੱਸੀ ਨੂੰ ਸੱਪ ਸਮਝ ਬੈਠਦੇ ਹਾਂ ਤਾਂ ਨਾ ਤਾਂ ਸਾਡਾ ਗਿਆਨ ਸੱਪ ਦਾ ਹੁੰਦਾ ਹੈ ਅਤੇ ਨਾ ਹੀ ਰੱਸੀ ਦਾ ਬਲਕਿ ਉਸ ਚੀਜ਼ ਦਾ ਹੁੰਦਾ ਹੈ ਜਿਸ ਦੀ ਅਸਲੀਅਤ ਦੀ ਪਰਿਭਾਸ਼ਾ ਅਸੀ ਦੇ ਨਹੀ ਸਕਦੇਅਦਵੈਤ-ਵੇਦਾਂਤੀਆਂ  ਦਾ ਇਹ ਵੀ ਮੰਨਣਾ ਹੈ ਕਿ ਬਾਹਰੀ ਵਸਤੂਆਂ ਦੀ ਹੋਂਦ (ਯਥਾਰਥਤਾ) ਮੰਨ ਲੈਣਾ ਇਕ ਗਲਤ ਗਿਆਨ ਹੈ, ਕਿਉਂਕਿ ਇਹ ਵਸਤੂਆਂ ਅਨਿਰਵਚਨੀਯ  ਹਨ, ਅਰਥਾਤ ਨਾ ਤਾਂ ਇਨ੍ਹਾਂ ਦੀ ਕੋਈ ਅਸਲੀ ਹੋਂਦ ਹੈ ਅਤੇ ਨਾ ਹੀ ਇਹ ਇਸ ਹੋਂਦ ਤੋਂ ਖਾਲੀ ਹਨ, ਕਿਉਂਕਿ ਇਹ ਅਨੁਭਵ-ਸਿੱਧ ਹਨ, ਦ੍ਰਿਸ਼ਟਮਾਨ ਹਨ ਅਦਵੈਤ-ਵੇਦਾਂਤੀਆਂ ਦੇ ਮਤ ਅਨੁਸਾਰ ਅੰਤਹਕਰਣ ਦੀ ਵ੍ਰਿੱਤੀ ਨੇਤ੍ਰਾਂ ਦੁਆਰਾ ਨਿਕਲਕੇ ਬਾਹਰੀ ਵਸਤੂ (ਵਿਸ਼ਯ) ਦੇ ਆਕਾਰ ਦੀ ਹੋ ਜਾਂਦੀ ਹੈ, ਅਤੇ ਉਸ ਤੋਂ ਸਾਨੂੰ ਵਸਤੂ ਦਾ ਪ੍ਰਤੱਖ ਗਿਆਨ ਹੁੰਦਾ ਹੈ ਇਸ ਪ੍ਰਤੱਖਣ ਲਈ ਪ੍ਰਕਾਸ਼ ਦੀ ਸਹਾਇਤਾ ਦੀ ਵੀ ਲੋੜ ਪੈਂਦੀ ਹੈ, ਕਿਉਂਕਿ ਨੇਤ੍ਰਾਂ ਦੀ ਇਹ ਤਾਕਤ ਨਹੀ ਕਿ ਪ੍ਰਕਾਸ਼ ਬਿਨਾ ਕਿਸੇ ਪਦਾਰਥ ਦਾ ਪ੍ਰਤੱਖਣ ਕਰ ਸਕਣ ਜਿਥੇ ਕੁੱਝ ਅੰਧੇਰਾ (ਹਨੇਰਾ) ਹੋਵੇ, ਜਾਂ ਨੇਤ੍ਰਾਂ ਵਿਚ ਧੁੰਦ ਆਦਿ ਕੋਈ ਦੋਸ਼ ਹੋਵੇ, ਤਦ ਨੇਤ੍ਰਾਂ ਦੁਆਰਾ ਵ੍ਰਿੱਤੀ ਬਾਹਰ ਨਿਕਲਕੇ ਵੀ ਰੱਸੀ ਦੀ ਅਸਲ ਸ਼ਕਲ ਨੂੰ ਧਾਰਨ ਨਹੀ ਕਰ ਸਕਦੀ ਅਤੇ ਇਸੇ ਕਾਰਣ ਰੱਸੀ ਦੇ ਆਵਰਣ (ਪਰਦਾ, ਅਵਿਦਿਆ, ਅਗਿਆਨ) ਨੂੰ ਮਿਟਾ ਨਹੀ ਸਕਦੀ ਇਸ ਤੋਂ ਰੱਸੀ ਉਪਹਿਤ (ਉਪਾਧੀ ਵਾਲਾ, ਖਿਤਾਬ ਵਾਲਾ, ਧਾਰਣ ਕੀਤਾ ਹੋਇਆ) ਚੇਤਨ ਆਸ਼੍ਰਿਤ ਅਵਿਦਿਆ ਵਿਚ ਕਸ਼ੋਭ (ਛੋਭ, ਖੋਭ) ਅਵਿਦਿਆ ਹੀ ਸੱਪ ਦੇ ਆਕਾਰ ਨੂੰ ਪ੍ਰਾਪਤ ਹੋ ਜਾਂਦੀ ਹੈ ਸੋ ਅਵਿਦਿਆ ਦਾ ਕਾਰਜ (ਫਲ), ਸੱਪ, ਜੇ ਸੱਚਾ ਹੋਵੇ ਤਾਂ ਰੱਸੀ ਦੇ ਯਥਾਰਥ ਗਿਆਨ ਪਿੱਛੋਂ ਉਸ ਦਾ ਮਿਟ ਜਾਣਾ ਨਾ ਹੋਵੇ, ਪਰ ਰੱਸੀ ਦੀ ਅਸਲੀਅਤ ਸਮਝਣ ਤੋਂ ਸੱਪ ਦਾ ਭਾਨ (ਜ਼ਾਹਿਰ ਹੋਣਾ, ਪ੍ਰਤੀਤ ਹੋਣਾ) ਨਹੀ ਹੁੰਦਾ, ਇਸ ਲਈ ਸੱਪ ਸੱਚ ਨਹੀ, ਅਤੇ ਜੇ ਸੱਪ ਅਸਤ ਹੋਵੇ ਤਾਂ ਬੰਧ੍ਯਾ (ਭਾਵ ਬਾਂਝ ) ਦੇ ਪੁਤ੍ਰ ਦੀ ਤਰ੍ਹਾ ਕਦੇ ਪ੍ਰਤੀਤ ਹੀ ਨਾ ਹੋਵੇ, ਪਰ ਪ੍ਰਤੀਤ ਜ਼ਰੂਰ ਹੁੰਦਾ ਹੈ, ਇਸ ਲਈ ਅਸਤ ਵੀ ਨਹੀ ਇਸ ਤੋਂ ਨਿਸ਼ਚੇ ਹੁੰਦਾ ਹੈ ਕਿ ਸਤ, ਅਸਤ ਤੋਂ ਭਿੰਨ, ਅਨਿਰਵਚਨੀਯ ਹੈਅਨਿਰਵਚਨੀਯ ਦੀ ਖ੍ਯਾਤਿ (ਪ੍ਰਤੀਤਿ) ਅਨਿਰਵਚਨੀਯਖ੍ਯਾਤੀ  ਹੈ

 4. ਅਖ੍ਯਾਤਿ (ਅਖਿਆਤੀ) - ਇਹ ਉਹ ਗਿਆਨ ਹੈ ਜਿਸ ਵਿਚ ਸਾਨੂੰ ਇਕ ਵਸਤੂ ਤੋਂ ਦੂਸਰੀ ਵਸਤੂ ਦੇ ਭੇਦ (ਫਰਕ) ਦਾ ਪਤਾ ਨਹੀ ਲਗਦਾ, ਕਿਉਂਕਿ ਸਾਡੀ ਕਿਸੇ ਗਿਆਨਇੰਦ੍ਰੀ ਵਿਚ ਕਿਸੇ ਦੋਸ਼ ਦੇ ਕਾਰਨ ਭੁਲੇਖੇ ਤੋਂ ਅਸੀ ਇਹ ਕਹਿੰਦੇ ਹਾਂ ਕਿ ਇਕ ਚੀਜ਼ ਦੂਸਰੀ ਦੇ ਸਮਰੂਪ ਹੈ ਜਿਸ ਤਰ੍ਹਾਂ ਰੱਸੀ ਦੇਖਕੇ ਉਸਨੂੰ ਸੱਪ ਕਹਿ ਦੇਣਾ ਜਾਂ ਇਕ ਸਿੱਪੀ ਦੇਖ ਕੇ ਉਸਨੂੰ ਚਾਂਦੀ ਸਮਝ ਲੈਣਾ ਇਸ ਹਾਲਤ ਵਿਚ ਅਸੀ ਸਿੱਪੀ ਦਾ ਪ੍ਰਤੱਖਣ ਕਰਦੇ ਹਾਂ ਅਤੇ ਇਹ ਸਾਨੂੰ ਚਾਂਦੀ ਦੀ ਯਾਦ ਦਿਲਾਉਂਦੀ ਹੈ ਸਾਂਖ੍ਯ ਮਤ ਅਤੇ ਪ੍ਰਭਾਕਰ ਮਤ  ਅਖ੍ਯਾਤਿ ਬਾਬਤ ਨਿਸ਼ਚੇ ਕਰਦੇ ਹਨ ਕਿ ਰੱਸੀ ਨਾਲ ਆਪਣੀ ਵ੍ਰਿੱਤੀ ਦੁਆਰਾ ਨੇਤ੍ਰ ਦਾ ਸੰਬੰਧ ਹੋਣ ਤੋਂ, ਜਦ ਰੱਸੀ ਦਾ “ਇਹ” ਰੂਪ ਕਰਕੇ ਸਾਮਾਨ੍ਯਗਿਆਨ ਹੁੰਦਾ ਹੈ ਅਤੇ ਨਾਲ ਹੀ ਸੱਪ ਦੀ ਸਿਮ੍ਰਿਤੀ (ਯਾਦ) ਹੁੰਦੀ ਹੈ, ਤਦ ਇਹ ਸੱਪ ਹੈ ਇਹ ਭਾਨ (ਪ੍ਰਤੀਤਿ) ਹੁੰਦਾ ਹੈ ਇਸ ਗਿਆਨ ਵਿਚ ਦੋ ਅੰਸ਼ ਹਨ ਇਹਸਾਮਾਨ੍ਯ ਪ੍ਰਤੱਖ ਗਿਆਨ ਹੈ ਅਤੇ ਸੱਪ ਹੈ ਇਹ ਸਿਮ੍ਰਿਤ ਗਿਆਨ ਹੈ, ਇਨ੍ਹਾਂ ਦੋਹਾਂ ਗਿਆਨਾਂ ਦੇ ਹੁੰਦਿਆ ਭੀ ਦੇਖਣ ਵਾਲੇ ਦੇ ਭੈ (ਡਰ) ਦੋਸ਼ ਨਾਲ ਅਤੇ ਨੇਤ੍ਰਾਂ ਦੇ ਤਿਮਰ ਆਦਿ ਦੋਸ਼ ਕਰਕੇ ਇਹ ਪ੍ਰਤੀਤ ਨਹੀ ਹੁੰਦਾ ਕਿ ਮੈਨੂੰ ਦੋ ਗਿਆਨ ਹੋਏ ਹਨ ਇਨ੍ਹਾਂ ਦੋ ਗਿਆਨਾਂ ਦੇ ਅਵਿਵੇਕ ਨੂੰ ਹੀ ਅਖ੍ਯਾਤਿ ਕਿਹਾ ਜਾਂਦਾ ਹੈ

 5. ਅਨ੍ਯਥਾਖ੍ਯਾਤਿ ਮਿਥਿਆ ਗਿਆਨ ਵਿਚ ਜਦੋ ਇਕ ਆਦਮੀ ਇਕ ਚੀਜ਼ ਦਾ ਦੂਜੀ ਚੀਜ਼ ਹੋਣ ਦਾ ਭੁਲੇਖਾ ਖਾਂਦਾ ਹੈ ਤਾਂ ਇਸ ਵਿਚ ਵਾਸਤਵਿਕ ਪ੍ਰਤੱਖਣ ਜ਼ਰੂਰ ਹੁੰਦਾ ਹੈ, ਦੂਸਰੀ ਚੀਜ਼ ਦੇ ਵਿਕਲਪ ਦੇ ਰਾਹੀਂ ਕਿਉਂਕਿ ਜੇਕਰ ਇਹ ਪਹਿਲੀ ਚੀਜ਼ ਦਾ ਪ੍ਰਤੱਖਣ ਨਾ ਹੁੰਦਾ ਤਾਂ ਉਹ ਇਸ ਚੀਜ਼ ਨੂੰ ਉਠਾਉਣ ਦੀ ਕੋਸ਼ਿਸ਼ ਨਾ ਕਰਦਾ ਅਸਲੀਅਤ ਵਿਚ ਜਦੋਂ ਸਾਨੂੰ ਆਪਣੀ ਗਲਤੀ (ਭੁਲੇਖੇ) ਦਾ ਅਹਿਸਾਸ ਹੋ ਜਾਂਦਾ ਹੈ ਤਾਂ ਸਾਨੂੰ ਯਾਦ ਆਉਂਦਾ ਹੈ ਕਿ ਅਸੀਂ ਇਸੇ ਵਾਸਤਵਿਕ ਚੀਜ਼ ਦਾ ਪ੍ਰਤੱਖਣ ਕੀਤਾ ਸੀ ਇਸ ਲਈ ਵਾਚਸਪਤੀ ਦਾ ਮਤ ਹੈ ਕਿ ਅਨ੍ਯਥਾਖ੍ਯਾਤਿ ਹੀ ਮਿਥਿਆ ਗਿਆਨ ਦੀ ਉੱਤਪਤੀ ਦੀ ਤਸੱਲੀਬਖਸ਼ (ਸੰਤੁਸ਼ਟੀ) ਵਿਆਖਿਆ ਹੈਨੈਯਾਯਿਕ ਅਤੇ ਵੈਸ਼ੇਸ਼ਿਕ ਅਨ੍ਯਥਾਖ੍ਯਾਤਿ ਨੂੰ ਮੰਨਦੇ ਹਨ ਉਹ ਆਖਦੇ ਹਨ ਕਿ ਬਰਮੀ ਆਦਿ ਥਾਵਾਂ ਵਿਚ ਜੋ ਸੱਚਾ ਸੱਪ ਹੈ, ਭ੍ਰਮੀ ਆਦਮੀ ਉਸੇ ਨੂੰ ਹੀ ਨੇਤ੍ਰਾਂ ਨਾਲ ਵੇਖਦਾ ਹੈ, ਨੇਤ੍ਰਾਂ ਦੇ ਦੋਸ਼ ਕਰਕੇ ਉਹੀ ਰੱਸੀ ਵਿਚ ਸਾਹਮਣੇ ਪ੍ਰਤੀਤ ਹੁੰਦਾ ਹੈ ਇਕ ਪਦਾਰਥ ਦਾ ਅਨ੍ਯਥਾ ਭਾਨ (ਪ੍ਰਤੀਤ) ਹੋਣਾ ਅਨ੍ਯਥਾਖ੍ਯਾਤਿ ਹੈ

ਇੱਥੇ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਵਿਗਿਆਨਕ ਅਨੁਸੰਧਾਨ (ਖੋਜ) ਵਿਚ ਸਹੀ ਗਿਆਨ ਦਾ, ਉੱਪਰ ਦੱਸੇ, ਮਿਥਿਆ ਗਿਆਨ ਤੋਂ ਨਿਸ਼ਚਾਪੂਵਕ ਨਿਖੇੜਾ ਕਰਕੇ ਅਸਲੀਅਤ (ਯਥਾਰਥ) ਨੂੰ ਪਛਾਣਿਆ ਜਾਂਦਾ ਹੈ ਅਤੇ ਵਿਗਿਆਨਕ ਸਿਧਾਂਤ ਵਿਕਸਿਤ ਕੀਤੇ ਜਾਂਦੇ ਹਨ। 

ਵਾਚਸਪਤੀ ਦਾ ਉਪਾਧਿ ਦਾ ਸਿਧਾਂਤ

ਵਾਚਸਪਤੀ ਦੇ ਮਤ ਅਨੁਸਾਰ, ਅਨੁਮਾਨ (ਉਨਮਾਨੁ) ਹੇਤੁ ਅਤੇ ਸਾਧ੍ਯ (ਜਿਸ ਨੂੰ ਸਾਬਤ ਕਰਨਾ ਹੈ) ਦੇ ਆਪਸੀ ਸੰਬੰਧ, ਵਿਆਪਤੀ, ਤੇ ਨਿਰਭਰ ਕਰਦਾ ਹੈ ਤਾਂ ਫਿਰ ਇਹ ਵਿਆਪਤੀ ਕੀ ਹੈ? ਬੋਧੀ ਮਤ ਅਨੁਸਾਰ, ਜੇ ਹੇਤੁ ਦਾ ਸਾਧ੍ਯ ਨਾਲ ਸੰਬੰਧ ਕਾਰਣਤਾ (ਕਾਰਣ-ਕਾਰਜ) ਜਾਂ ਸਵੈਭਾਵ (ਇਕਰੂਪਤਾ) ਵਾਲਾ ਹੈ ਤਾਂ ਇਸ ਨੂੰ ਵਿਆਪਤੀ ਕਿਹਾ ਜਾਂਦਾ ਹੈ ਵਾਚਸਪਤੀ ਇਸ ਪਰਿਭਾਸ਼ਾ ਨੂੰ ਅਤਿ-ਸੰਕੀਰਣ (ਬਹੁਤ ਤੰਗ, ਸੌੜਾ) ਅਤੇ ਅਤਿ-ਵਿਸ਼ਾਲ (ਬਹੁਤ ਵਿਸਤ੍ਰਿਤ, ਵਿਆਪਕ) ਕਰਾਰ ਦਿੰਦੇ ਹਨ ਉਨ੍ਹਾਂ ਅਨੁਸਾਰ ਵਿਆਪਤੀ, ਹੇਤੁ ਅਤੇ ਸਾਧ੍ਯ ਦਾ ਉਹ ਸੰਬੰਧ ਹੈ ਜੋ ਊਪਾਧਿ  ਤੋਂ ਮੁਕਤ (ਆਜ਼ਾਦ, ਸੁਤੰਤਰ) ਹੈ ਉਹ ਇਸ ਦੀ ਵਿਆਖਿਆ ਇਸ ਦ੍ਰਿਸ਼ਟਾਂਤ ਦੁਆਰਾ ਕਰਦੇ ਹਨ

ਪਰਬਤ ਉੱਪਰ ਧੂੰਆਂ ਹੈ,
ਕਿਉਂਕਿ ਉੱਥੇ ਅੱਗ ਹੈ

ਵਾਚਸਪਤੀ ਇਸ ਨੂੰ ਗਲਤ ਤਰਕ ਮੰਨਦੇ ਹਨ ਕਿਉਂਕਿ ਧੂੰਆਂ ਭਾਵੇਂ ਹਮੇਸ਼ਾਂ ਅੱਗ ਦਾ ਸਾਥ ਦੇਂਦਾ ਹੈ, ਪਰ ਅੱਗ ਹਮੇਸ਼ਾ ਧੂੰਏ ਦੇ ਨਾਲ ਨਹੀ ਹੁੰਦੀ ਇਹ ਤਰਕ (ਦਲੀਲ) ਤਾਂ ਹੀ ਸਹੀ ਹੋਵੇਗਾ ਜੇ ਇਹ ਇਕ ਸ਼ਰਤ (ਉਪਾਧਿ) ਨੂੰ ਪੂਰਾ ਕਰਦਾ ਹੋਵੇ, ਜੈਸੇ,

ਪਰਬਤ ਉੱਪਰ ਧੂੰਆਂ ਹੈ
ਕਿਉਂਕਿ ਉੱਥੇ ਧੁਖਦੀ ਅੱਗ ਹੈ

ਇੱਥੇ ਅੱਗ ਦਾ ਧੁਖਦੀ ਹੋਣਾ ਉਪਾਧਿ (ਸ਼ਰਤ) ਹੈ, ਕਿਉਂਕਿ ਧੂੰਆਂ ਤਾਂ ਹੀ ਪੈਦਾ ਹੋ ਸਕਦਾ ਹੈ ਜੇਕਰ ਅੱਗ ਧੁਖਦੀ (ਸੁਲਗਦੀ) ਹੋਵੇ ਜਾਂ ਬਾਲਣ ਸਿੱਲ੍ਹਾ ਹੋਵੇ (ਆਰਦਰੇਂਧ ਅਗਨੀ) ਇੱਥੇ ਸਿੱਲ੍ਹਾ ਬਾਲਣ ਧੂੰਆਂ ਪੈਦਾ ਹੋਣ ਦੀ ਜ਼ਰੂਰੀ ‘ਸ਼ਰਤ’ ਹੈ, ਉਪਾਧਿ ਹੈ ਇਹ ਜ਼ਰੂਰੀ ਨਹੀ ਕਿ ਅੱਗ ਤੋਂ ਧੂੰਆ ਹਮੇਸ਼ਾ ਪੈਦਾ ਹੋਵੇ, ਪਰ ਜਦ ਸਿੱਲ੍ਹੇ ਬਾਲਣ ਨੂੰ ਅੱਗ ਲੱਗੀ ਹੋਵੇ ਤਾਂ ਧੂੰਆ ਜ਼ਰੂਰ ਨਿਕਲੇਗਾ

ਇਕ ਤਰਕ ਜਾਂ ਦਲੀਲ ਸਹੀ ਤਾਂ ਹੀ ਹੋ ਸਕਦੀ ਹੈ ਜਿਸ ਵਿਚ ਹੇਤੂ ਉੱਪਰ ਕੋਈ ਸ਼ਰਤ ਨਾ ਲੱਗੀ ਹੋਵੇ ਉਪਾਧਿ ਜਾਂ ਉਪਾਧੀਆਂ ਲੱਗ ਜਾਣ ਨਾਲ ਪਰਿਣਾਮ “ਸੰਭਾਵੀ” ਹੋ ਜਾਂਦਾ ਹੈ, ਭਾਵ ਨਿਸ਼ਚਿਤ (ਲਾਜ਼ਮੀ) ਨਹੀ ਰਹਿੰਦਾ ਉਪਾਧਿ ਤੋਂ ਮੁਕਤ, ਦਲੀਲ (ਤਰਕ) ਵਿਚ ਪਰਿਣਾਮ ਨਿਸ਼ਚਿਤ ( ਅਰਥਾਤ ਸੰਭਾਵਨਾ=1) ਅਤੇ ਉਪਾਧੀਆਂ ਲੱਗਣ ਨਾਲ ਸੰਭਾਵਨਾ ਘਟ ਜਾਂਦੀ ਹੈ, ਅਰਥਾਤ 1 ਤੋਂ ਘੱਟ (ਗਣਿਤ ਦੀ ਭਾਸਾ ਵਿਚ ਇਸ ਨੂੰ ਇਸ ਪ੍ਰਕਾਰ ਲਿਖਿਆ ਜਾਂਦਾ ਹੈ, 0<ਸੰਭਾਵਨਾ<1)ਕਿਸੇ ਵੀ ਵਿਗਿਆਨਕ ਅਨਵੇਸ਼ਣ (ਪੜਤਾਲ) ਵਿਚ ਉਪਾਧੀਆਂ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਹਕੀਕਤ ਵਿਚ ਕੋਈ ਵੀ ਕੁਦਰਤੀ ਘਟਨਾ ਉਪਾਧੀਆਂ ਤੋਂ ਬਿਨਾ ਨਹੀ ਵਾਪਰਦੀ, ਅਰਥਾਤ ਹਰ ਘਟਨਾ ਦੇ ਇਕ ਤੋਂ ਜ਼ਿਆਦਾ ਕਾਰਣ ਹੁੰਦੇ ਹਨ ਜਾਣੀਕਿ ਮੁੱਖ ਕਾਰਣ ਅਤੇ ਉਪਾਧੀਆਂ ਹਰ ਵਿਗਿਆਨਕ ਸਿਧਾਂਤ ਦੀ ਵੈਧਤਾ ਉਸ ਦੀਆਂ ਉਪਾਧੀਆਂ ‘ਤੇ ਨਿਰਭਰ ਕਰਦੀ ਹੈ। ਇਸੇ ਕਰਕੇ ਹਰ ਸਿਧਾਂਤ ਦੇ ਨਾਲ ਉਸ ਨਾਲ ਜੁੜੀਆਂ ਮੂਲ ਪੂਰਵ-ਧਾਰਨਾਵਾਂ ਦਾ, ਸਪਸ਼ਟ ਰੂਪ, ਵਿਚ ਵਰਣਨ ਵੀ ਕੀਤਾ ਜਾਂਦਾ ਹੈ।

ਉਦਯਨਆਚਾਰੀਆ (984 ਈ)

ਬੋਧੀ ਸੰਪ੍ਰਦਾਇ ਦੇ ਤਾਰਕਿਕਾਂ ਵਲੋਂ ਵਾਚਸਪਤੀ ਮਿਸ਼੍ਰ ਵਿਚਾਰਾਂ ਵਿਰੁੱਧ ਅਨਗਿਣਤ ਆਲੋਚਨਾਵਾਂ (ਟੀਕਾ) ਲਿਖੀਆਂ ਗਈਆਂ ਅਤੇ ਇਨ੍ਹਾਂ ਦਾ ਸਾਹਮਣਾ ਕਰਨ ਲਈ ਵਾਚਸਪਤੀ ਦੇ ਸਮਰਥਨ ਵਿਚ ਉਦਯਨਾਚਾਰੀਆ ਨੇ ਉਨ੍ਹਾਂ ਦੀ ਰਚਨਾ ਨਿਆਇ-ਵਾਰਤਕ-ਤਾਤਪਰਯ-ਟੀਕਾ  ਉੱਪਰ ਨਿਆਇ-ਵਾਰਤਕ-ਤਾਤਪਰਯ-ਟੀਕਾ-ਪਰਿਸ਼ੁੱਧੀ  ਦੇ ਨਾਮ ਥੱਲੇ ਇਕ ਵਿਸਤਾਰਪੂਰਵਕ ਟਿੱਪਣੀ ਦੀ ਰਚਨਾ ਕੀਤੀ। ਉਦਯਨਾਚਾਰੀਆ, ਮਿਥਿਲਾ ਦਾ ਰਹਿਣਵਾਲ ਇਕ ਬ੍ਹਹਮਣ ਤਾਰਕਿਕ ਸੀ ਜਿਸ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਗ੍ਰੰਥ ਲਿਖੇ ਜਿਵੇਂ, ਕੁਸਮਾਂਜਲੀ, ਆਤਮ-ਤਤਵ-ਵਿਵੇਕ, ਕਿਰਣਾਵਲੀ ਅਤੇ ਨਿਆਇ-ਪਰਿਸ਼ਿਸ਼ਟ (ਜੋ ਬੋਧਸਿਧੀ ਜਾਂ ਬੋਧਸ਼ੁੱਧੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ)ਉਦਯਨ ਨੇ, ਜੋ ਆਚਾਰੀਆ ਦੇ ਨਾਮ ਨਾਲ ਵੀ ਮਸ਼ਹੂਰ ਸਨ, ਇਕ ਹੋਰ ਗ੍ਰੰਥ ‘ਲਕਸ਼ਣਾਵਲੀ’ ਰਚਿਆ ਜਿਸ ਵਿਚ ਉਹ ਕਹਿੰਦੇ ਹਨ ਕਿ ਉਨ੍ਹਾਂ ਇਹ ਗ੍ਰੰਥ ਸਾਕਾ ਵਰਸ਼ 906 (984 ਈ) ਦੇ ਦੌਰਾਨ ਲਿਖਿਆ।  ਉਨ੍ਹਾਂ ਦਾ ਜਨਮ ਮਾਨਰੋਣੀ ਪਿੰਡ ਵਿਚ ਹੋਇਆ ਦੱਸਿਆ ਜਾਂਦਾ ਹੈ ਜੋ ਮਿਥਿਲਾ ਦੇ ਇਲਾਕੇ ਵਿਚ ਕਮਲਾ ਨਦੀ ਦੇ ਕਿਨਾਰੇ ਵਸਿਆ ਹੋਇਆ ਸੀ।

ਕੁਸੁਮਾਂਜਲੀ ਵਿਚ ਸਹੀ ਗਿਆਨ ਦੀ ਪਰਿਭਾਸ਼ਾ ਦਿੰਦੇ ਹੋਏ ਉਹ ਕਹਿੰਦੇ ਹਨ ਕਿ ਸਹੀ ਗਿਆਨ ਉਹ ਸੁਤੰਤਰ ਬੋਧ ਹੈ ਜੋ ਸੰਸਾਰਕ ਵਸਤੂਆਂ ਨਾਲ ਅਨੁਰੂਪਤਾ ਦਾ ਸੰਬੰਧ ਰੱਖਦਾ ਹੈ। ਇਸ ਗਿਆਨ ਦਾ ਸੋਮਾ ਈਸ਼ਵਰ (ਪਰਮਾਤਮਾ) ਆਪ ਹੈ। ਇਸੇ ਗ੍ਰੰਥ ਵਿਚ ਉਹ ਕਹਿੰਦੇ ਹਨ ਕਿ ਈਸ਼ਵਰ ਦੀ ਪੂਜਾ ਕਰਨ ਨਾਲ ਸਾਨੂੰ ਮੁਕਤੀ ਅਤੇ ਸਵਰਗ ਪ੍ਰਾਪਤ ਹੁੰਦੇ ਹਨ। ਉਹਨਾ ਦਾ ਦਾਅਵਾ ਹੈ ਕਿ ਤਾਰਕਿਕ ਜਾਂਚ ਪੜਤਾਲ ਕਰਨ ਵਿਚ ਕੋਈ ਹਰਜ ਨਹੀ ਹੈ ਕਿਉਂਕਿ ਇਹ ਵੀ ਇਕ ਕਿਸਮ ਦੀ ਪੂਜਾ ਹੀ ਹੈ।

ਆਤਮ-ਤਤਵ-ਵਿਵੇਕ ਵਿਚ ਆਤਮਾ ਦੀ ਨਿੱਤਤਾ ਨੂੰ ਸਥਾਪਤ ਕਰਨ ਲਈ, ਉਦਯਨ ਬੋਧੀ ਸਿਧਾਂਤਾਂ ਦਾ ਖੰਡਨ ਕਰਦੇ ਹਨ। ਜਿਹੜੇ ਬੋਧੀ ਸਿਧਾਂਤਾਂ ਨੂੰ ਉਨ੍ਹਾਂ ਨੇ ਆਪਣੇ ਅਨਵੇਸ਼ਣ ਦਾ ਵਿਸ਼ਾ ਬਣਾਇਆ ਉਹ ਹਨ: (1) ਛਿਣਭੰਗ – ਕਿ ਹਰ ਚੀਜ਼ ਛਿਣ ਭੰਗੁਰ ਹੈ, ਅਰਥਾਤ ਛਿਣ ਭਰ ਹੀ ਕਾਇਮ ਰਹਿੰਦੀ ਹੈ; (2) ਵਾਹੀਆਰਥਭੰਗ – ਕਿ ਚੀਜ਼ਾਂ ਦੀ ਕੋਈ ਬਾਹਰੀ ਅਸਲੀਅਤ ਨਹੀ ਹੈ, ਅਰਥਾਤ ਦ੍ਰਿਸ਼ਟਮਾਨ ਜਗਤ ਦਾ ਕੋਈ ਅਸਤਿੱਤਵ ਨਹੀ ਹੈ; (3) ਗੁਣ-ਗੁਣੀ ਭੰਗ – ਕਿ ਇਕ ਦ੍ਰਵ ਆਪਣੇ ਗੁਣਾਂ ਤੋਂ ਭਿੰਨ (ਅਲਗ) ਨਹੀ ਹੈ, ਅਰਥਾਤ ਗੁਣੀ ਦੀ ਪਛਾਣ ਉਸ ਦੇ ਗੁਣਾ ਨਾਲ ਹੀ ਹੁੰਦੀ ਹੈ; (4) ਅਨੁਪਲੰਭ – ਕਿ ਸੰਸਾਰ ਸ਼ੂਨ ਹੈ, ਅਰਥਾਤ ਸੰਸਾਰ ਵਿਚ ਕੋਈ ਵੀ ਚੀਜ਼ ਸਥਾਈ ਨਹੀ ਹੈ

ਇਨ੍ਹਾਂ ਸਿਧਾਂਤਾਂ ਨੂੰ ਰੱਦ ਕਰਦੇ ਹੋਏ ਉਦਯਨ ਆਤਮਾ ਦੀ ਨਿੱਤਤਾ ਨੂੰ ਸਾਬਤ ਕਰਨ ਦਾ ਪ੍ਰਯਤਨ ਕਰਦੇ ਹਨ।

ਜਯੰਤ ਭੱਟ (10ਵੀ ਸਦੀ ਈ)

ਬੋਧੀ ਤਰਕਸ਼ਾਸਤਰ ਅਤੇ ਵਿਚਾਰਧਾਰਾ ਦੀ ਵਿਰੋਧਤਾ ਕਰਨ ਵਾਲਾ ਇਕ ਹੋਰ ਬ੍ਰਾਹਮਣ ਤਾਰਕਿਕ ਜਯੰਤ ਭੱਟ ਸੀ ਜਿਸ ਨੇ ਨਿਆਇ-ਸੂਤਰ ਉੱਪਰ ਇਕ ਸੁਤੰਤਰ ਟੀਕਾ ਨਿਆਇਮੰਜਰੀ ਨਾਮ ਦੇ ਥੱਲੇ ਲਿਖੀ। ਵਾਦ ਵਿਵਾਦ ਦੀਆਂ ਪਰਿਸ਼ਦਾਂ ਵਿਚ ਅਜੈ ਜਾਣਿਆ ਜਾਂਦਾ ਜਯੰਤ ਕਸ਼ਮੀਰ ਦਾ ਵਾਸੀ ਮੰਨਿਆ ਜਾਂਦਾ ਹੈ ਅਤੇ ਉਸ ਦਾ ਜੀਵਨ ਕਾਲ 10ਵੀ ਸਦੀ ਈਸਵੀ ਕਿਹਾ ਗਿਆ ਹੈ।

ਸ਼ਾਬਦਿਕ ਗਿਆਨ (ਸ਼ਬਦਬੋਧ) ਦੀ ਵਿਆਖਿਆ ਕਰਨ ਲਈ ਜਯੰਤ ਦੋ ਸਿਧਾਂਤਾਂ ਦਾ ਪੁਨਰੀਖਣ (ਸਮੀਖਿਆ) ਕਰਦੇ ਹਨ ਸਵਾਲ ਜੋ ਉਠਾਇਆ ਗਿਆ ਉਹ ਹੈ:‘ਇਕ ਵਾਕ ਦਾ ਅਰਥ ਕਿਸ ਤਰ੍ਹਾਂ ਅਭਿਵਿਅਕਤ ਹੁੰਦਾ ਹੈ?’ ਇਸ ਦੇ ਜਵਾਬ ਵਿਚ ਜੋ ਦੋ ਮੁੱਖ ਸਿਧਾਂਤ ਪੇਸ਼ ਕੀਤੇ ਉਹ ਹਨ: (1) ਅਭਿਹਿਤਅਨ੍ਵਯਵਾਦ – ਸ਼ਬਦਾਰਥਾਂ (ਸ਼ਬਦ ਦੇ ਅਰਥ) ਦੇ ਕਥਨ ਦਾ ਸੁਮੇਲ (ਅਭਿਹਿਤ = ਕਥਨ, ਅਨ੍ਵਯ = ਸੁਮੇਲ); (2) ਅੰਨ੍ਵਿਤਅਭਿਧਾਨਵਾਦ – ਸ਼ਬਦਾਰਥਾਂ ਦੇ ਸੁਮੇਲ ਦਾ ਕਥਨ (ਅੰਨ੍ਵਿਤ = ਮਿਲਿਆ ਹੋਇਆ, ਅਭਿਧਾਨ = ਸ਼ਬਦ/ਕਥਨ)

ਭੱਟ-ਮਿਮਾਂਸਾ  ਦਰਸ਼ਨ ਦੇ ਅਨੁਯਾਈ ਵੀ ਪਹਿਲੇ ਸਿਧਾਂਤ (ਅਭਿਹਿਤਅਨ੍ਵਯਵਾਦ) ਨੂੰ ਮੰਨਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸ਼ਾਬਦਿਕ ਗਿਆਨ, ਵਾਕ ਵਿਚਲੇ ਵਿਸ਼ਿਸ਼ਟ ਸ਼ਬਦਾਂ ਦੇ ਅਰਥਾਂ ਦੇ ਆਪਸੀ ਸੁਮੇਲ (ਅਨ੍ਵਯ) ‘ਤੇ ਨਿਰਭਰ ਕਰਦਾ ਹੈ ਅਤੇ ਇਹ ਸੁਮੇਲ ਆਪਣੇ ਆਪ (ਸਵੈ) ਗਿਆਤ ਹੁੰਦਾ ਹੈ ਅਰਥਾਤ, ਵਾਕ ਦੇ ਸ਼ਬਦ ਆਪੋ ਆਪਣਾ ਅਰਥ ਪ੍ਰਗਟ ਕਰਦੇ ਹਨ ਅਤੇ ਫਿਰ ਇਹ ਅਰਥ ਸਵੈ, ਵਾਕ ਰਾਹੀਂ, ਆਪਣੇ ਪਰਸਪਰ ਸੁਮੇਲ (ਅਨ੍ਵਯ) ਦਾ ਗਿਆਨ ਸਾਡੇ ਅੰਦਰ ਪੈਦਾ ਕਰਦੇ ਹਨ, ਜਿਸ ਨੂੰ ਸ਼ਾਬਦਿਕ ਗਿਆਨ ਜਾਂ ‘ਸ਼ਬਦਬੋਧ’ ਕਿਹਾ ਜਾਂਦਾ ਹੈ।

ਪ੍ਰਭਾਕਰ-ਮੀਮਾਂਸਾ ਦੂਜੇ ਸਿਧਾਂਤ ਨੂੰ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਇਕ ਵਾਕ ਦੇ ਸੰਦਰਭ ਵਿਚ ਹੀ ਸ਼ਬਦ ਆਪਣੇ ਸ਼ਬਦਾਰਥ ਸਾਨੂੰ ਅਭਿਵਿਅਕਤ (ਅਭਿਧਾਨ) ਕਰ ਸਕਦੇ ਹਨ, ਅਰਥਾਤ ਸ਼ਬਦਾਂ ਦੇ ਵਾਕ ਤੋਂ ਬਾਹਰ ਕੋਈ ਅਰਥ ਨਹੀਂ ਹੁੰਦੇ, ਅਤੇ ਵਾਕ ਦੇ ਸਹਾਰੇ ਹੀ ਇਨ੍ਹਾਂ ਸ਼ਬਦਾਰਥਾਂ ਦਾ ਪਰਸਪਰ ਸੁਮੇਲ (ਅੰਨ੍ਵਿਤ) ਹੁੰਦਾ ਹੈ। ਵਾਕ ਰਾਹੀਂ ਇਸ ਸੁਮੇਲ ਦਾ ਕਥਨ ਸਾਡੇ ਅੰਦਰ ਗਿਆਨ ਪੈਦਾ ਕਰਦਾ ਹੈ ਜੋ ਸ਼ਾਬਦਿਕ ਗਿਆਨ (ਸ਼ਬਦਬੋਧ) ਕਿਹਾ ਜਾਂਦਾ ਹੈ।

ਜਯੰਤ, ਅੰਨ੍ਵਿਤਅਭਿਧਾਨਵਾਦ ਨੂੰ ਅਸਵੀਕਾਰ ਕਰਦੇ ਹੋਏ ਕਹਿੰਦੇ ਹਨ ਕਿ ਇਹ ਸਿਧਾਂਤ ਪਹਿਲਾਂ ਮਿਥਦਾ ਹੈ ਕਿ ਇਕ ਵਾਕ ਵਿਚ, ਦੂਸਰੇ ਸ਼ਬਦਾਂ ਨਾਲ ਸੁਮੇਲ ਦੇ ਸੰਬੰਧ ਵਿਚ ਕਿਸੇ ਸ਼ਬਦ ਦੇ ਕਈ ਅਰਥ ਹੋ ਸਕਦੇ ਹਨ। ਇਸ ਤਰ੍ਹਾਂ, ਇਹ ਮੰਨਣਾ ਬਿਲਕੁਲ ਬੇਤੁਕਾ ਹੈ ਕਿ ਸ਼ਬਦ ਦਾ ਕੋਈ ਸਥਿਰ ਅਥਰ ਨਹੀ ਹੁੰਦਾ

ਇਸ ਦੇ ਨਾਲ ਨਾਲ ਉਹ ਅਭਿਹਿਤਅਨ੍ਵਯਵਾਦ ਨੂੰ ਵੀ ਪੂਰੀ ਤਰ੍ਹਾਂ ਸਵੀਕਾਰ ਨਹੀ ਕਰਦੇ ਕਿਉਂਜੋ ਇਕੱਲੇ ਸ਼ਬਦ ਹੀ ਸ਼ਾਬਦਿਕ ਗਿਆਨ ਨਹੀ ਪੈਦਾ ਕਰਦੇ ਜੈਸੇ ਇਹ ਸਾਫ ਜ਼ਾਹਰ ਹੈ ਕਿ ਇਕ ਬੇਤਰਤੀਬ ਅਤੇ ਵਿਆਕਰਣ-ਰਹਿਤ ਵਾਕ ਕੋਈ ਸਾਰਥਕ ਅਰਥ ਵਿਅਕਤ ਨਹੀ ਕਰਦਾ। ਅਭਿਹਿਤਅਨ੍ਵਯਵਾਦ ਵਿਚ ਸੰਸ਼ੋਧਨ ਲਈ ਉਨ੍ਹਾਂ ਦਾ ਸੁਝਾਉ ਹੈ ਕਿ ਇਕ ਵਾਕ ਵਿਚ, ਇਕਸੁਰ ਅਰਥ ਵਿਅਕਤ ਕਰਨ ਲਈ, ਸ਼ਬਦਾਂ ਤੋਂ ਇਲਾਵਾ ਤਾਤਪਰਜ (ਤਾਤਪਰਯ) ਸ਼ਕਤੀ ਦਾ ਹੋਣਾ ਵੀ ਲਾਜ਼ਮੀ ਹੈ। 

ਜਯੰਤ, ਵੈਆਕਰਣਾਂ ਦੁਆਰਾ ਪੇਸ਼ ਕੀਤੇ ਸਫੋਟਵਾਦ ਦੇ ਸਿਧਾਂਤ ਦੀ ਵੀ ਸਖਤ ਆਲੋਚਨਾ ਕਰਦੇ ਹਨ। ਇਸ ਸਿਧਾਂਤ ਅਨੁਸਾਰ ਅੱਖਰ, ਪਦ ਅਤੇ ਵਾਕ ਰਾਹੀਂ ਪ੍ਰਗਟ ਕੀਤਾ ਧੁਨੀ ਦਾ ਤੱਤ ਸਫੋਟ (ਧਮਾਕਾ) ਕਿਹਾ ਜਾਂਦਾ ਹੈ। ਅੱਖਰ ਦੁਆਰਾ ਪ੍ਰਗਟ ਧੁਨੀ-ਤੱਤ ਵਰਣ-ਸਫੋਟ, ਸ਼ਬਦ ਦੁਆਰਾ ਪ੍ਰਗਟ ਪਦ-ਸਫੋਟ ਅਤੇ ਵਾਕ ਦੁਆਰਾ ਪ੍ਰਗਟ ਵਾਕ-ਸਫੋਟ ਕਿਹਾ ਜਾਂਦਾ ਹੈ। ਕਿਉਂਕਿ ਧੁਨੀ ਅਤੇ ਇਸ ਦੁਆਰਾ ਪ੍ਰਗਟ ਚੀਜ਼ ਵਿਚ ਸਥਾਈ ਸੰਬੰਧ ਹੈ, ਅੱਖਰ, ਸ਼ਬਦ ਅਤੇ ਵਾਕ ਦਾ ਧੁਨੀ-ਤੱਤ ਸੁਣਦੇ ਸਾਰ ਹੀ ਇਹ ਸਾਨੂੰ ਉਸੇ ਚੀਜ਼ ਦੀ ਯਾਦ ਕਰਾਉਂਦਾ ਹੈ। ਜਯੰਤ, ਇਸ ਸਿਧਾਂਤ ਨੂੰ ਇਹ ਕਹਿ ਕੇ ਰੱਦ ਕਰਦੇ ਹਨ ਕਿ ਜੇਕਰ ਸ਼ਬਦ (ਅੱਖਰਾਂ ਦਾ ਜੋੜ) ਚੀਜ਼ਾਂ ਦੇ ਪ੍ਰਗਟਾਉ ਲਈ ਕਾਫੀ ਹਨ ਤਾਂ ਸਫੋਟ ਦੀ ਕੀ ਜ਼ਰੂਰਤ ਹੈ। ਇਸ ਤਰ੍ਹਾਂ ਅੱਖਰਾਂ ਅਤੇ ਸ਼ਬਦਾਂ ਤੋਂ ਇਲਾਵਾ ਸਫੋਟ ਮੰਨਣਾ ਬੇਲੋੜਾ ਹੈ।

ਨੈਯਾਯਿਕ ਹੋਣ ਕਰਕੇ, ਜਯੰਤ ਬੋਧੀ ਤਾਰਕਿਕਾਂ ਦੀ ਆਲੋਚਨਾ ਵੀ ਹਰ ਪੱਖੋਂ ਕਰਦੇ ਹਨਖਾਸ ਕਰ ਉਹ ਅਪੋਹਵਾਦ, ਛਿਣ-ਭੰਗ, ਸ਼ਰੂਤੀਪ੍ਰਮਾਣ, ਈਸ਼ਵਰ-ਭੰਗ ਵਰਗੇ ਸਿਧਾਂਤਾਂ ਦਾ ਵਿਰੋਧ ਕਰੜੇ ਸ਼ਬਦਾਂ ਵਿਚ ਕਰਦੇ ਹਨ। ਜ਼ਿਆਦਾ ਕਰਕੇ ਉਨ੍ਹਾਂ ਦੀ ਆਲੋਚਨਾ ਦਾ ਨਿਸ਼ਾਨਾ ਕਲਿਆਣ ਰਕਸ਼ਿਤ ਅਤੇ ਧਰਮੋਤਰ ਵਰਗੇ ਬੋਧੀ ਤਾਰਕਿਕਾ ਦੀਆਂ ਰਚਨਾਵਾਂ ਹਨ।

ਨਿਆਇ ਤਰਕ ਪੱਧਤੀ ਦਾ ਸੰਖੇਪ ਮੁਲਾਂਕਣ

ਜਿਸ ਤਰ੍ਹਾ ਅਸੀ ਆਪਣੇ ਉਪਰੋਕਤ, ਸੰਖੇਪ ਜਿਹੇ, ਸਰਵੇਖਣ ਤੋ ਦੇਖਿਆ ਹੈ ਪਹਿਲਾ ਪਹਿਲ ਆਨਵੀਕਸ਼ਿਕੀ ਦੀ ਮਨੌਤ ਬੜੀ ਘੱਟ ਸੀ ਇਸ ਨੂੰ ਵੇਦਕ ਵਿਚਾਰਧਾਰਾ ਅਤੇ ਪਰੰਪਰਾ ਦੀ ਵਿਰੋਧੀ ਸਮਝਿਆ ਜਾਂਦਾ ਸੀ ਪਰ ਹੌਲੀ ਹੌਲੀ ਜਦ ਇਸ ਨੂੰ ਨਿਆਇ  ਨਾਮ ਨਾਲ ਜੋੜਿਆ ਜਾਣ ਲੱਗਾ ਤਾਂ ਇਸ ਦੀ ਮਾਨਤਾ ਵੀ ਵਧੀ ਅਤੇ ਇਸ ਨੂੰ ਗਿਆਨ ਦਾ ਇਕ ਮੁੱਖ ਸਾਧਨ ਵੀ ਮੰਨਿਆ ਜਾਣ ਲੱਗ ਪਿਆ ਇਸ ਦੇ ਪਰਿਣਾਮ ਸਰੂਪ ਇਸ ਨੂੰ ਭਾਰਤ ਦੀਆਂ ਛੇਦਰਸ਼ਨ (ਛਡਦਰਸ਼ਨ ਜਾਂ ਖਟਦਰਸ਼ਨ) ਪੱਧਤੀਆਂ ਵਿਚੋਂ ਇਕ ਮੰਨਿਆ ਜਾਣ ਲੱਗਾ ਇਹ ਮਾਣ, ਇਸ ਨੂੰ ਸਿਰਫ ਇਸ ਕਰਕੇ ਮਿਲਣਾ ਸ਼ੁਰੂ ਹੋਇਆ ਜਦੋ ਨਿਆਇ ਨੇ ਇਹ ਸਵੀਕਾਰ ਕੀਤਾ ਕਿ ਵੇਦ ਵੀ ਗਿਆਨ ਦੇ ਸਾਧਨ (ਪ੍ਰਮਾਣ) ਹਨ ਨਿਆਇ ਦੀ ਦਲੀਲ ਹੈ ਕਿ ਵੇਦ ਵਿਸ਼ਵਾਸਯੋਗ ਰਿਸ਼ੀਆਂ ਦੀਆਂ ਰਚਨਾਵਾਂ ਹਨ ਅਤੇ ਇਸ ਲਈ ਇਨ੍ਹਾ ਵਿਚ ਲਿਖਿਆ ਗਿਆਨ ਗਲਤ ਨਹੀ ਹੋ ਸਕਦਾ

ਭਾਰਤ ਦੇ ਵਿਦਵਤਾ ਦੇ ਖੇਤ੍ਰ ਵਿਚ ਦਰਸ਼ਨ ਨਾਮ ਦੀ ਵਰਤੋਂ ਈਸਵੀ ਸਦੀ ਦੇ ਅਰੰਭ ਤੋ ਪਹਿਲਾ ਹੋ ਚੁੱਕੀ ਸੀਅਲੱਗ ਅਲੱਗ ਦਾਰਸ਼ਨਿਕ ਪੱਧਤੀਆਂ ਦਾ ਵਿਕਾਸ ਸੁਤੰਤਰ ਤੌਰ ਤੇ ਹੁੰਦਾ ਰਿਹਾ ਜੈਨ ਮਤ ਦੇ ਦਾਰਸ਼ਨਿਕ ਹਰੀਭਦਰ ਸੂਰੀ (1168 ਈ) ਨੇ ਆਪਣੀ ਰਚਨਾ ਛਡਦਰਸ਼ਨ-ਸਮੂਚਯ  ਵਿਚ ਨਿਮਨਲਿਖਤ ਛੇ ਦਰਸ਼ਨਾ ਦਾ ਜ਼ਿਕਰ ਕੀਤਾ ਹੈ, ਜਿਸ ਵਿਚ ਨਿਆਇ ਵਿਦਿਆ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

 1. ਬੁੱਧ ਮਤ,

 2. ਨਿਆਇ ਵਿਦਿਆ,
 3. ਸਾਂਖ ਅਤੇ ਯੋਗ
 4. ਜੈਨ ਮਤ,
 5. ਵਿਸ਼ੇਸ਼ਕ, ਅਤੇ
 6. ਮਿਮਾਂਸਾ ਅਤੇ ਵੇਦਾਂਤ

ਪਰ ਬ੍ਰਾਹਮਣ ਵਿਚਾਰਧਾਰਾ ਦੇ ਲਿਖਾਰੀ ਅਤੇ ਸੋਚਵਾਨ ਇਸ ਸੂਚੀ ਨੂੰ ਮੰਨਣ ਤੋਂ ਇਨਕਾਰ ਕਰਦੇ ਰਹੇ, ਕਿਉਕਿ ਉਹ ਕਹਿਦੇ ਹਨ ਕਿ ਬੁੱਧ ਅਤੇ ਜੈਨ ਮਤ ਦੇ ਅਨੁਆਈ ਵੇਦਾਂ ਦੇ ਪ੍ਰਮਾਣ ਨੂੰ ਨਹੀ ਮੰਨਦੇ ਇਸ ਲਈ ਉਹ ਛੇਦਰਸ਼ਨਾਂ ਦੀ ਸੂਚੀ ਵਿਚ ਸ਼ਾਮਲ ਨਹੀ ਕੀਤੇ ਜਾ ਸਕਦੇ, ਉਹ ਇਹ ਸੂਚੀ ਇਸ ਪ੍ਰਕਾਰ ਦਿੰਦੇ ਹਨ,

 1. ਨਿਆਇ (ਰਿਸ਼ੀ ਗੌਤਮ),

 2. ਵਿਸ਼ੇਸ਼ਕ (ਰਿਸ਼ੀ ਕੱਣਾਦ),

 3. ਸਾਂਖ (ਰਿਸ਼ੀ ਕਪਿਲ),

 4. ਯੋਗ (ਰਿਸ਼ੀ ਪਤੰਜਲੀ),

 5. ਵੇਦਾਂਤ (ਰਿਸ਼ੀ ਵਿਆਸ), ਅਤੇ

 6. ਮੀਮਾਂਸ (ਰਿਸ਼ੀ ਜੈਮਨੀ)

ਨਿਆਇਸ਼ਾਸਤਰ  ਦੀ ਵਡਮੁੱਲੀ ਦੇਣ ਇਸ ਦੀ ਅਲੋਚਨਾਤਮਕ ਅਤੇ ਵਿਗਿਆਨਕ ਜਾਂਚ ਪੜਤਾਲ ਦੀ ਤਰਕਸ਼ੈਲੀ ਵਿਚ ਹੈ। ਇਸ ਨੇ ਪਦਾਰਥਰੂਪੀ ਸੰਸਾਰ ਨੂੰ ਯੁਕਤੀਪੂਰਨ ਅਤੇ ਤਰਕਸ਼ੀਲ ਤਰੀਕੇ ਨਾਲ ਦੇਖ ਕੇ ਉਸਦਾ ਵਿਹਾਰਕ ਵਿਸ਼ਲੇਸ਼ਣ ਕਰਨਾ ਸਿਖਾਇਆ। ਇਸ ਤਾਰਕਿਕ ਵਿਧੀ ਨੂੰ ਭਾਰਤ ਦੀਆਂ ਹੋਰ ਵਿਚਾਰਧਾਰਾਵਾਂ ਨੇ ਵੀ ਪੂਰੀ ਤਰ੍ਹਾਂ ਸਵੀਕਾਰ ਕੀਤਾ ਅਤੇ ਅਪਣਾਇਆ। ਜੈਨ ਅਤੇ ਬੋਧੀ ਸੰਪ੍ਰਦਾਇ ਦੇ ਅਨੁਆਈਆਂ ਨੇ ਇਸ ਨੂੰ ਸੁਧਾਰ ਕੇ ਹੋਰ ਵੀ ਪ੍ਰਫੁੱਲਤ ਕੀਤਾ। ਨਿਆਇਸ਼ਾਸਤਰ ਨੇ ਹੇਵਾਭਾਸ ਅਤੇ ਨਿਗ੍ਰਹਸਥਾਨ ਦੀ ਵਿਸਤਰਤ ਸੂਚੀ ਪੇਸ਼ ਕਰਕੇ ਸਹੀ ਅਤੇ ਗਲਤ ਗਿਆਨ ਨੂੰ ਪਰਖਣ ਦੀ ਕਸੌਟੀ ਨੂੰ ਸਾਹਮਣੇ ਲਿਆਂਦਾ ਅਤੇ ਦਲੀਲਬਾਜ਼ੀ ਦੇ “ਸਾਧ੍ਯਸਮ” ਅਤੇ “ਅਨਵਸਥਾ” ਵਰਗੇ ਕੁਤਰਕਾਂ ਤੋਂ ਸਾਵਧਾਨ ਰਹਿਣ ਲਈ ਪ੍ਰੇਰਿਆ।

ਅਸੀ ਆਪਣੇ ਇਸ ਸਰਵੇਖਣ ਤੋਂ ਦੇਖਿਆ ਹੈ ਕਿ ਕਿਸ ਤਰ੍ਹਾ ਵਾਚਸਪਤੀ ਵਰਗੇ ਮਹਾਨ ਰਿਸ਼ੀਆਂ ਨੇ ਅਨੁਮਾਨ ਗਿਆਨ ਦੀ ਪਰਿਭਾਸ਼ਾ ਵਿਚ “ਉਪਾਧਿ” ਵਰਗੇ ਸੰਕਲਪ ਸ਼ਾਮਲ ਕਰਕੇ ਇਸ ਨੂੰ ਅਸਲ ਰੂਪ ਵਿਚ ਵਿਗਿਆਨਕ ਵਿਧੀ ਬਣਾਇਆ। ਪ੍ਰਕਿਰਤਕ ਵਿਗਿਆਨਕ ਅਨੁਸੰਧਾਨ ਵਿਚ ਅਕਸਰ, ਕਾਰਣਤਾ ਦੇ ਨਿਯਮਾਂ ਅਨੁਸਾਰ, ਵਸਤੂਆਂ ਅਤੇ ਘਟਨਾਵਾਂ ਦੇ ਪਰਸਪਰ ਸੰਬੰਧਾਂ ਨੂੰ ਖੋਜਣਾ ਅਤੇ, ਮਾਨਵ ਗਿਆਨ ਦੀਆਂ ਸੀਮਾਵਾਂ ਵਿਚ ਰਹਿੰਦੇ ਹੋਏ, ਉਨ੍ਹਾਂ ਨੂੰ ਮਾਨਵ ਭਾਸ਼ਾ ਰਾਹੀਂ ਸੁਨਿਸ਼ਚਿਤ ਅਤੇ ਸਪਸ਼ਟ ਕਰਨਾ ਹੁੰਦਾ ਹੈ। ਇਸ ਪੱਖੋਂ ਨਿਆਇਸ਼ਾਸਤਰ ਦੀ ਕਾਰਣ-ਕਾਰਜ ਵਿਚਕਾਰ “ਵਿਆਪਤੀ” ਸੰਬੰਧ ਦੀ ਖੋਜ ਵਿਗਿਆਨਕ ਵਿਧੀ ਲਈ ਇਕ ਬੜੀ ਅਹਿਮ ਅਤੇ ਅਨਿਵਾਰੀ ਦੇਣ ਹੈ। ਹਕੀਕਤ ਵਿਚ ਹਰ ਵਿਗਿਆਨਕ ਜਾਂਚ ਪੜਤਾਲ (ਅਨੁਸੰਧਾਨ) ਦਾ ਪਵਿੱਤਰ ਮਨੋਰਥ “ਵਿਆਪਤੀ ਸੰਬੰਧ” ਦੀ ਤਲਾਸ਼ ਕਰਨਾ ਹੀ ਹੁੰਦੇ ਹਨ ਤਾਂ ਕਿ ਇਸ ਦੇ ਆਧਾਰ ‘ਤੇ ਕੁਦਰਤੀ ਘਟਨਾਵਾਂ ਦੀ ਭਵਿੱਖਬਾਣੀ ਕਰਕੇ ਮਾਨਵ-ਹਿਤ ਤਕਨੀਕੀ ਵਿਕਾਸ ਕੀਤਾ ਜਾ ਸਕੇ। ਨਿਉਟਨ ਦੇ ਗਰੁਤਾ ਸ਼ਕਤੀ ਨਿਯਮਾਂ ਦੀ ਜਾਣਕਾਰੀ ਨਾਲ ਅਸੀ ਪੁਲਾੜ ਯਾਤਰਾ ਕਰ ਸਕਦੇ ਹਾਂ ਅਤੇ ਕੈਂਸਰ (ਕਾਰਜ) ਦੇ ਕਾਰਨਾਂ ਨੂੰ ਸਮਝ ਕੇ ਇਸ ਦਾ ਇਲਾਜ ਲੱਭਿਆ ਜਾ ਸਕਦਾ ਹੈ; ਕਿਉਕਿ ਕੈਂਸਰ ਅਤੇ ਉਸਦੇ ਕਾਰਨਾਂ ਵਿਚਕਾਰ ਵਿਆਪਤੀ ਸੰਬੰਧ  ਮੌਜੂਦ ਹੈ। ਗਣਿਤਵਿਗਿਆਨ ਨੂੰ ਸਮੁੱਚੇ ਪ੍ਰਕਿਰਤਕ ਵਿਗਿਆਨ ਦੀ ਜਣਨੀ ਮੰਨਿਆ ਜਾਂਦਾ ਹੈ ਅਤੇ ਗਣਿਤਵਿਗਿਆਨ ਵਿਆਪਤੀ ਸੰਬੰਧਾਂ ਦਾ ਹੀ ਸੰਗ੍ਰਹਿ ਅਤੇ ਸੱਚਾ ਸੁੱਚਾ ਪ੍ਰਗਟਾਵਾ ਹੈ।

ਜਿਸ ਤਰ੍ਹਾਂ ਅਸੀਂ ਸੰਖੇਪ ਤੌਰ ‘ਤੇ ਪਹਿਲੀਆਂ ਕਿਸ਼ਤਾਂ ਵਿਚ ਦੇਖਿਆ ਹੈ, ਭਾਰਤ ਵਿਚ ਤਰਕਸ਼ਾਸਤਰ ਦਾ ਵਿਕਾਸ ਆਨਵੀਕਸ਼ਿਕੀ ਦੀ ਵੈਦਿਕ ਪਰੰਪਰਾ ਤੋਂ ਸ਼ੁਰੂ ਹੋ ਕੇ, ਗੌਤਮ ਬੁੱਧ ਦੇ ਕਾਲ (550 ਈ ਪੂ) ਵਿਚ ਦੀ ਹੁੰਦਾ ਹੋਇਆ ਅਕਸ਼ਪਾਦ (100 ਈ) ਦੇ ਹੱਥੋਂ ‘ਨਿਆਇ ਸੂਤਰ’ ਦੇ ਰੂਪ ਵਿਚ ਸਾਹਮਣੇ ਆਇਆ ਅਕਸ਼ਪਾਦ ਦੀ ਇਸ ਮਹਾਨ ਦੇਣ ਨੂੰ ਆਧਾਰ ਮੰਨ ਕੇ ਅਨਗਿਣਤ ਟਿੱਪਣੀਆਂ ਰਚੀਆਂ ਗਈਆਂ ਜਿਨ੍ਹਾਂ ਦੇ ਫਲਸਰੂਪ ਇਸ ਨੂੰ ਹੋਰ ਸੁਧਾਰਨ ਅਤੇ ਉੱਨਤ ਕਰਨ ਦੇ ਜਤਨ ਕੀਤੇ ਗਏ। ਇਸ ਵਿਚ ਵਾਤਯਾਇਨ (400 ਈ) ਦੀਆਂ ਰਚਨਾਵਾਂ ਖਾਸ ਮਹੱਤਤਾ ਰੱਖਦੀਆਂ ਹਨ। ਇਸ ਆਰੰਭਕ ਵਿਕਾਸ ਕਾਲ ਨੂੰ ਆਚਾਰੀਆ ਵਿਦਿਆਭੂਸ਼ਣ ਭਾਰਤੀ ਤਰਕਸ਼ਾਸਤਰ ਦਾ ਪ੍ਰਾਚੀਨ ਕਾਲ (550 ਈ ਪੂ – 400 ਈ) ਮੰਨਦੇ ਹਨ।

ਵਾਤਸਯਾਇਨ ਦੀਆਂ ਰਚਨਾਵਾਂ ਤੋਂ ਬਾਅਦ ਤਰਕਸ਼ਾਸਤਰ ਦੇ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੁੰਦਾ ਹੈ, ਜਿਸ ਦੇ ਸਰਬਪ੍ਰਥਮ ਪ੍ਰਤਿਪਾਦਕ ਜੈਨ ਅਤੇ ਬੋਧੀ ਸੰਪ੍ਰਦਾਇ ਦੇ ਦਾਰਸ਼ਨਿਕ ਅਤੇ ਤਾਰਕਿਕ ਸਨ, ਜਿਨ੍ਹਾਂ ਨੇ ਤਰਕਸ਼ਾਸਤਰ ਨੂੰ ਨਵੀਆਂ ਸ਼ਾਨਦਾਰ ਸਿਖਰਾਂ ਤੱਕ ਪਹੁੰਚਾਇਆ ਅਤੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਪ੍ਰਗਟ ਕੀਤਾ। ਵਿਦਿਆਭੂਸ਼ਣ ਇਸ ਦੌਰ (400 ਈ – 1200 ਈ) ਨੂੰ ਮੱਧਕਾਲੀ ਦੌਰ ਕਹਿੰਦੇ ਹਨ। ਅਗਲੀਆਂ ਕਿਸ਼ਤਾਂ ਵਿਚ ਅਸੀਂ ਮੱਧਕਾਲੀ ਦੌਰ ਦੇ ਜੈਨ ਅਤੇ ਬੋਧੀ ਸੰਪ੍ਰਦਾਇਆਂ ਵਲੋਂ ਤਰਕਸ਼ਾਤਰ ਦੇ ਵਿਕਾਸ ਦੀਆਂ ਪ੍ਰਾਪਤੀਆਂ ਦੀ ਚਰਚਾ ਅਤੇ ਮੁਲਾਂਕਣ ਕਰਾਂਗੇ। ਜਿੱਥੇ ਕਿ ਪ੍ਰਾਚੀਨ ਕਾਲ ਵਿਚ ਤਰਕਸ਼ਾਸਤਰ ਨੂੰ ਕੇਵਲ-ਮਾਤਰ ਗਿਆਨ ਪ੍ਰਾਪਤ ਕਰਨ ਦਾ ਸਾਧਨ ਸਮਝਕੇ ਅਧਿਆਤਮਵਾਦ ਨਾਲ ਵੀ ਜੋੜਿਆ ਗਿਆ, ਉੱਥੇ ਮੱਧਕਾਲੀ ਵਿਕਾਸ ਵਿਚ ਆਤਮਾ, ਜਨਮ, ਮਰਨ ਅਤੇ ਪ੍ਰੇਤਯਭਾਵ ਵਰਗੇ ਵਿਸ਼ਿਆ ਨੂੰ “ਬੇਅਰਥ” ਕਰਾਰ ਦੇ ਕੇ ਇਸ ਨੂੰ “ਸ਼ੁੱਧ ਤਰਕਸ਼ਾਸਤਰ” ਦੀ ਪੱਧਰ ‘ਤੇ ਵਿਚਾਰਿਆ ਅਤੇ ਵਿਕਸਿਤ ਗਿਆ। ਇਸ ਮਨੋਰਥ ਦੀ ਪ੍ਰਾਪਤੀ ਲਈ, ਜਿਸ ਤਰ੍ਹਾਂ ਅਸੀ ਦੇਖਾਂਗੇ, ਨਵੇਂ ਵਿਚਾਰ ਵਿਅਕਤ ਕਰਨ ਵਾਲੀ ਵਿਵੇਕਮਈ ਭਾਸ਼ਾ, ਪਾਰਿਭਾਸ਼ਿਕ ਪਦ ਅਤੇ ਸ਼ਬਦ ਘੜੇ ਗਏ। ਇਸੇ ਕਾਲ ਦੌਰਾਨ, ਸੰਸਕ੍ਰਿਤ ਭਾਸ਼ਾ, ਸਹੀ ਅਰਥਾਂ ਵਿਚ, ਵਿਗਿਆਨਕ ਭਾਸ਼ਾ ਦੇ ਰੂਪ ਵਿਚ ਸਾਹਮਣੇ ਆਈ ਅਤੇ ਭਾਰਤ ਦੀ ਬੌਧਕ ਪ੍ਰਵੀਣਤਾ ਨੂੰ ਅਭਿਵਿਅਕਤ ਕਰਨ ਦਾ ਸਰਬਸੰਪੰਨ ਸਾਧਨ ਬਣੀ। ਇਹ ਸੀ ਉਨ੍ਹਾਂ ਵੇਲਿਆਂ ਦਾ ਵਿਗਿਆਨਕ ਸਭਿਆਚਾਰ ਜੋ ਭਾਰਤ ਦੇ ਬੌਧਕ ਜੀਵਨ ਵਿਚੋਂ ਸਦੀਆਂ ਦਾ ਖਤਮ ਹੋ ਚੁੱਕਾ ਹੈ !

... ਚਲਦਾ

06/03/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)
 

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com