einstein_100.jpg (4348 bytes)ਆਈਨਸਟਾਈਨ: ਇਕ ਦੰਤ-ਕਥਾ ਦਾ ਯਥਾਰਥ
- ਡਾ· ਕੁਲਦੀਪ ਸਿੰਘ ਧੀਰ
 

icon-pdf1gif.gif (1637 bytes)Download
pdf ਰੁਪਾਂਤਰ

ਆਈਨਸਟਾਈਨ ਬੀਤੀ ਸਦੀ ਦੀ ਦੰਤ-ਕਥਾ ਹੈ। ਮੈਨੂੰ ਉਸ ਦਾ ਨਾਂ ਲੈਂਦਿਆਂ ਹੀ ਦਵਿੰਦਰ ਸਤਿਆਰਥੀ ਚੇਤੇ ਆਉਣ ਲਗਦਾ ਹੈ ਅਤੇ ਨਾਲ ਹੀ ਨਿਰਮਲ ਅਰਪਨ। ਪੱਟੀ ਵਾਲਾ ਨਿਰਮਲ ਅਰਪਨ। ਸਤਿਆਰਥੀ: ਇਕ ਦੰਤ-ਕਥਾ ਵਾਲਾ ਨਿਰਮਲ ਅਰਪਨ। ਜਿੰਨੇ ਕਿਸੇ ਪੰਜਾਬੀ ਜਗਤ ਵਿਚ ਦਵਿੰਦਰ ਸਤਿਆਰਥੀ ਨਾਲ ਜੁੜੇ ਹੋਏ ਹਨ, ਉਸ ਤੋਂ ਵੀ ਵਧੇਰੇ ਆਈਨਸਟਾਈਨ ਦੇ ਵਿਚਿਤਰ ਵਿਅਕਤੀਤਵ ਨਾਲ ਜੁੜੇ ਹੋਏ ਹਨ। ਉਸ ਬਾਰੇ ਕਈ ਤੱਥਾਂ ਨੂੰ ਮਿਥਾਂ ਤੋਂ ਨਿਖੇੜਣ ਨਿਤਾਰਣ ਲਈ ਮੈਂ ਜਦੋਂ ਵਿਦਵਾਨਾਂ ਕੋਲੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਵਿਚੋਂ ਕਈਆਂ ਦਾ ਉਤਰ ਸੀ-ਆਈਨਸਟਾਈਨ ਬਾਰੇ ਪਤਾ ਹੀ ਨਹੀਂ ਲਗਦਾ ਕਿ ਸਚਾਈ ਕਿੱਥੇ ਮੁੱਕ ਜਾਂਦੀ ਹੈ ਤੇ ਮਿਥ ਕਿੱਥੋਂ ਸ਼ੁਰੂ ਹੋ ਜਾਂਦੀ ਹੈ।

albert1.jpg (10786 bytes)ਅਸਲ ਵਿਚ ਆਈਨਸਟਾਈਨ ਸੱਚਮੁਚ ਮਹਾਨ ਸ਼ਖਸੀਅਤ ਸੀ। ਨਿਰਛਲ, ਬੇਗਰਜ਼, ਸਿਆਣਾ, ਨੇਕੀ ਦਾ ਪੁਤਲਾ, ਅਮਨ ਦਾ ਪੁਜਾਰੀ, ਸਾਦਗੀ ਦੀ ਮੂਰਤ, ਸਿਰੜ੍ਹੀ ਵਿਗਿਆਨੀ, ਸਚਾਈ ਦਾ ਖੋਜੀ, ਬੇਪ੍ਰਵਾਹ, ਨਿਡਰ, ਫੱਕੜ ਦਰਵੇਸ਼। ਦੋ ਮਹਾਂ ਯੁੱਧਾਂ ਦੀ ਮਾਰ, ਤਕਨੀਕੀ ਤੇ ਵਿਗਿਆਨਕ ਤਰੱਕੀ ਨਾਲ ਪੈਦਾ ਹੋਈ ਨਵੀਂ ਸੰਸਕ੍ਰਿਤੀ ਦੀ ਚਕਾਚੌਂਧ ਨੇ ਆਮ ਆਦਮੀ ਨੂੰ ਬੀਤੀ ਸਦੀ ਵਿਚ ਇੰਨਾ ਮਧੋਲਿਆ ਲਿਤਾੜਿਆ ਤੇ ਜੜ੍ਹੋਂ ਉਖਾੜਿਆ ਸੀ ਕਿ ਲੋਕ ਕਿਸੇ ਐਸੀ ਸ਼ਖਸੀਅਤ ਦੀ ਤਾਲਾਸ਼ ਕਰਨ ਲੱਗੇ ਜਿਸ ਨੂੰ ਉਹ ਆਪਣਾ ਸਾਰਾ ਪਿਆਰ ਤੇ ਆਦਰ ਦੇ ਸਕਣ। ਮਸੀਹੇ ਵਾਂਗ ਪੂਜ ਸਕਣ। ਆਪਣੇ ਆਦਰਸ਼ਾਂ, ਉਮੰਗਾਂ ਦੀ ਪੂਰਤੀ ਉਸ ਵਿਚੋਂ ਹੁੰਦੀ ਪਛਾਣਨ। ਆਪਣੇ ਨਾਲੋਂ ਵੱਡਾ, ਵੱਖਰਾ, ਵਿਚਿਤਰ, ਫੱਕੜ ਦਰਵੇਸ਼, ਤੱਥ ਤੇ ਮਿਥ ਦਾ ਮਿਸ਼ਰਣ।

4dms.jpg (8418 bytes)ਅਚਾਨਕ ਜਿਵੇਂ ਬੱਦਲਾਂ ਵਿਚੋਂ ਬਿਜਲੀ ਲਿਸ਼ਕਦੀ ਹੈ, ਬੀਤੀ ਸਦੀ ਦੀ ਲੁਕਾਈ ਨੂੰ ਆਈਨਸਟਾਈਨ ਮਿਲਿਆ। ਪ੍ਰਤਿਭਾ, ਪ੍ਰਾਪਤੀ, ਦਰਵੇਸ਼ੀ ਵਾਲੀ ਚਮਤਕਾਰੀ ਸ਼ਖਸੀਅਤ। ਲੋਕਾਂ ਨੇ ਉਸ ਨੂੰ ਰੱਜਵਾਂ ਮਾਣ ਤੇ ਪਿਆਰ ਦਿੱਤਾ। ਉਸ ਨਾਲ ਮਿਥਾਂ ਜੁੜਣ ਲੱਗੀਆਂ। ਮਿਥਾਂ ਜੋ ਆਮ ਆਦਮੀ ਦੇ ਕਿਸੇ ਵੀ ਚਮਤਕਾਰੀ ਸ਼ਖਸੀਅਤ ਪ੍ਰਤੀ ਸੁੱਚੇ ਪਿਆਰ, ਆਦਰ, ਮੋਹ ਤੇ ਪੂਜਾ ਭਾਵੀ ਰਵੱਈਏ ਦਾ ਪ੍ਰਤੀਕ ਹਨ। ਇਸ ਪਿਆਰੀ ਸ਼ਖਸੀਅਤ ਬਾਰੇ ਕਰਨ ਵਾਲੀਆਂ ਗੱਲਾਂ ਇੰਨੀਆਂ ਜ਼ਿਆਦਾ ਹਨ ਤੇ ਏਨੀਆਂ ਪਿਆਰੀਆਂ ਕਿ ਸਮਝ ਨਹੀਂ ਆਉਂਦਾ ਗੱਲ ਕਿੱਥੋਂ ਸ਼ੁਰੂ ਕਰੀਏ। ਕੀ ਦੱਸੀਏ ਤੇ ਕੀ ਛੱਡੀਏ। ਉਸ ਦੇ ਸਾਪੇਖਤਾ ਸਿਧਾਂਤ ਦੀ ਗੱਲ ਕਰੀਏ ਤੇ ਦੇਖੀਏ ਕਿ ਉਸ ਦਾ ਵਿਸ਼ੇਸ਼ ਸਾਪੇਖਤਾ ਸਿਧਾਂਤ ਕੀ ਹੈ ਤੇ ਵਿਆਪਕ ਸਾਪੇਖਤਾ ਸਿਧਾਂਤ ਕੀ ਹੈ। ਇਹ ਤਾਂ ਆਪਣੇ ਆਪ ਵਿਚ ਖਾਸੇ ਤਕਨੀਕੀ ਤੇ ਉਲਝੇ ਹੋਏ ਸੰਕਲਪ ਹਨ। ਇਕ ਵਾਰ ਸਰ ਆਰਥਰ ਐਡਿੰਗਟਨ ਨੂੰ ਕਿਸੇ ਨੇ ਕਿਹਾ ''ਸਰ, ਅਸੀਂ ਸੁਣਿਆਂ ਹੈ ਕਿ ਆਈਨਸਟਾਈਨ ਦੀ ਥਿਊਰੀ ਆਫ ਰੈਲੇਟਿਵਟੀ ਨੂੰ ਪੂਰੀ ਤਰ੍ਹਾਂ ਕੇਵਲ ਤਿੰਨ ਬੰਦੇ ਹੀ ਸਮਝ ਸਕੇ ਹਨ।'' ਐਡਿੰਗਟਨ ਕੁਝ ਸੋਚਦਾ ਹੋਇਆ ਬੋਲਿਆ ''ਇਹ ਤੀਜਾ ਕੌਣ ਹੈ?''···ਚਲੋ ਕੁਝ ਨਾ ਕੁਝ ਅਸੀਂ ਵੀ ਸਮਝ ਸਮਝਾ ਲਵਾਂਗੇ, ਪਰ ਹਾਲੇ ਨਹੀਂ। ਹਾਲੇ ਤਾਂ ਇਹ ਨਹੀਂ ਨਿਰਣਾ ਹੋਇਆ ਕਿ ਉਸ ਦੀ ਪਦਾਰਥ ਊਰਜਾ ਸਮੀਕਰਣ ਦੀ ਗੱਲ ਛੇੜੀਏ, ਸਮੇਂ ਦੇ ਸੰਕਲਪ ਦੀ ਜਾਂ ਚਾਰ ਦਿਸ਼ਾਵਾਂ (ਡਾਈਮੈਨਸ਼ਨਜ਼) ਦੀ। ਨੋਬਲ ਪ੍ਰਾਈਜ਼ ਨਾਲ ਸਨਮਾਨੇ ਗਏ ਫੋਟੋਇਲੈਕਟ੍ਰਿਕ ਪ੍ਰਭਾਵ ਬਾਰੇ ਉਸ ਦੇ ਕੰਮ ਦੀ ਜਾਂ ਯੂਨੀਫਾਈਡ ਥਿਊਰੀ ਉੱਤੇ ਉਸ ਦੁਆਰਾ ਲਾਏ ਤਿੰਨ ਦਹਾਕਿਆਂ ਦੀ ਮਿਹਨਤ ਦੀ। ਰੂਜ਼ਵੈਲਟ ਨੂੰ ਹਿਟਲਰ ਦੇ ਮੁਕਾਬਲੇ ਲਈ ਬੰਬ ਤਿਆਰ ਕਰਨ ਲਈ ਉਦਮ ਦੇਣ ਵਾਲੇ ਉਸ ਦੇ ਪੱਤਰ ਦੀ ਜਾਂ ਸੰਸਾਰ ਅਮਨ ਲਈ ਉਸ ਦੇ ਯਤਨਾਂ ਦੀ। ਨੀਲਜ਼ ਬੋਹਰ ਨਾਲ ਉਸ ਦੇ ਸੰਵਾਦ ਦੀ ਜਾਂ ਪਲੈਂਕ, ਨਰਨਸਟ, ਓਪਨਹਾਈਮਰ, ਐਡਿੰਗਟਨ, ਫਰਮੀ ਆਦਿ ਨਾਲ ਉਸ ਦੇ ਸਬੰਧਾਂ ਦੀ। ਉਸ ਦੀ ਉਦਾਸੀ ਤੇ ਸੋਚ ਦੇ ਛਿਣਾਂ ਵਿਚ ਉਸ ਦਾ ਸਾਥ ਦੇਣ ਵਾਲੀ ਵਾਇਲਨ ਦੀ ਜਾਂ ਉਸ ਦੀ ਫੱਕੜ ਦਰਵੇਸ਼ੀ ਦੀ···।

ਐ ਇਕਬਾਲ ਕਹਾਂ ਸੇ ਸੀਖੀ ਹੈ ਤੂ ਨੇ ਯੇ ਦਰਵੇਸ਼ੀ
ਕਿ ਚਰਚੇ ਬਾਦਸ਼ਾਹੋਂ ਮੇਂ ਹੈਂ ਤੇਰੀ ਬੇਨਿਆਜ਼ੀ ਕੇ।

ਕੁਝ ਵੀ ਹੋਵੇ ਜੇ ਆਈਨਸਟਾਈਨ ਨਾ ਹੁੰਦਾ ਤਾਂ ਵੀਹਵੀਂ ਸਦੀ ਦਾ ਭੌਤਿਕ ਵਿਗਿਆਨ ਕੁਝ ਹੋਰ ਹੀ ਹੁੰਦਾ। ਇਹ ਗੱਲ ਤੁਸੀਂ ਵੀਹਵੀਂ ਸਦੀ ਦੇ ਕਿਸੇ ਵੀ ਹੋਰ ਵਿਗਿਆਨੀ ਬਾਰੇ ਨਹੀਂ ਕਹਿ ਸਕਦੇ। ਨਾ ਨੀਲਜ਼ ਬੋਹਰ ਬਾਰੇ, ਨਾ ਰੁਦਰਫੋਰਡ ਬਾਰੇ। ਇਹ ਮੈਂ ਨਹੀਂ ਕਹਿੰਦਾ, ਵੀਹਵੀਂ ਸਦੀ ਦੇ ਸਾਰੇ ਸਿਧਾਂਤਕ ਭੌਤਿਕ ਵਿਗਿਆਨੀ ਕਹਿੰਦੇ ਹਨ।

ਤੀਹ ਵਰ੍ਹੇ ਦੀ ਉਮਰ ਤੱਕ ਉਹ ਆਪਣੇ ਸਮੇਂ ਦੇ ਸਭ ਤੋਂ ਵੱਡੇ ਭੌਤਿਕ ਵਿਗਿਆਨੀ ਵਜੋਂ ਸਥਾਪਤ ਹੋ ਚੁੱਕਾ ਸੀ। ਨਿਊਟਨ ਦੇ ਬਰਾਬਰ। ਉਸ ਦਾ ਇਹ ਰੁਤਬਾ ਅੱਜ ਵੀ ਬਰਕਰਾਰ ਹੈ। ਭੌਤਿਕ ਵਿਗਿਆਨ ਉਸ ਨੇ ਛੱਡਿਆ ਫਿਰ ਵੀ ਨਹੀਂ। ਪੂਰੀ ਦ੍ਰਿੜ੍ਹਤਾ, ਸਿਰੜ੍ਹ ਤੇ ਲਗਨ ਨਾਲ ਉਹ 76 ਸਾਲ ਦੀ ਉਮਰ ਵਿਚ ਆਪਣੀ ਮੌਤ ਤੱਕ ਭੌਤਿਕ ਵਿਗਿਆਨ ਨੂੰ ਸਮਰਪਿਤ ਰਿਹਾ। ਇਹ ਵੱਖਰੀ ਗੱਲ ਹੈ ਕਿ ਉਸ ਦੇ ਹਮਸਫਰ ਬਹੁਤੇ ਵਿਗਿਆਨੀ ਉਦੋਂ ਵੀ ਤੇ ਹੁਣ ਵੀ ਸੋਚਦੇ ਹਨ ਕਿ ਉਸ ਨੇ ਆਪਣੀ ਉਮਰ ਦਾ ਇਹ ਪਿਛਲੇਰਾ ਅੱਧ ਐਵੇਂ ਮ੍ਰਿਗਤ੍ਰਿਸ਼ਨਾ ਵਿਚ ਹੀ ਬਰਬਾਦ ਕਰ ਦਿੱਤਾ। ਉਹ ਭਾਵੇਂ ਮੂਲ ਭੌਤਿਕ ਬਲਾਂ ਦੇ ਸਾਂਝੇ ਸਿਧਾਂਤ ਦੀ ਤਲਾਸ਼ ਵਿਚ ਅਸਫਲ ਰਿਹਾ ਪਰ ਤਰਕ, ਸ਼ਾਂਤੀ ਤੇ ਉਦਾਰ ਵਿਗਿਆਨ ਦਾ ਉਹ ਮਸੀਹਾ ਬਣਿਆ। ਯਹੂਦੀਆਂ ਨੇ ਉਸ ਨੂੰ ਆਪਣਾ ਰਾਸ਼ਟਰਪਤੀ ਬਣਨ ਦੀ ਪੇਸ਼ਕਸ਼ ਵੀ ਕੀਤੀ - ਵਿਜ਼ਮੈਨ ਤੋਂ ਬਾਦ। ਉਸ ਨੇ ਨਿਮਰਤਾ ਨਾਲ ਇਹ ਪੇਸ਼ਕਸ਼ ਰੱਦ ਕਰ ਦਿਤੀ "ਮੈਂ ਇਸ ਦੇ ਯੋਗ ਨਹੀਂ" ਕਹਿ ਕੇ। "ਮੈਂ ਤਾਂ ਵਿਗਿਆਨ ਦੇ ਖੇਤਰ ਵਿਚ ਰੁੱਝਾ ਹੋਇਆ ਹਾਂ।" ਹਰ ਪਰਕਾਰ ਦੇ ਵੱਖਵਾਦ, ਕੌਮ ਪ੍ਰਸਤੀ ਜਾਂ ਰਾਸ਼ਟਰਵਾਦ ਤੋਂ ਉਸ ਨੂੰ ਨਫਰਤ ਸੀ। ਇਸ ਲਈ ਜੇ ਉਹ ਨਾਜ਼ੀਵਾਦ ਤੋਂ ਭੱਜਿਆ ਤਾਂ ਯਹੂਦੀ ਭਾਈਚਾਰੇ ਤੋਂ ਵੀ ਕਿਨਾਰਾਕਸ਼ੀ ਕਰ ਗਿਆ।

ਫਿਰ ਉਸ ਦੀ ਨੌਕਰੀ ਪੈਟੈਂਟ ਆਫਿਸ ਵਿਚ ਲਗੀ। ਪੇਟੈਂਟ ਆਫਿਸ ਵਿਚ ਨਵੀਆਂ ਕਾਢਾਂ, ਨਵੀਆਂ ਜੁਗਤਾਂ ਦੇ ਪੇਟੈਂਟ ਵਾਸਤੇ ਆਈਆਂ ਅਰਜ਼ੀਆਂ ਨੂੰ ਘੋਖ ਕੇ ਉਨ੍ਹਾਂ ਵਿਚੋਂ ਕੱਚ ਸੱਚ ਨਿਖੇੜ ਕੇ ਯੋਗ ਪੇਟੈਂਟਾਂ ਲਈ ਮੁੱਢਲੀ ਛਾਣ-ਬੀਣ ਐਲਬਰਟ ਦੇ ਜ਼ਿੰਮੇ ਸੀ। ਉਹ ਆਪਣੀ ਤਿੱਖੀ ਵਿਵਹਾਰਿਕ ਸੂਝ ਨਾਲ ਰੋਜ਼ ਦਾ ਕੰਮ ਕੁਝ ਹੀ ਸਮੇਂ ਵਿਚ ਮੁਕਾ ਕੇ ਬਾਕੀ ਸਮੇਂ ਵਿਚ ਗਣਿਤ ਤੇ ਭੌਤਿਕ ਵਿਗਿਆਨ ਦੀਆਂ ਸਮੀਕਰਨਾਂ ਵਿਚ ਗਵਾਚਾ ਰਹਿੰਦਾ। ਜਦੋਂ ਕੋਈ ਆਉਂਦਾ ਤਾਂ ਉਹ ਆਪਣੇ ਕਾਗਜ਼ ਬੇਪ੍ਰਵਾਹੀ ਨਾਲ ਦਰਾਜ਼ ਵਿਚ ਰੱਖ ਦਿੰਦਾ।···ਇਧਰ ਕੰਮ ਮਿਲਿਆ ਤੇ ਉਧਰ ਉਸ ਦਾ ਮੇਲ ਜੋਲ ਆਪਣੀ ਜਮਾਤਨ ਮਿਲਵਾ ਮੈਰਿਕ ਨਾਲ ਵਧਣ ਲੱਗਾ। ਉਸ ਨੂੰ ਮਿਲਵਾ ਸ਼ੁਰੂ ਤੋਂ ਚੰਗੀ ਲੱਗਦੀ ਸੀ ਤੇ ਮਿਲਵਾ ਨੂੰ ਉਹ ਵੀ। ਪਰ ਵਿਆਹ ਦੇ ਮਾਮਲੇ ਵਿਚ ਉਹ ਅੱਗੇ ਵਧਣ ਨੂੰ ਤਿਆਰ ਨਹੀਂ ਸੀ।

milva-albert1.jpg (6820 bytes)ਇਕ ਦਿਨ ਐਲਬਰਟ ਨੇ ਮਿਲਵਾ ਨੂੰ ਕਿਹਾ, ''ਕੀ ਤੂੰ ਕਦੇ ਸੋਚਿਆ ਹੈ ਕਿ ਨਿਊਟਨ ਜਿਨ੍ਹਾਂ ਨਤੀਜਿਆਂ ਉੱਤੇ ਪਹੁੰਚਿਆ ਹੈ, ਉਨ੍ਹਾਂ ਵਿਚੋਂ ਕੁਝ ਗਲਤ ਵੀ ਹੋ ਸਕਦੇ ਨੇ। ਜਿਨ੍ਹਾਂ ਗੱਲਾਂ ਨੂੰ ਸਿਧਾਂਤ ਕਹਿੰਦਾ ਹੈ, ਉਨ੍ਹਾਂ ਬਾਰੇ ਉਹ ਸਬੂਤ ਨਹੀਂ ਦਿੰਦਾ। ਕੁਝ ਸ਼ਕਤੀਆਂ ਅਜਿਹੀਆਂ ਵੀ ਹੋ ਸਕਦੀਆਂ ਹਨ ਜਿਨ੍ਹਾਂ ਬਾਰੇ ਨਿਊਟਨ ਨੂੰ ਕੁਝ ਪਤਾ ਨਾ ਹੋਵੇ।''···ਉਹ ਕਿੰਨੀ ਦੇਰ ਬੋਲੀ ਗਿਆ। ਆਖਰ ਮਿਲਵਾ ਨੇ ਉਸ ਨੂੰ ਟੋਕਦੇ ਹੋਏ ਕਿਹਾ-ਤੁਸੀਂ ਗਣਿਤ ਜਾਂ ਭੌਤਿਕ ਵਿਗਿਆਨ ਦੇ ਕਿਸੇ ਸਿਧਾਂਤ ਜਾਂ ਨੇਮ ਨੂੰ ਉਂਜ ਦਾ ਉਂਜ ਮੰਨਣ ਦੀ ਥਾਂ ਕਿੰਤੂ ਪ੍ਰੰਤੂ ਕਰਨ ਲਗਦੇ ਹੋ। ਪੁੱਛਣ ਲਗਦੇ ਹੋ ਇੰਜ ਕਿਵੇਂ ਹੋ ਸਕਦਾ ਹੈ। ਜਿਵੇਂ ਕਿਸੇ ਵਿਸ਼ੇ ਉੱਤੇ ਅੱਗੇ ਕਦੇ ਕਿਸੇ ਨੇ ਕੁਝ ਕਿਹਾ ਹੀ ਨਾ ਹੋਵੇ।''···ਇੰਜ ਹੀ ਇਕ ਦਿਨ ਉਸ ਮਿਲਵਾ ਨੂੰ ਸਿੱਧਾ ਹੀ ਵਿਆਹ ਬਾਰੇ ਪੁੱਛ ਲਿਆ। ''ਸ਼ਾਇਦ ਮੈਂ ਸ਼ਾਦੀ ਕਰਾਂ ਹੀ ਨਾ। ਮੈਂ ਸਮਝਦੀ ਹਾਂ ਕਿ ਮਰਦਾਂ ਵਾਂਗ ਇਸਤਰੀਆਂ ਨੂੰ ਵੀ ਕੁਝ ਖਾਸ ਤੇ ਠੋਸ ਕਰਨਾ ਚਾਹੀਦਾ ਹੈ।'' ਮਿਲਵਾ ਨੇ ਆਖਿਆ। ਫਿਰ ਤਾਂ ਤੂੰ ਇਸ ਗੱਲ ਨਾਲ ਸਹਿਮਤ ਨਹੀਂ ਹੋਵੇਂਗੀ ਕਿ ਇਸਤਰੀਆਂ ਦਾ ਜੀਵਨ ਰਸੋਈ ਘਰ, ਗਿਰਜਾ, ਬੱਚੇ ਤੇ ਪਰਿਵਾਰ ਹੈ।'' ਐਲਬਰਟ ਨੇ ਉਸ ਨੂੰ ਰਤਾ ਕੁ ਛੇੜਨ ਦੇ ਇਰਾਦੇ ਨਾਲ ਕਿਹਾ। ''ਬਿਲਕੁਲ ਨਹੀਂ, ਮੈਂ ਸਮਝਦੀ ਹਾਂ ਕਿ ਮੈਂ ਵੀ ਉਨੀ ਚੰਗੀ ਭੌਤਿਕ ਵਿਗਿਆਨੀ ਬਣ ਸਕਦੀ ਹਾਂ, ਜਿੰਨਾ ਮੇਰਾ ਕੋਈ ਹੋਰ ਜਮਾਤੀ।'' ਉਹ ਬੋਲੀ। ''ਉਨੀ ਚੰਗੀ ਨਹੀਂ ਸਗੋਂ ਬਹੁਤਿਆਂ ਨਾਲੋਂ ਚੰਗੀ।'' ਐਲਬਰਟ ਨੇ ਉਸ ਨੂੰ ਠੰਢਾ ਕੀਤਾ। ਕਹਿਣ ਨੂੰ ਤਾਂ ਉਹ ਕਹਿ ਗਿਆ, ਪਰ ਦਿਲੋਂ ਉਹ ਇਹੀ ਚਾਹੁੰਦਾ ਸੀ ਕਿ ਮਿਲਵਾ ਸਿਰਫ ਉਸ ਲਈ ਜੀਏ। ਉਹ ਆਪਣੀ ਹਰ ਦੁਨੀਆਵੀ ਤੇ ਪਰਿਵਾਰਕ ਤੇ ਸਮਾਜਕ ਜ਼ਿੰਮੇਵਾਰੀ ਉਸ ਉੱਤੇ ਸੁੱਟ ਕੇ ਨਿਸਚਿੰਤ ਹੋ ਸਕੇ। ਸਪਸ਼ਟ ਹੀ ਦੋਹਾਂ ਦੀ ਸੋਚਣੀ ਵਿਚ ਅੰਤਰ ਸੀ। ਇਸ ਦੇ ਬਾਵਜੂਦ ਜਦੋਂ ਉਸ ਨੂੰ ਸਵਿਸ ਨਾਗਰਿਕਤਾ ਤੇ ਨੌਕਰੀ ਪ੍ਰਾਪਤ ਹੋ ਗਈ 1903 ਵਿਚ ਉਸ ਦੀ ਸ਼ਾਦੀ ਹੋ ਗਈ। ਸ਼ਾਇਦ ਐਲਬਰਟ ਨੇ ਮਿਲਵਾ ਨੂੰ ਇੰਨਾ ਕੁ ਮੰਨਾ ਲਿਆ ਕਿ ਭੌਤਿਕ ਵਿਗਿਆਨ ਵਿਚ ਭਵਿੱਖ ਬਣਾਉਣ ਦੀ ਥਾਂ ਹਾਲ ਦੀ ਘੜੀ ਉਹ ਵਿਆਹ ਕਰ ਲਵੇ।''

ਦਫਤਰ ਦੇ ਨੇੜੇ ਨਵੇਂ ਵਿਆਹੇ ਜੋੜੇ ਨੇ ਉਪਰਲੀ ਮੰਜ਼ਲੇ ਇਕ ਛੋਟਾ ਜਿਹਾ ਫਲੈਟ ਲੈ ਲਿਆ ਤੇ ਲਿਆ ਵੀ ਐਸੀ ਥਾਂ ਜਿਥੋਂ ਬਰਫਾਂ ਲੱਦੇ ਐਲਪਸ ਦੀਆਂ ਚੋਟੀਆਂ ਦੇ ਦੀਦਾਰ ਉਨ੍ਹਾਂ ਨੂੰ ਅਕਸਰ ਹੀ ਹੁੰਦੇ। ਥੋੜ੍ਹੇ ਜਿਹੇ ਫਰਨੀਚਰ ਨਾਲ ਹੀ ਉਨ੍ਹਾਂ ਗਰੀਬੀ ਦਾਅਵੇ ਵਾਲਾ ਆਪਣਾ ਘਰ ਸਜਾ ਲਿਆ। ਮਿਲਵਾ ਘਰ ਦੀ ਸੰਭਾਲ ਵੀ ਬੜੀ ਸੁਚੱਜਤਾ ਨਾਲ ਕਰਦੀ, ਖਾਣੇ ਵੀ ਬੜੇ ਸੁਆਦ ਬਣਾਂਦੀ ਤੇ ਭੌਤਿਕ ਵਿਗਿਆਨ ਬਾਰੇ ਐਲਬਰਟ ਨਾਲ ਬੜੇ ਚਾਅ ਨਾਲ ਗੱਲਾਂ ਕਰਦੀ। ਦਿਨੋ ਦਿਨ ਐਲਬਰਟ ਆਪਣੀਆਂ ਜ਼ਿੰਮੇਵਾਰੀਆਂ ਉਸ ਉੱਤੇ ਹੋਰ ਵੀ ਸੁੱਟਦਾ ਗਿਆ ਤੇ ਆਪ ਆਪਣੀ ਹੀ ਦੁਨੀਆਂ ਵਿਚ ਗਵਾਚਦਾ ਗਿਆ। ਇਸ ਦੌਰਾਨ ਉਸ ਦੇ ਘਰ ਬੇਟੇ ਐਲਬਰਟ ਹੰਸ ਦਾ ਜਨਮ ਹੋ ਗਿਆ ਤੇ ਮਿਲਵਾ ਹੋਰ ਜ਼ਿਆਦਾ ਘਰੇਲੂ ਕੰਮਾਂ ਵਿਚ ਉਲਝ ਗਈ।···ਤੇ ਐਲਬਰਟ ਆਪਣੀ ਕਲਪਨਾ ਦੀ ਦੁਨੀਆਂ ਵਿਚ। ਹਰ ਵੇਲੇ ਸੋਚਾਂ ਵਿਚ ਡੁੱਬੇ ਐਲਬਰਟ ਨੇ ਉਤੋ-ੜਿੱਤੀ ਚਾਰ ਖੋਜ ਪੱਤਰ ਲਿਖੇ ਜੋ ਉਸ ਨੇ ਐਨਾਲੇਨ ਡੈਰ ਫਿਜ਼ੀਕ (ਐਨਲਜ਼ ਆਫ ਫਿਜ਼ਿਕਸ) ਵਿਚ ਛਪਣ ਲਈ ਭੇਜੇ। ਚਾਰੇ ਅਸਲੋਂ ਵੱਖ ਵੱਖ ਵਿਸ਼ਿਆਂ ਉੱਤੇ। ਇਨ੍ਹਾਂ ਵਿਚੋਂ ਤਿੰਨ ਭੌਤਿਕ ਵਿਗਿਆਨ ਦੇ ਇਤਿਹਾਸ ਵਿਚ ਸਭ ਤੋਂ ਮਹੱਤਵਪੂਰਨ ਸਨ। ਪਹਿਲਾ-ਅਤਿ ਸਾਦਾ। ਫੋਟੋਇਲੈਕਟ੍ਰਿਕ ਪ੍ਰਭਾਵ ਦੀ ਕੁਆਂਟਮ ਵਿਆਖਿਆ। ਇਸੇ ਉੱਤੇ ਸੋਲਾਂ ਸਾਲ ਪਿੱਛੋਂ ਉਸ ਨੂੰ ਨੋਬਲ ਪ੍ਰਾਈਜ਼ ਮਿਲਿਆ। ਦੂਜਾ ਦ੍ਰਵ ਵਿਚ ਖਿਲਰੇ ਕਣਾਂ ਦੀ ਦੇਖਣ ਨੂੰ ਉਘੜ-ਦੁਘੜੀ ਤੇ ਗਲਤ-ਮਲਤ ਜਾਪਦੀ ਬਰਾਊਨੀਅਨ ਗਤੀ।

emc2.jpg (19596 bytes)ਆਈਨਸਟਾਈਨ ਨੇ ਦੱਸਿਆ ਕਿ ਇਹ ਬਰਾਊਨੀਅਨ ਗਤੀ ਵੀ ਇਕ ਸਪਸ਼ਟ ਸਟੈਟਿਸਟੀਕਲ ਨੇਮ ਅਨੁਸਾਰ ਹੁੰਦੀ ਹੈ। ਤੀਜਾ ਖੋਜ ਪੱਤਰ ਵਿਸ਼ੇਸ਼ ਸਾਪੇਖਤਾ ਸਿਧਾਂਤ ਸੀ ਜਿਸ ਵਿਚ ਉਸ ਨੇ ਅਛੋਪਲੇ ਹੀ ਦੇਸ਼, ਕਾਲ ਤੇ ਪਦਾਰਥ ਨੂੰ ਇਕ ਮੂਲ ਇਕਾਈ ਵਜੋਂ ਸੰਗਠਿਤ ਕਰ ਦਿੱਤਾ। ਗਤੀਮਾਨ ਵਸਤਾਂ ਦੀ ਇਲੈਕਟਰੋ ਡਾਇਨੈਮਿਕਸ ਇਸ ਦੀ ਵਿਸ਼ੇਸ਼ਤਾ ਦਾ ਆਧਾਰ ਇਹ ਹੈ ਕਿ ਇਹ ਕੇਵਲ ਸਥਿਰ ਫਰੇਮਜ਼ ਆਫ ਰੈਫਰੈਂਸ ਤੱਕ ਸੀਮਤ ਹੈ ਤੇ ਜਾਂ ਇਕਸਾਰ ਸਾਪੇਖ ਵੇਗ ਵਾਲੇ ਫਰੇਮਜ਼ ਤੱਕ। ਆਈਨਸਟਾਈਨ ਨੇ ਦੱਸਿਆ ਕਿ ਪ੍ਰਕ੍ਰਿਤਕ ਨੇਮ ਇਹੋ ਜਿਹੇ ਸਾਰੇ ਫਰੇਮਜ਼ ਵਿਚ ਇਕੋ ਤਰ੍ਹਾਂ ਲਾਗੂ ਹੁੰਦੇ ਹਨ। ਇਸ ਨਾਲ ਹੀ ਪ੍ਰਕਾਸ਼ ਦੇ ਸਥਿਰ ਵੇਗ, ਇਸ ਉੱਤੇ ਸਾਪੇਖ ਵੇਗਾਂ ਦੇ ਸਾਧਾਰਨ ਸੂਤਰ ਨਾ ਲਾਗੂ ਹੋਣ ਦੀ ਸਚਾਈ ਅਤੇ ਅਤਿ ਉਚੇ ਵੇਗਾਂ ਉੱਤੇ ਸਮੇਂ, ਲੰਬਾਈ ਤੇ ਪੁੰਜ (ਭਾਰ) ਵਿਚ ਆਉਣ ਵਾਲੇ ਪਰਿਵਰਤਨਾਂ ਲਈ ਸਪਸ਼ਟ ਵਿਆਖਿਆ ਸਾਹਮਣੇ ਆਈ। ਅਤਿ ਉੱਚੇ ਵੇਗ ਉੱਤੇ ਸਮੇਂ ਦੀ ਚਾਲ ਮੱਠੀ ਪੈਂਦੀ ਹੈ। ਵੇਗ ਦੀ ਦਿਸ਼ਾ ਵਿਚ ਵੇਗ ਵਾਲੀ ਸ਼ੈਅ ਦੀ ਲੰਬਾਈ ਘਟਦੀ ਹੈ। ਉਹ ਸੁੰਗੜਦੀ ਜਾਂਦੀ ਹੈ। ਉਸ ਦਾ ਪੁੰਜ ਵਧਦਾ ਜਾਂਦਾ ਹੈ। ਅੰਤ ਪ੍ਰਕਾਸ਼ ਦੇ ਵੇਗ ਉੱਤੇ ਸਮਾਂ ਰੁਕ ਜਾਂਦਾ ਪ੍ਰਤੀਤ ਹੁੰਦਾ ਹੈ, ਪੁੰਜ ਅਨੰਤ ਪ੍ਰਤੀਤ ਹੁੰਦਾ ਹੈ ਤੇ ਲੰਬਾਈ ਦੀ ਹੋਂਦ ਹੀ ਸਮਾਪਤ ਹੋ ਗਈ ਜਾਪਦੀ ਹੈ। ਚੌਥੇ ਪੱਤਰ ਵਿਚ ਉਸ ਨੇ ਪਦਾਰਥ ਊਰਜਾ ਸਮੀਕਰਣ ਪੇਸ਼ ਕੀਤੀ ਜੋ 'ਈ' ਬਰਾਬਰ ਹੈ 'ਐਮ' 'ਸੀ' ਸੁਕੇਅਰ ਦੇ ਰੂਪ ਵਿਚ ਪ੍ਰਸਿੱਧ ਹੈ। ਈ, ਐਮ, ਤੇ ਸੀ ਵਿਗਿਆਨਕ ਸੰਕੇਤ ਹਨ ਜੋ ਕ੍ਰਮਵਾਰ ਉਰਜਾ, ਪਦਾਰਥ ਪੁੰਜ (ਭਾਰ) ਤੇ ਪ੍ਰਕਾਸ਼ ਦੇ ਵੇਗ ਨੂੰ ਪ੍ਰਗਟ ਕਰਦੇ ਹਨ।

ਸਵਿਸ ਫੈਡਰਲ ਪੇਟੈਂਟ ਆਫਿਸ ਦਾ ਸਾਧਾਰਨ ਕਲਰਕ। ਇਕੋ ਵਰ੍ਹੇ ਵਿਚ ਅਜਿਹੇ ਚਾਰ ਖੋਜ ਪੱਤਰ। ਐਨਾਲੇਨ ਡੈਰ ਫਿਜ਼ੀਕ ਦਾ ਅੰਕ 17 ਜਿਸ ਵਿਚ ਇਹ ਤਿੰਨ ਪੇਪਰ ਛਪੇ ਅੱਜ ਕੱਲ੍ਹ ਮੁਲਵਾਨ ਐਂਟੀਕ ਹੈ ਜਿਸ ਦੀ ਕਾਪੀ ਸੈਂਕੜੇ ਹੀ ਕਿਉਂ ਕਈ ਵਾਰ ਹਜ਼ਾਰ ਡਾਲਰਾਂ ਵਿਚ ਵਿਕ ਜਾਂਦੀ ਹੈ। ਚੌਥਾ ਪੇਪਰ ਇਸ ਜਰਨਲ ਦੇ ਅੰਕ 18 ਵਿੱਚ ਛਪਿਆ। ਉਹ ਇਕ ਦਮ ਵਿਗਿਆਨ ਜਗਤ ਵਿਚ ਛਾ ਗਿਆ। ਪੋਲੈਂਡ ਦੀ ਕਰਾਕੋ ਯੂਨੀਵਰਸਿਟੀ ਦੇ ਵਿਟਕੋ- ਵਸਕੀ ਨੇ ਕਿਹਾ- ਇਕ ਨਵਾਂ ਕਾਪਰਨੀਕਸ ਜੰਮ ਪਿਆ ਹੈ। ਮੈਕਸ ਪਲੈਂਕ ਨੇ ਆਪ ਉਸ ਨੂੰ ਵਧਾਈ ਦੀ ਚਿੱਠੀ ਬਰਲਿਨ ਤੋਂ ਲਿਖੀ। ਜਰਮਨੀ ਦਾ ਉਸ ਸਮੇਂ ਦਾ ਵਿਗਿਆਨੀ ਮੈਕਸ ਫਾਨ ਲਾਓ ਆਪ ਬਰਲਿਨ ਤੋਂ ਉਚੇਚਾ ਉਸ ਨੂੰ ਮਿਲਣ ਬਰਨ ਆਇਆ ਅਤੇ ਇਹ ਵੇਖ ਕੇ ਹੈਰਾਨ ਹੋ ਗਿਆ ਕਿ ਇਨ੍ਹਾਂ ਪੇਪਰਾਂ ਦਾ ਲੇਖਕ ਕੇਵਲ ਛੱਬੀ ਵਰ੍ਹੇ ਦਾ ਐਲਬਰਟ ਹੈ।

1900 ਵਿਚ ਪਿਤਾ ਦੀ ਮੌਤ, 1902 ਵਿਚ ਫੈਡਰਲ ਆਫਿਸ ਵਿਚ ਕਲਰਕ ਵਜੋਂ ਨਿਯੁਕਤੀ, ਜਨਵਰੀ 1903 ਵਿਚ ਵਿਆਹ ਤੇ 1905 ਵਿਚ ਵਿਗਿਆਨ ਦੇ ਜਗਤ ਵਿਚ ਹਲਚਲ। ਬਰਨ ਦੇ ਕਲਾਕ ਟਾਵਰ ਤੋਂ ਕੋਈ 100 ਕੁ ਗਜ਼ ਦੀ ਵਿਥ ਉੱਤੇ ਉਨ੍ਹਾਂ ਵੇਲਿਆਂ ਦੇ ਇਕ ਸਾਧਾਰਨ ਘਰ ਉੱਤੇ ਅੱਜ ਇਕ ਪਲੇਟ ਹੈ, ''ਇਹ ਹੈ, ਉਹ ਥਾਂ ਜਿਥੇ 1903 ਤੋਂ 1905 ਦਰਮਿਆਨ ਆਈਨਸਟਾਈਨ ਨੇ ਥੀਊਰੀ ਆਫ ਰੈਲੇਟਿਵਟੀ ਦਾ ਆਪਣਾ ਕੰਮ ਨੇਪਰੇ ਚਾੜ੍ਹਿਆ।'' ਵਿਆਹ ਤੋਂ ਲੈ ਕੇ ਇਹ ਸਾਰਾ ਸਮਾਂ ਕੌਣ ਜਾਣਦਾ ਸੀ ਉਸ ਨੂੰ। ਸ਼ਾਇਦ ਕੋਈ ਵੀ ਨਹੀਂ। ਨਾ ਉਸ ਨੂੰ, ਨਾ ਮਿਲਵਾ ਨੂੰ। ਉਨ੍ਹਾਂ ਦੀ ਚੁੱਪ-ਚਾਪ ਹੋਈ ਸਾਦਾ ਜਿਹੀ ਸ਼ਾਦੀ ਦੇ ਦੋ ਹੀ ਗਵਾਹ ਸਨ। ਉਲੰਪਿਆ ਅਕੈਡਮੀ ਦੇ ਮਾਰਿਸ ਸਾਲਵੀਨ ਤੇ ਕਾਨਰਡ ਹੈਥਿਸ਼। ਕੋਈ ਹਨੀਮੂਨ ਨਹੀਂ। ਇਕ ਲੋਕਲ ਰੈਸਟੋਰੈਂਟ ਵਿਚ ਵਿਆਹ ਦੀ ਖੁਸ਼ੀ ਵਿਚ ਸਾਧਾਰਨ ਖਾਣਾ ਤੇ ਕਲਾਕ ਟਾਵਰ ਸਾਹਮਣੇ ਘਰ ਵਿਚ ਵਾਪਸੀ। ਘਰ ਆਇਆ ਤਾਂ ਆਪਣੇ ਘਰ ਦੀ ਚਾਬੀ ਵੀ ਆਈਨਸਟਾਈਨ ਕਿਤੇ ਭੁੱਲ ਆਇਆ ਸੀ। ਐਸਾ ਭੁਲੱਕੜ ਸੀ ਉਹ···। ਪਰ ਉਹ ਭੁਲੱਕੜ ਸੀ ਤਾਂ ਉਨ੍ਹਾਂ ਗੱਲਾਂ ਬਾਰੇ ਜੋ ਉਸ ਲਈ ਦੂਜੇ ਯਾਦ ਰੱਖਦੇ ਸਨ। ਜਾਂ ਫਿਰ ਉਨ੍ਹਾਂ ਗੱਲਾਂ ਬਾਰੇ ਜਿਨ੍ਹਾਂ ਨੂੰ ਉਹ ਮਹੱਤਵ ਨਹੀਂ ਸੀ ਦਿੰਦਾ। ਆਪਣੇ ਕੰਮ ਬਾਰੇ ਆਪਣੀਆਂ ਗਣਿਤ ਤੇ ਵਿਗਿਆਨ ਦੇ ਸਮੀਕਰਨਾਂ ਬਾਰੇ ਉਸ ਨੂੰ ਕਦੇ ਕੁਝ ਨਹੀਂ ਭੁੱਲਦਾ।

emc1.jpg (10364 bytes)1905 ਦੀਆਂ ਯੁੱਗ ਪਲਟਾਊ ਘਟਨਾਵਾਂ ਦੇ ਤਿੰਨ-ਚਾਰ ਸਾਲ ਪਿੱਛੋਂ ਜ਼ੂਰਿਕ ਯੂਨੀਵਰਸਿਟੀ ਦੇ ਪ੍ਰੋਫੈਸਰ ਕੇਨਰ ਨੇ ਐਲਬਰਟ ਨੂੰ ਕਿਹਾ ਕਿ ਉਹ ਪੇਟੈਂਟ ਆਫਿਸ ਦੀ ਕਲਰਕੀ ਛੱਡ ਕੇ ਜ਼ੂਰਿਕ ਯੂਨੀਵਰਸਿਟੀ ਵਿਚ ਨੌਕਰੀ ਲਈ ਅਰਜ਼ੀ ਦੇਵੇ। ਮਿਲਵਾ ਨਾਲ ਗੱਲ ਕੀਤੀ ਤਾਂ ਉਹ ਝੱਟ ਤਿਆਰ ਹੋ ਗਈ। ਯੂਨੀਵਰਸਿਟੀ ਵਿਚ ਉਸ ਕਦੇ ਪੜ੍ਹਾਇਆ ਨਹੀਂ ਸੀ। ਇਸ ਲਈ ਪਹਿਲਾਂ ਉਸ ਲਈ ਅਜ਼ਮਾਇਸ਼ੀ ਭਾਸ਼ਣ ਇਕ ਪਰਖ ਵਜੋਂ ਆਯੋਜਿਤ ਕੀਤਾ ਗਿਆ। ਇਸ ਪਰਖ ਵਿਚ ਆਈਨਸਟਾਈਨ ਮਾਰ ਖਾ ਗਿਆ। ਉਸ ਆਪ ਹੀ ਪ੍ਰੋਫੈਸਰ ਕੇਨਰ ਨੂੰ ਕਿਹਾ-ਤੁਸੀਂ ਇਸ ਪੋਸਟ 'ਤੇ ਮੇਰੇ ਮਿੱਤਰ ਫਰੈਡਰਿਕ ਐਲਡਰ ਨੂੰ ਰੱਖ ਲਓ। ਉਹ ਵੀ ਇਸ ਅਸਾਮੀ ਲਈ ਉਮੀਦਵਾਰ ਹੈ। ਉਹ ਮੇਰੇ ਤੋਂ ਵਧੇਰੇ ਯੋਗ ਹੈ।···ਪਰ ਕੁਝ ਸਮੇਂ ਬਾਅਦ ਪਤਾ ਲਗਿਆ ਕਿ ਉਸ ਨੂੰ ਜ਼ੂਰਿਕ ਯੂਨੀਵਰਸਿਟੀ ਵਿਚ ਪ੍ਰੋਫੈਸਰ ਚੁਣ ਲਿਆ ਗਿਆ ਹੈ। ਐਲਡਰ ਨੇ ਯੂਨੀਵਰਸਿਟੀ ਨੂੰ ਲਿਖ ਕੇ ਦਿੱਤਾ ਸੀ ਕਿ ਜਿਸ ਅਹੁਦੇ ਲਈ ਆਈਨਸਟਾਈਨ ਦੀ ਨਿਯੁਕਤੀ ਦੀ ਸੰਭਾਵਨਾ ਹੈ, ਉਸ ਉੱਤੇ ਮੇਰੇ ਜਿਹੇ ਬੰਦੇ ਨੂੰ ਨਿਯੁਕਤ ਕਰਨਾ ਮੂਰਖਤਾ ਹੈ। ਮੈਂ ਆਪਣੀ ਅਰਜ਼ੀ ਵਾਪਸ ਲੈਂਦਾ ਹਾਂ। ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਆਈਨਸਟਾਈਨ ਦੀ ਤੁਲਨਾ ਭੌਤਿਕ ਵਿਗਿਆਨ ਦੇ ਖੇਤਰ ਵਿਚ ਮੇਰੀ ਯੋਗਤਾ ਕੁਝ ਵੀ ਨਹੀਂ।···ਤੇ ਇੰਜ 1909 ਵਿਚ ਆਈਨਸਟਾਈਨ ਜ਼ਿਊਰਿਕ ਯੂਨੀਵਰਸਿਟੀ ਦਾ ਪ੍ਰੋਫੈਸਰ ਬਣ ਗਿਆ। ਇਥੇ ਇਹ ਦੱਸਣਾ ਵੀ ਉਚਿਤ ਲਗਦਾ ਹੈ ਕਿ 1905 ਵਿਚ ਹੀ 'ਏ ਨੀਊ ਡੈਫੀਨੀਸ਼ਨ ਆਫ ਮਾਲੀਕੁਲਰ ਡਾਈਮੈਨਸ਼ਨਜ਼' ਦਾ ਇਕ ਖੋਜ ਪੱਤਰ ਜ਼ੂਰਿਕ ਯੂਨੀਵਰਸਿਟੀ ਨੂੰ ਪੇਸ਼ ਕਰਨ ਨਾਲ ਉਸ ਨੂੰ ਡਾਕਟਰੇਟ ਦੀ ਡਿਗਰੀ ਵੀ ਮਿਲ ਗਈ ਸੀ।

space1.jpg (15273 bytes)1902 ਤੋਂ 1909 ਤੱਕ ਸਤ ਸਾਲ ਆਈਨਸਟਾਈਨ ਪੇਟੈਂਟ ਆਫਿਸ ਵਿਚ ਰਿਹਾ। ਦੋ ਵਰ੍ਹੇ ਤਾਂ ਅਸਲੋਂ ਆਰਜ਼ੀ। ਸ਼ਰਤ ਇਹ ਸੀ ਕਿ ਪੱਕਾ ਹੋਣ 'ਤੇ ਤਨਖਾਹ ਵਿਚ ਯੋਗ ਵਾਧਾ ਕੀਤਾ ਜਾਵੇਗਾ। ਸਤੰਬਰ 1904 ਵਿਚ ਉਸ ਨੂੰ ਪੱਕਾ ਕੀਤਾ ਗਿਆ ਤੇ ਤਨਖਾਹ 3500 ਫਰਾਂਕ ਤੋਂ ਵਧਾ ਕੇ 3900 ਫਰਾਂਕ ਕਰ ਦਿੱਤੀ ਗਈ। ਰੱਖਿਆ ਉਸ ਨੂੰ ਫੇਰ ਵੀ ਕਲਾਸ ਥਰੀ ਹੀ ਗਿਆ। 1906 ਵਿਚ ਉਸ ਨੂੰ ਹਾਇਰ ਕਲਾਸ ਦੇ ਕੇ 600 ਫਰਾਂਕ ਹੋਰ ਵਧਾਏ ਗਏ-ਇਹ ਕਹਿ ਕੇ ਕਿ ਉਸ ਨੇ ਡਾਕਟਰੇਟ ਕਰ ਲਈ ਹੈ। ਡਾਕਟਰੇਟ ਜਾਂ ਹੋਰ ਖੋਜ ਪੱਤਰਾਂ ਵਾਸਤੇ ਐਲਬਰਟ ਦੀ ਪੇਟੈਂਟ ਆਫਿਸ ਦੀ ਸਾਧਾਰਨ ਜਿਹੀ ਲਾਇਬਰੇਰੀ ਤੱਕ ਹੀ ਪਹੁੰਚ ਸੀ। ਯੂਨੀਵਰਸਿਟੀ ਪ੍ਰੋਫੈਸਰਾਂ ਤੱਕ ਉਸ ਦੀ ਨਾ ਪਹੁੰਚ ਸੀ ਤੇ ਨਾ ਉਨ੍ਹਾਂ ਨਾਲ ਸੰਵਾਦ। ਆਪਣੇ ਸਮੇਂ ਦੇ ਭੌਤਿਕ ਵਿਗਿਆਨੀਆਂ ਤੇ ਉਨ੍ਹਾਂ ਦੀਆਂ ਖੋਜਾਂ ਤੱਕ ਉਸ ਦੀ ਕੋਈ ਪਹੁੰਚ ਨਹੀਂ ਸੀ। ਇਸ ਸਾਰੇ ਕੁਝ ਦੇ ਬਾਵਜੂਦ ਉਸ ਦੀ ਪ੍ਰਾਪਤੀ ਵਿਲੱਖਣ ਸੀ। ਉਹ 30 ਸਾਲ ਦੀ ਉਮਰ ਵਿਚ ਵਿਸ਼ਵ ਪ੍ਰਸਿੱਧੀ ਪ੍ਰਾਪਤ ਕਰ ਗਿਆ ਸੀ ਤੇ ਯੂਨੀਵਰਸਿਟੀ ਵਿਚ ਪ੍ਰੋਫੈਸਰ ਵੀ ਬਣ ਗਿਆ ਸੀ। ਉਸ ਦੀ ਵਿਚਿਤਰ ਕਹਾਣੀ ਇਥੇ ਮੁੱਕ ਨਹੀਂ ਗਈ। ਇਹ ਤਾਂ ਸਿਰਫ ਇਕ ਸ਼ੁਰੂਆਤ ਸੀ। ਇਸ ਕਹਾਣੀ ਦੀ ਅਗਲੀ ਵਾਰਤਾ ਕਦੇ ਫੇਰ ਸਹੀ।

ਵਿਗਿਆਨੀ ਪਾਠਕਾਂ ਲਈ ਸਵਾਲ:

ਲਗ ਪਗ ਦੋ ਹਜ਼ਾਰ ਸਾਲ ਪਹਿਲਾਂ ਭਾਰਤ ਵਿਚ ਬੁੱਧਮੱਤ ਦੀ ਵਿਚਾਰਧਾਰਾ ਨਾਲ ਸਬੰਧ ਰੱਖਣ ਵਾਲੇ ਸੋਚਵਾਨਾਂ ਨੇ ਤਰਕ ਸ਼ਾਸਤਰ ਦੇ ਖੇਤ੍ਰ ਵਿਚ ਦੋ ਸਿਧਾਂਤ ਪੇਸ਼ ਕੀਤੇ ਸਨ: ਸ਼ੁਨਯਵਾਦ ਅਤੇ ਕਛਣਵਾਦ। ਅਧੁਨਿਕ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਸਿਧਾਤਾਂ ਨੂੰ ਆਈਨਸਟਾਈਨ ਦੇ ਸਿਧਾਤਾਂ ਨਾਲ ਮਿਲਦੇ ਜੁਲਦੇ ਦੱਸਿਆ ਜਾਂਦਾ ਹੈ। ਕੀ ਸਾਡੇ, ਭੌਤਿਕ ਵਿਗਿਆਨ ਦੇ ਮਾਹਿਰ ਪਾਠਕ ਇਸ ਬਾਰੇ ਹੋਰ ਜਾਣਕਾਰੀ ਦੇ ਸਕਦੇ ਹਨ? -------------- ਸੰਪਾਦਕ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com