|
ਕੁਦਰਤ
ਨਾਲ ਛੇੜ-ਛਾੜ, ਮਨੁੱਖ ਦੀ ਵੱਡੀ ਭੁੱਲ
- ਅਜੀਤ ਸਿੰਘ ਚੰਦਨ
ਕਦੇ ਕੋਈ ਸਮਾਂ ਸੀ ਕਿ ਕੁਦਰਤ ਦਾ ਖਿੜਿਆ ਰੰਗ-ਰੂਪ ਵੇਖ ਕੇ,
ਇਨਸਾਨ ਮੁਗਧ ਹੋ ਜਾਂਦਾ ਸੀ। ਰੁੱਖਾਂ ਦੀ ਠੰਡੀ ਛਾਂ ਮਾਣਦਿਆਂ ਉਹ ਖਿੜ ਖਿੜ ਜਾਂਦਾ
ਸੀ ਤੇ ਇਸੇ ਠੰਡੀ ਛਾਂ ਦੀ ਖਾਤਰ, ਇਹ ਖੁਦ ਵੀ ਆਪਣੇ ਘਰ ਰੁੱਖ ਬੀਜਣਾ, ਆਪਣਾ ਇਕ
ਵੱਡਾ ਫਰਜ਼ ਸਮਝਦਾ ਸੀ। ਪਹਾੜਾਂ ਦੀ ਸੁੰਦਰਤਾ ਵੱਲ ਵੇਖ ਕੇ, ਫੁੱਲਿਆਂ ਨਹੀਂ ਸੀ
ਸਮਾਉਂਦਾ। ਇਹ ਕੁਦਰਤ ਦੇ ਨਜ਼ਾਰੇ, ਰੁੱਖ, ਫਲ, ਫੁੱਲ ਤੇ ਹਰੀਆਂ ਕਚੂਰ ਪੱਤੀਆਂ,
ਇਨਸਾਨ ਦੇ ਮਨ 'ਚ ਵਸ ਜਾਂਦੀਆਂ ਸਨ।
ਪਰ ਸਮੇਂ ਦੇ ਬੀਤਣ ਨਾਲ, ਇਨਸਾਨ ਪਹਿਲਾ ਵਾਲਾ ਨਹੀਂ ਰਿਹਾ,
'ਤੇ ਨਾਲ ਦੀ ਨਾਲ ਸਾਇੰਸ ਦੀ ਤਰੱਕੀ ਤੇ ਵਧ ਰਹੀ ਮਸ਼ੀਨਰੀ ਨੇ ਇਨਸਾਨ ਨੂੰ ਅਜਿਹਾ
ਘੇਰਾ ਪਾਇਆ ਹੈ ਕਿ ਇਹ ਹੌਲੀ ਹੌਲੀ ਕੁਦਰਤ ਤੋਂ ਕੋਹਾ ਦੂਰ ਹੁੰਦਾ ਗਿਆ ਹੈ। ਪਹਿਲਾਂ
ਵਾਲਾ ਕੁਦਰਤ-ਮੋਹ ਕਿਧਰੇ ਅਲੋਪ ਹੋ ਚੁੱਕਾ ਹੈ। ਸਗੋਂ ਨਵੀਂ ਮਸ਼ੀਨਰੀ ਕਾਰਾਂ,
ਸਕੂਟਰ, ਗੱਡੀਆਂ ਤੇ ਟਰੈਕਟਰ ਆਦਿ ਨੇ ਉਸ ਨੂੰ ਆਪਣੇ ਮਜ਼ਬੂਤ ਪੰਜਿਆਂ 'ਚ ਭੀਚ ਲਿਆ
ਹੈ। ਇੰਜ ਇਨ੍ਹਾਂ ਸਾਇੰਸ ਦੇ ਉਪ ਕਰਣਾਂ ਨੇ ਉਸ ਨੂੰ ਜੇ ਆਪਣੇ ਖੰਭਾਂ 'ਤੇ ਬਿਨਾਂ
ਕੇ, ਉੱਚੀਆਂ ਉਡਾਨਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ, ਤਾਂ ਵੀ ਅੱਜ ਇਨਸਾਨ ਨੂੰ
ਕੁਦਰਤ ਪ੍ਰਤੀ ਆਪਣੀਆਂ ਅੱਖਾਂ ਮੀਟ ਕੇ ਨਹੀਂ ਬੈਠਣਾ ਚਾਹੀਦਾ ਹੈ। ਕੁਦਰਤ ਦੀ ਮਹਿਮਾ
'ਚ ਲਿਖੇ ਗਏ ਪੁਰਾਣੇ ਗ੍ਰੰਥਾਂ ਦੇ ਹਵਾਲੇ ਸਾਨੂੰ ਅੱਜ ਵੀ ਸਹੀ ਰਾਹ ਵਿਖਾ ਸਕਦੇ ਹਨ
ਜਿਵੇਂ ਕਿ:
ਮੈਂ
ਧਰਤੀ!
ਤੇਰੀਆਂ ਪਹਾੜੀਆਂ
ਤੇਰੇ ਬਰਫਾਂ ਢਕੇ,
ਪਰਬਤਾਂ ਦੀਆਂ ਚੋਟੀਆਂ
ਤੇਰੇ ਜੰਗਲ,
ਸਾਡੇ ਉਤੇ ਮਿਹਰ ਕਰਨ!
ਇੰਦਰ ਜਿਸ ਦੀ ਰਾਖੀ ਕਰਦਾ ਹੈ
ਉਹ ਵਿਸ਼ਾਲ, ਮਜ਼ਬੂਤ ਧਰਤੀ
ਭੂਰੀ, ਕਾਲੀ, ਲਾਲ ਤੇ
ਅਨੇਕ ਭਾਹਾਂ ਮਾਰਦੀ ਧਰਤੀ,
ਅਜਿੱਤ 'ਤੇ ਸੁਰੱਖਿਅਤ ਹੈ।
-ਅਯਰਵੇਦ
ਇੰਜ ਧਰਤੀ ਮਾਂ ਦੀ ਮਹਿਮਾ 'ਚ ਸਾਨੂੰ ਅਨੇਕਾਂ ਹਵਾਲੇ ਮਿਲ
ਸਕਦੇ ਹਨ, ਜਿਨ੍ਹਾਂ ਰਾਹੀਂ ਇਸ ਦੀ ਉਪਮਾ ਕੀਤੀ ਗਈ ਹੈ ਪਰ ਇਨਸਾਨ ਨੇ, ਕੁਦਰਤ
ਪ੍ਰਤੀ ਬੇ-ਰੁਖੀ ਅਪਣਾ ਕੇ, ਭਾਵੇਂ ਕਹਿਣ ਮੂਜਵ ਤਰੱਕੀ ਕੀਤੀ ਹੈ ਪਰ ਏਨੀ ਵਧੇਰੇ
ਸਇੰਸੀ-ਉਪ-ਕਰਣਾਂ ਦੀ ਵਰਤੋਂ ਕਾਰਨ ਉਹ ਆਪ ਹਨੇਰੇ 'ਚ ਧਸਦਾ ਜਾ ਰਿਹਾ ਹੈ। ਆਪ ਉਹ
ਸੂਰਜ ਦੀਆਂ ਨਿੱਘੀਆਂ ਕਿਰਣਾਂ ਤੋਂ ਵੰਚਿਤ ਹੁੰਦਾ ਜਾ ਰਿਹਾ ਹੈ ਤੇ ਧਰਤੀ ਦਾ ਅਸਲ
ਚਿਹਰਾ ਵੀ ਵਿਗਾੜ ਕੇ, ਕੁੱਝ ਹੋਰ ਦਾ ਹੋਰ ਬਣਾ ਦਿੱਤਾ ਹੈ। ਉਹ ਲਾਲ-ਮਿੱਟੀ ਵਾਲੀ
ਧਰਤੀ, ਰੇਤ ਦੇ ਟਿੱਬੇ ਤੇ ਲਹਿ-ਲਹਾਉਂਦੀਆਂ ਫਸਲਾਂ ਤੇ ਜੰਗਲ ਕਿਧਰੇ ਵਿਖਾਈ ਨਹੀਂ
ਦਿੰਦੇ।
ਸਗੋਂ ਤਰੱਕੀ ਤੇ
ਵਿਕਾਸ ਦੇ ਨਾਂ ਹੇਠ, ਉਸ ਨੇ ਰੁੱਖਾਂ ਨੂੰ ਕੱਟ ਕੇ ਪੱਧਰ ਕਰ ਦਿੱਤਾ ਹੈ। ਵੱਡੇ
ਵੱਡੇ ਸ਼ਹਿਰਾਂ 'ਚ ਅਸਮਾਨ ਛੂੰਹਦੀਆਂ ਇਮਾਰਤਾਂ, ਇਨਸਾਨ ਦੀ ਤਰੱਕੀ ਦਾ ਸੂਚਕ ਤਾਂ ਹਨ
ਪਰ ਕੁਦਰਤ ਦੀ ਕਰੋਪੀ ਵੀ ਇਨ੍ਹਾਂ ਦੇ ਵਧਣ ਨਾਲ ਬਰਕਰਾਰ ਹੈ, ਕਿਧਰੇ ਸੋਕ ਪੈ ਜਾਂਦਾ
ਹੈ ਤੇ ਫਸਲਾਂ ਤਬਾਹ ਹੋ ਜਾਂਦੀਆਂ ਹਨ ਤੇ ਕਿਧਰੇ ਹੋਰ ਵਧੇਰੇ ਗਰਮੀ ਪੈਣ ਕਾਰਨ
ਪਸ਼ੂ-ਡੰਗਰ ਤੇ ਪੰਛੀ ਵੀ ਮੌਤ ਦੇ ਮੂੰਹ ਜਾ ਪੈਂਦੇ ਹਨ। ਸਗੋਂ ਪੰਛੀਆਂ ਦੀਆਂ ਹਜ਼ਾਰਾਂ
ਕਿਸਮਾਂ, ਇਨਸਾਨ ਦੀ ਬੇ-ਪ੍ਰਵਾਹੀ ਦਾ ਸ਼ਿਕਾਰ ਹੋ ਕੇ ਕਿਧਰੇ ਅਲੋਪ ਹੋ ਚੁੱਕੀਆਂ ਹਨ।
ਇਥੋਂ ਤੀਕ ਕਿ ਮੁਰਦਾਰ ਖਾਣ ਲਈ, ਅੱਗੇ ਗਿਰਝਾਂ ਹੱਡ-ਰੋੜੀ 'ਚ ਬੈਠੀਆਂ ਵਿਖਾਈ
ਦਿੰਦੀਆਂ ਸਨ ਪਰ ਹੁਣ ਗਿਰਝਾਂ ਦਾ ਕਿਧਰੇ ਨਾਮ-ਨਿਸ਼ਾਨ ਵੀ ਨਹੀਂ ਹੈ। ਮਰੇ ਹੋਏ
ਪਸ਼ੂ-ਡੰਗਰ ਤੇ ਹੋਰ ਕੂੜ-ਕਬਾੜ ਦੀ ਗੰਦਗੀ ਚਾਰ-ਚੁਫੇਰੇ ਇੰਜ ਪਸਰ ਗਈ ਹੈ ਕਿ ਸਾਰੀ
ਹਵਾ ਹੀ ਪ੍ਰਦੂਸ਼ਿਤ ਹੋ ਚੁੱਕੀ ਹੈ। ਅਜਿਹੀ ਪ੍ਰਦੂਸ਼ਿਤ ਹਵਾ 'ਚ ਜੇ ਇਨਸਾਨ ਇੰਜ ਹੀ
ਸਾਹ ਲੈਂਦਾ ਰਿਹਾ ਤਾਂ ਅੱਵਲ ਹੀ ਆਉਣ ਵਾਲੇ ਸਮੇਂ 'ਚ ਉਹ ਆਪਣੀ ਜ਼ਿੰਦਗੀ ਤੋਂ ਹੱਥ
ਧੋਈ ਬੈਠਾ ਹੈ। ਇਹ ਸਿਲਸਿਲਾ ਵਧੇਰੇ ਚਿਰ ਤਕ ਨਹੀਂ ਚਲ ਸਕੇਗਾ।
ਰੂਸੀ ਦਾਨਿਸ਼ਵਰ ਲਾਪਤਵੇ ਦੇ ਕਹਿਣ ਅਨੁਸਾਰ ''ਮਨੁੱਖ ਨੇ
ਉੱਨਤੀ ਦੇ ਘੋੜੇ ਨੂੰ ਏਨੀ ਤੇਜ਼ ਦੌੜਾਇਆ ਹੈ ਕਿ ਉਸ ਦੀਆਂ ਵਾਗਾਂ ਹੀ ਮਨੁੱਖ ਹੱਥੋਂ
ਛੁੱਟ ਗਈਆਂ ਹਨ।'' ਬਿਲਕੁਲ ਸੱਚ ਜਾਪਦਾ ਹੈ। ਅੱਜ ਇਨਸਾਨ ਭਾਵੇਂ ਵਿਕਾਸ ਦੇ ਨਾਂ
'ਤੇ ਕਿੰਨੇ ਵੱਡੇ ਮਹਿਲ ਉਸਾਰ ਲਵੇ, ਜਾਂ ਨਗਰ ਖੜ੍ਹੇ ਕਰ ਲਵੇ ਪਰ ਕੁਦਰਤ ਦੇ
ਅਜੂਬਿਆਂ ਬਿਨਾਂ ਉਸ ਦੀ ਝੋਲ ਸੱਖਣੀ ਹੀ ਰਹੇਗੀ। ਪੰਛੀਆਂ ਦੇ ਮਿੱਠੇ ਤੇ ਮਧੁਰ ਗੀਤ
ਭਲਾ ਉਹ ਕਿਵੇਂ ਤੇ ਕਿੱਥੇ ਸੁਣ ਸਕਦਾ ਹੈ। ਸਗੋਂ ਹੈਰਾਨੀ ਤਾਂ ਇਸ ਗੱਲ ਦੀ ਵੀ ਹੈ
ਕਿ ਅਸਲ ਦੀ ਨਕਲ ਉਤਾਰ ਕੇ, ਉਹ ਵਧੇਰੇ ਖੁਸ਼ ਹੁੰਦਾ ਹੈ। ਭਾਵ ਅਸਲੀ ਪੰਛੀਆਂ ਨੂੰ
ਤਿਆਗ ਕੇ, ਉਹ ਇਨ੍ਹਾਂ ਦੇ ਨਮੂਨੇ 'ਤੇ ਮਾਡਲ, ਭਾਵ ਕੁੱਤੇ, ਬਿੱਲੀਆਂ ਦੀਆਂ ਉੱਨ
ਦੀਆਂ ਬਣੀਆਂ ਬਨਾਉਟੀ ਦੇਹਾਂ ਚੁੱਕੀ ਫਿਰਦਾ ਹੈ। ਉਨ੍ਹਾਂ ਨੂੰ ਅਲਮਾਰੀਆਂ 'ਚ
ਸਜਾਉਂਦਾ ਹੈ ਤੇ ਕਾਰਾਂ ਦੇ ਪਿੱਛੇ ਸ਼ੋਅ-ਪੀਸ ਬਣਾ ਕੇ, ਟੁੰਗੀ ਫਿਰਦਾ ਹੈ। ਭਲਾ ਜੇ
ਅਜਿਹਾ ਹੀ ਪਿਆਰ, ਉਹ ਇਨ੍ਹਾਂ ਜਾਨਵਰਾਂ ਨੂੰ ਘਰੇ ਪਾਲ ਕੇ, ਕਰ ਸਕੇ ਤਾਂ ਕਿੰਨੀ
ਚੰਗੀ ਗੱਲ ਹੈ। ਫਿਰ ਫਰਜ਼ੀ, ਸ਼ੇਰ ਤੇ ਚੀਤੇ ਜੇ ਘਰਾਂ 'ਚ ਜਾ ਮਹਿਲਾਂ 'ਚ ਰੱਖ ਵੀ
ਲਵੇ ਤਾਂ ਕੀ ਉਹ ਅਸਲ ਜਿੰਨਾ ਦਿਲ ਪ੍ਰਚਾਵਾ ਤੇ ਆਨੰਦ ਦੇ ਸਕਣਗੇ? ਬਿਲਕੁਲ, ਨਹੀਂ।
ਇਸ ਵਿਚ ਭੋਰਾ ਵੀ ਸ਼ੱਕ ਨਹੀਂ ਹੈ ਕਿ ਇਨਸਾਨ ਨੇ, ਵਿਕਾਸ ਦੇ ਨਾਂ
ਤੇ ਸ਼ਹਿਰ ਤਾਂ ਉਸਾਰੇ ਹਨ ਪਰ ਕੁਦਰਤ ਪ੍ਰਤੀ ਬੇ-ਹੱਦ ਲਾ-ਪ੍ਰਵਾਹੀ ਦਿਖਾਈ ਹੈ।
ਜਿੱਥੇ ਵੱਡੇ ਵੱਡੇ ਸ਼ਹਿਰ ਤੇ ਮਹਾਂ-ਨਗਰ ਉਸਰੀ ਜਾ ਰਹੇ ਹਨ, ਉੱਥੇ ਨਾਲ ਦੀ ਨਾਲ
ਬਾਹਰਲੇ ਪਾਸੇ ਝੁੱਗੀਆਂ, ਝੌਂਪੜੀਆਂ ਵੀ ਬਣਦੀਆਂ ਜਾ ਰਹੀਆਂ ਹਨ। ਇਥੇ ਗਰੀਬੀ ਦੇ
ਸਤਾਏ ਤੇ ਭੁੱਖਣ-ਭਾਣੇ ਦਿਨ- ਕਟੀ ਕਰਨ ਵਾਲੇ ਲੋਕ ਵੀ ਬਰਾਬਰ ਵੱਸੋਂ ਦੇ ਨਾਲ ਨਾਲ
ਵਧੀ ਜਾ ਰਹੇ ਹਨ। ਇਨ੍ਹਾਂ ਲੋਕਾਂ ਨੂੰ ਗੰਦਗੀ ਦੇ ਢੇਰਾਂ 'ਤੇ ਰਹਿਣਾ ਪੈ ਰਿਹਾ ਹੈ।
ਪਰ ਇਹ ਆਪਣੀ ਜਗ੍ਹਾ ਮਜ਼ਬੂਰ ਹਨ। ਸ਼ਹਿਰੀ ਵੱਸੋਂ ਬਿਨਾਂ ਇਨ੍ਹਾਂ ਦਾ ਗੁਜ਼ਾਰਾ ਨਹੀਂ
ਹੈ, ਕਿਉਂਕਿ ਰੋਜ਼ੀ ਰੋਟੀ ਲਈ ਤਾਂ ਇਨ੍ਹਾਂ ਨੇ ਅਮੀਰਾਂ ਦੇ ਘਰਾਂ 'ਚ ਹੀ ਕੰਮ ਕਰਨ
ਜਾਣਾ ਹੈ। ਸਗੋਂ ਵਾਧਾ ਇਹ ਹੈ ਕਿ ਇਨ੍ਹਾਂ ਲੋਕਾਂ ਨੂੰ ਤਾਲੀਮ ਦੀ ਘਾਟ ਕਾਰਨ,
ਆਬਾਦੀ ਬਾਰੇ ਵੀ ਕੋਈ ਗਿਆਨ ਨਹੀਂ ਹੈ ਤੇ ਇਨ੍ਹਾਂ ਦੇ ਇਕ ਇਕ ਟੱਬਰ 'ਚ ਛੇ ਛੇ ਜੁਆਕ
ਵੀ ਜੰਮੇ ਹੋਏ ਹਨ। ਅੱਗੋਂ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਫਿਰ ਭਲਾਂ, ਭਾਰਤ ਦੀ
ਆਬਾਦੀ ਕਿਵੇਂ ਨਾ ਵਧੇ ਤੇ ਇਨ੍ਹਾਂ ਨੂੰ ਆਬਾਦੀ ਵਧਾਉਣ ਤੋਂ ਰੋਕ ਵੀ ਕੌਣ ਸਕਦਾ ਹੈ?
ਜਿੰਨਾ ਚਿਰ ਸਰਕਾਰ ਬੱਚੇ ਜੰਨਣ ਸਬੰਧੀ ਕੋਈ ਸਖਤ ਕਾਨੂੰਨ ਪਾਸ ਨਹੀਂ ਕਰਦੀ।
ਰੂਸੀ ਵਿਦਵਾਨ, ਦਿਮਤਰੀ ਲਿਖਾਚੇਵ ਲਿਖਦਾ ਹੈ, ''ਕੁਦਰਤ ਦਾ
ਵੀ ਆਪਣਾ ਸਭਿਆਚਰ ਹੈ। ਇਸ ਸਭਿਆਚਾਰ ਵਿਚ ਬੇ-ਅਸਲੀਆਂ, ਬੇ-ਪਰਵਾਹੀਆਂ ਜਾਂ ਫਿਰ
ਘੜਮੱਸ ਦੀ ਕੋਈ ਥਾਂ ਨਹੀਂ। ਕੁਦਰਤੀ ਸਭਿਆਚਾਰ ਤਾਂ ਇਕ ਤਾਲਮਈ ਸੁਰੀਲਾ ਗੀਤ ਹੈ। ਇਸ
ਵਿਚ ਤਾਲ ਦੀ ਵਿਆਪਕਤਾ ਹੈ, ਬੇਤਾਲ ਹੋਣ ਦੀ ਕਿਧਰੇ ਵੀ ਥਾਂ ਨਹੀਂ।'' ਅਸਲ ਗੱਲਾਂ
'ਚੋਂ ਗੱਲ ਤਾਂ ਇਹ ਹੈ ਕਿ ਇਨਸਾਨ ਨੂੰ ਸੁੰਦਰਤਾ ਪ੍ਰਤੀ ਫਰਜ਼ੀ ਮੋਹ ਤਿਆਗਣਾ ਪਵੇਗਾ।
ਜੇ ਉਹ ਸੱਚਮੁੰਚ ਹੀ ਸੁੰਦਰਤਾ ਨੂੰ ਪਿਆਰ ਕਰਦਾ ਹੈ ਤਾਂ ਕੁਦਰਤ ਦੀਆਂ ਸਿਰਜੀਆਂ
ਸੁੰਦਰ ਵਸਤਾਂ ਨੂੰ ਪਿਆਰ ਕਰੇ। ਪਹਾੜ, ਸਸ਼ਮੇ, ਤੇ ਵੱਡੇ ਵੱਡੇ ਰੁੱਖਾਂ ਤੇ ਜੰਗਲਾਂ
ਪ੍ਰਤੀ ਮੋਹ ਵਿਖਾਵੇ। ਇਨ੍ਹਾਂ ਜੰਗਲਾਂ 'ਚ ਵਧਦੇ ਹਜ਼ਾਰਾਂ ਹਿਰਨ, ਚੀਤੇ, ਸ਼ੇਰ ਤੇ
ਬਘਿਆੜ ਉਸ ਨੂੰ ਦੋਸਤਾਂ ਵਾਂਗ ਜਾਪਣ। ਫਿਰ ਹੀ ਇਹ ਕੁਦਰਤ ਨਾਲ ਪਿਆਰ ਪਾਲਦਾ ਹੋਇਆ
ਇਸ ਨਾਲ ਲਗਾਵ ਵੀ ਮਹਿਸੂਸ ਕਰੇਗਾ। ਹੋ ਸਕਦਾ ਹੈ ਕਿਸੇ ਚਰਵਾਹੇ ਦੀ ਬੰਸਰੀ ਦੀ ਧੁੰਨ
ਉਸ ਨੂੰ ਅੱਜ ਵੀ ਕੁਦਰਤ ਦਾ ਇਲਾਹੀ ਰਾਗ ਜਾਪੇ ਤੇ ਇਹ ਇੰਜ ਚਰਵਾਹੇ ਦੀਆਂ ਭੇਡਾਂ,
ਬੱਕਰੀਆਂ ਦੇ ਇੱਜੜ ਨੂੰ ਵੀ ਪਿਆਰਨ ਲੱਗ ਪਵੇ। ਇਹ ਵੀ ਤਾਂ ਇਸ ਪ੍ਰਕਿਰਤੀ ਦਾ ਇਕ
ਭਾਗ ਹੈ। ਇਸ ਜਿਊਂਦੇ ਜਾਗਦੇ ਜਗਤ ਦਾ ਹੀ ਪਸਾਰਾ ਹੈ।
ਬਿਨਾਂ ਸ਼ੱਕ ਅੱਜ
ਅਸੀਂ ਸ਼ਹਿਰਾਂ 'ਚ ਵੱਡੇ ਵੱਡੇ ਹਸਪਤਾਲਾਂ 'ਚ ਲੋਕਾਂ ਦੀ ਵਧਦੀ ਆਮਦ ਵੇਖ ਕੇ, ਹੈਰਾਨ
ਹੁੰਦੇ ਹਾਂ ਕਿ ਇਹ ਲੋਕ ਕਿਵੇਂ ਬੀਮਾਰੀਆਂ ਨੇ ਆ ਘੇਰੇ ਹਨ। ਕਿਵੇਂ ਕੋਈ
ਸਾਹ-ਪ੍ਰਣਾਲੀ ਤੋਂ ਤੰਗ ਹੈ ਤੇ ਕਿਵੇਂ ਕੋਈ ਹਾਈ ਬਲੱਡ-ਪ੍ਰੈਸ਼ਰ ਜਾਂ ਸ਼ੱਕਰ ਰੋਗ ਦੇ
ਵਧਣ ਨਾਲ ਔਖੇ ਔਖੇ ਸਾਹ ਲੈ ਰਿਹਾ ਹੈ। ਉਂਜ ਵੇਖਿਆਂ ਚਾਖਿਆਂ ਤਾਂ ਇਹ ਮਰੀਜ਼ ਉਪਰੋਂ
ਚੰਗੇ ਭਲੇ ਜਾਪਦੇ ਹਨ, ਪਰ ਅੰਦਰੋਂ ਹਰ ਇਕ ਨੂੰ ਕਿਸੇ ਭਿਆਨਕ ਰੋਗ ਨੇ ਦਬੋਚ ਲਿਆ
ਹੈ।
ਇਹ ਸਾਰਾ ਕਸਾਮ ਤੇ ਪਰਿਣਾਮ, ਹਵਾ ਦੇ ਪ੍ਰਦੂਸ਼ਣ ਕਾਰਨ 'ਚ।
ਫਿਰ ਗੰਦੇ ਪਾਣੀ ਦੇ ਕੀਟਾਣੂਆਂ ਕਾਰਨ ਹੀ ਵਾਪਰਿਆ ਹੈ। ਇਨ੍ਹਾਂ ਪੀੜਿਤ ਲੋਕਾਂ ਦੀ
ਅੱਖੀਂ ਡਿੱਠੀ ਤਸਵੀਰ ਸਾਨੂੰ ਸੱਚਮੁੱਚ ਹੀ ਕੁਦਰਤ ਨਾਲ ਕੀਤੇ, ਅਣ-ਮਨੁੱਖੀ ਵਤੀਰੇ
ਦੀ ਜਿਊਂਦੀ ਜਾਗਦੀ ਮਿਸ਼ਾਲ ਲਗਦੀ ਹੈ। ਆਖਰਕਾਰ ਕਿਸ ਦਾ ਕਸੂਰ ਹੈ ਇਹ? ਤਾਂ ਸਹਿਜੇ
ਹੀ ਜੁਆਬ ਮਿਲੇਗਾ, ''ਸਾਡਾ ਸਭਨਾ ਦਾ'' ਜਿਨ੍ਹਾਂ ਨੇ ਅਸਲ ਜ਼ਿੰਦਗੀ ਨੂੰ ਤਿਆਗ ਕੇ,
ਫਰਜ਼ੀ ਤੇ ਬਨਾਉਟੀ ਜ਼ਿੰਦਗੀ ਨੂੰ ਮੋਹ ਕੀਤਾ ਹੈ।
ਵਾਤਾਵਰਣ ਦੇ ਵੱਡੇ ਚਿੰਤਕ, ਐਲਡੋ ਓਪੋਰਡ ਦਾ ਕਹਿਣਾ ਹੈ,
''ਕੁਦਰਤ ਤਾਂ ਇਕ ਜੀਵੀ ਵਸਤੂ ਹੈ। ਇਸ ਨਾਲ ਇਸ ਸਾਂਝ ਇਕ ਮਿੱਤਰ ਨਾਲ ਸਾਂਝ ਵਰਗੀ
ਹੁੰਦੀ ਹੈ। ਇਹ ਤਾਂ ਨਹੀਂ ਹੁੰਦਾ ਕਿ ਤੁਸੀਂ ਆਪਣੇ ਦੋਸਤ ਦਾ ਸੱਜਾ ਹੱਗ ਰਹੇ ਹੋਵੋ
ਪਰ ਉਸਦਾ ਖੱਬਾ ਹੱਥ ਕੱਟ ਦੇਣਾ ਚਾਹੋ। ਇਹ ਵੀ ਨਹੀਂ ਹੁੰਦਾ ਕਿ ਤੁਸੀਂ ਸ਼ਿਕਾਰ ਦੀਆਂ
ਖੇਡਾਂ ਦੇ ਸ਼ੌਕੀਨ ਵੀ ਹੋਵੋ ਤੇ ਨਾਲ ਨਾਲ ਜੰਗਲੀ ਜਾਨਵਰਾਂ ਨੂੰ ਨਫਰਤ ਵੀ ਕਰੋ।''
ਇੰਜ ਇਹ ਲੋੜ ਅੱਜ ਏਨੀ ਵਧ ਗਈ ਹੈ ਕਿ ਇਨਸਾਨ ਮੁੜ ਕੇ
ਪੁਰਾਣੇ ਵਕਤਾਂ ਵਾਂਗ, ਕੁਦਰਤ ਦੀ ਡਿਊਢੀ 'ਚ ਮੰਜੀ ਡਾਹ ਕੇ, ਫਖਰ ਨਾਲ ਬੈਠੇ ਤਾਂ
ਸੁੱਖ ਦਾ ਸਾਹ ਲਵੇ। ਇਸ ਵਿਚ ਕੋਈ ਅਤਿਕਥਨੀ ਨਹੀਂ ਹੈ। ਬੋਹੜਾਂ, ਪਿੱਪਲਾਂ ਦੀ ਠੰਡੀ
ਤੇ ਮਿੱਠੀ ਛਾਂ ਸਾਨੂੰ ਸਾਡੇ ਬਣਾਏ ਕੋਠਿਆਂ ਤੋਂ ਵਧੇਰੇ ਚੰਗੀ ਲੱਗੇੲ।
ਸਵੇਰ ਦੀ ਸਗੰਧ-ਸੁਨੀਰ ਮੁੜ ਤੋਂ ਸਾਡੀ ਸਾਹ ਪ੍ਰਣਾਲੀ 'ਚ
ਸਾਫ ਹਵਾ ਦੇ ਬੁੱਲ੍ਹੇ ਛੱਡੇ ਤੇ ਲੰਬੇ ਲੰਬੇ ਸਾਹ ਲੈ ਕੇ, ਅਸੀਂ ਨਿਰੋਗ ਮਹਿਸੂਸ
ਕਰੀਏ, 'ਤੇ ਇਹ ਵੀ ਸੰਭਵ ਹੈ ਕਿ ਕੋਈ ਸ਼ਹਿਰਾਂ ਦੀ ਸੰਘਣੀ ਆਬਾਦੀ ਤੋਂ ਤੰਗ ਆਇਆ ਤੇ
ਇਹ ਭੀੜ-ਭੜੱਕੇ ਤੋਂ ਅੱਕਿਆਂ-ਥੱਕਿਆ ਫਿਰ ਪਿੰਡ ਦੀ ਨੁਹਾਰ ਵੇਖਣੀ ਚਾਹੇ ਜਿੱਥੇ ਕਦੇ
ਕਿਸੇ ਅੱਲੜ ਮੁਟਿਆਰ ਨੇ ਚਰਖਾ ਡਾਹ ਕੇ ਲੰਬੇ ਲੰਬੇ ਤੰਦ ਕੱਢਦਿਆਂ ਇਹ ਗੀਤ ਗਾਇਆ
ਸੀ:
''ਮੈਨੂੰ ਅੰਬਰ ਦਾ ਲਹਿੰਗਾ ਸੁਵਾ ਦੇ ਵੇ।
ਇਹਨੂੰ ਧਰਤੀ ਦਾ ਲੌਣ ਲਵਾ ਦੇ ਵੇ।
ਤੇ ਇਹ ਵੀ ਸੰਭਵ ਹੈ ਕਿ ਹੋਰਨਾਂ ਧਰਮਾਂ ਦੀ ਪੂਜਾ ਕਰਦਾ
ਕਰਦਾ ਇਨਸਾਨ, ਕੁਦਰਤ ਦੀ ਫਿਰ ਤੋਂ ਪੂਜਾ ਕਰਨੀ ਆਰੰਭ ਲਵੇ। ਸਗੋਂ ਕੁਦਰਤ ਦੀ ਪੂਜਾ
ਕਰਨੀ ਤਾਂ ਮੇਰੇ ਖਿਆਲ 'ਚ ਮੰਦਰ ਦੀ ਪੂਜਾ ਨਾਲੋਂ ਵੀ ਵਧੇਰੇ ਸੁਖਾਵੀਂ ਤੇ ਗੁਣਕਾਰੀ
ਹੋਵੇਗੀ। ਇਸੇ ਲਈ ਕਦੇ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਉਚਾਰੇ ਸਨ:
'ਗਗਨ ਮੈ
ਥਾਲ, ਰਵਿ ਚੰਦ ਦੀਪਕ ਬਣੇ,
ਤਾਰਿਕਾ ਮੰਡਲ, ਜਨਕ ਮੋਤੀ,
ਧੂਪ ਮਲਆਨਲੋ, ਪਵਨ ਚਵਰੋ ਕਰੇ,
ਸਗਲ ਬਨਰਾਇ ਫੁਲੰਤ ਜੋਤੀ,
ਕੈਸੀ ਆਰਤੀ ਹੋਇ
ਭਵ ਖੰਡਨਾ ਤੇਰੀ ਆਰਤੀ
ਅਨਹਦ ਸ਼ਬਦ ਵਜੰਤ ਭੇਰੀ।''
|