ਅਜੋਕੇ ਸਮੇਂ ਵਿੱਚ ਮਾਤ-ਭਾਸ਼ਾ ਦੀ ਪੜ੍ਹਾਈ: ਇਕ ਦ੍ਰਿਸ਼ਟੀਕੋਣ
- ਕਰਨੈਲ ਸਿੰਘ ਸੋਮਲ
ਮਾਂ ਬੋਲੀ ਦੀ ਮਹਿਮਾ ਮਾਂ ਦੀ ਮਹਿਮਾ ਵਾਂਗ ਅਕੱਥ ਹੈ। ਮਾਂ
ਦਾ ਆਦਰ ਕਰਨਾ ਆ ਜਾਵੇ ਤਾਂ ਮਾਮੀਆਂ-ਮਾਸੀਆਂ ਦਾ ਵੀ ਆਦਰ ਕਰਨਾ ਆ ਜਾਂਦਾ ਹੈ। ਇਵੇਂ
ਹੀ ਮਾਂ-ਬੋਲੀ ਦਾ ਰਸ ਮਾਣਿਆ ਹੋਵੇ ਤਾਂ ਹੋਰਨਾਂ ਬੋਲੀਆਂ ਨੂੰ ਸਿੱਖਣਾ ਇਕ ਸੁਆਦਲਾ
ਕਾਰਜ ਬਣ ਜਾਂਦਾ ਹੈ। ਬੱਚੇ ਦੀ ਮੁਢਲੀ ਪੜ੍ਹਾਈ ਮਾਂ ਬੋਲੀ ਵਿੱਚ ਹੋਵੇ ਤਾਂ ਉਸ
ਵਿੱਚ ਅਜਿਹੀ ਤਾਕਤ ਭਰਦੀ ਹੈ ਜਿਹੋ ਜਿਹੀ ਮਾਂ ਦਾ ਦੁੱਧ ਪੀਤਿਆਂ ਹੁੰਦੀ ਹੈ।
ਬੰਦੇ ਦੀ ਪਛਾਣੀ ਤੇ ਬੇਪਛਾਣੀ ਤਾਕਤ ਉਸ ਦੀ ਮਾਂ ਬੋਲੀ ਦੇ ਸ਼ਬਦਾਂ ਵਿੱਚ ਸਮਾਈ
ਹੁੰਦੀ ਹੈ। ਕਿਸੇ ਖਿੱਤੇ ਦੇ ਲੋਕਾਂ ਨੂੰ ਉਨ੍ਹਾਂ ਦੀ ਤਾਕਤ ਤੋਂ ਤੋੜਨਾ ਹੋਵੇ ਤਾਂ
ਉਨ੍ਹਾਂ ਨੂੰ ਆਪਣੀ ਮਾਂ ਬੋਲੀ ਤੋਂ ਬੇਧਿਆਨੇ ਕਰ ਦਿੱਤਾ ਜਾਂਦਾ ਹੈ। ਲੋਕ ਹਿੱਤ ਦੇ
ਪ੍ਰਬੰਧ ਹੋਂਦ ਵਿੱਚ ਆਉਂਦੇ ਹਨ ਤਦ ਉਨ੍ਹਾਂ ਨੂੰ ਉਨ੍ਹਾਂ ਦੀ ਮਾਂ ਬੋਲੀ ਨਾਲ ਜੋੜਨ
ਦੀ ਗੱਲ ਹੁੰਦੀ ਹੈ।
ਮਾਂ ਬੋਲੀ ਬੱਚੇ ਦੇ ਸਕੂਲ ਅਤੇ ਘਰ ਨੂੰ ਜੋੜਨ ਵਾਲੀ ਇਕ ਤੰਦ ਹੈ। ਜੋ ਬੋਲੀ ਘਰ
ਵਿੱਚ ਬੋਲੀ ਜਾਂਦੀ ਹੈ ਓਹੀ ਸਕੂਲ ਵਿੱਚ। ਇਸ ਤਰ੍ਹਾਂ ਇਕਸੁਰਤਾ ਵਿੱਚ ਬੱਚਾ ਘਰ ਤੋਂ
ਸਕੂਲ ਨੂੰ ਜੋ ਪੁਲਾਂਘ ਪੁੱਟਦਾ ਹੈ ਉਹ ਉਤਸ਼ਾਹ ਭਰਪੂਰ ਹੁੰਦੀ ਹੈ ਤੇ ਉਸ ਦੇ ਸ਼ਖਸੀ
ਵਿਕਾਸ ਦੀ ਜ਼ਾਮਨ ਹੁੰਦੀ ਹੈ।
ਬੱਚੇ ਦਾ ਚੁਫੇਰੇ ਦਾ ਜਹਾਨ, ਜਿਸ ਵਿੱਚ ਉਹ ਸਾਹ ਲੈਂਦਾ ਹੈ, ਉਹ ਸਾਰੇ ਦਾ ਸਾਰਾ ਉਸ
ਦੀ ਮਾਂ ਬੋਲੀ ਵਿੱਚ ਜਿਉਂਦਾ ਹੈ। ਹਰ ਨਿੱਕੀ-ਵੱਡੀ ਚੀਜ਼ ਦਾ ਨਾਂ ਮਾਂ ਬੋਲੀ ਵਿੱਚ
ਜਾਣਿਆ ਹੋਣ ਕਰਕੇ ਬੱਚੇ ਦਾ ਆਪਾ, ਉਸ ਦਾ ਆਪਣਾ ਜਹਾਨ ਤੇ ਮਾਂ ਬੋਲੀ ਦੇ ਸ਼ਬਦ ਤਿੰਨੇ
ਇਕਸੁਰਤਾ ਵਿੱਚ ਹੁੰਦੇ ਹਨ। ਪਿੱਛੋਂ ਸਾਰੀ ਉਮਰ ਲਈ ਆਪਣੀ ਮਾਂ ਬੋਲੀ ਦਾ ਚੇਤਿਆ ਇਕ
ਇਕ ਸ਼ਬਦ ਉਸ ਵਿੱਚ ਜਿਉਂਦੇ ਸਾਰੇ ਸੰਸਾਰ ਨੂੰ ਜਗਾ ਦਿੰਦਾ ਹੈ। ਸਾਡੀ ਹੋਰ ਕਿਸੇ ਵੀ
ਚਹੇਤੀ ਭਾਸ਼ਾ ਦੀ ਵਰਤੋਂ ਕਰਦਿਆਂ ਇਉਂ ਨਹੀਂ ਹੁੰਦਾ। ਖੁਸ਼ੀ, ਗਮੀ ਦੇ ਪ੍ਰਗਟਾਵੇ,
ਸਾਡੀਆਂ ਵੇਦਨਾਵਾਂ, ਸੁਫਨੇ, ਸੋਚਾਂ, ਸੋਹਣੇ ਵਿਸ਼ਵਾਸ ਅਤੇ ਜਿਗਰ ਦੀਆਂ ਗੱਲਾਂ ਆਪਣੀ
ਮਾਂ ਬੋਲੀ ਤੋਂ ਬਿਨਾਂ ਹੋਰ ਕਿਵੇਂ ਹੋ ਸਕਦੀਆਂ ਹਨ।
ਮਨੁੱਖੀ ਖੇੜੇ, ਵਿਕਾਸ ਤੇ ਚੜ੍ਹਤ ਲਈ ਸਭਿਆਚਾਰ ਨਾਲ ਜੁੜਨਾ ਮਾਂ ਬੋਲੀ ਰਾਹੀਂ ਹੀ
ਸੰਭਵ ਹੁੰਦਾ ਹੈ। ਉਦਾਹਰਣ: ਸਾਡੇ ਇਸ ਖਿੱਤੇ ਵਿੱਚ ਵਰਖਾ ਦੀ ਬੜੀ ਮਹੱਤਤਾ ਹੈ।
ਵਰਖਾ ਨਾਲ ਜੁੜੇ ਸਾਡੇ ਗੀਤ, ਲੋਕ-ਗੀਤ, ਸੰਗੀਤ ਤੇ ਹੋਰ ਕਿੰਨਾ ਕੁਝ ਪਿਆਰਾ ਤੇ
ਸੁਹਾਵਣਾ ਜੁੜਿਆ ਹੋਇਆ ਹੈ। ਸਮੇਂ ਸਿਰ ਵਰਖਾ ਪੈਣ ਤੋਂ ਉਲਟ ਜੋ ਸਥਿਤੀ ਹੈ, ਉਸ ਲਈ
ਪੰਜਾਬੀ ਸ਼ਬਦ ਹੈ 'ਔੜ'। ਅਸੀਂ ਕਹਿੰਦੇ ਹਾਂ ਕਿ ਔੜ-ਸੌੜ ਲਈ ਕੁਝ ਬਚਾ ਕੇ ਰੱਖੋ। ਪਰ
ਅੰਗਰੇਜ਼ੀ ਲਈ ਇਸੇ ਭਾਵ ਲਈ ਕਿਹਾ ਜਾਂਦਾ ਹੈ ਕਿ 'ਸੇਵ ਸਮਥਿੰਗ ਫਾਰ ਦ ਰੇਨੀ ਡੇਜ਼'
ਉਸ ਸਿੱਲੀ ਤੇ ਠੰਢੀ ਰਹਿੰਦੀ ਧਰਤੀ 'ਤੇ ਮੀਂਹ ਪੈਣਾ ਬਿਪਤਾ ਦਾ ਆਉਣਾ ਹੈ।
ਪੰਜਾਬੀ ਵਿੱਚ 'ਤੁਸੀਂ' ਪੜਨਾਂਵ ਦੀ ਵਰਤੋਂ ਇਕ ਵਚਨ ਲਈ ਵੀ ਕੀਤੀ ਜਾਂਦੀ ਹੈ। ਇਹ
ਸਾਡੇ ਸਭਿਆਚਾਰ ਦੀ ਗੱਲ ਹੈ ਕਿ ਅਸੀਂ ਕਿਸੇ ਵਿਅਕਤੀ ਪ੍ਰਤੀ ਸਤਿਕਾਰ ਪ੍ਰਗਟਾਉਣ ਲਈ
ਉਸ ਨੂੰ 'ਤੂੰ' ਦੀ ਥਾਂ 'ਤੁਸੀਂ' ਕਹਿੰਦੇ ਹਾਂ। ਬੁਢੇਪੇ ਦੀ ਅਵਸਥਾ ਵਿੱਚ
ਵਿਚਰਦਿਆਂ ਲਈ 'ਬਜ਼ੁਰਗ', ਸਿਆਣਾ', 'ਬਾਬਾ ਜੀ' ਆਦਿ ਸ਼ਬਦ ਹਨ।
ਸਮਾਜਿਕ ਪੂਰਵ -ਆਗ੍ਰਹਿ, ਦੁਰ-ਭਾਵਨਾਵਾਂ ਅਤੇ ਵੇਲਾ ਵਿਹਾ ਚੁੱਕੀਆਂ ਰੂੜ੍ਹੀਆਂ ਦੀ
ਜਕੜ ਨੂੰ ਢਿੱਲਾ ਕਰਨ ਅਤੇ ਜੇ ਜ਼ਰੂਰੀ ਹੋਵੇ ਤਾਂ ਉਨ੍ਹਾਂ ਨੂੰ ਖਤਮ ਕਰਨ ਲਈ ਵੀ ਮਾਂ
ਬੋਲੀ ਦੀ ਪੜ੍ਹਾਈ ਦੀ ਵਿਸ਼ੇਸ਼ ਭੂਮਿਕਾ ਹੈ। ਉਦਾਹਰਣ ਵਜੋਂ ਪਰਿਵਾਰਾਂ ਨਾਲ ਸਬੰਧਤ
ਪਾਠਾਂ ਵਿੱਚ ਪਰਿਵਾਰ ਦੇ ਕੰਮ ਦੀ ਰਵਾਇਤੀ ਵੰਡ ਅਨੁਸਾਰ ਅਕਸਰ ਲਿਖਿਆ ਜਾਂਦਾ ਹੈ:
'ਮਾਤਾ ਜੀ ਰਸੋਈ ਵਿੱਚ ਹਨ। ਭੈਣ ਰਸੋਈ ਵਿੱਚ ਮਾਤਾ ਜੀ ਦਾ ਹੱਥ ਵਟਾ ਰਹੀ ਹੈ। ਪਿਤਾ
ਜੀ ਖੇਤ ਵਿੱਚ ਹਨ/ਦੁਕਾਨ 'ਤੇ ਹਨ। ਛੋਟਾ ਵੀਰ ਖੇਡ ਰਿਹਾ ਹੈ।' ਇਵੇਂ ਹੀ ਖੁਸ਼
ਪਰਿਵਾਰ ਦੀ ਤਸਵੀਰ ਕੁਝ ਇਸ ਤਰ੍ਹਾਂ ਖਿੱਚੀ ਜਾਂਦੀ ਹੈ: 'ਸਾਰੇ ਖਾਣੇ ਦੇ ਮੇਜ਼ 'ਤੇ
ਬੈਠੇ ਹਨ। ਮਾਤਾ ਜੀ ਰਸੋਈ ਵਿੱਚੋਂ ਪਕਵਾਨ ਲਿਆ ਕੇ ਸਭ ਦੇ ਅੱਗੇ ਪਰੋਸ ਰਹੇ ਹਨ।'
ਪਰ ਹੁਣ ਸਮਾਜ ਵਿੱਚ ਕਾਫੀ ਤਬਦੀਲੀ ਆ ਗਈ ਹੈ। ਇਸ ਅਨੁਸਾਰ ਘਰ ਦੇ ਸਾਰੇ ਜੀਆਂ ਦਾ
ਮਿਲ ਕੇ ਕੰਮ ਕਰਨਾ ਬਣਦਾ ਹੈ। ਪਿਤਾ ਜੀ ਜਾਂ ਪੁੱਤਰ ਵੀ ਰਸੋਈ ਵਿੱਚ ਕੰਮ ਕਰ ਸਕਦੇ
ਹਨ ਕਿਉਂਕਿ ਹੁਣ ਇਸਤਰੀ ਘਰ ਤੋਂ ਬਾਹਰ ਦੇ ਬਹੁਤ ਸਾਰੇ ਕੰਮ ਕਰਨ ਲੱਗ ਪਈ ਹੈ
ਜਿਨ੍ਹਾਂ ਨੂੰ ਉਹ ਅਸੀਂ ਕਮਾਈ ਕਰਨ ਨਾਲ ਜੋੜਿਆ ਹੋਇਆ ਹੈ। ਮਤਲਬ ਇਹ ਕਿ ਮਾਂ ਬੋਲੀ
ਦੀ ਪੜ੍ਹਾਈ ਵਿੱਚ ਇਹ ਤਬਦੀਲੀਆਂ ਸਿੱਧੀਆਂ ਝਲਕਣਗੀਆਂ ਵੀ ਅਤੇ ਇਹ ਪੜ੍ਹਾਈ ਉਨ੍ਹਾਂ
ਬਦਲਾਵਾਂ ਨੂੰ ਉਸਾਰੂ ਅਤੇ ਸਹੀ ਸੇਧ ਵੀ ਦੇਵੇਗੀ।
ਇਸੇ ਤਰ੍ਹਾਂ ਕੁਝ ਦਹਾਕੇ ਪਹਿਲਾਂ ਦੇ ਪਾਠਾਂ ਵਿੱਚ ਕਿਸੇ ਜੀਅ ਦੇ ਪ੍ਰਸਤਾਵ ਪ੍ਰਤੀ
ਪਰਿਵਾਰ ਦੇ ਮੁਖੀਏ ਦਾ ਪ੍ਰਤੀਕ੍ਰਮ 'ਬਾਪੂ ਜੀ ਮੰਨ ਗਏ' ਜਾਂ 'ਉਹ ਮੰਨੇ ਨਹੀਂ' ਕਹਿ
ਕੇ ਦੱਸਿਆ ਜਾਂਦਾ ਸੀ। ਅਜੋਕੇ ਸਮੇਂ ਵਿੱਚ ਇਹ ਪ੍ਰਤੀਕ੍ਰਮ 'ਸਹਿਮਤ ਹੋ ਗਏ' ਜਾਂ
'ਅਸਹਿਮਤ ਹੋ ਗਏ' ਕਹਿ ਕੇ ਦੱਸਿਆ ਜਾਵੇ ਤਾਂ ਕਿੰਨਾ ਫਰਕ ਹੈ। ਲੋਕਤੰਤਰ ਵਿੱਚ ਸਲਾਹ
ਦੇਣਾ ਤੇ ਅੱਗੋਂ ਅਗਲੇ ਦਾ ਸਹਿਮਤ ਹੋਣਾ ਜਾਂ ਅਸਹਿਮਤ ਹੋਣਾ ਸਹਿਜ ਵਰਤਾਰੇ ਬਣਨੇ
ਚਾਹੀਦੇ ਹਨ ਨਾ ਕਿ ਇਹ ਕੇਵਲ ਇਕ ਕੋਲ ਹੀ ਹਾਂ ਜਾਂ ਨਾਂਹ ਕਰਨ ਦੀ ਤਾਕਤ ਹੈ।
ਮਾਤ ਭਾਸ਼ਾ ਦੀ ਪੜ੍ਹਾਈ ਅਜੋਕੇ ਸਮੇਂ ਵਿੱਚ ਬੰਦ ਨਹੀਂ ਬਲਕਿ ਖੁੱਲ੍ਹੀ ਪ੍ਰਕਿਰਿਆ
ਹੈ। ਇਸ ਸਬੰਧ ਵਿੱਚ ਭਾਸ਼ਾ ਅਧਿਆਪਕ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ। ਪਾਠ ਪੁਸਤਕ ਲੇਖਕ
ਆਸ ਕਰਦਾ ਹੈ ਕਿ ਅਧਿਆਪਕ ਪਾਠਾਂ ਵਿੱਚ ਦਿੱਤੀ ਸਮੱਗਰੀ ਨੂੰ ਪਾਠ ਕ੍ਰਮ ਦੀਆਂ ਲੋੜਾਂ
ਅਨੁਸਾਰ ਸਪਲੀਮੈਂਟ ਕਰੇ। ਕਾਰਨ ਇਹ ਹੈ ਕਿ ਸਾਰਾ ਕੁਝ ਪਾਠ ਪੁਸਤਕ ਵਿੱਚ ਦਿੱਤਾ
ਜਾਣਾ ਸੰਭਵ ਨਹੀਂ ਹੁੰਦਾ। ਪਾਠ ਪੁਸਤਕ ਤਾਂ ਗੱਲ ਨੂੰ ਸ਼ੁਰੂ ਕਰਨ ਦਾ ਵਸੀਲਾ ਹੈ।
ਪਰੀਖਿਆ ਦੇ ਨੁਕਤੇ ਤੋਂ ਬਣਾਈ ਕਿਸੇ ਗਾਈਡ ਤੋਂ ਉਲਟ ਪਾਠ ਪੁਸਤਕ ਬਹੁਦਿਸ਼ਾਵੀ ਤੇ
ਬਹੁਸੰਭਾਵੀ ਹੁੰਦੀ ਹੈ। ਕਿਹੜੀ ਦਿਸ਼ਾ ਵਿੱਚ ਅਧਿਆਪਕ ਨੇ ਗੱਲ ਤੋਰਨੀ ਹੈ ਇਸ ਦਾ
ਨਿਰਣਾ ਪਾਠ ਕ੍ਰਮ ਨੇ ਕਰਨਾ ਹੈ। ਇਸ ਲਈ ਭਾਸ਼ਾ ਦੇ ਅਧਿਆਪਕ ਕੋਲ ਪਾਠ ਕ੍ਰਮ ਹੋਣਾ
ਚਾਹੀਦਾ ਹੈ।
ਭਾਸ਼ਾ ਦੀ ਪੜ੍ਹਾਈ ਦੇ ਅਨੇਕਾਂ ਮਨੋਰਥ ਹੁੰਦੇ ਹਨ: ਸੰਚਾ, ਪ੍ਰਗਟਾਉ, ਗ੍ਰਹਿਣਸ਼ੀਲਤਾ,
ਸੁਹਜ-ਭਾਵ ਤੇ ਜੀਵਨ ਮੁੱਲਾਂ ਦਾ ਸੰਚਾਰ, ਜੀਵਨ ਨਾਲ ਪਿਆਰ ਆਦਿ, ਆਦਿ। ਜੋ ਕੁਝ ਵੀ
ਪੜ੍ਹਾਇਆ ਜਾਣਾ ਹੈ, ਉਹ 'ਕਿਉਂ ਪੜ੍ਹਾਇਆ ਜਾਣਾ' ਬਾਰੇ ਸਪਸ਼ਟ ਹੋਣਾ ਜ਼ਰੂਰੀ ਹੈ।
ਵਿਦਿਆਰਥੀ ਅਤੇ ਅਧਿਆਪਕ ਤੋਂ ਬਿਨਾਂ ਮਾਪਿਆਂ ਨੂੰ ਵੀ ਇਨ੍ਹਾਂ ਮਨੋਰਥਾਂ ਬਾਰੇ ਕੁਝ
ਨਾ ਕੁਝ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਕਾਰਨ ਇਹ ਕਿ ਦਿਨੋਂ ਦਿਨ ਮਾਪੇ ਆਪਣੇ
ਬੱਚਿਆਂ ਦੀ ਪੜ੍ਹਾਈ ਵਿੱਚ ਸਰਗਰਮ ਭਾਈਵਾਲੀ ਲਈ ਤਤਪਰ ਹੋ ਰਹੇ ਹਨ।
ਉਂਜ ਤਾਂ ਸਾਰੀ ਸਿੱਖਣ ਪ੍ਰਕਿਰਿਆ ਵਿੱਚ ਵਿਦਿਆਰਥੀ ਨੇ ਸਰਗਰਮ ਰਹਿਣਾ ਹੁੰਦਾ ਹੈ ਪਰ
ਇਕ ਹੋਰ ਪੱਖੋਂ ਉਸ ਦੀ ਸਹਿਭਾਗਤਾ ਦਾ ਬੜਾ ਮਹੱਤਵ ਹੈ। ਪਾਠ ਵਿੱਚ ਪੇਸ਼ ਕਿਸੇ ਸਥਿਤੀ
ਜਾਂ ਸਮੱਸਿਆ ਬਾਰੇ ਉਸ ਦੀ ਸੋਚ ਜਾਂ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਣਾ ਵੀ ਬੜਾ
ਜ਼ਰੂਰੀ ਹੈ। ਉਦਾਹਰਣ ਵਜੋਂ ਪੰਜਾਬੀ ਦੀ ਦੂਜੀ ਸ਼੍ਰੇਣੀ ਦੀ ਇਕ ਪਾਠ ਪੁਸਤਕ ਵਿੱਚ ਇਕ
ਪਾਠ ਹੁੰਦਾ ਸੀ 'ਰੰਮੀ ਦੀ ਮਾਸੀ ਦਾ ਘਰ'। ਇਸ ਵਿੱਚ ਇਕ ਅਜਿਹੇ ਘਰ ਦਾ ਦ੍ਰਿਸ਼ ਸੀ
ਜਿੱਥੇ ਘਰ ਦੀ ਹਰ ਵਸਤ ਥਾਂ ਸਿਰ, ਤਰਤੀਬ ਨਾਲ ਰੱਖੀ ਹੁੰਦੀ ਸੀ। ਘਰ ਸੁਹਣਾ ਤੇ
ਸੁਥਰਾ ਲੱਗਦਾ ਸੀ। ਪਾਠ ਦਾ ਮਨੋਰਥ ਵੀ ਇਹੋ ਸੰਕਲਪ ਦੇਣਾ ਸੀ। ਇਹ ਨੁਕਤਾ ਉਘਾੜਨ ਲਈ
ਅਭਿਆਸ ਵਿੱਚ ਇਕ ਪ੍ਰਸ਼ਨ ਸੀ ਕਿ ਰੰਮੀ ਦੀ ਮਾਸੀ ਦਾ ਘਰ ਐਨਾ ਸਾਫ-ਸੁਥਰਾ ਕਿਉਂ ਸੀ।
ਇਸ ਦੇ ਉੱਤਰ ਵਿੱਚ ਇਕ ਬੱਚੀ ਨੇ ਕਿਹਾ, 'ਇਸ ਲਈ ਕਿ ਉਨ੍ਹਾਂ ਦੇ ਘਰ ਕੋਈ ਬੱਚਾ
ਨਹੀਂ ਸੀ।' ਇਹ ਉੱਤਰ ਜਾਣ ਕੇ ਪਾਠ ਲੇਖਕ ਦੀ ਖਾਨਿਓਂ ਰਹਿ ਗਈ। ਸੱਚੀਂ ਹੀ ਪਾਠ
ਵਿੱਚ ਕੋਈ ਬੱਚਾ ਨਹੀਂ ਸੀ ਦਰਸਾਇਆ ਗਿਆ। ਕੀ ਸਿੱਖਿਆ ਪ੍ਰਬੰਧ ਦੀਆਂ ਸੰਚਾਲਕ ਸੰਸਥਾਵਾਂ ਤੱਕ ਖੇਤਰ ਵਿੱਚ ਕੰਮ ਕਰਦੇ
ਅਧਿਆਪਕਾਂ ਦੇ ਅਨੁਭਵ, ਉਨ੍ਹਾਂ ਦੀਆਂ ਔਕੜਾਂ, ਵਿਦਿਆਰਥੀਆਂ ਦੇ ਪ੍ਰਤੀਕਰਮ ਆਦਿ
ਪਹੁੰਚਾਉਣ ਦਾ ਕੋਈ ਪ੍ਰਭਾਵਸ਼ਾਲੀ ਸਿਲਸਿਲਾ ਨਹੀਂ ਹੋਣਾ ਚਾਹੀਦਾ? ਅਜੋਕੇ ਸਮੇਂ ਵਿੱਚ ਉੱਨਤ ਸੰਚਾਰ ਸਾਧਨ ਸਦਕਾ ਗਿਆਨ ਤੇ ਸੂਚਨਾਵਾਂ ਦਾ ਰੋ ਰਿਹਾ
ਵਿਸਫੋਟ ਜੀਵਨ ਦੀਆਂ ਪ੍ਰਾਥਮਿਕਤਾਵਾਂ ਵਿੱਚ ਆਈ ਤਬਦੀਲੀ, ਉਮੀਦਾਂ ਅਤੇ ਅਭਿਲਾਸ਼ਾਵਾਂ
ਵਿੱਚ ਹੋਇਆ ਵਾਧਾ, ਰਵਾਇਤੀ ਜੀਵਨ ਤਰਜ਼ ਅਤੇ ਕਦਰਾਂ ਕੀਮਤਾਂ ਉਤੇ ਪੈ ਰਿਹਾ ਦਬਾਓ
ਅਜੇਹੇ ਵਰਤਾਰਿਆਂ ਦੇ ਸਨਮੁਖ ਭਾਸ਼ਾ ਅਧਿਆਪਕ ਦਾ ਇਕੇਰਾਂ ਪੜ੍ਹਿਆ ਜਾਂ ਸਿੱਖਿਆ ਕਾਫੀ
ਨਹੀਂ ਰਹੇਗਾ। ਉਸ ਨੂੰ ਕਈ ਭਾਂਤ ਦੇ ਕੋਸ਼ਾਂ ਤੇ ਹਵਾਲਾ ਗ੍ਰੰਥਾਂ ਨਾਲ ਲੈਸ ਹੋਣਾ
ਪਵੇਗਾ। ਦੂਜਾ ਹਰ ਸਕੂਲ ਦੀ ਲਾਇਬਰੇਰੀ ਨੂੰ ਮਜ਼ਬੂਤ ਕਰਨਾ ਪਵੇਗਾ ਤਾਂ ਜੋ ਨਾ ਕੇਵਲ
ਅਧਿਆਪਕ ਦੀ ਸਗੋਂ ਵਿਦਿਆਰਥੀਆਂ ਦੀਆਂ ਸਵੈ-ਅਧਿਐਨ ਦੀਆਂ ਜ਼ਰੂਰਤਾਂ ਪੂਰੀਆਂ ਹੋਣ।
ਓਰੀਐਂਟੇਸ਼ਨ ਕੋਰਸਾਂ ਦਾ ਸਿਲਸਿਲਾ ਵੀ ਵਧਾਇਆ ਬਣਦਾ ਹੈ। ਭਾਸ਼ਾ ਅਧਿਆਪਕ ਖੁਦਮੁਖਤਿਆਰ ਬਣੇ। ਉਹ ਕੇਵਲ ਪਾਠ ਪੁਸਤਕਾਂ ਨੂੰ ਹੀ ਪਾਠ ਕ੍ਰਮ ਨਾ
ਸਮਝੇ। ਕ੍ਰਮ ਵਿੱਚ ਦਰਸਾਏ ਪੜ੍ਹਾਉਣ ਦੇ ਉਦੇਸ਼ਾਂ ਅਨੁਸਾਰ ਤੇ ਸਥਿਤੀ ਅਨੁਕੂਲ ਨਵੀਆਂ
ਕਿਰਿਆਵਾਂ ਨੂੰ ਪੜ੍ਹਾਈ ਦਾ ਅੰਗ ਬਣਾਵੇ। ਪਾਠ ਪੁਸਤਕ ਦੇ ਪਾਠਾਂ ਨੂੰ ਜ਼ਰੂਰਤ ਪੈਣ
'ਤੇ ਦਿੱਤੀ ਤਰਤੀਬ ਤੋਂ ਹਟ ਕੇ ਵੀ ਪੜ੍ਹਾ ਸਕੇ। ਭਾਸ਼ਾ ਅਧਿਆਪਕ ਦਾ ਸਜੱਗ ਅਤੇ
ਨਵੀਨਤਮ ਗਿਆਨ ਨਾਲ ਲੈਸ ਹੋਣਾ ਬਣਦਾ ਹੀ ਹੈ। ਤਦੇ ਉਹ ਫੜ ਸਕਦਾ ਹੈ ਕਿ ਵਿਆਕਰਣ ਦੀ
ਕਿਸੇ ਪਾਠ ਪੁਸਤਕ ਵਿੱਚ ਕਦੋਂ ਦੇ ਰੱਦ ਹੋ ਚੁੱਕੇ ਅੰਸ਼ ਅਜੇ ਵੀ ਹਨ। ਮਾਤ-ਭਾਸ਼ਾ ਦੇ ਪਾਠ ਕ੍ਰਮ ਅਜਿਹੇ ਬਣਨ ਕਿ ਕਿਸੇ ਵੀ ਥਾਂ 'ਤੇ ਦੁਹਰਾ ਨਾ ਹੋਵੇ।
ਪ੍ਰਾਪਤ ਸਮੇਂ ਤੇ ਸ਼ਕਤੀ ਦੀ ਸੁਚੱਜੀ ਵਰਤੋਂ ਹੋਵੇ। ਮਸਲਿਨ, ਸੋਹਣੀ ਲਿਖਾਈ ਦੀ ਗੱਲ
ਪ੍ਰਾਇਮਰੀ ਸ਼੍ਰੇਣੀਆਂ ਤੱਕ ਮੁੱਕ ਜਾਣੀ ਚਾਹੀਦੀ ਹੈ। ਵਿਆਕਰਣ, ਸਮੇਤ ਸ਼ਬਦ-ਜੋੜਾਂ ਦੀ
ਪੜ੍ਹਾਈ ਦੇ, ਸੈਕੰਡਰੀ ਪੱਧਰ ਤੱਕ ਸਮਾਪਤ ਹੋ ਜਾਣੀ ਚਾਹੀਦੀ ਹੈ। ਇਉਂ ਹਰ ਪੜ੍ਹਾਈ
ਦਾ ਮੁਕਾਮ ਸੁਨਿਸਚਿਤ ਕਰਨਾ ਬਣਦਾ ਹੈ। ਹਰ ਭਾਸ਼ਾ ਦਾ ਉਸ ਦੀ ਨਿਵੇਕਲੀ ਹੋਂਦ ਵਾਂਗ ਆਪਣਾ ਵਿਆਕਰਣ ਹੁੰਦਾ ਹੈ। ਵਿਆਕਰਣ ਭਾਸ਼ਾ
ਨਾਲ ਜੁੜੀ ਹੈ ਅਤੇ ਭਾਸ਼ਾ ਉਸ ਨੂੰ ਬੋਲਣ ਵਾਲਿਆਂ ਦੇ ਜੀਵਨ ਨਾਲ। ਇਸ ਕਾਰਨ ਕਿਸੇ
ਖਿੱਤੇ ਦਾ ਭੂਗੋਲ, ਇਤਿਹਾਸ, ਸਮਾਜਿਕ ਵਿਕਾਸ ਉਸ ਭਾਸ਼ਾ ਦੇ ਵਿਆਕਰਣ ਵਿੱਚ
ਪ੍ਰਤੀਬਿੰਬਤ ਹੁੰਦਾ ਹੈ। ਇਸ ਪੱਖੋਂ ਪੰਜਾਬੀ ਵਿੱਚ ਲਿੰਗ-ਪੁਲਿੰਗ ਦੀ ਸਥਿਤੀ ਕਾਫੀ
ਦਿਲਚਸਪ ਹੈ। ਆਕਾਰ ਵਿੱਚ ਛੋਟੀਆਂ, ਕਮਜ਼ੋਰ, ਕੋਮਲ ਵਸਤਾਂ ਤੇ ਜੀਵਾਂ ਲਈ ਇਸਤਰੀ
ਲਿੰਗ ਸ਼ਬਦ ਹਨ ਤੇ ਮਜ਼ਬੂਤ, ਵੱਡ-ਅਕਾਰੀ ਤੇ ਠੋਸ ਵਸਤਾਂ ਲਈ ਪੁਲਿੰਗ। ਇਹ ਵਰਤਾਰਾ
ਮਰਦ ਪ੍ਰਧਾਨ ਸਮਾਜ ਵਿੱਚ ਪੁਰਖ-ਇਸਤਰੀ ਦੀ ਸਥਿਤੀ ਦਾ ਹੀ ਪ੍ਰਤਾਉ ਹੈ। ਹੋਰ ਤਾਂ
ਹੋਰ, ਵਿਆਕਰਣ ਪੁਸਤਕਾਂ ਵਿੱਚ ਪਹਿਲਾਂ ਪੁਲਿੰਗ ਦਿੱਤਾ ਜਾਂਦਾ ਹੈ ਫਿਰ ਉਸ ਤੋਂ
ਇਸਤਰੀ ਲਿੰਗ ਬਣਾਇਆ ਜਾਂਦਾ ਹੈ। ਭਾਵ ਪੁਰਖ ਤੋਂ ਹੀ ਇਸਤਰੀ ਆਪਣੀ ਹੈਸੀਅਤ ਪ੍ਰਾਪਤ
ਕਰਦੀ ਸਮਝੀ ਗਈ ਹੈ। ਅਜੋਕੀਆਂ ਲੋੜਾਂ ਦੇ ਮੱਦੇਨਜ਼ਰ, ਇੰਟਰਵਿਊ, ਵਿਚਾਰ-ਚਰਚਾ, ਭਾਸ਼ਣ, ਛੋਟੇ ਸਮੂਹ ਵਿੱਚ
ਸੰਜੀਦਗੀ ਵਾਲੀ ਗੱਲਬਾਤ ਆਦਿ ਮੰਗ ਕਰਦੇ ਹਨ ਕਿ ਭਾਸ਼ਾ ਦੀ ਮੌਖਿਕ ਪੜ੍ਹਾਈ 'ਤੇ
ਵਧੇਰੇ ਬਲ ਦਿੱਤਾ ਜਾਵੇ। ਵਿਦਿਆਰਥੀ ਦੀ ਸਿਰਜਣਾ ਸ਼ਕਤੀ, ਮੌਲਿਕਤਾ ਆਦਿ ਉੱਨਤ ਕਰਨ
ਲਈ ਲਚਕੀਲੇ ਅਤੇ ਉਤਸ਼ਾਹ ਵਾਲੇ ਵਾਤਾਵਰਨ ਦੀ ਜ਼ਰੂਰਤ ਹੈ। ਜਦੋਂ ਅਧਿਆਪਕ ਕਹਿੰਦਾ ਹੈ
ਕਿ ਕੋਈ ਲੇਖ ਕੇਵਲ ਇਕੋ ਤਰ੍ਹਾਂ ਲਿਖਿਆ ਜਾ ਸਕਦਾ ਹੈ, ਜਾਂ ਲੇਖ ਦੇ ਆਰੰਭ ਅਤੇ ਅੰਤ
ਦਾ ਇੱਕਾ-ਦੁੱਕਾ ਪੈਟਰਨ ਹੀ ਹਨ ਤਦ ਵਿਦਿਆਰਥੀ ਦੀਆਂ ਕਲਪਣਾ ਉਡਾਣਾਂ ਲਈ ਕੋਈ ਥਾਂ
ਹੀ ਨਹੀਂ ਰਹਿ ਜਾਂਦੀ। ਲੋਕਤੰਤਰ ਮੰਗ ਕਰਦਾ ਹੈ ਕਿ ਭਵਿੱਖ ਦੇ ਨਾਗਰਿਕ ਸੁਤੰਤਰ ਸੋਚ
ਵਾਲੇ, ਜਗਿਆਸੂ, ਹਰ ਗੱਲ ਦੀ ਨਿਰਪੱਖ ਪਰਖ ਕਰਨ ਵਾਲੇ ਅਤੇ ਪਹਿਲਕਦਮੀ, ਉੱਦਮ,
ਉਤਸ਼ਾਹ, ਸਹਿਣਸ਼ੀਲਤਾ, ਵਿਵੇਕ, ਸੰਜਮ, ਆਤਮ ਵਿਸ਼ਵਾਸ ਜਿਹੇ ਗੁਣਾਂ ਨਾਲ ਭਰਪੂਰ ਹੋਣ। ਅੱਜ ਦੇ ਸਮੇਂ ਵਿੱਚ ਅਸੀਂ ਜਿਸ ਸੰਤੁਲਨ, ਸਹਿਜ, ਠਹਿਰਾਓ, ਜੀਵਨ ਨਾਲ ਪਿਆਰ ਆਦਿ ਦੀ
ਸ਼ਿੱਦਤ ਨਾਲ ਲੋੜ ਮਹਿਸੂਸ ਕਰਦੇ ਹਾਂ, ਉਹ ਮਾਂ ਬੋਲੀ ਦੀ ਪੜ੍ਹਾਈ ਦੇ ਰਾਹੀਂ ਹੀ
ਸੰਭਵ ਹੈ। ਸੰਚਾਰ ਸਾਧਨਾਂ, ਵਿਸ਼ੇਸ਼ ਕਰਕੇ ਇਲੈਕਟ੍ਰਾਨਿਕ ਮੀਡੀਆ ਦੀ ਤਾਕਤ ਵਰਤ ਕੇ
ਜੋ ਪ੍ਰਚਾਰ ਸਾਡੇ ਵਿਵੇਕ ਉਤੇ ਭਾਰੂ ਹੋ ਰਿਹਾ ਹੈ, ਉਸ ਤੋਂ ਸੰਭਾਲਣ ਦੇ ਯੋਗ ਹੋਣ
ਲਈ ਲਈ ਬੱਚੇ ਨੂੰ ਪਹਿਲੇ ਪਹਿਲ ਮਾਂ ਬੋਲੀ ਦੇ ਲੜ ਲਾਉਣਾ ਜ਼ਰੂਰੀ ਹੈ। ਅੱਗੋਂ ਭਾਸ਼ਾ
ਅਧਿਆਪਕ ਦੇ ਹੁਨਰ ਸਦਕਾ ਵਿਦਿਆਰਥੀ ਲਈ ਭਾਸ਼ਾ ਸਿੱਖਣਾ ਅਤਿ ਸੁਖਦਾਈ ਕਰਮ ਬਣ ਸਕਦਾ
ਹੈ।
ਵਰਤਮਾਨ ਸਮੇਂ ਜਦੋਂ ਕਿ ਟੀ·ਵੀ· ਸੰਸਕ੍ਰਿਤੀ ਨੇ ਭਾਰਤੀ ਕਦਰਾਂ ਕੀਮਤਾਂ ਦਾ ਦੀਵਾਲਾ
ਕੱਢਣਾ ਸ਼ੁਰੂ ਕਰ ਦਿੱਤਾ ਹੈ, ਤਾਂ ਫੌਰੀ ਤੌਰ 'ਤੇ ਲੋੜ ਇਹ ਮਹਿਸੂਸ ਹੁੰਦੀ ਹੈ ਕਿ
ਬੱਚੇ ਦੀ ਮੁਢਲੀ ਪੜ੍ਹਾਈ ਉਹਦੀ ਮਾਤ ਭਾਸ਼ਾ ਵਿੱਚ ਹੀ ਹੋਣੀ ਚਾਹੀਦੀ ਹੈ। ਉਂਝ ਵੀ ਉਹ
ਜੋ ਸ਼ਬਦ ਮਾਂ ਦਾ ਦੁੱਧ ਚੁੰਘਦਿਆਂ ਸਿੱਖਦਾ ਹੈ ਉਨ੍ਹਾਂ ਨੂੰ ਤੁਰੰਤ ਆਪਣੇ ਮਨ ਦੇ
ਕਿਸੇ ਕੋਨੇ ਵਿੱਚ ਬਿਠਾ ਲੈਂਦਾ ਹੈ। ਅੱਗੋਂ ਸਕੂਲ ਵਿੱਚ ਭਾਸ਼ਾ ਅਧਿਆਪਕ ਉਸ ਨੂੰ ਇਸ
ਭਾਸ਼ਾ ਦੇ ਹੋਰ ਨੇੜੇ ਲਿਆਉਂਦਾ ਹੈ। ਮਨੁੱਖ ਨੇ ਜੇ ਅੱਜ ਦੇ ਸਮੇਂ ਸੁਤੰਲਿਨ, ਸਹਿਜ,
ਠਹਿਰਾਓ ਤੇ ਜੀਵਨ ਨਾਲ ਪਿਆਰ ਦੀ ਸ਼ਿੱਦਤ ਨੂੰ ਮਹਿਸੂਸ ਕਰਨਾ ਹੈ, ਤਾਂ ਅਜਿਹਾ ਮਾਂ
ਬੋਲੀ ਦੀ ਪੜ੍ਹਾਈ ਰਾਹੀਂ ਹੀ ਸੰਭਵ ਹੈ। |