anthrax1xx.jpg (5892 bytes)ਐਨਥਰੈਕਸ ਰੋਗ ਕੀ ਹੈ?
ਡਾ: ਹਰਚੰਦ ਸਿੰਘ

ਬਹੁਤੇ ਲੋਕ ਜਦੋਂ ਚਿੱਠੀਆਂ ਤੇ ਲੱਗੇ ਚਿੱਟੇ ਪਾਊਡਰ ਰਾਹੀਂ ਐਨਥਰੈਕਸ ਦੇ ਹਮਲਿਆਂ ਦੀ ਖਬਰ ਪੜ੍ਹਦੇ ਹਨ ਤਾਂ ਉਨ੍ਹਾਂ ਦੇ ਮਨ ਅੰਦਰ ਇਸ ਰੋਗ ਬਾਰੇ ਜਾਨਣ ਦੀ ਇੱਛਾ ਪੈਦਾ ਹੁੰਦੀ ਹੈ, ਕਿਉਂਕਿ ਉਹਨਾਂ ਨੇ ਤਾਂ ਇਸ ਰੋਗ ਦਾ ਨਾਂਅ ਵੀ ਪਹਿਲੀ ਵਾਰ ਸੁਣਿਆ ਹੁੰਦਾ ਹੈ। ਸੋ, ਇਹ ਲੇਖ ਇਸ ਰੋਗ ਸਬੰਧੀ ਮੋਟੀ ਜਿਹੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਦੇ ਉਦੇਸ਼ ਨਾਲ ਹੈ।

ਐਨਥਰੈਕਸ ਇਕ ਵਿਸ਼ਵ ਵਿਆਪੀ ਰੋਗ ਹੈ ਅਤੇ ਇਸਦਾ ਇਤਿਹਾਸ ਬਹੁਤ ਪੁਰਾਣਾ ਹੈ। ਇਹ ਰੋਗ, ਬੈਸੀਲੇਲ ਐਨਥਰੈਕਸ ਨਾਮਕ ਬੈਕਟੀਰੀਆ ਦੁਆਰਾ ਫੈਲਦਾ ਹੈ। ਇਸ ਰੋਗ ਦੇ ਬੈਕਟੀਰੀਆ ਨੂੰ ਪਹਿਲੀ ਵਾਰ 1850 ਵਿਚ ਖੁਰਦਬੀਨ ਹੇਠ ਵੇਖਿਆ ਗਿਆ ਸੀ। ਸਰੀਰ ਤੋਂ ਬਾਹਰ ਇਹ ਬੈਕਟੀਰੀਆ, ਇਕ ਸਪਰ ਦੀ ਸ਼ਕਲ ਅਖਤਿਆਰ ਕਰ ਲੈਂਦਾ ਹੈ, ਯਾਨੀ ਆਪਣੇ ਦੁਆਲੇ ਇਕ ਸਖਤ ਦੀਵਾਰ ਉਸਾਰ ਲੈਂਦਾ ਹੈ। ਪ੍ਰਸਿਧ ਵਿਗਿਆਨੀ ਪ੍ਰੋ ਪਾਸਰਚਰ ਜਿਸਨੇ ਇਸ ਰੋਗ ਸਬੰਧੀ 1877 ਵਿਚ ਖੋਜ ਦਾ ਕੰਮ ਕੀਤਾ ਹੈ, ਦਾ ਕਹਿਣਾ ਹੈ ਕਿ ਸਪਰ ਦੇ ਰੂਪ ਵਿਚ ਸੁਰਖਿਅਤ ਬੈਕਟੀਰੀਆ ਬਾਰਾਂ ਸਾਲਾਂ ਤੋਂ ਵੀ ਵਧ ਸਮੇਂ ਤੱਕ ਜੀਵਤ ਰਹਿ ਸਕਦਾ ਹੈ।

ਬਿਮਾਰੀ ਦੇ ਪੱਕਣ ਦਾ ਸਮਾਂ (ਇਨਕਿਊਬੇਸ਼ਨ ਪੀਰੀਅਡ) ਰੋਗ ਦੀ ਲਾਗ ਗ੍ਰਹਿਣ ਕਰਨ ਤੋਂ 1-3 ਦਿਨਾਂ ਬਾਅਦ ਰੋਗ ਦੇ ਲੱਛਣ ਉਤਪੰਨ ਹੋ ਜਾਂਦੇ ਹਨ। ਕਦੇ ਕਦਾਈਂ ਇਸ ਰੋਗ ਦੀਆਂ ਨਿਸ਼ਾਨੀਆਂ ਪ੍ਰਗਟ ਹੋਣ ਨੂੰ ਚੌਦਾਂ ਦਿਨਾਂ ਤੱਕ ਦਾ ਸਮਾਂ ਵੀ ਲੱਗ ਜਾਂਦਾ ਹੈ। ਐਨਥ੍ਰੈਕਸ ਮੁੱਖ ਤੌਰ ਤੇ ਗਾਵਾਂ, ਬੱਕਰੀਆਂ ਤੇ ਭੇਡਾਂ ਦਾ ਰੋਗ ਹੈ, ਪਰ ਮਨੁੱਖ ਸਮੇਤ ਸਾਰੇ ਪਾਲਤੂ ਜਾਨਵਰ ਇਸਦੀ ਮਾਰੂ ਲਪੇਟ ਵਿਚ ਆ ਸਕਦੇ ਹਨ। ਕੁਝ ਜੰਗਲੀ ਜਾਨਵਰਾਂ ਵਿਚ ਵੀ ਇਹ ਰੋਗ ਵੇਖਿਆ ਗਿਆ ਹੈ।

ਡਾ: ਡੀ ਆਰ ਸ਼ਰਮਾ - ਮੁਖੀ ਪ੍ਰਿਵੈਨਟਿਵ ਮੈਡੀਸਨ ਵਿਭਾਗ, ਕਾਲਜ ਆਫ ਵੈਟਰਨਰੀ ਸਾਇੰਸ, ਲੁਧਿਆਣਾ - ਅਨੁਸਾਰ ਹਿਮਾਚਲ ਪ੍ਰਦੇਸ਼ ਅਤੇ ਦੇਸ਼ ਦੇ ਦੱਖਣੀ ਭਾਗਾਂ ਵਿਚ ਇਸ ਰੋਗ ਦੇ ਫੇਲਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਉਤਰੀ ਭਾਗ ਹਾਲੇ ਤੱਕ ਇਸ ਰੋਗ ਦੀ ਮਾਰ ਤੋਂ ਬਚਿਆ ਹੋਇਆ ਹੈ।

ਰੋਗ ਕਿਵੇਂ ਫੈਲਦਾ ਹੈ?

anthrax-spores1.jpg (13623 bytes)

ਐਂਥਰੈਕਸ ਦੇ ਬੀਜਾਣੂ (ਸਪੋਰ)

ਜਾਨਵਰਾਂ ਵਿਚ ਇਸ ਰੋਗ ਦੀ ਲਾਗ, ਆਮ ਤੌਰ ਤੇ ਜਾਨਵਰਾਂ ਦੀ ਖੁਰਾਕ ਰਾਹੀਂ ਉਸਦੀ ਪਾਚਣ ਪ੍ਰਣਾਲੀ ਵਿਚ ਪ੍ਰਵੇਸ਼ ਕਰਦੀ ਹੈ ਅਤੇ ਰੋਗ ਦੇ ਬੈਕਟੀਰੀਆ, ਮੂੰਹ ਜਾਂ ਗਲ ਨੂੰ ਆਪਣਾ ਨਿਸ਼ਾਨਾ ਬਣਾਉਂਦੀ ਹਨ। ਸਪੋਰ ਦੀ ਸ਼ਕਲ ਵਿਚ ਪਾਚਣ ਪ੍ਰਣਾਲੀ ਵਿਚ ਦਾਖਲ ਹੋਏ ਬੈਕਟੀਰੀਆ, ਆਂਤੜੀਆਂ ਵਿਚ ਪਹੁੰਚ ਕੇ ਸਰਗਰਮ ਹੋ ਜਾਂਦੇ ਹਨ ਅਤੇ ਰੋਗ ਨੂੰ ਜਨਮ ਦਿੰਦੇ ਹਨ। ਰੋਗ ਦੇ ਜੀਵਾਣੂਆਂ ਤੋਂ ਪ੍ਰਭਾਵਿਤ ਚਰਾਗਾਹਾਂ ਵੀ ਇਸ ਰੋਗ ਦਾ ਕਾਰਨ ਬਣਦੀਆਂ ਹਨ।

ਸੂਰ ਅਤੇ ਕੁੱਤੇ, ਬਿਮਾਰੀ ਦੀ ਲਾਗ ਵਾਲਾ ਮਾਸ ਖਾਣ ਨਾਲ ਇਸ ਰੋਗ ਦਾ ਸ਼ਿਕਾਰ ਬਣ ਸਕਦੇ ਹਨ। ਇਸ ਰੋਗ ਦੇ ਬੈਕਟੀਰੀਆ ਕਦੇ ਕਦਾਈਂ ਚਮੜੀ ਖਾਸਕਰ ਜ਼ਖਮਾਂ ਰਾਹੀਂ ਸਰੀਰ ਅੰਦਰ ਦਾਖਿਲ ਹੋ ਕੇ ਰੋਗ ਨੂੰ ਜਨਮ ਦਿੰਦੇ ਹਨ। ਕੱਟਣ ਵਾਲੀਆਂ ਮੱਖੀਆਂ ਰਾਹੀਂ ਇਸ ਰੋਗ ਦੇ ਫੇਲਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

ਰੋਗ ਕਾਰਨ ਸਰੀਰ ਦੇ ਵੱਖ ਵੱਖ ਅੰਗਾਂ ਵਿਚ ਪੈਦਾ ਹੋਏ ਵਿਕਾਰ: ਡੰਗਰਾਂ ਵਿਚ ਐਨਥਰੈਕਸ ਮੁੱਖ ਤੌਰ ਤੇ ਪਾਚਕ-ਨਲੀ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ। ਮਿਹਦੇ ਅਤੇ ਆਂਤੜੀਆਂ ਵਿਚ ਸੋਜ਼ਿਸ਼ ਆ ਜਾਂਦੀ ਹੈ ਅਤੇ ਇਨ੍ਹਾਂ ਅੰਗਾਂ ਚੋਂ ਖੂਨ ਵਗਣ ਲੱਗਦਾ ਹੈ। ਅਕਸਰ ਮੂੰਹ, ਨਾਸਾਂ ਅਤੇ ਗੁਦਾ-ਦੁਆਰ ਤੋਂ ਖੂਨ ਨਿਕਲਦਾ ਹੈ ਅਤੇ ਇਹ ਖੂਨ ਜੰਮਦਾ ਨਹੀਂ। ਘੋੜੇ ਅਤੇ ਸੂਰ ਵਿਚ ਗਲ ਦੀ ਸੋਜ਼ਿਸ਼ ਮੁੱਖ ਚਿੰਨ ਹੈ। ਇਹ ਰੋਗ, ਜੇ ਬਰੀਕੀ ਨਾਲ ਦੇਖਿਆ ਜਾਵੇ ਤਾਂ ਜਿਗਰ, ਗੁਰਦਿਆਂ, ਸਪਲੀਨ, ਲਿੰਫ ਗ੍ਰੰਥੀਆਂ ਅਤੇ ਕਈ ਹੋਰ ਅੰਗਾਂ ਤੇ ਵੀ ਦੁਰਪ੍ਰਭਾਵ ਪਾਉਂਦਾ ਹੈ, ਪਰ ਇਥੇ ਇਨ੍ਹਾਂ ਸਾਰਿਆਂ ਵਿਗਾੜਾਂ ਤੇ ਵਿਚਾਰ ਕਰਨੀ, ਮੈਂ ਸਮਝਦਾ ਹਾਂ, ਬੇਮਾਅਨੀ ਗੱਲ ਹੋਵੇਗੀ। ਜਿਸ ਜਾਨਵਰ ਦੀ ਮੌਤ ਐਨਥਰੈਕਸ ਕਾਰਨ ਹੁੰਦੀ ਹੈ ਉਸਦੀ ਲਾਸ਼ ਬਹੁਤ ਜਲਦ ਸੜ ਜਾਂਦੀ ਹੈ। ਇਹ ਵਿਸ਼ੇਸ਼ ਲੱਛਣ, ਬਿਮਾਰੀ ਦੀ ਤਸਖੀਸ਼ ਕਰਨ ਵਿਚ ਮੱਦਦਗਾਰ ਸਿੱਧ ਹੁੰਦਾ ਹੈ।

how-it-affects1.jpg (22552 bytes)

ਮਨੁੱਖ ਕਿਵੇ ਇਸ ਰੋਗ ਦਾ ਸ਼ਿਕਾਰ ਬਣਦਾ ਹੈ?

ਮਨੁੱਖ ਵਿਚ, ਜਾਨਵਰਾਂ ਦੇ ਮੁਕਾਬਲੇ ਇਸ ਰੋਗ ਦੀ ਚਮੜੀ ਰਾਹੀਂ ਲਾਗ ਲਗਣ ਦੀ ਵਧ ਸੰਭਾਵਨਾ ਹੈ। ਮਾਸ ਵੇਚਣ ਦਾ ਧੰਦਾ ਕਰਨ ਵਾਲੇ, ਮੁਰਦਾ ਜਾਨਵਰਾਂ ਦੀਆਂ ਖੱਲਾਂ ਉਤਾਰਨ ਵਾਲੇ ਅਤੇ ਖੱਲਾਂ ਦਾ ਵਿਓਪਾਰ ਕਰਨ ਵਾਲੇ ਵਿਅਕਤੀ, ਆਪਣੇ ਕਿੱਤੇ ਕਾਰਨ ਇਸ ਰੋਗ ਦੀ ਲਾਗ ਨੂੰ ਚਮੜੀ ਰਾਹੀਂ ਗ੍ਰਹਿਣ ਕਰਨ ਲਈ ਬਦਨਾਮ ਹਨ। ਮਨੁੱਖ ਵਿਚ ਚਮੜੀ ਰਾਹੀਂ ਗ੍ਰਹਿਣ ਕੀਤੀ ਇਨਫੈਕਸ਼ਨ ਘਾਤਕ ਫਿਨਸੀਆਂ ਨੂੰ ਜਨਮ ਦਿੰਦੀ ਹੈ ਅਤੇ ਕਈ ਵੇਰ ਚਮੜੀ ਨਾਲ ਸੋਜ਼ਿਸ਼ ਦਿਖਾਈ ਦੇਣ ਲੱਗ ਪੈਂਦੀ ਹੈ।

anthrax-infected-neck1.jpg (12053 bytes)

ਐਂਥਰੈਕਸ ਨਾਲ ਜ਼ਖਮੀ ਹੋਈ ਗਰਦਨ

ਮਨੁੱਖ ਵਿਚ ਬਿਮਾਰੀ ਦੇ ਸਪੋਰਜ਼ ਦਾ ਸਾਹ ਰਾਹੀਂ ਸਰੀਰ ਅੰਦਰ ਦਾਖਲ ਹੋ ਜਾਣਾ, ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ। ਉਨ ਦੀ ਸ਼ਰੇਣੀ ਵੰਡ (ਵੂਲ ਗ੍ਰੇਡਿੰਗ) ਕਰਨ ਵਾਲੇ ਵਿਅਕਤੀਆਂ ਵਿਚ ਇਸ ਰੋਗ ਦੀ ਸਾਹ ਰਾਹੀਂ ਲਾਗ ਲਗਣ ਦੀ ਵੱਡੀ ਸੰਭਾਵਨਾ ਹੁੰਦੀ ਹੈ। ਇਹੋ ਕਾਰਨ ਹੈ ਕਿ ਮਨੁੱਖ ਵਿਚ ਐਨਥਰੈਕਸ ਰੋਗ ਨੂੰ 'ਵੁਲ-ਸਾਰਟਰਜ਼ ਡਿਸੀਜ਼' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਚੇਤੇ ਰਹੇ! ਜਾਨਵਰਾਂ ਵਿਚ ਸਾਹ ਰਾਹੀਂ ਇਸ ਰੋਗ ਦੀ ਲਾਗ ਲੱਗਣ ਦੀਆਂ ਘਟਨਾਵਾਂ ਨਹੀਂ ਵਾਪਰਦੀਆਂ।

ਅੰਤ ਵਿਚ, ਆਓ! ਚਿੱਠੀਆਂ ਤੇ ਲੱਗੇ ਚਿੱਟੇ ਪਾਊਡਰ ਦੀ ਗੱਲ ਨੂੰ ਜ਼ਰਾ ਹੋਰ ਸਪਸ਼ਟ ਕਰੀਏ। ਹੁਣ ਇਸ ਤੱਥ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਚਿੱਠੀਆਂ ਰਾਹੀਂ ਚਿੱਟੇ ਪਾਊਡਰ ਦੀ ਸ਼ਕਲ ਵਿਚ ਐਨਥਰੈਕਸ ਸਪੋਰਜ਼ ਭੇਜੇ ਜਾ ਰਹੇ ਹਨ। ਇਸ ਤਰ੍ਹਾਂ ਸੁਭਾਵਿਕ ਹੀ ਹੈ ਕਿ ਲਿਫਾਫੇ ਨੂੰ ਖੋਲ੍ਹਣ ਅਤੇ ਚਿੱਠੀ ਨੂੰ ਪੜ੍ਹਨ ਵਾਲਾ ਵਿਅਕਤੀ, ਚਮੜੀ ਜਾਂ ਸਾਹ ਰਾਹੀਂ ਇਸ ਰੋਗ ਦੀ ਲਾਗ ਨੂੰ ਗ੍ਰਹਿਣ ਕਰ ਸਕਦਾ ਹੈ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com