ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਬੋਧੀ ਤਰਕਸ਼ਾਸਤਰ ਪਰੰਪਰਾ (570 ਈ ਪੂ – 1200 ਈ) (2)

ਤਰਕ ਦੇ ਵਿਸ਼ੇ ‘ਤੇ ਪ੍ਰਾਚੀਨ ਬੋਧੀ ਰਚਨਾਵਾਂ

ਵਿਵਿਧ ਬੋਧੀ ਸੰਪ੍ਰਦਾਇਆਂ ਨੇ ਆਪੋ ਆਪਣੇ ਸਿਧਾਂਤਾਂ ਨੂੰ ਸਹੀ (ਸਮ੍ਯਕ) ਸਾਬਤ ਕਰਨ ਲਈ ਅਤੇ ਵਿਰੋਧੀਆਂ ਦੇ ਦ੍ਰਿਸ਼ਟੀਕੋਣਾਂ ਨੂੰ ਝੁਠਲਾਉਣ ਲਈ, ਅਕਸ਼ਪਾਦ ਦੇ ਤਰਕਸ਼ਾਸਤਰ ਦੀ ਠੋਸ ਵਿਧੀ, ਇਸ ਦੇ ਵਿਧੀਬੱਧ ਅਤੇ ਪ੍ਰਮਾਣਿਤ ਨਿਯਮਾਂ ਦਾ ਬੜੀ ਕਾਮਯਾਬੀ ਨਾਲ ਪ੍ਰਯੋਗ ਕੀਤਾ। ਇਹ ਹੀ ਨਹੀ, ਬੋਧੀਆਂ ਨੇ ਤਰਕਸ਼ਾਸਤਰ ਨੂੰ ਨਵਾਂ ਮੋੜ ਦੇ ਕੇ ਹੋਰ ਵੀ ਸ਼ਕਤੀਸ਼ਾਲੀ ਬਣਾਇਆ। ਇਹ ਨਿਰਣਾ ਮਾਧਿਆਮਕ ਸੰਪ੍ਰਦਾਇ ਦੇ ਆਰੀਆ ਨਾਗਾਰਜੁਨ  (250-320 ਈ), ਆਰੀਆ ਦੇਵ  (320 ਈ) ਅਤੇ  ਮੈਤ੍ਰੇਯ ਨਾਥ  (400 ਈ); ਯੋਗਾਚਾਰ ਸੰਪ੍ਰਦਾਇ ਦੇ ਆਰੀਆ ਅਸੰਗ  (405 - 470 ਈ) ਅਤੇ ਵਸੁਬੰਧੂ  (400 - 490 ਈ) ਦੀਆਂ ਲਿਖਤਾਂ ਤੋਂ ਸਾਫ ਸਾਬਤ ਹੁੰਦਾ ਹੈ।

ਆਰੀਆ ਨਾਗਾਰਜੁਨ (250 - 320 ਈ)

ਆਰੀਆ ਨਾਗਾਰਜੁਨ, ਜੋ ਮਾਧਿਆਮਕ ਸੰਪ੍ਰਦਾਇ ਦੇ ਬਾਨੀ ਸਨ, ਨੂੰ ਬੋਧੀ ਤਰਕਸ਼ਾਸਤਰ ਦਾ ਮਹਾਨ ਤਾਰਕਿਕ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਵਿਦਰਭ (ਮਹਾਰਾਸ਼ਟਰ) ਵਿਖੇ, ਮਹਾਕੋਸ਼ਲ ਇਲਾਕੇ ਵਿਚ ਰਾਜਾ ਸਦਵਾਹ ਜਾਂ ਸਾਤਵਾਹਨ ਦੇ ਰਾਜ-ਕਾਲ ਦੌਰਾਨ ਹੋਇਆ ਮੰਨਿਆ ਜਾਂਦਾ ਹੈ। ਉਹ ਰਿਸ਼ੀ ਸ਼ਰਹਾ ਦੇ ਸ਼ਿਸ਼ ਸਨ ਜਿਸ ਨੇ ਇਕ ਸਥਾਨਕ ਸ਼ਕਤੀਸ਼ਾਲੀ ਰਾਜਾ ਭੋਜ ਦੇਵ ਨੂੰ ਬੋਧੀ ਬਣਾਇਆ। ਕੁਝ ਇਤਿਹਾਸਕ ਤਥ ਉਸਨੂੰ ਨਾਲੰਦਾ ਵਿਸ਼ਵਿਦਿਆਲੇ ਦੇ ਸੰਸਥਾਪਕ ਵੀ ਮੰਨਦੇ ਹਨ।

ਨਾਗਾਰਜੁਨ ਅਤੇ ਅਕਸ਼ਪਾਦ

ਆਰੀਆ ਨਾਗਾਰਜੁਨ

ਨਾਗਾਰਜੁਨ ਨੇ ਅਕਸ਼ਪਾਦ  ਦੇ ਨਿਆਇਸੂਤਰ  ਉੱਪਰ ਕਈ ਥਾਵਾਂ ‘ਤੇ ਆਲੋਚਨਾ ਕੀਤੀ ਹੈ। ਅਕਸ਼ਪਾਦ ਆਪਣੇ ਪ੍ਰਮਾਣ ਦੇ ਸਿਧਾਂਤ ਦੀ ਵਿਆਖਿਆ ਕਰਦੇ ਹੋਏ ਕਹਿੰਦੇ ਹਨ ਕਿ ਇਹ ਇਕ ਦੀਵੇ ਵਾਂਗ ਹੈ ਜੋ ਆਪਣੇ ਆਪ ਨੂੰ ਅਤੇ ਦੂਸਰੀਆਂ ਵਸਤਾਂ ਨੂੰ ਰੌਸ਼ਨ ਕਰਦਾ ਹੈ। ਅਰਥਾਤ ਪ੍ਰਮਾਣ ਦੁਆਰਾ ਸਾਨੂੰ ਸ੍ਰਿਸ਼ਟੀ ਦਾ ਗਿਆਨ ਹੁੰਦਾ ਹੈ। ਇਸ ਦੀ ਆਲੋਚਨਾ ਕਰਦੇ ਹੋਏ ਨਾਗਾਰਜੁਨ ਕਹਿੰਦੇ ਹਨ ਕਿ ਇਕ ਦੀਵਾ ਆਪਣੇ ਆਪ ਨੂੰ ਰੌਸ਼ਨ ਨਹੀ ਕਰ ਸਕਦਾ ਕਿਉਂਕਿ ਉਸ ਵਿਚ ਅੰਧੇਰਾ ਹੀ ਨਹੀ ਹੈ। ਜੇਕਰ ਇਕ ਦੀਵਾ ਅੰਧੇਰੇ ਨੂੰ ਛੋਹੇ ਬਗੈਰ ਦੂਰ ਕਰ ਸਕਦਾ ਹੁੰਦਾ ਤਾਂ ਇਹ ਕਿਉਂ ਨਹੀ ਸਾਰੀ ਸ੍ਰਿਸ਼ਟੀ ਦਾ ਅੰਧੇਰਾ ਦੂਰ ਕਰ ਦਿੰਦਾ।

ਮਾਧਿਆਮਿਕਕਾਰਿਕਾ (300 ਈ)
ਨਾਗਾਰਜੁਨ ਦੀ ਰਚੀ ਮਾਧਿਆਮਿਕਕਾਰਿਕਾ ਨੂੰ ਮਾਧਿਆਮਿਕ ਦਰਸ਼ਨ ਦੀ ਪ੍ਰਥਮ ਅਤੇ ਮਹੱਤਵਪੂਰਣ ਰਚਨਾ ਮੰਨਿਆ ਜਾਂਦਾ ਹੈ। ਇਸ ਦਾ ਸਿਧਾਂਤ ਮਧਵਰਤੀ ਰਾਹ ਵਾਲਾ ਹੈ। ਇਸ ਸਿਧਾਂਤ ਨੂੰ ਚਾਰ ਪਹਿਲੂਆਂ ਨੂੰ ਮੁੱਖ ਰੱਖ ਕੇ ਸਮਝਿਆ ਜਾ ਸਕਦਾ ਹੈ, ਅਰਥਾਤ (1) ਇਕਪੱਖਤਾ ਦਾ ਵਿਖਰੇਵਾ ਰੱਖ ਕੇ, (2) ਇਕਪੱਖਤਾ ਨੂੰ ਤਿਆਗ ਕੇ, (3) ਅਨੇਕਤਾ ਵਿਚ ਏਕਤਾ ਸਮਝ ਕੇ, ਜਾਂ (4) ਨਿਰਪੇਖ ਸਤਿ ਦੇ ਅਰਥਾਂ ਵਿਚ।

ਪ੍ਰਥਮ ਪਹਿਲੂ:  ਅਸੀ 'ਸਤਿ' ਦੀ 'ਅਸਤਿ' ਤੋਂ ਬਗੈਰ ਕਲਪਨਾ ਨਹੀ ਕਰ ਸਕਦੇ। ਅਸੀ ਇਕਪੱਖੀ ਮਤ ਲੈ ਰਹੇ ਹੋਵਾਗੇ ਜੇ ਅਸੀ ਇਹ ਕਹਿੰਦੇ ਹਾਂ ਕਿ ਸੰਸਾਰ ਸਤਿ ਹੈ ਜਾਂ ਇਹ ਅਸਤਿ ਹੈ। ਇਸ ਇਕਪੱਖਤਾ ਦੇ ਮੁਕਾਬਲੇ ਮਾਧਿਆਮਿਕ ਦ੍ਰਿਸ਼ਟੀ, ਇਨ੍ਹਾਂ ਦੋਨੋ ਸਤਿ-ਅਸਤਿ ਦੀਆਂ ਚਰਮ ਪਰਿਸਥਿਤੀਆਂ ਤੋਂ ਪਰਹੇਜ਼ ਕਰਦੀ ਹੈ।

ਦੂਜਾ ਪਹਿਲੂ:  ਦੋਨੋ ਚਰਮ ਸੀਮਾਂ ਨੂੰ ਨਕਾਰ ਕੇ, ਮਾਧਿਆਮਿਕ ਸਿਧਾਂਤ ਉਨ੍ਹਾਂ ਵਿਚ ਇਕਸੁਰਤਾ ਪੇਸ਼ ਕਰਕੇ ਪ੍ਰਗਟ ਹੁੰਦਾ ਹੈ, ਅਤੇ ਸਤਿ-ਅਸਤਿ ਦਾ ਏਕੀਕਰਣ ਕਰਦਾ ਹੈ।

ਤੀਜਾ ਪਹਿਲੂ:  ਮਾਧਿਆਮਿਕ ਸਿਧਾਂਤ, ਸਾਰੀਆਂ ਵਿਸ਼ਿਸ਼ਟਤਾਵਾਂ ਦਾ ਏਕੀਕਰਣ ਕਰਕੇ ਉਨ੍ਹਾਂ ਤੋਂ ਪਾਰ ਨਹੀ ਚਲੇ ਜਾਂਦਾ। ਵਿਸ਼ਿਸ਼ਟਤਾਵਾਂ, ਆਪਣੀ ਵਿਸ਼ਿਸ਼ਟਤਾ ਦੀ ਪ੍ਰਕ੍ਰਿਤੀ ਸਿਰਫ ਸਾਡੇ ਸੰਕਲਪਨ ਦੁਆਰਾ ਹੀ ਆਪਣੀ ਏਕਤਾ ਨੂੰ ਪ੍ਰਾਪਤ ਕਰਦੀਆਂ ਹਨ। ਇਸ ਏਕੀਕਰਣ ਦੇ ਨਿਯਮ ਤੋਂ ਬਗੈਰ ਵਿਸ਼ਸ਼ਟਤਾਵਾਂ ਦਾ ਕੋਈ ਅਸਤਿੱਤਵ ਨਹੀ ਹੁੰਦਾ। ਇਹ ਮਾਧਿਆਮਿਕ ਸਿਧਾਂਤ ਦਾ ਤੀਜਾ ਪਹਿਲੂ ਹੈ।

ਚੌਥਾ ਪਹਿਲੂ: ਮਾਧਿਆਮਿਕ ਸਿਧਾਂਤ ਨੂੰ ਇਵੇਂ ਨਹੀ ਸਮਝਿਆ ਜਾਣਾ ਚਾਹੀਦਾ ਕਿ ਇਹ ਦੋ ਸਿਰਿਆਂ ਦੇ ਵਿਚਕਾਰਲਾ ਕੁਝ ਹੈ, ਅਰਥਾਤ ਸਤਿ ਅਤੇ ਅਸਤਿ ਦੇ ਵਿਚਕਾਰ। ਅਸਲੀਅਤ ਵਿਚ, ਸਾਨੂੰ ਸਿਰਫ ਇਨ੍ਹਾਂ ਦੋਨੋ ਚਰਮਸੀਮਾਵਾਂ ਤੋਂ ਹੀ ਬਚਣ ਦੀ ਲੋੜ ਨਹੀ ਬਲਕਿ ‘ਵਿਚਕਾਰ’ ਤੋਂ ਵੀ ਪਰਹੇਜ਼ ਕਰਨ ਦੀ ਲੋੜ ਹੈ। ਇਹ ਮੱਧ ਵਾਲਾ ਸਿਧਾਂਤ ਸਾਰੀਆ ਹੱਦਾਂ ਨੂੰ ਤਿਆਗਦਾ ਹੋਇਆ, ਪਰਮ ਸਤਿ ਦੇ ਮਾਨਵ ਸੰਕਲਪ ਤੱਕ ਪਹੁੰਚਦਾ ਹੈ। ਇਹ ਇਸ ਸਿਧਾਂਤ ਦਾ ਚੌਥਾ ਪਹਿਲੂ ਹੈ।

ਮਾਧਿਆਮਿਕਕਾਰਿਕਾ ਵਿਚ ਇਸ ਪਰਮ ਸਤਿ ਨੂੰ ਸ਼ੁਨਯਤਾ ਦਾ ਨਾਮ ਦਿੱਤਾ ਗਿਆ ਹੈ।

ਇਸ ਸ਼ੁਨਯਤਾ ਦਾ ਆਧਾਰ ਦੋ ਕਲਪਨਾਵਾਂ ਹਨ: ਪ੍ਰਤਿਬੰਧਿਤ ਸਤਿ (ਜੋ ਪਰਿਸਥਿਤੀਆਂ ‘ਤੇ ਨਿਰਭਰ ਕਰਦਾ ਹੈ) ਜਿਸ ਨੂੰ “ਸੰਵ੍ਰਤਿ” ਦਾ ਨਾਮ ਦਿੱਤਾ ਗਿਆ ਹੈ; ਅਤੇ ਦੂਸਰਾ ਪਰਮਉੱਤਮ ਜਾਂ ਅਪਰੰਪਾਰ ਸਤਿ ਜਿਸ ਨੂੰ “ਪਰਮਾਰਥ” ਸਤਿ ਕਿਹਾ ਗਿਆ ਹੈ।

ਪਰਮਾਰਥ ਸਤਿ ਉਹ ਹੈ ਜਿਸ ਵਿਚ ਨਾ ਕੋਈ ਚੀਜ਼ ਹੋਂਦ ਵਿਚ ਆਉਂਦੀ ਹੈ ਅਤੇ ਨਾ ਹੀ ਖਤਮ ਹੁੰਦੀ ਹੈ। ਪਰ ਜੇ ਅਸੀਂ ਸੰਵ੍ਰਤਿ ਸਤਿ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਵਸਤੂਆਂ ਹੋਣ-ਅਣਹੋਂਦ ਦੇ ਚੱਕਰ ਵਿਚ ਨਿਰੰਤਰ ਫਸੀਆਂ ਰਹਿੰਦੀਆਂ ਹਨ। ਹਕੀਕਤ ਵਿਚ ਕਿਸੇ ਵਸਤੁ ਦੀ ਆਪਣੀ ਸੁੰਤੰਤਰ ਪ੍ਰਕ੍ਰਿਤੀ (ਸਵੈ-ਲਕਸ਼ਣਮ) ਜਾਂ ਸਵੈ-ਹੋਂਦ (ਸੈਭੰ) ਨਹੀ ਹੁੰਦੀ। ਵਸਤੂਆਂ, ਬਾਹਰੀ ਸੰਬੰਧਾਂ ਜਾਂ ਪਰਿਸਥਿਤੀਆਂ ਦੇ ਕਾਰਨ ਹੋਂਦ ਵਿਚ ਆਉਂਦੀਆਂ ਹਨ। ਵਸਤੁ ਅਤੇ ਉਸ ਦੇ ਗੁਣ ਇਕ ਦੂਸਰੇ ‘ਤੇ ਨਿਰਭਰ ਕਰਦੇ ਹਨ; ਵਸਤੁ ਗੁਣਾਂ ਬਗੈਰ ਖਾਲੀ ਹੈ, ਅਤੇ ਗੁਣ ਵਸਤੁ ਬਗੈਰ ਨਿਰਥਰਕ ਹਨ। ਸਮੁੱਚਤਾ (ਸਕਲ ਜਾਂ ਸਗਲ), ਆਪਣੇ ਅੰਸ਼ਾਂ ਦੇ ਨਾਤੇ ਹੋਂਦ ਵਿਚ ਹੈ ਅਤੇ ਅੰਸ਼ਾਂ ਦਾ ਅਭਿਵਿੰਜਨ (ਪ੍ਰਗਟਾਵਾ) ਸਮੁੱਚਤਾ ਨਾਲ ਹੁੰਦਾ ਹੈ। ਇਸ ਵਿਚਾਰਧਾਰਾ ਅਨੁਸਾਰ ਸਮੁੱਚਾ ਦ੍ਰਿਸ਼ਟਮਾਨ ਜਗਤ ਸੰਬੰਧਾਂ ਅਤੇ ਪਰਿਸਥਿਤੀਆਂ ਦਾ ਸਮੂਹ ਹੈ। ਸੰਬੰਧ ਹੀ ਸ੍ਰਿਸ਼ਟੀ ਦੀ ਵਾਸਤਵਿਕਤਾ ਹਨ। ਸੰਬੰਧਾਂ ਤੋਂ ਉੱਪਰ ਹੋਰ ਕੋਈ ਸਤਿ ਨਹੀ ਹੈ। ਇਨ੍ਹਾਂ ਸੰਬੰਧਾਂ ਦੀ ਉਲਝਣ ਕਰਕੇ ਹੀ ਜਗਤ ਨੂੰ ਇਕ ਭਰਮ ਜਾਂ ਮਾਇਆਜਾਲ ਕਿਹਾ ਜਾਂਦਾ ਹੈ। [ ਆਧੁਨਿਕ ਭੌਤਿਕ ਵਿਗਿਆਨ ਦੀ ਦ੍ਰਿਸ਼ਟੀ ਤੋਂ ਨਾਗਾਰਜੁਨ ਦਾ ਇਹ ਸੁਨਿਸ਼ਚਿਤ ਨਿਸ਼ਕਰਸ਼ ਸਾਨੂੰ ਆਈਨਸਟਾਈਨ ਦੇ ਸਾਪੇਖਤਾ ਦੇ ਸਿਧਾਂਤ ਦੀ ਯਾਦ ਦਿਲਾਉਂਦਾ ਹੈ, ਜਿਸ ਵਿਚ ਚੀਜ਼ਾਂ ਦੇ ਆਪਸੀ ਸੰਬੰਧ ਹੀ ਉਨਾਂ ਦੀ ਹੋਂਦ ਦਾ ਪ੍ਰਗਟਾਵਾ ਹਨ।]

ਉਤਪਤੀ ਅਤੇ ਸਮਾਪਤੀ, ਨਿਰੰਤਰਤਾ ਅਤੇ ਅਨਿਰੰਤਰਤਾ, ਏਕਤਾ ਅਤੇ ਅਨੇਕਤਾ, ਆਗਮਨ (ਆਉਣਾ) ਅਤੇ ਗਮਨ (ਜਾਣਾ), ਸੰਬੰਧਾਂ ਜਾਂ ਪਰਿਸਥਿਤੀਆਂ ਦੇ ਇਹ ਅੱਠ ਬੁਨਿਆਦੀ ਸੰਕਲਪ ਹਨ। ਇਹ ਸੰਕਲਪ ਜੋ ਮੂਲ ਵਿਚ ਅਯਥਰਾਥਕ ਹਨ, ਸਾਡੇ ਪੱਖਪਾਤਾਂ ਅਤੇ ਗਲਤ ਨਿਰਣਿਆਂ ਦਾ ਕਾਰਣ ਬਣਦੇ ਹਨ। ਇਨ੍ਹਾਂ ਤੋਂ ਹੀ ਸਾਡੀ ਬੇਚੈਨੀ ਅਤੇ ਦੁੱਖ ਪੈਦਾ ਹੁੰਦੇ ਹਨ। ਜਿੰਨੇ ਜ਼ੋਰਾਂ ਨਾਲ ਅਸੀ ਇਨ੍ਹਾਂ ਨੂੰ ਚਿੰਬੜਦੇ ਹਾਂ ਓਨਾ ਹੀ ਜ਼ਿਆਦਾ ਸਾਡਾ ਜੀਵਨ ਖੁਸ਼ੀਆਂ ਅਤੇ ਗਮੀਆਂ ਦੇ ਨਿਰੰਤਰ ਚੱਕਰਾਂ ਵਿਚ ਘੋਰ ਫਸਿਆ ਰਹਿੰਦਾ ਹੈ।

ਜਿੱਥੇ ਨਿਰਭਰਤਾ ਹੈ, ਉੱਥੇ ਸਤਿ ਨਹੀ ਹੈ। ਕਿਉਂਕਿ ਸਤਿ ਪਰਿਸਥਿਤੀਆਂ ‘ਤੇ ਨਿਰਭਰ ਨਹੀ ਕਰਦਾ। ਨਿਰਭਰਤਾ ਅਤੇ ਸਤਿ ਆਪਸੀ ਬੇਮੇਲ ਹਨ। ਇਸ ਲਈ ਸਤਿ ਪ੍ਰਾਪਤ ਕਰਨ ਲਈ ਨਿਰਭਰਤਾ ਨੂੰ ਤਜ ਦੇਣਾ ਜ਼ਰੂਰੀ ਹੈ। ਜਦੋਂ ਸਾਡਾ ਮਨ ਨਿਰਭਰਤਾ ਦੇ ਦਾਗ਼ ਤੋਂ ਬਗੈਰ ਸ਼ੁੱਧ ਹੁੰਦਾ ਹੈ ਤਾਂ ਇਹ ‘ਤਥਟਤਾ’ (ਇਉਂ ਦਾ) ਜਾਂ ਪਰਮਾਰਥ ਸਤਿ ਦਾ ਅਨੁਭਵ ਮਹਿਸੂਸ ਕਰਦਾ ਹੈ, ਜਿਸ ਨੂੰ “ਸ਼ੁੱਨਯਤਾ” ਕਿਹਾ ਜਾਂਦਾ ਹੈ। ਇਹ ਸਤਿ ਨਿਰਭਰਤਾ ਤੋਂ ਪਾਰ ਹੈ, ਇਸ ਦਾ ਪ੍ਰਗਟਾਵਾ (ਅਭਿਵਿਅਕਤੀ) “ਹੈ” ਜਾਂ “ਨਹੀ ਹੈ”, “ਭਾਵ” ਜਾਂ “ਅਭਾਵ” ਵਰਗੇ ਪਦਾਂ ਦੀ ਵਰਤੋਂ ਦੁਆਰਾ ਨਹੀ ਕੀਤਾ ਜਾ ਸਕਦਾ। ਇਹ “ਭਾਵ” ਅਤੇ “ਅਭਾਵ” ਵਰਗੇ ਨਿਹਾਇਤ ਸੰਕਲਪਾਂ ਦਾ ਤਿਆਗ ਕਰਕੇ ਉਨ੍ਹਾਂ ਦੋਨਾਂ ਦਾ ਏਕੀਕਰਣ ਕਰਦਾ ਹੈ। ਇਹ ਸ਼ੁੱਨਯਤਾ ਹੀ ਨਿਰਵਾਣ ਹੈ ਜੋ ਅਨਿਰਭਰ ਅਵਸਥਾ ਹੈ ਜਿੱਥੇ ਸਭ ਵਿਰੋਧ ਖਤਮ ਹੋ ਜਾਂਦੇ ਹਨ। ਇਸ ਅਵਸਥਾ ਨੂੰ ਕਿਸੇ ਵੀ ਭਾਸ਼ਾ ਦੁਆਰਾ ਵਿਅਕਤ ਨਹੀ ਕੀਤਾ ਜਾ ਸਕਦਾ, ਭਾਵੇਂ ਇਸ ਨੂੰ ਦਰਸਾਉਣ ਲਈ ਕਈ ਕਿਸਮ ਦੇ ਪਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ‘ਬੇਅੰਤ’, ‘ਸਦੀਵੀ’, ‘ਅਥਾਹ’, ‘ਅਨਿਰਭਰ’, ‘ਪਰਮ’ ਅਤੇ ‘ਆਨੰਦਮਈ’ ਆਦਿ। ਇੱਥੇ ਇਹ ਗਹੁ ਕਰਨ ਦੀ ਲੋੜ ਹੈ ਕਿ ਨਾਗਾਰਜੁਨ ਇੱਥੇ ਪਰਮਾਰਥ ਸਤਿ ਦੀ ਗੱਲ ਕਰ ਰਹੇ ਹਨ। ਵਿਗਿਆਨ ਦੇ ਭੌਤਿਕ ਸੰਸਾਰ ਵਿਚ ਵਸਤੂਆਂ ਦੇ ਆਪਸੀ ਸੰਬੰਧ ਹੀ ਯਥਾਰਥ ਹਨ।

ਵਿਗ੍ਰਹ-ਵਿਆਵਰਤਨੀ ਕਾਰਿਕਾ (300 ਈ)
ਵਿਗ੍ਰਹ-ਵਿਆਵਰਤਨੀਕਾਰਿਕਾ  (ਜਾਂ ਆਪੱਤੀਆਂ ਦਾ ਖੰਡਨ) ਵਿਚ ਨਾਗਾਰਜੁਨ, ਅਕਸ਼ਪਾਦ ਦੇ ਪ੍ਰਮਾਣ ਦੇ ਸਿਧਾਂਤ ਦੀ ਆਲੋਚਨਾ ਕਰਦੇ ਹਨ। ਉਹ ਪੁਛਦੇ ਹਨ ਕਿ ਜੇਕਰ ਵਸਤੂਆਂ ਦੀ ਹੋਂਦ ਪ੍ਰਮਾਣ ਦੁਆਰਾ ਸਥਾਪਤ ਕੀਤੀ ਜਾਂਦੀ ਹੈ ਤਾਂ ਇਸ ਪ੍ਰਮਾਣ ਨੂੰ ਕਿਸੇ ਦੂਸਰੇ ਪ੍ਰਮਾਣ ਰਾਹੀਂ ਸਥਾਪਤ ਕਰਨਾ ਜ਼ਰੂਰੀ ਹੈ, ਤਾਂ ਫਿਰ ਇਸ ਪ੍ਰਮਾਣ ਨੂੰ ਇਕ ਹੋਰ ਪ੍ਰਮਾਣ ਰਾਹੀਂ ਸਥਾਪਤ ਕਰਨਾ ਪਵੇਗਾ ਆਦਿ। ਇਸ ਤਰ੍ਹਾਂ ਦੀ ਦਲੀਲ ਵਰਤ ਕੇ ਅਸੀਂ "ਅਨਵਸਥਾ" ਦੀ ਸਥਿਤੀ ‘ਤੇ ਪਹੁੰਚਦੇ ਹਾਂ ਕਿ ਪਿੱਛਲ-ਖੋੜੀ ਅਨੰਤ ਦਲੀਲਾਂ ਦੀ ਲੜੀ ਸਮਾਪਤ ਹੀ ਨਹੀਂ ਹੁੰਦੀ। ਤਰਕ ਦਾ ਇਹ ਦੋਸ਼ ਸਾਨੂੰ ਨਾ ਖਤਮ ਹੋਣ ਵਾਲੀਆਂ ਅਨੰਤ ਪ੍ਰਤਿਗਮਨ  ਦਲੀਲਾਂ ਦੇ ਚੱਕਰ ਵਿਚ ਫਸਾ ਦਿੰਦਾ ਹੈ ਅਤੇ ਦਲੀਲ ਨਿਰਧਿਸ਼ਠਾਨ ਹੋ ਜਾਂਦੀ ਹੈ।

ਦੂਸਰੇ ਪਾਸੇ ਜੇਕਰ ਤੁਸੀਂ, ਵਸਤੂਆਂ ਦੀ ਹੋਂਦ ਨੂੰ ਪ੍ਰਮਾਣ ਤੋਂ ਬਗੈਰ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡਾ ਇਹ ਸਿਧਾਂਤ ਕਿ ਵਸਤੂਆਂ ਪ੍ਰਮਾਣ ਰਾਹੀਂ ਸਥਾਪਤ ਕੀਤੀਆਂ ਜਾਂਦੀਆਂ ਹਨ, ਢਹਿ ਢੇਰੀ ਹੋ ਜਾਂਦਾ ਹੈ।

ਆਧੁਨਿਕ ਵਿਗਿਆਨਕ ਜਾਂਚ ਪੜਤਾਲ ਵਿਚ “ਆਗਮਨ ਤਰਕ ਵਿਧੀ” ਬੜਾ ਮਹੱਤਵ ਰੱਖਦੀ ਹੈ। ਇਸ ਵਿਚ ਭਵਿੱਖ (ਆਗਮ) ਦੀਆਂ ਸੰਭਵ ਘਟਨਾਵਾਂ ਦੀ ਭਵਿੱਖਬਾਣੀ, ਅਤੀਤ ਕਾਲ ਦੇ ਸਮਰੂਪੀ ਨਿਰੀਖਣਾਂ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਪ੍ਰੰਤੂ ਸਵਾਲ ਉੱਠਦਾ ਹੈ ਕਿ ਇਨਾਂ ਨਿਰੀਖਣਾਂ ਦੀ ਪ੍ਰਮਾਣਕਤਾ (ਵੈਧਤਾ) ਕਿਵੇਂ ਅਤੇ ਕਿੱਥੋਂ ਤੱਕ ਜਾਇਜ਼ ਹੈ? ਇਸ ਪ੍ਰਮਾਣਕਤਾ ਨੂੰ ਸਥਾਪਤ ਕਰਨ ਲਈ ਸਾਨੂੰ ਇਕ ਹੋਰ ਆਗਮਨ ਦਲੀਲ ਦੀ ਹੀ ਜ਼ਰੂਰਤ ਪੈਂਦੀ ਹੈ। ਭਾਵ ਅਸੀਂ ਆਗਮਨ ਦਲੀਲਬਾਜ਼ੀ ਵਿਚ ਉਹ ਪਹਿਲਾਂ “ਮੰਨ” ਲੈਂਦੇ ਹਾਂ ਜਿਸ ਨੂੰ ਸਾਬਤ ਕਰਨਾ ਹੁੰਦਾ ਹੈ। ਦੂਜੇ ਸ਼ਬਦਾਂ ਵਿਚ “ਆਗਮਨ ਤਰਕ” ਦੀ ਪ੍ਰਮਾਣਕਤਾ ਨੂੰ ਸਾਬਤ ਕਰਨ ਲਈ ਸਵੈ “ਆਗਮਨ ਤਰਕ ਵਿਧੀ” ਨਹੀ ਵਰਤੀ ਜਾ ਸਕਦੀ। ਇਸ “ਆਗਮਨ ਦੁਬਿਧਾ” ਨੂੰ “ਆਗਮਨ ਤਰਕ ਦੀ ਸਮੱਸਿਆ” ਕਿਹਾ ਜਾਂਦਾ ਹੈ। ਇਹ ਆਗਮਨ ਦਲੀਲ ਦੀ “ਅਨਵਸਥਾ” ਹੈ।

ਨਾਗਾਰਜੁਨ ਕਹਿੰਦੇ ਹਨ, ਕੋਈ ਇਕ ਪ੍ਰਮਾਣ (ਗਿਆਨ ਦਾ ਸਾਧਨ) ਸਵੈ-ਸਿੱਧ ਨਹੀ ਹੁੰਦਾ। ਅਗਰ ਇਸ ਤਰ੍ਹਾਂ ਹੁੰਦਾ ਤਾਂ ਅਗਿਆਨਤਾ ਆਪਣੇ ਆਪ ਖਤਮ ਹੋ ਜਾਂਦੀ। ਇਹ ਦਾਅਵਾ ਕਿ ਪ੍ਰਮਾਣ ਆਪਣੇ ਆਪ ਨੂੰ ਅਤੇ ਵਸਤੂਆਂ ਨੂੰ ਸਥਾਪਤ ਕਰਦਾ ਹੈ, ਵੀ ਨਿਰਧਿਸ਼ਠਾਨ ਹੈ। ਇਸ ਦੇ ਸਮਰਥਨ ਵਿਚ ਅਗਨੀ ਦੀ ਜੋ ਉਦਾਹਰਣ ਦਿੱਤੀ ਗਈ ਹੈ ਕਿ ਇਹ ਵਸਤੂਆਂ ਦੇ ਅੰਧੇਰੇ ਨੂੰ ਦੂਰ ਕਰਕੇ ਉਨ੍ਹਾਂ ਨੂੰ ਰੌਸ਼ਨ ਕਰਦੀ ਹੈ, ਪ੍ਰੰਤੂ ਇਸ ਤਰ੍ਹਾਂ ਸਵੈ ਅਗਨੀ ਦੇ ਬਾਰੇ ਨਹੀ ਕਿਹਾ ਜਾ ਸਕਦਾ ਕਿਉਂਕਿ ਅਗਨੀ ਉੱਤੇ ਅੰਧੇਰਾ ਕਦੇ ਵੀ ਛਾਇਆ ਹੀ ਨਹੀ ਹੁੰਦਾ। ਅਗਨੀ ਅਤੇ ਅੰਧੇਰਾ ਕਦੇ ਵੀ ਸਹਿ-ਨਿਵਾਸ ਨਹੀ ਹੁੰਦੇ।

‘ਪ੍ਰਮਾਣ’ ਨੂੰ ਪ੍ਰਮਾਣ ਨਹੀ ਕਿਹਾ ਜਾ ਸਕਦਾ ਜੇਕਰ ਇਹ ਪੂਰੀ ਤਰ੍ਹਾ ਪ੍ਰਮੇਯ (ਪ੍ਰਮਾਣ ਦਾ ਵਿਸ਼ਾ ਵਸਤੁ) ਤੋਂ ਸੁਤੰਤਰ ਹੁੰਦਾ ਹੈ। ਜੇਕਰ, ਦੂਸਰੇ ਪਾਸੇ, ਇਕ ਪ੍ਰਮਾਣ ਆਪਣੇ ਪ੍ਰਮੇਯ ‘ਤੇ ਨਿਰਭਰ ਕਰਦਾ ਹੈ, ਤਾਂ ਇਹ ਕਿਸ ਤਰ੍ਹਾਂ, ਆਪਣੀ ਸਵੈ-ਹੋਂਦ ਤੋ ਬਗੈਰ, ਪ੍ਰਮੇਯ ਨੂੰ ਸਥਾਪਤ ਕਰ ਸਕਦਾ ਹੈ। ਇਸ ਤਰ੍ਹਾਂ ਕੋਈ ਵੀ ਚੀਜ਼ ਜੋ ਆਪਣੇ ਆਪ ਵਿਚ ਸੈਭੰ ਨਹੀ ਹੈ, ਦੂਸਰੀ ਕਿਸੇ ਹੋਰ ਵਸਤੁ ਨੂੰ ਸਥਾਪਤ ਨਹੀ ਕਰ ਸਕਦੀ, ਉਸ ਦੀ ਹੋਂਦ ਦਾ ਸਬੂਤ ਨਹੀ ਬਣ ਸਕਦੀ। ਇਸ ਤਰ੍ਹਾਂ ਦੇ ਅਸੀਮ ਤਾਰਕਿਕ (ਯੁਕਤੀ-ਯੁਕਤ) ਕੁਚੱਕਰ ਤੋਂ ਬਚਣ ਲਈ ‘ਪ੍ਰਮਾਣ’ ਦੀ ਸਵੈ-ਹੋਂਦ ਦਾ ਹੋਣਾ ਅਤਿਆਵੱਸ਼ਕ ਹੈ। ਉੱਪਰ ਦੱਸੀ “ਆਗਮਨ ਤਰਕ ਦੀ ਸਮੱਸਿਆ” ਦਾ ਸੰਕੇਤ ਵੀ ਇਹ ਹੀ ਹੈ ਕਿ ਆਗਮਨਾਤਮਕ ਦਲੀਲ ਆਗਮਨ ਤਰਕ ਵਿਧੀ ਦਾ ਪ੍ਰਮੇਯ ਨਹੀ ਬਣ ਸਕਦੀ।

ਨਾਗਾਰਜੁਨ ਦੀ ਇਕ ਹੋਰ ਰਚਨਾ “ਪ੍ਰਮਾਣ-ਵਿਹੇਠਨ” ਜਾਂ “ਪ੍ਰਮਾਣ-ਵਿਧਵੰਸਨ” ਹੈ ਜੋ ਲਗਪਗ 300 ਈ ਵਿਚ ਲਿਖੀ ਗਈ ਸੀ। ਇਸ ਦਾ ਸ਼ਾਬਦਿਕ ਅਰਥ ਹੈ “ਪ੍ਰਮਾਣ ਦਾ ਦਮਨ”। ਇਹ ਅਕਸ਼ਪਾਦ ਦੇ ਸੋਲਾਂ ਪਦਾਰਥਾਂ ਦਾ ਸਰਵੇਖਣ ਅਤੇ ਨਿਰੀਖਣ ਮੰਨੀ ਜਾਂਦੀ ਹੈ।

ਵਿਚਾਰ ਵਿਮਰਸ਼ ਕਰਨ ਦੀ ਵਿਧੀ ਬਾਰੇ ਨਾਗਾਰਜੁਨ ਦੀ ਇਕ ਹੋਰ ਰਚਨਾ “ਉਪਾਏ-ਕੌਸ਼ਲ੍ਯਾ-ਹਿਰਦਯ-ਸ਼ਾਸਤਰ” ਹੈ ਜਿਸ ਦਾ ਸ਼ਾਬਦਿਕ ਅਰਥ ਹੈ ‘ਕਾਰਜ ਪ੍ਰਾਪਤੀ ਲਈ ਕੁਸ਼ਲ ਉਪਾਉ’। ਇਹ ਗ੍ਰੰਥ ਚਾਰ ਕਾਡਾਂ ਵਿਚ ਵੰਡਿਆ ਹੋਇਆ ਹੈ: (1) ਵਾਦ-ਵਿਸ਼ਦੀਕਰਣ, ਵਾਦ ਦੀ ਵਿਆਖਿਆ, (2) ਨਿਗ੍ਰਹਿਸਥਾਨ, ਹਾਰ ਦੀ ਵਿਆਖਿਆ, (3) ਤਤਵਵਿਆਖਿਆਨ, ਤੱਤਾਂ ਦੀ ਵਿਆਖਿਆ, (4) ਜਾਤਿ।

ਆਰੀਆ ਦੇਵ (320 ਈ)
ਆਰੀਆ ਦੇਵ ਵੀ ਮਾਧਿਆਮਕ ਵਿਚਾਰਧਾਰਾ ਦੇ ਪ੍ਰਮੁੱਖ ਦਾਰਸ਼ਨਿਕ ਸਨ। ਉਨਾਂ ਦਾ ਜਨਮ ਦੱਖਣੀ ਭਾਰਤ ਵਿਚ ਹੋਇਆ ਅਤੇ ਉਹ ਨਾਗਾਰਜੁਨ ਦੇ ਸ਼ਿਸ਼ ਸਨ। ਉਹ ਕਾਫੀ ਸਮਾ ਨਾਲੰਦਾ ਵਿਚ ਵੀ ਰਹੇ। ਉਨ੍ਹਾਂ ਦਾ ਜੀਵਨਕਾਲ ਰਾਜਾ ਚੰਦਰਗੁਪਤ (ਲਗ ਪਗ 320 ਈ) ਦੇ ਸਮੇ ਦਾ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਮਾਧਿਆਮਕ ਦਰਸ਼ਨ ‘ਤੇ ਅਨੇਕ ਗ੍ਰੰਥ ਲਿਖੇ ਜਿਵੇਂ ਸ਼ਤਕ-ਸ਼ਾਸਤਰ, ਭਰਮ-ਪ੍ਰਥਨ-ਯੁਕਤੀ-ਹੇਤੁ-ਸਿਧੀ  ਆਦਿ। ਇਨ੍ਹਾਂ ਵਿਚ ਤਰਕਵਿਦਿਆ ਦਾ ਉਲੇਖ ਵਿਸਤਾਰ ਨਾਲ ਕੀਤਾ ਗਿਆ ਹੈ।

ਮੈਤ੍ਰੇਯ ਨਾਥ (ਲਗਪਗ 400 ਈ)
ਮੈਤ੍ਰੇਯ ਨਾਥ, ਯੋਗਚਾਰ ਸੰਪ੍ਰਦਾਇ ਦੇ ਇਕ ਮੰਨੇ ਪ੍ਰਮੰਨੇ ਆਚਾਰੀਆ ਸਨ। ਉਨ੍ਹਾ ਨੇ ਤਰਕਸ਼ਾਸਤਰ ਦੇ ਵਿਸ਼ੇ ‘ਤੇ ਕਈ ਗ੍ਰੰਥ ਲਿਖੇ, ਜਿਵੇਂ: ਸਪਤਦਸ਼-ਭੂਮੀ-ਸ਼ਾਸਤਰ-ਯੋਗਾਚਾਰ੍ਯ, ਅਭਿਸਮਯ ਅਲੰਕਾਰ  ਆਦਿ। ਚੀਨੀ ਤੀਰਥਯਾਤਰੀ ਹਵੇਨ-ਸਾਂਗ ਦੇ ਕਹਿਣ ਅਨੁਸਾਰ, ਮੈਤ੍ਰੇਯ ਨੇ ਇਹ ਵਿਦਿਆ ਅਤੇ ਹੋਰ ਬੋਧੀ ਪ੍ਰਕਰਣ, ਆਰੀਆ ਅਸੰਗ ਨੂੰ ਸਿਖਾਏ ਜਦੋਂ ਉਹ ਅਯੁਧਿਆ ਵਿਖੇ ਇਕ ਮਠ ਵਿਚ ਰਹਿ ਰਹੇ ਸਨ।

ਮੈਤ੍ਰੇਯ, 'ਕਸ਼ਣਵਾਦ' ਅਤੇ 'ਸ਼ੁਨਯਵਾਦ' ਦੇ ਬੜੇ ਤੀਬਰ ਸਮਰਥਕ ਸਨ। ਉਨ੍ਹਾਂ ਦੇ ਮਤਅਨੁਸਾਰ ਵਾਸਵਿਕਤਾ ਇਕ ਸੁਪਨੇ ਦੀ ਤਰ੍ਹਾ ਹੈ, ਭਾਵ ਸ਼ੁਨਯ ਹੈ। ਬਾਹਰੀ ਵਸਤੁਆਂ ਦਾ ਗਿਆਨ, ਅਤੇ ਉਨ੍ਹਾਂ ਦੇ ਯੋਗ ਅਤੇ ਵਿਯੋਗ ਸਭ ਕਸ਼ਿਣਕ ਜਾਂ ਛਿਣਭੰਗਰ ਹਨ।

ਇਸ ਤੋਂ ਇਲਾਵਾ, ਮੈਤ੍ਰੇਯ ਨੇ ਆਪਣੀ ਰਚਨਾ ‘ਸ਼ਪਤਦਸ਼-ਭੂਮੀ-ਸ਼ਾਸਤਰ-ਯੋਗਾਚਾਰ’ ਵਿਚ ਵਾਦ-ਵਿਵਾਦ ਕਰਨ ਦੀ ਕਲਾ ਬਾਰੇ ਵੀ ਵਿਸਤਾਰ ਨਾਲ ਲਿਖਿਆ ਹੈ। ਇਸ ਵਿਸ਼ੇ ‘ਤੇ ਇਸ ਗ੍ਰੰਥ ਦੇ ਸੱਤ ਅਧਿਆਇ ਇਸ ਪ੍ਰਕਾਰ ਹਨ:

 1. ਵਾਦ-ਵਿਸ਼ੇ ਦੀ ਚੋਣ: ਵਾਦ ਸ਼ੁਰੂ ਕਰਨ ਤੋਂ ਪਹਿਲਾ ਇਹ ਜਾਂਚ ਲੈਣਾ ਜ਼ਰੂਰੀ ਹੈ ਕਿ ਕੀ ਵਾਦ ਦਾ ਵਿਸ਼ਾ ਫਾਇਦੇਮੰਦ ਹੈ ਜਾਂ ਨਹੀ। ਫਜ਼ੂਲ ਵਿਸ਼ਿਆਂ ‘ਤੇ ਵਾਦ ਕਰਨ ਤੋਂ ਗੁਰੇਜ਼ ਕਰਨਾ ਚਾਹੀਦੈ ਹੈ।
 2. ਵਾਦ ਕਰਨ ਦਾ ਸਥਾਨ: ਵਾਦ ਵਿਵਾਦ ਇਕ ਬੜੀ ਗੰਭੀਰ ਕ੍ਰਿਆ ਹੈ ਜੋ ਹਰ ਜਗ੍ਹਾ ਨਹੀ ਕੀਤੀ ਜਾ ਸਕਦੀ। ਇਹ ਵਿਦਵਾਨਾਂ ਅਤੇ ਸੂਝਵਾਨ ਪੁਰਸ਼ਾਂ ਦੀ ਮੋਜੂਦਗੀ ਵਿਚ ਹੀ ਕਰਨੀ ਚਾਹੀਦੀ ਹੈ, ਜਿਵੇਂ ਕਿਸੇ ਰਾਜੇ ਦੇ ਸਥਾਨ ਵਿਖੇ ਜਾਂ ਫਿਰ ਸੁਹਿਰਦਾਂ ਦੀ ਪਰਿਸ਼ਦ ਵਿਚ।
 3. ਵਾਦ ਦੇ ਸਾਧਨ: ਸਾਧ (ਜੋ ਮਤਾ ਸਾਬਤ ਕਰਨਾ ਹੈ) ਦੋ ਪ੍ਰਕਾਰ ਦਾ ਹੁੰਦਾ ਹੈ; (1) ਆਤਮ-ਸੰਬੰਧ, ਜਿਸ ਦਾ ਸੰਬੰਧ ਆਪਣੇ ਆਪ ਨਾਲ ਹੋਵੇ, (2) ਪਾਰ-ਸੰਬੰਧ, ਜਿਸ ਦਾ ਸੰਬੰਧ ਦੂਜਿਆ ਨਾਲ ਹੋਵੇ। ਸਬੂਤ  (ਜੋ ਸਾਧ ਨੂੰ ਸਾਬਤ ਕਰਨ ਲਈ ਸਹਾਈ ਹੁੰਦਾ ਹੈ) ਅੱਠ ਕਿਸਮਾਂ ਵਿਚ ਵੰਡਿਆ ਗਿਆ ਹੈ; (1) ਪ੍ਰਸਤਾਵ, ਅਰਥਾਤ ਸਿਧਾਂਤ, (2) ਦਲੀਲ, ਅਰਥਾਤ ਹੇਤੁ ਜਾਂ ਕਾਰਨ, (3) ਉਦਾਹਰਣ, (4) ਸਾਧਰਮਯ, ਅਰਥਾਤ ਸਕਾਰਾਤਮਕ ਉਦਾਹਰਣ, (5) ਵੈਧਰਮਯ, ਅਰਥਾਤ ਨਕਾਰਾਤਮਕ ਉਦਾਹਰਣ, (6) ਪ੍ਰਤਿਅਕਸ਼, (7) ਅਨੁਮਾਨ, ਅਤੇ (8) ਆਗਮ, ਸ਼ਾਸਤਰਾਂ ਵਿਚ ਲਿਖੀ ਵਿਦਿਆ, ਗ੍ਰੰਥ।
 4. ਵਿਵਾਦੀ ਦੇ ਗੁਣ: ਵਾਦ ਵਿਵਾਦ ਵਿਚ ਹਿੱਸਾ ਲੈਣ ਵਾਲੇ ਦੇ ਗੁਣ ਇਸ ਪ੍ਰਕਾਰ ਹੋਣੇ ਚਾਹੀਦੇ ਹਨ; (ੳ) ਦੋਨਾਂ ਧਿਰਾਂ ਦੇ ਵਿਵਾਦੀ ਇਕ ਦੂਸਰੇ ਦੇ ਸ਼ਾਸਤਰਾਂ ਵਿਚ ਨਿਪੁੰਨ ਹੋਣ, (ਅ) ਉਨ੍ਹਾਂ ਨੂੰ, ਕਿਸੇ ਵੀ ਹਾਲਤ ਵਿਚ, ਘਿਣਾਉਣੀ ਅਤੇ ਨਿਰਾਦਰ ਵਾਲੀ ਭਾਸ਼ਾ ਨਹੀ ਵਰਤਣੀ ਚਾਹੀਦੀ; ਇਕ ਦੂਸਰੇ ਨੂੰ ਸੰਬੋਧਨ ਕਰਦੇ ਸਮੇ ਸਨਮਾਨਿਤ ਸ਼ਬਦਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ, (ੲ) ਉਨ੍ਹਾਂ ਨੂੰ ਨਰਭੈ ਰਹਿਣਾ ਚਾਹੀਦਾ ਹੈ, (ਸ) ਉਨ੍ਹਾਂ ਨੂੰ ਬਿਨਾ ਰੋਕ ਅਤੇ ਬਿਨਾ ਝਿਜਕ ਦੇ ਬੋਲਣਾ ਚਾਹੀਦਾ ਹੈ, ਅਤੇ ਉਨ੍ਹਾਂ ਦੀ ਦਲੀਲ ਸ੍ਰੋਤਾਗਣਾਂ ਲਈ ਸੁਬੋਧ ਅਤੇ ਸਪਸ਼ਟ ਹੋਣੀ ਚਾਹੀਦੀ ਹੈ, (ਹ) ਉਨ੍ਹਾਂ ਦੇ ਉਚਾਰਣ ਇਕਸੁਰਤਾ ਵਾਲੇ ਹੋਣੇ ਚਾਹੀਦੇ ਹਨ, ਜੋ ਸ੍ਰੋਤਾਗਣਾਂ ਲਈ ਭਾਉਂਦੇ ਹੋਣ।
 5. ਨਿਗ੍ਰਹਸਥਾਨ: ਹਾਰ ਦੀ ਅਵਸਥਾ ਇਸ ਪ੍ਰਕਾਰ ਦੱਸੀ ਗਈ ਹੈ; (ੳ) ਜੇਕਰ ਇਕ ਵਿਵਾਦੀ ਪਹਿਲੇ ਕਿਸੇ ਦਾਅਵੇ ਦਾ ਵਿਰੋਧ ਕਰਦਾ ਹੈ ਅਤੇ ਬਾਅਦ ਵਿਚ ਉਸੇ ਗੱਲ ਨਾਲ ਸਹਿਮਤ ਹੋ ਜਾਂਦਾ ਹੈ ਤਾਂ ਇਸ ਵਿਚ ਉਸ ਦੀ ਹਾਰ ਮੰਨੀ ਜਾਵੇਗੀ, (ਅ) ਜੇਕਰ ਇਕ ਵਿਵਾਦੀ, ਵਿਵਾਦ ਦੇ ਵਿਸ਼ੇ ਵਿਚ ਆਪਣੀ ਸਫਾਈ ਦੇਣ ਤੋਂ ਅਸਮਰਥ ਹੋ ਕੇ, ਕਿਸੇ ਹੋਰ ਵਿਸ਼ੇ ‘ਤੇ ਬਹਿਸ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਵਿਚ ਉਸ ਦੀ ਹਾਰ ਮੰਨੀ ਜਾਵੇਗੀ, (ੲ) ਜੇਕਰ ਇਕ ਵਿਵਾਦੀ ਅਪ੍ਰਸੰਗਕ (ਅਤੀਤ-ਵਾਕ) ਤੌਰ ‘ਤੇ ਬਹਿਸ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਵਿਚ ਉਸਦੀ ਹਾਰ ਮੰਨੀ ਜਾਵੇਗੀ।
 6. ਵਾਦ ਵਿਚ ਉਪਸਥਿਤ ਹੋਣਾ: (ੳ) ਵਿਵਾਦ ਪਰਿਸ਼ਦ ਵਿਚ ਸ਼ਾਮਲ ਹੋਣ ਤੋਂ ਪਹਿਲਾ ਇਹ ਵਿਚਾਰ ਲੈਣਾ ਚਾਹੀਦਾ ਹੈ ਕਿ ਕੀ ਇਹ ਵਿਵਾਦ ਮੇਰੇ ਲਈ ਫਾਇਦੇਮੰਦ ਹੈ ਜਾਂ ਨਹੀ, (ਅ) ਇਹ ਵੀ ਵਿਚਾਰ ਲੈਣਾ ਚਾਹੀਦਾ ਹੈ ਕਿ ਕੀ ਇਹ ਵਿਵਾਦ, ਵਿਵਾਦੀ, ਉਸ ਦੇ ਵਿਰੋਧੀ, ਨਿਰਣਾਇਕ ਅਤੇ ਸ੍ਰੋਤਿਆਂ ‘ਤੇ ਚੰਗਾ ਅਸਰ ਪਾਏਗਾ ਜਾ ਨਹੀ, (ੲ) ਇਹ ਵੀ ਵਿਚਾਰ ਲੈਣਾ ਜ਼ਰੂਰੀ ਹੈ ਕਿ ਕੀ ਵਿਵਾਦੀ ਅਤੇ ਉਸ ਦਾ ਵਿਰੋਧੀ ਵਿਵਾਦ ਦੀ ਸਹੀ ਪ੍ਰਕ੍ਰਿਆ ਅਰਥਾਤ ਸਿਧਾਂਤ, ਹੇਤੁ ਅਤੇ ਉਦਾਹਰਣ ਰਾਹੀਂ, ਵਿਵਾਦ ਕਰਨ ਦੇ ਕਾਬਲ ਹੈ ਜਾਂ ਨਹੀ।
 7. ਵਿਵਾਦੀ ਦਾ ਆਤਮ-ਵਿਸ਼ਵਾਸ: ਇਕ ਵਿਵਾਦੀ ਨੂੰ ਸ੍ਰੋਤਿਆਂ ਉੱਤੇ ਇੰਨਾ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ ਕਿ ਉਹ ਜ਼ਰੂਰ ਇਸ ਵਿਚ ਜਿੱਤ ਪ੍ਰਾਪਤ ਕਰੇਗਾ। ਆਪਣੇ ਉਤਸ਼ਾਹ ਅਤੇ ਜੋਸ਼ ਰਾਹੀਂ ਉਹ ਇਸ ਤਰ੍ਹਾ ਦਾ ਲੱਗਣਾ ਚਾਹੀਦਾ ਹੈ ਕਿ ਉਸ ਨੂੰ ਵਿਰੋਧੀ ਦੇ ਅਤੇ ਆਪਣੇ ਸ਼ਾਸਤਰਾਂ ਦਾ ਪੂਰਾ ਗਿਆਨ ਹੈ। ਕਿ ਉਹ ਇਨ੍ਹਾਂ ਵਿਸ਼ਿਆਂ ‘ਤੇ ਲਗਾਤਾਰ , ਅਣਥੱਕ ਬੋਲ ਸਕਦਾ ਹੈ।

ਉਪਰਲੇ ਵਿਸ਼ਿਆਂ ਤੋਂ ਇਹ ਪਤਾ ਲਗਦਾ ਹੈ ਕਿ ਮੈਤ੍ਰੇਯ, ਤਰਕ ਦੇ ਵਿਹਾਰਕ ਸਵਾਲਾਂ ਦੀ ਜ਼ਿਆਦਾ ਅਹਿਮੀਅਤ ਨਹੀ ਰੱਖਦੇ ਅਤੇ ਇਸ ਵਿਚ ਕਦੇ ਕਦੇ ਸ਼ੁੱਧ ਤਰਕ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਅਨੁਸਾਰ ਪ੍ਰਤਿਗਿਆ (ਪ੍ਰਸਤਾਵ) ਨੂੰ ਸਾਬਤ ਕਰਨ ਲਈ ਹੇਤੁ (ਕਾਰਨ) ਅਤੇ ਦੋ ਦ੍ਰਿਸ਼ਟਾਂਤਾਂ ਦੀ ਜ਼ਰੂਰਤ ਹੈ। ਹੇਤੁ ਅਤੇ ਦ੍ਰਿਸ਼ਟਾਂਤ ਦੀ ਵੈਧਤਾ ਇਸ ਵਿਚ ਹੈ ਕਿ ਜਾ ਤਾਂ ਉਹ (1) ਪ੍ਰਤਿਅਕਸ਼ ਦੇ ਆਧਾਰ ‘ਤੇ ਸਥਾਪਤ ਹੋਵੇ, ਜਾਂ (2) ਅਨੁਮਾਨ ਉੱਪਰ, ਜਾਂ (3) ਪਵਿੱਤਰ ਸ਼ਾਸਤਰਾਂ ਉੱਪਰ। ਮੈਤ੍ਰੇਯ ਅਨੁਸਾਰ ਤਰਕਵਾਕ ਦਾ ਰੂਪ ਨਿਮਨਲਿਖਤ ਹੋਣਾ ਚਾਹੀਦਾ ਹੈ, ਜਿਵੇਂ:

 1. ਸ਼ਬਦ ਅਨਿੱਤ ਹੈ,
 2. ਕਿਉਂਕਿ ਇਹ ਉਤਪੰਨ ਹੁੰਦਾ ਹੈ,
 3. ਇਕ ਘੜੇ ਵਾਂਗ, ਪਰ ਆਕਾਸ਼ ਵਾਂਗ ਨਹੀ,
 4. ਘੜੇ ਵਰਗਾ ਉਤਪਾਦਨ ਅਨਿੱਤ ਹੈ,
 5. ਜਦ ਕਿ ਇਕ ਨਿੱਤ ਚੀਜ਼, ਆਕਾਸ਼ ਵਾਂਗ, ਉਤਪੰਨ ਨਹੀ ਹੁੰਦੀ।

ਆਰੀਆ ਅਸੰਗ

ਆਰੀਆ ਅਸੰਗ (405 - 470 ਈ)
ਆਰੀਆ ਅਸੰਗ ਦਾ ਜਨਮ ਗੰਧਾਰ (ਪੇਸ਼ਾਵਰ) ਵਿਖੇ ਹੋਇਆ ਮੰਨਿਆ ਗਿਆ ਹੈ। ਉਨ੍ਹਾਂ ਦਾ ਜੀਵਨਕਾਲ ਲਗਪਗ 450 ਈ ਦਾ ਹੈ। ਉਨ੍ਹਾਂ ਨੂੰ ਅਚਾਰੀਆ ਵਸੁਬੰਧੂ ਦਾ ਵੱਡਾ ਭਰਾ ਵੀ ਮੰਨਿਆ ਜਾਂਦਾ ਹੈ, ਅਤੇ ਉਨ੍ਹਾਂ ਨੇ ਕੁਝ ਸਾਲ ਨਾਲੰਦਾ ਵਿਚ ਵੀ ਗੁਜ਼ਾਰੇ ਸਨ। ਪਹਿਲੋ ਪਹਿਲ ਅਸੰਗ, ਹਿਨਯਾਨ ਸੰਪ੍ਰਦਾਇ ਦੇ ਵੈਭਾਸ਼ਕ ਦਰਸ਼ਨ ਦੇ ਸ਼ਰਧਾਲੂ ਸਨ, ਪਰ ਬਾਅਦ ਵਿਚ ਉਨ੍ਹਾਂ ਨੇ ਮਹਾਯਾਨ ਦੇ ਯੋਗਾਚਾਰ ਦਰਸ਼ਨ ਨੂੰ ਅਪਣਾਇਆ। ਚੀਨੀ ਤੀਰਥਯਾਤਰੀ ਹਿਉਨ-ਸਾਂਗ ਅਨੁਸਾਰ (ਜਿਸ ਨੇ ਈਸਵੀ ਸੰਨ ਦੀ ਸੱਤਵੀ ਸਦੀ ਦੌਰਾਨ ਭਾਰਤ ਦੀ ਯਾਤਰਾ ਕੀਤੀ ਸੀ) ਅਸੰਗ ਨੇ ਕੌਸਾਂਭੀ ਅਤੇ ਅਯੋਧਿਆ ਵਿਚ ਵੀ ਕਈ ਸਾਲ ਗੁਜ਼ਾਰੇ ਸਨ। ਹਿਉਨ-ਸਾਂਗ ਦੇ ਕਥਨ ਅਨੁਸਾਰ ਉਨ੍ਹਾਂ ਨੇ ਕੌਸ਼ਾਂਭੀ ਵਿਚ ਉਹ ਉਜੜਿਆ ਸੰਘਾਰਾਮ  (ਬੋਧੀ ਸੰਘ ਦੇ ਆਰਾਮ ਕਰਨ ਦੀ ਜਗ੍ਹਾ) ਦੇਖਿਆ ਜਿੱਥੇ ਅਸੰਗ ਕਈ ਸਾਲ ਠਹਿਰੇ ਸਨ।

ਅਸੰਗ ਨੇ ਲਗਪਗ 12 ਸ਼ਾਸਤਰ ਲਿਖੇ ਜਿਨ੍ਹਾਂ ਵਿਚ ਅਸੰਗ ਦੇ ਤਰਕ ਦਾ ਵਰਣਨ ਕੀਤਾ ਗਿਆ ਹੈ। ਇਨ੍ਹਾਂ ਵਿਚ ਦੋ ਗ੍ਰੰਥ “ਪ੍ਰਕਰਣਾਰਯ ਵਾਚਾ ਸ਼ਾਸਤਰ” ਅਤੇ “ਮਹਾਯਾਨਅਭਿਧਰਮ-ਸੰਯੁਕਤ-ਸੰਗਤੀ-ਸ਼ਾਸਤਰ” ਖਾਸ ਮਹੱਤਤਾ ਰੱਖਦੇ ਹਨ। ਅਸੰਗ, ਸਬੂਤ ਦੇ ਸਿਧਾਂਤ  (ਜਾਂ ਸਾਧਕ) ਦੀ ਉੱਪਵੰਡ ਇਸ ਪ੍ਰਕਾਰ ਕਰਦੇ ਹਨ: (1) ਪ੍ਰਤਿਗਿਆ  ਜਾਂ ਪ੍ਰਸਤਾਵ ਜਿਸ ਨੂੰ ਸਾਬਤ ਕਰਨਾ ਹੈ, (2) ਹੇਤੁ  ਜਾਂ ਦਲੀਲ, (3) ਉਦਾਹਰਣ, (4) ਉਪਨਯ  ਜਾਂ ਪ੍ਰਯੋਗ, (5) ਨਿਗਮਨ  ਜਾਂ ਸਿੱਟਾ, (6) ਪ੍ਰਤਿਅਕਸ਼,  (7) ਉਪਮਾਨ  ਜਾਂ ਤੁਲਨਾ, (8) ਆਗਮ  ਜਾਂ ਲਿਖਤੀ ਸ਼ਾਸਤਰ। ਪਹਿਲੇ ਪੰਜ ਅਵਯਵ (ਹਿੱਸੇ) ਅਨੁਮਾਨ ਕਹਾਉਂਦੇ ਹਨ। ਅਸੰਗ ਦੀ ਅਨੁਮਾਨ ਅਧਾਰਤ ਦਲੀਲ ਇਸ ਪ੍ਰਕਾਰ ਹੈ (ਗੌਰ: ਇਸ ਨਿਦਰਸ਼ਨ ਵਿਚ ‘ਸ਼ਬਦ’ ਤੋਂ ਭਾਵ ‘ਆਵਾਜ਼’ ਜਾਂ ‘ਧੁਨੀ’ ਹੈ):

 1. ਸ਼ਬਦ ਅਨਿੱਤ ਹੈ,
 2. ਕਿਉਂਕਿ ਇਹ ਉਤਪੰਨ ਹੁੰਦਾ ਹੈ,
 3. ਇਕ ਘੜੇ ਵਾਂਗ (ਪ੍ਰੰਤੂ ਆਕਾਸ਼ ਵਾਂਗ ਨਹੀ),
 4. ਕਿਉਂਕਿ ਇਕ ਘੜਾ ਉਤਪਾਦਨ ਹੈ ਇਸ ਲਈ ਇਹ ਅਨਿੱਤ ਹੈ; ਇਸੇ ਤਰ੍ਹਾ ਸ਼ਬਦ, ਕਿਉਂਕਿ ਇਹ ਵੀ ਉਤਪਾਦਨ ਹੈ,
 5. ਇਸ ਲਈ ਅਸੀਂ ਜਾਣਦੇ ਹਾਂ ਕਿ ਸ਼ਬਦ ਅਨਿੱਤ ਹੈ।

ਵਸੁਬੰਧੂ (ਲਗਪਗ 410 - 490 ਈ)
ਵਸੁਬੰਧੂ ਦਾ ਜਨਮ ਗੰਧਾਰ (ਆਧੁਨਿਕ ਪੇਸ਼ਾਵਰ, ਹੁਣ ਪਾਕਿਸਤਾਨ) ਵਿਖੇ ਹੋਇਆ, ਜਿੱਥੇ 7ਵੀਂ ਸਦੀ ਵਿਚ, ਉਨ੍ਹਾਂ ਦਾ ਯਾਦਪੱਥਰ ਚੀਨੀ ਤੀਰਥਯਾਤਰੀ ਹਵੇਨ-ਸਾਂਗ ਨੇ ਆਪਣੀ ਭਾਰਤ ਯਾਤਰਾ ਦੌਰਾਨ ਦੇਖਿਆ। ਉਨ੍ਹਾਂ ਦੇ ਪਿਤਾ ਦਾ ਨਾਮ ਕੌਸ਼ਕ ਸੀ। ਉਨ੍ਹਾਂ ਨੇ ਆਪਣੀ ਦਾਰਸ਼ਨਿਕ ਵਿਦਿਆ ਸਰਵਾਸਤੀਵਾਦ (ਵੈਭਾਸ਼ਿਕ) ਸੰਪ੍ਰਦਾਇ ਦੇ ਅਧਿਐਨ ਤੋਂ ਸ਼ੁਰੂ ਕੀਤੀ, ਪਰ ਬਾਅਦ ਵਿਚ, ਆਪਣੇ ਵੱਡੇ ਭਰਾ ਅਸੰਗ ਦੇ ਅਸਰ ਥੱਲੇ ਉਨ੍ਹਾਂ ਨੇ ਮਹਾਯਾਨ ਦੇ ਯੋਗਾਚਾਰ ਮਤ ਨੂੰ ਅਪਣਾਇਆ। ਉਨ੍ਹਾਂ ਨੇ ਆਪਣੇ ਜੀਵਨ ਦੇ ਬਹੁਤ ਸਾਰੇ ਸਾਲ ਸ਼ਾਕਲ, ਕੌਸ਼ਾਂਭੀ ਅਤੇ ਅਯੁੱਧਿਆ ਵਿਚ ਗੁਜ਼ਾਰੇ। ਉਹ ਅੱਸੀ ਸਾਲ ਦੀ ਉਮਰ ਭੋਗ ਕੇ ਅਯੁੱਧਿਆ ਵਿਖੇ ਹੀ ਪ੍ਰਲੋਕ ਸੁਧਾਰ ਗਏ। ਵਸੁਬੰਧੂ ਦੀ ਜੀਵਨ ਸਾਖੀ ਦਾ ਅਨੁਵਾਦ 557-569 ਈ ਦੇ ਦੌਰਾਨ ਚੀਨੀ ਭਾਸ਼ਾ ਵਿਚ ਕੀਤਾ ਗਿਆ। ਇਸ ਸਾਖੀ ਅਨੁਸਾਰ ਵਸੁਬੰਧੂ ਦਾ ਜੀਵਨਕਾਲ ਰਾਜਾ ਵਿਕਰਮਾਦਿਤਿਆ ਦੇ ਰਾਜਕਾਲ ਦਾ ਦੱਸਿਆ ਗਿਆ ਹੈ ਅਤੇ ਉਨ੍ਹਾਂ ਦੀ ਮੌਤ ਰਾਜਾ ਬਾਲਾਦਿਤਿਆ ਨਰਸਿਮਹਾ ਗੁਪਤ (485 - 490 ਈ) ਦੇ ਰਾਜਕਾਲ ਸਮੇ ਹੋਈ। ਵਸੁਬੰਧੂ ਨੇ ਵੱਡੀ ਗਿਣਤੀ ਵਿਚ ਅਨਮੋਲ ਗ੍ਰੰਥ ਤਰਕਸ਼ਾਸਤਰ ਦੇ ਵਿਸ਼ੇ ਉੱਪਰ ਲਿਖੇ। ਚੀਨੀ ਤਰਜਮੇ ਅਨੁਸਾਰ ਜਿਹੜੇ ਵਿਸ਼ਿਆਂ ‘ਤੇ ਉਨ੍ਹਾਂ ਨੇ ਲਿਖਿਆ ਉਹ ਸਨ: (1) ਵਾਦ-ਵਿਧੀ, (2) ਵਾਦ-ਮਾਰਗ, (3) ਵਾਦ-ਕੌਸ਼ਲ ਭਾਵ ਵਾਦ-ਵਿਵਾਦ ਕਰਨ ਦਾ ਹੁਨਰ।

ਵਸੁਬੰਧੂ ਦਾ ਤਰਕਸ਼ਾਸਤਰ
ਵਸੁਬੰਧੂ ਦੀ ਤਰਕ ਵਿਸ਼ੇ ‘ਤੇ ਮਹੱਤਵਪੂਰਣ ਰਚਨਾ ‘ਤਰਕ-ਸ਼ਾਸਤਰ’ ਹੈ। ਇਸ ਪ੍ਰਕਰਣ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ: (1) ਪੰਚਾਵਯਵ, ਤਰਕਵਾਕ ਦੇ ਪੰਜ ਹਿੱਸੇ; (2) ਜਾਤਿ, ਤੁੱਲ ਮੋੜਵਾਂ ਉੱਤਰ, ਪ੍ਰਤਿਉੱਤਰ; ਅਤੇ (3) ਨਿਗ੍ਰਹਸਥਾਨ, ਹਾਰ ਦੀ ਸਥਿਤੀ।

ਭਾਵੇਂ ਤਰਕ-ਸ਼ਾਸਤਰ ਵਿਚ ਇਕ ਤਰਕਵਾਕ ਦੇ ਪੰਜ ਹਿੱਸੇ (ਅਵਯਵ) ਮੰਨੇ ਗਏ ਹਨ, ਪਰ ਵਸੁਬੰਧੂ ਦਾ ਇਹ ਦਾਅਵਾ ਸੀ ਕਿ ਕਿਸੇ ਵੀ ਪ੍ਰਸਤਾਵ (ਜਾਂ ਪ੍ਰਤਿਗਿਆ) ਨੂੰ ਸਿੱਧ ਕਰਨ ਲਈ ਦੋ ਹੀ ਅਵਯਵਾਂ ਦੀ ਜ਼ਰੂਰਤ ਹੈ, ਅਰਥਾਤ ਪ੍ਰਸਤਾਵ ਅਤੇ ਹੇਤੁ  (ਕਾਰਣ), ਜਿਸ ਲਈ ਇਕ ਤਰਕਵਾਕ ਵਿਚ ਸਿਰਫ ਤਿੰਨ ਪਦਾਂ ਦੀ ਹੀ ਜ਼ਰੂਰਤ ਹੈ; (1) ਪਕਸ਼ (ਪਖ), (2) ਸਾਧ੍ਯ (ਸਾਧ), ਅਤੇ (3) ਹੇਤੁ

ਜਾਤਿ (ਪ੍ਰਤਿਉੱਤਰ)
ਇਸੇ ਰਚਨਾ ਵਿਚ ਵਸੁਬੰਧੂ ਜਾਤਿ ਨੂੰ ਤਿੰਨ ਹਿੱਸਿਆਂ ਵਿਚ ਵੰਡਦੇ ਹਨ: (ੳ) ਵਿਪਰਯਯ ਖੰਡਨ; (ਅ) ਨਿਰਅਰਥ ਖੰਡਨ, ਅਤੇ (ੲ) ਵਿਪਰੀਤ ਖੰਡਨ

(ੳ) ਵਿਪਰਯਯ ਖੰਡਨ
ਵਿਰੋਧਤਾ ਵਿਚ ਦਿੱਤੇ ਗਏ ਪ੍ਰਤਿਉੱਤਰ (ਜਾਤਿ) ਵਿਚ ਸ਼ਾਮਲ ਅੰਸ਼ ਇਸ ਪ੍ਰਕਾਰ ਹੁੰਦੇ ਹਨ:

 1. ਸਾਧਰਮਯ ਸਮ  - ਸਮਰੂਪਤਾ ਨੂੰ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ;
 2. ਵੈਧਰਮਯ ਸਮ -  ਭਿੰਨਰੂਪਤਾ ਨੂੰ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ;
 3. ਸਾਧ੍ਯ ਸਮ - ਸਿਧਾਂਤ ਨੂੰ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ;
 4. ਅਵਰਣ ਸਮ - ਜੋ ਵਰਣਨ ਨਾ ਕੀਤਾ ਜਾ ਸਕੇ ਉਸ ਦਾ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ;
 5. ਅਪ੍ਰਾਪਤੀ ਸਮ - ਪਰਸਪਰ ਅਣਹੋਂਦ ਨੂੰ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ;
 6. ਅਹੇਤੁ ਸਮ –- ਅਕਾਰਣ ਨੂੰ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ;
 7. ਉਪਪੱਤਿ ਸਮ  - ਤਰਕਸੰਗਤ ਸਿਧੀ ਨੂੰ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ;
 8. ਸੰਸ਼ਾਯ ਸਮ  - ਸੰਸਾ (ਸ਼ੱਕ) ਨੂੰ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ;
 9. ਅਵਿਸ਼ੇਸ਼ ਸਮ - ਅਭੇਦ ਨੂੰ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ;
 10. ਕਾਰਯ ਸਮ - ਕਾਰਜ (ਕਾਰਨ ਦਾ ਫਲ) ਨੂੰ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ।

(ਅ) ਨਿਰਅਰਥ ਖੰਡਨ
ਵਿਵਾਦ ਵਿਚ ਨਿਰਅਰਥਤਾ ਦੇ ਹੋਣ ਦੇ ਆਧਾਰ ‘ਤੇ ਪ੍ਰਤਿਉੱਤਰ (ਜਾਤਿ)। ਇਸ ਦੀ ਵੰਡ ਇਸ ਪ੍ਰਕਾਰ ਕੀਤੀ ਗਈ ਹੈ:

 1. ਪ੍ਰਕਰਣ ਸਮ - ਵਿਰੋਧੀ ਦਲੀਲ ਨੂੰ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ;
 2. ਪ੍ਰਤਿਦ੍ਰਿਸ਼ਟਾਂਤ ਸਮ - ਵਿਰੋਧੀ ਉਦਾਹਰਣਾਂ ਨੂੰ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ;
 3. ਪ੍ਰਸੰਗ ਸਮ –- ‘ਅਨੰਤ ਪ੍ਰਤਿਗਮਨ’ ਜਾਂ ‘ਅਨਵਸਥਾ’ ਦੀ ਸਥਿਤੀ ਨੂੰ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ;

(ੲ) ਵਿਪਰੀਤ ਖੰਡਨ
ਉਲਟਾ ਪ੍ਰਤਿਉੱਤਰ (ਜਾਤਿ) ਇਸ ਪ੍ਰਕਾਰ ਵੰਡਿਆ ਗਿਆ ਹੈ:

(1) ਅਨ-ਉਤਪਤਿ ਸਮ  - ਅਨਉਤਪਤਿ (ਜੋ ਉਤਪੰਨ ਨਾ ਕੀਤਾ ਗਿਆ ਹੋਵੇ) ਨੂੰ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ;
(2) ਨਿੱਤਯ ਸਮ –- ਨਿੱਤਤਾ ਨੂੰ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ;
(3) ਅਰਥਾਪੱਤਿ ਸਮ - ਉਪਧਾਰਣਾਵਾਂ ਨੂੰ ਮੋੜਵੇਂ ਉੱਤਰ ਵਿਚ ਸਾਵਾਂ ਜਾਂ ਸੰਤੁਲਨ ਰੱਖਣਾ;

ਨਿਗ੍ਰਹਸਥਾਨ
ਵਸੁਬੰਧੂ ਵਾਦ ਵਿਵਾਦ ਵਿਚ ਹਾਰ ਹੋਣ ਦੀ ਸਥਿਤੀ ਬਾਈ ਕਿਸਮ ਦੀ ਦੱਸਦੇ ਹਨ:

 1. ਪ੍ਰਤਿਗਿਆ ਹਾਨੀ -  ਪ੍ਰਸਤਾਵ ਨੂੰ ਹਾਨੀ ਪਹੁੰਚਾਉਣਾ;
 2. ਪ੍ਰਤਿਗ੍ਯਾਅੰਤਰ  - ਪਹਿਲਾ ਪ੍ਰਸਤਾਵ (ਪ੍ਰਤਿਗ੍ਯਾ) ਅਸਫਲ ਹੋਣ ‘ਤੇ ਨਵਾਂ ਪ੍ਰਸਤਾਵ ਪੇਸ਼ ਕਰਨਾ ਜਾਂ ਪ੍ਰਸਤਾਵ ਨੂੰ ਬਦਲ ਦੇਣਾ;
 3. ਪ੍ਰਤਿਗ੍ਯਾ ਵਿਰੋਧ - (ਆਪਣੇ ਹੀ) ਪ੍ਰਸਤਾਵ ਦਾ ਵਿਰੋਧ ਕਰਨਾ;
 4. ਪ੍ਰਤਿਗ੍ਯਾ ਸਨਿਆਸ –- ਪ੍ਰਸਤਾਵ ਨੂੰ ਤਿਆਗ ਦੇਣਾ;
 5. ਹੇਤਵਾਂਤਰ –- ਹੇਤੁ (ਕਾਰਨ) ਨੂੰ ਬਦਲ ਦੇਣਾ;
 6. ਅਰਥਾਂਤਰ –- ਵਿਸ਼ੇ ਨੂੰ ਬਦਲ ਦੇਣਾ;
 7. ਨਿਰਰਥਕ –- ਬੇਅਰਥ ਦਲੀਲ ਪੇਸ਼ ਕਰਨਾ;
 8. ਅਵਿਗਿਆਰਥ - ਅਸਪਸ਼ਟ ਦਲੀਲ ਪੇਸ਼ ਕਰਨਾ;
 9. ਅਪਾਰਥਕ –- ਅਸੰਗਤ ਜਾਂ ਅਜੋੜ ਦਲੀਲ;
 10. ਅਪ੍ਰਾਪਤਕਾਲ - ਬੇਮੌਕਾ ਜਾਂ ਬੇਵਕਤਾ ਦਲੀਲ ਪੇਸ਼ ਕਰਨਾ;
 11. ਨ੍ਯੂਨਤਾ  -  ਬਹੁਤ ਥੋੜਾ ਕਹਿਣਾ;
 12. ਅਧਿਕ -  ਬਹੁਤ ਜ਼ਿਆਦਾ ਕਹਿਣਾ;
 13. ਪੁਰੁਕਤਾ  - ਵਾਕ ਨੂੰ ਬਾਰ ਬਾਰ ਦੁਹਰਾਈ ਜਾਣਾ;
 14. ਅਨਨੁਭਾਸ਼ਣ - ਚੁੱਪ ਰਹਿਣਾ ਜਾਂ ਪ੍ਰਸਤਾਵ ਨੂੰ ਦੁਬਾਰਾ ਕਹਿਣਾ;
 15. ਅਗਿਆਨ –- ਵਿਸ਼ੇ ਬਾਰੇ ਅਗਿਆਨਤਾ ਹੋਣਾ;
 16. ਅਪ੍ਰਤਿਭਾ - ਪ੍ਰਬੀਨਤਾ ਜਾਂ ਜੁਗਤ ਬੁੱਧੀ ਨਾ ਹੋਣਾ;
 17. ਵਿਕਸ਼ੇਪ –- ਵਿਸ਼ੇ ਨੂੰ ਟਾਲਮਟੋਲ ਕਰਨਾ ਜਾਂ ਤਿਆਗਣਾ;
 18. ਮਤਾਨੁਗਿਆ -  ਆਪਣੀ ਦਲੀਲ ਵਿਚ ਘਾਟ ਸਵੀਕਾਰ ਕਰਨੀ ਅਤੇ ਇਹ ਵੀ ਕਹਿਣਾ ਕਿ ਵਿਰੋਧੀ ਵਿਚ ਵੀ ਇਹੋ ਘਾਟ ਹੈ;
 19. ਪਰਯਨੂਯੋਜਯੋਪੇਕਸ਼ਣ  - ਨਿੰਦਣਯੋਗ ਨੂੰ ਅਣਡਿੱਠ ਕਰਨਾ;
 20. ਨਿਰਨੂਯੋਜਯਨੁਯੋਗ –- ਨੁਕਸਰਹਿਤ ਨੂੰ ਐਵੇਂ ਨਿੰਦਣਾ;
 21. ਅਪਸਿਧਾਂਤ -  ਸਿਧਾਂਤ ਤੋਂ ਥਿੜਕਨਾ ਜਾਂ ਵਿਚਲਨ ਹੋਣਾ;
 22. ਹੇਤਵਾਭਾਸ -  ਕੁਤਰਕ ਜਾਂ ਤਰਕ ਵਿਚ ਦੋਸ਼ ਹੋਣਾ।

ਆਪਣੀਆਂ ਰਚਨਾਵਾਂ ਵਿਚ ਵਸੁਬੰਧੂ ਨੇ ਦੋਨਾਂ ਕਿਸਮਾਂ ਦੇ ਤਰਕਵਾਕਾਂ ਦਾ ਪ੍ਰਯੋਗ ਕੀਤਾ ਹੈ। ਇਨ੍ਹਾਂ ਤਰਕਵਾਕਾਂ ਦਾ ਰੂਪ ਇਸ ਪ੍ਰਕਾਰ ਹੈ:

ਪੰਜ ਅਵਯਵਾਂ ਦਾ ਤਰਕਵਾਕ:

 1. ਸ਼ਬਦ ਅਨਿੱਤ ਹੈ,
 2. ਕਿਉਂਕਿ ਇਹ ਉਤਪਾਦਨ ਹੈ,
 3. ਉਤਪਾਦਨ ਅਨਿੱਤ ਹਨ, ਜਿਵੇਂ ਘੜਾ ਜੋ ਉਤਪਾਦਨ ਹੈ ਅਤੇ ਅਨਿੱਤ ਹੈ,
 4. ਸ਼ਬਦ ਇਕ ਉਤਪਾਦਨ ਦੀ ਉਦਾਹਰਣ ਹੈ,
 5. ਇਸ ਲਈ ਸ਼ਬਦ ਅਨਿੱਤ ਹੈ।

ਦੋ ਅਵਯਵਾਂ ਦਾ ਤਰਕਵਾਕ:

 1. ਸ਼ਬਦ ਅਨਿੱਤ ਹੈ,
 2. ਕਿਉਂਕਿ ਇਹ ਉਤਪਾਦਨ ਹੈ।

------------------
ਅਗਲੀ ਕਿਸ਼ਤ ਵਿਚ ਅਸੀ ਬੋਧੀ ਸੰਪ੍ਰਦਾਇ ਦੇ ਪ੍ਰਣਾਲੀਬੱਧ ਤਰਕਸ਼ਾਸਤਰ ਦੇ ਲੇਖਕਾਂ ਬਾਰੇ ਚਰਚਾ ਕਰਾਂਗੇ।

... ਚਲਦਾ

07/04/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)
 

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com