ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਜੈਨ ਤਰਕਸ਼ਾਸਤਰ (1)

ਭਾਰਤ ਵਿਚ ਤਰਕਸ਼ਾਸਤਰ ਦੇ ਵਿਕਾਸ ਦੇ ਇਤਿਹਾਸ ਨੂੰ ਸਹਿਜੇ ਹੀ ਤਿੰਨ ਕਾਲਾਂ ਵਿਚ ਵੰਡਿਆ ਜਾ ਸਕਦਾ ਹੈ,

 • ਪ੍ਰਾਚੀਨ ਕਾਲ (550 ਈ ਪੂ - 400 ਈ)

 • ਮੱਧਵਰਤੀ ਕਾਲ (400 ਈ - 1200 ਈ)

 • ਨਵ-ਬ੍ਰਾਹਮਣ ਕਾਲ (900 ਈ - 1900 ਈ)

ਪ੍ਰਾਚੀਨ ਤਰਕਸ਼ਾਸਤਰ ਦੀ ਪਰੰਪਰਾ, ਜਿਸ ਦਾ ਅਰਸਾ 550 ਈ ਪੂ ਤੋਂ 400 ਈ ਮੰਨਿਆ ਜਾਂਦਾ ਹੈ, ਅਕਸ਼ਪਾਦ ਦੇ ਨਿਆਇਸ਼ਾਸਤਰ ਵੇਲੇ ਆਪਣੀਆਂ ਸਿਖਰਾਂ ਤੇ ਪਹੁੰਚਾ। ਵਾਤਸਯਾਇਨ (150 ਈ) ਇਸ ਲੜੀ ਦਾ ਆਖਰੀ ਲਿਖਾਰੀ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਇਹ ਪਰੰਪਰਾ ਚਲਦੀ ਤਾਂ ਰਹੀ ਪਰ ਟੀਕਾਂ ਅਤੇ ਆਲੋਚਨਾਵਾਂ ਦੇ ਪੱਧਰ ਤੇ ਹੀ। ਮੌਲਿਕ ਤੌਰ ‘ਤੇ ਇਸ ਪਰੰਪਰਾ ਵਿਚ ਕੋਈ ਖਾਸ ਕੰਮ ਸਾਹਮਣੇ ਨਹੀ ਆਇਆ।

ਤਰਕਸ਼ਾਸਤਰ ਦੇ ਵਿਕਾਸ ਦਾ ਕੰਮ ਜੈਨਮਤ ਅਤੇ ਬੁੱਧਮਤ ਦੇ ਰਿਸ਼ੀਆਂ ਅਤੇ ਵਿਚਾਰਵਾਨਾਂ ਨੇ ਬੜੇ ਉਤਸ਼ਾਹ, ਜੋਸ਼ ਅਤੇ ਗੂੜ੍ਹ ਸੋਚਣੀ ਨਾਲ ਜਾਰੀ ਹੀ ਨਹੀ ਰੱਖਿਆ ਬਲਕਿ ਨਵੀ ਦਿਸ਼ਾ ਵਲ ਵੀ ਵਧਾਇਆ। ਇਨ੍ਹਾਂ ਦੋ ਮਤਾਂ ਦੇ ਬਾਨੀ ਮਹਾਂਵੀਰ (ਜੈਨ) ਅਤੇ ਸਿਧਾਰਥ (ਗੌਤਮ ਬੁੱਧ) ਸਨ ਜਿਨ੍ਹਾ ਦਾ ਜੀਵਨ ਕਾਲ 600 ਈ ਪੂ ਦੇ ਲਗਪਗ ਦਾ ਮੰਨਿਆ ਜਾਂਦਾ ਹੈ। ਇਨ੍ਹਾਂ ਸੰਪ੍ਰਦਾਇਆਂ ਦੇ ਅਨੁਆਈਆਂ ਨੇ ਸ਼ੁੱਧ ਤਰਕਸ਼ਾਸਤਰ ਵਰਗੇ ਗੁੰਝਲਦਾਰ ਮਸਲਿਆਂ ਨੂੰ ਸੁਲਝਾਇਆ ਅਤੇ ਸ਼ਾਨਦਾਰ ਨਤੀਜਿਆਂ ਤੇ ਪਹੁੰਚੇ। 450 ਈ ਦੇ ਕਰੀਬ ਬੋਧੀ ਤਾਰਕਿਕ ਦਿਨਨਾਗ ਅਤੇ ਜੈਨ ਤਾਰਕਿਕ ਸਿੱਧਾਸੇਨ ਦਿਵਾਕਰ ਵਰਗੇ ਮਹਾਨ ਰਿਸ਼ੀਆਂ ਨੇ ਤਰਕਸ਼ਾਸਤਰ ਨੂੰ ‘ਧਰਮ’ ਅਤੇ ਅਧਿਆਤਮਵਾਦ ਤੋਂ ਅਲੱਗ ਕਰਕੇ, ਇਸ ਨੂੰ ਨਵੀਆਂ ਲੀਹਾਂ ਤੇ ਲਿਆਂਦਾ। ਤਰਕਸ਼ਾਸਤਰ ਦੇ ਵਿਕਾਸ ਦਾ ਇਸ ਮੱਧਕਾਲੀ ਸੰਪ੍ਰਦਾਇ ਦਾ ਕਾਲ 400 ਈ ਤੋਂ 1200 ਈ ਮੰਨਿਆ ਜਾਂਦਾ ਹੈ। ਇਸ ਮੱਧਕਾਲੀ ਸੰਪ੍ਰਦਾਇ ਵਿਚ ਬੋਧੀ ਅਤੇ ਜੈਨ ਵਿਚਾਰਧਾਰਾ ਅੱਗੇ ਰਹੀ ਜਦ ਕਿ ਪ੍ਰਾਚੀਨ ਤਰਕਸ਼ਾਸਤਰ ਵਿਚ ਬ੍ਰਾਹਮਣ ਪਰੰਪਰਾ ਦਾ ਦਬਦਬਾ ਸੀ। ਜਿੱਥੇ ਕਿ ਪ੍ਰਾਚੀਨ ਤਰਕਸ਼ਾਸਤਰ ਦਾ ਵਿਸ਼ਾਵਸਤੂ ਸੋਲਾਂ ਪਦਾਰਥਾਂ (ਪ੍ਰਮਾਣ, ਪ੍ਰਮੇਯ ਆਦਿ) ਨਾਲ ਸੰਬੰਧ ਰੱਖਦਾ ਹੈ, ਉੱਥੇ ਮੱਧਕਾਲੀਨ ਤਰਕਸ਼ਾਸਤਰ ਸਿਰਫ ਇਕ ਪਦਾਰਥ, ਪ੍ਰਮਾਣ, ਤਕ ਹੀ ਸੀਮਿਤ ਹੈ। ਪ੍ਰਮਾਣ ਦੇ ਸਿਧਾਂਤ ਦਾ ਇਸ ਪੱਧਰ ‘ਤੇ ਵਿਵੇਚਨ ਕੀਤਾ ਗਿਆ ਕਿ ਇਹ ਬ੍ਰਾਹਮਣ, ਜੈਨ ਅਤੇ ਬੋਧੀ ਪੱਧਤੀਆਂ ‘ਤੇ ਬਰਾਬਰ ਲਾਗੂ ਹੁੰਦਾ ਸੀ। ‘ਅਨੁਮਾਨ’ ਜੋ ਪ੍ਰਾਚੀਨ ਤਰਕਸ਼ਾਸਤਰ ਵਿਚ ਬੜੇ ਸੰਖੇਪ ਤੌਰ ਤੇ ਨਿਪਟਿਆ ਗਿਆ, ਇਹ ਮੱਧਕਾਲ ਵਿਚ ਵਿਸ਼ੇਸ਼ ਵਿਸ਼ਾ ਬਣ ਕੇ ਪ੍ਰਮਾਣ-ਸ਼ਾਸਤਰ ਦੇ ਨਾਮ ਥੱਲੇ ਅੱਗੇ ਆਇਆ।

ਮਹਾਂਵੀਰ ਦਾ ਜੀਵਨ ਅਤੇ ਸ਼ਖਸੀਅਤ (599 – 527 ਈਪੂ)

ਜੈਨੀ ਪਰੰਪਰਾ ਅਨੁਸਾਰ ਸਮੇ ਸਮੇ ਦੁਨੀਆ ਵਿਚ ਰਿਸ਼ੀ ਜਨਮ ਲੈਂਦੇ ਹਨ ਜਿਨ੍ਹਾਂ ਨੂੰ ਉਹ ‘ਜਿਨ’ ਜਾਂ ‘ਤੀਰਥੰਕਰ’ (ਸ਼ਾਸਤਰ ਲਿਖਣ ਵਾਲਾ) ਕਹਿੰਦੇ ਹਨ। ‘ਜਿਨ’ ਦਾ ਤਾਤਪਰਜ ਹੈ ਵਿਜੇਤਾ ਅਤੇ ਤੀਰਥੰਕਰ ਦੀ ਉਪਾਧੀ ਉਨ੍ਹਾਂ ਇਸਤਰੀ-ਪੁਰਸ਼ਾਂ ਲਈ ਵੀ ਵਰਤੀ ਜਾਂਦੀ ਹੈ ਜਿਨ੍ਹਾਂ ਨੇ ਆਪਣੇ ਨਿਮਨਕੋਟੀ ਦੇ ਸੁਭਾਉ ਉੱਪਰ ਜਿੱਤ ਪ੍ਰਾਪਤ ਕਰਕੇ ਉੱਚਤਮ ਸੱਚ ਸਾਕਾਰ ਕਰ ਲਿਆ ਹੋਵੇ।

ਜੈਨੀ ਲੋਕਾਂ ਨੂੰ ‘ਜਿਨ’ ਦੇ ਅਨੁਯਾਈ ਕਿਹਾ ਜਾਂਦਾ ਹੈ। ਜੈਨੀਆ ਦਾ ਮੰਨਣਾ ਹੈ ਕਿ ਹਰ ਕਾਲ ਚੱਕਰ ਵਿਚ ਚੌਵੀਹ (24) ਤੀਰਥੰਕਰ ਜਨਮ ਲੈਂਦੇ ਹਨ। ਇਹ ਕਾਲ ਚੱਕਰ ਦੋ ਹਨ: ਉਤਸਰਪਿਣੀ (ਅੱਗੇ ਵਧਣਾ) ਅਤੇ ਅਵਸਰਪਿਣੀ (ਪਿੱਛੇ ਹਟਣਾ)। ਉਤਸਰਪਿਣੀ ਦੇ 24 ਤੀਰਥੰਕਰ ਇਸ ਪ੍ਰਕਾਰ ਹਨ: ਸ਼੍ਰੀਨਿਵਾਸ, ਸਾਗਰ, ਮਹਾਸਾਧੁ, ਵਿਮਲਪ੍ਰਭੁ, ਸ਼੍ਰੀਧਰ, ਸੁਦੱਤ, ਅਮਲਪ੍ਰਭੁ, ਉੱਧਰ, ਅੰਗਿਰ, ਸੰਮਤ੍ਰਿ, ਸਿੰਧੁਨਾਥ, ਕੁਸਮਾਂਜਲਿ, ਸ਼ਿਵਗਣ, ਉਤਸਾਹ, ਗ੍ਯਾਨੇਸ਼ਰ, ਪਰਮੇਸ਼ਰ, ਵਿਮਲੇਸ਼ਰ, ਯਸ਼ੋਧਰ, ਕ੍ਰਿਸ਼ਨਮਤਿ, ਗ੍ਯਾਨਮਤਿ, ਸ਼ੁੱਧਮਤਿ, ਸ਼੍ਰੀਭਦ੍ਰ, ਮਾਤਿਕ੍ਰਮ ਅਤੇ ਸ਼ਾਂਤ।

ਇਸੇ ਤਰ੍ਹਾ ਵਰਤਮਾਨ ਅਵਸਰਪਿਣੀ ਦੇ ਅਰੰਭ ਵਿਚ ਇਹ 24 ਤੀਰਥੰਕਰ ਹੋਏ ਹਨ: ਰਿਸ਼ਭਦੇਵ (ਜਾਂ ਆਦਿਨਾਥ), ਅਜਿਤਨਾਥ, ਸੰਭਵਨਾਥ, ਅਭਿਨੰਦਨ-ਨਾਥ, ਸੁਮਤਿਨਾਥ, ਪਦਮਪ੍ਰਭ, ਸੁਪਾਰਸ਼੍ਵਨਾਥ, ਚੰਦ੍ਰਪ੍ਰਭ, ਪੁਸ਼ਪਦੰਤ, ਸ਼ੀਤਲਨਾਥ, ਸ਼੍ਰੇਯਾਂਸਨਾਥ, ਵਾਸੁਪੂਜ੍ਯ ਸ੍ਵਾਮੀ, ਵਿਮਲਨਾਥ, ਅਨੰਤਨਾਥ, ਧਰਮਨਾਥ, ਸ਼ਾਤਿਨਾਥ, ਕੁੰਥੁਨਾਥ, ਅਮਰਨਾਥ, ਮੱਲਿਨਾਥ, ਸੁਨਿਸੁਵ੍ਰਤਨਾਥ, ਨਮਿਨਾਥ, ਨੇਮਿਨਾਥ, ਪਾਰਸ਼੍ਵਨਾਥ ਅਤੇ ਮਹਾਂਵੀਰ ਸ੍ਵਾਮੀ (ਜਾਂ ਵਰਧਮਾਨ)।

ਮਹਾਂਵੀਰ (ਮਹਾਨ ‘ਵੀਰ’) ਸਭ ਤੋਂ ਪਿਛਲੇ, ਪਰ ਸਭ ਤੋਂ ਮਸ਼ਹੂਰ ਤੀਰਥੰਕਰ ਹਨ ਜੋ ਮਹਾਤਮਾ ਬੁੱਧ ਦੇ ਸਮਕਾਲੀ ਅਤੇ ਉਮਰ ਵਿਚ ਵੱਡੇ ਸਨ। ਜੈਨੀ ਰਵਾਇਤ ਅਨੁਸਾਰ ਉਨ੍ਹਾਂ ਦਾ ਜਨਮ ਮਗਧ ਦੇਸ਼ (ਬਿਹਾਰ) ਵਿਚ ਕਸ਼ੱਤ੍ਰੀਆ-ਕੁੰਡਗ੍ਰਾਮ ਵਿਖੇ 599 ਈਪੂ ਵਿਚ, ਇਕ ਕੱਸ਼੍ਯਪ ਖੱਤਰੀ ਰਾਜ ਘਰਾਣੇ ਵਿਚ ਹੋਇਆ। ਲਗਪਗ 72 ਸਾਲ ਦੀ ਉਮਰ ਵਿਚ ਉਨ੍ਹਾਂ ਨੇ 527 ਈਪੂ ਵਿਚ ਨਿਰਵਾਣ ਪ੍ਰਾਪਤ ਕੀਤਾ।

ਮਹਾਂਵੀਰ ਨੂੰ ਜੈਨਮਤ ਦੇ ਬਾਨੀ ਮੰਨਿਆ ਜਾਂਦਾ ਹੈ। ਜਦ ਉਹ 28 ਵਰ੍ਹੇ ਦੀ ਉਮਰ ਦੇ ਸਨ ਤਾਂ ਉਨ੍ਹਾ ਦੇ ਪਿਤਾ ਸੁਰਗਵਾਸ ਹੋ ਗਏ। ਉਸ ਤੋਂ ਪਿੱਛੋਂ ਦੋ ਵਰ੍ਹੇ ਉਨ੍ਹਾਂ ਨੇ ਰਾਜ ਕੀਤਾ ਅਤੇ ਫਿਰ ਰਾਜਪਾਟ ਛੱਡ ਕੇ ਧਾਰਮਿਕ ਜੀਵਨ ਵਿਚ ਪ੍ਰਵੇਸ਼ ਕੀਤਾ ਅਤੇ ਬਾਰਾਂ (12) ਸਾਲ ਤਪੱਸਿਆ ਕੀਤੀ। ਇਸ ਤਪੱਸਿਆ ਤੋਂ ਬਾਅਦ ਉਨ੍ਹਾਂ ਦੀ ਕੈਵਲ੍ਯ ਅਵਸਥਾ ਸ਼ੁਰੂ ਹੁੰਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਸਰਬਗ੍ਯ ਰੂਪ ਵਿਚ ਮੰਨਿਆ ਜਾਣ ਲੱਗਾ ਅਤੇ ਉਹ ਜੈਨੀਆਂ ਦੇ ਤੀਰਥੰਕਰ, ਅਰਥਾਤ ਮੁਕਤੀਮਾਰਗ ਦੇ ਸੰਸਥਾਪਕ ਮੰਨੇ ਜਾਣ ਲੱਗੇ। ਕਿਉਂਕਿ ਜੈਨਮਤ ਮਹਾਂਵੀਰ ਤੋਂ ਪਹਿਲਾ ਵੀ ਪ੍ਰਚਲਤ ਸੀ, ਇਸ ਲਈ ਉਹ ਆਪਣੇ ਆਪ ਨੂੰ ਪੂਰਵਜ ਤੀਰਥੰਕਰਾਂ ਦੇ ਸਿਧਾਂਤਾਂ ਦੇ ਪ੍ਰਚਾਰਕ ਅਥਵਾ ਵਿਆਖਿਆਕਾਰ ਹੀ ਸਮਝਦੇ ਸਨ।

ਮਹਾਂਵੀਰ ਨੇ ਆਪਣੇ ਜੀਵਨ ਦੇ ਆਖਰੀ ਤੀਹ ਸਾਲ ਆਪਣੀ ਧਾਰਮਕ ਪੱਧਤੀ ਦੇ ਪ੍ਰਚਾਰ ਵਿਚ ਅਤੇ ਤਪੱਸਵੀਆਂ ਦੀ ਇਕ ਸੰਸਥਾ ਦੇ ਸੰਗਠਨ ਵਿਚ ਗੁਜ਼ਾਰੇ। ਇਸ ਸੰਗਠਨ ਵਿਚ ਜ਼ਿਆਦਾਤਰ ਕੁਲੀਨ ਖੱਤਰੀ ਜਮਾਤ ਦੇ ਇਸਤਰੀ-ਪੁਰਸ਼ ਹੀ ਸ਼ਾਮਲ ਸਨ। ਮਹਾਂਵੀਰ ਦੀ ਸ਼ਖਸੀਅਤ ਅਤੇ ਪ੍ਰਭਾਵ ਥੱਲੇ ਇਸ ਵਿਚ ਸ਼੍ਵੇਤਾਂਬਰ ਅਤੇ ਦਿਗੰਬਰ ਫਿਰਕਿਆਂ ਦੇ ਅਨੁਯਾਈ ਵੀ ਰਲੇ ਭਾਵੇਂ ਕਿ ਸੰਪਤੀ ਦੇ ਤਿਆਗ ਬਾਰੇ ਇਨ੍ਹਾਂ ਵਿਚ ਕਾਫੀ ਮਤਭੇਦ ਸਨ।

ਜੈਨਮਤ ਦੇ ਫਿਰਕੇ

ਸ਼੍ਵੇਤਾਂਬਰ ਅਤੇ ਦਿਗੰਬਰ ਜੈਨ

ਬਸਤਰ ਪਹਿਨਣ ਅਤੇ ਨਾ ਪਹਿਨਣ ਦੇ ਸਵਾਲ ਨੂੰ ਲੈ ਕੇ ਜੈਨੀਆਂ ਵਿਚ ਇਹ ਆਪਸੀ ਵੰਡ ਦਾ ਬੜਾ ਵੱਡਾ ਕਾਰਨ ਬਣਿਆ। ਇਨ੍ਹਾਂ ਵਿਚ ਇਕ ਉਹ ਵੀ ਸਨ ਜੋ ਸਫੈਦ ਬਸਤਰ (ਸ਼੍ਵੇਤਾਂਬਰ) ਪਹਿਨਦੇ ਸਨ ਅਤੇ ਦੂਸਰੇ ਉਹ ਸਨ ਜੋ ਸੰਪਤੀ ਦਾ ਪੂਰਨ ਤਿਆਗ ਕਰਦੇ ਹੋਏ ਦਿਗੰਬਰ ਅਰਥਾਤ ਦਿਸ਼ਾਵਾਂ (ਆਕਾਸ਼) ਨੂੰ ਹੀ ਆਪਣਾ ਬਸਤਰ ਸਮਝ ਕੇ ਨੰਗੇ ਰਹਿੰਦੇ ਸਨ। ਇਹ ਵਿਭਾਜਨ ਈਸਵੀ ਸਦੀ ਸੰਨ 79 ਜਾਂ 82 ਵਿਚ ਹੋਇਆ। ਇਨ੍ਹਾਂ ਦੋਨਾ ਫਿਰਕਿਆਂ (ਸੰਪ੍ਰਦਾਇ) ਵਿਚ ਦਾਰਸ਼ਨਿਕ ਸਿਧਾਂਤ-ਸੰਬੰਧੀ ਮਤਭੇਦ ਇੰਨਾ ਨਹੀ ਹੈ ਜਿੰਨਾ ਕਿ ਨੈਤਿਕ ਸਿਧਾਂਤ ਸੰਬੰਧੀ ਸੀ। ਦਿਗੰਬਰਪੰਥੀ ਮੰਨਦੇ ਹਨ ਕਿ ‘ਕੇਵਲੀ’ ਅਥਵਾ ਪੂਰਨਗਿਆਨੀ ਸੰਤ ਉਹ ਹੈ ਜੋ ਬਿਨਾ ਭੋਜਨ ਦੇ ਜੀਵਨ-ਨਿਰਵਾਹ ਕਰਦਾ ਹੈ; ਅਤੇ ਉਹ ਸਾਧੂ ਜੋ ਕੁਝ ਵੀ ਸੰਪਤੀ ਆਪਣੇ ਕੋਲ ਰੱਖਦਾ ਹੈ - ਜਿਸ ਵਿਚ ਬਸਤਰ ਪਹਿਨਣਾ ਵੀ ਆ ਜਾਂਦਾ ਹੈ - ਨਿਰਵਾਣ ਜਾਂ ਮੁਕਤੀ ਪ੍ਰਾਪਤ ਨਹੀ ਕਰ ਸਕਦਾ। ਇੱਥੋਂ ਤਕ ਕਿ ਇਹ ਲੋਕ ਮਹਾਂਵੀਰ ਤੀਰਥੰਕਰ ਨੂੰ ਵੀ ਬਿਨਾ ਕਿਸੇ ਸ਼ਿਗਾਰ ਨੰਗਾ ਅਤੇ ਝੁਕੀਆਂ ਅੱਖਾਂ ਵਾਲਾ ਹੀ ਪ੍ਰਸਤੁਤ ਕਰਦੇ ਹਨ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਮਹਾਂਵੀਰ ਸਾਰੀ ਉਮਰ ਬ੍ਰਹਮਚਾਰੀ ਹੀ ਰਹੇ ਸਨ। ਇਹ ਸ਼੍ਵੇਤਾਂਬਰ ਸੰਪ੍ਰਦਾਇ ਦੇ ਪ੍ਰਮਾਣਿਕ ਗ੍ਰੰਥਾਂ ਨੂੰ ਅਸਵੀਕਾਰ ਕਰਦੇ ਹਨ ਅਤੇ ਉਨ੍ਹਾਂ ਦਾ ਆਪਣਾ ਕੋਈ ਗ੍ਰੰਥ ਨਹੀ ਹੈ।

ਜੈਨੀ ਨੂੰ ਬੋਲਣ ਵੇਲੇ ਮੂੰਹ ਅੱਗੇ ਵਸਤ੍ਰ ਰੱਖਣਾ ਜ਼ਰੂਰੀ ਹੈ। ਹਰੇਕ ਪਾਸੇ ਰਜੋਹਰ (ਸੂਤ ਦਾ ਝਾੜੂ) ਹੋਣਾ ਵੀ ਜ਼ਰੂਰੀ ਹੈ, ਜਿਸ ਨਾਲ ਬੈਠਣ ਵੇਲੇ ਜ਼ਮੀਨ ਸਾਫ ਕਰ ਲਈ ਜਾਵੇ ਤਾਂ ਕਿ ਕੋਈ ਜੀਵ ਨਾ ਮਰੇ। ਜੈਨੀ ਸਾਧੂ ਨੂੰ ਠੰਢਾ ਭੋਜਨ ਅਤੇ ਉਬਲਿਆ ਹੋਇਆ ਪਾਣੀ ਪੀਣਾ ਚਾਹੀਦਾ ਹੈ। ਨਿਰਮਲ ਜਲ ਨਾਲ ਨਹਾਉਣਾ ਵਰਜਿਤ ਹੈ, ਕਿਉਂਕਿ ਅਜਿਹਾ ਕਰਨ ਨਾਲ ਜੀਵ-ਜੰਤੁ ਮਰ ਸਕਦੇ ਹਨ। ਜੈਨੀ ਨੂੰ ਧਨ ਜਮਾਂ ਕਰਨਾ ਬਿਲਕੁਲ ਹੀ ਮਨਾ (ਨਿਸ਼ੇਧ) ਹੈ।

ਜੈਨਮਤ ਦਾ ਸਾਹਿਤ

ਸ਼ੁਰੂ ਵਿਚ ਮਹਾਂਵੀਰ ਦੇ ਮੂਲ ਉਪਦੇਸ਼ਾਂ ਦਾ ਗਿਆਨ ਸਿਰਫ ਲੋਕਾਂ ਦੇ ਮਨਾਂ ਤਕ ਹੀ ਸੀਮਿਤ ਸੀ, ਪ੍ਰੰਤੂ ਇਸ ਨਾਲ ਇਹ ਗਿਆਨ ਹੌਲੀ ਹੌਲੀ ਭੁੱਲ ਰਿਹਾ ਸੀ ਜਿਸ ਕਰਕੇ ਈਸਵੀ ਪੂਰਵ (ਈਪੂ) ਦੀ ਚੌਥੀ ਸਦੀ ਦੌਰਾਨ ਧਾਰਮਿਕ ਨਿਯਮ ਬਣਾਉਣ ਦੀ ਜ਼ਰੂਰਤ ਤੀਬਰ ਰੂਪ ਵਿਚ ਮਹਿਸੂਸ ਹੋਣ ਲੱਗੀ। ਇਸ ਮਨੋਰਥ ਨੂੰ ਲੈ ਕੇ, ਪਾਟਲੀਪੁਤਰ (ਅਜੋਕਾ ਪਟਨਾ, ਬਿਹਾਰ) ਵਿਖੇ, ਚੌਥੀ ਸਦੀ ਈ ਪੂ ਦੇ ਲਗਪਗ ਇਕ ਪਰਿਸ਼ਦ ਆਯੋਜਨ ਕੀਤੀ ਗਈ। ਪ੍ਰੰਤੂ ਸਹੀ ਅਰਥਾਂ ਵਿਚ ਮਹਾਂਵੀਰ ਦੇ ਧਾਰਮਿਕ ਨਿਯਮਾਂ ਨੂੰ ਅੰਤਿਮ ਰੂਪ ਦੇਣ ਲਈ, ਪਾਟੀਪੁਤਰ ਦੀ ਪਰਿਸ਼ਦ ਤੋਂ ਲਗਪਗ 800 ਸਾਲ ਬਾਅਦ, ਇਕ ਹੋਰ ਪਰਿਸ਼ਦ, 400 ਈ ਵਿਚ ਰਿਸ਼ੀ ਦੇਵਰਧਿ ਦੀ ਦੇਖ ਰੇਖ ਵਿਚ ਵੱਲਭੀ ਵਿਖੇ ਬੁਲਾਈ ਗਈ। ਇਸ ਪਰਿਸ਼ਦ ਵਿਚ 84 ਧਾਰਮਕ ਗ੍ਰੰਥ ਤਿਆਰ ਕੀਤੇ ਗਏ। ਇਨ੍ਹਾਂ ਵਿਚ 41 ਸੂਤਰਗ੍ਰੰਥ ਸਨ, ਕਾਫੀ ਗਿਣਤੀ ਵਿਚ ਪ੍ਰਕੀਰਣਕ ਅਰਥਾਤ ਵਰਗੀਕਰਣਵਿਹੀਨ (ਮਿਲੇ ਜੁਲੇ) ਗ੍ਰੰਥ, 12 ਨਿਰਯੁਕਤੀਗ੍ਰੰਥ ਅਥਵਾ ਟਿੱਪਣੀਆਂ, ਇਕ ਮਹਾਭਾਸ਼੍ਯ ਅਰਥਾਤ ਬ੍ਰਿਹਤ ਟੀਕਾ (ਟਿੱਪਣੀ)। 41 ਸੂਤਰਾਂ ਵਿਚ 11 ਅੰਗ, 12 ਉਪਾਂਗ , 5 ਛੇਦ (ਖੰਡ), 5 ਮੂਲ ਅਤੇ 8 ਵਿਵਿਧ ਗ੍ਰੰਥ, ਜਿਵੇਂ ਭਦ੍ਰਬਾਹੁ ਦਾ ‘ਕਲਪਸੂਤਰ’ ਸੰਮਲਿਤ ਸਨ। ਇਹ ਸਾਰੇ ਅਰਧਮਾਗਧੀ ਭਾਸ਼ਾ ਵਿਚ ਲਿਖੇ ਗਏ, ਕਿੰਤੁ ਅੱਗੇ ਚਲ ਕੇ ਸੰਸਕ੍ਰਿਤ ਜੈਨਧਰਮ ਦੀ ਚਹੇਤੀ ਭਾਸ਼ਾ ਬਣੀ।

ਦਿਗੰਬਰ ਸੰਪ੍ਰਦਾਇ ਅਨੁਸਾਰ, ਸੰਨ 57 ਈਸਵੀ ਵਿਚ ਪਰਬੀਨ (ਨਿਸ਼ਣਾਤ) ਵਿਦਵਾਨਾਂ ਦੀ ਘਾਟ ਕਾਰਨ ਉਨ੍ਹਾਂ ਭੁੱਲਦੀਆਂ ਜਾਂਦੀਆਂ ਪਵਿੱਤਰ ਜਨਸ਼੍ਰੁਤੀਆਂ ਨੂੰ ਲਿਖਿਆ (ਲਿੱਪੀਬਧ) ਗਿਆ ਜੋ ਲੋਕਾਂ ਦੀ ਯਾਦ ਬਣ ਕੇ ਹੀ ਰਹਿ ਗਈਆਂ ਸਨ। ਇਸ ਪ੍ਰਕਾਰ ਇਨ੍ਹਾਂ ਧਰਮਗ੍ਰੰਥਾਂ ਦਾ ਨਿਰਮਾਣ ਸ਼੍ਰੁਤੀਆਂ ਅਤੇ ਸਿਮਰਤੀਆਂ ਦੇ ਆਧਾਰ ਉੱਪਰ ਹੀ ਹੋਇਆ, ਜਿਨ੍ਹਾਂ ਵਿਚ 7 ਤਤਵ, 9 ਪਦਾਰਥ, 6 ਦ੍ਰਵ ਅਤੇ 5 ਅਸਤਿਕਾਯਾਂ ਦਾ ਵਰਣਨ ਹੈ।

ਜੈਨ ਪਰੰਪਰਾ ਅਨੁਸਾਰ, ਮਹਾਂਵੀਰ ਦੇ ਉਪਦੇਸ਼ਾਂ ਨੂੰ ਉਸਦੇ ਚੇਲੇ ਇੰਦਰਭੂਤੀ (607 ਈ ਪੂ – 515 ਈ ਪੂ) ਨੇ ਵੀ ਇਕੱਤ੍ਰ ਕੀਤਾ। ਇਸ ਚੇਲੇ ਨੂੰ ਗੌਤਮ ਜਾਂ ਗੋਤਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇੰਦਰਭੂਤੀ ਦਾ ਜਨਮ (607 ਈ ਪੂ) ਮਾਗਧ ਇਲਾਕੇ ਦੇ ਗੋਰਬਰ ਪਿੰਡ ਵਿਚ ਹੋਇਆ ਦੱਸਿਆ ਜਾਂਦਾ ਹੈ। ਉਹ 92 ਸਾਲ ਦੀ ਉਮਰ ਭੋਗ ਕੇ, ਮਹਾਂਵੀਰ ਦੇ ਨਿਰਵਾਣ ਤੋਂ 12 ਸਾਲ ਮਗਰੋਂ, 515 ਈ ਪੂ ਵਿਚ ਸੁਰਗਵਾਸ ਹੋਏ।

ਪ੍ਰਾਚੀਨ ਤਰਕਸ਼ਾਸਤਰ ਗ੍ਰੰਥ

ਤਰਕਸ਼ਾਸਤਰ ਦਾ ਵਰਣਨ, ਜੈਨਮਤ ਦੇ 45 ਗ੍ਰੰਥਾਂ ਵਿਚ ਮਿਲਦਾ ਹੈ। ਇਹ ਗ੍ਰੰਥ ਜ਼ਿਆਦਾ ਕਰਕੇ ਪ੍ਰਾਕ੍ਰਿਤ ਭਾਸ਼ਾ ਵਿਚ ਲਿਖੇ ਗਏ ਸਨ। ਇਨ੍ਹਾਂ ਵਿਚ ‘ਹੇਤੁ’ ਸ਼ਬਦ ਦੀ ਵਰਤੋਂ ‘ਸਹੀ ਗਿਆਨ’ (ਪ੍ਰਮਾਣ) ਦੇ ਅਰਥਾਂ ਵਿਚ ਕੀਤੀ ਗਈ ਹੈ। ਹੇਤੁ (ਪ੍ਰਮਾਣ) ਚਾਰ ਪ੍ਰਕਾਰ ਦਾ ਦੱਸਿਆ ਗਿਆ ਹੈ,

 1. ਪ੍ਰਤਿਅਕਸ਼ (ਪ੍ਰਤੱਖ),

 2. ਅਨੁਮਾਨ,

 3. ਉਪਮਾਨ, ਅਤੇ

 4. ਆਗਮ (ਸ਼ਾਸਤਰ ਗ੍ਰੰਥਾਂ ਤੋ ਪ੍ਰਾਪਤ ਗਿਆਨ)।

ਅਨੁਮਾਨ ਦੇ ਅਰਥਾਂ ਵਿਚ ਹੇਤੁ ਦੀ ਵਰਤੋਂ ਚਾਰ ਪ੍ਰਕਾਰ ਦੀ ਮੰਨੀ ਗਈ ਹੈ,

 1. ਇਹ ਹੈ, ਕਿਉਂਕਿ ਉਹ ਹੈ: ਜੈਸੇ, ਜਿੱਥੇ ਧੂਆਂ, ਉੱਥੇ ਅੱਗ।

 2. ਇਹ ਨਹੀ ਹੈ, ਕਿਉਂਕਿ ਉਹ ਹੈ: ਜੈਸੇ, ਇੱਥੇ ਸਰਦੀ ਨਹੀ ਹੈ, ਕਿਉਂਕਿ ਇੱਥੇ ਅੱਗ ਹੈ।

 3. ਇਹ ਹੈ, ਕਿਉਂਕਿ ਉਹ ਨਹੀ ਹੈ: ਜੈਸੇ, ਇੱਥੇ ਸਰਦੀ ਹੈ, ਕਿਉਂਕਿ ਇਥੇ ਅੱਗ ਨਹੀ ਹੈ।

 4. ਇਹ ਨਹੀ ਹੈ, ਕਿਉਂਕਿ ਉਹ ਨਹੀ ਹੈ: ਜੈਸੇ, ਇੱਥੇ ਸਿੰਮਲ ਰੁੱਖ ਨਹੀ ਹੈ, ਕਿਉਂਕਿ ਇੱਥੇ ਕੋਈ ਰੁੱਖ ਨਹੀ ਹੈ।

ਇਸ ਤੋਂ ਇਲਾਵਾ ਹੋਰ ਗ੍ਰੰਥਾਂ ਵਿਚ ਵਿਤਰਕ (ਕਿਆਸ ਦੇ ਅਰਥਾਂ ਵਿਚ), ਤਰਕ (ਦਲੀਲ ਜਾਂ ਵਾਦਵਿਵਾਦ), ਪੱਖ (ਪਕਸ਼ – ਕਿਸੇ ਪ੍ਰਸੰਗ ਅਥਵਾ ਬਾਤ ਦਾ ਇੱਕ ਪਹਿਲੂ), ਛਲ (ਜਾਂ ਵਾਕ-ਛਲ – ਨ੍ਯਾਯਮਤ (ਨਿਆਇਮਤ) ਅਨੁਸਾਰ ਕਿਸੇ ਦੇ ਕਹੇ ਹੋਏ ਵਾਕ ਨੂੰ ਤਰਕ ਅਥਵਾ ਹਾਸੀ ਨਾਲ ਉਲਟੇ ਅਰਥ ਵਿੱਚ ਲਾਉਣਾ) ਦੇ ਵਿਸ਼ਿਆਂ ‘ਤੇ ਵੀ ਚਰਚਾ ਕੀਤੀ ਗਈ ਹੈ।।

ਭਦ੍ਰਬਾਹੂ-੨ਜਾ ਦਾ ਤਰਕਵਾਕ (375 ਈ)

ਰਿਸ਼ੀ ਭਦ੍ਰਬਾਹੂ ਅਤੇ ਉਮਾਸਵਾਤਿ, ਜੈਨ ਪਰੰਪਰਾ ਦੇ ਤਾਰਕਿਕ ਲਿਖਾਰੀ ਮੰਨੇ ਜਾਂਦੇ ਹਨ। ਇਨ੍ਹਾ ਵਿਚੋਂ ਭਦ੍ਰਬਾਹੂ ਦੀਆਂ ਆਲੋਚਨਾਵਾਂ (ਟੀਕਾ) ਕਾਫੀ ਜਾਨੀਆਂ ਮਾਨੀਆਂ ਹਨ। ਭਦ੍ਰਬਾਹੂ ਦੇ ਜੀਵਨ ਕਾਲ ਬਾਰੇ ਬਹੁਤੀ ਜ਼ਿਆਦਾ ਇਤਿਹਾਸਕ ਜਾਣਕਾਰੀ ਪ੍ਰਾਪਤ ਨਹੀ ਹੈ। ਵਿਭਿੰਨ ਜੈਨ ਮਰਯਾਦਾ (ਰੀਤ) ਅਨੁਸਾਰ ਇਹ ਹੀ ਕਿਹਾ ਜਾ ਸਕਦਾ ਹੈ ਕਿ ਸ਼ਾਇਦ ਭਦ੍ਰਬਾਹੂ ਦਾ ਜੀਵਨ ਕਾਲ ਰਾਜਾ ਵਿਕਰਮਾਦਿਤਿਆ ਦੇ ਰਾਜ ਕਾਲ (375 ਈ) ਦਾ ਹੋ ਸਕਦਾ ਹੈ। ਇਸ ਬਾਰੇ ਸੱਚ ਕੋਈ ਵੀ ਹੋਵੇ, ਪਰ ਇਹ ਨਿਸਚੈ ਹੈ ਕਿ ਉਨ੍ਹਾਂ ਨੇ ਹੋਰ ਕਈ ਟੀਕਾ ਤੋ ਉਪਰੰਤ ਦਸ਼ਵਾਏਕਾਲਿਕਾ-ਸੁਤਰ ਉੱਪਰ ਦਸ਼ਵਾਏਕਾਲਿਕਾ-ਨਿਰਯੁਕਤੀ ਨਾਮ ਦੀ ਟੀਕਾ ਲਿਖੀ। ਇਸ ਵਿਚ ਉਨ੍ਹਾਂ ਨੇ ਭਾਵੇ ਤਰਕਸ਼ਾਸ਼ਤਰ ਦੇ ਵਿਸ਼ੇ ਨੂੰ ਉਘਾੜਨ ਦੀ ਕੋਸ਼ਿਸ਼ ਨਹੀ ਕੀਤੀ ਪਰ ਉਨ੍ਹਾਂ ਦਾ ਮੁੱਖ ਮਨੋਰਥ ਜੈਨਮਤ ਦੇ ਸਿਧਾਤਾਂ ਨੂੰ ਤਰਕ ਦੇ ਸਹਾਰੇ ਸੱਚੇ ਸਾਬਤ ਕਰਨਾ ਹੈ। ਐਸਾ ਕਰਨ ਲਈ ਉਨ੍ਹਾਂ ਨੇ ਦਸ ਹਿੱਸਿਆਂ ਵਾਲਾ ਤਰਕਵਾਕ (ਦਸ਼ਅਵਯਵ ਵਾਕ) ਵਿਸਤ੍ਰਿਤ ਕੀਤਾ।

ਜੈਨੀ ਵਿਚਾਰਧਾਰਾ ਵਸਤੂਵਾਦੀ ਅਤੇ ਅਨੇਕ ਹੋਂਦਵਾਦੀ ਹੈ। ਇਸ ਅਨੇਕਾਂਤਵਾਦ ਤੋਂ ਸਾਇਦਵਾਦ ਦਾ ਸਿਧਾਂਤ ਪੈਦਾ ਹੋਇਆ। ਇਸ ਸਿਧਾਂਤ ਅਨੁਸਾਰ ਕੋਈ ਵਸਤੂ ਜਾਂ ਕੋਈ ਵਿਚਾਰ ਨਿਰਪੇਖ ਰੂਪ ਵਿਚ ਸੱਚ ਨਹੀ ਹੈ। ਜੈਨ ਦਰਸ਼ਨ ਅਨੁਸਾਰ ਹਰੇਕ ਵਸਤੂ ਦੇ ਅਨੇਕ ਗੁਣ (ਧਰਮ) ਹੁੰਦੇ ਹਨ ਅਤੇ ਹਰੇਕ ਵਸਤੂ ਦੂਜੀਆਂ ਵਸਤੂਆਂ ਨਾਲ ਵੱਖ ਵੱਖ ਰੂਪਾਂ ਨਾਲ ਸੰਬੰਧ ਰੱਖਦੀ ਹੈ। ਇਸ ਤਰ੍ਹਾਂ ਇਕ ਹੀ ਵਸਤੂ ਨੂੰ ਵਿਭਿੰਨ ਦ੍ਰਿਸ਼ਟੀਕੋਣਾ ਤੋ ਦੇਖਣ ਦੇ ਕਾਰਨ ਲੋਕਾਂ ਵਿਚ ਆਪਸੀ ਮਤਭੇਦ ਹੋ ਜਾਂਦਾ ਹੈ। ਇਸ ਅਧੂਰੇ ਜਾਂ ਆਂਸ਼ਿਕ ਗਿਆਨ ਨੂੰ ਜੋ ਇਕ ਤਰ੍ਹਾਂ ਦਾ ਦ੍ਰਿਸ਼ਟੀਕੋਣ ਹੀ ਹੈ, ਨਯ (ਅਧੂਰਾ ਗਿਆਨ) ਕਿਹਾ ਗਿਆ ਹੈ। ਇਸ ਅਧੂਰੇ ਗਿਆਨ ਦੇ ਆਧਾਰ ਤੇ ਜਿਹੜਾ ਨਿਆਂ ਜਾ ਸਿੱਟਾ ਹੁੰਦਾ ਹੈ ਉਸ ਨੂੰ “ਨਯ” ਕਿਹਾ ਜਾਂਦਾ ਹੈ। ਕਿਸੇ ਵੀ ਵਿਸ਼ੇ ਦੇ ਸੰਬੰਧ ਵਿਚ ਜਿਹੜਾ ਮਨੁੱਖ ਦਾ ਨਿਆ (ਫੈਸਲਾ) ਹੁੰਦਾ ਹੈ ਉਹ ਸਭ ਦ੍ਰਿਸ਼ਟੀਆਂ ਤੋਂ ਸੱਚਾ ਜਾਂ ਠੀਕ ਨਹੀ ਹੁੰਦਾ। ਉਸ ਦੀ ਸਚਾਈ ਉਸਦੇ ਨਯ ਤੇ ਨਿਰਭਰ ਕਰਦੀ ਹੈ। ਇਸ ਲਈ ਵਿਚਾਰ ਨੂੰ ਦੋਸ਼ਾਂ ਤੋਂ ਮੁਕਤ ਰੱਖਣ ਲਈ ਸਯਦ (ਸ਼ਾਇਦ) ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਨਾਲ ਇਸ ਗਲ ਦਾ ਭਰਮ ਦੂਰ ਹੋ ਜਾਂਦਾ ਹੈ ਕਿ ਕੋਈ ਵਸਤੂ ਜਾਂ ਵਿਚਾਰ ਨਿੱਤ ਜਾਂ ਨਿਰਪੇਖ ਹੈ। ਇਸ ਲਈ ਹਰੇਕ ਵਸਤੂ ਦਾ ਗਿਆਨ ਸਾਪੇਖ ਗਿਆਨ ਹੈ। ਉਸ ਦੀ ਸੱਚਾਈ ਉਸ ਪ੍ਰਸੰਗ ਵਿਚ ਹੀ ਹੈ ਜਿਸ ਪ੍ਰਸੰਗ ਲਈ ਉਸ ਦੀ ਰਚਨਾ ਕੀਤੀ ਗਈ ਹੈ। ਸਯਦਵਾਦ ਅਨੁਸਾਰ ਮਨੁੱਖ ਦਾ ਗਿਆਨ ਪੂਰਨ ਸਤਯ ਨਹੀਂ ਹੁੰਦਾ, ਉਹ ਪਦਾਰਥਾਂ ਦੀ ਵਿਸ਼ੇਸ਼ ਦਸ਼ਾ ਨੂੰ ਲੈ ਕੇ ਹੀ ਹੁੰਦਾ ਹੈ ਇਸ ਲਈ ਮਨੁੱਖ ਦਾ ਗਿਆਨ ਸਾਪੇਖ (ਪ੍ਰਸੰਗਕ) ਹੈ। ਸਾਰ ਵਿਚ ਸਯਦਵਾਦ ਦਾ ਅਰਥ ਹੈ ਸਾਧਾਰਣ ਬੁੱਧੀ ਵਾਲਾ ਮਨੁੱਖ ਕਿਸੇ ਵਿਸ਼ੇ ਦੇ ਬਾਰੇ ਜਿਹੜਾ ਵੀ ਨਿਆ ਕਰਦਾ ਹੈ ਉਹ ਇਕ ਅੰਸ਼ ਦਾ ਹੀ ਹੈ। ਇਕ ਪਹਿਲੁ ਦਾ ਹੀ ਹੁੰਦਾ ਹੈ। ਉਸ ਦੀ ਸਤਯਤਾ ਜਾਂ ਸਚਾਈ ਉਸੀ ਪ੍ਰਸੰਗ ਦੇ ਅਨੁਸਾਰ ਹੁੰਦੀ ਹੈ ਜਿਸ ਦੇ ਨਾਲ ਉਸ ਦਾ ਵਿਚਾਰ ਜਾਂ ਖਿਆਲ ਬਣਿਆ ਰਹਿੰਦਾ ਹੈ।

ਭਦ੍ਰਬਾਹੂ ਆਪਣੀ ਰਚਨਾ ਸੂਤ੍ਰ-ਕ੍ਰਤਾਂਗ-ਨਿਰਯੁਕਤੀ ਵਿਚ ਸਯਾਦਵਾਦ (ਸ੍ਯਾਤਵਾਦ ਜਾਂ ਸ਼ਾਇਦਵਾਦ) ਦੀ ਵਿਆਖਿਆ ਇਸ ਪ੍ਰਕਾਰ ਕਰਦੇ ਹਨ ਜਿਸ ਨੂੰ ਕਈ ਬਾਰ ਸਪਤਭੰਗੀ-ਨਯ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ:

 1. ਸ਼ਾਇਦ, ਇਹ ਹੈ (ਸਯਾਦ ਆਸਤੀ)।

 2. ਸ਼ਾਇਦ, ਇਹ ਨਹੀ ਹੈ (ਸਯਾਦ ਨਾਸਤੀ)।

 3. ਸ਼ਾਇਦ, ਇਹ ਹੈ ਅਤੇ ਨਹੀ ਵੀ ਹੈ (ਸਯਾਦ ਆਸਤੀ ਨਾਸਤੀ)।

 4. ਸ਼ਾਇਦ, ਇਹ ਅਵਰਣਨਯੋਗ ਹੈ (ਸਯਾਦ ਅਵਕਤਵ੍ਯ)।

 5. ਸ਼ਾਇਦ, ਇਹ ਹੈ ਅਤੇ ਤਦ ਵੀ ਅਵਰਣਨਯੋਗ ਹੈ (ਸਯਾਦ ਆਸਤੀ ਅਵਕਤਵ੍ਯ)।

 6. ਸ਼ਾਇਦ, ਇਹ ਨਹੀ ਹੈ, ਅਤੇ ਅਵਰਣਨਯੋਗ ਵੀ ਹੈ (ਸਯਾਦ ਨਾਸਤੀ ਅਵਕਤਵ੍ਯ)।

 7. ਸ਼ਾਇਦ, ਇਹ ਹੈ ਅਤੇ ਨਹੀ ਹੈ ਅਤੇ ਅਵਰਣਨਯੋਗ ਵੀ ਹੈ (ਸਯਾਦ ਨਾਸਤੀ ਅਵਕਤਵ੍ਯ)।

ਇਸ ਤਰ੍ਹਾ ਦੇ ਸਯਾਦਵਾਦ ਦੀਆਂ ਉਦਾਹਰਣਾਂ ਆਧੁਨਿਕ ਵਿਗਿਆਨ ਦੇ ਖੇਤਰ ਵਿਚ ਕਾਫੀ ਮਿਲਦੀਆਂ ਹਨ। ਸਭ ਤੋਂ ਸੁਪ੍ਰਸਿੱਧ ਅਤੇ ਮੰਨੀ ਪ੍ਰਮੰਨੀ ਮਿਸਾਲ ਪਰਮਾਣੂ ਭੌਤਿਕਵਿਗਿਆਨ ਵਿਚ ਮਿਲਦੀ ਹੈ। ਪ੍ਰਮਾਣੂ ਦੀ ਸਰਲ ਸੰਰਚਨਾ ਵਿਚ ਇਹ ਮੰਨਿਆ ਜਾਂਦਾ ਹੈ ਕਿ ਗੋਲਾਕਾਰ ਅਕਸ ਵਾਲੇ ਪਰਮਾਣੂ ਅੰਦਰ ਵਿਭਿੰਨ ਕਿਸਮ ਦੇ ਅਤਿ ਸੂਖਮ ਕਣ ਪਾਏ ਜਾਂਦੇ ਹਨ। ਇਨ੍ਹਾਂ ਕਣਾਂ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਦਾ ਅੱਡ ਪੁੰਜ ਹੋਣ ਦੇ ਨਾਲ ਨਾਲ ਇਹ ਬਿਜਲੀ ਦੇ ਚਾਰਜ ਦੇ ਵੀ ਧਾਰਣੀ ਹੁੰਦੇ ਹਨ ਜੋ ਇਨ੍ਹਾਂ ਦੀ ਵਿਲੱਖਣਤਾ ਨੂੰ ਪ੍ਰਗਟ ਕਰਦੀ ਹੈ। ਪਰਮਾਣੂ ਦੇ ਕੇਂਦਰ (ਨਾਭੀ, ਨਾਭਿ) ਵਿਚ ਸਥਿਤ ਕਣਾਂ ਨੂੰ ਪ੍ਰੋਟਾਨ ਅਤੇ ਨਿਉਟ੍ਰਾਨ ਦਾ ਨਾਮ ਦਿੱਤਾ ਗਿਆ ਹੈ। ਪ੍ਰੋਟਾਨ (ਧਨੀਕਣ) ਦਾ ਬਿਜਲਈ ਚਾਰਜ ਧਨਾਤਮਕ (+ਮਕ) ਜਦ ਕਿ ਨਿਉਟ੍ਰਾਨ ਚਾਰਜ ਤੋਂ ਖਾਲੀ (ਨਿਰਲੇਪ) ਹੁੰਦਾ ਹੈ। ਪਰਮਾਣੂ ਦੀ ਸਮਤਾ ਕਾਇਮ ਰੱਖਣ ਲਈ ਇਸ ਧਨਾਤਮਕ ਚਾਰਜ ਵਾਲੇ ਕੇਂਦਰ ਦੇ ਇਰਦ ਗਿਰਦ, ਅਲਗ ਅਲਗ ਕਕਸ਼ ਪਥਾਂ ਵਿਚ, ਰਿਣਾਤਮਕ (-ਮਕ) ਚਾਰਜ ਵਾਲੇ ਸੂਖਮ ਕਣ ਘੁੰਮਦੇ ਰਹਿੰਦੇ ਹਨ। ਇਨ੍ਹਾਂ ਚਾਰਜੀ ਕਣਾਂ ਨੂੰ ਇਲੈਕਟ੍ਰਾਨ (ਰਿਣੀਕਣ) ਦਾ ਨਾਮ ਦਿੱਤਾ ਗਿਆ ਹੈ। ਇਨ੍ਹਾਂ ਇਲੈਕਟ੍ਰਾਨ ਕਣਾਂ (ਅਸਲ ਵਿਚ ਪਰਮਾਣੂ ਦੇ ਸਾਰੇ ਕਣਾਂ ਦੇ ਹੀ) ਦੇ ਅਸਚਰਜਮਈ ਗੁਣ ਹਨ। ਕਈ ਬਾਰ - ਦਿੱਤੇ ਹੋਏ ਹਾਲਾਤਾਂ ਵਿਚ - ਇਹ ਕਣ ਠੋਸ (ਸਥੂਲ) ਕਣਾਂ ਵਾਂਗ ਅਭਿਵਿਅਕਤ ਹੁੰਦੇ ਹਨ ਅਤੇ ਕਈ ਬਾਰ - ਵੱਖਰੇ ਹਾਲਾਤਾਂ ਵਿਚ - ਇਨ੍ਹਾਂ ਦਾ ਸਵੈ-ਪ੍ਰਗਟਾਵਾ ਤਰੰਗਾਂ ਦੇ ਪ੍ਰਭਾਵ ਵਾਲਾ ਹੁੰਦਾ ਹੈ। ਇਸ ਤਰ੍ਹਾਂ ਅਸੀ ਇਹ ਨਹੀ ਕਹਿ ਸਕਦੇ ਕਿ ਕੀ ਇਹ ਇਲੈਕਟ੍ਰਾਨ ‘ਠੋਸ ਕਣ’ ਹਨ ਜਾਂ 'ਤਰੰਗਾਂ' ਹਨ। ਇਸ ਦੁਪੱਖੀ ਪ੍ਰਭਾਵ ਨੂੰ ਪਰਮਾਣੂ ਭੌਤਿਕਵਿਗਿਆਨ ਵਿਚ “ਕਣ-ਤਰੰਗ-ਦਵੈਤ” (ਪਾਰਟੀਕਲ-ਵੇਵ-ਡਿਉਐਲਟੀ) ਕਿਹਾ ਜਾਂਦਾ ਹੈ। ਜੈਨ ਸਯਾਦਵਾਦ ਦੀ ਭਾਸ਼ਾ ਵਿਚ ਅਸੀ ਇਲੈਕਟ੍ਰਾਨ (ਰਿਣੀਕਣ) ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ:

 1. ਸ਼ਾਇਦ ਇਹ “ਕਣ” ਹੈ।

 2. ਸ਼ਾਇਦ ਇਹ “ਕਣ” ਨਹੀ ਹੈ ਅਤੇ ਅਵਰਣਨਯੋਗ ਹੈ।

 3. ਸ਼ਾਇਦ ਇਹ “ਤਰੰਗ” ਹੈ।

 4. ਸ਼ਾਇਦ ਇਹ “ਤਰੰਗ” ਨਹੀ ਹੈ ਅਤੇ ਅਵਰਣਨਯੋਗ ਹੈ।

 5. ਸ਼ਾਇਦ ਇਹ ਅਵਰਣਨਯੋਗ ਹੈ।

 6. ਸ਼ਾਇਦ ਇਹ “ਕਣ” ਵੀ ਹੈ ਅਤੇ “ਤਰੰਗ” ਵੀ ਹੈ ਅਤੇ ਅਵਰਣਨਯੋਗ ਹੈ।

 7. ਸ਼ਾਇਦ ਇਹ “ਕਣ” ਵੀ ਨਹੀ ਹੈ ਅਤੇ “ਤਰੰਗ” ਵੀ ਨਹੀ ਹੈ ਅਤੇ ਅਵਰਣਨਯੋਗ ਹੈ।

ਪ੍ਰਕਾਸ਼ ਦੇ ‘ਤਰੰਗ-ਸਮ’ ਅਤੇ ‘ਕਣ-ਸਮ’ ਸਿਧਾਤਾਂ ਬਾਰੇ ਚਰਚਾ ਕਰਦੇ ਹੋਏ ਆਈਨਸਟਾਈਨ ਲਿਖਦੇ ਹਨ: “ਇਸ ਤਰ੍ਹਾਂ ਲਗਦਾ ਹੈ ਜਾਣੋਂ ਕਦੇ ਸਾਨੂੰ ਇਕ ਅਤੇ ਕਦੇ ਦੂਸਰੇ ਸਿਧਾਂਤ ਨੂੰ ਵਰਤਣਾ ਲਾਜ਼ਮੀ ਹੈ, ਜਦ ਕਿ ਕਿਸੇ ਵੇਲੇ ਇਨ੍ਹਾਂ ਵਿਚੋਂ ਇਕ ਨੂੰ ਵਰਤਣਾ ਹੀ ਕਾਫੀ ਹੁੰਦਾ ਹੈ। ਸਾਡੇ ਸਾਹਮਣੇ ਨਵੀਂ ਕਿਸਮ ਦੀ ਕਠਿਨਾਈ ਆਣ ਖੜ੍ਹੀ ਹੈ। ਸਾਡੇ ਪਾਸ ਵਾਸਤਵਿਕ ਹੋਂਦ ਬਾਰੇ ਦੋ ਪਰਸਪਰ ਵਿਰੋਧੀ ਤਸਵੀਰਾਂ ਹਨ, ਇਨ੍ਹਾਂ ਵਿਚੋ, ਵੱਖਰੇ ਤੌਰ ‘ਤੇ, ਇਕ ਵੀ ਪ੍ਰਕਾਸ਼ ਦੇ ਅਸਲੀ ਤੱਥ ਦੀ ਪੂਰਨ ਵਿਆਖਿਆ ਨਹੀ ਕਰਦੀ, ਪ੍ਰੰਤੂ ਦੋਵੇਂ ਸਾਥ ਮਿਲ ਕੇ ਜ਼ਰੂਰ ਕਰਦੀਆਂ ਹਨ।“

ਉਮਾਸਵਾਤਿ (1-85 ਈ)

ਜੈਨੀ ਪਰੰਪਰਾ ਅਨੁਸਾਰ, ਉਮਾਸਵਾਤਿ 84 ਸਾਲ ਦੀ ਉਮਰ ਭੋਗ ਕੇ, ਸੰਨ 85 ਈ ਨੂੰ ਸੁਰਗਵਾਸ ਹੋਏ। ਉਨ੍ਹਾ ਨੂੰ ਵਾਚਕ-ਸ਼੍ਰਮਣ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਇਕ ਪਿੰਡ ਨਿਆਗਰੋਧੀਕਾ ਵਿਖੇ ਹੋਇਆ ਅਤੇ ਉਨ੍ਹਾਂ ਨੇ ਤਤਵਾਰਥਾਧੀਗਮ-ਸੂਤਰ ਨਾਮ ਦੀ ਰਚਨਾ ਪਾਟਲੀਪੁਤਰ (ਪਟਨਾ, ਬਿਹਾਰ) ਵਿਖੇ ਰਹਿ ਕੇ ਕੀਤੀ। ਉਨ੍ਹਾਂ ਦਾ ਗੋਤ੍ਰ ਕੌਭਿਸ਼ਾਨੀ ਦੱਸਿਆ ਜਾਂਦਾ ਹੈ। ਜੀਨਪ੍ਰਭਾਸੂਰੀ ਦੇ ਗ੍ਰੰਥ ਤੀਰਥਕਲਪ ਵਿਚ ਆਇਆ ਹੈ ਕਿ ਉਨ੍ਹਾਂ ਨੇ 500 ਪ੍ਰਕਰਣ ਲਿਖੇ ਸਨ। ਉਨ੍ਹਾਂ ਨੂੰ ਸ਼੍ਵੇਤਾਂਬਰ ਫਿਰਕੇ ਵਿਚੋਂ ਮੰਨਿਆ ਜਾਂਦਾ ਹੈ।

ਜੈਨ ਦਰਸ਼ਨ ਸੱਤ ਪਦਾਰਥਾਂ ਨੂੰ ਸਵੀਕਾਰ ਕਰਦਾ ਹੈ: (1) ਜੀਵ, (2) ਅਜੀਵ, (3) ਆਸ੍ਰਵ (ਕਿਰਿਆ), (4) ਬੰਧਨ, (5) ਸੰਵਰ, ਰੋਕ ਜਾਂ ਵ੍ਰਤ, (6) ਨਿਰਜਰਾ, ਸਭਕਿਰਿਆਵਾਂ ਦਾ ਨਾਸ, ਅਤੇ (7) ਮੋਕਸ਼ (ਮੁਕਤੀ)। ਉਮਾਸਵਾਤਿ ਅਨੁਸਾਰ ਇਨ੍ਹਾਂ ਪਦਾਰਥਾਂ ਨੂੰ ਸਿਰਫ “ਪ੍ਰਮਾਣ” ਅਤੇ “ਨਯ” ਰਾਹੀ ਹੀ ਸਮਝਿਆ ਜਾ ਸਕਦਾ ਹੈ। ਪ੍ਰਮਾਣ ਨੂੰ ਉਹ ਦੋ ਪ੍ਰਕਾਰ ਦਾ ਮੰਨਦੇ ਹਨ, (1) ਪਰੋਕਸ਼ (ਪਰੋਖ) – ਅਸਿੱਧਾ ਗਿਆਨ ਜੋ ਆਤਮਾ ਨੂੰ ਬਾਹਰੀ ਇੰਦ੍ਰੀਆਂ ਦੀ ਸਹਾਇਤਾ ਰਾਹੀਂ ਪ੍ਰਾਪਤ ਹੁੰਦਾ ਹੈ, (2) ਪ੍ਰਤਿਅਕਸ਼, ਸਿੱਧਾ ਗਿਆਨ ਜੋ ਆਤਮਾ ਨੂੰ ਇੰਦ੍ਰੀਆਂ ਦੀ ਸਹਾਇਤਾ ਦੇ ਬਗੈਰ ਪ੍ਰਾਪਤ ਹੁੰਦਾ ਹੈ। ਪਰੋਕਸ਼ ਵਿਚ “ਮਤੀ” ਅਤੇ “ਸ਼ਰੁਤ ” ਗਿਆਨ ਸ਼ਾਮਲ ਹਨ, ਜੋ ਆਤਮਾ ਨੂੰ ਇੰਦ੍ਰੀਆਂ ਅਤੇ ਮਨ ਦੇ ਮਾਧਿਅਮ ਰਾਹੀਂ ਪ੍ਰਾਪਤ ਹੁੰਦੇ ਹਨ।

ਮਤੀਗਿਆਨ  ਸਾਧਾਰਨ ਗਿਆਨ ਹੈ ਜੋ ਇੰਦ੍ਰੀਆਂ ਦੇ ਪ੍ਰਤਿਅਕਸ਼ ਸੰਬੰਧ ਦੁਆਰਾ ਪ੍ਰਾਪਤ ਹੁੰਦਾ ਹੈ। ਇਸ ਦੇ ਅੰਤਰਗਤ ਆਉਂਦੇ ਹਨ: ਸਿਮਰਤੀ (ਯਾਦਦਾਸ਼ਤ), ਸੰਗ੍ਯਾ, ਅਰਥਾਤ ਨਾਮ ਜਾਂ ਪ੍ਰਤਿਭਿਗ੍ਯਾ (ਪਹਿਚਾਨ); ਤਰਕ ਜਾਂ ਨਿਰੀਖਣ ਦੇ ਆਧਾਰ ਉੱਪਰ ਕੀਤਾ ਗਿਆ ਆਗਮਨ ਅਨੁਮਾਨ; ਅਭਿਨਿਬੋਧ ਜਾਂ ਨਿਗਮਨ ਵਿਧੀ ਦੁਆਰਾ ਅਨੁਮਾਨ। ਮਤੀਗਿਆਨ ਦੇ ਕਦੇ ਕਦੇ ਤਿੰਨ ਭੇਦ ਵੀ ਕੀਤੇ ਜਾਂਦੇ ਹਨ: ਉਪਲਬਧਿ ਜਾਂ ਪ੍ਰਤਿਅਕਸ਼ ਗਿਆਨ, ਭਾਵਨਾ ਜਾਂ ਸਿਮਰਤੀ, ਅਤੇ ਉਪਯੋਗ ਜਾਂ ਅਰਥਗ੍ਰਹਿਣ (ਸਮਝ)। ਮਤੀਗਿਆਨ ਦੀ ਉਤਪਤੀ ਤੋਂ ਪਹਿਲਾ ਸਾਨੂੰ ਹਮੇਸ਼ਾ “ਦਰਸ਼ਨ” ਹੁੰਦਾ ਹੈ।

ਸ਼ਰੁਤ (ਸ਼੍ਰੁਤਿ) ਗਿਆਨ - ਅਥਵਾ ਸ਼ਬਦ ਜਾਂ ਆਪਤ ਪ੍ਰਮਾਣ – ਉਹ ਗਿਆਨ ਹੈ ਜੋ ਲੱਛਣਾਂ (ਗੁਣਾਂ), ਪ੍ਰਤੀਕਾਂ ਜਾਂ ਸ਼ਬਦਾਂ ਰਾਹੀ ਪ੍ਰਾਪਤ ਕੀਤਾ ਜਾਂਦਾ ਹੈ। ਜਦਕਿ ਮਤੀਗਿਆਨ ਸਾਨੂੰ ਪਰਿਚੈ ਦੁਆਰਾ ਹਾਸਲ ਹੁੰਦਾ ਹੈ, ਸ਼ਰੁਤਗਿਆਨ ਕੇਵਲ ਵਰਣਨ ਦੁਆਰਾ ਪ੍ਰਾਪਤ ਹੁੰਦਾ ਹੈ।

“ਯੋਗ” ਰਾਹੀ ਹਾਸਲ ਗਿਆਨ ‘ਪ੍ਰਤਿਅਕਸ਼’ ਦਾ ਹੀ ਹਿੱਸਾ ਮੰਨਿਆ ਜਾਂਦਾ ਹੈ, ਕਿਉਂਕਿ ਇਹ ਇੰਦ੍ਰੀਆਂ ਰਾਹੀਂ ਪ੍ਰਾਪਤ ਨਹੀ ਕੀਤਾ ਜਾਂਦਾ: ਇਸ ਦੀਆਂ ਤਿੰਨ ਦਸ਼ਾ ਮੰਨੀਆ ਗਈਆਂ ਹਨ; ਅਵਧਿ ਗਿਆਨ, ਮਨਪਰਯਾਯ ਗਿਆਨ (ਮਾਨਸਕ-ਸ਼ਕਤੀ ਦਾ ਗਿਆਨ) ਅਤੇ ਕੈਵਲਯ ਗਿਆਨ। ਪਰੋਕਸ਼ ਥੱਲੇ ਉਮਾਸਵਾਤਿ ਅਨੁਮਾਨ, ਉਪਮਾਨ, ਆਗਮ, ਅਰਥਾਪਤੀ, ਸੰਭਵ ਅਤੇ ਆਭਾਵ ਨੂੰ ਵੀ ਗਿਣਦੇ ਹਨ ਅਤੇ ਇਨ੍ਹਾ ਨੂੰ ਅਲਗ ਗਿਆਨ ਦੇ ਸਾਧਨ ਨਹੀ ਮੰਨਦੇ।

ਇੱਥੇ ਇਹ ਗਹੁ ਕਰਨਾ ਜ਼ਰੂਰੀ ਹੈ ਕਿ ਉਮਾਸਵਾਤਿ, ਦੂਸਰੇ ਸੰਪ੍ਰਦਾਇਆਂ ਦੇ ਮੁਕਾਬਲੇ ਪ੍ਰਤਿਅਕਸ਼ ਨੂੰ ਸਿੱਧਾ ਗਿਆਨ ਦਾ ਸਾਧਨ ਮੰਨਦੇ ਹਨ ਕਿਉਂਕਿ ਆਤਮਾ ਨੂੰ ਇਹ ਗਿਆਨ ਇੰਦ੍ਰੀਆਂ ਰਾਹੀ ਪ੍ਰਾਪਤ ਨਹੀ ਹੁੰਦਾ ਹੈ। ਇਸ ਦੇ ਮੁਕਾਬਲੇ ਦੂਜੇ ਸੰਪ੍ਰਦਾਇ (ਨਿਆਇਸ਼ਾਸਤਰ ਅਤੇ ਬੋਧੀ) ਪ੍ਰਤਿਅਕਸ਼ ਨੂੰ ਇੰਦ੍ਰੀਆਂ ਦੁਆਰਾ ਪ੍ਰਾਪਤ ਕੀਤਾ ਗਿਆਨ ਮੰਨਦੇ ਹਨ।

ਤਤਵਾਰਥਾਧੀਗਮ-ਸੂਤਰ  ਵਿਚ ਨਯ ਦਾ ਵਿਵਰਣ ਵੀ ਦਿੱਤਾ ਗਿਆ ਹੈ। ਨਯ ਜੈਨ ਵਿਚਾਰਧਾਰਾ ਅਤੇ ਤਰਕਸ਼ਾਸਤਰ ਦਾ ਇਕ ਆਪਣਾ ਨਿੱਜੀ ਅਤੇ ਵਿਸ਼ਿਸ਼ਟ ਲੱਛਣ ਹੈ। ਇਹ ਉਹ ਵਿਧੀ ਹੈ ਜਿਸ ਰਾਹੀ ਵਸਤੂਆਂ ਨੂੰ ਕਿਸੇ ਵਿਸ਼ੇਸ਼ ਦ੍ਰਿਸ਼ਟੀਕੋਣ ਤੋਂ ਗ੍ਰਹਿਣ ਕੀਤਾ ਜਾਂਦਾ ਹੈ। ਜਿਸ ਤਰ੍ਹਾ ਕਈ ਅੰਨ੍ਹੇ ਆਦਮੀ ਇਕ ਹੀ ਹਾਥੀ ਨੂੰ ਛੋਹ ਕੇ ਅਲਗ ਅਲਗ ਵਿਆਖਿਆਵਾਂ ਦਿੰਦੇ ਹਨ; ਕੋਈ ਲੱਤ ਛੋਹ ਕੇ ਉਸ ਨੂੰ ਰੁੱਖ ਦੱਸਦਾ ਹੈ; ਕੰਨਾਂ ਨੂੰ ਛੋਹਣ ਵਾਲਾ ਉਸਨੂੰ ਪੱਖਾ ਕਹਿੰਦਾ ਹੈ; ਸੁੰਡ ਨੂੰ ਛੋਹਣ ਵਾਲਾ ਉਸ ਨੂੰ ਰੱਸੀ ਕਹਿੰਦਾ ਹੈ ਆਦਿ। ਇਸ ਤਰ੍ਹਾ ਇਕ ਹੀ ਵਸਤੂ ਨੂੰ ਵਿਭਿੰਨ ਦ੍ਰਿਸ਼ਟੀਕੋਣਾਂ ਤੋਂ ਦੇਖਣ ਦੇ ਕਾਰਨ ਲੋਕਾਂ ਵਿਚ ਆਪਸੀ ਮਤਭੇਦ ਹੋ ਜਾਂਦੇ ਹਨ। ਪ੍ਰੰਤੂ ਕਿਸੇ ਵਿਸ਼ੇਸ਼ ਦ੍ਰਿਸ਼ਟੀਕੋਣ ਨੂੰ ਅਪਣਾਉਣ ਦਾ ਤਾਤਪਰਜ ਇਹ ਨਹੀ ਕਿ ਅਸੀ ਦੂਜੇ ਦ੍ਰਿਸ਼ਟੀਕੋਣਾਂ ਦਾ ਨਿਰਾਕਰਣ ਕਰਦੇ ਹਾਂ। ਜੋ ਇਕ ਦ੍ਰਿਸ਼ਟੀਕੋਣ ਤੋਂ ਸੱਚ ਨਹੀ ਹੈ, ਉਹ ਦੂਸਰੇ ਦ੍ਰਿਸ਼ਟੀਕੋਣ ਤੋਂ ਸੱਚ ਹੋ ਵੀ ਹੋ ਸਕਦਾ ਹੈ। ਅਲਗ ਅਲਗ ਪਹਿਲੂ ਸੰਪੂਰਣ ਸਚਾਈ ਦੇ ਕਦੇ ਵੀ ਅਨੁਕੂਲ ਨਹੀ ਹੁੰਦੇ। ਇਸ ਤਰ੍ਹਾਂ ਜੈਨਮਤ ਦਾ ਮੌਲਿਕ ਸਿਧਾਂਤ ਇਹ ਹੈ ਕਿ ਵਾਸਤਵਿਕ ਹੋਂਦ ਸਾਡੇ ਦ੍ਰਿਸ਼ਟੀਕੋਣਾਂ ਦੇ ਕਾਰਨ ਸਾਪੇਖ (ਪ੍ਰਸੰਗਕ) ਹੈ। ਯਥਾਰਥਸੱਤਾ ਦੇ ਸਾਮਾਨ੍ਯ ਸਰੂਪ ਦਾ ਗਿਆਨ ਵਿਭਿੰਨ ਆਂਸ਼ਿਕ ਮਤਾਂ ਵਿਚ ਹੀ ਹੈ। ਇਸ ਤਰ੍ਹਾ ਦਾ ਅਧੂਰਾ ਗਿਆਨ ‘ਨਯ’ ਕਿਹਾ ਜਾਂਦਾ ਹੈ। ਨਯ ਪੰਜ ਪ੍ਰਕਾਰ ਦਾ ਦੱਸਿਆ ਗਿਆ ਹੈ: (1) ਨੈਗਮ, (2) ਸੰਗ੍ਰਹਿ, (3) ਵਿਵਹਾਰ, (4) ਰਿਜੁਸੂਤਰ, ਅਤੇ (5) ਸ਼ਬਦ।

ਨੈਗਮ ਨਯ – ਨਿਰ-ਵਿਸ਼ਲੇਸ਼ਣ। ਇਹ ਉਹ ਅਧੂਰਾ ਗਿਆਨ ਹੈ ਜਿਸ ਵਿਚ ਕਿਸੇ ਵਸਤੂ ਦੇ ਦੋਨੋ ਆਮ (ਸਾਮਾਨ੍ਯ) ਅਤੇ ਵਿਸ਼ੇਸ਼ ਗੁਣਾਂ ਨੂੰ ਹੀ ਉਸ ਦਾ ਸਰੂਪ ਮੰਨ ਲਿਆ ਜਾਂਦਾ ਹੈ ਅਤੇ ਉਨ੍ਹਾਂ ਵਿਚ ਕੋਈ ਭੇਦ ਨਹੀ ਕੀਤਾ ਜਾਂਦਾ। ਜੈਸੇ, ਬਾਂਸ ਸ਼ਬਦ ਦੀ ਵਰਤੋਂ ਵਿਚ ਬਾਂਸ ਦੇ ਕੁਝ ਇਕ ਗੁਣਾਂ ਵਲ ਇਸ਼ਾਰਾ ਹੈ, ਜਦ ਕਿ ਦੂਸਰੇ ਗੁਣ ਬਾਕੀ ਰੁੱਖਾਂ ਨਾਲ ਸਾਂਝੇ ਹਨ। ਇਹ ਸ਼ਬਦ ਵਰਤਣ ਵਿਚ ਆਮ ਅਤੇ ਵਿਸ਼ੇਸ਼ ਗੁਣਾਂ ਵਿਚ ਭੇਦ ਨਹੀ ਕੀਤਾ ਜਾਂਦਾ।

ਸੰਗ੍ਰਹਿ ਨਯ – ਇਹ ਉਹ ਅਧੂਰਾ ਗਿਆਨ (ਵਿਧੀ) ਹੈ ਜਿਸ ਵਿਚ ਵਸਤੂ ਦੇ ਵਿਸ਼ੇਸ਼ ਗੁਣਾਂ ਨੂੰ ਛੱਡ ਕੇ ਸਿਰਫ ਸਾਮਾਨ੍ਯ (ਆਮ) ਗੁਣਾਂ ਦਾ ਹੀ ਵਰਣਨ ਕੀਤਾ ਜਾਂਦਾ ਹੈ। ਇਸ ਅਨੁਸਾਰ ਵਿਸ਼ੇਸ਼ ਗੁਣਾਂ ਦੀ ਆਪਣੀ ਕੋਈ ਹੋਂਦ ਨਹੀ ਹੈ, ਹੋਂਦ ਸਿਰਫ ਆਮ ਗੁਣਾਂ ਦੀ ਹੈ।

ਵ੍ਯਵਹਾਰ ਨਯ – ਵਿਵਹਾਰ ਨਯ। ਇਸ ਗਿਆਨ ਵਿਚ ਸਾਮਾਨਯ (ਆਮ) ਗੁਣਾਂ ਨੂੰ ਪਰੇ ਰੱਖਕੇ ਕੇਵਲ ਵਿਸ਼ੇਸ਼ ਗੁਣਾਂ ਨੂੰ ਹੀ ਮਹੱਤਵ ਦਿੱਤਾ ਜਾਂਦਾ ਹੈ। ਇਹ ਵਿਹਾਰਕ ਵਿਧੀ ਹੈ। ਇਸ ਅਧੂਰੇ ਗਿਆਨ (ਨਯ) ਅਨੁਸਾਰ ਆਮ ਗੁਣਾਂ ਦੀ ਵਿਸ਼ੇਸ਼ ਗੁਣਾਂ ਤੋਂ ਵੱਖਰੀ ਕੋਈ ਹੋਂਦ ਨਹੀ ਹੈ। ਮਿਸਾਲ ਵਜੋਂ ਜੇ ਕਿਸੇ ਨੂੰ ਇਕ ਬੂਟਾ ਲਿਆਉਣ ਲਈ ਕਿਹਾ ਜਾਵੇ ਤਾਂ ਉਹ ਇਕ ਵਿਸ਼ੇਸ਼ ਬੂਟਾ ਹੀ ਲਿਆਵੇਗਾ, ਉਹ ਆਮ (ਸਾਮਾਨ੍ਯ) ਬੂਟਾ ਨਹੀ ਲਿਆ ਸਕਦਾ।

ਰਿਜੁਸੂਤਰ ਨਯ – (ਰਿਜੁ – ਸਿੱਧਾ, ਬਿਨਾ ਵਲ, ਕਪਟਰਹਿਤ)। ਰਿਜੁ ਤੋਂ ਭਾਵ ਹੈ ਸਿੱਧਾ ਜਾਂ ਤਤਕਾਲੀ। ਇਸ ਅਧੂਰੇ ਗਿਆਨ ਵਿਚ ਵਸਤੂ ਦੇ ਵਰਤਮਾਨ ਸਰੂਪ ਦੀ ਵਿਆਖਿਆ ਕੀਤੀ ਜਾਂਦੀ ਹੈ ਅਤੇ ਉਸ ਦੇ ਅਤੀਤ (ਭੂਤਕਾਲ) ਅਤੇ ਭਵਿੱਖ ਦੇ ਰੂਪਾਂ ਵਲ ਧਿਆਨ ਨਹੀ ਦਿੱਤਾ ਜਾਂਦਾ। ਇਸ ਅਨੁਸਾਰ ਵਸਤੂ ਦੀ ਉਪਯੋਗਤਾ ਵਿਚ ਉਸ ਦੇ ਅਤੀਤ ਅਤੇ ਭਵਿੱਖਤ (ਅਟੂਟ) ਰੂਪਾਂ ਦਾ ਕੋਈ ਅਸਥਾਨ ਨਹੀ ਹੈ। ਇਨ੍ਹਾਂ ਰੂਪਾਂ ਨੂੰ ਵਿਚਾਰਨਾ ਜਾਂ ਚਿੰਤਨ ਕਰਨਾ ਬੇਅਰਥ ਹੈ। ਵਿਹਾਰਕ ਕੰਮ, ਸਿਰਫ ਵਸਤੂ ਦੇ ਵਰਤਮਾਨ ਰੂਪ ਨਾਲ ਹੀ ਸੰਵਰਦੇ ਹਨ। ਇਸ ਵਿਚ ਕਿਸੇ ਵਸਤੂ ਦੇ ਇਕ ਵਿਸ਼ੇਸ਼ ਪਲ ਦੇ ਸੁਭਾਉ ‘ਤੇ ਵਿਚਾਰ ਕੀਤਾ ਜਾਂਦਾ ਹੈ। ਵਸਤੂ ਦੀ ਵਰਤਮਾਨ ਪਲ ਦੀ ਹੋਂਦ ਹੀ ਫਾਇਦੇਮੰਦ ਹੁੰਦੀ ਹੈ। ਮਿਸਾਲ ਵਜੋਂ ਜੇ ਕੋਈ ਆਦਮੀ ਪਿਛਲੇ ਜਨਮ ਵਿਚ ਬਾਦਸ਼ਾਹ ਸੀ ਤਾਂ ਇਸ ਜਨਮ ਵਿਚ ਇਸ ਦਾ ਕੋਈ ਫਾਇਦਾ ਨਹੀ ਹੈ। ਇਹ ਨਯ ਸਿਰਫ ਵਸਤੂ ਦੀ ਹੋਂਦ ਨੂੰ ਹੀ ਮੰਨਦਾ ਹੈ, ਪਰ ਇਸ ਦੇ ਨਾਮ, ਸਥਾਪਨਾ (ਰੂਪ) ਜਾਂ ਦ੍ਰਵ ਨੂੰ ਨਹੀ ਮੰਨਦਾ।

ਸ਼ਬਦ ਨਯ – ਇਹ ਨਯ ਸਹੀ ਨਾਮ ਰੱਖਣ ਨਾਲ ਸੰਬੰਧ ਰੱਖਦਾ ਹੈ। ਹਰੇਕ ਸ਼ਬਦ ਦਾ ਇਕ ਵਿਸ਼ੇਸ਼ ਅਰਥ ਹੁੰਦਾ ਹੈ। ਸ਼ਬਦ ਕਿਸੇ ਵਸਤੂ, ਦੇ ਗੁਣ, ਸੰਬੰਧ ਜਾਂ ਕ੍ਰਿਆ ਦਾ ਸੂਚਕ ਹੁੰਦਾ ਹੈ। ਸਹੀ ਨਾਮਕਰਣ (ਨਾਂ ਰੱਖਣਾ) ਤਿੰਨ ਪ੍ਰਕਾਰ ਦਾ ਮੰਨਿਆ ਗਿਆ ਹੈ: ਅਰਥਾਤ ਸਾਮਪ੍ਰਤ (ਉਚਿਤ, ਯੋਗ), ਸਮਭਿਰੁਧ (ਸੂਖਮ, ਬਾਰੀਕ), ਅਤੇ ਏਵਮਭੂਤ (ਇਹੋ ਜਿਹਾ)।

 1. ਸਾਮਪ੍ਰਤ – ਇਸ ਸ਼ਬਦ ਦੀ ਉਹ ਵਰਤੋਂ ਹੈ ਜਿਸ ਨਾਲ ਸ਼ਬਦ ਨੂੰ ਆਮ (ਸਾਧਾਰਣ) ਅਰਥ ਵਿਚ ਵਰਤਿਆ ਜਾਂਦਾ ਹੈ, ਭਾਵੇਂ ਉਸ ਸ਼ਬਦ ਦਾ ਮੂਲ ਅਰਥ ਬਿਲਕੁਲ ਵੱਖਰਾ ਹੋਵੇ। ਮਿਸਾਲ ਵਜੋਂ ਸ਼ਤਰੂ (ਸ਼ਤ੍ਰੁ) ਦਾ ਮੂਲ ਅਰਥ ਹੈ ਨਾਸ਼ਕ (ਨਾਸ ਕਰਨ ਵਾਲਾ) ਪਰ ਆਮ ਵਰਤੋਂ ਵਿਚ ਇਸ ਦਾ ਮਤਲਬ ‘ਵੈਰੀ’ ਸਮਝਿਆ ਜਾਂਦਾ ਹੈ।

 2. ਸਮਭਿਰੁਧ – ਦਾ ਸੰਬੰਧ ਸਮਾਨਾਰਥਕ ਸ਼ਬਦਾਂ ਵਿਚ ਸਹੀ ਭੇਦ ਪਛਾਣਨ ਨਾਲ ਹੈ ਅਤੇ ਉਸ ਸ਼ਬਦ ਦੀ ਚੋਣ ਕਰਨ ਨਾਲ ਹੈ ਜੋ ਨਿਰੁਕਤੀ ਦੀ ਦ੍ਰਿਸ਼ਟੀ ਤੋਂ ਸਹੀ ਉੱਤਰੇ।

 3. ਏਵਮਭੂਤ – ਵਸਤੂਆਂ ਨੂੰ ਉਹ ਨਾਮ ਦੇਣਾ ਜੋ ਉਨ੍ਹਾਂ ਦੀਆਂ ਪਰਿਸਥਿਤੀਆਂ (ਹਾਲਾਤਾਂ) ਦੇ ਅਨੁਕੂਲ ਹੋਵੇ। ਮਿਸਾਲ ਵਜੋਂ ਕਿਸੇ ਪੁਰਸ਼ ਨੂੰ “ਬਹਾਦਰ” ਕਹਿਣਾ ਗਲ਼ਤ ਹੋਵੇਗਾ ਜੇ ਉਸਨੇ ਕੋਈ ਬਹਾਦਰੀ ਨਾ ਦਿਖਾਈ ਹੋਵੇ।

ਜੈਨਮਤ ਦੇ ਪ੍ਰਾਚੀਨ ਲੇਖਕਾਂ, ਭਦ੍ਰਬਾਹੁ ਅਤੇ ਉਮਾਸਵਾਤਿ, ਨੇ ਮੂਲ ਜੈਨ ਵਿਚਾਰਧਾਰਾ ਅਤੇ ਸਿਧਾਂਤਾਂ ਨੂੰ ਮੁੱਖ ਰੱਖ ਕੇ, ਗਿਆਨ ਪ੍ਰਾਪਤੀ ਦੇ ਸਾਧਨਾਂ (ਪ੍ਰਮਾਣ) ਨੂੰ ਪ੍ਰਸਤੁਤ ਕੀਤਾ। ਇਹ ਪ੍ਰਮਾਣ ਕਈ ਪੱਖਾਂ ਤੋਂ ਦੂਜੇ ਮਤਾਂ (ਨਿਆਇ ਅਤੇ ਬੋਧੀ) ਤੋਂ ਅਲੱਗ ਅਤੇ, ਕਈ ਬਾਰ, ਪਰਸਪਰ ਵਿਰੋਧੀ ਵੀ ਜਾਪਦੇ ਹਨ। ਅਗਲੀ ਕਿਸ਼ਤ ਵਿਚ ਅਸੀਂ ਜੈਨਮਤ ਦੇ ਪ੍ਰਣਾਲੀਬੱਧ ਤਰਕਸ਼ਾਸਤਰ ਬਾਰੇ ਚਰਚਾ ਕਰਾਂਗੇ ਜਿਸ ਦਾ ਰਚਨਾਕਾਲ 450 ਈਸਵੀ ਤੋਂ ਸ਼ੂਰੂ ਹੁੰਦਾ ਹੈ।

... ਚਲਦਾ

12/03/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)
 

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com