ਪੰਛੀਆਂ 'ਤੇ ਇਕ ਪੰਛੀਝਾਤ
- ਡਾ· ਜਸਬੀਰ ਸਿੰਘ ਸਰਨਾ


ਜਦੋਂ ਵੀ ਅਸੀਂ ਕਿਸੇ ਪਹਾੜੀ ਸਿਲਸਿਲੇ ਵੱਲ ਤੁਰਦੇ ਹਾਂ ਤਾਂ ਅਨੇਕਾਂ ਪ੍ਰਕਾਰ ਦੇ ਫੁੱਲ, ਪੰਛੀ ਅਤੇ ਜੰਗਲੀ ਜੀਵ ਆਸ ਪਾਸ ਵਿਚਰਦੇ ਹਨ। ਬਨਸਪਤੀ 'ਤੇ ਬਹੁਤਾ ਪ੍ਰਭਾਵ ਵਾਯੂਮੰਡਲ ਦਾ ਹੁੰਦਾ ਹੈ। ਜਦੋਂ ਅਸੀਂ ਪਹਾੜਾਂ ਉਪਰ ਚੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਤਾਪਮਾਨ ਘਟਦਾ ਹੈ। ਜੇ ਤਾਪਮਾਨ 80 ਡਿਗਰੀ ਸੈਲਸੀਅਸ ਹੈ ਤਾਂ ਇਹ 4500 ਫੁੱਟ 'ਤੇ ਘੱਟ ਕੇ 65 ਡਿਗਰੀ ਸੈਲਸੀਅਸ ਰਹਿ ਜਾਂਦਾ ਹੈ। ਤਾਪਮਾਨ ਦਾ ਬਦਲਾਅ ਹੀ ਪੰਛੀਆਂ ਦੇ ਰਹਿਣ-ਸਹਿਣ 'ਤੇ ਸਿੱਧਾ ਜਾਂ ਅਸਿੱਧਾ ਅਸਰ ਕਰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਗਰਮ ਖਿੱਤਿਆਂ ਨਾਲੋਂ ਸਰਦ ਖਿੱਤਿਆਂ ਦੇ ਪੰਛੀ ਵੱਡੇ ਆਕਾਰ ਦੇ ਹੁੰਦੇ ਹਨ।

ਹਵਾ ਦਾ ਜੇ ਦਬਾਅ 14·7 ਪੌਂਡ ਪ੍ਰਤੀ ਵਰਗ ਇੰਚ ਸਮੁੰਦਰੀ ਸਤਹਿ 'ਤੇ ਹੋਵੇਗਾ ਤਾਂ ਉਹ ਘਟ ਕੇ 18,000 ਫੁੱਟ 'ਤੇ ਅੱਧਾ ਹੋ ਜਾਂਦਾ ਹੈ। ਪਹਾੜੀ ਪੰਛੀਆਂ ਦੇ ਫੇਫੜਿਆਂ ਦਾ ਆਕਾਰ ਤੇ ਸਮਰੱਥਾ, ਮੈਦਾਨੀ ਪੰਛੀਆਂ ਤੋਂ ਵਧੇਰੇ ਹੁੰਦੀ ਹੈ। ਆਦਮੀ ਨੂੰ ਕੁਦਰਤ ਦੀਆਂ ਹੈਰਾਨੀਜਨਕ ਰਚਨਾਵਾਂ 'ਚ ਸਰਵੋਤਮ ਜੀਵ ਮੰਨਿਆ ਜਾਂਦਾ ਹੈ। ਇਸ ਨੁਕਤੇ ਦਾ ਲਾਭ ਉਠਾ ਕੇ ਆਪਣੀ ਅਕਲ ਤੇ ਅਸਚਰਜ ਕਾਰਨ ਸਾਰੇ ਪ੍ਰਾਣੀਆਂ ਨੂੰ ਮਨੁੱਖ ਨੇ ਆਪਣੇ ਅਧੀਨ ਕਰ ਲਿਆ ਹੈ। ਆਦਮੀ ਲੂੰਬੜੀ ਤੋਂ ਵੱਧ ਚਲਾਕ ਹੈ, ਸ਼ੇਰ ਤੋਂ ਵੀ ਵੱਧ ਤਾਕਤਵਰ, ਪੰਛੀਆਂ ਤੋਂ ਵੀ ਤੇਜ਼ ਉਡਾਰੀ ਲਾਉਣ ਵਾਲਾ, ਚੀਤੇ ਤੋਂ ਵੱਧ ਫੁਰਤੀਲਾ ਹਾਥੀ ਤੋਂ ਵੱਧ ਬਲਵਾਨ ਤੇ ਤੇਜ਼ ਨਿਗਾਹ ਵਾਲਾ ਹੈ।

ਕੁਦਰਤ ਦਾ ਇਕ ਨਿਯਮ ਹੈ ਕਿ ਤਾਕਤਵਰ ਪ੍ਰਾਣੀ ਸਾਰੇ ਕਮਜ਼ੋਰ ਪ੍ਰਾਣੀਆਂ 'ਤੇ ਧਾਕ ਜਮਾ ਕੇ ਰੱਖਦਾ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਕਬੂਤਰ ਨੇ ਕਾਫੀ ਸਮਾਂ ਪਹਿਲਾਂ ਇਕ ਡਾਕੀਏ ਦਾ ਕੰਮ ਕੀਤਾ ਹੈ। ਇਸ ਨੇ ਯੁੱਧ ਤੇ ਸ਼ਾਂਤੀ ਵਿਚ ਸੰਦੇਸ਼ ਪਹੁੰਚਾਏ ਹਨ। ਕਬੂਤਰ ਤੇ ਘੁੱਗੀਆਂ ਅਮਨ ਸ਼ਾਂਤੀ ਦੇ ਪ੍ਰਤੀਕ ਹਨ। ਗਿਰਝਾਂ ਤੇ ਇੱਲ੍ਹਾਂ ਮਨੁੱਖ ਦੇ ਸਫਾਈ ਸੇਵਕ ਹਨ। ਜਿਥੇ ਵੀ ਕਿਤੇ ਕੋਈ ਮਰਿਆ ਜੀਵ ਵੇਖਦੇ ਹਨ, ਉਥੋਂ ਉਸ ਨੂੰ ਖਾ ਕੇ ਵਾਤਾਵਰਣ ਦਾ ਪ੍ਰਦੂਸ਼ਿਤ ਹੋਣਾ ਰੋਕਦੇ ਹਨ। ‘ਚੱਕੀਰਾਹਾ' ਨਾਂ ਦਾ ਪੰਛੀ ਅਨੇਕ ਦੁਸ਼ਮਣ ਕੀੜਿਆਂ ਤੇ ਸੁੰਡੀਆਂ ਨੂੰ ਖਾ ਕੇ ਕਿਸਾਨਾਂ ਨੂੰ ਲਾਭ ਪਹੁੰਚਾਉਂਦਾ ਹੈ। ‘ਤਿਲੀਅਰ' ਨਾਂ ਦਾ ਛੋਟਾ ਜਿਹਾ ਪੰਛੀ ਟਿੱਡੀ ਦਲ ਦਾ ਸਾਹਮਣਾ ਕਰਦਾ ਹੈ। ਜਦੋਂ ਵੀ ਕਦੀ ਟਿੱਡੀ ਦਲ ਆਉਂਦਾ ਹੈ ਤਾਂ ਤਿਲੀਅਰਾਂ ਦੀ ਫੌਜ ਇਨ੍ਹਾਂ 'ਤੇ ਟੁੱਟ ਪੈਂਦੀ ਤੇ ਕਾਲ ਪੈਣ ਤੋਂ ਬਚਾਉਂਦੀ ਹੈ।

ਬਹੁਤੇ ਪੰਛੀ ਜੋ ਉੱਤਰੀ ਖਿੱਤਿਆਂ 'ਚ ਰਹਿੰਦੇ ਹਨ, ਉਹ ਗਰਮ ਦੇਸ਼ਾਂ ਵੱਲ ਪ੍ਰਵਾਸ ਕਰਦੇ ਹਨ ਤੇ ਭੂ-ਮੱਧ ਰੇਖਾ ਦੇ ਨਾਲ ਲਗਦੇ ਦੇਸ਼ਾਂ ਵਿਚ ਚਲੇ ਜਾਂਦੇ ਹਨ ਤਾਂ ਜੋ ਉਹ ਸਰਦੀਆਂ ਤੋਂ ਬਚ ਸਕਣ। ਦਿਨਾਂ ਦਾ ਛੋਟਾ ਹੋਣਾ, ਦਾਣੇ ਦੀ ਘਾਟ (ਕਿਉਂਕਿ ਬਰਫ ਨਾਲ ਜ਼ਮੀਨ ਢਕ ਜਾਂਦੀ ਹੈ) ਪਾਣੀ ਦਾ ਯੱਖ ਹੋਣਾ, ਕੁਝ ਖਾਸ ਕਾਰਨ ਹਨ ਜਿਨ੍ਹਾਂ ਕਾਰਨ ਪੰਛੀਆਂ ਨੂੰ ਸਰਦ ਦੇਸ਼ਾਂ ਤੋਂ ਗਰਮ ਦੇਸ਼ਾਂ ਵੱਲ ਪ੍ਰਵਾਸ ਕਰਨਾ ਅਤਿ ਜ਼ਰੂਰੀ ਹੈ।

ਹਿਮਾਲਿਆ ਦੀ ਬਰਫ-ਤਹਿ ਜੋ ਸਰਦੀਆਂ ਵਿਚ 15,000 ਅਤੇ 18,000 ਫੁੱਟ ਹੁੰਦੀ ਹੈ, ਗਰਮੀਆਂ ਵਿਚ ਘਟ ਕੇ 8,000 ਤੇ 9,000 ਫੁੱਟ ਰਹਿ ਜਾਂਦੀ ਹੈ। ਬਹੁਤੇ ਪੰਛੀ ਮੌਸਮ ਦੀ ਤਬਦੀਲੀ ਕਾਰਨ ਹੇਠਾਂ ਹਿਮਾਲਿਆ ਦੇ ਸੈਰ-ਸਪਾਟੇ ਵਾਲੇ ਮੁਕਾਮਾਂ ਵੱਲ ਆਉਂਦੇ ਹਨ ਜਦੋਂ ਕਿ ਗਰਮੀਆਂ ਦੇ ਮਹੀਨੇ ਵਿਚ, ਉਥੇ ਨਜ਼ਰ ਨਹੀਂ ਆਉਂਦੇ। ਜਦੋਂ ਵੀ ਗਰਮੀਆਂ ਸ਼ੁਰੂ ਹੁੰਦੀਆਂ ਹਨ ਤਾਂ ਆਪਣੇ ਰੈਣ-ਬਸੇਰੇ ਛੱਡ ਕੇ ਵਾਪਸ ਗਏ ਪੰਛੀ ਮੁੜ ਆ ਜਾਂਦੇ ਹਨ। ਮਿਸਾਲ ਦੇ ਤੌਰ 'ਤੇ ‘ਹਿਮਾਲਿਅਨ ਹੱਸਦਾ ਕਸਤੂਰਾ', ਜੋ ਗਰਮੀਆਂ ਵਿਚ 8,000 ਜਾਂ 9,000 ਫੁੱਟ ਤੱਕ ਅਸੀਂ ਵੇਖਦੇ ਹਾਂ, ਉਹ ਸਰਦੀਆਂ ਵਿਚ ਕੇਵਲ ਹੇਠਲੇ ਪਹਾੜੀ ਦਾਮਨਾਂ ਵੱਲ ਕੂਚ ਕਰ ਜਾਂਦੇ ਹਨ।

ਕੁਝ ਅਜਿਹੇ ਪੰਛੀ ਵੀ ਹਨ ਜੋ ਸਰਦੀਆਂ ਵਿਚ ਉਪਰ ਤੋਂ ਹੇਠਾਂ ਵੱਲ ਆਉਂਦੇ ਅਤੇ ਗਰਮੀਆਂ ਵਿਚ ਹੇਠਾਂ ਤੋਂ ਉਪਰ ਵੱਲ ਕੂਚ ਕਰ ਜਾਂਦੇ ਹਨ। ਕੁਝ ਪੰਛੀ ਤਾਂ ਪਰਬਤੀ ਉਤਾਂਹ ਪਰਵਾਸੀ ਆਖੇ ਜਾ ਸਕਦੇ ਹਨ, ਜਿਵੇਂ ਸਾਡੇ ਹਿੰਦੁਸਤਾਨੀ ਪੰਛੀ ਜੰਗਲੀ ਮੁਰਗਾ, ਹਿੰਦੁਸਤਾਨੀ ਨੀਲੀ-ਚਾਟ ਅਤੇ ਰੰਗ-ਬਿਰੰਗੇ ਮੈਦਾਨੀ ਕਸਤੂਰਾ ਆਦਿ। ਇਨ੍ਹਾਂ ਉਪਰ ਵਰਨਣ ਕੀਤੇ ਪੰਛੀਆਂ ਦਾ ਘਰ ਤਾਂ ਹਿਮਾਲਿਆ ਤੇ ਕਸ਼ਮੀਰ ਹੈ ਕਿਉਂਕਿ ਇਹ ਉਥੇ ਪ੍ਰਜਣਨ ਕਰਦੇ ਹਨ ਪਰ ਸਰਦੀਆਂ ਵਿਚ ਨੀਲਗਿਰੀ ਅਤੇ ਆਸਪਾਸ ਦੇ ਪਹਾੜਾਂ ਦੱਖਣ-ਪੱਛਮ ਭਾਰਤ ਵਿਚ ਰਹਿੰਦੇ ਹਨ। ਇਸ ਤੋਂ ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਇਹ ਆਪਣਾ ਸਫਰ ਹਿਮਾਲਿਆ ਤੋਂ ਲੈ ਕੇ ਆਪਣੇ ਸਰਦੀਆਂ ਦੇ ਠਿਕਾਣੇ ਤੱਕ ਤਕਰੀਬਨ 1200 ਤੋਂ 1500 ਮੀਲ ਸਫਰ ਕਰਦੇ ਹਨ। ਇਨ੍ਹਾਂ ਮੌਸਮਾਂ ਵਿਚ ਹੀ ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਢਾਲ ਲੈਂਦੇ ਹਨ। ਤੁਰਕਸਤਾਨੀ ਚਿਟਾਨੀ ਕਬੂਤਰ, ਦੁਲਾਮਾ-ਲਾ-ਪਾਸ ਜੋ 18,700 ਫੁੱਟ 'ਤੇ ਹੈ, ਹੇਠਾਂ ਵੱਲ ਆ ਕੇ ਯਾਤਰੀਆਂ ਵੱਲੋਂ ਸੁੱਟੇ ਦਾਣੇ ਚੁਗਦੇ ਹਨ। ਬਹੁਤੇ ਪੰਛੀਆਂ ਨੂੰ 29,000 ਫੁੱਟ ਤੱਕ ਵੀ ਪੰਛੀ ਵਿਗਿਆਨੀਆਂ ਨੇ ਉਡਦੇ ਵੇਖਿਆ ਹੈ।

ਪਹਾੜਾਂ ਦਾ ਸਿਲਸਿਲਾ, ਮੁਕਾਮੀ ਵਾਯੂਮੰਡਲ ਤੇ ਬਨਸਪਤੀ ਦਾ ਪੰਛੀਆਂ ਦੇ ਵਿਸਥਾਰ ਉਤੇ ਬੜਾ ਅਸਰ ਕਰਦਾ ਹੈ। ਹੱਸਦਾ-ਕਸਤੂਰਾ, ਹਿਮਾਲਿਆ ਵਿਚ ਉੱਗੀਆਂ ਜੰਗਲੀ ਰਸਪਬਰੀਆਂ ਦੇ ਨਾਲ ਨਾਲ ਵਿਚਰਦੇ ਵੇਖੇ ਗਏ ਹਨ। ਇਹ ਰਸਪਬਰੀਆਂ 3,500 ਫੁੱਟ ਤੱਕ ਉੱਗਦੀਆਂ ਹਨ। ਬਹੁਤੇ ਪਰਵਾਸੀ ਪੰਛੀ ਇਕ ਪਹਾੜੀ ਤੋਂ ਦੂਜੀ ਪਹਾੜੀ ਤੱਕ ਅਪੜਦੇ ਹਨ ਅਤੇ ਜ਼ਿੰਦਗੀ ਨੂੰ ਵਾਤਾਵਰਣ ਅਨੁਕੂਲ ਢਾਲਣ ਦਾ ਯਤਨ ਕਰਦੇ ਹਨ। ਫਿਰ ਵੱਖ ਵੱਖ ਪਹਾੜਾਂ ਤੇ ਰਹਿਣ ਲਈ ਰਜ਼ਾਮੰਦ ਹੁੰਦੇ ਹਨ। ਕਈ ਪੰਛੀ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਕੂਲ ਨਾ ਸਮਝ ਕੇ ਕੂਚ ਕਰ ਜਾਂਦੇ ਹਨ।

ਪੰਛੀਆਂ ਦੀ ਲੰਬਾਈ ਦਾ ਮਿਆਰ ਆਮ ਤੌਰ 'ਤੇ ਸੈਂਟੀਮੀਟਰਾਂ ਵਿਚ ਨਾਪਿਆ ਜਾਂਦਾ ਹੈ। ਕਈ ਪੰਛੀਆਂ ਦੀ ਲੰਬਾਈ ਨੂੰ ਦੂਜੇ ਪੰਛੀਆਂ ਦੀ ਲੰਬਾਈ ਨਾਲ ਮੁੱਖ ਰੱਖ ਕੇ ਜ਼ਿਕਰ ਕੀਤਾ ਗਿਆ ਹੈ। ਜਿਵੇਂ ਚਿੜੀ (15·24 ਸੈਂਟੀਮੀਟਰ), ਕੋਇਲ (17·78, 20·32 ਸੈਂ·), ਬੁਲਬੁਲ (20·32 ਸੈਂ·),ਮੈਨਾ (22-86 ਸੈਂ·), ਕਬੂਤਰ (33·02 ਸੈਂ·) ਤਿੱਤਰ (33·02 ਸੈਂ·), ਕਾਂ (43·18 ਸੈਂ·), ਇੱਲ੍ਹ (60·96 ਸੈਂ·), ਬੱਤਖ (60·96 ਸੈਂ·), ਪੇਠੋਂ ਮੁਰਗੀ (45·72-76-2ਸੈਂ·), ਗਿਰਝ (91·44 ਸੈਂ·)। ਕਿਸੇ ਵੀ ਪੰਛੀ ਦੀ ਪਹਿਚਾਣ ਉਸ ਦੇ ਚਿੰਨ੍ਹਾਂ, ਜਿਵੇਂ ਉਸ ਦੀ ਚੁੰਜ, ਦੁੰਮ, ਕਲਗੀ ਜਾਂ ਉਸ ਦੇ ਰੰਗ 'ਤੇ ਨਿਰਭਰ ਕਰਦੀ ਹੈ। ਪੰਛੀਆਂ ਲਈ ਸਿਆਸੀ ਹੱਦਾਂ ਕੋਈ ਮਤਲਬ ਨਹੀਂ ਰੱਖਦੀਆਂ। ਜਦੋਂ ਅਸੀਂ ਕਸ਼ਮੀਰ ਸਬੰਧੀ ਪੰਛੀਆਂ ਦਾ ਜ਼ਿਕਰ ਕਰਦੇ ਹਾਂ ਤਾਂ ਉਸ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋਵੇਂ ਕਸ਼ਮੀਰਾਂ ਵਿਚ ਵਿਚਰਦੇ ਪੰਛੀਆਂ ਦਾ ਜ਼ਿਕਰ ਹੀ ਸਮਝਣਾ ਚਾਹੀਦਾ ਹੈ। ਇਸੇ ਲਈ ਜਦੋਂ ਵੀ ਕੋਈ ਪੰਛੀ-ਵਿਗਿਆਨੀ ਲਿਖਦਾ ਹੈ ਤਾਂ ਉਸ ਦੀ ਇਹ ਭਾਵਨਾ ਪ੍ਰਬਲ ਹੈ ਕਿ ਇਸ ਦਾ ਕੋਈ ਸਿਆਸੀ ਲਾਹਾ ਨਹੀਂ ਹੈ।

ਕਸ਼ਮੀਰ ਸਮੁੱਚੀ ਦੁਨੀਆਂ ਲਈ ਗੌਰਵ ਦਾ ਪ੍ਰਤੀਕ ਹੈ ਕਿ ਇਥੇ ਕਾਦਰ ਦੀ ਕੁਦਰਤ ਦੇ ਰੂਬਰੂ ਪੰਛੀਆਂ ਦਾ ਖੂਬਸੂਰਤ ਚਿੱਤ੍ਰਣ ਵੀ ਉਜਾਗਰ ਹੋਇਆ ਹੈ। ਪੰਛੀ ਵਿਗਿਆਨੀਆਂ ਦਾ ਇਹ ਵੀ ਦਾਅਵਾ ਹੈ ਕਿ ਦੂਸਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਲਗਾਤਾਰ ਟਰੈਫਿਕ ਵਧਣ ਕਾਰਨ, ਪੈਦਾ ਹੋਏ ਪ੍ਰਦੂਸ਼ਣ ਨਾਲ ਪੰਛੀ ਗਾਉਣਾ ਵੀ ਭੁੱਲ ਰਹੇ ਹਨ ਅਤੇ ਬੋਲੇ ਹੋ ਰਹੇ ਹਨ। ਕਈ ਪੰਛੀ ਤਾਂ ਕਾਰਾਂ, ਬੱਸਾਂ, ਇੰਜਣਾਂ ਅਤੇ ਮੋਬਾਇਲ ਫੋਨਾਂ ਤੋਂ ਨਿਕਲਦੀਆਂ ਆਵਾਜ਼ਾਂ ਵਰਗੀਆਂ ਆਵਾਜ਼ਾਂ ਕੱਢਣ ਲੱਗ ਪਏ ਹਨ। ਪੰਛੀ ਵਿਗਿਆਨੀਆਂ ਦਾ ਵਿਚਾਰ ਹੈ ਕਿ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਨ੍ਹਾਂ ਪੰਛੀਆਂ ਦੀਆਂ ਨਸਲਾਂ ਖਤਮ ਹੋ ਸਕਦੀਆਂ ਹਨ ਕਿਉਂਕਿ ਅਸਲ ਆਵਾਜ਼ਾਂ ਤੋਂ ਹਟ ਕੇ ਨਵੀਆਂ ਆਵਾਜ਼ਾਂ ਜਾਂ ਧੁਨਾਂ ਕੱਢਣ ਕਰਕੇ ਇਹ ਪੰਛੀ ਆਪਣੇ ਵਿਰੋਧੀ (ਨਰ ਜਾਂ ਮਾਦਾ) ਪੰਛੀ ਨੂੰ ਆਪਣੇ ਵੱਲ ਖਿੱਚਣ ਤੋਂ ਅਸਮਰਥ ਹੋ ਜਾਣਗੇ ਅਤੇ ਇਨ੍ਹਾਂ ਦੇ ਨਾ ਮਿਲਣ ਕਾਰਨ, ਨਵੀਂ ਔਲਾਦ ਪੈਦਾ ਨਹੀਂ ਹੋ ਸਕੇਗੀ। ਇਸ ਤਰ੍ਹਾਂ ਦਾ ਅਧਿਐਨ ਇੰਗਲੈਂਡ ਦੇ ਪੰਛੀ-ਵਿਗਿਆਨੀਆਂ ਨੇ ਕੁਝ ਸਮਾਂ ਪਹਿਲਾਂ ਕੀਤਾ ਸੀ। ਨਿਊਜ਼ੀਲੈਂਡ ਦੇ ਪੰਛੀ-ਵਿਗਿਆਨੀਆਂ ਵੱਲੋਂ ਕੀਤੇ ਅਧਿਐਨ ਅਨੁਸਾਰ ਆਵਾਜ਼ੀ ਪ੍ਰਦੂਸ਼ਣ ਕਾਰਨ ਚਹਿਚਹਾਉਣ ਵਾਲੇ ਪੰਛੀਆਂ ਦੀ ਗਿਣਤੀ ਕਾਫੀ ਘਟ ਗਈ ਹੈ। ਔਕਲੈਂਡ ਯੂਨੀਵਰਸਿਟੀ ਦੇ ਪ੍ਰੋਫੈਸਰ ਜੋ ਪੰਛੀਆਂ ਦੀਆਂ ਆਵਾਜ਼ਾਂ ਬਾਰੇ ਮਾਹਿਰ ਮੰਨੇ ਜਾਂਦੇ ਹਨ, ਦਾ ਕਹਿਣਾ ਹੈ ਕਿ ਹਰੇਕ ਗੀਤ ਗਾਉਣ ਵਾਲੇ ਪੰਛੀ ਦੇ ਬੱਚੇ ਆਪਣੇ ਵੱਡਿਆਂ ਤੋਂ ਉਸੇ ਤਰ੍ਹਾਂ ਦੇ ਗੀਤ ਸਿੱਖਦੇ ਹਨ ਜਿਵੇਂ ਅਸੀਂ ਮਾਂ-ਬਾਪ ਕੋਲੋਂ ਬੋਲਣਾ ਸਿੱਖਦੇ ਹਾਂ। ਕਸ਼ਮੀਰ ਵਿਚ ਪੰਛੀਆਂ ਦੀ ਗਿਣਤੀ ਸੈਂਕੜਿਆਂ ਵਿਚ ਹੈ। ਇਥੇ ਪਹਿਲੀ ਵੇਰ ਪੰਛੀਆਂ ਦੀ ਵਿਸਥਾਰ ਨਾਲ ਜਾਣਕਾਰੀ, ‘ਪੰਛੀਨਾਮਾ' ਦੇ ਸਿਰਲੇਖ ਹੇਠ ਪੰਜਾਬੀ ਸੰਸਾਰ ਦੇ ਪਿਆਰਿਆਂ ਅਤੇ ਖਾਸ ਕਰ ਬੱਚਿਆਂ ਲਈ ਪਹਿਲੀ ਵੇਰ ਦੇ ਰਿਹਾ ਹਾਂ। ਇਸ ਵਿਚ ਕੋਈ ਹੈਰਾਨੀ ਨਹੀਂ ਕਿ ਗਰਮ, ਖੁਸ਼ਕ, ਬਾਰਸ਼ ਆਦਿ ਵਾਲੇ ਖਿੱਤਿਆਂ ਦੇ ਪੰਛੀਆਂ ਦੇ ਰਹਿਣ-ਸਹਿਣ ਵੀ ਵੱਖਰੇ ਹੁੰਦੇ ਹਨ। ਇਹ ਆਪਣੇ ਵੱਖਰੇ ਵਾਤਾਵਰਣ ਵਿਚ ਵਿਚਰਦੇ ਹਨ ਜਿਵੇਂ ਪਹਾੜੀ, ਜੰਗਲਾਂ, ਹੇਠਲੇ ਜੰਗਲਾਂ ਜਾਂ ਰੇਗਿਸਤਾਨਾਂ ਵਿਚ।

ਭਾਰਤ ਅਤੇ ਦੱਖਣੀ-ਪੂਰਬੀ ਏਸ਼ੀਆ, ਸੰਸਾਰ ਦੇ ਛੇਵੇਂ ਵੱਡੇ ਪ੍ਰਾਣੀ ਭੂਗੋਲਿਕ ਖਿੱਤਿਆਂ ਦੇ ਜ਼ੁਮਰੇ ਵਿਚ ਆਉਂਦਾ ਹੈ। ਇਨ੍ਹਾਂ ਪੰਛੀਆਂ ਦੀ ਸਮਾਨਤਾ ਸੰਸਾਰ ਦੇ ਦੂਜੇ ਦੇਸ਼ਾਂ ਦੇ ਪੰਛੀਆਂ ਨਾਲ ਆਮ ਮਿਲਦੀ ਹੈ। ਕਸ਼ਮੀਰ ਵਿਚ ਰਹਿ ਰਹੇ ਪੰਛੀਆਂ ਦੀ ਸਮਾਨਤਾ ਬਹੁਤੀ ਕਰਕੇ ਭਾਰਤੀ-ਚੀਨ ਦੇ ਖਿੱਤਿਆਂ ਵਿਚ ਰਹਿੰਦੇ ਪੰਛੀਆਂ ਨਾਲ ਮੇਲ ਖਾਂਦੀ ਹੈ ਕਿਉਂਕਿ ਇਨ੍ਹਾਂ ਵਿਚਕਾਰ ਪਹਾੜਾਂ ਦਾ ਸਿਲਸਿਲਾ ਲਗਾਤਾਰ ਬਣਦਾ ਰਿਹਾ ਹੈ। ਕੇਵਲ ਭਾਰਤ ਉਪ ਮਹਾਂਦੀਪ ਵਿਚ ਇਸ ਸਮੇਂ ਇਕ ਹਜ਼ਾਰ ਤੋਂ ਵੱਧ ਪੰਛੀ ਹਨ। ਭਾਵੇਂ ਕਸ਼ਮੀਰ ਵਿਚ ਕਾਫੀ ਪੰਛੀ ਹਨ ਪਰ ਫਿਰ ਵੀ ਕੁਝ ਅਜਿਹੇ ਪੰਛੀ ਹਨ ਜੋ ਪੂਰੇ ਸੰਸਾਰ ਵਿਚ ਵੇਖੇ ਜਾਂਦੇ ਹਨ।

ਪੰਛੀਆਂ ਦੇ ਨਾਂ ਰੱਖਣ ਦੀ ਵੀ ਇਕ ਤਰਤੀਬ ਹੈ, ਸ਼ਿਕਾਰ, ਉੱਲੂ ਅਤੇ ਕਾਂ ਪੰਛੀ ਤਾਂ ਪੂਰੇ ਸੰਸਾਰ ਵਿਚ ਵੇਖੇ ਜਾਂਦੇ ਹਨ। ਇਸ ਵਿਚ ਕੋਈ ਅਤਕਥਨੀ ਨਹੀਂ ਕਿ ਸਭ ਤੋਂ ਖੂਬਸੂਰਤ ਅਤੇ ਮਨਮੋਹਣੇ ਤਿੱਤਰ/ਚਕੌਰ ਪਰਿਵਾਰ ਦੇ ਮੈਂਬਰ ਕਸ਼ਮੀਰ ਅਤੇ ਹਿਮਾਲਿਆ ਵਿਚ ਹੀ ਮਿਲਦੇ ਹਨ। ਹਰ ਪੰਛੀ ਨੂੰ ਵਰਗ (ਆਰਡਰ), ਕੁਲ (ਫੈਮਿਲੀ) ਅਤੇ ਪ੍ਰਜਾਤੀ (ਜੀਨਜ਼) ਵਿਚ ਵੰਡਿਆ ਜਾਂਦਾ ਹੈ। ਪਹਿਲਾ ਨਾਂ ਪ੍ਰਜਾਤੀ ਹੁੰਦਾ ਹੈ ਅਤੇ ਦੂਜਾ ਨਾਂ ਜਾਤੀ (ਸਪੀਸੀਜ਼) ਦਾ ਹੁੰਦਾ ਹੈ। ਜੇਕਰ ਇਕੋ ਵਾਤਾਵਰਣ ਵਿਚ ਕੁਝ ਪੰਛੀ ਖਾਸ ਵਖਰੇਵਾਂ ਪ੍ਰਗਟ ਕਰਦੇ ਹਨ ਤਾਂ ਉਸ ਇਕੱਲੇ ਨੂੰ ਉਪ ਜਾਤੀ (ਸਬ-ਸਪੀਸੀਜ਼) ਦਾ ਤੀਜਾ ਨਾਂ ਦਿੱਤਾ ਜਾਂਦਾ ਹੈ।

ਬਹੁਤੇ ਪੰਛੀ ਕਿਸੇ ਖਾਸ ਵਾਤਾਵਰਣ ਵਿਚ ਰਹਿੰਦੇ ਹਨ ਅਤੇ ਅਸੀਂ ਆਮ ਤੌਰ 'ਤੇ ਉਨ੍ਹਾਂ ਨੂੰ ਵਾਰ ਵਾਰ ਵਿਚਰਦੇ ਵੇਖਦੇ ਹਾਂ। ਬਹੁਤੇ ਜੀਵ-ਕਾਰਕ ਦੇ ਅਨੁਕੂਲ ਉਹ ਪੰਛੀ ਆਪਣੇ ਆਪ ਨੂੰ ਢਾਲਦੇ ਹਨ। ਉਹ ਇਸੇ ਵਾਤਾਵਰਣ ਵਿਚ ਬੱਚਾ ਕਸ਼ੀ, ਖਾਣ-ਪੀਣ, ਆਲ੍ਹਣੇ ਜ਼ਰੂਰੀ ਸਮਝਦੇ ਹਨ। ਇਸ ਆਸ-ਪਾਸ ਨੂੰ ਪੰਛੀ ਦੇ ਤੁਰੰਤ ਰਹਿਣ-ਸਹਿਣ ਨੂੰ ‘ਆਵਾਸ' (ਨਿਵਾਸ ਸਥਾਨ) ਆਖਿਆ ਜਾਂਦਾ ਹੈ। ਇਸੇ ਆਵਾਸ ਵਿਚ ਭਾਵੇਂ ਉਹ ਪਹਾੜੀ ਜੰਗਲ, ਪਾਣੀਆਂ, ਝਾੜੀਆਂ ਜਾਂ ਖੁੱਲ੍ਹੇ ਮੈਦਾਨ ਹੋਣ, ਪੰਛੀ ਦੀਆਂ ਆਪਣੀਆਂ ਵਿਸ਼ੇਤਾਈਆਂ ਹੁੰਦੀਆਂ ਹਨ। ਕਈ ਪੰਛੀਆਂ ਵਿਚ ਬੜੀ ਨੇੜਤਾ ਹੁੰਦੀ ਹੈ ਜਿਵੇਂ ਮੈਗਪਈ ਰੋਬਿਨ ਅਤੇ ਸ਼ਾਮਾਂ ਵੱਖਰੇ ਵੱਖਰੇ ਆਵਾਸ ਵਿੱਚ ਰਹਿੰਦੇ ਹਨ ਪਰ ਇਕੋ ਬਾਗ, ਪਾਰਕ ਜਾਂ ਜੰਗਲ ਵਿਚ ਵਿਚਰਦੇ ਹਨ। ਕਸ਼ਮੀਰ ਦੇ ਬਹੁਤੇ ਪਿੰਡਾਂ, ਸ਼ਹਿਰਾਂ ਵਿਚ ਮੈਨਾਂ, ਘਰੇਲ ਕਾਂ, ਚਿੜੀਆਂ, ਤੋਤੇ ਆਦਿ ਕਾਸ਼ਤ ਕੀਤੀਆਂ ਜ਼ਮੀਨਾਂ ਅਤੇ ਬੁਲਬੁਲ, ਕਬੂਤਰ, ਸੂਰਜੀ ਪੰਛੀ ਪਾਰਕਾਂ ਤੇ ਬਾਗਾਂ ਵਿਚ ਆਮ ਵੇਖੇ ਜਾਂਦੇ ਹਨ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com