h-shake1_100.jpg (3191 bytes)ਹੱਥ ਮਿਲਾਉਣ ਦਾ ਢੰਗ ਅਤੇ ਤੁਹਾਡੀ ਮਨੋਦਸ਼ਾ
- ਡਾ· ਹਰਚੰਦ ਸਿੰਘ ਸਰਹਿੰਦੀ
 

ਹਰ ਇਨਸਾਨ ਇਕ ਖੁੱਲ੍ਹੀ ਕਿਤਾਬ ਵਾਂਗ ਹੈ। ਇਹ ਗੱਲ ਵੱਖਰੀ ਹੈ ਕਿ ਹਰ ਕੋਈ ਇਸ ਕਿਤਾਬ ਨੂੰ ਪੜ੍ਹਨ ਦੀ ਕਲਾ ਵਿਚ ਮਾਹਿਰ ਨਹੀਂ ਹੁੰਦਾ। ਦਰਅਸਲ ਇਨਸਾਨ ਰੂਪੀ ਕਿਤਾਬ ਨੂੰ ਪੜ੍ਹਨ ਲਈ ਡੂੰਘੀ ਮਨੋਵਿਗਿਆਨਕ ਸੂਝ ਤੇ ਤਜਰਬੇ ਦੀ ਲੋੜ ਹੁੰਦੀ ਹੈ। ਮਨੁੱਖ ਆਪਣੇ ਚਿਹਰੇ ਦੇ ਹਾਵ-ਭਾਵ, ਸਰੀਰਕ ਹਰਕਤਾਂ ਅਤੇ ਤੌਰ-ਤਰੀਕਿਆਂ ਰਾਹੀਂ ਆਪਣੇ ਸੁਭਾਅ ਤੇ ਵਤੀਰੇ ਆਦਿ ਬਾਰੇ ਕਈ ਤਰ੍ਹਾਂ ਦੇ ਸੰਕੇਤ ਦਿੰਦਾ ਹੈ। ਇਕ ਤਜਰਬੇਕਾਰ ਵਿਅਕਤੀ ਇਨ੍ਹਾਂ ਸੰਕੇਤਾਂ ਤੋਂ ਸਬੰਧਤ ਵਿਅਕਤੀ ਦੀ ਸ਼ਖਸੀਅਤ ਦੀਆਂ ਵਿਸ਼ੇਸ਼ਤਾਵਾਂ ਦਾ ਅੰਦਾਜ਼ਾ ਲਗਾ ਸਕਦਾ ਹੈ। ਮਨੁੱਖ ਨੂੰ ਇਕ ਖੁੱਲ੍ਹੀ ਕਿਤਾਬ ਵਾਂਗ ਪੜ੍ਹ ਸਕਦਾ ਹੈ।

handshake-arafat.gif (8487 bytes)ਚਿਹਰਾ ਪੜ੍ਹਨ ਦੀ ਕਲਾ ਵਿਚ ਮਾਹਿਰ ਵਿਅਕਤੀਆਂ ਦਾ ਕਹਿਣਾ ਹੈ ਕਿ ਤੁਹਾਡਾ ਚਿਹਰਾ ਉਹ ਸਭ ਕੁਝ ਪ੍ਰਗਟ ਕਰ ਦਿੰਦਾ ਹੈ ਜੋ ਤੁਹਾਡੇ ਬਾਰੇ ਮਹੱਤਵਪੂਰਨ ਹੈ। ਦੂਜੇ ਸ਼ਬਦਾਂ ਵਿਚ, ਚਿਹਰਾ ਤੁਹਾਡੀ ਰੂਹ ਦਾ ਆਈਨਾ ਹੈ ਕਿਉਂਕਿ ਮਾਨਸਿਕ ਸੋਚਣੀ ਅਤੇ ਕਿੱਤੇ ਦਾ ਪ੍ਰਭਾਵ ਚਿਹਰੇ ਨੂੰ ਕਬੂਲਣਾ ਪੈਂਦਾ ਹੈ। ਇਸ ਤਰ੍ਹਾਂ ਹਰ ਬੰਦਾ ਅਣਜਾਣੇ ਹੀ, ਸੁਭਾਵਿਕ ਹੀ ਆਪਣੀਆਂ ਭਾਵਨਾਵਾਂ ਆਪਣੇ ਚਿਹਰੇ ਦੇ ਹਾਵ-ਭਾਵ ਰਾਹੀਂ ਸਪਸ਼ਟ ਕਰ ਜਾਂਦਾ ਹੈ। ਚਿਹਰਾ ਪੜ੍ਹਨ ਦੇ ਹੁਨਰ ਵਿਚ ਅੱਖਾਂ ਦਾ ਮੁੱਖ ਸਥਾਨ ਹੈ। ਅੱਖਾਂ ਉਹ ਸਭ ਕੁਝ ਕਹਿ ਦਿੰਦੀਆਂ ਹਨ ਜੋ ਸਾਡੇ ਦਿਲ ਵਿਚ ਹੁੰਦਾ ਹੈ। ਲੱਖ ਛਿਪਾਉਣ ਦੇ ਬਾਵਜੂਦ ਮੁਖਬਰੀ ਕਰ ਹੀ ਜਾਂਦੀਆਂ ਹਨ। ਬਕੌਲ ਸ਼ਾਇਰ ਬਲੀਬਰ ਸਿੰਘ ਸੈਣੀ:-

ਜੰਦਰੇ ਲਾਓ ਜੀਭਾਂ ਨੂੰ, ਲੱਖ ਬੁੱਲ੍ਹਾਂ ਨੂੰ ਸੀ ਰੱਖੋ,
ਅੱਖੀਆਂ ਰਾਹੀਂ ਖੁੱਲ੍ਹ ਜਾਂਦੇ ਨੇ,
ਭੇਦ ਦਿਲਾਂ ਦੇ ਖੁੱਲਣ ਲੱਗਿਆਂ।

ਸਿਆਣਿਆਂ ਦਾ ਕਥਨ ਹੈ ਆਦਮੀ ਆਪਣੀ ਗੁਫਤਾਰ, ਰਫਤਾਰ ਤੇ ਦਸਤਾਰ ਤੋਂ ਪੂਰਾ ਪਛਾਣਿਆ ਜਾਂਦਾ ਹੈ, ਯਾਨੀ ਮਨੁੱਖ ਆਪਣੀ ਗੱਲਬਾਤ, ਤੋਰ ਤੇ ਪੱਗ ਜਾਂ ਕਹਿ ਲਵੋ ਪਹਿਰਾਵੇ ਤੋਂ ਪਛਾਣਿਆ ਜਾਂਦਾ ਹੈ। ਜਿੱਥੋਂ ਤਕ ਤੋਰ ਦਾ ਸਬੰਧ ਹੈ, ਲੋਕ ਗੀਤ ਦੇ ਇਹ ਬੋਲ:

ਨਾ ਤੇਰੀ ਸ਼ਕਲ ਫਕੀਰਾਂ ਵਾਲੀ,
ਨਾ ਏ ਤੋਰ ਜੋਗੀਆ।

ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਜੋਗੀ ਬਣ ਕੇ ਹੀਰ ਦਾ ਦੀਦਾਰ ਕਰਨ ਆਏ ਰਾਂਝੇ ਦੀ ਤੋਰ ਉਸ ਦੇ ਪਾਖੰਡ ਦਾ ਪਰਦਾਫਾਸ਼ ਕਰਦੀ ਹੈ। ਉਸ ਦੇ ਚਿਹਰੇ ਦਾ ਚਿਹਨ-ਚੱਕਰ ਵੀ ਉਸ ਦਾ ਸਾਥ ਨਹੀਂ ਦਿੰਦਾ।

h-dominant1_200.jpg (4931 bytes)ਉਪਰੋਕਤ ਦਰਜ ਤੱਥਾਂ ਤੋਂ ਇਲਾਵਾ ਮਨੁੱਖ ਦੀ ਸ਼ਖਸੀਅਤ ਨੂੰ ਮਾਪਣ ਦੇ ਹੋਰ ਕਈ ਤਰੀਕੇ ਹਨ ਜਿਨ੍ਹਾਂ ਵਿਚੋਂ ਇਕ ਹੈ ਉਸ ਦੇ ਹੱਥ ਮਿਲਾਉਣ ਦਾ ਢੰਗ। ਮਨੁੱਖ, ਹੱਥ ਮਿਲਾਉਣ ਦੇ ਢੰਗ ਰਾਹੀਂ ਆਪਣੀ ਸਾਰੀ ਕਹਾਣੀ ਪਾ ਜਾਂਦਾ ਹੈ। ਬਿਨਾਂ ਤੁਹਾਡੇ ਨਾਲ ਗੱਲਬਾਤ ਕੀਤਿਆਂ, ਤੁਹਾਡੇ ਹੱਥ ਮਿਲਾਉਣ ਦੇ ਢੰਗ ਤੋਂ ਤੁਹਾਡੀ ਸ਼ਖਸੀਅਤ ਦੀਆਂ ਕਈ ਵਿਸ਼ੇਸ਼ਤਾਵਾਂ ਦਾ ਪਤਾ ਲੱਗ ਜਾਂਦਾ ਹੈ। ਦੂਜੇ ਸ਼ਬਦਾਂ ਵਿਚ, ਤੁਹਾਡੇ ਹੱਥ ਮਿਲਾਉਣ ਦਾ ਢੰਗ ਚੁੱਪ-ਚੁਪੀਤੇ ਹੀ ਤੁਹਾਡੇ ਬਾਰੇ ਬਹੁਤ ਕੁਝ ਕਹਿ ਤੇ ਸਮਝ ਜਾਂਦਾ ਹੈ। ਦੱਸਣ-ਪੁੱਛਣ ਦੀ ਲੋੜ ਹੀ ਨਹੀਂ ਰਹਿੰਦੀ। ਦਰਅਸਲ ਹੱਥ ਮਿਲਾਉਣ ਦਾ ਢੰਗ, ਮਨੁੱਖ ਦੀ ਮਾਨਸਿਕ ਸੋਚਣੀ ਦੀ ਸੂਹ ਦਿੰਦਾ ਹੈ ਅਤੇ ਕਈ ਵੇਰ ਉਸ ਦੇ ਗੁੱਝੇ ਭੇਦਾਂ ਦੀ ਮੁਖਬਰੀ ਕਰਨ ਦੀ ਭੁੱਲ ਵੀ ਕਰਦਾ ਹੈ।

h-equal1_200.jpg (4821 bytes)ਮਨੋਵਿਗਿਆਨ ਦੱਸਦਾ ਹੈ ਕਿ ਮਾਨਸਿਕ ਸੋਚਣੀ ਅਤੇ ਹੱਥ ਮਿਲਾਉਣ ਦੇ ਢੰਗ ਦਾ ਆਪਸ ਵਿਚ ਸਿੱਧਾ ਸਬੰਧ ਹੈ। ਵਿਗਿਆਨਕ ਖੋਜਾਂ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਕਿਸੇ ਵਿਅਕਤੀ ਦੇ ਹੱਥ ਮਿਲਾਉਣ ਦੇ ਢੰਗ ਤੋਂ ਉਸ ਦੇ ਸੁਭਾਅ, ਵਤੀਰੇ, ਸੁਹਜ-ਸੁਆਦ ਆਦਿ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਅਲਬਾਮਾ ਯੂਨੀਵਰਸਿਟੀ (ਜਰਮਨੀ) ਦੇ ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਕਿਸੇ ਵਿਅਕਤੀ ਦੇ ਹੱਥ ਮਿਲਾਉਣ ਦੇ ਢੰਗ ਤੋਂ ਉਸ ਦੇ ਸੁਭਾਅ ਤੇ ਵਤੀਰੇ ਆਦਿ ਦਾ ਪਤਾ ਲਗਾਇਆ ਜਾ ਸਕਦਾ ਹੈ। ਜਰਮਨੀ ਦੀ ਇਕ ਮਨੋਵਿਗਿਆਨਕ ਪੱਤ੍ਰਿਕਾ 'ਚ, ਹਾਲ ਹੀ ਵਿਚ ਛਪੀ ਇਕ ਰਿਪੋਰਟ ਅਨੁਸਾਰ ਦੋ ਮਰਦ ਤੇ ਦੋ ਔਰਤ ਮਨੋਵਿਗਿਆਨੀਆਂ ਦੀ ਟੀਮ ਨੇ 112 ਵਿਦਿਆਰਥੀਆਂ ਨਾਲ ਹੱਥ ਮਿਲਾ ਕੇ ਇਹ ਸਿੱਟਾ ਕੱਢਿਆ ਕਿ ਜਿਨ੍ਹਾਂ ਨੇ ਬੜੀ ਗਰਮਜੋਸ਼ੀ ਨਾਲ ਹੱਥ ਮਿਲਾਏ ਉਨ੍ਹਾਂ ਦਾ ਚੰਗਾ ਪ੍ਰਭਾਵ ਪਿਆ। ਜਿਊਰੀ ਨੇ ਸਿੱਟਾ ਕੱਢਿਆ ਕਿ ਗਰਮਜੋਸ਼ੀ ਨਾਲ ਕੱਸਕੇ ਹੱਥ ਮਿਲਾਉਣ ਵਾਲੇ ਵਿਦਿਆਰਥੀ ਸੰਵੇਦਨਸ਼ੀਲ, ਮਿਲਣਸਾਰ ਤੇ ਆਜ਼ਾਦ ਖਿਆਲਾਂ ਵਾਲੇ ਸਨ। ਇਸ ਖੋਜ ਤੋਂ ਇਹ ਵੀ ਪਤਾ ਲੱਗਾ ਕਿ ਕੱਸਕੇ ਹੱਥ ਮਿਲਾਉਣ ਵਾਲੇ ਵਿਅਕਤੀ ਘੱਟ ਸ਼ਰਮਾਕਲ ਤੇ ਵੱਧ ਮਿਲਣਸਾਰ ਹੁੰਦੇ ਹਨ।

h-not-sure-about-you1_200.jpg (5114 bytes)ਹੱਥ ਮਿਲਾਉਣ ਦੇ ਢੰਗ ਤੋਂ ਮਨੁੱਖ ਦੀ ਮਨੋਦਸ਼ਾ ਦੀ ਹੀ ਨਹੀਂ ਸਗੋਂ ਉਸ ਦੇ ਕਿੱਤੇ ਦੀ ਵੀ ਝਲਕ ਪੈਂਦੀ ਹੈ। ਤੁਸੀਂ, ਸ਼ਾਇਦ ਇਹ ਗੱਲ ਕਦੇ ਨੋਟ ਕੀਤੀ ਹੋਵੇਗੀ ਕਿ ਜੀਵਨ ਬੀਮਾ ਏਜੰਟਸ ਆਪਣੇ ਕਿੱਤੇ ਦੀ ਮਜਬੂਰੀ ਕਾਰਨ, ਹਰ ਇਕ ਨਾਲ ਬਹੁਤ ਹੀ ਹਲੀਮੀ ਨਾਲ ਪੇਸ਼ ਆਉਂਦੇ ਹਨ ਅਤੇ ਗਰਮਜੋਸ਼ੀ ਤੇ ਉਤਸ਼ਾਹ ਨਾਲ ਹੱਥ ਮਿਲਾਉਂਦੇ ਹਨ। ਇਸ ਦੇ ਉਲਟ, ਉੱਚ ਅਧਿਕਾਰੀ ਜਾਂ ਵੱਡੇ ਰੁਤਬੇ ਵਾਲੇ ਵਿਅਕਤੀ ਆਪਣੀ ਸ਼ਕਤੀ ਦੇ ਪ੍ਰਭਾਵ ਅਧੀਨ, ਆਮ ਵਿਅਕਤੀ ਨਾਲ ਹੱਥ ਮਿਲਾਉਣ ਦੇ ਇੱਛੁਕ ਨਹੀਂ ਹੁੰਦੇ ਅਤੇ ਜੇਕਰ ਹੱਥ ਮਿਲਾਉਣਾ ਪੈ ਹੀ ਜਾਵੇ ਤਾਂ ਉਹ ਆਮ ਤੌਰ 'ਤੇ ਵਿਮੁਖਤਾ ਦਾ ਮੁਜ਼ਾਹਰਾ ਕਰਦੇ ਹਨ। ਇਹ ਗੱਲ ਵੱਖਰੀ ਹੈ ਕਿ ਕਈ ਲੋਕ ਹਾਈਜੀਨਿਕ ਜਾਂ ਹੋਰ ਕਾਰਨਾਂ ਕਰਕੇ ਹੱਥ ਮਿਲਾਉਣਾ ਪਸੰਦ ਨਹੀਂ ਕਰਦੇ। ਮਿਸਾਲ ਵਜੋਂ ਹੱਥ ਦੀਆਂ ਉਂਗਲੀਆਂ ਦੇ ਜੋੜਾਂ ਦੀ ਸੋਜ (ਆਰਥ੍ਰਾਈਟਿਸ) ਦਾ ਸ਼ਿਕਾਰ ਵਿਅਕਤੀ ਕਈ ਵੇਰ ਹੱਥ ਮਿਲਾਉਣ ਤੋਂ ਹਿਚਕਚਾਉਂਦਾ ਹੈ ਕਿਉਂਕਿ ਇਹ ਅਸਲ (ਕਿਰਿਆ) ਉਸ ਲਈ ਕਸ਼ਟਦਾਇਕ ਸਾਬਤ ਹੋ ਸਕਦਾ ਹੈ। ਸੋ, ਜੇਕਰ ਕੋਈ ਵਿਅਕਤੀ ਜੱਕੋ-ਤੱਕੀ ਵਿਚ ਜਾਂ ਹਿਚਕਚਾਉਂਦਾ ਹੋਇਆ ਹੱਥ ਵਧਾਉਂਦਾ ਹੈ ਤਾਂ ਤੁਹਾਨੂੰ ਇਸ ਗੱਲ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ। ਇਹ ਗੱਲ ਵੀ ਚੇਤੇ ਰੱਖੋ ਕਿ ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਪਹਿਲੀ ਵੇਰ ਮਿਲ ਰਹੇ ਹੋ ਅਤੇ ਉਹ ਤੁਹਾਡੇ ਨਾਲੋਂ ਉਮਰ ਜਾਂ ਰੁਤਬੇ ਵਿਚ ਵੱਡਾ ਹੈ ਤਾਂ ਤੁਹਾਨੂੰ ਉਸ ਵੱਲ ਹੱਥ ਵਧਾਉਣ ਵਿਚ ਪਹਿਲ ਨਹੀਂ ਕਰਨੀ ਚਾਹੀਦੀ। ਉਸ ਵਲੋਂ ਹੱਥ ਵਧਾਏ ਜਾਣ ਦਾ ਇੰਤਜ਼ਾਰ ਕਰੋ। ਖ਼ੈਰ! ਗੱਲ ਥੋੜ੍ਹੀ ਲਾਂਭੇ ਚਲੀ ਗਈ।

ਗੱਲ ਚੱਲ ਰਹੀ ਸੀ ਕਿ ਕਿਸੇ ਵਿਅਕਤੀ ਦੇ ਹੱਥ ਮਿਲਾਉਣ ਦਾ ਢੰਗ, ਉਸ ਦੇ ਕਿੱਤੇ ਜਾਂ ਰੁਤਬੇ ਦੇ ਅਸਰ ਨੂੰ ਕਬੂਲਦਾ ਹੈ। ਮਨੋਵਿਗਿਆਨ ਦੱਸਦਾ ਹੈ ਕਿ ਮਨੁੱਖ ਦੇ ਮਨ ਅੰਦਰ, ਉਸ ਦੇ ਕੰਮ-ਧੰਦੇ ਜਾਂ ਰੁਤਬੇ ਦੇ ਪ੍ਰਭਾਵ ਅਧੀਨ, ਜਿਹੋ ਜਿਹੇ ਵਿਚਾਰ ਪੈਦਾ ਹੁੰਦੇ ਹਨ ਉਸ ਦਾ ਵਿਹਾਰ ਉਨ੍ਹਾਂ ਮੁਤਾਬਕ ਢਲ ਜਾਂਦਾ ਹੈ, ਚਿਹਰੇ ਦੀ ਦਿੱਖ ਬਦਲ ਜਾਂਦੀ ਹੈ ਅਤੇ ਹੱਥ ਮਿਲਾਉਣ ਦਾ ਇਕ ਖਾਸ ਤਰ੍ਹਾਂ ਦਾ ਅੰਦਾਜ਼ ਆਪਣੇ ਆਪ ਹੀ ਹੋਂਦ ਵਿਚ ਆ ਜਾਂਦਾ ਹੈ।

h-you-great1_200.jpg (5911 bytes)ਆਓ! ਹੁਣ ਹੱਥ ਮਿਲਾਉਣ ਦੇ ਕੁਝ ਚੋਣਵੇਂ ਢੰਗਾਂ ਨਾਲ ਤੁਹਾਡੀ ਜਾਣ-ਪਛਾਣ ਕਰਾਈਏ। ਕਈ ਵਿਅਕਤੀ ਹੱਥ ਮਿਲਾਉਣ ਲਈ ਢਿੱਲਾ ਜਿਹਾ ਹੱਥ ਪੇਸ਼ ਕਰਦੇ ਹਨ। ਇਸ ਵਿਚ ਪ੍ਰੇਮ, ਪਿਆਰ ਜਾਂ ਮਿੱਤਰ-ਭਾਵ ਦੀ ਘਾਟ ਹੁੰਦੀ ਹੈ। ਹੱਥ ਮਿਲਾਉਣ ਦੇ ਇਸ ਉਤਸ਼ਾਹਹੀਣ ਢੰਗ ਨੂੰ ਦੁਨੀਆਂ ਦੇ ਕਿਸੇ ਕੋਨੇ ਵਿਚ ਵੀ ਪਸੰਦ ਨਹੀਂ ਕੀਤਾ ਜਾਂਦਾ। ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਇਸ ਢੰਗ ਨਾਲ ਹੱਥ ਮਿਲਾਉਣ ਵਾਲਾ ਵਿਅਕਤੀ ਕਮਜ਼ੋਰ ਨੈਤਿਕ ਸੁਭਾਅ ਦਾ ਮਾਲਿਕ ਹੁੰਦਾ ਹੈ।

ਇਸ ਦੇ ਐਨ ਉਲਟ, ਕਈ ਵਿਅਕਤੀ ਹੱਥ ਮਿਲਾਉਣ ਵੇਲੇ ਤੁਹਾਡੇ ਹੱਥ ਨੂੰ ਕੱਸਕੇ ਫੜ ਲੈਂਦੇ ਹਨ। ਉਹ ਤੁਹਾਡੇ ਹੱਥ ਨੂੰ ਸ਼ਿਕੰਜੇ ਵਰਗੀ ਪਕੜ ਵਿਚ ਲੈ ਕੇ ਤੁਹਾਡੀਆਂ ਉਂਗਲੀਆਂ ਦੀਆਂ ਗੰਢਾਂ ਨੂੰ 'ਕੁਚਲ' ਕੇ ਰੱਖ ਦਿੰਦੇ ਹਨ। ਇਸ ਢੰਗ ਨਾਲ ਹੱਥ ਮਿਲਾਉਣ ਵਾਲੇ ਵਿਅਕਤੀ ਤੋਂ ਡਰਦੇ ਕਈ ਲੋਕ ਉਸ ਤੋਂ ਪਰ੍ਹਾਂ ਰਹਿਣ ਵਿਚ ਹੀ ਭਲਾਈ ਸਮਝਦੇ ਹਨ।

ਕਈ ਵਿਅਕਤੀ ਜਦੋਂ ਤੁਹਾਡੇ ਵੱਲ ਹੱਥ ਵਧਾਉਂਦੇ ਹਨ ਤਾਂ ਉਨ੍ਹਾਂ ਦਾ ਧਿਆਨ ਕਿਸੇ ਹੋਰ ਪਾਸੇ ਵੱਲ ਹੁੰਦਾ ਹੈ ਯਾਨੀ ਹੱਥ ਤੁਹਾਡੇ ਵੱਲ ਤੇ ਮੂੰਹ ਕਿਸੇ ਹੋਰ ਪਾਸੇ। ਇਸ ਢੰਗ ਨਾਲ ਹੱਥ ਮਿਲਾਉਣ ਵਾਲਾ ਵਿਅਕਤੀ, ਤੁਹਾਨੂੰ ਲੋੜੀਂਦੀ ਅਹਿਮੀਅਤ ਨਹੀਂ ਦੇ ਰਿਹਾ ਹੁੰਦਾ, ਕਿਉਂਕਿ ਉਹ ਹਊਮੈ ਦਾ ਸ਼ਿਕਾਰ ਹੁੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਤੁਹਾਡੇ ਨਾਲ ਕੋਈ ਜਾਤੀ ਰੰਜਿਸ਼ ਹੋਵੇ।

ਕਈ ਵਿਅਕਤੀ ਹੱਥ ਦੀ ਹਥੇਲੀ ਨੂੰ ਹੇਠਾਂ ਵੱਲ ਕਰਕੇ ਹੱਥ ਵਧਾਉਂਦੇ ਹਨ। ਇਸ ਤਰ੍ਹਾਂ ਉਹ ਜਾਣੇ-ਅਣਜਾਣੇ, ਆਪਣੀ ਪ੍ਰਮੁੱਖਤਾ ਜਾਂ ਪ੍ਰਬਲਤਾ ਵੱਲ ਇਸ਼ਾਰਾ ਕਰਦੇ ਹਨ। ਇਸ ਹਾਲਾਤ ਵਿਚ ਦੂਸਰੇ ਵਿਅਕਤੀ ਨੂੰ ਮਜਬੂਰਨ ਆਪਣੇ ਹੱਥ ਦੀ ਹਥੇਲੀ ਨੂੰ ਉਪਰ ਵੱਲ ਕਰਕੇ ਹੱਥ ਮਿਲਾਉਣਾ ਪੈਂਦਾ ਹੈ। ਚੇਤੇ ਰਹੇ ! ਹਥੇਲੀ ਨੂੰ ਉਪਰ ਵੱਲ ਕਰਕੇ ਹੱਥ ਵਧਾਉਣ ਤੇ ਮਿਲਾਉਣ ਦਾ ਅੰਗ-ਸੰਚਾਲਨ, ਅਧੀਨਤਾ ਸਵੀਕਾਰ ਕਰਨ ਦਾ ਸੂਚਕ ਹੈ। ਸੋ, ਜੇਕਰ ਤੁਸੀਂ ਹਥੇਲੀ ਨੂੰ ਹੇਠਾਂ ਵੱਲ ਕਰਕੇ ਕਿਸੇ ਪ੍ਰਮੁੱਖ ਵਿਅਕਤੀ ਵੱਲ ਆਪਣਾ ਹੱਥ ਵਧਾਉਂਦੇ ਹੋ ਤਾਂ ਉਹ ਇਸ ਦਾ ਬੁਰਾ ਮਨਾ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਤੁਹਾਡੇ ਕਈ ਜਾਣ-ਪਛਾਣ ਵਾਲੇ ਵਿਅਕਤੀ ਵੀ ਇਸ ਨੂੰ ਪਸੰਦ ਨਾ ਕਰਦੇ। ਸੋ, ਵੇਖੋ ! ਕਿਧਰੇ ਤੁਸੀਂ ਵੀ ਅਜਿਹਾ ਕਰਨ ਦੇ ਆਦਿ ਤਾਂ ਨਹੀਂ ਹੋ।

hand_shaking2.jpg (6100 bytes)ਬਹੁ-ਸੰਮਤੀ ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਜਦੋਂ ਕੋਈ ਵਿਅਕਤੀ ਦੂਸਰੇ ਵਿਅਕਤੀ ਦੇ ਹੱਥ ਆਪਣੇ ਦੋਵੇਂ ਹੱਥਾਂ ਵਿਚ ਘੁੱਟ ਕੇ ਫੜਦਾ ਹੈ ਤਾਂ ਉਹ ਉਸ ਪ੍ਰਤੀ ਆਪਣੀ ਨਿਸ਼ਕਪਟਤਾ ਦਾ ਝੂਠਾ ਪ੍ਰਦਰਸ਼ਨ ਕਰ ਰਿਹਾ ਹੁੰਦਾ ਹੈ, ਯਾਨੀ ਉਹ ਤਨੋ-ਮਨੋ ਨੀਵਾਂ ਹੋ ਕੇ ਅਜਿਹਾ ਨਹੀਂ ਕਰ ਰਿਹਾ ਹੁੰਦਾ ਬਲਕਿ ਉਪਰਲੇ ਮਨੋ ਬਨਾਵਟੀ ਤੇ ਫੋਕਾ ਵਿਖਾਵਾ ਕਰ ਰਿਹਾ ਹੁੰਦਾ ਹੈ। ਤਾਹੀਉਂ, ਮਨੋਵਿਗਿਆਨੀਆਂ ਨੇ ਇਸ ਤਰ੍ਹਾਂ ਦੇ ਹੱਥ ਮਿਲਾਉਣ ਦੇ ਢੰਗ ਨੂੰ 'ਪਾਲਿਟਿਸ਼ਨਜ਼' ਹੈਂਡਸ਼ੇਕ' ਦਾ ਨਾਂ ਦਿੱਤਾ ਹੈ। ਇਸ ਨੂੰ 'ਗਲੱਵ ਹੈਂਡਸ਼ੇਕ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਗਲੱਵ ਹੈਂਡਸ਼ੇਕ ਉਨ੍ਹਾਂ ਲੋਕਾਂ ਲਈ ਹੀ ਰਾਖਵਾਂ ਰੱਖਿਆ ਜਾਵੇ, ਜਿਨ੍ਹਾਂ ਨਾਲ ਤੁਹਾਡੀ ਚੰਗੀ ਜਾਣ-ਪਛਾਣ ਹੈ।

ਹੁਣ ਸ਼ਾਇਦ ਤੁਸੀਂ ਇਹ ਜਾਣਨਾ ਚਾਹੋਗੇ ਕਿ ਹੱਥ ਮਿਲਾਉਣ ਦਾ ਸਭ ਤੋਂ ਵਧੀਆ ਢੰਗ ਕਿਹੜਾ ਹੈ? ਸਭ ਤੋਂ ਚੰਗਾ ਹੈਂਡਸ਼ੇਕ ਉਹ ਹੁੰਦਾ ਹੈ ਜਦੋਂ ਦੋਵੇਂ ਵਿਅਕਤੀ ਆਪਣੀਆਂ ਹਥੇਲੀਆਂ ਖੜ੍ਹੇ ਦਾਅ ਦੀ ਸਥਿਤੀ ਵਿਚ ਕਾਇਮ ਰੱਖਦੇ ਹੋਏ ਆਪਣੇ ਹੱਥਾਂ ਨੂੰ ਅੱਗੇ ਵਧਾਉਂਦੇ ਹਨ ਅਤੇ ਫਿਰ ਪਿਆਰ ਨਾਲ ਤੇ ਦ੍ਰਿੜ੍ਹਤਾਪੂਰਵਕ ਇਕ ਦੂਜੇ ਦਾ ਹੱਥ ਫੜ ਲੈਂਦੇ ਹਨ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com