131003_zuban-sambhal1_100.jpg (4634 bytes)
ਜ਼ੁਬਾਨ ਸੰਭਾਲ ਕੇ ਬੋਲੋ ਪੰਜਾਬੀ

- ਅਭੈ ਸਿੰਘ

ਸ਼ਾਮ ਨੂੰ ਜਲੰਧਰ ਦੂਰਦਰਸ਼ਨ ਤੋਂ ਕਿਸਾਨਾਂ ਵਾਸਤੇ ਪ੍ਰੋਗਰਾਮ ਆ ਰਿਹਾ ਸੀ। ਇਕ ਸਵਾਲ ਦਾ ਜਵਾਬ ਦਿੱਤਾ ਗਿਆ ਕਿ ਫਲਾਣੀ ਜਗ੍ਹਾ ਸਥਿਤ ਕ੍ਰਿਸ਼ੀ ਵਿਭਾਗ ਦੇ ਦਫਤਰ ਨਾਲ ਸੰਪਰਕ ਕਰੋ ਮੈਨੂੰ ਕਿਸੇ ਸ਼ਬਦ ਨਾਲ ਚਿੜ੍ਹ ਨਹੀਂ ਹੈ ਪਰ ਇਸ ਨਿੱਕੇ ਜਿਹੇ ਜਵਾਬ ਨੇ ਮੇਰੇ ਮਨ ਵਿਚ ਕਈ ਸਵਾਲ ਪੈਦਾ ਕੀਤੇ। ਪਹਿਲਾ, ਕੀ ਅਸੀਂ ਗੱਲ ਲੋਕਾਂ ਦੀ ਸਾਧਾਰਨ ਬੋਲੀ ਵਿਚ ਨਹੀਂ ਕਰ ਸਕਦੇ? ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਠੇਠ ਪੇਂਡੂ ਮਝੈਲੀ, ਮਲਵਈ ਜਾਂ ਦੁਆਬੀ ਬੋਲੀ ਟੀ ਵੀ ਉਪਰ ਨਹੀਂ ਬੋਲੀ ਜਾ ਸਕਦੀ, ਟਕਸਾਲੀ ਪੰਜਾਬੀ ਹੀ ਬੋਲਣੀ ਪਵੇਗੀ। ਪਰ ਟੀ ਵੀ ਦੇ ਇਹ ਬੋਲ ਟਕਸਾਲੀ ਪੰਜਾਬੀ ਦੇ ਨਹੀਂ ਹਨ। ਜਿਸ ਵਿਭਾਗ ਦੀ ਉਹ ਗੱਲ ਕਰ ਰਿਹਾ ਸੀ, ਉਸ ਦਾ ਨਾਂ ਖੇਤੀਬਾੜੀ ਵਿਭਾਗ ਹੈ। ਇਸ ਦੇ ਮੰਤਰੀ ਨੂੰ ਖੇਤੀਬਾੜੀ ਮੰਤਰੀ ਲਿਖਿਆ ਜਾਂਦਾ ਹੈ। ਟੀ ਵੀ ਵਾਲੇ ਦਾ ਕੰਮ ਹੈ ਕਿ ਜਿੰਨਾ ਹੋ ਸਕੇ ਬੋਰਡਾਂ ਉਪਰ ਲਿਖੀ ਭਾਸ਼ਾ ਨੂੰ ਵੀ ਸੌਖਿਆਂ ਕਰਕੇ ਸਮਝਾਵੇ ਪਰ ਵਲਾ ਭੰਨ ਕੇ ਸੰਸਕ੍ਰਿਤ ਤੱਕ ਪਹੁੰਚਣ ਦੀ ਗੱਲ ਸਮਝ ਨਹੀਂ ਆਈ।
ਇਹੋ ਜਿਹੀਆਂ ਉਦਾਹਰਣਾਂ ਬਹੁਤ ਹਨ। ਕੁਝ ਸਾਹਿਤਕ ਰਸਾਲਿਆਂ ਤੇ ਸਕੂਲਾਂ ਦੇ ਬੱਚਿਆਂ ਦੀਆਂ ਕਿਤਾਬਾਂ ਵਿਚ ਵੀ ਭਾਸ਼ਾ ਨੂੰ ਬਹੁਤ ਵਿਗਾੜਿਆ ਜਾ ਰਿਹਾ ਹੈ। ਨਾ ਸਿਰਫ ਸੰਸਕ੍ਰਿਤੀਕਰਨ ਵਧਦਾ ਜਾਂਦਾ ਹੈ, ਇਹ ਬਹੁਤੀ ਵਾਰੀ ਬੇਲੋੜਾ ਤੇ ਬੇਤੁਕਾ ਹੁੰਦਾ ਹੈ। ਸੰਸਕ੍ਰਿਤ ਦੇ ਲਫਜ਼ ਪਹਿਲਾਂ ਵੀ ਪੰਜਾਬੀ ਵਿਚ ਆਏ ਨੇ ਤੇ ਹੁਣ ਵੀ ਆ ਸਕਦੇ ਹਨ। ਕੋਈ ਪ੍ਰਹੇਜ਼ ਨਹੀਂ ਪਰ ਇਹ ਦਖਲ ਸੁਭਾਵਿਕ ਤੇ ਢੁਕਵਾਂ ਹੋਣਾ ਚਾਹੀਦਾ ਹੈ। ਕਿਸੇ ਵੀ ਭਾਸ਼ਾ ਦੇ ਸ਼ਬਦਾਂ ਦਾ ਇਕ ਚਲਦੇ ਪ੍ਰਵਾਹ ਵਿਚ ਆ ਜਾਣਾ ਬੁਰਾ ਨਹੀਂ, ਪਰ ਆਪਣੇ ਪੱਕੇ ਤੇ ਢੁਕਵੇਂ ਸ਼ਬਦ ਕੱਢ ਕੇ ਦੂਜੀ ਭਾਸ਼ਾ ਦੇ ਸ਼ਬਦ ਬਣਾਵਟੀ ਤਰੀਕੇ ਨਾਲ ਘਸੋੜਣੇ ਭਾਸ਼ਾ ਦਾ ਸਤਿਆਨਾਸ ਕਰਦੇ ਹਨ।

ਇਹ ਪੰਜਾਬੀ ਦਾ ਹਿੰਦੀਕਰਨ ਨਹੀਂ ਬਲਕਿ ਪੰਜਾਬੀ ਤੇ ਹਿੰਦੀ ਦੋਹਾਂ ਦਾ ਬੇਲੋੜਾ ਸੰਸਕ੍ਰਿਤੀਕਰਨ ਹੈ। ਹਿੰਦੀ ਵਿਚ ਵੀ ਢੁਕਵਾਂ ਸ਼ਬਦ ਖੇਤੀਬਾੜੀ ਹੈ ਨਾ ਕਿ ਕ੍ਰਿਸ਼ੀ। ਖੇਤਾਂ ਵਿਚ ਕੰਮ ਕਰਨ ਨੂੰ ਖੇਤੀ ਆਖਿਆ ਗਿਆ। ਛੋਟੇ ਬਾਗ ਜਾਂ ਬਗੀਚੇ ਨੂੰ ਬਾੜੀ ਆਖਿਆ ਜਾਂਦਾ ਹੈ ਤੇ ਇਸ ਸਾਰੇ ਨੂੰ ਮਿਲਾ ਕੇ ਖੇਤੀਬਾੜੀ। ਇਹ ਸ਼ਬਬਦ ਸਾਰੇ ਹਿੰਦੀ ਖੇਤਰ ਦੇ ਲੋਕਾਂ ਦਾ ਆਮ ਬੋਲਚਾਲ ਦਾ ਸ਼ਬਦ ਹੈ। ਇਸ ਤਰ੍ਹਾਂ ਬਾਗਬਾਨੀ ਫਾਰਸੀ ਦਾ ਸ਼ਬਦ ਹੈ ਪਰ ਹਿੰਦੀ ਤੇ ਪੰਜਾਬੀ ਵਿਚ ਆਪਣਾ ਸਥਾਨ ਬਣਾ ਚੁਕਾ ਹੈ।

ਬਹੁਤ ਵਾਰੀ ਚਰਚਾ ਹੁੰਦੀ ਹੈ ਕਿ ਸੌਖਾ ਸ਼ਬਦ ਕਿਹੜਾ ਹੈ ਤੇ ਔਖਾ ਕਿਹੜਾ? ਕੁਝ ਦਾ ਕਹਿਣਾ ਹੈ ਕਿ ਔਖਾ ਸੌਖਾ ਕੁਝ ਨਹੀਂ ਹੁੰਦਾ ਇਕ ਸ਼ਬਦ ਜਾਣਿਆ ਪਹਿਚਾਣਿਆ ਹੁੰਦਾ ਤੇ ਇਕ ਓਪਰਾ। ਇਹ ਵੀ ਸਹੀ, ਇਸ ਲਈ ਜਿਥੇ ਇਕ ਜਾਣਿਆ ਪਹਿਚਾਣਿਆ ਚੰਗਾ ਸ਼ਬਦ ਹੋਵੇ, ਉਸ ਨੂੰ ਕੱਢ ਕੇ ਓਪਰਾ ਸ਼ਬਦ ਵਰਤਣ ਦੀ ਕੀ ਜ਼ਰੂਰਤ? ਭਾਸ਼ਾ ਦਾ ਅਰਥ ਹੈ ਆਪਣੀ ਗੱਲ ਦੂਜੇ ਨੂੰ ਸਮਝਾਉਣਾ ਤੇ ਇਸ ਵਾਸਤੇ ਹਮੇਸ਼ਾ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਉਹ ਸ਼ਬਦ ਵਰਤੇ ਜੋ ਤੁਸੀਂ ਸਮਝੋ ਕਿ ਦੂਜੇ ਵਾਸਤੇ ਜਾਣੇ ਪਛਾਣੇ ਹਨ। ਔਖੇ ਸੌਖੇ ਸ਼ਬਦਾਂ ਦੀ ਕਸਵੱਟੀ ਲੋਕ ਹਨ। ਜਿਹੜਾ ਸ਼ਬਦ ਮੂੰਹ ਚੜ੍ਹ ਗਿਆ ਉਹ ਚਾਹੇ ਕਿਸੇ ਵੀ ਭਾਸ਼ਾ ਦਾ ਹੋਵੇ ਸੌਖਾ ਤੇ ਬਾਕੀ ਔਖੇ।

ਪੰਜਾਬੀ ਦੇ ਸ਼ਬਦਾਂ ਦੀ ਸੰਭਾਲ ਬਾਰੇ ਕਾਫੀ ਵਾਰ ਚਰਚਾ ਹੋਈ ਹੈ। ਉਘੇ ਲੇਖਕਾਂ ਨੇ ਵੀ ਫਿਕਰ ਕੀਤੇ ਹਨ ਪਰ ਕਦੇ ਸਿਰ ਜੋੜ ਕੇ ਕੰਮ ਨਹੀਂ ਹੋਇਆ। ਫਿਟਕਾਰਾਂ ਤੇ ਅੰਦੋਲਨਾਂ ਨਾਲ ਇਸ ਦਾ ਕੁਝ ਨਹੀਂ ਸੰਵਰ ਸਕਦਾ। ਜਿਹੜਾ ਦੌਰ ਹੁਣ ਚਲਿਆ ਹੈ, ਜੇ ਜਲਦੀ ਕੁਝ ਨਾ ਕੀਤਾ ਗਿਆ ਤਾਂ ਸੱਚਮੁੱਚ ਪੰਜਾਬੀ ਦਾ ਚਿਹਰਾ ਮੁਹਰਾ ਵਿਗੜ ਜਾਵੇਗਾ। ਹੁਣ ਵੇਲਾ ਕੁਝ ਅਮਲੀ ਕੰਮ ਕਰਨ ਦਾ ਹੈ। ਮੇਰੇ ਤਿੰਨ ਮੁਢਲੇ ਸੁਝਾਅ ਹਨ।

ਪਹਿਲਾ, ਲੇਖਕ, ਵਿਦਵਾਨ, ਭਾਸ਼ਾ ਵਿਗਿਆਨੀ ਤੇ ਇਸ ਦਾ ਤਕਨੀਕੀ ਗਿਆਨ ਨਾ ਰਖਣ ਵਾਲੇ ਪੰਜਾਬੀ ਪ੍ਰੇਮੀ ਵੀ ਮਿਲ ਕੇ ਦਫਤਰੀ ਕੰਮਾਂ ਕਾਜਾਂ ਵਾਲੀ ਇਕ ਪ੍ਰਵਾਨਤ ਸ਼ਬਦਾਵਲੀ ਬਣਾਉਣ ਤੇ ਇਸ ਨੂੰ ਉਸੇ ਤਰ੍ਹਾਂ ਦੀ ਕਾਨੂੰਨੀ ਮਾਨਤਾ ਦਿਵਾਈ ਜਾਵੇ, ਜਿਸ ਤਰ੍ਹਾਂ ਕੇਂਦਰ ਸਰਕਾਰ ਨੇ 1965 ਵਿਚ ਹਿੰਦੀ ਦੀ ਟਾਈਪ ਮਸ਼ੀਨ ਦੇ ਅੱਖਰਾਂ ਵਾਸਤੇ ਦਿੱਤੀ ਸੀ।

ਦੂਜਾ, ਸਾਡੀ ਪੰਜਾਬੀ ਪੱਛਮੀ ਪੰਜਾਬ ਦੀ ਪੰਜਾਬੀ ਨਾਲੋਂ ਜ਼ਿਆਦਾ ਦੂਰ ਨਹੀਂ ਜਾਣੀ ਚਾਹੀਦੀ। ਕੌਮਾਂਤਰੀ ਇਕੱਠਾਂ ਨੂੰ ਅਸੀਂ ਵਿਸ਼ਵ ਪੰਜਾਬੀ ਸੰਮੇਲਨ ਕਹਿੰਦੇ ਹਾਂ ਤੇ ਪਾਕਿਸਤਾਨੀ ਵੀਰ ਆਲਮੀ ਪੰਜਾਬੀ ਕਾਨਫਰੰਸ। ਇਸ ਕੰਮ ਵਿਚ ਸ਼ੁਰੂਆਤ ਉਨ੍ਹਾਂ ਦਾ ਨਾਂ ਅਪਣਾ ਕੇ ਹੀ ਕਰਨੀ ਚਾਹੀਦੀ ਹੈ। ਅੰਗਰੇਜ਼ੀ ਤੇ ਫਾਰਸੀ ਦੇ ਪੱਕੇ ਸ਼ਬਦਾਂ ਦੀ ਰਾਖੀ ਇਸ ਤਨਦੇਹੀ ਨਾਲ ਕਰਨੀ ਚਾਹੀਦੀ ਹੈ ਕਿ ਢੁਕਵੇਂ ਸ਼ਬਦ ਲੱਭਣ ਵਾਸਤੇ ਸੰਸਕ੍ਰਿਤ ਦਾ ਸ਼ਬਦ ਕੋਸ਼ ਨਾ ਫਰੋਲਣਾ ਪਵੇ। ਅਸੀਂ ਉਦੋਂ ਹੀ ਕੁਰਾਹੇ ਪੈ ਗਏ ਸਾਂ ਜਦੋਂ ਸਕੂਲ ਨੂੰ ਪਾਠਸ਼ਾਲਾ, ਸਬਕ ਨੂੰ ਪਾਠ ਤੇ ਜਮਾਤ ਨੂੰ ਸ਼੍ਰੇਣੀ ਬਣਾਇਆ। ਜਿਥੋਂ ਤਕ ਹੋ ਸਕੇ ਮੋੜਾ ਕੱਟਣਾ ਚਾਹੀਦਾ ਹੈ।

ਤੀਜਾ, ਸਾਨੂੰ ਇਹ ਅੰਦੋਲਨ ਹਿੰਦੀ ਦੇ ਵਿਹੜੇ ਤਕ ਲੈ ਕੇ ਜਾਣਾ ਚਾਹੀਦਾ ਹੈ। ਅਸੀਂ ਹਿੰਦੀ ਨੂੰ ਬੇਗਾਨੀ ਭਾਸ਼ਾ ਨਹੀਂ ਸਮਝ ਸਕਦੇ। ਸਾਡਾ ਉਸ ਉਪਰ ਪੂਰਾ ਅਧਿਕਾਰ ਹੈ ਤੇ ਉਸ ਦੇ ਸੁਧਾਰ ਦੀ ਲੜਾਈ ਵਿਚ ਸ਼ਾਮਲ ਹੋਣ ਦਾ ਹੱਕ ਹੈ। ਹਿੰਦੀ ਵਿਚ ਪੈ ਰਹੇ ਵਿਗਾੜ ਰੋਕਣ ਨਾਲ ਪੰਜਾਬੀ ਵਿਚ ਵਿਗਾੜਾਂ ਦਾ ਖਦਸ਼ਾ ਘਟੇਗਾ। ਸਾਨੂੰ ਹਿੰਦੀ ਵਿਚ ਵੀ ਖੇਤੀਬਾੜੀ ਹੀ ਵਰਤੇ ਜਾਣ ਦੀ ਮੰਗ ਕਰਨੀ ਚਾਹੀਦੀ ਹੈ। ਪ੍ਰਥਮ ਸ੍ਰੇਣੀ ਦੀ ਬਜਾਏ ਪਹਿਲਾ ਦਰਜਾ ਹੋਣਾ ਚਾਹੀਦਾ ਹੈ ਪੰਜਾਬੀ ਵਿਚ ਵੀ ਤੇ ਹਿੰਦੀ ਵਿਚ ਵੀ। ਬਨਾਵਟੀ ਨਕਲਬਾਜ਼ੀ ਦਾ ਅਸਰ ਇਹ ਹੋਇਆ ਕਿ ਹਿੰਦੀ ਵਾਲਿਆਂ ਨੇ ਵੇਟਿੰਗ ਰੂਮ ਨੂੰ ਪ੍ਰੀਤਿਕਸ਼ਾਲਿਆ ਬਣਾਇਆ ਤੇ ਪੰਜਾਬੀ ਵਾਲਿਆਂ ਉਡੀਕ ਘਰ ਜਦੋਂ ਕਿ ਦੋਹਾਂ ਭਾਸ਼ਾਵਾਂ ਵਾਸਤੇ ਮੁਸਾਫਰਖਾਨਾ ਢੁਕਵਾਂ ਸ਼ਬਦ ਹੈ।

ਬਿਨਾਂ ਸ਼ਕ ਇਸ ਸਭ ਕੁਝ ਨੂੰ ਬਹੁਤ ਬਰੀਕੀ ਨਾਲ ਲੈਣਾ ਪਵੇਗਾ। ਇਸ ਵਿਚ ਨਾਅਰੇਬਾਜ਼ੀ ਦੀ ਨਹੀਂ ਮਿਹਨਤ ਦੀ ਜ਼ਰੂਰਤ ਹੈ। ਵੱਡੀ ਉਲਝਣ ਇਹ ਹੈ ਕਿ ਇਹ ਮੋਰਚਾ ਕਿਸੇ ਬਾਹਰੀ ਤਾਕਤ ਵਿਰੁਧ ਨਹੀਂ ਸਾਡੇ ਆਪਣੇ ਗਲਤ ਰੁਝਾਨਾਂ ਵਿਰੁੱਧ ਹੋਵੇਗਾ।

ਜ਼ੁਬਾਨ ਸੰਭਾਲ ਕੇ ਬੋਲਣ ਦਾ ਅਰਥ ਜੀਭ ਨਾਲ ਜੋੜਿਆ ਜਾਂਦਾ ਹੈ ਪਰ ਇਸ ਨੂੰ ਭਾਸ਼ਾ ਨਾਲ ਵੀ ਜੋੜਿਆ ਜਾ ਸਕਦਾ ਹੈ। ਬੋਲਣ ਵੇਲੇ ਵੀ ਭਾਸ਼ਾ ਸੰਭਾਲਣੀ ਚਾਹੀਦੀ ਹੈ ਤੇ ਲਿਖਣ ਵੇਲੇ ਵੀ। ਹਰ ਭਾਸ਼ਾ ਨੂੰ ਜਨਮ ਲੋਕਾਂ ਨੇ ਆਪਣੀ ਜ਼ੁਬਾਨ ਨਾਲ ਦਿੱਤਾ ਹੁੰਦਾ ਹੈ। ਪਹਿਲਾਂ ਇਹ ਬੋਲਣੀ ਸ਼ੁਰੂ ਹੋਈ, ਫੇਰ ਕੁਝ ਸਦੀਆਂ ਬਾਅਦ ਉਸ ਦਾ ਨਾਂ ਰੱਖਿਆ ਗਿਆ। ਮੂੰਹ ਚੜ੍ਹੇ ਸ਼ਬਦ ਹੀ ਭਾਸ਼ਾ ਦੀ ਰੂਹ ਤੇ ਇਸ ਨੂੰ ਵਰਤਣ ਵਾਲਿਆਂ ਦਾ ਫਰਜ਼ ਹੈ ਕਿ ਇਸ ਦੀ ਰੂਹ ਦਾ ਕਤਲ ਨਾ ਕਰਨ।

ਜੇ ਭਾਸ਼ਾ ਵਿਗਾੜਨ ਵਾਲੀ ਕੋਈ ਲਾਬੀ ਹੈ ਤਾਂ ਸਚਮੁੱਚ ਇਸ ਦੇ ਹੱਥ ਬਹੁਤ ਲੰਬੇ ਹਨ। ਦੋ ਸਾਲ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਹਿੰਦੀ ਪਖਵਾੜੇ ਵਿਚ ਭਾਸ਼ਣ ਦਿੱਤਾ ਸੀ ਕਿ ਭਾਸ਼ਾ ਨੂੰ ਸਰਲ ਬਣਾਉਣ ਦੀ ਜ਼ਰੂਰਤ ਹੈ। ਤਾਂ ਵੀ ਸੱਚ ਇਹ ਹੈ ਕਿ ਰਸਤਾ ਬਹੁਤ ਔਖਾ ਹੈ ਪਰ ਦੇਸੀ ਜ਼ੁਬਾਨਾਂ ਨੂੰ ਦੇਸੀ ਬਣਾਏ ਰਖਣ ਲਈ ਕੁਝ ਤਾਂ ਕਰਨਾ ਹੀ ਪਵੇਗਾ। ਦੁੱਖ ਦੀ ਗੱਲ ਹੈ ਕਿ ਕੁਝ ਲੋਕ ਵਿਦੇਸ਼ੀ ਭਾਸ਼ਾ ਨੂੰ ਚਾਹੁੰਦੇ ਹਨ ਤੇ ਕੁਝ ਵਿਦੇਸ਼ੀ ਬਣਾ ਦੇਣਾ ਚਾਹੁੰਦੇ ਹਨ। ਇਸ ਲਈ ਨਾਅਰਾ ਦੇਣਾ ਪਵੇਗਾ ਕਿ ਪੰਜਾਬੀ ਬੋਲੋ ਜਾਂ ਹਿੰਦੀ ਜ਼ੁਬਾਨ ਸੰਭਾਲ ਕੇ ਬੋਲੋ ਤੇ ਲਿਖੋ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com