|
ਮੋਬਾਇਲ
ਫੋਨ ਦੀ ਵਰਤੋਂ ਕਰਨ ਸਮੇਂ ਸਾਵਧਾਨੀ ਦੀ ਲੋੜ
- ਸੰਤੋਖ ਸਿੰਘ ਗਿੱਲ
ਪੁਰਾਣੇ ਗ੍ਰੰਥਾਂ ਵੱਲ ਝਾਤ ਮਾਰੀਏ ਤਾਂ ਸਹਿਜੇ ਹੀ ਅੰਦਾਜ਼ਾ
ਲਗਾਇਆ ਜਾ ਸਕਦਾ ਹੈ ਕਿ ਮਹਾਂਭਾਰਤ ਦਾ ਯੁੱਧ ਵੀ ਵਿਗਿਆਨ ਦਾ ਹੀ ਯੁੱਧ ਸੀ। ਧਰਤੀ
'ਤੇ ਬਦਲਾਵਾਂ ਕਾਰਨ ਸਭਿਅਤਾਵਾਂ ਬਦਲਦੀਆਂ ਗਈਆਂ ਅਤੇ ਵਿਗਿਆਨ ਦੇ ਖੇਤਰ ਵਿੱਚ ਵੀ
ਬਹੁਤ ਸਾਰੇ ਉਤਰਾਅ-ਚੜ੍ਹਾਅ ਆਉਂਦੇ ਰਹੇ। ਅੱਜ ਦੇ ਵਿਗਿਆਨ ਨੂੰ ਵੀ ਅਸੀਂ ਸਿਖਰਾਂ
'ਤੇ ਪੁੱਜਿਆ ਹੋਇਆ ਹੀ ਮੰਨ ਸਕਦੇ ਹਾਂ ਪਰ ਚਾਹਤ ਦੀ ਕੋਈ ਹੱਦ ਨਹੀਂ ਹੁੰਦੀ ਅਤੇ ਨਾ
ਹੀ ਮਨੁੱਖ ਦੀ ਕਦੇ ਸੰਤੁਸ਼ਟੀ ਹੋਈ ਹੈ। ਆਧੁਨਿਕ ਵਿਗਿਆਨ ਦੇ ਇਸ ਯੁੱਗ ਵਿੱਚ ਜਿਥੇ
ਮਨੁੱਖ ਨਿੱਤ-ਨਵੀਆਂ ਕਾਢਾਂ ਕੱਢ ਰਿਹਾ ਹੈ ਉਥੇ ਹੀ ਨਿਤ ਦਿਨ ਆਪਣੇ ਲਈ ਖਤਰੇ ਵੀ
ਪੈਦਾ ਕਰ ਰਿਹਾ ਹੈ। ਆਧੁਨਿਕਤਾ ਦੇ ਜ਼ਮਾਨੇ ਵਿੱਚ ਮੋਬਾਇਲ ਫੋਨ ਵੀ ਸਾਡੇ ਜੀਵਨ ਦਾ
ਇਕ ਹਿੱਸਾ ਬਣ ਗਿਆ ਹੈ। ਜਿਥੇ ਇਸ ਨੇ ਸਾਡੀ ਧਰਤੀ ਨੂੰ ਬਹੁਤ ਛੋਟਾ ਕਰ ਦਿੱਤਾ ਹੈ
ਭਾਵ ਮਨੁੱਖ ਨੂੰ ਮੁਨੱਖ ਦੇ ਬਹੁਤ ਨੇੜੇ ਕਰ ਦਿੱਤਾ ਹੈ ਉਥੇ ਹੀ ਮੋਬਾਇਲ ਫੋਨ ਮਨੁੱਖ
ਲਈ ਇਕ ਬਹੁਤ ਵੱਡਾ ਖਤਰਾ ਬਣ ਕੇ ਸਾਹਮਣੇ ਆ ਰਿਹਾ ਹੈ।
ਮੋਬਾਇਲ ਫੋਨ ਵਰਤਣ ਨਾਲ ਪਾਰਕਾਂ, ਬੱਸਾਂ, ਰੇਲ ਗੱਡੀਆਂ ਆਦਿ
ਥਾਵਾਂ 'ਤੇ ਗੁਆਂਢ ਵਿੱਚ ਬੈਠੇ ਵਿਅਕਤੀਆਂ ਵਿੱਚ ਜਿਥੇ ਖਿੱਝ ਪੈਦਾ ਹੁੰਦੀ ਹੈ ਉਥੇ
ਹੀ ਕਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇਹ ਅਨੁਸ਼ਾਸਨ ਭੰਗ ਕਰਨ ਵਿੱਚ
ਵੀ ਸਹਾਈ ਹੁੰਦੇ ਹਨ। ਜਦ ਅਧਿਆਪਕ ਕਲਾਸ ਰੂਮ ਵਿੱਚ ਪੜ੍ਹਾ ਰਿਹਾ ਹੁੰਦਾ ਤਾਂ
ਮੋਬਾਇਲ ਫੋਨ ਦੀਆਂ ਰੰਗ-ਬਰੰਗੀਆਂ ਆਵਾਜ਼ਾਂ ਸਾਰੀ ਜਮਾਤ ਦੀ ਇਕਾਗਰਤਾ ਭੰਗ ਕਰਦੀਆਂ
ਹਨ। ਧਾਰਮਿਕ ਥਾਵਾਂ ਭਾਵ ਗੁਰਦੁਆਰੇ, ਮੰਦਰਾਂ ਆਦਿ ਅਤੇ ਕਈ ਵਾਰ ਤਾਂ ਮਰਗਤ ਦੇ ਭੋਗ
'ਤੇ ਮੋਬਾਇਲ ਫੋਨ ਆਉਣ ਨਾਲ ਦੁੱਖ ਸਾਂਝਾ ਕਰਨ ਆਏ ਵਿਅਕਤੀਆਂ ਅਤੇ ਰੱਬ ਦਾ ਨਾਂ ਜਪਣ
ਵਾਲੇ ਇਨਸਾਨਾਂ ਵਿੱਚ ਕ੍ਰੋਧ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਇਕ ਸਰਵੇਖਣ ਮੁਤਾਬਕ
10-15 ਫੀਸਦੀ ਸੜਕਾਂ 'ਤੇ ਵਾਹਨਾਂ ਦੀਆਂ ਦੁਰਘਟਨਾਵਾਂ ਦਾ ਕਾਰਨ ਵੀ ਮੋਬਾਇਲ ਫੋਨ
ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਨਾਲ ਆਏ ਇਨਸਾਨ ਜਦ ਸਮਾਂ ਮਿਲਣ 'ਤੇ ਕੁਝ ਅਰਾਮ ਕਰ
ਰਹੇ ਹੁੰਦੇ ਹਨ ਤਾਂ ਇਸ ਦੀ ਘੰਟੀ ਨਾਲ ਮਰੀਜ਼ ਦੇ ਨਾਲ-ਨਾਲ ਉਸ ਨੂੰ ਸੰਭਾਲਣ ਆਏ
ਵਿਅਕਤੀ 'ਤੇ ਇਸ ਦਾ ਅਸਰ ਪੈਂਦਾ ਹੈ।
ਮੋਬਾਇਲ ਦੀ ਵਰਤੋਂ ਦਾ ਜਿਹੜਾ ਸੁਖਾਵਾਂ ਪੱਖ ਅਸੀਂ ਦੇਖ ਰਹੇ
ਹਾਂ ਉਥੇ ਹੀ ਵਰਤੋਂ ਤੋਂ ਬਾਅਦ ਪੈਦਾ ਹੋਣ ਵਾਲੀਆਂ ਮਨੁੱਖੀ ਬਿਮਾਰੀਆਂ ਸਾਨੂੰ
ਥੋੜ੍ਹੇ ਸਮੇਂ ਵਿੱਚ ਹੀ ਦਿੱਖਣ ਲੱਗ ਪੈਣਗੀਆਂ। ਸਾਇੰਸਦਾਨਾਂ ਨੇ ਮੋਬਾਇਲ ਫੋਨ ਵਰਤਣ
ਵਾਲਿਆਂ ਲਈ ਆਉਣ ਵਾਲੇ ਸਮੇਂ ਵਿੱਚ ਪੈਦਾ ਹੋਣ ਵਾਲੀਆਂ ਸਿਹਤ ਸਬੰਧੀ ਮੁਸ਼ਕਲਾਂ ਤੋਂ
ਜਾਣੂੰ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।
ਵਿਗਿਆਨੀਆਂ ਅਨੁਸਾਰ ਮੋਬਾਇਲ ਫੋਨ ਘੱਟ ਸ਼ਕਤੀ ਮਾਈਕ੍ਰੋਵੇਵ
ਵਿਕੀਕਰਣਾਂ ਰਾਹੀਂ ਕੰਮ ਕਰਦਾ ਹੈ। ਬਹੁਤ ਸਾਰੀਆਂ ਖੋਜਾਂ ਦੱਸਦੀਆਂ ਹਨ ਕਿ 20 ਤੋਂ
60 ਫੀਸਦੀ ਊਰਜਾ ਜਿਹੜੀ ਮੋਬਾਇਲ ਫੋਨ ਦੀ ਵਰਤੋਂ ਸਮੇਂ ਪੈਦਾ ਹੁੰਦੀ ਹੈ, ਨੂੰ ਸਾਡਾ
ਦਿਮਾਗ ਸੋਖ ਲੈਂਦਾ ਹੈ। ਜਿਨ੍ਹਾਂ ਮੋਬਾਇਲ ਫੋਨਾਂ ਦਾ ਏਰੀਅਲ ਜਾਂ ਐਨਟੀਨਾ ਅੰਦਰ ਹੀ
ਹੁੰਦਾ ਹੈ ਉਹ ਤਾਂ ਹੋਰ ਵੀ ਜ਼ਿਆਦਾ ਘਾਤਕ ਸਿੱਧ ਹੁੰਦਾ ਹੈ ਕਿਉਂਕਿ ਇਹ ਐਨਟੀਨਾ
ਸਾਰੀ ਊਰਜਾ ਨੂੰ ਸੰਘਣੀ ਕਰਕੇ ਦਿਮਾਗ ਵਿੱਚ ਪਹੁੰਚਾ ਦਿੰਦਾ ਹੈ। ਇਸ ਊਰਜਾ ਨਾਲ
ਸਾਡਾ ਦਿਮਾਗ ਗਰਮ ਹੋਣ ਲੱਗਦਾ ਹੈ। ਮਨੁੱਖੀ ਦਿਮਾਗ ਕਰੀਬ ਇਕ ਲੱਖ ਕਰੋੜ ਨਸਤ੍ਰੇਤ
(ਨਿਊਰੋਨ) ਜਾਂ ਸੈੱਲਾਂ ਦਾ ਬਣਿਆ ਹੁੰਦਾ ਹੈ। ਇਹ ਦਿਮਾਗੀ ਸੈੱਲ ਬਹੁਤ ਸ਼ਕਤੀਸ਼ਾਲੀ
ਹੁੰਦੇ ਹਨ। ਮੋਬਾਇਲ ਫੋਨ ਰਾਹੀਂ ਛੱਡੀ ਗਈ ਊਰਜਾ ਨਾਲ ਦਿਮਾਗ ਦੀਆਂ ਰਸੌਲੀਆਂ
ਦਿਮਾਗੀ ਕੈਂਸਰ ਆਦਿ ਰੋਗ ਬਹੁਤ ਜਲਦੀ ਵਿਕਸਿਤ ਹੁੰਦੇ ਹਨ। ਇਕ ਖੋਜ ਮੁਤਾਬਕ ਮੋਬਾਇਲ
ਫੋਨ ਵਰਤਣ ਵਾਲਿਆਂ ਵਿੱਚ ਦਿਮਾਗੀ ਕੈਂਸਰ ਵਧਣ ਦੀ ਗਤੀ, ਮੋਬਾਇਲ ਫੋਨ ਨਾ ਵਰਤਣ
ਵਾਲਿਆਂ ਨਾਲੋਂ ਕਈ ਗੁਣਾਂ ਜ਼ਿਆਦਾ ਹੈ। ਪ੍ਰੋਫੈਸਰ ਜੈਲ ਮਿਲਰ ਨੇ ਆਪਣੀ ਖੋਜ ਰਾਹੀਂ
ਸਿੱਟਾ ਕੱਢਿਆ ਹੈ ਕਿ ਮੋਬਾਇਲ ਫੋਨ ਵਰਤਣ ਵਾਲਿਆਂ ਵਿੱਚ ਦਿਮਾਗੀ ਰਸੌਲੀ ਬਣਨ ਦੀ
ਸੰਭਾਵਨਾ ਆਮ ਮਨੁੱਖ ਨਾਲੋਂ 30 ਫੀਸਦੀ ਜ਼ਿਆਦਾ ਹੈ। ਬੱਚਿਆਂ ਵਿੱਚ ਕਰੀਬ 65 ਫੀਸਦੀ
ਰਸੌਲੀਆਂ ਦਿਮਾਗ ਦੇ ਥੱਲੇ ਵਾਲੇ ਹਿੱਸੇ ਵਿੱਚ ਬਣਦੀਆਂ ਹਨ ਜਦਕਿ ਵੱਡਿਆਂ ਵਿੱਚ
ਦਿਮਾਗ ਦੇ ਉਪਰਲੇ ਹਿੱਸੇ ਵਿੱਚ ਬਣਦੀਆਂ ਹਨ। ਮੋਬਾਇਲ ਫੋਨ ਵਰਤਣ ਵਾਲਿਆਂ ਵਿੱਚ ਇਹ
ਰਸੌਲੀਆਂ ਵਰਤੋਂ ਕਰਨ ਵਾਲੇ ਕੰਨ ਦੀ ਤਰਫ ਦੇ ਦਿਮਾਗ ਵਿੱਚ ਜ਼ਿਆਦਾ ਬਣਦੀਆਂ ਹਨ।
ਮੋਬਾਇਲ ਫੋਨ ਨਾਲ ਦਿਮਾਗ ਦੀਆਂ ਸੈੱਲਾਂ ਵੀ ਖਤਮ ਹੋਣ ਲੱਗਦੀਆਂ ਹਨ ਜਿਸ ਨਾਲ
ਅਲਜੀਮਰਸ ਨਾਂ ਦੀ ਬਿਮਾਰੀ ਲੱਗਣ ਲੱਗਦੀ ਹੈ ਜਿਸ ਨਾਲ ਯਾਦ ਸ਼ਕਤੀ ਘਟਣ ਲੱਗਦੀ ਹੈ।
ਇਕ ਹੋਰ ਖੋਜ ਅਨੁਸਾਰ ਮਨੁੱਖੀ ਦਿਮਾਗ ਅੰਦਰ ਪਦਾਰਥਾਂ ਨੂੰ
ਛਾਣਨ ਵਾਲੀ ਜੈਵਿਕ ਝਿੱਲੀ ਵਰਗੀ ਇਕ ਸੰਰਚਨਾ ਹੈ ਜੋ ਦਿਮਾਗ ਦੇ ਖੂਨ ਨੂੰ ਬਾਕੀ
ਸਰੀਰ ਦੇ ਖੂਨ ਨਾਲੋਂ ਵੱਖਰਾ ਰੱਖਦੀ ਹੈ। ਇਸ ਝਿੱਲੀ ਰਾਹੀਂ ਖੂਨ ਸਾਫ ਹੋ ਕੇ ਦਿਮਾਗ
ਤੱਕ ਪਹੁੰਚਦਾ ਹੈ। ਮੋਬਾਇਲ ਫੋਨ ਵਰਤਣ ਵਾਲਿਆਂ ਵਿੱਚ ਫੋਨ ਤੋਂ ਨਿਕਲੀਆਂ ਵਿਕਿਰਣਾਂ
ਇਸ ਸਾਫ ਕਰਨ ਵਾਲੀ ਝਿੱਲੀ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ ਜਿਸ ਕਰਕੇ ਸੈਂਟਰਲ
ਨਰਵਸ ਸਿਸਟਮ ਅਤੇ ਦਿਮਾਗ ਦਾ ਖੂਨ ਦੂਸਰੇ ਖੂਨ ਨਾਲ ਮਿਲਣ ਲੱਗ ਜਾਂਦਾ ਹੈ ਜਿਸ ਨਾਲ
ਮਨੁੱਖ ਦੀ ਯਾਦ ਸ਼ਕਤੀ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਨੀਂਦ ਵਿੱਚ ਵੀ ਮੁਸ਼ਕਲ ਆਉਂਦੀ
ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਵਰਤੇ ਗਏ ਮੋਬਾਇਲ ਫੋਨ ਤੋਂ ਬਾਅਦ ਜੇਕਰ ਈ·ਈ·ਜੀ·
(ਇਲੈਕਟਰੋਇਨਸੈਫਲੋ ਗਰਾਫ) ਕਰਵਾਇਆ ਜਾਵੇ ਤਾਂ ਸਾਫ ਪਤਾ ਲੱਗਦਾ ਹੈ ਕਿ ਦਿਮਾਗ ਦੀਆਂ
ਸੈੱਲਾਂ ਵਿੱਚ ਕਿੰਨੀ ਹਲ-ਚਲ ਹੈ।
ਜਰਮਨੀ ਦੀ ਇਕ ਸੰਸਥਾ (ਜਰਮਨ ਇੰਟਰ ਡਿਸਪਲੀਨਰੀ ਐਸੋਸੀਏਸ਼ਨ
ਫਾਰ ਇਨਵਾਇਰਮੈਂਟਲ ਮੈਡੀਸਨ) ਦੇ 22 ਡਾਕਟਰਾਂ ਦੇ ਸਰਵੇਖਣ ਅਨੁਸਾਰ ਮੋਬਾਇਲ ਫੋਨ
ਵਰਤਣ ਵਾਲਿਆਂ ਵਿੱਚ ਸਿੱਖਣ ਵਿੱਚ ਮੁਸ਼ਕਲ, ਇਕਾਗਰਤਾ ਵਿੱਚ ਕਮੀ, ਸੁਭਾਅ ਵਿੱਚ
ਬਦਲਾਅ, ਬਲੱਡ ਪ੍ਰੈਸ਼ਰ ਵਿੱਚ ਉਤਰਾਅ-ਚੜ੍ਹਾਅ, ਦਿਲ ਦੀਆਂ ਬਿਮਾਰੀਆਂ, ਦਿਲ ਦਾ
ਦੌਰਾ, ਦਿਮਾਗੀ ਬਿਮਾਰੀਆਂ (ਮਿਰਗੀ, ਲਿਊਕੀਮੀਆ, ਦਿਮਾਗੀ ਰਸੌਲੀ) ਆਦਿ ਬਿਮਾਰੀਆਂ
ਪੈਦਾ ਹੋ ਰਹੀਆਂ ਹਨ।
ਕਮੀਜ਼ ਅਤੇ ਪੈਂਟ ਦੀ ਜੇਬ ਵਿੱਚ ਇਸ ਨੂੰ ਕਦੇ ਵੀ ਨਹੀਂ
ਰੱਖਣਾ ਚਾਹੀਦਾ। ਮਰਦ ਆਪਣੇ ਹੱਥ ਵਿੱਚ ਇਕ ਹੈਂਡ ਬੈਗ ਵਿੱਚ ਇਸ ਨੂੰ ਰੱਖ ਸਕਦੇ ਹਨ
ਅਤੇ ਇਸਤਰੀਆਂ ਆਪਣੇ ਪਰਸ ਵਿੱਚ ਰੱਖ ਸਕਦੀਆਂ ਹਨ ਜਿਸ ਤਰ੍ਹਾਂ ਵਿਗਿਆਨੀਆਂ ਨੇ ਇਸ
ਨੂੰ ਅਗਾਂਹਵਖੂ ਸੰਸਾਰ ਲਈ ਬਣਾਇਆ ਹੈ ਉਸ ਤਰ੍ਹਾਂ ਹੀ ਇਸ ਦੀਆਂ ਚੁਣੌਤੀਆਂ ਨੂੰ ਦੂਰ
ਕਰਨ ਲਈ ਵੀ ਹੱਲ ਕੱਢਣਾ ਵਿਗਿਆਨੀਆਂ ਲਈ ਸਮੇਂ ਦੀ ਮੁੱਖ ਮੰਗ ਹੈ। |