ਪੰਜਾਬ ਵਿਚ ਮਹਾਨ ਇਨਕਲਾਬ ਦੀ ਪਹਿਲੀ ਜਥੇਬੰਦੀ
ਕੂਕਾ ਲਹਿਰ
- ਭਗਤ ਸਿੰਘ

Bhagat_singh2.jpg (45151 bytes)

ਭਗਤ ਸਿੰਘ

(ਸਭ ਤੋਂ ਪਹਿਲਾਂ 1928 ਵਿਚ ਦਿੱਲੀ ਤੋਂ ਛਪਣ ਵਾਲੇ ਮਾਸਕ ਪੱਤਰ ‘ਮਹਾਂਰਥੀ’ ਵਿਚ ਇਹ ਲੇਖ ਹਿੰਦੀ ਵਿਚ ਛਪਿਆ ਸੀ)

ਸਿੱਖਾਂ ਵਿਚ ਇਕ ਉਪ ਫਿਰਕਾ ਹੈ, ਜੋ ਨਾਮਧਾਰੀ ਜਾਂ ਕੂਕਾ ਅਖਵਾਉਂਦਾ ਹੈ । ਇਸਦਾ ਇਤਿਹਾਸ ਬਹੁਤ ਪੁਰਾਣਾ ਨਹੀਂ । ਪਿਛਲੀ ਸਦੀ ਦੇ ਅੱਧ ਤੋਂ ਬਾਅਦ ਇਸਦਾ ਆਰੰਭ ਹੋਇਆ ਸੀ । ਅਜ ਇਹ ਇਕ ਸੰਕੁਚਿਤ ਫਿਰਕਾ ਦਿਸਦਾ ਹੈ, ਪਰ ਇਸਦੇ ਬਾਨੀ ਸ੍ਰੀ ਗੁਰੂ ਰਾਮ ਸਿੰਘ ਜੀ ਇਕ ਕੱਟੜ ਇਨਕਲਾਬੀ ਸਨ । ਇਕ ਮਸ਼ਹੂਰ ਰੱਬ-ਭਗਤ ਸਮਾਜ ਦੇ ਦੋਸ਼ ਤਕ ਕੇ ਵਿਦਰੋਹੀ ਸਮਾਜ ਸੁਧਾਰਕ ਬਣ ਗਏ ਅਤੇ ਇਕ ਸੱਚੇ ਸਮਾਜ ਸੁਧਾਰਕ ਵਾਂਗ ਜਦੋਂ ਉਹ ਕਰਮ ਖੇਤਰ ਵਿਚ ਅਗਾਂਹ ਨਿਤਰੇ ਤਾਂ ਉਹਨਾਂ ਵੇਖਿਆ ਕਿ ਦੇਸ਼ ਦੀ ਉਨਤੀ ਲਈ ਗੁਲਾਮੀ ਦੀਆਂ ਬੇੜੀਆਂ ਨੂੰ ਕੱਟਣਾਂ ਸਭ ਤੋਂ ਜ਼ਰੂਰੀ ਹੈ । ਵਿਦੇਸ਼ੀ ਰਾਜ ਵਿਰੁਧ ਨਿਕਲਾਬ ਦੀ ਤਿਆਰੀ ਵਸੀਹ ਪੈਮਾਨੇ ਉਤੇ ਕੀਤੀ । ਉਸ ਦੀ ਤਿਆਰੀ ਦੇ ਦੌਰਾਨ ਹੀ ਜੇ ਕੁਝ ਝਗੜਾ ਫਸਾਦ ਹੋ ਗਿਆ, ਉਸ ਤੋਂ ਹਾਕਮਾਂ ਨੂੰ ਸਾਰੀ ਲਹਿਰ ਨੂੰ ਕੁਚਲਣ ਦਾ ਚੰਗਾ ਮੌਕਾ ਮਿਲ ਗਿਆ ਅਤੇ ਸਭ ਯਤਨਾ ਦਾ ਨਿਸਫਲਤਾ ਤੋਂ ਬਿਨਾਂ ਹੋਰ ਕੋਈ ਸਿੱਟਾ ਨਾ ਨਿਕਲ ਸਕਿਆ ।

ਕੂਕਾ ਲਹਿਰ ਦਾ ਇਤਿਹਾਸ ਹਾਲੇ ਤਕ ਲੋਕਾਂ ਸਾਹਵੇਂ ਨਹੀਂ ਆਇਆ। ਕਿਸੇ ਨੇ ਇਸਨੂੰ ਅਹਿਮੀਅਤ ਵਾਲਾ ਨਹੀਂ ਸਮਝਿਆ । ਅਸੀਂ ਕੂਕਿਆਂ ਨੂੰ ਭੁਲੜ ਅਤੇ ਮੂਰਖ ਕਹਿਕੇ ਆਪਣੇ ਫਰਜ਼ ਤੋਂ ਲਾਂਹਬੇ ਹੋ ਜਾਂਦੇ ਹਾਂ । ਸਵਾਰਥ ਜਾਂ ਲੋਭ ਲਈ ਉਹਨਾਂ ਆਪਣੀਆਂ ਜਾਨਾਂ ਦਿਤੀਆਂ ਹੁੰਦੀਆਂ ਤਾਂ ਅਸੀਂ ਅਣਗਹਿਲੀ ਵਿਖਾ ਸਕਦੇ ਸਾਂ, ਪਰ ਉਹਨਾਂ ਦੀ "ਮੁਰਖਤਾ" ਵਿਚ ਵੀ ਦੇਸ਼ ਪ੍ਰੇਮ ਕੁੱਟ ਕੁੱਟ ਕੇ ਭਰਿਆ ਹੋਇਆ ਹੈ । ਉਹ ਤਾਂ ਤੋਪ ਦੇ ਦਹਾਨੇ ਸਾਹਮਣੇ ਹੋਣ ਸਮੇਂ ਵੀ ਹੱਸ ਦਿੰਦੇ ਸਨ ਤੇ ਆਨੰਦ ਨਾਲ "ਸਤਿ ਸ੍ਰੀ ਅਕਾਲ" ਦੇ ਅਕਾਸ਼ ਗੂੰਜਦੇ ਜੈਕਾਰਿਆਂ ਨਾਲ ਅਕਾਸ਼ ਪਤਾਲ ਇੱਕ ਕਰ ਦਿੰਦੇ ਸਨ । ਉਨ੍ਹਾਂ ਦੇ ਮੱਥਿਆਂ ਉਤੇ ਦੁੱਖ, ਫਿਕਰ ਜਾਂ ਪਛਤਾਵੇ ਦੀ ਰੇਖਾ ਵੀ ਨਹੀਂ ਦਿਸਦੀ ਸੀ । ਕੀ ਉਹ ਭੁਲ ਜਾਣ ਵਾਲੇ ਹਨ ? ਉਹਨਾਂ ਦਾ ਅਪਰਾਧ ਸ਼ਾਇਦ ਅਸਫਲਤਾ ਤੋਂ ਬਿਨਾਂ ਕੁਝ ਵੀ ਨਹੀਂ ਸੀ । ਪਰ ਸਕਾਟਲੈਂਡ ਦਾ ਬਹਾਦਰ ਵਿਲੀਅਮ ਵਾਈਸ ਵੀ ਤਾਂ ਅਸਫਲ ਹੋ ਕੇ ਮੌਤ ਦੀ ਸਜ਼ਾ ਦਾ ਭਾਗੀ ਬਣ ਗਿਆ ਸੀ । ਉਹਦੀ ਤਾਂ ਅੱਜ ਸਾਰਾ ਇੰਗਲੈਂਡ ਪੂਜਾ ਕਰਦਾ ਹੈ । ਫਿਰ ਸਾਡੇ ਅਸਫਲ ਦੇਸ਼ ਭਗਤ ਹੀ ਇਸ ਤਰਾਂ ਕਿਉਂ ਭੂਲਾਕੇ ਘੁੱਪ ਹਨੇਰੇ ਵਿਚ ਸੁਟ ਦਿਤੇ ਜਾਣ ?

ਅਸੀਂ ਸਮਝਦੇ ਹਾਂ ਕਿ ਸਾਡੇ ਦੇਸ਼ ਵਾਸਤੇ ਨਿਸ਼ਕਾਮ ਭਾਵ ਨਾਲ ਮਰ ਮਿਟਣੇ ਵਾਲੇ ਲੋਕਾਂ ਨੂੰ ਭੁਲਾ ਦੇਣਾ ਬੜੀ ਵਡੀ ਅਹਿਸਾਨ ਫਰਾਮੋਸ਼ੀ ਹੋਵੇਗੀ । ਅਸੀਂ ਉਹਨਾਂ ਦੀ ਯਾਦ ਵਿਚ ਕੋਈ ਵਡਾ ਥੰਮ ਨਹੀਂ ਖੜਾ ਕਰ ਸਕਦੇ, ਤਾਂ ਕੀ ਆਪਣੇ ਦਿਲ ਵਿਚ ਥੋੜੀ ਜਿਹੀ ਥਾਂ ਦੇਣੋ ਵੀ ਝਿਜਕੀਏ ? ਇਸੇ ਵਿਚਾਰ ਤੋਂ ਪਰੇਰਿਤ ਹੋ ਕੇ ਅੱਜ ਉਹਨਾਂ "ਮੂਰਖ" ਅਤੇ "ਉਤਾਵਲੇ" ਆਸਵੰਦਾਂ ਦਾ ਸੰਖੇਪ ਇਤਿਹਾਸ ਲਿਖਣ ਦੀ ਇਹ ਕੋਸ਼ਿਸ਼ ਹੈ । ਇਸ ਨਾਲ ਜੋ ਲੋਕਾਂ ਨੂੰ ਉਹਨਾਂ ਦੇ ਸਬੰਧ ਵਿਚ ਠੀਕ ਠੀਕ ਗਲਾਂ ਦਾ ਗਿਆਨ ਹੋ ਜਾਏ ਅਤੇ ਵਧੇਰੇ ਜਾਨਣ ਦੀ ਇਛਾ ਪੈਦਾ ਹੋ ਜਾਏ ਤਾਂ ਇਹ ਕੋਸ਼ਿਸ਼ ਕਾਮਯਾਬ ਸਮਝਾਂਗਾ ।

ਉਹਨਾਂ ਦੇ ਇਸੇ ਛੋਟੇ ਜਿਹੇ ਇਤਿਹਾਸ ਨੂੰ ਅਸੀਂ ਤਿੰਨ ਹਿਸਿਆਂ ਵਿਚ ਵੰਡ ਸਕਦੇ ਹਾਂ :-

1. ਗੁਰੂ ਜੀ ਦਾ ਸ਼ਕਸੀ ਚਰਿੱਤਰ
2. ਕੂਕਾ ਬਗਾਵਤ
3. ਬਗਾਵਤ ਦੇ ਬਾਅਦ

ਗੁਰੂ ਰਾਮ ਸਿੰਘ ਜੀ ਦਾ ਜਨਮ ਸੰਨ 1816 ਈ. ਵਿਚ ਭੈਣੀ ਨਾਮ ਦੇ ਪਿੰਡ ਜ਼ਿਲਾ ਲੁਧਿਆਣਾ (ਪੰਜਾਬ) ਵਿਚ ਇਕ ਤਰਖਾਣ ਦੇ ਘਰ ਹੋਇਆ ਸੀ । ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਦੀ ਕਿਹਾ ਸੀ ਕਿ "ੰੈਂ ਬਾਹਰਵੇਂ ਵੇਸ ਵਿਚ ਰਾਮ ਸਿੰਘ ਨਾਂ ਨਾਲ ਮਸ਼ਹੂਰ ਅਤੇ ਪ੍ਰਗਟ ਹੋਵਾਂਗਾ ।" ਇਸ ਲਈ ਉਨ੍ਹਾਂ ਦੇ ਚੇਲੇ ਉਹਨਾਂ ਨੂੰ ਦਸਵੇਂ ਗੁਰੂ ਦਾ ਅਵਤਾਰ ਮੰਨਦੇ ਹਨ । ਪਰ ਬਾਕੀ ਸਿਖ ਪੰਥ ਦਾ ਯਕੀਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਦੇ ਸਭ ਅਧੀਕਾਰ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿਤੇ ਸਨ ਅਤੇ ਗੁਰੂ ਡੰਮ ਬੰਦ ਕਰ ਦਿਤਾ ਸੀ, ਇਸ ਲਈ ਗੁਰੂ ਰਾਮ ਸਿੰਘ ਗੁਰੂ ਨਹੀਂ ਹੋ ਸਕਦਾ ।

ਸਾਨੂੰ ਇਹਨਾਂ ਝਗੜਿਆਂ ਨਾਲ ਕੋਈ ਸਰੋਕਾਰ ਨਹੀਂ । ਗੁਰੂ ਰਾਮ ਸਿੰਘ ਜਵਾਨੀ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਭਰਤੀ ਹੋ ਗਏ । ਉਹ ਮੁਢੋਂ ਹੀ ਰੱਬ ਦੇ ਭਗਤ ਸਨ ਅਤੇ ਵਧੇਰੇ ਸਮਾਂ ਈਸ਼ਵਰ ਪੂਜਾ ਵਿਚ ਹੀ ਬਿਤਾਉਂਦੇ ਸਨ ।ਇਸੇ ਕਾਰਣ ਜਲਦੀ ਹੀ ਫੌਜ ਵਿਚ ਉਹ ਹਰਮਨ ਪਿਆਰੇ ਹੋ ਗਏ । ਉਹ ਜ਼ਿਆਦਾ ਤਰ ਭਗਤੀ ਵਿਚ ਲਗੇ ਰਹਿਣ ਕਾਰਣ ਫੌਜੀ ਫਰਜ਼ਾਂ ਦੀ ਪਾਲਣਾ ਵਿਚ ਅਸਮਰਥ ਰਹਿੰਦੇ । ਪਰ ਉਹਨਾਂ ਨੂੰ ਸਭ ਅਜਿਹੇ ਫਰਜ਼ਾਂ ਤੋਂ ਲਾਂਹਭੇ ਕਰਕੇ ਵੀ ਫੌਜ ਵਿਚ ਰਖਿਆਂ ਗਿਆ । ਕਿਹਾ ਜਾਂਦਾ ਹੈ ਕਿ ਇਕ ਦਿਨ ਉਹਨਾਂ ਨੂੰ ਸੁਪਨੇ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਦਿਤੇ ਅਤੇ ਉਹਨਾਂ ਨੇ ਹਜ਼ਾਰਾ (ਸਰਹੱਦੀ ਸੂਬਾ) ਨਿਵਾਸੀ ਬਾਬਾ ਬਾਲਕ ਸਿੰਘ ਤੋਂ ਗੁਰਗੱਦੀ ਦਾ ਹੱਕ ਲੈਣ ਲਈ ਆਖਿਆ । ਦੂਜੇ ਦਿਨ ਹੀ ਉਨ੍ਹਾਂ ਵੀਹ ਪੰਝੀ ਭਗਤਾਂ ਨਾਲ ਉਧਰ ਨੂੰ ਚਾਲੇ ਪਾ ਦਿਤੇ । ਬਾਬਾ ਬਾਲਕ ਸਿੰਘ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਅਤੇ ਸਿਖਿਆ ਦਿਤੀ । ਉਥੋਂ ਵਾਪਸ ਆ ਕੇ ਇਹਨਾਂ ਨੇ ਨੌਕਰੀ ਛੱਡ ਦਿਤੀ ਅਤੇ ਪਿੰਡ ਵਿਚ ਆ ਕੇ ਸ਼ਾਂਤ ਜੀਵਨ ਬਿਤਾਉਣ ਲਗੇ।

ਕਈ ਵਰ੍ਹੇ ਬੀਤ ਗਏ । ਕਈ ਤਬਦੀਲੀਆਂ ਹੋਈਆਂ । ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਗੱਦੀ ਲਈ ਲੈ ਦੇ ਹੋਈ । ਅੰਗਰੇਜ਼ਾਂ ਪੰਜਾਬ ਜਿੱਤ ਲਿਆ ਅਤੇ ਇਸ ਨੂੰ ਵੀ ਬਾਕੀ ਭਾਰਤ ਵਾਂਗ ਗੁਲਾਮੀ ਦੀਆਂ ਬੇੜੀਆਂ ਵਿਚ ਜਕੜ ਲਿਆ । ਇਹ ਸਭ ਕੁਝ ਹੋ ਗਿਆ ਅਤੇ ਨਾਲ ਹੀ 1857 ਦਾ ਗਦਰ ਵੀ ਹੋ ਗਿਆ ਅਤੇ ਅੰਗਰੇਜ਼ ਬੜੀ ਸ਼ਾਂਤੀ ਨਾਲ ਭਾਰਤ ਉਤੇ ਹਕੂਮਤ ਕਰਨ ਲਗੇ । ਪਰ ਗੁਰੂ ਰਾਮ ਸਿੰਘ ਜੀ ਓਹੀ ਆਪਣਾ ਸ਼ਾਂਤ ਜੀਵਨ ਬਤੀਤ ਕਰਦੇ ਰਹੇ ।ਹਾਂ, ਈਸ਼ਵਰ ਭਗਤੀ ਕਾਰਣ ਆਪ ਦੂਰ ਦੂਰ ਤਕ ਪ੍ਰੁਿਸਧ ਹੋ ਗਏ । ਸੂਬੇ ਭਰ ਤੋਂ ਲੋਕ ਦਰਸ਼ਨਾਂ ਲਈ ਆਉਂਦੇ ਸਨ ।

ਪਹਿਲਾਂ ਤਾਂ ਆਪ ਈਸ਼ਵਰ ਭਗਤੀ ਦਾ ਹੀ ਉਪਦੇਸ਼ ਦਿੰਦੇ ਸਨ ਪਰ ਬਾਅਦ ਵਿਚ ਕੁਝ ਸਮਾਜ ਸੁਧਾਰ ਸਬੰਧੀ ਉਪਦੇਸ਼ ਵੀ ਦੇਣ ਲਗੇ । ਇਹਨਾਂ ਕੰਨਿਆਂ ਖ੍ਰੀਦਣ-ਵੇਚਣ, ਸ਼ਰਾਬ ਮਾਸ ਆਦਿ ਬਹੁਤ ਸਾਰੀਆਂ ਕੁਰੀਤੀਆਂ ਦਾ ਬੜੇ ਜ਼ੋਰ ਨਾਲ ਵਿਰੋਧ ਕੀਤਾ । ਆਪ ਦੇ ਚੇਲੇ ਵੀ ਸਾਦਾ ਜ਼ਿੰਦਗੀ ਜੀਉਂਦੇ ਅਤੇ ਰੱਬ ਪੂਜਾ ਵਿਚ ਮਗਨ ਰਹਿੰਦੇ । ਆਪਣੇ ਪਿੰਡ ਵਿਚ "ਗੁਰੂ ਕਾ ਲੰਗਰ" ਖੋਹਲ ਰਖਿਆ ਸੀ । ਪਰ ਜਲਦੀ ਹੀ ਇਕ ਤਬਦੀਲੀ ਹੋਈ ।

ਕਿਹਾ ਜਾਂਦਾ ਹੈ ਕਿ ਕਿਸੇ ਅਗਿਆਤ ਰਾਮ ਦਾਸ ਨਾਮ ਦੇ ਸਨਿਆਸੀ ਨੇ ਆ ਕੇ ਉਨ੍ਹਾਂ ਨੂੰ ਕਿਹਾ "ਇਸ ਵੇਲੇ ਦੇਸ਼ ਨੂੰ ਬਦੇਸ਼ੀ ਰਾਜ ਤੋਂ ਖਲਾਸੀ ਪਵਾਉਣੀ ਹੀ ਸਭ ਤੋਂ ਪਹਿਲਾ ਫਰਜ਼ ਹੈ ।" ਉਸ ਵੇਲੇ ਤੋਂ ਇਹਨਾਂ ਆਪਣਾ ਸਿਆਸੀ ਪ੍ਰੋਗਰਾਮ ਬਣਾ ਲਿਆ । ਸਨਿਆਸੀ ਵਾਲੀ ਗੱਲ ਸੁਣੀ ਸੁਣਾਈ ਹੀ ਹੈ, ਹੋ ਸਕਦਾ ਹੈ ਇਹ ਗਲ ਹੋਈ ਹੀ ਨਾ ਹੋਵੇ । ਪਰ ਇਹ ਤਾਂ ਮੰਨਣਾ ਹੀ ਪਵੇਗਾ ਕਿ ਇਸ ਵੇਲੇ ਗੁਰੂ ਜੀ ਨੂੰ ਦੇਸ਼ ਦੀ ਪਰਾਧੀਨਤਾ ਬੁਰੀ ਤਰਾਂ ਰੜਕੀ । ਉਹ ਸਮਝ ਗਏ ਸਨ ਕਿ ਗੁਲਾਮੀ ਦੇ ਨਾਲ ਦੇਸ਼ ਦੀ ਆਤਮਾ ਵੀ ਮਰਦੀ ਜਾ ਰਹੀ ਹੈ । ਲੋਕ ਸਵਾਧੀਨਤਾ ਦਾ ਵਿਚਾਰ ਤਕ ਛਡ ਬੈਠੇ ਹਨ । ਅਜੇ ਕਲ ਦੀ ਹੀ ਗਲ ਸੀ, ਜਦ ਉਨਾ ਗਦਰ ਅਤੇ ਉਸਦੀ ਅਸਫਲਤਾ ਦੇ ਬਾਅਦ ਅਕਹਿ ਜ਼ੁਲਮ ਵੇਖੇ ਸੁਣੇ ਸਨ । ਉਸ ਤੋਂ ਵੀ ਉਨ੍ਹਾਂ ਨੂੰ ਜ਼ਰੂਰ ਠੇਸ ਲਗੀ ਹੋਵੇਗੀ । ਜੋ ਵੀ ਹੋਵੇ, ਉਨ੍ਹਾਂ ਵਿਦੇਸ਼ੀ ਹਕੂਮਤ ਦਾ ਖੋਖਲਾਪਣ ਖੂਬ ਚੰਗੀ ਤਰਾਂ ਵੇਖਕੇ ਇਕ ਪਰੋਗਰਾਮ ਬਣਾ ਕੇ ਕੰਮ ਆਰੰਭ ਦਿਤਾ । ਹੁਣ ਤਕ ਸਿਰਫ ‘ਉਪਦੇਸ਼’ ਹੀ ਹੁੰਦਾ ਸੀ, ਪਰ ਹੁਣ ਦੀਕਸ਼ਾ ਅਤੇ ਸੰਗਠਨ ਵੀ ਸ਼ੁਰੂ ਹੋ ਗਿਆ ।

ਉਨ੍ਹਾਂ ਉਸ ਵੇਲੇ ਠੀਕ ਉਹੀ ਨਾ ਮਿਲਵਰਤਣ ਦਾ ਪਰਚਾਰ ਸ਼ੁਰੂ ਕੀਤਾ, ਜੋ 1920 ਵਿਚ ਮਹਾਤਮਾ ਗਾਂਧੀ ਨੇ ਕੀਤਾ ਸੀ । ਉਨ੍ਹਾਂ ਦੀ ਨਾ ਮਿਲਵਰਤਣ ਤੋਂ ਵੀ ਕਈ ਗਲਾਂ ਵਧ ਕੇ ਸੀ । ਅਦਾਲਤਾਂ ਦਾ ਬਾਈ ਕਾਟ, ਆਪਣੀਆਂ ਪੰਚਾਇਤਾਂ ਦੀ ਕਾਇਮੀ, ਸਰਕਾਰੀ ਤਾਲੀਮ ਦਾ ਬਾਈਕਾਟ, ਬਦੇਸ਼ੀ ਸਰਕਾਰ ਦੇ ਪੂਰੇ ਬਾਈ ਕਾਟ ਨਾਲ, ਰੇਲ, ਤਾਰ ਤੇ ਡਾਕ ਦੇ ਬਾਈਕਾਟ ਦਾ ਵੀ ਪਰਚਾਰ ਕੀਤਾ । ਉਸ ਵੇਲੇ ਦੇਸ਼ ਇਨਾਂ ਸਾਹ-ਸੱਤ ਹੀਣ ਹੋ ਕੇ ਉਨ੍ਹਾਂ ਚੀਜ਼ਾਂ ਉਤੇ ਇਨਾਂ ਨਿਰਭਰ ਹੋ ਗਿਆ ਸੀ ਕਿ ਉਨ੍ਹਾਂ ਦੇ ਬਾਈਕਾਟ ਦੀ ਗੱਲ ਸੋਚੀ ਵੀ ਨਹੀਂ ਸੀ ਜਾ ਸਕਦੀ । ਇਸ ਤਰ੍ਹਾਂ ਉਨ੍ਹਾਂ ਡਾਕ ਦਾ ਪ੍ਰਬੰਧ ਆਪਣਾ ਇੰਨਾ ਚੰਗਾ ਕਰ ਲਿਆ ਸੀ ਕਿ ਭਾਈ ਪਰਮਾਨੰਦ ਦੇ ਲੇਖ ਅਨੁਸਾਰ ਉਨ੍ਹਾਂ ਦੀ ਡਾਕ ਸਰਕਾਰੀ ਡਾਕ ਨਾਲੋਂ ਵੀ ਸ਼ਤਾਬਦੀ ਪਹੁੰਚਦੀ ਸੀ । ਇਨ੍ਹਾਂ ਗੱਲਾਂ ਦੇ ਨਾਲ ਸਾਦਾ ਪਹਿਰਾਵੇ ਅਤੇ ਸਵਾਦੇਸ਼ੀ ਪੁਸ਼ਾਕ ਪਹਿਨਣ ਦਾ ਜ਼ੋਰ ਨਾਲ ਉਪਦੇਸ਼ ਹੁੰਦਾ ਸੀ । ਪਰਚਾਰ ਦਾ ਕੰਮ ਇੰਨੀ ਦੇਰ ਨਾ ਹੋ ਸਕਿਆ ਤੇ ਸਰਕਾਰ ਇਸ ਉਤੇ ਕਰੜੀ ਨਜ਼ਰ ਰਖਣ ਲੱਗੀ । ਉਸਨੂੰ ਇਸ ਪ੍ਰਚੰਡ-ੳੰਦੋਲਨ ਨੂੰ ਨੱਪ ਦੇਣ ਦੀ ਚਿੰਤਾ ਹੋ ਗਈ ।

ਟੀ.ਡੀ. ਫੋਰਸਾਈਥ ਜੋ ਸਨ 1863 ਵਿਚ ਪੰਜਾਬ ਸਰਕਾਰ ਦੇ ਚੀਫ ਸਕੱਤਰ ਸਨ ਅਤੇ ਬਾਅਦ ਵਿਚ 1872 ਵਿਚ ਕੂਕਾ ਵਿਦਰੋਹ ਸਮੇਂ ਅੰਬਾਲਾ ਡਿਵੀਜ਼ਨ ਦੇ ਉਚ ਅਹੁਦੇ ਉਤੇ ਕੰਮ ਕਰਦੇ ਸਨ, ਆਪਣੀ ਆਤਮ ਕਥਾ ਵਿਚ ਲਿਖਦੇ ਹਨ :-

"1863 ਵਿਚ ਹੀ ਮੈਂ ਇਸ ਲਹਿਰ ਦੀ ਤਹਿ ਤੀਕ ਪਹੁੰਚ ਗਿਆ ਸੀ ਅਤੇ ਸਮਝ ਗਿਆ ਸੀ ਕਿ ਇਹ ਕਿਹੜੇ ਖਤਰਨਾਕ ਨਤੀਜੇ ਲਿਆ ਸਕਦੀ ਹੈ । ਇਸ ਲਈ ਮੈਂ ਉਹਨਾਂ ਦੇ ਪਰਚਾਰ ਉਤੇ ਬਹੁਤ ਸਾਰੀਆਂ ਪਾਬੰਦੀਆਂ ਲਾ ਦਿਤੀਆਂ, ਜਿਸ ਨਾਲ ਉਹਨਾਂ ਦੇ ਪਰਚਾਰ ਦੀ ਰਫਤਾਰ ਕੁਝ ਹਦ ਤਕ ਘਟ ਗਈ ।"

ਜਦੋਂ ਹਕੂਮਤ ਨੇ ਲੋਕਾਂ ਦਾ ਵੱਡੀ ਗਿਣਤੀ ਵਿਚ ਭੈਣੀ ਆਉਣਾ ਜਾਣਾ ਅਤੇ ਉਹਨਾਂ ਦਾ ਉਥੇ ਦੇਰ ਤਕ ਠਹਿਰਨਾ ਵੀ ਬੰਦ ਕਰ ਦਿਤਾ ਤਾਂ ਗੁਰੂ ਰਾਮ ਸਿੰਘ ਨੇ ਆਪਣਾ ਕੰਮ ਜਾਰੀ ਰਖਣ ਦੀ ਇਕ ਤਦਬੀਰ ਸੋਚੀ । ਸਮੁਚੇ ਦੇਸ਼ ਨੂੰ 22 ਹਿਸਿਆਂ ਵਿਚ ਵੰਡ ਕੇ 22 ਯੋਗ ਬੰਦੇ ਉਹਨਾਂ ਦਾ ਸੰਗਠਨ ਕਰਨ ਲਈ ਮੁਕਰਰ ਕਰ ਦਿਤੇ । ਉਨ੍ਹਾਂ ਨੂੰ "ਸੂਬੇ" ਕਿਹਾ ਜਾਂਦਾ ਸੀ । ਕੰਮ ਬੜੀ ਚੰਗੀ ਤਰਾਂ ਚਲਦਾ ਰਿਹਾ । ਸਾਰੇ ਨਾਮਧਾਰੀ ਸਿੱਖ ਆਪਣੀ ਕਮਾਈ ਦਾ ਦਸਵੰਧ ਗੁਰੂ ਜੀ ਦੀ ਭੇਂਟ ਕਰਦੇ ਸਨ । ਇਹ ਸਭ ਭੈਣੀ ਭੇਜ ਦਿਤਾ ਜਾਂਦਾ ਸੀ । ਇਹ ਸਭ ਕੁਝ ਤਾਂ ਹੁੰਦਾ ਹੀ ਸੀ ਅਤੇ ਨਾਲ ਗੁਪਤ ਰੂਪ ਵਿਚ ਵਿਦਰੋਹ ਦਾ ਪਰਚਾਰ ਵੀ ਹੁੰਦਾ ਰਿਹਾ । ਬਾਹਰਲਾ ਜੋਸ਼ ਬਹੁਤ ਘੱਟ ਕਰ ਦਿਤਾ ਗਿਆ, ਇਥੋਂ ਤਕ ਕਿ ਸਰਕਾਰ ਦਾ ਸ਼ੱਕ ਕੁਝ ਹੱਦ ਤਕ ਦੂਰ ਹੋ ਗਿਆ ਅਤੇ ਸਾਰੀਆਂ ਪਾਬੰਦੀਆਂ 1869 ਈ. ਵਿਚ ਹਟਾ ਲਈਆਂ ਗਈਆਂ ।

ਪਾਬੰਦੀਆਂ ਹਟਣ ਨਾਲ ਹੀ ਲੋਕਾਂ ਦਾ ਜੋਸ਼ ਵਧ ਗਿਆ, ਇੰਨਾਂ ਕਿ ਸੰਭਾਲਣਾ ਔਖਾ ਹੋ ਗਿਆ । ਇਸ ਨਾਲ 1872 ਤਕ ਬੇਮੌਕਾ ਬਗਾਵਤ ਉੱਠ ਖੜੀ ਹੋਈ । ਜਿਸ ਕਾਰਨ ਸਾਰਾ ਵਿਦਰੋਹ ਕੁਚਲਿਆ ਗਿਆ । ਪਰ ਉਸ ਮੁਖ ਘਟਨਾ ਬਾਰੇ ਲਿਖਣ ਤੋਂ ਪਹਿਲਾਂ ਗੁਰੂ ਜੀ ਦੇ ਸ਼ਕਸੀ ਚਰਿਤਰ ਬਾਰੇ ਕੁਝ ਦਿਲਚਸਪ ਗੱਲਾਂ ਦਾ ਜ਼ਿਕਰ ਕਰਨਾ ਗਲਤ ਨਹੀਂ ਹੋਵੇਗਾ ।

ਗੁਰੂ ਰਾਮ ਸਿੰਘ ਜੀ ਬੜੇ ਪਰਤਾਪੀ ਅਤੇ ਪਰਭਾਵਸ਼ਾਲੀ ਵਿਅਕਤੀ ਸਨ । ਉਹਨਾਂ ਦੇ ਅਸਧਾਰਨ ਆਤਮਬਲ ਬਾਰੇ ਬਹੁਤ ਸਾਰੀਆਂ ਗੱਲਾਂ ਪ੍ਰਸਿੱਧ ਹਨ । ਕਹਿੰਦੇ ਹਨ ਕਿ ਉਹ ਜਿਸਦੇ ਕੰਨ ਵਿਚ ਸਿਖਿਆ ਦਾ ਮੰਤਰ ਪੜ੍ਹ ਦਿੰਦੇ ਸਨ, ਉਹੀ ਉਨ੍ਹਾਂ ਦਾ ਪਰਮ ਭਗਤ ਤੇ ਚੇਲਾ ਹੋ ਜਾਂਦਾ ਸੀ । ਜਦ ਇਹ ਗੱਲ ਪ੍ਰਸਿੱਧ ਹੋਈ ਤਾਂ ਦੋ ਬਦਮਾਸ਼ ਅੰਗਰੇਜ਼ ਉਨ੍ਹਾਂ ਦ ਿਸ਼ਕਤੀ ਦੀ ਪ੍ਰੀਖਿਆ ਲੈਣ ਗਏ । ਉਨ੍ਹਾਂ ਕਿਹਾ ਸੀ, "ਵੇਖਾਂਗੇ ਸਾਡੇ ਉਤੇ ਕੀ ਅਸਰ ਪੈਂਦਾ ਹੈ ?" ਪਰ ਸਿਖਿਆ ਬਾਅਦ ਉਹ ਉਹਨਾਂ ਦੇ ਕਟੜ ਭਗਤ ਬਣ ਗਏ ਅਤੇ ਇੰਝ ਉਹਨਾਂ ਦੇ ਸ਼ਕਸੀ ਦੋਸ਼ ਵੀ ਦੂਰ ਹੋ ਗਏ । ਇਸ ਤਰਾਂ ਡਾ. ਗੋਕਲ ਚੰਦ ਨਾਰੰਗ ਇਕ ਲੇਖ ਵਿਚ ਲਿਖਦੇ ਹਨ ਕਿ ਉਨ੍ਹਾਂ ਦੀ ਦਾਦੀ ਦਾ ਭਰਾ ਇਕ ਮਾੜੇ ਚਾਲ ਚਲਨ ਦਾ ਬੰਦਾ ਸੀ - ਅਤੇ ਉਸਨੂੰ ਹੁੱਕਾ ਪੀਣ ਦੀ ਆਦਤ ਸੀ । ਸਿਰਫ ਇਕ ਵਾਰ ਹੀ ਗੁਰੂ ਜੀ ਦੇ ਦਰਸ਼ਨਾਂ ਨੇ ਉਨ੍ਹਾਂ ਦਾ ਜੀਵਨ ਇਕ ਦਮ ਬਦਲ ਦਿਤਾ । ਇਸੇ ਤਰਾਂ ਇਕ ਹੋਰ ਆਦਮੀ ਜਿਸਨੇ ਕਿ ਕਦੇ ਕੋਈ ਕਤਲ ਕੀਤਾ ਸੀ ਗੁਰੂ ਜੀ ਤੋਂ ਸੁਧਰਿਆ । ਫਿਰ ਉਸਨੇ ਆਪਣੇ ਆਪ ਨੂੰ ਕਚਹੈਰੀ ਵਿਚ ਪੇਸ਼ ਕਰ ਦਿਤਾ ਅਤੇ ਆਪਣਾ ਜੁਰਮ ਮੰਨ ਲਿਆ । ਜਦ ਜੱਜ ਨੈ ਹੈਰਾਨਗੀ ਨਾਲ ਪੁਛਿਆ, "ਤੈਨੂੰ ਤਾਂ ਕੋਈ ਜਾਣਦਾ ਤਕ ਵੀ ਨਹੀਂ ਫਿਰ ਤੂੰ ਅਚਾਨਕ ਜੁਰਮ ਮੰਨਕੇ ਮੌਤ ਨੂੰ ਕਿਉਂ ਸੱਦਾ ਦਿਤਾ ?" ਤਾਂ ਉਸਨੇ ਕਿਹਾ, "ਮੇਰੇ ਗੁਰੂ ਜੀ ਦੀ ਇਹੀ ਆਗਿਆ ਹੈ ।"

ਸਰਕਾਰ ਨੇ ਵੀ ਪਰਖਣਾ ਚਾਹਿਆ । ਇਕ ਸਬ-ਇਨਸਪੈਕਟਰ ਭੇਜਿਆ । ਉਹ ਵੀ ਬੜਾ ਖੁਸ਼ ਸੀ । ਉਸਨੂੰ ਆਸ ਸੀ ਕਿ ਸਾਰੇ ਭੇਦ ਖ੍ਹੋਲ ਕੇ ਕੁਝ ਇਨਾਮ ਲਏਗਾ । ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਵਾਪਸ ਆ ਗਿਆ । ਆਉਂਦਿਆਂ ਹੀ ਅਸਤੀਫਾ ਦੇ ਦਿਤਾ । ਅਫਸਰਾਂ ਨੇ ਪੁਛਿਆ, "ਅਸਤੀਫਾ ਕਿਉਂ ਦਿੰਦਾ ਏਂ ?" ਉਤਰ ਦਿਤਾ, "ਗੁਰੂ ਜੀ ਦਾ ਇਹੀ ਹੁਕਮ ਹੈ । ਉਹ ਕਹਿੰਦੇ ਹਨ ਕਿ "ਬਦੇਸ਼ੀ ਹਾਕਮਾਂ ਦੀ ਨੌਕਰੀ ਬਿਲਕੁਲ ਨਹੀਂ ਕਰਨੀ ।"

ਅਜੇਹੀਆਂ ਅਨੇਕਾਂ ਵਾਰਦਾਤਾਂ ਹਨ । ਕੁਝ ਵੀ ਹੋਵੇ, ਏਨਾਂ ਤਾਂ ਮੰਨਣਾ ਹੀ ਪਵੇਗਾ ਕਿ ਗੁਰੂ ਜੀ ਰੱਬ ਦੇ ਭਗਤ ਉਚੇ ਇਖਲਾਕ ਸਦਕਾ ਇਕ ਮਹਾਨ ਸ਼ਕਤੀਸ਼ਾਲ਼ੀ ਮਹਾਂਪੁਰਖ ਸਨ । ਸਰਕਾਰ ਇਹ ਗੱਲ ਦੇਖ ਕੇ ਘਬਰਾਈ ਅਤੇ ਉਸ ਨੂੰ ਸਾਰੇ ਅੰਦੋਲਨ ਨੂੰ ਦਬਾਉਣ ਦੀ ਚਿੰਤਾ ਹੋਈ, ਇਹ ਵੀ ਸੁਭਾਵਕ ਹੀ ਸੀ ।

ਭਰ ਬਗ਼ਾਵਤ ਦਾ ਅਰੰਭ

1868-69 ਵਿਚ ਸਾਰੀਆਂ ਪਾਬੰਧੀਆਂ ਹਟਾ ਲਈਆਂ ਗਈਆਂ । ਲੋਕ ਹਜ਼ਾਰਾਂ ਦੀ ਗਿਣਤੀ ਵਿਚ ਭੈਣੀ ਆਉਣ ਲਗੇ । ਸੰਨ 1871 ਵਿਚ ਕੁਝ ਕੂਕੇ ਵੀਰ ਅੰਮ੍ਰਿਤਸਰ ਵਿਚ ਦੀ ਗੁਜ਼ਰ ਰਹੇ ਸਨ । ਇਹ ਸੁਣਿਆ ਕਿ ਮੁਸਲਮਾਨ ਬੁਚੜ ਅਣਗਿਣਤ ਗਊਆਂ ਨੂੰ ਨਿਤ ਹਿੰਦੂਆਂ ਨੂੰ ਚਿੜਾਉਣ ਲਈ ਉਨ੍ਹਾਂ ਦੇ ਸਾਹਮਣੇ ਹੱਤਿਆ ਕਰਦੇ ਹਨ । ਹਿੰਦੂ ਸਮਾਜ ਨੂੰ ਬਹੁਤ ਦੁਖ ਹੁੰਦਾ ਹੈ । ਕਟੜ ਗਊ ਭਗਤ ਕੂਕੇ ਇਹ ਕੁਝ ਸਹਾਰ ਨਾ ਸਕੇ । ਉਨਾ ਬੁਚੜਖਾਨੇ ਉਤੇ ਹਮਲਾ ਕਰ ਦਿਤਾ ਅਤੇ ਸਾਰੇ ਬੁਚੜਾਂ ਨੂੰ ਥਾਏਂ ਢੇਰ ਕਰ ਦਿਤਾ ਅਤੇ ਆਪ ਭੈਣੀ ਵਲ ਨੂੰ ਹੋ ਪਏ । ਅੰਮ੍ਰਿਤਸਰ ਦੇ ਸਾਰੇ ਸਰਕਰਦਾ ਹਿੰਦੂ ਗਰਿਫਤਾਰ ਕਰ ਲਏ ਗਏ । ਗੁਰੂ ਜੀ ਨੂੰ ਇਹ ਖਬਰ ਪਹਿਲਾਂ ਹੀ ਮਿਲ ਚੁਕੀ ਸੀ ਅਤੇ ਉਨ੍ਹਾਂ ਕੂਕਿਆਂ ਨੇ ਜਾ ਸਾਰੀ ਵਿਥਿਆਂ ਸੁਣਾਈ । ਗੁਰੂ ਜੀ ਨੇ ਆਗਿਆ ਦਿਤੀ, "ਜਾਓ ਜਾ ਕੇ ਆਪਣਾ ਜੁਰਮ ਮੰਨ ਲਓ ਅਤੇ ਉਨ੍ਹਾਂ ਨਿਰਦੋਸ਼ ਲੋਕਾਂ ਨੂੰ ਆਫਤ ਤੋਂ ਬਚਾਉ ।" ਹੁਕਮ ਦਾ ਪਾਲਨ ਕੀਤਾ ਗਿਆ । ਬੇਦੋਸ਼ ਲੋਕ ਰਿਹਾ ਹੋ ਗਏ ਅਤੇ ਇਹ ਵੀਰ ਅਤਿਅੰਤ ਆਨੰਦ ਅਤੇ ਖੁਸ਼ੀ ਨਾਲ ਫਾਂਸੀ ਚੜ੍ਹ ਗਏ । ਅਜਿਹੀ ਘਟਨਾ ਰਾਇ ਕੋਟ ਵਿਚ ਵੀ ਹੋਈ । ਉਥੇ ਵੀ ਕਈਆਂ ਕੂਕਿਆਂ ਨੂੰ ਫਾਂਸੀ ਦਿਤੀ ਗਈ । ਕੁਝ ਹੋਰ ਸਿਖਾਂ ਨੇ ਮਹਿਸੂਸ ਕੀਤਾ ਕਿ ਬੇਦੋਸ਼ ਸਾਥੀਆਂ ਨੂੰ ਫਾਂਸੀ ਚ੍ਹਾੜ ਦਿਤਾ ਗਿਆ । ਬਦਲੇ ਲਈ ਹਿੰਸਾ ਦੀ ਅਗਨ ਪ੍ਰਚੰਡ ਹੋਈ ਪਰ ਕੋਈ ਖਾਸ ਘਟਨਾ ਨਾ ਵਾਪਰੀ ।

13 ਜਨਵਰੀ 1872 ਨੂੰ ਭੈਣੀ ਵਿਚ ਮਾਘੀ ਦਾ ਮੇਲਾ ਹੋਣਾ ਸੀ । ਲੋਕ ਦੂਰ ਦੂਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਆਉਣ ਲਗੇ । ਇਕ ਕੂਕਾ ਨਾਮਧਾਰੀ ਵੀਰ ਰਿਆਸਤ ਮਲੇਰਕੋਟਲੇ ਦੇ ਇਸੇ ਨਾਂ ਦੇ ਸ਼ਹਿਰ ਥਾਣੀ ਲੰਘ ਰਿਹਾ ਸੀ । ਉਸਨੇ ਇਕ ਮੁਸਲਮਾਨ ਨੂੰ ਵੇਖਿਆ ਜੋ ਇਕ ਬਲਦ ਉਤੇ ਬੈਠਾ ਬੇਹੱਦ ਭਾਰ ਲੱਦੀ ਉਸਨੂੰ ਕੁਟੀ ਜਾ ਰਿਹਾ ਸੀ । ਕੂਕੇ ਨੇ ਮੁਸਲਮਾਨ ਨੂੰ ਕਿਹਾ, "ਭਾਈ, ਏਨਾ ਜ਼ੁਲਮ ਨਾ ਕਰ । ਭਾਰ ਤਾਂ ਪਹਿਲਾਂ ਹੀ ਬਹੁਤ ਹੈ । ਤੂੰ ਥੱਲੇ ਉਤਰ ਆਵੇਂ ਤਾਂ ਕੀ ਹਰਜ਼ ਹੈ ?" ਪਰ ਜੁਆਬ ਵਿਚ ਝਟ ਪਟ ਦੋ ਚਾਰ ਗਾਲਾਂ ਮਿਲੀਆਂ । ਕੂਕਾ ਕੋਈ ਬੁਜ਼ਦਿਲ ਯਾ ਕਾਇਰ ਤਾਂ ਹੈ ਨਹੀਂ ਸੀ । ਇੱਟ ਦਾ ਜਵਾਬ ਪੱਥਰ ਨਾਲ ਦਿਤਾ । ਨੌਬਤ ਹੱਥੋ ਪਾਈ ਤਕ ਆ ਗਈ । ਰਿਆਸਤ ਦੇ ਬਦ-ਦਿਮਾਗ ਕਰਮਚਾਰੀ ਉਸਨੂੰ ਫੜ ਕੇ ਕੋਤਵਾਲੀ ਲੈ ਗਏ । ਉਥੇ ਉਸ ਗਰੀਬ ਨੂੰ ਅਣਗਿਣਤ ਦੁਖ ਤਕਲੀਫ ਅਤੇ ਬੇਇਜ਼ਤੀ ਸਹਾਰਨੀ ਪਈ । ਬਾਅਦ ਵਿਚ ਉਸਦੀਆਂ ਅੱਖਾਂ ਸਾਹਮਣੇ ਉਹੀ ਬੌਲਦ ਮਾਰ ਦਿਤਾ ਗਿਆ । ਇਹ ਅਸਹਿ ਸੀ । ਰਿਹਾ ਹੁੰਦਿਆਂ ਹੀ ਉਹ ਭੈਣੀ ਪਹੁੰਚਿਆ । ਉਸ ਨੇ ਭਰੇ ਦੀਵਾਨ ਵਿਚ ਭਿਆਨਕ ਜ਼ੁਲਮਾਂ ਦੀ ਵਿਥਿਆ ਸੁਣਾਈ । ਲੋਕ ਤਾਂ ਰਾਇਕੋਟ ਦੀ ਵਾਰਦਾਤ ਤੋਂ ਹੀ ਭੜਕੇ ਹੋਏ ਸਨ । ਬਲਦੀ ਉਤੇ ਤੇਲ ਪਿਆ ਅਤੇ ਮੱਚ ਉਠੀ । ਆਪਣੇ ਬਾਹੂ ਬਲ ਦੇ ਭਰੋਸੇ ਬਦਲਾ ਲੈਣ ਦਾ ਫੈਸਲਾ ਹੋ ਗਿਆ । ਜੋਸ਼ ਵਧਦਾ ਵੇਖਕੇ ਗੁਰੂ ਜੀ ਕੁਝ ਘਬਰਾਏ । ਗਲ ਵਿਚ ਪਲਾ ਪਾ ਕੇ ਬੇਨਤੀ ਕੀਤੀ "ਖਾਲਸਾ ਜੀ ! ਕੀ ਅਨਰਥ ਕਰਨ ਜਾ ਰਹੇ ਹੋ ?ਜ਼ਰਾ ਸ਼ਾਂਤੀ ਅਤੇ ਸਹਿਨਸ਼ੀਲਤਾ ਤੋਂ ਕੰਮ ਲਓ । ਜ਼ਰਾ ਸੋਚੋ ਤਾਂ ਸਹੀ ਇਸ ਸਭ ਦਾ ਕੀ ਨਤੀਜਾ ਨਿਕਲੇਗਾ । ਸਾਰਾ ਬਣਿਆ ਬਣਾਇਆ ਕੰਮ ਵਿਗੜ ਜਾਏਗਾ । ਗੁਰੂ ਜੀ ਦਾ ਇਸ ਤਰਾਂ ਮੱਤ ਦੇਣ ਦੇ ਨਾਲ ਕੁਝ ਲੋਕਾਂ ਦਾ ਜੋਸ਼ ਮੱਠਾ ਤਾਂ ਪੈ ਗਿਆ ਪਰ ਹੋਰ ਆਦਮੀ ਪ੍ਰਤਿ ਹਿੰਸਾ ਦੀਆਂ ਮੂਰਤੀਆਂ ਬਣ ਬੈਠੇ । ਉਨਾਂ ਦਾ ਜੋਸ਼ ਥੱਮਿਆ ਨਾ ਗਿਆ । ਗੁਰੂ ਜੀ ਨੇ ਲੱਖ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਕ ਸਾਥੀ ਦੀ ਬੇਇਜ਼ਤੀ ਕਿਵੇਂ ਸਹਾਰ ਸਕਦੇ ਸਨ ?

ਇਹ ਬੜੀ ਨਾਜ਼ਕ ਹਾਲਤ ਸੀ । ਕੰਮ ਅਧੂਰਾ ਹੀ ਸੀ ਅਤੇ ਕੋਈ ਤਿਆਰੀ ਵੀ ਨਹੀਂ ਕੀਤੀ ਹੋਈ ਸੀ । ਇਸ ਹਾਲਤ ਵਿਚ ਇਹਨਾਂ 150 ਉਤੇਜਤ ਲੋਕਾਂ ਦਾ ਸਾਥ ਦੇਣ ਨਾਲ ਸਾਰਾ ਅੰਦੋਲਨ ਕੁਚਲੇ ਜਾਣ ਦੀ ਸੰਭਾਵਨਾ ਸੀ । ਕੀ ਕੀਤਾ ਜਾਵੇ ? ਫਰਜ਼ ਸ਼ਿਨਾਸ਼ਾਂ ਦੀ ਤਰਾਂ ਸਾਰੇ ਦੇਖ ਰਹੇ ਸਨ, ਦੇਖ ਗੁਰੂ ਜੀ ਵੀ ਰਹੇ ਸਨ । ਕੋਈ ਦੂਜਾ ਆਦਮੀ ਇਸ ਇਹੋ ਜਹੇ ਸਮੇਂ ਕੀ ਕਰਦਾ, ਅਥਵਾ ਇਸ ਸਮੇਂ ਲੋਕ ਕੀ ਕਰਨ ਦੀ ਸਲਾਹ ਦੇ ਸਕਦੇ ਹਨ ? ਇਨ੍ਹਾਂ ਗੱਲਾਂ ਦਾ ਸਾਨੂੰ ਪਤਾ ਨਹੀਂ ਅਤੇ ਕੋਈ ਫਿਕਰ ਵੀ ਨਹੀਂ । ਦੂਰਦਰਸ਼ੀ ਗੁਰੂ ਜੀ ਨੇ ਉਸ ਵੇਲੇ ਇਹੀ ਸੋਚਿਆ ਕਿ ਉਤੇਜਿਤ ਲੋਕ ਤਾਂ ਸ਼ਾਂਤ ਹੋ ਨਹੀਨ ਰਹੇ । ਇਨ੍ਹਾਂ ਦੀ ਮਰਜ਼ੀ ਮੁਤਾਬਕ ਹੁਣੇ ਹੀ ਵਿਦਰੋਹ ਕਰਨ ਦੀ ੳਜੇ ਤਿਆਰੀ ਨਹੀਂ ਕੀਤੀ ਗਈ ਅਤੇ ਅਜੇ ਤਾਂ ਸਾਰਾ ਕੰਮ ਜਥੇਬੰਦ ਵੀ ਨਹੀਂ ਹੋਇਆ । ਇਸ ਵੇਲੇ ਜੇ ਇਹ ਚਲੇ ਜਾਣ ਅਤੇ ਅਸੀਂ ਸਰਕਾਰ ਨੂੰ ਇਹ ਦਸ ਦੇਈਏ ਕਿ ਸਾਡਾ ਇਨ੍ਹਾਂ ਨਾਲ ਕੋਈ ਵਾਸਤਾ ਨਹੀਂ ਤਾਂ ਬਾਕੀ ਅੰਦੋਲਨ ਬਚ ਜਾਵੇਗਾ, ਗਲ ਤਾਂ ਚੰਗੀ ਲਗਦੀ ਹੈ ਪਰ ਸਿਆਸੀ ਦਾਅ ਪੇਚਾਂ ਦੀ ਅਹਿਮੀਅਤ ਉਨ੍ਹਾਂ ਦੀ ਸਫਲਤਾ ਉਤੇ ਆਧਾਰਤ ਹੁੰਦੀ ਹੈ । ਗੁਰੂ ਜੀ ਨੇ ਇਹ ਦਾਅ ਪੇਚ ਵਰਤਿਆ । ਪਾਸਾ ਉਲਟ ਗਿਆ, ਇਹ ਨਿਸਫਲ ਰਿਹਾ । ਇਹੀ ਉਹਨਾਂ ਦਾ ਸਭ ਤੋਂ ਵਡਾ ਅਪਰਾਧ ਸੀ । ਉਨ੍ਹਾਂ ਉਸ ਵੇਲੇ ਪੁਲਿਸ ਨੂੰ ਖਬਰ ਦਿਤੀ ਕਿ ਲੋਕ ਭੜਕ ਕੇ ਉਹਨਾਂ ਦੀਆਂ ਅਰਜ਼ਾਂ ਤੇ ਹੁਕਮਾਂ ਨੂੰ ਨਾ ਮੰਨਕੇ ਝਗੜੇ ਫਸਾਦ ਲਈ ਜਾ ਰਹੇ ਹਨ । ਮੈਂ ਹੁਣੇ ਹੀ ਪੁਲਿਸ ਨੂੰ ਖਬਰ ਦੇ ਕੇ ਖਬਰਦਾਰ ਕਰ ਦੇਣਾ ਚਾਹੁੰਦਾ ਹਾਂ ਕਿ ਉਹ ਇਨਾਂ ਨਾਲ ਨਿਬੜ ਲੈਣ - ਮੈਂ ਅਨਰਥ ਦਾ ਜ਼ਿੰਮੇਵਾਰ ਨਹੀਂ ਹਾਂ ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com