ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਭਾਰਤੀ ਤਰਕ ਦਾ ਆਧੁਨਿਕ ਸੰਪ੍ਰਦਾਇ – ਨਿਆਇ ਪ੍ਰਕਰਣ - (1)

ਨਵ-ਬ੍ਰਾਹਮਣ ਯੁਗ (ਲਗਪਗ 900 ਈ - 1920 ਈ)

ਜਿਸ ਤਰ੍ਹਾ ਅਸੀਂ ਪਿਛਲੇ ਕਾਂਡਾਂ ਵਿਚ ਦੇਖਿਆ ਹੈ, ਜੈਨ ਅਤੇ ਬੋਧੀ ਤਰਕਸ਼ਾਸਤਰ ਨੇ ਭਾਰਤ ਵਿਚ ਤਰਕ ਦੀ ਉਸਾਰੀ ਵਿਚ ਇਕ ਮਹਾਨ ਅਤੇ ਮਹੱਤਵਪੂਰਣ ਯੋਗਦਾਨ ਪਾਇਆ। ਪਰ, ਕਈ ਇਤਿਹਾਸਕ ਕਾਰਣਾ ਕਰਕੇ ਬੁੱਧਮਤ ਦਾ ਪਤਨ ਦੱਖਣੀ ਭਾਰਤ ਵਿਚ 7ਵੀਂ ਸਦੀ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ ਉੱਤਰੀ ਭਾਰਤ ਵਿਚ ਇਹ 1200 ਈ ਤੱਕ ਪੂਰੀ ਤਰ੍ਹਾ ਖਤਮ ਹੋ ਜਾਂਦਾ ਹੈ। ਇਸ ਤੋਂ ਬਾਅਦ ਬ੍ਰਾਹਮਣ ਸਮਾਜ ਦੀਆਂ ਜੜ੍ਹਾਂ ਮਜ਼ਬੂਤ ਹੋਣੀਆਂ ਸ਼ੁਰੂ ਹੋਈਆਂ ਅਤੇ ਹਿੰਦੂ ਸਮਾਜ ਨੇ ਮਜੂਦਾ ਹਾਲਾਤਾਂ ਨੂੰ ਪਛਾਣਦੇ ਹੋਏ ਆਪਣੇ ਆਪ ਵਿਚ ਸੁਧਾਰ ਕਰ ਕੇ ਨਵੇਂ ਆਤਮ-ਵਿਸ਼ਵਾਸੀ ਸਮਾਜ ਦੀ ਸਥਾਪਨਾ ਕੀਤੀ। ਇਸਲਾਮ ਦੇ ਵਧ ਰਹੇ ਅਸਰ ਥੱਲੇ ਹਿੰਦੂ ਸਮਾਜ ਨੇ ਆਪਣੇ ਵਜੂਦ ਨੂੰ ਕਾਇਮ ਰੱਖਣ ਲਈ ਏਕਾਂਤਮਈ ਰਵੱਈਆ ਵੀ ਅਪਣਾਇਆ।

ਇਸ ਨਵੇਂ ਯੁਗ ਵਿਚ ਤਰਕ ਬਾਰੇ ਲਿਖਣ ਦੇ ਵਿਸ਼ੇ ਹੀ ਤਬਦੀਲ ਨਹੀ ਹੋਏ ਬਲਕਿ ਲਿਖਣ ਦੀ ਸ਼ੈਲੀ ਨੇ ਵੀ ਬਿਹਤਰੀ ਵਲ ਰੁਖ ਬਦਲਿਆ। ਇਹ ਸਭ ਕੁਝ ਜੈਨ ਅਤੇ ਬੋਧੀ ਅਸਰਾਂ ਥੱਲੇ ਹੀ ਸੰਭਵ ਹੋਇਆ। ਪ੍ਰਾਚੀਨ ਸੰਪ੍ਰਦਾਇ ਵਿਚ ਜਿਨ੍ਹਾਂ ਵਿਸ਼ਿਆਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਸੀ ਉਨ੍ਹਾਂ ਨੂੰ ਵਿਸਾਰਿਆ ਗਿਆ ਜਦ ਕਿ ਦੂਸਰੇ ਕਈ ਵਿਸ਼ੇ ਉੱਭਰ ਕੇ ਅੱਗੇ ਆਏ। ਜੈਸੇ, ਛਲ, ਜਾਤਿ ਅਤੇ ਨਿਗ੍ਰਹਿਸਤਾਨ  ਕਾਫੀ ਮਹੱਤਤਾ ਵਾਲੇ ਸਮਝੇ ਜਾਂਦੇ ਸਨ, ਪਰ ਹੁਣ ਉਨ੍ਹਾਂ ਦਾ ਵਰਣਨ ਸਿਰਫ ਨਾਮਾਤ੍ਰ ਹੀ ਸੀ। ਇਸ ਦੇ ਮੁਕਾਬਲੇ ਅਵਯਵ  (ਜਾਂ ਤਰਕਵਾਕ) ਦਾ ਵਿਵਰਣ ਵਿਸਤਾਰਪੂਰਵਕ ਅਤੇ ਡੂੰਘੀ ਸੋਚ ਨਾਲ ਕੀਤਾ ਜਾਣ ਲੱਗਾ। ਪੁਰਾਣੇ ਗ੍ਰੰਥਾਂ ਦੀ ਰਚਨਾ ਕੇਵਲ ਸੂਤਰ  ਸ਼ੈਲੀ ਵਿਚ ਹੀ ਹੋਇਆ ਕਰਦੀ ਸੀ, ਪਰ ਹੁਣ ਜੋ ਪ੍ਰਕਰਣ  ਲਿਖੇ ਜਾਣੇ ਸ਼ੁਰੂ ਹੋਏ ਉਨ੍ਹਾਂ ਨੇ ਵਿਆਖਿਆਤਮਕ  ਜਾਂ ਨਿਬੰਧ  ਸ਼ੈਲੀ ਨੂੰ ਅਪਣਾਇਆ। ਇਨ੍ਹਾਂ ਪ੍ਰਕਰਣਾਂ ਦੀ ਵਿਲੱਖਣਤਾ ਇਨ੍ਹਾਂ ਦੀ ਸ਼ੁੱਧੀ ਅਤੇ ਸਪਸ਼ਟਤਾ ਵਿਚ ਜ਼ਿਆਦਾ ਹੈ। ਇਨ੍ਹਾਂ ਵਿਚ ਪਦਾਂ ਦੀ ਪਰਿਭਾਸ਼ਾ ਜ਼ਿਆਦਾ ਦਰੁਸਤ, ਸ਼ੁੱਧ ਅਤੇ ਸਿਨਿਸਚਿਤ ਹੈ। ਇਨ੍ਹਾਂ ਵਿਚ ਕੇਵਲ ਦਾਰਸ਼ਨਿਕ ਦ੍ਰਿਸ਼ਟੀ ਨੂੰ ਹੀ ਨਹੀ ਬਲਕਿ ਤਰਕ ਦੀ ਵਿਹਾਰਕ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਗਿਆ ਹੈ।

ਪ੍ਰਕਰਣਾਂ ਵਿਚ ਕੀਤੀ ਗਈ ਵਿਸ਼ਿਆਂ ਬਾਰੇ ਚਰਚਾ ਦੇ ਆਧਾਰ ‘ਤੇ ਡਾ. ਵਿਦਿਆਭੂਸ਼ਣ ਉਨ੍ਹਾਂ ਨੂੰ ਚਾਰ ਭਾਗਾਂ ਵਿਚ ਵੰਡਦੇ ਹਨ: (1) ਨਿਆਇ ਗ੍ਰੰਥ ਜੋ ਸਿਰਫ ਪ੍ਰਮਾਣ ਦੀ ਚਰਚਾ ਹੀ ਕਰਦੇ ਹਨ; (2) ਨਿਆਇ ਗ੍ਰੰਥ ਜੋ ਵੈਸ਼ੇਸ਼ਕ ਦਰਸ਼ਨ ਦੇ ਅੰਸ਼ਾਂ ਨੂੰ ਵੀ ਸ਼ਾਮਲ ਕਰਦੇ ਹਨ; (3) ਉਹ ਗ੍ਰੰਥ ਜੋ ਵੈਸ਼ੇਸ਼ਕ ਦੇ ਛੇ ਜਾਂ ਸੱਤ ਪਦਾਰਥਾਂ ਨੂੰ ਪ੍ਰਮਾਣ ਵਿਚ ਸ਼ਾਮਲ ਕਰਦੇ ਹਨ; (4) ਉਹ ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸ਼ੇਸ਼ਕ ਵਿਸ਼ਿਆਂ ਨੂੰ ਸ਼ਾਮਲ ਕਰਦੇ ਹਨ।

ਇਸ ਤਰ੍ਹਾਂ ਇਨ੍ਹਾਂ ਪ੍ਰਕਰਣਾਂ ਦਾ ਮੂਲ ਮਕਸਦ ਇਕ ਸੰਪੂਰਣ ਅਤੇ ਸਹੀ ਗਿਆਨ ਦੇ ਸਿਧਾਂਤ ਨੂੰ ਪੇਸ਼ ਕਰਦਾ ਹੈ। ਇਨ੍ਹਾਂ ਲੀਹਾਂ ‘ਤੇ ਚਲ ਕੇ ਜਿਹੜੇ ਬ੍ਰਾਹਮਣ ਤਾਰਕਿਕਾ ਨੇ ਨਵੇਂ ਗ੍ਰੰਥ ਲਿਖੇ ਉਨ੍ਹਾਂ ਵਿਚੋਂ ਭਾਸਰਵੱਗਿਆ ਇੱਕ ਹਨ।

ਭਾਸਰਵੱਗਿਆ (ਲਗਪਗ 950 ਈ)

ਪਹਿਲੇ ਬ੍ਰਾਹਮਣ ਤਾਰਕਿਕ ਲੇਖਕ ਜਿਸ ਨੇ ਨਿਆਇ ਦੇ ਸੋਲਾਂ ਪਦਾਰਥਾਂ ਨੂੰ ਘਟਾ ਕੇ ਸਿਰਫ ਇੱਕ ਹੀ ਪਦਾਰਥ ਮੰਨਿਆ ਉਹ ਭਾਸਰਵੱਗਿਆ ਸਨ ਜਿਨ੍ਹਾਂ ਨੇ “ਨਿਆਇਸਾਰ” ਗ੍ਰੰਥ ਲਿਖਿਆ। ਭਾਵੇ ਉਨ੍ਹਾਂ ਦੇ ਜੀਵਨ ਬਾਰੇ ਬਹੁਤੀ ਜਾਣਕਾਰੀ ਉਪਲਬਧ ਨਹੀ ਹੈ, ਪਰ ਵਿਦਿਆਭੂਸ਼ਣ ਉਨ੍ਹਾਂ ਨੂੰ ਕਸ਼ਮੀਰ ਦੇ ਵਾਸੀ ਮੰਨਦੇ ਹਨ। ਇਨ੍ਹਾਂ ਦੇ ਗ੍ਰੰਥ ‘ਨਿਆਇਸਾਰ’ ਦਾ ਵਰਣਨ ਜੈਨੀ ਰਿਸ਼ੀ ਗੁਣਾਰਤਨ (1409 ਈ) ਅਤੇ ਮਲਾਧਾਰੀ ਰਾਜਸ਼ੇਖਰ (1348 ਈ) ਵੀ ਕਰਦੇ ਹਨ। ਇਨ੍ਹਾਂ ਦੇ ਜੀਵਨਕਾਲ ਤੋਂ ਪਹਿਲਾ ‘ਨਿਆਇਸਾਰ’ ਉੱਪਰ ਅਠਾਰਾਂ ਟਿੱਪਣੀਆਂ ਲਿਖੀਆਂ ਜਾ ਚੁੱਕੀਆਂ ਸਨ। ਇਨ੍ਹਾਂ ਵਿਚੋਂ ਇਕ ਨਿਆਇਭੂਸ਼ਣ  ਦੇ ਨਾਮ ਨਾਲ ਮਸ਼ਹੂਰ ਹੈ, ਜਿਸ ਦਾ ਜ਼ਿਕਰ ਬੋਧੀ ਰਿਸ਼ੀ ਰਤਨਕੀਰਤੀ (1000 ਈ) ਵੀ ਕਰਦੇ ਹਨ। ਭਾਸਰਵੱਗਿਆ ਦਾ ਜੀਵਨਕਾਲ 10ਵੀਂ ਸਦੀ ਈਸਵੀ ਮੰਨਿਆ ਗਿਆ ਹੈ। ਉਸ ਵੇਲੇ ਕਸ਼ਮੀਰ ਵਿਚ ਬ੍ਰਾਹਮਣਵਾਦ ਅਤੇ ਬੁੱਧਮਤ ਜ਼ਿਆਦਾ ਪ੍ਰਚਲਤ ਸਨ।

ਨਿਆਇਸਾਰ - ਭਾਸਰਵੱਗਿਆ

ਭਾਸਰਵੱਗਿਆ ਦਾ ਮੰਨਿਆ ਪ੍ਰਮੰਨਿਆ ਗ੍ਰੰਥ ਨਿਆਇਸਾਰ  ਹੈ। ਇਸ ਵਿਚ ਪ੍ਰਮਾਣ ਵਿਸ਼ੇ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ, ਜਿਸ ਨੂੰ ਉਹ ਤਿੰਨ ਪ੍ਰਕਾਰ ਦਾ ਮੰਨਦੇ ਹਨ: (1) ਪ੍ਰਤਿਅਕਸ਼; (2) ਅਨੁਮਾਨ; ਅਤੇ (3) ਆਗਮ । ਬੋਧੀ ਅਤੇ ਜੈਨ ਤਾਰਕਿਕਾਂ ਦੀ ਤਰ੍ਹਾਂ ਉਹ ਅਨੁਮਾਨ ਨੂੰ ਦੋ ਹਿੱਸਿਆਂ ਵਿਚ ਵੰਡਦੇ ਹਨ: ਸਵਾਰਥਅਨੁਮਾਨ ਅਤੇ ਪਰਾਰਥਅਨੁਮਾਨ। ਇਸ ਦੇ ਨਾਲ ਉਹ ਆਭਾਸਾਂ ਦਾ ਵੇਰਵਾ ਵੀ ਦਿੰਦੇ ਹਨ ਜੋ ਪਕਸ਼, ਦ੍ਰਿਸ਼ਟਾਂਤ  ਅਤੇ ਹੇਤੁ  ਨਾਲ ਜੁੜੇ ਹੋਏ ਹਨ।

ਪ੍ਰਤਿਅਕਸ਼
ਭਾਸਰਵੱਗਿਆ ਅਨੁਸਾਰ ਪ੍ਰਤਿਅਕਸ਼ (ਗਿਆਨ ਪ੍ਰਾਪਤੀ ਦਾ ਸਿੱਧਾ (ਸਾਖਿਆਤ) ਸਾਧਨ) ਦੋ ਪ੍ਰਕਾਰ ਦਾ ਹੁੰਦਾ ਹੈ: ਯੋਗੀ-ਪ੍ਰਤਿਅਕਸ਼  (ਚਿੰਤਨਸ਼ੀਲ) ਅਤੇ ਅਯੋਗੀ ਪ੍ਰਤਿਅਕਸ਼ (ਸਾਧਾਰਣ)। ਅਯੋਗੀ ਪ੍ਰਤਿਅਕਸ਼ ਉਹ ਹੈ ਜੋ ਵਸਤੂਆਂ ਦੇ ਗਿਆਨਿੰਦ੍ਰੀਆਂ ਦੇ ਮੇਲ ਤੋਂ ਪੈਦਾ ਹੁੰਦਾ ਹੈ, ਇਹ ਮੇਲ ਸਹੀ ਰੌਸ਼ਨੀ, ਦੇਸ, ਕਾਲ ਆਦਿ ਵਾਤਾਵਰਣ ‘ਤੇ ਨਿਰਭਰ ਕਰਦਾ ਹੈ। ਯੋਗੀ ਪ੍ਰਤਿਅਕਸ਼ ਉਨ੍ਹਾਂ ਵਸਤੂਆਂ ਦਾ ਗਿਆਨ ਦਿੰਦਾ ਹੈ ਜੋ 'ਦੇਸ' ਅਤੇ 'ਕਾਲ' ਤੋਂ ਪਾਰ ਅਤੇ ਸੂਖਮ ਹੋਣ। ਇਸ ਨੂੰ ਉਹ ਰਿਸ਼ੀ (ਜਾਂ ਸੰਤ ਮਹਾਤਮਾ) ਦਾ ਪ੍ਰਤਿਅਕਸ਼ ਵੀ ਕਹਿੰਦੇ ਹਨ।

ਇਸ ਪਰਿਭਾਸ਼ਾ ਅਨੁਸਾਰ, ਅੱਜ ਦੇ ਵਿਗਿਆਨਕ ਯੁੱਗ ਵਿਚ ਯੋਗੀ ਪ੍ਰਤਿਅਕਸ਼ ਨੂੰ ਵਿਗਿਆਨਕਾਂ ਦਾ "ਵਿਕਲਪਿਕ ਪ੍ਰਤਿਅਕਸ਼" ਵੀ ਕਿਹਾ ਜਾ ਸਕਦਾ ਹੈ, ਖਾਸਕਰ ਪਰਮਾਣੂ ਜਾਂ ਕਣ ਭੌਤਿਕ-ਵਿਗਿਆਨ ਦੇ ਖੇਤਰ ਵਿਚ। ਇਸ ਖੇਤਰ ਵਿਚ ਅਣੂ, ਪਰਮਾਣੂ, ਕਣ ਅਤੇ ਅਤਿਸੂਖਮ ਕਣਾਂ ਦੀ ਸਿਰਫ ਕਲਪਨਾ ਹੀ ਕੀਤੀ ਜਾਂਦੀ ਹੈ ਪਰ ਇਹ ਸੂਖਮ ਕਣ ਅੱਜ ਤੱਕ ਭੌਤਿਕ ਤੌਰ ‘ਤੇ ਦੇਖੇ ਨਹੀ ਜਾ ਸਕੇ। ਇਨ੍ਹਾਂ ਦੇ ਅਭਿਵਿਅਕਤ ਅਤੇ ਪਰੋਕਸ਼ (ਅਸਿੱਧੇ) ਪ੍ਰਭਾਵਾਂ ਤੋਂ ਹੀ ਇਨ੍ਹਾਂ ਦੀ ਹੋਂਦ ਦਾ ਅਨੁਮਾਨ ਲਗਾਇਆ ਜਾਂਦਾ ਹੈ।

ਭਾਸਰਵੱਗਿਆ ਦਾ ਵਿਚਾਰ ਹੈ ਕਿ ਇਕ ਰਿਸ਼ੀ ਧਿਆਨਸ਼ੀਲ ਅਵਸਥਾ ਵਿਚ ਅਨੰਤ ਵਸਤੂਆਂ ਦਾ ਆਪਣੀ ਆਤਮਾ ਅਤੇ ਮਨ ਦੇ ਸੰਯੋਗ ਦੁਆਰਾ ਪ੍ਰਤੱਖਣ ਕਰਦਾ ਹੈ।

ਅਯੋਗੀ-ਪ੍ਰਤਿਅਕਸ਼ ਵਿਚ ਵਸਤੂਆਂ ਦਾ ਪ੍ਰਤੱਖਣ ਚਾਰ, ਤਿੰਨ  ਜਾਂ ਦੋ  ਕਾਰਣਾਂ ਦੇ ਸੰਯੋਗ ਦੁਆਰਾ ਹੁੰਦਾ ਹੈ, ਅਰਥਾਤ ਆਤਮਾ, ਮਨ, ਇੰਦ੍ਰੀ  ਅਤੇ ਇੰਦ੍ਰੀਆਰਥ ;  ਜਾਂ ਆਤਮਾ, ਮਨ  ਅਤੇ ਇਕ ਇੰਦ੍ਰੀ ; ਜਾਂ ਸਿਰਫ ਆਤਮਾ  ਅਤੇ ਮਨ। ਸੁੰਘਣ, ਚੱਖਣ, ਦ੍ਰਿਸ਼ਟੀਗਤ ਅਤੇ ਸਪਰਸ਼ੀ ਪ੍ਰਤੱਖਣ ਵਿਚ ਚਾਰ ਕਾਰਣਾਂ ਦਾ ਸੰਯੋਗ ਹੁੰਦਾ ਹੈ; ਸ਼੍ਰਵਣੀ (ਸੁਣਨ ਸੰਬੰਧੀ) ਪ੍ਰਤੱਖਣ ਵਿਚ ਤਿੰਨ ਕਾਰਣਾਂ ਦਾ ਸੰਯੋਗ ਹੁੰਦਾ ਹੈ, ਅਰਥਾਤ ਆਤਮਾ, ਮਨ ਅਤੇ ਕੰਨ ਦਾ; ਆਨੰਦ ਦੇ ਪ੍ਰਤੱਖਣ ਵਿਚ ਸਿਰਫ ਦੋ ਕਾਰਣਾਂ ਦਾ ਸੰਯੋਗ ਹੁੰਦਾ ਹੈ , ਅਰਥਾਤ ਆਤਮਾ ਅਤੇ ਮਨ ਦਾ।

ਪ੍ਰਤਿਅਕਸ਼ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ: ਸਵਿਕਲਪਕ ਅਤੇ ਨਿਰਵਿਕਲਪਕ। ਜੈਸੇ ਕਿ ਇਨ੍ਹਾਂ ਪਦਾਂ ਤੋਂ ਸਵੈ-ਸਪੱਸ਼ਟ ਹੈ, ਸਵਿਕਲਪ  ਗਿਆਨ, ਵਸਤੂ ਦਾ ਉਹ ਗਿਆਨ ਹੈ ਜਿਸ ਵਿਚ ਵਸਤੁ ਦਾ ਉਸ ਦੇ ਨਾਮ, ਜਾਤੀ, ਗੁਣ  ਅਤੇ ਕਿਰਿਆ ਆਦਿ ਦੇ ਸੰਬੰਧ ਨੂੰ ਜ਼ਾਹਰ ਕਰਦਾ ਹੈ। ਦੂਜੇ ਸ਼ਬਦਾਂ ਵਿਚ ਇਹ ਗਿਆਨ ਮਨ ਦੁਆਰਾ ਵਸਤੁ ਬਾਰੇ ਕੀਤੀ ਕਲਪਨਾ ਨਾਲ ਸੰਬੰਧ ਰੱਖਦਾ ਹੈ। ਇਹ ਗਿਆਨ ਚੇਤਨ ਗਿਆਨ ਹੈ, ਭਾਵ ਮਨ ਇਸ ਬਾਰੇ ਸਚੇਤਤਾ ਰੱਖਦਾ ਹੈ ਅਤੇ ਭਾਸ਼ਾ ਦੀ ਯੋਗਤਾ ਰਾਹੀਂ ਇਸ ਨੂੰ ਨਾਮ, ਜਾਤੀ ਆਦਿ ਨਾਲ ਗ੍ਰਹਿਣ ਕਰਦਾ ਹੈ। ਨਿਰਵਿਕਲਪਕ  ਪ੍ਰਤਿਅਕਸ਼ ਵਿਚ ਸਿਰਫ ਵਸਤੁ ਦੇ ਤੱਤਮਾਤ੍ਰ ਦਾ ਹੀ ਦਿਖਾਵਾ ਹੁੰਦਾ ਹੈ, ਜਿਸ ਵਿਚ ਕੋਈ ਨਾਮ, ਜਾਤੀ, ਗੁਣ ਆਦਿ ਦੇ ਸੰਬੰਧ ਨਹੀ ਹੁੰਦੇ। ਦੂਜੇ ਸ਼ਬਦਾਂ ਵਿਚ ਇਹ ਗਿਆਨ ਵਿਕਲਪ ਤੋਂ ਖਾਲੀ ਹੁੰਦਾ ਹੈ। ਸਿਰਫ ਇਕ ਅਕਸ ਤੋਂ ਵਧਕੇ ਇਸ ਦਾ ਹੋਰ ਕੋਈ ਅਸਤਿਤਵ ਨਹੀ ਹੁੰਦਾ। ਇਹ ਗਿਆਨ ਵਿਹਾਰਕ ਪ੍ਰਯੋਗ ਤੋਂ ਓਨਾ ਚਿਰ ਵਾਂਝਿਆ ਰਹਿੰਦਾ ਹੈ ਜਿੰਨਾ ਚਿਰ ਇਹ ਸਵਿਕਲਪਕ ਗਿਆਨ ਨਹੀ ਬਣ ਜਾਂਦਾ। ਐਸਾ ਸਿਰਫ ਮਾਨਵ ਭਾਸ਼ਾ ਦੀ ਪ੍ਰਬੱਲਤਾ ਦੁਆਰਾ ਹੀ ਸੰਭਵ ਹੁੰਦਾ ਹੈ। ਇਹ ਹੀ ਮਾਨਵ ਪ੍ਰਤਿਅਕਸ਼ ਅਤੇ ਪਸ਼ੂ ਪ੍ਰਤਿਅਕਸ਼ ਵਿਚ ਵੱਡਾ ਅੰਤਰ ਹੈ। ਇਸੇ ਤਰ੍ਹਾ ਇਕ ਸੰਤ ਦਾ ਧਿਆਨਸ਼ੀਲ ਅਵਸਥਾ ਵਿਚ ਗਿਆਨ ਨਿਰਵਿਕਲਪਕ ਗਿਆਨ ਹੀ ਰਹਿੰਦਾ ਹੈ ਜਿੰਨੀ ਦੇਰ ਇਹ ਅਵਸਥਾ ਜਾਰੀ ਰਹਿੰਦੀ ਹੈ।

ਅਨੁਮਾਨ
ਅਨੁਮਾਨ, ਇੰਦ੍ਰੀਆਂ ਦੇ ਘੇਰੇ ਤੋਂ ਪਰੇ ਪਈ ਇਕ ਚੀਜ਼ ਨੂੰ ਕੋਈ ਦੂਸਰੀ ਇੰਦ੍ਰੀਆਂ ਦੇ ਘੇਰੇ ਵਿਚ ਪਈ ਚੀਜ਼ ਦੇ ਨਾਲ ਇਸ ਦੇ ਅਨਿੱਖੜਵੇਂ ਸੰਬੰਧ ਰਾਹੀ ਜਾਣਨ ਦਾ ਸਾਧਨ ਹੈ। “ਪਰਬਤ ਅਗਨਮਈ ਹੈ, ਕਿਉਂਕਿ ਇਹ ਧੂੰਆਮਈ ਹੈ” - ਇਹ ਇਕ ਅਨੁਮਾਨ ਹੈ ਜਿਸ ਵਿਚ ਅਸੀ ਅੱਗ ਦੀ ਮੌਜੂਦਗੀ ਧੂੰਏ ਦੇ ਪ੍ਰਤਿਅਕਸ਼ ਰਾਹੀ ਸਥਾਪਤ ਕਰਦੇ ਹਾਂ, ਜਿਸ ਦਾ ਅੱਗ ਨਾਲ ਅਨਿੱਖੜਵਾਂ ਸੰਬੰਧ ਹੈ। ਇਸ ਅਨਿੱਖੜਵੇਂ ਸੰਬੰਧ ਨੂੰ ‘ਅਵਿਨਾਭਾਵ ’ ਜਾਂ ‘ਵਿਆਪਤੀ’ ਕਿਹਾ ਜਾਂਦਾ ਹੈ। ਇਹ ਸੰਬੰਧ ਦੋ ਪ੍ਰਕਾਰ ਦਾ ਹੁੰਦਾ ਹੈ: (1) ਅਨ੍ਵਯ (ਹਾਂ-ਵਾਚਕ); ਅਤੇ (2) ਵ੍ਯਤਿਰੇਕ  (ਨਾਂਹਵਾਚਕ)। ਇਕ ਅਵਯਵ (ਜਾਂ ਤਰਕਵਾਕ) ਵਿਚ ਅਨ੍ਵਯ-ਵਿਆਪਤੀ, ਹੇਤੁ ਅਤੇ ਸਾਧ੍ਯ ਨਾਲ ਹਮੇਸ਼ਾ ਅਤੇ ਹਰ ਦਸ਼ਾ ਵਿਚ ਸਾਥ ਹੁੰਦੀ ਹੈ। ਵ੍ਯਤਿਰੇਕ-ਵਿਆਪਤੀ ਉਹ ਹੈ ਜਿਸ ਵਿਚ ਹੇਤੁ ਦੀ ਨਾਮੌਜੂਦਗੀ (ਗੈਰਹਾਜ਼ਰੀ) ਨਾਲ ਸਾਧ੍ਯ ਵੀ, ਹਮੇਸ਼ਾ ਅਤੇ ਹਰ ਦਸ਼ਾ ਵਿਚ, ਨਾਮੌਜੂਦ ਹੁੰਦਾ ਹੈ। ਜੈਸੇ ਹਾਂਵਾਚਕ ਪ੍ਰਸਤਾਵ “ਜਿੱਥੇ ਧੂੰਆ ਹੈ, ਉੱਥੇ ਅੱਗ ਹੈ” ਵਿਚ ਧੂੰਆ ਹੇਤੁ (ਕਾਰਣ) ਹੈ, ਜੋ ਹਰ ਦਸ਼ਾ ਵਿਚ ਅੱਗ (ਸਾਧ੍ਯ) ਦੇ ਨਾਲ ਹੁੰਦਾ ਹੈ। ਨਾਂਹਵਾਚਕ ਪ੍ਰਸਤਾਵ “ਜਿੱਥੇ ਅੱਗ ਨਹੀ ਹੈ, ਉੱਥੇ ਧੂੰਆ ਵੀ ਨਹੀ ਹੈ” ਵਿਚ ਅੱਗ ਦੀ ਨਾਮੌਜੂਦਗੀ ਸਭ ਦਸ਼ਾ ਵਿਚ ਧੂੰਏ ਦੀ ਨਾਮੌਜੂਦਗੀ ਦੇ ਨਾਲ ਹੁੰਦੀ ਹੈ।

ਜਿਸ ਤਰ੍ਹਾਂ ਅਸੀ ਪਹਿਲਾ ਵੀ ਜ਼ਿਕਰ ਕੀਤਾ ਹੈ [ਸਟਾਨਿਸਲਾਅ ਸ਼ੇਯਰ], ਅਨ੍ਵਯ ਅਤੇ ਵ੍ਯਤਿਰੇਕ ਅਵਿਨਾਭਵ ਨੂੰ ਅਸੀ ਪ੍ਰਤੀਕਾਤਮਕ ਤਰਕ ਦੀ ਭਾਸ਼ਾ ਵਿਚ ਇਸ ਤਰ੍ਹਾਂ ਲਿਖ ਸਕਦੇ ਹਾ:

ਅਨ੍ਵਯ ਅਵਿਨਾਭਾਵ: (x) φx É ψx
ਵ੍ਯਤਿਰੇਕ ਅਵਿਨਾਭਾਵ:  (x) ~φx É ~ψx

ਜਿੱਥੇ, φ ਅਤੇ ψ ਯੂਨਾਨੀ ਅੱਖਰ ਹਨ ਜਿਨਾਂ ਦਾ ਕ੍ਰਮਵਾਰ ਉਚਾਰਣ ਹੈ ‘ਫਾਈ’ ਅਤੇ ‘ਪਸਾਈ’; É, ਨੂੰ ਪ੍ਰਤੀਕਾਤਮਕ ਤਰਕ ਵਿਚ ਅਪਾਦਾਨ (ਵਿਅੰਜਨ!) ਚਿੰਨ੍ਹ ਕਿਹਾ ਜਾਂਦਾ ਹੈ; x, ਇਕ ਪਰਿਵਰਤਨਸ਼ੀਲ ਰਾਸ਼ੀ (ਜਾਂ ਚਲ ਰਾਸ਼ੀ) ਹੈ; φ ਅਤੇ ψ ਐਸੇ ਫੰਕਸ਼ਨ (ਫਲਨਿ) ਹਨ ਜਿਨਾਂ ਵਿਚ ਫੰਕਸ਼ਨ ψ, ਫੰਕਸ਼ਨ φ ਦਾ ਵਿਅੰਜਕ ਹੈ। ਸਰਲ ਸ਼ਬਦਾਂ ਵਿਚ ਫੰਕਸ਼ਨ φ, ਫੰਕਸ਼ਨ ψ ਨੂੰ ਸੰਕੇਤ ਕਰਦਾ ਹੈ; ਜਾਂ “φx ਦਾ ਭਾਵਅਰਥ ਹੈ ψx” (ਜਿੱਥੇ ਜਿੱਥੇ φx, ਉੱਥੇ ਉੱਥੇ ψx)। ਹਰੇਕ ਅਧਿਕਰਣ (ਜਾਂ ਸਥਾਨ) x ਲਈ, ਜਿੱਥੇ ਜਿੱਥੇ φx ਹੈ, ਉੱਥੇ ਉੱਥੇ ψx ਵੀ ਹੈ। ਅਰਥਾਤ, ਜੇ φ ਨੂੰ ਹੇਤੁ ਮੰਨ ਲਿਆ ਜਾਂਦਾ ਹੈ ਤਾਂ ਇਹ ਸਾਧ੍ਯ ψ ਦਾ, ਭਾਵਅਰਥ ਰਾਹੀਂ, ਸੂਚਕ ਹੈ। ਇਸ ਆਧਾਰ ‘ਤੇ ਇਕ ਪ੍ਰਤਿਗਿਆ ‘φa’ ਦਾ ਭਾਵਅਰਥ ਹੋਵੇਗਾ ‘ψa’ (ਜਿੱਥੇ, a, ਇਕ ਪਰਬਤ ਜਾਂ ਕੋਈ ਹੋਰ ‘ਪਕਸ਼’ ਹੋ ਸਕਦਾ ਹੈ): ਅਥਵਾ φa É ψa, ਜਿਸ ਦੇ, ਇਸ ਪ੍ਰਸੰਗ ਵਿਚ, ਅਰਥ ਹਨ; ਪਰਬਤ ਉੱਪਰ ਅੱਗ ਹੈ, ψa, ਕਿਉਂਕਿ ਉੱਥੇ ਧੂੰਆ ਹੈ, φa । ਇਸ ਦੇ ਉਲਟ (ਵਿਲੋਮ), ਚਿੰਨ੍ਹ, ~, ਦਾ ਭਾਵ ਹੈ ‘ਨਿਸ਼ੇਧ’ ਜਾਂ ‘ਨਹੀ’। ਇਸ ਤਰ੍ਹਾਂ ਅਸੀ “~φx É ~ψx” ਕਹਾਂਗੇ “ਜਿੱਥੇ ਜਿੱਥੇ φx ਨਹੀ, ਉੱਥੇ ਉੱਥੇ ψx ਵੀ ਨਹੀ”।

ਅਨੁਮਾਨ ਦੋ ਪ੍ਰਕਾਰ ਦਾ ਹੁੰਦਾ ਹੈ: (1) ਸਵਾਰਥਅਨੁਮਾਨ; ਅਤੇ (2) ਪਰਾਰਥਅਨੁਮਾਨ। ਪਹਿਲੇ ਲਈ ਕਿਸੇ ਸਬੂਤ ਦੀ ਜ਼ਰੂਰਤ ਨਹੀ ਹੈ ਕਿਉਂਕਿ ਇਹ ਨਿੱਜੀ ਜਾਂ ਸਵਾਰਥ ਅਨੁਮਾਨ ਹੈ, ਪਰ ਦੂਜੇ ਲਈ ਸਬੂਤ ਦੀ ਜ਼ਰੂਰਤ ਅਨਿਵਾਰੀ ਹੈ ਕਿਉਂਕਿ ਇਸ ਵਿਚ ਹੋਰ ਵਿਅਕਤੀਆਂ ਨੂੰ ਗਿਆਨ ਦੀ ਯਥਾਰਥਾ ਬਾਰੇ ਦੱਸਣ ਦੀ ਜ਼ਰੂਰਤ ਪੈਂਦੀ ਹੈ। ਇਹ ਸਬੂਤ ਤਰਕਵਾਕ (ਅਵਯਵ) ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਤਰਕਵਾਕ ਦੇ ਪੰਜ ਅੰਸ਼ ਹੁੰਦੇ ਹਨ: (1) ਪ੍ਰਤਿਗਿਆ  (ਅਰਥਾਤ ਪ੍ਰਸਤਾਵ), (2) ਹੇਤੁ  (ਕਾਰਣ), (3) ਦ੍ਰਿਸ਼ਟਾਂਤ  (ਉਦਾਹਰਣ), (4) ਉਪਨਯ  (ਪ੍ਰਯੋਗ), ਅਤੇ (5) ਨਿਗਮਨ  (ਸਿੱਟਾ)। ਇਕ ਪ੍ਰਤਿਗਿਆ (ਜਾਂ ਪ੍ਰਸਤਾਵ) ਕਿਸੇ ‘ਪੱਖ’ ਬਾਰੇ ਉਹ ਬਿਆਨ ਹੁੰਦਾ ਹੈ ਜਿਸ ਵਿਚ ਕਿਸੇ ਚੀਜ਼ ਦੀ ਸਥਾਪਨਾ ਕਰਨੀ ਹੁੰਦੀ ਹੈ, ਜੈਸੇ ‘ਪਰਬਤ ਉੱਪਰ ਅੱਗ ਹੈ’। ਕਾਰਣ ਜਾਂ ਹੇਤੁ ਕਿਸੇ ਚਿੰਨ੍ਹ (ਲਿੰਗ ਜਾਂ ਲੱਛਣ) ਬਾਰੇ ਬਿਆਨ ਹੈ ਜੋ ਪ੍ਰਤਿਗਿਆ ਨੂੰ ਸਥਾਪਤ ਕਰਨ ਵਿਚ ਸਹਾਈ ਹੁੰਦਾ ਹੈ।

ਕਾਰਣ, ਸਿਰਫ ਹਾਂਵਾਚਕ (ਕੇਵਲ ਅਨ੍ਵਯੀ), ਸਿਰਫ ਨਾਂਹਵਾਚਕ (ਕੇਵਲ ਵ੍ਯਤਿਰੇਕੀ) ਅਤੇ ਸਾਕਾਰਾਤਮਕ ਨਾਂਹਵਾਚਕ (ਅਨ੍ਵਯ-ਵ੍ਯਤਿਰੇਕੀ)  ਹੋ ਸਕਦਾ ਹੈ। ਪੱਖ (ਜਾਂ ਪਕਸ਼) ਉਹ ਹੈ ਜਿਸ ਵਿਚ ਸੰਸਾ ਕੀਤਾ ਜਾਂਦਾ ਹੈ ਕਿ ਕੀ ਸਾਧ੍ਯ ਵਾਲੇ ਗੁਣ ਇਸ ਵਿਚ ਮੌਜੂਦ ਹਨ ਜਾਂ ਨਹੀ। ਜਿਵੇ ਇਹ ਸਥਾਪਤ ਕਰਨਾ ਕਿ ਕੀ ਪਰਬਤ ਉੱਪਰ ਅੱਗ ਹੈ ਜਾਂ ਨਹੀ ਹੈ। ਇੱਥੇ ਪਰਬਤ ਇਸ ਪ੍ਰਸਤਾਵ ਦਾ ‘ਪੱਖ’ ਹੈ। “ਸਪਕਸ਼” ਉਹ ਹੈ ਜਿਸ ਵਿਚ ਇਹ ਨਿਸਚੇਪੂਰਵਕ ਸਥਾਪਤ ਕੀਤਾ ਜਾ ਚੁੱਕਾ ਹੈ ਕਿ ਇਸ ਵਿਚ ਸਾਧ੍ਯ ਦੇ  ਗੁਣ ਮੌਜੂਦ ਹਨ। ‘ਪਰਬਤ ਉੱਪਰ ਅੱਗ ਹੈ’, ਇਹ ਸਪਕਸ਼ ਕਹਾਉਂਦਾ ਹੈ। “ਵਿਪਕਸ਼” ਇਸ ਦੇ ਬਿਲਕੁਲ ਉਲਟ ਹੈ। ਇਸ ਵਿਚ ਇਹ ਨਿਸ਼ਚੈਪੂਰਵਕ ਪਤਾ ਹੈ ਕਿ ‘ਸਾਧ੍ਯ’ ਦੇ ਗੁਣ ‘ਪੱਖ’ ਵਿਚ ਮੌਜੂਦ ਨਹੀ ਹਨ। ‘ਪਰਬਤ ਉੱਪਰ ਅੱਗ ਨਹੀ ਹੈ’ ਇਹ ਇਕ ਵਿਪਕਸ਼ੀ ਬਿਆਨ ਹੈ। ਕਿਸੇ ਤਰਕਵਾਕ (ਅਵਯਵ) ਵਿਚ ਹੇਤੁ  ਦੀ ਸਾਧ੍ਯ  ਵਿਚ ਮੌਜੂਦਗੀ ਨੂੰ ‘ਪਕਸ਼-ਧਰਮਤਾ’ ਕਿਹਾ ਜਾਂਦਾ ਹੈ। ਜੇਕਰ ਅਸੀ ਨਿਮਨਲਿਖਤ ਅਵਯਵ ਨੂੰ ਲਈਏ:

ਪਰਬਤ ਅਗਨਮਈ ਹੈ,
ਕਿਉਂਕਿ ਇਹ ਧੂੰਆਮਈ ਹੈ,
ਰਸੋਈ ਵਾਂਗ ਜਾਂ ਝੀਲ ਵਾਂਗ ਨਹੀ।

ਇੱਥੇ ਪਰਬਤ ‘ਪੱਖ’ (ਪਕਸ਼) ਹੈ, ਜਿਸ ਵਿਚ ਅੱਗ ਦੀ ਮੌਜੂਦਗੀ ਨੂੰ ਸਾਬਤ ਕਰਨਾ ਹੈ; ‘ਰਸੋਈ’ ਸਪਕਸ਼ ਹੈ ਜਿੱਥੇ ਸਾਨੂੰ ਅੱਗ ਦੀ ਮੌਜੂਦਗੀ (ਧੂੰਏ ਨਾਲ) ਦਾ ਨਿਸ਼ਚੇਪੂਰਵਕ ਪਤਾ ਹੈ; ‘ਝੀਲ’ ਵਿਪਕਸ਼ ਹੈ ਜਿਸ ਵਿਚ ਅਸੀ ਪੂਰੀ ਤਰ੍ਹਾ ਜਾਣਦੇ ਹਾਂ ਕਿ ਅੱਗ (ਅਤੇ ਧੂੰਆ) ਮੌਜੂਦ ਨਹੀ ਹੈ।

ਕੇਵਲ ਅਨ੍ਵਯੀ  (ਕੇਵਲ ਹਾਂਵਾਚਕ) ਉਹ ਕਾਰਣ ਹੈ ਜੋ ‘ਪੱਖ’ ਵਿਚ ਮੌਜੂਦ ਹੈ ਜਿਸ ਬਾਰੇ ‘ਸਪਕਸ਼’ ਤਾਂ ਹੈ ਪ੍ਰੰਤੂ ‘ਵਿਪਕਸ਼’ ਨਹੀ ਹੈ। ਜਿਵੇਂ ‘ਇਹ ਚੀਜ਼ ਨਾਮਣਯੋਗ ਹੈ ਕਿਉਂਕਿ ਇਹ ਜਾਣਨਯੋਗ ਹੈ’। ਹਰ ਜਾਣਨਯੋਗ ਚੀਜ਼ ਵਰਣਨਯੋਗ ਹੁੰਦੀ ਹੈ, ਭਾਵ ਜੋ ਵਰਣਨਯੋਗ ਨਹੀ ਹੈ ਉਹ ਜਾਣਿਆ ਵੀ ਨਹੀ ਜਾ ਸਕਦਾ।

ਕੇਵਲ ਵ੍ਯਤਿਰੇਕੀ  (ਨਾਂਹਵਾਚਕ) ਉਹ ਕਾਰਣ ਹੈ ਜੋ ‘ਪੱਖ’ ਵਿਚ ਮੌਜੂਦ ਹੈ, ਜਿਸ ਬਾਰੇ ‘ਸਪਕਸ਼’ ਨਹੀ ਹੈ ਅਤੇ ਜੋ ‘ਵਿਪਕਸ਼’ ਤੋਂ ਭਿੰਨ ਹੈ। ਜਿਵੇਂ, "ਮਿੱਟੀ ਦੂਸਰੇ ਤੱਤਾਂ ਤੋਂ ਭਿੰਨ ਹੈ, ਕਿਉਂਕਿ ਇਸ ਵਿਚ ਮਹਿਕ ਹੈ।" ਇੱਥੇ ਮਿੱਟੀ ਦਾ “ਦੂਸਰੇ ਤੱਤਾਂ ਤੋਂ ਭਿੰਨ” ਹੋਣਾ ਕੇਵਲ-ਵ੍ਯਤਿਰੇਕੀ ਹੈ, ਅਰਥਾਤ ਇਸ ਵਿਚ ਮਿੱਟੀ ਦਾ ‘ਸਪਕਸ਼’ ਨਹੀ ਹੈ, ਸਿਰਫ ‘ਵਿਪਕਸ਼’ ਅਰਥਾਤ ‘ਤੱਤਾਂ ਤੋ ਭਿੰਨ’ ਹੀ ਹੈ।

ਅਨ੍ਵਯ ਵ੍ਯਤਿਰੇਕ  (ਸਾਕਾਰਾਤਮਕ ਨਾਂਹਵਾਚਕ) ਉਹ ਕਾਰਣ ਹੈ ਜੋ ‘ਪੱਖ’ ਵਿਚ ਅਤੇ ਇਸ ਦੇ ‘ਸਪਕਸ਼’ ਵਿਚ ਤਾਂ ਮੌਜੂਦ ਹੁੰਦਾ ਹੈ ਪ੍ਰੰਤੂ ‘ਪੱਖ ਦੇ ਵਿਪਕਸ਼’ ਵਿਚ ਮੌਜੂਦ ਨਹੀ ਹੁੰਦਾ। ਜਿਵੇਂ, ’ਪਰਬਤ ਅਗਨਮਈ ਹੈ, ਕਿਉਂਕਿ ਇਹ ਧੂੰਆਮਈ ਹੈ, ਰਸੋਈ ਵਾਂਗ ਝੀਲ ਵਾਂਗ ਨਹੀ’। ਇੱਥੇ ਧੂੰਆ ‘ਪੱਖ’ (ਅਰਥਾਤ ਪਰਬਤ) ਉੱਪਰ ਮੌਜੂਦ ਹੈ ਅਤੇ ਇਹ ਸਪਕਸ਼ (ਰਸੋਈ) ਵਿਚ ਵੀ ਮੌਜੂਦ ਹੈ, ਪ੍ਰੰਤੂ ਵਿਪਕਸ਼ (ਝੀਲ) ਵਿਚ ਮੌਜੂਦ ਨਹੀ ਹੈ।

ਹੇਤਵਾਭਾਸ
ਹੇਤਵਾਭਾਸ ਉਹ ਹੈ ਜੋ ਦੇਖਣ ਨੂੰ ਤਾਂ ਹੇਤੁ ਲਗਦਾ ਹੈ ਪਰ ਅਸਲ ਵਿਚ ਉਹ ਹੇਤੁ ਨਹੀ ਹੁੰਦਾ। ਹੇਤਵਾਭਾਸ ਕਈ ਪ੍ਰਕਾਰ ਦਾ ਮੰਨਿਆ ਗਿਆ ਹੈ, ਜੈਸੇ

(ੳ) ਅਸਿੱਧ
ਅਸਿੱਧ ਹੇਤੁ ਉਹ ਹੈ ਜਿਸ ਦੀ ‘ਪੱਖ’ ਵਿਚ ਮੌਜੂਦਗੀ ਦੀ ਨਿਸ਼ਚਿਤ ਜਾਣਕਾਰੀ ਨਹੀ ਹੁੰਦੀ, ਜਿਵੇਂ:

 1. ਸਵੈਰੂਪ ਅਸਿੱਧ: ਜੋ ਆਪਣੇ ਅਸਲੀ ਰੂਪ ਵਿਚ ਅਸਿੱਧ ਹੋਵੇ, ਜੈਸੇ “ਸ਼ਬਦ (ਸ੍ਵਰ) ਅਨਿੱਤ ਹੈ, ਕਿਉਂਕਿ ਇਹ ਦ੍ਰਿਸ਼ਟੀਗੋਚਰ (ਦਿਸਣਯੋਗ) ਹੈ।“ ਇਹ ਦਲੀਲ ਆਭਾਸ ਹੈ ਕਿਉਂਕਿ ਸ਼ਬਦ ਦੇਖਿਆ ਨਹੀ ਜਾ ਸਕਦਾ।

 2. ਵਿਆਧਿਕਰਣ ਅਸਿੱਧ:  ਜਿਹੜਾ ਹੇਤੁ ਕਿਸੇ ਹੋਰ ਘੇਰੇ (ਅਧਿਕਰਣ) ਵਿਚ ਜਾਂ ਕਿਸੇ ਹੋਰ ਮਾਮਲੇ ਨਾਲ ਸੰਬੰਧ ਰੱਖਦਾ ਹੋਵੇ। ਜੈਸੇ “ਸ਼ਬਦ ਅਨਿੱਤ ਹੈ, ਕਿਉਂਕਿ ਘੜਾ ਇਕ ਉਤਪਾਦਨ ਹੈ।“  ਇੱਥੇ ‘ਸ਼ਬਦ’ ਅਤੇ ‘ਘੜਾ’ ਦੇ ਅਲਗ ਅਲਗ ਅਧਿਕਰਣ ਹਨ।

 3. ਵਿਸ਼ੇਸ਼ਅਸਿੱਧ: ਜੋ ਹੇਤੁ ਵਾਸਤਵਿਕਤਾ ਦੇ ਪ੍ਰਸੰਗ ਵਿਚ ਅਸਿੱਧ ਹੋਵੇ। ਜੈਸੇ, “ਸ਼ਬਦ ਅਨਿੱਤ ਹੈ, ਕਿਉਂਕਿ ਇਹ ਦ੍ਰਿਸ਼ਟੀਗੋਚਰ ਚੀਜ਼ ਹੈ ਅਤੇ ਵਿਆਪਕ ਹੈ।“ ਇੱਥੇ 'ਸ਼ਬਦ' ਵਿਆਪਕ (ਭਾਵ ਸ਼ਬਦਤਵ) ਤਾਂ ਹੈ ਪਰ ਦ੍ਰਿਸ਼ਟੀਗੋਚਰ ਨਹੀ ਹੈ, ਅਰਥਾਤ ਦਿਸਦਾ ਨਹੀ ਹੈ।

 4. ਵਿਸ਼ੇਸ਼ਣਅਸਿੱਧ: ਜੋ ਹੇਤੁ ਵਿਸ਼ੇਸ਼ਣ ਦੇ ਪ੍ਰਸੰਗ ਵਿਚ ਅਸਿੱਧ ਹੋਵੇ। ਜੈਸੇ, “ਸ਼ਬਦ ਅਨਿੱਤ ਹੈ, ਕਿਉਂਕਿ ਇਹ ਵਿਆਪਕ ਹੈ ਅਤੇ ਵਿਆਪਕਤਾ ਦ੍ਰਿਸ਼ਟੀਗੋਚਰ ਹੈ।“ ਇੱਥੇ 'ਸ਼ਬਦਤਵ' (ਸ਼ਬਦ ਦਾ ਵਿਆਪਕ ਰੂਪ) ਦ੍ਰਿਸ਼ਟੀਗੋਚਰ ਨਹੀ ਹੈ।

 5. ਭਾਗਅਸਿੱਧ: ਜਿਹੜਾ ਹੇਤੁ ਭਾਗ (ਅੰਗ)  ਦੇ ਪ੍ਰਸੰਗ ਵਿਚ ਅਸਿੱਧ ਹੋਵੇ। ਜੈਸੇ, “ਸ਼ਬਦ ਅਨਿੱਤ ਹੈ, ਕਿਉਂਕਿ ਇਹ ਪ੍ਰਯਤਨ ਨਾਲ ਪੈਦਾ ਹੁੰਦਾ ਹੈ।“  'ਸ਼ਬਦ' ਦੀ ਪਹਿਲੀ ਸ੍ਵਰ-ਤਰੰਗ  ਪ੍ਰਯਤਨ ਨਾਲ ਪੈਦਾ ਹੁੰਦੀ ਹੈ, ਪਰ ਅਗਲੀਆਂ ਸ੍ਵਰ-ਤਰੰਗਾਂ  ਨਹੀ।

 6. ਆਸ਼੍ਰਯਅਸਿੱਧ: ਜੋ ਹੇਤੁ ਆਸਰੇ  ਦੇ ਪ੍ਰਸੰਗ ਵਿਚ ਅਸਿੱਧ ਹੋਵੇ। ਜੈਸੇ, ਪ੍ਰਕ੍ਰਿਤੀ  (ਜਾਂ ਮੂਲ ਮਾਦਾ) ਦੀ ਹੋਂਦ ਨੂੰ ਮੰਨਣਾ, ਕਿਉਂਕਿ ਇਹ ਫੈਲ ਕੇ ਸਾਰੇ ਬ੍ਰਹਿਮੰਡ ਦਾ ਰੂਪ ਧਾਰਨ ਕਰਦੀ ਹੈ। ਸਾਂਖਮਤ  ਦਾ ਵਿਚਾਰ ਹੈ ਕਿ ਜਗਤ ਦਾ ਮੂਲ ਰੂਪ ਪ੍ਰਕ੍ਰਿਤੀ (ਪ੍ਰਧਾਨ ਮਾਦਾ) ਹੈ ਜਿਸ ਤੋਂ ਇਹ ਜਗਤ ਪੈਦਾ ਹੋਇਆ ਹੈ ਅਤੇ ਪ੍ਰਕ੍ਰਿਤੀ ਵਿਚ ਹੀ ਲੈਅ ਹੋ ਜਾਂਦਾ ਹੈ। ਸਾਰਾ ਜਗਤ (ਬ੍ਰਹਿਮੰਡ) ਇਸ ਪ੍ਰਕ੍ਰਿਤੀ ਦੇ ਆਸਰੇ ਹੀ ਹੈ। ਪਰ ਇਸ ਦੇ ਉਲਟ ਨੈਯਾਯਿਕ  ਇਉਂ ਨਹੀ ਮੰਨਦੇ, ਇਸ ਲਈ ਇਹ ਆਸ਼੍ਰਯਅਸਿੱਧ ਮੰਨਿਆ ਜਾਂਦਾ ਹੈ। ਇਹ ਆਭਾਸ ਉਦੋਂ ਵੀ ਵਾਪਰਦਾ ਹੈ ਜਦੋਂ ਵਿਸ਼ੇ ਦੀ ਮੌਜੂਦਗੀ ਸਥਾਪਤ ਨਹੀ ਕੀਤੀ ਜਾਂਦੀ।

 7. ਆਸ਼੍ਰਯਏਕਦੇਸਅਸਿੱਧ: ਜੋ ਹੇਤੁ ਆਂਸ਼ਿਕ ਆਸਰੇ ਦੇ ਪ੍ਰਸੰਗ ਵਿਚ ਅਸਿੱਧ ਹੋਵੇ। ਜੈਸੇ, ਇਹ ਕਹਿਣਾ ਕਿ ਪ੍ਰਕ੍ਰਿਤੀ  (ਮੂਲ ਮਾਦਾ ਜਾਂ ਪ੍ਰਧਾਨ ਤੱਤ), ਆਤਮਾ  ਅਤੇ ਈਸ਼ਵਰ  ਅਨਿੱਤ ਹਨ। ਇਸ ਦਲੀਲ ਵਿਚ ਨੈਯਾਯਿਕ, ਆਤਮਾ ਅਤੇ ਈਸ਼ਵਰ ਨੂੰ ਤਾਂ ਅਨਿੱਤ ਮੰਨਦੇ ਹਨ ਪਰ ਪ੍ਰਕ੍ਰਿਤੀ ਨੂੰ ਨਹੀ। ਇਸ ਲਈ ਹੇਤੁ ਆਂਸ਼ਿਕ ਤੌਰ ‘ਤੇ ਅਸਿੱਧ ਹੈ।

 8. ਵਿਅਰਥਵਿਸ਼ੇਸ਼ਅਸਿੱਧ: ਜੋ ਹੇਤੁ ਵਾਸਤਵਿਕ ਤੌਰ ‘ਤੇ ਵਿਅਰਥ (ਬੇਕਾਰ) ਹੋਣ ਦੇ ਪ੍ਰਸੰਗ ਵਿਚ ਅਸਿੱਧ ਹੋਵੇ। ਜੈਸੇ, “ਸ਼ਬਦ ਅਨਿੱਤ ਹੈ, ਕਿਉਂਕਿ ਇਹ ਸਾਮਾਨ੍ਯ (ਵਿਆਪਕ) ਹੈ ਜੋ ਇਕ ਉਤਪਾਦਨ ਹੈ।“ ਇੱਥੇ ‘ਸ਼ਬਦ’ ਦਾ ਸਾਮਾਨ੍ਯ ਰੂਪ ‘ਸ਼ਬਦਪਣ’ ਹੈ, ਜਿਸ ਨੂੰ ਉਤਪਾਦਨ ਕਹਿਣਾ ਸਿਰਫ ਵਿਅਰਥ ਹੀ ਨਹੀ ਬਲਕਿ ਗਲਤ ਵੀ ਹੈ।

 9. ਵਿਅਰਥਵਿਸ਼ੇਸ਼ਣਅਸਿੱਧ: ਜੋ ਹੇਤੁ ਵਿਸ਼ੇਸ਼ਣ ਦੇ ਵਿਅਰਥ ਹੋਣ ਦੇ ਪ੍ਰਸੰਗ ਵਿਚ ਅਸਿੱਧ ਹੋਵੇ। ਜੈਸੇ, “ਸ਼ਬਦ ਅਨਿੱਤ ਹੈ, ਕਿਉਂਕਿ ਇਹ ਉਤਪਾਦਨ ਹੈ ਜਿਸ ਦਾ ਗੁਣ ਸਾਮਾਨ੍ਯ ਹੈ।“ ਇੱਥੇ ਇਹ ਕਹਿਣਾ ਵਿਅਰਥ ਹੈ ਕਿ ‘ਇਕ ਉਤਪਾਦਨ ਦਾ ਗੁਣ ਸਾਮਾਨ੍ਯ ਹੈ।‘

 10. ਸੰਦਿਗਧਅਸਿੱਧ: ਜੋ ਹੇਤੁ ਸੰਦੇਹ ਜਾਂ ਸੰਸਾ ਦੇ ਪ੍ਰਸੰਗ ਵਿਚ ਅਸਿੱਧ ਹੋਵੇ। ਜੈਸੇ ਕੋਈ ਧੂੰਆ ਜਾਂ ਧੁੰਦ ਦਾ ਨਿਸ਼ਚੈ ਕੀਤੇ ਬਗੈਰ ਇਹ ਕਹੇ: ‘ਇਸ ਜਗ੍ਹਾ ਅੱਗ ਹੈ, ਕਿਉਂਕਿ ਇੱਥੇ ਧੂੰਆ ਹੈ।‘ ਪਰ ਜੇ ‘ਧੂੰਆ’ ਸਿਰਫ ਧੁੰਦ ਹੀ ਸਾਬਤ ਹੁੰਦਾ ਹੈ ਤਾਂ ਇਹ ‘ਅਨੁਮਾਨ’ ਗਲਤ ਹੋਵੇਗਾ।

 11. ਸੰਦਿਗਧਵਿਸ਼ੇਸ਼ਅਸਿੱਧ: ਜੋ ਹੇਤੁ ਵਾਸਤਵਿਕ ਵਿਚ ਵਿਸ਼ੇਸ਼ ਵਸਤੁ ਦੇ ਪ੍ਰਸੰਗ ਵਿਚ ਸੰਦੇਹਪੂਰਣ ਹੋਵੇ। ਜੈਸੇ, ਕਪਿਲ ਉੱਪਰ ਭਾਵੁਕਤਾ ਅਜੇ ਵੀ ਹਾਵੀ ਹੈ ਕਿਉਂਕਿ ਉਸ ਨੂੰ ਅਜੇ ਸੱਚੇ ਗਿਆਨ ਦੀ ਪ੍ਰਾਪਤੀ ਨਹੀ ਹੋਈ ਹੈ। ਇੱਥੇ ਇਹ ਕਹਿਣਾ ਸੰਦੇਹਪੂਰਵਕ ਹੈ ਕਿ ਸੱਚੇ ਗਿਆਨ ਦੀ ਪ੍ਰਾਪਤੀ ਨਹੀ ਹੋਈ ਹੈ। ਇਹ ਵੀ ਸੰਭਵ ਹੈ ਕਿ ਸੱਚਾ ਗਿਆਨ ਪ੍ਰਾਪਤ ਕਰਨ ਦੇ ਬਾਵਜੂਦ ਵੀ ਕਪਿਲ ਭਾਵੁਕ ਹੋ ਸਕਦਾ ਹੈ।

 12. ਸੰਦੀਗਧਵਿਸ਼ੇਸ਼ਣਅਸਿੱਧ: ਜੋ ਹੇਤੁ ਵਿਸ਼ੇਸ਼ਣ ਸੰਦੇਹਪੂਰਣ ਹੋਣ ਦੇ ਪ੍ਰਸੰਗ ਵਿਚ ਅਸਿੱਧ ਹੋਵੇ। ਜੈਸੇ, ਕਪਿਲ ਉੱਪਰ ਭਾਵੁਕਤਾ ਅਜੇ ਵੀ ਹਾਵੀ ਹੈ, ਕਿਉਂਕਿ ਉਹ ਐਸਾ ਪੁਰਸ਼ ਹੈ ਜੋ ਹਮੇਸ਼ਾ ਸੱਚੇ ਗਿਆਨ ਤੋਂ ਵੰਚਿਤ ਹੈ। ਇੱਥੇ ਸੁਨਿਸ਼ਚਤ ਰੂਪ ਵਿਚ ਇਹ ਕਹਿਣਾ ਸੰਦੇਹਪੂਰਵਕ ਹੈ ਕਿ ਕਪਿਲ ਸੱਚੇ ਗਿਆਨ ਤੋਂ ਵੰਚਿਤ ਹੈ।

(ਅ) ਵਿਰੁੱਧ
ਪਰਸਪਰ ਵਿਰੋਧੀ ਹੇਤੁ ਉਹ ਹੈ ਜੋ ‘ਪੱਖ’ ਅਤੇ ਇਸ ਦੇ ਵਿਪਰੀਤ ਵਿਚ ਉਪਸਥਿਤ ਹੁੰਦਾ ਹੈ। ਭਾਸਰਵੱਗਿਆ ਸਪਕਸ਼ ਅਤੇ ਵਿਪਕਸ਼ ਦੇ ਚਾਰ-ਚਾਰ ਕਿਸਮ ਦੇ ਹੇਤਵਾਭਾਸ ਦਾ ਵੇਰਵਾ ਪੇਸ਼ ਕਰਦੇ ਹਨ।

(ੲ) ਅਨੇਕਾਂਤਕ (ਅਨਿਸ਼ਚਿਤ)
ਅਨੇਕਾਂਤਕ ਉਹ ਹੇਤੁ ਹੈ ਜੋ ਪੱਖ ਅਤੇ ਇਸ ਦੇ ਸਪਕਸ਼ਾਂ ਅਤੇ ਵਿਪਕਸ਼ਾਂ ਵਿਚ ਉਪਸਥਿਤ ਹੁੰਦਾ ਹੈ। ਭਾਸਰਵੱਗਿਆ ਇਨ੍ਹਾਂ ਨੂੰ ਸੱਤ ਭਾਗਾਂ ਵਿਚ ਵੰਡਦੇ ਹਨ।

(ਸ) ਅਨਅਧਯਾਵਸਤਿ (ਅਣ-ਪਰਖਿਆ ਜਾਂ ਅਨਉਪਸੰਹਾਰੀ (ਗੈਰ-ਨਿਰਣਾਇਕ))
ਅਣ-ਪਰਖਿਆ ਹੇਤੁ ਉਹ ਹੈ ਜੋ ਇਕੱਲੇ ਪੱਖ ਵਿਚ ਹੀ ਉਪਸਥਿਤ ਹੁੰਦਾ ਹੈ ਜਿਸ ਦਾ ਸਾਧ੍ਯ ਨਾਲ ਕੋਈ ਸੰਬੰਧ ਨਹੀ ਹੁੰਦਾ। ਇਸ ਨੂੰ ਭਾਸਰਵੱਗਿਆ ਛੇ ਉਪ-ਭਾਗਾਂ ਵਿਚ ਵੰਡਦੇ ਹਨ।

(ਹ) ਕਾਲਾਤਯਯਾਪਦਿਸ਼ਟਤਾ (ਬੇਮੌਕਾ ਜਾਂ ਬਾਧਿਤ (ਅਸੰਗਤ))
ਬੇਮੌਕਾ ਜਾਂ ਅਸੰਗਤ ਹੇਤੁ ਉਹ ਹੈ ਜੋ ਪੱਖ ਵਿਚ ਉਪਸਥਿਤ ਹੁੰਦਾ ਹੈ ਅਤੇ ਜਿਸ ਦੀ ਵਿਰੋਧਤਾ ਸਬੂਤ ਰਾਹੀਂ ਕੀਤੀ ਹੁੰਦੀ ਹੈ। ਅਰਥਾਤ ਸਬੂਤ ਇਸ ਦਾ ਖੰਡਨ ਕਰਦਾ ਹੈ। ਜੈਸੇ, “ਇਹ ਅੱਗ ਗਰਮ ਨਹੀ ਹੈ, ਕੁਉਂਕਿ ਇਹ ਉਤਪਾਦਨ ਹੈ।“ ਅੱਗ ਦੇ ਗਰਮ ਦਾ ਸਿੱਧਾ ਪ੍ਰਤੱਖਣ ਇਹ ਸਾਬਤ ਕਰਦਾ ਹੈ ਕਿ ਅੱਗ ਗਰਮ ਹੈ। ਭਾਸਰਵੱਗਿਆ ਇਸ ਨੂੰ ਛੇ ਭਾਗਾਂ ਵਿਚ ਵੰਡਦੇ ਹਨ।

(ਕ) ਪ੍ਰਕਰਣ-ਸਮ (ਵਾਦ-ਵਿਵਾਦ ਨੂੰ ਸੰਤੁਲਿਤ ਰੱਖਣਾ)
ਪ੍ਰਕਰਣਸਮ ਉਹ ਦਲੀਲ ਜਾਂ ਹੇਤੁ ਹੈ ਜੋ ਆਪਣੇ ਤਿੰਨ ਸਰੂਪਾਂ ਨੂੰ ਬਰਕਰਾਰ ਰੱਖਦੇ ਹੋਏ, ਆਪਣੇ ਪੱਖ ਦੇ ਨਾਲ ਨਾਲ ਵਿਰੋਧੀ ਪੱਖ ਨੂੰ ਵੀ ਸਥਾਪਤ ਕਰਦਾ ਹੈ।

(ਖ) ਵਿਰੁੱਧਅਵ੍ਯਭਿਚਾਰੀ (ਭਰਮਰਹਿਤ ਵਿਰੋਧਤਾ)
ਵਿਰੁੱਧਅਵ੍ਯਭਿਚਾਰੀ ਉਹ ਦਲੀਲ ਹੈ ਜੋ ਇਕ ਵਿਵਾਦੀ ਲਈ ਠੀਕ ਅਤੇ ਦੂਸਰੇ ਲਈ ਗਲਤ ਲਗਦੀ ਹੋਵੇ। ਜੈਸੇ:
ਆਕਾਸ਼ ਨਿੱਤ ਹੈ ਕਿਉਂਕਿ ਇਹ ਅਸਰੀਰਕ ਵਸਤੂ ਹੈ, ਜਿਵੇਂ ਆਤਮਾ

ਇਸ ਦੇ ਉਲਟ ਦਲੀਲ ਪੇਸ਼ ਕੀਤੀ ਜਾਂਦੀ ਹੈ,
ਆਕਾਸ਼ ਅਨਿੱਤ ਹੈ, ਕਿਉਂਕਿ ਇਸ ਦਾ ਵਿਸ਼ੇਸ਼ ਗੁਣ ਸਾਡੀਆਂ ਬਾਹਰੀ ਇੰਦ੍ਰੀਆਂ ਰਾਹੀਂ ਅਨੁਭਵ ਕੀਤਾ ਜਾਂਦਾ ਹੈ, ਜਿਵੇਂ ਇਕ ਘਰਾ।
ਇਹ ਦੋਵੇਂ ਦਲੀਲਾਂ ਆਪੋ ਆਪਣੀ ਜਗ੍ਹਾ ‘ਤੇ ਠੀਕ ਹਨ।

ਉਦਾਹਰਣ
ਉਦਾਹਰਣ ਕਿਸੇ ਬਿਆਨ ਦਾ ਸਪੱਸ਼ਟ ਵਿਆਖਿਆਨ ਹੈ। ਇਸ ਨੂੰ ਦੋ ਕਿਸਮਾਂ ਵਿਚ ਵੰਡਿਆ ਗਿਆ ਹੈ: (1) ਸਾਧਰਮਯ, ਅਰਥਾਤ ਸਾਕਾਰਤਮਕ (ਹਾਂਵਾਚਕ); (2) ਵੈਧਰਮਯ, ਨਾਕਾਰਤਮਕ (ਨਾਂਹਵਾਚਕ)। ਸਾਧਰਮਯ ਉਦਾਹਰਣ ਕਿਸੇ ਵਿਆਖਿਆ ਨੂੰ ਸਿੱਧਾ ਸਪੱਸ਼ਟ ਕਰਨ ਦਾ ਬਿਆਨ ਹੈ, ਜੈਸੇ

ਸ਼ਬਦ ਅਨਿੱਤ ਹੈ,
ਕਿਉਂਕਿ ਇਸ ਵਿਚ ਤੀਖਣਤਾ ਹੈ,
ਜੋ ਵੀ ਤੀਖਣ ਹੈ, ਉਹ ਅਨਿੱਤ ਹੈ, ਜਿਵੇ ਆਨੰਦ

ਇਹ ਹਾਂਵਾਚਕ ਉਦਾਹਰਣ ਹੈ।

ਸ਼ਬਦ ਅਨਿੱਤ ਹੈ,
ਕਿਉਂਕਿ ਇਸ ਵਿਚ ਤੀਖਣਤਾ ਹੈ,
ਜੋ ਵੀ ਅਣ-ਅਨਿੱਤ ਹੈ, ਉਸ ਵਿਚ ਤੀਖਣਤਾ ਨਹੀ ਹੁੰਦੀ, ਜਿਵੇਂ ਆਕਾਸ਼

ਇਹ ਨਾਂਹਵਾਚਕ ਉਦਾਹਰਣ ਹੈ।

ਉਦਾਹਰਣਆਭਾਸ
ਭੁਲੇਖੇ ਜਾਂ ਛਲ ਵਾਲੀ ਉਦਾਹਰਣ ਉਹ ਹੁੰਦੀ ਹੈ ਜੋ ਦੇਖਣ ਨੂੰ ਤਾਂ ਉਦਾਹਰਣ ਲਗਦੀ ਹੈ ਪਰ ਉਦਾਹਰਣ ਦੇ ਅਨਿਵਾਰੀ ਜਾਂ ਤਾਤਵਿਕ ਲੱਛਣਾਂ ਤੋਂ ਵਾਂਝੀ ਹੁੰਦੀ ਹੈ।

ਸਾਧਰਮਯ ਉਦਾਹਰਣਆਭਾਸ ਇਸ ਪ੍ਰਕਾਰ ਹਨ:

 1. ਸਾਧ੍ਯਵਿਕਲ: ਉਹ ਉਦਾਹਰਣ ਜੋ ਸਾਧ੍ਯ ਦੇ ਪੱਖੋਂ ਊਣੀ ਜਾਂ ਦੋਸ਼ਪੂਰਣ ਹੋਵੇ, ਜੈਸੇ, “ਮਨ ਅਨਿੱਤ ਹੈ, ਕਿਉਂਕਿ ਇਹ ਅਨਾਤਮ ਹੈ, ਇਕ ਪਰਮਾਣੂ ਵਾਂਗ।“ ਇੱਥੇ ਪਰਮਾਣੂ ਦੀ ਉਦਾਹਰਣ ਦੇਣਾ ਦੋਸ਼ਪੂਰਣ ਹੈ ਕਿਉਂਕਿ ਇਹ ਮਨ ਦੀ ਅਨਿੱਤਤਾ ਦਾ ਸਬੂਤ ਨਹੀ ਬਣਦੀ। ਜੋ ਸਾਬਤ ਕਰਨਾ ਹੈ ਉਹ ਉਦਾਹਰਣ ਨਹੀ ਬਣ ਸਕਦਾ।

 2. ਸਾਧਨਵਿਕਲ: ਉਹ ਉਦਾਹਰਣ ਜੋ ਸਾਧਨ ਜਾਂ ਹੇਤੁ ਦੇ ਪੱਖੋਂ ਦੋਸ਼ਪੂਰਣ ਹੋਵੇ। ਜੈਸੇ, “ਮਨ ਅਨਿੱਤ ਹੈ, ਕਿਉਂਕਿ ਇਹ ਅਨਾਤਮ ਹੈ, ਇਕ ਕ੍ਰਿਆ ਵਾਂਗ।“ ਇੱਥੇ ਕ੍ਰਿਆਸ਼ੀਲਤਾ ਮਨ ਦੀ ਅਨਿੱਤਤਾ ਦਾ ਕਾਰਣ ਨਹੀ ਬਣਦੀ।

 3. ਉਭਯਵਿਕਲ: ਉਹ ਉਦਾਹਰਣ ਜੋ ਦੋਨੋ (ਉਭਯ ) ‘ਸਾਧ੍ਯ’ ਅਤੇ ‘ਸਾਧਨ’ ਦੇ ਪੱਖੋਂ ਦੋਸ਼ਪੂਰਣ ਹੋਵੇ। ਜੈਸੇ, “ਮਨ ਅਨਿੱਤ ਹੈ, ਕਿਉਂਕਿ ਇਹ ਅਨਾਤਮ ਹੈ, ਆਕਾਸ਼ ਵਾਂਗ।“ ਇੱਥੇ ਨਾ ਤਾਂ ਆਕਾਸ਼ ਨੂੰ ਅਨਿੱਤ ਸਾਬਤ ਕੀਤਾ ਜਾ ਚੁੱਕਾ ਹੈ ਅਤੇ ਨਾ ਹੀ ਇਹ ਅਨਿੱਤਤਾ ਦਾ ਕਾਰਣ ਬਣਦਾ ਹੈ।

 4. ਆਸ਼੍ਰਯਹੀਣ: ਉਹ ਉਦਾਹਰਣ ਜਿਸ ਦਾ ਕੋਈ ਆਧਾਰ (ਆਸਰਾ) ਨਾ ਹੋਵੇ। ਜੈਸੇ, “ਮਨ ਅਨਿੱਤ ਹੈ, ਕਿਉਂਕਿ ਇਹ ਅਨਾਤਮ ਹੈ, ਖਰਗੋਸ਼ ਦੇ ਸਿੰਗ ਵਾਂਗ।“ ਇੱਥੇ ਖਰਗੋਸ਼ ਦੇ ਸਿੰਗ ਦੀ ਉਦਾਹਰਣ ਨਿਰਾਧਾਰ ਹੈ, ਕਿਉਂਕਿ ਖਰਗੋਸ਼ ਦੇ ਸਿੰਗ ਹੀ ਨਹੀ ਹੁੰਦੇ।

 5. ਅਵਿਆਪਤੀ: ਉਹ ਉਦਾਹਰਣ ਜੋ ਵਿਆਪਕ ਨਾ ਹੋਵੇ। ਜੈਸੇ, “ਮਨ ਅਨਿੱਤ ਹੈ, ਕਿਉਂਕਿ ਇਹ ਅਨਾਤਮ ਹੈ, ਇਕ ਘੜੇ ਵਾਂਗ।“ ਇੱਥੇ ਘੜੇ ਦਾ ਅਨਾਤਮ ਹੋਣਾ ਅਤੇ ਮਨ ਦੇ ਅਨਿੱਤ ਹੋਣ ਵਿਚ ਕੋਈ ਵਿਆਪਕ ਸੰਬੰਧ ਨਹੀ ਹੈ।

 6. ਵਿਪਰੀਤਵਿਆਪਤੀ: ਉਹ ਉਦਾਹਰਣ ਜਿਸ ਵਿਚ ਵਿਆਪਤੀ ਦੇ ਉਲਟ (ਵਿਪਰੀਤ) ਦਰਸਾਇਆ ਗਿਆ ਹੋਵੇ। ਜੈਸੇ, “ਮਨ ਅਨਿੱਤ ਹੈ, ਕਿਉਂਕਿ ਇਹ ਅਨਾਤਮ ਹੈ, ਜੋ ਵੀ ਅਨਿੱਤ ਹੈ, ਉਹ ਘੜੇ ਵਾਂਗ ਅਨਾਤਮ ਹੈ।“ [ਪਰ ਇਸ ਨੂੰ ਇਸ ਤਰ੍ਹਾ ਬਿਆਨ ਕੀਤਾ ਜਾਣਾ ਚਾਹੀਦਾ ਹੈ: ਜੋ ਵੀ ਅਨਾਤਮ ਹੈ, ਉਹ ਅਨਿੱਤ ਹੈ, ਘੜੇ ਵਾਂਗ]

ਵੈਧਰਮਯ ਉਦਾਹਰਣਆਭਾਸ ਇਸ ਪ੍ਰਕਾਰ ਹਨ:

 1. ਸਾਧ੍ਯਵ੍ਯਾਵ੍ਰਿੱਤਿ: ਉਹ ਉਦਾਹਰਣ ਜਿਸ ਵਿਚ ਸਾਧ੍ਯ  ਸ਼ਾਮਲ ਨਾ ਹੋਵੇ। ਜੈਸੇ, “ਜੋ ਵੀ ਅਣ-ਅਨਿੱਤ ਹੈ, ਉਹ ਅਨਾਤਮ ਹੈ, ਪਰਮਾਣੂ ਵਾਂਗ।“

 2. ਸਾਧਨਾਵ੍ਯਾਵ੍ਰਿਤਿ: ਉਹ ਉਦਾਹਰਣ ਜਿਸ ਵਿਚ ਹੇਤੁ ਜਾਂ ਸਾਧਨ ਸ਼ਾਮਲ ਨਾ ਹੋਵੇ। ਜੈਸੇ, “ਜੋ ਵੀ ਅਣ-ਅਨਿੱਤ ਹੈ, ਉਹ ਅਨਾਤਮ ਨਹੀ ਹੈ, ਕ੍ਰਿਆ ਵਾਂਗ।“

 3. ਉਭਯਾਵ੍ਯਾਵ੍ਰਿਤਿ: ਜਿਸ ਵਿਚ ਦੋਨੋ ਸਾਧ੍ਯ ਅਤੇ ਹੇਤੁ ਸ਼ਾਮਲ ਨਾ ਹੋਣ। ਜੈਸੇ, “ਜੋ ਵੀ ਅਣ-ਅਨਿੱਤ ਹੈ, ਉਹ ਅਨਾਤਮ ਨਹੀ ਹੈ, ਜਿਵੇਂ ਘੜਾ।“

 4. ਆਸ਼੍ਰਯਹੀਣ: ਜਿਸ ਦਾ ਕੋਈ ਆਧਾਰ ਨਾ ਹੋਵੇ। ਜੈਸੇ, “ਜੋ ਵੀ ਅਣ-ਅਨਿੱਤ ਹੈ, ਉਹ ਅਨਾਤਮ ਨਹੀ ਹੈ, ਜਿਵੇਂ ਅੰਬਰਪੁਸ਼ਪ (ਆਕਾਸ਼ ਵਿਚ ਫੁੱਲ)।“ ਇੱਥੇ ਅੰਬਰਪੁਸ਼ਪ ਦਾ ਕੋਈ ਆਧਾਰ ਨਹੀ ਹੈ, ਇਹ ਬੇਬੁਨਿਆਦ ਹੈ।

 5. ਅਵਿਆਪਤੀਅਭਿਧਾਨ : ਉਹ ਉਦਾਹਰਣ ਜੋ ਵਿਆਪਕ ਨਾ ਹੋਵੇ। ਜੈਸੇ, “ਜੋ ਵੀ ਅਣ-ਅਨਿੱਤ ਹੈ ਉਹ ਅਨਾਤਮ ਨਹੀ ਹੈ, ਜਿਵੇਂ ਆਕਾਸ਼।“ ਇੱਥੇ ‘ਆਕਾਸ਼’ ਦੀ ਉਦਾਹਰਣ ਵਿਆਪਕ ਨਹੀ ਹੈ, ਹਰ ਜਗ੍ਹਾ ਛਾ ਜਾਣ ਵਾਲੀ ਨਹੀ ਹੈ।

 6. ਵਿਪਰੀਤ ਵਿਆਪਤੀਅਭਿਧਾਨ: ਉਹ ਉਦਾਹਰਣ ਜੋ ਵਿਆਪਤੀ ਦੇ ਉਲਟ (ਵਿਪਰੀਤ) ਹੋਵੇ। ਜੈਸੇ, “ਜੋ ਵੀ ਅਨਾਤਮ ਨਹੀ ਹੈ, ਉਹ ਅਣ-ਅਨਿੱਤ ਹੈ, ਆਕਾਸ਼ ਵਾਂਗ।“

ਇਨ੍ਹਾਂ ਤੋ ਇਲਾਵਾ ਭਾਸਰਵੱਗਿਆ ਚਾਰ ਹੋਰ ਸਾਧਰਮਯ ਅਤੇ ਚਾਰ ਹੀ ਹੋਰ ਵੈਧਰਮਯ ਉਦਾਹਰਣਆਭਾਸ ਦਾ ਵਰਣਨ ਵੀ ਕਰਦੇ ਹਨ। ਇਹ ਉਦਾਹਰਣਾਂ ਸੰਖੇਪ ਵਿਚ ਇਸ ਪ੍ਰਕਾਰ ਹਨ:

 1. ਜਿਸ ਵਿਚ ਸਾਧ੍ਯ ਸੰਦੇਹਪੂਰਣ ਹੋਵੇ,

 2. ਜਿਸ ਵਿਚ ਸਾਧਨ ਜਾਂ ਹੇਤੁ ਸੰਦੇਹਪੂਰਣ ਹੋਵੇ,

 3. ਜਿਸ ਵਿਚ ਦੋਨੋ ਸਾਧ੍ਯ ਅਤੇ ਸਾਧਨ ਸੰਦੇਹਪੂਰਣ ਹੋਣ,

 4. ਜਿਸ ਦਾ ਆਧਾਰ (ਆਸ਼੍ਰਯ) ਸੰਦੇਹਪੂਰਣ ਹੋਵੇ।

ਉਪਰੋਕਤ ਵਿਸ਼ਿਆਂ ਤੋਂ ਇਲਾਵਾ ਭਾਸਰਵੱਗਿਆ ਆਗਮ, ਅਰਥਾਤ ਵੇਦਾਂ ਸ਼ਾਸਤਰਾਂ ਦੁਆਰਾ ਪ੍ਰਾਪਤ ਹੋਣ ਵਾਲੇ ਗਿਆਨ ਬਾਰੇ ਵੀ ਚਰਚਾ ਕਰਦੇ ਹਨ। ਇਸ ਵਿਚ ਉਹ ਅਰਥਾਪੱਤੀ ਅਤੇ ‘ਸੰਭਵ’ ਅਨੁਮਾਨ ਦੇ ਵਿਸ਼ੇ ਥੱਲੇ ਵਿਚਾਰ ਕਰਦੇ ਹਨ।

ਨਿਆਇਸਾਰ ਉੱਪਰ ਟਿੱਪਣੀਆਂ
ਨਿਆਇਸਾਰ ਉੱਪਰ ਲਿਖੀਆਂ ਟਿੱਪਣੀਆਂ ਇਸ ਪ੍ਰਕਾਰ ਹਨ:

 1. ਨਿਆਇਭਾਸ਼ਣ, 1000 ਈ ਤੋਂ ਪਹਿਲਾ, ਲਿਖਾਰੀ ਦਾ ਨਾਮ ਅਗਿਆਤ,

 2. ਨਿਆਇਕਾਲਿਕਾ, ਜੈਅੰਤ (1409 ਈ ਤੋਂ ਪਹਿਲਾ),

 3. ਨਿਆਇਕੁਸੁਮੰਜਲੀ (1409 ਈ ਤੋਂ ਪਹਿਲਾ), ਲਿਖਾਰੀ ਦਾ ਨਾਮ ਅਗਿਆਤ,

 4. ਨਿਆਇਸਾਰਟੀਕਾ, ਵਿਜੇ ਸਿੰਮਹਾ, ਮਿਤੀ ਅਗਿਆਤ,

 5. ਨਿਆਇਸਾਰਟੀਕਾ, ਜੈਤੀਰਥ, ਮਿਤੀ ਅਗਿਆਤ,

 6. ਨਿਆਇਸਾਰਪਦਪੰਜੀਕਾ, ਵਾਸੁਦੇਵ, ਮਿਤੀ ਅਗਿਆਤ,

 7. ਨਿਆਇਸਾਰਵਿਚਾਰ, ਭੱਟ ਰਾਘਵ, 1252 ਈ,

 8. ਨਿਆਇਤੱਤਪਰਿਆਦੀਪਿਕਾ, ਜੈਸਿੰਮਹਾ ਸੂਰੀ, 1365 ਈ।

-------------

‘ਨਿਆਇ’ ਅਤੇ ‘ਵੈਸ਼ੇਸ਼ਕ’ ਦਰਸ਼ਨਾਂ ਵਿਚ ਕਾਫੀ ਸਮਾਨਤਾ ਹੋਣ ਕਰਕੇ ਨਿਆਇ-ਤਰਕ ਵਿਚ ਵੈਸ਼ੇਸ਼ਕ ਦੇ ਕਈ ਅੰਸ਼ਾਂ ਨੂੰ ਨਿਆਇ ਪ੍ਰਕਰਣਾਂ ਵਿਚ ਸ਼ਾਮਲ ਕੀਤਾ ਗਿਆ। ਦੋਨਾਂ ਵਿਚਾਰਧਾਰਾਵਾਂ ਨੇ ਇਕ ਦੂਸਰੇ ਤੋਂ ਕਾਫੀ ਕੁਝ ਸਿੱਖਿਆ ਅਤੇ ਸਾਂਝੇ ਵਿਚਾਰ ਪਰਸਪਰ ਆਪਣੇ ਵਿਚ ਸਮਾ ਲਏ। ਨਿਆਇਤਰਕ ਵਿਚ ਇਹ ਸੁਮੇਲ ਵਰਦਰਾਜ (1150 ਈ) ਅਤੇ ਕੇਸ਼ਵ ਮਿਸ਼ਰ  (1275 ਈ) ਦੀਆਂ ਰਚਨਾਵਾਂ ਵਿਚ ਮਿਲਦਾ ਹੈ, ਜਿਨ੍ਹਾਂ ਦਾ ਚਰਚਾ ਅਸੀ ਅਗਲੀ ਕਿਸ਼ਤ ਵਿਚ ਕਰਾਂਗੇ।

... ਚਲਦਾ

04/05/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)
 

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com