|
ਕੀ ਅਗਲੀਆਂ ਪੀੜ੍ਹੀਆਂ ਆਪਣੀ ਹੋਂਦ ਬਰਕਰਾਰ ਰੱਖ ਸਕਣਗੀਆਂ?
- ਗੱਜਣਵਾਲਾ ਸੁਖਮਿੰਦਰ
ਪਾਣੀ ਜੀਵਨ ਹੈ। ਜਿੱਥੇ ਪਾਣੀ ਹੈ ਉਥੇ ਹਿਯਾਤੀ ਹੈ। ਜੀਵਨ
ਦਾ ਆਧਾਰ ਹੈ ਪਾਣੀ। ਸਿਆਣਿਆਂ ਦਾ ਕਥਨ ਹੈ ਖਾਧੇ ਬਗੈਰ ਛੇਤੀ ਕੀਤਿਆਂ ਬੰਦਾ ਨਹੀਂ
ਮਰਦਾ ਪਰ ਪਾਣੀ ਬਗੈਰ ਜੀਣਾ ਅਸੰਭਵ ਹੈ। ਕਦੇ ਕਦੇ ਮਹਿਸੂਸ ਹੁੰਦਾ ਹੈ ਜਿਵੇਂ ਪਾਣੀ
ਮਨੁੱਖ ਦੀ ਪਿਆਸ ਬੁਝਾਉਣ ਦਾ ਹੀ ਕਿ ਮਾਤਰ ਸਾਧਨ ਹੋਵੇ, ਪਰ ਨਹੀਂ ਮਨੁੱਖ ਦੀਆਂ ਸਭ
ਸੁਖ ਸਹੂਲਤਾਂ ਹੀ ਪਾਣੀ ਨਾਲ ਜੁੜੀਆਂ ਹੋਈਆਂ ਹਨ। ਦੁਨੀਆਂ ਭਰ ਦੀ ਸਾਰੀ ਵਨਸਪਤੀ
ਫਲ, ਫੁੱਲ, ਮੇਵੇ, ਬੂਟੀਆਂ, ਲੱਕੜ ਤਿੰਬੜ ਸਭ ਪਾਣੀ ਦੀ ਬਦੌਲਤ ਹਨ। ਫਸਲਾਂ, ਅਨਾਜ,
ਗਾਜਰ, ਮੂਲੀ ਸਭ ਕੁਝ ਪਾਣੀ ਸਦਕਾ ਹੀ ਹਨ। ਪਾਣੀਆਂ 'ਚ ਰਹਿਣ ਵਾਲੇ ਜੀਵਾਂ ਤੋਂ ਲੈ
ਕੇ ਪੱਤਰਾਂ, ਖੰਦਰਾਂ 'ਚ ਅਤੇ ਰੀਂਗਣ ਵਾਲੇ ਸਭ ਜੀਵ-ਜੰਤੂਆਂ ਦਾ ਆਹਾਰ ਪਾਣੀ ਹੈ।
ਜਿੱਥੇ
ਪਾਣੀ ਮਨੁੱਖਤਾ ਦੀ ਹੋਂਦ ਦਾ ਆਧਾਰ ਹੈ, ਉਥੇ ਇਹ ਕਰੋਪੀਆਂ ਦੇ ਬਹੁਤ ਭਿਆਨਕ ਰੂਪ
ਵਿੱਚ ਵੀ ਕਦੇ ਕਦੇ ਪੇਸ਼ ਹੁੰਦਾ ਹੈ। ਹੜ੍ਹ, ਰੋੜ੍ਹ ਜਿਧਰ ਦੀ ਲੰਘਦੇ ਹਨ, ਸਦੀਆਂ
ਪੁਸ਼ਤਾਂ ਦੀਆਂ ਬਣੀਆਂ ਸਭਿਆਤਾਵਾਂ ਨੂੰ ਪਲਾਂ 'ਚ ਹੀ ਢਹਿ-ਢੇਰੀ ਕਰ ਜਾਂਦੇ ਹਨ। ਇਸ
ਦੇ ਮਾਰੂ ਵਹਿਣ ਕੁਝ ਵੀ ਨਹੀਂ ਛੱਡਦੇ, ਭਿਆਨਕ ਤਬਾਹੀ ਮਚਾਉਣ ਵਾਲੇ ਹੁੰਦੇ ਹਨ।
ਕੁਦਰਤ ਦੇ ਇਸ ਰੰਗ ਦੀ ਇਕ ਪੁਰਾਤਨ ਕਹਾਵਤ ਪ੍ਰਚਲਤ ਹੈ ਕਿ ਅੱਗ ਤੋਂ ਤਾਂ ਬਚਿਆ ਜਾ
ਸਕਦਾ ਹੈ ਪਰ ਪਾਣੀ ਦੀ ਮਾਰ ਤੋਂ ਨਹੀਂ। ਮਿਥਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇਕ
ਰਾਜੇ ਨੇ ਬਾਰਾਂ ਸਾਲਾਂ ਦਾ ਕਾਲ ਮੰਨ ਲਿਆ ਸੀ ਬਾਰਾਂ ਪਹਿਰਾਂ ਦੀ ਝੜੀ ਨਹੀਂ ਸੀ
ਸਵੀਕਾਰ ਕੀਤੀ।
ਅੱਜ ਸਾਇੰਸਦਾਨਾਂ ਨੂੰ ਦੁਨੀਆਂ 'ਚ ਵਧ ਰਹੀ ਗਲੋਬਲ ਵਾਰਮਿੰਗ
ਦੀ ਚਿੰਤਾ ਲੱਗੀ ਹੋਈ ਹੈ। ਤਾਪਮਾਨ ਦੇ ਇਸ ਕਦਰ ਵਧਦੇ ਜਾਣ ਦੇ ਨਾਲ ਜੇਕਰ ਜੰਮੀਆਂ
ਹੋਈਆਂ ਬਰਫਾਂ ਦਾ ਕੁਝ ਹਿੱਸਾ ਆਮ ਨਾਲੋਂ ਜ਼ਿਆਦਾ ਪਿਘਲ ਗਿਆ ਤਾਂ ਸਮੁੰਦਰੀ ਪਾਣੀਆਂ
ਦੇ ਪੱਧਰ ਉੱਚੇ ਹੋ ਜਾਣ 'ਤੇ ਸਮੁੰਦਰੀ ਕੰਢਿਆਂ 'ਤੇ ਵਸਦੀ ਦੁਨੀਆਂ ਦੀ ਹੋਂਦ ਖਤਰੇ
ਵਿੱਚ ਪੈ ਜਾਵੇਗੀ। ਡਰ ਬਣਿਆ ਪਿਆ ਹੈ ਕਿ ਜੇ ਇਸ ਵਧਦੇ ਤਾਪਮਾਨ ਨੂੰ ਰੋਕਣ ਦਾ ਕੋਈ
ਉਪਰਾਲਾ ਨਾ ਕੀਤਾ ਗਿਆ ਤਾਂ ਪੰਜਾਹ ਸਾਲਾਂ ਵਿਚ ਆਬਾਦੀ ਵਾਲੇ ਬਹੁਤ ਸਾਰੇ ਟਾਪੂ ਜਲ
ਸਮਾਧੀ ਗ੍ਰਹਿਣ ਕਰ ਲੈਣਗੇ। ਦੁਨੀਆਂ ਦੀ ਕੁੱਲ ਆਬਾਦੀ 6 ਅਰਬ 'ਚੋਂ 2 ਅਰਬ ਲੋਕਾਂ
ਦੀ ਆਬਾਦੀ ਸਮੁੰਦਰੀ ਤੱਟਾਂ 'ਤੇ ਕੋਈ 100 ਮੀਲ ਦੀ ਦੂਰੀ 'ਤੇ ਰਹਿ ਰਹੀ ਹੈ।
ਸਮੁੰਦਰੀ ਸਤਹ ਦੇ ਉੱਚੇ ਹੋਣ ਨਾਲ ਪਾਣੀ ਦੇ ਮਿੱਠੇ ਸਰੋਤਾਂ ਵਿੱਚ ਖਾਰਾ ਪਾਣੀ ਮਿਲ
ਜਾਵੇਗਾ। ਸਮੁੰਦਰੀ ਘਾਹ ਤੇ ਹੋਰ ਮੱਛੀਆਂ ਵਗੈਰਾ ਦੀ ਪੈਦਾਵਾਰ 'ਤੇ ਬੁਰਾ ਅਸਰ ਪੈ
ਜਾਵੇਗਾ। ਭਾਰਤ, ਉਨ੍ਹਾਂ 30 ਦੇਸ਼ਾਂ ਦੀ ਉਸ ਸੂਚੀ ਵਿੱਚ ਹੈ ਜਿਸ ਨੂੰ ਸਮੁੰਦਰੀ ਜਲ
ਪੱਧਰ ਦੇ ਵਧਣ ਦਾ ਗੰਭੀਰ ਖਤਰਾ ਹੈ।
ਦੂਸਰੇ ਪਾਸੇ ਵਿਸ਼ਵ ਭਰ ਵਿੱਚ ਪਾਣੀ ਦੀ ਕਿੱਲਤ ਦਾ ਬਿਗਲ ਵੱਜ
ਚੁੱਕਿਆ ਹੈ। ਦਿਨ ਪ੍ਰਤੀ ਦਿਨ ਪੀਣ ਵਾਲੇ ਪਾਣੀ ਦੀ ਘਾਟ ਹੁੰਦੀ ਜਾ ਰਹੀ ਹੈ।
ਪਹਾੜਾਂ ਤੋਂ ਵਹਿੰਦੇ ਪਵਿੱਤਰ ਪਾਣੀ, ਪੀਣਯੋਗ ਨਹੀਂ ਰਹੇ। ਸਾਡੀਆਂ ਗੰਗਾ-ਜਮੁਨਾ
ਵਰਗੀਆਂ ਪਵਿੱਤਰ ਨਦੀਆਂ ਇਸ ਗੱਲ ਦੀ ਉਦਾਹਰਣ ਬਣ ਚੁੱਕੀਆਂ ਹਨ। ਸਵੀਡਨ ਵਰਗੇ ਦੇਸ਼
ਦੀਆਂ ਅੱਧੀਆਂ ਨਦੀਆਂ ਪ੍ਰਦੂਸ਼ਤ ਹੋ ਚੁੱਕੀਆਂ ਹਨ। ਜਰਮਨੀ ਦੇ ਹੈਮਬਰਗ ਸ਼ਹਿਰ ਦਾ
ਸਾਰਾ ਪਾਣੀ ਲਗਪਗ ਪ੍ਰਦੂਸ਼ਤ ਹੋ ਚੁੱਕਿਆ ਹੈ। ਲੋਕਾਂ ਨੂੰ ਸਵੱਛ ਪਾਣੀ ਮੁਹੱਈਆ ਕਰਨ
ਲਈ ਸਰਕਾਰ ਵਲੋਂ ਸੈਂਕੜੇ ਮੀਲ ਲੰਮੀਆਂ ਪਾਈਪ ਲਾਈਨਾਂ ਰਾਹੀਂ ਸਪਲਾਈ ਕੀਤੀ ਜਾ ਰਹੀ
ਹੈ। ਯੂਰਪ ਦੀ ਸਭ ਤੋਂ ਵੱਡੀ ਨਦੀ ਰਾਈਨਾ ਪਲੀਤ ਹੋ ਚੁੱਕੀ ਹੈ। ਭਾਵ ਦੁਨੀਆ ਭਰ
ਵਿੱਚ ਸਾਡੇ ਜਲ ਦੇ ਸੋਮੇ ਬੜੀ ਤੇਜ਼ੀ ਨਾਲ ਮੁੱਕਦੇ ਅਤੇ ਸੁੱਕਦੇ ਜਾ ਰਹੇ ਹਨ।
ਜਦ
ਆਪਣੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹਾਂ ਤਾਂ ਕਿਸੇ ਵੇਲੇ ਇਸ ਨੂੰ ਪੰਜ
ਪਾਣੀਆਂ, ਚਾਂਦੀ ਵਰਗੇ ਪਾਣੀਆਂ ਦੀ ਧਰਤੀ ਕਿਹਾ ਜਾਂਦਾ ਸੀ। ਇਹ ਵੀ ਹੁਣ ਦੋਹਾਂ
ਪਾਸਿਆਂ ਤੋਂ ਸੱਟਾਂ ਖਾ ਰਿਹਾ ਹੈ। ਪਾਣੀ ਦੇ ਮੁੱਕਦੇ ਜਾਣ ਨਾਲ ਖੇਤੀ ਦੀ ਬਾਦਸ਼ਾਹੀ
ਮੁੱਕਦੀ ਜਾ ਰਹੀ ਹੈ। ਨਹਿਰਾਂ ਦੇ ਪਾਣੀ ਦੀ ਵੀ ਉਹ ਗੱਲ ਨਹੀਂ ਰਹੀ। ਸਰੋਤ ਸੁੰਗੜਦੇ
ਜਾ ਰਹੇ ਹਨ। ਬਾਰਸ਼ਾਂ ਘਟ ਗਈਆਂ ਹਨ। ਪਹਾੜਾਂ ਤੋਂ ਉਤਰਦੇ ਪਾਣੀਆਂ ਦੀ ਚਾਲ ਸੁਸਤ ਹੋ
ਗਈ ਹੈ। ਧਰਤੀ ਹੇਠਲਾ ਪਾਣੀ ਹਰ ਸਾਲ ਹੇਠਾਂ ਵੱਲ ਤੁਰਿਆ ਜਾ ਰਿਹਾ ਹੈ। ਖੇਤ
ਖੋਜਕਾਰਾਂ ਨੂੰ ਤੌਖਲਾ ਹੈ ਜੇ ਕੁਦਰਤੀ ਵਰਤਾਰਾ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ
ਕਿਸਾਨੀ ਖਤਰੇ 'ਚ ਪੈ ਜਾਵੇਗੀ। ਪੰਜਾਬ, ਰਾਜਸਥਾਨ ਬਣ ਜਾਵੇਗਾ।
ਕੁਦਰਤ ਦੀ ਕਰੋਪੀ ਅੱਗੇ ਤਾਂ ਕੋਈ ਵੱਸ ਨਹੀਂ ਚੱਲ ਸਕਦਾ ਪਰ
ਮਨੁੱਖ ਨੇ ਜੋ ਆਪਣੇ ਲਾਲਚਾਂ ਪਿੱਛੇ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਦੀ ਵੱਡੀ ਭੁੱਲ
ਕੀਤੀ ਹੈ ਤੇ ਕਰੀ ਜਾ ਰਿਹਾ ਹੈ, ਉਹ ਬਹੁਤ ਹੀ ਮਾੜੀ ਗੱਲ ਕੀਤੀ ਹੈ।
ਮਨੁੱਖ ਨੇ ਪਾਣੀ ਦੀ ਕੀਮਤ ਨੂੰ ਸਮਝਦੇ ਹੋਏ ਵੀ ਇਸ ਵੱਲ
ਉਚੇਚਾ ਧਿਆਨ ਦੇਣ ਦਾ ਯਤਨ ਨਹੀਂ ਕੀਤਾ। ਫੈਕਟਰੀਆਂ, ਕਾਰਖਾਨਿਆਂ 'ਚੋਂ ਨਿਕਲਣ ਵਾਲੇ
ਜ਼ਹਿਰੀਲੇ ਪਦਾਰਥਾਂ ਨੇ ਅਤਿ ਮਨੁੱਖੀ ਲੋੜਾਂ, ਅੰਨ, ਅਨਾਜ ਦੇਣ ਵਾਲੀਆਂ ਮਿੱਟੀਆਂ
ਨੂੰ ਬਹੁਤ ਹੀ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ 'ਚੋਂ ਨਿਕਲਣ ਵਾਲੇ ਵਿਸ਼ੈਲੇ ਮਾਦਿਆਂ
ਨੇ ਧਰਤੀ ਦੇ ਹੇਠਲੇ ਤੇ ਉਤਲੇ ਪਾਣੀਆਂ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਅੱਜ-ਕੱਲ੍ਹ
ਚਾਹੇ ਅਮਰੀਕਾ ਹੈ ਚਾਹੇ ਬੀਜਿੰਗ, ਚਾਹੇ ਦਿੱਲੀ, ਫਰੀਦਾਬਾਦ ਸਭ ਇੰਡਸਟਰੀਅਲ ਸ਼ਹਿਰਾਂ
ਨੇ ਧਰਤੀ ਹੇਠਲੇ ਪਾਣੀਆਂ ਦਾ ਸਤਿਆਨਾਸ ਕਰ ਕੇ ਜ਼ਹਿਰੀਲਾ ਬਣਾ ਦਿੱਤਾ ਹੈ। ਮਿੱਟੀਆਂ
ਵਿੱਚ ਘੁਲ ਘੁਲ ਕੇ ਨਾਮੁਰਾਦ ਬਿਮਾਰੀਆਂ ਨੂੰ ਹੋਂਦ ਵਿੱਚ ਲਿਆਂਦਾ ਹੈ।
ਹਿੰਦੁਸਤਾਨ ਦੀ ਸੰਨ 1951 ਦੀ ਮਰਦਮਸ਼ੁਮਾਰੀ ਅਨੁਸਾਰ ਪ੍ਰਤੀ
ਵਿਅਕਤੀ ਦੇ ਹਿੱਸੇ 5177 ਕਿਊਬਿਕ ਮੀਟਰ ਪਾਣੀ ਆਉਂਦਾ ਸੀ, ਜਦਕਿ 2001 ਸਾਲ ਵਿੱਚ
ਪ੍ਰਤੀ ਵਿਅਕਤੀ ਮਿਲਣ ਵਾਲਾ ਪਾਣੀ ਸਿਰਫ 1869 ਕਿਊਬਿਕ ਮੀਟਰ ਹੀ ਰਹਿ ਗਿਆ ਹੈ।
ਸੰਨ 1991 ਦੀ ਮਰਦਮਸ਼ੁਮਾਰੀ ਮੁਤਾਬਕ ਹਿੰਦੁਸਤਾਨ ਵਿੱਚ 62%
ਹੀ ਐਸੇ ਘਰ ਹਨ ਜਿਨ੍ਹਾਂ ਪਾਸ ਸਵੱਛ ਜਲ ਪਹੁੰਚ ਰਿਹਾ ਹੈ ਭਾਵ 38% ਲੋਕਾਂ ਨੂੰ ਪੀਣ
ਯੋਗ ਪਾਣੀ ਪ੍ਰਾਪਤ ਨਹੀਂ ਹੁੰਦਾ। ਪਾਣੀ ਨਾਲ ਸਵੱਛ ਜਲ ਸਬੰਧੀ ਪਿੰਡਾਂ ਦੀ ਹਾਲਤ
ਤਾਂ ਸ਼ਹਿਰਾਂ ਦੇ ਮੁਕਾਬਲੇ ਬਹੁਤ ਬਦਤਰ ਹੈ।
ਸਮਾਂ
ਆ ਗਿਆ ਹੈ ਪਾਣੀ ਨੂੰ ਸੰਭਾਲਣ ਦਾ। ਇਸ ਦੀ ਸੁਚੱਜੀ ਵਰਤੋਂ ਕਰਨ ਦਾ। ਪਾਣੀ ਹੁਣ
ਪਹਿਲਾਂ ਵਾਂਗ ਕੋਈ ਫਾਲਤੂ ਜੇਹੀ, ਮੁਫਤ ਦੀ ਚੀਜ਼ ਨਹੀਂ ਰਹੀ। ਪਾਣੀ ਸੰਸਾਰ ਦਾ ਮੁੱਖ
ਮੁੱਦਾ ਬਣ ਚੁੱਕਿਆ ਹੈ। ਨਵੀਂ ਚੇਤਨਾ ਮੁਤਾਬਕ ਪਾਣੀ ਸਦਾ ਆਕਾਸ਼ਾਂ ਤੋਂ ਆਉਣ ਵਾਲਾ
ਹੁਣ ਨਹੀਂ ਰਹਿਣਾ। ਤੱਥ ਦੱਸਦੇ ਹਨ ਕਿ ਧਰਤੀ ਦੇ ਉੱਤਰੀ ਤੋਂ ਦੱਖਣੀ ਹਿੱਸੇ ਤੱਕ
102 ਕਰੋੜ ਐਸੇ ਲੋਕ ਹਨ ਜਿਨ੍ਹਾਂ ਦੀ ਪਾਣੀ ਤੱਕ ਪਹੁੰਚ ਨਹੀਂ ਹੈ ਅਤੇ 240 ਕਰੋੜ
ਐਸੇ ਹਨ ਜਿਨ੍ਹਾਂ ਨੂੰ ਸ਼ੁੱਧ ਪਾਣੀ ਪੀਣ ਦੀ ਸਹੂਲਤ ਹੀ ਨਸੀਬ ਨਹੀਂ। ਇਸ ਵਕਤ ਨਵੇਂ
ਜਲ ਸਭਿਆਚਾਰ ਦੀ ਲੋੜ ਹੈ ਜਿਸ ਰਾਹੀਂ ਪਾਣੀ ਦੀ ਠੀਕ ਸਾਂਭ-ਸੰਭਾਲ ਕੀਤੀ ਜਾਵੇ।
ਪਾਣੀ ਦੀ ਠੀਕ ਵੰਡ ਹੋ ਸਕੇ ਅਤੇ ਵੱਧ ਤੋਂ ਵੱਧ ਪਾਣੀ ਦੀ ਬੱਚਤ ਹੋ ਸਕੇ।
ਇਸ ਵੇਲੇ ਦੁਨੀਆਂ ਵਿਚ ਕੁਦਰਤੀ ਸਾਧਨਾਂ ਤੋਂ ਪ੍ਰਾਪਤ ਹੋਏ
ਪਾਣੀ ਦਾ ਦੋ ਤਿਹਾਈ ਹਿੱਸਾ ਇਕੱਲੀ ਖੇਤੀ ਉਪਰ ਹੀ ਖਪਤ ਹੋ ਰਿਹਾ ਹੈ। ਭਾਵ ਦੋ
ਤਿਹਾਈ ਪਾਣੀ ਖੇਤੀ ਹੀ ਪੀ ਜਾਂਦੀ ਹੈ। ਇਸ ਲਈ ਇਹ ਸੋਚਣਾ ਪਵੇਗਾ ਕਿ ਘੱਟ ਤੋਂ ਘੱਟ
ਪਾਣੀ ਦਾ ਇਸਤੇਮਾਲ ਖੇਤੀ ਲਈ ਹੋਵੇ। ਧਰਤੀ ਹੇਠੋਂ ਪਾਣੀ ਕੱਢਣ ਦੀ ਵਰਤੋਂ ਸੱਤ
ਗੁਣਾਂ ਵਧ ਚੁੱਕੀ ਹੈ ਅਤੇ ਕੁੱਲ ਪਾਣੀ ਦੀ ਵਰਤੋਂ ਸੰਸਾਰ ਵਿੱਚ ਪਿਛਲੀ ਸਦੀ ਦੇ ਅੰਤ
ਤੱਕ 30 ਗੁਣਾਂ ਵਧ ਚੁੱਕੀ ਹੈ। ਪਿਛਲੀ ਸਦੀ ਦੌਰਾਨ ਗੰਦੇ ਪਾਣੀ ਦੇ ਰੂਪ ਵਿੱਚ ਪਾਣੀ
ਦੀ ਵੇਸਟੇਜ 20 ਗੁਣਾਂ ਵਧ ਚੁੱਕੀ ਹੈ।
ਜਿਸ ਤਰ੍ਹਾਂ ਅਸੀਂ ਧਰਤੀ ਨੂੰ, ਪਾਣੀ ਨੂੰ ਪ੍ਰਦੂਸ਼ਤ ਕਰ
ਦਿੱਤਾ ਹੈ ਅਤੇ ਦਿਨ ਪ੍ਰਤੀ ਦਿਨ ਹੋਰ ਪਲੀਤ ਕੀਤਾ ਜਾ ਰਿਹਾ ਹੈ। ਸਾਡੇ ਭੋਜਨ
ਵਿਸ਼ੈਲੇ ਤੇ ਹਵਾਵਾਂ ਜ਼ਹਿਰੀਲੀਆਂ ਹੋ ਰਹੀਆਂ ਹਨ। ਉਹ ਦਿਨ ਦੂਰ ਨਹੀਂ ਜਦ ਅਸੀਂ ਸ਼ੁੱਧ
ਪਾਣੀ ਪੀਣ ਲਈ ਤਰਸ ਜਾਵਾਂਗੇ। ਜਲ ਪ੍ਰਦੂਸ਼ਨ ਧਰਤੀ ਦੇ ਸਭ ਜੀਵ ਜੰਤੂਆਂ ਨੂੰ ਖਤਮ ਕਰ
ਦੇਵੇਗਾ। ਵਿਗਿਆਨੀ ਦੁਨੀਆਂ ਨੂੰ ਚਿੰਤਾ ਹੋ ਗਈ ਹੈ ਕਿ ਉਹ ਦਿਨ ਦੂਰ ਨਹੀਂ ਜਦ
ਸਾਡੀਆਂ ਅਗਲੀਆਂ ਪੀੜ੍ਹੀਆਂ ਹੋਂਦ ਵਿਚ ਆ ਸਕਣਗੀਆਂ? ਕੀ ਉਹ ਆਪਣੀ ਹੋਂਦ ਬਰਕਰਾਰ
ਰੱਖ ਸਕਣਗੀਆਂ?
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਕ ਦਿਨ ਐਸ ਤਰ੍ਹਾਂ
ਜਾਪੇਗਾ ਕਿ ਕੋਈ ਪ੍ਰਮਾਣੂ ਬੰਬ ਜਾਂ ਸਪੇਸ ਜੰਗ ਸ਼ਾਇਦ ਮਨੁੱਖਤਾ ਦਾ ਇੰਨਾ ਨੁਕਸਾਨ
ਨਾ ਕਰ ਸਕੇ ਬਲਕਿ ਸ਼ੁੱਧ ਪਾਣੀ ਦਾ ਨਾ ਮਿਲਣਾ ਮਨੁੱਖੀ ਹੋਂਦ ਲਈ ਜ਼ਰੂਰ ਖਤਰਾ ਬਣ
ਜਾਵੇਗਾ। |