5_cccccc1.gif (41 bytes)

ਧੁੰਦ
ਲਾਲ ਸਿੰਘ ਦਸੂਹਾ


ਕੁਝ ਕਹਾਣੀ ਬਾਰੇ
ਤੱਥ ਗਵਾਹ ਨੇ ਕਿ ਪੰਜਾਬ ਵਿਚਲੇ ਜ਼ਿਮੀਦਾਰਾਂ ਵਿਚੋਂ ਸੱਤ ਪ੍ਰਤੀਸ਼ਤ ਵੱਡੇ ਜ਼ਿਮੀਦਾਰ ਸੈਂਤੀ ਪ੍ਰਤੀਸ਼ਤ ਜ਼ਮੀਨ ‘ਤੇ ਕਾਬਜ਼ ਹਨ । ਇਹਨਾਂ ਦੇ ਪੁਰਖਿਆਂ ਵਿਚੋਂ 1699 ਈ: ਦੀ ਵਿਸਾਖੀ ਵਾਲੇ ਦਿਨ ਆਨੰਦਪੁਰ ਅੱਵਲ ਤਾਂ ਕੋਈ ਗਿਆ ਹੀ ਨਹੀਂ ਹੋਣਾ , ਜੇ ਕੋਈ ਇੱਕ-ਅੱਧ ਚਲਾ ਵੀ ਗਿਆ ਹੋਵੇਗਾ ,ਤਾਂ ਉਹ ਗੁਰੂ ਦੀ ਲਹੂ ਮੰਗਦੀ ਤਲਵਾਰ ਵੱਲ ਦੇਖਕੇ ਜ਼ਰੂਰ ਖਿਸਕ ਗਿਆ ਹੋਵੇਗਾ । ਤੇ ਗੁਰੂ ਵਿਚਾਰੇ ਲਈ ਬਚੇ ਹੋਣਗੇ , ਇਹਨਾਂ ਫਿਊਡਲ ਲਾਰਡਾਂ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਰਤੀ-ਕਾਮੇ , ਨਾਈ, ਛੀਬੇਂ , ਖੱਤਰੀ। ਭਾਈ ਘਨ੍ਹੱਇਆ ਦੇ ਪਾਤਰ ਰਾਹੀਂ ਇਹ ਕਹਾਣੀ, ਦਿੱਲੀ ਦੀਆਂ ਔਰੰਗੇ ਤੋਂ ਤਰੰਗੇ ਤਕ ਦੀਆਂ ਸਰਕਾਰਾਂ ਲਈ ਫੀਡ -ਬੈਂਕ ਬਣਦੀ ਰਹੀ ਤੇ ਭਾਈਵਾਲੀ ਨਿਭਾਉਂਦੀ ਆਈ, ਇਸ ਭੋਂਪਤੀ ਜਮਾਤ ਦੇ ਅਵਸਰਵਾਦੀ ਤੇ ਤਸ਼ੱਦਦੀ ਕਿਰਦਾਰ ‘ਤੇ ਟਿੱਪਣੀ ਕਰਨ ਦਾ ਸਾਹਸ ਕਰਦੀ ਹੈ । ਪੰਜਾਬ ਦੇ ਸੰਦਰਭ ਵਿਚ ਇਹ ਕੰਮ ਵੇਲੇ ਦੀ ਸਰਕਾਰ ਵੱਲੋਂ ਖੱਬੀ ਲਹਿਰ ਦੇ ਇਕ ਦਸਤੇ ਨਕਸਲਵਾਦ ਨੂੰ ਬੇ-ਰਹਿਮੀ ਨਾਲ ਮਾਰੇ ਕੋਹੇ ਜਾਣ ਦੇ ਦਰਦ ਨੂੰ ਮਹਿਸੂਸਦੀ , ਗੋਬਿੰਦ ਗੁਰੂ ਕੋਲ ਚਿੱਠੀ ਦੇ ਰੂਪ ਵਿਚ ਆਪਣਾ ਦੁੱਖ ਰੋਦੀਂ ਹੈ ।

ਲਿਖਤੁਮ ਭਾਈ ਘਨਈਆ ......ਅੱਗੇ ਮਿਲੇ ਦਸਮੇਂ ਸਤਗੁਰ ਮ੍ਹਾਰਾਜ , ਚੌਥੇ ਤਖ਼ਤ ਸ੍ਰੀ ਹਜ਼ੂਰ ਸਾਹਬ , ਜ਼ਿਲ੍ਹਾ ਨੰਦੇੜ ਦੇ ਵਾਸੀ ਨੂੰ ।

ਸੱਚਿਆ ਪਾਤਸ਼ਾਹ ਜੀਓ , ਬਹੁਤੀ ਮੁਦੱਤ ਹੋ ਗਈ ਐ ਕਿ ਤੁਹਾਡੇ ਬੰਨਿਓਂ ਕੋਈ ਖ਼ਤ -ਪੱਤਰ ਨਈਂ ਆਇਆ । ਮੈਨੂੰ ਵੀ ਆਪ ਜੀ ਨੂੰ ਚਿੱਠੀ ਪਾਉਣ ਦੀ ਵਿਹਲ ਨਈਂ ਮਿਲੀ । ਵਿਹਲ ਮਿਲਦਾ ਵੀ ਕਿੱਦਾਂ ? ਤੁਹਾਂ ‘ਨੰਦਪੁਰ ਦੀ ਲੜਾਈ ‘ਚ ਜ਼ਖਮੀ ਹੋਏ ਤੁਰਕਾਂ ਨੂੰ ਪਾਣੀ ਪਲਾਉਣ ਦੀ ਮੇਰੀ ‘ਗਲਤੀ’ ਵਜੋਂ ਥਾਪੀ ਕੀ ਦਿੱਤੀ ,ਮੈਂ ਤਾਂ ਆਪਣੇ ਕਾਰ-ਕਿੱਤੇ ਅੰਦਰ ਖੁੱਭਿਆ ਸਾਰਾ ਕੁਸ਼ ਈ ਭੁੱਲ-ਭਲਾ ਗਿਆ । ਮੈਨੂੰ ਨਾ ਵੈਰੀ ਦੀ ਪਛਾਣ ਰਈ , ਨਾ ਮਿੱਤਰ ਦੀ। ਆਪਣੀ ਧੁੰਨ ‘ਚ ਮਸਤ ਹੋਏ ਨੇ ਮੈਂ ਜਿੱਥੇ ਵੀ ਕੋਈ ਭੁੱਖਾ-ਪਿਆਸਾ ਦੇਖਿਆ ,ਉਥੇ ਈ ਅਪਣੀ ਚਮੜੇ ਦੀ ਮਛਕ ‘ਚੋਂ ਚਾਰ ਘੁੱਟ ਪਾਣੀ ਉਹਦੇ ਸਿਕੜੀ ਜੰਮੇਂ ਬੁਲ੍ਹਾਂ ‘ਤੇ ਰੋੜ ਦਿੱਤਾ। ਪਰ , ਇਕ ਗੱਲ ਦੀ ਮੈਨੂੰ ਸਮਝ ਨਈਂ ਸੀ ਪਈ ਕਿ ਕਈ ਜ਼ੋਜਨ ਅੱਗੇ ਲੰਘ ਆਏ ਬੰਦੇ ਦੀ ਖਸਲਤ ਕਿਉਂ ਨਈਂ ਬਦਲੀ । ਹੁਣ ਤੇ ਰਾਜਿਆਂ-ਮ੍ਹਾਰਾਜਿਆਂ ਦਾ ਧਰਮ ਵੀ ਬਾਈ ਧਾਰਾਂ ਦੇ ਰਾਜਿਆਂ ਆਂਗੂੰ ਮਾਇਆ ਖਾਤਰ ਲੁੱਟ-ਖੋਹ ,ਮਾਰ - ਧਾੜ ਕਰਨਾ ਈ ਕਿਉਂ ਐ , ਬਦਲਿਆ ਕਿਉਂ ਨਈਂ , ਸੱਚੇ ਸਾਈਂ ਜੀਓ , ਤੁਹਾਂ ਸਮੇਤ ਦਹਾਂ ਬਾਬਿਆਂ ਨੇ ਦੋ-ਢਾਈ ਸੌ ਸਾਲ ਮਾਇਆ ਦੇ ਜਿਹੜੇ ਜਕੜ-ਜੰਦ ਨੂੰ ਤੋੜਨ ਲਈ ਪੂਰਾ ਤਾਣ ਲਾਇਆ ਸੀ , ਉਨ੍ਹੇ ਮੁੜ ਅਪਣੀਆਂ ਤੰਦੂਏ ਵਰਗੀਆਂ ਤਾਰਾਂ ਧਰਤੀ ਤੋਂ ਪਾਤਾਲ ਤੱਕ ਵਿਛਾ ਰੱਖੀਆਂ ਹੋਇਆਂ ਹੈਨ । ਮੈਨੂੰ ਚੰਗੀ ਤਰ੍ਹਾਂ ਯਾਦ ਐ ਬਿਕਰਮੀ ਸੰਮਤ 1756 ਦੀ ਵਿਸਾਖੀ ਆਲਾ ਦਿਨ ਫੁਲਕਾ-ਪਾਣੀ ਛਕਣ ਆਈਆਂ ਲੱਖਾਂ ਸੰਗਤਾਂ ਵਿਚੋਂ ਤੁਹਾਂ ਨੂੰ ਕੰਮ ਦੇ ਬੰਦੇ ਲੱਭੇ ਸੀ ਸਿਰਫ਼ ਪੰਜ ਤੇ ਉਹ ਵੀ ਕੰਮੀ-ਕਮੀਨ । ਚੌਧਰੀਆਂ,ਜਗੀਰਦਾਰਾਂ ਦੇ ਟੱਬਰਾਂ ਦੇ ਟੱਬਰ ਓਥੋਂ ਐਓਂ ਖਿਸਕੇ ਸੀ ਜਿਓਂ ਵਹੀਰੋਂ ਡਰਦੇ ਗਿੱਦੜ ਭਜਦੇ ਐ । ਫਿਰ ਤੁਹਾਂ ਦੇ ਅੱਖਾਂ ਮੀਟਣ ਦੀ ਦੇਰ ਸੀ ਮੁੜ ਓਹੀ ਕੜ੍ਹੀ ਘੁਲਣ ਲੱਗੀ ਜਿਹੜੀ ਪਹਿਲਾਂ ਘੁਲਦੀ ਸੀ । ਮੁੜ ਓਹੀ ਕੁਣਕਾ ਖਾਣੇ ਵੱਡੇ-ਵੱਡੇ ਜੁਗਾੜਾਂ ਆਲੇ ਸਰਦਾਰਾਂ ਨੇ ਤੁਹਾਂ ਦੀ ਬਖਸ਼ੀ ਰਹਿਤ ਮਰਯਾਦਾ ਨੂੰ ਆਪਣੀ ਰਖੇਲ ਜਈ ਬਣਾ ਘੱਤਿਆ । ਖੇਤਾਂ ਬੰਨਿਆਂ ਅੰਦਰ ਮਰਦੇ ਮਿਨ੍ਹਤੀਆਂ-ਮਜੂਰਾਂ ਤੋ ਆਪਣੇ ਡੌਲਿਆਂ-ਪੱਟਾਂ ਦੀਆਂ ਮਾਲਸ਼ਾਂ ਕਰਾਈਆਂ । ਦੋ ਵੇਲੇ ਦੀ ਖੰਨੀ ਮਿੱਸੀ ਉਨ੍ਹਾਂ ਅੱਗੇ ਸੁਟ ਕੇ ਆਪ ਦਾਤੇ ਬਣਦੇ ਰਏ। ਇਹ ਓਹੀ ‘ਮਹਾਂ ਪੁਰਖ’ ਸਨ ਜਿਹੜੇ ਮੁੱਢ-ਕਦੀਮ ਤੋ ਖੁਲ੍ਹੀ-ਮੌ੍ਹਕਲੀ ਧਰਤੀ ‘ਤੇ ਖੜੱਪੇ ਬਣ ਕੇ ਮੇਲ੍ਹਦੇ ਆਏ ਸੀ । ਮੁਗ਼ਲਈਆਂ ਦੇ ਹੱਲਿਆਂ ਸਮੇਂ ਇਹ ਮੁਸਲਮਾਨ ਬਣੇ ਗਏ , ਤੁਹਾਂ ਦੇ ਖੜਕਾਏ ਖੰਡੇ ਤੋਂ ਡਰਦੇ ਸਿੰਘ ਸਜ਼ ਗਏ ਸਨ ਅਤੇ ਕੁੱਟਲ ਨੀਤੀ ਦੇ ਗੁਰੂ-ਘੰਟਾਲ ‘ਗਰੇਜ਼ਾ ਨਾਲ ਅੰਦਰੋਂ-ਅੰਦਰ ਗਾਂਢਾ-ਸਾਂਢਾ ਕਰ ਕੇ , ਇਹ ਦੋ ਤਿੰਨ ਪਾਲਟੀਆਂ ਜਿਹੀਆਂ ਬਣ ਕੇ ਬਗਲੇ ਭਗਤਾਂ ਆਂਗ ਅੱਖਾਂ ਮੀਟੀ ਕਿਸੇ ਮਾਰ ਦੀ ਛੈਹ ‘ਤੇ ਸ਼ਿਸ਼ਤ ਲਾਈ ਬੈਠੇ ਸਨ।

ਸੱਚੇ ਮਾਲਕ ਜੀਓ , ਫਿਰ ਹੋਇਆ ਓਹੀ ਜਿਸ ਨੂੰ ਟਾਲਣ ਲਈ ਤੁਹਾਂ ਆਪਣੀ ਸਾਰੀ ਦੀ ਸਾਰੀ ਆਯੂ ਦਾਨ ਕੀਤੀ ਸੀ । ਤੁਹਾਡੀ ਪਵਨ-ਪਾਵਨ ਧਰਤੀ ਉੱਤੇ ਖੂਨ ਦੀਆਂ ਨਦੀਆਂ ਚੱਲੀਆਂ , ਮਾਮਾਂ-ਭੈਣਾਂ ਨੂੰ ਸ਼ਰੇਆਮ ਨੰਗਿਆਂ ਕਰ ਕੇ ਵਹਿਸ਼ੀ ਨਾਚ ਨੱਚਿਆ ਗਿਆ । ਦਿਨ-ਦਿਹਾੜੇ ਡਾਕੇ ਪਏ । ਬਲੂਰ ਬਾਲਾਂ ਨੂੰ ਬਰਛਿਆਂ-ਨੇਜ਼ਿਆਂ ਦੀਆਂ ਨੋਕਾਂ ‘ਤੇ ਟੰਗਿਆ ਗਿਆ । ਇਹ ਘੱਲੂਘਾਰਾ ਸਿਰਫ਼ ਦੋਂ ਸਾਨ੍ਹਾਂ ਦੀ ਅਣ-ਬਣ ਕਰਕੇ ਹੋਇਆ - ਅਖੇ, ਇਕ ਮਿਆਨ ‘ਚ ਦੋ ਤਲਵਾਰਾਂ ਕਿਦਾਂ ਆ ਸਕਦੀਆਂ , ਇਕੋ ਥਾਂ ‘ਤੇ ਦੋ ਕੌਮਾਂ ‘ਕੱਠੀਆਂ ਕਿਮੇਂ ਰਹਿ ਸਕਦੀਆਂ । ਰਗੜਾ ਸੌਹਰੀ ਚੌਧਰ ਦਾ ਸੀ ,ਭੁਗਤਣਾ ਪਿਆ ਲੋਕਾਂ ਨੂੰ , ਸਾਨੂੰ ਸਾਰਿਆਂ ਨੂੰ , ਸਦੀਆਂ ਤੋਂ ਸਾਂਝੇ ਘੜਿਉਂ ਪਾਣੀ ਪੀਦੇਂ ਕਿਰਤੀਆਂ ਨੂੰ , ਬੰਜਰ -ਬਾਰਾਂ ਆਬਾਦ ਕਰਨ ਆਲੇ ਕਿਸਾਨਾਂ ਨੂੰ ।

ਖੈਰ, ਉਹ ਤਾਂ ਹੋਇਆ ਸੌ ਹੋ ਨਿਬੜਿਆ , ਅਹਾਂ ਨੂੰ ਮਾੜੀ ਮੋਟੀ ਧਰਵਾਸ ਮਿੱਠੀ ਛੁਰੀ ਮਾਰ ਫਰੰਗੀ ਦੇ ਜਾਣ ਮਗਰੋਂ ,ਜਿਹੜੀ ਅਪਣਿਆਂ ਤੋਂ ਮਿਲਦੀ ਸੀ , ਉੁਹ ਵੀ ਪਿਛਲੇ ਸੱਠਾਂ ਪੈਹਟਾਂ ਵਰ੍ਹਿਆਂ ਦੇ ਅੱਖ-ਫਰੋਕੇ ਅੰਦਰ ਖੰਭ ਲਾ ਕੇ ਕਿਤੇ ਉਡ-ਪੁਡ ਗਈ ਐ । ਜਿਮੀਂ-ਜੈਦਾਤ ਦੇ ਸਾਬ੍ਹ ਨਾਲ ਗੱਦੀਆਂ ਹਥਿਆ ਕੇ ਬੈਠੇ ਕਮਲੇ-ਰਮਲੇ ਜਿਹੇ ਵੀ ਸਿਆਣੇ ਬਣੇ ਵੇ ਐ । ਉਨ੍ਹਾਂ ਹੇਠਲੇ ਵੱਡੇ-ਛੋਟੇ ਅਹਿਲਕਾਰ ਵੀ ਰੱਜ ਕੇ ਆਪ-ਹੁਦਰੀਆਂ ਕਰਦੇ ਐ । ਦੁਨੀਆਂ ਭਰ ਦਾ ਸਾਰਾ ਸੁੱਖਰਾਮ ਉਨ੍ਹਾਂ ਕੋਲ ਗ੍ਹਿਰਵੀ ਹੋਇਆ ਪਿਐ । ਨੰਤਾ ਚਮਿਆਰ, ਲੱਛੂ ਜਲਾਹ , ਭਾਗੂ ਤਰਖਾਣ , ਅੱਛਰੂ ਛੀਂਬਾ ਤਾਂ ਧਰਮ-ਸ਼ਰਮ , ਜਾਤ-ਕੁਜਾਤ ਦੇ ਗਧੀ -ਗੇੜ ਅੰਦਰ ਫਸਿਆ , ਆਪਣੀ ਗੁਰਬਤ ਨੂੰ ਪੂਰਬਲੇ ਕਰਮਾਂ ਦਾ ਫਲ ਸਮਝੀ ਤੁਰਿਆ ਆਉਂਦਾ । ਰੁਖੀ-ਮਿੱਸੀ ਖਾ ਕੇ ਠੰਡਾ ਪਾਣੀ ਪੀਣ ਦਾ ਮੰਤਰ ਜਪਦਿਆਂ ਨਿਢਾਲ ਹੋਏ ਲੋਕਾਂ ਦੀ ਤਕਦੀਰ ਨੂੰ ਤੁਹਾਂ ਤਾਂ ਅਪਣੀ ਉਮਰ ਦੇ ਚਾਲ੍ਹੀ-ਬਤਾਲ੍ਹੀ ਵਰ੍ਹਿਆਂ ਦੀ ਸਾਧਨਾ ਸਦਕਾ ਈ ਬਦਲ ਕੇ ਰੱਖ ਦਿੱਤਾ ਸੀ । ਅਹਾਂ ਚਿੜੀਆਂ ਅਰਗੇ ਕਮਜ਼ੋਰਾਂ ਨੂੰ ਜਬਰ-ਜੁਲਮਾਂ ਨਾਲ ਟਕਰਾਉਣ ਲਈ ਖੂਨਖਾਰ ਬਾਜ਼ਾਂ ਦੀ ਬਰੋਬਰੀ ਕਰਨੀ ਸਿਖਾਉਣ ਉਪਰੰਤ ਤੁਹਾਂ , ‘ਲਾਕੇ ਦੇ ਸਾਰੇ ਮਸੰਦਾਂ ਨੂੰ ਸੜਦੇ-ਸੜਦੇ ਤੇਲ ਦੇ ਕੜਾਹੇ ਅੰਦਰ ਡੋਬ ਕੇ ਇਸ ਲਈ ਮਾਰਿਆ ਸੀ ਕਿ ਉਹ ਗੁਰੂ-ਮ੍ਹਾਰਾਜ ਦੀ ਬਾਣੀ ‘ਚ ਦਰਜ ਧਰਮ-ਕਰਮ ਦੀ ਰਹੁ-ਰੀਤ ਨੂੰ ਛੱਡ ਕੇ , ਲੱਚਪੁਣਾ-ਲੰਡਰਪੁਣਾ ਕਰਨ ਲੱਗ ਪਏ ਸੀ । ਅਪਣੀ ਕੌਮ ਦੀ ਬਿਹਤਰੀ ਲਈ ‘ਕੱਠਾ ਕੀਤਾ ਧੰਨ ਆਪਣੇ ਬੋਝਿਆਂ ਅੰਦਰ ਈ ਤੁੰਨੀ ਜਾਂਦੇ ਸੀ । ਪਰ , ਅੱਜ ਤਾਂ ਇੱਟ ਚੁਕੇ ਮਸੰਦ ਨਿਕਲਦੈ । ਕੋਈ ਐਬ ਐਸਾ ਨਈਂ ਜਿਹੜਾ ਨਈਂ ਹੁੰਦੇ । ਧੋਖੇ-ਫਰੇਬਾਂ ਨਾਲ ‘ਕੱਠੀ ਕੀਤੀ ਮਾਇਆ ਪੁਠੇ ਸਿੱਧੇ ਕਮਾਂ ‘ਤੇ ਲਾਉਣ ਆਲਿਆਂ ਨੂੰ ਉਪਰੋਂ ਕਿਸੇ ਦਾ ਕੋਈ ਭੈਅ ਨਈਂ । ਯੋਗ-ਅਯੋਗ ਢੰਗਾਂ ਰਾਹੀ ਉੱਚੀਆਂ ਪਦਵੀਆਂ ‘ਤੇ ਪਧਾਰੇ ਦੰਭੀਆਂ ਨੂੰ ਕਿਸੇ ਦਸਮ-ਪਿਤਾ ਦੇ ਕੜਾਹੇ ਦਾ ਡਰ ਨਈਂ । ਅਪਣੀ ਰਿਆਇਆ ਨੂੰ ਦੱਬ ਕੇ ਰੱਖਣ ਲਈ ਜਿੰਨਾ ਵੱਡਾ ਕੋਈ ਤਸ਼ਦੱਦ ਕਰਦਾ ਐ ਓਨੀ ਵੱਡੀ ਸਾਬਾਸ਼ੇ , ਉਸ ਨੂੰ ਉਪਰੋਂ ਮਿਲਦੀ ਐ ।

ਲਓ ,ਤੁਸੀਂ ਆਪ ਈ ਦੱਸੀਓ ਜੇ , ਪਈ ਲੋਹੇ ਦੀਆਂ ਸੜਦੀਆਂ ਬਲਦੀਆਂ ਲਾਲ ਸੁਰਖ ਸੀਖਾਂ ਸੌ-ਪੰਜਾਹ ਜਗਦੀਆਂ ਮਘ੍ਹਦੀਆਂ ਅੱਖਾਂ ਅੰਦਰ ਤੁੰਨਣਾ ਕਿੱਥੋਂ ਦਾ ਅਨਸਾਫ਼ ਹੋਇਆ । ਰੱਸੀ ਵੱਟ ਚਾੜ੍ਹ ਕੇ ਅਪਣੇ ਅਰਗੇ ਇਨਸਾਨਾਂ ਦੀਆਂ ਲੱਤਾਂ-ਬਾਹਾਂ ਤੋੜਨਾ ਕਿੱਡੀ ਕੁ ਚੁਤਰਾਈ ਹੋਈ । ਮਾਮਾਂ-ਭੈਣਾਂ ਦੇ ਨਰਮ-ਨਾਜ਼ਕ ਗੁਪਤ ਅੰਗਾਂ ਅੰਦਰ ਫੁਟ-ਫੁਟ ਲੰਮੇ ਸਰੀਏ ਲੰਘਾਉਣਾ ਕਿੱਧਰ ਦੀ ਬਹਾਦਰੀ ਹੋਈ । ਉਪਰੋਂ ਵੱਡਾ ਸਿਤਮ ਇਹ ਐ , ਕਿ ਜਿਹੜਾ ਵੀ ਇਨ੍ਹਾਂ ਕਰਤੂਤਾਂ ਵਿਰੁੱਧ ਬੋਲਦਾ ਐ, ਉਹਨੂੰ ਜਾਂ ਕਾਲ-ਕੋਠੜੀ ਅੰਦਰ ਡੱਕ ਦਿੱਤਾ ਜਾਂਦੇ , ਜਾਂ ਅਕਹਿ ਤੇ ਅਸਹਿ ਤਸੀਏ ਦੇ ਕੇ ਸੋਚਣੋਂ-ਬੋਲਣੋਂ ਨਕਾਰਾ ਕਰ ਦਿੱਤਾ ਜਾਂਦੈ । ਦੋ ਡੰਗ ਦੀ ਰੋਟੀ ਲਈ ਜੂਝਦੇ ਲੋਕਾਂ ਦਾ ਧਿਆਨ ਹੋਦਰੇ ਪਾਉਣ ਲਈ ਕਈ ਤਰ੍ਹਾਂ ਦੀਆਂ ਅਪਲ-ਟਪਲੀਆਂ ਮਾਰੀਆਂ ਜਾਂਦੀਆਂ । ਢਿੱਡੋਂ ਭੁੱਖੀ ,ਪਿੰਡਿਓਂ ਨੰਗੀ , ਹਓਕੇ ਭਰਦੀ ਜੰਤਾ ਨੂੰ , ਮੁਲਕ ਅੰਦਰ ਗੜਬੜ ਫਲਾਉਣ ਦਾ ਦੋਸ਼ੀ ਗਰਦਾਨ ਕੇ ਲਾਠੀ-ਗੋਲੀ ਦਾ ਦਮਨ-ਚੱਕਰ ਚਲਾਇਆ ਜਾਂਦੈ ।ਇਹ ਸਾਰਾ ਕੁਸ਼ ਪਤਾ ਕਿਉਂ ਹੁੰਦੈ । ਸਿਰਫ਼ ਕੁਰਸੀ ਖਾਤਰ , ਮਾਇਆ ਦੀ ਛਹਿਬਰ ਲਾ ਕੇ ਪ੍ਰਾਪਤ ਕੀਤੀ ਗੱਦੀ ਬਚਾਉਣ ਖਾਤਰ ਹੁੰਦੈ ।ਤੁਹਾਂ ਆਂਗਰ ਰਾਜ ਸੱਤਾ ਝੋਕ ਕੇ ਗਊ-ਗਰੀਬ ਦੀ ਰਾਖੀ ਕਰਨ ਖਾਤਰ ਨਈਂ । ਅਪਣਾ ਕੁਟੁੰਮਭ ਰੋਲ ਕੇ ਢੱਤਿਆਂ ਨੂੰ ਢਾਰਸ ਦੇਣ ਬਦਲੇ ਨਈਂ ਹੁੰਦਾ ।

ਤੁਹੀਂ ਇਹ ਨਾ ਸਮਝ ਲੈਣਾ ਕਿ ਹਰ ਟੈਮ ਵਾਖਰੂ-ਬਾਖਰੂ ਕਰਨ ਆਲਾ ਸ਼ਾਂਤ-ਚਿੱਤ ਘਨਈਆ ਕਿਹੋ ਜਿਹੀਆਂ ਭੈੜੀਆਂ ਗੱਲਾਂ ਕਰਨ ਲੱਗ ਪਿਐ ।ਪਰ ,ਦੀਨ-ਦੁਖੀ ਦੇ ਮਾਲਕ ਜੀਓ , ਇਹ ਸਾਰਾ ਕੁਸ਼ ਏਥੇ ਹੁੰਦਾ ਐ, ਮੇਰੇ ਭਾਈਆਂ ਨਾਲ ਵਾਪਰਦਾ ਐ । ਜੇ ਨਈਂ ਯਕੀਨ ਤਾਂ ਭਾਈ ਦਯਾ ਸੂੰਹ ਨੂੰ ਭੇਜ਼ ਕੇ ਪਤਾ ਕਰ ਲਿਆ ਜੇ । ਉਂਝ ਮੈਨੂੰ ਪੱਕਾ ਨਿਸ਼ਚਾ ਐ , ਕਿ ਤੁਹਾਂ ਨੂੰ ਮੇਰੀ ਹਰ ਗੱਲ ‘ਤੇ ਯਕੀਨ ਐ , ਤਾਈਓਂ ਤਾਂ ਲੋੜਮੰਦਾਂ ਦੇ ਮੂੰਹਾਂ ਵਿੱਚ ਪਾਣੀ ਪਾਉਂਦੇ ਦੀ ‘ਸ਼ਕੈਤ’ ਲੱਗਣ ਵੇਲੇ ਤੁਹਾਂ ਮੈਨੂੰ ਮੱਲ੍ਹਮ-ਪੱਟੀ ਵੀ ਦਿੱਤੀ ਸੀ । ਪਰ, ਹੁਣ ਮੈਂ ਸ਼ਰੇਆਮ ਸਾਰੇ ਘਾਇਲਾਂ ਦੀ ਮੱਲਮ-ਪੱਟੀ ਨਈਂ ਜੇ ਕਰਦਾ , ਦੇਖ-ਚਾਖ ਕੇ ਕਰਦਾਂ ਆਂ । ਤੁਹੀਂ ਆਖੋਗੇ - ਇਹ ਤੈਨੂੰ ਕੀ ਹੋ ਗਿਆ ? ਤੂੰ ਤਾਂ ਭਲਾ ਚੰਗਾ ਸੈਂ । ਮੈਂ ਉੱਤਰ ਦਿਆਂਗਾ - ਹੁਣ ਮੈਨੂੰ ਦਯਾਹੀਨ , ਅਧਰਮੀ ਕੁਸਿੰਘਾਂ ਦੀ ਮਾੜੀ ਮੋਟੀ ਪਛਾਣ ਹੋਣ ਲੱਗ ਪਈ ਐ । ਏਸੇ ਕਰਕੇ ਮੈਂ ਹੁਣ ਹਰ ਇਕ ਦੇ ਮੂੰਹ ਲਾਗੇ ਮਛਕ ਲਿਆਉਣ ਤੋਂ ਕੰਨੀ ਕਤਰਾਉਣ ਲੱਗ ਪਿਆ ਵਾਂ । ਉੱਝ ਕਈ ਵੇਰਾਂ ਆਟੇ ਨਾਲ ਘੁਣ ਵੀ ਪੀਸਿਆਂ ਜਾਂਦੈ , ਪਰ ਕੀ ਕਰਾਂ ਮ੍ਹਾਰਾਜ ਦੀਓ , ਜਦ ਮੈਂ ਦਯਾਵਾਨ , ਧਰਮੀ ,ਹਿੰਮਤੀ ‘ਸਿੰਘਾਂ’ ਨੂੰ ਮੋਹਕਮ ਤੇ ਸਾਹਬ ‘ਚੰਦਾਂ’ ਨਾਲ ਮੋਢੇ ਨਾਲ ਮੋਢੇ ਜ਼ੋੜ ਕੇ ਉਸਾਰੇ ਭਾਈਚਾਰੇ ਨੂੰ ਢਹਿ-ਢੇਰੀ ਕਰਨ ਲਈ ਅਮੀਰਾਂ-ਵਜ਼ੀਰਾਂ-ਬਸ਼ੀਰਾਂ ਵਲੋਂ ਹੁੰਦੇ ਅਤਿਆਚਾਰਾਂ ਵੱਲ ਨਜ਼ਰ ਮਾਰਦਾਂ, ਤਾਂ ਮੇਰਾ ਮਨ ਰੋਹ ਨਾਲ ਭਰ ਜਾਂਦੈ । ਮੈਂ ਸੋਚਦਾ ਆਂ ਕਿਉਂ ਨਾ ਅਹਾਂ ਕੜ੍ਹਾ-ਖਾਣੀਆਂ ‘ਫੌਜਾਂ’ ਨਾਲ ਹੱਥੋਂ-ਹੱਥ ਨਿਬੜਿਐ । ਕਿਉਂ ਮੁੜ-ਘਿੜ ਅਹਾਂ ਅਪਣਿਆਂ ਦਲਾਂ ਦੀ ਸਰਦਾਰੀ ਵੱਡਿਆਂ ਸਰਦਾਰਾਂ ਦੇ ਟੱਬਰਾਂ ਦੇ ਮੁਖੀਆਂ ਹੱਥੀ ਸੌਂਪਦੇ ਰਏ , ਜਿਹਨਾਂ ਨੇ ਤੁਹਾਂ ਦੇ ਸਿਰਜੇ ਸਪਨਿਆਂ ਦਾ ਕੌੜੀ ਮੁੱਲ ਨਈਂ ਪਾਇਆ ।

ਸੱਚਿਆ ਪਾਤਸ਼ਾਹ ਜੀਓ , ਮੈਨੂੰ ਉਹ ਨਾਜ਼ਕ ਟੈਮ ਵੀ ਚੰਗੀ ਤਰ੍ਹਾਂ ਚੇਤੇ ਐ, ਜਦ ਤੁਹਾਂ ਦੇ ਬਹਾਦਰ ਸਿੰਘਾਂ-ਸਿੰਘਣੀਆਂ ਦੇ ਕੱਟੇ ਹੋਏ ਸਿਰਾਂ ਦਾ ਵੀ ਮੁੱਲ ਪਿਆ ਕਰਦਾ ਸੀ ।ਸੌ-ਪੰਜਾਹ ਸਿਰਲੱਥਾਂ ਨੂੰ ਜਿਊਂਦਿਆਂ ਫੜਨ ਲਈ ਮੁਗਲ ਫੌਜਾਂ ਦੇ ਲਸ਼ਕਰਾਂ ਦੇ ਲਸ਼ਕਰ ਆ ਚੜ੍ਹਿਆ ਕਰਦੇ ਸਨ । ਓਦੋਂ ਤਾਂ ਸੱਚ-ਮੁਚ ਈ ਤੁਹਾਂ ਦੇ ਸਾਜੇ-ਨਿਵਾਜੇ ਖਾਲਸੇ ਦੀ ਹੋਂਦ ਨੂੰ ਖਤਰਾ-ਈ-ਖ਼ਤਰਾ ਸੀ , ਪਰ ਹੁਣ ਆਹ ਵੱਡੇ-ਵੱਡੇ ਅਲਾਟੀਆਂ ਦੀ ਕਲ਼ਗੀ ਨੂੰ ਕਿਹੜੀ ਕਿਸਮ ਦਾ ਖਤਰਾ ਆ ਬਣਿਐ ,ਜ਼ੋ ਇਹਨਾਂ ਧਰਮ-ਕੌਮ-ਸੂਬੇ ਦਾ ਟੰਟਾ ਖੜਾ ਕਰ ਕੇ ਵਿਚਾਰੇ ਗਰੀਬ ਧਰਮੀ-ਕਰਮੀ ਲੋਕਾਂ ਨੂੰ ਬਲ੍ਹਦੀ-ਬੂਬੇ ਦਿੱਤਾ ਹੋਇਐ ।ਮੇਰੀ ਮੂੜ੍ਹ ਜਿਹੀ ਬੁੱਧੀ ਅਨੁਸਾਰ, ਇਹ ਵੀ ਰਾਜ-ਭਾਗ ਵਿਚਲੀਆਂ ਹਿੱਸੇ-ਪੱਤੀਆਂ ਦਾ ਈ ਰਗੜਾ-ਝਗੜਾ ਐ। ਕਿਉਕਿ ਰਾਜ ਕਰਦੀ ਬਹੁ-ਗਿਣਤੀ ਦੇ ਵੱਡੇ ਚੌਧਰੀਆਂ ਨੇ ਘੱਟ ਗਿਣਤੀ ਦੇ ਵੱਡੇ ਚੌਧਰੀਆਂ ਨੂੰ ਚੌਧਰ-ਦੌੜ ਅੰਦਰ ਅਪਣੇ ਤੋਂ ਫਾਡੀ ਰੱਖ ਰੱਖਿਆ ,ਇਸੇ ਕਰਕੇ ਉਨ੍ਹਾਂ ਵੀ ਵੇਲਾ ਤਾੜ ਕੇ ਕੋਈ ਨਾ ਕੋਈ ਵਾ-ਵੇਲਾ ਖੜਾ ਕਰਨਾ ਸੀ ਸੋ ਕਰ ਦਿੱਤਾ ।ਬੱਸ ਇਹਦੇ ਤੋਂ ਸਿਵਾ ਜੇ ਕੋਈ ਹੋਰ ਗੱਲ ਹੋਵੇ ਤਾਂ ਮੈਨੂੰ ਨੀਮੇਂ ਬਹਾ ਕੇ ਪੁਛਿਆ ਜੇ।

ਮ੍ਹਾਰਾਜ ਜੀਓ , ਔਹ ਜਿਹੜੇ ਉੱਚੀਆਂ-ਉੱਚੀਆਂ ਕਾਠੀਆਂ ਆਲੇ ਵੱਡੇ-ਵੱਡੇ ਵਿਸਵੇਦਾਰ, ਨਿੱਤ-ਨਮੇਂ ਦੇਸ਼ ਉੱਨਤੀ-ਏਕਤਾ ਨੂੰ ਖਤਰੇ ਦਾ ਭੈਅ ਖੜਾ ਕਰ ਕੇ , ਜਨ-ਸੇਵਕ ਅਖਵਾਉਣ ਦੀਆਂ ਟਾਹਰਾਂ ਮਾਰਦੇ ਐ , ਉਨ੍ਹਾਂ ‘ਚੋਂ ਕਦੀ ਵੀ ਕੋਈ ਤੁਹਾਂ ਦੀ ਤਰ੍ਹਾਂ ਮਿੱਟੀ ਨਾਲ ਮਿੱਟੀ ਹੋ ਕੇ ਵਸਾਇਆ ‘ਨੰਦਪੁਰ ਛੱਡਣ ਨੂੰ ਤਿਆਰ ਨਈਂ ਹੋਇਆ । ਉਨ੍ਹਾਂ ‘ਚੋਂ ਕਦੀ ਕਿਹੇ ਦਾ ਜੀਤ ਸਿਓਂ-ਜੁਝਾਰ ਸਿਓਂ ਰਣਤੱਤੇ ਅੰਦਰ ਨਈਂ ਜੂਝਿਆ । ਕਦੀ ਕਿਹੇ ਦਾ ਜ਼ੋਰਾਵਰ ਸੂੰਹ-ਫਤੇਹ ਸੂੰਹ ਮਹਾਂ-ਮੂਹੀਂ ਇੱਟਾਂ ਚੂਨੇ ਦੇ ਭਾਰ ਹੇਠ ਨਈਂ ਦੱਬ ਹੋਇਆ ।ਕਦੀ ਵੀ ਕਿਹੇ ਮਾਈ ਦੇ ਲਾਲ ਨੇ ਆਪਣੇ ਮਾਂ-ਪਿਓ ਨੂੰ ਕਤਲ-ਗਾਹਾਂ ਵਲ ਭੇਜਣ ਦੀ ਹਿੰਮਤ ਨਈਂ ਕੀਤੀ । ਸਿੱਧੇ-ਪੱਧਰੇ ਆਲੇ-ਭੋਲੇ ਲੋਕਾਂ ਨੂੰ ਸੂਲੀ ਤੇ ਟੰਗ ਕੇ ਤਮਾਸ਼ਾ ਦੇਖਣ ਆਲੇ ਇਹ ਭੱਦਰ-ਪੁਰਸ਼ ਜ਼ੋ ਕਰਦੇ ਐ , ਮੇਰੀ ਨਿਮਾਣੇ ਜਿਹੇ ਸੇਵਕ ਦੀ ਹਿੰਮਤ ਨਈਂ ਜੇ ਪੈਂਦੀ ਦੱਸਣ ਦੀ । ਪਰ ....ਹੁਣ ਜੇਕਰ ਤੁਹਾਨੂੰ ਦੋ ਅੱਖਰ ਲਿਖਣ ਲਈ ਕਾਨੀ ਫੜੀ ਈ ਐ ਤਾਂ ਖ਼ਰੀਆਂ-ਖ਼ਰੀਆਂ ਗੱਲਾਂ ਲਿਖ ਦਿਆਂਗਾ , ਭਾਮੇਂ ਮੇਰਾ ਸਾਰਾ ਘਰ-ਘਾਟ ਕੁਰਕੀ ਹੋ ਜੇ , ਭਾਮੇਂ ਮੈਨੂੰ ਕਿਸੇ ਨਹਿਰ ਕੰਢੇ ਹੋਣ ਵਾਲੇ ਪੁਲਸ-ਮੁਕਾਬਲੇ ਅੰਦਰ ਗੋਲੀ ਦਾ ਨਿਸ਼ਾਨਾ ਬਣਨਾ ਪਵੇ ।

ਮਹਾਂ ਪੁਰਖ ਜੀਓ , ਤੁਹਾਂ ਮਹਾਂ-ਪੁਰਖਾਂ ਦੇ ਖੂਨ ਨਾਲ ਸਿੰਝੇ ਬੂਟਿਆਂ ਦੇ ਫੁਲਾਂ-ਪੱਤਿਆਂ ਉਤੇ ਜਦ ਵੀ ਕਿਸੇ ਔੜ-ਸੌਕੇ ਦੀ ਆਫਤ ਆਈ ਐ,ਤਾਂ ਖੁਲ੍ਹੇ ਖੇਤਾਂ ਅੰਦਰ ਉੱਗੀਆਂ ਫਸਲਾਂ ਅਤੇ ਰਾਹਾਂ ਕੰਢੇ ਲੱਗੇ ਛਾਂ-ਦਾਰ ਬ੍ਰਿਖਾਂ ਦੇ ਈ ਪਿੰਡੇ ਝਰੀਟੇ ਗਏ ਹਨ । ਕਦੀ ਵੀ ਕਿਸੇ ਬੰਗਲੇ ਦੀ ਕਿਆਰੀ ਅੰਦਰ ਉੱਗੀ ਕਲੀ ਨੂੰ ਸੇਕ ਨਈਂ ਲੱਗਾ । ਦਿੱਲੀ-ਦੱਖਣ ਤੋਂ ਲੈ ਕੇ ਕਾਬਲ-ਕੰਧਾਰ ਦੇ ਸ਼ਾਹੀ-ਮਹਿਲਾ ਦੇ ਮੁਕਟ-ਧਾਰੀਆਂ ਨੂੰ ਚਾਰ ਕੌਡਾਂ ਦੀ ਖੋਹ-ਖਿੰਝ ਖਾਤਰ ਬਾਰਾਂ-ਦੁਆਬਾਂ ,ਝੰਗ-ਬੇਲਿਆਂ ਅੰਦਰ ਡੁੱਲੇ ਖੂਨ ਦਾ ਹਿਰਖ ਤੱਕ ਨਈਂ ਹੋਇਆ । ਹੁਣ ਜਦ ਅਸੀਂ ਔਰੰਗੇ ਤੋਂ ਤਰੰਗੇ ਤਕ ਦੀ ਮਾਰ-ਧਾੜ, ਵੱਡ-ਟੁੱਕ ਦਾ ਅਸ਼ਮੇਧ-ਯੱਗ ਕਰਾਉਣ ਆਲੀਆਂ ਮਹਿਲ-ਅਟਾਰੀਆਂ ਤੋ ਢਾਰੇ-ਝੁੱਗੀਆਂ-ਝੌਪੜੀਆਂ ਦੇ ਅਜਾਈਂ ਕੀਤੇ ਉਜਾੜੇ ਦਾ ਸ੍ਹਾਬ ਮੰਗਦੇ ਆਂ, ਤਾਂ ਬਾਈ ਧਾਰਾਂ ਵਰਗੇ ਅਠਾਈ ਸੂਬਿਆਂ ਦੇ ਰਾਜਿਆਂ ਨੂੰ ਬੜਾ ਕਸ਼ਟ ਹੁੰਦੈ । ਅੰਦਰੋ-ਅੰਦਰੀ ਉਹ ਬਹੁਤ ਤਰਲੋ-ਮੱਛੀ ਹੁੰਦੇ ਐ । ਕੜ੍ਹੀ ਨੂੰ ਆਏ ਉਬਾਲੇ ਆਂਗ,ਆਪਣੀਆਂ ਸੰਗੀਨਾਂ ਦਾ ਮੂੰਹ ਸਾਡੀ ਵਲ ਤਣ ਦਿੰਦੇ ਐ । ਸਾਡੀਆਂ ਮੁਕਤੀ ਫੌਜਾਂ ਨੂੰ ਤਹਿਸ-ਨਹਿਸ ਕਰਨ ਲਈ ਹਰ ਢੰਗ ਵਰਤਦੇ ਐ । ਕਦੀ ਸਾਡੇ ਗਿਣਮੇਂ-ਚੁਣਮੇਂ ਬੰਦਿਆਂ ਨੂੰ ਲਾਲਚ ਦੇ ਕੇ ਆਪਣੀ ਬੋਲੀ ਬਲਾਉਣ ਦਾ ਯਤਨ ਕਰਦੇ ਐ । ਕਦੀ ਉਹ ਆਪਣੀ ਚੀਚੀ ਉਂਗਲੀ ਨੂੰ ਚੀਰਾ ਦੇ ਕੇ ਸ਼ਹੀਦ ਅਖਵਾਉਣ ਦਾ ਭੁਲੇਖਾ ਪਾਉਂਦੇ ਐ । ਉਤੋਂ-ਉਤੋਂ ਲੋਕ-ਸੇਵਕ, ਜਨ-ਭਗਤ,ਦੇਸ਼-ਬੰਦੂ ਹੋਣ ਦੀਆ ਢੀਗਾਂ ਮਾਰਦੇ ਗੱਦੀਦਾਰ, ਬੋਲੀ ਨੂੰ ਬੋਲੀ, ਧਰਮ ਨੂੰ ਧਰਮ , ਕੌਮ ਨੂੰ ਕੌਮ , ਸੂਬੇ ਨੂੰ ਸੂਬੇ ਨਾਲ ਲੜਾਉਣ ਦਾ ਹਰ ਹੀਲਾ ਵਰਤਦੇ ਐ । ਫਿਰ ਵੀ ਜੇ ਉਨ੍ਹਾਂ ਦਾ ਦਾਅ ਨਾ ਭਰੇ ਦਾਂ ਗੁਆਂਡੀ ਮੁਲਕਾਂ ਦੇ ਰਾਜਿਆਂ ਨਾ ਗਾਂਡਾਂ-ਸਾਂਡਾ ਕਰ ਕੇ , ਹੱਦਾਂ-ਸਰਹੱਦਾਂ ਦਾ ‘ਝਗੜਾ’ ਖੜਾ ਕਰ ਕੇ ਆਪਣੇ ‘ਪਿਆਰੇ’ ਤੇ ਜਾਨਬਾਜ਼ ਫੌਜੀਆਂ ਦੇ ਖੂਨ ਨਾਲ ਹੋਲੀ ਖੇਡਦੇ ਐ। ਹੋਰ ਤਾਂ ਹੋਰ ਜਿਹਨਾਂ ਸੁਆਣੀਆਂ ਦੀ ਮਾਂਗ ਦਾ ਸੰਧੂਰ ਕਿਸੇ ਫਰਜ਼ੀ ਹੱਦ-ਬੰਨੇ ਦੀ ਰਾਖੀ ਕਰਦਿਆਂ, ਇਨ੍ਹਾਂ ਦੇ ਟੈਕਾਂ ਦੇ ਭਾਰ ਹੇਠ ਦਰੜਿਆ ਜਾਂਦੈ, ਉਨ੍ਹਾਂ ਦੇਈ ਸੱਗੀ-ਫੁੱਲ ,ਕਾਂਟੇ,ਬਾਲ੍ਹੀਆਂ ,ਨੱਥਾਂ ਤੱਕ ਕਿਸੇ ਨਾਕਾਰੀ ਜਿਹੀ ਸਲਾਈ ਮਸ਼ੀਨ ਦੇ ‘ਤੋਹਫੇ’ ਬਦਲੇ ਲੁਟ ਹੋ ਕੇ , ਰਾਜਿਆਂ-ਮ੍ਹਰਾਜਿਆਂ ਦੇ ਤਹਿਖ਼ਾਨਿਆਂ ਅੰਦਰ ਨੱਪੀਆਂ ਤਜੌਰੀਆਂ ਅਤੇ ਲਾਕਰਾਂ ਅੰਦਰ ਘੁਟ ਹੋ ਜਾਂਦੇ ।

ਪਹਿਲੋਂ-ਪਹਿਲ ਤਾਂ ਮ੍ਹਰਾਜ਼ ਜੀਓ , ਮੈਨੂੰ ਇਸ ਲੁੱਟ-ਖਸੁਟ,ਦੋਗਲ ਨੀਤੀ , ਲੂੰਬੜਬਾਜ਼ੀ ਦੀ ਰਤੀ ਭਰ ਸਮਝ ਨਈਂ ਸੀ , ਪਰ ਹੁਣ ਅਪਣੇ ਈ ਪਿੰਡ ਦੀ ਲਹਿੰਦੀ ਬਾਹੀ ਆਲੇ ਬਖਸ਼ਾ ਸੂੰਹ ਦੀਆਂ ਗੱਲਾਂ ਸੁਣ ਸੁਣ ਕੇ , ਇਸ ਸਾਰੇ ਜੁਗਾੜ ਦੀ ਮਾੜੀ ਮੋਟੀ ਸਮਝ ਪੈ ਗਈ ਐ । ਚਾਰੇ-ਕੂੰਟਾਂ, ਦੇਸ਼ਾਂ-ਦਸ਼ੰਤਰਾਂ ਅੰਦਰ ਘੁੰਮਿਆ-ਫਿਰਿਆ ਬਖਸ਼ਾ ਸਿਓ , ਟੈਮ-ਕੁਟੈਮ ਪਿੰਡ ਦੀ ਮੁਢੀਰ ਨੂੰ ‘ਕੱਠਿਆਂ ਕਰ ਕੇ ਦਸਦਾ ਹੁੰਦੈ ਕਿ ਇਸ ਸਾਰੇ ਸਿੜੀ-ਸਿਆਪੇ ਦੀ ਜੜ੍ਹ ਜੈਦਾਤ-ਐ-ਜੈਦਾਤ , ਜਿਹਨੂੰ ਸਾਡੇ ਵੱਡੇ-ਵਡੇਰੇ ਮਾਇਆ ਆਂਹਦੇ ਹੁੰਦੇ ਸੀ । ਪਸ਼ੂਆਂ,ਜਨੌਰਾਂ,ਮਨੁੱਖਾਂ ਦੇ ਸਦਾਚਾਰ-ਸਭਿਆਚਾਰ ਦੀ ਸਾਰੀ ਦੀ ਸਾਰੀ ਤਵਾਰੀਖ ਜੈਦਾਤ ਉੱਤੇ ਕਬਜ਼ਾ ਜਮਾਈ ਰੱਖਣ ਦੀ ਈ ਤਵਾਰੀਖ ਐ । ਸਤਜੁਗ ਦੇ ਮੁਠ ਭਰ ਧਰਮੀਂ ਬੰਦੇ ਵੀ ਇਹਦੀ ਲਾਲਸਾ ਤੋਂ ਮੁਕਤ ਨਈਂ ਹੋ ਸਕੇ। ਫਿਰ ਕਲਯੁਗ ਤਾਂ ਹੈ ਈ ਅਰਬਾਂ-ਖਰਬਾਂ ਵਿਚਕਾਰ ਓਡੀ-ਦੀ-ਓਡੀ ਧਰਤੀ ਦੇ ਵਧ-ਤੋਂ-ਵਧ ਹਿੱਸੇ ‘ਤੇ ਕਬਜਾ ਕਰਨ ਦੀ ਲੜਾਈ ।

ਪਰ , ਸੱਚੇ ਪਾਤਸ਼ਾਹ ਜੀਓ , ਤੁਹਾਂ ਵੀ ਤਾਂ ਰਾਜ-ਘਰਾਣੇ ਵਿਚ ਈ ਜੰਮੇ ਪਲੇ ਸਾਓ , ਤੁਹਾਂ ਕੋਲ ਵੀ ‘ਨੰਦਪੁਰ ਦੀ ਸੈਂਕੜੇ ਏਕੜ ਭੂਮੀ ਦੀ ਮਾਲਕੀ ਹੈ ਸੀ । ਤੁਹੀਂ ਵੀ ਗੁਆਂਡੀ ਬਾਈ ਧਾਰਾਂ ਨਾਲ ਜੁੜਮੀਂ ਅਪਣੀ ਤੇਈਮੀਂ ਧਾਰ ਬਣਾ ਸਕਦੇ ਸਾਓ । ਤੁਹੀਂ ਵੀ ਲਾਹੌਰ , ਮੁਲਤਾਨ ,ਸਰਹੰਦ ਦੇ ਸੂਬੇਦਾਰਾਂ ਨਾਲ ਮਿਲੀ ਭੁਗਤ ਕਰ ਦੇ ਦਿੱਲੀ ਦੇ ਸ਼ਹਿਨਸ਼ਾਹ ਬਣ ਸਕਦੇ ਸਾਓ । ਪਰ ਤੁਹਾਂ ਤਾਂ ਦੀਨ-ਦੁਖੀ ਦੇ ਮਾਲਕ ਬਨਣ ਲਈ ਦੁਸ਼ਟ-ਦਮਨ ਬਣ ਕੇ ਦਿਖਾਇਆ । ਹਜ਼ਾਰਾਂ ਕਸ਼ਟ ਝੱਲੇ । ਸਾਰੇ ਦਾ ਸਾਰਾ ਟੱਬਰ ਖੇਰੂੰ-ਖੇਰੂੰ ਕਰਵਾਇਆ , ਕਿਉਂਜੋ ਤੁਹਾਂ ਮਾਇਆ ਦੇ ਵਰਤਾਰੇ ਦਾ ਅਸਲੀ ਚਿਹਰਾ ਚੰਗੀ ਤਰ੍ਹਾਂ ਪਛਾਣ ਲਿਆ ਸੀ ।

ਇਸ ਗੱਲ ਦੀ ਹੁਣ ਮੈਨੂੰ ਭਲੀ-ਭਾਂਤ ਸਮਝ ਪੈ ਗਈ ਐ , ਪਈ ਤੁਹਾਂ ਜ਼ੋ ਕੀਤਾ ਕਿਸ ਲਈ ਕੀਤਾ ? ਸੋਨੇ ਅਰਗੇ ਜਿਗਰ ਦੇ ਟੋਟਿਆਂ ਦਾ ਸਨੇਹ , ਆਲੀਸ਼ਾਨ ਰੈਣ-ਬਸੇਰੇ , ਗੜ੍ਹੀਆਂ-ਕੋਟ-ਕਿਲੇ੍ਹ ਛੱਡ-ਛੁਡਾ ਕੇ ਆਪਣੀ ਚੰਦਨ ਅਗਰੀ ਦੇਹ ਨੂੰ ਸੂਲਾਂ-ਕੰਡਿਆਂ ਦੇ ਹਵਾਲੇ ਕੀਤਾ ਤਾਂ ਕਿਉਂ ? ਸਰੋਂਦੀ ਕਵਿਤਾ ਅਰਗੀ ਨੀਂਦ ਨੂੰ ਸਲਵਾੜ ਦੇ ਚੀਰੇ ਲਗਵਾਏ ਤਾਂ ਕਿਹਦੀ ਖਾਤਰ ? ਪਰ , ਤੁਹਾਂ ਦੀ ਅਣਥੱਕ ਘਾਲਣਾ ਘਾਲ ਕੇ ਸਿਰਜੀ ਲਾਡਲੀ ਫੌਜ਼ ਜਿੰਨਾ ਚਿਰ ਮੁਕਤੀ ਕਾਰਜਾਂ ਦੇ ਪਰਉਪਕਾਰੀ ਕੰਮਾਂ ਅੰਦਰ ਰੁਝੀ ਰਈ , ਓਨਾ ਚਿਰ ਮੋਹ-ਮਾਇਆ ਦੇ ਬੰਧਨਾਂ ਤੋਂ ਮੁਕਤ ਰਈ । ਤੁਰਕਾਂ ਦੇ ਰੋਜ਼-ਦਿਹਾੜੇ ਹੁੰਦੇ ਹਲਿਆਂ ਨੂੰ ਠੱਲ੍ਹ ਪਾ, ਜਦੋਂ ਮਿਸਲਾਂ ਨੇ ਅਪਣੀ ਵਖ-ਵਖ ਸਰਦਾਰੀ ਕੈਮ ਕਰ ਲਈ ਤਾਂ ਸਭ ਦੇ ਸਭ ਓਸੇ ਜਿੱਲਣ ਅੰਦਰ ਮੁੜ ਫਸ ਗਏ , ਜਿਥੋਂ ਤੁਹਾਂ ਉਨ੍ਹਾਂ ਨੂੰ ਆਪਣਾ ਸਾਰਾ ਕੁਸ਼ ਨਿਸਾਵਰ ਕਰ ਕੇ ਕੱਢਿਆ ਸੀ ।

ਪਰੰਤੂ ਇਹਦਾ ਮਤਲਬ ਇਹ ਨਈਂ ਕਿ ਤੁਹਾਂ ਦੀ ਬਖਸ਼ੀ ਦਾਤ ਤੋਂ ਅਹੀਂ ਬਿਲਕੁਲ ਅਵੇਸਲੇ ਹੋ ਕੇ ਗਏ ਆਂ -ਐਸਾ ਕਦਾਚਿਤ ਨਈਂ ਹੋ ਸਕਦਾ , ਨਾ ਹੋਵੇਗਾ ਈ। ਗੰਗਾ ਅਤੇ ਸਤਲੁਜ਼ ਤੇ ਵਿਹੜੇ ਵਸਦੇ ਲੋਕ ਆਦਿ ਸਮੇਂ ਤੋਂ ਈ ਬਹਾਦਰ ਅਤੇ ਨਿਡਰ ਅਨ ।ਹੁਣ ਤਾਂ ਸਗੋਂ ਬਖ਼ਸ਼ਾ ਸੂੰਹ ਦੀਆਂ ਦੱਸੀਆਂ ਸਾਂਝਾ ਭਾਈਚਾਰਾ ਉਸਾਰਨ ਦੀਆਂ ਵਿਧੀਆਂ ਨੇ ਸੋਨੇ ‘ਤੇ ਸੁਹਾਗੇ ਆਲੀ ਗੱਲ ਕੀਤੀ ਐ। ਹੁਣ ਤਾਂ ਵਿਚਾਰਾਂ ਦੇ ਤੇਜ਼ ਤਰਾਰ ਹਥਿਆਰ ਨਾਲ ਲੈਸ ਹੋ ਕੇ ਲੱਖਾਂ ਮਰਜੀਵੜੇ ਤਲਵਾਰਾਂ ਦੀ ਛਾਂ ਹੇਠ ਆਉਣ ਲਈ ਤਿਆਰ-ਬਰ-ਤਿਆਰ ਅਨ। ਇਹ ਵੀ ਤੁਹਾਡੇ ਆਂਗੂ ਮਾਇਆ ਦੇ ਸਨੇਹ ਤੋਂ ਮੁਕਤ ਹੋ ਕੇ ਆਪਣੇ ਸੁਖ ਦੂਜਿਆ ਖ਼ਾਤਰ ਕੁਰਬਾਨ ਕਰਨ ਲਈ ਤੱਤਪਰ ਅਨ ।

ਪਰ.......ਪਰ ਮਾਜਰਾ ਇਹ ਵੇ ਕਿ ਇਨ੍ਹਾਂ ਆਤਮ-ਬਲਦਾਨੀਆਂ ਦੇ ਸਾਹਸ ਨੂੰ ਵਰਤਣ ਆਲੇ ‘ਪੀਰਾਂ-ਫਕੀਰਾਂ’ ਤੋਂ ਅਜੇ ਤਾਈ ਸਿਰ ਜ਼ੋੜ ਕੇ ਬੈਠਣ ਨਈਂ ਹੋਇਆ ।ਅੱਧੀ ਸਦੀ ਦੀ ਘੋਖ-ਪੜਤਾਲ ਪਿਛੋਂ ਵੀ ਨਾਦਰ ਸ਼ਾਹਾਂ-ਵਜ਼ੀਰ ਖਾਨਾਂ ਦੀ ਪਛਾਣ ਨਈਂ ਹੋਈ । ‘ਅਮ੍ਰਿਤਧਾਰੀ’ ਸਿੱਖਾਂ ਨੂੰ ਸ਼ਹੀਦ ਕਰਨ ਆਲੇ ਜ਼ਕਰੀਆ ਖ਼ਾਨਾਂ-ਮੀਰ ਮਨੂਆਂ ਨਾਲੋਂ ਸਾਂਝ ਭਿਆਲੀ ਨਈਂ ਟੁੱਟੀ । ਸੱਥਾਂ ਢਾਰਿਆਂ ਨੂੰ ਜਾਣ ਆਲੀਆਂ ਪੈੜਾਂ , ਮਹਿਲਾਂ-ਮੱਠਾਂ ਦੀਆਂ ਵਲਗਣਾਂ ਅੰਦਰ ਗੁਆਚ ਗਈਆਂ । ਗੁਰਬਤ , ਗੁਲਾਮੀ , ਭੁਖ਼ਮਰੀ ਨੂੰ ਡੇਗਣ ਆਲੀਆਂ ਕਲਮਾਂ ਇਕ ਦੂਜੀ ਦੇ ਖੰਭ ਖੋਹਣ ਲਈ ਬੁਰੀ ਤਰ੍ਹਾਂ ਗੁਥਮ-ਗੁਥਾ ਹੋਇਆ ਪਈਆਂ । ਮਿਨ੍ਹਤੀਆਂ-ਮਜ਼ੂਰਾਂ ਦੇ ਬੰਦ-ਖ਼ਲਾਸ , ਚੌਧਰ ਦੀ ਮ੍ਰਿਗ-ਤ੍ਰਿਸ਼ਨਾ ਅੰਦਰ ਭਟਕਦੇ ਦੋ-ਚਾਰ-ਦਸ-ਵੀਹ ਮੰਜੀਆਂ ਡਾਕ ਕੇ ਬੈਠ ਗਏ । ਹੱਡ-ਭੰਨਵੀਂ ਮੁਸ਼ੱਕਤ ਕਰਨ ਆਲੀਆਂ ਵਹੀਰਾਂ ਦੀ ਅਗਵਾਈ ਕਰਦੇ ‘ਖਾਂਦੇ-ਪੀਦੇਂ ਮੁਕਤੀਦਾਤਿਆਂ’ ਨੇ ਮੁੜ ਅਪਣਾ ਅਸਲੀ ਕਿਰਦਾਰ ਦੱਸ ਦਿੱਤਾ ਐ । ਗੱਦਾਰੀ ਫਿਰ ਤੇਜਾ ਸੂੰਹ , ਗੁਲਾਬ ਸੂੰਹ , ਲਾਲ ਸੂੰਹ ਨੇ ਈ ਕੀਤੀ ਐ । ਅਟਾਰੀ ਆਲੇ ਸ਼ਾਮ ਸਿੰਘਾਂ ਨੇ ਤਾਂ ਕਦੀ ਭੁਲ ਕੇ ਵੀ ਰਣਤੱਤੇ ਨੂੰ ਪਿੱਠ ਨਈਂ ਦਿਖਾਈ । ਸੁਕ-ਬਰੂਰੇ ਛੋਲੇ ਖਾ ਕੇ ਜਮਰੌਦਾਂ ਫਤਿਹ ਕਰਨ ਆਲੇ ਖਾਲਸੇ , ‘ਇਕ ਸਰਕਾਰ’ ਤੋਂ ਵਾਝੇਂ ਹੋ ਕੇ ਮੁੜ ਤੀਰਥ-ਯਾਤਰਾਵਾਂ ‘ਤੇ ਨਿਕਲ ਗਏ ਅਨ । ਕਿਉਂਜੋਂ ਸਿਰਲੱਥ ਕਾਫਲਿਆਂ ਦੇ ਝੰਡਾ-ਬਰਦਾਰ ਹਾਲੀ ਤਕ ਵੀ ਅਪਣੀ ਧੁੰਦ ਘਿਰੇ ਹੋਏ ਅਨ ।

ਦੁਸ਼ਟ-ਦਮਨ ਜੀਓ , ਤੁਹਾਂ ਦੇ ਅਪਣਾਏ ਪੈਂਤੜੇ ਦਾ ਧਿਆਨ ਧਰ ਕੇ  , ਜ਼ਦ ਮੇਰੇ ਅੰਦਰ ਤੁਹਾਂ ਦੀ ਬਖਸ਼ੀ ਫਤਿਹ ਦਾ ਜੈਕਾਰਾ ਸਰਬਤ ਦੇ ਭਲੇ ਲਈ ਆਪ-ਮੁਹਾਰੇ ਗੂੰਜ ਉਠਦਾ ਐ, ਤਾਂ ਮਾਨਵ ਜਾਤੀ ਦੇ ਦੋਖੀਆਂ ਦਾ ਫਰੇਬੀ ਚਿਹਰਾ , ਮੇਰੀ ਅਲੜ੍ਹ ਜਿਹੀ ਸੂਝ ਉਤੇ ਸਾਫ-ਸਾਫ ਉੱਕਰਿਆ ਜਾਂਦਾ ਐ, ਜਿਸ ਕਰਕੇ ਮੇਰੀ ਮਛਕ ਦੇ ਮੂੰਹ ‘ਚੋਂ ਨਿਕਲਦੀ ਧਾਰ , ਚੌਧਰ ਲਈ ਸਹਿਕਦੇ-ਤੜਫਦੇ ਬੁਲ੍ਹਾਂ ਦੇ ਡਿਗਣੋਂ ਰੁਕ ਕੇ , ਅਪਣਾ-ਬਿਗਾਨਾ ਪਛਾਨਣ ਲੱਗ ਪੈਂਦੀ ਐ । ਮੇਰੀ ਮੱਛਕ ਦੀ ਇਸ ਕਰਤੂਤ ‘ਤੇ ਤੁਹੀਂ ਨਾਰਾਜ਼ ਤਾਂ ਜਰੂਰ ਹੋਵੋਗੇ , ਪਰ ਕੀਤਾ ਕੀ ਜਾਏ , ਇਹ ਇਦ੍ਹੀ ਮਜਬੂਰੀ ਵੀ ਐ ਤੇ ਸਮੇਂ ਦੀ ਲੋੜ ਵੀ ।

ਸੱਚਿਆ ਪਤਾਸ਼ਾਹ ਜੀਓ , ਮੈਂ ਆਪ ਦਾ ਬਹੁਤ ਸਾਰਾ ਟੈਮ ਹਰਜ ਕੀਤਾ ਐ । ਪਰ, ‘ਨੰਦਪੁਰ ਦੀ ਲੜਾਈ ਅੰਦਰ ਬੋਲੇ ਮਿੱਠੇ ਜਿਹੇ ਸੱਚ ਆਸਰੇ ਈ ਐਡਾ ਵੱਡਾ ਕੂਟ-ਕੱਪੜ-ਝੂਠ ਦੱਸਣ ਦੀ ਹਿੰਮਤ ਕੀਤੀ ਐ । ਕੋਈ ਗਲਤੀ ਹੋ ਗਈ ਹੋਵੇ ਤਾਂ ਅਣਜਾਣ ਸਮਝ ਕੇ ਮਾਫ਼ ਕਰਨਾ ਅਤੇ ਅਗਾਂਹ ਤੋਂ ਵੀ ਸੱਚ ਸੱਚ ਬੋਲਦੇ ਰਹਿਣ ਦੀ ਹਿੰਮਤ ਬਖਸ਼ਣਾ ਜੀ ।

ਮੈਂ ਹਾਂ ਆਪ ਦਾ ਜੀ ਦਾ ਸੇਵਕ,
ਘਨਈਆ ( ਭਾਈ )

ਲਾਲ ਸਿੰਘ ਦਸੂਹਾ,
ਨੇੜੇ.ਐਸ.ਡੀ.ਐਮ ਕੋਰਟ,
ਜੀ.ਟੀ.ਰੋਡ,ਦਸੂਹਾ(ਹੋਸ਼ਿਆਰਪੁਰ)
ਫੋਨ ਨੰ :09465574866


14/07/2012


   

ਧੁੰਦ
ਲਾਲ ਸਿੰਘ ਦਸੂਹਾ

ਉੱਚੇ ਰੁੱਖਾਂ ਦੀ ਛਾਂ (ਅਤੇ ਪੌੜੀ)
ਲਾਲ ਸਿੰਘ ਦਸੂਹਾ

ਕਿਹਨੂੰ, ਕਿਹਨੂੰ ਭੁੱਲਾਂ?
ਅਨਮੋਲ ਕੌਰ

ਸਭੇ ਸਾਝੀਵਾਲ ਸਦਾਇਨਿ
ਅਨਮੋਲ ਕੌਰ

ਝੋਲੇ ਵਾਲਾ ਰਾਜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

ਬੈਕ ਰੂਮ
ਡਾਕਟਰ ਸਾਥੀ ਲੁਧਿਆਣਵੀ

ਇੱਕ ਮੇਰਾ ਇੱਕ ਤੇਰਾ ਸੱਜਣਾ,
ਇੱਕ ਮੇਰਾ ’ਤੇ ਤੇਰਾ

ਰਵਿੰਦਰ ਸਿੰਘ ਕੁੰਦਰਾ, ਕਵੈਂਟਰੀ ਯੂ ਕੇ

ਮੇਰੀਆਂ ਨੰਨ੍ਹੀਆਂ ਕਹਾਣੀਆਂ
ਲਾਲ ਸਿੰਘ ਦਸੂਹਾ

ਸੂਰਮਾ ਸਪੁੱਤਰ (+ ਸਫਲਤਾ)
ਅਨਮੋਲ ਕੌਰ

ਬੇਨਾਮ ਰਿਸ਼ਤਾ
ਨਿਸ਼ਾਨ ਸਿੰਘ ਰਾਠੌਰ

“ ਫਿਕਰ “
ਲਾਲ ਸਿੰਘ ਦਸੂਹਾ

ਬਿਜੜਿਆਂ ਦੇ ਆਲ੍ਹਣੇ
ਰਵੀ ਸਚਦੇਵਾ, ਮੈਲਬੋਰਨ (ਆਸਟ੍ਰੇਲੀਆ)

ਇਹ ਕਿਦਾਂ ਹੋ ਗਿਆ
ਅਨਮੋਲ ਕੌਰ

ਭੱਠਾ ਮਜ਼ਦੂਰ, ਲੀਲੋ
ਪਰਸ਼ੋਤਮ ਲਾਲ ਸਰੋਏ

ਬਨਾਉਟੀ ਰਿਸ਼ਤਾ
ਅਨਮੋਲ ਕੌਰ

ਧੁੱਪ-ਛਾਂ
ਲਾਲ ਸਿੰਘ ਦਸੂਹਾ

ਮੇਰੀਆਂ ਕਹਾਣੀਆਂ ਦੇ ਪਾਤਰ
ਲਾਲ ਸਿੰਘ ਦਸੂਹਾ

ਤੂੰ ਨਹੀਂ ਸਮਝ ਸਕਦੀ
ਭਿੰਦਰ ਜਲਾਲਾਬਾਦੀ

ਡੂੰਘਾ ਪਾਣੀ
ਰੂਪ ਢਿੱਲੋਂ

ਵੱਖਰੇ ਹੰਝੂ
ਅਨਮੋਲ ਕੌਰ

ਅੰਨ੍ਹਾ ਬੋਲਾ ਰੱਬ
ਭਿੰਦਰ ਜਲਾਲਾਬਾਦੀ

ਗ਼ਦਰ
ਲਾਲ ਸਿੰਘ ਦਸੂਹਾ

ਕੋਈ ਤਾਂ ਸੁਣਾਓ ਬਾਪੂ ਸਰਬਨ ਸਿਉਂ ਵਾਲੀ ਕਹਾਣੀ
ਗੁਰਪ੍ਰੀਤ ਸਿੰਘ ਫੂਲੇਵਾਲਾ,  ਮੋਗਾ

ਖੰਭਾਂ ਦੀਆਂ ਉਡਾਰਾਂ
ਭਵਨਦੀਪ ਸਿੰਘ ਪੁਰਬਾ

ਕੱਫ਼ਣ ਦੀ ਉਡੀਕ ਵਿਚ
ਭਿੰਦਰ ਜਲਾਲਾਬਾਦੀ

ਝੱਖੜ ਝੰਬੇ ਰੁੱਖ
ਭਿੰਦਰ ਜਲਾਲਾਬਾਦੀ

ਭਰਿੰਡ
ਰੂਪ ਢਿੱਲੋਂ

ਚੋਰੀ ਦਾ ਨਤੀਜਾ
ਰੂਪ ਢਿੱਲੋਂ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਬੇਹੋਸ਼
ਅਨਮੋਲ ਕੌਰ

ਹੀਣਭਾਵਨਾ
ਅਨਮੋਲ ਕੌਰ

ਮਤਲਬੀ
ਅਨਮੋਲ ਕੌਰ

ਧੀ
ਸੰਜੀਵ ਸ਼ਰਮਾ,  ਫਿਰੋਜ਼ਪੁਰ (ਪੰਜਾਬ)

 ਉਸੇ ਰਾਹ ਵੱਲ
ਅਨਮੋਲ ਕੌਰ

ਚੋਰ ਉਚਕਾ ਚੌਧਰੀ…
ਅਨਮੋਲ ਕੌਰ

ਦੁਨੀਆਂ ਮਤਲਬ ਦੀ
ਸ਼ਿਵਚਰਨ ਜੱਗੀ ਕੁੱਸਾ

 ਲੈਲਾ
ਮੁਨਸ਼ੀ ਪ੍ਰੇਮ ਚੰਦ
(
ਅਨੁਵਾਦਕ:- ਹਰਦੇਵ ਸਿੰਘ ਗਰੇਵਾਲ
)

 ਲੋਹੇ ਦਾ ਘੋੜਾ
ਯਾਦਵਿੰਦਰ ਸਿੰਘ ਸਤਕੋਹਾ

 ਗਵਾਹ
ਅਨਮੋਲ ਕੌਰ

ਆਪਣੇ ਪਰਾਏ
ਸੁਰਿੰਦਰ ਪਾਲ

ਤੇ ਸਿਵਾ ਬੁਝ ਗਿਆ ਸੀ
ਸ਼ਿਵਚਰਨ ਜੱਗੀ ਕੁੱਸਾ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਕਿਉਂ ਚਲੀ ਗਈ?
ਅਨਮੋਲ ਕੌਰ

ਖਲਨਾਇਕ
ਵਰਿੰਦਰ ਆਜ਼ਾਦ

ਲਾਸ਼
ਰੂਪ ਢਿੱਲੋਂ ਅਤੇ ਤੂਰ ਪਰਿਵਾਰ,  ਦੁਗਰੀ

ਮੱਠੀਆਂ
ਰਵਿੰਦਰ ਸਿੰਘ ਕੁੰਦਰਾਕਵੈਂਟਰੀ ਯੂ. ਕੇ.

ਕਲਦਾਰ
 ਰੂਪ ਢਿੱਲੋਂ

ਸਵਰਗ-ਨਰਕ
ਸੁਰਿੰਦਰਪਾਲ ਨੰਗਲਸ਼ਾਮਾ

ਅਰਥ
(ਨੱਨ੍ਹੀ ਕਹਾਣੀ)
ਭਿੰਦਰ ਜਲਾਲਾਬਾਦੀ

ਖੁਦਗਰਜ਼ ਲੋਕ
ਅਨਮੋਲ ਕੌਰ

ਤਲਾਕ
ਵਰਿੰਦਰ ਆਜ਼ਾਦ

ਘੱਲੂਘਾਰਾ
(6 ਜੂਨ ‘ਤੇ ਵਿਸ਼ੇਸ਼)
ਭਿੰਦਰ ਜਲਾਲਾਬਾਦੀ

ਵਿਕਾਸ
ਰੂਪ ਢਿੱਲੋਂ

ਅਸਿਹ ਸਦਮਾ
ਅਨਮੋਲ ਕੌਰ

ਸੀਰੀ
ਭਿੰਦਰ ਜਲਾਲਾਬਾਦੀ

ਉੱਡਦੇ ਪਰਿੰਦੇ
ਰਵੀ ਸਚਦੇਵਾ,  ਸਚਦੇਵਾ ਮੈਡੀਕੋਜ਼,  ਮਲੋਟ ਰੋਡ ਚੌਕ,  ਮੁਕਤਸਰਪੰਜਾਬ

ਆਖ਼ਰੀ ਦਾਅ
ਭਿੰਦਰ ਜਲਾਲਾਬਾਦੀ

ਬਦਲਦੇ ਦੇ ਰਿਸ਼ਤੇ
ਵਰਿੰਦਰ ਅਜ਼ਾਦ

ਬਿਰਧ ਆਸ਼ਰਮ
ਭਿੰਦਰ ਜਲਾਲਾਬਾਦੀ

ਦਿਲ ਵਿਚ ਬਲਦੇ ਸਿਵੇ ਦਾ ਸੱਚ
ਭਿੰਦਰ ਜਲਾਲਾਬਾਦੀ

ਪ੍ਰਿਥਮ ਭਗੌਤੀ ਸਿਮਰ ਕੈ
ਬਲਰਾਜ ਸਿੰਘ ਸਿਂਧੂ,  ਯੂ. ਕੇ.

ਰਿਮ ਝਿਮ ਪਰਬਤ
ਵਰਿਆਮ ਸਿੰਘ ਸੰਧੂ

ਮੁਲਾਕਾਤਢਾਬੇ ਵਾਲੇ ਨਾਲ
ਰੂਪ
ਢਿੱਲੋਂ

ਬਰਾਬਰਤਾ
ਅਨਮੋਲ ਕੌਰ

ਲਕੀਰਾਂ
ਗੁਰਪਰੀਤ ਸਿੰਘ ਫੂਲੇਵਾਲਾ
(ਮੋਗਾ)

ਸਪੀਡ
ਰੂਪ
ਢਿੱਲੋਂ

ਦੇਵ ਪੁਰਸ਼…!
ਨਿਸ਼ਾਨ ਸਿੰਘ ਰਾਠੌਰ

ਜਿਉਂਦੇ ਜੀ ਨਰਕ
ਵਰਿੰਦਰ ਆਜ਼ਾਦ

ਬੁੱਢੇ ਦਰਿਆ ਦੀ ਜੂਹ
ਸ਼ਿਵਚਰਨ ਜੱਗੀ ਕੁੱਸ

ਰਿਸ਼ਤਿਆਂ ਦਾ ਕਤਲ
ਡਾ. ਹਰੀਸ਼ ਮਲਹੋਤਰਾ ਬ੍ਰਮਿੰਘਮ
(ਅੱਖਰ ਅੱਖਰ ਸੱਚ,  ਸੱਚੀਆਂ ਕਹਾਣੀਆਂ)

ਬਗ਼ਾਵਤ
ਭਿੰਦਰ ਜਲਾਲਾਬਾਦੀ

ਆਪੇ ਮੇਲਿ ਮਿਲਾਈ
ਅਨਮੋਲ ਕੌਰ

ਜਾਨਵਰ
ਨਿਸ਼ਾਨ ਸਿੰਘ ਰਾਠੌਰ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2012,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012,  5abi.com