gurmeet-sidhu1_80.jpg (3841 bytes)

ਗੁਰਮੀਤ ਸਿੰਘ ਸਿੱਧੂ


070603_punajabi1-sidhu_100.jpg (2850 bytes)ਪੰਜਾਬੀ ਭਾਸ਼ਾ : ਵਰਤਮਾਨ ਅਤੇ ਭਵਿੱਖ
- ਗੁਰਮੀਤ ਸਿੰਘ ਸਿੱਧੂ


ਆਦਿ ਕਵੀ ਗੁਰੂ ਗੋਰਖ ਨਾਥ ਤੇ ਸ਼ੇਖ ਫਰੀਦ ਦੇ ਸਲੋਕਾਂ ਦੀ ਮਾਖਿਓਂ ਮਿੱਠੀ ਜੁਬਾਨ, ਪੰਜਾਬੀ, ਸਦੀਆਂ ਦੇ ਪੈਂਡਾ ਤਹਿ ਕਰਕੇ ਅੱਜ ਦੁਨੀਆਂ ਦੇ 10 ਕਰੋੜ ਲੋਕਾਂ ਦੀ ਭਾਸ਼ਾ ਹੈ। ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ ਦੁਨੀਆਂ ਦੇ ਭਾਸ਼ਾ ਸੂਚੀ ਕ੍ਰਮ ਵਿੱਚ ਪੰਜਾਬੀ ਦਾ ਸਥਾਨ ਚੌਦਵਾਂ ਹੈ।

ਦੁਨੀਆਂ ਭਰ ਵਿੱਚ ਭਾਸ਼ਾਈ ਨੀਤੀਆਂ, ਭਾਸ਼ਾਈ ਲੋੜਾਂ ਦੀ ਬਜਾਇ ਰਾਜਨੀਤਿਕ ਲੋੜਾਂ ਦੇ ਅਧਾਰ ਤੇ ਤਹਿ ਕੀਤੀਆਂ ਜਾਂਦੀਆਂ ਹਨ। ਇਸ ਲਈ ਕਿਸੇ ਵੀ ਭਾਸ਼ਾ ਦਾ ਵਿਕਾਸ ਉਸਦੇ ਬੁਲਾਰਿਆਂ ਦੀ ਭਾਸ਼ਾਈ ਚੇਤਨਤਾ ਅਤੇ ਸਮਰੱਥ ਲਗਾਓ 'ਤੇ ਨਿਰਭਰ ਕਰਦਾ ਹੈ। ਪੰਜਾਬੀ ਬੁਲਾਰਿਆਂ ਦੇ ਮਾਤ ਭਾਸ਼ਾਈ ਪਿਆਰ ਅਤੇ ਰਾਜਨੀਤਿਕ ਦਬਾਅ ਸਦਕਾ, ਸਦੀਆਂ ਤੋਂ ਅਣਗੌਲੀ ਪੰਜਾਬੀ ਨੂੰ, ਭਾਰਤੀ ਪੰਜਾਬ ਰਾਜ ਅੰਦਰ ਰਾਜ ਭਾਸ਼ਾ ਦਾ ਮਾਣ ਪ੍ਰਾਪਤ ਹੋਇਆ ਹੈ। ਪੰਜਾਬ ਰਾਜ ਭਾਸ਼ਾ ਐਕਟ ਅਨੁਸਾਰ ਜਨਵਰੀ 1966 ਤੋਂ ਪੰਜਾਬੀ ਨੂੰ ਕਾਨੂੰਨੀ ਤੌਰ 'ਤੇ ਸਿੱਖਿਆ, ਪ੍ਰਸਾਸਨਿਕ ਕਾਰਜਾਂ ਅਤੇ ਸੰਚਾਰ ਮਾਧਿਅਮਾਂ ਦੀ ਭਾਸ਼ਾ ਬਣਾਇਆ ਗਿਆ ਹੈੇ। ਭਾਰਤੀ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਦਰਜ ਭਾਸ਼ਾਵਾਂ ਵਿੱਚ ਸ਼ਾਮਿਲ ਕਰਕੇ ਪੰਜਾਬੀ ਨੂੰ ਸੰਵਿਧਾਨਕ ਰੁਤਬਾ ਦਿੱਤਾ ਗਿਆ ਹੈ। ਪੰਜਾਬੀ ਪ੍ਰੇਮੀਆਂ ਦੇ ਭਾਸ਼ਾਈ ਲਗਾਓ ਤੇ ਸੰਘਰਸ਼ ਸਦਕਾ ਪੰਜਾਬੋਂ ਬਾਹਰ, ਭਾਰਤ ਦੇ ਹਰਿਆਣਾ, ਦਿੱਲੀ, ਜੰਮੂ ਤੇ ਕਸ਼ਮੀਰ ਰਾਜਾਂ ਵਿੱਚ ਅਤੇ ਕੈਨੇਡਾ ਦੇ ਬ੍ਰਿਟਿਸ਼ ਕੰਲੋਬਿਆ ਸੂਬੇ ਤੇ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਨੇ ਦੂਜੀ-ਭਾਸ਼ਾ ਦਾ ਵਿਧਾਨਕ ਦਰਜਾ ਪ੍ਰਾਪਤ ਕਰ ਲਿਆ ਹੈ। ਬਰਤਾਨੀਆਂ ਵਿੱਚ ਪੰਜਾਬੀ, ਅੰਗਰੇਜ਼ੀ ਪਿਛੋਂ ਬੋਲੀ ਜਾਣ ਵਾਲੀ ਦੂਸਰੀ ਵੱਡੀ ਜ਼ੁਬਾਨ ਹੈ। ਭਾਰਤੀ ਪੰਜਾਬ ਤੋਂ ਇਲਾਵਾ, ਅੱਜ ਪੰਜਾਬੀ ਕੈਨੇਡਾ, ਅਮਰੀਕਾ, ਇੰਗਲੈਂਡ, ਸਿੰਘਾਪੁਰ, ਮਲੇਸ਼ੀਆ, ਅਸਟਰੇਲੀਆ ਮੁਲਕਾਂ ਵਿੱਚ ਬਤੌਰ ਦੂਜੀ-ਭਾਸ਼ਾ ਪੜਾਈ ਜਾਣ ਲੱਗ ਪਈ ਹੈ।

"ਭਾਸ਼ਾ ਦਾ ਵਿਕਾਸ ਉਸਦੇ ਬੁਲਾਰਿਆਂ ਦੀ ਭਾਸ਼ਾਈ ਚੇਤਨਤਾ ਅਤੇ ਸਮਰੱਥ ਲਗਾਓ 'ਤੇ ਨਿਰਭਰ ਕਰਦਾ ਹੈ।"

ਆਮ ਬੁਲਾਰੇ ਲਈ ਆਪਣੀ ਮਾਤ-ਭਾਸ਼ਾ ਨੂੰ ਮਾਣ ਵਾਲਾ ਦਰਜਾ ਦੇਣਾ, ਮਾਤ-ਭਾਸ਼ਾ ਦਾ ਸਾਹਿਤ ਪੜਨਾ, ਇਸਦੇ ਇਤਿਹਾਸਕ ਗੌਰਵ ਤੋਂ ਚੇਤਨ ਹੋਣਾ, ਆਪਣੇ ਸਭਿੱਆਚਾਰਕ ਪ੍ਰਤੀਮਾਨਾ ਅਤੇ ਆਦਰਸ਼ਾਂ ਅਨੁਸਾਰ ਜੀਵਨ ਜਿਉਣਾ ਵੱਡੀ ਗੱਲ ਹੈ। ਇੱਕ ਨੈਤਿਕ ਫਰਜ ਵਜੋਂ ਅਜਿਹਾ ਕਰਨਾ ਵੀ ਬਣਦਾ ਹੈ। ਪਰ ਭਾਸ਼ਾ ਦੇ ਵਿਕਾਸ ਲਈ ਭਾਵੁਕ ਪਹੁੰਚ ਤੋਂ ਉੱਪਰ ਉਠ ਕੇ ਭਾਸ਼ਾ ਮਾਹਿਰਾਂ ਦੀ ਸੁਚੇਤ ਤੇ ਸੰਜੀਦਾ ਦਿਲਚਸਪੀ ਅਤੇ ਸੰਸਥਾਂਗਤ ਯਤਨਾਂ ਦੀ ਜਰੂਰਤ ਹੁੰਦੀ ਹੈ।

ਕਿਸੇ ਭਾਸ਼ਾ ਦੇ ਵਿਕਾਸ ਲਈ ਲੋੜੀਂਦੀਆਂ ਰਾਹਾਂ ਦੀ ਨਿਸ਼ਾਨ ਦੇਹੀ ਕਰਨ ਵਾਸਤੇ ਮੁੱਢਲੀ ਲੋੜ, ਉਸ ਭਾਸ਼ਾ ਦੇ ਸੰਰਚਨਾਤਮਕ ਸਿਧਾਂਤਾਂ ਨੂੰ ਜਾਣਨ ਦੀ ਹੁੰਦੀ ਹੈ। ਜਿਸ ਲਈ ਭਾਸ਼ਾ ਵਿਗਿਆਨ ਵਰਗੇ ਗਿਆਨ-ਪਰਬੰਧ ਦੀ ਜਰੂਰਤ ਪੈਂਦੀ ਹੈ। ਪਰ ਪੰਜਾਬੀ ਭਾਸ਼ਾ ਦੇ ਵਿਕਾਸ ਕਾਰਜਾਂ ਨਾਲ ਜੁੜੀਆ ਧਿਰਾਂ ਵਿਚੋਂ, ਬਹੁਤਿਆਂ ਨੇ ਇਸ ਗਿਆਨ-ਪਰਬੰਧ ਦੀ ਅਣਦੇਖੀ ਕੀਤੀ ਹੈ। ਇਹੀ ਕਾਰਨ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਰੰਭੇ ਕਾਰਜ, ਜਿਥੇ ਵਿਗਿਆਨਕ ਸ਼ੁੱਧਤਾ ਅਤੇ ਫੁਰਤੀ ਗ੍ਰਹਿਣ ਨਹੀਂ ਕਰ ਸਕੇ ਉਥੇ ਲੋੜੀਂਦੇ ਨਤੀਜੇ ਦੇਣ ਤੋਂ ਵੀ ਅਸਮਰੱਥ ਰਹੇ ਹਨ।

ਪੰਜਾਬ ਵਿੱਚ ਹਰ ਵਰ੍ਹੇ ਪੰਜਾਬੀ ਭਾਸ਼ਾ ਸਪਤਾਹ ਮਨਾਏ ਜਾਂਦੇ ਹਨ ਅਤੇ ਪੰਜਾਬੀ, ਰਾਜ ਗੱਦੀ ਦੀ ਸਿਲਵਰ ਜੁਬਲੀ ਵੀ ਮਨਾ ਚੁੱਕੀ ਹੈ। ਪਰ ਰਾਜ ਭਾਸ਼ਾ ਵਜੋਂ ਪ੍ਰਸ਼ਾਸ਼ਨਿਕ ਕਾਰਜਾਂ ਵਿੱਚ ਮਾਣ ਨਾਲ ਵਿਚਰਨ ਅਤੇ ਵਿਦਿਅਕ ਸੰਵਾਦ ਦਾ ਯੋਗ ਮਾਧਿਅਮ ਬਣ ਸਕਣ ਦੀ ਸਮਰਥਾ ਅਜੇ ਇਸਨੂੰ ਪ੍ਰਾਪਤ ਨਹੀਂ ਹੋ ਸਕੀ। ਸਪੱਸ਼ਟ ਹੈ ਕਿ ਸਿੱਖਿਆ, ਪ੍ਰਸ਼ਾਸ਼ਨਿਕ ਕਾਰਜਾਂ ਅਤੇ ਸੰਚਾਰ ਦੇ ਪ੍ਰਭਾਵਸ਼ਾਲੀ ਮਾਧਿਅਮ ਵਜੋਂ ਪੰਜਾਬੀ ਨੂੰ ਵਿਕਸਤ ਕਰਨ ਦੇ ਸਾਡੇ ਯਤਨ ਅਧੂਰੇ, ਦਿਸ਼ਾਹੀਣ ਅਤੇ ਵਿਗਿਆਨਕ ਪਹੁੰਚ ਤੋਂ ਸੱਖਣੇ ਹਨ।

ਭਾਸ਼ਾ ਨੂੰ ਬੋਲਚਾਲ ਦੇ ਮਾਧਿਅਮ ਵਜੋਂ ਗ੍ਰਹਿਣ ਕਰਨ ਅਤੇ ਇਸਨੂੰ ਗਿਆਨ ਸੰਚਾਰ ਦੇ ਇੱਕ ਮੁਕੰਮਲ ਤੇ ਵਿਕਸਤ ਮਾਧਿਅਮ ਵਜੋਂ ਵਰਤਣ ਵਿੱਚ ਕਾਫ਼ੀ ਅੰਤਰ ਹੈ। ਅੱਜ ਪੰਜਾਬੀ ਭਾਸ਼ਾ ਸਾਹਮਣੇ ਸੁਆਲ ਇੱਕ 'ਮੁਕੰਮਲ ਵਿਕਸਤ ਮਾਧਿਅਮ' ਬਣਨ ਦਾ ਹੈ। ਇਸ ਕਾਰਜ ਹਿੱਤ ਅਜਿਹੀ ਬੁਨਿਆਦੀ ਸਮੱਗਰੀ ਦੀ ਜਰੂਰਤ ਹੈ ਜਿਹੜੀ ਅਜੋਕੇ ਗਿਆਨ ਵਿਗਿਆਨ ਖੋਜ ਤਕਨੀਕ ਨੂੰ ਮਾਤ ਭਾਸ਼ਾਈ ਰੰਗਣ ਵਿੱਚ ਪ੍ਰਗਟਾਉਣ ਦੇ ਸਮਰੱਥ ਹੋਵੇ। ਪਰ ਪੰਜਾਬੀ ਭਾਸ਼ਾ ਵਿੱਚ ਵਿਗਿਆਨ ਤਕਨਾਲੋਜੀ ਅਤੇ ਹੋਰ ਤਕਨੀਕੀ ਵਿਸ਼ਿਆਂ ਨਾਲ ਸਬੰਧਤ ਅਜਿਹੀ ਬੁਨਿਆਦੀ ਸਮੱਗਰੀ ਦੀ ਲੱਗਭਗ ਅਣਹੋਂਦ ਹੈ, ਜੋ ਹੈ, ਉਹ ਵੀ ਗੈਰ ਮਿਆਰੀ ਹੈ।

ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਆਪਸੀ ਰਿਸ਼ਤਾ ਬੇਸ਼ੱਕ ਗੂੜਾ ਹੈ ਪਰ ਤਿੰਨਾਂ ਦੇ ਅਧਿਆਪਨ ਲਈ ਯੋਜਨਾਬੱਧ ਸ਼ਿਕਸ਼ਣ ਅਤੇ ਸਟਰਕਚਰਡ/ਗ੍ਰੇਡਿਡ ਪਾਠ ਸਮੱਗਰੀ ਦੀ ਜਰੂਰਤ ਹੁੰਦੀ ਹੈ। ਪਰ ਬਦਕਿਸਮਤੀ ਸਮਝੋ ਜਾਂ ਨਾ-ਸਮਝੀ, ਪੰਜਾਬੀ ਭਾਸ਼ਾ ਅਧਿਆਪਨ ਦੇ ਨਾਂ 'ਤੇ ਸਾਹਿਤ ਹੀ ਪੜਾਇਆ ਜਾ ਰਿਹਾ ਹੈ। ਦੇਸ਼ ਤੇ ਵਿਦੇਸ਼ ਵਿੱਚ ਪੰਜਾਬੀ ਦੂਜੀ-ਭਾਸ਼ਾ ਵਜੋਂ ਪੜਾਈ ਜਾਣੀ ਸ਼ੁਰੂ ਹੋ ਗਈ ਹੈ ਪਰ ਸਾਡੇ ਕੋਲ ਦੂਜੀ-ਭਾਸ਼ਾ ਅਧਿਆਪਨ ਲਈ ਖੋਜ਼ ਅਧਾਰਤ ਨਾ ਕੋਈ ਪਾਠ ਸਮੱਗਰੀ ਹੈ , ਨਾ ਹੀ ਅਧਿਆਪਨ ਤਕਨੀਕਾਂ ਤੇ ਵਿਧੀਆਂ। ਫਲਸਰੂਪ ਅਸੀਂ ਇੰਗਲੈਂਡ, ਕੈਨੇਡਾ ਦੇ ਪੰਜਾਬੀ ਬੱਚਿਆਂ ਨੂੰ ਵੀ -ੳਠ, -ਚਰਖਾ, -ਖੁਰਪਾ ਹੀ ਪੜ੍ਹਾ ਰਹੇ ਹਾਂ।

ਮਾਤ-ਭਾਸ਼ਾ ਤੇ ਦੂਜੀ-ਭਾਸ਼ਾ ਵਜੋਂ ਪੰਜਾਬੀ ਦੇ ਅਧਿਆਪਨ ਅਤੇ ਪੰਜਾਬੀ ਨੂੰ ਗਿਆਨ ਸੰਚਾਰ ਦੇ 'ਮੁਕੰਮਲ ਵਿਕਸਤ ਮਾਧਿਅਮ' ਵਜੋਂ ਵਿਕਸਤ ਕਰਨ ਦੀ ਜਿੰਮੇਵਾਰੀ ਪੰਜਾਬ ਦੀਆਂ ਯੂਨੀਵਰਸਿਟੀਆਂ, ਭਾਸ਼ਾ ਵਿਭਾਗ ਅਤੇ ਦੇਸ਼ ਵਿਦੇਸ਼ ਦੀਆਂ ਪੰਜਾਬੀ ਭਾਸ਼ਾ ਅਕਾਦਮੀਆਂ ਤੇ ਸੰਸਥਾਵਾਂ ਦੀ ਸੀ। ਪਰ ਇਹ ਸਭ ਵਿਭਿੰਨ ਪਰਿਪੇਖਾਂ ਵਿੱਚ ਪੰਜਾਬੀ ਲਈ ਬੁਨਿਆਦੀ ਸਮੱਗਰੀ ਤੇ ਵਿਧੀਆਂ ਤਕਨੀਕਾਂ ਖੋਜਣ ਦੀ ਥਾਂ ਸਿਰਫ਼ ਸਹਿਤਕ ਗਤੀਵਿਧੀਆਂ ਤੱਕ ਹੀ ਸੀਮਤ ਰਹੇ ਹਨ। ਸਿਰਫ਼ ਸਹਿਤਕ ਸ਼੍ਰੇਸ਼ਟਤਾ ਤੇ ਸਰਕਾਰੀ ਸਰਪ੍ਰਸਤੀ ਨਾਲ ਹੀ ਭਾਸ਼ਾ ਦਾ ਵਿਕਾਸ ਨਹੀਂ ਕੀਤਾ ਜਾ ਸਕਦਾ। ਜੇਕਰ ਅਜਿਹਾ ਹੁੰਦਾ ਤਾਂ ਉਚ-ਕੋਟੀ ਦੇ ਸਾਹਿਤ ਦੀ ਮਾਲਕ ਤੇ ਸਦੀਆਂ ਤੱਕ ਸਰਕਾਰ ਸਰਪ੍ਰਸਤੀ ਦਾ ਨਿੱਘ ਮਾਣਨ ਵਾਲੀ ਸੰਸਕ੍ਰਿਤ, ਅੱਜ 'ਡੈਡ ਲੈਂਗੂਏਜ' ਨਾ ਹੁੰਦੀ।

ਭਾਸ਼ਾ ਦਾ ਮੁੱਢਲਾ ਕਾਰਜ ਹੈ, ਸੰਚਾਰ ਕਰਨਾ, ਭਾਵ ਵਿਅਕਤੀ ਦੇ ਹਾਵ - ਭਾਵਾਂ ਨੂੰ ਪ੍ਰਗਟਾਉਣ ਦਾ ਮਾਧਿਅਮ ਬਣਨਾ, ਭਾਸ਼ਾਈ ਸਮੂਹ ਦੀ ਆਪਸੀ ਅੰਤਰ ਕਿਰਿਆ ਦਾ ਮਾਧਿਅਮ ਬਣਨਾ। ਅਜੋਕੇ ਦੌਰ ਵਿੱਚ ਭਾਸ਼ਾਈ ਸੰਚਾਰ ਦੇ ਰਵਾਇਤੀ ਸਾਧਨਾਂ ਦੀ ਥਾਂ ਈ-ਮੇਲ, ਈ ਨਿੳਜ਼ ਪੇਪਰ, ਵੈਬ ਮੈਗਜ਼ੀਨ ਆਦਿ ਲੈ ਰਹੇ ਹਨ। ਸੂਚਨਾ ਸੰਚਾਰ ਦੀ ਤੇਜ ਗਤੀ ਅਤੇ ਘੱਟ ਲਾਗਤ ਕਾਰਨ, ਇਹ ਸਾਧਨ ਅਤੀ ਪ੍ਰਭਾਵਸ਼ਾਲੀ ਅਤੇ ਹਰਮਨ ਪਿਆਰੇ ਹੋ ਰਹੇ ਹਨ। ਪਰ ਬਦਕਿਸਮਤੀ ਹੈ, ਪੰਜਾਬੀ ਭਾਸ਼ਾ ਦੀ, ਕਿ ਤਕਨੀਕੀ ਅਨੁਕੂਲਤਾ ਹੀ ਅਣਹੋਂਦ ਕਾਰਨ ਪੰਜਾਬੀ ਪਿਆਰਿਆਂ ਨੂੰ ਇਹਨਾਂ ਸਾਧਨਾਂ ਦੀ ਵਰਤੋ ਕਰਦਿਆਂ ਤਕਨੀਕੀ ਮੁਸ਼ਕਲਾਂ ਕਾਰਨ, ਮਜ਼ਬੂਰਨ ਅੰਗਰੇਜ਼ੀ ਦਾ ਸਹਾਰਾ ਲੈਣਾ ਪੈ ਰਿਹਾ ਹੈ। ਗੰਭੀਰ ਸਵਾਲ ਹੈ ਕਿ ਈ-ਮੇਲ ਨੇ ਖਤੋ-ਖਿਤਾਬਤ ਵਿਚੋਂ ਪੰਜਾਬੀ ਨੂੰ ਬਾਹਰ ਕਰ ਦਿੱਤਾ ਹੈ ਅਤੇ ਇਹ ਵਰਤਾਰਾ ਤੇਜ ਗਤੀ ਨਾਲ ਵਧ ਰਿਹਾ ਹੈ।

ਸੂਚਨਾ ਤਕਨਾਲੋਜੀ ਅਤੇ ਸੰਚਾਰ ਕ੍ਰਾਂਤੀ ਨੇ ਅਰਧਵਿਕਸਤ ਖੇਤਰੀ ਭਾਸ਼ਾਵਾਂ ਨੂੰ ਵੱਡੀ ਢਾਅ ਲਾਉਣੀ ਸ਼ੁਰੂ ਕਰ ਦਿੱਤੀ ਹੈ। ਜਾਪਦਾ ਹੈ ਕਿ ਇਸ ਤਕਨਾਲੋਜੀ ਨਾਲ ਅਨਕੂਲਤਾ ਨਾ ਬਣਾ ਸਕਣ ਵਾਲੀ ਭਾਸ਼ਾ ਦੀ ਹੋਂਦ ਹੀ ਖਤਰੇ ਵਿੱਚ ਪੈ ਜਾਵੇਗੀ। ਪੰਜਾਬੀ ਭਾਸ਼ਾ ਦੇ ਵਿਕਾਸ ਪ੍ਰਤੀ ਸਾਡੀ ਸਾਨੂੰ ਇਸ ਸਥਿਤੀ 'ਤੇ ਲਿਆ ਖੜਾ ਕਰੇ ਕਿ ਅਸੀਂ ਆਪਣੀ ਮਾਤ-ਭਾਸ਼ਾ ਦੀ ਹੌਂਦ ਬਚਾਉਣ ਲਈ ਵੀ ਵੇਲਾ ਖੁੰਝਾ ਬੈਠੀਏ। ਇਹ ਸਮੇਂ ਦਾ ਸੱਚ ਹੈ ਕਿ ਜਿਹੜੀ ਭਾਸ਼ਾ ਸੂਚਨਾ ਤਕਨਾਲੋਜੀ ਦੇ ਨਾਲ ਅਨੁਕੂਲਤਾ ਨਾ ਬਣਾ ਸਕੀ ਉਹ ਜਲਦੀ ਹੀ ਪ੍ਰਸ਼ਾਸ਼ਨਿਕ ਕਾਰਜਾਂ ਅਤੇ ਸੰਚਾਰ ਮਾਧਿਅਮਾਂ ਵਿਚੋਂ ਤੇਜੀ ਨਾਲ ਗਾਇਬ ਹੋ ਜਾਵੇਗੀ। ਜਦ ਕੋਈ ਭਾਸ਼ਾ ਸਿੱਖਿਆ, ਪ੍ਰਸ਼ਾਸ਼ਨਿਕ ਕਾਰਜਾਂ ਅਤੇ ਸੰਚਾਰ ਮਾਧਿਅਮਾਂ ਵਿਚੋਂ ਗਾਇਬ ਹੋ ਜਾਂਦੀ ਹੈ ਤਾਂ ਉਹ ਕੇਵਲ ਅਨਪੜ੍ਹ ਬੁਲਾਰਿਆਂ ਤੱਕ ਸੀਮਤ ਹੋ ਕੇ ਜਲਦੀ ਹੀ ਹੌਂਦ ਗਵਾ ਬੈਠਦੀ ਹੈ। ਯੂਨਸਕੋ ਦੇ ਇੱਕ ਸਰਵੇ ਮੁਤਾਬਕ ਦੁਨੀਆਂ ਦੀਆਂ 6000 ਭਾਸ਼ਾਵਾਂ ਵਿਚੋਂ ਤਕਰੀਬਨ 1400 ਭਾਸ਼ਾਵਾਂ ਇਸੇ ਮੌਤ ਮਰ ਚੁੱਕੀਆਂ ਹਨ। ਸੰਸਾਰ ਦੇ ਭਾਸ਼ਾਈ ਸਮੁੰਦਰ ਵਿੱਚ ਵੱਡੀ ਮੱਛੀ ਛੋਟੀਆਂ ਨੂੰ ਖਾ ਰਹੀ ਹੈ। ਅੰਗਰੇਜ਼ੀ ਨੂੰ 'ਸੰਸਾਰ ਸੰਚਾਰ ਭਾਸ਼ਾ' ਵਜੋਂ ਉਭਾਰਨ ਦੇ ਯਤਨ ਖੇਤਰੀ ਭਾਸ਼ਾਵਾਂ ਲਈ ਖਤਰੇ ਦੀ ਘੰਟੀ ਹਨ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com