ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਬੋਧੀ ਤਰਕਸ਼ਾਸਤਰ ਪਰੰਪਰਾ (570 ਈ ਪੂ – 1200 ਈ) (1)

ਗੌਤਮ ਬੁੱਧ (570 ਈ ਪੂ - 490 ਈ ਪੂ)

ਬੋਧੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਧਰਮ ਸਦੀਵੀ ਹੈ, ਸਨਾਤਨ ਹੈ। ਇਸ ਦੇ ਪ੍ਰਚਾਰ ਲਈ ਸਮੇ ਸਮੇ “ਬੁੱਧ” ਅਤੇ “ਤਥਗਤ” ਜਨਮ ਲੈਂਦੇ ਰਹਿੰਦੇ ਹਨ। ਵਰਤਮਾਨ ਕਾਲ ਵਿਚ (ਮਹਾ-ਭਦਰ-ਕਲਪ) ਚਾਰ ‘ਬੁੱਧ’ ਪ੍ਰਗਟ ਹੋ ਚੁੱਕੇ ਹਨ: ਅਰਥਾਤ ਕਰਾਕੁਚੰਦਰ, ਕਨਕਮੁਨੀ, ਕੱਸ਼ਪ ਅਤੇ ਗੌਤਮ, ਜਦ ਕਿ ਪੰਜਵੇਂ, ਮੈਤਰੇਈ ਨੇ ਅਜੇ ਜਨਮ ਲੈਣਾ ਹੈ।

ਇਨ੍ਹਾਂ ਵਿਚੋਂ ਚੌਥੇ ਬੁੱਧ, ਅਰਥਾਤ ਗੌਤਮ ਬੁੱਧ, ਜੋ ਸ਼ਾਕਿਆਮੁਨੀ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ, ਦਾ ਜਨਮ ਕਪਿਲਾਵਾਸਤੂ ਵਿਖੇ 570 ਈ ਪੂ ਵਿਚ ਹੋਇਆ ਅਤੇ ਉਨ੍ਹਾਂ ਨੇ 490 ਈ ਪੂ ਨੂੰ ਕੁਸ਼ੀਨਗਰ ਵਿਖੇ ਨਿਰਵਾਣ ਪ੍ਰਪਤ ਕੀਤਾ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਮਗਧ (ਬਿਹਾਰ) ਵਿਚ ਰਹਿ ਕੇ ਗੁਜ਼ਾਰਿਆ। ਇਹ ਮੰਨਿਆ ਜਾਂਦਾ ਹੈ ਕਿ ਗੌਤਮ ਬੁੱਧ ਨੇ ਹੀ ਬੁੱਧਮਤ ਦੀ ਸਥਾਪਨਾ ਕੀਤੀ ਜਦ ਕਿ ਪਹਿਲੇ ‘ਬੁੱਧ’ ਸਿਰਫ ਇਕ ਮਿਥਿਹਾਸ ਪੁਰਸ਼ ਹੀ ਮੰਨੇ ਜਾਂਦੇ ਹਨ।

ਗੌਤਮ ਬੁੱਧ ਨੇ ਆਪਣੇ ਸਾਰੇ ਉਪਦੇਸ਼ ‘ਮਾਗਧੀ’ ਜਾਂ ‘ਪਾਲੀ’ ਭਾਸ਼ਾ ਵਿਚ ਹੀ ਦਿੱਤੇ ਸਨ। ਗੌਤਮ ਬੁੱਧ ਦੇ ਨਿਰਵਾਣ ਤੋਂ ਬਾਅਦ ਉਸ ਦੇ ਉਪਦੇਸ਼ ਬੋਧੀ ਭਿਕਸ਼ੂਆਂ ਨੇ ਤਿੰਨ ਪਰਿਸ਼ਦਾਂ ਦੇ ਸੰਮੇਲਨਾ ਵਿਚ ਇਕੱਤਰ ਕੀਤੇ। ਇਹ ਪਰਿਸ਼ਦ ਰਾਜਗੜ੍ਹ, ਵੈਸਾਲੀ ਅਤੇ ਪਾਟਲੀਪੁਤਰ ਵਿਖੇ ਰਾਜਾ ਅਜਾਤਸ਼ਤਰੂ, ਕਾਲਅਸ਼ੋਕ ਅਤੇ ਅਸ਼ੋਕ ਦੀ ਸਰਪ੍ਰਸਤੀ ਥੱਲੇ ਕਰਮਵਾਰ ਵਰਸ਼ 490 ਈ ਪੂ, 390 ਈ ਪੂ, ਅਤੇ 255 ਈ ਪੂ ਵਿਚ ਬੁਲਾਏ ਗਏ ਸਨ। ਜੋ ਉਪਦੇਸ਼ ਇਨ੍ਹਾਂ ਪਰਿਸ਼ਦਾਂ ਵਿਚ ਇਕੱਤਰ ਕੀਤੇ ਗਏ ਉਹ ਹੀ ਸਮੁੱਚੇ ਬੁੱਧ ਧਰਮ ਦੇ ਪਵਿੱਤਰ ਗ੍ਰੰਥ ਮੰਨੇ ਜਾਂਦੇ ਹਨ। ਇਨ੍ਹਾਂ ਗ੍ਰੰਥਾਂ ਨੂੰ ਪਾਲੀ ਭਾਸ਼ਾ ਵਿਚ ਟਿਪੀਟਾਕਾ  ਜਾਂ ਪਿਟਕਟਾਯਾ ਅਤੇ ਸੰਸਕ੍ਰਿਤ ਵਿਚ ਤ੍ਰਿਪੀਟਾਕਾ  ਜਾਂ ਪੀਟਾਕਾਤਰਾਯ  ਕਿਹਾ ਜਾਂਦਾ ਹੈ। ਇਨ੍ਹਾਂ ਵਿਚ ਸੁਤ-ਪਿਟਕਾ, ਵਿਨੇਯ ਪਿਟਕਾ  ਅਤੇ ਅਭਿਧਮ ਪਿਟਕਾ  ਸ਼ਾਮਲ ਹਨ, ਜੋ ਆਪਣੇ ਆਪ ਵਿਚ ਕਾਫੀ ਵੱਡੀਆਂ ਰਚਨਾਵਾਂ ਹਨ।

ਪਹਿਲੀ ਪਰਿਸ਼ਦ (490 ਈ ਪੂ) ਵਿਚ ਜੋ ਭਿਕਸ਼ੂ ਇਕੱਤਰ ਹੋਏ ਉਨ੍ਹਾਂ ਨੂੰ ‘ਥੇਰ’ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਉਨ੍ਹਾਂ ਨੇ ਜਿਨ੍ਹਾਂ ਉਪਦੇਸ਼ਾਂ ਨੂੰ ਧਾਰਮਿਕ ਮਾਨਤਾ ਦਿੱਤੀ ਉਹ ‘ਥੇਰਵਾਦ’ ਬੋਧੀਆਂ ਦਾ ਆਧਾਰ ਬਣੇ। ਇਸ ਤੋਂ ਬਾਅਦ ਦੂਸਰੀ ਪਰਿਸ਼ਦ ਸਮੇ, ਦਸ ਹਜ਼ਾਰ ਭਿਕਸ਼ੂਆਂ ਨੂੰ, ਜਿਨਾਂ ਨੇ ‘ਥੇਰ’ ਸਿਧਾਤਾਂ ਦੀ ਉਲੱਘਣਾ ਕੀਤੀ, ਥੇਰ ਭਈਚਾਰੇ ਵਿਚੋਂ ਖਾਰਜ ਕਰ ਦਿੱਤਾ ਗਿਆ। ਇਹ ਖਾਰਜ ਕੀਤੇ ਭਿਕਸ਼ੂ ‘ਮਹਾਸੰਘੀਕਾ’ ਨਾਮ ਨਾਲ ਜਾਣੇ ਜਾਂਦੇ ਸਨ। ਇਨ੍ਹਾਂ ਨੇ ‘ਥੇਰਵਾਦ’ ਦੇ ਸਿਧਾਤਾਂ ਨੂੰ ਬਦਲ ਕੇ ਸੋਧਣ ਦੀਆਂ ਕੋਸ਼ਿਸ਼ਾਂ ਕੀਤੀਆਂ। ਇਸ ਤਰਾਂ ਗੌਤਮ ਬੁੱਧ ਦੇ ਨਿਰਵਾਣ ਤੋਂ 200 ਸਾਲ ਦੇ ਸਮੇ ਅੰਦਰ ਲਗ ਪਗ 14 ਹੋਰ ਬੋਧੀ ਫਿਰਕਿਆਂ ਨੇ ਜਨਮ ਲਿਆ।

ਤੀਸਰੀ ਪਰਿਸ਼ਦ (255 ਈ ਪੂ) ਦੇ ਖਤਮ ਹੋਣ ‘ਤੇ ਥੇਰਵਾਦ ਦੇ ਟਿਪਿਕਾ  ਦੇ ਰੂਪ ਵਿਚ ਇਕੱਤਰ ਕੀਤੇ ਉਪਦੇਸ਼, ਸਮਰਾਟ ਅਸ਼ੋਕ ਦੇ ਪੁਤਰ, ਮਹਿੰਦਾ, ਸ੍ਰੀਲੰਕਾ ਮਹਾਦੀਪ ਲੈ ਕੇ ਪਹੁੰਚੇ। ਇਨਾਂ ਉਪਦੇਸ਼ਾਂ ਨੂੰ ਬੋਧੀ ਭਿਕਸ਼ੂਆਂ ਅਤੇ ਬੁੱਧਧਰਮ ਦੇ ਅਨੁਯਾਈਆਂ ਨੇ ਮੌਖਿਕ ਪ੍ਰਚਾਰ ਰਾਹੀ ਆਮ ਲੋਕਾਂ ਤੱਕ ਪਹੁੰਚਾਇਆ। ਕਿਹਾ ਜਾਂਦਾ ਹੈ ਕਿ ਇਨ੍ਹਾਂ ਨੂੰ ਸ੍ਰੀਲੰਕਾ ਦੇ ਵੱਟਾਗਾਮਨੀ ਦੇ ਰਾਜਕਾਲ ਵਿਚ (104 - 76 ਈ ਪੂ) ਪਹਿਲੀ ਬਾਰ ਲਿਖਤੀ ਰੂਪ ਦਿੱਤਾ ਗਿਆ।

ਗੌਤਮ ਬੁੱਧ - "ਸਰਵਮ ਸ਼ੁਨ੍ਯਮ ਸ਼ੁਨ੍ਯਮ"

ਤਾਰਕਿਕ ਵਿਸ਼ੇ
ਵਿੱਦਿਆਭੂਸ਼ਣ ਅਨੁਸਾਰ ਟਿਪਿਟਾਕਾ ਵਿਚ ਤਰਕ ਦਾ ਕੋਈ ਖਾਸ ਵਰਣਨ ਨਹੀਂ ਆਉਂਦਾ। ਪਰ ਫਿਰ ਵੀ ਤਾਰਕਿਕਾਂ ਦਾ ਸੰਖੇਪ ਤੌਰ ‘ਤੇ ਜ਼ਿਕਰ (ਉਲੇਖ) ਜ਼ਰੂਰ ਮਿਲਦਾ ਹੈ। ਇਹ ਤਾਰਕਿਕ ਕੌਣ ਸਨ, ਉਨ੍ਹਾਂ ਦਾ ਵਿਸ਼ਾ ਵਸਤੂ ਕੀ ਸੀ ਇਸ ਬਾਰੇ ਕੋਈ ਜਾਣਕਾਰੀ ਨਹੀ ਦਿੱਤੀ ਗਈ। ਪਾਲੀ ਸਾਹਿਤ ਵਿਚ ਅਸਿੱਧੇ ਤੌਰ ‘ਤੇ ਗਿਆਨ ਦੇ ਵਿਸ਼ੇ ਨੂੰ ਲੈ ਕੇ, ਤਰਕ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਟਿਪੀਟਾਕਾ ਗ੍ਰੰਥਾਂ ਵਿਚ ਗਿਆਨ (ਜਾਂ ਵਿਗਿਆਨ, ਜੈਸੇ ਕਿ ਕਕਸ਼ੁਵਿਗਿਆਨ ਅਰਥਾਤ ਅੱਖਾਂ ਰਾਹੀਂ ਗਿਆਨ)  ਨੂੰ ਛੇ ਕਿਸਮਾਂ ਵਿਚ ਵੰਡਿਆ ਗਿਆ ਹੈ: (1) ਚਖੁ ਵਿਗਿਆਨਮ  (ਅੱਖਰੂਪੀ ਜਾਂ ਪ੍ਰਤੱਖ ਪ੍ਰਮਾਣ), (2) ਸੋਤਾ ਵਿਗਿਆਨਮ  (ਸ੍ਰੋਤਾਗਣ, ਸ਼੍ਰਵਣੀ ਜਾਂ ਸੁਣਨ-ਸੰਬੰਧੀ), (3) ਘਾਨ ਵਿਗਿਆਨਮ (ਸੋਂਘੀ, ਸੁੰਘਣ ਸੰਬੰਧੀ), (4) ਜੀਵਹ ਵਿਗਿਆਨਮ  (ਚੱਖਣ ਜਾਂ ਜੀਭ ਨਾਲ ਚੱਖਣ), (5) ਕਾਇਆ ਵਿਗਿਆਨਮ  (ਸਪਰਸ਼ੀ ਜਾਂ ਛੋਹ ਸੰਬੰਧੀ), (6) ਮਨੋ ਵਿਗਿਆਨਮ  (ਮਾਨਸਿਕ ਜਾਂ ਮਨ ਰਾਹੀਂ)।

ਇਸ ਤੋਂ ਇਲਾਵਾ ਟਿਪਿਟਾਕਾ ਗ੍ਰੰਥਾਂ ਵਿਚ ਕਦੇ ਕਦੇ ‘ਤਾਰਕਿਕ’ ਪੁਰਸ਼ਾਂ ਦਾ ਜ਼ਿਕਰ ਵੀ ਆਉਂਦਾ ਹੈ। ਉਹ ਪੁਰਸ਼ ਜੋ ਦਲੀਲਮਈ ਸੋਚਣੀ ਜਾਂ ਵਿਧੀ ਦੇ ਮਾਹਰ ਸਨ। ਵਿਦਿਆਭੂਸ਼ਣ ਦਾ ਵਿਚਾਰ ਹੈ ਕਿ ਇਹ ਪੁਰਸ਼ ‘ਤਰਕ’ ਤੋਂ ਘੱਟ ਅਤੇ ਲਫਜ਼ੀ ਹੇਰ-ਫੇਰ (ਵਾਕਛਲ) ਵਿਚ ਜ਼ਿਆਦਾ ਮਾਹਰ ਸਨ ਜੋ ਫਿਕਰੇਬਾਜ਼ੀ ਜਾਂ ਵਿਤੰਡਾਵਾਦ ਵਿਚ ਰੁਝਾਨ ਜ਼ਿਆਦਾ ਰੱਖਦੇ ਸਨ।

ਇਸ ਤੋਂ ਇਲਾਵਾ ਸੁਤ-ਪਿਟਕਾ (490 ਈ ਪੂ) ਵਿਚ ਐਸੇ ਸ਼੍ਰਮਣਾਂ  ਅਤੇ ਬ੍ਰਾਹਮਣਾਂ  ਦਾ ਜ਼ਿਕਰ ਆਉਂਦਾ ਹੈ ਜੋ ਤਰਕ-ਵਿਤਰਕ ਅਤੇ ਵਿਤੰਡਾ ਵਰਗੀਆਂ ਦਲੀਲਾਂ ਵਿਚ ਦਿਲਚਸਪੀ ਰੱਖਦੇ ਦੱਸੇ ਗਏ ਹਨ। ਆਪੋ ਆਪਣੀ ਦਾਰਸ਼ਨਿਕ ਸੋਚਣੀ ਦੇ ਆਧਾਰ ‘ਤੇ ਇਨ੍ਹਾਂ ਨੂੰ ਤਿੰਨ ਜਮਾਤਾਂ ਵਿਚ ਵੰਡਿਆ ਗਿਆ ਹੈ: (1) ਸਾਸੱਤਵਾਦੀ  (ਨਿੱਤ ਵਾਦੀ), (2) ਏਕਚ-ਸਾਸਤਿਕ ਏਕਚ ਅਸਾਸਤਿਕ  (ਨਿੱਤ-ਅਨਿੱਤ ਵਾਦੀ), (3) ਉਛੇਦਵਾਦੀ  (ਵਿਨਾਸ਼ਵਾਦੀ)।

ਸਾਸੱਤਵਾਦੀ  (ਨਿੱਤਵਾਦੀ) ਉਨ੍ਹਾਂ ਨੂੰ ਮੰਨਿਆ ਗਿਆ ਹੈ ਜੋ ਇਹ ਕਹਿੰਦੇ ਹਨ ਕਿ ਆਤਮਾ  ਸਦੀਵੀ (ਨਿੱਤ) ਹੈ। ਇਨ੍ਹਾਂ ਦਾ ਮੰਨਣਾ ਹੈ ਕਿ ਸੰਸਾਰ ਰੂਪੀ ਵਸਤੂਆਂ ਭਾਵੇਂ ਸਥਿਰ ਅਤੇ ਦ੍ਰਿੜ ਜਾਪਦੀਆਂ ਹਨ, ਇਹ ਜੀਵ-ਜੰਤੂ ਭਾਵੇਂ ਪੁਨਰਜਨਮ ਲੈਂਦੇ ਹਨ, ਇਕ ਅਵਸਥਾ ਤੋਂ ਦੂਜੀ ਅਵਸਥਾ ਵਿਚ ਬਦਲਦੇ ਰਹਿੰਦੇ ਹਨ, ਪਰ ਫਿਰ ਵੀ ਇਹ ਸਦੀਵੀ ਹਨ।

ਨਿੱਤ-ਅਨਿੱਤਵਾਦੀ  ਉਹ ਹਨ ਜੋ ਕਹਿੰਦੇ ਹਨ ਕਿ ਮਾਨਵ ਸਰੀਰ ਅਸਥਿਰ ਹੈ, ਪਰਿਵਰਤਨਸ਼ੀਲ ਹੈ ਅਤੇ ਅਨਿੱਤ ਹੈ। ਪਰ ਮਨ, ਚੇਤਨਾ  ਅਤੇ ਆਤਮਾ  ਸਥਿਰ, ਪਰਿਵਰਤਨਰਹਿਤ ਅਤੇ ਨਿੱਤ ਹਨ।

ਵਿਨਾਸ਼ਵਾਦੀ  ਉਹ ਹਨ ਜੋ ਇਹ ਕਹਿੰਦੇ ਹਨ ਕਿ ਆਤਮਾ  ਦਾ ਰੂਪ  ਹੈ ਅਤੇ ਇਹ ਚਾਰ ਤੱਤਾਂ ਤੋਂ ਬਣੀ ਹੋਈ ਹੈ ਜੋ ਸਰੀਰ ਦੇ ਖਤਮ ਹੋ ਜਾਣ ‘ਤੇ ਖਤਮ ਹੋ ਜਾਂਦੀ ਹੈ। ਮੌਤ ਤੋਂ ਬਾਅਦ ਇਸ ਦਾ ਕੋਈ ਅਸਤਿੱਤਵ ਨਹੀ ਰਹਿੰਦਾ ਅਤੇ ਆਤਮਾ ਪੂਰਨ ਤੌਰ ‘ਤੇ ਵਿਨਾਸ਼ ਹੋ ਜਾਂਦੀ ਹੈ।

ਇਨ੍ਹਾਂ ਤੋਂ ਇਲਾਵਾ ਇਕ ਹੋਰ ਵਿਚਾਰਧਾਰਾ ਦੇ ਸ਼੍ਰਮਣ ਅਤੇ ਬ੍ਰਾਹਮਣ ਵੀ ਹਨ ਜਿਨ੍ਹਾਂ ਨੂੰ ਅਧੀਚ-ਸਮਉਪਨਿਕ  (ਸਹਸਾ ਜਾਂ ਇਤਫਾਕੀਆ ਉਤਪੰਨ) ਕਿਹਾ ਜਾਂਦਾ ਹੈ। ਇਹ ਵਾਕਛਲ ਵਰਗੀ ਦਲੀਲ ਦਿੰਦੇ ਹੋਏ ਕਹਿੰਦੇ ਹਨ ਕਿ ਆਤਮਾ ਅਤੇ ਸੰਸਾਰ ਬਿਨਾ ਕਿਸੇ ਕਾਰਣ ਪੈਦਾ ਹੋਏ ਹਨ।

ਇਸ ਤੋਂ ਇਲਾਵਾ ਮਝਿਮ-ਨਿਕਾਏ  (490 ਈ ਪੂ) ਗ੍ਰੰਥ ਵਿਚ ‘ਅਨੁਮਾਨ-ਸੁਤ’ ਥੱਲੇ ‘ਅਨੁਮਾਨ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਹ ਸ਼ਬਦ ਸਿਰਫ ‘ਕਿਆਸ’ ਲਾਉਣ ਦੇ ਅਰਥਾਂ ਵਿਚ ਹੀ ਵਰਤਿਆ ਗਿਆ ਹੈ।

ਬੋਧੀ ਭਿਕਸ਼ੂਆਂ ਦਾ ‘ਸੰਘ’
ਦਾਰਸ਼ਨਿਕ ਵਿਸ਼ਿਆਂ ‘ਤੇ ਵਾਦ-ਵਿਵਾਦ ਜਾਂ ਮਤ-ਭੇਦ ਬੋਧੀ ਭਿਕਸ਼ੂਆਂ ਦੇ ‘ਸੰਘ’ ਵਿਚ ਸੁਲਝਾਇਆ ਜਾਂਦਾ ਸੀ। ਐਸੇ ਸੰਘ ਪਹਿਲਾ ਸਥਾਪਤ ਕੀਤੇ ਨਿਯਮਾਂ ਅਨੁਸਾਰ ਚਲਾਏ ਜਾਂਦੇ ਸਨ। ਵਿਨੈ-ਪਿਟਕਾ  ਵਿਚ ਚਾਰ ਕਿਸਮ ਦੇ ਅਧਿਕਰਣ (ਮਸਲੇ) ਦੱਸੇ ਗਏ ਹਨ: (1) ਵਿਵਾਦ ਅਧਿਕਰਣ, ਜਿਸ ਮਾਮਲੇ ਵਿਚ ਦੋ ਧਿਰਾਂ ਦੇ ਆਪਸੀ ਮਤ-ਭੇਦ ਹੋਣ; (2) ਅਨੁਵਾਦ ਅਧਿਕਰਣ, ਜਿਸ ਵਿਚ ਇਕ ਧਿਰ ਦੂਸਰੇ ‘ਤੇ ਮੰਨੇ ਪ੍ਰਮੰਨੇ ਨਿਯਮਾਂ ਦੀ ਉਲੱਘਣਾ ਕਰਨ ਦਾ ਦੋਸ਼ ਲਾਉਂਦੀ ਹੋਵੇ; (3) ਆਪਤੁ ਅਧਿਕਰਣ, ਜਿਸ ਮਾਮਲੇ ਵਿਚ ਇਕ ਭਿਕਸ਼ੂ ਨੇ ਹਕੀਕਤ ਵਿਚ ਸਥਾਪਤ ਹੋਏ ਨਿਯਮਾਂ ਦੀ ਉਲੰਘਣਾ ਕੀਤੀ ਹੋਵੇ; (4) ਕਿਚ ਅਧਿਕਰਣ, ਭਿਕਸ਼ੂਆਂ ਦੇ ਸਹੀ (ਸਮ੍ਯਕ) ਆਚਰਣ ਦੀ ਪ੍ਰਕ੍ਰਿਆ, ਕਾਰਜ-ਪ੍ਰਣਾਲੀ ਜਾਂ ਤਰੀਕਾ।

ਇਨ੍ਹਾਂ ਸਾਰੇ ਮਾਮਲਿਆਂ ਨੂੰ ਸੁਲਝਾਉਣ ਦਾ ਮੁੱਖ ਆਧਾਰ ਸਹੀ (ਸਮ੍ਯਕ) ਦਲੀਲ ਅਤੇ ਤਰਕ ਵਿਧੀ ਦਾ ਇਸਤੇਮਾਲ ਕਰਨਾ ਹੁੰਦਾ ਸੀ। ਜਿਸ ਸੰਘ ਵਿਚ ਇਹ ਵਿਵਾਦ ਸੁਲਝਾਏ ਜਾਂਦੇ ਸਨ, ਉਨ੍ਹਾਂ ਦਾ ਇਕ ਨਿਆਇ-ਅਧੀਸ਼ (ਅਨੁਵਿਗਅਕ) ਵੀ ਨਿਯੁਤਕ ਕੀਤਾ ਜਾਂਦਾ ਸੀ। ਇਸ ਦੀ ਚੋਣ ਸੰਘ ਦੇ ਸਦੱਸ ਕਰਦੇ ਕਰਦੇ ਸਨ। ਨਿਆਇ-ਅਧੀਸ਼ ਦੇ ਗੁਣ ਇਸ ਪ੍ਰਕਾਰ ਮੰਨੇ ਜਾਂਦੇ ਸਨ:

 • ਉਹ ਬੇਤਹਾਸ਼ਾ ਅਤੇ ਕਾਹਲਬਾਜ਼ੀ ਵਿਚ ਨਾ ਬੋਲੇ,

 • ਉਸ ਨੂੰ ਉਸ ਵਿਸ਼ੇ ‘ਤੇ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਤੋਂ ਹੋਰ ਝਗੜਾ ਪੈਦਾ ਹੋਵੇ ਅਤੇ ਆਪਸੀ ਮਤਭੇਦ ਵਧੇ,

 • ਉਸ ਨੂੰ ਵਿਰੋਧੀ ਧਿਰਾਂ ਦੀਆਂ ਪੇਸ਼ ਕੀਤੀਆਂ ਦਲੀਲਾਂ ਨੂੰ ਬੜੇ ਧਿਆਨ ਅਤੇ ਸਾਵਧਾਨੀ ਨਾਲ ਸੁਣਨਾ ਚਾਹੀਦਾ ਹੈ,

 • ਸਾਰੀਆਂ ਧਿਰਾਂ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਉਸਨੂੰ ਕਾਹਲਬਾਜ਼ੀ ਵਿਚ ਇਕ ਧਿਰ ਦੀ ਪੇਸ਼ ਕੀਤੀ ਸਫਾਈ ਨੂੰ ਸੱਚ ਨਹੀ ਮੰਨ ਲੈਣਾ ਚਾਹੀਦਾ,

 • ਕਿਸੇ ਇਕ ਧਿਰ ਦੇ ਬਿਆਨ ਰੱਦ ਕਰਨ ਤੋਂ ਪਹਿਲਾ ਨਿਆਇ-ਅਧੀਸ਼ ਨੂੰ ਇਹ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਹਰ ਧਿਰ ਦੇ ਬਿਆਨ ਦਲੀਲ ਭਰਪੂਰ ਅਤੇ ਇਕਸਾਰ ਹਨ ਅਤੇ ਉਨ੍ਹਾਂ ਵਿਚ ਕੋਈ ਸਵੈ-ਵਿਰੋਧਤਾ ਜਾਂ ਅਸੰਗਤੀ ਨਹੀ ਹੈ,

 • ਉਸ ਨੂੰ ਆਪਣੇ ਆਪ ਵਿਚ ਇਹ ਯਕੀਨ ਹੋ ਜਾਣਾ ਚਾਹੀਦਾ ਹੈ ਕਿ ਸ਼ਿਕਾਇਤ ਕਰਨ ਵਾਲਾ ਆਪਣੀ ਸ਼ਿਕਾਇਤ ਪੂਰੀ ਤਰ੍ਹਾ ਸਮਝਦਾ ਹੈ,

 • ਉਸ ਨੂੰ ਨਹੀ ਚਾਹੀਦਾ ਕਿ ਉਹ ਪ੍ਰਤਿਵਾਦੀ ਤੋਂ ਉਹ ਸਵਾਲ ਪੁੱਛੇ ਜੋ ਪ੍ਰਤਿਵਾਦੀ ਦੇ ਗੁਰੂ, ਭਿਕਸ਼ੂ ਸਾਥੀ, ਜਾਤ, ਨਾਮ, ਪਰਿਵਾਰ, ਰੀਤ-ਰਿਵਾਜ, ਕਬੀਲਾ ਜਾਂ ਨਿਵਾਸ-ਸਥਾਨ ਨਾਲ ਸੰਬੰਧ ਰੱਖਦੇ ਹੋਣ। ਇਸ ਦਾ ਕਾਰਨ ਇਹ ਹੈ ਕਿ ਨਿਆਇ-ਅਧੀਸ਼ ਦਾ ਫੈਸਲਾ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਫਲਸਰੂਪ ਪ੍ਰਭਾਵੀ ਹੋ ਸਕਦਾ ਹੈ,

 • ਨਿਆਇ-ਅਧੀਸ਼ ਨੂੰ ਚਾਹੀਦਾ ਹੈ ਕਿ ਉਹ ਸਾਰੇ ਸੰਘ ਦਾ ਸਤਿਕਾਰ ਕਰੇ ਨਾ ਕਿ ਸੰਘ ਦੇ ਕਿਸੇ ਵਿਸੇਸ਼ ਸਦੱਸ ਦਾ,

 • ਉਸ ਨੂੰ ਪਰਿਵਾਦਕ (ਸ਼ਿਕਾਇਤ ਕਰਨ ਵਾਲਾ) ਅਤੇ ਪ੍ਰਤਿਵਾਦਿਨ (ਉੱਤਰਦਾਇਕ) ਦੋਨਾਂ ਨੂੰ ਨਿਯੰਤ੍ਰਣ ਵਿਚ ਰੱਖਣਾ ਚਾਹੀਦਾ ਹੈ, ਅਤੇ ਦੋਨਾਂ ਦੀਆਂ ਪੇਸ਼ ਕੀਤੀਆਂ ਦਲੀਲਾਂ ਗੌਰ ਨਾਲ ਸੁਣਨੀਆਂ ਚਾਹੀਦੀਆਂ ਹਨ ਅਤੇ ਆਪਣੇ ਵਲੋਂ ਹੋਰ ਦਲੀਲਾਂ ਨਹੀ ਦੇਣੀਆਂ ਚਾਹੀਦੀਆਂ,

 • ਉਸ ਨੂੰ ਕੋਈ ਵੀ ਫੈਸਲਾ ਪੱਖਪਾਤ, ਘਿਰਣਾ, ਡਰ ਜਾਂ ਭਰਮ ਦੇ ਅਸਰ ਥੱਲੇ ਨਹੀ ਕਰਨਾ ਚਾਹੀਦਾ,

 • ਉਹ ਨਿਆਇ-ਅਧੀਸ਼ ਜੋ ਇਨ੍ਹਾਂ ਅਦਰਸ਼ਾਂ ‘ਤੇ ਚਲਦਾ ਹੈ, ਉਹ ਬੁੱਧ ਦਾ ਸੱਚਾ ਪੈਰੋਕਾਰ ਹੈ ਅਤੇ ਜਾਇਜ਼ ਹੀ ਸਭ ਪ੍ਰਾਣੀਆਂ ਰਾਹੀ ਸਤਿਕਾਰਿਆ ਜਾਂਦਾ ਹੈ।

ਅਭਿਧਮ-ਪਿਟਕਾ ਦਾ ਕਥਾਵਥੁਪ੍ਰਕਰਣ
ਕਥਾਵਥੁਪ੍ਰਕਰਣ, ਮੋਗਲੀਪੁੱਤ ਟਿੱਸਾ ਰਾਹੀਂ, ਸਮਰਾਟ ਅਸ਼ੋਕ (255 ਈ ਪੂ) ਦੇ ਰਾਜਕਾਲ ਦੌਰਾਨ ਤੀਸਰੇ ਬੋਧੀ ਸੰਘ ਵੇਲੇ ਰਚਿਆ ਗਿਆ ਸੀ। ਇਸ ਵਿਚ ਤਰਕਸ਼ਾਸਤਰ ਦੇ ਨਿਮਨਲਿਖਤ ਪਦਾਂ ਦਾ ਵਰਣਨ ਕੀਤਾ ਗਿਆ ਹੈ: ਅਨੁਯੋਗ  (ਜਾਂਚ ਪੜਤਾਲ), ਆਹਰਣ  (ਉਦਾਹਰਣ ਜਾਂ ਦ੍ਰਿਸ਼ਟਾਂਤ), ਪ੍ਰਤਿਗਿਆ  (ਪ੍ਰਸਥਾਪਨਾ ਜਾਂ ਤਰਕ-ਵਾਕ), ਉਪਨਯ (ਪ੍ਰਯੋਗ ਜਾਂ ਦਲੀਲ ਦੀ ਵਰਤੋਂ), ਨਿਗ੍ਰਹ  (ਹਾਰ ਜਾਂ ਸ਼ਿਕਸਤ)। ਤਰਕਸ਼ਾਸਤਰ ਦੇ ਇਨ੍ਹਾਂ ਪਦਾਂ ਦੀ, ਮੋਗਲੀਪੁੱਤ ਟਿੱਸਾ ਰਾਹੀਂ ਵਰਤੋਂ ਇਹ ਸਾਬਤ ਕਰਦੀ ਹੈ ਕਿ ਸਮਰਾਟ ਅਸ਼ੋਕ ਦੇ ਸਮਿਆ ਵੇਲੇ ਵੀ ਭਾਰਤ ਵਿਚ ਤਰਕ ਵਿਧੀ ਦੀ ਵਰਤੋਂ ਆਮ ਸੀ। ਇਸ ਤਰਕ ਵਿਧੀ ਦੀ ਮਿਸਾਲ ਸਾਨੂੰ ਕਥਾਵਥੁਪ੍ਰਕਰਣ  ਵਿਚ ਸ਼ਾਮਲ ਕਈ ਉਦਾਹਰਣਾਂ ਤੋਂ ਮਿਲਦੀ ਹੈ। ਜਿਸ ਤਰਾਂ ਕਿ ਹੇਠ ਦਿੱਤੀ ਕਥਾ (ਵਾਦਵਿਵਾਦ) ਜੋ ਇਕ ਥੇਰਵਾਦੀ (ਆਤਮਾ ਦੀ ਅਣਹੋਂਦ ਵਿਚ ਵਿਸ਼ਵਾਸ ਰੱਖਣ ਵਾਲੇ) ਅਤੇ ਪੁਦਗਲਵਾਦੀ ਰਿਸ਼ੀਆਂ ਵਿਚਕਾਰ ਹੋਈ ਮੰਨੀ ਜਾਂਦੀ ਹੈ। ਪੁਦਗਲਵਾਦੀ ਇਹ ਮੰਨਦੇ ਹਨ ਕਿ ਆਤਮਾ ਇਕ ਵਾਸਤਵਿਕ ਸਚਾਈ ਹੈ। ਇਹ ਵਿਵਾਦ ਇਕ ਅਨੁਲੋਮ  (ਨੇਮਬੱਧ) ਵਿਧੀ ਦੇ ਰੂਪ ਵਿਚ ਇਕ ਪਰਿਵਾਦਕ ਵਲੋਂ, ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ:

 

ਥੇਰਵਾਦੀ: ਕੀ ਪੁਦਗਲ (ਆਤਮਾ) ਉਸੇ ਭਾਵ ਨਾਲ ਜਾਣਿਆ ਜਾਂਦਾ ਹੈ ਜਿਸ ਤਰ੍ਹਾ ਇਕ ਯਥਾਰਥਕ ਵਸਤੁ?
ਪੁਦਗਲਵਾਦੀ: ਹਾਂ
ਥੇਰਵਾਦੀ: ਕੀ ਪੁਦਗਲ (ਆਤਮਾ) ਉਸੇ ਤਰੀਕੇ ਨਾਲ ਜਾਣਿਆ ਜਾਂਦਾ ਹੈ ਜਿਸ ਤਰ੍ਹਾ ਇਕ ਯਥਾਰਥਕ ਵਸਤੁ?
ਪੁਦਗਲਵਾਦੀ: ਨਹੀ ਐਸਾ ਨਹੀ ਕਿਹਾ ਜਾ ਸਕਦਾ।
ਥੇਰਵਾਦੀ: ਤਾਂ ਫਿਰ ਤੁਹਾਡੀ ਹਾਰ ਹੈ, ਕਿਉਂਕਿ,
 

(ੳ) ਜੇਕਰ ਪੁਦਗਲ ਉਸੇ ਭਾਵ ਨਾਲ ਜਾਣਿਆ ਜਾਂਦਾ ਹੈ ਜਿਸ ਤਰਾਂ ਇਕ ਯਥਾਰਥਕ ਵਸਤੁ ਤਾਂ ਤੁਹਾਨੂੰ ਇਹ ਕਹਿਣਾ ਪਏਗਾ ਕਿ ਪੁਦਗਲ ਉਸੇ ਤਰੀਕੇ ਨਾਲ ਜਾਣਿਆ ਜਾਂਦਾ ਹੈ ਜਿਸ ਨਾਲ ਇਕ ਯਥਾਰਥਕ ਵਸਤੁ।

 

(ਅ) ਇੱਥੇ ਤੁਸੀਂ ਗਲਤ ਕਹਿ ਰਹੇ ਹੋ , ਅਰਥਾਤ (1) ਪੁਦਗਲ ਉਸੇ ਭਾਵ ਜਾਣਿਆ ਜਾਂਦਾ ਹੈ ਜੈਸੇ ਇਕ ਯਤਾਰਥਕ ਵਸਤੁ, (2) ਉਸ ਤਰੀਕੇ ਨਾਲ ਨਹੀ ਜਾਣਿਆ ਜਾਂਦਾ ਜਿਸ ਤਰੀਕੇ ਨਾਲ ਇਕ ਯਥਾਰਥਕ ਵਸਤੁ।

 

(ੲ) ਜੇ ਕਥਨ (2) ਸਵੀਕਾਰ ਨਹੀ ਕੀਤਾ ਜਾਂਦਾ ਤਾਂ ਕਥਨ (1) ਵੀ ਸਹੀ ਨਹੀ ਮੰਨਿਆ ਜਾ ਸਕਦਾ।

 

(ਸ) ਕਥਨ (1) ਨੂੰ ਸਵੀਕਾਰ ਕਰਦੇ ਹੋਏ ਕਥਨ (2) ਨੂੰ ਅਸਵੀਕਾਰ ਕਰਨਾ ਸਰਾਸਰ ਗਲਤ ਹੈ।

ਇਸ ਦੇ ਪ੍ਰਤਿਵਾਦ ਵਿਚ ਪ੍ਰਤਿਕ੍ਰਮੀ ਦੀ ਦਲੀਲ ਇਸ ਪ੍ਰਕਾਰ ਹੈ:
 

ਪੁਦਗਲਵਾਦੀ:

ਕੀ ਪੁਦਗਲ ਉਸੇ ਭਾਵ ਵਿਚ ਨਹੀ ਜਾਣਿਆ ਜਾਂਦਾ ਜੈਸੇ ਇਕ ਯਥਾਰਥਕ ਵਸਤੁ?

ਥੇਰਵਾਦੀ:

ਨਹੀ, ਇਹ ਨਹੀ ਜਾਣਿਆ ਜਾਂਦਾ।

ਪੁਦਗਲਵਾਦੀ:

ਕੀ ਇਹ ਉਸੇ ਤਰੀਕੇ ਨਾਲ ਨਹੀ ਜਾਣਿਆ ਜਾਂਦਾ ਜੈਸੇ ਇਕ ਯਥਾਰਥਕ ਵਸਤੁ ਜਾਣੀ ਜਾਂਦੀ ਹੈ?

ਥੇਰਵਾਦੀ:

ਨਹੀ, ਇਹ ਨਹੀ ਕਿਹਾ ਜਾ ਸਕਦਾ।

ਪੁਦਗਲਵਾਦੀ:

ਤਾਂ ਫਿਰ ਇਹ ਤੁਹਾਨੂੰ ਇਹ ਉੱਤਰ ਸਵੀਕਾਰ ਕਰਨਾ ਪਵੇਗਾ,

 

(ੳ) ਜੇਕਰ ਪੁਦਗਲ ਯਥਾਰਥਕ ਵਸਤੁ ਦੇ ਭਾਵ ਵਿਚ ਨਹੀ ਜਾਣਿਆ ਜਾਂਦਾ ਤਾਂ ਤੁਹਾਨੂੰ ਇਹ ਕਹਿਣਾ ਪਵੇਗਾ ਕਿ ਪੁਦਗਲ ਉਸ ਤਰੀਕੇ ਨਾਲ ‘ਅਣ-ਜਾਣਿਆ’ ਜਾਂਦਾ ਹੈ ਜੈਸੇ ਯਥਾਰਥਕ ਵਸਤੁ ‘ਜਾਣੀ’ ਜਾਂਦੀ ਹੈ।

 

(ਅ) ਇੱਥੇ ਜੋ ਤੁਸੀਂ ਕਹਿ ਰਹੇ ਹੋ, ਗਲਤ ਕਹਿ ਰਹੇ ਹੋ, ਅਰਥਾਤ (1) ਪੁਦਗਲ ਉਸ ਭਾਵ ਵਿਚ ਨਹੀ ਜਾਣਿਆ ਜਾਂਦਾ ਜੈਸੇ ਯਥਾਰਥਕ ਵਸਤੁ ਜਾਣੀ ਜਾਂਦੀ ਹੈ, ਪਰ (2) ਅਣ-ਜਾਣਿਆ ਨਹੀ ਜਾਂਦਾ ਉਸੇ ਤਰੀਕੇ ਨਾਲ ਜੈਸੇ ਇਕ ਯਥਾਰਥਕ ਵਸਤੁ ਜਾਣੀ ਜਾਂਦੀ ਹੈ।

 

(ੲ) ਜੇ ਕਥਨ (2) ਨੂੰ ਨਕਾਰਿਆ ਜਾਂਦਾ ਹੈ ਤਾਂ ਕਥਨ (1) ਨੂੰ ਉਸੇ ਤਰਾਂ ਸਵੀਕਾਰ ਨਹੀ ਕੀਤਾ ਜਾ ਸਕਦਾ।

 

(ਸ) ਕਥਨ (1) ਨੂੰ ਸਵੀਕਾਰ ਕਰਕੇ, ਪਰ ਕਥਨ (2) ਨੂੰ ਅਸਵੀਕਾਰ ਕਰਨ ਵਿਚ ਤੁਸੀਂ ਗਲਤ ਹੋ।

ਪਰਿਵਾਦਕ ਦੇ ਨਿਗ੍ਰਹ ਲਈ ਪ੍ਰਤਿਉੱਤਰ
 

ਪੁਦਗਲਵਾਦੀ:

ਤੁਹਾਡੇ ਮਤ ਅਨੁਸਾਰ ਜੇ ਅਸੀ ਇਹ ਕਹੀਏ ਕਿ ਪੁਦਗਲ ਇਕ ਯਥਾਰਥ-ਵਸਤੁ ਦੇ ਭਾਵ ਵਾਂਗ ‘ਜਾਣਿਆ’ ਜਾਂਦਾ ਹੈ ਪਰ ਉਸ ਤਰੀਕੇ ਨਾਲ ‘ਅਣਜਾਣਿਆ’ ਨਹੀ ਜਾਂਦਾ ਜਿਸ ਤਰੀਕੇ ਨਾਲ ਇਕ ਯਥਾਰਥਕ ਵਸਤੁ ਜਾਣੀ ਜਾਂਦੀ ਹੈ, ਤਾਂ ਤੁਸੀਂ ਆਪਣੀ ਪ੍ਰਸਥਾਪਨਾ ਦੁਆਰਾ ਸਾਡੇ ਕਥਨ ਦੀ ਸਚਾਈ ਨੂੰ ਸਵੀਕਾਰ ਕੀਤਾ ਹੈ ਅਤੇ ਆਪਣੀ ਹਾਰ ਮੰਨੀ ਹੈ।

 

(ੳ) ਤੁਹਾਡਾ ਕਥਨ – ਕਿ ਪੁਦਗਲ ਯਥਾਰਥ ਵਸਤੁ ਦੇ ਭਾਵ ਨਹੀ ਜਾਣਿਆ ਜਾ ਸਕਦਾ, ਪ੍ਰੰਤੁ ਉਸ ਤਰੀਕੇ ਨਾਲ ‘ਅਣਜਾਣਿਆ’ ਨਹੀ ਜਾਂਦਾ ਜਿਸ ਤਰੀਕੇ ਨਾਲ ਯਥਾਰਥਕ ਵਸਤੁ ਜਾਣੀ ਜਾਂਦੀ ਹੈ – ਗਲਤ ਹੈ।

 

(ਅ) ਤੁਹਾਨੂੰ ਇਹ ਨਹੀ ਕਹਿਣਾ ਚਾਹੀਦਾ ਕਿ ਕਥਨ (1) ਸਵੀਕਾਰ ਹੈ ਪ੍ਰੰਤੂ ਕਥਨ (2) ਅਸਵੀਕਾਰ ਹੈ।

 

(ੲ) ਜੇਕਰ ਕਥਨ (2) ਅਸਵੀਕਾਰ ਹੈ, ਤਾਂ ਕਥਨ (1) ਵੀ ਸਵੀਕਾਰ ਨਹੀ ਕੀਤਾ ਜਾ ਸਕਦਾ।

 

(ਸ) ਕਥਨ (1) ਨੂੰ ਸਵੀਕਾਰ ਕਰਨਾ ਪਰ ਕਥਨ (2) ਨੂੰ ਅਸਵੀਕਾਰ ਕਰਨਾ ਤੁਹਾਡੀ ਗਲਤੀ ਹੈ।

ਪਰਿਵਾਦਕ ਦੇ ਹਿਤ ਵਿਚ ਦਲੀਲ ਦਾ ਪ੍ਰਯੋਗ (ਉਪਨਯ)
 

ਪੁਦਗਲਵਾਦੀ:

ਜੋ ਹਾਰ ਤੁਹਾਡੀ ਹੋਈ ਹੈ, ਜੇ ਤੁਸੀਂ ਸਮਝਦੇ ਹੋ ਕਿ ਇਹ ਨਾਜਾਇਜ਼ ਹੈ ਤਾਂ ਕੀ ਤੁਸੀਂ ਆਪਣੀ ਦਲੀਲ ਆਪਣੇ ਪੱਖ ਲਈ ਪ੍ਰਯੋਗ ਕਰੋਗੇ?

ਸਾਡਾ ਮਤ:

 “(1) ਪੁਦਗਲ ਉਸੇ ਭਾਵ ਨਾਲ ‘ਜਾਣਿਆ’ ਜਾਂਦਾ ਹੈ ਜੈਸੇ ਇਕ ਯਥਾਰਥ ਵਸਤੁ, ਪ੍ਰੰਤੁ (2) ਇਹ ਉਸੇ ਤਰੀਕੇ ਨਾਲ ‘ਅਣ-ਜਾਣ’ ਹੈ, ਜਿਸ ਤਰ੍ਹਾ ਇਕ ਯਥਾਰਥ ਵਸਤੁ ਜਾਣੀ ਜਾਂਦੀ ਹੈ।“

ਤੁਹਾਡਾ ਮਤ:

“ਜੇ ਕਥਨ (2) ਅਸਵੀਕਾਰ ਹੈ ਤਾਂ ਕਥਨ (1) ਸਵੀਕਾਰ ਨਹੀ ਕੀਤਾ ਜਾ ਸਕਦਾ”

ਹੁਣ ਤੁਸੀਂ ਕਹਿੰਦੇ ਹੋ:

“(1) ਪੁਦਗਲ ਉਸ ਭਾਵ ਨਾਲ ਜਾਣਿਆ ਨਹੀ ਜਾਂਦਾ ਜੈਸੇ ਇਕ ਯਥਾਰਥ ਵਸਤੁ ਜਾਣੀ ਜਾਂਦੀ ਹੈ, (2) ਇਹ ਉਸੇ ਤਰੀਕੇ ਨਾਲ ‘ਅਣਜਾਣ’ ਹੈ ਜਿਸ ਤਰੀਕੇ ਨਾਲ ਇਕ ਯਥਾਰਥ ਵਸਤੁ ਜਾਣੀ ਜਾਂਦੀ ਹੈ।“

ਤੁਹਾਨੂੰ ਮੰਨ ਕੇ ਅਸੀਂ ਦੇਖਦੇ ਹਾਂ:

“ਜੇਕਰ ਤੁਸੀਂ ਕਥਨ (2) ਨੂੰ ਨਹੀ ਸਵੀਕਾਰ ਕਰਦੇ ਤਾਂ ਤੁਸੀਂ ਕਥਨ (1) ਨੂੰ ਵੀ ਸਵੀਕਾਰ ਨਹੀ ਕਰ ਸਕਦੇ।“
ਨਿਗਮਨ (ਸਿੱਟਾ),

ਪੁਦਗਲਵਾਦੀ:

 ਜਿੱਥੋਂ ਤੱਕ ਸਾਡਾ ਸੰਬੰਧ ਹੈ, ਅਸੀ ਹਾਰ ਨਹੀ ਮੰਨਦੇ। ਤੁਹਾਡੇ ਵਲੋਂ ਨਿਰਧਾਰਤ ਨਿਮਨਲਿਖਤ ਪੂਰਬਕਲਪਨਾਵਾਂ ਗਲਤ ਹਨ:

  (ੳ) ਜੇਕਰ ਪੁਦਗਲ ਉਸ ਭਾਵ ਜਾਣਿਆ ਜਾਂਦਾ ਹੈ ਜੈਸੇ ਇਕ ਯਥਾਰਥ ਵਸਤੁ ਤਾਂ ਇਹ ਜ਼ਰੂਰੀ ਹੈ ਕਿ ਇਹ ਉਸੇ ਤਰੀਕੇ ਨਾਲ ਜਾਣਿਆ ਜਾਂਦਾ ਹੈ ਜਿਸ ਤਰੀਕੇ ਨਾਲ ਇਕ ਯਥਾਰਥ ਵਸਤੁ ਜਾਣੀ ਜਾਂਦੀ ਹੈ,
  (ਅ) ਕਥਨ (1) ਅਰਥਾਤ ਪੁਦਗਲ ਇਕ ਯਥਾਰਥ ਵਸਤੁ ਦੇ ਭਾਵ ਵਾਂਗ ਜਾਣਿਆ ਜਾਂਦਾ ਹੈ, ਨੂੰ ਕਥਨ (2) ਅਰਥਾਤ ਪੁਦਗਲ ਉਸ ਤਰੀਕੇ ਨਾਲ ਨਹੀ ਜਾਣਿਆ ਜਾਂਦਾ ਜਿਸ ਤਰੀਕੇ ਨਾਲ ਇਕ ਯਥਾਰਥ ਵਸਤੁ ਜਾਣੀ ਜਾਂਦੀ ਹੈ, ਨਾਲ ਜੋੜਨਾ ਗਲਤ ਹੈ।
  (ੲ) ਜੇਕਰ ਕਥਨ (2) ਅਸਵੀਕਾਰ ਹੈ ਤਾਂ ਕਥਨ (1) ਵੀ ਅਸਵੀਕਾਰ ਹੋਣਾ ਜ਼ਰੂਰੀ ਹੈ।
  (ਸ) ਜੇ ਕਥਨ (1) ਸਵੀਕਾਰ ਹੈ ਤਾਂ ਕਥਨ (2) ਵੀ ਅਵੱਸ਼ ਸਵੀਕਾਰ ਹੋਮਾ ਚਾਹੀਦਾ ਹੈ।
  ਹਾਰ, ਜੋ ਤੁਸੀਂ ਸਾਡੇ ਉੱਪਰ ਥੋਪਣਾ ਚਾਹੁੰਦੇ ਹੋ, ਨਾਵਾਜਿਬ (ਅਨੁਚਿਤ) ਹੈ। ਪ੍ਰੰਤੂ ਸਾਡਾ ਪ੍ਰਤਿਵਾਦ ਵਾਜਿਬ ਹੈ ਅਤੇ ਸਾਡਾ ਸਬੂਤ (ਪ੍ਰਮਾਣ) ਵੀ ਸਹੀ ਹੈ।

ਚਤੁਸ਼ਟਯ ਨਯ (ਚੌਹਰਾ ਵਿਧੀ ਵਾਲੀ ਦਲੀਲ)
 

ਥੇਰਵਾਦੀ:

 ਕੀ ਪੁਦਗਲ ਉਸੇ ਭਾਵ ਜਾਣਿਆ ਜਾਂਦਾ ਹੈ ਜੈਸੇ ਇਕ ਯਥਾਰਥ ਵਸਤੁ?

ਪੁਦਗਲਵਾਦੀ:

ਜੀ ਹਾਂ।

ਥੇਰਵਾਦੀ:

(1) ਕੀ ਰੂਪ (ਦ੍ਰਵ) ਪੁਦਗਲ ਹੈ? ਜਾਂ

 

(2) ਕੀ ਪੁਦਗਲ, ਰੂਪ ਵਿਚ ਹੈ? ਜਾਂ

 

(3) ਕੀ ਪੁਦਗਲ ਰੂਪ ਤੋਂ ਅਲਗ ਹੈ? ਜਾਂ

  (4) ਕੀ ਰੂਪ ਪੁਦਗਲ ਵਿਚ ਹੈ?
ਪੁਦਗਲਵਾਦੀ: ਨਹੀ, ਇਹ ਨਹੀ ਕਿਹਾ ਜਾ ਸਕਦਾ
ਥੇਰਵਾਦੀ:  ਇਸ ਵਿਚ ਤੁਹਾਡੀ ਹਾਰ ਹੈ।

ਕਸ਼ਣਿਕ ਕਥਾ (ਛਿਣਭੰਗਰਤਾ ਦਾ ਮਤ)
ਛਿਣਭੰਗਰਤਾ ਦਾ ਮੂਲ ਸਿਧਾਂਤ ਨਿਮਨਲਿਖਤ ਵਾਰਤਾਲਾਪ ਵਿਚ ਸਪੱਸ਼ਟ ਹੁੰਦਾ ਹੈ:
 

ਥੇਰਵਾਦੀ:

ਕੀ ਸਭ ਚੀਜ਼ਾਂ ਸਾਡੀ ਚੇਤਨਾ ਵਿਚ ਛਿਣ ਭਰ ਲਈ ਹੀ ਵਿਦਮਾਨ (ਮੌਜੂਦ) ਰਹਿੰਦੀਆਂ ਹਨ?

ਪੁਦਗਲਵਾਦੀ:

ਜੀ ਹਾਂ।

ਥੇਰਵਾਦੀ:

ਕੀ ਇਸ ਤੋਂ ਤੁਹਾਡਾ ਭਾਵ ਹੈ ਕਿ ਸਾਡੀ ਚੇਤਨਾ ਵਿਚ ਭੂਮੀ, ਸਮੁੰਦਰ, ਸੁਮੇਰ, ਪਾਣੀ, ਅੱਗ, ਵਾਯੂ, ਦਰੱਖਤ ਆਦਿ ਵਿਦਮਾਨ ਹਨ?

ਪੁਦਗਲਵਾਦੀ:

ਜੀ ਨਹੀ।

ਥੇਰਵਾਦੀ:

ਕੀ ਇਸ ਤੋਂ ਤੁਹਾਡਾ ਭਾਵ ਹੈ ਕਿ ਸਾਡੀਆਂ ਗਿਆਨ-ਇੰਦ੍ਰੀਆਂ ਦਾ ਪਸਾਰ ਸਾਡੇ ਬੋਧ ਪਸਾਰ ਦੇ ਨਾਲ ਨਾਲ ਹੋਇਆ ਹਾ?

ਪੁਦਗਲਵਾਦੀ:

 ਜੀ ਨਹੀ।

ਥੇਰਵਾਦੀ:

 ਕੀ ਤੁਹਾਡਾ ਭਾਵ ਹੈ ਕਿ ਗਿਆਨ-ਇੰਦ੍ਰੀਆਂ ਅਤੇ ਸਾਡਾ ਸੰਗਿਆਨ (ਇੰਦ੍ਰੀਆਈ ਬੋਧ) ਸਮਕਾਲੀਨ ਹਨ?

ਪੁਦਗਲਵਾਦੀ:  ਜੀ ਹਾਂ।
ਥੇਰਵਾਦੀ: ਕੀ ਤੁਸੀਂ ਸ਼ਾਸਤਰਾਂ ਦੀ ਪ੍ਰਮਾਣਕਤਾ ਸਵੀਕਾਰ ਕਰਦੇ ਹੋ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਬੋਧਗਿਆਨ ਉਤਪੰਨ ਨਹੀ ਹੁੰਦਾ ਜੇ ਸਿਰਫ ਗਿਆਨ-ਇੰਦ੍ਰੀਆਂ ਅਤੇ ਵਸਤੂਆਂ ਦਾ ਹੀ ਸੁਮੇਲ ਹੋਵੇ ਪ੍ਰੰਤੂ ਮਨ ਨਾਲ ਨਾ ਹੋਵੇ, ਜਾਂ ਗਿਆਨ-ਇੰਦ੍ਰੀਆਂ ਅਤੇ ਮਨ ਦਾ ਹੀ ਸੁਮੇਲ ਹੋਵੇ ਪ੍ਰੰਤੂ ਵਸਤੂਆਂ ਨਾਲ ਨਾ ਹੋਵੇ। ਬੋਧ ਗਿਆਨ ਉਦੋਂ ਹੀ ਹੁੰਦਾ ਹੈ ਜਦੋਂ ਇਨ੍ਹਾਂ ਤਿੰਨਾਂ - ਗਿਆਨ-ਇੰਦ੍ਰੀਆਂ, ਵਸਤੂਆਂ ਅਤੇ ਮਨ – ਦਾ ਪੂਰਨ ਸੁਮੇਲ ਹੋਵੇ।
ਪੁਦਗਲਵਾਦੀ: ਜੀ ਹਾਂ।
ਥੇਰਵਾਦੀ: ਇਸ ਲਈ ਤੁਸੀਂ ਇਹ ਨਹੀ ਕਹਿ ਸਕਦੇ ਕਿ ਗਿਆਨ-ਇੰਦ੍ਰੀਆਂ ਅਤੇ ਸੰਗਿਆਨ ਸਮਕਾਲੀਨ ਹਨ।
ਪੁਦਗਲਵਾਦੀ: ਕੀ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਵਸਤੂਆਂ ਸਾਡੇ ਮਨ ਵਿਚ ਛਿਣ ਭਰ ਲਈ ਹੀ ਵਿਦਮਾਨ ਨਹੀ ਰਹਿੰਦੀਆਂ।
ਥੇਰਵਾਦੀ: ਜੀ ਹਾਂ।
ਪੁਦਗਲਵਾਦੀ: ਕੀ ਸਭ ਚੀਜ਼ਾਂ ਸਦੀਵੀ, ਸਥਿਰ, ਸਥਾਈ ਅਤੇ ਅਪਰਿਵਰਤਨਸ਼ੀਲ ਹਨ?
ਥੇਰਵਾਦੀ: ਜੀ ਨਹੀ।
ਪੁਦਗਲਵਾਦੀ: ਇਸ ਲਈ ਸਭ ਚੀਜ਼ਾਂ ਸਾਡੇ ਮਨ ਵਿਚ ਹੀ ਵਿਦਮਾਨ ਹਨ, ਸਿਰਫ ਛਿਣ ਭਰ ਲਈ।

ਮਲਿੰਦ-ਪਨਹਾ ਜਾਂ ਭਿਕਸ਼ੁ ਸੂਤਰ (100 ਈ)
ਪਾਲੀ ਭਾਸ਼ਾ ਵਿਚ ‘ਮਲਿੰਦ-ਪਨਹਾ’ (ਜਾਂ ਮਲਿੰਦ ਪ੍ਰਸ਼ਨ) ਹੀ ਇਕ ਗ੍ਰੰਥ ਹੈ ਜਿਸ ਵਿਚ ਨਿਆਇ ਜਾਂ ਤਰਕ ਦਾ ਜ਼ਿਕਰ ਆਉਂਦਾ ਹੈ। ਇਹ ਗ੍ਰੰਥ 100 ਈ ਦੇ ਲਗਪਗ ਰਚਿਆ ਗਿਆ ਸੀ। ਚੀਨੀ ਭਾਸ਼ਾ ਵਿਚ ਇਸ ਦਾ ਅਨੁਵਾਦ, ਨਾਗਸੇਨ-ਭਿਕਸ਼ੂ-ਸੂਤਰ  ਦੇ ਨਾਮ ਥੱਲੇ 317-420 ਈ ਦੌਰਾਨ ਕੀਤਾ ਗਿਆ। ਇਸ ਵਿਚ ਤਰਕ ਬਾਰੇ ਕੋਈ ਖਾਸ ਮਹੱਤਤਾ ਵਾਲੀ ਗੱਲ ਨਹੀ ਕਹੀ ਗਈ ਪਰ ਇਹ ਯੂਨਾਨੀ-ਭਾਰਤੀ ਸਭਿਆਤਾਵਾਂ ਦੇ ਸੁਮੇਲ ਲਈ ਕਾਫੀ ਅਹਿਮੀਅਤ ਰੱਖਦਾ ਹੈ। ਇਸ ਵਿਚ ਬਖਤਰੀਆ (ਅਜੋਕਾ ਅਫਗਾਨਿਸਤਾਨ) ਦੇ ਯੁਨਾਨੀ ਰਾਜੇ ਦੇ ਸਵਾਲ ਅਤੇ ਬੋਧੀ ਭਿਕਸ਼ੂ ਨਾਗਸੇਨ ਦੇ ਵਿਸਤਾਰਮਈ ਉੱਤਰ ਸ਼ਾਮਲ ਹਨ।

ਮਹਾਯਾਨ ਦੀ ਬੁਨਿਆਦ (78 ਈ)
ਈਸਾਈ ਮਤ ਦੇ ਅਰੰਭ ਕਾਲ ਵਿਚ ਭਾਰਤ ਦੇ ਉੱਤਰ-ਪੱਛਮ ਖੇਤ੍ਰ ਵਿਚ ਕੁਸਾਨ  ਅਤੇ ਤੁਰੁਸ਼ਕਾਂ  (ਸਿਥੀਅਨਾਂ) ਦੇ ਹਮਲੇ ਹੋਣੇ ਸ਼ੁਰੂ ਹੋਏ। ਰਾਜਾ ਕਨਿਸ਼ਕ, ਜੋ ਉਨ੍ਹਾਂ ਦਾ ਮੁਖੀਆ ਸੀ, ਨੇ ਕਸ਼ਮੀਰ, ਪੱਲਵ ਅਤੇ ਦਿੱਲੀ ਦੇ ਇਲਾਕਿਆਂ ‘ਤੇ ਜਿੱਤ ਪ੍ਰਾਪਤ ਕੀਤੀ। ਉਸ ਨੇ ਬੁੱਧਮਤ ਤੋਂ ਪ੍ਰਭਾਵਤ ਹੋ ਕੇ ਇਸ ਨੂੰ ਅਪਣਾਇਆ ਅਤੇ “ਮਹਾਯਾਨ” ਨਾਮ ਥੱਲੇ ਪੰਥ ਦਾ ਆਰੰਭ ਕੀਤਾ। ਪੁਰਾਣੀ ਪਾਲੀ ਭਾਸ਼ਾ ‘ਤੇ ਆਧਾਰਤ ਬੁੱਧਮਤ ਦੀ ਸ਼ਾਖਾ ਨੂੰ “ਹਿਨਯਾਨ” ਨਾਮ ਨਾਲ ਜਾਣਿਆ ਜਾਣ ਲੱਗਾ। ਹੌਲੀ ਹੌਲੀ ਮਹਾਯਾਨ ਦਾ ਪ੍ਰਸਾਰ ਨੇਪਾਲ, ਤਿੱਬਤ, ਮੰਗੋਲੀਆ, ਚੀਨ, ਜਪਾਨ ਅਤੇ ਕੋਰੀਆ ਆਦਿ ਦੇਸ਼ਾਂ ਤੱਕ ਫੈਲਿਆ ਜਦ ਕਿ ਹਿਨਯਾਨ ਸ੍ਰੀ ਲੰਕਾ, ਬਰਮਾ ਅਤੇ ਸਿਆਮ ਤੱਕ ਹੀ ਸੀਮਿਤ ਰਿਹਾ। ਭਾਰਤ ਵਿਚ ਇਹ ਦੋਵੇਂ ਸ਼ਾਖਾਵਾਂ ਬਰਾਬਰ ਪ੍ਰਚੱਲਤ ਰਹੀਆਂ।

ਰਾਜਾ ਕਨਿਸ਼ਕ ਦੀ ਸਰਪ੍ਰਸਤੀ ਥੱਲੇ, ਜਲੰਧਰ ਵਿਖੇ, ਲਗ ਪਗ 500 ਬੋਧੀ ਭਿਕਸ਼ੂਆਂ ਦੀ ਸੰਮਿਤੀ ਬੁਲਾਈ ਗਈ। ਇਸ ਸੰਮਿਤੀ ਦੇ ਫਲਸਰੂਪ, ਸੰਸਕ੍ਰਿਤ ਭਾਸ਼ਾ ਵਿਚ ਤਿੰਨ ਮਹਾਨ ਰਚਨਾਵਾਂ ਰਚੀਆਂ ਗਈਆਂ; ‘ਸੂਤਰ ਉਪਦੇਸ਼’, ‘ਵਿਨੈਯ ਵਿਭਾਸ਼ਾ’, ਅਤੇ ‘ਅਭਿਧਰਮ ਵਿਭਾਸ਼ਾ’। ਇਹ ਤਿੰਨ ਰਚਨਾਵਾਂ ‘ਮਹਾਯਾਨ’ ਸੰਪ੍ਰਦਾਇ ਦੀਆਂ ਧਰਮ-ਮਰਯਾਦਾ ਦੀਆਂ ਪੁਸਤਕਾਂ ਬਣੀਆਂ।

ਬੋਧੀ ਸੰਸਕ੍ਰਿਤ ਸਾਹਿਤ ਵਿਚ ਤਰਕ ਦਾ ਜ਼ਿਕਰ
ਲਲਿਤਵਿਸਤਾਰ’ ਰਚਨਾ (250 ਈ ਤੋਂ ਪਹਿਲਾ) ਜੋ 221-263 ਈ ਦੇ ਦੌਰਾਨ ਚੀਨੀ ਭਾਸ਼ਾ ਵਿਚ ਅਨੁਵਾਦ ਕੀਤੀ ਗਈ, ਵਿਚ ਤਰਕ ਦਾ ਜ਼ਿਕਰ ਹੇਤੁ-ਵਿਦਿਆ  ਦੇ ਨਾਮ ਥੱਲੇ ਆਉਂਦਾ ਹੈ। ਇਸ ਦੇ ਨਾਲ ਨਾਲ ਭਾਰਤ ਦੀਆਂ ਦੂਜੀਆਂ ਪਰੰਪਰਾਵਾਂ ਜਿਵੇਂ ਸਾਂਖ, ਯੋਗ  ਅਤੇ ਵੈਸ਼ੇਸ਼ਕ  ਦਾ ਜ਼ਿਕਰ ਵੀ ਮਿਲਦੇ ਹੈ।

ਲੰਕਾਵਤਾਰ’ ਸੂਤਰ ਇਕ ਬੜੀ ਅਹਿਮ ਪਵਿੱਤਰ ਰਚਨਾ ਹੈ, ਜੋ 300 ਈ ਦੇ ਲਗਪਗ ਰਚੀ ਗਈ ਅਤੇ ਇਸ ਦਾ ਅਨੁਵਾਦ ਚੀਨੀ ਭਾਸ਼ਾ ਵਿਚ 443 ਈ ਵਿਚ ਹੋਇਆ। ਚੀਨੀ ਅਨੁਵਾਦ ਵਿਚ ਚਾਰ ਸੰਪ੍ਰਦਾਇਆਂ ਦਾ ਜ਼ਿਕਰ ਮਿਲਦਾ ਹੈ: (1) ਸਾਂਖ, ਜੋ ਅਭਿੰਨਤਾ (ਇਕਤਵ) ਵਿਚ ਵਿਸ਼ਵਾਸ ਰੱਖਦਾ ਹੈ; (2) ਵੈਸ਼ੇਸ਼ਕ, ਜੋ ਭਿੰਨਤਾ ਵਿਚ ਵਿਸ਼ਵਾਸ ਰੱਖਦਾ ਹੈ; (3) ਨਿਰਗ੍ਰੰਥ-ਪੁਤ੍ਰ, ਜੋ ਇਨ੍ਹਾਂ ਦੋਨਾਂ ਵਿਚ ਵਿਸ਼ਵਾਸ ਰੱਖਦਾ ਹੈ; (4) ਗਿਆਤੀ-ਪੁਤ੍ਰ, ਜੋ ਇਨ੍ਹਾਂ ਦੋਨਾ ਵਿੱਚੋਂ ਕਿਸੇ ‘ਤੇ ਵੀ ਵਿਸ਼ਵਾਸ ਨਹੀ ਰੱਖਦਾ।

ਇਸ ਗ੍ਰੰਥ ਵਿਚ ਨਿਆਇ ਤਾਰਕਿਕਾਂ ਦਾ ਜ਼ਿਕਰ ਵੀ ਆਉਂਦਾ ਹੈ। ਇਕ ਵਾਰਤਾਲਾਪ ਵਿਚ ਮਹਾਮਤੀ (ਸਿਆਣੇ), ਬੁੱਧ ਤੋਂ ਪੁਛਦੇ ਹਨ:

 • “ਇਹ ਦੱਸੋ ਕਿ ਆਉਂਣ ਵਾਲੇ ਸਮਿਆ ਵਿਚ ਨੈਯਾਯਿਕ (ਨਿਅਇ ਦੇ ਤਾਰਕਿਕ) ਕਿਸ ਤਰ੍ਹਾਂ ਪ੍ਰਫੁੱਲਤ ਹੋਣਗੇ?”

 • “ਤਰਕ ਕਿਸ ਤਰ੍ਹਾਂ ਸੰਸ਼ੋਧਿਤ ਕੀਤਾ ਜਾਂਦਾ ਹੈ ਅਤੇ ਕਿਸ ਤਰ੍ਹਾਂ ਵਰਤਿਆ ਜਾਂਦਾ ਹੈ?”

 • “ਉਸ ਸਿਧਾਂਤ ਦੀ ਪ੍ਰਕਿਰਤੀ ਕੀ ਹੈ, ਜੋ ਦਲੀਲ ਅਤੇ ਉਦਾਹਰਣ ਨੂੰ ਆਧਾਰ ਮੰਨ ਕੇ ਸਹੀ (ਸਮ੍ਯਕ) ਨਤੀਜੇ ‘ਤੇ ਪਹੁੰਚਦਾ ਹੈ?”

ਅੱਗੇ ਜਾ ਕੇ ਕਿਹਾ ਗਿਆ ਹੈ: “ਤਾਰਕਿਕਾਂ ਦਾ ਨਿਰਣਾ ਹੈ ਕਿ ਜੋ ਉਪਜਦਾ ਹੈ ਉਹ ਵਿਨਾਸ਼ਮਈ ਹੈ”

ਇਸ ਗ੍ਰੰਥ ਵਿਚ ਵਿਗਿਆਨਵਾਦ  (ਵਿਚਾਰਵਾਦ) ਦੀ ਵਿਆਖਿਆ ਵੀ ਕੀਤੀ ਗਈ ਹੈ। ਇਸ ਸਿਧਾਂਤ ਅਨੁਸਾਰ ਸਾਡਾ ਕੇਵਲ ਗਿਆਨ ਹੀ ਯਥਾਰਥ (ਅਸਲੀ) ਹੈ ਅਤੇ ਬਾਹਰੀ ਵਸਤੂਆਂ ਇਸੇ ਦਾ ਹੀ ਪ੍ਰਗਟਾਵਾ ਹਨ (ਅਭਿਵਿਅੰਜਨ ਮਾਤ੍ਰ ਹੀ ਹਨ)।

“ਵਿਗਿਆਨ” ਦੋ ਪ੍ਰਕਾਰ ਦਾ ਦੱਸਿਆ ਗਿਆ ਹੈ: (1) ਖਿਆਤਿ-ਵਿਗਿਆਨ, ਜੋ ਸਾਡੇ ਅੰਦਰ ਸਦਾ ਤੋਂ ਹੀ ਸਮਰੱਥਾਵਾਂ, ਯਾਦਾਂ, ਪ੍ਰਵਿਰਤੀਆਂ ਜਾਂ ਧਾਰਣਾਵਾਂ ਦੇ ਰੂਪ ਵਿਚ ਵਸਿਆ ਪਿਆ ਹੈ ਅਤੇ ਇਨ੍ਹਾਂ ਦੇ ਸਹਾਰੇ ਬਾਹਰੀ ਵਸਤੂਆਂ ਉਤਪੰਨ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਪਦਾਰਥ ਕਹਿੰਦੇ ਹਾਂ; (2) ਵਸਤੁ-ਪ੍ਰਤਿਵਿਕਲਪ-ਵਿਗਿਆਨ, ਇਹ ਉਹ ਗਿਆਨ ਹੈ ਜੋ ਸਾਡੇ ਕਰਮ-ਕਾਜ  ਦੇ ਨਤੀਜੇ ਰਾਹੀਂ ਬਾਹਰੀ ਵਸਤੂਆਂ ਦਾ ਪ੍ਰਗਟਾਵਾ ਬਣਦਾ ਹੈ, ਇਹ ਕਰਮ-ਕਾਜ ਉੱਪਰ ਦੱਸੀਆਂ ਸਮਰੱਥਾਵਾਂ, ਯਾਦਾਂ, ਪ੍ਰਵਿਰਤੀਆਂ ਜਾਂ ਧਾਰਣਾਵਾਂ ਨਾਲ ਸਮਵਾਯ  (ਜਨਮਜਾਤੀ) ਸੰਬੰਧ ਰੱਖਦਾ ਹੈ।

ਇਨ੍ਹਾਂ ਦੋ ਪ੍ਰਕਾਰ ਦੇ ਗਿਆਨ ਦੇ ਸੰਯੋਗ ਨਾਲ ਪ੍ਰਵਿਰਤੀ-ਵਿਗਿਆਨ  ਪੈਦਾ ਹੁੰਦਾ ਹੈ, ਮਨ ਦੀ ਇਹ ਲਗਨ ਬਾਹਰੀ ਸੰਸਾਰ ਨੂੰ ਉਤਪੰਨ ਕਰਦੀ ਹੈ ਅਤੇ ਸਾਨੂੰ ਆਪਣੇ ਵਲ ਖਿੱਚਦੀ ਹੈ। ਇਸ ਪ੍ਰਵਿਰਤੀ-ਵਿਗਿਆਨ ਦਾ ਬੁਨਿਆਦੀ ਟਿਕਾਣਾ ‘ਆਲਯ-ਵਿਗਿਆਨ’ (ਆਲਯ ਜਾਂ ਆਲ਼ਾ ਮਤਲਬ ਟਿਕਾਣਾ, ਜੈਸੇ ਹਿਮਾਲਾ - ਬਰਫ ਦਾ ਟਿਕਾਣਾ) ਮੰਨਿਆ ਗਿਆ ਹੈ। ਜਦ ਕਿ ‘ਆਲਯ-ਵਿਗਿਆਨ’ ਇਕ ਸਾਗਰ ਸਮਾਨ ਹੈ, ਪਰਵਿਰਤੀ-ਵਿਗਿਆਨ ਉਹ ਝੱਖੜ ਹਨ ਜੋ ਇਸ ਨੂੰ ਉਤੇਜਿਤ ਕਰਦੇ ਹਨ ਭਾਵ ਸਾਡੀ ਪਰਵਿਰਤੀ ‘ਆਲਯ-ਵਿਗਿਆਨ’ ਵਿਚ ਹਲਚਲ ਪੈਦਾ ਕਰਦੀ ਹੈ ਜਿਸ ਦੇ ਫਲਸਰੂਪ ਬਾਹਰੀ ਵਸਤੂਆਂ ਦਾ ਸੰਸਾਰ ਪ੍ਰਗਟ ਹੁੰਦਾ ਹੈ। ‘ਆਲਯ-ਵਿਗਿਆਨ’ ਨੂੰ ਹਉਮੈ (ਅਹੰ) ਦਾ ਨਾਮ ਵੀ ਦਿੱਤਾ ਗਿਆ ਹੈ। ਸਮੇ ਦੇ ਨਾਲ ਨਾਲ ਜਦ ਕਿ ਪ੍ਰਵਿਰਤੀ-ਵਿਗਿਆਨ ਬਦਲਦਾ ਰਹਿੰਦਾ ਹੈ, ਪਰ ਹਉਮੈ ਦ੍ਰਿੜ ਰਹਿੰਦਾ ਹੈ। ਯੋਗ  ਦੇ ਅਭਿਆਸ ਦੁਆਰਾ ਅਸੀਂ ਹਉਮੈ ਦੇ ਅਸਲੀ ਸੁਭਾਉ ਨੂੰ ਸਮਝ ਸਕਦੇ ਹਾਂ। ਸਿਰਫ ਇਹ ਹੀ ਪੂਰਣ ਤੌਰ ‘ਤੇ ਨਿਪੁੰਨ (ਪਰਿਨਿਸ਼ਪੰਨ) ਹੈ। ਬਾਹਰੀ ਵਸਤੂਆਂ ਦਾ ਸੰਸਾਰ ਕੂੜ (ਨਕਲੀ) ਜਾਂ ਪਰਿਕਲਪਿਤ ਅਤੇ ਪਰਤੰਤ੍ਰ (ਪਰਾਧੀਨ) ਹੈ, ਭਾਵ ਪ੍ਰਸਥਿਤੀਆਂ ‘ਤੇ ਨਿਰਭਰ ਕਰਦਾ ਹੈ। ਮੁਕਤੀ ਦੀ ਦਸ਼ਾ ਵਿਚ ਸਾਡਾ ਪ੍ਰਵਿਰਤੀ-ਵਿਗਿਆਨ ਮਿਟ ਜਾਂਦਾ ਹੈ, ਪ੍ਰੰਤੂ ਅਹੰ ਜਾਂ ਆਲਯ-ਵਿਗਿਆਨ ਨਿਰੰਤਰ ਰਹਿੰਦਾ ਹੈ। ਇਹ ਹੀ ਮੁਕਤੀ ਹੈ, ਇਹ ਹੀ ਨਿਰਵਾਣ ਹੈ।

ਲੰਕਾਵਤਾਰ’ ਦੇ ਇਕ ਅਧਿਆਇ “ਕਸ਼ਣਿਕ ਪਰਿਵ੍ਰਤ” ਵਿਚ ਛਿਣਭੰਗਰ ਸਿਧਾਂਤ ਦੀ ਵਿਆਖਿਆ ਕੀਤੀ ਗਈ ਹੈ। “ਛਿਣ-ਮਾਤਰ ਵਸਤੁ ਉਹ ਹੈ ਜੋ ਨਿਸਕ੍ਰਿਆ ਆਪਣੇ ਆਪ ਵਿਚ ਨਿਆਰੀ (ਸਵੈ-ਲਕਸ਼ਣ) ਅਤੇ ਨਾ ਖਤਮ ਹੋਣ ਵਾਲੀ ਹੈ। ਇਹ ਨਾ ਤਾਂ ਉਤਪੰਨ ਅਤੇ ਨਾ ਹੀ ਵਿਨਾਸ਼ ਹੁੰਦੀ ਹੈ।“

ਬੁੱਧਮਤ ਦੇ ਸੰਪ੍ਰਦਾਇ
ਬੁੱਧਮਤ ਦੇ ਦਾਰਸ਼ਨਿਕ ਵਿਚਾਰ, ਮੋਟੇ ਤੌਰ ‘ਤੇ, ਚਾਰ ਮੁੱਖ ਸੰਪ੍ਰਦਾਇਆਂ ਵਿਚ ਵਿਭਾਜਤ ਕੀਤੇ ਜਾ ਸਕਦੇ ਹਨ: (1) ਵੈਭਾਸ਼ਕ, (2) ਸੌਤਰਾਂਤਿਕ, (3) ਮਾਧਿਆਮਕ, ਅਤੇ (4) ਯੋਗਚਾਰ। ਪਹਿਲੇ ਦੋ ਨੂੰ ਹਿਨਯਾਨ  ਅਤੇ ਮਗਰਲੇ ਦੋ ਨੂੰ ਮਹਾਯਾਨ  ਕਿਹਾ ਜਾਂਦਾ ਹੈ।

ਵੈਭਾਸ਼ਕ, ਸਰਵਾਸਤੀਵਾਦ ਦੀ ਵਿਚਾਰਧਾਰਾ ‘ਤੇ ਆਧਾਰਤ ਹੈ। ਇਸ ਅਨੁਸਾਰ ਸਮੁੱਚੀ ਸ੍ਰਿਸ਼ਟੀ (ਆਂਤਰਿਕ ਅਤੇ ਬਾਹਰੀ) ਨੂੰ ਵਾਸਤਵਿਕ ਮੰਨਿਆ ਗਿਆ ਹੈ। ਵੈਭਾਸ਼ਿਕਾਂ ਦਾ ਮੰਨਣਾ ਹੈ ਕਿ ਸਾਡੀ ਪਰਵਿਰਤੀ ਅਤੇ ਇਸ ਦੀਆਂ ਸੰਬੰਧਿਤ ਬਾਹਰੀ ਵਸਤੂਆਂ ਦੋਨੋ ਹੀ ਵਾਸਤਵਿਕ ਅਤੇ ਯਥਾਰਥ ਹਨ। ਵਿਭਾਸ਼ਾ ਦਾ ਸ਼ਬਦ-ਅਰਥ ‘ਟੀਕਾ’ ਹੈ, ਭਾਵ ਵੈਭਾਸ਼ਿਕ ਦਰਸ਼ਨ, ਮਹਾਤਮਾ ਬੁੱਧ ਦੇ ਕਥਨਾਂ ਉੱਪਰ ਲਿਖੀਆਂ ਟਿੱਪਣੀਆਂ ‘ਤੇ ਆਧਾਰਤ ਹੈ ਨਾ ਕਿ ਮੂਲ ਗ੍ਰੰਥਾਂ ਉੱਪਰ।

ਸੌਤਰਾਂਤਿਕ, ਬੋਧ ਨੂੰ ਯਥਾਰਥ ਮੰਨ ਕੇ ਬਾਹਰੀ ਵਸਤੂਆਂ ਦੀ ਯਥਾਰਥਕਤਾ ਦੇ ਨਤੀਜੇ ‘ਤੇ ਪਹੁੰਚਦੇ ਹਨ। ਅਰਥਾਤ, ਉਨ੍ਹਾਂ ਦੀ ਦਲੀਲ ਇਹ ਕਹਿੰਦੀ ਹੈ ਕਿ ਜੇ ਬੋਧ ਨਾਲ ਸਾਡੀ ਆਂਤਰਿਕ ਪਰਵਿਰਤੀ ਪੈਦਾ ਹੁੰਦੀ ਹੈ ਤਾਂ ਇਹ ਬਾਹਰੀ ਵਸਤੂਆਂ ਕਰਕੇ ਹੀ ਪੈਦਾ ਹੋ ਸਕਦੀ ਹੈ ਇਸ ਲਈ ਬਾਹਰੀ ਵਸਤੂਆਂ ਦਾ ਅਸਲੀ ਹੋਣਾ ਜ਼ਰੂਰੀ ਹੈ। ਸੌਤਰਾਂਤਿਕ ਸ਼ਬਦ, “ਸੂਤਰੰਤ” ਧਾਤੁ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਮੂਲ ਕਥਨ। ਮਤਲਬ ਸੌਤਰਾਂਤਿਕ ਦਰਸ਼ਨ ਮਹਾਤਮਾ ਬੁੱਧ ਦੇ ਮੂਲ-ਕਥਨਾਂ ‘ਤੇ ਆਧਾਰਤ ਮੰਨਿਆ ਗਿਆ ਹੈ। ਇਹ ਕਿਹਾ ਜਾਂਦਾ ਹੈ ਕਿ ਇਸ ਸੰਪ੍ਰਦਾਇ ਦੇ ਮੂਲ ਸਿਧਾਂਤ ਰਾਜਾ ਕਨਿਸ਼ਕ ਦੇ ਰਾਜਕਾਲ ਦੌਰਾਨ (78 ਈ) ਕਸ਼ਮੀਰ ਵਿਚ ਸਥਾਪਤ ਕੀਤੇ ਗਏ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਸਿਧਾਂਤਾਂ ਨੂੰ ਸਥਾਪਤ ਕਰਨ ਵਾਲਾ ਧਰਮੋਤਰ ਨਾਮ ਦਾ ਭਿਕਸ਼ੂ ਸੀ। ਪਰ ਇਸ ਦੇ ਨਾਲ ਨਾਲ, ਚੀਨੀ ਤੀਰਥਯਾਤਰੀ ਹਵੇਨ-ਸਾਂਗ, ਜੋ ਭਾਰਤ ਵਿਚ 7ਵੀਂ ਸਦੀ ਵਿਚ ਆਏ, ਦਾ ਕਹਿਣਾ ਹੈ ਕਿ ਤਕਸ਼ਿਲਾ (ਪੰਜਾਬ) ਦੇ ਵਾਸ, ਭਿਕਸ਼ੂ ਕੁਮਾਰਲਬਧ, ਨੇ ਸੌਤਰਾਂਤਿਕ ਸੰਪ੍ਰਦਾਇ ਨੂੰ ਸਥਾਪਤ ਕੀਤਾ। ਕੁਮਾਰਲਬਧ ਦਾ ਜੀਵਨਕਾਲ 300 ਈ ਦਾ ਮੰਨਿਆ ਜਾਂਦਾ ਹੈ ਕਿਉਂਕਿ ਉਹ ਨਾਗਅਰਜੁਨ, ਆਰੀਆ ਦੇਵ ਅਤੇ ਅਸ਼ਵਘੋਸ਼ ਵਰਗੇ ਆਚਾਰੀਆ ਦਾ ਸਮਕਾਲੀ ਸਨ।

ਯੋਗਾਚਾਰਾਂ  ਦਾ ਮੰਨਣਾ ਹੈ ਕਿ ਬਾਹਰੀ ਵਸਤੂਆਂ ਮਿਥਿਆ ਹਨ, ਪ੍ਰੰਤੂ ਇਸ ਦੇ ਨਾਲ ਹੀ ਸਾਡੀਆਂ ਬੋਧ ਪਰਵਿਰਤੀਆਂ ਦੀ ਯਥਾਰਥਕਤਾ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ। ਯੋਗਾਚਾਰ, ਦੋ ਧਾਤੁ ਸ਼ਬਦਾਂ ਦਾ ਸੁਮੇਲ ਹੈ; ‘ਯੋਗ’ ਦਾ ਅਰਥ ਹੈ ਚਿੰਤਨ (ਅੰਰਤਧਿਆਨ) ਅਤੇ ‘ਆਚਾਰ’ ਦਾ ਭਾਵ ਹੈ ਅਮਲ (ਅਭਿਆਸ)। ਇਸ ਤਰ੍ਹਾਂ ਯੋਗਾਚਾਰ ਚਿੰਤਨ ਦਾ ਉਹ ਅਭਿਆਸ ਹੈ ਜਿਸ ਰਾਹੀਂ “ਭੂਮੀਆਂ” ਜਾਂ “ਬੋਧੀਸਤਵ ਭੂਮੀ” ਦੀਆਂ ਸਤਾਰਾਂ ਅਵਸਥਾਵਾਂ ਦੀ ਪ੍ਰਾਪਤੀ ਹੁੰਦੀ ਹੈ। ਯੋਗਾਚਾਰ ਦਾ ਪ੍ਰਮੁੱਖ ਸਿਧਾਂਤ ‘ਆਲਯ-ਵਿਗਿਆਨ’ ਹੈ ਜੋ ਚੇਤਨ-ਅਵਸਥਾਵਾਂ ਦਾ ਟਿਕਾਣਾ ਮੰਨਿਆ ਜਾਂਦਾ ਹੈ। ਭਾਵੇਂ ਯੋਗਾਚਾਰ ਦੇ ਬਾਨੀ ਬਾਰੇ ਇਤਿਹਾਸ ਵਿਚ ਕੋਈ ਜਾਣਕਾਰੀ ਖਾਸ ਪ੍ਰਾਪਤ ਨਹੀ ਹੈ ਪਰ ਮੈਤ੍ਰੇਈਨਾਥ ਅਤੇ ਆਰੀਆ ਅਸੰਗਾ ਨੂੰ ਇਸ ਵਿਚਾਰਧਾਰਾ ਦੇ ਪ੍ਰਮੁੱਖ ਉਪਦੇਸ਼ਕ ਮੰਨੇ ਜਾਂਦੇ ਹਨ। ਇਸ ਵਿਚਾਰਧਾਰਾ ਦੀ ਮੁੱਖ ਰਚਨਾ ਲੰਕਾਵਤਾਰ ਸੂਤਰ  ਮੰਨੀ ਜਾਂਦੀ ਹੈ ਜੋ 300 ਈ ਦੌਰਾਨ ਲਿਖੀ ਗਈ ਸੀ।

ਮਾਧਿਆਮਕ  ਵਿਚਾਰਧਾਰਾ ਅਨੁਸਾਰ ਸਾਡਾ ‘ਬੋਧ’ ਅਤੇ ਇਸ ਦੇ ਅਨੁਰੂਪ ਬਾਹਰੀ ਵਿਸ਼ਾ-ਵਸਤੁ ਨਾ ਤਾਂ ਨਿਰਪੇਖ ਰੂਪ ਵਿਚ ਵਾਸਤਵਿਕ (ਯਥਾਰਥਕ) ਅਤੇ ਨਾ ਹੀ ਪੂਰੀ ਤਰ੍ਹਾਂ ਅਵਾਸਤਵਿਕ ਹਨ। ਇਸੇ ਕਰਕੇ ਇਸ ਨੂੰ ਮਾਧਿਆਮਕ (ਵਿਚਕਾਰਲਾ ਰਸਤਾ ਅਪਣਾਉਂਣ ਵਾਲਾ) ਦਰਸ਼ਨ ਕਿਹਾ ਜਾਂਦਾ ਹੈ ਕਿਉਂਕਿ ਇਸ ਦੀ ਦ੍ਰਿਸ਼ਟੀ ਉਗਰਵਾਦੀ ਨਹੀ ਹੈ। ਸੰਸਾਰ ਨਾ ਤਾ ਵਾਸਤਵਿਕ ਹੈ ਅਤੇ ਨਾ ਹੀ ਅਵਾਸਤਵਿਕ ਬਲਕਿ ਇਸ ਦੀ ਹੋਂਦ ਪ੍ਰਤਿਬੰਧਿਤ ਹੈ, ਆਸ਼੍ਰਿਤ ਹੈ ਭਾਵ ਦੂਸਰੀਆਂ ਚੀਜ਼ਾਂ ਦੇ ਆਸਰੇ ਹੈ। ਇਸ ਵਿਚਾਰਧਾਰਾ ਦਾ ਬਾਨੀ ਆਰੀਆ ਨਾਗਾਰਜੁਨ (250-320 ਈ) ਨੂੰ ਮੰਨਿਆ ਜਾਂਦਾ ਹੈ। ਇਸ ਸੰਪ੍ਰਦਾਇ ਦੀਆਂ ਮੁੱਖ ਰਚਨਾਵਾਂ ਇਸ ਪ੍ਰਕਾਰ ਹਨ: ਮਾਧਿਆਮਿਕਕਾਰਿਕਾ, ਨਾਗਾਰਜੁਨ; ਮੂਲ-ਮਾਧਿਅਮ-ਵ੍ਰਿਤਿ  ਬੁੱਧ ਪਾਲਿਤ; ਹਸਬਲ, ਆਰੀਆ ਦੇਵ; ਮਾਧਿਅਮਕ-ਹਿਰਟਯ-ਕਾਰਿਕਾ, ਭਾਵਯ; ਮਾਧਿਅਮ-ਪ੍ਰਾਤਿਤਯਾ-ਸਮੁੱਤਪਾਦ, ਕ੍ਰਿਸ਼ਨ; ਮਾਧਾਅਮਿਕ-ਵ੍ਰਿਤਿ, ਚੰਦਰਕੀਰਤੀ; ਮਾਧਾਮਿਕਆਵਤਾਰ-ਟੀਕਾ, ਜੈਆਨੰਤ।

------------

ਬੁੱਧਮਤ ਦੀ ਇਸ ਸੰਖੇਪ ਭੂਮਿਕਾ ਨੂੰ ਮੁੱਖ ਰੱਖ ਕੇ ਅਗਲੀ ਕਿਸ਼ਤ ਵਿਚ ਅਸੀ ਪ੍ਰਾਚੀਨ ਬੋਧੀ ਤਰਕਸ਼ਾਸਤਰ ਦੇ ਲੇਖਕਾਂ ਬਾਰੇ ਚਰਚਾ ਕਰਾਂਗੇ, ਜਿਵੇਂ ਆਰੀਆ ਨਾਗਾਰਜੁਨ (250 - 320 ਈ), ਆਰੀਆ ਦੇਵ (320 ਈ), ਮੈਤ੍ਰੇਯ ਨਾਥ (ਲਗਪਗ 400 ਈ), ਆਰੀਆ ਅਸੰਗ (405 - 470 ਈ), ਵਸੁਬੰਧੂ (ਲਗਪਗ 410 - 490 ਈ) ਆਦਿ।

... ਚਲਦਾ

01/04/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)
 

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com