hindustan-maharaja-rs1xx.jpg (4441 bytes)ਹਿੰਦੁਸਤਾਨ ਦੇ ਇਤਿਹਾਸ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੁਨਾਸਿਬ ਜਗ੍ਹਾ - ਅਭੈ ਸਿੰਘ

ਪੰਜਾਬ ਸਰਕਾਰ ਵਲੋਂ ਮਹਾਰਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਦਾ ਦੋ ਸੌਵਾਂ ਸਾਲ ਮਨਾਉਣ ਦੇ ਫੈਸਲ਼ੇ ਬਾਰੇ ਕਾਫੀ ਪ੍ਰਤੀਕਰਮ ਹੋਇਆ ਹੈ। ਕੁਝ ਲੋਕ ਉਸ ਨੂੰ ਮਹਾਨ ਸ਼ਹਿਨਸ਼ਾਹ, ਧਰਮ ਨਿਰਪਖ, ਲੋਕ ਰਾਜ ਦਾ ਸਮਰਥਕ, ਦਿਆਲੂ ਤੇ ਸਿਖ ਨਾਇਕ ਗਿਣਦੇ ਹਨ। ਦੂਜੇ ਪਾਸੇ ਕੁਝ ਲੋਕ ਉਸ ਦੀ ਤਾਜਪੋਸ਼ੀ ਦਾ ਦਿਨ ਇਹ ਕਹਿ ਕੇ ਮਨਾਉਣ ਦਾ ਵਿਰੋਧ ਕਰਦੇ ਹਨ ਕਿ ਉਹ ਸਿਖ ਰਵਾਇਤਾਂ ਦਾ ਪਾਲਣਹਾਰ ਨਹੀਂ ਸੀ। ਉਹ ਕਈ ਵਿਅਕਤੀਗਤ ਕਮਜ਼ੋਰੀਆਂ ਦਾ ਮਾਲਕ ਸੀ।

hindustan-maharaja-rs1.jpg (32496 bytes)ਦਰਅਸਲ ਅਸੀਂ ਗਲਤ ਕਰਦੇ ਹਾਂ ਜਦੋਂ ਕਿਸੇ ਇਤਿਹਾਸਕ ਹਸਤੀ ਨੂੰ ਅਜ ਦੇ ਨਾਪ ਤੋਲ ਨਾਲ ਨਾਪਦੇ ਹਾਂ। ਜਿਹੜੀਆਂ ਲੋਕ ਰਾਜੀ, ਧਰਮ ਨਿਰਪਖਤਾ ਤੇ ਮਨੁਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਅਸੀਂ ਅਜ ਅਪਣਾਈਆਂ ਹਨ, ਇਹ ਦੋ ਸੌ ਸਾਲ ਪਹਿਲਾਂ ਸੋਚੀਆਂ ਵੀ ਨਹੀਂ ਜਾ ਸਕਦੀਆਂ ਸਨ। ਮਨੁਖ ਦੇ ਅਨੁਭਵਾਂ, ਸੋਚਾਂ ਤੇ ਸਮਝਦਾਰੀਆਂ ਦਾ ਸਫਰ ਜਾਰੀ ਹੈ।

ਇਸ ਵਿਚ ਕੋਈ ਸ਼ਕ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਇਕ ਸਫਲ ਬਾਦਸ਼ਾਹ ਤੇ ਆਪਣੇ ਰਾਜ ਨੂੰ ਸਥਾਪਤ, ਮਜ਼ਬੂਤ ਤੇ ਉਸ ਦਾ ਵਿਸਥਾਰ ਕਰਨ ਲਈ ਆਪਣੇ ਸਮੇਂ ਦਾ ਨਿਪੁੰਨ ਪ੍ਰਸ਼ਾਸਕ ਤੇ ਨੀਤੀਵਾਨ ਸੀ। ਉਹ ਪੰਜਾਬ ਦੇ ਇਤਿਹਾਸ ਦਾ ਸ੍ਰੋਮਣੀ ਤੇ ਭਾਰਤ ਦੇ ਇਤਿਹਾਸ ਦਾ ਮਹਤਵਪੂਰਨ ਅੰਗ ਹੈ।

ਇਤਿਹਾਸ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਇਕ ਆਪਣੀ ਹੀ ਕਿਸਮ ਦੀ ਜਗ੍ਹਾ ਹੈ। ਉਸ ਦੀ ਤੁਲਨਾ ਚੰਦਰ ਗੁਪਤ, ਅਕਬਰ ਜਾਂ ਟੀਪੂ ਸੁਲਤਾਨ ਨਾਲ ਨਹੀਂ ਕੀਤੀ ਜਾ ਸਕਦੀ ਜਿਵੇਂ ਕੋਈ ਲੇਖਕਾਂ ਨੇ ਕੋਸ਼ਿਸ਼ ਕੀਤੀ ਹੈ। ਖੁਸ਼ਵੰਤ ਸਿੰਘ ਨੇ ਆਪਣੀ ਇਕ ਕਿਤਾਬ ਦੇ ਮੁਖ ਬੰਦ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਨਪੋਲੀਅਨ ਦੇ ਸਮਾਨਅੰਤਰ ਪੇਸ਼ ਕੀਤਾ ਹੈ। ਇਹ ਸਹੀ ਨਹੀਂ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਇਕ ਰਾਜ ਘਰਾਣੇ ਵਿਚ ਹੋਇਆ ਪਰ ਨਪੋਲੀਅਨ ਇਕ ਸਿਪਾਹੀ ਤੋਂ ਬਾਦਸ਼ਾਹ ਬਣਿਆ ਸੀ। ਰਣਜੀਤ ਸਿੰਘ ਨੇ ਰਾਜ ਕਰਨ ਲਈ ਧਰਮ ਦਾ ਸਹਾਰਾ ਲਿਆ ਪਰ ਨਪੋਲੀਅਨ ਨੇ ਰੋਮ ਦੇ ਪੋਪ ਨੂੰ ਲਲਕਾਰਿਆ, ਕਦੇ ਰਬ ਦਾ ਨਾਂ ਨਹੀਂ ਲਿਆ ਅਤੇ ਆਪਣੇ ਸਿਰ ਉਪਰ ਤਾਜ ਪੋਪ ਤੋਂ ਨਹੀਂ ਰਖਵਾਇਆ, ਖੁਦ ਚੁਕ ਕੇ ਰਖਿਆ। ਸਪਸ਼ਟੀਕਰਨ ਵਿਚ ਦਸਿਆ ਕਿ ਉਸ ਨੂੰ ਬਾਦਸ਼ਾਹ ਰਬ ਨੇ ਨਹੀਂ ਬਣਾਇਆ, ਉਹ ਆਪਣੀ ਹਿੰਮਤ ਨਾਲ ਬਣਿਆ ਸੀ। ਸਭ ਤੋਂ ਵਡਾ ਫਰਕ ਇਹ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਦੇ ਡਾਢੇ ਨਾਲ ਟਕਰ ਨਹੀਂ ਲਈ ਤੇ ਕਦੇ ਹਾਰ ਦਾ ਮੂੰਹ ਨਹੀਂ ਵੇਖਿਆ ਪ੍ਰੰਤੂ ਨਪੋਲੀਅਨ ਨੇ ਦੁਨੂਆਂ ਦੀਆਂ ਵਡੀਆਂ ਤਾਕਤਾਂ ਨੂੰ ਲਲਕਾਰਿਆ ਤੇ ਵਡੀਆਂ ਜਿਤਾਂ ਦੇ ਨਾਲ ਨਾਲ ਭਿਆਨਕ ਹਾਰਾਂ ਵੀ ਸਹੀਆਂ। ਹਾਰਾਂ ਖਾ ਕੇ ਉਠਣਾ ਤੇ ਫਿਰ ਲੜਨਾ ਉਸ ਦੀ ਖਾਮੀਅਤ ਸੀ।

hindustan-maharaja-rs2.jpg (21718 bytes)ਇਤਿਹਾਸਕ ਮਹਤਵ ਨੂੰ ਪ੍ਰਵਾਨ ਕਰਦੇ ਹੋਏ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਇਕ ਅਦਰਸ਼ ਰਾਜ ਨਹੀਂ ਮੰਨਿਆ ਜਾ ਸਕਦਾ ਜੋ ਆਉਣ ਵਾਲੀਆਂ ਸਰਕਾਰਾਂ ਲਈ ਕੋਈ ਨਮੂਨਾ ਪੇਸ਼ ਕਰ ਸਕੇ। ਪੰਜਾਬ ਵਿਚ ਕੁਝ ਵਿਰੋਧੀ ਦਲਾਂ ਦੇ ਆਗੂ ਕਈ ਵਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀ ਤੁਲਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਕਰਕੇ ਨੁਕਤਾਚੀਨੀ ਕਰਦੇ ਹਨ। ਇਸ ਵਿਚ ਕੋਈ ਤੁਕ ਨਹੀਂ। ਪ੍ਰਕਾਸ਼ ਸਿੰਘ ਬਾਦਲ ਨਾ ਮਹਾਰਾਜਾ ਰਣਜੀਤ ਸਿੰਘ ਹੋ ਸਕਦਾ ਹੈ ਤੇ ਨਾ ਹੀ ਉਸ ਨੂੰ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਹਾਰਾਜਾ ਨੂੰ ਵੋਟਾਂ ਦੀ ਜ਼ਰੂਰਤ ਨਹੀਂ ਸੀ, ਪਰ ਬਾਦਲ ਨੂੰ ਹੈ।

ਅਕਸਰ ਜਦੋਂ ਅਸੀਂ ਕਿਸੇ ਦੀ ਤਾਰੀਫ ਕਰਨ ਲਗਦੇ ਹਾਂ ਤਾਂ ਇਕੇ ਪਾਸੇ ਦੀਆਂ ਕਹਾਣੀਆਂ ਘੜੀ ਜਾਂਦੇ ਹਾਂ। ਦਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਾਲ ਪੈ ਗਿਆ ਤੇ ਉਸ ਨੇ ਖਜ਼ਾਨੇ ਦੇ ਮੂੰਹ ਖੋਲ੍ਹ ਦਿਤੇ। ਲੋਕੀਂ ਕਣਕ ਦੀਆਂ ਬੋਰੀਆਂ ਭਰ ਭਰ ਘਰਾਂ ਨੂੰ ਲਿਜਾਣ ਲਗੇ। ਇਕ ਬੰਦੇ ਤੋਂ ਬੋਰੀ ਨਹੀਂ ਚੁਕੀ ਗਈ ਤਾਂ ਭੇਸ ਵਟਾ ਕੇ ਘੁੰਮ ਰਹੇ ਮਹਾਰਾਜਾ ਨੇ ਆਪ ਪਿਠ ਤੇ ਚੁਕ ਕੇ ਉਸ ਦੇ ਘਰ ਪਹੁੰਚਾਈ। ਇਹੋ ਜਿਹੀਆਂ ਤਾਰੀਫਾਂ ਕਰਦੇ ਅਸੀਂ ਇਹ ਨਹੀਂ ਸੋਚਦੇ ਕਿ ਮਹਾਰਾਜਾ ਰਣਜੀਤ ਸਿੰਘ ਕੋਲ ਕਣਕ ਦੀਆਂ ਬੋਰੀਆਂ ਕਿਥੋਂ ਆਈਆਂ। ਉਹ ਖੇਤੀ ਤਾਂ ਕਰਦਾ ਨਹੀਂ ਸੀ। ਹੋਰ ਬਾਦਸ਼ਾਹਾਂ ਦੀ ਤਰ੍ਹਾਂ ਉਸ ਦੇ ਖਜ਼ਾਨੇ ਵੀ ਲੋਕਾਂ ਉਪਰ ਲਗਾਏ ਭਾਈ ਮਾਮਲੇ ਦੀ ਉਗਰਾਹੀ ਤੇ ਲੁਟ ਦੇ ਮਾਲ ਨਾਲ ਹੀ ਭਰੇ ਸਨ। ਭਾਵੇਂ ਪੂਰੀ ਕਹਾਣੀ ਇਸ ਤਰ੍ਹਾਂ ਨਾ ਹੋਵੇ, ਉਸ ਦਾ ਪਰਜਾ ਨਾਲ ਹੇਜ ਜ਼ਰੂਰ ਹੋਵੇਗਾ।

ਇਸੇ ਤਰ੍ਹਾਂ ਜੇ ਬਚੇ ਪਥਰ ਮਾਰਨ ਤੇ ਰਾਜੇ ਇਹ ਕਹਿ ਕੇ ਮੋਹਰਾਂ ਵੰਡ ਦੇਣ ਕਿ ਕੀ ਉਹ ਬੇਰੀ ਤੋਂ ਵੀ ਗਏ ਗੁਜ਼ਰੇ ਹੋ ਗਏ ਤਾਂ ਲੋਕਾਂ ਕੋਲ ਮੋਹਰਾਂ ਦੀਆਂ ਕਮੀਆਂ ਨਾ ਰਹਿ ਜਾਣ। ਕੋਈ ਇਕ ਅੱਧੀ ਜਨੂੰਨੀ ਘਟਨਾ ਹੋ ਸਕਦੀ ਹੈ। ਰਾਜੇ ਮੋਹਰਾ ਵੰਡਦੇ ਨਹੀਂ, ਉਗਰਾਉਂਦੇ ਹੁੰਦੇ ਹਨ। ਫਿਰ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਬਣੇ ਅਜਿਹੇ ਕਿਸੇ ਪੰਜਾਬੀ ਲੋਕ ਸਾਹਿਤ ਦਾ ਅੰਗ ਬਣ ਚੁਕੇ ਹਨ।

ਮਹਾਰਾਜਾ ਰਣਜੀਤਾ ਸਿੰਘ ਨੇ ਸਿਖ ਧਾਰਮਿਕ ਸਥਾਨਾਂ ਦੀ ਉਸਾਰੀ ਲਈ ਬਹੁਤ ਕੁਝ ਕੀਤਾ। ਉਸ ਨੇ ਨੰਦੇੜ ਵਿਚ ਹਜ਼ੂਰ ਸਾਹਿਬ ਤੇ ਦਿਲੀ ਵਿਚ ਸੀਸ ਗੰਜ ਦੇ ਗੁਰਦੁਆਰੇ ਆਪਣੇ ਰਾਜ ਤੋਂ ਬਾਹਰ ਹੋਣ ਦੇ ਬਾਵਜੂਦ ਬਣਾਏ ਅਤੇ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਉਪਰ ਸੋਨਾ ਲਗਾ ਕੇ ਇਸ ਨੂੰ ਸੁਨਹਿਰੀ ਮੰਦਰ ਦਾ ਨਾਂ ਦਿਤਾ। ਇਸ ਤੋਂ ਇਲਾਵਾ ਉਸ ਪਾਸ ਜਿਹੜਾ ਵੀ ਤੋਹਫਾ ਆਉਂਦਾ ਉਹ ਦਰਬਾਰ ਸਾਹਿਬ ਲਈ ਭੇਜ ਦਿੰਦਾ। ਉਸ ਨੇ ਆਪਣੇ ਰਾਜ ਨੂੰ ਖਾਲਸਾ ਰਾਜ ਦਾ ਨਾਂ ਦਿਤਾ ਤੇ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਦੀ ਮਹਿਮਾ ਦੇ ਸਿਕੇ ਚਲਾਏ, ਆਪਣੇ ਨਾਂ ਦੇ ਨਹੀਂ।

hindustan-maharaja-rs3.jpg (32132 bytes)ਇਸ ਸਭ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਨੂੰ ਸਿਖ ਨਾਇਕ ਦੇ ਤੌਰ ਤੇ ਪੇਸ ਨਹੀਂ ਕੀਤਾ ਜਾ ਸਕਦਾ। ਉਸ ਵਿਚ ਬਾਦਸ਼ਾਹਾਂ ਵਾਲੇ ਸਾਰੇ ਐਬ ਸਨ। ਉਸ ਦੀਆਂ ਅੱਠ ਰਾਣੀਆਂ ਸਨ ਤੇ ਦਸ ਰਖੈਲਾਂ। ਧਾਰਮਿਕ ਕੰਮਾਂ ਵਿਚ ਵੀ ਉਹ ਆਪਣੀ ਮਰਜ਼ੀ ਦੀਆਂ ਰਹਿਤਾਂ ਚਲਾਉਂਦਾ ਸੀ। ਗੁਰਦੁਆਰਿਆਂ ਦੇ ਪੂਜਾ ਪਾਠ ਵੀ ਉਨ੍ਹਾਂ ਬ੍ਰਾਹਮਣੀ ਰੀਤਾਂ ਨਾਲ ਕੀਤੇ ਜਾਂਦੇ ਸਨ ਜਿਨ੍ਹਾਂ ਬਾਰੇ ਸਿਖ ਗੁਰੂ ਚੌਕਸ ਕਰਦੇ ਰਹੇ। ਸਿਖ ਵਿਚਾਰਧਾਰਾ ਦੇ ਪ੍ਰਚਾਰ ਦੇ ਨਾਂ ਦੀ ਕੋਈ ਚੀਜ਼ ਨਹੀਂ ਸੀ। ਅਜਿਹੇ ਕੋਈ ਕਾਰਨਾਂ ਕਰਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਆਪ ਨੂੰ ਤਾਜਪੋਸ਼ੀ ਸ਼ਤਾਬਦੀ ਸਮਾਰੋਹ ਤੋਂ ਅਲਗ ਕਰ ਲਿਆ ਹੈ। ਇਹ ਉਨ੍ਹਾਂ ਦਾ ਸਹੀ ਫੈਸਲ਼ਾ ਹੈ। ਪਰ ਪੰਜਾਬ ਸਰਕਾਰ ਵਲੋਂ ਇਹ ਦਿਨ ਮਨਾਉਣ ਵਿਚ ਕੋਈ ਹਰਜ ਨਹੀਂ। ਪਰ ਕੇਵਲ ਮਹਾਰਾਜਾ ਰਣਜੀਤ ਸਿੰਘ ਦੀ ਸਹੀ ਇਤਿਹਾਸਕ ਜਗ੍ਹਾ ਹੀ ਸਾਹਮਣੇ ਰਖਣੀ ਚਾਹੀਦੀ ਹੈ। ਜੋ ਲੋਕ ਸਰਕਾਰ ਵਲੋਂ ਇਹ ਦਿਨ ਮਨਾਏ ਜਾਣ ਦਾ ਇਸ ਕਰਕੇ ਵਿਰੋਧ ਕਰਦੇ ਹਨ ਕਿ ਮਹਾਰਾਜਾ ਸਿਖ ਰਵਾਇਤਾਂ ਦਾ ਪਾਲਕ ਨਹੀਂ ਸੀ, ਉਹ ਭੁਲ ਜਾਂਦੇ ਹਨ ਕਿ ਪੰਜਾਬ ਸਰਕਾਰ ਕੋਈ ਸਿਖ ਸੰਸਥਾ ਨਹੀਂ ਹੈ।

ਮਹਾਰਾਜਾ ਰਣਜੀਤ ਸਿੰਘ ਦੀ ਧਾਰਮਿਕ ਨਿਮਰਤਾ ਦਾ ਸਬੂਤ ਦੇਣ ਲਈ ਦਸਿਆ ਜਾਂਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਅਕਾਲ ਤਖਤ ਦੇ ਸਾਹਮਣੇ ਕੋੜੇ ਖਾਣ ਲਈ ਪੇਸ਼ ਕਰ ਦਿਤਾ ਸੀ। ਜ਼ਰੂਰ ਚੰਗੀ ਗਲ ਹੈ। ਪਰ ਇਸ ਵਿਚ ਇਹ ਵੇਖਣਾ ਜ਼ਰੂਰੀ ਹੈ ਕਿ ਉਹ ਕਿਸ ਮਾਮਲੇ ਵਿਚ ਅਕਾਲ ਤਖਤ ਅਗੇ ਨਿਵਿਆਂ ਸੀ। ਉੁਸ ਉਪਰ ਇਕ ਮੁਸਲਮਾਨ ਨਾਚੀ ਮੋਰਾਂ ਨਾਲ ਸਬੰਧ ਰਖਣ ਦਾ ਦੋਸ਼ ਸੀ। ਪਰ ਜੇ ਕਿਤੇ ਅਕਾਲ ਤਖਤ ਨੇ ਅੰਮ੍ਰਿਤਸਰ ਦੀ ਸੰਧੀ ਜਾਂ ਰੋਪੜ ਦੀ ਸੰਧੀ ਨਾ ਕਰਨ ਨੂੰ ਕਿਹਾ ਹੁੰਦਾ ਤਾਂ ਪਤਾ ਲਗ ਜਾਣਾ ਸੀ ਕਿ ਅਕਾਲ ਤਖਤ ਤੇ ਸ਼ਾਹੀ ਤਖਤ ਵਿਚ ਕੀ ਫਰਕ ਹੁੰਦਾ ਹੈ। ਉਸ ਵੇਲੇ ਦੇ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲ਼ਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਕਿਸੇ ਰਾਜਨੀਤੀ ਦੀ ਦੁਖਦੀ ਰਗ ਤੇ ਹਥ ਨਹੀਂ ਰਖਿਆ ਸੀ। ਮਹਾਰਾਜਾ ਨੇ ਰਾਜਨੀਤੀ ਵਿਚ ਕਿਸੇ ਦਾ ਦਖਲ ਨਹੀਂ ਬਰਦਾਸ਼ਤ ਕਰਨਾ ਸੀ। ਅਜ ਉਸ ਦੀਆਂ ਉਦਾਹਰਣਾਂ ਦੇ ਕੇ ਇਕ ਮੁਖ ਮੰਤਰੀ ਨੂੰ ਅਸਤੀਫਾ ਦੇਣ ਤੇ ਇਕ ਰਾਜਨੀਤਕ ਪਾਰਟੀ ਦੇ ਪ੍ਰਧਾਨ ਨੂੰ ਪਾਰਟੀ ਭੰਗ ਕਰਨ ਲਈ ਕਹਿਣਾ ਗਲਤ ਹੋਵੇਗਾ।

ਅਜ ਦੇ ਪੰਜਾਬ ਦਾ ਅੱਧਾ ਹਿਸਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਹਰ ਸੀ। ਉਸ ਵੇਲੇ ਵੀ ਅੱਧੀ ਸਿਖ ਆਬਾਦੀ ਸਿਖ ਰਾਜ ਤੋਂ ਬਾਹਰ ਸੀ। ਰਪੋੜ ਦੀ ਸੰਧੀ ਉਪਰ ਅੰਗੂਠਾ ਲਗਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਤੋਂ ਪੂਰਬ ਵਲ ਦਾ ਸਾਰਾ ਇਲਾਕਾ ਅੰਗਰੇਜ਼ਾਂ ਦਾ ਮੰਨ ਲਿਆ ਸੀ। ਅੰਗਰੇਜ਼ਾਂ ਦੀਆ ਸਿਖਾਂ ਨਾਲ ਲੜਾਈਆਂ ਵਿਚ ਸਤਲੁਜ ਤੋਂ ਇਧਰ ਦੀਆਂ ਸਿਖ ਰਿਆਸਤਾਂ ਨੇ ਅੰਗਰੇਜ਼ਾਂ ਦਾ ਸਾਥ ਦਿਤਾ ਸੀ। ਸ਼ਾਹ ਮੁਹੰਮਦ ਨੇ ਲਿਖ ਤਾਂ ਦਿਤਾ ਕਿ "ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁਟੇ' ਪਰ ਅੰਗਰੇਜ਼ ਫੌਜ ਵਿਚ ਭਾਰੀ ਗਿਣਤੀ ਸਿਖ ਤੇ ਹਿੰਦੂ ਸਿਪਾਹੀ ਸਨ।

ਸਿਖ ਇਤਿਹਾਸਕਾਰ ਡਾ ਕਿਰਪਾਲ ਸਿੰਘ ਨੇ ਆਪਣੀ ਕਿਤਾਬ ਸਿਖ ਇਤਿਹਾਸ ਦੇ ਵਿਸ਼ੇਸ਼ ਪਖ ਵਿਚ ਲਿਖਿਆ ਹੈ, 'ਮਹਾਰਾਜਾ ਰਣਜੀਤ ਸਿੰਘ ਸਤਲੁਜ ਨੂੰ ਹਦ ਮੰਨਣ ਨੂੰ ਤਿਆਰ ਨਹੀਂ ਸੀ ਤੇ ਸਾਰੇ ਖਾਲਸਾ ਪੰਥ ਨੂੰ ਇਕ ਝੰਡੇ ਥਲੇ ਲਿਆਉਣਾ ਚਾਹੁੰਦਾ ਸੀ। ਜੇ ਉਹ ਇਸ ਆਦਰਸ਼ ਵਿਚ ਕਾਮਯਾਬ ਹੋ ਜਾਂਦਾ ਤਾਂ ਉਸ ਦਾ ਦਰਜਾ ਸਿਖ ਇਤਿਹਾਸ ਵਿਚ ਉਹੀ ਹੁੰਦਾ ਜੋ ਇਸ ਵੇਲੇ ਅਮਰੀਕਨ ਇਤਿਹਾਸ ਵਿਚ ਅਬਰਾਹਮ ਲਿੰਕਨ ਤੇ ਜਰਮਨੀ ਦੇ ਇਤਿਹਾਸ ਵਿਚ ਬਿਸਮਾਰਕ ਨੂੰ ਪ੍ਰਾਪਤ ਸੀ'। ਇਸ ਵਿਚ ਉਨ੍ਹਾਂ ਦੀ ਪਹਿਲੀ ਗਲ ਤਾਂ ਮੰਨੀ ਜਾ ਸਕਦੀ ਹੈ ਕਿ ਮਹਾਰਾਜਾ ਸਤਲੁਜ ਨੂੰ ਹਦ ਨਹੀਂ ਮੰਨਣਾ ਚਾਹੁੰਦਾ ਸੀ, ਆਖਿਰ ਉਸ ਨੇ ਅੰਬਾਲਾ ਤਕ ਆਪਣਾ ਰਾਜ ਬਣਾਇਆ ਸੀ। ਪਰ ਦੂਜੀ ਗਲ ਵਿਚ ਬਹੁਤ ਵਡੀ ਜੇ ਹੈ। ਲਿੰਕਨ ਤੇ ਬਿਸਮਾਰਕ ਦੇ ਬਰਾਬਰ ਤਾਂ ਉਹ ਫਿਰ ਵੀ ਨਹੀਂ ਪਹੁੰਚ ਸਕਦਾ ਸੀ ਪਰ ਉਹ ਇਕ ਇਲਾਕਾ ਤਾਂ ਹੀ ਰਖ ਸਕਦਾ ਸੀ ਜੇ ਅੰਗਰੇਜ਼ ਚਾਹੁੰਦਾ। ਪਰ ਅੰਗਰੇਜ਼ ਨਹੀਂ ਚਾਹੁੰਦਾ ਸੀ। ਉਹ ਪੰਜਾਬ ਨੂੰ ਇਕ ਵੀ ਨਹੀਂ ਕਰਨਾ ਚਾਹੁੰਦਾ ਸੀ ਤੇ ਮਹਾਰਾਜਾ ਨੂੰ ਪਛਮੀ ਸਰਹਦ ਨਾਲ ਠੋਕ ਕੇ ਅਫਗ਼ਾਨਾਂ ਦੇ ਗਲ ਪਾ ਕੇ ਏਧਰੋਂ ਸੁਰਖਰੂ ਵੀ ਹੋਣਾ ਚਾਹੀਦਾ ਸੀ।

ਦਰਅਸਲ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਹੀ ਤਰ੍ਹਾਂ ਵਰਤਿਆ। ਦਖਣ ਤੇ ਪੂਰਬ ਵਿਚ ਉਨ੍ਹਾਂ ਦੇ ਕਈ ਕੰਮ ਬਕਾਇਆ ਸਨ। ਸਿਖ ਰਾਜ ਨੇ ਅਫਗ਼ਾਨਾਂ ਨੂੰ ਕੇਵਲ ਰੋਕੀ ਹੀ ਨਹੀਂ ਰਖਿਆ, ਅੰਗਰੇਜ਼ਾਂ ਦੇ ਕੰਮ ਆਉਣ ਲਈ ਭਾਰਤ ਦੀ ਸੀਮਾ ਵੀ ਵਧਾਈ। ਦੋ ਦੇਸੀ ਤਾਕਤਾਂ ਲੜ ਲੜ ਕੇ ਮਰੀ ਜਾਣ, ਅੰਗਰੇਜ਼ਾਂ ਨੂੰ ਹੋਰ ਕੀ ਚਾਹੀਦਾ ਸੀ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਮਹਾਰਾਜਾ ਦਾ ਰਾਜ ਕਿਤਨਾ ਵੀ ਵਿਕਸਤ ਜਾਂ ਸਕਤੀਸ਼ਾਲੀ ਕਿਉਂ ਨਾ ਹੋ ਜਾਵੇ, ਉਹ ਅੰਗਰੇਜ਼ ਦੇ ਬਰਾਬਰ ਨਹੀਂ ਹੋ ਸਕਦਾ। ਉਧਰ ਮਹਾਰਾਜਾ ਰਣਜੀਤ ਸਿੰਘ ਦੇ ਵੀ ਕੋਈ ਕੌਮੀ ਜਾਂ ਧਾਰਮਿਕ ਉਦੇਸ਼ ਨਹੀਂ ਸਨ। ਜਿਸ ਤਰ੍ਹਾਂ ਆਮ ਤੌਰ ਤੇ ਬਾਦਸ਼ਾਹਾਂ ਦੀਆਂ ਸੋਚਾਂ ਹੁੰਦੀਆਂ ਹਨ, ਉਹ ਆਪਣੀ ਜ਼ਿੰਦਗੀ ਐਸ਼ੋ ਆਰਾਮ, ਸਤਿਕਾਰ ਤੇ ਰੋਅਬ ਦਾਬ ਨਾਲ ਬਿਤਾਉਣੀ ਚਾਹੁੰਦਾ ਸੀ। ਇਸ ਵਿਚ ਉਹ ਪੂਰੀ ਤਰ੍ਹਾਂ ਮਾਯਾਬ ਹੋਇਆ। ਅਨਪੜ੍ਹ ਹੁੰਦਿਆਂ ਹੋਇਆਂ ਵੀ ਇਨ੍ਹਾਂ ਮੰਤਵਾਂ ਨੂੰ ਨਿਪੁਨਤਾ ਨਾਲ ਹਾਸਲ ਕਰਨਾ ਉਸ ਦੀ ਖੂਬੀ ਸੀ ਤੇ ਇਸੇ ਦੀ ਦਾਦ ਦੇਣੀ ਬਣਦੀ ਹੈ।ਉਸ ਨੇ ਕਿਹਾ ਮਹਾਰਾਜਾ ਰਣਜੀਤ ਸਿੰਘ? ਉਸ ਦੀਆਂ ਗਲਾਂ ਕਰਦੇ ਹੋ? ਬੜਾ ਪ੍ਰਤਾਪੀ ਰਾਜਾ ਹੈ। ਜਦੋਂ ਸੌਂਦਾ ਹੈ ਸਿਰਹਾਣੇ ਦੇ ਦੋਵੇਂ ਪਾਸੇ ਗੁੜ ਦੀ ਇਕ ਇਕ ਰੋੜੀ ਰਖ ਲੈਂਦਾ ਹੈ। ਇਧਰ ਪਾਸਾ ਮੋੜੇ ਤਾਂ ਇਧਰੋਂ ਚਕੀ ਵਢ ਲਵੇ, ਉਧਰ ਪਾਸਾ ਮੋੜੇ ਤਾਂ ਉਧਰੋਂ ਚਕੀ ਵਢ ਲਵੇ। ਉਸ ਨੂੰ ਕਿਸੇ ਚੀਜ਼ ਦਾ ਘਾਟਾ ਹੈ?

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com