WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਪੰਨੂੰ :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਪੰਨੂੰ : ਇਸ ਗੋਤ ਦਾ ਮੋਢੀ ਪੰਨੂੰ ਸੀ। ਇਹ ਸੂਰਜ ਬੰਸ ਵਿਚੋਂ ਹਨ। ਇਹ ਮੱਧ ਏਸ਼ੀਆ ਤੋਂ ਆਇਆ ਹੋਇਆ ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ। 800 ਪੂਰਬ ਈਸਵੀਂ ਜੱਟ ਭਾਈਚਾਰੇ ਦੇ ਲੋਕ ਕੈਸਪੀਅਨ ਸਾਗਰ ਤੋਂ ਲੈ ਕੇ ਸਿੰਧ ਅਤੇ ਮੁਲਤਾਨ ਤੱਕ ਫੈਲੇ ਹੋਏ ਸਨ। ਜੱਟਾਂ ਨੂੰ ਬਾਹਲੀਕਾ ਕਿਹਾ ਜਾਂਦਾ ਸੀ ਕਿਉਂਕਿ ਇਹ ਵਾਹੀ ਕਰਦੇ ਅਤੇ ਪਸ਼ੂ ਪਾਲਦੇ ਸਨ। ਹੁਣ ਵੀ ਜੱਟਾਂ ਦੇ ਕਈ ਗੋਤ ਮੱਧ ਏਸ਼ੀਆ, ਪੱਛਮੀ ਏਸ਼ੀਆ ਤੇ ਯੂਰਪ ਆਦਿ ਦੇਸ਼ਾਂ ਦੇ ਕਈ ਲੋਕਾਂ ਨਾਲ ਰਲਦੇ-ਮਿਲਦੇ ਹਨ। ਪੰਨੂੰ ਭਾਈਚਾਰੇ ਦੇ ਬਹੁਤੇ ਲੋਕ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ ਤੇ ਸਿਆਲਕੋਟ ਦੇ ਖੇਤਰਾਂ ਵਿੱਚ ਹੀ ਵਸਦੇ ਹਨ। ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਵਿੱਚ ਪੰਨੂੰ ਗੋਤ ਦਾ ਬਹੁਤ ਹੀ ਉਘਾ ਪਿੰਡ ਮੁਗਲ ਚੱਕ ਪੰਨੂੰਆਂ ਹੈ। ਬੰਦੇ ਬਹਾਦਰ ਤੇ ਮਹਾਰਾਜੇ ਰਣਜੀਤ ਸਿੰਘ ਦੇ ਸਮੇਂ ਹੀ ਬਹੁਤੇ ਜੱਟ ਜ਼ਮੀਨਾਂ ਦੇ ਮਾਲਕ ਬਣੇ। ਪਹਿਲਾਂ ਬਹੁਤੀਆਂ ਜ਼ਮੀਨਾਂ ਦੇ ਮਾਲਕ ਹਿੰਦੂ ਚੌਧਰੀ ਜਾਂ ਮੁਸਲਮਾਨ ਜਾਗੀਰਦਾਰ ਸਨ।

ਅੰਮ੍ਰਿਤਸਰ ਦੇ ਇਲਾਕੇ ਵਿੱਚ ਪੰਨੂੰ ਗੋਤ ਦੇ 12 ਪਿੰਡ ਹਨ। ਪੰਨੂੰਆਂ ਦੇ ਚੌਧਰੀ ਰਸੂਲ ਦੀ ਲੜਕੀ ਸਿਰਹਾਲੀ ਵਾਲੇ ਸੰਧੂਆਂ ਦੇ ਘਰ ਵਿਆਹੀ ਸੀ। ਆਪਸ ਵਿੱਚ ਲੜਾਈ ਹੋਣ ਕਾਰਨ ਇਨ੍ਹਾਂ ਦਾ ਸਿਰਹਾਲੀ ਦੇ ਸੰਧੂਆਂ ਨਾਲ ਕਾਫ਼ੀ ਸਮੇਂ ਤੱਕ ਵੈਰ ਰਿਹਾ। ਹੁਣ ਲੋਕ ਇਹ ਘਟਨਾ ਭੁੱਲ ਗਏ ਹਨ। ਅੰਮ੍ਰਿਤਸਰ ਜਿਲ੍ਹੇ ਵਿੱਚ ਨੌਸ਼ਹਿਰਾ ਪੰਨੂੰਆਂ ਵੀ ਪੰਨੂੰ ਭਾਈਚਾਰੇ ਦਾ ਇੱਕ ਵੱਡਾ ਤੇ ਪ੍ਰਸਿੱਧ ਪਿੰਡ ਹੈ।

ਲੁਧਿਆਣੇ ਜਿਲ੍ਹੇ ਵਿੱਚ ਵੀ ਪੰਨੂੰ ਗੋਤ ਦੇ ਜੱਟ ਕਾਫ਼ੀ ਵਸਦੇ ਹਨ।

ਜੰਡੀ ਵਢਣ ਵਾਲੀ ਰਸਮ ਪੰਨੂੰਆਂ ਵਿੱਚ ਵੀ ਪ੍ਰਚਲਿਤ ਹੈ। ਇਹ ਛੱਟੀਆਂ ਖੇਡਣ ਦੀ ਰਸਮ ਵੀ ਕਰਦੇ ਸਨ। ਇਹ ਪੂਜਾ ਦਾ ਚੜ੍ਹਾਵਾ ਬ੍ਰਾਹਮਣ ਨੂੰ ਦਿੰਦੇ ਸਨ। ਬਹੁਤੇ ਪੰਨੂੰ ਗੁਰੂ ਰਾਮ ਰਾਏ ਦੇ ਸੇਵਕ ਹਨ। ਨਵੀਂ ਸੂਈ ਮੱਝ ਜਾਂ ਗਊ ਦਾ ਦੁੱਧ ਇਹ ਸਭ ਤੋਂ ਪਹਿਲਾਂ ਦਸਵੀਂ ਵਾਲੇ ਦਿਨ ਸਿੱਖ ਨੂੰ ਹੀ ਦਿੰਦੇ ਹਨ। ਇਹ ਦੁੱਧ ਰਾਮ ਰਾਏ ਦੇ ਨਾਮ ਤੇ ਹੀ ਦਿੱਤਾ ਜਾਂਦਾ ਹੈ। ਗੁਰੂ ਰਾਮ ਰਾਏ ਦਾ ਕੀਰਤਪੁਰ ਵਿੱਚ ਡੇਰਾ ਵੀ ਹੈ ਜਿਥੇ ਪੰਨੂੰ ਗੋਤ ਦੇ ਜੱਟ ਸੁਖਾਂ ਪੂਰੀਆਂ ਹੋਣ ਤੇ ਜਾਂਦੇ ਹਨ। ਸਿੱਖ ਧਰਮ ਦੇ ਪ੍ਰਭਾਵ ਕਾਰਨ ਹੁਣ ਪੰਨੂੰ ਬਰਾਦਰੀ ਦੇ ਲੋਕ ਪੁਰਾਣੇ ਰਸਮ ਰਿਵਾਜ਼ ਛੱਡ ਰਹੇ ਹਨ। ਪ੍ਰੋ: ਹਰਪਾਲ ਸਿੰਘ ਪੰਨੂੰ ਮਹਾਨ ਸਾਹਿਤਕਾਰ ਤੇ ਵਿਦਵਾਨ ਪੁਰਸ਼ ਹਨ। ਦੁਨੀਆਂ ਦੀ ਪਹਿਲੀ ਕਿਤਾਬ ‘ਰਿਗਵੇਦ’ ਪੰਜਾਬ ਵਿੱਚ ਹੀ ਲਿਖੀ ਗਈ ਸੀ। ਪੰਜਾਬ ਨੂੰ ਸਪਤਸਿੰਧੂ ਅਥਵਾ ਵਾਹੀਕ ਵੀ ਕਹਿੰਦੇ ਸਨ। ਮਾਝੇ ਦੇ ਇਲਾਕੇ ਨੌਸ਼ਹਿਰਾ ਪੰਨੂੰਆਂ ਤੋਂ ਉਠਕੇ ਕੁਝ ਪੰਨੂੰ ਮਾਲਵੇ ਦੇ ਪ੍ਰਸਿੱਧ ਪਿੰਡ ਘੱਗਾ ਜਿਲ੍ਹਾ ਪਟਿਆਲਾ ਵਿੱਚ ਕਾਫ਼ੀ ਸਮੇਂ ਤੋਂ ਆਬਾਦ ਹਨ। ਇਸ ਪਿੰਡ ਵਿੱਚ ਹੁਣ 100 ਤੋਂ ਵੀ ਉਪਰ ਪੰਨੂੰਆਂ ਦੇ ਘਰ ਹਨ। ਪ੍ਰਸਿੱਧ ਇਤਿਹਾਸਕਾਰ ਤੇ ਢਾਡੀ ਸੋਹਣ ਸਿੰਘ ਸੀਤਲ ਮਾਝੇ ਦੇ ਪੰਨੂੰ ਜੱਟ ਸਨ।

ਸਿਆਲਕੋਟ ਵਿੱਚ ਵੀ ਪੰਨੂੰਆਂ ਦੇ ਪੰਜ ਪਿੰਡ ਸਨ। ਸਾਂਦਲਬਾਰ ਵਿੱਚ ਵੀ ਪੰਨੂੰ ਅਤੇ ਇੱਟਾਂ ਵਾਲੀ ਪੰਨੂੰ ਭਾਈਚਾਰੇ ਦੇ ਪਿੰਡ ਸਨ। ਮਿੰਟਗੁੰਮਰੀ ਵਿੱਚ ਬਹੁਤੇ ਪੰਨੂੰ ਜੱਟ ਸਿੱਖ ਹਨ। ਮੁਜ਼ੱਫਰਗੜ ਤੇ ਡੇਰਾ ਗਾਜ਼ੀ ਖਾਂ ਵਿੱਚ ਬਹੁਤੇ ਪੰਨੂੰ ਜੱਟ ਮੁਸਲਮਾਨ ਸਨ।

ਅੰਬਾਲਾ, ਫਿਰੋਜ਼ਪੁਰ, ਪਟਿਆਲਾ ਤੇ ਨਾਭਾ ਆਦਿ ਖੇਤਰਾਂ ਵਿੱਚ ਵੀ ਪੰਨੂੰ ਗੋਤ ਦੇ ਜੱਟ ਕਾਫ਼ੀ ਵਸਦੇ ਹਨ। ਸਭ ਤੋਂ ਵੱਧ ਪੰਨੂੰ ਜੱਟ ਮਾਝੇ ਵਿੱਚ ਆਬਾਦ ਹਨ। ਇਹ ਸਾਰੇ ਸਿੱਖ ਹਨ। ਡਾਕਟਰ ਬੀ• ਐਸ• ਦਾਹੀਆ ਪੰਨੂੰ ਜੱਟਾਂ ਨੂੰ ਹੂਣਾਂ ਦੇ ਰਾਜੇ ਪੋਨੂੰ ਦੀ ਬੰਸ ਵਿਚੋਂ ਮੰਨਦਾ ਹੈ। ਇਹ ਵਿਚਾਰ ਗ਼ਲਤ ਪ੍ਰਤੀਤ ਹੁੰਦਾ ਹੈ। ਕੁਝ ਇਤਿਹਾਸਕਾਰ ਪੰਨੂੰ ਜੱਟਾਂ ਨੂੰ ਔਲਖ ਬਰਾਦਰੀ ਵਿਚੋਂ ਸਮਝਦੇ ਹਨ। ਧਨੀਚ ਔਲਖਾਂ ਤੇ ਪੰਨੂੰਆਂ ਦੋਵਾਂ ਦਾ ਵਡੇਰਾ ਸੀ। ਔਲਖ ਵੀ ਪੰਨੂੰਆਂ ਵਾਂਗ ਸੂਰਜਬੰਸ ਵਿਚੋਂ ਹਨ।

1881 ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਪੰਨੂੰ ਗੋਤ ਦੇ ਜੱਟਾਂ ਦੀ ਗਿਣਤੀ 9919 ਸੀ। ਪੰਜਾਬ ਵਿਚੋਂ ਪੰਨੂੰ ਗੋਤ ਦੇ ਜੱਟ ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਆਦਿ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ।

ਪੰਨੂੰ ਇੱਕ ਉਘਾ ਤੇ ਛੋਟਾ ਗੋਤ ਹੈ। ਜੱਟਾਂ ਨੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਬਹੁਤ ਉਨਤੀ ਕੀਤੀ ਹੈ। ਭਾਰਤ ਦੀਆਂ ਕਈ ਜਾਤੀਆਂ ਜੱਟਾਂ ਦੀ ਉਨਤੀ ਤੇ ਈਰਖਾ ਕਰਦੀਆਂ ਹਨ। ਜੱਟ ਬਹੁਤ ਹੀ ਮਿਹਨਤੀ ਤੇ ਖੁੱਲ੍ਹ ਦਿਲੀ ਜਾਤੀ ਹੈ। ਪੰਨੂੰ ਵੀ ਜੱਟਾਂ ਦਾ ਪ੍ਰਾਚੀਨ ਤੇ ਜਗਤ ਪ੍ਰਸਿੱਧ ਗੋਤ ਹੈ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com