ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਭਾਰਤੀ ਤਰਕ ਦਾ ਆਧੁਨਿਕ ਸੰਪ੍ਰਦਾਇ – ਨਿਆਇ ਪ੍ਰਕਰਣ - (3)

ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ ਪਦਾਰਥ “ਪ੍ਰਮਾਣ” ਦਾ ਸਮਾਵੇਸ਼

ਵੈਸ਼ੇਸ਼ਕ ਦਰਸ਼ਨ-ਸ਼ਾਸਤਰ ਦੇ ਵਿਸ਼ੇ ਉੱਪਰ ਅਨੇਕਾ ਪ੍ਰਕਰਣ ਲਿਖੇ ਗਏ ਜਿਨ੍ਹਾਂ ਵਿਚ ਨਿਆਇ ਦੇ ‘ਪ੍ਰਮਾਣ’ ਪਦਾਰਥ ਨੂੰ ਸ਼ਾਮਲ ਕੀਤਾ ਗਿਆ। ਕੁਝ ਇਕ ਪ੍ਰਕਰਣਾਂ ਵਿਚ ਪ੍ਰਮਾਣ ਨੂੰ ਵੈਸ਼ੇਸ਼ਕ ਦੇ ‘ਗੁਣ’ ਪਦਾਰਥ ਥੱਲੇ ਸ਼ਾਮਲ ਕੀਤਾ ਗਿਆ ਜਦ ਕਿ ਕੁੱਝ ਹੋਰਨਾ ਵਿਚ ਇਸ ਦੀ ਸ਼ਮੂਲੀਅਤ ‘ਆਤਮਾ’ ਦੇ ਵਿਸ਼ੇ ਥੱਲੇ ਕੀਤੀ ਗਈ, ਜੋ ‘ਦ੍ਰਵ’ ਪਦਾਰਥ ਦਾ ਹੀ ਇਕ ਅੰਗ ਮੰਨਿਆ ਜਾਂਦਾ ਸੀ। ਕਈ ਜੁਗਤੀਮਤ (ਅਤੀਨਿਪੁੰਨ) ਲੇਖਕਾਂ ਨੇ ਵੈਸ਼ੇਸ਼ਕ ਪਦਾਰਥਾਂ ਨੂੰ ‘ਪ੍ਰਮਾਣ’ ਨਾਲੋਂ ਅਲਗ ਰੱਖਦੇ ਹੋਏ ਇਨ੍ਹਾਂ ਦੀ ਚਰਚਾ ਵੱਖਰੇ ਕਾਂਡਾਂ ਵਿਚ ਕੀਤੀ। ਨਿਆਇ ਦੇ “ਪ੍ਰਮਾਣ” ਦੀ ਸ਼ਮੂਲੀਅਤ ਵਾਲੇ ਪ੍ਰਕਰਣ ਜ਼ਿਆਦਾ ਕਰਕੇ ਦਸਵੀਂ ਸਦੀ ਤੋਂ ਬਾਅਦ ਹੀ ਲਿਖੇ ਗਏ। ਵੱਲਭਾਚਾਰੀਆ ਨੇ ‘ਪ੍ਰਮਾਣ’ ਨੂੰ ਵੈਸ਼ੇਸ਼ਕ ਦੇ ‘ਗੁਣ’ ਪਦਾਰਥ ਵਿਚ ਸ਼ਾਮਲ ਕੀਤਾ।

ਵੱਲਭਾਚਾਰੀਆ (12ਵੀ ਸਦੀ ਈ)
ਵੱਲਭਾਚਾਰੀਆ ਦੇ ਵਿਗਸਣਕਾਲ ਦਾ ਸਹੀ ਅੰਦਾਜ਼ਾ ਲਗਾਉਣਾ ਬੜਾ ਮੁਸ਼ਕਲ ਹੈ। ਫਿਰ ਵੀ, ਵਿਦਿਆਭੂਸ਼ਣ, ਦੂਸਰੇ ਲਿਖਾਰੀਆਂ ਦੀਆਂ ਰਚਨਾਵਾਂ ਵਿਚ ਇਸ ਦੇ ਜ਼ਿਕਰ ਤੋਂ ਅੰਦਾਜ਼ਾ ਲਗਾਉਂਦੇ ਹਨ ਕਿ ਉਨ੍ਹਾਂ ਦਾ ਜੀਵਨਕਾਲ 12ਵੀ ਸਦੀ ਦਾ ਹੋ ਸਕਦਾ ਹੈ। ਆਪਣੀ ਕਿਰਤ “ਨਿਆਇਲੀਲਾਵਤੀ” ਵਿਚ ਵੱਲਭਆਚਾਰੀਆ ਧਰਮਕੀਰਤੀ, ਤੁਟਾਟੀ ਅਤੇ ਵਿਓਮਾਚਾਰੀਆ ਵਰਗੇ ਦਾਰਸ਼ਨਿਕਾਂ ਦਾ ਉਲੇਖ ਕਰਦੇ ਹਨ। ਇਸ ਦੇ ਨਾਲ ਨਾਲ ਉਹ ‘ਕਿਰਣਾਵਲੀ’ ਗ੍ਰੰਥ’ ਦੇ ਲੇਖਕ ਉਦੇਯਨਾਚਾਰੀਆ ਦਾ ਜ਼ਿਕਰ ਵੀ ਕਰਦੇ ਹਨ ਜਿਸ ਦਾ ਜੀਵਨਕਾਲ 984 ਈ ਦੇ ਇਰਦ ਗਿਰਦ ਦਾ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਕਿਉਂਕਿ ਉਹ ਭਾਸਰਵੱਗਿਆ ਅਤੇ ਭੂਸ਼ਣ ਦਾ ਜ਼ਿਕਰ ਵੀ ਕਰਦੇ ਹਨ, ਇਸ ਲਈ ਉਨ੍ਹਾਂ ਨੂੰ 10ਵੀ ਸਦੀ ਤੋਂ ਪਹਿਲਾ ਦਾ ਵਿਗਸਿਆ ਨਹੀ ਮੰਨਿਆ ਜਾ ਸਕਦਾ। ਤੇਰ੍ਹਵੀਂ ਸਦੀ ਵਿਚ ਰਿਸ਼ੀ ਵਰਧਮਾਨ ਉਪਾਧਿਆਏ ਨੇ, ਨਿਆਇਲੀਲਾਵਤੀ-ਪ੍ਰਕਾਸ਼  ਨਾਮੀ ਟੀਕਾ, ਵੱਲਭਾਚਾਰੀਆ ਦੀ ਰਚਨਾ ਨਿਆਇਲੀਲਾਵਤੀ  ਉੱਪਰ ਲਿਖੀ। ਇਸ ਆਧਾਰ ‘ਤੇ ਵੱਲਭਾਚਾਰੀਆ ਦਾ ਜੀਵਨਕਾਲ 13ਵੀਂ ਸਦੀ ਦਾ ਹੀ ਮੰਨਿਆ ਜਾ ਸਕਦਾ ਹੈ।

ਨਿਆਇਲੀਲਾਵਤੀ - ਵੱਲਭਾਚਾਰੀਆ
ਨਿਆਇਲੀਲਾਵਤੀ  ਮੁੱਖ ਤੌਰ ‘ਤੇ ਵੈਸੇਸ਼ਕ ਵਿਚਾਰਧਾਰਾ ਦਾ ਵਿਆਖਿਆਤਮਕ ਪ੍ਰਕਰਣ ਹੈ। ਇਹ ਵੈਸੇਸ਼ਕ ਦੇ ਛੇ ਪਦਾਰਥਾਂ ਬਾਰੇ ਚਰਚਾ ਕਰਦਾ ਹੈ: (1) ਦ੍ਰਵ, (2) ਗੁਣ, (3) ਕਰਮ (ਜਾਂ ਕ੍ਰਿਆ), (4) ਸਾਮਾਨ੍ਯ, (5) ਵਿਸੇਸ਼, ਅਤੇ (6) ਸਮਵਾਯ। ‘ਗੁਣ’ ਦੇ ਅੰਤਰਗਤ ‘ਬੁੱਧੀ’ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਸ ਦਾ ਵਿਭਾਜਨ ‘ਵਿਦਿਆ’ ਅਤੇ ‘ਅਵਿਦਿਆ’ ਵਿਚ ਕੀਤਾ ਗਿਆ ਹੈ। ਨਿਆਇ ਨੂੰ ਲੈ ਕੇ “ਵਿਦਿਆ” ਥੱਲੇ ਸਹੀ ਗਿਆਨ ਦੇ ਸਾਧਨ (ਜਾਂ ਪ੍ਰਮਾਣ) ਇਸ ਪ੍ਰਕਾਰ ਮੰਨੇ ਗਏ ਹਨ: (1) ਪ੍ਰਤਿਅਕਸ਼, (2) ਅਨੁਮਾਨ, (3) ਉਪਮਾਨ, ਅਤੇ (4) ਸ਼ਬਦ। ਅਰਥਾਪੱਤੀ, ਸੰਭਵ  ਅਤੇ ਇਤਿਹਾਯ  (ਪਰੰਪਰਾ) ਨੂੰ ਜੁਦੇ ਗਿਆਨ ਦੇ ਸਾਧਨ ਨਹੀ ਮੰਨਿਆ ਗਿਆ।

ਨਿਆਇਲੀਲਾਵਤੀ ਉੱਪਰ ਟੀਕਾ
ਨਿਆਇਲੀਲਾਵਤੀ ਉੱਪਰ ਲਿਖੀਆਂ ਗਈਆਂ ਟਿੱਪਣੀਆਂ ਇਸ ਪ੍ਰਕਾਰ ਹਨ:

 1. ਨਿਆਇਲੀਲਾਵਤੀਪ੍ਰਕਾਸ਼, ਵਰਧਮਾਨ ਉਪਾਧਿਆਏ, 1215 ਈ।
 2. ਨਿਆਇਲੀਲਾਵਤੀ ਦੀਧਿਤੀ , ਰਘੁਨਾਥ ਸ਼ਿਰੋਮਣੀ, 1500 ਈ।
 3. ਨਿਆਇਲੀਲਾਵਤੀ ਕੰਠਾਭਰਣ , ਸ਼ੰਕਰ ਮਿਸ਼ਰ, ਲਗਪਗ 1492 ਈ।
 4. ਨਿਆਇਲੀਲਾਵਤੀ ਪ੍ਰਕਾਸ਼ਵਿਵੇਕ, ਮਥੁਰਾਨਾਥ ਤਰਕਾਵਗੀਸ਼, ਲਗਪਗ 1570 ਈ।

ਅੰਨਮ ਭੱਟ (1623 ਈ)
ਅੰਨਮ ਭੱਟ ਦਾ ਉੱਚ ਕੋਟੀ ਦਾ ਵੈਸ਼ੇਸ਼ਕ ਪ੍ਰਕਰਣ “ਤਰਕਸੰਗ੍ਰਹਿ” ਹੈ, ਜਿਸ ਉੱਪਰ ਉਨ੍ਹਾਂ ਨੇ “ਦੀਪਿਕਾ” ਨਾਮੀ ਟੀਕਾ ਵੀ ਲਿਖੀ। ਇਹ ਦੋਨੋ ਗ੍ਰੰਥ ਮਿਲਾ ਕੇ “ਅੰਨਮਭੱਟੀਅਮ” ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ। ਉਦਯਨ ਦੇ ਗ੍ਰੰਥ “ਨਿਆਇਪਰਿਸ਼ਿਸ਼ਟ” ਉੱਪਰ ਟੀਕਾ “ਨਿਆਇਪਰਿਸ਼ਿਸ਼ਟ ਪ੍ਰਕਾਸ਼” ਵੀ ਅੰਨਮ ਭੱਟ ਦੀ ਰਚਨਾ ਹੀ ਮੰਨੀ ਜਾਂਦੀ ਹੈ। ਦੱਖਣੀ ਭਾਰਤ ਦੀ ਪਰੰਪਰਾ ਅਨੁਸਾਰ ਅੰਨਮ ਭੱਟ ਨੂੰ ਤੈਲਗੁ ਦੇਸ ਦਾ ਵਾਸੀ ਸਮਝਿਆ ਜਾਂਦਾ ਹੈ, ਜੋ ਕਿ 17ਵੀਂ ਸਦੀ ਦੇ ਸ਼ੁਰੂ ਵਿਚ ਬਨਾਰਸ ਆ ਕੇ ਵਸਿਆ।

ਤਰਕਸੰਗ੍ਰਹਿ - ਅੰਨਮ ਭੱਟ
ਪਰੰਪਰਾ ਦਾ ਪਾਲਣ ਕਰਦੇ ਹੋਏ ਅੰਨਮ ਭੱਟ ਤਰਕਸੰਗ੍ਰਹਿ ਦਾ ਅਰੰਭ ਸ਼ਿਵਾ ਦੇ ਪ੍ਰਣਾਮ ਨਾਲ ਕਰਦੇ ਹਨ। ਇਹ ਗ੍ਰੰਥ ਸੱਤ ਪਦਾਰਥਾਂ ਬਾਰੇ ਚਰਚਾ ਕਰਦਾ ਹੈ: (1) ਦ੍ਰਵ, (2) ਗੁਣ, (3) ਕਰਮ (ਕ੍ਰਿਆ), (4) ਸਾਮਾਨਯ, (5) ਵਿਸ਼ੇਸ਼, (6) ਸਮਵਾਯ, ਅਤੇ (7) ਅਭਾਵ (ਅਣਹੋਂਦ)। ‘ਗੁਣ’ ਨੂੰ ਚੌਵੀ ਕਿਸਮ ਦਾ ਦੱਸਿਆ ਗਿਆ ਹੈ ਜਿਨ੍ਹਾਂ ਵਿਚੋਂ ਬੁੱਧੀ ਇਕ ਹੈ। ਬੁੱਧੀ ਦੋ ਪ੍ਰਕਾਰ ਦੀ ਹੈ; ਅਨੁਭਵ ਅਤੇ ਸਿਮ੍ਰਿਤਿ

ਹਿਰਦੇ ਵਿਚ ਵਿਸ਼ਵ ਦੇ ਸੁਆਮੀ ਪਰਮਾਤਮਾ ਨੂੰ ਰੱਖ ਕੇ ਅਤੇ ਗੁਰੂ ਦੀ ਵੰਦਨਾ ਕਰਕੇ ਬਾਲਕਾਂ ਨੂੰ ਸੁੱਖਪੂਰਵਕ ਨਿਆਇ-ਪਦਾਰਥ ਦਾ ਬੋਧ ਕਰਾਉਣ ਲਈ ਤਰਕਸੰਗ੍ਰਹਿਨਾਮਕ ਗ੍ਰੰਥ ਦੀ ਰਚਨਾ ਕੀਤੀ ਜਾ ਰਹੀ ਹੈ। - ਅੰਨਮਭੱਟ 

ਅਨੁਭਵ  ਗਲਤ ਜਾਂ ਸਹੀ ਵੀ ਹੋ ਸਕਦਾ ਹੈ। ਯਥਾਰਥਅਨੁਭਵ  (ਸਹੀ ਅਨੁਭਵ) ਚਾਰ ਪ੍ਰਕਾਰ ਦਾ ਹੈ: (1) ਪ੍ਰਤਿਅਕਸ਼ ਗਿਆਨ, (2) ਅਨੁਮਿਤਿ , (3) ਉਪਮਿਤਿ , ਅਤੇ (4) ਸ਼ਬਦ । ਇਹ ਚਾਰ ਕਿਸਮ ਦੇ ਗਿਆਨ ਜਿਨ੍ਹਾਂ ਸਾਧਨਾਂ ਦੁਆਰਾ ਪ੍ਰਪਤ ਕੀਤੇ ਜਾਂਦੇ ਹਨ, ਉਹ ਕ੍ਰਮਵਾਰ ਇਸ ਪ੍ਰਕਾਰ ਹਨ: (1) ਪ੍ਰਤਿਅਕਸ਼, (2) ਅਨੁਮਾਨ, (3) ਉਪਮਾਨ, ਅਤੇ (4) ਸ਼ਬਦ। ਇਨ੍ਹਾਂ ਚਾਰ ਨੂੰ ਰਲਾ ਮਿਲਾ ਕੇ ‘ਪ੍ਰਮਾਣ’ ਦਾ ਨਾਮ ਦਿੱਤਾ ਗਿਆ ਹੈ, ਇਸ ਲਈ ਇਨ੍ਹਾਂ ਨੂੰ ‘ਬੁੱਧੀ’ ਵਿਚ ਸ਼ਾਮਲ ਕੀਤਾ ਗਿਆ ਹੈ ਜੋ ਚੌਵੀ ਗੁਣਾਂ ਵਿੱਚੋਂ ਇਕ ਹੈ। ਸੱਤ ਪਦਾਰਥ ਅਤੇ ਉਨ੍ਹਾਂ ਦੀਆਂ ਉਪਸ਼ਾਖਾਵਾਂ ਨੂੰ ਬੜੇ ਵਿਸਤਾਰ ਨਾਲ ਵਰਣਨ ਕੀਤਾ ਗਿਆ ਹੈ। ਯਥਾਰਥਅਨੁਭਵ  ਦੀ ਪਰਿਭਾਸ਼ਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਹ ਸਾਮਾਨਯ ਅਨੁਭਵ ਹੈ ਜੋ ਆਪਣੇ ਵਿਸ਼ੇ ਵਿਚ ਮੌਜੂਦ ਹੁੰਦਾ ਹੈ, ਜੈਸੇ ਇਹ ਕਹਿਣਾ, “ਇਹ ਚਾਂਦੀ ਹੈ”, ਜਿਸ ਤੋਂ ਭਾਵ ਹੈ ਇਸ ਵਿਸ਼ੇ ਵਿਚ “ਚਾਂਦੀਪਣ” ਮੌਜੂਦ ਹੈ। ਇਹ ਹੀ ਯਥਾਰਥਅਨੁਭਵ ਹੈ। ਅਰਥਾਤ “ਵਿਸ਼ੇਸ਼” ਵਸਤੂ ਵਿਚ “ਸਾਮਾਨਯ” ਲੱਛਣ ਪਛਾਣਨਾ ਹੀ ਯਥਾਰਥਅਨੁਭਵ ਹੈ।

ਕਰਣ  (ਜਾਂ ਸਾਧਨ) ਦੀ ਪਰਿਭਾਸ਼ਾ ਇਸ ਤਰ੍ਹਾ ਦਿੱਤੀ ਗਈ ਹੈ ਕਿ ਇਹ ਇਕ ਵਿਸ਼ੇਸ਼ ਕਾਰਣ  ਹੈ ਜੋ ਕਾਰਜ  ਨੂੰ ਉਤਪੰਨ ਕਰਦਾ ਹੈ, ਜੈਸੇ “ਉਹ ਦਰਖਤ ਨੂੰ ਕੁਹਾੜੇ ਨਾਲ ਕੱਟਦਾ ਹੈ।”  ਇੱਥੇ ਕੁਹਾੜਾ ‘ਕਰਣ’ ਹੈ ਜਿਸ ਨੂੰ ਵਰਤ ਕੇ ਕੱਟਣ ਦਾ ‘ਕਾਰ’ ਕੀਤਾ ਜਾਂਦਾ ਹੈ। ‘ਕਾਰਣ’ ਉਹ ਹੈ ਜੋ ਸਦਾ ਹੀ ‘ਕਾਰਜ’ ਤੋਂ ਪਹਿਲਾ ਆਉਂਦਾ ਹੈ, ਨਹੀ ਤਾਂ ਕਾਰਜ ਪੈਦਾ ਹੀ ਨਹੀ ਸੀ ਹੋ ਸਕਦਾ। ਜੈਸੇ, ਮਿੱਟੀ ਘੜੇ ਦਾ ਸਮਵਾਯੀ ਜਾਂ ਭੌਤਿਕ ਕਾਰਣ ਹੈ।

ਇਕ ਕਾਰਯ (ਜਾਂ ਕਾਰਜ) ਪੂਰਬਵਰਤੀ (ਅਰਥਾਤ ਕਾਰਣ) ਦਾ ਪ੍ਰਤਿਰੂਪ (ਪੂਰਕ) ਹੁੰਦਾ ਹੈ ਜੋ ਕਾਰਜ ਦੇ ਹੋਂਦ ਵਿਚ ਆਉਂਣ ‘ਤੇ ਸਵੈ ਮਿਟ ਜਾਂਦਾ ਹੈ।

ਕਾਰਣ  ਤਿੰਨ ਕਿਸਮ ਦਾ ਹੈ: (1) ਸਮਵਾਯੀਕਾਰਣ, (2) ਅਸਮਵਾਯੀਕਾਰਣ, ਅਤੇ (3) ਨਿਮਿੱਤਕਾਰਣ

ਪ੍ਰਤਿਅਕਸ਼  ਉਹ ਗਿਆਨ ਹੈ ਜੋ ਗਿਆਨਿੰਦ੍ਰੀਆਂ ਦੁਆਰਾ ਪੈਦਾ ਹੁੰਦਾ ਹੈ। ਇਹ ਦੋ ਕਿਸਮ ਦਾ ਹੈ: (1) ਨਿਰਵਿਕਲਪ, ਅਤੇ (2) ਸਵਿਕਲਪ।

ਅਨੁਮਾਨ, ਉਹ ਸਾਧਨ ਹੈ ਜਿਸ ਰਾਹੀਂ ਅਨੁਮਾਨੀ (ਅਨੁਮਾਨਤ) ਗਿਆਨ ਹਾਸਲ ਕੀਤਾ ਜਾਂਦਾ ਹੈ। ਅਨੁਮਾਨਤ ਗਿਆਨ ਪਰਾਮਰਸ (ਚਿੰਤਨ) ਕਰਨ ਨਾਲ ਪੈਦਾ ਹੁੰਦਾ ਹੈ, ਅਤੇ ਪਰਾਮਰਸ ਉਹ ਗਿਆਨ ਹੈ ਜਿਸ ਵਿਚ  ਹੇਤੁ, ਸਾਧ੍ਯ ਨਾਲ ਵਿਆਪਤੀ ਸੰਬੰਧ ਰੱਖਦਾ ਹੋਇਆ ਪੱਖ (ਪਕਸ਼) ਵਿਚ ਮੌਜੂਦ ਹੁੰਦਾ ਹੈ। ਜੈਸੇ, ਇਸ ਪਰਬਤ (ਪੱਖ) ਉੱਪਰ ਧੂੰਆ (ਹੇਤੁ) ਹੈ ਜਿਸ ਦਾ ਅੱਗ ਨਾਲ ‘ਵਿਆਪਤੀ’ ਵਾਲਾ ਸੰਬੰਧ ਹੈ। ਹੇਤੁ ਦਾ ਸਾਧ੍ਯ ਨਾਲ ਨਿਰੰਤਰ ਸੰਯੋਗ ‘ਵਿਆਪਤੀ’ ਹੈ। ਜੈਸੇ, ‘ਜਿੱਥੇ ਧੂੰਆ ਹੈ, ਉੱਥੇ ਅੱਗ ਹੈ’। ਇਸ ਤਰ੍ਹਾ ਪਕਸ਼ਧਰਮਤਾ (ਜਾਂ ਪੱਖਧਰਮਤਾ) ਉਸ ਤੱਥ ਦਾ ਸੰਕੇਤ ਹੈ ਕਿ ਧੂੰਆ ਪਰਬਤ ਉੱਪਰ ਹੈ।

ਤਰਕਸੰਗ੍ਰਹਿ ਉੱਪਰ ਟੀਕਾ
ਤਰਕਸੰਗ੍ਰਹਿ ਉੱਪਰ ਨਿਮਨਲਿਖਤ ਟਿੱਪਣੀਆਂ ਲਿਖਿਆਂ ਗਈਆਂ.

 1. ਤਰਕਸੰਗ੍ਰਹਿਦੀਪਿਕਾ  (ਜਾਂ ਤਰਕਦੀਪਿਕਾ), ਟੀਕਾ ਕਾਰ ਅੰਮਨ ਭੱਟ।
 2. ਤਰਕਸੰਗ੍ਰਹਿਟੀਕਾ, ਅਨੰਤ ਨਰਾਇਣ।
 3. ਸਿਧਾਂਤ ਚੰਦ੍ਰੋਦਯ, ਸ਼੍ਰੀ ਕ੍ਰਿਸ਼ਣ ਧੂਰਜਤੀ ਦੀਕਸ਼ਤ।
 4. ਤਰਕਫੱਕਿਕਾ , ਕਸ਼ੰਮਾ ਕਲਿਆਣ (1772 ਈ)।
 5. ਨਿਆਇਬੋਧਿਨੀ, ਗੋਵਰਧਨ ਮਿਸ਼ਰ।
 6. ਨਿਆਇਆਰਥ ਲਘੂਬੋਧਿਨੀ, ਗੋਵਰਧਨ ਰੰਗਾਚਾਰੀਆ।
 7. ਤਰਕਸੰਗ੍ਰਹਿਟੀਕਾ, ਗੌਰੀਕਾਂਤ।
 8. ਪਦਕ੍ਰਤਯਾ, ਚੰਦਰਾਜ ਸਿਨ੍ਹਾ।
 9. ਤਰਕਸੰਗ੍ਰਹਿ ਤਤਵ ਪ੍ਰਕਾਸ਼, ਨੀਲਕੰਠ, 16ਵੀ ਸਦੀ।
 10. ਨਿਰੁਕਤੀ, ਜਗਨਨਾਥ ਸ਼ਾਸਤਰੀ।
 11. ਨਿਰੁਕਤੀ, ਪੱਟਾਭੀਰਾਮ।
 12. ਤਰਕਸੰਗ੍ਰਹਿ ਵਾਕਅਰਥ ਨਿਰੁਕਤੀ, ਮਾਧਵ ਪਦਾਭੀਰਾਮ।
 13. ਤਰਕਸੰਗ੍ਰਹਿ ਚੰਦ੍ਰਿਕਾ, ਮੁਕੁੰਦ ਭੱਟ ਗਾਡਗਿਲ।
 14. ਤਰਕਸੰਗ੍ਰਹਿਉਪਾਨਿਆਸ (ਵਾਕ-ਵ੍ਰਿੱਤਿ), ਮੀਰੂ ਸ਼ਾਸਤਰੀ ਗੋਡਬੋਲੇ।
 15. ਨਿਆਇਬੋਧਿਨੀ, ਸ਼ੁਕਲਾਰਤਨ ਨਾਥ।
 16. ਤਰਕਸੰਗ੍ਰਹਿ ਟੀਕਾ, ਰਮਾ ਨਾਥ।
 17. ਤਰਕਸੰਗ੍ਰਹਿ ਤਰੰਗਿਣੀ, ਵਿਨਧਿਏਸ਼ਵਰੀ ਪ੍ਰਸਾਦ।
 18. ਤਰਕਸੰਗ੍ਰਹਿ ਟੀਕਾ, ਵਿਸ਼ਵਨਾਥ।
 19. ਤਰਕਚੰਦ੍ਰਿਕਾ (ਪ੍ਰਭਾ), ਵਿਦਿਆਨਾਥ ਗਾਡਗਿਲ।
 20. ਤਰਕਸੰਗ੍ਰਹਿ ਟੀਕਾ (ਹਨੁਮੰਤੀ), ਹਨੁਮੰਤ।
 21. ਤਰਕਸੰਗ੍ਰਹਿ ਵਿਆਖਿਆ, ਮੁਰਾਰੀ।
 22. ਤਰਕਸੰਗ੍ਰਹਿ ਟੀਕਾ, ਲੇਖਕ ਅਗਿਆਤ।
 23. ਤਰਕਸੰਗ੍ਰਹਿ ਸ਼ਮਕੁ, ਲੇਖਕ ਅਗਿਆਤ।
 24. ਨਿਆਇ ਚੰਦ੍ਰਿਕਾ, ਲੇਖਕ ਅਗਿਆਤ।
 25. ਤਰਕਸੰਗ੍ਰਹਿਉਪਾਨਿਆਸ, ਲੇਖਕ ਅਗਿਆਤ।
 26. ਤਰਕਸੰਗ੍ਰਹਿ ਦੀਪਿਕਾ ਪ੍ਰਕਾਸ਼, ਨੀਲਕੰਠ ਸ਼ਾਸਤਰੀ।
 27. ਸੂਰਤ-ਕਲਪਤਰੁ, ਸ਼੍ਰੀਨਿਵਾਸ।
 28. ਟੀਕਾ, ਗੰਗਾਧਰ ਭੱਟ।
 29. ਟੀਕਾ, ਜਗਦੀਸ਼ ਭੱਟ।
 30. ਟੀਕਾ ਰਾਮਰੁਦਰ ਭੱਟ।
 31. ਤਤਵਾਰਥ ਦੀਪਿਕਾ, ਵਧੁਲਵੇਂਕਟ ਗੁਰੂ।
 32. ਤਰਕਸੰਗ੍ਰਹਿ ਦੀਪਿਕਾ ਪ੍ਰਕਾਸ਼, ਨੀਲਕੰਠ।
 33. ਨੀਲਕੰਠਿਕਾ, ਨੀਲਕੰਠ।
 34. ਤਰਕਸੰਗ੍ਰਹਿ ਉੱਪਰ ਭਾਸ਼ਾਵ੍ਰਿੱਤਿ, ਮੀਰੂ ਸ਼ਾਸਤਰੀ।
 35. ਤਰਕਸੰਗ੍ਰਹਿ ਚੰਦ੍ਰਿਕਾ, ਮੁਕੁੰਦ ਭੱਟ।

ਵਿਸ਼ਵਨਾਥ ਨਿਆਇਪੰਚਾਨਨ (1634 ਈ)
ਵਿਸ਼ਵਨਾਥ ਨਿਆਇਪੰਚੀਨਨ ਜਾਂ ਸਿਰਫ ਪੰਚਾਨਨ, ‘ਭਾਸ਼ਾ-ਪਰਿਛੇਦ’ ਨਾਮਕ ਵੈਸ਼ੇਸ਼ਕ ਪ੍ਰਕਰਣ ਦੇ ਰਚਨਾਕਾਰ ਸਨ। ਉਨ੍ਹਾਂ ਨੇ ਇਸੇ ਹੀ ਗ੍ਰੰਥ ਉੱਪਰ ਸਿੱਧਾਂਤ-ਮੁਕਤਾਵਲੀ ਨਾਮ ਥੱਲੇ ਇਕ ਟੀਕਾ ਵੀ ਲਿਖੀ। ਵਿਸ਼ਵਨਾਥ ਨੂੰ ਵਿਦਿਆਨਿਵਾਸ ਦਾ ਪੁੱਤਰ ਮੰਨਿਆ ਜਾਂਦਾ ਹੈ ਜਿਸ ਦਾ ਜੀਵਨਕਾਲ 1588 ਈ ਦੇ ਇਰਦ ਗਿਰਦ ਦਾ ਹੈ। ਵਿਸ਼ਵਨਾਥ ਨੇ ਇਕ ਹੋਰ ਗ੍ਰੰਥ, ਗੌਤਮਸੂਤਰਵ੍ਰਿੱਤੀ, ਵਰਿੰਦਾਵਣ ਵਿਖੇ ਰਹਿੰਦੇ ਸਮੇ, 1634 ਈ ਵਿਚ ਰਚਿਆ। ਉਹ ਨਵਦੀਪ ਦੇ ਵਾਸੀ ਅਤੇ ਰਘੁਨਾਥ ਸ਼ਿਰੋਮਣੀ ਦੇ ਨਿਆਇਸੰਪ੍ਰਦਾਇ ਦੇ ਸ਼ਰਧਾਲੂ ਸਨ।

ਭਾਸ਼ਾਪਰਿਛੇਦ - ਪੰਚਾਨਨ
ਭਾਸ਼ਾਪਰਿਛੇਦ  ਵਿਚ ਸੱਤ ਪਦਾਰਥਾਂ ਬਾਰੇ ਚਰਚਾ ਕੀਤੀ ਗਈ ਹੈ: (1) ਦ੍ਰਵ, (2) ਗੁਣ, (3) ਕਰਮ (ਕ੍ਰਿਆ), (4) ਸਾਮਾਨ੍ਯ, (5) ਵਿਸ਼ੇਸ਼ (ਵਿਸ਼ਿਸ਼ਟਤਾ), (6) ਸਮਵਾਯ, ਅਤੇ (7) ਅਭਾਵ (ਅਣਹੋਂਦ)। ਦ੍ਰਵ ਦੀ ਉੱਪਵੰਡ ਇਸ ਪ੍ਰਕਾਰ ਕੀਤੀ ਗਈ ਹੈ; (1) ਕਿਸ਼ਤਿ , (2) ਅਪੁ, (3) ਤੇਜਸ, (4) ਮਰੁਤ, (5) ਵ੍ਯੋਮ, (6) ਕਾਲ, (7) ਦਿਕ , (8) ਆਤਮਾ, ਅਤੇ (9) ਮਨਸ (ਮਨ)। ਆਤਮਾ ਵਿਚ ਬੁੱਧੀ ਅਤੇ ਹੋਰ ਕਈ ਗੁਣ ਸਮਾਏ ਹੋਏ ਹਨ। ਬੁੱਧੀ ਦੋ ਪ੍ਰਕਾਰ ਦੀ ਹੈ: ਅਨੁਭੂਤੀ ਅਤੇ ਸਿੰਮ੍ਰਿਤੀ । ਅਨੁਭੂਤੀ ਵਿਚ ਪ੍ਰਤਿਅਕਸ਼, ਅਨੁਮਾਨ, ਉਪਮਾਨ ਅਤੇ ਸ਼ਬਦ ਸ਼ਾਮਲ ਹਨ। ਇਸ ਤਰ੍ਹਾ ਨਿਆਇ ਦਾ ਪ੍ਰਮਾਣ ਸਿੱਧਾਂਤ, ਵੈਸ਼ੇਸ਼ਕ ਪਦਾਰਥਾਂ ਵਿਚ ਸ਼ਾਮਲ ਕੀਤਾ ਗਿਆ ਹੈ।

ਜਗਦੀਸ਼ ਤਰਕਲੰਕਾਰ ਦਾ ਤਰਕਅੰਮ੍ਰਿਤ (ਲਗਪਗ 1635 ਈ)
ਜਗਦੀਸ਼ ਤਰਕਲੰਕਾਰ ਦੀ “ਤਰਕਅੰਮ੍ਰਿਤ” ਰਚਨਾ ਵੈਸ਼ੇਸ਼ਕ ਵਿਚਾਰਧਾਰਾ ਦਾ ਇਕ ਪ੍ਰਮੁੱਖ ਗ੍ਰੰਥ ਹੈ। ਇਸ ਦੇ ਪਹਿਲੇ ਕਾਂਡ ‘ਵਿਸ਼ਯ ਕਾਂਡ’ ਵਿਚ ਜਗਦੀਸ਼, ਵਿਸ਼ਿਆਂ ਨੂੰ ਦੋ ਹਿੱਸਿਆਂ ਵਿਚ ਵੰਡਦੇ ਹਨ: (1) ਭਾਵ, ਅਤੇ (2) ਅਭਾਵ। “ਭਾਵ” ਵਸਤੂਆਂ ਇਸ ਪ੍ਰਕਾਰ ਹਨ: ਦ੍ਰਵ, ਗੁਣ, ਕਰਮ, ਸਾਮਾਨ੍ਯ, ਵਿਸ਼ੇਸ਼ ਅਤੇ ਸਮਵਾਯ। ਅਭਾਵ ਵਸਤੂਆਂ ਦੋ ਪ੍ਰਕਾਰ ਦੀਆਂ ਹਨ: (1) ਸੰਸਰਗਅਭਾਵ , (2) ਅਨ੍ਯੋਨ੍ਯਅਭਾਵ । ਸੰਸਰਗਅਭਾਵ  ਨੂੰ ਅੱਗੇ ਇਸ ਪ੍ਰਕਾਰ ਵੰਡਿਆ ਗਿਆ ਹੈ: (1) ਪ੍ਰਾਗਅਭਾਵ , (2) ਪ੍ਰਧ੍ਵੰਸ ਅਭਾਵ , (3) ਅਤ੍ਯੰਤ ਅਭਾਵ ।

ਤਰਕਅੰਮ੍ਰਿਤ  ਦਾ ਦੂਜਾ ਹਿੱਸਾ, 'ਗਿਆਨ ਕਾਂਡ', ਸਹੀ ਗਿਆਨ (ਜਾਂ ਪ੍ਰਮਾ) ਬਾਰੇ ਚਰਚਾ ਕਰਦਾ ਹੈ। ਸਹੀ (ਸਮ੍ਯਕ) ਜਾਂ ਸ਼ੁੱਧ ਗਿਆਨ ਚਾਰ ਸਾਧਨਾਂ ਰਾਹੀਂ ਪ੍ਰਾਪਤ ਹੁੰਦਾ ਹੈ: (1) ਪ੍ਰਤਿਅਕਸ਼, (2) ਅਨੁਮਾਨ, (3) ਉਪਮਾਨ, ਅਤੇ (4) ਸ਼ਬਦ।

ਉਨ੍ਹਾਂ ਨੇ ਬੜੇ ਨਿਪੁੰਨ ਅਤੇ ਜੁਗਤੀਪੂਰਣ ਤਰੀਕੇ ਨਾਲ ਵੈਸ਼ੇਸ਼ਕ ਦੇ ਸੱਤ ਪਦਾਰਥਾਂ ਅਤੇ ਨਿਆਇ ਦੇ ਚਾਰ ਪ੍ਰਮਾਣਾਂ ਨੂੰ ਸੰਯੁਕਤ ਕੀਤਾ ਹੈ। ‘ਪਦਾਰਥ’ ਅਤੇ ‘ਪ੍ਰਮਾਣ’ ਇਕ ਦੂਸਰੇ ਨਾਲ ਸਿਰਫ ਰਲਾਏ ਹੀ ਨਹੀ ਗਏ ਬਲਕਿ ਉਨ੍ਹਾਂ ਨੂੰ ਸਮੁੱਚੇ ਤੌਰ ‘ਤੇ ਇਕਸੁਰਤਾ ਨਾਲ ਮੇਲਿਆ ਗਿਆ ਹੈ।

ਲੌਗਾਕਸ਼ੀ ਭਾਸਕਰ (17ਵੀ ਸਦੀ ਈ)
ਲੌਗਾਕਸ਼ੀ ਭਾਸਕਰ ਨਿਆਇ, ਵੈਸੇਸ਼ਕ ਅਤੇ ਮੀਮਾਂਸਾ ਵਿਚਾਰਧਾਰਾਵਾਂ ਦੇ ਮਾਹਰ ਸਨ। ਉਨ੍ਹਾਂ ਨੂੰ ਬਨਾਰਸ ਦੇ ਵਾਸੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਜੀਵਨਕਾਲ ਸ਼ਾਇਦ 17ਵੀ ਸਦੀ ਦੇ ਕਰੀਬ ਦਾ ਹੈ। ਉਨ੍ਹਾਂ ਦੀ ਤਰਕਸ਼ਾਸਤਰ ਦੇ ਵਿਸ਼ੇ ਦੀ ਕ੍ਰਿਤ “ਤਰਕਕੋਮੁਦੀ ” ਦੇ ਨਾਮ ਨਾਲ ਜਾਣੀ ਜਾਂਦੀ ਹੈ।

ਤਰਕਕੌਮੁਦੀ - ਲੌਗਾਕਸ਼ੀ ਭਾਸਕਰ
ਲੌਗਾਕਸ਼ੀ, ਇਸ ਗ੍ਰੰਥ ਦਾ ਅਰੰਭ ਵਾਸੂਦੇਵ ਦੇ ਮੰਗਲਾਚਰਣ ਨਾਲ ਕਰਦੇ ਹਨ ਅਤੇ ਇਸ ਦੇ ਨਾਲ ਨਾਲ ਉਹ ਸ਼ਰਧਾ ਭਰਿਆ ਪ੍ਰਣਾਮ ਅਕਸ਼ਪਾਦ ਅਤੇ ਕਣਾਂਦ ਨੂੰ ਵੀ ਭੇਟ ਕਰਦੇ ਹਨ। ਉਹ ਪਦਾਰਥਾਂ  ਦੀ ਸੱਤ ਹਿੱਸਿਆਂ ਵਿਚ ਵੰਡ ਇਸ ਪ੍ਰਕਾਰ ਕਰਦੇ ਹਨ: (1) ਦ੍ਰਵ, (2) ਗੁਣ, (3) ਕਰਮ, (4) ਸਾਮਾਨ੍ਯ, (5) ਵਿਸ਼ੇਸ਼, (6) ਸਮਵਾਯ, ਅਤੇ (7) ਅਭਾਵ। ਬੁੱਧੀ ਨੂੰ ਆਤਮਾ ਦਾ ਗੁਣ ਮੰਨਦੇ ਹੋਏ ਉਹ ਇਸ ਨੂੰ ਦੋ ਪ੍ਰਕਾਰ ਦੀ ਮੰਨਦੇ ਹਨ: (1) ਅਨੁਭਵ, ਅਤੇ (2) ਸਿੰਮ੍ਰਿਤਿ। ਅਨੁਭਵ ਦੋ ਪ੍ਰਕਾਰ ਦਾ ਹੈ: (1) ਪ੍ਰਮਾ (ਸਹੀ ਜਾਂ ਸ਼ੁੱਧ ਅਨੁਭਵ), (2) ਅਪ੍ਰਮਾ (ਗਲਤ ਜਾਂ ਅਸ਼ੁੱਧ ਅਨੁਭਵ)। ਪ੍ਰਮਾ ਨੂੰ ਪ੍ਰਾਪਤ ਕਰਨ ਦਾ ਸਾਧਨ ‘ਪ੍ਰਮਾਣ’ ਹੈ ਜੋ ਦੋ ਕਿਸਮ ਦਾ ਹੈ: (1) ਪ੍ਰਤਿਅਕਸ਼, ਅਤੇ (2) ਅਨੁਮਾਨ। ਇਹ ਵਿਧੀ ਅਪਣਾਉਂਦੇ ਹੋਏ ਲੌਗਾਕਸ਼ੀ, ਨਿਆਇ ਦੇ ਪ੍ਰਮਾਣ ਨੂੰ ਵੈਸ਼ੇਸ਼ਕ ਦੇ ਸੱਤ ਪਦਾਰਥਾਂ ਨਾਲ ਸੰਮਿਲਤ ਕਰਦੇ ਹਨ।

-------------

ਨਿਆਇ ਅਤੇ ਵੈਸ਼ੇਸ਼ਕ ਦੇ ਸੰਦਰਭ ਵਿਚ ਤਰਕਸ਼ਾਸਤਰ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਰਚਨਾਵਾਂ ਵੀ ਰਚੀਆਂ ਗਈਆਂ ਜਿਨ੍ਹਾਂ ਦਾ ਵਿਸ਼ਾਵਸਤੁ ਨਾ ਤਾਂ ਸਮੁੱਚੇ ਤੌਰ ‘ਤੇ ਨਿਆਇ ਅਤੇ ਨਾ ਹੀ ਵੈਸ਼ੇਸ਼ਕ ਪਦਾਰਥ ਹੀ ਬਣੇ। ਪ੍ਰੰਤੂ ਇਨ੍ਹਾਂ ਵਿਚਾਰਧਾਰਾਵਾਂ ਵਿਚੋਂ ਕੁਝ ਇਕ ਵਿਸ਼ੇ ਚੁਣ ਕੇ ਉਨ੍ਹਾਂ ਉੱਪਰ ਗੂੜ੍ਹਤਾਪੂਰਬਕ ਵਿਸਤਾਰ ਨਾਲ ਵਿਆਖਿਆ ਕੀਤੀ ਗਈ। ਇਨ੍ਹਾਂ ਰਚਨਾਵਾਂ ਦਾ ਮੁਤਾਲਿਆ ਅਸੀ ਅਗਲੀ ਕਿਸ਼ਤ ਵਿਚ ਕਾਰਾਂਗੇ।

 

... ਚਲਦਾ

19/05/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)
 

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com