darya1.jpg (3265 bytes)
5abi.com

kala-kalakar-tit1.jpg (11012 bytes)

ਸੰਪਰਕ
kala@5abi.com

gargi-bhapaji_100.jpg (2878 bytes)ਸਵੈ ਰੇਖਾ ਚਿੱਤਰ
ਬਲਵੰਤ ਗਾਰਗੀ ਦੀ ਕਹਾਣੀ ਉਸ ਦੀ ਆਪਣੀ ਜ਼ਬਾਨੀ

ਮੈਂ ਗਾਰਗੀ ਨੂੰ ਬਹੁਤ ਨੇੜਿਓਂ ਜਾਣਦਾ ਹਾਂ। ਉਸ ਦੀਆਂ ਲਿਖਤਾਂ, ਉਸ ਦੇ ਝੂਠੇ ਵਾਅਦਿਆਂ ਤੇ ਉਸ ਦੀਆਂ ਕਮਜ਼ੋਰੀਆਂ ਨੂੰ ਖੁਰਦਬੀਨ ਨਾਲ ਤੱਕਿਆ ਹੈ।

ਉਹ ਬਹੁਤ ਸਾਰੇ ਭੁਲੇਖਿਆਂ ਦਾ ਮਰਕਜ਼ ਹੈ। ਉਸ ਦੇ ਨਾਂ ਨੂੰ ਹੀ ਲਓ: ਗਾਰਗੀ ! ਕਿਤਨਾ ਬੋਗਸ ਨਾਂ ਹੈ ! ਕਿਸੇ ਕੁੜੀ ਦੀ ਨਕਲ ਜਾਪਦਾ ਹੈ।

ਉਹ ਧੋਖਾ ਦੇਣ ਦੇ ਖਿਲਾਫ ਹੈ, ਪਰ ਖ਼ੁਦ ਬੜੀ ਆਸਾਨੀ ਨਾਲ ਧੋਖਾ ਖਾ ਜਾਂਦਾ ਹੈ। ਉਹ ਸਿਗਰਟ ਦਾ ਸ਼ੌਕੀਨ ਨਹੀਂ ਪਰ ਜੇ ਦੂਜਾ ਪੀ ਰਿਹਾ ਹੋਵੇ (ਖਾਸ ਤੌਰ 'ਤੇ ਕੋਈ ਕੁੜੀ) ਤਾਂ ਉਹ ਪਸੰਦ ਕਰਦਾ ਹੈ।

balwant-gargi_114.jpg (5665 bytes)ਉਸ ਦੀਆਂ ਲਿਖਤਾਂ ਵਿੱਚ ਪੇਂਡੂ ਵਾਤਾਵਰਣ ਹੈ। ਚੂਹੜਿਆਂ, ਲੁਹਾਰਾਂ ਤੇ ਜੱਟਾਂ ਦੇ ਮੁੜ੍ਹਕੇ ਦੀ ਬੋ ਹੈ। ਪਰ ਉਸ ਨੂੰ ਮਿਲੋ ਤਾਂ ਉਹ ਪੂਰਾ ਬੁਰਜ਼ੁਵਾ ਹੈ। ਉਸ ਦਾ ਕੋਟ ਲੰਡਨ ਦਾ ਹੈ, ਕਮੀਜ਼ ਪੈਰਿਸ ਦੀ, ਜੁੱਤਾ ਡੈਨਮਾਰਕ ਦਾ ਤੇ ਨਕਟਾਈ ਰੋਮ ਦੀ। ਬਿਲਕੁਲ ਵਿਦੇਸ਼ੀ ਸਾਹਿਬ, ਜਿਸ ਦਾ ਪਿੰਡ ਦੇ ਲੋਕਾਂ ਨਾਲ ਦੂਰ ਦਾ ਵੀ ਸਬੰਧ ਨਹੀਂ।

ਕਰਜ਼ਨ ਰੋਡ ਦੀ ਇਕ ਕੋਠੀ ਦੀ ਗੁੱਠ ਵਿੱਚ ਉਸ ਦਾ ਘਰ ਹੈ, ਜਿਸ ਦੇ ਪਿੱਛੇ ਧੋਬੀਆਂ, ਖਾਨਸਾਮਿਆਂ ਤੇ ਨਾਈਆਂ ਦੀਆਂ ਖੋਲੀਆਂ ਹਨ, ਜਿਨ੍ਹਾਂ ਵਿੱਚ ਉਸ ਦੇ ਘਰ ਦਾ ਪੀਲਾ ਦਰਵਾਜ਼ਾ ਚਮਕਦਾ ਹੈ। ਅੰਦਰ ਜਾਓ ਤਾਂ ਸਾਹਮਣੇ ਹੀ ਫੁੱਲਾਂ ਨਾਲ ਸ਼ਿੰਗਾਰਿਆ ਇਕ ਖੂਬਸੂਰਤ ਕਮਰਾ ਹੈ। ਫਰਾਂਸੀਸੀ ਸਟਾਈਲ ਦਾ ਬੂਹਾ ਤੇ ਰੰਗਦਾਰ ਪਰਦਿਆਂ ਵਾਲੇ ਸ਼ੀਸ਼ੇ ਹਨ। ਇਹ ਕਮਰਾ ਉਸ ਦੇ ਨੌਕਰ ਦਾ ਹੈ। ਉਸ ਦਾ ਆਪਣਾ ਕਮਰਾ ਇਸ ਨਾਲੋਂ ਬਹੁਤ ਘਟੀਆ ਹੈ।

ਉਸ ਦੇ ਘਰ ਵਿੱਚ ਸਭ ਤੋਂ ਸੁਥਰੀ ਥਾਂ ਉਸ ਦੇ ਕੰਮ ਕਰਨ ਵਾਲੀ ਮੇਜ਼ ਨਹੀਂ, ਉਸ ਦੀ ਰਸੋਈ ਹੈ। ਇਥੇ ਬਾਰਾਂ ਸੌ ਰੁਪਏ ਦਾ ਬਿਜਲੀ ਦਾ ਚੁਲ੍ਹਾ ਹੈ ਪਰ ਕਈ ਵਾਰ ਉਸ ਕੋਲ ਬਿਜਲੀ ਦਾ ਬਿਲ ਦੇਣ ਜੋਗੇ ਪੈਸੇ ਨਹੀਂ ਹੁ�ਦੇ। ਜਿਨ੍ਹੀਂ ਦਿਨੀਂ ਉਸ ਕੋਲ ਨਵੇਂ ਮਾਡਲ ਦੀ ਵੱਡੀ ਮੋਟਰਕਾਰ ਸੀ, ਅਕਸਰ ਪੈਟਰੋਲ ਲਈ ਪੈਸੇ ਥੁੜ੍ਹੇ ਰਹਿੰਦੇ ਸਨ।

ਉਹ ਚੰਗੀ ਚਾਹ ਤੇ ਗੱਲਬਾਤ ਦਾ ਸ਼ੌਕੀਨ ਹੈ। ਉਹਦੇ ਘਰ ਹਰ ਵੇਲੇ ਚੁਲ੍ਹੇ ਉਤੇ ਚਾਹ ਦੀ ਕੇਤਲੀ ਉਬਲਦੀ ਰਹਿੰਦੀ ਹੈ। ਲੋਕ ਆਉਂਦੇ ਹਨ, ਚਾਹ ਪੀਂਦੇ ਹਨ ਤੇ ਨਾਟਕਾਂ, ਚਿੱਤਰਕਲਾ, ਫਿਲਮ ਤੇ ਰਾਜਸੀ ਅੰਦੋਲਨਾਂ ਉਤੇ ਬਹਿਸ ਕਰਦੇ ਹਨ ਤੇ ਚਲੇ ਜਾਂਦੇ ਹਨ। ਆਦਮੀ ਹੈਰਾਨ ਹੁ�ਦਾ ਹੈ ਕਿ ਇਹ ਲਿਖਦਾ ਕਿਸ ਵੇਲੇ ਹੋਵੇਗਾ।

ਗਾਰਗੀ ਪਹਿਲਾ ਪੰਜਾਬੀ ਲੇਖਕ ਹੈ, ਜਿਸ ਉਤੇ ਸੋਹਣੀਆਂ ਕੁੜੀਆਂ ਨੇ ਇਤਬਾਰ ਕੀਤਾ। ਆਮ ਤੌਰ 'ਤੇ ਪੰਜਾਬੀ ਲੇਖਕ ਤੇ ਸੋਹਣੀ ਕੁੜੀ ਦਾ ਘੱਟ ਹੀ ਮੇਲ ਹੁੰਦਾ ਹੈ। ਪ੍ਰੋਫੈਸਰ ਪ੍ਰੀਤਮ ਸਿੰਘ ਦੀ ਪਾਰਸਾਈ ਤੋਂ, ਸਤਿਆਰਥੀ ਦੀ ਦਾੜ੍ਹੀ ਤੋਂ, ਤੇ ਸੇਖੋਂ ਦੇ ਖਿਜ਼ਾਬ ਤੋਂ ਡਰ ਲਗਦਾ ਹੈ। ਪਰ ਗਾਰਗੀ ਕੋਲ ਨਾ ਦਾੜ੍ਹੀ ਹੈ, ਨਾ ਖਿਜ਼ਾਬ ਤੇ ਨਾ ਪਾਰਸਾਈ ! ਉਹ ਜੁੱਤਾ ਗੰਢਾਉਣ ਗਿਆ ਹੁੰਦਾ ਹੈ ਤੇ ਪਿੱਛੇ ਉਸ ਦੀ ਰਸੋਈ ਵਿੱਚ ਕੁੜੀਆਂ ਚਾਹ ਬਣਾ ਕੇ ਪੀ ਜਾਂਦੀਆਂ ਹਨ। ਹਰ ਕੁੜੀ ਆਪਣੇ ਹਲਕੇ ਦੀ ਦੂਜੀ ਸੋਹਣੀ ਕੁੜੀ ਵੱਲ ਇਸ਼ਾਰਾ ਕਰ ਕੇ ਆਖਦੀ ਹੈ, ''ਤੂੰ ਇਸ ਨਾਲ ਵਿਆਹ ਕਿਉਂ ਨਹੀਂ ਕਰ ਲੈਂਦਾ?''

ਇਸ ਤਰ੍ਹਾਂ ਸਾਰੀਆਂ ਸੋਹਣੀਆਂ ਕੁੜੀਆਂ ਇਕ ਇਕ ਕਰ ਕੇ ਵਿਆਹੀਆਂ ਜਾ ਰਹੀਆਂ ਹਨ।
ਜੇ ਉਸ ਨੂੰ ਪੁੱਛੋ, ''ਤੂੰ ਵਿਆਹ ਕਿਉਂ ਨਹੀਂ ਕਰਵਾਉਂਦਾ?''

ਉਹ ਆਖਦਾ ਹੈ, ''ਮੇਰੇ ਨਾਲ ਘਟਨਾਵਾਂ ਨਹੀਂ, ਹਾਦਸੇ ਹੁੰਦੇ ਹਨ !'' ਜਿਨ੍ਹਾਂ ਕੁੜੀਆਂ ਨੂੰ ਉਸ ਪਿਆਰ ਕੀਤਾ ਜਾਂ ਤੇ ਉਹ ਵਿਆਹੀਆਂ ਹੋਈਆਂ ਸਨ ਜਾਂ ਵਿਆਹੀਆਂ ਜਾਣ ਵਾਲੀਆਂ। ਉਸ ਦੀ ਮਨਸ਼ਾ ਵਿੱਚ ਅਪਹੁੰਚ ਦੀ ਖੋਜ ਸੀ ਤੇ ਅਜਿਹੀ ਅਪਹੁ�ਚ ਟੀਸੀ ਲਈ ਪ੍ਰੇਮ ਦਾ ਅੰਤ ਦੁਖਾਂਤ ਹੀ ਹੋ ਸਕਦਾ ਸੀ। ਉਸ ਦਾ ਪਹਿਲਾ ਨਾਟਕ 'ਕੁਆਰੀ ਟੀਸੀ' (1943) ਉਸ ਦੇ ਆਪਣੇ ਅਚੇਤ ਮਨ ਦਾ ਸੱਚਾ ਪ੍ਰਗਟਾਵਾ ਸੀ।

karanjit-bhapaji-gargi_200.jpg (11433 bytes)ਉਸ ਨੂੰ ਕਦੇ ਗੁੱਸਾ ਨਹੀਂ ਆਉਂਦਾ। ਬਰਤਨ ਟੁੱਟ ਜਾਣ, ਘਰ ਵਿੱਚ ਚੋਰੀ ਹੋ ਜਾਵੇ, ਉਸ ਦੀ ਪ੍ਰੇਮਿਕਾ ਧੋਖਾ ਦੇ ਜਾਏ-ਉਸ ਨੂੰ ਗੁੱਸਾ ਨਹੀਂ ਚੜ੍ਹਦਾ। ਜਿਵੇਂ ਕਿਤੇ ਉਸ ਦੇ ਵਜੂਦ ਅੰਦਰ ਬਰਫ ਦੀ ਸਿੱਲੀ ਰੱਖੀ ਹੁੰਦੀ ਹੈ ਤੇ ਜੋ ਉਸ ਦੇ ਗੁੱਸੇ ਦੇ ਤਾਪਮਾਨ ਨੂੰ ਰੋਕੀ ਰੱਖਦੀ ਹੈ। ਉਸ ਨੂੰ ਕੋਈ ਗੱਲ ਆਖੋ ਉਹ ਮੰਨ ਜਾਵੇਗਾ। ''ਅੱਜ ਇੰਡੀਆ ਗੇਟ ਨਹੀਂ, ਲੋਧੀ ਦੇ ਮਕਬਰੇ ਚਲਾਂਗੇ।'' ਉਹ ਆਖੇਗਾ, ''ਅੱਛਾ!''

ਉਸ ਦਾ ਬਾਵਰਚੀ ਕਹੇਗਾ, ''ਸਾਹਬ ਕਰੇਲੇ ਬਾਜ਼ਾਰ ਵਿੱਚ ਨਹੀਂ ਮਿਲਦੇ! ਅੱਜ ਕੱਦੂ ਬਣੇਗਾ।''

ਗਾਰਗੀ ਨੂੰ ਕੱਦੂ ਤੋਂ ਸਖਤ ਨਫਰਤ ਹੈ। ਪਰ ਉਹ ਮੁਸਕਰਾਏਗਾ, ''ਅੱਛਾ, ਅੱਜ ਕੱਦੂ ਬਣਾ ਲੈ।'' ਉਸ ਸ਼ਾਮ ਉਹ ਰੋਟੀ ਬਾਹਰ ਹੋਟਲ ਵਿੱਚ ਖਾ ਆਵੇਗਾ।

ਕੋਈ ਕੁੜੀ ਉਸ ਨੂੰ ਆਖੇਗੀ, ''ਤੇਰਾ ਘਰ ਤਾਂ ਨੂਰਮਹਿਲ ਦੀ ਸਰਾਂ ਏਂ। ਏਥੇ ਕੋਈ ਪਿਆਰ ਦੀ ਗੱਲ ਕਿਵੇਂ ਕਰ ਸਕਦੈ? ਹਰ ਵੇਲੇ ਕੋਈ ਨਾ ਕੋਈ ਲੀਡਰ ਜਾਂ ਲੇਖਕ ਉਤਰਿਆ ਰਹਿ�ਦਾ ਹੈ।''

ਗਾਰਗੀ ਉਤਰ ਦੇਵੇਗਾ, ''ਤੂੰ ਠੀਕ ਆਖਦੀ ਏਂ। ਇਥੇ ਪਿਆਰ ਦੀ ਗੱਲ ਕਿਵੇਂ ਹੋ ਸਕਦੀ ਹੈ?''

ਧੋਬੀ ਸ਼ਿਕਾਇਤ ਕਰੇਗਾ, ''ਬਾਊ ਜੀ, ਤੁਹਾਡੀ ਕਮੀਜ਼ ਦਾ ਕਾਲਰ ਬੋਦਾ ਸੀ। ਕਲਫ ਲਾਉਣ ਨਾਲ ਫਟ ਗਿਆ।''

ਗਾਰਗੀ ਜਿਸ ਨੇ ਹੁਣੇ ਛੇ ਨਵੀਆਂ ਕਮੀਜ਼ਾਂ ਸਿਲਵਾਈਆਂ ਹੁ�ਦੀਆਂ ਹਨ, ਧੋਬੀ ਨੂੰ ਡਾਂਟਣ ਦੀ ਥਾਂ ਹਾਰ ਮੰਨ ਲਏਗਾ।

ਗਰਮੀਆਂ ਦੀ ਦੁਪਹਿਰ ਜਦ ਉਹ ਸੁੱਤਾ ਹੋਵੇ, ਤੁਸੀਂ ਆ ਧਮਕਦੇ ਹੋ ਤੇ ਉਹਨੂੰ ਝੰਜੋੜ ਕੇ ਜਗਾਉਂਦੇ ਹੋ ਤੇ ਆਖਦੇ ਹੋ, ''ਬੜੀ ਵਧੀਆ ਫਿਲਮ ਲੱਗੀ ਐ- ਦੋ ਲੱਛੀਆਂ। ਉੱਠ। ਤੂੰ ਬੋਲਦਾ ਕਿਉਂ ਨਹੀਂ? ਰਾਤ ਨੂੰ ਚਿਰਕਾ ਸੁੱਤਾ ਸੀ? ਚੰਗਾ ਚੰਗਾ, ਸੌਂ ਜਾ! ਮੈਂ ਚਲਦਾਂ। ਮੇਰੇ ਜਗਾਉਣ ਤੇ ਨਾਰਾਜ਼ ਤਾਂ ਨਹੀਂ?''

ਉਹ ਆਖੇਗਾ,''ਨਹੀਂ।''

ਤੁਸੀਂ ਸੋਚਦੇ ਹੋ, ਇਹ ਕਿਹੋ ਜਿਹਾ ਆਦਮੀ ਹੈ? ਇਸ ਨੂੰ ਕਿਸੇ ਗੱਲ 'ਤੇ ਰਾਜ਼ੀ ਕਰ ਲਓ। ਜਿਧਰ ਮਰਜ਼ੀ ਆਵੇ, ਮੋੜ ਲਓ। ਲਚ-ਲਚਾ ਜਿਹਾ, ਜਿਵੇਂ ਸੱਪ ਦੀ ਕੈਂਚੁਲੀ ਹੁੰਦੀ ਹੈ। ਜਿਵੇਂ ਜਪਾਨੀ ਸਿਲਕ ਦਾ ਮਫਲਰ ਹੁੰਦਾ ਹੈ। ਇਸ ਦੀ ਰੀੜ੍ਹ ਦੀ ਹੱਡੀ ਗਾਇਬ ਹੈ। ਕਿਸੇ ਗੱਲ ਉਤੇ ਨਹੀਂ ਅੜਦਾ। ਕਿਸੇ ਗੱਲ ਉਤੇ ਇਸ ਦੀਆਂ ਅੱਖਾਂ ਨਹੀਂ ਭਖਦੀਆਂ। ਕਿਹੋ ਜਿਹਾ ਆਦਮੀ ਹੈ ਇਹ!

ਪਰ ਤੁਸੀਂ ਕਿਸੇ ਦਿਨ ਉਸ ਨੂੰ ਇਹ ਆਖੋ, ''ਯਾਰ ਅੱਜ ਘਟੀਆ ਚਾਹ ਪੀ ਲੈ।'' ਤਾਂ ਉਹ ਚਮਕ ਕੇ ਆਖੇਗਾ, ''ਉੱਕਾ ਨਹੀਂ।''
ਤੁਸੀਂ ਜ਼ਰਾ ਇਹ ਆਖ ਕੇ ਵੇਖੋ, ''ਚੈਖੋਫ ਦੇ ਨਾਟਕ ਬੜੇ ਸੁਸਤ ਹਨ। ਮੈਨੂੰ ਪਸ�ਦ ਨਹੀਂ।'' ਤਾਂ ਉਹ ਸ਼ਾਇਦ ਤੁਹਾਨੂੰ ਆਖ ਦੇਵੇ, ''ਨਿਕਲ ਜਾਓ ਮੇਰੇ ਘਰ 'ਚੋਂ।''

ਯੂਰਪ ਜਾ ਕੇ ਬਹੁਤੇ ਲੋਕ ਸਾਹਿਬ ਬਣ ਜਾਂਦੇ ਹਨ। ਗਾਰਗੀ ਯੂਰਪ ਦੀ ਯਾਤਰਾ ਪਿੱਛੋਂ ਬਹੁਤਾ ਪੰਜਾਬੀ ਬਣ ਗਿਆ ਹੈ। ਉਸ ਨੇ ਬਹੁਤ ਸਾਰੀਆਂ ਪੰਜਾਬੀ ਗੱਲਾਂ ਬਾਹਰ ਜਾ ਕੇ ਸਿੱਖੀਆਂ। ਪ੍ਰਾਚੀਨ ਸੰਸਕ੍ਰਿਤ ਨਾਟਕ ਰੂਸ ਦੇ ਰੰਗਮੰਚ ਉਤੇ ਦੇਖੇ। ਭਰਤ ਮੁਨੀ ਦਾ ਨਟ-ਸ਼ਾਸਤ੍ਰ ਲੰਡਨ ਬੈਠ ਕੇ ਪੜ੍ਹਿਆ। ਪੰਜਾਬੀ ਪਿੰਡਾਂ ਦੇ ਲੋਕ-ਪਹਿਰਾਵਿਆਂ ਤੇ ਰੰਗਾਂ ਨੂੰ ਪੈਰਿਸ ਦੇ ਨਵੇਂ ਫੈਸ਼ਨ ਦੇਖ ਕੇ ਸਰਾਹਿਆ।

ਉਹ ਕਲਾਸਿਕੀ ਸੰਗੀਤ ਦਾ ਆਸ਼ਕ ਹੈ। ਨਵੇਂ ਕਲਾ- ਭਵਨਾਂ, ਅਜੰਤਾ, ਐਲੋਰਾ ਦੀਆਂ ਮੂਰਤੀਆਂ ਤੇ ਸਮਕਾਲੀ ਲਲਿਤ ਕਲਾਵਾਂ ਤੋਂ ਚੰਗੀ ਤਰ੍ਹਾਂ ਜਾਣਾ ਹੈ। ਅਕਸਰ ਉਸ ਦੇ ਘਰ ਪੰਜਾਬ ਦੇ ਪਿੰਡਾਂ ਦੇ ਕਵੀ, ਪੈਰਿਸ ਦੇ ਚਿੱਤਰਕਾਰ, ਦੱਖਣੀ ਭਾਰਤ ਦੀਆਂ ਨਰਤਕੀਆਂ, ਬੰਗਾਲ ਦੇ ਪ੍ਰਸਿੱਧ ਐਕਟਰ ਅਤੇ ਉਰਦੂ ਦੇ ਸਾਹਿਤਕਾਰ ਆਏ ਰਹਿ�ਦੇ ਹਨ।

ਉਸ ਦਾ ਪਹਿਲਾ ਇਸ਼ਕ ਸੰਗੀਤ ਸੀ। ਪਰ ਉਸ ਦੀ ਮਾਂ ਤਬਲੇ ਵਾਜੇ ਦੇ ਖਿਲਾਫ ਸੀ। ਉਹ ਕੰਧ ਟੱਪ ਕੇ ਮਰਾਸੀਆਂ ਦੇ ਘਰ ਜਾ ਵੜਦਾ, ਜਿਥੇ 'ਨੂਰਾਂ' ਤੇ 'ਸੱਦੀ' ਮਰਾਸਣ ਢੋਲਕੀ ਉਤੇ ਗਾ ਰਹੀਆਂ ਹੁੰਦੀਆਂ। ਉਸ ਦੇ ਕਥਨ ਅਨੁਸਾਰ ਨੂਰਾਂ ਦੀ ਆਵਾਜ਼ ਇਉਂ ਸੀ ਜਿਵੇਂ ਤੇਲ ਵਿੱਚ ਰਸੀ ਹੋਈ ਬੰਸਰੀ। ਉਸ ਦੀ ਮਾਂ ਉਸ ਨੂੰ ਜ਼ਬਰਦਸਤੀ ਧੂਹ ਕੇ ਲੈ ਜਾਂਦੀ। ਘਰ ਵਿੱਚ ਇਕ ਜ�ਗ ਜਾਰੀ ਰਹੀ: ਸੰਗੀਤ ਤੇ ਗਾਲ੍ਹਾਂ ਮੁੱਕੇ। ਉਸ ਨੂੰ ਸਾਹਿਤ ਨਾਲ ਕੋਈ ਲਗਾਓ ਨਹੀਂ ਸੀ। ਸੋਲਾਂ ਸਾਲ ਦੀ ਉਮਰ ਵਿੱਚ ਉਹ ਸ�ਗੀਤ ਤੋਂ ਪੂਰੀ ਤਰ੍ਹਾਂ ਤਰੁੰਡ ਲਿਆ ਗਿਆ ਤੇ ਉਸ ਨੇ ਹਾਰ ਮੰਨ ਲਈ।

ਸਾਹਿਤ ਵੱਲ ਤਾਂ ਉਹੁ ਐਵੇਂ ਹੀ ਆ ਗਿਆ, ਜਿਵੇਂ ਕੋਈ ਆਦਮੀ ਦੂਜੇ ਥਾਂ ਵਿਆਹਿਆ ਜਾਵੇ।

ਉਹ ਬਹੁਤੇ ਨਾਟਕ ਤੇ ਕਹਾਣੀਆਂ ਉਦੋਂ ਲਿਖਦਾ ਹੈ ਜਦੋਂ ਕਿਸੇ ਦੀ ਉਡੀਕ ਵਿੱਚ ਬੈਠਾ ਹੋਵੇ। 'ਕੁਆਰੀ ਟੀਸੀ' ਕੁੱਲੂ ਦੀ ਵਾਦੀ ਵਿੱਚ ਕਿਸੇ ਦੀ ਉਡੀਕ ਵਿੱਚ ਬੈਠਿਆਂ ਲਿਖਿਆ ਸੀ। 'ਲੋਹਾ ਕੁੱਟ' ਦਾ ਪਹਿਲ ਐਕਟ ਮੁਰਾਦਾਬਾਦ ਸਟੇਸ਼ਨ ਦੇ ਪਲੇਟ ਫਾਰਮ ਉਤੇ ਗੱਡੀ ਉਡੀਕਦਿਆਂ ਲਿਖਿਆ ਸੀ। ਇਸੇ ਤਰ੍ਹਾਂ 'ਪੱਤਣ ਦੀ ਬੇੜੀ' ਵੀ ਇਕ ਕਾਹਵਾ ਖਾਨੇ ਵਿੱਚ ਬੈਠਿਆਂ ਲਿਖਿਆ ਗਿਆ।
ਆਮ ਤੌਰ 'ਤੇ ਲੇਖਕ ਕਿਸੇ ਨੂੰ ਉਡੀਕਦਿਆਂ ਬਿਹਬਲ ਹੋ ਜਾਂਦੇ ਹਨ ਤੇ ਕਮਰੇ ਵਿੱਚ ਟਹਿਲਣ ਲਗਦੇ ਹਨ। ਗਾਰਗੀ ਆਪਣੀ ਬਿਹਬਲਤਾ ਨੂੰ ਟਿਕਾਉਣ ਲਈ ਲਿਖਣਾ ਸ਼ੁਰੂ ਕਰ ਦਿ�ਦਾ ਹੈ। ਉਹ ਭੀੜ ਤੇ ਸ਼ੋਰ ਵਿੱਚ ਬੈਠ ਕੇ ਆਰਾਮ ਨਾਲ ਲਿਖ ਸਕਦਾ ਹੈ। ਮਸਲਨ, ਰੇਲਵੇ ਸਟੇਸ਼ਨ, ਰੈਸਟੋਰੈਂਟ ਵਿੱਚ ਜਾਂ ਵਿਹੜੇ ਵਿੱਚ ਜਿੱਥੇ ਤੀਵੀਆਂ ਚਰਖੇ ਕੱਤ ਰਹੀਆਂ ਹੋਣ ਤੇ ਗੱਲਾਂ ਕਰ ਰਹੀਆਂ ਹੋਣ। ਇਹ ਸ਼ੋਰ ਉਸ ਦੇ ਮਨ ਦੀ ਪ੍ਰਿਸ਼ਠ ਭੂਮੀ ਉਤੇ ਇਕ ਰਾਂਗਲਾ ਚਿੱਤਰ ਵਾਹ ਦਿੰਦਾ ਹੈ। ਜੇ ਏਕਾਂਤ ਹੋਵੇ ਤਾਂ ਉਹ ਨਹੀਂ ਲਿਖ ਸਕਦਾ। ਉਹ ਇਸ ਏਕਾਂਤ ਤੇ ਮੁਕੰਮਲ ਖਾਮੋਸ਼ੀ ਤੋਂ ਘਬਰਾ ਕੇ ਬਾਹਰ ਦੇ ਰੌਲੇ ਵਿੱਚ ਸ਼ਾਂਤੀ ਢੂੰਡਦਾ ਹੈ।

ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਕਾਲਜ ਦੇ ਦਿਨੀਂ ਉਹ ਕਵਿਤਾ ਵੀ ਲਿਖਦਾ ਹੁੰਦਾ ਸੀ। ਉਸ ਨੇ ਲਗਪਗ ਤਿੰਨ ਸੌ ਕਵਿਤਾਵਾਂ ਲਿਖੀਆਂ ਸਨ। ਇਨ੍ਹਾਂ ਵਿੱਚੋਂ ਪੰਜਾਹ ਚੁਣ ਕੇ ਉਹ ਰਾਬਿੰਦਰਾ ਨਾਥ ਠਾਕੁਰ ਕੋਲ ਲੈ ਗਿਆ ਸੀ। ਬਹੁਤ ਚਿਰ ਤੀਕ ਉਹ ਇਸ ਗੱਲ ਦਾ ਫੈਸਲਾ ਨਾ ਕਰ ਸਕਿਆ ਕਿ ਉਰਦੂ ਵਿੱਚ ਲਿਖੇ ਜਾਂ ਅੰਗਰੇਜ਼ੀ ਵਿੱਚ। ਉਸ ਦਾ ਈਮਾਨ ਹੈ ਕਿ ਲੇਖਕ ਨੂੰ ਜ਼ਬਾਨ ਅਤੇ ਸ਼ਬਦਾਂ ਦੇ ਭਿੰਨ-ਭਿੰਨ ਰੂਪਾਂ ਉਤੇ ਪੂਰੀ ਮੁਹਾਰਤ ਚਾਹੀਦੀ ਹੈ। ਜਿਵੇਂ ਇਕ ਘੁਮਾਰ ਗਿੱਲੀ ਮਿੱਟੀ ਨੂੰ ਮੋੜ ਕੇ ਜੋ ਸ਼ਕਲ ਚਾਹੇ ਦੇ ਦੇਵੇ, ਇਸੇ ਤਰ੍ਹਾਂ ਇਕ ਲੇਖਕ ਵੀ ਆਪਣੇ ਮਾਧਿਅਮ ਨੂੰ ਪੂਰੀ ਖੁੱਲ੍ਹ ਨਾਲ ਰ�ਦ ਛਿਲ ਸਕੇ ਤੇ ਉਸ ਵਿੱਚ ਨਵੇਂ ਭਾਵ ਉਜਾਗਰ ਕਰ ਸਕੇ। ਉਹ ਅ�ਗਰੇਜ਼ੀ ਤੇ ਉਰਦੂ ਵਿੱਚ ਇਹ ਘਾਟ ਮਹਿਸੂਸ ਕਰਦਾ ਸੀ।

ਉਸ ਪੰਜਾਬੀ ਵਿੱਚ ਲਿਖਣਾ ਇਸੇ ਲਈ ਸ਼ੁਰੂ ਕੀਤਾ ਕਿ ਇਸ ਬੋਲੀ ਵਿੱਚ ਉਸ ਆਪਣਾ ਬਚਪਨ ਜੀਵਿਆ ਸੀ ਤੇ ਗਲੀਆਂ ਦੀ ਧੂੜ, ਰੂੜੀਆਂ ਦੀ ਬੋ, ਚਰ੍ਹੀਆਂ ਤੇ ਪਿੱਪਲਾਂ ਦੀ ਸੁਗ�ਧ ਮਾਣੀ ਸੀ।

ਜਦੋਂ ਉਸ 'ਕੁਆਰੀ ਟੀਸੀ', 'ਬੇਬੇ' ਤੇ 'ਲੋਹਾ ਕੁੱਟ' ਲਿਖੇ, ਉਦੋਂ ਤੱਕ ਉਸ ਕੋਈ ਪ�ਜਾਬੀ ਪੁਸਤਕ ਨਹੀਂ ਸੀ ਪੜ੍ਹੀ। ਇਸ ਮੁਆਮਲੇ ਵਿੱਚ ਉਹ ਬਿਲਕੁਲ ਅਨਪੜ੍ਹ ਸੀ। ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਭਾਈ ਵੀਰ ਸਿੰਘ ਵੀ ਕੋਈ ਕਵੀ ਸੀ। ਉਦੋਂ ਦੀ ਵਰਤਮਾਨ ਪੰਜਾਬੀ ਕਹਾਣੀ ਜਾਂ ਨਾਟਕ ਦੇ ਪੱਧਰ ਦਾ ਉਸ ਨੂੰ ਕੋਈ ਗਿਆਨ ਨਹੀਂ ਸੀ। ਉਸ ਦੀਆਂ ਕੁਝ ਕਹਾਣੀਆਂ ਛਪੀਆਂ ਤੇ ਉਹ ਲੇਖਕ ਬਣ ਗਿਆ। ਇਸ ਪਿੱਛੋਂ ਉਸ ਪ�ਜਾਬੀ ਪੜ੍ਹਨੀ ਸ਼ੁਰੂ ਕੀਤੀ।

ਨਾਟਕਕਾਰ ਵੀ ਉਸ ਨੂੰ ਹਾਲਾਤ ਨੇ ਹੀ ਬਣਾਇਆ।

ਆਏ ਸਾਲ ਵੱਡੇ ਦਿਨਾਂ ਵਿੱਚ ਪ੍ਰੀਤਨਗਰ ਨਾਟਕ ਖੇਡੇ ਜਾਂਦੇ ਸਨ। ਨੌਜਵਾਨ ਮੁੰਡੇ, ਕੁੜੀਆਂ ਦੇ ਇਕ ਟੋਲੇ ਨੇ, ਜੋ ਪ੍ਰੀਤ ਨਗਰ ਹੀ ਰਹਿੰਦਾ ਸੀ, ਇਕ ਨਾਟਕ ਖੇਡਣ ਦੀ ਸਲਾਹ ਪਕਾਈ। ਐਕਟਰ, ਐਕਟਰਸਾਂ ਹਾਜ਼ਰ ਸਨ: ਰੰਗ ਮੰਚ ਵੀ ਸੀ। ਦਰਸ਼ਕ ਵੀ ਸਨ ਪਰ ਨਾਟਕ ਨਹੀਂ ਸੀ। ਉਨ੍ਹਾਂ ਵਿੱਚੋਂ ਇਕ ਨੇ ਗਾਰਗੀ ਨੂੰ ਕਿਹਾ ਕਿ ਉਸ ਦੀ ਜ਼ਬਾਨ ਬੜੀ ਠੇਠ ਪੇਂਡਾ ਸੀ, ਉਹ ਕਿਸੇ ਅੰਗਰੇਜ਼ੀ ਨਾਟਕ ਦਾ ਝਟਪਟ ਤਰਜਮਾ ਕਿਉਂ ਨਹੀਂ ਕਰ ਦਿੰਦਾ। ਆਇਰਲੈਂਡ ਦੀ ਪ੍ਰਸਿੱਧ ਨਾਟਕਕਾਰ ਲੇਡੀ ਗਰੈਗਰੀ ਦੇ ਨਾਟਕ ਨੂੰ ਤਿੰਨ ਘੰਟਿਆਂ ਵਿੱਚ ਉਸ ਪੰਜਾਬੀ ਰੰਗ ਵਿੱਚ ਢਾਲ ਦਿੱਤਾ- 'ਰਾਈ ਦਾ ਪਹਾੜ'।

ਨਾਟਕ ਖੇਡਿਆ ਗਿਆ। ਕਾਮਯਾਬ ਰਿਹਾ। ਇਸ ਪਿੱਛੋਂ ਹਰ ਕੋਈ ਉਸ ਨੂੰ ਆਖਦਾ, ''ਤੇਰੀ ਬੋਲੀ ਬਹੁਤ ਸੁਆਦਲੀ ਹੈ, ਨਾਟਕ ਤਾਂ ਲਿਖ ਦੇਹ!'' ਜਿਵੇਂ ਕੋਈ ਆਖੇ, ''ਤੈਨੂੰ ਤਰਨਾ ਆਉਂਦੈ, ਟੋਭੇ ਵਿੱਚੋਂ ਸਾਡੀ ਗੇਂਦ ਤਾਂ ਕੱਢ ਦੇਹ!''

ਪੰਜਾਬੀ ਵਿੱਚ ਬਹੁਤੇ ਲੇਖਕ ਨਾਟਕ ਲਿਖ ਕੇ ਦਰਸ਼ਕਾਂ ਤੇ ਖੇਡਣ ਵਾਲਿਆਂ ਨੂੰ ਲੱਭਦੇ ਹਨ। ਗਾਰਗੀ ਨੂੰ ਪ੍ਰੀਤ ਨਗਰ ਵਿੱਚ ਤੇ ਉਸ ਦੇ ਪਿੱਛੋਂ ਵੀ ਖੇਡਣ ਵਾਲੇ ਤੇ ਨਿਰਦੇਸ਼ਕ ਲੱਭਦੇ ਰਹੇ ਹਨ। ਉਸ ਦੇ ਇਰਦ- ਗਿਰਦ ਸਦਾ ਹੀ ਐਕਟਰਾਂ ਤੇ ਐਕਟਰਸਾਂ ਦੀ ਟੋਲੀ ਰਹੀ ਹੈ। ਅਕਸਰ ਉਹ ਆਪਣੇ ਨਾਟਕ ਆਪ ਡਾਇਰੈਕਟ ਨਹੀਂ ਕਰਦਾ। ਨਾਟ-ਕਲਾ ਤੇ ਨਾਟਕ ਨੂੰ ਰ�ਗ ਮ�ਚ ਉਤੇ ਮੂਰਤੀਮਾਨ ਕਰਨ ਨੂੰ ਉਹ ਇਕ ਬਹੁਤ ਮੁਸ਼ਕਲ ਕਸਬ ਮ�ਨਦਾ ਹੈ, ਜਿਸ ਲਈ ਕਈ ਸਾਲਾਂ ਦੀ ਸਾਧਨਾ ਤੇ ਸਿੱਖਿਆ ਦੀ ਲੋੜ ਹੈ।

ਉਹ ਵਿਚਕਾਰਲੇ ਮੇਲ ਦਾ ਦੁਸ਼ਮਣ ਹੈ ਜਾਂ ਉਹ ਵਧੀਆ ਹੋਟਲ ਵਿੱਚ ਚਾਹ ਪੀਵੇਗਾ ਜਾਂ ਕਿਸੇ ਢਾਬੇ 'ਤੇ ਜਾਂ ਕਲਾਸਿਕੀ ਸੰਗੀਤ ਸੁਣੇਗਾ ਜਾਂ ਪੇਂਡਾ ਬੋਲੀਆਂ। ਗੱਡੀ ਵਿੱਚ ਸਫ਼ਰ ਕਰਨ ਲੱਗਿਆਂ ਵੀ ਉਹ ਦਰਮਿਆਨੇ ਦਰਜੇ ਵਿੱਚ ਬੈਠਣ ਤੋਂ ਪਰਹੇਜ਼ ਕਰਦਾ ਹੈ। ਚਾਹ, ਸੰਗੀਤ, ਸਾਹਿਤ-ਤਿੰਨਾਂ ਵਿੱਚ ਉਹ ਵਿਚਕਾਰਲੇ ਮੇਲ ਨੂੰ ਭੰਡਦਾ ਹੈ।

ਉਹ ਕਲਮ ਨਾਲ ਨਹੀਂ, ਡਾਂਗ ਨਾਲ ਲਿਖਦਾ ਹੈ। ਕਾਗਜ਼ਾਂ ਦਾ ਵੈਰੀ ਹੈ। ਕਈ ਵਾਰ ਇਕ ਸਤਰ ਵਿੱਚ ਸਿਰਫ ਚਾਰ ਅੱਖਰ ਹੁ�ਦੇ ਹਨ ਤੇ ਇਕ ਸਫੇ ਉਤੇ ਮਸਾਂ ਛੇ ਸਤਰਾਂ। ਕਾਗਜ਼ ਦਾ ਦਸਤਾ ਕਦੇ ਨਹੀਂ ਖਰੀਦਦਾ, ਸਦਾ ਰਿੱਮ ਜਾਂ ਦੋ ਰਿੱਮ ਕਾਗਜ਼ ਮੁੱਲ ਲੈਂਦਾ ਹੈ।

ਪਹਿਲੋਂ ਪਹਿਲ ਜਦ ਉਸ ਆਪਣੀ ਮਾਂ ਤੇ ਨਾਨੀ ਬਾਰੇ ਲੇਖ ਲਿਖੇ ਤਾਂ ਇਨ੍ਹਾਂ ਵਿੱਚ ਇਕ ਕੌੜੀ ਦਲੇਰੀ ਸੀ। ਮਾਂ ਨੂੰ ਉਸ ਰਵਾਇਤੀ 'ਮਾਤਾ ਜੀ' ਨਹੀਂ ਬਣਾਇਆ ਸਗੋਂ ਉਸ ਵਿੱਚ ਇਨਸਾਨੀ ਪਿਆਰ, ਨਫਰਤ, ਝੂਠ ਤੇ ਕਿਤੇ ਕਿਤੇ ਕਮੀਨਗੀ ਦੀ ਪਾਹ ਦੇ ਕੇ ਉਸ ਦਾ ਇਕ ਜਿਉਂਦਾ ਜਾਗਦਾ ਪਾਤਰ ਪੇਸ਼ ਕੀਤਾ। ਉਸ ਦਾ ਯਕੀਨ ਹੈ ਕਿ ਜੋ ਚ�ਗਾ ਲੇਖਕ ਹੈ, ਉਹ ਹਰ ਵੇਲੇ ਇਹ ਸਾਬਤ ਨਹੀਂ ਕਰਦਾ ਕਿ ਮੈਂ ਕਿਤਨਾ ਸੱਚਾ, ਦਇਆਵਾਨ ਤੇ ਨਿੱਘਾ ਮਨੁੱਖ ਹਾਂ। ਉਸ ਵਿੱਚ ਜੁਰਅੱਤ ਹੋਵੇ ਕਿ ਉਹ ਆਪਣੇ ਖੋਟੇ ਤੇ ਕਮਜ਼ੋਰ ਪਹਿਲੂਆਂ ਉਤੇ ਚਾਨਣਾ ਸੁਟ ਸਕੇ ਤੇ ਦਾਸਤੋਵਸਕੀ, ਗੋਰਕੀ, ਉਨੀਲ ਤੇ ਮੰਟੋ ਵਾਂਗ ਇਹ ਆਖ ਸਕੇ, ''ਉਸ ਵੇਲੇ ਮੇਰੇ ਵਿੱਚ ਕਮੀਨਗੀ ਦੀ ਇਕ ਚਿਣਗ ਜਾਗੀ। ਮੈਂ ਫੜ੍ਹਾਂ ਮਾਰਨ ਲੱਗਾ। ਮੇਰੇ ਵਿੱਚ ਈਰਖਾ ਦੀ ਅੱਗ ਬਲਣ ਲੱਗੀ।''

ਹਿਸਾਬ ਕਰਨ ਤੋਂ ਗਾਰਗੀ ਨੂੰ ਡਰ ਲਗਦਾ ਹੈ। ਨੌਕਰ ਨੂੰ ਪੈਸੇ ਫੜਾ ਦਿੱਤੇ, ਜਦੋਂ ਮੁੱਕ ਗਏ, ਹੋਰ ਦੇ ਦਿੱਤੇ। ਆਪਣੇ ਬੈਂਕ ਨਾਲ, ਦੁਕਾਨਦਾਰ ਨਾਲ, ਦੋਸਤ ਨਾਲ, ਧੋਬੀ ਨਾਲ ਕਦੇ ਹਿਸਾਬ ਨਹੀਂ ਕਰਦਾ। ਸਿਰਫ ਪਬਲਿਸ਼ਰ ਨਾਲ ਹਿਸਾਬ ਕਰਦਾ ਹੈ ਤੇ ਮਾਮਲੇ ਨੂੰ ਕਚਹਿਰੀ ਤੀਕ ਲੈ ਜਾਂਦਾ ਹੈ।

ਮਾਲੀ ਤੌਰ 'ਤੇ ਉਹ ਕਾਫੀ ਤੰਗ ਰਹਿੰਦਾ ਹੈ। ਇਸ ਕਰ ਕੇ ਨਹੀਂ ਕਿ ਉਸ ਕੋਲ ਪੈਸੇ ਨਹੀਂ ਆਉਂਦੇ। ਸਗੋਂ ਇਸ ਲਈ ਕਿ ਉਸ ਨੂੰ ਖਰਚਣ ਦੀ ਵਿਉਂਤ ਨਹੀਂ। ਇਕ ਵਾਰ ਉਸ ਨੂੰ ਕਿਤੋਂ ਪੰਦਰਾਂ ਰੁਪਿਆਂ ਦਾ ਮਨੀਆਰਡਰ ਆਇਆ। ਉਹ ਘਰ ਨਹੀਂ ਸੀ। ਡਾਕੀਆ ਮੁੜ ਗਿਆ। ਪੈਸਿਆਂ ਦੀ ਲੋੜ ਸੀ। ਉਹ ਟੈਕਸੀ ਲੈ ਕੇ ਉਸ ਦੇ ਮਗਰ ਗਿਆ ਤੇ ਕਈ ਥਾਵਾਂ ਤੋਂ ਹੋ ਕੇ ਜਦ ਵੱਡੇ ਡਾਕਖਾਨੇ ਤੋਂ ਉਸ ਮਨੀਆਰਡਰ ਵਸੂਲ ਕੀਤਾ ਤਾਂ ਟੈਕਸੀ ਦੇ ਬਾਰਾਂ ਰੁਪਏ ਛੇ ਆਨੇ ਬਣ ਚੁੱਕੇ ਸਨ।

darya1.jpg (3265 bytes)
(c)1999-2003, 5abi.com