ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਭਾਰਤੀ ਤਰਕ ਦਾ ਆਧੁਨਿਕ ਸੰਪ੍ਰਦਾਇ – ਨਿਆਇ ਪ੍ਰਕਰਣ - (2)

ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ ਦਰਸ਼ਨ ਦਾ ਸਮਾਵੇਸ਼

ਨਿਆਇ ਅਤੇ ਵੈਸ਼ੇਸ਼ਕ ਦਰਸ਼ਨਾਂ ਵਿਚ ਕਾਫੀ ਸਮਾਨਤਾ ਹੋਣ ਕਰਕੇ ਨਿਆਇ ਤਰਕ ਵਿਚ ਵੈਸ਼ੇਸ਼ਕ ਦੇ ਕਈ ਅੰਸ਼ਾਂ ਨੂੰ ਸੰਮਿਲਿਤ ਕਰਨਾ ਸੁਭਾਵਕ ਸੀ। ਇਸੇ ਕਰਕੇ ਇਨ੍ਹਾਂ ਦਰਸ਼ਨਾਂ ਨੂੰ ‘ਸਾਮਾਨਤੰਤਰ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਦੋਨਾਂ ਵਿਚਾਰਧਾਰਾਵਾਂ ਨੇ ਇਕ ਦੂਸਰੇ ਤੋਂ ਕਾਫੀ ਕੁਝ ਸਿੱਖਿਆ ਅਤੇ ਸਾਂਝੇ ਵਿਚਾਰ ਪਰਸਪਰ ਆਪਣੇ ਵਿਚ ਸਮਾ ਲਏ। ਵੈਸ਼ੇਸ਼ਕ ਦੇ ਸੱਤ ਪਦਾਰਥ, ਨਿਆਇ ਦਰਸ਼ਨ ਵਿਚ ਪੂਰੀ ਤਰ੍ਹਾ ਸ਼ਾਮਲ ਕਰ ਲਏ ਗਏ ਅਤੇ ਇਸ ਦੇ ਨਾਲ ਨਿਆਇ ਦੇ ‘ਪ੍ਰਮਾਣ’ ਨੂੰ ਵੈਸ਼ੇਸ਼ਕ ਦਰਸ਼ਨ ਵਿਚ ਸ਼ਾਮਲ ਕਰ ਲਿਆ ਗਿਆ। ਇਹ ਸੁਮੇਲ ਵਰਦਰਾਜ (1150 ਈ) ਅਤੇ ਕੇਸ਼ਵ ਮਿਸ਼ਰ (1275 ਈ) ਦੀਆਂ ਰਚਨਾਵਾਂ ਵਿਚ ਮਿਲਦਾ ਹੈ।

ਵਰਦਰਾਜ (ਲਗਪਗ 1150 ਈ)

ਵਰਦਰਾਜ ਨੂੰ ਆਂਧਰ ਜਾਂ ਤੈਲਿੰਗਾਨਾ ਦਾ ਬਾਸ਼ਿੰਦਾ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਜੀਵਨਕਾਲ 11ਵੀ ਸਦੀ ਈ ਦੇ ਆਸਪਾਸ ਦਾ ਹੈ। ਪਰ ਇਸ ਦਾ ਸਹੀ ਅੰਦਾਜ਼ਾ ਨਹੀ ਲਗਾਇਆ ਜਾ ਸਕਦਾ। ਉਹ ਆਪਣੀਆਂ ਰਚਨਾਵਾਂ ਵਿਚ ਆਪਣੇ ਪੂਰਵਜ ਤਾਰਕਿਕਾਂ ਦਾ ਉਲੇਖ ਕਰਦੇ ਹਨ, ਜਿਵੇਂ ਤ੍ਰਿਲੋਚਨ, ਵਾਚਸਪਤੀ ਮਿਸ਼ਰ, ਉਦਯਨਾਚਾਰੀਆ, ਸ਼ਲਿਕਾ ਨਾਥ, ਵਿਸ਼ਵਰੂਪ, ਜੈਅੰਤ, ਨਿਆਇਚਾਰੀਆ (ਸ਼ਿਵਦਿਤਿਯ), ਭਾਸਰਵੱਗਿਆ ਅਤੇ ਭੂਸ਼ਣਕਾਰ ਆਦਿ। ਵਰਦਰਾਜ ਦੀ ਮੁੱਖ ਰਚਨਾ ‘ਤਾਰਕਿਕਰਕਸ਼ਾ’ (ਜਾਂ ਤਾਰਕਿਕਾਂ ਦੀ ਰੱਖਿਆ) ਹੈ। ਲਗਪਗ ਈਸਵੀ ਸੰਨ 1150 ਤੋਂ ਬਾਅਦ ਗਿਆਨਪੂਰਣ (ਜਾਂ ਗਿਆਨ ਦੇਵ) ਨੇ ਇਸ ਉੱਪਰ ਇਕ ਟੀਕਾ ਲਿਖੀ ਜਿਸ ਦਾ ਨਾਮ ਸੀ ‘ਲਘੁਦੀਪਿਕਾ’। ਇਨ੍ਹਾਂ ਤਥਾਂ ਨੂੰ ਮੁੱਖ ਰੱਖਦੇ ਹੋਏ , ਵਿਦਿਆਭੂਸ਼ਣ ਵਰਦਰਾਜ ਦੇ ਜੀਵਨਕਾਲ ਦਾ ਸਮਾ 1150 ਈ ਦੇ ਆਸਪਾਸ ਦਾ ਦੱਸਦੇ ਹਨ।

ਤਾਰਕਿਕਰਕਸ਼ਾ - ਵਰਦਰਾਜ
ਇਹ ਗ੍ਰੰਥ ਤਿੰਨ ਕਾਂਡਾਂ ਵਿਚ ਵੰਡਿਆ ਹੋਇਆ ਹੈ। ਪਹਿਲਾ ਕਾਂਡ ਨਿਆਇ ਦਰਸ਼ਨ ਦੇ ਚੌਦਾ ਪਦਾਰਥਾਂ ਦੀ ਚਰਚਾ ਕਰਦਾ ਹੈ। ਇਹ ਪਦਾਰਥ ਹਨ: (1) ਪ੍ਰਮਾਣ, (2) ਪ੍ਰਮੇਯ, (3) ਸੰਸ਼ਾ, (4) ਪ੍ਰਯੋਜਨ, (5) ਦ੍ਰਿਸ਼ਟਾਂਤ, (6) ਸਿਧਾਂਤ, (7) ਅਵਯਵ, (8) ਤਰਕ, (9) ਨਿਰਣਯ, (10) ਵਾਦ, (11) ਜਲਪ, (12) ਵਿਤੰਡਾ, (13) ਹੇਤਵਾਭਾਸ, ਅਤੇ (14) ਛਲ। ਦੂਸਰਾ ਕਾਂਡ ਪੰਦਰਵੇਂ ਪਦਾਰਥ ‘ਜਾਤਿ’ ਬਾਰੇ ਵਿਆਖਿਆ ਕਰਦਾ ਹੈ, ਜਦ ਕਿ ਤੀਜਾ ਕਾਂਡ ਸੋਲਵੇਂ ਪਦਾਰਥ ‘ਨਿਗ੍ਰਹਿਸਥਾਨ’ ਬਾਰੇ ਹੈ। ਮੁਢਲੇ ‘ਨਿਆਇਸੂਤਰ’ ਵਿਚ ਪ੍ਰਮੇਯ ਤੋਂ ਭਾਵ ਆਤਮਾ, ਸ਼ਰੀਰ, ਇੰਦ੍ਰੀਆਂ, ਅਰਥ, ਬੁੱਧੀ, ਮਨਸ (ਮਨ), ਪ੍ਰਵ੍ਰਿਤਿ, ਦੋਸ਼, ਪ੍ਰੇਤਯਭਾਵ , ਫਲ, ਦੁੱਖ ਅਤੇ ਅਪਵਰਗ (ਮੁਕਤੀ) ਹੈ। ਪ੍ਰੰਤੂ ਵਰਦਰਾਜ ਪ੍ਰਮੇਯ  ਦੀ ਇਸ ਸੂਚੀ ਵਿਚ ਵੈਸ਼ੇਸ਼ਕ ਦੇ ਛੇ ਹੋਰ ਪਦਾਰਥ ਵੀ ਸ਼ਾਮਲ ਕਰਦਾ ਹੈ ਅਰਥਾਤ ਦ੍ਰਵ, ਗੁਣ, ਕਰਮ, ਸਾਮਾਨ੍ਯ, ਵਿਸ਼ੇਸ਼ ਅਤੇ ਸਮਵਾਯ। ਇਸ ਤਰ੍ਹਾ ਉਹ ਨਿਆਇ ਅਤੇ ਵੈਸੇਸ਼ਕ ਦੇ ਪਦਾਰਥਾਂ ਨੂੰ ਸੰਗਠਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਨਾਲ ਹੀ ਵਰਦਰਾਜ ਦਾ ਮਤ ਹੈ ਕਿ ਨਿਆਇ ਦੇ ਪਦਾਰਥਾਂ ਦੀ ਜਾਣਕਾਰੀ ਸਾਨੂੰ ਮੁਕਤੀ ਦਾ ਸਿੱਧਾ ਰਾਹ ਦਿਖਾਉਂਦੀ ਹੈ, ਜਦ ਕਿ ਵੈਸ਼ੇਸ਼ਕ ਦੇ ਪਦਾਰਥ ਇਸ ਪੂਰਤੀ ਲਈ ਅਸਿੱਧੇ ਰਾਹ ਦੀ ਭੂਮਿਕਾ ਹੀ ਅਦਾ ਕਰਦੇ ਹਨ।

ਪ੍ਰਮਾਣ
ਇਸ ਪਦਾਰਥ ਦੀ ਚਰਚਾ ਕਰਦੇ ਹੋਏ, ਵਰਦਰਾਜ ਬੋਧੀ ਸੰਪ੍ਰਦਾਇ ਵਲੋਂ ਪ੍ਰਮਾਣ  ਦੀ ਦਿੱਤੀ ਗਈ ਪਰਿਭਾਸ਼ਾ ਦੀ ਸਖਤ ਵਿਰੋਧਤਾ ਕਰਦੇ ਹਨ। ਬੋਧੀ ਮਤ ਅਨੁਸਾਰ ਪ੍ਰਮਾਣ ਉਹ ਸਹੀ (ਸਮ੍ਯਕ ਜਾਂ ਸਮਕ) ਗਿਆਨ ਹੈ ਜੋ ਵਿਹਾਰਕ (ਉਪਯੋਗੀ) ਕੰਮਾਂ ਵਿਚ ਸਹਾਈ ਹੁੰਦਾ ਹੈ, ਅਰਥਾਤ ਸਾਡੇ ਵਿਹਾਰਕ ਕਰਮ ਸਾਡੇ ਸਹੀ ਗਿਆਨ ਦੇ ਅਨੁਸਾਰ ਹੁੰਦੇ ਹਨ, ਜੈਸੇ ਪਾਣੀ ਦੇ ਪਿਆਲੇ ਬਾਰੇ ਮੇਰਾ ਗਿਆਨ ਤਾਂ ਹੀ ਸਹੀ ਹੈ ਜੇਕਰ ਇਹ ਪਾਣੀ ਮੇਰੀ ਪਿਆਸ ਬੁਝਾਉਣ ਦੀ ਸਮਰਥਾ ਰੱਖਦਾ ਹੈ। ਜੇ ਐਸਾ ਨਹੀ ਹੁੰਦਾ ਤਾਂ ਮੇਰਾ ਗਿਆਨ ਗਲਤ ਹੈ, ਬੇਅਰਥ ਹੈ। ਵਰਦਰਾਜ, ਇਸ ਪਰਿਭਾਸ਼ਾ ਨੂੰ ‘ਬੜੀ ਸੀਮਿਤ’ ਕਹਿ ਕੇ ਨਿੰਦਦੇ ਹਨ। ਉਨ੍ਹਾਂ ਦੇ ਕਥਨ ਅਨੁਸਾਰ ਇਹ ਪਰਿਭਾਸ਼ਾ ਸਾਡੇ ਅਨੁਮਾਨਕ ਗਿਆਨ ‘ਤੇ ਲਾਗੂ ਨਹੀ ਹੁੰਦੀ, ਜਿਸ ਰਾਹੀਂ ਸਾਨੂੰ ਜਿਸ ਚੀਜ਼ ਦਾ ਗਿਆਨ ਹੁੰਦਾ ਹੈ ਜੋ ਜਾਂ ਤਾਂ ਭੂਤਕਾਲ ਵਿਚ ਵਿਧਮਾਨ ਸੀ, ਜਾਂ ਜੋ ਭਵਿੱਖ ਵਿਚ ਵਿਧਮਾਨ ਹੋਵੇਗੀ। ਅਸੀਂ ਕਿਸੇ ਚੀਜ਼ ਦੀ ਸਾਰਥਕਤਾ ਨੂੰ ਸਿਰਫ ਵਰਤਮਾਨ ਕਾਲ ਵਿਚ ਹੀ ਪਰਖ ਸਕਦੇ ਹਾਂ। ਭੂਤਕਾਲ ਜਾਂ ਭਵਿੱਖ ਵਿਚ ਅਨੁਮਾਨਤ ਕੀਤੀ ਹੋਈ ਚੀਜ਼ ਦੀ ਵੈਧਤਾ ਸਾਬਤ ਨਹੀ ਕਰ ਸਕਦੇ ਕਿਉਂਕਿ ਉਹ ਵਿਹਾਰਕ ਤੌਰ ‘ਤੇ ਕ੍ਰਿਆਸ਼ੀਲ ਨਹੀ ਹੋ ਸਕਦੀ। ਅਰਥਾਤ ਉਸਦੀ ‘ਅਰਥ-ਕ੍ਰਿਆ ਸਮਰਥਾ’ ਦੀ ਭੂਤ ਜਾਂ ਭਵਿੱਖ ਵਿਚ ਸਥਾਪਨਾ ਨਹੀ ਕੀਤੀ ਜਾ ਸਕਦੀ।

ਅਨੁਮਾਨ
ਵਰਦਰਾਜ ਅਨੁਸਾਰ ਅਨੁਮਾਨ ਕਿਸੇ ਚੀਜ਼ ਦਾ ਉਹ ਗਿਆਨ ਹੈ ਜੋ ਉਸ ਚੀਜ਼ ਦੇ ਕਿਸੇ ਹੋਰ ਚੀਜ਼ ਨਾਲ ‘ਅਟੱਲ ਸਹਿਹੋਂਦ’ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਇਸ ਅਟੱਲ ਸਹਿਹੋਂਦ ਨੂੰ ਵਿਆਪਤੀ  ਕਿਹਾ ਜਾਂਦਾ ਹੈ। ਇਸ ਨੂੰ ਕਈ ਬਾਰ ਅਵਿਨਾਭਾਵ  (ਅਨਿੱਖੜਤਾਪਣ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਉਹ ਸੰਬੰਧ ਹੈ ਜੋ ਕਿਸੇ ਪਰਿਸਥਿਤੀ ਉੱਪਰ ਨਿਰਭਰ ਨਹੀ ਕਰਦਾ, ਅਰਥਾਤ ਇਹ ਸੰਬੰਧ ‘ਉਪਾਧਿ-ਰਹਿਤ’ ਹੁੰਦਾ ਹੈ। ਨੈਯਾਯਿਕਾਂ ਦਾ ਇਹ ਮੰਨਣਾ ਹੈ ਕਿ ਵਿਆਪਤੀ  ਦਾ ਮੁੱਖ ਆਧਾਰ ਦੋ ਚੀਜ਼ਾਂ ਦੀ ਪਰਸਪਰ ਉਪਸਥਿਤੀ  ਅਤੇ ਅਨ-ਉਪਸਥਿਤੀ  ਦੀ ਸਮਰੂਪੀ ਅਨੁਸਾਰਤਾ ‘ਤੇ ਨਿਰਭਰ ਕਰਦਾ ਹੈ। ਜੈਸੇ, ਧੂੰਏ ਦਾ ਅੱਗ ਨਾਲ ‘ਵਿਆਪਤੀ’ ਵਾਲਾ ਸੰਬੰਧ ਹੈ, ਕਿਉਂਕਿ 'ਜਿੱਥੇ ਧੂੰਆ ਹੈ ਉੱਥੇ ਅੱਗ ਹੈ' (ਉਪਸਥਿਤੀ) ਅਤੇ 'ਜਿੱਥੇ ਅੱਗ ਨਹੀ ਹੈ ਉੱਥੇ ਧੂੰਆ ਵੀ ਨਹੀ ਹੈ' (ਅਨ-ਉਪਸਥਿਤੀ)। ਇਸ ਦੇ ਉਲਟ ਬੋਧੀਆਂ ਦਾ ਦਾਅਵਾ ਹੈ ਕਿ ਦੋ ਚੀਜ਼ਾਂ ਦਾ ‘ਵਿਆਪਤੀ’ ਵਾਲਾ ਸੰਬੰਧ ਅਸਲ ਵਿਚ ਉਨ੍ਹਾਂ ਦੇ ਪਰਸਪਰ ਕਾਰਣ  ਅਤੇ ਕਾਰਜ  ਜਾਂ ਤਾਤਵਿਕ ਸਮਰੂਪਤਾ  ਵਾਲੇ ਸੰਬੰਧਾਂ ਨਾਲ ਜੁੜਿਆ ਹੋਇਆ ਹੈ, ਜੈਸੇ 'ਬਾਰਸ਼ ਹੋਈ ਹੈ', ਕਿਉਂਕਿ ਆਕਾਸ਼ ਵਿਚ ਬੱਦਲ ਹਨ (ਇੱਥੇ ਬੱਦਲ, ਬਾਰਸ਼ ਦਾ ਕਾਰਣ  ਹਨ)।

ਵਰਦਰਾਜ ਇਸ ਦਾਅਵੇ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ ਕਹਿੰਦੇ ਹਨ ਕਿ ਇਹ ਪਰਿਭਾਸ਼ਾ ਨਿਰਅਧਿਸ਼ਠਾਨ ਹੈ। ਪਰ ਇਸ ਅਸਹਿਮਤੀ ਨੂੰ ਜ਼ਾਹਰ ਕਰਦੇ ਹੋਏ ਜੋ ਦ੍ਰਿਸ਼ਟਾਂਤ ਉਹ ਦਿੰਦੇ ਹਨ ਉਸ ਵਿਚ ਵੀ ਕੋਈ ਪ੍ਰਭਾਵਸ਼ਾਲੀ ਜਾਂ ਦਲੀਲਮਈ ਤੱਤ ਨਹੀ ਹੈ। ਉਹ ਕਹਿੰਦੇ ਹਨ:  ਅਸੀਂ ਸੰਤਰੇ ਦੇ ਰੂਪ ਦਾ ਅਨੁਮਾਨ ਉਸਦੇ ਸੁਆਦ ਤੋਂ ਲਗਾਉਂਦੇ ਹਾਂ, ਪ੍ਰੰਤੂ ਰੂਪ  ਅਤੇ ਸੁਆਦ  ਵਿਚ ਨਾ ਤਾਂ ਕਾਰਣਯਕਾਰਜ  ਅਤੇ ਨਾ ਹੀ ਤਾਤਵਿਕ ਸਮਰੂਪਤਾ  ਵਾਲਾ ਸੰਬੰਧ ਹੈ।

ਅਵਯਵ
ਇਸ ਵਿਸ਼ੇ ‘ਤੇ ਚਰਚਾ ਕਰਦੇ ਹੋਏ ਵਰਦਰਾਜ ਮੀਮਾਂਸਕਾਂ ਦੇ ਤਿੰਨ ਅੰਸ਼ੀ ਅਵਯਵ (ਤਰਕਵਾਕ) ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਇਸ ਵਿਚ ਉਦਾਹਰਣ ਅਰੰਭ ਵਿਚ ਜਾਂ ਅੰਤ ‘ਤੇ ਦਿੱਤੀ ਜਾ ਸਕਦੀ ਹੈ, ਜੈਸੇ

ਜੋ ਧੂੰਆਮਈ ਹੈ, ਉਹ ਅਗਨਮਈ ਹੈ, ਰਸੋਈ ਵਾਂਗ
ਪਰਬਤ ਧੂੰਆਮਈ ਹੈ,

ਇਸ ਲਈ ਪਰਬਤ ਅਗਨਮਈ ਹੈ।

ਜਾਂ

ਪਰਬਤ ਅਗਨਮਈ ਹੈ,
ਕਿਉਂਕਿ ਇਹ ਧੂੰਆਮਈ ਹੈ,
ਜੋ ਧੂੰਆਮਈ ਹੈ, ਉਹ ਅਗਨਮਈ ਹੈ, ਰਸੋਈ ਵਾਂਗ।

ਉਹ ਕਹਿੰਦੇ ਹਨ ਕਿ ਬੋਧੀ (ਸੌਗਤ ਸੰਪ੍ਰਦਾਇ) ਸਿਰਫ ਦੋ ਅਵਯਵ ਦਾ ਤਰਕਵਾਕ ਹੀ ਮੰਨਦੇ ਹਨ, ਅਰਥਾਤ ਉਦਾਹਰਣ  ਅਤੇ ਪ੍ਰਯੋਗ  (ਵਰਤੋਂ) ਜਿਸ ਦਾ ਰੂਪ ਹੈ,

ਜੋ ਵੀ ਧੂੰਆਮਈ ਹੈ, ਅਗਨਮਈ ਹੈ, ਰਸੋਈ ਵਾਂਗ
ਇਹ ਪਰਬਤ ਧੂੰਆਮਈ ਹੈ।

ਲਿੰਗ (ਚਿੰਨ੍ਹ)
ਲਿੰਗ ਜਾਂ ਹੇਤੁ, ਜਿਸ ਦਾ ਸਾਧ੍ਯ ਨਾਲ ‘ਵਿਆਪਤੀ’ ਵਾਲਾ ਸੰਬੰਧ ਹੈ, ਦੇ ਪੰਜ ਵਿਸੇਸ਼ ਗੁਣ (ਲੱਛਣ) ਹਨ:

 1. ਪਕਸ਼ਧਰਮਤਾ: ਲਿੰਗ ਦਾ ਪਕਸ਼ ਜਾਂ ਵਿਸ਼ੇ ਵਿਚ ਉਪਸਥਿਤ ਹੋਣਾ, ਜੈਸੇ “ਪਰਬਤ ਵਿਚ ਧੂੰਆ ਹੈ” (ਇੱਥੇ ‘ਪਰਬਤ’ ਪਕਸ਼ ਹੈ ਅਤੇ ‘ਧੂੰਆ’ ਲਿੰਗ ਹੈ।
 2. ਸਪਕਸ਼ ਸੱਤਵਮ: ਲਿੰਗ ਦਾ ਸਪਕਸ਼ (ਸਪੱਖ) ਵਿਚ ਉਪਸਥਿਤ ਹੋਣਾ, ਜੈਸੇ “ਜਿਸ ਵਿਚ ਧੂੰਆ ਹੈ ਉਸ ਵਿਚ ਅੱਗ ਹੈ, ਰਸੋਈ ਵਾਂਗ”। ਇੱਥੇ ‘ਰਸੋਈ’ ਸਪਕਸ਼ ਹੈ)
 3. ਵਿਪਕਸ਼ ਅਸੱਤਵਮ: ਲਿੰਗ ਦਾ ਵਿਪਕਸ਼ (ਵਿਪੱਖ) ਦੇ ਵਿਚ ਨਾ ਉਪਸਥਿਤ ਹੋਣਾ, ਜੈਸੇ ‘ਜਿਸ ਵਿਚ ਅੱਗ ਨਹੀ ਹੈ ਉਸ ਵਿਚ ਧੂੰਆ ਵੀ ਨਹੀ ਹੈ, ਝੀਲ ਵਾਂਗ।‘
 4. ਅਬਾਧਿਤ ਵਿਸ਼ਯਤਵਮ: ਲਿੰਗ ਦਾ ਵਿਸ਼ੇ (ਪੱਖ) ਵਿਚ ਰੋਕਿਆ (ਬਾਧ) ਨਾ ਹੋਣਾ, ਜੈਸੇ ਧੂੰਏ ਦਾ ਪਰਬਤ ਉੱਪਰ ਹੋਣ ‘ਤੇ ਕੋਈ ਬਾਧਾ (ਵਿਘਨ) ਨਹੀ ਹੈ। ਅਰਥਾਤ ਐਸਾ ਕਾਰਣ ਨਹੀ ਹੈ ਕਿ ਧੂੰਆ ਪਰਬਤ ਉੱਪਰ ਨਹੀ ਹੋ ਸਕਦਾ।
 5. ਅਸੱਤਪ੍ਰਤਿਪਕਸ਼ਤਵਮ: ਕਿਸੇ ਹੋਰ ਵਿਰੋਧੀ ਲਿੰਗ ਦਾ ਉਪਸਥਿਤ ਨਾ ਹੋਣਾ, ਜੈਸੇ ਕੋਈ ਹੋਰ ਐਸੇ ਪ੍ਰਭਾਵ ਦਾ ਮੌਜੂਦ ਨਾ ਹੋਣਾ ਜੋ ਧੂੰਏ ਨੂੰ ਅੱਗ ਦਾ ਸਬੂਤ ਹੋਣ ਤੋਂ ਰੋਕ ਸਕੇ।

ਕਥਾ (ਵਾਦ-ਵਿਵਾਦ)
ਕਥਾ ਦੀ ਪਰਿਭਾਸ਼ਾ ਦਿੰਦੇ ਹੋਏ ਵਰਦਰਾਜ ਕਹਿੰਦੇ ਹਨ ਕਿ ਕਿਸੇ ਵਿਚਾਰਗੋਚਰ ਵਿਸ਼ੇ ‘ਤੇ ਨਿਰਣਾ ਲੈਣ ਲਈ ਇਕ ਤੋਂ ਜ਼ਿਆਦਾ ਪੁਰਖਾਂ ਰਾਹੀ ਕਹੇ ਗਏ ਵਾਕਾਂ ਨੂੰ ਕਥਾ ਕਿਹਾ ਜਾਂਦਾ ਹੈ। ਇਕ ਵਾਦ-ਪਰਿਸ਼ਦ  ਦੀਆਂ ਛੇ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

 1. ਕਿਸੇ ਪੱਖ (ਪਕਸ਼) ਅਤੇ ਉਸਦੇ ਸਬੂਤਾਂ ਬਾਰੇ ਨਿਯਮਾਂ ਦੀ ਲੜੀ,
 2. ਵਾਦ-ਵਿਵਾਦ ਕਰਨ ਦੀ ਵਿਧੀ,
 3. ਵਾਦੀ ਅਤੇ ਵਿਵਾਦੀ (ਪ੍ਰਤਿਵਾਦੀ) ਦੀ ਵਿਸ਼ਿਸ਼ਟਤਾ,
 4. ਸਭਾਪਤੀ ਅਤੇ ਪਰਿਸ਼ਦ ਦੇ ਸਦੱਸ (ਪਾਰਿਸ਼ਦ) ਦੀ ਚੋਣ,
 5. ਨਿਗ੍ਰਹਸਥਾਨ (ਹਾਰ ਦੀ ਥਾਂ ਜਾਂ ਹਾਰ ਦਾ ਨੁਕਤਾ) ਦੀ ਸਥਾਪਨਾ ਕਰਨਾ,
 6. ਵਾਦ ਨੂੰ ਸਮਾਪਤ ਕਰਨ ਦੀ ਅਵਸਥਾ ਬਾਰੇ ਸਹਿਮਤੀ।

ਜੇਕਰ ਵਾਦ ਨੂੰ ਅੰਕਿਤ ਕਰਨਾ (ਕਲਮਬੰਦ) ਕਰਨਾ ਹੋਵੇ ਤਾਂ ਇਕ ‘ਲੇਖਕ’ ਦੀ ਨਿਯੁਕਤੀ ਵਾਦੀ ਅਤੇ ਪ੍ਰਤਿਵਾਦੀ ਦੀ ਪ੍ਰਵਾਨਗੀ ਨਾਲ ਕੀਤੀ ਜਾਣੀ ਚਾਹੀਦੀ ਹੈ। ਵਾਦੀ ਅਤੇ ਪ੍ਰਤਿਵਾਦੀ ਸਿਆਣਪ ਅਤੇ ਵਿਦਵਤਾ ਵਿਚ ਬਰਾਬਰ ਦੇ ਹੋਣੇ ਚਾਹੀਦੇ ਹਨ। ਇਕ ਸਧਾਰਣ ਪੁਰਸ਼ (ਅਣਜਾਣ) ਅਤੇ ਮਾਹਰ (ਵਿਸ਼ੇਸ਼ੱਗ) ਦੇ ਵਿਚਕਾਰ ਵਾਦ-ਵਿਵਾਦ ਬੇਅਰਥ ਹੈ ਕਿਉਂਕਿ ਐਸੇ ਵਾਦ ਦਾ ਨਿਰਣਾ ਬਿਨਾ ਵਾਦਵਿਵਾਦ ਦੇ ਮਾਹਰ ਤੋਂ ਇਕੱਲੇ ਹੀ ਲਿਆ ਜਾ ਸਕਦਾ ਹੈ। ਪਰਿਸ਼ਦ ਦੇ ਸਦੱਸ (ਸਭ੍ਯ) ਵਾਦੀ ਅਤੇ ਪ੍ਰਤਿਵਾਦੀ ਨੂੰ ਪ੍ਰਵਾਨ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਵਿਚਕਾਰ ਕੋਈ ਪੱਖਪਾਤ ਜਾਂ ਘਿਰਣਾ ਦੀ ਭਾਵਨਾ ਨਹੀ ਹੋਣੀ ਚਾਹੀਦੀ। ਉਨ੍ਹਾਂ ਵਿਚ ਦੂਸਰਿਆਂ ਦੇ ਕਥਨਾਂ ਨੂੰ ਸਮਝਣ ਦੀ ਸਮਰਥਾ ਹੋਣੀ ਚਾਹੀਦੀ ਹੈ। ਉਨ੍ਹਾਂ ਦੀ ਗਿਣਤੀ ਟਾਂਕ ਅੰਕ ਅਤੇ ਘੱਟ ਤੋਂ ਘੱਟ ਤਿੰਨ ਹੋਣੀ ਚਾਹੀਦੀ ਹੈ। ਵਾਦਵਿਵਾਦ ਨੂੰ ਕਾਬੂ (ਨਿਯੰਤ੍ਰਣ) ਵਿਚ ਰੱਖਣਾ ਉਨ੍ਹਾਂ ਦਾ ਕਰਤੱਵ ਹੈ। ਉਨ੍ਹਾਂ ਦੇ ਕਰਤੱਵ ਵਾਦਵਿਵਾਦ ਨੂੰ ਕਾਬੂ (ਨਿਯੰਤ੍ਰਣ) ਵਿਚ ਰੱਖਣਾ, ਵਾਦ ਦੀਆਂ ਖੂਬੀਆਂ ਅਤੇ ਕਮੀਆਂ ਨੂੰ ਦਰਸਾਉਣਾ, ਹੱਲਾਸ਼ੇਰੀ ਦੇਣਾ ਆਦਿ ਹਨ।

ਸਭਾਪਤੀ  ਵਾਦੀ, ਪ੍ਰਤਿਵਾਦੀ ਅਤੇ ਸਭ੍ਯ ਨੂੰ ਪ੍ਰਵਾਨ ਹੋਣਾ ਜ਼ਰੂਰੀ ਹੈ। ਉਸ ਵਿਚ ਕਿਸੇ ਪੱਖਪਾਤ ਅਤੇ ਘਿਰਣਾ ਦੀ ਭਾਵਨਾ ਨਹੀ ਹੋਣੀ ਚਾਹੀਦੀ ਅਤੇ ਇਸ ਦੇ ਨਾਲ ਨਾਲ ਉਸ ਵਿਚ ਤਰਫਦਾਰੀ ਅਤੇ ਨਰਾਜ਼ਗੀ ਜ਼ਾਹਰ ਕਰਨ ਦੀ ਕਾਬਲੀਅਤ ਹੋਣੀ ਵੀ ਲਾਜ਼ਮੀ ਹੈ। ਉਸ ਦਾ ਕਰਤੱਵ ਹੈ ਕਿ ‘ਕਥਾ’ ਸਮਾਪਤ ਹੋਣ ‘ਤੇ ਉਹ ਪਰਿਸ਼ਦ ਵਿਚ ‘ਕਥਾ’ ਦੇ ਸਿੱਟੇ ਦਾ ਐਲਾਨ ਕਰੇ।

ਕਥਾ ਤਿੰਨ ਪ੍ਰਕਾਰ ਦੀ ਮੰਨੀ ਗਈ ਹੈ: (1) ਵਾਦ, ਜਿਸ ਵਿਚ ਵਾਰਤਾਲਾਪ ਜਾਂ ਵਿਚਾਰ-ਵਿਮਰਸ਼ ਕੀਤਾ ਜਾਂਦਾ ਹੈ, (2) ਜਲਪ, ਜਿਸ ਵਿਚ ਤਕਰਾਰ ਜਾਂ ਬਹਿਸ ਕੀਤੀ ਜਾਂਦੀ ਹੈ, (3) ਵਿਤੰਡਾ, ਜਿਸ ਵਿਚ ਬੇਲੋੜੇ ਨੁਕਸ ਛਾਂਟੇ ਜਾਂਦੇ ਹਨ ਅਤੇ ਆਪਣੇ ਪੱਖ ਨੂੰ ਕਾਇਮ ਕੀਤੇ ਬਿਨਾ ਹੀ ਦੂਸਰੇ ਦੇ ਪੱਖ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਵਿਤੰਡਾ ਨੂੰ ਨਿਗ੍ਰਹਸਥਾਨ ਸਥਾਪਤ ਕਰਕੇ ਸਮਾਪਤ ਕੀਤਾ ਜਾ ਸਕਦਾ ਹੈ। ਇਕ ‘ਵਾਦ’ ਉਸ ਵੇਲੇ ਖਤਮ ਹੋ ਜਾਂਦਾ ਹੈ ਜਦੋਂ ਵਿਰੋਧੀ ਧਿਰ ਦੂਸਰੇ ਦੀ ਦਲੀਲ ਵਿਚ ਵਿਤਰਕ ਜਾਂ ‘ਹੇਤਵਾਭਾਸ’ ਸਾਬਤ ਕਰ ਦੇਵੇ। ‘ਵਾਦ’ ਵਿਚ ਵਰਦਰਾਜ ਸੱਤ ਤਰ੍ਹਾ ਦੇ ਨਿਗ੍ਰਹਸਤਾਨ ਦਾ ਵਰਣਨ ਕਰਦੇ ਹਨ: (1) ਬਹੁਤ ਥੋੜਾ ਬੋਲਣਾ, (2) ਬਹੁਤ ਜ਼ਿਆਦਾ ਬੋਲਣਾ, (3) ਮਤੇ ਤੋਂ ਥਿੜਕਣਾ, (4) ਪ੍ਰਸਤਾਵ ਦਾ ਵਿਰੋਧ ਕਰਨਾ, (5) ਚੁੱਪ ਰਹਿਣਾ, (6) ਇਕ ਹੀ ਗੱਲ ਨੂੰ ਦੁਹਰਾਉਣਾ, ਅਤੇ  (7) ਬੇਮੌਕੇ ਦੀ ਗੱਲ ਕਰਨਾ।

ਤਾਰਕਿਕਰਕਸ਼ਾ ਉੱਪਰ ਟਿੱਪਣੀਆਂ
ਸਾਰਸੰਗ੍ਰਹਿ: ਇਹ ਟੀਕਾ ਵਰਦਰਾਜ ਦੀ ਆਪਣੀ ਹੀ ਲਿਖਤ ਹੈ।
ਲਘੁਦੀਪਿਕਾ: ਇਸ ਟੀਕਾ ਦੇ ਲੇਖਕ ਦਾ ਨਾਮ ਗਿਆਨਪੂਰਣ ਹੈ ਜਿਸ ਦਾ ਜੀਵਨਕਾਲ ਲਗਪਗ 1200 ਈ ਮੰਨਿਆ ਜਾਂਦਾ ਹੈ।
ਨਿਸ਼ਕੰਟਕਾ: ‘ਕੰਡਾ-ਰਹਿਤ’, ਇਹ ਟੀਕਾ ਰਿਸ਼ੀ ਮੱਲੀਨਾਥ ਦੀ ਰਚਨਾ ਹੈ ਜਿਸ ਦਾ ਜੀਵਨਕਾਲ 14ਵੀ ਈਸਵੀ ਮੰਨਿਆ ਗਿਆ ਹੈ।

ਕੇਸ਼ਵ ਮਿਸ਼ਰ (ਲਗਪਗ 1275 ਈ)
ਮਿਥਲਾ ਦੇ ਵਾਸੀ ਕੇਸ਼ਵ ਮਿਸ਼ਰ ਨੇ ‘ਤਰਕਭਾਸ਼ਾ’ ਨਾਮੀ ਗ੍ਰੰਥ ਲਿਖਿਆ। ਇਸ ਤੋਂ ਬਾਅਦ ਰਚੀਆਂ ਗਈਆਂ ਟਿੱਪਣੀਆਂ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਕੇਸ਼ਵ ਮਿਸ਼ਰ ਦਾ ਜੀਵਨਕਾਲ ਈਸਵੀ ਸੰਨ ਦੀ 13ਵੀ ਸਦੀ ਦੇ ਆਖਰੀ ਸਾਲਾਂ ਦਾ ਹੈ।

ਤਰਕਭਾਸ਼ਾ - ਕੇਸ਼ਵ ਮਿਸ਼ਰ
ਤਰਕਭਾਸ਼ਾ, ਅਰਥਾਤ ਤਰਕ ਦੀ ਭਾਸ਼ਾ ਜਾਂ ਸੰਗ੍ਯਾ। ਇਸ ਰਚਨਾ ਦਾ ਅਰੰਭ ਕੇਸ਼ਵ ਮਿਸ਼ਰ ਇਸ ਵਾਕ ਨਾਲ ਕਰਦੇ ਹਨ: “ਮੈ, ਸੰਖੇਪ ਦਲੀਲਾਂ ਨਾਲ ਭਰਪੂਰ, ਇਹ ਤਰਕਭਾਸ਼ਾ ਲਿਖ ਰਿਹਾ ਹਾਂ ਤਾਂ ਕਿ ਮੂੜ੍ਹ ਮੱਤ ਵਾਲੇ ਲੋਕ ਵੀ ਤਰਕਸ਼ਾਸਤਰ ਦੀਆਂ ਬਰੀਕੀਆਂ ਨੂੰ ਚੰਗੀ ਤਰ੍ਹਾ ਸਮਝ ਸਕਣ।“

ਹੋਰ ਗ੍ਰੰਥਾਂ ਦੀ ਤਰ੍ਹਾ ‘ਤਰਕਭਾਸ਼ਾ’ ਵੀ ਨਿਆਇ ਦੇ ਸੋਲਾਂ ਪਦਾਰਥਾਂ ਸੰਬੰਧਿਤ ਚਰਚਾ ਕਰਦੀ ਹੈ। ਇਹ ਹਨ: ਪ੍ਰਮਾਣ, ਪ੍ਰਮੇਯ, ਸੰਸ਼ਯ, ਪ੍ਰਯੋਜਨਾ, ਦ੍ਰਿਸ਼ਟਾਂਤ, ਸਿਧਾਂਤ, ਅਵਯਵ, ਤਰਕ, ਨਿਰਣਾ, ਵਾਦ, ਜਲਪ, ਵਿਤੰਡਾ, ਹੇਤਵਾਬਾਸ, ਛਲ, ਜਾਤਿ ਅਤੇ ਨਿਗ੍ਰਹਿਸਥਾਨ।

ਪ੍ਰਮੇਯ ਪਦਾਰਥ ਦੀ ਚਰਚਾ ਕਰਦੇ ਹੋਏ ਉਹ ਇਨ੍ਹਾਂ ਵਿਸ਼ਿਆਂ ਨੂੰ ਵੀ ਸ਼ਾਮਲ ਕਰਦੇ ਹਨ: ਆਤਮਾ, ਬੁੱਧੀ, ਮਨ, ਪ੍ਰਵ੍ਰਿੱਤੀ, ਦੋਸ਼, ਪ੍ਰੇਤਯਭਾਵ, ਫਲ, ਦੁੱਖ ਅਤੇ ਅਪਵਰਗ। ਨਿਆਇਸੂਤ੍ਰ ਵਿਚ ‘ਅਰਥ’ ਤੋਂ ਭਾਵ ਹੈ ਇੰਦ੍ਰੀਆਂ ਦੇ ਪੰਜ ਪਦਾਰਥ, ਅਰਥਾਤ (1) ਗੰਧ, (2) ਰਸ, (3) ਰੂਪ, (4) ਸਪਰਸ਼, (5) ਸ਼ਬਦ (ਆਵਾਜ਼ ਜਾਂ ਸ੍ਵਰ)।

ਵੈਸੇਸ਼ਕ ਦੇ ਪਦਾਰਥਾਂ ਨੂੰ ਨਿਆਇ ਵਿਚ ਸ਼ਾਮਲ ਕਰਨ ਲਈ ‘ਅਰਥ’ ਦਾ ਭਾਵ, ਕੇਸ਼ਵ ਮਿਸ਼ਰ, ਇਸ ਪ੍ਰਕਾਰ ਲੈਂਦੇ ਹਨ: (1) ਦ੍ਰਵ, (2) ਗੁਣ, (3) ਕਰਮ, (4) ਸਾਮਾਨ੍ਯ, (5) ਵਿਸ਼ੇਸ਼, ਅਤੇ (6) ਸਮਵਾਯ।

ਕਰਣ
‘ਪ੍ਰਮਾਣ’ ਵਿਚ ਸ਼ਾਮਲ ਕਰਦੇ ਹੋਏ ਕੇਸ਼ਵ ਮਿਸ਼ਰ ‘ਕਰਣ’ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੰਦੇ ਹਨ: “ਕਰਣ ਉਹ ਕਾਰਣ ਹੈ ਜਿਸ ਨਾਲ ਸਿੱਟੇ ਦੀ ਪ੍ਰਾਪਤੀ ਅਸਰਦਾਰ ਸਾਬਤ ਹੁੰਦੀ ਹੈ।“ ਅਰਥਾਤ ਇੱਛਾ ਅਨੁਸਾਰ ਨਤੀਜਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦੇ ਪ੍ਰਸੰਗ ਵਿਚ, ਇਕ ਚੀਜ਼ ਨੂੰ ਹੋਰ ਚੀਜ਼ ਦਾ ਕਾਰਣ ਇਸ ਲਈ ਕਿਹਾ ਜਾਂਦਾ ਹੈ ਜੇਕਰ ਇਹ ਪਿਛਲੇਰੀ ਚੀਜ਼ ਦੀ ਲਾਜ਼ਮੀ (ਅਨਿਵਾਰੀ) ਪੂਰਬਵਰਤੀ (ਪਹਿਲੀ) ਚੀਜ਼ ਹੋਵੇ ਅਤੇ ਹੋਰ ਕੋਈ ਚੀਜ਼ ਪੈਦਾ ਨਾ ਕਰਦੀ ਹੋਵੇ। ਜੈਸੇ, ਧਾਗਾ (ਪੂਰਬਵਰਤੀ ਚੀਜ਼) ਕੱਪੜੇ (ਪਿਛਲੇਰੀ ਚੀਜ਼) ਦਾ ਕਾਰਣ ਬਣਦਾ ਹੈ। ਮੰਨ ਲਓ ਕਿ ਕੱਪੜਾ ਬਣਾਉਣ ਵੇਲੇ ਉਸ ਜਗ੍ਹਾ ਖੋਤਾ ਮੌਜੂਦ ਸੀ, ਇਹ ਕੱਪੜੇ ਦਾ ਕਾਰਣ ਨਹੀ ਹੈ ਕਿਉਂਕਿ ਇਹ ਬੇਲੋੜੀ ਪੂਰਬਵਰਤੀ ਚੀਜ਼ ਹੈ। ਇਸ ਸੰਦਰਭ ਵਿਚ ਕਾਰਜ  (ਕਾਰਯ) ਕਿਸੇ ਕਾਰਣ  ਦਾ ਲਾਜ਼ਮੀ (ਅਨਿਵਾਰੀ) ਪਰਿਣਾਮ ਹੁੰਦਾ ਹੈ। ਅਰਥਾਤ ਕੱਪੜਾ ਧਾਗੇ ਦਾ ‘ਕਾਰਜ’ ਹੈ।

ਆਧੁਨਿਕ ਵਿਗਿਆਨਕ ਅਨਵੇਸ਼ਣ ਵਿਚ ਬੇਲੋੜੀਆਂ ਪੂਰਬਵਰਤੀ ਘਟਨਾਵਾਂ ਨੂੰ ਅਲਗ ਕਰਕੇ ਅਸਲੀ ‘ਕਾਰਣ’ ਦੀ ਪਛਾਣ ਕਰਨਾ ਇਕ ਮਹੱਤਵਪੂਰਣ, ਘੋਰ ਮਿਹਨਤ ਅਤੇ ਸਿਰੜ ਦਾ ਕੰਮ ਮੰਨਿਆ ਜਾਂਦਾ ਹੈ। ਖੋਜਕਾਰ ਆਮ ਤੌਰ ‘ਤੇ ਸਿਰੜੀ ਜ਼ਿਆਦਾ ਅਤੇ ਪ੍ਰੇਰਣਾਤਮਕ ਘੱਟ ਹੁੰਦੇ ਹਨ। ਪ੍ਰਸੰਗਕ ਨੂੰ ਅਪ੍ਰਸੰਗਕ ਘਟਨਾਵਾਂ ਤੋਂ ਜੁਦਾ ਕਰਨ ਵਿਚ ਉਹ ਬੜੇ ਕਾਬਲ ਹੁੰਦੇ ਹਨ। ਇਹ ਕਾਬਲੀਅਤ ਉਨ੍ਹਾਂ ਦੇ ਵਿਹਾਰਕ ਤਜਰਬਿਆਂ ਤੋਂ ਪੈਦਾ ਹੁੰਦੀ ਹੈ।

ਕਾਰਣ
ਕਾਰਣ ਤਿੰਨ ਪ੍ਰਕਾਰ ਦਾ ਹੁੰਦਾ ਹੈ: ਸਮਵਾਯੀ  ਕਾਰਣ, ਅਸਮਵਾਯੀ  ਕਾਰਣ ਅਤੇ ਨਿਮਿੱਤ  ਕਾਰਣ।

 1. ਸਮਵਾਯੀ ਕਾਰਣ:  ਇਹ ਉਹ ਕਾਰਣ ਹੈ ਜਿਸ ਵਿਚ ਕਾਰਜ ਮੌਜੂਦ ਹੋਵੇ, ਅਰਥਾਤ ਸਮਵਾਯ ਹੋਵੇ। ਇਸ ਨੂੰ ਭੌਤਿਕ ਕਾਰਣ ਜਾਂ ਉਪਾਦਾਨ ਕਾਰਣ ਵੀ ਕਿਹਾ ਜਾਂਦਾ ਹੈ ਕਿਉਂਕਿ ਕਾਰਣ ਦੀ ਭੌਤਿਕ ਵਸਤੂ ਤੋਂ ਹੀ ਕਾਰਜ ਪੈਦਾ ਹੁੰਦਾ ਹੈ। ਜੈਸੇ, ਧਾਗਾ ਕੱਪੜੇ ਦਾ ਸਮਵਾਯੀ ਕਾਰਣ ਹੈ। ਸਮਵਾਯ, ਦੋ ਚੀਜ਼ਾਂ ਦਾ ਉਹ ਸੰਬੰਧ ਹੈ ਜਿਸ ਵਿਚ ਇਕ ਚੀਜ਼ ਦੂਸਰੀ ਵਿਚ ਨਿਰੰਤਰ ਸਮਾਈ ਰਹਿੰਦੀ ਹੈ, ਜਿੱਨਾ ਚਿਰ ਕਿ ਉਹ ਨਸ਼ਟ ਨਹੀ ਹੋ ਜਾਂਦੀ। ਅਖੰਡ (ਸੰਪੂਰਣ) ਵਸਤੂ ਅਤੇ ਉਸਦੇ ਖੰਡ (ਭਾਗ ਜਾਂ ਅੰਸ਼), ਵਸਤੂ ਅਤੇ ਉਸ ਦੇ ਗੁਣ, ਕ੍ਰਿਆ ਅਤੇ ਕਰਤਾ, ਵਿਸ਼ੇਸ਼ ਅਤੇ ਜਾਤੀ ਇਹ ਸਭ ਸਮਵਾਯ ਸੰਬੰਧ ਹਨ।
 2. ਅਸਮਵਾਯੀ ਕਾਰਣ:  ਅਸਮਵਾਯੀ ਜਾਂ ਭੌਤਿਕ ਕਾਰਣ ਉਹ ਹੈ ਜੋ ਭੌਤਿਕ ਕਾਰਣ ਵਿਚ ਮੌਜੂਦ ਹੁੰਦਾ ਹੈ ਅਤੇ ਕਾਰਜ ਦਾ ਸਾਧਕ ਹੁੰਦਾ ਹੈ। ਜੈਸੇ, ਧਾਗਿਆਂ ਦਾ ਆਪਸੀ ਮੇਲ  ਕੱਪੜੇ ਦਾ ਅਸਮਵਾਯੀ ਕਾਰਣ ਬਣਦਾ ਹੈ। ਇਸੇ ਤਰ੍ਹਾ ਧਾਗਿਆਂ ਦਾ ਰੰਗ ਕੱਪੜੇ ਦੇ ਰੰਗ ਦਾ ਅਸਮਵਾਯੀ ਕਾਰਣ ਹੈ। ਰੰਗ, ਧਾਗਿਆਂ ਦਾ ਸਮਵਾਯ ਸੰਬੰਧ ਹੈ।
 3. ਨਿਮਿੱਤ ਕਾਰਣ:  ਇਹ ਉਹ ਕਾਰਣ ਹੈ ਜੋ ਕਿਸੇ ਵਸਤੂ ਵਿਚ ਪਰਿਵਰਤਨ ਲਿਆਉਂਦਾ ਹੈ। ਜੈਸੇ, ਮੇਜ਼ ਦਾ ਨਿਮਿੱਤ ਕਾਰਣ ਤਰਖਾਣ ਹੈ; ਕੱਪੜੇ ਦਾ ਨਿਮਿੱਤ ਕਾਰਣ ਖੱਡੀ ਹੈ; ਅਤੇ ਚਿੱਤਰ ਦਾ ਨਿਮਿੱਤ ਕਾਰਣ ਚਿੱਤਰਕਾਰ ਹੈ।

ਪ੍ਰਤਿਅਕਸ਼ (ਪ੍ਰਤੱਖ)
ਕੇਸ਼ਵ ਮਿਸ਼ਰ ਅਨੁਸਾਰ ਪ੍ਰਤਿਅਕਸ਼ ਦੋ ਕਿਸਮ ਦਾ ਹੈ: ਨਿਰਵਿਕਲਪ  ਅਤੇ ਸਵਿਕਲਪ

ਬੋਧੀ ਤਾਰਕਿਕ ਸਿਰਫ ਨਿਰਵਿਕਲਪ  ਪ੍ਰਤੱਖ ਨੂੰ ਹੀ ਸਵੀਕਾਰ ਕਰਦੇ ਹਨ। ਉਨ੍ਹਾਂ ਦੇ ਮਤ ਅਨੁਸਾਰ ਸਾਡਾ ਪ੍ਰਤੱਖਣ ਨਿਸਚੈ ਹੀ ਨਿਰਵਿਕਲਪ ਅਤੇ ਵਿਸ਼ਿਸ਼ਟ ਹੁੰਦਾ ਹੈ; ਇਸ ਦਾ ‘ਵਿਸ਼ੇ-ਵਸਤੁ’ ਵਿਸ਼ੇਸ਼ ਹੈ, ਜੋ ਸਾਡੀਆਂ ਇੰਦ੍ਰੀਆਂ ਦੇ ਨਾਲ ਛੋਂਹਦਾ ਹੈ। ਉਨ੍ਹਾਂ ਅਨੁਸਾਰ ਸਵਿਕਲਪ  ਪ੍ਰਤੱਖਣ ਅਸੰਭਵ ਹੈ ਕਿਉਂਕਿ ਇਸ ਦੀ ‘ਵਿਸ਼ਾ-ਵਸਤੁ’ ਇਕ ਆਮ (ਸਾਮਾਨ੍ਯ) ਚੀਜ਼ ਹੁੰਦੀ ਹੈ ਜੋ ਸਾਡੀਆਂ ਇੰਦ੍ਰੀਆਂ ਦੇ ਨਾਲ ਛੁਹ ਨਹੀ ਸਕਦੀ। ਇਕ “ਵਿਸ਼ੇਸ਼” ਗਊ ਦਾ ਪ੍ਰਤੱਖਣ ਤਾਂ ਅਸੀਂ ਕਰ ਸਕਦੇ ਹਾਂ ਪ੍ਰੰਤੂ “ਆਮ” ਗਊ ਅਰਥਾਤ ਗਊਤਵ  ਦਾ ਪ੍ਰਤੱਖਣ ਅਸੰਭਵ ਹੈ। ਗਊਤਵ  ਇਕ ਜਾਤੀਗਤ ‘ਸੱਤਾ’ ਹੈ। ਜਾਤੀਵਾਚਕ ਜਾਂ ਸਧਾਰਣ ‘ਸੱਤਾ’ ਦਾ ਸਾਡੀ ਕਲਪਣਾ ਤੋਂ ਬਾਹਰ ਕੋਈ ਅਸਤਿੱਤਵ ਨਹੀ ਹੈ। ਇਹ ਇੰਦ੍ਰੀਆਂ ਦਾ ਨਹੀ ਬਲਕਿ ਸਾਡੀ ਬੁੱਧੀ ਦਾ ਵਿਸ਼ਾ ਹੈ; ਸਾਡੀ ਬੁੱਧੀ ਦਾ ਨਿਰਮਾਣ ਹੈ, ਕਲਪਿਤ ਨਿਚੋੜ ਹੈ।

ਜੇਕਰ ਜਾਤੀਗਤ ਗਊਤਵ  ਦਾ ਕੋਈ ਅਸਤਿੱਤਵ ਹੈ, ਤਾਂ ਸਿਰਫ ਇਸ ਵਿਚ ਹੀ ਹੈ ਕਿ ਇਸ ਦੀ ਪਰਿਭਾਸ਼ਾ ਇਸ ਪ੍ਰਕਾਰ ਹੀ ਦਿੱਤੀ ਜਾ ਸਕਦੀ ਹੈ, ਕਿ ਇਹ ਅਣ-ਗਊਤਵ  ਤੋਂ ਜੁਦਾ ਹੈ (ਭਾਵ ਗਊਤਵ  ਅਤੇ ਅਣ-ਗਊਤਵ  ਅਲਗ ਅਲਗ ਹਨ)। ਅਰਥਾਤ ਇਹ ਅਣ ਅਣ-ਗਊਤਵ  ਹੈ। ਭਾਵ ਇਹ ਘੋੜਾਤਵ  ਜਾਂ ਸ਼ੇਰਤਵ  ਨਹੀ ਹੈ। ਹੁਣ, ਜੇਕਰ ਅਸੀਂ ਗਊਤਵ  ਦਾ ਪ੍ਰਤੱਖਣ ਕਰਨ ਤੋਂ ਅਸਮਰਥ ਹਾਂ, ਜੋ ਕਿ ਆਮ ਸਾਰੀਆਂ ਗਊਆਂ ਨਾਲ ਸਬੰਧਿਤ ਹੈ, ਤਾਂ ਅਸੀਂ ਅਣ-ਗਊਤਵ  ਦਾ ਪ੍ਰਤੱਖਣ ਕਿਸ ਤਰ੍ਹਾ ਕਰ ਸਕਦੇ ਹਾਂ ਜੋ ਇਸ ਤੋਂ ਵੀ ਵਿਸ਼ਾਲ ਖੇਤਰ ਵਿਚ ਘਿਰਿਆ ਹੋਇਆ ਹੈ? ਬੋਧੀਆਂ ਦੇ ਇਸ ਵਿਰੋਧ (ਆਪੱਤੀ) ਦਾ ਜਵਾਬ ਕੇਸ਼ਵ ਇਹ ਕਹਿ ਕੇ ਦਿੰਦੇ ਹਨ ਕਿ ਇਕ ਵਿਸ਼ਿਸ਼ਟ ਵਸਤੁ ਦੀ ਤਰ੍ਹਾ, ‘ਜਾਤੀ’ ਵੀ ਇਕ ‘ਸੱਤਾ’ ਹੈ, ਇਸ ਤਰ੍ਹਾ ਇਹ ਵੀ ਸਾਡੀਆਂ ਇੰਦ੍ਰੀਆਂ ਨਾਲ ਛੁਹਣ ਦੇ ਕਾਬਲ ਹੈ।

ਅਨੁਮਾਨ
ਅਨੁਮਾਨ ਦਾ ਸੰਬੰਧ ਚਿਨ੍ਹ ਦੇ ਆਧਾਰ ‘ਤੇ ਵਿਚਾਰ (ਚਿੰਤਨ) ਕਰਨ ਨਾਲ ਹੈ। ਇਕ ਚਿੰਨ੍ਹ (ਜਾਂ ਲਿੰਗ) ਉਹ ਹੈ ਜੋ ਸਾਧ੍ਯ  ਵਲ, ਇਨ੍ਹਾਂ ਦੇ ਆਪਸੀ ਵਿਆਪਤੀ ਸੰਬੰਧ ਦੇ ਬਲ (ਸ਼ਕਤੀ) ਨਾਲ, ਇਸ਼ਾਰਾ ਕਰਦਾ ਹੈ। ਜੈਸੇ ਧੂੰਆ ਅੱਗ ਦਾ ਚਿੰਨ੍ਹ ਹੈ ਕਿਉਂਜੋ ਅੱਗ ਅਤੇ ਧੂੰਏ ਦਾ ਆਪਸੀ ਅਨਿੱਖੜਵਾਂ ਸੰਬੰਧ ਹੈ, ਭਾਵ “ਜਿੱਥੇ ਧੂੰਆ ਹੈ ਉੱਤੇ ਅੱਗ ਹੈ।“ ਇਸ ਵਿਚ ਪਰਾਮਰਸ ਯੋਗ ਦਲੀਲ ਇਹ ਹੈ ਕਿ ਜੋ ਚਿੰਨ੍ਹ ਸਾਧ੍ਯ ਵਿਚ ਜੌਜੂਦ ਹੈ ਉਹ ਵਿਸ਼ੇ ਵਿਚ ਵੀ ਸਥਿਰ ਹੈ। ਇਸ ਤਰ੍ਹਾ ਅਨੁਮਿਤੀ ਗਿਆਨ  ਉਹ ਹੈ ਜੋ ਐਸੇ ਪਰਾਮਰਸ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ, ਜੈਸੇ ‘ਇਸ ਪਰਬਤ ਉੱਪਰ ਅੱਗ ਹੈ, ਕਿਉਂਕਿ ਉੱਥੇ ਧੂੰਆ ਹੈ।‘ ਧੂੰਆ, ਅੱਗ ਨਾਲ ਵਿਆਪਤੀ ਸੰਬੰਧ ਰੱਖਦਾ ਹੈ। ਵਿਆਪਤੀ, ਸਾਧ੍ਯ  ਅਤੇ ਲਿੰਗ  ਵਿਚਕਾਰ ਨਿਰੰਤਰ ਸੰਬੰਧ ਹੈ। ਇਹ ਸੰਬੰਧ ਆਵੱਸ਼ਕ ਹੀ ਸੁਭਾਵਕ (ਪ੍ਰਕਿਰਤਕ) ਹੈ ਨਾ ਕਿ ਪ੍ਰਤਿਬੰਧਿਤ। ਅਰਥਾਤ ਇਹ ਸੰਬੰਧ ਹੋਰ ਸ਼ਰਤਾਂ ਜਾਂ ਪਰਿਸਥਿਤੀਆਂ ‘ਤੇ ਨਿਰਭਰ ਨਹੀ ਕਰਦਾ, ਮਤਲਬ ਇਹ ਔਪਾਧਿਕ (ਉਪਾਧਿ ਵਾਲਾ) ਨਹੀ ਹੈ।

ਉਪਮਾਨ (ਤੁਲਨਾ)
ਕਿਸੇ ਚੀਜ਼ ਬਾਰੇ ਗਿਆਨ, ਇਸ ਦੀ ਕਿਸੇ ਦੂਸਰੀ ਚੀਜ਼ ਦੀ ਸਮਰੂਪਤਾ ਦੇ ਆਧਾਰ ‘ਤੇ ਪ੍ਰਾਪਤ ਕਰਨਾ ਉਪਮਾਨ ਕਹਾਉਂਦਾ ਹੈ। ਇਹ ਤੁਲਨਾਤਮਕ ਅਨੁਮਾਨ ਹੈ। ਜੈਸੇ, ਕਿਸੇ ਨੇ ਇਹ ਸੁਣਿਆ ਹੋਵੇ ਕਿ ‘ਗਵਲ’ ਜਾਨਵਰ ਗਊ ਵਰਗਾ ਹੁੰਦਾ ਹੈ ਤਾਂ ਉਸ ਨੂੰ ਜੰਗਲ ਵਿਚ ਗਊ ਵਰਗਾ ਜਾਨਵਰ ਮਿਲ ਜਾਵੇ ਤਾਂ ਉਹ ਯਾਦ ਕਰਕੇ ਨਿਸਚੈ ਕਰ ਲਵੇ ਕਿ ਜੋ ਜਾਨਵਰ ਉਹ ਦੇਖ ਰਿਹਾ ਹੈ, ਗਵਲ  ਹੈ। ਇਹ ਗਿਆਨ ਅਨੁਰੂਪੀ ਗਿਆਨ ਹੈ, ਕਿਉਂਕਿ ਇਹ ਇਕ ਚੀਜ਼ ਦੇ ਦੂਸਰੀ ਚੀਜ਼ ਨਾਲ ਤੁਲਨਾ ਕਰਨ ਤੋਂ ਪੈਦਾ ਹੁੰਦਾ ਹੈ।

ਸ਼ਬਦ
ਕਿਸੇ ਭਰੋਸੇਯੋਗ ਵਿਅਕਤੀ ਦਾ ਕਿਹਾ ਹੋਇਆ ਸ਼ਬਦ ਵੀ ਗਿਆਨ ਦਾ ਸਾਧਨ ਬਣ ਸਕਦਾ ਹੈ, ਜੈਸੇ ਕਿ ਵੇਦਾਂ ਵਿਚ ਲਿਖੇ ਗਏ ਸ਼ਬਦ ਸਹੀ ਗਿਆਨ ਦੇ ਸਾਧਨ ਹਨ ਕਿਉਂਕਿ ਇਹ ਵੇਦ ਭਰੋਸੇਯੋਗ ਮਹਾਂਪੁਰਸ਼ਾਂ ਦੁਆਰਾ ਰਚੇ ਗਏ ਸਨ।

ਤਰਕਭਾਸ਼ ਉੱਪਰ ਟੀਕਾ
ਤਰਕਭਾਸ਼ ਉੱਪਰ ਅਨਗਿਣਤ ਟਿੱਪਣੀਆਂ ਲਿਖੀਆਂ ਗਈਆ ਹਨ: ਜੈਸੇ ਕਿ ਨਰਾਇਣ ਭੱਟ, ਗੁਣਦੁ ਭੱਟ, ਭੀਨੀ ਭੱਟ ਅਤੇ ਮੁਰਾਰੀ ਭੱਟ ਆਦਿ ਦੁਆਰਾ। ਨਿਮਨਲਿਖਤ ਟਿੱਣੀਆਂ ਵੀ ਕਾਫੀ ਮਸ਼ਹੂਰ ਹਨ: ਗੋਪੀਨਾਥ ਦੀ ਉਜਵਲਾ, ਰੋਮਵਿਲਵ ਵੈਂਕਟ ਬੁੱਧ ਦੀ ਤਰਕਭਾਸ਼ਾ ਭਾਵ, ਰਾਮ ਲਿੰਗ ਦੀ ਨਿਆਇ ਸੰਗ੍ਰਹਿ, ਮਾਧਵ ਦੇਵ ਦੀ ਸਾਰਮੰਜਰੀ, ਭਾਸਕਰ ਭੱਟ ਦੀ ਪਰਿਭਾਸ਼ਾ-ਦਰਪਨ, ਬਾਲ ਚੰਦਰ ਦੀ ਤਰਕਭਾਸ਼ਾ ਪ੍ਰਕਾਸ਼ਿਕਾ, ਨਾਗੇਸ਼ ਭੱਟ ਦੀ ਯੁਕਤੀਮੁਕਤਾਵਲੀ (1700 ਈ), ਚਿੱਨਾ ਭੱਟ ਦੀ ਤਰਕਭਾਸ਼ਾਪ੍ਰਕਾਸ਼ਿਕਾ (1390 ਈ), ਗੰਗੇਸ਼ ਦੀਕਸ਼ਤ ਦੀ ਤਰਕ ਪ੍ਰਬੋਧਨੀ, ਕੌਣਦੀਨਯ ਦੀਕਸ਼ਤ ਦੀ ਤਰਕਭਾਸ਼ਾ ਪ੍ਰਕਾਸ਼ਿਕਾ, ਕੇਸ਼ਵ ਭੱਟ ਦੀ ਤਰਕਦੀਪਿਕਾ, ਗੋਵਰਧਨ ਮਿਸ਼ਰ ਦੀ ਤਰਕਭਾਸ਼ਾ ਪ੍ਰਕਾਸ਼ਿਕਾ, ਗੌਰੀਕਾਂਤ ਸਰਵਭੌਮ ਦੀ ਤਰਕਭਾਸ਼ਾ ਪ੍ਰਕਾਸ਼ਿਕਾ ਅਤੇ ਵਿਸ਼ਵਕਰਮਾ ਦੀ ਨਿਆਇਪ੍ਰਦੀਪ

-------------

ਵੈਸ਼ੇਸ਼ਕ ਦਰਸ਼ਨ-ਸ਼ਾਸਤਰ ਦੇ ਵਿਸ਼ੇ ਉੱਪਰ ਅਨੇਕਾ ਪ੍ਰਕਰਣ ਲਿਖੇ ਗਏ ਜਿਨ੍ਹਾਂ ਵਿਚ ਨਿਆਇ ਤਰਕਸ਼ਾਸਤਰ ਦੇ ‘ਪ੍ਰਮਾਣ’ ਪਦਾਰਥ ਨੂੰ ਸ਼ਾਮਲ ਕੀਤਾ ਗਿਆ। ਅਗਲੀ ਕਿਸ਼ਤ ਵਿਚ ਅਸੀ ਇਨ੍ਹਾਂ ਪ੍ਰਕਰਣਾਂ ਦੀ ਚਰਚਾ ਕਰਾਂਗੇ।

... ਚਲਦਾ

15/03/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)
 

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com