shabad-jorr2xx.jpg (4845 bytes)ਕਿਵੇਂ ਸੰਭਵ ਹੋਵੇ ਪੰਜਾਬੀ ਸ਼ਬਦ ਜੋੜਾਂ ਦੀ ਪ੍ਰਮਾਣਿਕਤਾ
- ਪ੍ਰੋ. ਜਤਿੰਦਰਬੀਰ ਸਿੰਘ ਨੰਦਾ
 

ਭਾਰਤ ਦੀਆਂ ਅਜੋਕੀਆਂ ਬੋਲੀਆਂ ਵਿਚੋਂ ਜੇ ਸਭ ਤੋਂ ਵਧ ਸ਼ਬਦ ਜੋੜਾਂ ਦੀਆਂ ਗਲਤੀਆਂ ਕਿਸੇ ਭਾਸ਼ਾ ਵਿਚੋਂ ਮਿਲਦੀਆਂ ਹਨ ਤਾਂ ਇਹ ਪੰਜਾਬੀ ਭਾਸ਼ਾ ਹੀ ਹੈ ਅਤੇ ਜਿੰਨੀ ਲਾਪਰਵਾਹੀ ਇਸ ਨੂੰ ਪੜ੍ਹਨ ਸੁਣਨ ਅਤੇ ਪਿਆਰ ਕਰਨ ਵਾਲੇ ਪੰਜਾਬੀ ਲੋਕ ਦਿਖਾਉਂਦੇ ਹਨ, ਉਹ ਹੋਰ ਕੋਈ ਨਹੀਂ ਦਿਖਾਉਂਦਾ। ਇਹ ਪੰਜਾਬੀ ਭਾਸ਼ਾ ਹੀ ਹੈ ਜਿਥੇ ਕੰਨਾ, ਬਿੰਦੀ, ਅਦਕ ਆਦਿ ਦੀ ਜਾਂ ਤਾ ਵਰਤੋਂ ਸਹੀ ਨਹੀਂ ਕੀਤੀ ਜਾਂਦੀ ਅਤੇ ਜਾਂ ਹੁਣ ਦੇ ਬੱਚੇ ਇਨ੍ਹਾਂ ਨੂੰ ਬਿਲਕੁਲ ਹੀ ਫਾਲਤੂ ਸਮਝ ਕੇ ਇਨ੍ਹਾਂ ਦੀ ਵਰਤੋਂ ਹੀ ਨਹੀਂ ਕਰਦੇ। ਇਹ ਪੰਜਾਬੀ ਭਾਸ਼ਾ ਹੀ ਹੈ ਜਿਥੇ ਥਾਂ ਥਾਂ ਤੇ ਇਸ ਦੇ ਸ਼ਬਦ ਜੋੜ ਗਲਤ ਮਿਲਦੇ ਹਨ 'ਤੇ ਕੋਈ ਇਨ੍ਹਾਂ ਨੂੰ ਸ਼ੁੱਧ ਕਰਨ ਲਈ ਧਿਆਨ ਹੀ ਨਹੀਂ ਦਿੰਦਾ। ਪੰਜਾਬੀ ਦੇ ਬੋਰਡ ਅਤੇ ਇਸ਼ਤਿਹਾਰ ਲਿਖਣ ਵਾਲੇ ਪੰਜਾਬੀ ਦੀ ਪੂਰੀ ਜਾਣਕਾਰੀ ਨਾ ਰਖਣ ਕਰਕੇ ਜੇ ਕਰ ਗਲਤ ਲਿਖਦੇ ਹਨ ਤਾਂ ਕੋਈ ਕੋਸ਼ਿਸ਼ ਨਹੀਂ ਕਰਦਾ ਕਿ ਪਹਿਲਾਂ ਇਸ ਦੀ ਸੁਧਾਈ ਕਰ ਲਈ ਜਾਵੇ।

ਦੂਰਦਰਸ਼ਨ ਤੇ ਹੋਰ ਪੰਜਾਬੀ ਚੈਨਲਾਂ ਤੇ ਜੋ ਪੰਜਾਬੀ ਭਾਸ਼ਾ ਲਿਖੀ ਹੋਈ ਮਿਲਦੀ ਹੈ, ਉਹ ਬੜੀ ਬੇਧਿਆਨੀ ਨਾਲ ਗਲਤ ਲਿਖੀ ਹੁੰਦੀ ਹੈ। ਪਬਲਿਕ ਸਕੂਲਾਂ ਤੋਂ ਪੜ੍ਹ ਕੇ ਜੋ ਬੱਚੇ ਕਾਲਜਾਂ ਵਿਚ ਦਾਖਲ ਹੁੰਦੇ ਹਨ ਉਨ੍ਹਾਂ ਦੀ ਪੰਜਾਬੀ ਇਵੇਂ ਜਾਪਦੀ ਹੈ ਜਿਵੇਂ ਲੰਡਿਆਂ ਵਿਚ ਲਿਖੀ ਹੋਵੇ। ਉਹ ਆਮ ਤੌਰ ਤੇ ਸਿਹਾਰੀ, ਬਿਹਾਰੀ, ਕੰਨਾ, ਲਾਂਵ, ਦੁਲਾਵਾਂ ਜਾਂ ਤਾਂ ਪਾਉਂਦੇ ਹੀ ਨਹੀਂ ਜੇ ਪਾਉਣਗੇ ਤਾਂ ਇਨ੍ਹਾਂ ਦੀ ਗਲਤ ਵਰਤੋਂ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿਚ ਪੰਜਾਬੀ ਪੜ੍ਹਾਉਣੀ ਉਨ੍ਹੀ ਹੀ ਕਠਿਨ ਹੋ ਜਾਂਦੀ ਹੈ ਜਿੰਨੀ ਅੰਗਰੇਜ਼ੀ ਭਾਸ਼ਾ। ਜੇ ਸ਼ਬਦ ਜੋੜਾਂ ਦੀ ਸਮੱਸਿਆ ਹੀ ਇੰਨੀ ਗੰਭੀਰ ਰੂਪ ਧਾਰਨ ਕਰ ਚੁਕੀ ਹੈ ਤਾਂ ਸ਼ਬਦ ਜੋੜਾਂ ਦੀ ਪ੍ਰਮਾਣਿਕਤਾ ਬਣਾਉਣੀ ਵੀ ਇਕ ਸਹਿਜ ਕਾਰਣ ਨਹੀਂ, ਪ੍ਰੰਤੂ ਸਬਰ, ਮਿਹਨਤ ਤੇ ਭਾਸ਼ਾ ਦੀ ਨੇੜਤਾ ਤੇ ਵਿਆਕਰਣ ਦੇ ਨਿਯਮਾਂ ਨੂੰ ਧਿਆਨ ਵਿਚ ਰਖਦੇ ਹੋਏ, ਪੰਜਾਬੀ ਸ਼ਬਦ ਜੋੜਾਂ ਦੀ ਪ੍ਰਮਾਣਿਕਤਾ ਕਾਇਮ ਰੱਖਣ ਲਈ ਸਾਰਥਕ ਕਦਮ ਚੁਕੇ ਜਾ ਸਕਦੇ ਹਨ ਤੇ ਫੇਰ ਸਮੱਸਿਆ ਇੰਨੀ ਗੰਭੀਰ ਰੂਪ ਵਿਚ ਨਹੀਂ ਰਹੇਗੀ।

ਪੰਜਾਬੀ ਵਿਚ ਅਜੇ ਤਕ ਕੋਈ ਵੀ ਪ੍ਰਮਾਣਿਕ ਸ਼ਬਦ ਕੋਸ਼ ਨਹੀਂ ਆਇਆ ਜਿਸ ਤੋਂ ਜਦੋਂ ਕੋਈ ਸ਼ਬਦ ਜੋੜ ਦੀ ਗਲਤੀ ਸਾਹਮਣੇ ਆਉਂਦੀ ਹੈ, ਤਾਂ ਉਸ ਵਿਚ ਲਿਖੇ ਸ਼ਬਦ ਅਨੁਸਾਰ ਸੁਧਾਈ ਕੀਤੀ ਜਾ ਸਕੇ। ਅੰਗਰੇਜ਼ੀ ਵਿਚ ਜਿਸ ਤਰ੍ਹਾਂ ਆਕਸਫੋਰਡ ਦੀ ਡਿਕਸ਼ਨਰੀ ਜਾਂ ਸ਼ਬਦ ਕੋਸ਼ ਹੈ ਜਾਂ Advanced Learners Dictionary  ਹੈ, ਉਸ ਤਰ੍ਹਾਂ ਦੀ ਕੋਈ ਪ੍ਰਮਾਣਿਕ ਪੁਸਤਕ ਨਹੀਂ ਹੈ ਜਿਸ ਵਿਚ ਸ਼ਬਦ ਜੋੜਾਂ ਦੀ ਇਕਸਾਰਤਾ ਹੋਵੇ। ਪੰਜਾਬੀ ਵਿਚ ਜਿੰਨੇ ਵੀ ਸ਼ਬਦ ਕੋਸ਼ ਮਿਲਦੇ ਹਨ ਉਹ ਜਾਂ ਤਾ ਅਧੂਰੇ ਹਨ ਜਾਂ ਕੇਵਲ ਸ਼ਬਦਾਂ ਦੇ ਅਰਥ ਪ੍ਰਗਟ ਕਰਨ ਤਕ ਆਪਣਾ ਮਨੋਰਥ ਪੂਰਾ ਕਰਦੇ ਹਨ। ਲਿਖਤ ਸਾਹਿਬ ਨੂੰ ਆਧਾਰ ਬਣਾ ਕੇ ਸ਼ਬਦਾਂ ਦਾ ਇਕ ਪ੍ਰਮਾਣਿਕ ਗ੍ਰੰਥ ਬਣਾਉਣ ਦੀ ਲੋੜ ਹੈ ਜਿਸ ਵਿਚ ਵਧ ਤੋਂ ਵਧ ਸ਼ਬਦ ਇਕਠੇ ਕੀਤੇ ਜਾਣ। ਇਹ ਗ੍ਰੰਥ ਸਾਡੇ ਕਈ ਮਨੋਰਥ ਪੂਰੇ ਕਰ ਸਕਦੇ ਹਨ। ਇਹ ਕੋਸ਼ ਦਾ ਵੀ ਕੰਮ ਕਰ ਸਕਦੇ ਹਨ ਪ੍ਰੰਤੂ ਕਸਵਟੀ ਵਿਚ ਅਪਨਾਣੀ ਚਾਹੀਦੀ ਹੈ ਕਿ ਇਸ ਦੇ ਸ਼ਬਦਾਂ ਦੇ ਜੋੜ ਬਿਲਕੁਲ ਸਹੀ ਹੋਣ। ਇਕ ਅਜਿਹਾ ਗ੍ਰੰਥ ਜਿਸ ਵਿਚ ਵਧ ਤੋਂ ਵਧ ਸ਼ਬਦ ਸਮੋਏ ਜਾ ਸਕਣ ਤਿਆਰ ਕਰਨ ਤੋਂ ਪਹਿਲਾਂ ਭਾਸ਼ਾ ਵਿਗਿਆਨੀਆਂ ਦੇ ਮਾਹਿਰਾਂ ਦਾ ਇਕ ਗਠਨ ਕਰਨ ਦੀ ਲੋੜ ਹੈ ਜੋ ਇਸ ਮਹਾਨ ਕਾਰਜ ਵਿਚ ਮਿਹਨਤ, ਇਮਾਨਦਾਰੀ ਬਿਨਾਂ ਪਖਪਾਤ ਤੋਂ ਸ਼ਬਦਾਂ ਨੂੰ ਇਕੱਠਾ ਕਰਨ ਤਾਂ ਜੋ ਇਕ ਮਿਆਰੀ ਸ਼ਬਦ ਭੰਡਾਰ ਦੀ ਪੁਸਤਕ, ਜੋ ਵੱਡੇ ਆਕਾਰ ਦੀ ਵੀ ਹੋ ਸਕਦੀ ਹੈ, ਬਣ ਸਕੇ। ਇਸ ਦਾ ਪੱਧਰ ਇੰਨਾ ਉਚਾ ਹੋਵੇ ਤੇ ਸ਼ਬਦ ਜੋੜਾਂ ਦੀ ਸ਼ੁੱਧਤਾ ਇਸ ਪ੍ਰਕਾਰ ਦੀ ਹੋਵੇ ਕਿ ਹਰ ਕੋਈ ਇਨ੍ਹਾਂ ਸ਼ਬਦ ਜੋੜਾਂ ਨੂੰ ਅੰਤਿਮ ਸਮਝੇ ਤੇ ਉਸ ਦੀ ਸ਼ੁੱਧਤਾ ਬਾਰੇ ਕੋਈ ਕਿੰਤੂ ਨਾ ਕਰ ਸਕੇ। ਫਿਰ ਜਦੋਂ ਅਸੀਂ ਇਨ੍ਹਾਂ ਸ਼ਬਦਾਂ ਨੂੰ ਅਪਣਾ ਲਿਆ ਤਾਂ ਫਿਰ ਇਨ੍ਹਾਂ ਵਿਚ ਪਰਵਰਤਨ ਕਰਨ ਦੀ ਲੋੜ ਨਾ ਮਹਿਸੂਸ ਹੋਵੇ।

ਸਾਡੇ ਸਾਹਮਣੇ ਅੰਗਰੇਜ਼ੀ ਭਾਸ਼ਾ ਦੀ ਮਿਸਾਲ ਹੈ, ਜੇ ਉਹ ਸਾਈਕਾਲੋਜੀ ਲਿਖਣ ਲੱਗਿਆਂ ਪਹਿਲਾਂ 'ਪੀ' ਪਾਉਂਦੇ ਹਨ ਜਾਂ 'ਸ' ਦੀ ਧੂਨੀ ਕਦੇ ਉਹ 'ਸੀ' ਨਾਲ ਪਾਉਂਦੇ ਹਨ ਅਤੇ 'ਐਸ' ਨਾਲ, ਪਰ ਇਸ ਗੱਲ ਨੂੰ ਉਨ੍ਹਾਂ ਨੇ ਅੰਤਿਮ ਰੂਪ ਦੇ ਦਿਤਾ ਹੈ, ਇਸ ਵਿਚ ਉਹ ਤਬਦੀਲੀ ਨਹੀਂ ਕਰਦੇ। ਪੰਜਾਬੀ ਸ਼ਬਦ ਜੋੜਾਂ ਵਿਚ ਇਹ ਵੀ ਕਸਵਟੀ ਅਪਣਾਉਣ ਦੀ ਲੋੜ ਹੈ। ਜਦੋਂ ਅਸੀਂ ਸ਼ਬਦਾਂ ਨੂੰ ਇਕ ਵਾਰ ਪ੍ਰਮਾਣਿਕ ਰੂਪ ਦੇ ਦਿਤਾ ਫਿਰ ਉਨ੍ਹਾਂ ਵਿਚ ਪਰਵਰਤਨ ਨਾ ਕੀਤਾ ਜਾਵੇ।

ਸ਼ਬਦ ਜੋੜਾਂ ਦੀਆਂ ਗਲਤੀਆਂ ਨੂੰ ਕੱਢਣ ਲਈ ਇਹ ਜ਼ਰੂਰੀ ਹੈ ਕਿ ਬੇਲੋੜੇ, ਸੰਸਕ੍ਰਿਤ, ਫਾਰਸੀ, ਅੰਗਰੇਜ਼ੀ ਸ਼ਬਦਾਂ ਤੋਂ ਬਚਣ ਦੀ ਲੋੜ ਹੈ। ਸੰਸਕ੍ਰਿਤ, ਹਿੰਦੀ, ਉਰਦੂ, ਫਾਰਸੀ ਦਾ ਇੰਨਾ ਗਾੜ੍ਹਾ ਪ੍ਰਭਾਵ ਪੰਜਾਬੀ ਤੇ ਪੈਣਾ ਸ਼ੁਰੂ ਹੋਇਆ ਹੈ ਕਿ ਜਦੋਂ ਕੋਈ ਵਿਸ਼ਵ ਪੰਜਾਬੀ ਇਜਲਾਸ ਦਿੱਲੀ ਵਿਖੇ ਹੁੰਦਾ ਹੈ, ਤਾਂ ਅਕਾਦਮਿਕ ਤੌਰ ਤੇ ਕੋਈ ਪੇਪਰ ਪੜ੍ਹਿਆ ਜਾਂਦਾ ਹੈ ਤਾਂ ਪਾਕਿਸਤਾਨ ਤੋਂ ਆਏ ਲੋਕ ਸੁਣਨ ਤੋਂ ਬਾਅਦ ਕਹਿੰਦੇ ਹਨ ਇਸ ਨੂੰ ਹੁਣ ਪੰਜਾਬੀ ਵਿਚ ਕਰ ਦਿਓ। ਜਦੋਂ ਅਜਿਹਾ ਕੋਈ ਸਬੱਬ ਲਾਹੌਰ ਵਿਖੇ ਬਣਦਾ ਹੈ ਤਾਂ ਭਾਰਤੀ ਪੰਜਾਬੀ ਲੇਖਕ ਵੀ ਹੁਣ ਇਹ ਕਹਿਣ ਲਗ ਪਏ ਹਨ 'ਇਸ ਦੀ ਹੁਣ ਪੰਜਾਬੀ ਕਰੋ'। ਭਾਵ ਇਹ ਹੈ ਕਿ ਪਾਕਿਸਤਾਨੀ ਪੰਜਾਬੀ ਵਿਚ ਉਰਦੂ-ਫਾਰਸੀ ਦਾ ਰੰਗ ਪ੍ਰਧਾਨ ਹੋ ਗਿਆ ਹੈ ਤੇ ਇਥੇ ਹਿੰਦੀ-ਸੰਸਕ੍ਰਿਤ ਦਾ। ਪੰਜਾਬੀ ਦੀ ਠੇਠਤਾ ਤਾਂ ਕਿਤੇ ਵੀ ਕਾਇਮ ਨਹੀਂ ਕੀਤੀ ਗਈ।

ਸਮੱਸਿਆ ਤਾਂ ਗੰਭੀਰ ਉਸ ਸਮੇਂ ਬਣਦੀ ਹੈ ਜਦੋਂ ਇਨ੍ਹਾਂ ਸ਼ਬਦਾਂ ਨੂੰ ਵੱਖੋ ਵੱਖਰੇ ਤਰੀਕੇ ਨਾਲ ਲਿਖਿਆ ਜਾਣ ਲਗਦਾ ਹੈ। ਕੋਈ ਸਮਾਜਕ ਨੂੰ ਹਿੰਦੀ ਦੇ ਪ੍ਰਬਲ ਅਸਰ ਹੇਠ ਸਮਾਜਿਕ ਲਿਖਦਾ ਹੈ, ਕੋਈ ਆਰਥਕ ਨੂੰ ਆਰਥਿਕ ਕਰਕੇ ਲਿਖ ਰਿਹਾ ਹੈ, ਕੋਈ ਸਦਾਚਾਰਕ ਨੂੰ ਸਦਾਚਾਰਿਕ ਕਰਕੇ, ਕੋਈ ਪ੍ਰਮਾਣਿਕਤਾ ਨਾ ਹੋਣ ਕਰਕੇ ਸਾਰੇ ਹੀ ਸਾਰੇ ਸਮਝੇ ਜਾਂਦੇ ਹਨ। ਉਰਦੂ-ਫਾਰਸੀ ਦੇ ਪ੍ਰਬਲ ਅਸਰ ਹੇਠ ਕੋਈ ਇਖਲਾਕ ਨੂੰ ਅਖਲ਼ਾਕ ਲਿਖਦਾ ਹੈ। ਮੁਤਾਲਿਆ ਨੂੰ ਮੁਤਾਲਾ ਆਦਿ ਵੀ ਲਿੀਖਆ ਜਾ ਰਿਹਾ ਹੈ। ਪੰਜਾਬੀ ਦੀ ਗੁਰਮੁੱਖੀ ਲਿਪੀ, ਉਰਦੂ ਦੀ ਫਾਰਸੀ ਲਿਪੀ, ਹਿੰਦੀ ਦੀ ਦੇਵਨਾਗਰੀ ਅਤੇ ਅੰਗਰੇਜ਼ੀ ਦੀ ਰੋਮਨ ਲਿਪੀ ਵਿਚ ਧੂਨੀਆਂ ਦੀ ਇਕਸਾਰਤਾ ਨਹੀਂ। ਗੁਰਮੁਖੀ ਲਿਪੀ ਵਿਚ ਇਕ ਧੂਨੀ ਲਈ ਇਕ ਹੀ ਅੱਖਰ ਹੈ, ਪਰ ਦੂਸਰੀਆਂ ਲਿਪੀਆਂ ਵਿਚ ਕਈ ਕਈ ਅੱਖਰ ਹਨ। ਪੰਜਾਬੀ ਵਿਚ ਜਦੋਂ ਇਨ੍ਹਾਂ ਦੇ ਸ਼ਬਦ ਅਪਣਾਏ ਜਾਂਦੇ ਹਨ ਤਾਂ ਭਿੰਨਤਾ ਕਾਇਮ ਹੋ ਜਾਂਦੀ ਹੈ। ਲੋੜ ਇਸ ਗਲ ਦੀ ਹੈ ਕਿ ਜਿਸ ਸ਼ਬਦ ਦੇ ਸ਼ਬਦਜੋੜ ਬਹੁਤ ਸਾਰੇ ਲੋਕਾਂ ਨੇ ਅਪਣਾ ਲਏ ਹੋਣ, ਜੇ ਉਹ ਪ੍ਰਮਾਣਿਕਤਾ ਵਾਲੇ ਗ੍ਰੰਥ ਵਿਚ ਸਮਾ ਸਕਦੇ ਹੋਣ ਤਾਂ ਇਨ੍ਹਾਂ ਨੂੰ ਤਬਦੀਲ ਕਰਨ ਦੀ ਲੋੜ ਨਹੀਂ ਹੈ।

ਆਧੁਨਿਕ ਯੁਗ ਵਿਚ ਆ ਕੇ ਹਰ ਰੋਜ਼ ਅਖਬਾਰਾਂ ਰਾਹੀਂ ਅਤੇ ਪੁਸਤਕਾਂ ਰਾਹੀਂ ਸਾਨੂੰ ਛਪਿਆ ਹੋਇਆ ਲਿਖਤ ਮਸਾਲਾ ਮਿਲਦਾ ਹੈ। ਕਈ ਵਾਰੀ ਇਨ੍ਹਾਂ ਵਿਚ ਸ਼ਬਦ ਜੋੜਾਂ ਦੀਆਂ ਅਹਿਮ ਗਲਤੀਆਂ ਹੁੰਦੀਆਂ ਹਨ। ਨਿਰਸੰਦੇਹ ਛਪਣ ਤੋਂ ਪਹਿਲਾਂ ਇਹ ਸਾਰਾ ਲਿਖਤ ਮਸਾਲਾ ਦੇਖਿਆ ਜਾਂਦਾ ਹੈ, ਗਲਤੀਆਂ ਕਢਣ ਵਾਲੇ ਪਰੂਫ ਰੀਡਰ ਇਸ ਦੀ ਲੋੜ ਅਨੁਸਾਰ ਤੇ ਕਈ ਕਈ ਵਾਰੀ ਸੁਧਾਈ ਕਰਦੇ ਹਨ, ਫਿਰ ਵੀ ਇਨ੍ਹਾਂ ਵਿਚ ਗਲਤੀਆਂ ਰਹਿ ਜਾਂਦੀਆਂ ਹਨ। ਇਹ ਤਾਂ ਪਰੂਫ ਰੀਡਰ ਦੀ ਪ੍ਰਤਿਭਾ ਤੇ ਹੈ ਉਹ ਕਿਸ ਪ੍ਰਕਾਰ ਮਿਹਨਤ ਕਰਦਾ ਹੈ। ਉਸ ਨੂੰ ਸ਼ਬਦ ਜੋੜਾਂ ਦਾ ਕਿੰਨਾ ਗਿਆਨ ਪ੍ਰਾਪਤ ਹੈ। ਵਖੋ ਵਖਰੀਆਂ ਅਖਬਾਰਾਂ ਤੇ ਸਾਹਿਤਕ ਪੁਸਤਕਾਂ ਦਾ ਆਪੋ ਆਪਣਾ ਸ਼ੁੱਧਤਾ ਦਾ ਪੱਧਰ ਹੁੰਦਾ ਹੈ। ਇਹ ਛਪਿਆ ਹੋਇਆ ਲਿਖਤ ਮਸਾਲਾ ਹੀ ਹੈ, ਜਿਸ ਨੂੰ ਲੋਕ ਵਿਸ਼ਵਾਸ ਨਾਲ ਬਾਅਦ ਵਿਚ ਪ੍ਰਮਾਣਿਕਤਾ ਲਈ ਅਸੀਂ ਹੁਣ ਤਕ ਤਾਂ ਕੋਈ ਕਸਵਟੀ ਨਹੀਂ ਬਣਾ ਸਕੇ।

ਅਸੀਂ ਜੇ ਪੰਜਾਬੀ ਭਾਸ਼ਾ ਸਬੰਧੀ ਪ੍ਰਤੀਬੱਧ ਹਾਂ ਤਾਂ ਸ਼ਬਦਜੋੜਾਂ ਦੀ ਪ੍ਰਮਾਣਿਕਤਾ ਲਈ ਕੁਝ ਅਮਲੀ ਕਦਮ ਵੀ ਉਠਾਉਣੇ ਹੋਣਗੇ। ਅਸੀਂ ਵੱਖੋ ਵੱਖਰੀਆਂ ਪ੍ਰੀਖਿਆਵਾਂ ਵਿਚ ਵੇਖਦੇ ਹਾਂ ਕਿ ਚਾਹੇ ਸਕੂਲ ਦੀ ਪ੍ਰੀਖਿਆ ਹੋਵੇ, ਸੀ ਬੀ ਐਸ ਈ ਦੀ ਪ੍ਰੀਖਿਆ ਹੋਵੇ ਜਾਂ ਕਾਲਜ ਪੱਧਰ ਦੀ ਤਾਂ ਪੰਜਾਬੀ ਭਾਸ਼ਾ ਦੀ ਪ੍ਰਤੀਸ਼ਤ ਲੋੜ ਤੋਂ ਜ਼ਿਆਦਾ ਪਾਸ ਹੁੰਦੀ ਹੈ ਲਗਪਗ 99% ਜਾਂ ਕਈ ਵਾਰੀ ਸੌ ਪ੍ਰਤੀਸ਼ਤ ਤਕ ਵੀ ਪਹੁੰਚਦੀ ਹੈ। ਇਸ ਦਾ ਸਪਸ਼ਟ ਕਾਰਣ ਹੀ ਇਹ ਹੈ ਕਿ ਜਦੋਂ ਉਤਰ ਕਾਪੀਆਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਤਾਂ ਬਹੁਤ ਲਾਪਰਵਾਹੀ ਦਿਖਾਈ ਜਾਂਦੀ ਹੈ। ਸ਼ਬਦਜੋੜਾਂ ਦੀਆਂ ਅਹਿਮ ਤੇ ਭਿਆਨਕ ਗਲਤੀਆਂ ਹੋਣ ਦੇ ਬਾਵਜੂਦ ਉਮੀਦਵਾਰ ਨੂੰ ਚੰਗੇ ਅੰਕਾਂ ਨਾਲ ਪਾਸ ਕੀਤਾ ਜਾਂਦਾ ਹੈ। ਦੂਸਰੇ ਪਾਸੇ, ਅੰਗਰੇਜ਼ੀ ਵਾਲੇ ਸ਼ਬਦਜੋੜ ਤੇ ਵਿਆਕਰਣ ਦਾ ਪੂਰਾ ਖਿਆਲ ਰਖਦੇ ਹਨ ਤੇ ਬਹੁਤੇ ਵਿਦਿਆਰਥੀ ਅੰਗਰੇਜ਼ੀ ਵਿਚ ਹੀ ਅਸਫਲ ਹੁੰਦੇ ਹਨ।

ਹੁਣ ਪੰਜਾਬੀ ਰਾਜ ਭਾਸ਼ਾ ਹੈ ਤੇ ਪੂਰਾ ਸਰਕਾਰੀ ਕੰਮ ਪੰਜਾਬੀ ਵਿਚ ਹੋਣਾ ਚਾਹੀਦਾ ਹੈ, ਪਰ ਹਕੀਕਤ ਇਹ ਹੈ ਕਿ ਸਾਰਾ ਕੰਮ ਪੰਜਾਬੀ ਵਿਚ ਨਹੀਂ ਹੋ ਰਿਹਾ; ਖਾਸ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਭਾਵੇਂ ਕੇਂਦਰੀ ਪ੍ਰਬੰਧ ਅਧੀਨ ਹੈ, ਪਰ ਇਸ ਨਾਲ ਬਹੁਤ ਸਾਰੇ ਕਾਲਜ ਪੰਜਾਬ ਦੇ ਹਨ। ਇਨ੍ਹਾਂ ਵਿਚ ਕੰਮ ਅੰਗਰੇਜ਼ੀ ਵਿਚ ਹੁੰਦਾ ਹੈ। ਅਜੇ ਵੀ ਸਰਕਾਰੀ ਅਫਸਰ ਪੰਜਾਬੀ ਨਾਲੋਂ ਅੰਗਰੇਜ਼ੀ ਵਿਚ ਕੰਮ ਕਰਨਾ ਸਰਲ ਸਮਝਦੇ ਹਨ। ਭਾਸ਼ਾ ਵਿਭਾਗ ਨੇ ਜੋ ਦਫਤਰੀ ਸ਼ਬਦਾਵਲੀ ਬਣਾਈ ਹੈ, ਉਸ ਵਿਚ ਉਨ੍ਹਾਂ ਨੂੰ ਪ੍ਰਵੀਨਤਾ ਪ੍ਰਾਪਤ ਨਹੀਂ ਹੋਈ। ਸਾਡਾ ਭਾਸ਼ਾ ਵਿਭਾਗ ਕੇਵਲ ਇਹ ਹੀ ਨਾ ਦੇਖੇ ਕਿ ਪੰਜਾਬੀ ਵਿਚ ਦਫਤਰੀ ਕੰਮ ਹੋ ਰਿਹਾ ਹੈ, ਸਗੋਂ ਸ਼ਬਦਜੋੜਾਂ ਦੀ ਸ਼ੁੱਧਤਾ ਨੂੰ ਵੀ ਪੂਰੀ ਜ਼ਿੰਮੇਵਾਰੀ ਨਾਲ ਦੇਖਣਾ ਸਾਰੇ ਜ਼ਿਲਿਆਂ ਵਿਚ ਜੋ ਭਾਸ਼ਾ ਵਿਭਾਗ ਦੇ ਦਫਤਰ ਹਨ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਹੈ ਕਿ ਜਿਥੇ ਕਿਤੇ ਵੀ ਅਸ਼ੁੱਧ ਸ਼ਬਦਜੋੜਾਂ ਨੂੰ ਦੇਖਣ ਜਾਂ ਉਨ੍ਹਾਂ ਤਾਈਂ ਪਹੁੰਚਾਏ ਜਾਣ, ਉਸ ਨੂੰ ਸ਼ੁੱਧ ਲਿਖਾਉਣ ਦੀ ਕੋਸ਼ਿਸ਼ ਕਰਨ।

ਪੰਜਾਬੀ ਸਾਰੇ ਪਾਸੇ ਸੰਸਾਰ ਵਿਚ ਫੈਲ਼ੇ ਹਨ, ਨਾਲ ਆਪਣਾ ਸਭਿਆਚਾਰ, ਭਾਸ਼ਾ ਵੀ ਲੈ ਕੇ ਗਏ ਹਨ। ਇਸ ਲਈ ਸ਼ਬਦ ਜੋੜਾਂ ਦੀ ਪ੍ਰਮਾਣਿਕਤਾ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com