ਵੱਖ ਵੱਖ ਖੇਤਰਾਂ ਵਿੱਚ ਕੰਪਿਊਟਰ ਦੀ ਲੋੜ, ਵਰਤੋਂ ਅਤੇ
ਭਵਿੱਖ
- ਸੀ·ਪੀ· ਕੰਬੋਜ ਲਾਧੂਕਾ
ਨਿਤ ਰੋਜ਼ ਵਿਕਸਿਤ ਕੀਤੀ ਜਾ ਰਹੀ ਨਵੀਂ ਕੰਪਿਊਟਰੀ
ਤਕਨਾਲੌਜੀ ਦੀ ਬਦੌਲਤ ਅੱਜ ਹਰੇਕ ਖੇਤਰ ਵਿੱਚ ਕੰਪਿਊਟਰ ਦੀ ਲੋੜ ਮਹਿਸੂਸ ਹੋਣ ਲੱਗ
ਪਈ ਹੈ। ਕੰਪਿਊਟਰ ਦੀ ਲੋਕਪ੍ਰਿਅਤਾ ਦਾ ਇਕ ਕਾਰਨ ਇਲੈਕਟ੍ਰੋਨਿਕਸ ਉਦਯੋਗਾਂ ਵਿੱਚ
ਹੋਇਆ ਬਹੁਪੱਖੀ ਵਿਕਾਸ ਵੀ ਹੈ। ਇਲੈਕਟ੍ਰੋਨਿਕਸ ਉਦਯੋਗਾਂ ਦੇ ਆਪਸੀ ਮੁਕਾਬਲੇ ਅਤੇ
ਨਵੀਂ ਤਕਨਾਲੋਜੀ ਦੀ ਬਦੌਲਤ ਅੱਜ ਕੰਪਿਊਟਰ ਹਾਰਡਵੇਅਰ ਭਾਵ ਭੌਤਿਕ ਕਲ-ਪੁਰਜ਼ਿਆਂ
ਦੀਆਂ ਕੀਮਤਾਂ ਘਟਣ ਕਾਰਨ ਕੰਪਿਊਟਰ ਦਿਨੋ-ਦਿਨ ਸਸਤੇ ਹੁੰਦੇ ਜਾ ਰਹੇ ਹਨ। ਤਵੱਕੋ ਹੈ
ਕਿ ਆਉਣ ਵਾਲੇ ਦਿਨਾਂ ਵਿੱਚ ਕੰਪਿਊਟਰ ਆਮ ਆਦਮੀ ਦੇ ਖਰੀਦਣ ਦੇ ਯੋਗ ਹੋ ਜਾਣਗੇ ਤੇ
ਪੇਂਡੂ ਖੇਤਰਾਂ ਵਿੱਚ ਇਸ ਦੀ ਵਰਤੋਂ ਹੋਰ ਵੀ ਵਧ ਜਾਵੇਗੀ।
ਅੱਜ ਕੰਪਿਊਟਰ ਦੀ ਵਰਤੋਂ ਉਦਯੋਗਾਂ, ਪੁਲਾੜ ਤਕਨਾਲੋਜੀ,
ਸੰਚਾਰ, ਜਨਤਕ ਕੰਮਾਂ, ਲਾਇਬਰੇਰੀਆਂ, ਮੌਸਮ ਵਿਭਾਗ, ਸਿੱਖਿਆ, ਵਿਗਿਆਨਕ ਖੋਜਾਂ,
ਇੰਜੀਨੀਅਰਿੰਗ, ਅੰਕੜਾ ਨਿਯੰਤਰਣ ਆਦਿ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਕੀਤੀ ਜਾ ਰਹੀ
ਹੈ। ਹਥਲੇ ਲੇਖ ਵਿੱਚ ਕੰਪਿਊਟਰ ਨਾਮਕ ਅਨੋਖੀ ਇਲੈਕਟ੍ਰੋਨਿਕਸ ਮਸ਼ੀਨ ਦੇ ਵੱਖ ਵੱਖ
ਖੇਤਰਾਂ ਵਿੱਚ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ।
ਕੰਪਿਊਟਰ ਦੀ ਵਰਤੋ
ਸੰਚਾਰ ਦੇ ਖੇਤਰ ਵਿੱਚ
ਸੰਚਾਰ ਦੇ ਖੇਤਰ ਵਿੱਚ ਕੰਪਿਊਟਰ ਨੇ ਬਹੁਤ ਮੱਲਾਂ ਮਾਰੀਆਂ ਹਨ। ਸੂਚਨਾਵਾਂ
ਅਤੇ ਅੰਕੜਿਆਂ ਨੂੰ ਤਾਰਾਂ ਅਤੇ ਖਲਾਅ ਦੇ ਜ਼ਰੀਏ ਇਕ ਥਾਂ ਤੋਂ ਦੂਸਰੀ ਥਾਂ ਤੱਕ
ਪਹੁੰਚਾਉਣ ਲਈ ਕੰਪਿਊਟਰ ਦਾ ਮਹੱਤਵਪੂਰਨ ਯੋਗਦਾਨ ਹੈ। ਕੰਪਿਊਟਰ ਦੀ ਸਹਾਇਤਾ ਨਾਲ
ਅੱਜ ਇਲੈਕਟ੍ਰੋਨਿਕ ਡਾਕ ਅਰਥਾਤ ਈ-ਮੇਲ ਅਤੇ ਕੰਪਿਊਟਰੀ ਤਾਣੇ-ਬਾਣੇ 'ਤੇ ਆਧਾਰਤ ਅਤਿ
ਦਰਜੇ ਦੀ ਗੁੰਝਲਦਾਰ ਤਕਨਾਲੋਜੀ 'ਇੰਟਰਨੈੱਟ' ਹੋਂਦ ਵਿੱਚ ਆ ਚੁੱਕੀ ਹੈ ਜੋ ਹਜ਼ਾਰਾਂ
ਮੀਲਾਂ ਤੱਕ ਪੱਸਰੀ ਇਸ ਦੁਨੀਆਂ ਨੂੰ ਸੁੰਗੋੜ ਕੇ 'ਗਲੋਬਲ ਪਿੰਡ' ਦਾ ਰੂਪ ਦੇ ਰਹੀ
ਹੈ। ਇਸੇ ਤਰ੍ਹਾਂ ਲੋਕਲ ਏਰੀਆ ਨੈੱਟਵਰਕ (ਲੈਨ) ਅਤੇ ਵਾਈਡ ਏਰੀਆ ਨੈੱਟਵਰਕ (ਵੈਨ)
ਕੁਝ ਨੇੜਲੇ ਜਾਂ ਦੁਰੇਡੇ ਦੇ ਕੰਪਿਊਟਰਾਂ ਦਾ ਆਪਸੀ ਸਬੰਧ ਕਾਇਮ ਕਰਨ ਵਾਲੀ ਲਾਹੇਵੰਦ
ਤਕਨੀਕ ਹੋਂਦ ਵਿੱਚ ਆਉਣ ਕਾਰਨ ਸੰਚਾਰ ਦੇ ਸਭੇ ਕੰਮ ਸੁਖਾਲੇ ਹੋ ਗਏ ਹਨ।
ਕੰਪਿਊਟਰ ਨੂੰ ਸੈਂਟਰਲ ਸਵਿਚਿੰਗ ਸੈਂਟਰ ਭਾਵ ਟੈਲੀਫੋਨ
ਐਕਸਚੇਂਜਾਂ ਦਾ ਸ਼ਿੰਗਾਰ ਮੰਨਿਆ ਜਾਂਦਾ ਹੈ। ਗੱਲ ਕਰਨ ਵਾਲੇ (ਕਾਲਰ) ਅਤੇ ਗੱਲ ਸੁਣਨ
ਵਾਲੇ (ਕਾਲਿੰਗ ਪਾਰਟੀ) ਵਿੱਚ ਇਲੈਕਟ੍ਰੋਨਿਕਸ ਉਪਕਰਣਾਂ ਦੇ ਜ਼ਰੀਏ 'ਆਡੀਓ' ਸਬੰਧ
ਸਥਾਪਤ ਕਰਨ ਅਤੇ 'ਪੁੱਛਗਿੱਛ' ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕੰਪਿਊਟਰ ਲਗਾਏ
ਜਾਂਦੇ ਹਨ। ਖਾਸ ਟੈਲੀਫੋਨ ਸੁਨੇਹਿਆਂ ਨੂੰ ਰਿਕਾਰਡ ਕਰਨ ਤੋਂ ਲੈ ਕੇ ਬਿੱਲਾਂ ਦੀ
ਅਦਾਇਗੀ ਆਦਿ ਕੰਪਿਊਟਰ ਦੇ ਜ਼ਰੀਏ ਕੀਤੀ ਜਾਂਦੀ ਹੈ। ਗਲਤ ਨੰਬਰ ਡਾਇਲ ਕਰਨ ਉਪਰੰਤ
ਸਾਡੇ ਕੰਨੀਂ ਪੈਣ ਵਾਲੀਆਂ ਨਿਰਦੇਸ਼ਕ ਆਵਾਜ਼ਾਂ ਵੀ ਕੰਪਿਊਟਰ ਰਾਹੀਂ ਭੇਜੀਆਂ ਜਾਂਦੀਆਂ
ਹਨ।
ਹਵਾਬਾਜ਼ੀ ਦੇ ਖੇਤਰ ਵਿੱਚ
ਹਵਾਈ ਜਹਾਜ਼ਾਂ ਦੀ ਸਮੁੱਚੀ ਕਾਰਜਪ੍ਰਣਾਲੀ ਅਤੇ ਪਾਇਲਟ ਦੀਆਂ
ਗਤੀਵਿਧੀਆਂ ਆਦਿ ਕੰਪਿਊਟਰ ਉਤੇ ਆਧਾਰਤ ਹਨ। ਹਵਾਈ ਜਹਾਜ਼ ਦਾ ਵਾਯੂ ਦਬਾਅ, ਤਾਪਮਾਨ,
ਉਚਾਈ, ਦੂਰੀ, ਰਫਤਾਰ ਆਦਿ ਉਤੇ ਮਾਨਵ ਪਾਇਲਟ ਦੁਆਰਾ ਨਿਯੰਤਰਣ ਰੱਖਣਾ ਬਹੁਤ ਔਖਾ
ਹੈ। ਅਜਿਹੇ ਕੰਮਾਂ ਲਈ ਜਹਾਜ਼ ਦੇ ਵੱਖ ਵੱਖ ਕਲ-ਪੁਰਜ਼ਿਆਂ ਅਤੇ ਪਾਇਲਟ ਵਿੱਚ ਆਪਸੀ
ਤਾਲਮੇਲ ਸਥਾਪਤ ਕਰਨ ਲਈ ਜਹਾਜ਼ ਵਿੱਚ ਕੁਝ ਛੋਟੇ ਕੰਪਿਊਟਰ ਫਿੱਟ ਕੀਤੇ ਜਾਂਦੇ ਹਨ।
ਅਜਿਹੇ ਕੰਪਿਊਟਰ ਸਮੇਂ ਸਮੇਂ 'ਤੇ ਪਾਇਲਟ ਨੂੰ ਸੂਚਨਾਵਾਂ ਦਿੰਦੇ ਰਹਿੰਦੇ ਹਨ ਤੇ ਕਈ
ਹਾਲਤਾਂ ਵਿੱਚ ਇਹ ਜਹਾਜ਼ ਦੇ ਕਿਸੇ ਹਿੱਸੇ ਵਿੱਚ ਆਈ ਖਰਾਬੀ ਬਾਖੂਬੀ ਬਿਨਾਂ ਮਾਨਵ
ਪਾਇਲਟ ਦੀ ਉਡੀਕ ਕੀਤਿਆਂ ਠੀਕ ਕਰ ਲੈਂਦੇ ਹਨ।
ਹੁਣ ਹਵਾਈ ਜਹਾਜ਼ਾਂ ਵਿੱਚ ਸਫਰ ਕਰਨ ਲਈ ਸੀਟਾਂ ਦਾ
ਰਾਖਵਾਂਕਰਨ ਕੰਪਿਊਟਰਾਂ ਰਾਹੀਂ ਕੀਤਾ ਜਾਣ ਲਗ ਪਿਆ ਹੈ। ਦੁਨੀਆਂ ਦੇ ਕੋਨੇ-ਕੋਨੇ
'ਤੇ ਬੈਠੇ ਏਅਰ-ਲਾਈਨ ਏਜੰਟਾਂ ਤੋਂ ਕਿਸੇ ਵੀ ਸਮੇਂ ਆਪਣੀ ਸਹੂਲਤ ਅਨੁਸਾਰ ਸੀਟਾਂ
ਰਾਖਵੀਆਂ ਕਰਵਾਈਆਂ ਜਾ ਸਕਦੀਆਂ ਹਨ। ਇਹ ਸਭ ਕੁਝ ਕੰਪਿਊਟਰ ਦੀ ਹੋਂਦ ਸਦਕਾ ਹੀ ਸੰਭਵ
ਹੋ ਸਕਿਆ ਹੈ। ਏਅਰ-ਲਾਈਨ ਦੇ ਦਫਤਰ ਜਾਂ ਫਿਰ ਏਜੰਟ ਨੂੰ ਮਿਲ ਕੇ ਕਿਸੇ ਹਵਾਈ ਜਹਾਜ਼
ਵਿੱਚ ਭਰ ਚੁੱਕੀਆਂ ਅਤੇ ਖਾਲੀ ਬਚੀਆਂ ਸੀਟਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ
ਜਾ ਸਕਦੀ ਹੈ।
ਨਵੇਂ ਪਾਇਲਟਾਂ ਨੂੰ ਸਿਖਲਾਈ ਦੇਣ ਲਈ ਕੰਪਿਊਟਰ ਇਕ ਚੰਗੇ
ਇੰਸਟਰਕਟਰ ਦਾ ਰੋਲ ਅਦਾ ਕਰ ਰਹੇ ਹਨ। ਇਹ ਕੰਪਿਊਟਰ ਜਹਾਜ਼ ਦੇ ਉਡਾਣ ਭਰਨ ਤੋਂ ਲੈ ਕੇ
ਵਾਪਸ ਆਉਣ ਤੱਕ ਦੇ ਸਾਰੇ ਸਮੇਂ ਵਿੱਚ ਪਾਇਲਟ ਵੱਲੋਂ ਕੀਤੀਆਂ ਗਈਆਂ ਕਿਰਿਆਵਾਂ ਦਾ
ਸਮੁੱਚਾ ਰਿਕਾਰਡ ਰੱਖਦੇ ਹਨ। ਪਾਇਲਟ ਵੱਲੋਂ ਲਏ ਗਏ ਗਲਤ ਐਕਸ਼ਨਾਂ ਅਰਥਾਤ ਭੁੱਲਾਂ ਦਾ
ਲੇਖਾ-ਜੋਖਾ ਅਤੇ ਬਲੈਕ ਬਾਕਸ ਨੂੰ ਪੜ੍ਹਨ ਲਈ ਕੰਪਿਊਟਰ ਹੀ ਵਰਤੇ ਜਾਂਦੇ ਹਨ। ਇਸ
ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਸਿਖਲਾਈ ਲੈ ਰਹੇ ਪਾਇਲਟਾਂ ਲਈ ਕੰਪਿਊਟਰ ਇਕ ਯੋਗ
ਅਧਿਆਪਕ ਅਤੇ ਚੰਗੇ ਮਿੱਤਰ ਦਾ ਰੋਲ ਅਦਾ ਕਰ ਰਹੇ ਹਨ।
ਆਵਾਜਾਈ ਅਤੇ ਟ੍ਰੈਫਿਕ
ਬੇਮੁਹਾਰੇ ਵਾਹਨਾਂ ਨੂੰ ਨੱਥ
ਪਾਉਣ ਲਈ ਕੰਪਿਊਟਰ ਅਹਿਮ ਕਿਰਦਾਰ ਅਦਾ ਕਰ ਰਹੇ ਹਨ। ਢੋਆ-ਢੁਆਈ ਦੇ ਕੰਮਾਂ ਵਿੱਚ
ਵਰਤੇ ਜਾਣ ਵਾਲੇ ਵਾਹਨਾਂ ਨੂੰ ਨਿਯੰਤ੍ਰਿਤ ਕਰਨ ਲਈ ਕੰਪਿਊਟਰ ਵੱਧ ਕੇ ਅੱਗੇ ਆ ਰਹੇ
ਹਨ। ਭਾਰਤ ਦੇ ਸਭ ਤੋਂ ਵੱਡੇ ਅਦਾਰੇ 'ਰੇਲ' ਵਿੱਚ ਕੰਪਿਊਟਰ ਦੀ ਵਰਤੋਂ ਵੱਡੇ ਪੱਧਰ
'ਤੇ ਕੀਤੀ ਜਾ ਰਹੀ ਹੈ। ਰੇਲ ਵਿਭਾਗ ਦੁਆਰਾ ਕੰਪਿਊਟਰ ਦੀ ਵਰਤੋਂ ਸਮਾਂ-ਸਾਰਨੀ
ਬਣਾਉਣ, ਟਿਕਟਾਂ ਕੱਟਣ ਅਤੇ ਚੈੱਕ ਕਰਨ ਤੋਂ ਲੈ ਕੇ ਕਾਂਟਾ ਬਦਲਣ ਵਾਲੀਆਂ ਮਸ਼ੀਨਾਂ
ਦੀ ਕਾਰਜਪ੍ਰਣਾਲੀ ਨੂੰ ਕਾਬੂ ਹੇਠ ਰੱਖਣ ਲਈ ਕੀਤੀ ਜਾ ਰਹੀ ਹੈ।
ਸਮੁੰਦਰਾਂ ਵਿੱਚ ਚੱਲਣ ਵਾਲੀਆਂ ਪਣਡੁੱਬੀਆਂ, ਕਿਸ਼ਤੀਆਂ ਅਤੇ
ਸਮੁੰਦਰੀ ਜਹਾਜ਼ਾਂ ਦਾ ਸਮੁੱਚਾ ਨਿਯੰਤਰਣ ਪ੍ਰਬੰਧ ਵੀ ਕੰਪਿਊਟਰ ਦੇ ਹੱਥਾਂ 'ਚ ਹੈ।
ਪਣਡੁੱਬੀਆਂ ਵਿੱਚ ਰੇਡੀਓ ਸੰਕੇਤਾਂ ਦੁਆਰਾ ਸਬੰਧ ਸਥਾਪਤ ਕਰਵਾ ਕੇ ਕੰਪਿਊਟਰ ਦੁਆਰਾ
ਮਾਰਗ ਦਰਸ਼ਨ ਕਰਵਾਇਆ ਜਾਂਦਾ ਹੈ।
ਭੀੜ-ਭੜੱਕੇ ਵਾਲੇ ਚੌਕਾਂ ਵਿੱਚ ਬੇਤਹਾਸ਼ਾ ਟ੍ਰੈਫਿਕ ਨੂੰ
ਕੰਟਰੋਲ ਕਰਨ ਲਈ ਟ੍ਰੈਫਿਕ ਪੁਲੀਸ ਦੇ ਨਾਲ ਕੰਪਿਊਟਰ ਵੀ ਇਕ ਸੱਚੇ ਸਾਥੀ ਅਤੇ
ਪਹਿਰੇਦਾਰ ਦੀ ਤਰ੍ਹਾਂ ਕੰਮ ਕਰ ਰਹੇ ਹਨ। ਕੰਟਰੋਲ ਕਰਨਾ ਪਰੰਪਰਾਗਤ ਤਰੀਕੇ ਨਾਲੋਂ
ਲਾਭਦਾਇਕ ਅਤੇ ਵਧੇਰੇ ਭਰੋਸੇਮੰਦ ਹੈ। ਟ੍ਰੈਫਿਕ ਲਾਈਟਾਂ ਦੇ ਉੱਚੇ ਥੰਮਿਆਂ 'ਤੇ
ਲੱਗੇ ਕਲੋਜ਼ ਸਰਕਿਟ ਟੀ·ਵੀ· ਕੈਮਰੇ ਨਿਯੰਤਰਣ ਰੂਮ ਵਿੱਚ ਬੈਠੇ ਉਪਰੇਟਰ ਨੂੰ ਟੀ·ਵੀ·
ਰਾਹੀਂ ਵੱਖ ਵੱਖ ਚੌਕਾਂ ਦੇ ਦ੍ਰਿਸ਼ ਦਿਖਾਉਂਦੇ ਰਹਿੰਦੇ ਹਨ। ਇਥੇ ਇਹ ਦੱਸਣਯੋਗ ਹੈ
ਕਿ ਵੱਖ ਵੱਖ ਚੁਰਸਤਿਆਂ ਦੇ ਦ੍ਰਿਸ਼ਾਂ ਨੂੰ ਇਕ ਨਿਰਧਾਰਤ ਅੰਤਰਾਲ ਮਗਰੋਂ ਦਿਖਾਉਣ ਦੀ
ਸਮੁੱਚੀ ਪ੍ਰਣਾਲੀ ਕੰਪਿਊਟਰ ਰਾਹੀਂ ਕੰਟਰੋਲ ਕੀਤੀ ਜਾਂਦੀ ਹੈ।
ਡਾਕਟਰੀ
ਡਾਕਟਰੀ ਦੇ ਖੇਤਰ ਵਿੱਚ ਕੰਪਿਊਟਰ ਦੀ ਮੰਗ ਦਿਨ ਪ੍ਰਤੀ ਦਿਨ
ਵਧਦੀ ਹੀ ਜਾ ਰਹੀ ਹੈ। ਨਵੀਆਂ ਦਵਾਈਆਂ ਅਤੇ ਰਸਾਇਣਾਂ ਦੇ ਖੋਜ ਕੰਮਾਂ ਵਿੱਚ
ਕੰਪਿਊਟਰ ਮੋਹਰੀ ਬਣ ਕੇ ਵਿਚਰ ਰਹੇ ਹਨ। ਅੱਜ ਵੱਡੇ ਵੱਡੇ ਹਸਪਤਾਲਾਂ ਵਿੱਚ ਮਰੀਜ਼ਾਂ
ਦੇ ਕੱਪੜੇ ਧੋਣ, ਨਹਾਉਣ, ਦਵਾਈ ਦੇਣ, ਕਸਰਤ ਕਰਵਾਉਣ ਆਦਿ ਦੇ ਕੰਮਾਂ ਲਈ ਕੰਪਿਊਟਰੀ
ਨਿਰਦੇਸ਼ਾਂ 'ਤੇ ਕੰਮ ਕਰਨ ਵਾਲੇ ਰੋਬਟ ਵਰਤੇ ਜਾਂਦੇ ਹਨ। ਕਈ ਕੰਪਿਊਟਰ ਕੁਝ ਖਾਸ
ਬਿਮਾਰੀਆਂ ਦੀ ਜਾਂਚ ਕਰਨ ਉਪਰੰਤ ਖੁਦ ਆਪਣੀ ਹੀ ਮਰਜ਼ੀ ਅਨੁਸਾਰ ਮਰੀਜ਼ ਨੂੰ ਦਵਾਈ ਖਾਣ
ਦੀ ਸਿਫਾਰਸ਼ ਕਰ ਸਕਦੇ ਹਨ। ਕੰਪਿਊਟਰਾਂ 'ਤੇ ਕੰਟਰੋਲ ਹੋਣ ਵਾਲੇ ਅਤਿ-ਸੂਖਮ ਰੋਬਟ
ਮਨੁੱਖ ਦੇ ਸੰਵੇਦਨਸ਼ੀਲ ਅੰਗਾਂ ਦਾ ਅਪਰੇਸ਼ਨ ਕਰਨ ਲਈ ਵਰਤੇ ਜਾਂਦੇ ਹਨ। ਰੇਡੀਓ
ਤਰੰਗਾਂ ਦੀ ਵਰਤੋਂ ਕਰ ਕੇ ਅਜਿਹੇ ਕੰਪਿਊਟਰ ਆਧਾਰਤ ਰੋਬਟ ਡਾਕਟਰ ਨੂੰ ਹਜ਼ਾਰਾਂ
ਮੀਲਾਂ ਦੀ ਦੂਰੀ 'ਤੇ ਬੈਠ ਕੇ ਮਰੀਜ਼ ਦਾ ਅਪਰੇਸ਼ਨ ਕਰਨ ਦੀ ਸੁਵਿਧਾ ਪ੍ਰਦਾਨ ਕਰ ਰਹੇ
ਹਨ। ਮੈਡੀਕਲ ਕਾਲਜਾਂ ਵਿੱਚ ਸਿਖਲਾਈ ਲੈ ਰਹੇ ਸਿੱਖਿਆਰਥੀਆਂ ਲਈ ਕੰਪਿਊਟਰ ਇਕ ਚੰਗੇ
ਅਧਿਆਪਕ ਦਾ ਕੰਮ ਕਰਦੇ ਹਨ। ਕੰਪਿਊਟਰ ਸਿੱਖਿਆਰਥੀਆਂ ਦੀਆਂ ਡਾਕਟਰੀ ਕੰਮਾਂ ਵਿੱਚ
ਕੀਤੀਆਂ ਗਈਆਂ ਕਿਰਿਆਵਾਂ ਉਤੇ ਨਜ਼ਰ ਰੱਖਦੇ ਹਨ ਤੇ ਗਲਤ ਕਮਾਂਡ ਜਾਂ ਛੇੜਖਾਨੀ 'ਤੇ
ਗਲਤੀ ਦਾ ਅਹਿਸਾਸ ਕਰਵਾਉਂਦੇ ਹਨ। ਦਿਮਾਗ ਦੇ ਅਪਰੇਸ਼ਨ ਦੌਰਾਨ ਕੰਪਿਊਟਰ ਇਕ ਚੰਗੇ
ਤਜਰਬੇਕਾਰ ਸਰਜਨ ਦੀ ਭੂਮਿਕਾ ਨਿਭਾਉਂਦੇ ਹਨ। ਇਕ ਵਿਸ਼ੇਸ਼ ਪ੍ਰਕਾਰ ਦਾ ਕੰਪਿਊਟਰ
ਦਿਮਾਗ ਦੀਆਂ ਬਿਜਲਈ ਕਿਰਿਆਵਾਂ ਦਾ ਮਾਪ-ਤੋਲ ਕਰਦਾ ਹੈ। ਇਸ ਪ੍ਰਕਾਰ ਦਿਮਾਗ ਦਾ
ਗੜਬੜੀ ਵਾਲਾ ਭਾਗ ਕੰਪਿਊਟਰ ਦੀ ਮਦਦ ਨਾਲ ਜਲਦੀ ਹੀ ਲੱਭ ਲਿਆ ਜਾਂਦਾ ਹੈ।
ਲਾਇਬਰੇਰੀਆਂ ਵਿੱਚ
ਅੱਜ ਦਾ ਕੰਪਿਊਟਰ ਵਿਦਿਅਕ ਸੰਸਥਾਵਾਂ ਦੀਆਂ ਲਾਇਬਰੇਰੀਆਂ ਦੇ
ਦਰਵਾਜ਼ਿਆਂ 'ਤੇ ਚੜ੍ਹਦੇ ਸੂਰਜ ਵਾਂਗੂ ਦਸਤਕ ਦੇ ਰਿਹਾ ਹੈ। ਕੰਪਿਊਟਰ ਦੁਆਰਾ ਤਿਆਰ
ਕੀਤਾ ਲਾਇਬਰੇਰੀ ਦੀਆਂ ਕਿਤਾਬਾਂ ਦਾ ਤਤਕਰਾ ਵਿਦਿਆਰਥੀਆਂ ਅਤੇ ਲਾਇਬਰੇਰੀਅਨ ਲਈ
ਕਾਫੀ ਮਦਦਗਾਰ ਸਾਬਤ ਹੋਇਆ ਹੈ। ਲਾਇਬਰੇਰੀ ਦੇ ਕੰਪਿਊਟਰ ਵਿੱਚ ਵਰਤਿਆ ਜਾਣ ਵਾਲਾ
ਖਾਸ ਕਿਸਮ ਦਾ ਸਾਫਟਵੇਅਰ ਵਿਦਿਆਰਥੀਆਂ ਨੂੰ ਈਸ਼ੂ ਕੀਤੀਆਂ ਅਤੇ ਵਾਪਸ ਮੋੜੀਆਂ
ਕਿਤਾਬਾਂ ਦਾ ਹਿਸਾਬ-ਕਿਤਾਬ ਰੱਖਦਾ ਹੈ।
ਵਾਯੂ ਮੰਡਲ ਵਿਗਿਆਨ
ਕੰਪਿਊਟਰ ਆਧਾਰਤ ਮੌਸਮ ਉਪ ਗ੍ਰਹਿ ਵਾਯੂ ਮੰਡਲ ਵਿਗਿਆਨ ਅਤੇ
ਮੌਸਮ ਵਿਭਾਗ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾ ਚੁੱਕੇ ਹਨ। ਵਾਯੂ ਦਬਾਅ ਅਤੇ
ਬੱਦਲਾਂ, ਪੌਣਾਂ, ਤਾਪਮਾਨ ਆਦਿ ਦੀ ਸਥਿਤੀ ਦਾ ਜਾਇਜ਼ਾ ਲਾਉਣਾ ਵਾਯੂ ਮੰਡਲੀ
ਕੰਪਿਊਟਰਾਂ ਰਾਹੀਂ ਹੀ ਸੰਭਵ ਹੋ ਸਕਿਆ ਹੈ। ਮੌਸਮ ਸਬੰਧੀ ਭਰੋਸੇਯੋਗ ਜਾਣਕਾਰੀ
ਇਕੱਤਰ ਕਰਨ ਲਈ ਬਹੁਤ ਹੀ ਸ਼ਕਤੀਸ਼ਾਲੀ ਕੰਪਿਊਟਰਾਂ ਦੀ ਲੋੜ ਪੈਂਦੀ ਹੈ। ਇਸ ਮੰਤਵ ਲਈ
ਭਾਰਤ ਆਪਣੇ ਸੁਪਰ ਕੰਪਿਊਟਰ ਪਰਮ-10,000 ਨੂੰ ਵਰਤ ਰਿਹਾ ਹੈ। ਸੁਪਰ ਕੰਪਿਊਟਰਾਂ
ਦੁਆਰਾ ਮੌਸਮ ਸਬੰਧੀ ਮੁਹੱਈਆ ਕਰਵਾਏ ਗਏ ਅੰਕੜੇ ਮਾਨਵ ਅਟਕਲਬਾਜ਼ੀਆਂ ਨਾਲੋਂ ਵਧੇਰੇ
ਚੰਗੇ, ਪ੍ਰਭਾਵਸ਼ਾਲੀ ਅਤੇ ਭਰੋਸੇਯੋਗ ਹੁੰਦੇ ਹਨ।
ਸਿੱਖਿਆ ਦੇ ਖੇਤਰ ਵਿੱਚ
ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਨੂੰ ਕਈ ਢੰਗਾਂ ਨਾਲ
ਵਰਤਿਆ ਜਾ ਰਿਹਾ ਹੈ। ਵੱਖ ਵੱਖ ਜਮਾਤਾਂ ਦੀ ਸਮਾਂ-ਸਾਰਨੀ ਤਿਆਰ ਕਰਨੀ, ਪਿੰ੍ਰਟਿੰਗ
ਕਰਨੀ ਤੇ ਲਿਖਤੀ ਖਰੜੇ ਨੂੰ ਸਟੋਰ ਕਰ ਕੇ ਰੱਖਣਾ ਆਦਿ ਸਭ ਕੰਪਿਊਟਰ ਰਾਹੀਂ ਬਹੁਤ ਹੀ
ਥੋੜ੍ਹੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮ ਹਨ। ਵਿਗਿਆਨ ਅਤੇ ਇੰਜੀਨੀਅਰਿੰਗ ਦੀ
ਪੜ੍ਹਾਈ ਵਾਲੇ ਵਿਦਿਆਰਥੀ ਕੰਪਿਊਟਰ ਦੀ ਵਰਤੋਂ ਗਣਿਤਕ ਗਣਨਾਵਾਂ ਕਰਵਾਉਣ ਲਈ ਕਰਦੇ
ਹਨ। ਅਜੋਕੀ ਕੰਪਿਊਟਰੀ ਪੜ੍ਹਾਈ ਵਿੱਚ ਵਿਦਿਆਰਥੀ ਕਈ ਪ੍ਰਕਾਰ ਦੀਆਂ ਕੰਪਿਊਟਰੀ
ਭਾਸ਼ਾਵਾਂ ਬਾਰੇ ਸਿੱਖਦੇ ਹਨ। ਇਹ ਭਾਸ਼ਾਵਾਂ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਆਂ
ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਦੀਆਂ ਹਨ।
ਕਈ ਸਕੂਲਾਂ ਅਤੇ ਕਾਲਜਾਂ ਵਿੱਚ ਕੰਪਿਊਟਰ ਦੀ ਵਰਤੋਂ ਅਧਿਆਪਕ
ਦੀ ਤਰ੍ਹਾਂ ਪੜ੍ਹਾਉਣ ਲਈ ਕੀਤੀ ਜਾਂਦੀ ਹੈ। ਕੰਪਿਊਟਰ ਵਿੱਚ ਇਕ ਖਾਸ ਕਿਸਮ ਦੇ
ਪ੍ਰੋਗਰਾਮ ਦੀ ਮਦਦ ਨਾਲ ਪ੍ਰਸ਼ਨ ਭਰੇ ਜਾਂਦੇ ਹਨ। ਵਿਦਿਆਰਥੀ ਇਨ੍ਹਾਂ ਪ੍ਰਸ਼ਨਾਂ ਦੇ
ਉੱਤਰ ਦਿੰਦੇ ਹਨ। ਕੰਪਿਊਟਰ ਆਧਾਰਤ ਪ੍ਰੀਖਿਆ ਦੇ ਸਿਲਸਿਲੇ ਮਗਰੋਂ ਕੰਪਿਊਟਰ
ਵਿਦਿਆਰਥੀ ਨੂੰ ਨੰਬਰ-ਕਾਰਡ ਜਾਰੀ ਕਰਦਾ ਹੈ। ਇੰਟਰਨੈੱਟ 'ਤੇ ਦੇਸ਼-ਵਿਦੇਸ਼ ਦੇ ਵੱਖ
ਵੱਖ ਅਦਾਰਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਦੀਆਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ ਤੇ
ਯੋਗ ਉਮੀਦਵਾਰਾਂ ਪਾਸੋਂ ਬਾਇਓਡੈਟਾ ਅਤੇ ਵਿਦਿਅਕ ਪ੍ਰਮਾਣ-ਪੱਤਰ ਇੰਟਰਨੈੱਟ ਰਾਹੀਂ
ਮੰਗਵਾ ਲਏ ਜਾਂਦੇ ਹਨ। ਇੰਜ ਕਿਸੇ ਉਦਯੋਗਕ ਜਾਂ ਵਿਦਿਅਕ ਸ਼ਾਖਾ ਰਾਹੀਂ ਇੰਟਰਨੈੱਟ ਦੀ
ਮਦਦ ਨਾਲ ਦਫਤਰ ਵਿੱਚ ਆਪਣੇ ਕੰਪਿਊਟਰ ਸਾਹਮਣੇ ਬੈਠੇ ਹੀ ਯੋਗ ਉਮੀਦਵਾਰ ਦੀ ਚੋਣ ਕਰ
ਲਈ ਜਾਂਦੀ ਹੈ।
ਸਕੂਲਾਂ-ਕਾਲਜਾਂ ਵਿੱਚ ਕੰਪਿਊਟਰ ਦੇ ਆਗਮਨ ਕਾਰਨ ਅਧਿਆਪਕਾਂ
ਦਾ ਟੀਚਿੰਗ ਲੋਡ ਕਾਫੀ ਘੱਟ ਗਿਆ ਹੈ। ਹੁਣ ਅਧਿਆਪਕ ਫੁਰਸਤ ਦੇ ਪਲਾਂ ਨੂੰ ਪੇਪਰ
ਚੈੱਕ ਕਰਨ, ਯੋਜਨਾ ਬਣਾਉਣ ਅਤੇ ਵਿਦਿਆਰਥੀ ਗਤੀਵਿਧੀਆਂ ਦਾ ਅਗਾਊਂ ਪ੍ਰੋਗਰਾਮ ਬਣਾਉਣ
ਲਈ ਵਰਤ ਸਕਦੇ ਹਨ।
'ਕੈਰੀਅਰ ਗਾਇਡੈਂਸ' ਦੇਣ ਲਈ ਖਾਸ ਕਿਸਮ ਦੇ ਸਾਫਟ-ਵੇਅਰ ਅਤੇ
ਪੈਕੇਜ ਵਿਦਿਆਰਥੀਆਂ ਨੂੰ ਭਵਿੱਖ ਸਬੰਧੀ ਸਹੀ ਸੇਧ ਦਿੰਦੇ ਹਨ। ਕੰਪਿਊਟਰ ਦੀ ਸਕਰੀਨ
ਉਤੇ ਪ੍ਰਦਰਸ਼ਨ ਕਰਨ ਵਾਲੇ ਕੰਪਿਊਟਰੀ ਖਿਡੌਣੇ ਬਾਲਾਂ ਨੂੰ ਕੰਪਿਊਟਰ ਨਿਯੰਤਰਣ ਕਰਨ
ਅਤੇ ਸਿਖਾਉਣ ਵਿੱਚ ਮਦਦ ਕਰਦੇ ਹਨ। ਮਿਸਾਲ ਵਜੋਂ ਬੀ·ਬੀ·ਸੀ· ਬੁੱਗੀ ਨਾਮਕ ਖਿਡੌਣਾ
ਬਾਲਾਂ ਲਈ ਇਕ ਬਾਲ ਰੋਬਟ ਦਾ ਕੰਮ ਕਰਦਾ ਹੋਇਆ ਖੇਡ ਖੇਡ ਵਿੱਚ ਸਿੱਖਣ ਦੀ ਸੁਵਿਧਾ
ਪ੍ਰਦਾਨ ਕਰਦਾ ਹੈ।
ਵਿਗਿਆਨਕ ਖੋਜਾਂ
ਖੋਜ ਪ੍ਰਯੋਗਸ਼ਾਲਾਵਾਂ ਦੇ ਆਕਾਸ਼ ਵਿੱਚ ਕੰਪਿਊਟਰ ਇਕ ਧਰੁਵ
ਤਾਰੇ ਦੀ ਤਰ੍ਹਾਂ ਚਮਕ ਰਿਹਾ ਹੈ। ਅੰਕ ਵਿਗਿਆਨ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ
ਅੰਕ ਰਾਸ਼ੀਆਂ ਦੀ ਔਸਤ, ਮੱਧਮਾਨ, ਮੱਧ ਆਦਿ ਦੀ ਗਣਨਾ ਕਰਨ ਲਈ ਕੀਤੀ ਜਾਂਦੀ ਹੈ।
ਪਹਿਲਾਂ ਅਲੱਗ ਅਲੱਗ ਕੰਪਿਊਟਰੀ ਭਾਸ਼ਾਵਾਂ ਵਿੱਚ ਕਲਨ ਵਿਧੀਆਂ ਜਾਂ ਫਿਰ ਪ੍ਰਵਾਹ
ਸਚਿੱਤਰਾਂ ਦੇ ਰੂਪ ਵਿੱਚ ਪ੍ਰੋਗਰਾਮ ਲਿਖੇ ਜਾਂਦੇ ਹਨ ਤੇ ਫਿਰ ਇਨ੍ਹਾਂ ਪ੍ਰੋਗਰਾਮਾਂ
ਨੂੰ ਗਣਿਤਕ ਸਮੱਸਿਆਵਾਂ ਸੁਲਝਾਉਣ ਲਈ ਵਰਤਿਆ ਜਾਂਦਾ ਹੈ। ਅਜਿਹੇ ਕਈ ਖਾਸ ਕਿਸਮ ਦੇ
ਕੰਪਿਊਟਰ ਸਾਫਟ-ਵੇਅਰ ਅਤੇ ਪੈਕੇਜਾਂ ਦੀ ਵਰਤੋਂ ਭੌਤਿਕ ਵਿਗਿਆਨ, ਰਸਾਇਣਕ ਵਿਗਿਆਨ,
ਇੰਜੀਨੀਅਰਿੰਗ ਆਦਿ ਖੇਤਰਾਂ ਵਿੱਚ ਖੋਜ ਕੰਮਾਂ ਲਈ ਕੀਤੀ ਜਾਂਦੀ ਹੈ। ਆਉਣ ਵਾਲੇ
ਸਮੇਂ ਵਿੱਚ ਖੋਜ ਸਾਫਟ-ਵੇਅਰ ਦੀ ਵਰਤੋਂ ਵਧਣ ਨਾਲ ਖੋਜ ਕਾਰਜ ਹੋਰ ਭੱਖਣ ਦੀ ਉਮੀਦ
ਹੈ।
ਵਪਾਰਕ ਕੰਮਾਂ
ਬੈਂਕ, ਡਾਕਘਰਾਂ, ਸਰਕਾਰੀ ਅਤੇ ਗੈਰ-ਸਰਕਾਰੀ ਮਹਿਕਮਿਆਂ ਵਿੱਚ
ਕੰਪਿਊਟਰ ਦੁਆਰਾ ਕੀਤੇ ਜਾ ਰਹੇ ਕਲੈਰੀਕਲ ਕੰਮਾਂ ਬਾਰੇ ਅਸੀਂ ਸਭ ਭਲੀਭਾਂਤ ਜਾਣੂੰ
ਹਾਂ। ਅਜਿਹੇ ਕਈ ਦਫਤਰਾਂ ਵਿੱਚ ਪੰਚ ਕਾਰਡ, ਗਣਨਾਵਾਂ ਕਰਨ ਵਾਲੀਆਂ ਮਸ਼ੀਨਾਂ ਅਤੇ
ਹੋਰ ਕਈ ਪ੍ਰਕਾਰ ਦੀਆਂ ਵਿਸ਼ੇਸ਼ ਕਿਸਮ ਦੀਆਂ ਗਣਿਤਕ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ
ਹੈ। ਕਈ ਅਦਭੁੱਤ ਕੰਪਿਊਟਰੀ ਪੈਕੇਜਾਂ ਨੇ ਵਪਾਰ ਜਗਤ ਦੇ ਕੰਮਾਂ ਨੂੰ ਬਹੁਤ ਸੁਖਾਲਾ
ਬਣਾ ਦਿੱਤਾ ਹੈ। ਰਿਪੋਰਟਾਂ, ਬਿੱਲਾਂ, ਵਿਕਰੀ ਅਤੇ ਆਮਦਨ ਕਰਾਂ ਤੋਂ ਲੈ ਕੇ ਗਾਹਕਾਂ
ਅਤੇ ਫਰਮਾਂ ਦੇ ਨਾਂ, ਪਤੇ ਆਦਿ ਨੂੰ ਯਾਦ ਰੱਖਣਾ ਕੰਪਿਊਟਰ ਲਈ ਕੋਈ ਵੱਡੀ ਗੱਲ
ਨਹੀਂ।
|