ਵਿਗਿਆਨ ਪ੍ਰਸਾਰ

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

 

ਭਾਰਤੀ ਤਰਕ ਦਾ ਆਧੁਨਿਕ ਸੰਪ੍ਰਦਾਇ – ਨਿਆਇ ਪ੍ਰਕਰਣ - (4)

ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

ਨਿਆਇ ਅਤੇ ਵੈਸ਼ੇਸ਼ਕ ਦੇ ਸੰਦਰਭ ਵਿਚ ਤਰਕਸ਼ਾਸਤਰ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਰਚਨਾਵਾਂ ਵੀ ਰਚੀਆਂ ਗਈਆਂ ਜਿਨ੍ਹਾਂ ਦਾ ਵਿਸ਼ਾਵਸਤੁ ਨਾ ਤਾਂ ਸਮੁੱਚੇ ਤੌਰ ‘ਤੇ ਨਿਆਇ ਅਤੇ ਨਾ ਹੀ ਵੈਸ਼ੇਸ਼ਕ ‘ਪਦਾਰਥ’ ਬਣੇ। ਪ੍ਰੰਤੂ ਇਨ੍ਹਾਂ ਵਿਚਾਰਧਾਰਾਵਾਂ ਵਿਚੋਂ ਕੁਝ ਇਕ ਵਿਸ਼ੇ ਚੁਣ ਕੇ ਉਨ੍ਹਾਂ ਉੱਪਰ ਗੂੜ੍ਹਤਾਪੂਰਬਕ ਵਿਸਤਾਰ ਨਾਲ ਵਿਆਖਿਆ ਕੀਤੀ ਗਈ। ਇਨ੍ਹਾਂ ਵਿਚੋਂ ਸ਼ਸ਼ਧਰ  ਦਾ ਨਿਆਇ-ਸਿਧਾਂਤ-ਦੀਪ  ਨਾਮੀ ਗ੍ਰੰਥ ਖਾਸ ਵਰਣਨਯੋਗ ਹੈ। ਇਹ ਗ੍ਰੰਥ 1300 ਈ ਦੇ ਇਰਦ ਗਿਰਦ ਲਿਖਿਆ ਗਿਆ।

ਸ਼ਸ਼ਧਰ (~ 1125 ਈ)
ਮਹਾਉਪਾਧਿਆਏ ਸ਼ਸ਼ਧਰ ਨੂੰ ਮਿਥਲਾ ਦੇ ਨਿਵਾਸੀ ਮੰਨਿਆ ਜਾਂਦਾ ਹੈ। ਬੰਗਾਲ ਦੀ ਪਰੰਪਰਾ ਅਨੁਸਾਰ ਸ਼ਸ਼ਧਰ ਅਤੇ ਮਣੀਧਰ ਤਰਕਸ਼ਾਸਤਰੀਆਂ ਵਲੋਂ ਪੇਸ਼ ਕੀਤੀ ਵਿਆਪਤੀ  ਦੀ ਪਰਿਭਾਸ਼ਾ ਦੀ ਗੰਗੇਸ਼ ਉਪਾਧਿਆਏ ਵਲੋ “ਸਿੰਮਹਾ ਵਿਆਘਰੋਕਤ ਲਕਸ਼ਣ” ਦੇ ਸਿਰਲੇਖ ਥੱਲੇ ਅਲੋਚਨਾ ਕੀਤੀ ਗਈ ਸੀ। ਬੰਗਾਲੀ ਪਰੰਪਰਾ ਅਨੁਸਾਰ ਹੀ ਸ਼ਸ਼ਧਰ ਦਾ ਜੀਵਨਕਾਲ 12ਵੀ ਸਦੀ ਈਸਵੀ ਦਾ ਮੰਨਿਆ ਜਾਂਦਾ ਹੈ।

ਨਿਆਇਸਸਿਧਾਂਤ ਦੀਪ - ਸ਼ਸ਼ਧਰ
ਤਰਕਸ਼ਾਸਤਰ ਦੇ ਵਿਸ਼ੇ ‘ਤੇ ਸ਼ਸ਼ਧਰ ਦੀ ਇਕੋ ਇਕ ਰਚਨਾ ‘ਨਿਆਇ ਸਿਧਾਂਤ ਦੀਪ’ ਹੈ। ਇਸ ਵਿਚ ਨਿਆਇ  ਅਤੇ ਵੈਸ਼ੇਸ਼ਕ  ਦੇ ਵਿਸ਼ਿਆਂ ਉੱਪਰ ਬੇਤਰਤੀਬ ਢੰਗ ਨਾਲ ਚਰਚਾ ਕੀਤੀ ਗਈ ਹੈ ਜੋ ਇਸ ਦੇ ਕਾਂਡਾਂ ਦੇ ਸਿਰਲੇਖਾਂ ਤੋਂ ਸਵੈ-ਸਪਸ਼ਟ ਹੁੰਦੀ ਹੈ। ਜੈਸੇ, (1) ਮੰਗਲਾਚਰਣ; (2) ਅੰਧਕਾਰ-ਵਿਪ੍ਰਤਿਪੱਤਿ , ਅੰਧਕਾਰ ਬਾਰੇ ਵਿਵਾਦ; (3) ਕਾਰਣਤਾ-ਵਿਚਾਰ; (4) ਜਾਤਿ-ਸ਼ਕਤੀ-ਵਾਦੀ-ਤੌਤਾਤਿਤਕਾਮਤ, ਤੌਤਾਤਿਤਕਾਂ ਦੇ ਵਿਚਾਰਾਂ ਅਨੁਸਾਰ ਜਾਤਿ ਸ਼ਕਤੀ ਦੀ ਮਹੱਤਤਾ; (5) ਸ਼ਕਤੀ ਨਿਰੂਪਣ ਅਤੇ ਉਪਾਧਿ, ਸ਼ਕਤੀ ਅਤੇ ਪਰਿਸਥਿਤੀਆਂ ਬਾਰੇ ਨਿਸ਼ਚਾ; (6) ਸਹਿਜ-ਸ਼ਕਤੀ, ਪ੍ਰਕਿਰਤਕ ਸ਼ਕਤੀ; (7) ਆਧੇਯ -ਸ਼ਕਤੀ; (8) ਮਾਨਸਤਤਵ ਨਿਰੂਪਣ , ਮਨ ਦੀ ਵਿਆਖਿਆ; (9) ਸਹਿਜ ਪ੍ਰਮਾਣ, ਸ਼ਬਦ ਨੂੰ ਗਿਆਨ ਸਾਧਨ ਮੰਨ ਕੇ ਇਸ ਬਾਰੇ ਚਰਚਾ; (10) ਗਿਆਨ-ਕਰਮ-ਸਮੁੱਚਯ , ਗਿਆਨ ਅਤੇ ਕ੍ਰਿਆ ਦਾ ਮੇਲ; (11) ਅਪਵਰਗ ਨਿਰੂਪਣ, ਮੁਕਤੀ ਦੀ ਵਿਆਖਿਆ; (12) ਸਿਧਾਰਥ, ਅਨਿੱਖੜਵਾਂ ਅਰਥ; (13) ਅਨਿਵਤ ਸ਼ਕਤੀ ਵਾਦੀਮਤ, ਜੁੜਵੇਂ ਸ਼ਬਦਾਂ ਦੀ ਸ਼ਕਤੀ; (14) ਵਾਯੁ ਪ੍ਰਤਿਅਕਸ਼ਤਵਾਦੀਮਤ ਦਾ ਖੰਡਨ, ਹਵਾ ਦੀ ਪ੍ਰਤਿਅਕਸ਼ਤਾ ਦਾ ਖੰਡਨ; (15) ਨਿਰਵਿਕਲਪਕ ਵਿਪ੍ਰਤਿਪੱਤਿ, ਨਿਰਵਿਕਲ ਪ੍ਰਤਿਅਕਸ਼ ਬਾਰੇ ਵਾਦਵਿਵਾਦ; (16) ਸਵਰਣ-ਤੇਜਸ ਪ੍ਰਕਰਣ, ਸੋਨਾ ਇਕ ਚਮਕੀਲੀ ਵਸਤੁ ਬਾਰੇ ਚਰਚਾ; (17) ਪੰਕਜ -ਇਤ-ਪਦਨਾਮ-ਯੋਗਰੂਢ -ਕਥਨ, ਨਿਰੁਕਤ ਸਮੁਦਾਯ (ਅਰਥਾਤ ਯੋਗਰੂਢ) ਦੇ ਆਧਾਰ ‘ਤੇ ਪਦ (‘ਸ਼ਬਦ’) ਦੀ ਵਰਤੋਂ; (18) ਅਨੁਮਿਤਿ, ਲਿੰਗਪਰਾਮਰਸ਼ਆਦਿ ਨਿਰੂਪਣ, ਅਨੁਮਾਨ ਬਾਰੇ ਵਿਚਾਰ ਵਿਮਰਸ਼; (19) ਵਿਆਪਤੀ ਨਿਰੂਪਣ, ਵਿਆਪਤੀ ਦੀ ਨਿਰਣਾਤਮਕ ਵਿਆਖਿਆ।

ਇਹ ਗ੍ਰੰਥ ਅਭਾਵ ਬਾਰੇ ਚਰਚਾ ਕਰਕੇ ਸਮਾਪਤ ਹੋ ਜਾਂਦਾ ਹੈ। ਇਸ ਗ੍ਰੰਥ ਉੱਪਰ ਸ਼ੇਸ਼ਾਂਤ ਦੁਆਰਾ ਨਿਆਇ-ਸਿੱਧਾਂਤ-ਦੀਪ-ਟੀਕਾ ਨਾਮੀ ਇਕ ਟੀਕਾ ਵੀ ਲਿਖੀ ਗਈ।

ਮਾਧਵਾਚਾਰੀਆ (ਲਗਪਗ 1331 - 1391 ਈ)
ਮਾਧਵਾਚਾਰੀਆ ਦਾ ਜੀਵਨਕਾਲ 1391 ਈ (1313 ਸਾਕਾ) ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਮੰਨੇ ਪ੍ਰਮੰਨੇ ਗ੍ਰੰਥ ਹਨ: ਸਰਵਦਰਸ਼ਨਸੰਗ੍ਰਹਿ, ਜੈਮਿਨਿਨਿਆਇਮਾਲਾ-ਵਿਸਤਾਰ, ਕਥਾ-ਨਿਰਣਾ, ਪਾਰਾਸ਼ਰਸਮ੍ਰਿਤੀ-ਵਿਆਖਿਆ। ਉਨ੍ਹਾਂ ਨੇ ਨਿਆਇਦਰਸ਼ਨ (ਅਕਸ਼ਪਾਦਦਰਸ਼ਨ) ਤੋਂ ਇਲਾਵਾ ਚਾਰਵਾਕ ਅਤੇ ਬੋਧੀ ਤਰਕਸ਼ਾਸਤਰ ਉੱਪਰ ਵੀ ਵਿਸਤਾਰਪੂਰਵਕ ਕਈ ਰਚਨਾਵਾਂ ਲਿਖਿਆਂ।

ਸਰਵਦਰਸ਼ਨਸੰਗ੍ਰਹਿ - ਮਾਦਵਾਚਾਰੀਆ
ਇਸ ਗ੍ਰੰਥ ਵਿਚ ਉਨ੍ਹਾਂ ਨੇ ਅਕਸ਼ਪਾਦ ਦਰਸ਼ਨ ਦੇ ਨਾਮ ਥੱਲੇ ਨਿਆਇ ਵਿਚਾਰਧਾਰਾ ਅਤੇ ਤਰਕਸ਼ਾਸਤਰ ਦਾ ਵਿਸਤਾਰ ਨਾਲ ਵਰਣਨ ਕੀਤਾ ਹੈ, ਜਿਸ ਵਿਚ ਸੋਲਾਂ ਪਦਾਰਥਾਂ ਦੀ ਵਿਆਖਿਆ ਵੀ ਕੀਤੀ ਗਈ ਹੈ।

ਅਨੁਮਾਨ
ਚਾਰਵਾਕ, ਅਨੁਮਾਨ ਪ੍ਰਮਾਣ (ਗਿਆਨ ਦਾ ਸਾਧਨ) ਮੰਨਣ ਤੋਂ ਇਨਕਾਰ ਕਰਦੇ ਹਨ। ਚਾਰਵਾਕ ਕਹਿੰਦੇ ਹਨ ਕਿ ਜੋ ‘ਅਨੁਮਾਨ’ ਦੀ ਵੈਧਤਾ ਨੂੰ ਮੰਨਦੇ ਹਨ, ਉਹ ਲਿੰਗ ਜਾਂ ਹੇਤੁ ਦਾ ਸਾਧ੍ਯ ਨਾਲ ਇਕ ਅਨਿੱੜਵਾਂ ਸੰਬੰਧ ਮੰਨਦੇ ਹਨ, ਜਿਸ ਨੂੰ ਵਿਆਪਤੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ‘ਵਿਆਪਤੀ’ ਸਭ ਸ਼ਰਤਾਂ (ਉਪਾਧੀਆਂ) ਤੋ ਸੁਤੰਤਰ (ਮੁਕਤ) ਹੋਣੀ ਚਾਹੀਦੀ ਹੈ, ਭਾਵੇਂ ਇਹ ਸ਼ਰਤਾਂ ‘ਨਿਸ਼ਚਿਤ’ ਜਾਂ ਸੰਦਿਗਧ (ਸੰਦੇਹਜਨਕ) ਹੋਣ। ਅਰਥਾਤ ਚਾਰਵਾਕਾਂ ਦਾ ਕਹਿਣਾ ਹੈ ਕਿ ‘ਵਿਆਪਤੀ’ ਬਿਨਾ ਕਿਸੇ ਸ਼ਰਤ ਦੇ, ਹਮੇਸ਼ਾ ਹਰ ਹਾਲਤ ਵਿਚ ਵੈਧ (ਜਾਂ ਸਹੀ) ਹੋਣੀ ਚਾਹੀਦੀ ਹੈ। ਇਸ ਪ੍ਰਕਾਰ ਉਨ੍ਹਾਂ ਦਾ ਦਾਅਵਾ ਹੈ ਕਿ ਇਹ ਵਿਆਪਤੀ ਆਪਣੇ ਆਪ ਵਿਚ ਅਨੁਮਾਨ ਗਿਆਨ ਪੈਦਾ ਨਹੀ ਕਰ ਸਕਦੀ। ਇਸ ਵਿਆਪਤੀ ਦੀ ਪਹਿਲਾਂ ਜਾਣਕਾਰੀ ਹੋਣੀ ਜ਼ਰੂਰੀ ਹੈ, ਤਾਂ ਹੀ ਇਹ ‘ਅਨੁਮਾਨ’ ਪੈਦਾ ਕਰ ਸਕਦੀ ਹੈ। ਉਹ ਪੁੱਛਦੇ ਹਨ, ‘ਇਹ ਜਾਣਕਾਰੀ ਕਿਸ ਤਰ੍ਹਾ ਪ੍ਰਾਪਤ ਹੁੰਦੀ ਹੈ?’ ਅਸੀ ਇਸ ਨੂੰ ਪ੍ਰਤਿਅਕਸ਼  ਨਾਲ ਵੀ ਨਹੀ ਜਾਣ ਸਕਦੇ ਕਿਉਂਕਿ ਇਸ ਦਾ ਸੰਬੰਧ ਭੂਤਕਾਲ ਅਤੇ ਭਵਿੱਖਤਕਾਲ ਨਾਲ ਨਹੀ ਹੈ। ਇਸ ਨੂੰ ‘ਅਨੁਮਾਨ’ ਰਾਹੀਂ ਵੀ ਨਹੀ ਜਾਣਿਆ ਜਾ ਸਕਦਾ ਕਿਉਂਕਿ ਅਨੁਮਾਨ ਦੀ ਪ੍ਰਮਾਣਕਤਾ ਅਜੇ  ਸਿੱਧ ਕਰਨੀ ਹੈ। ਅਸੀ ਉਸ ਚੀਜ਼ ਦੀ ਹੋਂਦ ਦੀ ਪੂਰਬਧਾਰਣਾ ਨਹੀ ਕਰ ਸਕਦੇ ਜਿਸ ਨੂੰ ਅਜੇ ਸਾਬਤ ਕਰਨਾ ਹੈ। ਇਸ ਤਰ੍ਹਾ ‘ਵਿਆਪਤੀ’ ਦੀ ਜਾਣਕਾਰੀ ਅਸੀ ਕਿਸੇ ਵੀ ਸਾਧਨ ਰਾਹੀਂ ਪ੍ਰਾਪਤ ਨਹੀ ਕਰ ਸਕਦੇ।

ਇਸੇ ਤਰ੍ਹਾ ਵਿਆਪਤੀ ਦੀ ਪਰਿਭਾਸ਼ਾ ਵਿਚ ਇਸ ਨੂੰ ਉਪਾਧੀਆਂ (ਸ਼ਰਤਾਂ) ਤੋਂ ਮੁਕਤ ਵੀ ਮੰਨਿਆ ਗਿਆ ਹੈ। ਇਸ ਸੰਦਰਭ ਵਿਚ ਉਪਾਧੀ ਉਹ ਹੈ ਜੋ ਸਾਧ੍ਯ ਦੇ ਹਮੇਸ਼ਾ ਸੰਗ ਹੁੰਦੀ ਹੈ, ਪ੍ਰੰਤੂ ਹੇਤੁ  ਨਾਲ ਹਮੇਸ਼ਾ ਸੰਗ ਨਹੀ ਹੁੰਦੀ। ਜੈਸੇ, ਪਰਬਤ ਉੱਪਰ ਧੂੰਆ (ਹੇਤੁ) ਹੈ ਕਿਉਂਕਿ ਉੱਥੇ ਸਿੱਲ੍ਹੇ ਬਾਲਣ ਦੀ ਅੱਗ (ਸਾਧ੍ਯ) ਹੈ। ਇੱਥੇ ਸਿੱਲ੍ਹਾ ਬਾਲਣ  ਇਕ 'ਉਪਾਧੀ' ਹੈ। ਉਪਾਧੀ ਦੀ ਸੰਪੂਰਣ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਜਾ ਸਕਦੀ ਹੈ: (1) ਜੋ ਨਿਰੰਤਰ ਹੇਤੁ  ਸੰਗ ਨਹੀ ਹੁੰਦੀ, (2) ਜੋ ਨਿਰੰਤਰ ਸਾਧ੍ਯ  ਦੇ ਸੰਗ ਹੁੰਦੀ ਹੈ, (3) ਜਿਸ ਦੇ ਨਾਲ ਸਾਧ੍ਯ  ਨਿਰੰਤਰ ਸੰਗ ਹੁੰਦਾ ਹੈ।

ਉਦੇਯਨਾਚਾਰੀਆ ਅਨੁਸਾਰ ਉਪਾਧੀ ਦਾ ਸਾਧ੍ਯ ਦੇ ਘੇਰੇ ਵਿਚ ਉਸ ਸੰਗ ਹੋਣਾ ਜ਼ਰੂਰੀ ਹੈ। ਉਹ ਕਹਿੰਦੇ ਹਨ, “ਜਦ ‘ਸਮਵਿਆਪਤੀ ’ ਅਤੇ ‘ਵਿਸ਼ਮਵਿਆਪਤੀ ’ ਦੋਵੇ ਕਿਸੇ ਵਸਤੁ ਵਿਚ ਮੌਜੂਦ ਹੋਣ, ਵਿਸ਼ਮਵਿਆਪਤੀ, ਜੇਕਰ ਇਹ ਸਮਵਿਆਪਤੀ ਦਾ ਹਿੱਸਾ ਨਾ ਹੋਵੇ, ਅਪ੍ਰਵਾਨਣਯੋਗ ਹੁੰਦੀ ਹੈ, ਅਰਥਾਤ ਇਹ ਸਹੀ ਨਿਰਣਾ ਲੈਣ ਵਿਚ ਸਹਾਇਕ ਨਹੀ ਹੁੰਦੀ।“

ਇਕ ਚੀਜ਼ ਨੂੰ ਕਿਸੇ ਦੂਸਰੀ ਨਾਲ “ਸਮਵਿਆਪਤ” ਉਦੋਂ ਕਿਹਾ ਜਾਂਦਾ ਹੈ ਜਦੋਂ ਦੋਵੇ ਆਪਣੇ ਘੇਰੇ ਵਿਚ ਸਮ ਹੋਣ, ਜੈਸੇ “ਇਹ ਵਰਣਨਯੋਗ (ਨਾਮਣਯੋਗ) ਹੈ, ਕਿਉਂਕਿ ਇਹ ਜਾਣਨਯੋਗ ਹੈ।“ ਜਿੱਥੇ “ਵਰਣਨਯੋਗ” ਅਤੇ “ਜਾਣਨਯੋਗ” ਆਪਣੇ ਘੇਰੇ ਵਿਚ ਸਮ () ਹਨ। ਇਸੇ ਤਰ੍ਹਾ “ਇਸ ਪਰਬਤ ਉੱਪਰ ਧੂੰਆਂ ਹੈ ਕਿਉਂਕਿ ਇੱਥੇ 'ਸਿੱਲ੍ਹੇ ਬਾਲਣ' ਦੀ ਅੱਗ ਹੈ।“ ਇੱਥੇ “ਧੂੰਆਂ” ਅਤੇ “ਸਿੱਲ੍ਹੇ ਬਾਲਣ ਦੀ ਅੱਗ” ਦੋਵੇ ਆਪਣੇ ਘੇਰੇ ਵਿਚ ਸਮ ਹਨ; ਅਰਥਾਤ ਜਿੱਥੇ “ਕਿਤੇ ਧੂੰਆ ਹੈ, ਉੱਥੇ ਸਿੱਲ੍ਹੇ ਬਾਲਣ ਦੀ ਅੱਗ ਹੈ” ਅਤੇ “ਜਿੱਥੇ ਕਿਤੇ ਸਿੱਲ੍ਹੇ ਬਾਲਣ ਦੀ ਅੱਗ ਹੈ, ਉੱਥੇ ਧੂੰਆ ਹੈ।“

ਇਕ ਚੀਜ਼ ਨੂੰ ਦੂਸਰੀ ਚੀਜ਼ ਨਾਲ “ਵਿਸ਼ਮਵਿਆਪਤ” ਉਦੋਂ ਕਿਹਾ ਜਾਂਦਾ ਹੈ ਜਦੋਂ ਦੋਵੇਂ ਆਪਣੇ ਘੇਰੇ ਵਿਚ ਅਸਮ (ਨਾ-ਬਰਾਬਰ) ਹੋਣ, ਜੈਸੇ, “ਇਸ ਪਰਬਤ ਉੱਪਰ ਅੱਗ ਹੈ, ਕਿਉਂਕਿ ਇੱਥੇ ਧੂੰਆ ਹੈ।” ਇੱਥੇ ਅੱਗ ਦਾ ਘੇਰਾ ਧੂੰਏ ਦੇ ਘੇਰੇ ਨਾਲੋ ਵੱਡਾ ਹੈ। ਅਰਥਾਤ, ਜਿੱਥੇ ਕਿਤੇ ਵੀ ਧੂੰਆ ਹੈ, ਉੱਥੇ ਅੱਗ ਹੈ ਜਿਵੇਂ ਰਸੋਈ ਵਿਚ। ਪ੍ਰੰਤੂ ਜਿੱਥੇ ਕਿਤੇ ਵੀ ਅੱਗ ਹੈ, ਉੱਥੇ ਧੂੰਏ ਦਾ ਹੋਣਾ ਕੋਈ ਜ਼ਰੂਰੀ ਨਹੀ ਹੈ, ਜਿਵੇਂ ਲਾਲ ਭਖਦਾ ਲੋਹੇ ਦਾ ਗੋਲਾ।

ਪਰ, ਧੂੰਏਂ ਵਿਚ “ਸਮਵਿਆਪਤੀ” ਅਤੇ “ਵਿਸ਼ਮਵਿਆਪਤੀ” ਨਿਮਨਲਿਖਤ ਉਦਾਹਰਣਾਂ ਵਿਚ ਪਾਈ ਜਾਂਦੀ ਹੈ:

(1) ਪਰਬਤ ਉੱਪਰ ਧੂੰਆ ਹੈ, ਕਿਉਂਕਿ ਉੱਥੇ ਅੱਗ ਹੈ,
(2) ਪਰਬਤ ਉੱਪਰ ਧੂੰਆ ਹੈ, ਕਿਉਂਕਿ ਉੱਥੇ ਸਿੱਲ੍ਹੇ ਬਾਲਣ ਦੀ ਅੱਗ ਹੈ।

ਪਹਿਲੀ ਉਦਾਹਰਣ ਵਿਚ ਧੂੰਏਂ ਅਤੇ ਅੱਗ ਦਾ ‘ਵਿਸ਼ਮਵਿਆਪਤੀ’ ਵਾਲਾ ਸੰਬੰਧ ਹੈ ਅਤੇ ਦੂਸਰੀ ਉਦਾਹਰਣ ਵਿਚ ‘ਧੂੰਏਂ’ ਅਤੇ ‘ਸਿਲ੍ਹੇ ਬਾਲਣ ਦੀ ਅੱਗ’ ਦਾ ਸੰਬੰਧ ‘ਸਮਵਿਆਪਤੀ’ ਵਾਲਾ ਹੈ। ਪਹਿਲਾ ਅਪ੍ਰਵਾਨਣਯੋਗ ਹੈ, ਕਿਉਂਕਿ ਇਸ ਵਿਚ ‘ਅੱਗ’ ਦਾ ਕਾਰਣ (ਹੇਤੁ) ਦੂਸਰੀ ਉਦਾਹਰਣ ਦੇ ਹੇਤੁ ਨਾਲ ਮੇਲ ਨਹੀ ਖਾਂਦਾ, ਅਰਥਾਤ ‘ਸਿੱਲ੍ਹੇ ਬਾਲਣ ਦੀ ਅੱਗ’ ਦੇ ਨਾਲ, ਕਿਉਂਕਿ ਹੇਤੁ,  ਕਿਸੇ ਹਾਲਤ ਵਿਚ ਵੀ, ਘੇਰੇ ਵਿਚ ਸਾਧ੍ਯ ਤੋਂ ਵੱਡਾ ਨਹੀ ਹੋ ਸਕਦਾ, ਪ੍ਰੰਤੁ ਇਹ ਇਸ ਦੇ ਬਰਾਬਰ ਜਾਂ ਘੱਟ  () ਜ਼ਰੂਰ ਹੋ ਸਕਦਾ ਹੈ। ਇਸ ਤਰ੍ਹਾਂ ਪਹਿਲੀ ਉਦਾਹਰਣ ‘ਵਿਸ਼ਮਵਿਆਪਤੀ’ ਹੈ ਅਤੇ ਦੂਸਰੀ ‘ਸਮਵਿਆਪਤੀ’ ਹੈ।

ਹੁਣ, ਉਪਾਧੀਆਂ ਦੀ ਇਹ ਅਨ-ਉਪਸਥਿਤੀ (ਨਾਮੌਜੂਦਗੀ) ਪ੍ਰਤਿਅਕਸ਼ ਦੁਆਰਾ ਨਹੀ ਜਾਣੀ ਜਾ ਸਕਦੀ, ਖਾਸ ਕਰਕੇ ਭੂਤਪੂਰਬ (ਅਤੀਤਕਾਲ) ਅਤੇ ਭਵਿੱਖ ਦੀਆਂ ਘਟਨਾਵਾਂ ਵਿਚ। ਚਾਰਵਾਕ ਦਾ ਕਹਿਣਾ ਹੈ ਕਿ ‘ਧੂੰਏਂ’ ਦੀ ਜਾਣਕਾਰੀ ਦੇ ਆਧਾਰ ‘ਤੇ ‘ਅੱਗ’ ਦੇ ਗਿਆਨ ਤਕ ਜੋ ਕਦਮ ‘ਮਨ’ ਪੁਟਦਾ ਹੈ ਉਸ ਦੀ ਵਿਆਖਿਆ ਇਹ ਮੰਨ ਕੇ ਹੀ ਕੀਤੀ ਜਾ ਸਕਦੀ ਕਿ ‘ਧੂੰਏਂ’ ਅਤੇ ‘ਅੱਗ’ ਦੇ ਆਪਸੀ ਸੰਬੰਧ ਦਾ ਗਿਆਨ ਪਹਿਲਾ ਹੀ ਪ੍ਰਤਿਅਕਸ਼ ਦੁਆਰਾ ਹਾਸਲ ਹੋ ਚੁੱਕਾ ਹੈ, ਜਾਂ ਫਿਰ ਇਹ ਭਰਮ (ਭੁਲੇਖੇ) ਦੁਆਰਾ ਹਾਸਲ ਹੋਇਆ ਹੈ। ਅਰਥਾਤ ਕਈ ਸਥਿਤੀਆਂ ਵਿਚ ਇਹ ਸੰਬੰਧ ਇਤਫਾਕੀਆ ਵੀ ਹੋ ਸਕਦਾ ਹੈ ਜਿਸ ਦਾ ਅਸਲੀਅਤ ਨਾਲ ਕੋਈ ਸੰਬੰਧ ਨਹੀ ਹੈ। ਜੈਸੇ, ਕਈ ਬਾਰ ਜਾਦੂ-ਮੰਤਰ ਦੇ ਨਤੀਜੇ ਸਬੱਬੀ ਸਹੀ ਨਿਕਲਦੇ ਹਨ। ਕਿਊਂਕਿ ਵਿਆਪਤੀ ਸੰਬੰਧ ਦੀ ਜਾਣਕਾਰੀ ਬਾਰੇ ਅਨਿਵਾਰੀ  ਅਤੇ ਸ਼ਰਤ-ਰਹਿਤ  ਗਿਆਨ ਪ੍ਰਾਪਤ ਕਰਨਾ ਅਸੰਭਵ ਹੈ ਇਸ ਲਈ ਅਨੁਮਾਨ  ਨੂੰ ਗਿਆਨ ਦਾ ਸਾਧਨ ਨਹੀ ਮੰਨਿਆ ਜਾ ਸਕਦਾ।

ਸੰਖੇਪ ਨਾਲ ਉੱਪਰ ਦੱਸੀ ਚਾਰਵਾਕ ਭੌਤਿਕਵਾਦੀ ਵਿਚਾਰਧਾਰਾ ਭਾਰਤ ਦੀ ਦਾਰਸ਼ਨਿਕ ਪਰੰਪਰਾ ਵਿਚ ਕਾਫੀ ਪੁਰਾਣੀ ਮੰਨੀ ਜਾਂਦੀ ਹੈ (ਲਗਪਗ 600 ਈ ਪੂ)। ਇਸ ਵਿਚਾਰਧਾਰਾ ਵਿਚ ਅਨੁਮਾਨ ਨੂੰ ਗਿਆਨ ਦਾ ਸਾਧਨ ਨਹੀ ਮੰਨਿਆ ਜਾਂਦਾ ਕਿਉਕਿ, ਚਾਰਵਾਕਾਂ ਦੇ ਕਹਿਣ ਅਨੁਸਾਰ, ਇਸ ਦੀ ਪ੍ਰਮਾਣਕਤਾ ਨੂੰ ਪ੍ਰਤਿਅਕਸ਼  ਰਾਹੀਂ ਜਾਂ ਸਵੈ ਅਨੁਮਾਨ  ਰਾਹੀਂ ਸਾਬਤ ਕਰਨਾ ਬਿਲਕੁਲ ਅਸੰਭਵ ਹੈ। ਇੱਥੇ ਇਹ ਗੌਰ ਕਰਨਾ ਇਕ ਬੜੀ ਅਦਭੁਤ ਚੀਜ਼ ਹੈ ਕਿ ਚਾਰਵਾਕਾਂ ਤੋਂ ਕਈ ਸਦੀਆਂ ਬਾਅਦ ਸਕਾਟਲੈਂਡ ਦੇ ਮਸ਼ਹੂਰ ਦਾਰਸ਼ਨਿਕ ਡੇਵਿਡ ਹਿਊਮ (1711 – 1775 ਈ) ਵੀ ‘ਅਨੁਮਾਨ’ ਦੀ ਪ੍ਰਮਾਣਕਤਾ (ਵੈਧਤਾ) ਬਾਰੇ ਓਹੀ ਸਵਾਲ ਉਠਾਉਂਦੇ ਹਨ ਜੋ ਚਾਰਵਾਕਾਂ ਨੇ ਉਠਾਏ ਸਨ। ਹਿਊਮ ਦੀ ਦਲੀਲ ਹੈ ਕਿ ਅਨੁਮਾਨ ਦੀ ਵੈਧਤਾ ਇਸ ਆਧਾਰ ‘ਤੇ ਹੀ ਮੰਨੀ ਜਾ ਸਕਦੀ ਜੇ ਅਸੀਂ ਪਹਿਲਾ ਇਹ ਮੰਨ ਲਈਏ ਕਿ ਕੁਦਰਤ (ਪ੍ਰਕ੍ਰਿਤੀ) ਹਮੇਸ਼ਾ ਇਕਸਾਰ ਰਹਿੰਦੀ ਹੈ। ਪਰ ਇਸ ਇਕਸਾਰਤਾ ਨੂੰ ਕਿਸੇ ਤਰ੍ਹਾਂ ਵੀ ਸਾਬਤ ਕਰਨਾ ਅਸੰਭਵ ਹੈ, ਕਿਉਂਕਿ ਇਹ ਜ਼ਰੂਰੀ ਨਹੀ ਕਿ ਕੁਦਰਤ ਅਤੀਤਕਾਲ ਵਾਂਗ ਭਵਿੱਖ ਵਿਚ ਵੀ ਉਸੇ ਤਰ੍ਹਾਂ ਹੀ ਵਿਚਰੇ। ਇਸ ਆਧਾਰ ‘ਤੇ ‘ਅਨੁਮਾਨ’ (ਖਾਸਕਰ ਆਗਮਨ) ਦੀ ਪ੍ਰਮਾਣਕਤਾ ਨੂੰ ਸਵੀਕਾਰ ਨਹੀ ਕੀਤਾ ਜਾ ਸਕਦਾ।

ਬੋਧੀ ਦਾਰਸ਼ਨਿਕਾਂ ਦਾ ਕਹਿਣਾ ਹੈ ਕਿ ਅਵਿਨਾਭਾਵ (ਜਾਂ ਵਿਆਪਤੀ), ਜੋ ਸਥਿਰ ਅਤੇ ਉਪਾਧੀ-ਰਹਿਤ  ਹੈ, ਨੂੰ ਸ੍ਵਭਾਵ (ਇਕਰੂਪਤਾ) ਜਾਂ ਕਾਰਣ-ਕਾਰਜ-ਭਾਵ (ਕਾਰਣਤਾ) ਸੰਬੰਧਾਂ ਦੁਆਰਾ ਜਾਣਿਆ ਜਾਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਕਾਰਜ, ਕਾਰਣ ਬਗੈਰ ਪੈਦਾ ਨਹੀ ਹੁੰਦਾ, ਜੇਕਰ ਐਸਾ ਹੋ ਸਕਦਾ ਹੁੰਦਾ ਤਾਂ ਹਰ ਕਿਸਮ ਦੀ ਕਿਰਿਆ ਬੰਦ ਹੋ ਗਈ ਹੁੰਦੀ। ਅਰਥਾਤ ਕਾਰਜ-ਕਾਰਣ ਤੋਂ ਬਗੈਰ ਕਿਰਿਆ ਅਸੰਭਵ ਹੈ। ਕਾਰਜ-ਕਾਰਣ ਸੰਬੰਧ, ਜੋ ਅਪਰਿਵਰਤਨੀ ਹੈ, ਦੁਆਰਾ ਅਸੀ ਹੇਤੁ ਅਤੇ ਸਾਧ੍ਯ  ਦਾ ਆਪਸੀ 'ਵਿਆਪਤੀ ਸੰਬੰਧ' ਸਥਾਪਤ ਕਰ ਸਕਦੇ ਹਾਂ। ਇਸੇ ਤਰ੍ਹਾ ਵਿਆਪਤੀ ਵੀ ਸ੍ਵਭਾਵ  ਦੇ ਸੰਬੰਧ ਦੁਆਰਾ ਜਾਣੀ ਜਾਂਦੀ ਹੈ, ਜੈਸੇ ‘ਸਿੰਸਪਾ ਇਕ ਦਰਖਤ ਹੈ, ਅਤੇ ਜਿੱਥੇ ਕਿਤੇ ਸਿੰਸਪਾ ਹੈ, ਉੱਥੇ ਉਸਦਾ ਦਰਖਤਪਣ  ਹੋਣਾ ਵੀ ਜ਼ਰੂਰੀ ਹੈ।‘ ਇਕ ਸਿੰਸਪਾ, ਆਪਣਾ ਦਰਖਤਪਣ ਦਾ ਗੁਣ ਤਾਂ ਹੀ ਗੁਆ ਸਕਦਾ ਹੈ ਜਦ ਉਹ ਆਪਣਾ ਸ੍ਵਭਾਵ ਗੁਆ ਬੈਠਦਾ ਹੈ। ਭਾਵੇ 'ਸਿੰਸਪਾ ਦਰਖਤ' ਅਤੇ 'ਆਮ ਦਰਖਤ' (ਦਰਖਤਪਣ) ਵਿਚ ਭੇਦ ਹਨ, ਪਰ ਹੈ ਇਹ ਦਰਖਤ ਹੀ! ਇਸ ਲਈ ਅਸੀ ਕਹਿ ਸਕਦੇ ਹਾਂ ਕਿ 'ਸਿੰਸਪਾ' ਅਤੇ 'ਦਰਖਤ' ਦੇ ਵਿਚ ਸ੍ਵਭਾਵ ਦਾ ਸੰਬੰਧ ਹੈ। ਇਸ ਲਈ ਇਹ ਸਾਬਤ ਹੋ ਜਾਂਦਾ ਹੈ ਕਿ ਅਸੀ ਇਕ ਚੀਜ਼ ਦਾ ਦੂਸਰੀ ਚੀਜ਼ ਤੋਂ, ਉਨ੍ਹਾਂ ਦੇ ਕਾਰਜ-ਕਾਰਣ ਸੰਬੰਧ ਦੁਆਰਾ, ਅਨੁਮਾਨ ਲਗਾ ਸਕਦੇ ਹਾਂ। ਇਸ ਤਰ੍ਹਾਂ ਬੋਧੀ ਦਾਰਸ਼ਨਿਕਾਂ ਦਾ ਦਾਅਵਾ ਹੈ ਕਿ ਅਨੁਮਾਨ ਨੂੰ ਗਿਆਨ ਦੇ ਸਾਧਨ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ।

-------------

ਅਸੀ ਆਪਣੇ ਹੁਣ ਤੱਕ ਦੇ ਸਰਵੇਖਣ ਤੋਂ ਦੇਖਿਆ ਹੈ ਕਿ ਕਿਸ ਤਰ੍ਹਾਂ ਜੈਨ ਅਤੇ ਬੋਧੀ ਤਾਰਕਿਕਾਂ ਨੇ ਭਾਰਤ ਵਿਚ ਤਰਕ ਵਿਗਿਆਨ ਦੇ ਵਿਸ਼ੇ ਨੂੰ ਮੁੱਢ ਤੋਂ ਹਲੂਣਿਆ ਅਤੇ ਵੱਡਮੁੱਲਾ ਯੋਗਦਾਨ ਪਾ ਕੇ ਪ੍ਰਭਾਵਤ ਕੀਤਾ। ਇਨ੍ਹਾਂ ਦੋ ਸੰਪ੍ਰਦਾਇਆਂ ਦੇ ਮੰਦਭਾਗੇ ਪਤਨ ਦੇ ਫਲਸਰੂਪ, ਬ੍ਰਾਹਮਣ ਤਾਰਕਿਕਾਂ ਨੇ ਇਸ ਵਿਸ਼ੇ ਨੂੰ ਫਿਰ ਤੋਂ ਸੋਧਣ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਨਿਆਇ ਪਰੰਪਰਾ ਨੂੰ ਜਾਰੀ ਰੱਖਣ ਲਈ ਬਹੁਤ ਸਾਰੀਆਂ ਤਬਦੀਲੀਆਂ ਕਰਕੇ ਨਵੀਂ ਸੋਚ ਨੂੰ ਅਪਣਾਇਆ ਅਤੇ ਵਿਕਸਿਤ ਕੀਤਾ। ਵੈਸ਼ੇਸ਼ਕ ਅਤੇ ਮੀਮਾਂਸਾ ਵਿਚਾਰਧਾਰਾਵਾਂ ਨੂੰ ਸਮਾਅ ਲੈਣ ਦੇ ਯਤਨ ਇਨ੍ਹਾਂ ਕੋਸ਼ਿਸ਼ਾਂ ਦਾ ਹੀ ਸਿੱਟਾ ਸਨ। ਡਾ ਵਿਦਿਆਭੂਸ਼ਣ ਅਨੁਸਾਰ, ਇਸ ਸੁਮੇਲ ਤੋਂ ਨਵਾਂ “ਤਰਕ-ਸ਼ਾਸਤਰ” ਪੈਦਾ ਹੋਇਆ ਜਿਸ ਵਿਚ ਪੁਰਾਣੇ ਪਦਾਂ ਅਤੇ ਸੰਕਲਪਾਂ ਨੂੰ ਦੁਰਬੋਧ, ਸੂਖਮ ਅਤੇ ਵਿਸਤਾਰਮਈ ਪਰਿਭਾਸ਼ਾ ਰਾਹੀ, ਸਪਸ਼ਟ ਅਤੇ ਸੰਦੇਹ-ਰਹਿਤ ਅਰਥਾਂ ਵਿਚ, ਸਥਾਪਤ ਕੀਤਾ ਜਾਣ ਲੱਗਾ ਅਤੇ ਇਸ ਦੇ ਨਾਲ ਨਾਲ ਨਵੀਆਂ ਲੋੜਾਂ ਨੂੰ ਪੂਰਿਆਂ ਕਰਨ ਲਈ ਨਵੇਂ ਪਾਰਿਭਾਸ਼ਿਕ ਪਦ (ਸ਼ਬਦਸੰਗਿਆ) ਘੜੇ ਗਏ। ਇਨ੍ਹਾਂ ਨਵੇਂ ਪਦਾਂ ਦੀਆਂ ਕੁਝ ਇਕ ਉਦਾਹਰਣਾਂ ਇਸ ਪ੍ਰਕਾਰ ਹਨ:

ਅਤੀਵਿਆਪਤੀ: ਬਹੁਤ ਜ਼ਿਆਦਾ ਵਿਸ਼ਾਲ
ਅਨੁਗਤਧਰਮ: ਆਮ ਜਾਂ ਸਾਂਝਾ ਗੁਣ
ਅਨੁਗਮ: ਸਧਾਰਨੀਕਰਨ ਜਾਂ ਵਿਆਪਕਤਾ
ਅਨੁਯੋਗਿਤਾ: ਅਨੁਯੋਗੀ  ਹੋਣ ਦਾ ਗੁਣ ਜਾਂ ਸਹਿ-ਸੰਬੰਧਤਾ। ਜਦੋਂ ਇਕ ਚੀਜ਼, ਪ੍ਰਤਿਯੋਗੀ, ਦਾ ਕਿਸੇ ਦੂਸਰੀ ਚੀਜ਼, ਅਨੁਯੋਗੀ, ਨਾਲ ਕੋਈ ਵਿਸ਼ੇਸ਼ ਸੰਬੰਧ ਹੋਵੇ। ਜ਼ਮੀਨ ਉੱਪਰ ਪਏ ਘੜੇ ਦੇ ਜ਼ਮੀਨ ਨਾਲ ਸੁਮੇਲ ਵਿਚ ਘੜਾ ‘ਪ੍ਰਤਿਯੋਗੀ’ ਅਤੇ ਜ਼ਮੀਨ ‘ਅਨੁਯੋਗੀ’ ਹੈ।

ਇੱਥੇ ਇਹ ਜਾਣ ਲੈਣਾ ਅਤੀ ਜ਼ਰੂਰੀ ਕਿ ਆਧੁਨਿਕ ਵਿਗਿਆਨ ਵਿਚ ਵਸਤੂਆਂ ਜਾਂ ਘਟਨਾਵਾਂ ਦੇ ਆਪਸੀ ਸੰਬੰਧਾਂ ਨੂੰ ਵਿਅਕਤ ਕਰਨ ਲਈ “ਅਨੁਯੋਗਿਤਾ” ਦਾ ਸੰਕਲਪ ਆਮ ਵਰਤਿਆ ਜਾਂਦਾ ਹੈ।

ਅਨ੍ਯਥਾ ਸਿਧਿ : ਉਹ ਸਹਿ-ਅਵਸਥਾਵਾਂ ਜੋ “ਕਾਰਣ” ਨਾ ਹੋਣ।
ਅਵਛਿੰਨ : ਉਹ ਜੋ ਕਿਸੇ ਗੁਣ ਰਾਹੀ ਦਰਸਾਇਆ ਗਿਆ ਹੋਵੇ।
ਅਵਛੇਦਕ : ਇਕ ਗੁਣ ਜੋ ਕਿਸੇ ਚੀਜ਼ ਦੇ ਵਿਸ਼ੇਸ਼ ਸਰੂਪ ਦੁਆਰਾ ਦਰਸਾਇਆ ਜਾਂਦਾ ਹੋਵੇ।
ਅਵਿਆਪਿਤ: ਬਹੁਤ ਸੀਮਿਤ ਜਾਂ ਸੰਕੀਰਣ।
ਕੂਰਵੱਤ-ਰੂਪਤਵ: ਕ੍ਰਿਆਸ਼ੀਲਤਾ ਦਾ ਕਾਰਣ। ਕਿਸੇ “ਕਾਰਣ” ਦਾ ਉਹ ਗੁਣ ਜੋ “ਕਾਰਜ” ਨੂੰ ਪੈਦਾ ਕਰੇ।
ਪ੍ਰਤਿਯੋਗੀ: ਕਿਸੇ ਚੀਜ਼ ਦਾ ਵਿਪਰੀਤ। ਉਹ ਚੀਜ਼ ਜਿਸ ਦਾ ਅਭਾਵ  ਪ੍ਰਗਟਾਇਆ ਗਿਆ ਹੋਵੇ, ਜਿਵੇਂ ਇਕ “ਘੜਾ” ਘੜੇ ਦੇ ਅਭਾਵ ਦਾ ਪ੍ਰਤਿਯੋਗੀ ਹੈ।

ਇਨ੍ਹਾਂ ਨਵੀਆਂ ਵਿਕਸਿਤ ਅਵਸਥਾਵਾਂ ਦੇ ਸੰਦਰਭ ਵਿਚ ਗੰਗੇਸ਼ ਉਪਾਧਿਆਏ ਦੀ “ਤਤਵਚਿੰਤਾਮਣੀ” ਮਹਾਨ ਰਚਨਾ ਇਸ ਨਵੇਂ ਤਰਕਸ਼ਾਸਤਰ ਦਾ ਇਕ ਪ੍ਰਥਮ ਗ੍ਰੰਥ ਹੈ ਜਿਸ ਦੀ ਚਰਚਾ ਅਸੀ ਅਗਲੀ ਕਿਸ਼ਤ ਵਿਚ ਕਰਾਂਗੇ।

... ਚਲਦਾ

25/05/2015

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ, ਯੂ ਕੇ

ਵਿਸ਼ਾ-ਪ੍ਰਵੇਸ਼
(PDF ਰੂਪ)
ਆਨਵੀਕਸ਼ਿਕੀ (1)
(PDF ਰੂਪ)
ਆਨਵੀਕਸ਼ਿਕੀ (2)  
(PDF ਰੂਪ)
ਨਿਆਇ-ਸ਼ਾਸਤਰ (1) 
(PDF ਰੂਪ)
ਨਿਆਇ-ਸ਼ਾਸਤਰ (2) 
(PDF ਰੂਪ)
ਨਿਆਇ-ਸ਼ਾਸਤਰ - ਜਾਤਿ (3) 
(PDF ਰੂਪ)
ਨਿਆਇ-ਸ਼ਾਸਤਰ - ਨਿਗ੍ਰਹਸਥਾਨ (4) 
(PDF ਰੂਪ)
ਨਿਆਇ-ਸ਼ਾਸਤਰ - ਹੋਰ ਵਿਸ਼ੇ (5) 
(PDF ਰੂਪ)
ਨਿਆਇ-ਸ਼ਾਸਤਰ - ਨਿਆਇ-ਸੂਤਰ ਉੱਪਰ ਵਿਵਿਧ ਟੀਕਾ(6) 
(PDF ਰੂਪ)
ਜੈਨ ਤਰਕਸ਼ਾਸਤਰ (1)
- ਪ੍ਰਾਚੀਨ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (2)
- ਪ੍ਰਣਾਲੀਬੱਧ ਲੇਖਕ
(PDF ਰੂਪ)
ਜੈਨ ਤਰਕਸ਼ਾਸਤਰ (3)
- ਪ੍ਰਣਾਲੀਬੱਧ ਲੇਖਕ ਮਾਣਿਕਯ ਨੰਦੀ ਅਤੇ ਦੇਵ ਸੂਰੀ

(PDF ਰੂਪ)
ਬੋਧੀ ਤਰਕਸ਼ਾਸਤਰ (1)
- ਭੂਮਿਕਾ

(PDF ਰੂਪ)
ਬੋਧੀ ਤਰਕਸ਼ਾਸਤਰ (2)
- ਪ੍ਰਾਚੀਨ ਬੋਧੀ ਰਚਨਾਵਾਂ

(PDF ਰੂਪ)
ਬੋਧੀ ਤਰਕਸ਼ਾਸਤਰ (3)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਦਿਗਨਾਗ

(PDF ਰੂਪ)
ਬੋਧੀ ਤਰਕਸ਼ਾਸਤਰ (4)
- ਪ੍ਰਣਾਲੀਬੱਧ ਬੋਧੀ ਗ੍ਰੰਥਕਾਰ - ਧਰਮਕੀਰਤੀ ਆਦਿ

(PDF ਰੂਪ)
ਬੋਧੀ ਤਰਕਸ਼ਾਸਤਰ (5)
- ਪਤਨ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (1)
ਨਵ-ਬ੍ਰਾਹਮਣ ਯੁਗ (900 ਈ - 1920 ਈ)

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (2)
ਨਿਆਇ ਪ੍ਰਕਰਣਾਂ ਵਿਚ ਵੈਸ਼ੇਸ਼ਕ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (3)
ਵੈਸ਼ੇਸ਼ਕ ਪ੍ਰਕਰਣਾਂ ਵਿਚ ਨਿਆਇ

(PDF ਰੂਪ)

ਆਧੁਨਿਕ ਸੰਪ੍ਰਦਾਇ - ਨਿਆਇ ਪ੍ਰਕਰਣ (4)
ਗ੍ਰੰਥ ਜੋ ਕੁਝ ਇਕ ਨਿਆਇ ਅਤੇ ਕੁਝ ਇਕ ਵੈਸੇਸ਼ਕ ਵਿਸ਼ਿਆਂ ਦਾ ਵਿਵੇਚਨ ਕਰਦੇ ਹਨ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (1)
- ਤਰਕਸ਼ਾਸਤਰ ਦਾ ਨਿਰਮਾਣ

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (2)
- ਅਨੁਮਾਨ ਖੰਡ (1)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (3)
- ਅਨੁਮਾਨ ਖੰਡ (2)

(PDF ਰੂਪ)

ਗੰਗੇਸ਼, ਸ਼੍ਰੀ ਤਤਵਚਿੰਤਾਮਣੀ (4)
- ਸ਼ਬਦ ਖੰਡ

(PDF ਰੂਪ)
 

 

 

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com