ਡਾ. ਗੁਰਪ੍ਰੀਤ ਸਿੰਘ ਲਹਿਲ
ਚੀਫ਼ ਕੋਆਰਡੀਨੇਟਰ,
ਰੀਸੋਰਸ ਸੈਂਟਰ ਫੌਰ ਆਈ.ਐਲ.ਟੀ.ਐੱਸ-ਪੰਜਾਬੀ,
ਥਾਪਰ ਇੰਸਟੀਚਿਊਟ ਔਫ
ਇੰਜਨੀਅਰਿੰਗ ਐਂਡ ਤਕਨਾਲੋਜੀ, ਪਟਿਆਲਾ |
ਡਾ. ਹਰਵਿੰਦਰ ਸਿੰਘ ਭੱਟੀ
ਰੀਡਰ, ਸਮਾਜ ਵਿਗਿਆਨ,
ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਭਾਸ਼ਾ ਮਨੁੱਖੀ ਸਭਿਆਚਾਰ ਦਾ ਬੁਨਿਆਦੀ ਸਰੋਤ ਹੈ। ਮਨੁੱਖੀ ਸਭਿਅਤਾ ਦਾ ਵਿਕਾਸ
ਭਾਸ਼ਾ ਦੇ ਵਿਕਾਸ ਨਾਲ ਅਟੁੱਟ ਰੂਪ ਵਿਚ ਜੁੜਿਆ ਹੋਇਆ ਹੈ। ਮਨੁੱਖੀ ਇਤਿਹਾਸ ਅਤੇ
ਮਾਨਵਵਿਗਿਆਨ ਦੇ ਖੇਤਰਾਂ ਵਿਚ ਇਹ ਇਕ ਸਰਵਪ੍ਰਵਾਨਿਤ ਸੱਚ ਹੈ ਕਿ ਲਿਪੀ ਦਾ ਵਿਕਾਸ
ਆਪਣੇ ਆਪ ਵਿਚ ਇਕ ਯੁਗ ਪਲਟਾਊ ਘਟਨਾ ਸੀ। ਮਨੁੱਖੀ ਇਤਿਹਾਸ ਦੇ ਵੱਖ ਵੱਖ ਪੜਾਅ ਉਸ
ਵਲੋਂ ਕੀਤੇ ਗਏ ਤਕਨੀਕੀ ਵਿਕਾਸ ਦੇ ਆਧਾਰ ਤੇ ਮਿਣੇ ਜਾਂਦੇ ਹਨ। ਲਿਪੀ ਦਾ ਵਿਕਾਸ ਵੀ
ਇਸ ਤਕਨੀਕੀ ਵਿਕਾਸ ਵਿਚ ਅਹਿਮ ਪੜਾਅ ਸੀ ਜਿਸਨੇ ਭਾਸ਼ਾ ਅਤੇ ਤਕਨਾਲੋਜੀ ਦੇ ਅੰਤਰ
ਸਬੰਧਾਂ ਨੂੰ ਉਘਾੜਿਆ। ਉਸ ਸਮੇਂ ਤੋਂ ਹੀ ਭਾਸ਼ਾ ਅਤੇ ਤਕਨਾਲੋਜੀ ਦਾ ਵਿਕਾਸ ਇਕ
ਦੂਸਰੇ ਤੇ ਨਿਰਭਰ ਕਰਦੇ ਚਲੇ ਆ ਰਹੇ ਹਨ। ਲਿਪੀ ਤੋਂ ਬਾਅਦ ਛਾਪੇਖ਼ਾਨੇ, ਟਾਈਪ ਮਸ਼ੀਨ,
ਰੀਕਾਰਡਿੰਗ ਆਦਿ ਅਜਿਹੇ ਤਕਨਾਲੋਜੀਕਲ ਪੜਾਅ ਹਨ ਜਿਨ੍ਹਾਂ ਨੇ ਭਾਸ਼ਾ ਦੇ ਵਿਕਾਸ ਵਿਚ
ਬਹੁਤ ਹੀ ਮਹੱਤਵਪੂਰਨ ਹਿੱਸਾ ਪਾਇਆ ਹੈ। ਭਾਸ਼ਾਈ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ
ਹੈ ਕਿ ਜਿਨ੍ਹਾਂ ਭਾਸ਼ਾਵਾਂ ਨੇ ਸਮੇਂ ਸਿਰ ਤਕਨਾਲੋਜੀ ਨੂੰ ਨਹੀਂ ਅਪਣਾਇਆ ਉਹ ਜਾਂ
ਤਾਂ ਵਿਕਾਸ ਵਿਚ ਪਿਛੇ ਰਹਿ ਗਈਆਂ ਜਾਂ ਉਕਾ ਹੀ ਖਤਮ ਹੋ ਗਈਆਂ।
ਕੰਪਿਊਟਰ ਦੀ ਈਜਾਦ ਤਕਨਾਲੋਜੀ ਖੇਤਰ ਵਿਚ ਅਜਿਹਾ ਇਨਕਲਾਬ ਹੈ
ਕਿ ਜਿਸਦੀ ਹੋਰ ਕੋਈ ਮਿਸਾਲ ਮਨੁੱਖੀ ਇਤਿਹਾਸ ਵਿਚ ਨਹੀਂ ਮਿਲਦੀ। ਮਨੁੱਖੀ ਜ਼ਿੰਦਗੀ
ਅਤੇ ਗਿਆਨ ਦੇ ਵੱਖ ਵੱਖ ਖੇਤਰਾਂ ਨੂੰ ਕੰਪਿਊਟਰ ਨੇ ਇਸ ਕਦਰ ਪ੍ਰਭਾਵਿਤ ਕੀਤਾ ਅਤੇ
ਬਦਲ ਦਿੱਤਾ ਹੈ, ਜਿਸਦੀ ਕੁਝ ਸਮਾਂ ਪਹਿਲਾਂ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ।
ਇਹ ਕੁਦਰਤੀ ਹੈ ਕਿ ਅਜਿਹੀ ਵੱਡੀ ਤਕਨਾਲੋਜੀਕਲ ਤਬਦੀਲੀ ਮਨੁੱਖੀ ਭਾਸ਼ਾ ਦੇ ਖੇਤਰ
ਨੂੰ ਵੀ ਪ੍ਰਭਾਵਿਤ ਕਰੇ। ਕੰਪਿਊਟਰ ਅਤੇ ਭਾਸ਼ਾ ਦੇ ਆਪਸੀ ਸੰਬੰਧਾਂ ਦਾ ਸਮੁੱਚਾ
ਜਾਇਜ਼ਾ ਲੈਣਾ ਤਾਂ ਆਪਣੇ ਆਪ ਵਿਚ ਹੀ ਬਹੁਤ ਵਿਸ਼ਾਲ ਖੇਤਰ ਹੈ ਜਿਸਦਾ ਜ਼ਿਕਰ ਮੌਜੂਦਾ
ਪ੍ਰਸੰਗ ਅਤੇ ਪਰਚੇ ਦੇ ਵਿਤੋਂ ਬਾਹਰੀ ਗੱਲ ਹੈ। ਪਰ ਇਥੇ ਕੁਝ ਨੁਕਤੇ ਸਪਸ਼ਟ ਕਰਨੇ
ਲਾਜ਼ਮੀ ਹਨ।
1 ਕੰਪਿਊਟਰ ਅਤੇ ਖ਼ਾਸਕਰ ਇੰਟਰਨੈੱਟ ਦੇ ਮਨੁੱਖੀ ਜ਼ਿੰਦਗੀ ਦਾ ਅੰਗ ਬਣ ਜਾਣ ਕਾਰਨ,
ਅੰਗਰੇਜ਼ੀ ਭਾਸ਼ਾ ਇਕ ਮੂਲ ਭਾਸ਼ਾ ਬਣ ਗਈ ਹੈ। ਇਸਦਾ ਭਾਸ਼ਾਈ ਸਾਮਰਾਜ ਹੋਰ ਵਿਸ਼ਾਲ ਹੋ
ਗਿਆ ਹੈ।
2 ਵਿਸ਼ਵੀਕਰਨ (Globalisation)
ਵਿਚ ਭਾਸ਼ਾਈ ਸਾਮਰਾਜ ਦਾ ਬਹੁਤ ਅਹਿਮ ਰੋਲ ਹੈ। ਆਧੁਨਿਕ ਸੰਚਾਰ ਦੀਆਂ ਲੋੜਾਂ ਨੂੰ
ਧਿਆਨ ਵਿਚ ਰੱਖਦੇ ਹੋਏ ਸਾਰੇ ਵਿਸ਼ਵ ਲਈ ਇਕੋ ਇਕ ਕਾਰਗਰ ਭਾਸ਼ਾ ਦੀ ਲੋੜ ਮਹਿਸੂਸ ਹੋਣ
ਲੱਗ ਪਈ ਹੈ ਅਤੇ ਇਸ ਵਿਸ਼ੇ ਵਿਚ ਖੋਜ ਵੀ ਬੜੇ ਜ਼ੋਰ ਸ਼ੋਰ ਨਾਲ ਹੋ ਰਹੀ ਹੈ।
3 ਇਸ ਹਾਲਾਤ ਵਿਚ ਛੋਟੀਆਂ ਅਤੇ ਇਲਾਕਾਈ ਭਾਸ਼ਾਵਾਂ ਦਾ ਭਵਿਖ ਨਾ ਸਿਰਫ਼ ਧੁੰਦਲਾ
ਹੋ ਰਿਹਾ ਹੈ ਸਗੋਂ ਮੂਲ ਰੂਪ ਵਿਚ ਉਹਨਾਂ ਦੀ ਹੋਂਦ ਨੂੰ ਹੀ ਖਤਰਾ ਖੜ੍ਹਾ ਹੋ ਗਿਆ
ਹੈ।
4 ਇਸ ਤਰ੍ਹਾਂ ਜਾਪਦਾ ਹੈ ਕਿ ਸਿਰਫ਼ ਉਹੀ ਭਾਸ਼ਾਵਾਂ ਜੋ ਜਲਦੀ ਤੋਂ ਜਲਦੀ ਅਜੋਕੀ
ਤਕਨਾਲੋਜੀ ਅਪਣਾ ਕੇ ਅੱਜ ਦੇ ਜ਼ਮਾਨੇ ਦੀਆਂ ਸੰਚਾਰਕ ਲੋੜਾਂ ਪੂਰਾ ਕਰਨ ਦੇ ਸਮਰੱਥ ਹੋ
ਜਾਣਗੀਆਂ, ਆਪਣੀ ਹੋਂਦ ਕਾਇਮ ਰੱਖ ਸਕਣਗੀਆਂ ਤੇ ਵਿਕਾਸ ਕਰ ਸਕਣਗੀਆਂ।
ਇਸ ਪ੍ਰਸੰਗ ਵਿਚ ਪੰਜਾਬੀ ਭਾਸ਼ਾ ਅਤੇ ਇਸਦੇ ਕੰਪਿਊਟਰੀਕਰਨ ਦੇ ਮਸਲੇ ਸਬੰਧੀ
ਗੱਲ ਕਰਦਿਆਂ, ਪੰਜਾਬੀ ਭਾਸ਼ਾ ਦੇ ਵਿਕਾਸ ਦੀ ਪਿਠਭੂਮੀ ਤੇ ਨਿਗਾਹ ਮਾਰਨੀ ਜ਼ਰੂਰੀ ਹੈ।
ਪੰਜਾਬ ਦਾ ਇਤਿਹਾਸ ਹਜ਼ਾਰਾਂ ਸਾਲਾਂ ਪੁਰਾਣਾ ਹੈ ਇਸਦੀ ਬੋਲੀ ਵੀ ਇੰਨੀਂ ਹੀ ਪੁਰਾਣੀ
ਹੈ। ਪੁਰਾਣੀ ਵੈਦਿਕ ਭਾਸ਼ਾ ਅਤੇ ਪ੍ਰਾਕ੍ਰਿਤ ਭਾਸ਼ਾ, ਭਾਸ਼ਾ ਦੇ ਅਜਿਹੇ ਮੁਢਲੇ ਰੂਪ ਹਨ
ਜਿਨ੍ਹਾਂ ਵਿਚੋਂ ਬਾਅਦ ਦੀਆਂ ਭਾਰਤੀ ਭਾਸ਼ਾਵਾਂ ਪੈਦਾ ਹੋਈਆਂ। ਪੰਜਾਬੀ ਭਾਸ਼ਾ ਦੀਆਂ
ਜੜ੍ਹਾਂ ਵੀ ਇਹਨਾਂ ਪੁਰਾਤਨ ਭਾਸ਼ਾਵਾਂ ਨਾਲ ਹੀ ਜੁੜੀਆਂ ਹੋਈਆਂ ਹਨ। ਪਰ ਮੌਜੂਦਾ
ਪੰਜਾਬੀ ਭਾਸ਼ਾ ਦਾ ਇਤਿਹਾਸ ਨਾਥ ਜੋਗੀਆਂ, ਸੂਫ਼ੀ ਸੰਤਾਂ ਅਤੇ ਸਿੱਖ ਗੁਰੂਆਂ ਦੇ ਨਾਲ
ਹੀ ਜੁੜਿਆ ਹੋਇਆ ਹੈ। ਇਸ ਲਿਹਾਜ਼ ਨਾਲ ਇਹ ਘੱਟੇ ਘੱਟ ਹਜ਼ਾਰ ਕੁ ਸਾਲ ਪੁਰਾਣੀ ਭਾਸ਼ਾ
ਹੈ। ਕਿਉਂਕਿ ਪੰਜਾਬੀ ਭਾਸ਼ਾ ਦੀ ਕਿਸਮਤ ਪੰਜਾਬ ਦੇ ਇਤਿਹਾਸ ਨਾਲ ਹੀ ਜੁੜੀ ਹੋਈ ਹੈ
ਇਸ ਕਰਕੇ ਇਸ ਭਾਸ਼ਾ ਦਾ ਇਤਿਹਾਸ ਵੀ ਦੁਖਾਂਤ ਭਰਪੂਰ ਹੈ।
ਪੰਜਾਬੀ ਭਾਸ਼ਾ ਕਦੇ ਵੀ ਸਰਕਾਰੀ ਭਾਸ਼ਾ ਨਹੀਂ ਰਹੀ ਇਥੋਂ ਤਕ ਕਿ ਮਹਾਰਾਜਾ ਰਣਜੀਤ
ਸਿੰਘ ਦੇ ਸਮੇਂ ਵਿਚ ਵੀ ਫ਼ਾਰਸੀ ਹੀ ਸਰਕਾਰੀ ਭਾਸ਼ਾ ਦੇ ਤੌਰ ਤੇ ਪ੍ਰਚਲਤ ਸੀ। ਪੰਜਾਬੀ
ਆਮ ਲੋਕਾਂ ਦੀ ਭਾਸ਼ਾ ਹੋਣ ਕਰਕੇ ਆਮ ਲੋਕਾਂ ਦੀਆਂ ਲੋੜਾਂ ਅਤੇ ਅਨੁਭਵਾਂ ਅਨੁਸਾਰ
ਵਿਕਸਤ ਹੁੰਦੀ ਰਹੀ। ਇਸਨੂੰ ਕਦੇ ਵੀ ਸਿਆਸੀ, ਆਰਥਿਕ ਜਾਂ ਤਕਨੀਕੀ ਹਲਕਿਆਂ ਵਿਚ
ਸਰਪ੍ਰਸਤੀ ਅਤੇ ਮੁਖ਼ਤਿਆਰੀ ਨਹੀਂ ਮਿਲੀ। ਇਸ ਕਰਕੇ ਬਾਵਜੂਦ ਬਹੁਤ ਪਿਆਰੀ ਅਤੇ ਸਮਰੱਥ
ਭਾਸ਼ਾ ਹੋਣ ਦੇ, ਇਹ ਤਕਨੀਕੀ ਅਤੇ ਤਕਨਾਲੋਜੀਕਲ ਪੱਖ ਤੋਂ ਘੱਟ ਵਿਕਸਤ ਜਾਂ ਅਣਵਿਕਸਤ
ਹੀ ਰਹੀ। ਇਸ ਤਕਨਾਲੋਜੀਕਲ ਪਿਛੜੇਪਨ ਕਾਰਨ ਇਹ ਪੇਂਡੂ, ਅਨਪੜ੍ਹ ਅਤੇ ਸਿਧੇ-ਸਾਦੇ
ਲੋਕਾਂ ਦੀ ਭਾਸ਼ਾ ਗਿਣੀ ਜਾਂਦੀ ਰਹੀ। ਅੱਜ ਵੀ ਪੰਜਾਬੀ ਬੋਲਣ ਵਾਲਿਆਂ ਵਿਚ ਕਿਤੇ ਨਾ
ਕਿਤੇ ਕਮਤਰੀ ਦਾ ਅਹਿਸਾਸ ਛੁਪਿਆ ਨਜ਼ਰ ਆਉਂਦਾ ਹੈ। ਖਾਸ ਕਰਕੇ ਸਰਕਾਰੀ, ਪ੍ਰਸ਼ਾਸਨਿਕ,
ਅਕਾਦਮਿਕ ਅਤੇ ਤਕਨੀਕੀ ਹਲਕਿਆਂ ਵਿਚ ਇਸਨੂੰ ਸਮਰੱਥ ਭਾਸ਼ਾ ਨਹੀਂ ਸਮਝਿਆ ਜਾਂਦਾ।
ਪੰਜਾਬੀ ਲੋਕਾਂ ਦਾ ਵਖ-ਵਖ ਧਾਰਮਿਕ ਫ਼ਿਰਕਿਆਂ ਵਿਚ ਵੰਡੇ ਜਾਣਾ ਅਤੇ ਭਾਸ਼ਾ ਦਾ
ਮਜ਼ਹਬੀਕਰਨ ਅਤੇ ਸਿਆਸੀਕਰਨ ਹੋ ਜਾਣਾ ਵੀ ਪੰਜਾਬੀ ਭਾਸ਼ਾ ਦੇ ਦੁਖਾਂਤ ਦਾ ਮੂੰਹ ਬੋਲਦਾ
ਸਬੂਤ ਹੈ। ਮੁਸਲਮਾਨਾਂ ਦਾ ਉਰਦੂ, ਹਿੰਦੂਆਂ ਦਾ ਹਿੰਦੀ ਅਤੇ ਸਿੱਖਾਂ ਦਾ ਪੰਜਾਬੀ
ਨਾਲ ਜੁੜ ਜਾਣਾ ਪੰਜਾਬੀ ਭਾਸ਼ਾ ਲਈ ਬਹੁਤ ਹੀ ਮੰਦਭਾਗਾ ਸਾਬਤ ਹੋਇਆ ਹੈ। ਪੰਜਾਬੀ
ਭਾਸ਼ਾ ਦੀ ਵਰਤੋਂ ਲਈ ਇਹਨਾਂ ਧਾਰਮਿਕ ਫ਼ਿਰਕਿਆਂ ਦਾ ਵੱਖੋ ਵੱਖਰੀਆਂ ਲਿਪੀਆਂ, ਮਿਸਾਲ
ਦੇ ਤੌਰ ਤੇ ਮੁਸਲਮਾਨਾਂ ਵੱਲੋਂ ਪਰਸ਼ੀਅਨ ਲਿਪੀ, ਹਿੰਦੂਆਂ ਵੱਲੋਂ ਦੇਵਨਾਗਰੀ ਲਿਪੀ
ਅਤੇ ਸਿੱਖਾਂ ਵੱਲੋਂ ਗੁਰਮੁਖੀ ਲਿਪੀ ਵਰਤਣਾ ਵੀ ਪੰਜਾਬੀ ਭਾਸ਼ਾ ਲਈ ਬੜਾ ਘਾਤਕ ਸਾਬਿਤ
ਹੋਇਆ ਹੈ।
ਪੰਜਾਬ ਦੇ ਬਟਵਾਰੇ (1947) ਨਾਲ ਪੰਜਾਬੀ ਭਾਸ਼ਾਈ ਭਾਈਚਾਰਾ ਪਹਿਲਾਂ ਦੋ ਹਿੱਸਿਆਂ
ਵਿਚ ਵੰਡਿਆ ਗਿਆ ਫਿਰ ਪੰਜਾਬੀ ਸੂਬੇ ਦੇ ਅੰਦੋਲਨ ਦੌਰਾਨ ਤਿੰਨ ਹਿੱਸਿਆਂ ਵਿਚ ਵੰਡਿਆ
ਗਿਆ। ਇਸਦਾ ਨੁਕਸਾਨ ਪੰਜਾਬੀ ਭਾਸ਼ਾ ਅਤੇ ਇਸਦੇ ਵਿਕਾਸ ਨੂੰ ਹੋਣਾ ਕੁਦਰਤੀ ਸੀ।
ਪੰਜਾਬੀਆਂ ਦਾ ਇਕ ਵੱਡਾ ਹਿੱਸਾ ਇਧਰਲੇ ਅਤੇ ਉਧਰਲੇ ਦੋਵੇਂ ਪੰਜਾਬਾਂ ਵਿਚੋਂ ਉੱਠ ਕੇ
ਪ੍ਰਦੇਸ਼ਾਂ ਵਿਚ ਜਾ ਵੱਸਿਆ। ਇਹ ਲੋਕ ਵੀ ਆਪਣੇ ਸਭਿਆਚਾਰ ਤੇ ਭਾਸ਼ਾਈ ਵਿਰਸੇ ਨਾਲੋਂ
ਟੁੱਟ ਗਏ, ਜਿਸ ਸਦਕਾ ਇਹਨਾਂ ਅੰਦਰ ਇਕ ਸਭਿਆਚਾਰ ਦੇ ਉਦਰੇਵੇਂ ਦੀ ਭਾਵਨਾ ਜਾਗ ਪਈ।
ਮੌਜੂਦਾ ਵਿਕਾਸ ਦੀ ਦਿਸ਼ਾ ਸ਼ਹਿਰੀਕਰਨ ਅਤੇ ਪੱਛਮੀਕਰਨ ਵੱਲ ਹੋਣ ਕਰਕੇ ਅਤੇ ਸ਼ਹਿਰਾਂ
ਵਿਚ ਵਿਦਿਆ ਦਾ ਪਸਾਰ, ਟੀ.ਵੀ. ਅਤੇ ਇੰਟਰਨੈੱਟ ਦੀ ਵਰਤੋਂ ਵੱਧਣ ਕਰਕੇ ਆਉਣ ਵਾਲੀਆਂ
ਪੀੜ੍ਹੀਆਂ ਵਿਚ ਅੰਗਰੇਜ਼ੀ ਅਤੇ ਹਿੰਦੀ ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ। ਇਹਨਾਂ
ਉਪਰੋਕਤ ਤੱਥਾਂ ਤੇ ਧਿਆਨ ਮਾਰਿਆਂ ਸੰਸਾਰ ਦੀ 14ਵੀਂ ਭਾਸ਼ਾ ਹੋਣ ਅਤੇ ਲਗਭਗ 6 ਕਰੋੜ
ਲੋਕਾਂ ਦੀ ਬੋਲੀ ਹੋਣ ਦੇ ਬਾਵਜੂਦ ਪੰਜਾਬੀ ਦਾ ਭਵਿਖ ਤਕਨਾਲੋਜੀਕਲ ਵਿਕਾਸ ਦੀ
ਅਣਹੋਂਦ ਕਾਰਨ ਅੰਧਕਾਰਮਈ ਨਜ਼ਰ ਆਉਂਦਾ ਹੈ।
ਪੰਜਾਬੀ ਰਿਸੋਰਸ ਸੈਂਟਰ ਦੀ ਸਥਾਪਨਾ
ਕਿਉਂਕਿ ਤਕਨਾਲੋਜੀਕਲ ਵਿਕਾਸ ਦੀ ਚੁਣੌਤੀ ਸਿਰਫ਼ ਪੰਜਾਬੀ ਲਈ ਹੀ ਨਹੀਂ ਸਗੋਂ
ਸਾਰੀਆਂ ਭਾਰਤੀ ਭਾਸ਼ਾਵਾਂ ਲਈ ਸਾਂਝੀ ਹੈ। ਇਸ ਕਰਕੇ ਕੰਮਿਊਨੀਕੇਸ਼ਨ ਅਤੇ ਇਨਫੋਰਮੇਸ਼ਨ
ਤਕਨਾਲੋਜੀ ਮਨਿਸਟਰੀ ਨੇ 2000 ਵਿਚ ਭਾਰਤੀ ਭਾਸ਼ਾਵਾਂ ਦੇ ਕੰਮਿਪਊਟਰੀਕਰਨ ਦੀ ਬਹੁਤ
ਹੀ ਮਹੱਤਵਪੂਰਨ ਯੋਜਨਾ ਉਲੀਕੀ, ਜਿਸ ਅਧੀਨ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਨ ਦਾ
ਜਿੰਮਾਂ ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਤਕਨਾਲੋਜੀ ਨੂੰ ਸੌਂਪਿਆ ਗਿਆ। ਇਸ
ਸੰਸਥਾ ਵਿਖੇ ਕਮਿਊਨੀਕੇਸ਼ਨ ਅਤੇ ਇਨਫੋਰਮੇਸ਼ਨ ਤਕਨਾਲੋਜੀ ਮਨਿਸਟਰੀ ਵੱਲੋਂ ਰੀਸੋਰਸ
ਸੈਂਟਰ ਫਾਰ ਟੈਕਨੀਕਲ ਡਿਵੈਲਪਮੈਂਟ ਆਫ ਪੰਜਾਬੀ ਸਥਾਪਤ ਕੀਤਾ ਗਿਆ ਜਿਸਦੀ
ਜ਼ਿੰਮੇਵਾਰੀ ਮੌਜੂਦਾ ਲੇਖਕ ਨੂੰ ਸੌਂਪੀ ਗਈ ਅਤੇ ਸਹਿ ਲੇਖਕ ਨੇ ਮੁਢਲੀ ਸਟੇਜ ਤੇ
ਸਲਾਹਕਾਰ ਵੱਲੋਂ ਸੇਵਾ ਨਿਭਾਈ। ਦੋ ਸਾਲਾਂ ਦੇ ਛੋਟੇ ਜਿਹੇ ਅਰਸੇ ਦੌਰਾਨ ਬਹੁਤ
ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਇਹ ਰੀਸੋਰਸ ਸੈਂਟਰ ਨੇ ਹੇਠ ਲਿਖੇ ਖੇਤਰਾਂ ਵਿਚ
ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਥੇ ਇਹ
ਵਰਣਨਯੋਗ ਹੈ ਕਿ ਇਸ ਸੈਂਟਰ ਦੀ ਸਥਾਪਨਾ ਤੋਂ ਪਹਿਲਾਂ ਪੰਜਾਬੀ ਭਾਸ਼ਾ ਦੇ
ਕੰਪਿਊਟਰੀਕਰਨ ਸੰਬੰਧੀ ਕੰਮ ਨਾਂਹ ਦੇ ਬਰਾਬਰ ਹੀ ਸੀ। ਸਿਰਫ਼ ਕੁਝ ਪਰਦੇਸਾਂ ਵਿਚ
ਵਸਦੇ ਪੰਜਾਬੀ ਪਰੇਮੀਆਂ ਨੇ ਪੰਜਾਬੀ ਟਾਈਪ ਲਈ ਵਖੋ-ਵਖਰੇ ਫੋਂਟ ਤਿਆਰ ਕੀਤੇ ਸਨ।
ਕੁਝ ਵਿਅਕਤੀਆਂ ਨੇ ਵੈੱਬ ਸਾਈਟਾਂ ਤਿਆਰ ਕਰਕੇ ਇਸੇ ਪਾਸੇ ਵੱਲ ਕੁਝ ਯਤਨ ਕੀਤੇ ਸਨ।
ਸਪੈੱਲ ਚੈੱਕਰ
ਸਪੈਲ ਚੈੱਕਰ ਅਰਥਾਤ ਸ਼ਬਦ-ਜੋੜ ਕਿਸੇ ਵੀ ਭਾਸ਼ਾ ਦੀ ਬੁਨਿਆਦੀ ਜ਼ਰੂਰਤ ਹੈ। ਸਹੀ
ਸ਼ਬਦ-ਜੋੜ ਤੋਂ ਬਿਨਾਂ ਅਕਸਰ ਅਰਥਾਂ ਦੇ ਅਨਰਥ ਹੋ ਜਾਂਦੇ ਹਨ। ਭਾਸ਼ਾ ਦੇ
ਕੰਪਿਊਟਰੀਕਰਨ ਨਾਲ ਇਹ ਕੰਮ ਬਹੁਤ ਹੀ ਸੌਖਾ ਹੋ ਗਿਆ ਹੈ। ਅੰਗਰੇਜ਼ੀ ਵਰਗੀਆਂ ਵਿਕਸਤ
ਅਤੇ ਕੰਪਿਊਟਰਾਈਜ਼ਡ ਭਾਸ਼ਾਵਾਂ ਵਿਚ ਬਹੁਤ ਹੀ ਵਿਕਸਤ ਸਪੈੱਲ ਚੈੱਕਰ ਮਿਲਦੇ ਹਨ। ਜਿਸ
ਨਾਲ ਛਪਾਈ ਅਤੇ ਸੰਪਾਦਨ ਦਾ ਕੰਮ ਬਹੁਤ ਹੀ ਆਸਾਨ ਹੋ ਜਾਂਦਾ ਹੈ। ਪੰਜਾਬੀ ਦਾ ਸਪੈੱਲ
ਚੈੱਕਰ ਤਿਆਰ ਕਰਨ ਤੋਂ ਪਹਿਲਾਂ ਵੱਡੀ ਮੁਸ਼ਕਲ ਇਹ ਆਈ ਕਿ ਪੰਜਾਬੀ ਵਿਚ ਅਜੇ
ਸ਼ਬਦ-ਜੋੜਾਂ ਦਾ ਮਿਆਰੀਕਰਨ (Standardisation)
ਹੀ ਨਹੀਂ ਹੋਇਆ। ਬੇਸ਼ੱਕ ਬਹੁਤ ਸਾਰੇ ਪੰਜਾਬੀ ਵਿਦਵਾਨ ਸਾਰੀ ਉਮਰ ਪੰਜਾਬੀ ਭਾਸ਼ਾ ਦੇ
ਲੇਖੇ ਲਾ ਚੁੱਕੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਪਾਸੇ ਜ਼ਿਆਦਾ ਧਿਆਨ ਨਹੀਂ ਦਿੱਤਾ
ਗਿਆ। ਪੰਜਾਬੀ ਦੇ ਬਹੁਤ ਸਾਰੇ ਸ਼ਬਦ-ਜੋੜ ਅਜੇ ਵੀ ਵੱਖ-ਵੱਖ ਤਰੀਕਿਆਂ ਨਾਲ ਲਿਖੇ
ਜਾਂਦੇ ਹਨ। ਇਥੋਂ ਤਕ ਕਿ ਸ਼ਬਦ-ਕੋਸ਼ ਤਿਆਰ ਕਰਦੇ ਸਮੇਂ ਵੀ ਇਸ ਪਾਸੇ ਧਿਆਨ ਨਹੀਂ
ਦਿੱਤਾ ਗਿਆ, ਇਸੇ ਕਰਕੇ ਵੱਖ ਵੱਖ ਸ਼ਬਦ-ਕੋਸ਼ਾਂ ਵਿਚ ਵੱਖੋ-ਵੱਖਰੇ ਸ਼ਬਦ-ਜੋੜ ਮਿਲਦੇ
ਹਨ। ਮਿਸਾਲ ਤੇ ਤੌਰ ਤੇ ਅਕਸਰ ਵਰਤੋਂ ਵਿਚ ਆਉਣ ਵਾਲੇ ਸ਼ਬਦ 'ਵਿਚ‘ ਨੂੰ ਹੀ ਦੋ
ਤਰੀਕਿਆਂ ਨਾਲ (:ਵਿਚ/ਵਿੱਚ:) ਲਿਖਿਆ ਜਾਂਦਾ ਹੈ।
ਇਸ ਸਮੱਸਿਆ ਨੂੰ ਹੱਲ ਕਰਨ ਲਈ ਜਿੱਥੇ ਕਿਤੇ ਕਿਸੇ ਸ਼ਬਦ ਦੇ ਇਕ ਤੋਂ ਵੱਧ
ਸ਼ਬਦ-ਜੋੜ ਰੂਪ ਪ੍ਰਚਲਤ ਹਨ ਉਸਦੇ ਸਾਰੇ ਰੂਪਾਂ ਨੂੰ ਹੀ ਸ਼ਾਮਲ ਕਰ ਲਿਆ ਗਿਆ ਹੈ। ਇਸ
ਸਪੈੱਲ ਚੈੱਕਰ ਨੂੰ ਤਿਆਰ ਕਰਨ ਲਈ ਸ.ਹਰਕੀਰਤ ਸਿੰਘ ਦੇ ਸ਼ਬਦ-ਜੋੜ ਕੋਸ਼ ਨੂੰ ਆਧਾਰ
ਬਣਾਕੇ ਅਤੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ-ਅੰਗਰੇਜ਼ੀ ਸ਼ਬਦ-ਕੋਸ਼ ਅਤੇ ਭਾਸ਼ਾ ਵਿਭਾਗ
ਵੱਲੋਂ ਤਿਆਰ ਸ਼ਬਦ-ਕੋਸ਼ ਦੀ ਵਰਤੋਂ ਕਰਦੇ ਹੋਏ 1.5 ਲੱਖ ਸ਼ਬਦਾਂ ਤੇ ਆਧਾਰਿਤ ਸਪੈੱਲ
ਚੈੱਕਰ ਤਿਆਰ ਕੀਤਾ ਗਿਆ ਹੈ ਜੋ ਕਿ ਵਰਤੋਂ ਲਈ ਤਿਆਰ ਹੈ।
ਫੌਂਟ ਤਬਦੀਲੀ
ਪੰਜਾਬੀ ਭਾਸ਼ਾ ਦੇ ਚਹੇਤਿਆਂ ਅਤੇ ਲਿਖਾਰੀਆਂ ਖਾਸ ਕਰਕੇ ਕੰਪਿਊਟਰ ਉਪਰ ਹੱਥ
ਅਜ਼ਮਾਉਣ ਵਾਲਿਆਂ ਨੇ ਬਹੁਤ ਸਾਰੇ ਪੰਜਾਬੀ ਫੌਂਟ ਤਿਆਰ ਕਰ ਲਏ ਹਨ। ਇਹ ਸਾਰੇ ਫੌਂਟ
ਤਿਆਰ ਕਰਨ ਸਦਕਾ ਇਹਨਾਂ ਫੌਟਾਂ ਦੀ ਘੜਮੱਸ ਜਿਹੀ ਮੱਚ ਗਈ ਹੈ। ਪਰ ਇਹਨਾਂ ਫੌਟਾਂ ਦੀ
ਵਜਾਹ ਕਾਰਨ ਇਕ ਨਵੀਂ ਸਮੱਸਿਆ ਇਹ ਬਣ ਗਈ ਹੈ ਕਿ ਵੱਖ-ਵੱਖ ਮਸ਼ੀਨਾਂ ਉਪਰ ਵੱਖ-ਵੱਖ
ਫੌਂਟ ਹੋਣ ਕਰਕੇ ਪੰਜਾਬੀ ਟਾਈਪ ਕਰਨ ਵਾਲਿਆਂ ਲਈ ਮੁਸ਼ਕਲਾਂ ਪੈਦਾ ਹੋ ਗਈਆਂ ਹਨ।
ਕਿਉਂਕਿ ਇਹ ਫੌਂਟ ਅਜਿਹੇ ਤਰੀਕੇ (glyph
codes) ਨਾਲ ਕੰਪਿਊਟਰ ਮੈਮਰੀ ਵਿਚ ਸਟੋਰ ਕੀਤੇ ਜਾਂਦੇ ਹਨ ਜਿਸ
ਕਾਰਨ ਇਕ ਦੂਜੇ ਵਿਚ ਤਬਦੀਲ ਨਹੀਂ ਹੋ ਸਕਦੇ। ਇਸ ਕਾਰਨ ਪੰਜਾਬੀ ਭਾਸ਼ਾ ਤੇ ਆਧਾਰਿਤ
ਕੰਪਿਊਟਰ ਵਰਤੋਂ ਵਿਚ ਬਹੁਤ ਅੜਚਨਾਂ ਆ ਰਹੀਆਂ ਹਨ ਅਤੇ ਨਾ ਹੀ ਇਸਨੂੰ ਇੰਟਰਨੈੱਟ ਲਈ
ਵਰਤਿਆ ਜਾ ਸਕਦਾ ਹੈ। ਇਹਨਾਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਰੀਸੋਰਸ-ਸੈਂਟਰ ਵੱਲੋਂ ਇਕ
ਫੌਂਟ-ਕਨਵਰਟਰ ਤਿਆਰ ਕੀਤਾ ਗਿਆ ਹੈ। ਇਹ ਫੌਂਟ-ਕਨਵਰਟਰ 60 ਵੱਖੋ-ਵੱਖਰਿਆਂ ਪੰਜਾਬੀ
ਫੌਂਟਾਂ ਨੂੰ ਇਕ ਦੂਸਰੇ ਵਿਚ ਬਦਲ ਸਕਦਾ ਹੈ। ਇਹਨਾਂ ਸਾਰੇ ਫੌਂਟਾਂ ਵਿਚੋਂ ਕੁਝਕੁ
ਪ੍ਰਸਿੱਧ ਫੌਂਟ ਇਹ ਹਨ: ਆਨੰਦਰਪੁਰ ਸਾਹਿਬ, ਅਮਰਿਤ ਲਿਪੀ, ਜਾਸਮੀਨ ਅਤੇ ਸਤਲੁਜ। ਇਸ
ਫੌਂਟ-ਕਨਵਰਟਰ ਰਾਹੀਂ ਹੁਣ ਕੋਈ ਵੀ ਇਕ ਫੌਂਟ ਵਿਚ ਟਾਈਪ ਕਰਕੇ ਲੋੜ ਅਨੁਸਾਰ ਸਮੁੱਚੀ
ਇਬਾਰਤ ਨੂੰ ਹੋਰ ਫੌਂਟ ਵਿਚ ਬਦਲ ਸਕਦਾ ਹੈ।
ਸੌਰਟਿੰਗ (ਤਰਤੀਬਬੱਧ ਕਰਨਾ)
ਤਰਤੀਬਬੱਧ ਕਰਨਾ ਅਤੇ ਸੂਚੀਬੱਧ ਕਰਨਾ, ਜਾਣਕਾਰੀ ਜਾਂ ਡਾਟਾ ਮੈਨੇਜਮੈਂਟ ਦੀਆਂ
ਬੁਨਿਆਦੀ ਲੋੜਾਂ ਹਨ। ਇਹ ਖੋਜ, ਅਧਿਆਪਨ ਅਤੇ ਹੋਰ ਅਕਾਦਮਿਕ ਅਤੇ ਪ੍ਰਬੰਧਕੀ ਕੰਮਾਂ
ਲਈ ਬਹੁਤ ਹੀ ਮਹੱਤਵਪੂਰਨ ਤਰੀਕੇ ਹਨ। ਸ਼ਾਬਦਿਕ ਤਰਤੀਬ ਤੋਂ ਬਗੈਰ ਕਿਸੇ ਭਾਸ਼ਾ ਦੇ
ਸ਼ਬਦ-ਕੋਸ਼ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਬਦਕਿਸਮਤੀ ਨਾਲ ਪੰਜਾਬੀ ਭਾਸ਼ਾ ਦੀ
ਸ਼ਾਬਦਿਕ ਤਰਤੀਬ ਦਾ ਕੋਈ ਫ਼ਾਰਮੂਲਾ ਵੀ ਅਜੇ ਤਕ ਤਿਆਰ ਨਹੀਂ ਕੀਤਾ ਗਿਆ। ਭਾਈ ਕਾਨ੍ਹ
ਸਿੰਘ ਨਾਭਾ ਦੇ ਸ਼ਬਦ-ਕੋਸ਼ ਤੋਂ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਸ਼ਬਦ-ਕੋਸ਼ ਤੱਕ,
ਸਾਰੇ ਸ਼ਬਦ-ਕੋਸ਼ ਆਪੋ-ਆਪਣੇ ਤਰੀਕੇ ਨਾਲ ਤਰਤੀਬ ਦੇ ਕੇ ਤਿਆਰ ਕੀਤੇ ਗਏ ਹਨ। ਇਹਨਾਂ
ਵਿਚ ਕਾਫੀ ਹੱਦ ਤੱਕ ਲੇਖਕਾਂ ਜਾਂ ਸੰਪਾਦਕਾਂ ਵਲੋਂ ਮਨਮਰਜ਼ੀ ਕੀਤੀ ਗਈ ਹੈ। ਪਰ
ਕੰਪਿਊਟਰ ਦੁਆਰਾ ਤਰਤੀਬਬੱਧ ਕਰਨ ਲਈ ਕੋਈ ਵਿਗਿਆਨਿਕ ਤਰੀਕਾ ਹੀ ਅਪਣਾਇਆ ਜਾ ਸਕਦਾ
ਹੈ। ਇਸ ਖੇਤਰ ਵਿਚ ਕੰਮ ਕਰ ਚੁੱਕੇ ਜਾਂ ਕੰਮ ਕਰ ਰਹੇ ਵਿਦਵਾਨਾਂ ਨਾਲ ਸੰਪਰਕ ਕਰਨ
ਤੇ ਪਤਾ ਚੱਲਿਆ ਕਿ ਉਹਨਾਂ ਵਿਚੋਂ ਬਹੁਤ ਸਾਰੇ ਇਸ ਸਮੱਸਿਆ ਪ੍ਰਤੀ ਚੇਤੰਨ ਹੀ ਨਹੀਂ
ਹਨ। ਅੰਗਰੇਜ਼ੀ ਵਰਗੀਆਂ ਭਾਸ਼ਾਵਾਂ ਜਿਨ੍ਹਾਂ ਦੀਆਂ ਲਗਾਂ-ਮਾਤਰਾਵਾਂ ਅੱਖਰ ਆਧਾਰਿਤ ਹਨ
ਅਜਿਹੀ ਸਮੱਸਿਆ ਪੈਦਾ ਨਹੀਂ ਕਰਦੀਆਂ। ਪਰ ਪੰਜਾਬੀ ਬਾਕੀ ਭਾਰਤੀ ਭਾਸ਼ਾਵਾਂ ਵਾਂਗ ਇਸ
ਮਾਮਲੇ ਵਿਚ ਕਾਫ਼ੀ ਗੁੰਝਲਦਾਰ ਹੈ। ਇਸ ਕਰਕੇ ਕੰਪਿਊਟਰ ਲਈ ਸ਼ਾਬਦਿਕ ਤਰਤੀਬ ਦਾ
ਮੁਢੋਂ-ਸੁਢੋਂ ਇਕ ਨਵਾਂ ਫ਼ਾਰਮੂਲਾ ਤਿਆਰ ਕੀਤਾ ਗਿਆ ਹੈ। ਜਿਸ ਵਿਚ ਅੱਖਰਾਂ ਦੀ
ਤਰਤੀਬ ਪਹਿਲਾਂ ਕੀਤੀ ਗਈ ਹੈ। ਉਸ ਤੋਂ ਬਾਅਦ ਲਗਾਂ-ਮਾਤਰਾਵਾਂ ਦੀ ਤਰਤੀਬ ਦੂਜੇ
ਨੰਬਰ ਤੇ ਤਿਆਰ ਕੀਤੀ ਗਈ ਹੈ। ਬਹੁਤ ਸਾਰੇ ਭਾਸ਼ਾ ਵਿਗਿਆਨੀਆਂ ਦੀ ਸਲਾਹ ਨਾਲ ਅਤੇ
ਬਾਕੀ ਭਾਸ਼ਾਵਾਂ ਦੇ ਕੰਪਿਊਟਰ ਮਾਹਿਰਾਂ ਦੀ ਰਾਇ ਨਾਲ ਇਹ ਮੁਸ਼ਕਲ ਹੱਲ ਕਰ ਲਈ ਗਈ ਹੈ।
ਹੁਣ ਰੀਸੋਰਸ ਸੈਂਟਰ ਵੱਲੋਂ ਪੰਜਾਬੀ ਭਾਸ਼ਾ ਦੀ ਇਕ ਅਜਿਹੀ ਤਰਤੀਬ ਪ੍ਰਣਾਲ਼ੀ ਤਿਆਰ ਕਰ
ਲਈ ਗਈ ਹੈ ਜੋ ਸਮੁੱਚੀਆਂ ਪੰਜਾਬੀ ਫੋਂਟਾਂ ਉਪਰ ਲਾਗੂ ਹੁੰਦੀ ਹੈ।
ਇਲੈਕਟਰੌਨਿਕ ਸ਼ਬਦ-ਕੋਸ਼ ਅਤੇ ਤਕਨੀਕੀ ਸ਼ਬਦਾਵਲੀ ਕੋਸ਼
ਪੰਜਾਬੀ ਭਾਸ਼ਾ ਦੇ ਤਕਨੀਕੀ ਪੱਖੋਂ ਅਣਵਿਕਸਤ ਜਾਂ ਘੱਟ ਵਿਕਸਤ ਹੋਣ ਕਾਰਨ ਇਸਦੀ
ਦਫ਼ਤਰੀ ਵਰਤੋਂ ਅਤੇ ਅਕਾਦਮਿਕ ਵਰਤੋਂ ਵਿਚ ਬਹੁਤ ਮੁਸ਼ਕਲਾਂ ਆਉਂਦੀਆਂ ਹਨ। ਬਹੁਤ ਸਾਰੇ
ਅੰਗਰੇਜ਼ੀ ਜਾਂ ਹਿੰਦੀ ਦੇ ਬਰਾਬਰ ਦੇ ਸ਼ਬਦ ਨਾ ਹੋਣ ਕਾਰਨ ਤਕਨੀਕੀ ਅਤੇ ਅਕਾਦਮਿਕ
ਸ਼ਬਦਾਵਲੀ ਦੀ ਕਾਫ਼ੀ ਘਾਟ ਹੈ। ਇਹ ਗੱਲ ਧਿਆਨ ਵਿਚ ਰੱਖਦਿਆਂ ਭਾਸ਼ਾ ਵਿਭਾਗ ਨੇ ਕਈ
ਤਕਨੀਕੀ ਸ਼ਬਦਾਵਲੀ ਕੋਸ਼ ਤਿਆਰ ਕੀਤੇ ਹਨ। ਸੈਂਟਰ ਨੇ ਇਹਨਾਂ ਮੁਸ਼ਕਲਾਂ ਨੂੰ ਧਿਆਨ ਵਿਚ
ਰੱਖਦਿਆਂ ਕਈ ਅੰਗਰੇਜ਼ੀ ਪੰਜਾਬੀ ਸ਼ਬਦ-ਕੋਸ਼ ਅਤੇ ਤਕਨੀਕੀ ਸ਼ਬਦਾਵਲੀ ਕੋਸ਼ਾਂ ਦਾ
ਇਲੈਕਟਰੌਨਿਕ ਰੂਪਾਂਤਰਣ ਕਰਕੇ ਇੰਟਰਨੈੱਟ ਉਪਰ ਇਹ ਮੁਹੱਈਆ ਕਰਵਾ ਦਿੱਤੇ ਹਨ ਤਾਂ ਕਿ
ਦੁਨੀਆ ਦੇ ਕਿਸੇ ਕੋਨੇ ਵਿਚ ਬੈਠਾ ਕੋਈ ਵੀ ਪੰਜਾਬੀ ਲੇਖਕ ਜਾਂ ਪਾਠਕ ਇਸਦੀ ਵਰਤੋਂ
ਕਰ ਸਕੇ। ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਵਾਲਿਆਂ ਲਈ ਬਹੁਤ ਵੱਡੀ ਸਹੂਲਤ ਸਾਬਤ ਹੋ
ਰਿਹਾ ਹੈ।
ਪੰਜਾਬੀ ਵਰਡ-ਪ੍ਰੋਸੈਸਰ
ਕੰਪਿਊਟਰ ਦੀ ਸਭ ਤੋਂ ਵੱਡੀ ਦੇਣ ਵੱਖ-ਵੱਖ ਭਾਸ਼ਾਵਾਂ ਦੇ ਵਰਡ ਪ੍ਰੋਸੈਸਰ ਪੈਦਾ
ਕਰਨਾ ਹੈ। ਇਹ ਵਰਡ-ਪ੍ਰੋਸੈਸਰ ਕੰਪਿਊਟਰ ਦੀ ਵਰਤੋਂ ਕਰਨ ਵਾਲਿਆਂ ਲਈ ਇਕ ਸਮੁੱਚਾ
ਭਾਸ਼ਾ ਪ੍ਰਬੰਧ ਮੁਹੱਈਆ ਕਰਵਾਉਂਦੇ ਹਨ। ਇਹਨਾਂ ਵਿਚ ਕੀ-ਬੋਰਡ, ਸ਼ਬਦ-ਕੋਸ਼, ਥੈਜ਼ਾਰਸ,
ਸਪੈੱਲ-ਚੈੱਕਰ, ਤਰਤੀਬ ਪ੍ਰਬੰਧ ਅਤੇ ਫੋਂਟ ਤਬਦੀਲ ਕਰਨ ਦੀਆਂ ਸਹੂਲਤਾਂ ਪ੍ਰਦਾਨ
ਕਰਦੇ ਹਨ। ਜ਼ਿਆਦਾ ਵਿਕਸਤ ਵਰਡ-ਪ੍ਰੋਸੈਸਰ ਗ੍ਰਾਮਰ ਚੈੱਕ ਅਤੇ ਪੰਕਚੂਏਸ਼ਨ ਦੀਆਂ
ਸਹੂਲਤਾਂ ਵੀ ਪ੍ਰਦਾਨ ਕਰਦੇ ਹਨ। ਪੰਜਾਬੀ ਲੇਖਕਾਂ ਅਤੇ ਪਾਠਕਾਂ ਦੀਆਂ ਮੁਸ਼ਕਲਾਂ ਨੂੰ
ਧਿਆਨ ਵਿਚ ਰੱਖਦਿਆਂ ਰੀਸੋਰਸ ਸੈਂਟਰ ਵੱਲੋਂ ਪੰਜਾਬੀ ਦਾ ਪਹਿਲਾ ਵਰਡ ਪ੍ਰੋਸੈਸਰ
ਲਿਖਾਰੀ ਤਿਆਰ ਕੀਤਾ ਗਿਆ ਹੈ ਜੋ ਉਪਰ ਦੱਸੀਆਂ ਸਾਰੀਆਂ ਸਹੂਲਤਾਂ ਮਹੱਈਆ ਕਰਵਾਉਂਦਾ
ਹੈ ਅਤੇ ਪੂਰਨ ਰੂਪ ਵਿਚ ਵਰਤੋਂ ਯੋਗ ਹੈ।
ਗੁਰਮੁਖੀ O.C.R.
(Optical Character Recognition)
ਕੰਪਿਊਟਰ ਨਾਲ ਸੰਬੰਧਤ ਇਹ ਵੱਡੀ ਸਹੂਲਤ ਸਕੈਨਰ ਦੀ ਹੈ। ਸਕੈਨਰ ਕਿਸੇ ਵੀ
ਦਸਤਾਵੇਜ਼ ਨੂੰ ਪੜ੍ਹ ਕੇ ਕੰਪਿਊਟਰ ਦੀ ਮੈਂਮਰੀ ਵਿਚ ਸਟੋਰ ਕਰ ਸਕਦਾ ਹੈ ਅਤੇ ਉਸਨੂੰ
ਕੰਪਿਊਟਰ ਸਕਰੀਨ ਉਪਰ ਲਿਆ ਕੇ ਉਸ ਦੀ ਸੰਪਾਦਨਾ ਜਾਂ ਰੂਪਾਂਤਰਣ ਕੀਤਾ ਜਾ ਸਕਦਾ ਹੈ।
ਇਥੋਂ ਤੱਕ ਕੇ ਤਸਵੀਰਾਂ ਵਗ਼ੈਰਾ ਨੂੰ ਵੀ ਐਡਿਟ ਕੀਤਾ ਜਾ ਸਕਦਾ ਹੈ। ਭਾਸ਼ਾਵਾਂ ਦੇ
ਸੰਬੰਧ ਵਿਚ ਇਸਤਰ੍ਹਾਂ ਦੀ ਸਹੂਲਤ ਪੈਦਾ ਕਰਨ ਲਈ ਇਕ ਅਜਿਹੇ ਸਾਫਟਵੇਅਰ ਦੀ ਲੋੜ
ਪੈਂਦੀ ਹੈ ਜਿਸ ਰਾਹੀਂ ਸਕੈਨਰ ਉਸ ਭਾਸ਼ਾ ਨੂੰ ਪੜ੍ਹਨ ਦੇ ਯੋਗ ਹੋ ਜਾਂਦਾ ਹੈ। ਇਸ
ਤਕਨੀਕ ਨੂੰ O C R ਕਿਹਾ
ਜਾਂਦਾ ਹੈ। ਪੰਜਾਬੀ ਭਾਸ਼ਾ ਦਾ ਕੋਈ O
C R ਅਜੇ ਤੱਕ ਵਿਕਸਤ ਨਹੀਂ ਕੀਤਾ ਗਿਆ ਸੀ। ਬਹੁਤ ਖੋਜ ਅਤੇ ਸਖ਼ਤ
ਮਿਹਨਤ ਤੋਂ ਬਾਅਦ ਰੀਸੋਰਸ ਸੈਂਟਰ ਨੇ ਪੰਜਾਬੀ ਦਾ
OCR
ਤਿਆਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ।
ਇਹ OCR ਇੰਨਾਂ
ਸ਼ਕਤੀਸ਼ਾਲੀ ਹੈ ਕਿ ਵਿੰਗੇ ਟੇਢੇ ਵਰਕਿਆਂ ਨੂੰ ਵੀ ਪਛਾਣ ਕੇ ਸਿੱਧੇ ਕਰਕੇ ਕੰਪਿਊਟਰ
ਸਕਰੀਨ ਉਪਰ ਦਿਖਾ ਸਕਦਾ ਹੈ। ਇਸ ਸਹੂਲਤ ਰਾਹੀਂ ਪੰਜਾਬੀ ਦਸਤਾਵੇਜ਼ਾਂ ਅਤੇ ਕਿਤਾਬਾਂ
ਵਗ਼ੈਰਾ ਨੂੰ ਕੰਪਿਊਟਰ ਵਿਚ ਐਂਟਰ ਕਰਨ ਲਈ ਟਾਈਪਿੰਗ ਦੀ ਜ਼ਰੂਰਤ ਨਹੀਂ ਪਵੇਗੀ। ਸਗੋਂ
ਸਕੈਨਰ ਦੁਆਰਾ ਸਕੈਨ ਕਰਕੇ ਦਸਤਾਵੇਜ਼ਾਂ ਨੂੰ ਐਡਿਟ ਕੀਤਾ ਜਾ ਸਕੇਗਾ। ਇਹ ਸਹੂਲਤ ਵੀ
ਪੂਰਨ ਰੂਪ ਵਿਚ ਵਰਤੋਂ ਯੋਗ ਹੈ ਅਤੇ ਬਹੁਤ ਸਾਰੇ ਸੈਂਟਰ ਨਾਲ ਸੰਬੰਧਤ ਅਦਾਰਿਆਂ
ਵੱਲੋਂ ਇਸਨੂੰ ਵਰਤਿਆ ਜਾ ਰਿਹਾ ਹੈ।
ਗੁਰਮੁਖੀ-ਸ਼ਾਹਮੁਖੀ ਲਿਪੀਅੰਤਰ
ਰੀਸੋਰਸ ਸੈਂਟਰ ਨੇ C-DAC
ਦੀ ਮਦਦ ਨਾਲ ਇਕ ਕੰਪਿਊਟਰ ਪ੍ਰੋਗਰਾਮ ਤਿਆਰ ਕੀਤਾ ਹੈ। ਜਿਸ ਨਾਲ ਗੁਰਮੁਖੀ
ਲਿਪੀ ਵਿਚ ਲਿਖੀ ਇਬਾਰਤ ਨੂੰ ਸ਼ਾਹਮੁਖੀ ਅਰਥਾਤ ਉਰਦੂ ਲਿਪੀ ਵਿਚ ਤਬਦੀਲ ਕੀਤਾ ਜਾ
ਸਕਦਾ ਹੈ। ਮੁਢਲੇ ਤਜਰਬੇ ਦੇ ਤੌਰ ਤੇ ਪ੍ਰਸਿੱਧ ਕਹਾਣੀਕਾਰ ਕਰਤਾਰ ਸਿੰਘ ਦੁੱਗਲ
ਦੀਆਂ ਕਹਾਣੀਆਂ ਨੂੰ ਇਸ ਪ੍ਰੋਗਰਾਮ ਤਹਿਤ ਇੰਟਰਨੈੱਟ ਉਪਰ ਗੁਰਮੁਖੀ ਲਿਪੀ ਵਿਚ
ਮੁਹੱਈਆ ਕੀਤਾ ਗਿਆ ਹੈ। ਇਹਨਾਂ ਕਹਾਣੀਆਂ ਨੂੰ ਸ਼ਾਹਮੁਖੀ ਵਿਚ ਵੀ ਤਬਦੀਲ ਕਰਕੇ
ਪੜ੍ਹਿਆ ਜਾ ਸਕਦਾ ਹੈ। ਇਸ ਵਿਸ਼ੇ ਵਿਚ ਅਜੇ ਹੋਰ ਖੋਜ ਚਲ ਰਹੀ ਹੈ। ਪੰਜਾਬੀ ਭਾਸ਼ਾ
ਵਿਚ ਲਿਪੀ ਦੀ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਇਕ ਬਹੁਤ ਹੀ ਮਹੱਤਵਪੂਰਨ
ਪ੍ਰੋਗਰਾਮ ਹੈ।
ਇੰਟਰਨੈੱਟ ਸੰਬੰਧੀ ਪੰਜਾਬੀ ਵਿਚ ਸਹੂਲਤਾਂ
ਅੱਜ ਦਾ ਯੁਗ ਇੰਟਰਨੈੱਟ ਦਾ ਯੁਗ ਬਣਦਾ ਜਾ ਰਿਹਾ ਹੈ। ਜਿਹੜੀਆਂ ਭਾਸ਼ਾਵਾਂ ਆਪਣੇ
ਆਪਨੂੰ ਵੈੱਬ ਦੀ ਵਰਤੋਂ ਯੋਗ ਨਹੀਂ ਬਣਾ ਸਕਣਗੀਆਂ ਉਹਨਾਂ ਦਾ ਕੋਈ ਭਵਿੱਖ ਨਹੀਂ ਹੈ।
ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸੈਂਟਰ ਨੇ ਪੰਜਾਬੀ ਨੂੰ ਵੈੱਬ-ਯੋਗ ਬਣਾਉਣ ਲਈ
ਬਹੁਤ ਯਤਨ ਕੀਤੇ ਹਨ ਜਿਸ ਦੇ ਸਿੱਟੇ ਵਜੋਂ ਪੰਜਾਬੀ ਭਾਸ਼ਾ ਦੇ ਕਲਾਸਕੀ ਸ਼ਾਹਕਾਰ
ਇੰਟਰਨੈੱਟ ਉਪਰ ਮੁਹੱਈਆ ਕਰਵਾਏ ਗਏ ਹਨ ਇਹਨਾਂ ਵਿਚੋਂ ਜਪੁਜੀ ਸਾਹਿਬ, ਚੰਡੀ ਦੀ
ਵਾਰ, ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ, ਸ਼ੇਖ ਫ਼ਰੀਦ ਦੇ ਸ਼ਲੋਕ, ਵਾਰਿਸ ਸ਼ਾਹ ਦੀ ਹੀਰ,
ਸ਼ਿਵ ਦੀ ਲੂਣਾਂ, ਆਦਿ ਜ਼ਿਕਰਯੋਗ ਹਨ। ਇਹਨਾਂ ਰਚਨਾਵਾਂ ਨੂੰ ਵਿਸ਼ੇਸ਼ ਤੌਰ ਤੇ
ਇੰਟਰਨੈੱਟ ਭਾਸ਼ਾ ਵਿਚ ਰੂਪਾਂਤਰਿਤ ਕਰਨ ਦੇ ਨਾਲ-ਨਾਲ ਔਖੇ ਸ਼ਬਦਾਂ ਦੇ ਅਰਥ ਵੀ ਦਿੱਤੇ
ਹਨ ਜੋ ਕਿ ਕਰਸਰ ਸ਼ਬਦ ਉਪਰ ਲਿਜਾਣ ਨਾਲ ਆਪਣੇ ਆਪ ਪ੍ਰਗਟ ਹੋ ਜਾਂਦੇ ਹਨ। ਇਕ
ਸਰਚ-ਇੰਜਨ ਵੀ ਇਹਨਾਂ ਰਚਨਾਵਾਂ ਦੇ ਨਾਲ ਮੁਹੱਈਆ ਕਰਵਾਇਆ ਗਿਆ ਹੈ ਜਿਸ ਦੁਆਰਾ ਕਿਸੇ
ਵੀ ਸ਼ਬਦ ਨੂੰ ਇਹਨਾਂ ਰਚਨਾਵਾਂ ਦੇ ਪ੍ਰਸੰਗ ਵਿਚ ਖੋਜਿਆ ਜਾ ਸਕਦਾ ਹੈ।
ਭਵਿਖਮੁਖੀ ਦਿਸ਼ਾਵਾਂ
ਕੰਪਿਊਟਰ ਸਾਇੰਸ ਦੇ ਖੇਤਰ ਵਿਚ ਨਵੀਆਂ ਖੋਜਾਂ ਹੋਣ ਨਾਲ ਰੋਜ਼ਾਨਾ ਜ਼ਿੰਦਗੀ ਵਿਚ
ਕੰਪਿਊਟਰ ਦਾ ਰੋਲ ਅਤੇ ਮਹੱਤਵ ਬਹੁਤ ਵਧ ਗਿਆ ਹੈ। ਕੰਪਿਊਟਰ ਅੰਗਰੇਜ਼ੀ ਕੇਂਦਰਿਤ ਜਾਂ
ਪੱਛਮੀ ਕੇਂਦਰਿਤ ਹੋਣ ਦੀ ਬਜਾਏ ਸੰਸਾਰ ਦੇ ਹਰ ਖਿਤੇ ਵਿਚ ਅਤੇ ਜ਼ਿੰਦਗੀ ਦੇ ਹਰ
ਪਹਿਲੂ ਵਿਚ ਅਹਿਮ ਸਾਧਨ ਬਣ ਗਿਆ ਹੈ। ਵੱਖ ਵੱਖ ਦੇਸ਼ਾਂ ਵਿਚ ਕੰਪਿਊਟਰ ਦੇ ਲੋਕਲੀਕਰਨ
ਦੀ ਮੰਗ ਵਧ ਗਈ ਹੈ। ਲੋਕਲ ਆਬਾਦੀ ਦੀਆਂ ਲੋੜਾਂ ਅਨੁਸਾਰ ਕੰਪਿਊਟਰ ਦੀ ਵਰਤੋਂ ਵਿਚ
ਨਿਤ ਨਵੀਆਂ ਤਕਨੀਕਾਂ ਵਿਕਸਤ ਹੋ ਰਹੀਆਂ ਹਨ।
ਹਰ ਖਿਤੇ ਵਿਚ ਸਰਕਾਰੀ ਹਮਾਇਤ ਨਾਲ ਅਤੇ ਵਿਗਿਆਨਿਕ ਅਤੇ ਅਕਾਦਮਿਕ ਉੱਦਮ ਨਾਲ
ਕੰਪਿਊਟਰ ਤਕਨੌਲੋਜੀ ਨੂੰ ਹੋਰ ਵਰਤੋਂ ਯੋਗ ਬਣਾਇਆ ਜਾ ਸਕਦਾ ਹੈ, ਜੇਕਰ ਇਸ
ਤਕਨਾਲੋਜੀ ਦੇ ਭਵਿਖ ਵੱਲ ਨਿਗਾਹ ਮਾਰੀ ਜਾਵੇ ਤਾਂ ਇਸਦੇ ਵਿਕਾਸ ਦੀਆਂ ਸੰਭਾਵਨਾਵਾਂ
ਅਨੰਤ ਹਨ। ਇਸਦੇ ਵਿਕਾਸ ਦੀ ਕੋਈ ਸੀਮਾ ਨਹੀਂ ਜੇ ਸੀਮਾ ਹੈ ਤਾਂ ਮਨੁੱਖੀ ਮਨ ਅਤੇ
ਕਲਪਨਾ ਦੀ ਸੀਮਾ ਹੈ। ਵਰਤਮਾਨ ਅਤੇ ਨੇੜ ਭਵਿਖ ਵਿਚ ਜਿਸ ਦਿਸ਼ਾ ਵਿਚ ਬਾਕੀ ਭਾਸ਼ਾਵਾਂ
ਵਿਚ ਖੋਜਾਂ ਹੋ ਰਹੀਆਂ ਹਨ ਅਤੇ ਜਿਨ੍ਹਾਂ ਦੀ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਵਿਚ
ਵੀ ਅਹਿਮ ਭੂਮਿਕਾ ਹੋ ਸਕਦੀ ਹੈ। ਉਹਨਾਂ ਵਿਚੋਂ ਕੁਝ ਕੁ ਹੇਠ ਲਿਖੇ ਅਨੁਸਾਰ ਹਨ:
1 ਕੋਰਪਸ ਵਿਕਾਸ (Corpora
Development) ਸ਼ਬਦ ਭੰਡਾਰ ਵਿਕਾਸ:
ਪੰਜਾਬੀ ਭਾਸ਼ਾ ਦਾ ਸਮੁੱਚਾ ਕੋਰਪਸ (ਸ਼ਬਦ ਭੰਡਾਰ) ਜੋ ਕਿ ਕੰਪਿਊਟਰ ਦੁਆਰਾ ਵਰਤੋਂ
ਲਈ CIIIL ਮੈਸੂਰ
ਵੱਲੋਂ ਜੁਟਾਇਆ ਗਿਆ ਹੈ 30 ਲੱਖ ਸ਼ਬਦਾਂ ਦਾ ਹੈ। ਇਹ ਬੁਨਿਆਦੀ ਸ਼ਬਦ ਭੰਡਾਰ, ਭਾਸ਼ਾ
ਵਿਗਿਆਨੀਆਂ, ਕੰਪਿਊਟਰ ਮਾਹਿਰਾਂ ਖਾਸ ਸਾਫਟਵੇਅਰ ਦਾ ਵਿਕਾਸ ਕਰਨ ਵਾਲਿਆਂ ਲਈ ਬਹੁਤ
ਹੀ ਲਾਹੇਵੰਦ ਹੈ। ਇਹ ਕੰਪਿਊਟਰ ਦੀ ਭਾਸ਼ਾਈ ਵਰਤੋਂ ਜਿਸਤਰਾਂ ਸਪੈੱਲ ਚੈਕਿੰਗ,
ਗ੍ਰਾਮਰ ਚੈਕਿੰਗ OCR
ਅਤੇ ਮਸ਼ੀਨ ਟਰਾਂਸਲੇਸ਼ਨ ਲਈ ਬਹੁਤ ਜ਼ਰੂਰੀ ਹੈ। ਪੰਜਾਬੀ ਇਕ ਹਜ਼ਾਰਾਂ ਸਾਲ ਪੁਰਾਣੀ ਅਤੇ
ਭੂਗੋਲਿਕ ਤੌਰ ਤੇ ਵਿਸ਼ਾਲ ਖਿੱਤਿਆਂ ਵਿਚ ਬੋਲੀ ਜਾਂਦੀ ਭਾਸ਼ਾ ਹੈ। ਇਸਦਾ ਸ਼ਬਦ ਭੰਡਾਰ
ਵੀ ਬਹੁਤ ਵਿਸ਼ਾਲ ਹੋਣਾ ਕੁਦਰਤੀ ਹੈ। ਆਉਣ ਵਾਲੇ ਸਮੇਂ ਵਿਚ ਕੰਪਿਊਟਰ ਦੀ ਵਰਤੋਂ ਯੋਗ
ਸ਼ਬਦ ਭੰਡਾਰ ਅਰਥਾਤ ਕੋਰਪਸ ਨੂੰ ਘੱਟੋ ਘੱਟ 1 ਕਰੋੜ ਸ਼ਬਦਾਂ ਤੱਕ ਵਿਕਸਤ ਕਰਨ ਦੀ
ਜ਼ਰੂਰਤ ਹੈ। ਇਸ ਤੋਂ ਇਲਾਵਾ ਇਸ ਕੋਰਪਸ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਇਸ ਵਿਚ
ਦਿੱਤੇ ਸ਼ਬਦਾਂ ਦੇ ਬਾਕੀ ਰੂਪਾਂ ਨੂੰ ਉਸ ਨਾਲ ਟੈਗ ਕੀਤਾ ਜਾ ਸਕਦਾ ਹੈ ਜਿਸਨੂੰ
ਕੰਪਿਊਟਰ ਦੀ ਤਕਨੀਕੀ ਸ਼ਬਦਾਵਲੀ ਵਿਚ ਮੌਰਫ਼ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਕੋਰਪਸ
ਵਿਚ ਦਿੱਤੇ ਸ਼ਬਦਾਂ ਦੀ ਵਰਤੋਂ ਅਨੁਸਾਰ ਵੀ ਟੈਗਿੰਗ ਕੀਤੀ ਜਾ ਸਕਦੀ ਹੈ। ਜੋ ਕਿ
ਪੰਜਾਬੀ ਦੇ ਕੰਪਿਊਟਰੀਕਰਨ ਵਿਚ ਬਹੁਤ ਹੀ ਮਹੱਤਵਪੂਰਨ ਹੋਵੇਗੀ।
2 ਇੰਟਰਨੈੱਟ ਤੇ ਪੰਜਾਬੀ ਦੀ ਵਰਤੋਂ:
ਸੰਸਾਰ ਵਿਚ ਇੰਟਰਨੈੱਟ ਵਰਤਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਤੇਜ਼ ਰਫ਼ਤਾਰ ਨਾਲ ਵਧ
ਰਹੀ ਹੈ। ਜ਼ਿੰਦਗੀ ਦਾ ਕੋਈ ਵੀ ਖਿਤਾ ਇਸਤੋਂ ਅਛੂਤਾ ਨਹੀਂ ਰਿਹਾ। ਦਿਨੋਂ ਦਿਨ
ਇੰਟਰਨੈੱਟ ਦੀ ਵਰਤੋਂ ਵਿਚ ਨਵੀਆਂ ਤਕਨੀਕਾਂ ਦੀ ਮੰਗ ਵੀ ਵੱਧ ਰਹੀ ਹੈ। ਪੰਜਾਬੀ
ਭਾਸ਼ਾ ਨੂੰ ਇੰਟਰਨੈੱਟ ਤੇ ਵਰਤਣਯੋਗ ਬਣਾਉਣ ਲਈ ਅਤੇ ਹੋਰ ਤਕਨਾਲੋਜੀਕਲ ਚੁਣੌਤੀਆਂ ਦਾ
ਸਾਹਮਣਾ ਕਰਨ ਦੇ ਯੋਗ ਬਣਾਉਣ ਲਈ ਹੇਠ ਲਿਖੇ ਖੇਤਰਾਂ ਵਲ ਧਿਆਨ ਦੇਣ ਦੀ ਜ਼ਰੂਰਤ ਹੈ :
· ਪੰਜਾਬੀ ਭਾਸ਼ਾ ਦਾ ਇੰਟਰਨੈੱਟ ਭਾਸ਼ਾ ਵਿਚ ਰੂਪਾਂਤਰਣ ਕਰਨ ਲਈ ਤਕਨੀਕਾਂ ਦਾ
ਵਿਕਾਸ ਕਰਨਾ ਅਤੇ ਇੰਟਰਨੈੱਟ ਵਰਤਣ ਵਾਲਿਆਂ ਲਈ ਸੰਪਾਦਨਾ ਆਦਿ ਦੀਆਂ ਸਹੂਲਤਾਂ
ਪ੍ਰਦਾਨ ਕਰਨਾ।
· ਪੰਜਾਬੀ ਈ-ਮੇਲ ਸਰਵਰ ਵਿਕਸਤ ਕਰਨਾਂ ਤਾਂ ਕਿ ਪੰਜਾਬੀ ਵਿਚ ਈ-ਮੇਲ ਭੇਜੀ ਅਤੇ
ਪ੍ਰਾਪਤ ਕੀਤੀ ਜਾ ਸਕੇ।
· ਪੰਜਾਬੀ ਵਿਚ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਜਿਵੇਂ ਸੈਰ-ਸਪਾਟਾ,
ਸਨਅਤਕਾਰੀ, ਵਿਦਿਆ ਅਤੇ ਡਾਕਟਰੀ ਸਹੂਲਤਾਂ ਜਾਂ ਹੋਰ ਸਹੂਲਤਾਂ ਸੰਬੰਧੀ ਜਾਣਕਾਰੀ
ਪੰਜਾਬੀ ਵਿਚ ਪੈਦਾ ਕਰਨਾ ਅਤੇ ਇੰਟਰਨੈੱਟ ਤੇ ਮੁਹੱਈਆ ਕਰਵਾਉਣਾ ਅਤੇ ਇਸ ਸੰਬੰਧੀ
ਮਿਆਰੀ ਵੈੱਬ-ਸਾਈਟਾਂ ਦਾ ਨਿਰਮਾਣ ਕਰਨਾ।
3 ਮਸ਼ੀਨ ਟਰਾਂਸਲੇਸ਼ਨ:
ਭਾਰਤ ਇਕ ਬਹੁ-ਭਾਸ਼ਾਈ ਦੇਸ਼ ਹੈ ਵੱਖ ਵੱਖ ਸੂਬਿਆਂ ਵਿਚ ਵੱਖ ਵੱਖ ਭਾਸ਼ਾਵਾਂ
ਪ੍ਰਚਲਤ ਹਨ। ਇਸ ਕਰਕੇ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਤਰਜਮਾ ਕਰਨਾ ਆਪਣੇ ਆਪ ਵਿਚ
ਹੀ ਇਕ ਕੰਮ ਹੈ। ਬਹੁਤ ਸਾਰੇ ਦਸਤਾਵੇਜ਼ ਬਹੁ-ਭਾਸ਼ਾਈ ਜਾਂ ਦੋ-ਭਾਸ਼ਾਈ ਹੁੰਦੇ ਹਨ ਇਸ
ਕਰਕੇ ਅਕਸਰ ਉਹਨਾਂ ਦੇ ਤਰਜਮੇ ਵਿਚ ਬਹੁਤ ਸਮੱਸਿਆਵਾਂ ਆਉਂਦੀਆਂ ਹਨ। ਭਾਸ਼ਾ ਦੀ
ਵਰਤੋਂ ਸੰਬੰਧੀ ਵੀ ਬਹੁਤ ਝਮੇਲੇ ਖੜ੍ਹੇ ਹੁੰਦੇ ਰਹਿੰਦੇ ਹਨ ਅਤੇ ਅਕਸਰ ਇਹ ਸਿਆਸੀ
ਰੰਗਤ ਲੈ ਲੈਂਦੇ ਹਨ। ਜੇਕਰ ਭਾਰਤੀ ਭਾਸ਼ਾਵਾਂ ਲਈ ਮਸ਼ੀਨ ਟਰਾਂਸਲੇਸ਼ਨ ਦੀ ਸੁਵਿਧਾ
ਵਿਕਸਤ ਕਰ ਲਈ ਜਾਵੇ ਤਾਂ ਭਾਸ਼ਾ ਸੰਬੰਧੀ ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੂੰ
ਆਸਾਨ ਕੀਤਾ ਜਾ ਸਕਦਾ ਹੈ। ਹੇਠ ਲਿਖ ਦਸਤਾਵੇਜ਼ ਮਸ਼ੀਨ ਦੁਆਰਾ ਟਰਾਂਸਲੇਟ ਕਰਨੇ ਜ਼ਰੂਰੀ
ਹਨ।
· ਸਰਕਾਰੀ ਅਤੇ ਪ੍ਰਸ਼ਾਸਨਿਕ ਕਾਇਦੇ ਕਾਨੂੰਨ
· ਪਾਰਲੀਮੈਂਟਰੀ ਸਵਾਲ-ਜਵਾਬ
· ਦਵਾਈਆਂ ਸੰਬੰਧੀ ਸੂਚਨਾਵਾਂ ਅਤੇ ਜਾਣਕਾਰੀ
· ਕਾਨੂੰਨੀ ਸ਼ਬਦਾਵਲੀ ਅਤੇ ਮਹੱਤਵਪੂਰਨ ਨਿਆਇਕ ਫੈਸਲੇ
4 ਮਨੁਖ-ਮਸ਼ੀਨ ਅੰਤਰਕ੍ਰਿਆ:
ਜਿਉਂ ਜਿਉਂ ਪੰਜਾਬੀ ਵਿਚ ਜਾਣਕਾਰੀ ਦਾ ਵਿਕਾਸ ਹੋ ਰਿਹਾ ਹੈ ਇਸਨੂੰ ਕੰਪਿਊਟਰ
ਉਪਰ ਦਰਜ ਕਰਨ ਲਈ ਤਕਨੀਕਾਂ ਦੀ ਜ਼ਰੂਰਤ ਵੱਧਦੀ ਜਾ ਰਹੀ ਹੈ। ਜਿਨ੍ਹਾਂ ਨੂੰ ਅਸੀਂ
ਮਨੁਖ-ਮਸ਼ੀਨ ਇੰਟਰਫੇਸ (HUMIS)
ਦਾ ਨਾਂ ਦਿੰਦੇ ਹਾਂ। ਇਸ ਦਿਸ਼ਾ ਵਿਚ ਪਹਿਲਾਂ ਹੀ ਪੰਜਾਬੀ ਗੁਰਮੁਖੀ ਦਾ
OCR ਤਿਆਰ ਹੋ
ਚੁੱਕਿਆ ਹੈ ਪਰ ਇਸ ਸੰਬੰਧ ਵਿਚ ਹੋਰ ਬਹੁਤ ਸਾਰੀਆਂ ਤਕਨੀਕਾਂ ਅਤੇ ਸਹੂਲਤਾਂ ਬਾਕੀ
ਭਾਸ਼ਾਵਾਂ ਵਿਚ ਉਪਲੱਬਧ ਹਨ। ਇਸ ਕਰਕੇ ਆਉਣ ਵਾਲ ਸਮੇਂ ਵਿਚ ਪੰਜਾਬੀ ਭਾਸ਼ਾ ਸੰਬੰਧੀ
ਵਿਸ਼ੇਸ਼ ਖੇਤਰਾਂ ਵਿਚ ਖੋਜ ਕਰਨ ਦੀ ਜ਼ਰੂਰਤ ਹੈ। ਇਹਨਾਂ ਵਿਚੋਂ ਕੁਝ ਕੁ ਹੇਠ ਲਿਖੇ
ਅਨੁਸਾਰ ਹਨ।
· ਔਨ-ਲਾਇਨ ਅਤੇ ਔਫ-ਲਾਇਨ ਹੱਥ-ਲਿਖਤ ਗੁਰਮੁਖੀ ਦਸਤਾਵੇਜ਼ਾਂ ਦੀ ਪਛਾਣ ਲਈ
ਸਹੂਲਤਾਂ ਮੁਹੱਈਆ ਕਰਵਾਉਣਾ।
· ਪੰਜਾਬੀ ਵਿਚ ਕੰਪਿਊਟਰ ਲਈ ਬੋਲ-ਚਾਲ ਦੇ ਪ੍ਰਬੰਧ ਵਿਕਸਤ ਕਰਨਾਂ ਜਿਨ੍ਹਾਂ
ਰਾਹੀਂ ਕੰਪਿਊਟਰ ਵਿਚ ਪੰਜਾਬੀ ਬੋਲੀ ਦੀ ਰੀਕਾਡਿੰਗ ਹੋ ਸਕੇ। ਇਹ ਤਕਨੀਕਾਂ ਪੰਜਾਬੀ
ਪ੍ਰਸਾਰਨ, ਜ਼ਬਾਨੀ ਆਦੇਸ਼ਾਂ ਅਤੇ ਹੋਰ ਬੋਲ ਚਾਲਾਂ ਦੇ ਪ੍ਰਬੰਧਾਂ ਲਈ ਮਹੱਤਵਪੂਰਨ
ਸਿੱਧ ਹੋਣਗੀਆਂ।
· ਪੰਜਾਬੀ ਬੋਲ ਪਛਾਣ ਦਾ ਪ੍ਰਬੰਧ ਵਿਕਸਤ ਕਰਨਾ ਜਿਸ ਰਾਹੀਂ ਕੰਪਿਊਟਰ ਜ਼ਬਾਨੀ
ਆਦੇਸ਼ਾਂ ਨੂੰ ਸਮਝ ਕੇ ਹੁੰਗਾਰਾ ਦੇ ਸਕੇ।
ਸਿੱਟਾ
ਬੇਸ਼ੱਕ ਪੰਜਾਬੀ ਕੰਪਿਊਟਰੀਕਰਨ ਦੀ ਦਿਸ਼ਾ ਵਿਚ ਕੁਝ ਮੁਢਲੇ ਕਦਮ ਪੁੱਟੇ ਗਏ ਹਨ ਪਰ
ਇਹ ਕੰਮ ਗੋਹੜੇ ਵਿਚੋਂ ਪੂਣੀ ਕੱਤਣ ਦੇ ਬਰਾਬਰ ਹੀ ਹੈ। ਵੈਸੇ ਅਜਿਹੇ ਕੰਮ ਕਿਸੇ
ਕੱਲੇ ਕਹਿਰੇ ਵਿਅਕਤੀ, ਸੈਂਟਰ ਜਾਂ ਗਰੁੱਪ ਦੇ ਵਸ ਦਾ ਰੋਗ ਹੀ ਨਹੀਂ ਸਗੋਂ ਸਮੁੱਚੇ
ਪੰਜਾਬੀ ਭਾਈਚਾਰੇ ਨੂੰ ਸਮੂਹਿਕ ਹੰਭਲਾ ਮਾਰਨ ਦੀ ਜ਼ਰੂਰਤ ਹੈ। ਪਿਛਲੇ ਦੋ ਸਾਲਾਂ ਦੇ
ਅਰਸੇ ਦੌਰਾਨ ਅਸੀਂ ਇਹ ਦੇਖਿਆ ਹੈ ਕਿ ਪੰਜਾਬੀ ਸਾਹਿਤ ਦੀ ਪੈਦਾਵਾਰ ਤਾਂ ਬਹੁਤ ਹੋ
ਰਹੀ ਹੈ। ਕਵਿਤਾ, ਕਹਾਣੀ, ਨਾਵਲ ਆਦਿ ਵੱਡੀ ਪੱਧਰ ਉਪਰ ਲਿਖੇ ਜਾ ਰਹੇ ਹਨ ਪਰ
ਪੰਜਾਬੀ ਭਾਸ਼ਾ ਦੇ ਬੁਨਿਆਦੀ ਵਿਕਾਸ ਅਤੇ ਖੋਜ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ
ਰਿਹਾ। ਇਸ ਕੰਮ ਪ੍ਰਤੀ ਚੇਤਨਾ ਅਤੇ ਚਿੰਤਨ ਦੀ ਵੀ ਕਾਫੀ ਘਾਟ ਹੈ। ਪੰਜਾਬੀ
ਸੰਸਥਾਵਾਂ, ਸਭਾਵਾਂ ਅਤੇ ਕਾਨਫਰੰਸਾਂ ਦਾ ਸਿਲਸਿਲਾ ਕਈ ਵਾਰੀ ਇਹ ਭੁਲੇਖਾ ਪਾ ਦਿੰਦਾ
ਹੈ ਕਿ ਪੰਜਾਬੀ ਦਾ ਵਿਕਾਸ ਬਹੁਤ ਹੋ ਰਿਹਾ ਹੈ। ਪਰ ਜੇਕਰ ਸੰਸਾਰ ਪੱਧਰ ਤੇ ਭਾਸ਼ਾਈ
ਤਰੱਕੀ ਦੇ ਸੰਦਰਭ ਵਿਚ ਵਿਚਾਰ ਕੀਤਾ ਜਾਵੇ ਅਤੇ ਪੰਜਾਬੀ ਜੁਬਾਨ ਦੇ ਭਾਈਚਾਰੇ ਵਿਚ
ਵਾਪਰ ਰਹੀਆਂ ਤਬਦੀਲੀਆਂ ਨੂੰ ਦੇਖੀਏ ਤਾਂ ਪੰਜਾਬੀ ਭਾਸ਼ਾ ਦਾ ਭਵਿਖ ਬਹੁਤ ਧੁੰਦਲਾ
ਨਜ਼ਰ ਆਉਂਦਾ ਹੈ।
ਨਵੀਆਂ ਪੀੜ੍ਹੀਆਂ ਵਿਚ ਅੰਗਰੇਜ਼ੀ ਅਤੇ ਹਿੰਦੀ ਦੀ ਵਰਤੋਂ ਦਾ ਰੁਝਾਨ, ਪੁਰਾਣੀਆਂ
ਪੀੜ੍ਹੀਆਂ ਵਿਚ ਥੋੜ੍ਹੀ ਪ੍ਰਾਪਤੀ ਤੇ ਵੱਡੇ ਸਵੈ ਭੁਲੇਖੇ ਦਾ ਰੁਝਾਨ, ਪੰਜਾਬੀ
ਜੁਬਾਨੀ ਭਾਈਚਾਰੇ ਦਾ ਆਪਸ ਵਿਚ ਵੰਡਿਆ ਹੋਣਾ ਕੁਝ ਅਜਿਹੇ ਤੱਥ ਹਨ ਜਿਨ੍ਹਾਂ ਨੂੰ
ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪੰਜਾਬੀ ਜੁਬਾਨ ਦੀ ਤਰੱਕੀ ਲਈ ਕੰਮ ਕਰ ਰਹੇ
ਸੁਹਿਰਦ ਵਿਦਵਾਨਾਂ ਵਿਚ ਪੇਸ਼ਾਵਰ ਵਤੀਰੇ ਦੀ ਵੀ ਕਾਫੀ ਘਾਟ ਹੈ। ਅਕਸਰ ਪੰਜਾਬੀ ਦੇ
ਵਿਕਾਸ ਨਾਲ ਸੰਬੰਧਤ ਮੁੱਦਿਆਂ ਨੂੰ ਖਾਮਹਖਾਹ ਸਿਆਸੀ ਰੰਗਤ ਦੇ ਦਿੱਤੀ ਜਾਂਦੀ ਹੈ।
ਲੋੜ ਹੈ ਇਸ ਭਾਸ਼ਾ ਨੂੰ ਨਵੀਆਂ ਸੰਚਾਰਕ ਅਤੇ ਤਕਨੀਕੀ ਲੋੜਾਂ ਅਨੁਸਾਰ ਢਾਲ ਕੇ
ਵੱਧ ਤੋਂ ਵੱਧ ਕਾਰਗਰ ਸੰਚਾਰ ਸਾਧਨ ਬਣਾਉਣ ਦੀ ਤਾਂ ਕਿ ਇਸ ਦੀ ਵਰਤੋਂ ਵਿਚ ਵਾਧਾ ਹੋ
ਸਕੇ। ਜੋ ਭਾਸ਼ਾ ਜਿਆਦਾ ਵਰਤੀ ਜਾਂਦੀ ਹੈ ਉਸਦੇ ਵਿਕਾਸ ਦੀ ਗੁੰਜਾਇਸ਼ ਜਿਆਦਾ ਵਧ
ਜਾਂਦੀ ਹੈ। ਪੰਜਾਬੀ ਲੋਕ-ਭਾਸ਼ਾ ਹੋਣ ਕਾਰਨ ਇਕ ਬਹੁਤ ਹੀ ਸਮਰੱਥ ਅਤੇ ਖੂਬਸੂਰਤ ਭਾਸ਼ਾ
ਹੈ। ਤਕਨੀਕੀ, ਅਕਾਦਮਿਕ ਅਤੇ ਪ੍ਰਸ਼ਾਸਨਿਕ ਭਾਸ਼ਾ ਦੇ ਤੌਰ ਤੇ ਇਸ ਵਿਚ ਵਿਕਸਤ ਹੋਣ
ਦੀਆਂ ਬਹੁਤ ਸੰਭਾਵਨਾਵਾਂ ਹਨ।
ਜੇਕਰ ਪੰਜਾਬੀ ਭਾਸ਼ਾ ਨੂੰ ਇਸ ਕੰਪਿਊਟਰ ਯੁਗ ਵਿਚ ਸਹੀ ਦਿਸ਼ਾ ਵਿਚ ਸਮੇਂ ਸਿਰ
ਵਿਕਸਤ ਕਰ ਲਈਏ ਤਾਂ ਕੋਈ ਵੱਡੀ ਗੱਲ ਨਹੀਂ ਕਿ ਇਹ ਸੰਸਾਰ ਦੀਆਂ ਗਿਣਤੀ ਦੀਆਂ ਵਿਕਸਤ
ਭਾਸ਼ਾਵਾਂ ਦੇ ਬਰਾਬਰ ਖੜ੍ਹੀ ਹੋ ਸਕੇ। ਵਿਸ਼ਵੀਕਰਨ ਜਿੱਥੇ ਛੋਟੇ ਸਭਿਆਚਾਰਕ ਅਤੇ
ਭਾਸ਼ਾਈ ਗਰੁੱਪਾਂ ਲਈ ਇਕ ਚੁਣੋਤੀ ਹੈ ਉੱਥੇ ਇਹ ਆਪਣੀ ਸਮਰੱਥਾ ਦਿਖਾਉਣ ਦਾ ਇਕ ਮੌਕਾ
ਵੀ ਹੈ। ਪੰਜਾਬੀ ਜਬਾਨੀ ਭਾਈਚਾਰੇ ਨੂੰ ਇਕ ਜੁੱਟ ਹੋ ਕੇ ਇਸ ਮੌਕੇ ਨੂੰ ਸਾਂਭ ਲੈਣਾ
ਚਾਹੀਦਾ ਹੈ। ਇਹ ਕਦੇ ਨਹੀਂ ਭੁਲਣਾ ਚਾਹੀਦਾ ਹੈ ਕਿ ਭਾਸ਼ਾ ਇਕ ਮਨੁੱਖੀ ਸਾਧਨ ਹੈ।
ਇਸਨੂੰ ਪੀੜ੍ਹੀ ਦਰ ਪੀੜ੍ਹੀ ਵਿਕਸਤ ਕੀਤਾ ਜਾਂਦਾ ਹੈ। ਜਿਸ ਰੂਪ ਵਿਚ ਪੰਜਾਬੀ ਜੁਬਾਨ
ਸਾਨੂੰ ਸਾਡੇ ਪੁਰਖਿਆਂ ਵਲੋਂ ਬਖਸ਼ੀ ਗਈ ਹੈ। ਇਸਦਾ ਰੂਪ ਹੋਰ ਸੰਵਾਰ ਕੇ, ਨਿਖਾਰ ਕੇ
ਅਤੇ ਵਿਕਸਿਤ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਂਪਣਾ ਸਾਡੀ ਨਿਜੀ ਅਤੇ ਸਮਾਜਿਕ
ਜ਼ਿੰਮੇਵਾਰੀ ਹੈ। |