|
ਅਲੋਪ
ਹੋ ਰਹੀਆਂ ਜੰਗਲੀ ਜੀਵ-ਜਾਤੀਆਂ ਨੂੰ ਸੰਭਾਲਣ ਦੀ ਲੋੜ
ਡਾ. ਜਤਿੰਦਰਪਾਲ ਸਿੰਘ ਬਰਨਾਲਾ
ਪ੍ਰਕਿਰਤੀ
ਨੇ ਕਈ ਬਹੁਤ ਹੀ ਮਨਲੁਭਾਉਣੇ ਦ੍ਰਿਸ਼ਾਂ, ਜਿਵੇਂ ਬਰਫ਼ਾਂ ਲੱਦੇ ਪਹਾੜਾਂ, ਵਾਦੀਆਂ,
ਜੰਗਲਾਂ ਤੇ ਝੀਲਾਂ-ਝਰਨਿਆਂ ਨਾਲ ਇਸ ਧਰਤੀ ਨੂੰ ਸ਼ਿੰਗਾਰਿਆ ਹੋਇਆ ਹੈ ਅਤੇ ਇਨ੍ਹਾਂ
ਦ੍ਰਿਸ਼ਾਂ ਨੂੰ ਹੋਰ ਵੀ ਮਨਮੋਹਕ ਬਣਾਉਂਦੇ ਹਨ ਇਥੇ ਵਸਦੇ ਜੰਗਲੀ ਜੀਵ। ਧਰਤੀ ਦੇ
ਭਿੰਨ-ਭਿੰਨ ਖੇਤਰਾਂ ਵਿਚ ਮਿਲਦੀ ਬਹੁਰੰਗੀ ਜੰਗਲੀ ਜੀਵ ਸੰਪਤੀ ਆਪਣੇ-ਆਪ ਵਿਚ
ਬੇਮਿਸਾਲ ਹੈ। ਸੰਘਣੇ ਜੰਗਲਾਂ, ਪਰਬਤਾਂ ਦੀਆਂ ਚੋਟੀਆਂ, ਵਾਦੀਆਂ, ਦਰਿਆਵਾਂ ਤੇ
ਸਮੁੰਦਰਾਂ ਦੇ ਪਾਣੀਆਂ, ਤਪਦੇ ਮਾਰੂਥਲਾਂ ਅਤੇ ਜ਼ਮੀਨੀ ਇਲਾਕਿਆਂ 'ਚ ਮਿਲਦੀਆਂ
ਜੀਵ-ਜਾਤੀਆਂ ਦੀ ਵਿਭਿੰਨਤਾ ਵੀ ਉੱਨੀ ਹੀ ਹੈਰਾਨੀਜਨਕ ਹੈ, ਜਿੰਨੀ ਕਿ ਇਨ੍ਹਾਂ
ਪਰਸਥਿਤਕ ਟਿਕਾਣਿਆਂ ਦੀ ਭਿੰਨਤਾ। ਆਕਾਰ ਵਿਚ ਛੋਟੇ-ਛੋਟੇ ਜੀਵਾਂ ਤੋਂ ਲੈ ਕੇ ਹਾਥੀ
ਤੇ ਵੇਲ ਮੱਛੀ ਜਿਹੇ ਭਾਰੀ ਭਰਕਮ ਜੀਵਾਂ ਤਕ, ਸੁਸਤ ਤੇ ਆਲਸੀ ਸੁੱਤੇ ਹੋਏ ਜੀਵਾਂ
ਤੋਂ ਲੈ ਕੇ ਆਕਾਸ਼ੀ ਉਡਾਰੀਆਂ ਮਾਰਦੇ ਪੰਛੀਆਂ ਅਤੇ ਹਵਾ ਵਾਂਗ ਦੌੜਦੇ ਚੀਤੇ ਤੇ ਕਾਲੇ
ਹਿਰਨ ਜਿਹੇ ਜੀਵਾਂ ਤਕ ਦੀ ਭਿੰਨਤਾ ਵਾਲੀਆਂ ਵੰਨਗੀਆਂ ਵਿਚ ਮਿਲਦੇ ਜੀਵਨ ਨੂੰ ਵੇਖ
ਕੇ ਅਸੀਂ ਅਚੰਭਿਤ ਹੋ ਜਾਂਦੇ ਹਾਂ।
ਜੈਵਿਕ ਵਿਭਿੰਨਤਾ ਦੇ ਪੱਖੋਂ ਸਾਡਾ ਦੇਸ਼ ਬਹੁਤ ਅਮੀਰ ਰਿਹਾ ਹੈ।
ਇਸ ਦੇ ਉੱਤਰ ਵੱਲ ਹਿਮਾਲਾ ਦੀਆਂ ਵਿਸ਼ਾਲ ਪਰਬਤੀ ਲੜੀਆਂ, ਦੱਖਣ ਵੱਲ ਪੂਰਬੀ ਅਤੇ
ਪੱਛਮੀ ਘਾਟ, ਉੱਤਰ ਪੂਰਬੀ ਅਤੇ ਮੱਧ ਭਾਰਤ ਦੇ ਖੇਤਰਾਂ ਵਿਚ ਮਿਲਦੀਆਂ
ਵੰਨ-ਸੁਵੰਨੀਆਂ ਜੰਗਲੀ ਜੀਵ-ਜਾਤੀਆਂ ਆਪਣੇ ਆਪ ਵਿਚ ਲਾਜਵਾਬ ਹਨ। ਪੁਰਾਤਨ ਸਮਿਆਂ
ਵਿਚ ਸਮੁੱਚਾ ਭਾਰਤ ਦੇਸ਼ ਜੰਗਲੀ ਜੀਵਾਂ ਦਾ ਭਰਪੂਰ ਖਜ਼ਾਨਾ ਸੀ ਅਤੇ ਇਤਿਹਾਸਕ
ਹਵਾਲਿਆਂ ਤੋਂ ਪਤਾ ਲਗਦਾ ਹੈ ਕਿ ਕਿਸੇ ਸਮੇਂ ਸ਼ੇਰ, ਹਾਥੀ, ਗੈਂਡੇ ਅਤੇ ਚੀਤੇ ਆਦਿ
ਜਿਹੇ ਜੀਵ ਉੱਤਰੀ ਅਤੇ ਉੱਤਰ-ਪੱਛਮੀ ਭਾਰਤ ਵਿਚ ਆਮ ਹੀ ਮਿਲਦੇ ਸਨ, ਪ੍ਰੰਤੂ ਪਿਛਲੇ
ਸਮੇ ਦੌਰਾਨ ਭਾਰਤੀ ਜੰਗਲੀ ਜੀਵ ਸੰਪਤੀ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ।
ਅੱਜ ਤੋਂ ਪੰਜ ਸੌ ਤੋਂ ਹਜ਼ਾਰ ਸਾਲ ਪਹਿਲਾਂ ਉੱਤਰੀ ਭਾਰਤ ਵਿਚ
ਆਮ ਵਿਚਰਨ ਵਾਲਾ ਗੈਂਡਾ ਨਾਂ ਦਾ ਜਾਨਵਰ ਅੱਜ ਕੇਵਲ ਆਸਾਮ ਅਤੇ ਪੱਛਮੀ ਬੰਗਾਲ ਦੇ
ਜੰਗਲਾਂ ਤਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ। ਸੰਸਾਰ ਦਾ ਮੰਨਿਆ ਗਿਆ ਸਭ ਤੋਂ ਤੇਜ਼
ਦੌੜਾਕ ਭਾਰਤੀ ਚੀਤਾ ਅੱਜ ਇਸ ਸੰਸਾਰ ਤੋਂ ਸਦਾ ਲਈ ਅਲੋਪ ਹੋ ਚੁੱਕਾ ਹੈ। ਸਾਰੇ ਭਾਰਤ
ਦੇ ਜੰਗਲੀ ਖੇਤਰਾਂ ਵਿਚ ਰਾਜ ਕਰਨ ਵਾਲਾ ਏਸ਼ੀਆਈ ਸ਼ੇਰ ਵੀ ਅੱਜ ਕੇਵਲ ਗੁਜਰਾਤ ਵਿਚਲੇ
'ਗੀਰ ਜੰਗਲ' ਵਿਚ ਹੀ ਆਪਣੀ ਹੋਂਦ ਕਾਇਮ ਰੱਖ ਸਕਿਆ ਹੈ ਅਤੇ ਇਸ ਸਦੀ ਦੇ ਆਰੰਭ ਵਿਚ
40 ਹਜ਼ਾਰ ਤੋਂ 50 ਹਜ਼ਾਰ ਤਕ ਮੰਨੀ ਗਈ ਬਾਘਾਂ ਦੀ ਗਿਣਤੀ ਅੱਜ ਕੇਵਲ ਇਸ ਦਾ ਮਸਾਂ ਹੀ
ਦਸਵਾਂ ਕੁ ਹਿੱਸਾ ਰਹਿ ਗਈ ਹੈ ਅਤੇ ਉਹ ਵੀ ਅਲੋਪ ਹੋਣ ਦੇ ਨੇੜੇ ਜਾ ਪਹੁੰਚੀ ਬਾਘ
ਜਾਤੀ ਦੇ ਬਚਾਓ ਲਈ ਸਰਕਾਰ ਵਲੋਂ ਕਾਇਮ ਕੀਤੇ 'ਟਾਈਗਰ ਰਿਜ਼ਰਵ ਪ੍ਰਾਜੈਕਟ' ਸਦਕਾ ਹੀ
ਸੰਭਵ ਹੋ ਸਕਿਆ ਹੈ। ਕਾਲਾ ਹਿਰਨ ਜੋ ਕਿ 50 ਕੁ ਸਾਲ ਪਹਿਲਾਂ ਕਾਫੀ ਵੱਡੀ ਸੰਖਿਆ
ਵਿਚ ਵਿਚਰਦਾ ਸੀ, ਅੱਜ ਆਪਣੀ ਹੋਂਦ ਅਤੇ ਉਤਰਜੀਵਤਾ ਲਈ ਸੰਘਰਸ਼ ਕਰ ਰਿਹਾ ਹੈ ਅਤੇ
ਰਾਜਸਥਾਨ ਤੇ ਗੁਜਰਾਤ ਦੇ ਨੈਸ਼ਨਲ ਪਾਰਕਾਂ ਅਤੇ ਸੈਂਕਚੂਰੀਜ਼ ਵਿਚ ਹੀ ਸਖਤ ਸੁਰੱਖਿਆ
ਪ੍ਰਬੰਧਾਂ ਅਧੀਨ ਜੀਅ ਰਿਹਾ ਹੈ।
ਆਖਰ ਇਹ ਜੰਗਲੀ ਜੀਵ ਕਿਉਂ ਅਲੋਪ ਹੋਈ ਜਾ ਰਹੇ ਹਨ?

|
ਡਾਇਨਾਸੋਰ |
ਵਿਗਿਆਨਕ ਪੱਖੋਂ ਜੀਵਾਂ ਦੇ ਅਲੋਪ ਹੋਣ ਦੀ ਪ੍ਰਕਿਰਿਆ ਨੂੰ
ਦੋ ਪ੍ਰਕਾਰ ਦਾ ਮੰਨਿਆ ਗਿਆ ਹੈ। ਪਹਿਲੀ, ਕੁਦਰਤੀ ਆਫਤਾਂ ਦੇ ਨਤੀਜੇ ਵਜੋਂ, ਜਿਵੇਂ
ਕਿ ਲੱਖਾਂ ਵਰ੍ਹੇ ਪਹਿਲਾਂ ਡਾਇਨਾਸੋਰਾਂ ਦਾ ਅਲੋਪ ਹੋਣਾ ਅਤੇ ਦੂਸਰਾ ਅੱਜ ਕੱਲ੍ਹ
ਮਨੁੱਖ ਦੁਆਰਾ ਪ੍ਰਕਿਰਤੀ ਨਾਲ ਕੀਤੀ ਜਾ ਰਹੀ ਬੇਲੋੜੀ ਛੇੜਛਾੜ ਦੇ ਫਲਸਰੂਪ।
ਸ਼ਹਿਰੀਕਰਨ ਅਤੇ ਉਦਯੋਗੀਕਰਨ ਦੇ ਇਸ ਦੌਰ ਵਿਚ ਮਨੁੱਖ ਨੇ ਕੁਦਰਤੀ ਸੋਮਿਆਂ ਨੂੰ ਜੀਅ
ਭਰ ਕੇ ਲੁੱਟਿਆ ਅਤੇ ਵਧਦੀ ਹੋਈ ਵਸੋਂ ਦੀਆਂ ਲੋੜਾਂ ਦੀ ਪੂਰਤੀ ਲਈ ਜੰਗਲਾਂ ਦੀ
ਅਨ੍ਹੇਵਾਹ ਕਟਾਈ ਕੀਤੀ। ਕੁਝ ਕੁ ਜੰਗਲੀ ਜੀਵ-ਜਾਤੀਆਂ ਤਾਂ ਉਨ੍ਹਾਂ ਦੇ ਕੁਦਰਤੀ
ਟਿਕਾਣਿਆਂ ਦੇ ਅਲੋਪ ਹੋਣ ਕਰਕੇ ਅਲੋਪ ਹੋ ਗਈਆਂ, ਕੁਝ ਕੁ ਕੁਦਰਤੀ ਆਫਤਾਂ ਦੀ ਭੇਟ
ਚੜ੍ਹ ਗਈਆਂ ਅਤੇ ਬਾਕੀ ਰਹਿੰਦੀ ਕਸਰ ਮਨੁੱਖ ਦੁਆਰਾ ਕੀਤੇ ਸ਼ਿਕਾਰ ਅਤੇ ਲੋਟੂ
ਪ੍ਰਵਿਰਤੀ ਨੇ ਪੂਰੀ ਕਰ ਦਿੱਤੀ। ਜੰਗਲਾਂ ਦੀ ਕਟਾਈ, ਵਧ ਰਿਹਾ ਸ਼ਹਿਰੀਕਰਨ,
ਖੇਤੀਬਾੜੀ ਅਧੀਨ ਰਕਬੇ ਦਾ ਵਿਸਥਾਰ, ਜੰਗਲੀ ਖੇਤਰਾਂ ਵਿਚ ਸੜਕਾਂ ਤੇ ਰੇਲਵੇ ਲਾਈਨਾਂ
ਦਾ ਨਿਰਮਾਣ, ਦਰਿਆਵਾਂ ਤੇ ਝੀਲਾਂ ਦਾ ਪ੍ਰਦੂਸ਼ਣ, ਵਾਤਾਵਰਣਿਕ ਸ਼ੋਰ ਪ੍ਰਦੂਸ਼ਣ ਅਤੇ
ਆਪਣੀ ਵਪਾਰਕ ਸੁਆਰਥ-ਪੂਰਤੀ ਲਈ ਮਨੁੱਖ ਦੁਆਰਾ ਕੀਤੇ ਸ਼ਿਕਾਰ ਆਦਿ ਨੇ ਜੰਗਲੀ ਜੀਵਾਂ
ਲਈ ਆਫਤ ਮਚਾ ਦਿੱਤੀ। ਫਲਸਰੂਪ ਜੰਗਲੀ ਜੀਵਾਂ ਦੀਆਂ ਜਾਤੀਆਂ ਬਹੁਤ ਘਟ ਗਈਆਂ ਅਤੇ ਕਈ
ਜੀਵ ਜਾਤੀਆਂ ਤਾਂ ਉੱਕਾ ਹੀ ਇਸ ਧਰਤੀ ਤੋਂ ਅਲੋਪ ਹੋ ਗਈਆਂ ਅਤੇ ਕਈ ਹੋਰ ਖਤਮ ਹੋਣ
ਦੇ ਕਿਨਾਰੇ ਜਾ ਪਹੁੰਚੀਆਂ।
ਅੱਜ ਇੰਜ ਜਾਪਣ ਲੱਗ ਪਿਆ ਹੈ ਕਿ ਮਨੁੱਖ ਦੀਆਂ ਲੋੜਾਂ ਦੀ ਪੂਰਤੀ
ਕਦੇ ਨਹੀਂ ਹੋ ਸਕਦੀ। ਪਹਿਲਾਂ ਥੋੜਾ, ਫਿਰ ਹੋਰ ਅਤੇ ਇਸੇ ਤਰ੍ਹਾਂ ਹੋਰ-ਹੋਰ ਕਰਦਿਆਂ
ਇਸ ਨੇ ਹਰੇਕ ਕੁਦਰਤੀ ਸੋਮੇ ਨੂੰ ਬੁਰੀ ਤਰ੍ਹਾਂ ਲੁੱਟ ਮਾਰਿਆ ਹੈ। ਜੰਗਲੀ ਜੀਵਾਂ
'ਤੇ ਹੋ ਰਹੇ ਕਹਿਰ ਅਤੇ ਮਨੁੱਖੀ ਦਰਿੰਦਗੀ ਦੀਆਂ ਉਦਾਹਰਨਾਂ ਸੁਣ ਕੇ ਇਕ ਵਾਰ ਤਾਂ
ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਮਨੁੱਖ ਦੀਆਂ ਇਨ੍ਹਾਂ ਸ਼ਾਹੀ ਲੋੜਾਂ ਦੀ ਪੂਰਤੀ ਲਈ
ਹਰ ਸਾਲ 70 ਹਜ਼ਾਰ ਦੇ ਕਰੀਬ ਹਾਥੀਆਂ ਨੂੰ ਇਕੱਲੇ ਅਫਰੀਕਾ ਵਿਚ ਹੀ ਮਾਰ ਸੁੱਟਿਆ
ਜਾਂਦਾ ਹੈ। ਇਸੇ ਹਾਥੀ ਦੰਦ ਦੀ ਪ੍ਰਾਪਤੀ ਦੀ ਦੌੜ ਵਿਚ ਚਲਦਿਆਂ ਹੋਇਆਂ ਸਾਲ 1989
ਤੋਂ ਲੈ ਕੇ ਅੱਜ ਤਕ ਕੁੱਲ ਹਾਥੀਆਂ ਦੀ ਵਸੋਂ ਵਿਚ 50 ਪ੍ਰਤੀਸ਼ਤ ਦੇ ਕਰੀਬ ਤਾਂ ਇਸ
ਮਨੁੱਖੀ ਵਹਿਸ਼ੀਪੁਣੇ ਦਾ ਸ਼ਿਕਾਰ ਹੋ ਚੁੱਕੇ ਹਨ। ਕੁਝ ਅੰਕੜਿਆਂ ਮੁਤਾਬਕ, ਸਾਲ 1980
ਤੋਂ ਅੱਜ ਤਕ ਗੈਂਡੇ ਦੀ ਕੁੱਲ ਵਸੋਂ ਵਿਚ 84 ਪ੍ਰਤੀਸ਼ਤ ਨੂੰ ਤਾਂ ਮਨੁੱਖ ਨੇ ਹੜੱਪ
ਲਿਆ ਹੈ। ਸਾਡੇ ਮੁਲਕ ਵਿਚ ਜੰਗਲੀ ਜੀਵ ਸੁਰੱਖਿਆ ਕਾਨੂੰਨ ਹੋਣ ਦੇ ਬਾਵਜੂਦ ਵੀ ਸਾਲ
1982 ਵਿਚ 21 ਗੈਂਡਿਆਂ ਦੇ ਮਾਰੇ ਜਾਣ ਦੀ ਘਟਨਾ ਵੀ ਵਾਪਰੀ। ਇਹ ਸਾਰਾ ਕੁਝ ਮਨੁੱਖ
ਦੀ ਭੁੱਖੜ ਰੁਚੀ ਵਾਲੇ ਖਾਨੇ ਦੀ ਪੂਰਤੀ ਲਈ ਹੀ ਹੁੰਦਾ ਹੈ, ਕਿਉਂਕਿ ਇਨ੍ਹਾਂ
ਗੈਂਡਿਆਂ ਦੇ ਸਿੰਗਾਂ ਨੇ 62 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਮੁੱਲ 'ਤੇ ਵਿਕਣਾ
ਹੁੰਦਾ ਹੈ। ਅਫਰੀਕਨ ਗੈਂਡੇ ਦੇ ਸਿੰਗ ਤੋਂ ਬਣੇ ਮੁੱਠੇ ਨਾਲ ਸ਼ਿੰਗਾਰੇ ਗਏ ਇਕ ਖੰਜਰ
ਦੀ ਕੀਮਤ 15 ਹਜ਼ਾਰ ਡਾਲਰ ਦੇ ਕਰੀਬ ਪਾਈ ਜਾਂਦੀ ਹੈ।
ਕਸਤੂਰੀ ਹਿਰਨ ਨੂੰ ਵੀ ਮਨੁੱਖ ਵਲੋਂ ਆਪਣੀਆਂ ਲੋੜਾਂ ਦੀ ਪੂਰਤੀ
ਲਈ ਇਸੇ ਤਰ੍ਹਾਂ ਹੀ ਵਰਤਿਆ ਜਾ ਰਿਹਾ ਹੈ। ਖੱਲ ਦੀ ਪ੍ਰਾਪਤੀ ਲਈ ਸ਼ੇਰਾਂ, ਚੀਤਿਆਂ
ਤੇ ਬਾਘਾਂ ਦੇ ਸ਼ਿਕਾਰ ਤੋਂ ਤਾਂ ਅਸੀਂ ਭਲੀ-ਭਾਂਤ ਜਾਣੂ ਹੀ ਹਾਂ। ਬਾਘ ਦੀ ਖੱਲ ਨੂੰ
ਭਾਰਤੀ ਬਾਜ਼ਾਰਾਂ ਵਿਚ 5 ਤੋਂ 10 ਹਜ਼ਾਰ ਰੁਪਏ ਤਕ ਵੇਚਿਆ ਜਾਂਦਾ ਹੈ। ਇਸੇ ਤਰ੍ਹਾਂ
ਹੀ ਹਰੇਕ ਸਾਲ 60 ਤੋਂ 70 ਹਜ਼ਾਰ ਦੇ ਕਰੀਬ ਨੀਲੀਆਂ ਵੇਲ ਮੱਛੀਆਂ ਨੂੰ ਮੌਤ ਦੇ ਘਾਟ
ਉਤਾਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਬਾਰਾਂ ਸਿੰਗੇ, ਕਾਲੇ ਹਿਰਨ ਵਰਗੇ ਕਿੰਨੇ
ਹੀ ਜਾਨਵਰ ਮਨੁੱਖ ਦੇ ਡਰਾਇੰਗ ਰੂਮਾਂ ਦਾ ਸ਼ਿੰਗਾਰ ਬਣਨ ਲਈ ਮੌਤ ਦੇ ਮੂੰਹ 'ਚ ਡਿਗਦੇ
ਹਨ। ਇਸਤਰੀਆਂ ਦੇ ਪਰਸਾਂ, ਜੁੱਤੀਆਂ ਤੇ ਹੋਰ ਸਾਜ਼ੋ-ਸਾਮਾਨ ਲਈ ਸੱਪਾਂ ਤੇ ਕਿਰਲਿਆਂ
ਦੀਆਂ ਜਾਤੀਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ।
ਅਖੌਤੀ
ਰਾਜੇ-ਮਹਾਰਾਜਿਆਂ ਤੇ ਸਾਹਿਬਾਂ ਦੇ ਕਾਕਿਆਂ ਵਲੋਂ ਕੀਤੇ ਸ਼ਿਕਾਰ ਦੇ ਫਲਸਰੂਪ ਜੰਗਲੀ
ਜੀਵਾਂ ਦੀ ਤਬਾਹੀ ਜਾਰੀ ਰਹਿੰਦੀ ਹੈ। ਮਾਸ ਪ੍ਰਾਪਤੀ ਅਤੇ ਆਪਣੇ ਸ਼ੌਕ ਦੀ ਪੂਰਤੀ ਲਈ
ਇਨ੍ਹਾਂ ਜੀਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ
ਵਾਤਾਵਰਣਿਕ ਪ੍ਰਦੂਸ਼ਣ ਅਤੇ ਕੁਦਰਤੀ ਆਫਤਾਂ ਨੇ ਵੀ ਜੰਗਲੀ ਜੀਵਾਂ ਲਈ ਕਹਿਰ ਮਚਾਉਣ
ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸਮੁੰਦਰਾਂ ਵਿਚ ਹੋ ਰਹੇ ਪ੍ਰਦੂਸ਼ਣ ਦੇ ਸਿੱਟੇ
ਵਜੋਂ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿਚ ਮੱਛੀ ਵਰਗੇ ਜੀਵ ਮੌਤ ਦੇ ਮੂੰਹ ਡਿੱਗ ਰਹੇ
ਹਨ। ਸਮੁੰਦਰਾਂ ਵਿਚ ਤੇਲ ਟੈਂਕਰਾਂ 'ਚੋਂ ਡੁੱਲ੍ਹੇ ਤੇਲ ਨਾਲ ਬਣੀ ਤਹਿ ਦੇ ਫਲਸਰੂਪ
ਇਹ ਜੀਵ ਘੁਟਣ ਕਰਕੇ ਮਰ ਜਾਂਦੇ ਹਨ। ਅਲਾਸਕਾ ਵਿਚ ਇਕ ਤੇਲ ਟੈਂਕਰ ਬੇੜੇ 'ਚੋਂ ਵਗਦੇ
ਤੇਲ ਨੇ 33 ਹਜ਼ਾਰ ਪੰਛੀਆਂ ਨੂੰ ਮੌਤ ਦਾ ਤੋਹਫਾ ਦਿੱਤਾ। ਇਸੇ ਤਰ੍ਹਾਂ ਹੀ 1991 ਵਿਚ
ਹੋਏ ਖਾੜੀ ਯੁੱਧ ਦੇ ਸਿੱਟੇ ਵਜੋਂ 30 ਹਜ਼ਾਰ ਦੇ ਕਰੀਬ ਸਮੁੰਦਰੀ ਪੰਛੀ ਅਤੇ ਹੋਰ ਜੀਵ
ਮੌਤ ਦੇ ਮੂੰਹ 'ਚ ਜਾ ਡਿੱਗੇ। ਮੁਨੱਖ ਦੁਆਰਾ ਆਪਣੀਆਂ ਫਸਲਾਂ ਦੇ ਝਾੜ ਵਧਾਉਣ ਲਈ
ਵਰਤੇ ਜਾਂਦੇ ਕੀੜੇਮਾਰ ਰਸਾਇਣਾਂ ਨਾਲ ਵੀ ਜੀਵਾਂ 'ਤੇ ਬਹੁਤ ਮਾੜੇ ਪ੍ਰਭਾਵ ਪਏ ਹਨ।
ਪੈਂਗੂਇਨ ਅਤੇ ਹੋਰਨਾਂ ਪੰਛੀਆਂ ਦੇ ਸਰੀਰਾਂ ਵਿਚ ਵੀ ਇਨ੍ਹਾਂ ਕੀੜੇਮਾਰ ਰਸਾਇਣਾਂ ਦੀ
ਮਾਤਰਾ ਦਾਖਲ ਹੋ ਚੁੱਕੀ ਹੈ। ਅੱਜ ਅਸੀਂ ਧਰਤੀ ਦੇ ਇਕਾਂਤ ਕੋਨਿਆਂ ਵਿਚ ਵਸਦੇ
ਇਨ੍ਹਾਂ ਜੀਵਾਂ ਨੂੰ ਵੀ ਆਪਣੇ ਕਹਿਰ ਤੋਂ ਨਹੀਂ ਬਖਸ਼ਿਆ ਹੈ।
ਇਸ ਸਾਰੇ ਕੁਝ ਦਾ ਸਿੱਟਾ ਇਹ ਹੋਇਆ ਹੈ ਕਿ ਕਈ ਜੀਵ ਜਾਤੀਆਂ
ਤਾਂ ਇਸ ਧਰਤੀ ਤੋਂ ਅਲੋਪ ਹੋ ਗਈਆਂ ਅਤੇ ਕਈ ਹੋਰ ਖਤਮ ਹੋਣ ਦੇ ਨੇੜੇ ਹੀ ਜਾ
ਪਹੁੰਚੀਆਂ ਹਨ। ਪਿਛਲੀਆਂ ਦੋ ਸਦੀਆਂ ਦੇ ਅਰਸੇ ਦੌਰਾਨ ਜਾਨਵਰਾਂ ਦੀਆਂ 106 ਜਾਤੀਆਂ
ਅਤੇ ਪੰਛੀਆਂ ਦੀਆਂ 139 ਜਾਤੀਆਂ ਇਸ ਧਰਤੀ ਤੋਂ ਸਦਾ ਲਈ ਅਲੋਪ ਹੋ ਚੁੱਕੀਆਂ ਹਨ। ਇਕ
ਅੰਦਾਜ਼ਾ ਹੈ ਕਿ ਜੇਕਰ ਕੋਈ ਠੋਸ ਉਪਰਾਲਾ ਨਾ ਕੀਤਾ ਗਿਆ ਤਾਂ ਪੰਛੀਆਂ ਅਤੇ ਜਾਨਵਰਾਂ
ਦੀਆਂ 600 ਦੇ ਕਰੀਬ ਹੋਰ ਜਾਤੀਆਂ ਵੀ ਆਉਣ ਵਾਲੇ ਸਮੇਂ ਵਿਚ ਇਸ ਧਰਤੀ ਨੂੰ ਅਲਵਿਦਾ
ਕਹਿ ਜਾਣਗੀਆਂ। ਰੈੱਡ ਡਾਟਾ ਬੁੱਕ ਦੇ ਮੁਤਾਬਕ ਇਕੱਲੇ ਭਾਰਤ ਵਿਚੋਂ 103 ਜਾਨਵਰਾਂ
ਦੀਆਂ ਜਾਤੀਆਂ ਦੀ ਹੋਂਦ ਨੂੰ ਖਤਰੇ ਦੇ ਕਿਨਾਰੇ 'ਤੇ ਪਹੁੰਚ ਚੁੱਕੇ ਦੱਸਿਆ ਗਿਆ ਹੈ।
ਭਾਰਤ ਵਿਚ 17ਵੀਂ ਸਦੀ ਦੌਰਾਨ ਮਿਲਦੀਆਂ 13 ਹਜ਼ਾਰ ਥਣਧਾਰੀ ਜੀਵਾਂ ਅਤੇ ਪੰਛੀਆਂ
ਦੀਆਂ ਜਾਤੀਆਂ ਵਿਚੋਂ 130 ਤਾਂ ਪਹਿਲਾਂ ਹੀ ਅਲੋਪ ਹੋ ਚੁੱਕੀਆਂ ਹਨ।
ਅੱਜ ਹਰੇਕ ਸਾਲ, ਇਕ ਜੀਵ ਜਾਤੀ ਇਸ ਧਰਤੀ ਨੂੰ ਅਲਵਿਦਾ ਆਖ
ਰਹੀ ਹੈ। ਇਸ ਸਾਰੇ ਕੁਝ ਲਈ ਕਾਫੀ ਹੱਦ ਤਕ ਤਾਂ ਅਸੀਂ ਖੁਦ ਜ਼ਿੰਮੇਵਾਰ ਹਾਂ। ਮਨੁੱਖ
ਅਤੇ ਪ੍ਰਕਿਰਤੀ ਦੇ ਸਬੰਧਾਂ ਵਿਚ ਪੈ ਰਹੇ ਇਸ ਦੁਫੇੜ ਦੇ ਬਹੁਤ ਗੰਭੀਰ ਨਤੀਜੇ ਹੋ
ਸਕਦੇ ਹਨ। |