ਇਕਬਾਲ ਰਾਮੂਵਾਲੀਆ ਦਾ ਅੰਗਰੇਜ਼ੀ ਨਾਵਲ
''ਦ ਡੈੱਥ ਅਵ ਅ ਪੈਸਪੋਰਟ'' (19/01/05)
Ajanta Books International, 1-UB, Jawahar
Nagar, Bungalow Road, Delhi, 110007
ਟਿੱਪਣੀਕਾਰ: ਜਰਨੈਲ ਸਿੰਘ
ਕਹਾਣੀਕਾਰ (905-794-931)
ਬੀਤੇ ਤੀਹ ਸਾਲ ਤੋਂ ਕੈਨਡਾ ਵਸਦਾ, ਬਹੁ-ਪੱਖੀ
ਸ਼ਖ਼ਸੀਅਤ ਦਾ ਮਾਲਕ, ਇਕਬਾਲ ਰਾਮੂਵਾਲੀਆ, ਹਰ ਕਾਰਜ ਨੂੰ ਪੂਰੇ ਦਿਲੋ-ਜਾਨ ਨਾਲ
ਨਿਭਾਉਂਦਾ ਹੈ। ਇਹ ਕਾਰਜ ਭਾਵੇਂ ਉਸ ਦੇ ਅਧਿਆਪਕੀ ਕਿੱਤੇ ਨਾਲ ਸਬੰਧਤ ਹੋਣ,
ਸਾਹਿਤ ਸਿਰਜਣਾ ਨਾਲ ਜਾਂ ਅਖ਼ਬਾਰ-ਨਵੀਸੀ ਨਾਲ। ਉਹ ਸਮਝਦਾ ਹੈ ਕਿ ਪ੍ਰਤਿਭਾ ਦੇ
ਨਾਲ ਨਾਲ ਮਿਹਨਤ ਤੇ ਲਗਨ ਵੀ ਅਤਿਅੰਤ ਜ਼ਰੂਰੀ ਚੀਜ਼ਾਂ ਨੇ। ਆਪਣੀ ਇਸੇ ਲਗਨ ਸਦਕਾ
ਹੀ ਉਹ ਪੰਜਾਬੀ ਦਾ ਇੱਕ ਨਾਮਵਰ ਸ਼ਾਇਰ ਬਣਿਆਂ। ਟਰਾਂਟੋ ਦੀ ਪੰਜਾਬੀ ਅਖ਼ਬਾਰ
“ਖ਼ਬਰਨਾਮਾ” ‘ਚ ਛਪਦੇ ਉਸ ਦੇ ਸਿੱਕੇਬੰਦ ਤੇ ਸ਼ਾਇਰਾਨਾ ਮੁਹਾਂਦਰੇ ਵਾਲੇ
ਸੰਪਾਦਕੀਆਂ ਦੀ ਕਦਰਦਾਨੀ ਦਾ ਰਹੱਸ ਵੀ ਉਸ ਦੇ ਇਨ੍ਹਾਂ ਗੁਣਾਂ ‘ਚ ਹੀ ਛੁਪਿਆ
ਹੋਇਆ ਹੈ। ਤੇ ਉਸ ਦੇ ਇਨ੍ਹਾਂ ਗੁਣਾਂ ‘ਚੋਂ ਹੀ ੳਦੇ ਹੋਇਆ ਹੈ ਉਸ ਦਾ ਪਲੇਠਾ
ਅੰਗਰੇਜ਼ੀ ਨਾਵਲ ‘ਦ ਡੈੱਥ ਅਵ ਅ ਪੈਸਪੋਰਟ’ – ਜੀਵਨ ਦੀ ਕਠੋਰਤਾ-ਕਰੂਰਤਾ
ਦਾ ਕਲਾਮਈ ਪ੍ਰਤੀਬਿੰਬ।
ਇਸ ਨਾਵਲ ਦੇ ਕੇਂਦਰ ਵਿੱਚ ਸੀਮਾ ਨਾਮ ਦੀ ਇੱਕ
ਪੜ੍ਹੀ-ਲਿਖੀ ਪੰਜਾਬਣ ਕੁੜੀ ਹੈ ਜੋ ਗ਼ੈਰ-ਕਾਨੂੰਨੀ ਇੰਮੀਗਰਾਂਟ ਹੋਣ ਕਰ ਕੇ,
ਸਵਰਗ ਵਰਗੇ ਦੇਸ਼ ਕੈਨਡਾ ਵਿੱਚ ਵੀ ਨਰਕ ਦੀ ਜੂਨ ਹਢਾਉਂਦੀ ਹੈ। ਆਪਣੇ ਹੀ
ਨਾਮ-ਸਿਰਨਾਵੇਂ ਤੋਂ ਲੁਕਦੀ, ਆਪਣੇ ਹੀ ਪ੍ਰਛਾਵਿਆਂ ਤੋਂ ਤ੍ਰਭਕਦੀ ਇਹ ਮੁਟਿਆਰ,
ਜਿੰਦਗੀ ਨੂੰ ਜ਼ਹਿਰ ਵਾਂਗ ਪੀ ਰਹੀ ਹੈ। ਅਸਲ ਵਿੱਚ ਸੀਮਾ ਦਾ ਵਿਆਹ ਕੈਨਡਾ ਤੋਂ
ਗਏ ਅਨਮੋਲ ਨਾਲ ਤੱਤ-ਭੜੱਥੀ ਵਿੱਚ ਹੀ ਕਰ ਦਿੱਤਾ ਗਿਆ ਕਿਉਂਕਿ ਸੀਮਾ ਦਾ ਪਿਤਾ
ਸੀਮਾ ਨੂੰ ‘ਬਾਹਰਲੇ ਮੁਲਕ’ ਵਿੱਚ ਭੇਜਣ ਲਈ ਕਾਹਲਾ ਸੀ। ਪਰ ਸੀਮਾ ਦੀ ਰੂਹ ਵਿੱਚ
ਉਸ ਦਾ ਪ੍ਰੇਮੀ ਅਵਤਾਰ ਵਸਿਆ ਹੋਇਆ ਹੈ।
ਸੀਮਾ ਨੂੰ ਉਸ ਦੀ ਪੱਕੀ ਇੰਮੀਗਰੇਸ਼ਨ ਲਈ
ਕੈਨਡਾ ਵਿਚੋਂ ਹੀ ਸਪਾਂਸਰ ਕਰਨ ਦੇ ਇਰਾਦੇ ਨਾਲ, ਅਨਮੋਲ, ਸੀਮਾ ਨੂੰ, ਵਿਜ਼ਿਟਰ
ਵੀਜ਼ੇ ‘ਤੇ ਆਪਣੇ ਨਾਲ ਹੀ ਲੈ ਕੈਨਡਾ ਜਾਂਦਾ ਹੈ। ਪਰ ਸੀਮਾ ਦੇ ਅਵਤਾਰ ਨਾਲ ਪਿਆਰ
ਸਬੰਧਾਂ ਦੀ ਭਿਣਕ ਲੱਗਣ ‘ਤੇ ਉਹ ਸੀਮਾ ਦੇ ਸਪਾਂਸਰਸ਼ਿਪ ਕੇਸ ਨੂੰ ਵਿੱਚੇ ਛੱਡ
ਦੇਂਦਾ ਹੈ। ‘ਅਮਰੋਜ਼ ਨਾਮ ਦੇ ਇੱਕ ਬੱਚੇ ਦੇ ਜਨਮ ਤੀਕ ਸੀਮਾ ਤੇ ਅਨਮੋਲ ਵਿਚਕਾਰ
ਪਤੀ-ਪਤਨੀ ਦੇ ਰਿਸ਼ਤੇ ਦੀ ਤੰਦ ਟੁੱਟ ਚੁੱਕੀ ਹੁੰਦੀ ਹੈ।
ਬੱਚੇ ਅਮਰੋਜ਼ ਨੂੰ ਵੈਨਕੂਵਰ ‘ਚ ਅਨਮੋਲ ਪਾਸ
ਛੱਡ ਕੇ, ਕਾਲਜ ਦੇ ਸਮੇਂ ਦੀ ਆਪਣੀ ਸਹੇਲੀ, ਵੀਨਾ, ਵੱਲ ਜਹਾਜ਼ ਰਾਹੀਂ ਟਰਾਂਟੋ
ਨੂੰ ਆਉਂਦਿਆਂ, ਸੀਮਾ ਭਾਰਤ ਤੋਂ ਕੱਪੜੇ ਤੇ ਜੂਲਰੀ ਇੰਪੋਰਟ ਕਰਨ ਵਾਲੇ ਇੱਕ
ਬਿਜ਼ਨੈਸਮੈਨ ਰਾਜਨ ਬਰਾੜ ਨੂੰ ਮਿਲਦੀ ਹੈ ਜਿਹੜਾ ਬਾਅਦ ਵਿੱਚ ਉਸ ਦੀ ਜ਼ਿੰਦਗੀ ‘ਚ
ਇੱਕ ਅਹਿਮ ਰੋਲ ਨਿਭਾਉਂਦਾ ਹੈ।
ਟਰਾਂਟੋ ‘ਚ ਸੀਮਾ ਉੱਤੇ ਪਹਿਲਾ ਬਲਾਤਕਾਰੀ
ਹਮਲਾ, ਉਸ ਦੀ ਸਹੇਲੀ ਵੀਨਾ ਦੇ ਪਤੀ ਅਜੀਤ ਵੱਲੋਂ ਤੇ ਦੂਸਰਾ ਗੁਰਦਵਾਰੇ ਦੇ ਇੱਕ
ਭਾਈ ਜੀ ਵੱਲੋਂ ਹੁੰਦਾ ਹੈ। ਗੈਰ-ਕਾਨੂੰਨੀ ਹੋਣ ਦੀ ਬੇਵਸੀ ਕਾਰਨ ਨਾ ਉਹ ਪੁਲਸ
ਕੋਲ ਸ਼ਕਾਇਤ ਕਰ ਸਕਦੀ ਹੈ, ਨਾ ਕੋਈ ਜਾਬ ਹਾਸਲ ਕਰ ਸਕਦੀ ਹੈ ਤੇ ਨਾ ਹੀ
ਵੈਲਫੇਅਰ ਲੈ ਸਕਦੀ ਹੈ। ਆਖ਼ਰ ਰਾਜਨ ਬਰਾੜ ਉਸ ਨੂੰ ਆਪਣੀ ਭੈਣ ‘ਰੀਤਾ ਗਿੱਲ’ ਦੇ
ਕਾਗਜ਼ਾਂ ਉੱਪਰ ਆਪਣੇ ਵੇਅਰਹਾਊਸ ਵਿੱਚ ਕੰਮ ‘ਤੇ ਲਗਾਉਣ ਦੀ ਤੇ ਇੱਕ ਬੇਸਮੈਂਟ
ਅਪਾਰਮੈਂਟ ਕਿਰਾਏ ‘ਤੇ ਦਵਾਉਣ ਦੀ‘ਮਿਹਰਬਾਨੀ’ ਕਰਦਾ ਹੈ।
ਚਾਰ ਸਾਲ ਬਰਾੜ ਦੇ ਵੇਅਰਹਾਊਸ ਵਿੱਚ ਕੰਮ
ਕਰਦਿਆਂ, ਇੱਕ ਅਮੁੱਕ ਅਨਿਸਚਤਤਾ ਦੀ ਸਥਿਤੀ ਤੋਂ ਅੱਕ-ਥੱਕ ਚੁੱਕੀ ਸੀਮਾ, ਰੀਫੂਜੀ
ਦੇ ਤੌਰ ‘ਤੇ ਅਪਲਾਈ ਕਰਨਾ ਚਹੁੰਦੀ ਹੈ ਪਰ ਰਾਜਨ ਬਰਾੜ ਉਸ ਨੂੰ ਟਾਲੀ ਜਾਂਦਾ ਹੈ
ਕਿਉਂਕਿ ਸੀਮਾ ਨੇ ਥੋੜ੍ਹੀ ਤਨਖਾਹ ‘ਤੇ ਹੀ ਵੇਅਰਹਾਊਸ ਦਾ ਵੱਡਾ ਆਪਰੇਸ਼ਨ
ਸੰਭਾਲਿਆ ਹੋਇਆ ਹੈ। ਵੇਅਰਹਾਊਸ ਨੂੰ ਸੀਮਾ ਦੀ ਜਿੰਮੇਵਾਰੀ ‘ਤੇ ਛੱਡ ਕੇ, ਰਾਜਨ
ਬਰਾੜ ਜਦੋਂ ਇੰਡੀਆ ਗਿਆ ਹੁੰਦੈ ਤਾਂ, ਇੰਮੀਗਰੇਸ਼ਨ ਦੇ ਸੰਭਾਵਤ ਛਾਪਿਆਂ ਅਤੇ
ਰੀਤਾ ਗਿੱਲ ਦੀਆਂ ਧਮਕੀਆਂ ਤੋਂ ਘਬਰਾਈ ਸੀਮਾ, ਵੇਅਰਹਾਊਸ ਤੋਂ ਫਰਾਰ ਹੋ ਜਾਂਦੀ
ਹੈ।
ਇੱਕ ਕਨੇਡੀਅਨ ਰੈਸਟੋਰੈਂਟ ਦੀ ਤਲਾਕ-ਸ਼ੁਦਾ
ਗੋਰੀ ਮਾਲਕਣ, ਪੈਟਰਿਸ਼ਾ, ਸੀਮਾ ਦੀ ਹਾਲਤ ‘ਤੇ ਤਰਸ ਖਾ ਕੇ ਉਸ ਨੂੰ ਜਾਬ ਵੀ ਦੇ
ਦੇਂਦੀ ਹੈ ਤੇ ਆਪਣੇ ਹੀ ਅਪਾਰਮੈਂਟ ਵਿੱਚ ਰਹਾਇਸ਼ ਵੀ। ਪਰ ਪੈਟਰਿਸ਼ਾ ਵੱਲੋਂ ਹੋਏ
ਦੇਹੀ-ਹਮਲੇ ਨਾਲ਼ ਮਾਨਸਿਕ ਤੌਰ ‘ਤੇ ਝੰਬੀ-ਲਿਤਾੜੀ ਸੀਮਾ ਮੁੜ ਰਾਜਨ ਬਰਾੜ ਦੇ
ਵੇਅਰਹਾਊਸ ‘ਚ ਪਹੁੰਚ ਜਾਂਦੀ ਹੈ। ਆਪਣੇ ਬਿਜ਼ਨੈੱਸ ਦੀ ਬਰਬਾਦੀ ਸੀਮਾ ਸਿਰ
ਮੜ੍ਹਦਾ ਰਾਜਨ ਬਰਾੜ ਉਸ ਦੀ ਕੁੱਟ-ਮਾਰ ਕਰਦਾ ਹੈ। ਬਰਫੀਲੇ ਤੇ ਤੁਫ਼ਾਨੀ ਮੌਸਮ ਦੇ
ਕਹਿਰ ਅਤੇ ਰਾਜਨ ਦੀਆਂ ਸੱਟਾਂ ਨਾਲ ਬੇਹੋਸ਼ ਹੋਈ ਸੀਮਾ ਪਹਿਲਾਂ ਹਸਪਤਾਲ, ਤੇ
ਉਥੋਂ ਗ਼ੈਰ-ਕਾਨੂੰਨੀ ਇੰਮੀਗਰਾਂਟ ਹੋਣ ਦੇ ਜੁਰਮ ਵਿੱਚ ਡੀਟੈਨਸ਼ਨ ਸੈਂਟਰ
(ਨਜ਼ਰਬੰਦੀ ਕੇਂਦਰ) ‘ਚ ਡੱਕ ਦਿੱਤੀ ਜਾਂਦੀ ਹੈ। ਇੰਮੀਗਰੇਸ਼ਨ ਹਾਸਲ ਕਰਨ ਲਈ ਉਹ
ਮਜਬੂਰੀ ਵੱਸ ‘ਸੋਢੀ’ ਨਾਮ ਦੇ ਇੱਕ ਵਿਅਕਤੀ ਨਾਲ ‘ਸਹੂਲਤੀ’ ਵਿਆਹ ਕਰਦੀ ਹੈ।
ਲੰਮੀ ਉਡੀਕ ਬਾਅਦ ਜਦੋਂ ਕੁਝ ਕੁ ਹਫਤਿਆਂ ਤੀਕ ਉਸ ਨੂੰ ਇੰਮੀਗਰੇਸ਼ਨ ਦੀ ਪੱਕੀ
ਮੋਹਰ ਲੱਗਣ ਵਾਲੀ ਹੁੰਦੀ ਹੈ, ਤਾਂ ਜਿਸਮਾਨੀ ਤੇ ਰੂਹਾਨੀ ਪੱਖੋਂ ਗਲੀਜ਼,
ਆਵਾਰਗਰਦ, ਸ਼ਰਾਬੀ, ਤੇ ਮਨੋਰੋਗੀ ਸੋਢੀ ਆਪਣੀਆਂ ਜਾਅਲਸਾਜ਼ੀਆਂ ਤੇ ਹੇਰਾਫੇਰੀਆਂ
ਦੇ ਪ੍ਰਛਾਵਿਆਂ ਤੋਂ ਡਰਦਾ ਪਾਗਲ ਹੋ ਜਾਂਦਾ ਹੈ ਤੇ ਬਾਰ੍ਹਵੀਂ ਮੰਜ਼ਲ ਤੋਂ ਛਾਲ
ਮਾਰ ਕੇ ਮਰ ਜਾਂਦਾ ਹੈ। ਸੋਢੀ ਦੇ ਬੁਰੀ ਤਰ੍ਹਾਂ ਫਿੱਸੇ ਸਰੀਰ ਵੱਲ ਦੇਖਦਿਆਂ
ਸੀਮਾ ਨੂੰ ਜਾਪਦਾ ਹੈ ਕਿ ਚਕਨਾਚੂਰ ਸੋਢੀ ਨਹੀਂ, ਉਹ ਖ਼ੁਦ ਆਪ ਹੋਈ ਹੈ; ਤੇ
ਚਕਨਾਚੂਰ ਵੀ ਅਜੇਹੀ ਕਿ ਮੁੜ ਸਾਲਮ-ਸਬੂਤੀ ਉਹ ਕਦੀ ਵੀ ਨਹੀਂ ਹੋ ਸਕੇਗੀ।
ਇਕਬਾਲ ਰਾਮੂਵਾਲੀਆ ਇਨ੍ਹਾਂ ਘਟਨਾਵਾਂ ਨੂੰ
ਸਪਾਟ ਤੌਰ ‘ਤੇ ਵਰਨਣ ਕਰਨ ਦੀ ਬਜਾਏ, ਤਣਾਅ-ਪੂਰਨ ਸਥਿਤੀਆਂ, ਪਾਤਰਾਂ ਦੇ ਸੰਵਾਦ,
ਤੇ ਮਨ-ਬਚਨੀਆਂ ਰਾਹੀਂ ਕਲਾਤਮਿਕ ਰੂਪ ਵਿੱਚ ਚਿਤਰਦਾ ਹੈ। ਪਾਤਰਾਂ ਦੇ ਮਨੋਭਾਵਾਂ,
ਵਿਸ਼ੇਸ਼ ਕਰ ਕੇ ਦੁਬਿਧਾਵਾਂ ਨੂੰ ਗ੍ਰਹਿਣ ਕਰਨਾ ਤੇ ਸੁੰਦਰ, ਸੂਖ਼ਮ ਸ਼ਬਦਾਂ ਤੇ
ਸ੍ਰੋਦੀ ਸ਼ੈਲੀ ‘ਚ ਪੇਸ਼ ਕਰਨਾ ਇਕਬਾਲ ਦੀ ਲੇਖਣੀ ਦਾ ਵਿਸ਼ੇਸ਼ ਗੁਣ ਹੈ। ਪਾਤਰਾਂ
ਅੰਦਰਲੀ ਖ਼ਲਬਲੀ, ਟੁੱਟ-ਭੱਜ, ਕਮੀਨਗੀ ਤੇ ਵਡੱਪਣ ਨੂੰ ਉਹ ਕਮਾਲ ਦੀ ਬਾਰੀਕੀ ਨਾਲ
ਚਿਤਰਦਾ ਹੈ।
ਇਕਬਾਲ ਨੇ ਆਪਣੇ ਪਾਤਰਾਂ ਨੂੰ ਉਨ੍ਹਾਂ ਦੇ
ਗੁਣਾ-ਔਗਣਾ ਸਮੇਤ ਇੱਕ ਵਿੱਥ ‘ਤੇ ਰਹਿ ਕੇ ਪੇਸ਼ ਕੀਤਾ ਹੈ। ਨਾਵਲ ਦੀ ਮੁੱਖ ਪਾਤਰ
ਸੀਮਾ ਇੱਕ ਸੱਚੀ-ਸੁੱਚੀ ਆਤਮਾ ਹੈ ਪ੍ਰੰਤੂ ਇੱਕ ਜਵਾਨ ਔਰਤ ਹੋਣ ਕਰ ਕੇ, ਉਸ
ਸੰਪਰਕ ਵਿੱਚ ਆਇਆ ਹਰ ਵਿਅਕਤੀ ਉਸ ਨੂੰ ਇੱਕ ‘ਸ਼ਿਕਾਰ’ ਦੇ ਤੌਰ ‘ਤੇ ਹੀ ਦੇਖਦਾ
ਹੈ। ਸੱਚੀ ਸੁੱਚੀ ਹੋਣ ਦੇ ਬਾਵਜੂਦ, ਹਾਲਾਤ ਦੀ ਘੁਲਾੜੀ ਵਿੱਚ ਫਸੀ ਹੋਣ ਕਾਰਨ ਉਸ
ਨੂੰ ਨਿੱਕੀ ਮੋਟੀ ਚੋਰੀ ਤੇ ਹੇਰਾਫੇਰੀ ਦਾ ਰਸਤਾ ਵੀ ਅਖ਼ਤਿਆਰ ਕਰਨਾ ਪੈਂਦਾ ਹੈ।
ਇਵੇਂ ਹੀ ਬਾਕੀ ਪਾਤਰ ਵੀ ਨਾ ਤਾਂ ਨਿਰੇ ਦੇਵਤੇ ਹਨ ਤੇ ਨਾ ਹੀ ਰਾਖ਼ਸ਼, ਸਗੋਂ
ਸਾਰੀਆਂ ਇਨਸਾਨੀ ਖੂਬੀਆਂ ਤੇ ਕਮਜ਼ੋਰੀਆਂ ਸਮੇਤ ਉਹ ਜੀਂਦੇ ਜਾਗਦੇ ਵਿਅਕਤੀ ਹਨ।
ਅਵਤਾਰ ਨਾਲ ਸੀਮਾ ਦੇ ਮੁਹੱਬਤੀ ਸਬੰਧ ਦਾ ਭੇਦ ਖੁਲ੍ਹਣ ‘ਤੇ ਉਸ ਦਾ ਪਤੀ ਅਨਮੋਲ
ਉਸ ਨੂੰ ਇੱਕ ਦਮ ਧੱਕਾ ਨਹੀਂ ਦੇਂਦਾ ਸਗੋਂ ਸੀਮਾ ਦੀ ਇੱਛਾ ਅਨੁਸਾਰ ਉਸ ਨੂੰ ਹਵਾਈ
ਜਹਾਜ਼ ਦਾ ਟਿਕਟ ਵੀ ਖ਼ਰੀਦ ਕੇ ਦੇਂਦਾ ਹੈ ਤੇ ਪੰਜ ਸੌ ਡਾਲਰ ਵੀ। ਤੇ ਨਸ਼ਿਆਂ ‘ਚ
ਗਰਕ ਹੋਏ, ਅਵਾਰਾਗਰਦ ਤੇ ਹੇਰਾ-ਫੇਰੀਆਂ ਵਾਲੇ ਨੌਸਰਬਾਜ਼ ਸੋਢੀ ਅੰਦਰ ਵੀ ਦੁਖੀਆਂ
ਲਈ ਨਿੱਘ ਤੇ ਹਮਦਰਦੀ ਦਾ ਝਲਕਾਰਾ ਲੱਭ ਜਾਂਦਾ ਹੈ।
ਇਕਬਾਲ ਦੀ ਇਸ ਰਚਨਾ ਵਿੱਚ ਕੁਝ ਕੁ
ਕਮਜ਼ੋਰੀਆਂ ਦਾ ਜਿ਼ਕਰ ਕਰਨਾ ਵੀ ਬਣਦਾ ਹੈ। ਨਾਵਲ ਦਾ ਪਲਾਟ ਜਟਲ ਹੋਣ ਦੀ ਥਾਂ
ਇਕਹਰਾ ਜਾਪਦਾ ਹੈ। ਕਿਤੇ ਕਿਤੇ ਗੋਂਦ ਦੇ ਢਿੱਲੀ ਹੋਣ ਦੀ ਸ਼ੱਕ ਵੀ ਪੈ ਜਾਂਦੀ
ਹੈ। ਹੋ ਸਕਦਾ ਹੈ ਕੁਝ ਵਾਧੂ ਜਾਪਦੀਆਂ ਘਟਨਾਵਾਂ ਇਕਬਾਲ ਨੇ ਕਿਸੇ ਖ਼ਾਸ ਸਥਿਤੀ
ਤੇ ਮਨੁੱਖੀ ਸੁਭਾਅ ਨੂੰ ਉਜਾਗਰ ਕਰਨ ਲਈ ਹੀ ਸਿਰਜੀਆਂ ਹੋਣ, ਜਿਵੇਂ ਕਿ ਮੂਵੀ
ਦੇਖਣ ਗਈ ਸੀਮਾ ਨੂੰ ਮਿਲਦੀ ਇੱਕ ‘ਆਂਟੀ’, ਰਿਸ਼ਤੇਦਾਰਾਂ ਨੂੰ ਕੈਨਡਾ ਲਿਆਉਣ ਲਈ
ਤਰਲੋ-ਮੱਛੀ ਹੋ ਰਹੇ ਲੋਕਾਂ ਨੂੰ ਤਾਂ ਨਸ਼ਰ ਕਰਦੀ ਹੈ, ਮਗਰ ਇਹ ਸਾਰੀ ਘਟਨਾ ਨਾਵਲ
ਦੇ ਢਾਂਚੇ ਨੂੰ ਹਿਲਾਏ ਬਗੈਰ ਮਨਫੀ ਵੀ ਕੀਤੀ ਜਾ ਸਕਦੀ ਹੈ।
ਪਰ ਨਿੱਕੀਆਂ ਨਿੱਕੀਆਂ ਇਹ ਖ਼ਾਮੀਆਂ, ਇਕਬਾਲ
ਦੀ ਬਾਕਮਾਲ ਸ਼ੈਲੀ ਹੇਠ ਕੱਜੀਆਂ ਗਈਆਂ ਹਨ। ਉਸ ਦੇ ਸ਼ੈਲੀਗਤ ਗੁਣਾਂ, ਖ਼ਾਸ ਕਰ
ਕੇ ਸੂਖ਼ਮਤਾ, ਪ੍ਰਤੀਕਾਤਮਕਤਾ ਅਤੇ ਕਾਵਿਕ ਭਾਸ਼ਾ ਦੇ ਝਲਕਾਰੇ, ਸਾਰੇ ਨਾਵਲ ਵਿੱਚ
ਥਾਂ ਪੁਰ ਥਾਂ ਦ੍ਰਿਸ਼ਟੀਮਾਨ ਹੁੰਦੇ ਹਨ। ਨਲੂਨੇ ਵਜੋਂ ਹੇਠ ਲਿਖੀਆਂ ਸਤਰਾਂ ਪੇਸ਼
ਹਨ:
ਰਾਜਨ ਬਰਾੜ ਵੱਲੋਂ ਕੀਤੀ ਬੇਰਹਿਮ ਫੌਜਦਾਰੀ,
ਅੰਤਾਂ ਦੀ ਠੰਢ ਵਿੱਚ ਬਰਫ਼ ਵਰਗੇ ਯਖ਼ ਬੱਸ ਸਟਾਪ ਦੇ ਕੈਬਨ ‘ਚ ਫਰੀਜ਼ ਤੇ ਹੋ
ਰਹੇ ਸੀਮਾ ਦੇ ਤਨ-ਮਨ ਨੂੰ ਇਕਬਾਲ ਇੰਝ ਰੂਪਮਾਨ ਕਰਦੈ:
“The center of her head quickly
started to turn into a ball of ice, gradually dimming her
consciousness into a thick black shroud.” (page 159)
ਇਸੇ ਤਰ੍ਹਾਂ ਸੋਢੀ ਦੀ ਮੌਤ ਤੋਂ
ਬਾਅਦ, ਸੀਮਾ ਦੀ ਰੂਹ-ਨਪੀੜਦੀ ਮਨ-ਬਚਨੀ ਕਮਾਲ ਦੀ ਭਾਸ਼ਾ ‘ਚ ਉੱਭਰਦੀ ਹੈ:
“Who is dead? Him or his passport…Who
had I been sleeping with against my will? A person or a passport?”
(page 239)
ਕੁੱਲ ਮਿਲਾ ਕੇ, ‘ਦ ਡੈੱਥ ਅਵ ਅ
ਪੈਸਪੋਰਟ’ ਇੱਕ ਗੌਲਣਯੋਗ ਉੱਤਮ ਰਚਨਾ ਹੈ ਜਿਸ ਲਈ ਇਕਬਾਲ ਵਧਾਈ ਦਾ ਹੱਕਦਾਰ
ਹੈ। |