WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

ਪੰਜਾਬੀ ਕਵਿਤਾ

>> 1 2 3 4 5 6 7             hore-arrow1gif.gif (1195 bytes)

ਸੁਖਿੰਦਰ, ਕਨੇਡਾ ਸਾਇਮਾ ਅਲਮਾਸ ਮਸਰੂਰ      
ਸਤਿਪਾਲ ਸਿੰਘ ਡੁਲ੍ਹਕੂ ਵਿਵੇਕ ਕੁਮਾਰ ਮੋਗਾ ਰਵਿੰਦਰ ਸਿੰਘ ਕੁੰਦਰਾ ਅਮਰਜੀਤ ਕੌਰ ‘ਹਿਰਦੇ’ ਗੁਰਮੇਲ ਬੀਰੋਕੇ, ਕਨੇਡਾ
ਗੁਰਮੀਤ ਕੌਰ ਮੀਤ ਡਾ. ਸਾਥੀ ਲੁਧਿਆਣਵੀ ਜੋਗਿੰਦਰ ਸਿੰਘ ਥਿੰਦ ਸਿੰਮੀਪ੍ਰੀਤ ਕੌਰ ਦਲਵੀਰ ਕੌਰ
ਅਨਮੋਲ ਕੌਰ ਮਲਕੀਅਤ "ਸੁਹਲ" ਰਵਿੰਦਰ ਰਵੀ, ਕਨੇਡਾ ਜੋਗਿੰਦਰ ਸੰਘੇੜਾ ਅਮਨਦੀਪ ਸਿੰਘ
ਲਾਡੀ ਸੁਖਜਿੰਦਰ ਕੌਰ ਇੰਦਰਜੀਤ ਪੁਰੇਵਾਲ ਰਾਜਿੰਦਰ ਜਿੰਦ ਹਰਦਮ ਸਿੰਘ ਮਾਨ ਜਸਵਿੰਦਰ ਸਿੰਘ “ਰੁਪਾਲ”
ਡਾ:ਗੁਰਮਿੰਦਰ ਸਿੱਧੂ ਬਿੱਟੂ ਖੰਗੂੜਾ ਜਨਮੇਜਾ ਸਿੰਘ ਜੌਹਲ ਸੁਰਜੀਤ ਕੌਰ ਕੌਂਸਲਰ ਮੋਤਾ ਸਿੰਘ
ਸ਼ਿਵਚਰਨ ਜੱਗੀ ਕੁੱਸਾ ਇੰਦਰ ਸੁਧਾਰ ਰਵੀ ਸਚਦੇਵਾ ਕਰਨਵੀਰ ਸਿੰਘ ਬੈਣੀਵਾਲ  

ਸੁਖਿੰਦਰ
ਕਨੇਡਾ

ਮੈਂ ਅਤੇ ਮੇਰੀ ਚੁੱਪ
ਸੁਖਿੰਦਰ

ਮੈਂ, ਹੁਣ
ਕਿਸ ਅੰਦਾਜ਼ ਵਿੱਚ
ਉਸ ਨਾਲ, ਗੁਫ਼ਤਗ਼ੂ ਕਰਦਾ-

ਉਹ ਤਾਂ, ਮ੍ਰਿਗ-ਤ੍ਰਿਸ਼ਨਾ ਵਾਂਗੂੰ
ਸ਼ੀਸ਼ੇ ਦੀ ਕੰਧ ਪਿਛੇ
ਖੜ੍ਹੀ ਸੀ, ਹੋਠਾਂ ਉੱਤੇ
ਮੁਸਕਰਾਹਟ ਲੈ ਕੇ
ਪਹਿਰੇਦਾਰ ਦੇ ਪਹਿਰੇ ਦੇ ਹੇਠਾਂ

ਮੈਂ ਅਤੇ ਮੇਰੀ ਚੁੱਪ
ਪਰਤ ਆਏ, ਇੱਕ ਨਾਮੌਸ਼ੀ
ਮਨ ‘ਚ ਲੈ ਕੇ
ਸ਼ੀਸ਼ੇ ਦੀ ਕੰਧ ਪਿਛੇ ਖੜ੍ਹਾ
ਪ੍ਰਛਾਵਾਂ ਹੱਸਦਾ ਰਿਹਾ
ਦੇਰ ਤੀਕਰ, ਕਿਸੇ ਰੌਬਾਟ ਵਾਂਗੂੰ

ਰਿਸ਼ਤਿਆਂ ਦੀ ਭੀੜ ਵਿੱਚ
ਫਿਰ, ਮੈਂ ਲੱਭਦਾ ਰਿਹਾ
ਉਸ ਪਾਗਲ ਹਵਾ ਨੂੰ
ਜੋ ਮੇਰੇ ਮਨ ਨੂੰ ਛੂਹ ਗਈ ਸੀ
ਪਲ ਦੋ ਪਲ, ਅਜਨਬੀ
ਰਾਹਾਂ ਉੱਤੇ ਤੁਰਦਿਆਂ
ਅਜਨਬੀ, ਪ੍ਰਛਾਵਿਆਂ ਨੂੰ
ਫੜਦਿਆਂ-

(ਲਾਹੌਰ, ਦਸੰਬਰ 29, 2013)
06/02/2014

ਹੀਰਾ ਮੰਡੀ ਨੇੜੇ ਖੜ੍ਹੀ ਇੱਕ ਔਰਤ
ਸੁਖਿੰਦਰ

ਸਦੀਆਂ ਬੀਤ ਗਈਆਂ
ਉਸ ਨੂੰ, ਠੰਡੀਆਂ ਰਾਤਾਂ ‘ਚ
ਬਾਹਰ ਖਲੋਤਿਆਂ -

ਕੋਈ ਨਹੀਂ ਬਹੁੜਿਆ
ਸੁੰਨ-ਸਾਨ, ਰਾਤਾਂ ‘ਚ ਖੜ੍ਹੀ
ਇਸ ਔਰਤ ਦੀ ਵਿੱਥਿਆ ਸੁਨਣ

ਮੁਗ਼ਲ-ਏ-ਆਜ਼ਮ ਅਕਬਰ ਦਾ
ਸ਼ਾਹੀ ਜਲਾਲ ਹੋਵੇ ਜਾਂ
ਮਹਾਰਾਜਾ ਰਣਜੀਤ ਸਿੰਘ ਦੀ
ਚੜ੍ਹਤ ਦੇ ਦਿਨ

ਸ਼ਾਹੀ ਕਿਲੇ ਦੇ ਬਿਲਕੁਲ ਨਜ਼ਦੀਕ
ਸ਼ਾਹੀ ਮਸਜਿਦ ਦੇ ਪਿਛਵਾੜੇ

ਕਿਸਾਈ ਮੰਡੀ ਦੇ ਦਲਾਲ
ਕੁੱਤਿਆਂ ਵਾਂਗ, ਮੂੰਹਾਂ ‘ਚੋਂ
ਸਲੂਣੀ ਰਾਲ ਛੱਡਦੇ
ਮਨੁੱਖ ਰੂਪੀ ਬਘਿਆੜਾਂ ਦੀ
ਢਾਣੀ ਲੈ ਕੇ, ਮੁੜ, ਮੁੜ
ਬਰਫ਼ ਦੀ ਸਿੱਲ ਬਣ ਚੁੱਕੀ
ਉਸ ਔਰਤ ਕੋਲ, ਗਰਮ ਗੋਸ਼ਤ ਦਾ
ਜ਼ਾਇਕਾ ਲੈਣ ਲਈ ਆਉਂਦੇ

ਹੋਂਦ ਅਤੇ ਨਿਰਹੋਂਦ ਦਰਮਿਆਨ
ਇੱਕ ਤ੍ਰੈਸ਼ੰਕੂ ਵਾਂਗ ਲਟਕੀ
ਉਹ, ਆਪਣੇ ਪੈਰਾਂ ‘ਚ ਘੁੰਗਰੂ ਬੰਨ੍ਹ
ਆਪਣੀ ਹੀ ਮੌਤ ਦੇ ਗੀਤ ਗਾਉਂਦੀ
ਆਪਣੀ ਹੀ ਮੌਤ ਦਾ ਵਿਰਲਾਪ ਕਰਦੀ
ਆਪਣੀ ਹੀ ਤਬਾਹੀ ਦਾ ਜਸ਼ਨ ਮਨਾਉਂਦੀ

ਪਲ, ਪਲ ਮਰਨ ਲਈ, ਉਹ
ਆਪਣੇ ਹੀ ਜਿਸਮ ਨੂੰ, ਬੋਟੀ, ਬੋਟੀ
ਨੋਚ ਦੇਣ ਦੀ, ਗਿਰਝਾਂ ਨੂੰ
ਦਾਹਵਤ ਦਿੰਦੀ

ਪਰ, ਉਸ ਦੀਆਂ ਅੱਖਾਂ ‘ਚ ਪਸਰੀ
ਗਹਿਰੀ ਖਾਮੋਸ਼ੀ, ਇਹੀ
ਸੁਰ ਅਲਾਪਦੀ ਜਾਪਦੀ :
ਇਹ ਵੀ ਕੋਈ ਜ਼ਿੰਦਗੀ ਹੈ !
ਇਹ ਵੀ ਕੋਈ ਜ਼ਿੰਦਗੀ ਹੈ !!
ਇਹ ਵੀ ਕੋਈ ਜ਼ਿੰਦਗੀ ਹੈ !!!

(ਲਾਹੌਰ, ਜਨਵਰੀ 2, 2014)
06/02/2014

ਮੁਸੀਬਤਾਂ ਦੇ ਝੱਖੜ
ਸੁਖਿੰਦਰ

ਉਸਦੀ ਰੂਹ ਵਲੂੰਧਰੀ ਗਈ ਹੈ
ਪਰ, ਉਹ ਅਜੇ ਵੀ
ਅੱਲਾ, ਅੱਲਾ
ਵਾਹਿਗੁਰੂ, ਵਾਹਿਗੁਰੂ
ਜੀਸਸ, ਜੀਸਸ
ਰਾਮ, ਰਾਮ
ਕਰਨ ਵਿੱਚ ਹੀ ਲੀਨ ਹੈ -

ਉਸ ਨੂੰ ਸਿਖਾਇਆ ਹੀ
ਇਹੋ ਗਿਆ ਹੈ

ਪਲ, ਪਲ ਝੁੱਲ ਰਹੇ
ਮੁਸੀਬਤਾਂ ਦੇ ਝੱਖੜ ਨੇ
ਲੀਰੋ-ਲੀਰ ਕਰ ਦਿੱਤਾ
ਉਸ ਦਾ ਤਨ-ਮਨ

ਨ ਸੌਣ ਦੀ ਆਜ਼ਾਦੀ
ਨ ਜਾਗਣ ਦੀ

ਨ ਸੋਚਣ ਦੀ ਆਜ਼ਾਦੀ
ਨ ਕਹਿਣ ਦੀ

ਨ ਖਾਣ ਦੀ ਆਜ਼ਾਦੀ
ਨ ਪਹਿਨਣ ਦੀ

ਨ ਰਿਸ਼ਤੇ ਬਨਾਉਣ ਦੀ ਆਜ਼ਾਦੀ
ਨ ਨਿਭਾਉਣ ਦੀ

ਇੱਕੋ ਹੀ ਕੈਂਚੀ ਨਾਲ
ਕੱਟ ਦਿੱਤੇ ਗਏ ਹਨ
ਘੁੱਗੀ ਦੇ ਸਭੇ ਹੀ ਪਰ

ਰੇਡੀਓ, ਟੀਵੀ, ਅਖਬਾਰਾਂ ਦੇ ਦਾਹਵੇ
ਮਹਿਜ਼, ਕਹਿਣ ਦੀਆਂ ਹੀ ਗੱਲਾਂ ਹਨ

ਹਕੀਕਤ ਅੱਜ ਵੀ, ਓਵੇਂ ਹੀ
ਦੰਦ ਚਿੜਾਅ ਰਹੀ ਹੈ, ਜਿਵੇਂ ਕਿ
ਸਦੀਆਂ ਪਹਿਲਾਂ ਚਿੜਾਂਦੀ ਸੀ

ਔਰਤ ਦੇ ਪੈਰਾਂ ਵਿੱਚ, ਅਜੇ ਵੀ
ਓਵੇਂ ਹੀ ਬੇੜੀਆਂ ਹਨ, ਜਿਵੇਂ ਕਿ
ਸਦੀਆਂ ਪਹਿਲਾਂ ਸਨ

ਅਜੇ ਵੀ ਬੰਦ ਬੂਹਿਆਂ ਦੇ ਪਿਛੇ, ਔਰਤ ਉੱਤੇ
ਮੁਸੀਬਤਾਂ ਦੇ ਪਹਾੜ, ਓਵੇਂ ਹੀ ਟੁੱਟਦੇ ਹਨ
ਜਿਵੇਂ ਕਿ ਸਦੀਆਂ ਪਹਿਲਾਂ ਟੁੱਟਦੇ ਸਨ

ਅਜੇ ਵੀ, ਉਸਦੀਆਂ ਅੱਖਾਂ ‘ਚੋਂ
ਹੰਝੂਆਂ ਦੀ ਬਰਸਾਤ ਓਵੇਂ ਹੀ ਹੁੰਦੀ ਹੈ
ਜਿਵੇਂ ਕਿ ਸਦੀਆਂ ਪਹਿਲਾਂ ਹੁੰਦੀ ਸੀ

ਮਹਿਜ਼, ਮਰਦ ਤੋਂ, ਇਹ ਗੱਲ
ਮਨਵਾਉਣ ਲਈ ਕਿ ਉਹ ਵੀ ਇੱਕ
ਹੱਡ-ਮਾਸ ਦਾ, ਜਿਉਂਦਾ-ਜਾਗਦਾ
ਪੁਤਲਾ ਹੈ

ਉਸ ਦੀਆਂ ਰਗਾਂ ਵਿੱਚ ਵੀ
ਓਵੇਂ ਹੀ ਖ਼ੂਨ ਦੌੜਦਾ ਹੈ, ਜਿਵੇਂ ਕਿ
ਕਿਸੀ ਹੋਰ ਇਨਸਾਨ ਦੀਆਂ
ਰਗਾਂ ਵਿੱਚ

(ਲਾਹੌਰ, ਜਨਵਰੀ 5, 2014)
06/02/2014

ਹੁਣ, ਤੂੰ ਕੋਈ ਪਰਦਾ ਨ ਰੱਖੀਂ
ਸੁਖਿੰਦਰ

ਸ਼ਬਦਾਂ ਦਾ ਕੋਈ ਓਹਲਾ ਨ ਰੱਖੀਂ
ਅਰਥਾਂ ਦਾ ਵੀ ਨਹੀਂ-

ਹੁਣ, ਹਰ ਦੀਵਾਰ
ਗਿਰ ਜਾਣ ਦੇ

ਮੌਸਮ ਦੇ ਖੁਸ਼ਗਵਾਰ ਹੋਣ ਲਈ
ਸਮੇਂ ਦੀ ਇਹੀ ਮੰਗ ਹੈ

ਐਵੇਂ ਨ ਅੱਖਾਂ ‘ਚੋਂ
ਹੰਝੂਆਂ ਦੀ ਬਰਸਾਤ ਨੂੰ
ਸ਼ੁਰੂ ਹੋਣ ਦੀ, ਹਰ ਪਲ
ਦਾਹਵਤ ਦੇ

ਬਹੁਤ ਕੀਮਤੀ ਨੇ ਤੇਰੇ, ਇਹ
ਅੱਖਾਂ ਦੇ ਪਾਣੀ

ਕਿੰਨਾ ਵੀ, ਭਾਵੇਂ
ਜ਼ਿੰਦਗੀ ਵਿੱਚ, ਸਲੀਕੇ ਨਾਲ
ਜਿਉਣ ਦੀ ਕੋਸਿ਼ਸ਼ ਕਰ
ਹਾਲਾਤ ਨੇ, ਕਿਤੋਂ ਨ ਕਿਤੋਂ
ਕਿਸੀ ਨ ਕਿਸੀ ਬਹਾਨੇ
ਤੇਰੇ ਪੈਰਾਂ ਨੂੰ
ਲਹੂ ਲੁਹਾਣ ਕਰਨ ਲਈ
ਰਾਹਾਂ ‘ਚ ਕੰਕਰ
ਸੁੱਟ ਹੀ ਦੇਣੇ ਹਨ

ਇਹ ਕੰਕਰ ਕਦੀ
ਧਾਰਮਿਕ ਗ੍ਰੰਥਾਂ ਦੀਆਂ ਆਇਤਾਂ
ਕਦੀ ਸਭਿਆਚਾਰਕ ਅਸੂਲਾਂ
ਕਦੀ ਨੈਤਿਕ ਕਦਰਾਂ-ਕੀਮਤਾਂ
ਦੀਆਂ, ਹਰ ਪਲ, ਭੁਰ ਰਹੀਆਂ
ਦੀਵਾਰਾਂ ‘ਚੋਂ ਗਿਰ ਹੀ ਪੈਣੇ ਨੇ

ਪਰ ਤੂੰ, ਕਿਸੀ ਵੀ ਪਲ
ਹੌਂਸਲਾ ਨ ਹਾਰੀਂ-
ਸੱਚ ਦਾ ਪਿੱਛਾ ਨ ਛੱਡੀਂ
ਹਿੰਮਤ ਅਤੇ ਦਲੇਰੀ ਨਾਲ
ਧਰਤੀ ਉੱਤੇ, ਆਪਣੇ ਕਦਮ ਰੱਖੀਂ

ਵੇਖੀਂ ਹਨ੍ਹੇਰੀਆਂ ਰਾਤਾਂ ਵਿੱਚ ਵੀ
ਤੇਰੇ ਲਈ, ਚਿਰਾਗ਼ ਜਗ ਉੱਠਣਗੇ

ਬਸ, ਹੁਣ ਤੂੰ
ਹਰ ਦੀਵਾਰ ਗਿਰ ਜਾਣ ਦੇ

ਮੌਸਮ ਦੇ ਖ਼ੁਸ਼ਗਵਾਰ ਹੋਣ ਲਈ
ਸਮੇਂ ਦੀ ਇਹੀ ਮੰਗ ਹੈ

(ਜਨਵਰੀ 9, 2014, ਪਾਕਿਸਤਾਨ ਤੋਂ ਕੈਨੇਡਾ ਲਈ ਹਵਾਈ ਸਫ਼ਰ ਕਰਦਿਆਂ)
06/02/2014

ਜਾਨੇਮਨ
ਸੁਖਿੰਦਰ

ਮੋਹ ਭਰੀ ਤਕਣੀ ਨਾਲ
ਤਕਦਿਆਂ, ਉਸ ਨੇ ਬਸ
ਏਨਾ ਹੀ ਕਿਹਾ :
ਤੂੰ ਜਦ, ਹੌਲੀ ਜਿਹੀ
ਜਾਨੇਮਨ ਆਖਦਾ ਹੈਂ
ਦਹਾਕਿਆਂ ਤੋਂ ਬੰਦ ਪਏ
ਮਨ ਦੇ ਬੂਹੇ
ਖੁੱਲ੍ਹ ਜਾਣ-

ਮਾਰੂਥਲਾਂ ‘ਚ
ਬੂੰਦਾ-ਬਾਂਦੀ ਹੋਣ ਲੱਗੇ
ਜੰਗਲਾਂ ‘ਚ
ਮੌਨਸੂਨ ਦੀਆਂ ਬਰਸਾਤਾਂ ਦਾ
ਸਿਲਸਿਲਾ ਛਿੜ ਪਏ

ਮਨ ਦੇ ਸੁੱਕ ਚੁੱਕੇ ਵੀਰਾਨ ਬਾਗਾਂ ‘ਚ
ਇੱਕ ਹੀ ਸ਼ਬਦ ਨਾਲ ਗੁਲਾਬ ਮਹਿਕ ਉੱਠਣ
ਚਿਰਾਂ ਤੋਂ ਸੁੱਕੀਆਂ ਨਦੀਆਂ ‘ਚ
ਇੱਕ ਹੀ ਸ਼ਬਦ ਨਾਲ ਲਹਿਰ ਲਹਿਰ ਹੋ ਉੱਠੇ
ਕੁਰੱਖਤ ਬੋਲਾਂ ਨਾਲ ਝੁਲਸ ਗਏ ਤਨ-ਮਨ ਨੂੰ
ਇੱਕ ਹੀ ਸ਼ਬਦ ਨਾਲ ਆਰਾਮ ਆ ਜਾਏ
ਪ੍ਰਦੂਸ਼ਨ ਭਰੇ ਚੌਗਿਰਦੇ ‘ਚ
ਇੱਕ ਹੀ ਸ਼ਬਦ ਨਾਲ ਸੁਗੰਧ ਭਰੀ ਪੌਣ
ਰੁਮਕਣ ਲੱਗ ਪਏ

ਇੱਕ ਹੀ ਸ਼ਬਦ
ਏਨਾ ਸ਼ਕਤੀਵਰ ਵੀ ਹੋ ਸਕਦਾ
ਮੈਂ ਕਦੀ ਸੋਚਿਆ
ਤੱਕ ਨਹੀਂ ਸੀ

(ਮਾਲਟਨ, ਜਨਵਰੀ 16, 2014)
06/02/2014

ਕਹੀ, ਅਣਕਹੀ
ਸੁਖਿੰਦਰ

ਮੈਂ, ਉਸ ਨੂੰ
ਦੋਸ਼ ਕਿੰਝ ਦਿੰਦਾ-

ਉਹ ਤਾਂ, ਬਾਰ ਬਾਰ
ਮੇਰੇ ਮਨ ਦੇ
ਬੰਦ ਦਰਵਾਜਿ਼ਆਂ ਉੱਤੇ
ਦਸਤਕ ਦਿੰਦੀ ਰਹੀ

ਕਦੀ ਰਾਧਾ, ਕਦੀ ਸੱਸੀ
ਕਦੀ ਸੋਹਣੀ, ਕਦੀ ਹੀਰ ਬਣਕੇ

ਮੈਂ ਹੀ ਉੱਡ ਨ ਸਕਿਆ
ਮੇਰੇ ਹੀ ਖੰਭ, ਬਸ
ਫੜਫੜਾ ਕੇ
ਰਹਿ ਗਏ

ਉਸ ਨੇ ਤਾਂ
ਆਖਿਆ ਸੀ :
ਚੱਲ, ਉੱਡ ਚੱਲੀਏ
ਦਿਸਦੇ ਦਿਸਹੱਦਿਆਂ ਤੋਂ ਦੂਰ
ਰੰਗਾਂ, ਨਸਲਾਂ, ਕੌਮਾਂ
ਦੀਆਂ, ਸੀਮਾਵਾਂ ਤੋਂ
ਬੇਖੌਫ਼ ਹੋ-

ਮੈਂ ਹੀ ਨ ਜਗ ਸਕਿਆ
ਹਨ੍ਹੇਰੇ ‘ਚ ਜਗਦੀ
ਦੀਵੇ ਦੀ ਲੋਅ ਵਾਂਗੂੰ

ਉਸ ਨੇ ਤਾਂ
ਆਖਿਆ ਸੀ :
ਜੇ ਮੇਰੇ ਕੋਲ
ਜੀਣ ਲਈ, ਮਹਿਜ਼
ਇੱਕ ਰਾਤ ਵੀ ਹੁੰਦੀ
ਤਾਂ ਮੈਂ ਦਸਦੀ ਤੈਨੂੰ
ਕਿ ਕੱਟੇ ਹੋਏ
ਪਰਾਂ ਵਾਲੀ, ਘੁੱਗੀ ਵੀ
ਨੀਲੇ ਆਸਮਾਨਾਂ ‘ਚ
ਉੱਡ ਸਕਦੀ ਹੈ
ਉੱਚੀਆਂ ਹਵਾਵਾਂ ‘ਚ
ਗੀਤ ਗਾ ਸਕਦੀ
ਸਤਰੰਗੀ ਪੀਂਘ ਦੇ ਰੰਗਾਂ
ਦੇ ਵਾਂਗੂੰ, ਮੁਸਕਰਾ ਸਕਦੀ
ਵਰ੍ਹਿਆਂ ਤੋਂ, ਮਾਰੂਥਲ ਬਣੇ
ਖੇਤਾਂ ‘ਚ, ਹਰਿਆਵਲ ਬਣ ਕੇ
ਲਹਿਰਾ ਸਕਦੀ

(ਮਾਲਟਨ, ਜਨਵਰੀ 23, 2014)
06/02/2014

ਮਿਲਨ
ਸੁਖਿੰਦਰ

ਤੂੰ, ਮੈਨੂੰ ਇਸ ਤਰ੍ਹਾਂ
ਨ ਮਿਲਿਆ ਕਰ
ਇੱਕ ਸ਼ਰਾਰਤ ਜਿਹੀ
ਅੱਖਾਂ ‘ਚ ਲੈ ਕੇ-

ਸ਼ਹਿਰ ਦੀ ਹਰ ਜੂਹ ‘ਤੇ
ਮੰਦਿਰਾਂ, ਮਸਜਿਦਾਂ
ਗਿਰਜਿਆਂ, ਗੁਰਦੁਆਰਿਆਂ ਦਾ
ਪਹਿਰਾ ਹੈ

ਵੇਖੀਂ, ਕਿਤੇ ਕੋਈ
ਸੱਪ, ਇਨ੍ਹਾਂ ਜੂਹਾਂ ‘ਚੋਂ
ਨਿਕਲ ਕੇ, ਤੈਨੂੰ ਡੰਗ ਜਾਵੇ

ਬਹੁਤ ਜ਼ਹਿਰੀਲੇ ਹੁੰਦੇ ਨੇ
ਇਨ੍ਹਾਂ ਜੂਹਾਂ ‘ਚੋਂ
ਨਿਕਲੇ ਸੱਪ

ਇਹ ਸੱਪ, ਪਹਿਲਾਂ
ਪਿਆਰ ਦੀ ਬੋਲੀ
ਬੋਲਦੇ ਨੇ, ਇਨ੍ਹਾਂ ਦੇ
ਸਾਹਾਂ ਨੂੰ, ਬਸ
ਆਪਣੇ ਸਾਹਾਂ ‘ਚ
ਮਿਲਣ ਦੇਵੋ, ਫਿਰ
ਪਲਾਂ, ਛਿਣਾਂ ‘ਚ ਹੀ
ਆਪਣੀ ਜ਼ਹਿਰ ਦੀ
ਗੁਥਲੀ ਖੋਹਲਦੇ ਨੇ

ਕਿਤੇ ਅੱਲਾਹ ਦੇ ਨਾਮ ਉੱਤੇ
ਕਿਤੇ ਵਾਹਿਗੁਰੂ ਦੇ
ਕਿਤੇ ਰਾਮ, ਰਾਮ ਕਰਦਿਆਂ
ਕਿਤੇ ਜੀਸਸ, ਜੀਸਸ ਕਹਿ
ਇਹ ਤੁਹਾਡੇ ਸੀਨੇ ‘ਚ
ਰੰਗਾਂ, ਨਸਲਾਂ, ਧਰਮਾਂ ਦੇ
ਭਿੰਨ-ਭੇਦਾਂ ਵਾਲੇ, ਖੰਜਰ
ਖੋਭਦੇ ਨੇ

ਇਨ੍ਹਾਂ ਦੇ ਦੁੱਧ ਧੋਤੇ
ਚਿਹਰਿਆਂ ਵੱਲ ਨ ਤੱਕੋ
ਇਹ ਵੇਖਣ ਨੂੰ ਤਾਂ, ਮਹਿਕਾਂ ਭਰੇ
ਗੁਲਾਬਾਂ, ਮੋਤੀਏ, ਚੰਪਾ ਕਲੀ
ਵਾਂਗੂੰ ਜਾਪਣ, ਪਰ
ਅੰਦਰੋਂ, ਭੂੰਡਾਂ ਦੇ ਖੱਖਰਾਂ
ਦੇ ਬਣੇ ਘਰ ਹੁੰਦੇ
ਤੂੰ, ਮੈਨੂੰ ਇਸ ਤਰ੍ਹਾਂ
ਨ ਮਿਲਿਆ ਕਰ
ਇੱਕ ਸ਼ਰਾਰਤ ਜਿਹੀ
ਅੱਖਾਂ ‘ਚ ਲੈ ਕੇ

ਵੇਖੀਂ, ਕਿਤੇ ਰਾਹਾਂ ‘ਚ
ਛੁਪ ਕੇ ਬੈਠਾ, ਸੱਪ ਕੋਈ
ਤੈਨੂੰ ਡੰਗ ਜਾਵੇ

(ਮਾਲਟਨ, ਜਨਵਰੀ 23, 2014)
06/02/2014

ਕੁੱਤੇ
ਸੁਖਿੰਦਰ

ਤੁਰੇ ਜਾਂਦਿਆਂ, ਜਦੋਂ
ਤੁਹਾਨੂੰ, ਇਸ ਗੱਲ ਦਾ
ਅਹਿਸਾਸ ਹੋ ਜਾਏ
ਸੜਕ ਦੇ ਦੂਜੇ ਪਾਸੇ
ਖੂੰਖਾਰ ਕੁੱਤੇ ਖੜ੍ਹੇ ਹਨ
ਤਾਂ, ਸੰਭਲ, ਸੰਭਲ ਕੇ
ਚੱਲਣ ਵਿੱਚ ਹੀ
ਬੇਹਤਰੀ ਹੈ-

ਜ਼ਿੰਦਗੀ ਵਿੱਚ, ਮੇਰੇ ਨਾਲ
ਅਨੇਕਾਂ ਹੀ ਵਾਰ, ਅਜਿਹਾ
ਵਾਪਰਿਆ ਹੈ

ਜ਼ਿੰਦਗੀ ਦੀਆਂ ਤੰਗ
ਅਤੇ ਹਨ੍ਹੇਰੀਆਂ ਗਲੀਆਂ ‘ਚੋਂ
ਲੰਘਦਿਆਂ, ਕਿਸੇ ਵੀ ਮੋੜ ਉੱਤੇ
ਹੱਡਾ-ਰੋੜੀ ਕੋਲ
ਘੁੰਮਦੇ, ਇਨ੍ਹਾਂ ਕੁੱਤਿਆਂ ਦੀ
ਤੁਸੀਂ, ਕਦੀ ਵੀ
ਨਜ਼ਰ ਚੜ੍ਹ ਸਕਦੇ ਹੋ

ਉਨ੍ਹਾਂ ਦੇ ਮੂੰਹ, ਖ਼ੂਨ ਨਾਲ
ਲਿਬੜੇ ਹੁੰਦੇ ਹਨ, ਅਤੇ
ਜੁਬਾੜਿਆਂ ਹੇਠ ਕਿਸੇ ਦੀਆਂ
ਹੱਡੀਆਂ, ਕਿਰਚ, ਕਿਰਚ
ਕਰ ਰਹੀਆਂ ਹੁੰਦੀਆਂ ਹਨ

ਹੋ ਸਕਦੈ, ਤੁਹਾਨੂੰ
ਭੁਲੇਖਾ ਦੇਣ ਲਈ, ਉਹ
ਅਚਨਚੇਤ, ਕੋਈ ਮਨੁੱਖੀ ਜਾਮਾ
ਪਹਿਣ, ਤੁਹਾਡੇ ਰਾਹਾਂ ਵਿੱਚ
ਆ ਖਲੋਣ, ਅਤੇ
ਤੁਹਾਡੇ ਪੈਰਾਂ ਵਿੱਚ ਲਿਟ ਕੇ
ਆਪਣੀਆਂ, ਲੰਬੀਆਂ ਲੰਬੀਆਂ
ਪੂਛਾਂ ਨਾਲ, ਕਲੋਲਾਂ ਕਰਨੀਆਂ
ਸ਼ੁਰੂ ਕਰ ਦੇਣ

ਪਰ, ਤੁਸੀਂ
ਇਸ ਪਲ, ਕਿਸੀ ਵੀ ਤਰ੍ਹਾਂ
ਉਨ੍ਹਾਂ ਦੇ ਮੋਹ ਦੇ ਰੰਗਾਂ ਵਿੱਚ
ਨ ਰੰਗੇ ਜਾਣਾ

ਬਸ, ਸੜਕ ਉੱਤੇ
ਤੁਰੇ ਜਾਂਦਿਆਂ, ਦੂਜੇ ਪਾਸੇ
ਜਦੋਂ, ਖੂੰਖਾਰ ਕੁੱਤੇ ਖੜ੍ਹੇ ਹੋਣ-

ਤਾਂ, ਸੰਭਲ, ਸੰਭਲ ਕੇ
ਚੱਲਣ ਵਿੱਚ ਹੀ
ਤੁਹਾਡੀ ਬੇਹਤਰੀ ਹੈ

(ਮਾਲਟਨ, ਜਨਵਰੀ 24, 2014)
06/02/2014

Sukhinder, Editor : SANVAD, Box 67089, 2300 Yonge St.
Toronto ON M4P 1E0 Canada Tel. (416) 858-7077
poet_sukhinder@hotmail.com


ਸਾਇਮਾ ਅਲਮਾਸ ਮਸਰੂਰ
ਲਹੌਰ

ਖੂਬਸੂਰਤ ਗ਼ਜ਼ਲ ਵਰਗੀ
ਸਾਇਮਾਅਲਮਾਸ ਮਸਰੂਰ
ਸੁਖਿੰਦਰ

ਸ਼ਾਇਰਾ ਸਾਇਮਾਅਲਮਾਸ ਮਸਰੂਰ ਨੂੰ ਮਿਲੋ ਤਾਂ ਪਹਿਲੀ ਮਿਲਣੀ ਵਿੱਚ ਹੀ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਉਹ ਆਪਣੀਆਂ ਗ਼ਜ਼ਲਾਂ ਤੋਂ ਵੱਖਰੀ ਨਹੀਂ.
ਨ ਤਾਂ ਉਸ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਹੀ ਕੁਝ ਉਚੇਚ ਹੁੰਦਾ ਹੈ ਅਤੇ ਨ ਹੀ ਸਾਇਮਾਅਲਮਾਸ ਵਿੱਚ ਹੀ ਕੁਝ ਉਚੇਚ ਹੈ. ਖੁੱਲ੍ਹੇ ਸੁਭਾਅ ਵਾਲੀ, ਸਿੱਧੀ-ਸਾਦੀ, ਮਿਲਣਸਾਰ ਅਤੇ ਮੋਹ ਨਾਲ ਭਰੀ ਹੋਈ ਸਾਇਮਾਅਲਮਾਸ ਤੁਹਾਨੂੰ ਪਹਿਲੀ ਮਿਲਣੀ ਵਿੱਚ ਹੀ ਆਪਣੇ ਵੱਲ ਖਿੱਚ ਲੈਂਦੀ ਹੈ. ਆਪਣੀ ਖੂਬਸੂਰਤੀ ਅਤੇ ਨਿੱਘੇ ਸੁਭਾਅ ਕਾਰਨ ਉਹ ਪਲਾਂ ਛਿਣਾਂ ਵਿੱਚ ਹੀ ਤੁਹਾਡੀਆਂ ਯਾਦਾਂ ਦਾ ਹਿੱਸਾ ਬਣ ਜਾਂਦੀ ਹੈ. ਤੁਸੀਂ ਕੋਸਿ਼ਸ਼ ਕਰਨ ਦੇ ਬਾਵਜ਼ੂਦ ਵੀ ਉਸ ਨੂੰ ਸਹਿਜੇ ਹੀ ਭੁਲਾ ਨਹੀਂ ਸਕਦੇ.
ਕੁਝ ਇਸ ਤਰ੍ਹਾਂ ਦੇ ਹੀ ਸੁਭਾਅ ਵਾਲੇ ਸਾਇਮਾਅਲਮਾਸ ਮਸਰੂਰ ਦੀਆਂ ਗ਼ਜ਼ਲਾਂ ਦੇ ਸ਼ੇਅਰ ਹੁੰਦੇ ਹਨ. ਸਿੱਧੇ-ਸਾਦੇ, ਪਰ ਤੁਹਾਡੀ ਯਾਦ-ਸ਼ਕਤੀ ਦਾ ਸਹਿਜੇ ਹੀ ਹਿੱਸਾ ਬਣ ਜਾਣ ਵਾਲੇ. ਉਸ ਦੀਆਂ ਗ਼ਜ਼ਲਾਂ ਦੇ ਸ਼ੇਅਰ ਪੜ੍ਹਦਿਆਂ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਉਨ੍ਹਾਂ ਸਿੱਧੇ-ਸਾਦੇ ਸ਼ੇਅਰਾਂ ਰਾਹੀਂ ਸਾਇਮਾਅਲਮਾਸ ਸਿੱਧੀਆਂ-ਸਾਦੀਆਂ ਗੱਲਾਂ ਸਿੱਧੇ-ਸਾਦੇ ਸ਼ਬਦਾਂ ਰਾਹੀਂ ਕਰਦੀ ਹੈ. ਦੇਖੋ ਉਸਦੇ ਸ਼ੇਅਰਾਂ ਦੀ ਸਾਦਗੀ ਅਤੇ ਖੂਬਸੂਰਤੀ :

ਲੁਸ ਲੁਸ ਕਰਦੀ ਦਿਲ ਦੀ ਧਰਤੀ
ਤੂੰ ਆਵੇਂ ਜਲ ਥਲ ਹੋ ਜਾਵੇ

ਜਦ ਵੀ ਉਸ ਦੇ ਸੁਫਨੇ ਆਏ
ਸਾਰੀ ਰਾਤ ਜਗਾ ਕੇ ਲੰਘੇ

ਵੇਖ ਕੇ ਅਜ ਕੱਲ ਖਾਲੀ ਖੀਸਾ
ਹਰ ਕੋਈ ਅੱਖ ਬਚਾ ਕੇ ਲੰਘੇ

ਬੱਸ ਤੇਰਾ ਈ ਦਿਲ ਤੇ ਲਿਖਿਆ
ਉਂਜ ਤੇ ਹੋਰ ਬਥੇਰੇ ਨਾਂ

ਜੀ ਕਰਦਾ ਏ ਹੋਵਾਂ ਬਾਗੀ
ਤੈਨੂੰ ਰਾਤ ਦਾ ਮੈਂ ਮਹਿਮਾਨ ਕਰਾਂ

ਹੱਡਵਰਤੀ ਏ ਮਿਸਰਾ ‘ਤੇ ਨਹੀਂ
ਕਿ ਸਭ ਅੱਖਰ ਤੋਲ ਕੇ ਦੱਸਾਂ

ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਸ਼ਹਿਰ ਵਿੱਚ ਰਹਿ ਰਹੀ ਸਾਇਮਾਅਲਮਾਸ ਮਸਰੂਰ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਤਾਜ਼ਗੀ ਹੈ. ਉਸ ਦੇ ਸ਼ੇਅਰ ਬਿਨ੍ਹਾਂ ਸ਼ੋਰ-ਸ਼ਰਾਬਾ ਕੀਤੇ, ਮਲਕੜੇ ਜਿਹੇ, ਤੁਹਾਡੇ ਕੋਲ ਆਉਂਦੇ ਹਨ ਅਤੇ ਦੋਸਤੀ ਭਰਿਆ ਹੱਥ ਤੁਹਾਡੇ ਵੱਲ ਵਧਾ ਦਿੰਦੇ ਹਨ.
ਖੂਬਸੂਰਤ ਅੰਦਾਜ਼ ਵਾਲੀਆਂ ਗ਼ਜ਼ਲਾਂ ਲਿਖਣ ਵਾਲੀ ਸਾਇਮਾਅਲਮਾਸ ਮਸਰੂਰ ਦੇ ਗ਼ਜ਼ਲ ਸੰਗ੍ਰਹਿ ‘ਕੌਣ ਕਹਾਵੇ ਦੋ’ ਨੂੰ ਮੈਂ ਖੁਸ਼ਆਮਦੀਦ ਕਹਿੰਦਾ ਹਾਂ.
ਜਨਵਰੀ 12, 2014 -ਸੁਖਿੰਦਰ

ਪਾਕਿਸਤਾਨੀ ਪੰਜਾਬੀ ਸ਼ਾਇਰੀ :
ਸਾਇਮਾ ਅਲਮਾਸ ਮਸਰੂਰ ਦੀਆਂ ਚਾਰ ਗ਼ਜ਼ਲਾਂ

ਗ਼ਜ਼ਲ
ਸਾਇਮਾ ਅਲਮਾਸ ਮਸਰੂਰ

ਸੁਖਿੰਦਰ ਅਤੇ ਸਾਇਮਾ

ਉਹਦੀ ਮੇਰੀ ਗੱਲ ਹੋ ਜਾਵੇ
ਕੁਝ ਤਬੀਅਤ ਵੱਲ ਹੋ ਜਾਵੇ

ਉਹਨੇ ਮੇਰਾ ਹੋਣਾ ਈ ਏ
ਅੱਜ ਹੋ ਜਾਵੇ, ਕੱਲ੍ਹ ਹੋ ਜਾਵੇ

ਅੱਖਾਂ ਦੀ ਜੇ ਗੱਲ ਉਹ ਸਮਝੇ
ਦਿਲ ਦਾ ਮਸਲਾ ਹੱਲ ਹੋ ਜਾਵੇ

ਮੇਰੇ ਦਿਲ ਵਿੱਚ ਆਵੇ ਜਦ ਉਹ
ਰੱਬਾ ! ਦਿਲ ਦਲ-ਦਲ ਹੋ ਜਾਵੇ

ਲੁਸ ਲੁਸ ਕਰਦੀ ਦਿਲ ਦੀ ਧਰਤੀ
ਤੂੰ ਆਵੇਂ ਜਲ ਥਲ ਹੋ ਜਾਵੇ

ਸਭ ਅਲਮਾਸ ਮੈਂ ਛੱਡ ਸਕਣੀ ਆਂ
ਉਹ ਜੇ ਮੇਰੇ ਵੱਲ ਹੋ ਜਾਵੇ

ਗ਼ਜ਼ਲ
ਸਾਇਮਾ ਅਲਮਾਸ ਮਸਰੂਰ

ਚੁੰਨੀ ਦਾ ਮੈਂ ਜਾਲ ਬਣਾ ਕੇ ਵੇਖ ਲਿਆ ਏ
ਉਹਦੇ ਸੌ ਸੌ ਤਰਲੇ ਪਾ ਕੇ ਵੇਖ ਲਿਆ ਏ

ਉਹਦੀ ਕੰਡ ਸੀ ਨਾਲੇ ਹਾਸੇ ਡੁਲ੍ਹਦੇ ਸਨ
ਮੈਂ ਵੀ ਕੱਚੇ ਘੜੇ ਤੇ ਜਾ ਕੇ ਵੇਖ ਲਿਆ ਏ

ਜਿੰਨ, ਚੁੜੇਲ ਤੇ ਭੂਤ ਡਰਾਮਾ ਕਰ ਕੇ ਮੈਂ
ਰੌਲਾ ਪਾ ਕੇ, ਚੰਮ ਲੁਹਾ ਕੇ ਵੇਖ ਲਿਆ ਏ

ਪੋਹ ਦੇ ਚੰਨ ਨੂੰ ਤੱਕਣਾ ਸੌਖਾ ਕੰਮ ਤੇ ਨਹੀਂ
ਖੁੱਲ੍ਹੇ ਘਰ ਦੀ ਛੱਤ ਤੇ ਜਾ ਕੇ ਵੇਖ ਲਿਆ ਏ

ਲੀਕੋ ਲੀਕੀ ਮੱਥਾ ਖੱਪਾਂ ਪਾ ਦਿੰਦਾ ਏ
ਚੁੱਪ ਦੇ ਅੰਦਰ ਭੇਦ ਲੁਕਾ ਕੇ ਵੇਖ ਲਿਆ ਏ

ਉੱਚੀ ਬੋਲਿਆਂ ਲੋਕੀਂ ਪਾਗ਼ਲ ਕਹਿੰਦੇ ਨੇ
ਧੜਕਣ ਨੂੰ ਆਵਾਜ਼ ਬਣਾ ਕੇ ਵੇਖ ਲਿਆ ਏ

ਮੇਰੇ ਤੇ ਅਲਮਾਸ ਬਸ਼ਾਰਤ ਉਤਰੇਗੀ
ਅੱਖਾਂ ਦੇ ਵਿੱਚ ਯਾਰ ਵਸਾ ਕੇ ਵੇਖ ਲਿਆ ਏ

ਗ਼ਜ਼ਲ
ਸਾਇਮਾ ਅਲਮਾਸ ਮਸਰੂਰ

ਆਉਣ ਲੱਗ ਪਈਆਂ ਨੇ ਸੰਗਾਂ ਤੇਰੇ ਕੋਲੋਂ
ਇਸ ਤੋਂ ਵੱਧ ਮੈਂ ਹੋਰ ਕੀ ਮੰਗਾਂ ਤੇਰੇ ਕੋਲੋਂ

ਡਰਨੀ ਆਂ ਕਿ ਵੀਣੀ ਦਾਗ਼ੀ ਹੋ ਨਾ ਜਾਵੇ
ਕਸਮੇ ਨਹੀਂ ਬਚਾਉਂਦੀ ਵੰਗਾਂ ਤੇਰੇ ਕੋਲੋਂ

ਮੇਰੇ ਆਲੇ ਦੁਆਲੇ ਜਿਸਰਾਂ ਭੌਣਾ ਐਂ
ਲਗਦਾ ਏ ਸਿੱਖਿਆ ਵੱਲ ਪਤੰਗਾਂ ਤੇਰੇ ਕੋਲੋਂ

ਵੇਖ ਲਵੇਂ ਤੇ ਪੈਰ ਈ ਪੁੱਟਿਆ ਜਾਂਦਾ ਨਹੀਂ
ਜੀਅ ਕਰਦਾ ਏ ਡਰ ਕੇ ਲੰਘਾਂ ਤੇਰੇ ਕੋਲੋਂ

ਮੋੜੀਂ ਨਾ ਤੂੰ ਖ਼ੈਰ ਪਿਆਰ ਦੀ ਮੰਗੀ ਏ
ਅਲਮਾਸ ਦੀ ਚੁੰਨੀ ਦੇ ਰੰਗਾਂ ਤੇਰੇ ਕੋਲੋਂ

ਗ਼ਜ਼ਲ
ਸਾਇਮਾ ਅਲਮਾਸ ਮਸਰੂਰ

ਤੈਨੂੰ ਜਿੱਤਦੀ ਜਿੱਤਦੀ, ਹਾਰ ਗਈ
ਕਰ ਅੱਗ ਸਮੁੰਦਰ ਪਾਰ ਗਈ

ਤੇਰੇ ਵਰਗਾ ਖ਼ਵਰੇ ਮਿਲ ਜਾਵੇ
ਮੈਂ ਲੱਭਦੀ ਮਿਸਰ ਬਾਜ਼ਾਰ ਗਈ

ਚੰਗਾ ਸਾਵਣ ਚੜ੍ਹਿਆ ਏ
ਹੋ ਨੀਂਦਰ ਤਾਰੋ ਤਾਰ ਗਈ

ਕੋਈ ਮੰਜ਼ਰ ਅੱਖੀਂ ਜਚਦਾ ਨਹੀਂ
ਕਰ ਜਦ ਦੀ ਅੱਖੀਆਂ ਚਾਰ ਗਈ

ਉਹ ਅੱਖ ਸੁਲੱਖਣੀ ਭੁੱਲਦੀ ਨਹੀਂ
ਜੋ ਕਰ ਕੇ ਦਿਲ ਤੇ ਵਾਰ ਗਈ

ਅਲਮਾਸ ਕਿਸੇ ਦੀ ਉਲਫ਼ਤ ਵਿੱਚ
ਬਣ ਵੇਲੇ ਦਾ ਸ਼ਾਹਕਾਰ ਗਈ

Saimaalmas Masroor
House #E142, Street#05
Gulshan Ali Colony, New Airport Road
Lahore Cantt., Pakistan
Cell. 011-92-312-428-8654
06/02/2014


ਸਤਿਪਾਲ ਸਿੰਘ ਡੁਲ੍ਹਕੂ

ਬੇਲੋੜੀ ਚੀਜ਼
ਸਤਿਪਾਲ ਸਿੰਘ ਡੁਲ੍ਹਕੂ

ਰਸਮੀ ਜਿਹਾ ਚੁੰਮਣ
ਝੂਠੀ ਜਿਹੀ ਮੁਸਕਾਨ
ਮਿਲਣ ਆਉਣ ਦਾ
ਛਿੱਥਾ ਜਿਹਾ ਵਾਅਦਾ
ਤੇ ਝੁਕੀਆਂ ਨਜ਼ਰਾਂ ਨਾਲ
ਝੱਟ ਕਾਰ ਵਿੱਚ ਜਾ ਬੈਠੇ
ਉਸਦੇ ਪੁੱਤ , ਬਹੂ ਤੇ ਪੋਤਾ ।
ਤੇ ਉਹ
ਬਿਰਧ ਆਸ਼ਰਮ ਦੇ
ਦਰਵਾਜ਼ੇ ਵਿੱਚ ਖਲੋਤਾ
ਸੇਜਲ ਅੱਖੀਆਂ
ਕੰਬਦੇ ਹੱਥ
ਉਦਾਸ ਚਿਹਰੇ ਨਾਲ
ਤੱਕਦਾ ਰਿਹਾ
ਉਨ੍ਹਾਂ ਦੀ ਵਾਪਸ ਜਾਂਦੀ ਕਾਰ ਵਲ ।

ਬਿਸਤਰ ਵਿੱਚ
ਅਰਧ ਸੁੱਤੀ ਅਵਸਥਾ ।
ਮਨ ਵਿੱਚ ਮੰਡਲਾਂਉਂਦੇ
ਸੋਚਾਂ ਦੇ ਬੱਦਲ ।
ਦਿੱਲ ਚੀਰਦੀ ਇਕੱਲਤਾ
ਨਿਰਾਸ਼ਾ ਤੇ ਬੇਬਸੀ ਵਿੱਚ
ਦਮ ਤੋੜਦੇ ਅਰਮਾਨਾਂ ਸੰਗ
ਜ਼ਖਮੀ ਹੋਇਆ ਸਵੈਮਾਨ ।

ਪਰਦਿਆਂ ਦੀਆਂ
ਝੀਥਾਂ ਵਿੱਚੋਂ ਝਾਕਦੀ
ਚੰਨ ਦੀ ਚਾਨਣੀ ਵਿੱਚ
ਆਪਣੇ ਖੁਰਦਰੇ ਹੱਥਾਂ ਨਾਲ
ਚਿਹਰੇ ਦੀਆਂ ਝੁਰੜੀਆਂ ਵਿੱਚੋਂ
ਉਹ ਲੱਭਦਾ ਰਿਹਾ
ਆਪਣਾ ਬਚਪੰਨ ਅਤੇ
ਗੁਆਚੀ ਹੋਈ ਜਵਾਨੀ ।

ਫੇਰ ਅਚਾਨਕ ਹੀ
ਯਾਦ ਉਸ ਗਾਰਡਨ-ਸ਼ੈੱਡ ਦੀ ।
ਉਸ ਵਿੱਚ ਸੁੱਟੀਆਂ
ਉਨ੍ਹਾਂ ਸੱਭ ਵਸਤਾਂ ਦੀ ।

ਜੋ ਕਦੇ
ਖਰੀਦੀਆਂ ਸਨ
ਬੜੇ ਹੀ ਚਾਵਾਂ ਨਾਲ
ਉਸਨੇ ਤੇ ਉਸਦੀ
ਸਵਰਗਵਾਸੀ ਪਤਨੀ ਨੇ ।
ਤੇ ਹੁਣ
ਸੁੱਟ ਦਿੱਤੀਆਂ ਸਨ
ਘਰ ਤੋਂ ਬਾਹਰ
ਗਾਰਡਨ-ਸ਼ੈੱਡ ਵਿੱਚ
ਉਸਦੇ ਪੁੱਤ ਅਤੇ ਬਹੂ ਨੇ ।

ਫੇਰ
ਉਸਨੂੰ ਲੱਗਾ ਕਿ ਜਿਵੇਂ
ਉਸਨੂੰ ਵੀ ਅੱਜ
ਸੁੱਟ ਗਏ ਨੇ ਉਹ
ਕਿਸੇ ਗਾਰਡਨ-ਸ਼ੈੱਡ ਵਿੱਚ ।
ਇੱਕ ਪੁਰਾਣੀ , ਫ਼ਾਲਤੂ
ਤੇ ਬੇਲੋੜੀ ਚੀਜ਼ ਵਾਂਗ ।

28/01/2014

ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ

ਕਿੱਥੇ ਪੀਤੀ, ਕਦੋਂ ਪੀਤੀ, ਕਿੰਨੀ ਪੀਤੀ ।
ਬਸ ਏਨਾ ਹੀ ਪਤਾ ਕਿ ਬਹੁਤ ਪੀਤੀ ।

ਤੂੰ ਕੀ ਜਾਣੇ ਜ਼ਾਲਮ ਕਿ ਤੇਰੇ ਬਿਨਾਂ ,
ਏਸ ਅੱਥਰੇ ਦਿੱਲ ਤੇ, ਕੀ ਕੀ ਬੀਤੀ ।

ਤੇਰੇ ਦਿੱਲ ਦੀਆਂ ਤਾਂ, ਤੂੰਹੀਉਂ ਜਾਣੇ ,
ਅਸੀਂ ਤਾਂ ਕੀਤੀ, ਸਿਰਫ ਵਫ਼ਾ ਕੀਤੀ ।

ਤੇਰੀ ਯਾਦ , ਜਦੋਂ ਦੀ ਮਹਿਮਾਨ ਬਣੀ ,
ਅਸੀਂ ਹਰ ਸ਼ਾਮ , ਤੇਰੇ ਨਾਮ ਕੀਤੀ ।

ਮੂੰਹ ਮੁਲ੍ਹਾਜ਼ੇ ਵੀ ਤਾਂ , ਰੱਖਣੇ ਹੁੰਦੇ ,
ਜਿੰਨੀ ਅੱਜ ਪੀਤੀ, ਯਾਰਾਂ ਨਾਲ ਪੀਤੀ ।

ਆਪਣਿਆਂ ਤੋਂ ਯਾਰੋ,ਕਾਹਦਾ ਉਹਲਾ ,
ਅਸੀਂ ਜਦੋਂ ਪੀਤੀ , ਸ਼ਰ੍ਹੇਆਮ ਪੀਤੀ ।

ਕਿਤੇ ਹੋ ਨਾ ਜਾਏ , ਕੋਈ ਸ਼ਾਮ ਉਦਾਸ ,
ਅਸੀਂ ਹਰ ਸ਼ਾਮ , ਸ਼ਾਮ-ਏ ਜਾਮ ਕੀਤੀ ।

28/01/2014

 

ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ

ਚੱਲ ਦਿਲਾ ਵੇ ਟੁਰਦਾ ਚੱਲ ।
ਤੱਕਦਾ ਆਪਣੀ ਮੰਜ਼ਲ ਵਲ ।

ਪਿੱਛੇ ਪਰਤ ਹੁਣ ਨਾ ਤੱਕੀਂ ।
ਭੁੱਲ ਜਾਵੀਂ ਜੋ ਹੋਇਆ ਕੱਲ੍ਹ ।

ਕਿਸੇ ਦੇ ਉੱਤੇ ਕਾਹਦਾ ਰੋਸਾ ,
ਮੁਕੱਦਰ ਨਹੀਂ ਜੇ ਆਪਣੇ ਵਲ ।

ਉੱਤੋਂ ਜਿਹੜੇ ਪਿਆਰ ਜਤਾਂਦੇ ,
ਉਹ ਵੀ ਕਰਦੇ ਅੰਦਰੋਂ ਛਲ ।

ਜਦ ਵੀ ਚੰਦਰੀ ਯਾਦ ਸਤਾਂਦੀ ,
ਬਲ ਬਲ ਉੱਠਦੇ ਸੀਨੇ ਸੱਲ ।

ਰੋਸੇ, ਗਿਲ਼ੇ, ਉਲ੍ਹਾਮੇ, ਸਿ਼ਕਵੇ ,
ਇਹ ਤਾਂ ਆਪਣੇ ਘਰ ਦੀ ਗੱਲ ।

ਜਿ਼ੰਦਗੀ ਦੇ ਸੱਭ ਤੋਂ ਵਡਮੁੱਲੇ ,
ਸੱਜਣਾਂ ਸੰਗ ਮਾਣੇ ਕੁੱਝ ਪੱਲ ।

ਦੂਰ ਦੁਰਾਡੇ ਬੈਠਿਆ ਵੇ ਯਾਰਾ ,
ਕਦੇ ਤਾਂ ਸੁੱਖ ਸੁਨੇਹੜਾ ਘੱਲ ।

28/01/2014

ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ

ਦਿੱਲ ਹੈ ਜੇ ਕਾਬੂ ਤਾਂ ਦਿੱਲ ਮੰਦਰ ਹੈ ।
ਬੇਕਾਬੂ ਦਿੱਲ ਹੁੰਦਾ ਨਿਰਾ ਕਲੰਦਰ ਹੈ ।

ਠੀਕ ਜਿਸਦੇ ਦਿੱਲ, ਨਜ਼ਰ ਤੇ ਦਿਮਾਗ ,
ਉਹ ਮਾਨਵ ਜਿੰਦਗੀ ਦਾ ਸਿਕੰਦਰ ਹੈ ।

ਸੱਚ, ਸਾਹਸ ਅਤੇ ਨੇਕ ਨੀਯਤ ਨਾਲ ,
ਜਿ਼ੰਦਗੀ ਹਰ ਐਬ ਤੋਂ ਸੁਤੰਤਰ ਹੈ ।

ਜਿਸ ਵਿੱਚ ਹਰ ਨਿਹਮਤ ਦੁਨੀਆਂ ਦੀ ,
ਪਿਆਰ ਹੀ ਅਜਿਹਾ ਇੱਕ ਸਮੂੰਦਰ ਹੈ ।

ਕਰੇ ਗੱਦਾਰੀ ਜਿਹੜਾ ਧਰਤੀ ਮਾਂ ਨਾਲ ,
ਉਸਦਾ ਤਾਂ ਇਲਾਜ਼ ਕੇਵਲ ਖੰਜਰ ਹੈ ।

ਦਿਨ ਦਿਹਾੜੇ ਕਤਲ ਕਰੇ ਜੋ ਮਾਨਵਤਾ ,
ਬਦਕਾਰ,ਬੇਗ਼ੈਰਤ ਦਰਿੰਦਾ ਪਿੰਜਰ ਹੈ ।

ਜਿੰਦਗੀ ਦੀਆਂ ਔਕੜਾਂ ਤੋਂ ਡਰਨਾ ਕਿਉਂ ,
ਬਾਹਰ ਕੱਢੋ ਜੋ ਵੀ ਡਰ ਦਿੱਲ ਅੰਦਰ ਹੈ ।

28/01/2014

 

ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ

ਐਵੈਂ ਘੂਰ ਘੂਰ ਨਾ ਤੱਕਿਆ ਕਰ ।
ਕਦੇ ਸਾਡਾ ਦਿੱਲ ਵੀ ਰੱਖਿਆ ਕਰ ।

ਕੁੱਝ ਸਾਡੇ ਦੂੱਖ ਸੁਖ ਸੁਣਿਆ ਕਰ ,
ਕੁੱਝ ਆਪਣੇ ਦਿੱਲ ਦੀ ਦੱਸਿਆ ਕਰ ।

ਜਰਾ ਪਿਆਰ ਗੂਹੜਾ ਕਰਨੇ ਲਈ ,
ਕਦੇ ਮੰਨਿਆਂ ਤੇ ਕਦੇ ਰੁੱਸਿਆ ਕਰ ।

ਅੱਖੀਆਂ ਨੇ ਸੱਭ ਕੁੱਝ ਦੱਸ ਦੇਣਾ ,
ਬੁੱਲ੍ਹੀਆਂ ਵਿੱਚ ਹੀ ਹੱਸਿਆ ਕਰ ।

ਦੁਨੀਆਂ ਦੀ ਕੋਈ ਪ੍ਰਵਾਹ ਨਾ ਕਰ ,
ਆਪਣੇ ਹੀ ਦਿੱਲ ਨੂੰ ਪੁੱਛਿਆ ਕਰ ।

ਕਦੇ ਦਿੱਲ ਆਪਣਾ ਪ੍ਰਚਾਇਆ ਕਰ ,
ਐਵੇਂ ਸੋਚਾਂ ਵਿੱਚ ਨਾ ਫਸਿਆ ਕਰ ।

ਏਦਾਂ ਹਾਸੇ ਖੁਸ਼ੀਆਂ ਵੰਡਦੇ ਹੀ ,
ਡੁਲ੍ਹਕੂ ਦੇ ਦਿੱਲ ਵਿੱਚ ਵਸਿਆ ਕਰ ।

28/01/2014

 

ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ

ਕੋਈ ਆਪਣਾ ਹੁੰਦੇ ਹੋਏ ਵੀ, ਆਪਣਾ ਨਹੀਂ ਹੁੰਦਾ ।
ਕੋਈ ਆਪਣਾ ਬਣ ਜਾਂਦਾ, ਜੋ ਆਪਣਾ ਨਹੀਂ ਹੁੰਦਾ ।

ਕੇਵਲ ਰਿਸ਼ਤਿਆਂ ਸਦਕੇ, ਜਿੰਦਗੀ ਨਹੀਂ ਚਲਦੀ,
ਤੇ ਉੱਤਮ ਜੀਣਾ, ਰਿਸ਼ਤੇ ਤਿਆਗਣਾ ਨਹੀਂ ਹੁੰਦਾ ।

ਚੇਤਨ ਮਨ ਲਈ ਜ਼ਰੂਰੀ, ਉਸਦਾ ਜਾਗਦੇ ਰਹਿਣਾ,
ਸਿਰਫ਼ ਨੀਂਦਰ ਤੋਂ ਜਾਗਣਾ, ਜਾਗਣਾ ਨਹੀਂ ਹੁੰਦਾ ।

ਮਦਦ ਕਰੋ, ਤਾਂ ਜ਼ਰੂਰ, ਕਿਸੇ ਮੁਫ਼ਲਸ ਦੀ ਕਰੋ ,
ਪਰ ਮਦਦ ਕਰਨਾ, ਅਹਿਸਾਨ ਥਾਪਣਾ ਨਹੀਂ ਹੁੰਦਾ ।

ਕਿਸੇ ਨੂੰ ਜਾਨਣਾ ਹੈ ਤਾਂ, ਅੱਖਾਂ ਮਨ ਦੀਆਂ ਖੋਲ੍ਹੋ,
ਸੌਖਾ ਕਿਸੇ ਦੀ ਖ਼ਸਲਤ ਨੂੰ, ਜਾਨਣਾ ਨਹੀਂ ਹੁੰਦਾ ।

ਕੰਨ ਅੱਗੇ ਤੋਂ ਫੜੇ, ਭਾਂਵੇ ਕੋਈ ਪਿੱਛੇ ਤੋਂ ਫੜੇ,
ਝੂਠ ਕੋਲੋਂ, ਸੱਚ ਦਾ, ਕਦੇ ਸਾਮ੍ਹਣਾ ਨਹੀਂ ਹੁੰਦਾ ।

ਗੱਲ ਇਤਿਹਾਸ ਦੀ , ਜਾਂ ਮਿਥਿਹਾਸ ਦੀ ਹੋਵੇ,
ਮੁਸੀਬਤ ਵੇਲੇ ਕਦੇ ਕੋਈ ,ਆਪਣਾ ਨਹੀਂ ਹੁੰਦਾ ।

15-1-2014

ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ

ਇਸ਼ਕ ਦੀ ਬੇੜੀ , ਸੌਖੀ ਬੰਨੇ ਲਗਦੀ ਨਹੀਂ ।
ਬਿਰਹੋਂ ਦੇ ਵਿੱਚ, ਤਾਂਘ ਵਸਲ ਦੀ ਤਜਦੀ ਨਹੀਂ ।

ਪਿਆਰ ਆਪਣੇ ਰੰਗ ਵਿੱਚ, ਸੱਭ ਨੂੰ ਰੰਗ ਜਾਂਦਾ,
ਮੁਹੱਬਤ ਵੰਡਣ ਨਾਲ, ਮੁਹੱਬਤ ਘਟਦੀ ਨਹੀਂ ।

ਮੇਲ ਜਦਾਈ, ਗ਼ਮੀਂ ਖੁਸ਼ੀ, ਦੁੱਖ ਦਰਦ ਬਿਨਾਂ,
ਜ਼ਿੰਦਗੀ ਦੀ ਨੁਹਾਰ, ਅਸਲੀ ਲਗਦੀ ਨਹੀਂ ।

ਉਸੇ ਅੱਖ ਵਿੱਚ ਘੱਟਾ ਪਾ, ਉਸ ਕੀ ਖੱਟਿਆ,
ਤੱਕਦੀ ਉਸਦਾ ਰਾਹ, ਕਦੇ ਜੋ ਥੱਕਦੀ ਨਹੀਂ ।

ਔਖਾ ਸੌਖਾ, ਦਿੱਲ ਅਥਰਾ ਵੀ ਸਮਝ ਗਿਆ,
ਕਿ ਟੁੱਟੀ ਪੱਤੀ, ਮੁੜ ਟਾਹਣੀ ਤੇ ਲਗਦੀ ਨਹੀ ।

ਏਦਾਂ ਦਿੱਲ ਨੇ ਸਾਂਭੀਆਂ, ਕੁੱਝ ਮਿੱਠੀਆਂ ਯਾਦਾਂ,
ਜੁਦਾਈ ਹੁੰਦਿਆਂ ਵੀ, ਜੁਦਾਈ ਲਗਦੀ ਨਹੀਂ।

ਉਸ ਬੇਵਫ਼ਾ ਨੂੰ, ਦੁਰ-ਅਸੀਸ ਵੀ ਕਿੰਝ ਦਿਆਂ,
ਆਪਣੀ ਲੱਤ, ਆਪਣੇ ਹੀ ਢਿੱਡ ਵਿੱਚ ਵੱਜਦੀ ਨਹੀਂ ।

21/01/2014

ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ

ਝੂਮਦੀ ਜਦ ਵੇਖੀ, ਟਾਹਣੀ ਗੁਲਾਬ ਦੀ ।
ਯਾਦ ਆ ਗਈ, ਅੰਗੜਾਈ ਜਨਾਬ ਦੀ ।

ਮਚਲਦਾ ਹੈ ਗੀਤ, ਹੁਣ ਗੁਣਗੁਣਾਨ ਲਈ,
ਕਿਤੋਂ ਛੇੜ ਤਾਰ ਕੋਈ, ਦਿਲੇ-ਰਬਾਬ ਦੀ ।

ਮਹਿਫ਼ਲ ਤੇਰੀ ਸਦਾ, ਦਿਲ ਮਾਨਣਾ ਲੋਚੇ,
ਡਰਦਾ ਹਾਂ, ਬਣ ਨਾ ਜਾਂ, ਹੱਡੀ ਕਬਾਬ ਦੀ ।

ਜਿਸ ਉੱਤੇ ਪ੍ਰੀਤ ਦੇ, ਦੋ ਹਰਫ਼ ਤੂੰ ਝਰੀਟੇ,
ਮੁਕੱਦਸ ਹੈ ਮੇਰੀ, ਉਹ ਥਾਂਹ ਕਿਤਾਬ ਦੀ ।

ਮੁੱਦਤ ਹੋਈ ਪਾਇਆਂ, ਸਵਾਲ ਇੱਕ ਤੈਨੂੰ,
ਉਡੀਕ ਰਹੇਗੀ ਹਮੇਸ਼ਾ, ਤੇਰੇ ਜਵਾਬ ਦੀ ।

ਸਬਰ ਵੇਖ਼ਣਾ ਮੇਰਾ, ਜੇਰਾ ਬੁਲੰਦ ਰੱਖੀਂ,
ਕਰ ਸਕਦਾਂ ਇੰਤਜ਼ਾਰ, ਪੂਰੀ ਸ਼ਤਾਬਦੀ ।

ਦੋ ਸ਼ਬਦ ਪ੍ਰੀਤ ਦੇ, ਡਲ੍ਹਕੂ ਨੂੰ ਲੁੱਟ ਲੈਂਦੇ,
ਰਹੇ ਉਸਨੂੰ ਕਦਰ, ਹੁਸਨ ਤੇ ਸ਼ਬਾਬ ਦੀ ।

21/01/2014

ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ

ਦਿੱਲ ਦੀ ਗੱਲ, ਹੋਠਾਂ ਤੇ ਰਹਿ ਗਈ ।
ਇੱਕ ਖ਼ਾਮੋਸ਼ੀ, ਸੱਭ ਕੁੱਝ ਕਹਿ ਗਈ ।

ਕੰਡਿਆਂ ਦੀ ਉਹ, ਗੱਲ ਕਿਉਂ ਸੁਣਦੀ
ਤਿੱਤਲੀ ਸੀ, ਕਿਸੇ ਫੁੱਲ ਤੇ ਬਹਿ ਗਈ ।

ਪਰਬਤ, ਟਿੱਲੇ, ਰਾਹ ਰੋਕਦੇ ਰਹਿ ਗਏ
ਬੇਖ਼ੌਫ਼ ਨਦੀ, ਹਿੱਕ ਚੀਰ ਕੇ ਵਹਿ ਗਈ ।

ਟੁੱਟ ਗਏ ਅੱਧਵਾਟੇ, ਕਈਆਂ ਦੇ ਸੁਪਨੇ
ਸੰਧੂਰ ਦੀ ਚੁਟਕੀ, ਹੱਥ ਵਿੱਚ ਰਹਿ ਗਈ ।

ਗੈ਼ਰਤ , ਅਣਖ, ਨਿਡਰਤਾ ਦੇ ਸਾਹਵੇਂ
ਝੂਠੀ ਮਰਿਯਾਦਾ ਦੀ, ਕੰਧ ਢਹਿ ਗਈ ।

ਝੁੱਗੀਆਂ ਤੋਂ ਜਦ ਵੀ, ਉੱਠੀ ਬਗ਼ਾਵਤ
ਉੱਚਿਆਂ ਮਹਿਲਾਂ ਦੀ, ਪੱਤ ਲਹਿ ਗਈ ।

ਝੂਮ ਕੇ ਉਸ ਨੇ, ਜਦ ਲਈ ਅੰਗੜਾਈ
ਬੁੱਢੀ ਅੱਖ ਵੀ, ਖੁੱਲ੍ਹੀ ਹੀ ਰਹਿ ਗਈ ।

ਘੁੱਗ ਮਸਤੀ ਵਿੱਚ, ਰਹਿ ਤੂੰ ਮਿੱਤਰਾ
ਜਾਣ ਲੱਗੀ, ਡੁਲ੍ਹਕੂ ਨੂੰ ਕਹਿ ਗਈ ।

ਜੂਨ, 2012

20/01/2014

ਨਾਨਕ ਦੀ ਬਾਣੀ
ਸਤਿਪਾਲ ਸਿੰਘ ਡੁਲ੍ਹਕੂ

ਸਰਬੱਤ ਦਾ ਭਲਾ ਮੰਗਦੀ , ਜੋ ਨਾਨਕ ਦੀ ਬਾਣੀ ।
ਉਹ ਗੁਰਬਾਣੀ ਕਰੋ ਨਾ , ਸਰਬੱਤ ਲਈ ਬੇਗਾਨੀ ।

ਕਿੰਨੇ ਰਹਿਬਰ ਉਨ੍ਹਾਂ ਵਿੱਚੋਂ, ਸਿੰਘ ਸਨ ਅਖਵਾਂਦੇ ,
ਗੁਰੁ ਗ੍ਰੰਥ ਦੀ ਜਾਨ ਹੈ , ਜਿਨ੍ਹਾਂ ਦੀ ਰੱਬੀ ਬਾਣੀ ।

ਜਿੱਥੇ ਜਾਇ ਬਹੇ ਮੇਰਾ ਸਤਿਗੁਰੂ ਸੋਈ ਥਾਂ ਸੁਹਾਵਾ,
ਥਾਵਾਂ ਦੀਆਂ ਪਾਬੰਦੀਆਂ ਇਸ ਸੱਚ ਦੀ ਸ਼ਾਨ ਘਟਾਣੀ ।

ਕੋਈ ਮਾਨਵ ਕੋਈ ਸਥਾਨ ਸੱਖਣਾ ਨਹੀਂ ਉਸ ਬਾਝੋਂ ,
ਕਣ ਕਣ ਵਿੱਚ ਵਿਧਾਤਾ ਵਸਦਾ ਦੱਸਦੀ ਹੈ ਗੁਰਬਾਣੀ ।

ਵਿੱਚ ਦਰਬਾਰ ਕਿਸੇ ਆਏ ਨੂੰ, ਗੁਰੂਆਂ ਨੇ ਠੁਕਰਾਇਆ ,
ਸਿੱਖ ਇਤਿਹਾਸ ਵਿੱਚ ਅਜਿਹੀ ਮਿਲੇ ਨਾ ਕੋਈ ਕਹਾਣੀ ।

ਆਪ ਉੱਠ ਦਸਮੇਸ਼ ਨੇ ਸੀਨੇ ਨਾਲ ਘਨਈਆ ਲਾਇਆ ,
ਗ਼ੈਰ-ਸਿੱਖ ਜਿਸ ਹੱਥੋਂ ਜੰਗ ਵਿੱਚ ਪੀ ਰਹੇ ਸਨ ਪਾਣੀ ।

ਸੱਭੇ ਸਾਂਝੀਵਾਲ ਸਦਾਇਨ ਇਸ ਗੁਰਬਾਣੀ ਸਦਕੇ
ਗੁਰੁ ਗ੍ਰੰਥ ਦੀ ਬਾਣੀ ਤਾਂ ਸੱਭ ਸ੍ਰਸਿ਼ਟੀ ਦੀ ਕਲਿਆਣੀ ।

ਸਿੱਖ ਧਰਮ ਦੇ ਠੇਕੇਦਾਰੋ , ਆਪਣੇ ਅੰਦਰ ਵੀ ਝਾਤੀ ਮਾਰੋ ,
ਗੁਰੂ ਸਾਹਿਬਾਨ ਦੇ ਮਕਸਦ ਉੱਤੇ ਛੱਡ ਦਿਉ ਫੇਰਨਾ ਪਾਣੀ ।

20/01/2014

ਗਜ਼ਲ
ਸਤਿਪਾਲ ਸਿੰਘ ਡੁਲ੍ਹਕੂ

ਉਹ ਮਿਲੇਗਾ ਕਿਵੇਂ, ਜਿਸਦਾ ਰੂਪ ਨਾ ਆਕਾਰ ।
ਉਹਦੀ ਲੱਭਣੀ ਜੇ ਹੋਂਦ, ਝਾਤੀ ਦਿੱਲ ਵਿੱਚ ਮਾਰ ।

ਕਾਇਨਾਤ ਵਿੱਚ ਰਹਿੰਦਾ, ਬਣਕੇ ਮਧੁਰ ਸੰਗੀਤ ,
ਸੁਣਕੇ ਵੇਖ ਤੜਕ ਸਾਰ, ਪੰਛੀਆਂ ਦੀ ਚਹਿਕਾਰ ।

ਉਸਦਾ ਚੜ੍ਹਦੀ ਸਵੇਰ, ਕਿਸੇ ਵੇਖਣਾ ਜੇ ਰੂਪ ,
ਕਰੇ ਮਮਤਾ ਦੀ ਮੂਰਤ, ਕਿਸੇ ਮਾਂ ਦਾ ਦਿਦਾਰ ।

ਵੇਖਣਾ ਜੇ ਦਿਨ ਵੇਲੇ, ਉਸਨੂੰ ਖੇਤਾਂ ਵਿੱਚ ਵੇਖ ,
ਹੁੰਦਾ ਉਸਦਾ ਹੀ ਰੂਪ, ਅੰਨਦਾਤਾ ਜਿ਼ਮੀਂਦਾਰ ।

ਮੈਖ਼ਾਨੇ ਵਿੱਚ ਮਾਣੇ, ਹਰ ਸ਼ਾਮ ਉਹ ਸੁਹਾਣੀ,
ਕਰੇ ਰਿੰਦਾਂ ਦੀ ਖ਼ੁਮਾਰੀ, ਉਹਦੀ ਹੋਂਦ ਸਾਕਾਰ ।

ਉਹ ਤਾਂ ਆਪ ਹੈ ਅਜੂਨੀ, ਦਿੰਦਾ ਡਰ ਨਾ ਸਜਾ ,
ਤੈਨੂੰ ਦਿੰਦਾ ਉਹਦਾ ਡਰ, ਤੇਰਾ ਆਪਣਾ ਕਿਰਦਾਰ ।

ਏਸ ਜੱਗ ਵਿੱਚ ਤੈਨੂੰ , ਜੇ ਭੇਜਿਆ ਹੀ ੳੇੁਸਨੇ ,
ਤੈਨੂੰ ਜੰਨਤ ਦੀ ਕੀ ਲੋੜ, ਛੱਡਕੇ ਉਸਦਾ ਸੰਸਾਰ ।

ਜੇ ਅੰਤ ਵਿੱਚ ਡੁਲ੍ਹਕੂ, ਸੱਭ ਨੇ ਜਾਣਾ ਉਸਦੇ ਕੋਲ ,
ਤੂੰ ਵੀ ਕਰ ਲਵੀਂ ਉਦੋਂ, ਉਹਦਾ ਰੱਜ ਕੇ ਦਿਦਾਰ ।

20/01/2013


ਵਿਵੇਕ ਕੁਮਾਰ
ਮੋਗਾ

ਬਾਲ ਗੀਤ….
ਪੁਸਤਕ ਕਹਿੰਦੀ
ਵਿਵੇਕ

ਪੁਸਤਕ ਕਹਿੰਦੀ ਸੁਣ ਲਵੋ ਬਾਤ।
ਅੱਖਰਾਂ ਵਿੱਚੋਂ ਚਮਕੇ ਪ੍ਰਭਾਤ॥
ਮੇਰੇ ਕੋਲ ਆਓ ਮੇਰੇ ਦੋਸਤੋ
ਹਨੇਰੇ ਨੂੰ ਦੂਰ ਭਜਾਓ ਦੋਸਤੋ
ਮੈਂ ਹਾਂ ਚਮਕਦੇ ਸੂਰਜ ਦੀ ਬਰਾਤ।
ਪੁਸਤਕ ਕਹਿੰਦੀ,,,,,॥

ਦੁਨੀਆ ਵਾਲੀ ਨਾ ਕਦੇ ਸਮਝ ਆਈ
ਨਾ ਇਹ ਆਪਣੀ ਨਾ ਇਹ ਪਰਾਈ
ਕਿਤਾਬ ਚੋ’ਲੱਭੋ ਜੀਵਨ ਸੌਗਾਤ।
ਪੁਸਤਕ ਕਹਿੰਦੀ,,,,,,,॥

ਸ਼ਬਦਾਂ ਦਾ ਜੋ ਸਾਥ ਨਿਭਾਉਂਦੇ
ਝੋਲੀ ਹੀਰੇ ਮੋਤੀ ਪਾਉਂਦੇ
ਹੁੰਦੀ ਕਿਰਨਾਂ ਨਾਲ ਮੁਲਾਕਾਤ।
ਪੁਸਤਕ ਕਹਿੰਦੀ,,,,,,॥

ਤੁਰਦੀ ਜ਼ਿੰਦਗੀ ਜ਼ਦ ਰੁਕ ਜਾਵੇ
ਵਿਵੇਕ ਕੁੱਝ ਵੀ ਨਜ਼ਰ ਨਾ ਆਵੇ
ਪੜ੍ਹੋ ਕਿਤਾਬਾਂ ਫਿਰ ਦਿਨ ਰਾਤ।
ਪੁਸਤਕ ਕਹਿੰਦੀ,,,,,,॥

ਵਿਵੇਕ 94633 84051
ਮਾਨਵਤਾ ਭਵਨ
ਕੋਟ ਈਸੇ ਖਾਂ(ਮੋਗਾ)
06/02/2014

 

ਬਾਲ ਕਵਿਤਾ
ਆਓ ਚਿੜੀਓ
ਵਿਵੇਕ

ਮੇਰੀ ਛੱਤ ਤੇ ਆਓ ਚਿੜੀਓ।
ਦਾਣਾ ਪਾਣੀ ਵੀ ਖਾਓ ਚਿੜੀਓ॥

ਮੈਂ ਹਾਂ ਨਿੱਕੀ ਜਿਹੀ ਇੱਕ ਬੱਚੀ।
ਮੇਰਾ ਮਨ ਬਹਿਲਾਓ ਚਿੜੀਓ॥

ਚੀਂ-ਚੀਂ ਵਾਲਾ ਗੀਤ ਸੁਣਾ ਕੇ ।
ਮੈਨੂੰ ਜ਼ਰਾ ਹਸਾਓ ਚਿੜੀਓ॥

ਇਧਰ ਉਧਰ ਨਾ ਉਡੋ ਹੁਣ।
ਜ਼ਰਾ ਕੁ ਤਾਂ ਬਹਿ ਜਾਓ ਚਿੜੀਓ॥

ਮੈਂ ਵੀ ਹਾਂ ਤੁਹਾਡੀ ਸਾਥਣ।
ਮੈਂਥੋ ਨਾ ਘਬਰਾਓ ਚਿੜੀਓ॥

ਅੱਤ ਦੀ ਪਈ ਗਰਮੀ ਤੜਫਾਵੇ।
ਸਾਹ ਤਾਂ ਲੈਂਦੀਆ ਜਾਓ ਚਿੜੀਓ॥

ਖੇਡੀਏ ਆਪਾ ਰਲ ਮਿਲ ਕੇ।
ਸਹੇਲੀਆ ਨੂੰ ਲਿਆਓ ਚਿੜੀਓ॥

ਧਰਤੀ ਤੋਂ ਅੰਬਰ ਦੀ ਉਡਾਰੀ
ਨਾਲ ਮੈਨੂੰ ਲੈ ਜਾਓ ਚਿੜੀਓ॥

ਵਿਵੇਕ ਵੀ ਥੋੜ੍ਹਾ ਪੁੰਨ ਖੱਟੇ।
ਚੋਗ ਚੁਗ ਕੇ ਜਾਓ ਚਿੜੀਓ॥

ਵਿਵੇਕ
ਕੋਟ ਈਸੇ ਖਾਂ (ਮੋਗਾ)
9463384051
09/01/2014

ਕਵਿਤਾ
ਪਰਬਤਾਂ ਦਾ ਸਲਾਮ
ਵਿਵੇਕ

ਪਰਬਤਾਂ ਦਾ ਸਲਾਮ,
ਸਾਗਰਾਂ ਦਾ ਸਲਾਮ,
ਵਗਦੀ ਨਦੀ ਦੇ ਨਾਮ।

ਮੁਹੱਬਤਾਂ ਦਾ ਸਲਾਮ,
ਜਜ਼ਬਾਤਾਂ ਦਾ ਸਲਾਮ,
ਦੋਸਤੀ ਦੇ ਨਾਮ।

ਰੰਗਾਂ ਦਾ ਸਲਾਮ,
ਵੰਗਾਂ ਦਾ ਸਲਾਮ,
ਛਣਕਦੀ ਝਾਂਜਰ ਦੇ ਨਾਮ।

ਬਸੰਤ ਦਾ ਸਲਾਮ,
ਫੁੱਲਾਂ ਦਾ ਸਲਾਮ,
ਤਿੱਤਲੀ ਦੇ ਨਾਮ।

ਰੁੱਖਾਂ ਦਾ ਸਲਾਮ,
ਖੇਤਾਂ ਦਾ ਸਲਾਮ,
ਹਰਿਆਲੀ ਦੇ ਨਾਮ।

ਪੰਛੀਆ ਦਾ ਸਲਾਮ,
ਖੁਸ਼ਬੂਆ ਦਾ ਸਲਾਮ
ਰੁਮਕਦੀ ਹਵਾ ਦੇ ਨਾਮ।

ਕਵਿਤਾ ਦਾ ਸਲਾਮ,
ਗੀਤ ਦਾ ਸਲਾਮ,
ਸ਼ਬਦਾਂ ਦੇ ਨਾਮ।

ਹੱਸਦੇ ਚਿਹਰੇ ਦਾ ਸਲਾਮ,
ਨਵੀਂ ਉਮੰਗ ਦਾ ਸਲਾਮ,
ਖੁਸ਼ੀਆ ਦੇ ਨਾਮ।

ਚੰਗੀ ਸੋਚ ਦਾ ਸਲਾਮ
ਭਾਈਚਾਰੇ ਦਾ ਸਲਾਮ
ਮਾਨਵਤਾ ਦੇ ਨਾਮ।

ਵਿਵੇਕ 94633 84051
ਕੋਟ /ਈਸੇ /ਖਾਂ

10/01/2014


ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ

ਅਣਖ ਨੂੰ ਵੰਗਾਰ
ਰਵਿੰਦਰ ਸਿੰਘ ਕੁੰਦਰਾ

ਕਲੀਆਂ ਟੁੱਟ ਜਾਣ ਜੇਕਰ ਡਾਲੀਆਂ ਤੋਂ,
ਦੁੱਖ ਉਸ ਤੋਂ ਪੌਦੇ ਨੂੰ ਹੋਵੇ ਕੋਈ।
ਹੋਰ ਕੌਣ ਇਸ ਦਰਦ ਨੂੰ ਸਮਝ ਸਕੇ,
ਦੁੱਖ ਪੌਦੇ ਦਾ ਹੋਰ ਕਿਵੇਂ ਸਹੇ ਕੋਈ।
ਬੋਟ ਕੋਈ ਜੋ ਪੰਛੀ ਦੇ ਆਹਲਣੇ ਚੋਂ,
ਲੁੜਕ ਤੜਪ ਜ਼ਮੀਨ ਤੇ ਆਣ ਡਿੱਗੇ।
ਪੁੱਛੋ ਪੰਛੀ ਦੇ ਹਿਰਦੇ ਨੂੰ ਹੱਥ ਲਾਕੇ,
ਨੈਣ ਕਿੰਨੇ ਕੁ ਹੰਝੂਆਂ ਨਾਲ ਭਿੱਜੇ।
ਕਰੋ ਖਿਆਲ ਜ਼ਰਾ ਆਪਣੇ ਪੁੱਤਰਾਂ ਵੱਲ,
ਹੋਣ ਸੱਤ ਤੇ ਨੌਂ ਦੀ ਉਮਰ ਦੇ ਉਹ।
ਛੁੱਟੇ ਉਂਗਲੀ ਉਹਨਾਂ ਤੋਂ ਵਕਤ ਭੈੜੇ,
ਹੋਣ ਵੱਖ ਉਹ ਸਦਾ ਲਈ ਤੁਸਾਂ ਤੋਂ ਉਹ।
ਚਿਣੇ ਜਾਣ ਜੇ ਨੀਹਾਂ ਦੇ ਵਿੱਚ ਸੋਚੋ,
ਕਿਵੇਂ ਝੱਲੋਗੇ ਤੁਸੀਂ ਇਹ ਜ਼ੁਲਮ ਦੱਸੋ।
ਕਿਵੇਂ ਸਹੋਗੇ ਸੱਲ ਜਿੰਦਾਂ ਵਿੱਛੜੀਆਂ ਦਾ,
ਕਿਵੇਂ ਜੀਓਗੇ ਜ਼ਿੰਦਗੀ ਤੁਸੀਂ ਦੱਸੋ।
ਧੰਨ ਜਿਗਰਾ ਸੀ ਮਾਸੂਮ ਜਿੰਦੜੀਆਂ ਦਾ,
ਜਿਨ੍ਹਾਂ ਧਰਮ ਤੇ ਕੌਮ ਦੀ ਆਨ ਖਾਤਰ।
ਨਹੀਂ ਜ਼ੁਲਮ ਨੂੰ ਕਤਈ ਕਬੂਲ ਕੀਤਾ,
ਭਾਵੇਂ ਕੰਧਾਂ ਵਿੱਚ ਚਿਣੇ ਗਏ ਸ਼ਾਨ ਖਾਤਰ।
ਰਹੇ ਚੜ੍ਹਦੀ ਕਲਾ ਵਿੱਚ ਆਖਰੀ ਦਮ ਤੱਕ,
ਜੈਕਾਰੇ ਜਿੱਤ ਦੇ ਹਮੇਸ਼ਾ ਉਹ ਲਾਂਵਦੇ ਰਹੇ।
ਠੁਕਰਾ ਕੇ ਲਾਲਚ ਉਹ ਜ਼ਿੰਦਗੀ ਦੇ ਸਭ ਹੀ,
ਜ਼ਾਲਮ ਨੂੰ ਹੱਸ ਕੇ ਠੁੱਠ ਵਿਖਾਂਵਦੇ ਰਹੇ।
ਕਿਉਂ ਭੁੱਲ ਬੈਠੇ ਅਸੀਂ ਉਨ੍ਹਾਂ ਜੋਧਿਆਂ ਨੂੰ,
ਕਿਉਂ ਖੂਨ ਸਾਡਾ ਅੱਜ ਖੌਲਦਾ ਨਹੀਂ।
ਕਿੱਥੇ ਗਿਆ ਉਹ ਸਿਦਕ ਤੇ ਜੋਸ਼ ਸਾਡਾ,
ਕਿਉਂ ਸਿੱਖ ਇਤਿਹਾਸ ਅੱਜ ਫੋਲਦਾ ਨਹੀਂ।
ਕਿਉਂ ਜ਼ਮੀਰ ਆਪਣੀ ਅੱਜ ਮਾਰ ਅਸੀਂ,
ਰਸਤੇ ਬੁਜ਼ਦਿਲੀ ਦੇ ਵੱਲ ਅਸੀਂ ਚੱਲ ਪਏ।
ਕਿਉਂ ਪਸ਼ੂਆਂ ਤੇ ਪੰਛੀਆਂ ਤੋਂ ਹੋ ਬਦਤਰ,
ਢਹਿੰਦੀਆਂ ਕਲਾਂ ਦੇ ਵੱਲ ਅਸੀਂ ਠੱਲ ਪਏ।
ਮੌਕਾ ਅਜੇ ਵੀ ਹੈ ਕਿ ਸੰਭਲ ਜਾਈਏ,
ਰੁੜ੍ਹਦੀ ਬੇੜੀ ਨੂੰ ਆਓ ਬਚਾ ਲਈਏ।
ਸਬਕ ਸਿੱਖ ਮਾਸੂਮ ਉਨ੍ਹਾਂ ਜਿੰਦੜੀਆਂ ਤੋਂ,
ਸਿੱਖ ਹੋਣ ਦਾ ਫਰਜ਼ ਨਿਭਾ ਦੇਈਏ।
ਸ਼ਾਨ ਸਿੱਖੀ ਦੇ ਸੁੰਦਰ ਇਤਿਹਾਸ ਦੇ ਲਈ,
ਜ਼ਿੰਦਗੀ ਕੌਮ ਦੇ ਲੇਖੇ ਅੱਜ ਲਾ ਦਈਏ।
ਪੈਦਾ ਕਰੀਏ ਫੇਰ ਉਹ ਜਜ਼ਬਾ ਮੁੜਕੇ,
ਨਾਮ ਕੌਮ ਦਾ ਫੇਰ ਚਮਕਾ ਦਈਏ।

ਰਵਿੰਦਰ ਸਿੰਘ ਕੁੰਦਰਾ
25
/12/13


ਅਮਰਜੀਤ ਕੌਰ ‘ਹਿਰਦੇ’

ਕਾਵਿ ਟੁਕੜੀਆਂ
ਅਮਰਜੀਤ ਕੌਰ ‘ਹਿਰਦੇ’

ਮੋਹ ਪੱਤਰਾਂ ਤੇ ਕਿਰੇ ਹੰਝੂਆਂ ਨੂੰ
ਸਮਝ ਕੇ ਪਾਣੀ ਦੀਆ ਬੂੰਦਾਂ
ਪਾੜ ਕੇ ਸੁੱਟ ਦਿੱਤਾ
ਉਸ ਨੇ ਕੂੜੇਦਾਨ ਵਿਚ
ਪਿਆਰ ਮੇਰਾ ਵਟ ਗਿਆ
ਹੌਂਕਿਆਂ ਤੇ ਸਿਸਕੀਆਂ ਵਿਚ।

ਯੁਗਾਂ ਦੀ ਪੀੜ ਦਾ ਪਹਾੜ
ਨਹੀਂ ਖ਼ੁਰਿਆ ਸੀ
ਮੇਰੇ ਹੰਝੂਆਂ ਦੇ ਹੜ੍ਹ ਨਾਲ
ਸ਼ਬਦਾਂ ਦੇ ਵਹਿਣ ਵਿਚ ਖ਼ੁਰ ਰਹੇ ਨੇ
ਪੀੜਾਂ ਦੇ ਪਰਬਤ ਹੌਲੀ ਹੌਲੀ।

ਦਰਦਾਂ ਦੇ ਅਸਗਾਹ
ਪਤਾਲ ਗਾਹ ਕੇ
ਮੁੜ ਆਈ ਹਾਂ
ਗਹਿਰੇ ਸਮੁੰਦਰ ਦੀ ਸਤ੍ਹਾ ਤੇ
ਸ਼ਾਂਤ ਹੈ ਤੇ ਅਡੋਲ ਹੈ ਹੁਣ
ਦਰਦ ਵੀ ਤੇ ਸਮੁੰਦਰ ਵੀ।

ਖ਼ੁਦ ਬੰਦੇ ਨੂੰ
ਜੇਕਰ ਪੜ੍ਹਨੀ ਆ ਜਾਵੇ
ਆਪਣੇ ਹੱਥਾਂ ਦੀਆਂ
ਲਕੀਰਾਂ ਵਿਚਲੀ ਭਿਆਨਕਤਾ
ਤਾਂ ਜਗਾ ਸਕਦਾ ਹੈ ਇੱਛਾ ਸ਼ਕਤੀ ਨਾਲ
ਚੇਤਨਾ ਦੀ ਹਰਾਰਤ ਵਿਚਲਾ ਸਦਕਰਮ
ਕਰ ਸਕਦਾ ਹੈ ਕਰਮ-ਖੰਡ ਨਾਲ
ਕਿਸਮਤ ਦਾ ਕਾਇਆ-ਕਲਪ।

ਯਾਦਾਂ ਦੇ ਸ਼ਾਂਤ ਨਿਰਮਲ ਪਾਣੀਆਂ ‘ਚ
ਚਲਾ ਕੇ ਕੰਕਰੀ
ਕਰ ਰਿਹਾ ਤਸਦੀਕ ਕੋਈ
ਅਤੀਤ ਦਾ ਇਕ ਜਾਗਦਾ ਪੰਨਾ
ਸਦੀ ਦੇ ਜਿਉਂਦੇ ਹੋਣ ਦੀ।

ਚੌਥਾਈ ਦਸਦੀ ਦੀ
ਲੰਬੀ ਜੁਦਾਈ ਤੋਂ ਬਾਅਦ
ਦਸਤਕ ਹੋਈ ਵੀ ਤਾਂ ਫੇਸਬੁੱਕ ‘ਤੇ
ਜੇਕਰ ਕਦੇ ਇਹ ਦਸਤਕ
ਬਾਬੁਲ ਦੇ ਦਰਾਂ ਤੇ ਹੋਈ ਹੁੰਦੀ ਤਾਂ ਸ਼ਾਇਦ
ਅੱਜ ਮੈਂ ਕਵਿਤਾ ਨਾ ਲਿਖ ਰਹੀ ਹੁੰਦੀ।

ਅਤੀਤ ਦੀ ਕਰਵਟ ਨੇ
ਬੇਹੋਸ਼ੀ ਨੀਂਦੇ ਸੁੱਤੇ ਪਿਆਰ ਨੂੰ ਹਲੂਣਿਆਂ
ਵੰਨ-ਸੁਵੰਨੀਆਂ ਸਮੇਂ ਦੀਆਂ
ਪਰਤਾਂ ਵਿਚ ਲਪੇਟਿਆਂ
ਉਹ ਆਪ ਭਾਂਵੇਂ ਨਹੀਂ ਜਾਗਿਆ
ਪਰ ਬ੍ਰਿਹੋਂ ਦੀ ਪੀੜ ਪਰੁੰਨੀ ਕਵਿਤਾ
ਕਈ ਰਾਤਾਂ ਜਾਗਦੀ ਸਿਰਹਾਣੇ ਬੈਠੀ ਰਹੀ।

12/12/2013
ਅਮਰਜੀਤ ਕੌਰ ‘ਹਿਰਦੇ’
ਮੋਬ: 9464958236
ਮੋਹਾਲੀ


ਗੁਰਮੇਲ ਬੀਰੋਕੇ, ਕਨੇਡਾ

ਮੇਰੀ ਕਵਿਤਾ
ਗੁਰਮੇਲ ਬੀਰੋਕੇ, ਕਨੇਡਾ

ਮੇਰੀ ਮਹਿਬੂਬਾ ਕਹਿੰਦੀ-
ਤੇਰੀ ਕਵਿਤਾ
ਹਾਲੇ ਨਿਆਣੀ
ਤੇਰੀ ਕਵਿਤਾ
ਹਾਲੇ ਪਿੰਡ ਹੀ ਫਿਰਦੀ
ਤੇਰੀ ਕਵਿਤਾ
ਹਾਲੇ ਨਲ਼ੀਆਂ ਪੂੰਝੇ
ਵਿਹੜੇ ਵਾਲਿਆਂ ਦੇ ਜਵਾਕਾਂ ਦੀਆਂ
ਇਹ ਸ਼ਹਿਰ ਕਦ ਆਵੇਗੀ ?
ਮੈਂ ਕਿਹਾ-
ਭਲੀਏ ਲੋਕੇ !
ਮੇਰੀ ਕਵਿਤਾ ਦੇ ਅੱਖਰਾਂ ਦੀ ਬਰਾਤ
ਤੇਰੇ ਸ਼ਹਿਰ ਜਰੂਰ ਆਵੇਗੀ
ਤੈਨੂੰ ਡੋਲੀ ਪਾ ਲੈ ਜਾਵੇਗੀ
ਮੇਰੀ ਕਵਿਤਾ ਦਾ ਹਰ ਸ਼ਬਦ
ਮੰਗਲ 'ਤੇ ਛੁੱਟੀਆਂ ਕੱਟੇਗਾ
ਚੰਦ 'ਤੇ ਹਨੀਂ ਮੂਨ ਮਨਾਵੇਗਾ
ਬੱਸ ਇਹ
ਧਾਰਮਿਕ ਸਥਾਨਾਂ ਦੀਆਂ
ਟੱਲੀਆਂ ਨਹੀਂ ਵਜਾਵੇਗਾ
ਮੇਰੀ ਕਵਿਤਾ ਦਾ ਹਰ ਸ਼ਬਦ
ਕਪਾਹ ਦੇ ਟੀਡਿਆਂ ਅੰਦਰ ਲੁਕਕੇ
ਵੜੇਵਿਆਂ ਦੇ ਕਾਲ਼ਜੇ ਖਾਂਦੀਆਂ
ਸੰਡੀਆਂ ਉੱਤੇ ਵੀ ਵਰ੍ਹ ਜਾਵੇਗਾ
ਮੇਰੀ ਕਵਿਤਾ
"ਜਨ- ਗਨ- ਮਨ" ਦਾ ਗੀਤ ਨਹੀਂ
ਜਿਹੜਾ ਲੰਡਨ ਦੀ ਰਾਣੀ ਵੱਲੋਂ
ਲਾਲ ਕਿਲੇ ਨਾਲ ਬੰਨ੍ਹੀ
"ਫੰਡਰ ਅਜ਼ਾਦੀ" ਮੂਹਰੇ
ਵੱਜਦਾ ਰਹੇਗਾ
ਨਾਲੇ ਹਾਲੇ ਤਾਂ ਮੈਂ
ਕਲਮ ਹੀ ਤਿੱਖੀ ਕਰਦਾ ਹਾਂ
ਨਾਲੇ ਹਾਲੇ ਤਾਂ ਮੈਂ----

22/02/14

ਫੋਨ: 001-604-825-8053
Email: gurmailbiroke@gmail.com

Gurmail Biroke
30- 15155- 62A Avenue
Surrey, BC
V3S 8A6
Canada
Phone: 001-604-825-8053
Email: gurmailbiroke@gmail.com

ਕੀਟਾਂ ਅੰਦਰ ਕੀਟ
ਗੁਰਮੇਲ ਬੀਰੋਕੇ, ਕਨੇਡਾ 
(ਇਹ ਕਵਿਤਾ ਉਨ੍ਹਾਂ ਦੇ ਨਾਮ- ਜੋ ਸੱਚ ਨੂੰ ਜੱਗ ਜਾਹਰ ਕਰਦੇ ਰਹੇ, ਕਰਦੇ ਹਨ,
ਤੇ ਕਰਦੇ ਰਹਿਣਗੇ । ਜਿੰਨ੍ਹਾ ਵਿੱਚ ਜੂਲੀਅਨ ਅਸਾਂਜੇ,
ਐਡਵਾਰਡ ਸਨੋਡਨ, ਬਰੈਡਲੀ ਮੈਂਨਿੰਗ ਅਤੇ ਹੋਰ
ਵੀ ਬਹੁਤ ਸਾਰੇ )
ਰਾਜਨੀਤਿਕ ਤਾਕਤਾਂ ਸਮਾਜਿਕ ਜੂਆਂ
ਅਫ਼ਸਰਸ਼ਾਹੀ ਸਮਾਜਿਕ ਜੂਆਂ
ਕਾਰਪੋਰਸ਼ਨਾਂ ਸਮਾਜਿਕ ਜੂਆਂ
ਧਰਮੀਂ ਲੰਬੜਦਾਰ ਵੀ ਸਮਾਜਿਕ ਜੂਆਂ
ਪਹੁੰਚ ਗਈਆਂ ਲੋਕਾਂ ਦੇ ਬੈੱਡ ਰੂਮਾਂ ਤੱਕ
ਇਹ ਜੂਆਂ,
ਕਿੱਥੇ ਪਲ਼ਦੀਆਂ ਇਨ੍ਹਾਂ ਦੀਆਂ ਧੱਖਾਂ ?
ਸੁੰਡੀਆਂ ਦੇ ਢਿੱਡਾਂ ਵਿੱਚ ਪਲ਼ਣ ਇਨਾਂ ਦੀਆਂ ਧੱਖਾਂ
ਕਿੱਥੇ ਪਲ਼ਦੀਆਂ ਇਹ ਸੁੰਡੀਆਂ ?
ਬਹੁਤੀਆਂ ਪਲ਼ਣ ਅਮਰੀਕਨ ਸੁੰਡੀ ਦੇ ਢਿੱਡ ਵਿੱਚ,
ਬਹੁਤੀ ਧਰਤ ਦਾ
ਹਵਾ, ਪਾਣੀ, ਮਿੱਟੀ
ਜ਼ਹਿਰ ਬਣਾ ਚੁੱਕੀ
ਇਹ ਅਮਰੀਕਨ ਸੁੰਡੀ,
ਕਈ ਦੇਸਾਂ ਵਿੱਚ
ਖੁੱਲੀ ਮੰਡੀ ਦੇ ਕਰੇ ਤਜਰਬੇ
ਕਾਰਪੋਰਸ਼ਨਾਂ ਨੂੰ ਦੇ ਖੁੱਲੀਆਂ ਮੌਜਾਂ
ਚੌਵੀ ਘੰਟੇ ਡਾਲਰ ਛਾਪੇ
ਫਿਰ ਵੀ ਦੀਵਾਲ਼ੀਆ
ਅਮਰੀਕਨ ਸੁੰਡੀ,
ਬਹੁਤ ਸਿ਼ਕਾਰ ਖੇਡੇ
ਮਨੁੱਖਾਂ ਦੇ,
ਜਦ ਇਹਦੇ ਕੋਈ ਚੁੰਢੀ ਵੱਢੇ
ਰੌਲ਼ਾ ਪਾਵੇ---
“ਮਨੁੱਖੀ ਅਧਿਕਾਰਾਂ ਦਾ”
ਇਹ ਅਮਰੀਕਨ ਸੁੰਡੀ,
ਓ ਦੁਨੀਆਂ ਦੇ ਲੋਕੋ !
ਸੁੰਡੀਆਂ ਨੂੰ ਰੋਕੋ
ਸੂਰਜ ਨੂੰ ਚੁੱਕ ਕੇ ਗੋਦੀ
ਚੰਦ ਨੂੰ ਉਂਗਲੀ ਲਾ
ਸ਼ੰਮਾਂ ਵਾਲ਼ੀਆਂ ਡਾਂਗਾਂ ਉੱਤੇ
ਲੋਕ ਏਕਤਾ ਦੇ ਤਾਰੇ ਸਜਾ
ਆਓ ਵੰਗਾਰੀਏ
ਆਓ ਲਲਕਾਰੀਏ
ਇਨ੍ਹਾਂ ਕੀਟਾਂ ਨੂੰ ।

27/01/14

ਬਾਪੂ ਦਾ ਫੋਨ
ਗੁਰਮੇਲ ਬੀਰੋਕੇ, ਕਨੇਡਾ

ਘੰਟੀ ਖੜ੍ਹਕੀ
ਪਿੰਡੋਂ ਫੋਨ ਆਇਆ
ਬਾਪੂ ਲੱਗਿਆ ਦੱਸਣ-
ਬਿਜਲੀ ਆਉਂਦੀ ਨ੍ਹੀਂ
ਮੀਂਹ ਪੈਂਦਾ ਨ੍ਹੀਂ
ਰੋਹੀ ਆਲਾ ਬੋਰ ਬਹਿ ਗਿਆ
ਫਸਲ ਸੁੱਕਗੀ...

ਰੱਬ ਦੀ ਮਰਜ਼ੀ ਐ,
ਆਪਣੇ ਪਿੰਡ
ਬਾਹਮਣ ਤੇ ਸ਼ੇਖ ਲੜ ਪਏ
ਗੁਰਦਵਾਰੇ ਦਾ ਭਾਈ
ਬਲਾਤਕਾਰ ਕਰਦਾ ਫੜਿਆ ਗਿਆ
ਸਰਪੰਚੀ ਪਿੱਛੇ
ਲੜਾਈ ਹੋਗੀ
ਕਤਲ ਹੋ ਗਿਆ...

ਰੱਬ ਦੀ ਮਰਜ਼ੀ ਐ,
ਤੇਰਾ ਤਾਇਆ
ਹਲ਼ਕੇ ਕੁੱਤੇ ਨੇ ਵੱਢ ਲਿਆ
ਚਾਚੀ ਤੇਰੀ ਦੇ
ਭੀਸਰੀ ਗਾਂ ਨੇ ਸਿੰਗ ਮਾਰਿਆ
ਕਈ ਮੁੰਡੇ ਨਸ਼ਾ ਖਾਕੇ ਮਰਗੇ
ਰੇਤਾ ਬਜਰੀ ਮਿਲਦਾ ਨ੍ਹੀਂ
ਕੋਠਾ ਛੱਤਣ ਨੂੰ
ਮੱਛਰ ਬਹੁਤ ਐ...

ਰੱਬ ਦੀ ਮਰਜ਼ੀ ਐ ਪੁੱਤ,
ਰੁਪਈਏ ਦੀ ਕੀਮਤ ਘੱਟਦੀ ਜਾਂਦੀ
ਕਹਿੰਦੇ ਨੇ
ਕੰਧਾਂ ‘ਤੇ ਲਾਉਂਣ ਆਲੇ ਕਾਗਤ ਨਾਲੋਂ
ਸਸਤਾ ਹੋਜੂ
ਗੰਢੇ ਮਹਿੰਗੇ ਹੋਗੇ...

ਸਭ ਰੱਬ ਦੀ ਮਰਜ਼ੀ ਐ,
ਮੈਂ ਕਿਹਾ-
ਨਹੀਂ ਬਾਪੂ
ਕਿਸੇ ਰੱਬ- ਰੁੱਬ ਦੀ ਮਰਜ਼ੀ ਨ੍ਹੀਂ
ਸਭ ਲੀਡਰਾਂ ਦਾ ਬੇੜਾ ਬਹਿ ਗਿਆ
ਪੀ. ਐਚ. ਡੀ. ਕਰ ਕੇ ਵੀ
ਕਨੇਡਾ ‘ਚ ਟਰੱਕ ਚਲਾਉਂਣ ਮੇਰੇ ਵਰਗੇ
ਉਏ ਬਾਪੂ, ਲੀਡਰਾਂ ਦਾ ਬੇੜਾ ਬਹਿ ਗਿਆ
ਉਏ, ਸਭ ਲੀਡਰਾਂ ਦਾ ਬੇੜਾ ਬਹਿ ਗਿਆ......
.........
ਉਏ, ਦੁਸਟਾ
ਤੂੰ ਨ੍ਹੀਂ ਕਦੇ ਰੱਬ ਨੂੰ ਮੰਨਦਾ....
ਕਹਿਕੇ ਬਾਪੂ ਫੋਨ ਕੱਟ ਗਿਆ ।

17/12/13
Gurmail Biroke
30- 15155- 62A Avenue
Surrey, BC
V3S 8A6
Canada
Phone: 001-604-825-8053
Email: gurmailbiroke@gmail.com

ਕਨੇਡਾ ਵਿੱਚ ਪੰਜਾਬੀ ਬੋਲੀਆਂ
ਗੁਰਮੇਲ ਬੀਰੋਕੇ, ਕਨੇਡਾ

ਝਾਵਾਂ ਝਾਵਾਂ ਝਾਵਾਂ
ਸੋਲਵੀਂ ‘ਚ ਮੈਂ ਪੜ੍ਹਦੀ
ਯੂਨੀਵਰਸਿਟੀ ਬ੍ਰਿਟਿਸ਼ ਕਲੰਬੀਆ ਜਾਵਾਂ
ਦੇਸ਼ ਪੰਜਾਬ ਦੀ ਜੱਟੀ ਹਾਨਣੋਂ
ਹੁਣ ਕਨੇਡੀਅਨ ਮੈਂ ਕਹਾਵਾਂ
ਪਟਿਆਲਾ ਸ਼ਾਹੀ ਪੱਗ ਬੰਨਕੇ
ਉਹ ਤੱਕਦਾ ਮੇਰੀਆਂ ਰਾਵ੍ਹਾਂ
ਆ ਮੈਕਡੋਨਲ ਖਾਈਏ ਕਹਿੰਦਾ
ਟਿੰਮ ਹੋਰਟਨ ਦੀ ਕੌਫੀ ਪਿਆਵਾਂ
ਲਾਲ ਪੱਤਾ ਮੈਪਲ ਦਾ
ਸੋਹਣੇ ਦਾ ਸਿਰਨਾਵਾਂ ---

ਤਾਰੇ ਤਾਰੇ ਤਾਰੇ
ਬਾਬਾ ਭਾਨਾ ਆਇਆ ਕਨੇਡੇ
ਨਿੱਤ ਲੈਂਦਾ ਨਵੇਂ ਨਜ਼ਰੇ
ਬੁੱਢੇ ਵਾਰੇ ‘ਗ੍ਰੇਜੀ ਸਿੱਖੇ
ਪੁੱਠੇ ਉਹ ਕਰਦਾ ਕਾਰੇ
“ਹਾਏ” ਕਹਿਕੇ ਗੋਰੀ ਲਾਂਘੀ
ਦਿਲ ਉੱਤੇ ਫੇਰਗੀ ਆਰੇ
ਝੀਲਾਂ ਨੂੰ ਟੋਭੇ ਦੱਸਦਾ
਼ਲਾਚੜ ਕੇ ਲਾਉਂਦਾ ਤਾਰੇ
ਚੜ੍ਹ ਸੀ ਐਨ ਟਾਵਰ ‘ਤੇ
ਸਿੱਖਰੋਂ ਮਾਰੇ ਲਲਕਾਰੇ ---

ਫੁੱਟਾ ਧਰ ਲਖੀਰਾਂ ਖਿੱਚੀਆਂ
ਸਿੱਧੀਆਂ ਇੰਝ ਨੇ ਸੜਕਾਂ
ਆਈ ਫਾਈਵ ‘ਤੇ ਗੱਭਰੂ ਚੱਲਦਾ
ਚੱਲਦਾ ਨਾਲ ਹੈ ਮੜਕਾਂ
ਡਾਲੇ ਕਮਾਉਣ ਦੇ ਫੱਟੇ ਚੱਕੇ
ਕੱਢੀਆਂ ਪਹਿਲੀਆਂ ਰੜਕਾਂ
ਟੌਰੇ ਆਲੀ ਪੱਗ ਓਸਦੀ
ਜੱਤੀ ਮਾਰੇ ਜਰਕਾਂ
ਨੀਂ ਸੋਹਣਾ ਮੁੰਡਾ ਦੇਖਕੇ ਮੰਮੀ
ਵਧੀਆਂ ਦਿਲ ਦੀਆਂ ਧੜਕਾਂ
ਵਲਵੋ ਜੱਟ ਦਾ ਨੀਂ
ਰੋੜ ‘ਤੇ ਮਾਰੇ ਬੜਕਾਂ ---

ਗੁਰਮੇਲ ਬੀਰੋਕੇ
Gurmail Biroke
30- 15155- 62A Avenue
Surrey, BC
V3S 8A6
Canada
Phone: 001-604-825-8053
Email: gurmailbiroke@gmail.com

09/11/2013

ਗੁਰਮੀਤ ਕੌਰ ਮੀਤ, ਮਲੋਟ

 

ਪੈਸੇ ਪਿੱਛੇ ਭੱਜੀ ਫਿਰਦੀ ਐ ਦੁਨੀਆ
ਗੁਰਮੀਤ ਕੌਰ ਮੀਤ, ਮਲੋਟ

ਧਨ, ਦੌਲਤ, ਪੈਸਾ, ਮਾਇਆ ਤੇਰੇ ਨਾਮ ਅਨੇਕ
ਲੋਕਾਂ ਨੇ ਪੈਸੇ ਕਮਾਉਣ ਦੇ ਤਰੀਕੇ ਲਾਏ ਅਨੇਕ

ਪੈਸੇ ਨੇ ਰਿਸ਼ਤਿਆਂ 'ਚ ਕਰਾਏ ਝਗੜੇ ਅਨੇਕ
ਪਰਸੋ, ਪਰਸਾ, ਪਰਸ ਰਾਮ ਦੇ ਬਣਾਏ ਨਾਮ ਅਨੇਕ

ਧੀਆਂ-ਪੁੱਤਰਾਂ ਨੂੰ ਭੁੱਲ ਗਏ ਲੋਕੀ
ਪੈਸੇ ਦੇ ਪਿੱਛੇ ਹੱਥ ਧੋ ਕੇ ਪੈ ਗਏ ਲੋਕੀ

ਨੋਟਾਂ ਪਿੱਛੇ ਆਪਣੇ ਛੱਡ ਪਰਦੇਸਾਂ 'ਚ ਭੱਜ ਗਏ ਲੋਕੀ
ਨੋਟਾਂ ਪਿੱਛੇ ਇਹ ਤੇਰਾ ਮੇਰਾ ਕਰਦੇ ਲੋਕੀ

ਨੋਟਾਂ ਨੇ ਕੀਤੇ ਕਈ ਘਰ ਤਬਾਹ ਯਾਰੋ
ਨੋਟਾਂ ਨੇ ਕਈਆਂ ਨੂੰ ਬਣਾਇਆ ਕੰਗਾਲ ਯਾਰੋ

ਨਾ ਕਿਸੇ ਦਾ ਇਹ ਹੋਇਆ ਤੇ ਨਾ ਕਿਸੇ ਦਾ ਹੋਵੇਗਾ ਯਾਰੋ
ਅੱਜ ਮੇਰੇ ਹੱਥ ਕੱਲ ਤੁਹਾਡੇ ਹੱਥ ਹੋਵੇਗਾ ਯਾਰੋ

ਇਸ ਮੀਤ ਦੀ ਗੱਲ ਨੂੰ ਹਮੇਸ਼ਾ ਲਈ ਰੱਖਣਾ ਯਾਦ ਲੋਕੋ
ਐਵੇ ਨਾ ਅੰਹਕਾਰ 'ਚ ਕਦੀ ਆ ਜਾਇਉ ਲੋਕੋ

ਗੁਰਮੀਤ ਕੌਰ ਮੀਤ, ਮਲੋਟ

09/11/2013
ਡਾ. ਸਾਥੀ ਲੁਧਿਆਣਵੀ, ਲੰਡਨ

ਗ਼ਜ਼ਲ
ਡਾ.ਸਾਥੀ ਲੁਧਿਆਣਵੀ-ਲੰਡਨ

ਲੰਘਦਾ ਆਉਂਦਾ ਸਾਡੇ ਘਰ ਤੂੰ ਆ ਜਾਇਆ ਕਰ।
ਪੈਰ ਮੁਬਾਰਕ ਸਾਡੇ ਘਰ ਤੂੰ ਪਾ ਜਾਇਆ ਕਰ।

=ਤੇਰੀਆਂ ਗੱਲਾਂ ਖੰਡ ਮਿਸ਼ਰੀ ਦੀਆਂ ਡਲ਼ੀਆਂ ਵਾਂਗਰ,
ਸਾਡੀ ਤਲੀਏਂ ਡਲ਼ੀਆਂ ਕੁਝ ਟਿਕਾਅ ਜਾਇਆ ਕਰ।

=ਤੇਰੇ ਬਾਝੋਂ ਸੁੰਝੀ ਸੁੰਝੀ ਮਹਿਫ਼ਲ ਸੱਜਣਾ,
ਆ ਕੇ ਸਾਡੀ ਮਹਿਫ਼ਲ ਵਿਚ ਤੂੰ ਛਾ ਜਾਇਆ ਕਰ।

=ਇੰਝ ਨਾ ਕਦੇ ਕਿਹਾ ਕਰ ਕਿ ਹੁਣ ਮੈਂ ਨਹੀਂ ਆਉਣਾ,
ਜਿਉਣ ਵਾਸਤੇ ਝੂਠਾ ਲਾਰਾ ਲਾ ਜਾਇਆ ਕਰ।

=ਤੇਰੇ ਪਿਆਰ ਦੀ ਇੱਕੋ ਬੂੰਦ ਦੇ ਅਸੀਂ ਪਿਆਸੇ,
ਸਾਡੇ ਦਿਲ ‘ਤੇ ਬੱਦਲ ਵਾਂਗੂੰ ਛਾ ਜਾਇਆ ਕਰ।

=ਸਾਡੇ ਜੀਵਨ ਵਿਚ ਹੈ ਤਲਖ਼ੀ ਅਤੇ ਹਨ੍ਹੇਰਾ,
ਦਿਲ ਦੀ ਮੰਮਟੀ ‘ਤੇ ਇਕ ਦੀਪ ਜਗਾ ਜਾਇਆ ਕਰ।

=ਖ਼ਬਰੇ ਕੀਹਦੇ ਕੋਲ਼ ਤੂੰ ਜਾ ਕੇ ਬਹਿ ਜਾਨਾਂ ਏਂ,
ਉਹ ਨਹੀਂ ਚੰਗਾ ਯਾਰ ਤੂੰ ਓਧਰ ਨਾ ਜਾਇਆ ਕਰ।

=ਕਹਿੰਦਾ ਰਹਿਨਾਂ ਅਕਸਰ ਹੀ ਤੂੰ ਮੈਨੂੰ ਯਾਰਾ,
ਤੱਤੀਆਂ ਵਾਵਾਂ ਵੇਲੇ ਨਾ ਕੁਮਲਾਅ ਜਾਇਆ ਕਰ।

=ਤੇਰੇ ਪਾਸ ਮੁਹੱਬਤ “ਸਾਥੀ” ਪਾਕ ਮੁਹੱਬਤ,
ਇਕ ਲੱਪ ਸਾਡੀ ਝੋਲ਼ੀ ਵੀ ਤੂੰ ਪਾ ਜਾਇਆ ਕਰ।

02/02/14

ਇੱਕ ਹਾਸ ਰਸ ਵਾਲੀ ਕਵਿਤਾ
ਫੇਸਬੁਕ
ਡਾ. ਸਾਥੀ ਲੁਧਿਆਨਵੀ - ਲੰਡਨ  (02/01/2014)

ਅੱਜ ਕੱਲ ਕੀਤੇ ਜਾਂਦੇ ਪਿਆਰ ਫੇਸਬੁਕ 'ਤੇ.
ਯਾਰ ਹੁੰਦੇ ਇੱਕ ਨਹੀਂ ਹਜ਼ਾਰ ਫੇਸਬੁਕ 'ਤੇ.

ਸਾਇੰਸ ਹਾਲੀਂ ਹੋਰ ਕਿੰਨੇ ਕੌਤਕ ਦਿਖਾਏਗੀ,
ਦਿਸਦੇ ਨੇ ਏਦਾਂ ਦੇ ਆਸਾਰ ਫੇਸਬੁਕ 'ਤੇ.

ਦੁਨੀਆ ਦੇ ਕੋਨੇ ਕੋਨੇ ਦੀਆਂ ਫੁੱਲ ਪੱਤੀਆਂ,
ਨਿਤ ਨਵੀਂ ਦੇਖੀਏ ਬਹਾਰ ਫੇਸਬੁਕ 'ਤੇ.

ਆਸ਼ਕਾਂ ਨੂੰ ਟੋਭਿਆਂ 'ਤੇ ਮਿਲਣੇ ਦੀ ਲੋੜ ਨਹੀੰ,
ਸ਼ਰੇਆਮ ਦਿੰਦੇ ਨੇ ਦੀਦਾਰ ਫੇਸਬੁਕ 'ਤੇ.

ਕੱਜਲਾ ਵੀ ਕਾਹਦਾ ਜਿਹੜਾ ਦੇਖਿਆ ਨਾ ਹੋਵੇ ਕਿਸੇ,
ਫੋਟੋਆਂ ਲੁਆਂਦੇ ਖਿਚ ਧਾਰ ਫੇਸਬੁਕ 'ਤੇ.

ਨਵੀਂ ਨਵੀਂ ਹੋਈ ਹੈ ਜਵਾਨ ਇੰਝ ਜਾਪਦੈ,
ਕੁੜੀ ਕੋਈ ਨੱਢੀ ਮੁਟਿਆਰ ਫੇਸਬੁਕ 'ਤੇ.

ਹਰ ਕੋਈ ਰਾਂਝਾ ਇਥੇ ਹਰ ਕੋਈ ਹੀਰ ਹੈ,
ਦੇਖ ਲਵੋ ਚੱਜ ਤੇ ਆਚਾਰ ਫੇਸਬੁਕ 'ਤੇ.

ਆਪਣੀ ਹੀ ਫ਼ੋਟੋ ਖਿਚਵਾਕੇ ਸੈੱਲ ਫੋਨ 'ਤੇ,
ਘੰਟੇ ਘੰਟੇ ਪਿਛੋਂ ਪਾਂਦੇ ਯਾਰ ਫੇਸਬੁਕ 'ਤੇ.

ਨਵੇਂ ਜੰਮੇ ਕਾਕੇ ਦੀਆਂ ਫੋਟੋਆਂ ਉਤਾਰ ਕੇ,
ਹਫ਼ਤੇ 'ਚ ਪਾਂਦੇ ਕਈ ਵਾਰ ਫੇਸਬੁਕ 'ਤੇ.

ਹਾਏ ਮੇਰੀ ਸਿਹਤ ਲਈ ਦੁਆਵਾਂ ਕਰੋ ਦੋਸਤੋ,
ਇੱਦਾਂ ਦੇ ਵੀ ਆਂਦੇ ਨੇ ਬੀਮਾਰ ਫੇਸਬੁਕ 'ਤੇ.

ਨਵੇਂ ਮੁੰਡੇ ਦੇਸੋਂ ਆ ਕੇ ਟੌਹਰ ਦਿਖਲਾਨ ਲਈ,
ਫੋਟੋਆਂ ਲੁਆਂਦੇ ਨਾਲ ਕਾਰ ਫੇਸਬੁਕ 'ਤੇ.

ਕੱਚੀ ਪਿੱਲੀ ਕਾਹਲੀ ਕਾਹਲੀ ਲਿਖ ਕੇ ਕਵੀਸ਼ਰੀ,
ਕਵੀ ਜਨ ਦਿੰਦੇ ਨੇ ਉਤਾਰ ਫੇਸਬੁਕ 'ਤੇ.

ਯਾਦ ਕਰਵਾਂਦੇ ਮੈਨੂੰ ਬੀਤੀਆਂ ਜਵਾਨੀਆਂ,
ਮਿੱਤਰ ਪੁਰਾਣੇ ਮੇਰੇ ਯਾਰ ਫੇਸਬੁਕ 'ਤੇ.

ਦੇਸ ਪਰਦੇਸ ਵਿਚੋਂ ਮਿਲੇ ਸਾਨੂੰ "ਸਾਥੀ" ਕਈ,
ਬੜਾ ਛੋਟਾ ਲੱਗੇ ਸੰਸਾਰ ਫੇਸਬੁਕ 'ਤੇ.

 

2014
ਡਾ.ਸਾਥੀ ਲੁਧਿਆਣਵੀ-ਲੰਡਨ

ਹੌਲੀ ਹੌਲੀ ਆ ਢੁਕਿਆ ਹੈ ਵੀਹ ਸੌ ਚੌਦਾਂ ਸਾਲ ।
ਵੀਹ ਸੌ-ਤ੍ਹੇਰਾਂ ਖੱਟੇ-ਮਿੱਠੇ ਪਲਾਂ ਨੂੰ ਲੈ ਗਿਆ ਨਾਲ ।
ਦਿਨ ਚੜ੍ਹਦਾ ਫਿਰ ਸਿਖਰ ਦੁਪਹਿਰਾ,ਫਿਰ ਪੈਂਦੀ ਤ੍ਰਿਕਾਲ,
ਵਕਤ ਹਮੇਸ਼ਾਂ ਟੁਰਦਾ ਰਹਿੰਦਾ ਆਪਣੀ ਧੀਮੀ ਚਾਲ ।
ਉਮਰ ਦੀ ਪੌੜੀ ਚੜ੍ਹਦੇ ਚੜ੍ਹਦੇ ਕਿਸ ਮੁਕਾਮ'ਤੇ ਪੁੱਜੇ,
ਕਿਰਨ ਮਕਿਰਨੀ ਗੁਜਰੇ ਕਿੰਨੇ ਦਿਨ ,ਮਹੀਨੇ ,ਸਾਲ ।
ਜਿੰਦਗੀ ਦੇ ਸਾਹ ਮੁੱਲ ਨਾ ਵਿਕਦੇ ਕਿੱਧਰੇ ਵੀ ਬਾਜ਼ਾਰੀਂ,
ਸਾਹ ਨਾ ਕਦੇ ਖਰੀਦੇ ਜਾਂਦੇ ਹਰਗਿਜ਼ ਪੌਂਡਾਂ ਨਾਲ ।...
ਕਿੰਨੇਂ ਸੱਜਨ ਮਿੱਤਰ ਟੁਰ ਗਏ ਕਿੱਥੇ ਕਿਹੜੇ ਦੇਸੀਂ,
ਕਿਸੇ ਨਾ ਦੱਸਿਆ ਸਾੰਨੂ ਮੁੜ ਕੇ ਆਪਣਾ ਹਾਲ ਹਵਾਲ ।
ਕਾਹਨੂੰ ਲਭਦਾ ਫਿਰੇ ਜੋਗੀਆ ਚਾਰੇ ਪਾਸੇ ਐਵੇਂ,
ਮਿੱਟੀ ਵਿੱਚੋਂ ਨਹੀਓਂ ਲੱਭਣੇ ਕਦੇ ਗੁਆਚੇ ਲਾਲ ।
ਅੱਖਾਂ ਦੇ ਵਿਚ ਹੰਝੂ ਆ ਗਏਕਿੰਨੇ ਆਪ ਮੁਹਾਰੇ ,
ਬੈਠੇ ਬੈਠੇ ਸਾਨੂੰ ਆਇਆ ਕਿਸ ਦਾ ਅੱਜ ਖਿਆਲ।
ਪੰਜ ਦਹਾਕੇ ਹੋ ਗਏ ਸਾਨੂੰ ਵਿਚ ਪਰਦੇਸੀਂ ਆਇਆਂ,
ਏਸ ਦੇਸ ਵਿਚ ਅਸੀਂ ਹੰਢਾਏ ਗਰਮੀਂ ਅਤੇ ਸਿਆਲ ।
ਕਿੰਨੀਂ ਅਸੀਂ ਮੁਸ਼ੱਕਤ ਕੀਤੀ ਕਿੰਨੇ ਜੱਫਰ ਜਾਲੇ
ਟੁਰਦੇ ਟੁਰਦੇ ਥੱਕ ਗਏ ਹੁਣ ਤਾਂ ਮੱਠੀ ਪੈ ਗਈ ਚਾਲ।
ਸੱਜਣ ਸਾਡੇ ਵਸਦੇ ਇੰਡੀਆ,ਕਨੇਡਾ,ਅਮਰੀਕਾ,
ਕੈਲੇਫੌਰਨੀਆਂ,ਸੀਆਟਲ,ਲੰਡਨ,ਸਾਊਥਾਲ।
ਮੰਦਰ,ਮਸਜਦ,ਗੁਰੁਦੁਆਰੇ ਸੁੰਦਰ ਅਸੀਂ ਉਸਾਰੇ ,
ਕਦੇ ਨਾ ਐਪਰ ਬੰਦੇ ਅੰਦਰੋਂ ਕੀਤੀ ਰੱਬ ਦੀ ਭਾਲ ।
ਹਿੰਦੂ,ਮੁਸਲਿਮ,ਸਿੱਖ,ਇਸਾਈ ਸਾਡੇ ਕੋਲ ਬਥੇਰੇ,
ਆਓ ਹੁਣ ਬੰਦੇ ਚੌਂ ਕਰੀਏ ਇੱਕ ਬੰਦੇ ਦੀ ਭਾਲ ।
ਯਾਰਾਂ ਮਿੱਤਰਾਂ ਪੈਨ ਪੈਂਨਸਲਾਂ ਘੱਲੀਆਂ ਨਾਲ ਮੁਹੱਬਤਾਂ,
ਸੱਜਣਾਂ ਨੇ ਖੁਸ਼ਬੌਈਆਂ ਭਰਿਆ ਘੱਲਿਆ ਇੱਕ ਰੁਮਾਲ।
ਗਗਨਾਂ ਵਿੱਚ ਸਾਂ ਉਡਦੇ ਫਿਰਦੇ ਇੱਕ ਪੰਛੀ ਦੇ ਵਾਂਗਰ,
ਅਸੀਂ ਨਾ ਤੱਕਿਆ ਸੱਜਣਾਂ ਸੰਘਣਾ ਤੇਰੀ ਜੁਲ੍ਫ਼ ਦਾ ਜਾਲ ।
ਗਜ਼ਲਾਂ ਵਿਚ ਰਦੀਫ,ਕਾਫੀਆ,ਤੌਲ ,ਤੁਕਾਂਤ ਜਰੂਰੀ,
ਗਜ਼ਲਾਂ ਦੇ ਵਿਚ ਲਾਜ਼ਮ ਹੁੰਦਾ ਸੁਰ,ਸੰਗੀਤ ਤੇ ਤਾਲ ।
ਕੁਲ ਜੱਗ ਰਹੇ ਸਲਾਮਤ ਕਰੀਏ ਰੱਬ ਅੱਗੇ ਅਰਦਾਸਾਂ,
ਸੁੱਖੀਂ ਸਾਂਦੀ ਲੰਘੇ"ਸਾਥੀ "ਵੀਹ ਸੌ ਚੌਦਾਂ ਸਾਲ ॥

(ਡਾ,ਸਾਥੀ ਲੁਧਿਆਣਵੀ-ਲੰਡਨ)
31/12/13

 

ਗ਼ਜ਼ਲ
ਅੱਸੀਵੀਆਂ ਦੀ ਪੰਜਾਬ ਦੀ ਤ੍ਰਾਸਦੀ ਨੂੰ ਦ੍ਰਿਸ਼ਟਮਾਨ ਕਰਨ ਵਾਲ਼ੀ 1984 ਵਿਚ ਲਿਖ਼ੀ ਗਈ ਇਕ
ਡਾ. ਸਾਥੀ ਲੁਧਿਆਣਵੀ-ਲੰਡਨ

ਅੱਜ ਕਲ ਖ਼ਬਰਾਂ ਆਉਣ ਜੋ ਸਾਡੇ ਸ਼ਹਿਰ ਦੀਆਂ।
ਪੁੜੀਆਂ ਭਰੀਆਂ ਹੋਈਆਂ ਜੀਕੂੰ ਜ਼ਹਿਰ ਦੀਆਂ।

=ਨਿੱਕੇ ਵੱਡੇ ਰੁੱਖ, ਚੁਬਾਰੇ ਢਹਿ ਪਏ ਨੇ,
ਐਸੀਆਂ ਵਗੀਆਂ ਵਾਵਾਂ ਸ਼ਹਿਰ ‘ਚ ਕਹਿਰ ਦੀਆਂ।

=ਵਸਤਰਹੀਣ ਚੌਰਸਤੇ ਠੁਰ ਠੁਰ ਕਰਦੇ ਨੇ,
ਸੁੰਝੀਆਂ ਸੜਕਾਂ ਪਈਆਂ ਸਿਖ਼ਰ ਦੁਪਹਿਰ ਦੀਆਂ।

=ਡਰਦਾ ਕੋਈ ਸ਼ਨਾਖ਼ਤ ਕਰਨੀ ਚਾਹੇ ਨਾ,
ਸੜ ਰਹੀਆਂ ਨੇ ਲਾਸ਼ਾਂ ਪਿਛਲੇ ਪਹਿਰ ਦੀਆਂ।

=ਕਿੰਨੀਆਂ ਮੋਈਆਂ ਹੈਨ ਸਵੇਰਾਂ ਰਾਂਗਲੀਆਂ,
ਕਿੰਨੀਆਂ ਅੱਖਾਂ ਰੋਈਆਂ ਆਉਂਦੀ ਸਹਿਰ ਦੀਆਂ।

=ਸੀਨਿਆਂ ਵਿਚ ਤਰੇੜਾਂ ਪਈਆਂ ਹੋਈਆਂ ਨੇ,
ਅੱਖ਼ਾਂ ਵਿਚ ਗਹਿਰਾਈਆਂ ਡਾਢੇ ਕਹਿਰ ਦੀਆਂ।

=ਨੌਹਾਂ ਨਾਲ਼ੋਂ ਮਾਸ ਅਲਹਿਦਾ ਕਰਨ ਪਏ,
ਵੰਡਦੇ ਪਏ ਨੇ ਛੱਲਾਂ ਮਨ ਦੀ ਨਹਿਰ ਦੀਆਂ।

=ਵਾਤਾਵਰਣ ਤੂਫਾਨਾਂ ਵਾਲ਼ਾ ਲਗਦਾ ਹੈ,
ਇਹ ਗੱਲਾਂ ਨਹੀਂ ਨਿੱਕੀ ਜਿਹੀ ਇਕ ਲਹਿਰ ਦੀਆਂ।

=ਕਲਮਾਂ ਵਾਲ਼ੇ ਲੋਕਾਂ ਦੀ ਗੱਲ ਕਰਦੇ ਨਹੀਂ,
ਗ਼ਜ਼ਲਾਂ ਲਿਖ਼ਦੇ ਹੁਸਨ ਇਸ਼ਕ ਦੇ ਬਹਿਰ ਦੀਆਂ।

=”ਸਾਥੀ” ਗ਼ਜ਼ਲ ਦੀ ਸਿਨਫ਼ ਦੇ ਰਾਹੀਂ ਕਰਦਾ ਹੈ,
ਲੋਕਾਂ ਉੱਤੇ ਹੁੰਦੇ ਡਾਹਡੇ ਕਹਿਰ ਦੀਆਂ।

17/12/13

ਗ਼ਜ਼ਲ
ਡਾ.ਸਾਥੀ ਲੁਧਿਆਣਵੀ

ਮੁੱਦਤ ਪਿੱਛੋਂ ਰਾਤ ਬਿਤਾ ਕੇ ਚੱਲੇ ।
ਅੰਦਰ ਬਾਹਰ ਅੱਗ ਲਗਾ ਕੇ ਚੱਲੇ।

=ਆਪਣੇ ਚਿੱਤੋਂ ਅੱਗ ਬੁਝਾ ਕੇ ਚੱਲੇ,
ਐਪਰ ਸੁੱਤੀ ਅੱਗ ਜਗਾ ਕੇ ਚੱਲੇ ।

=ਇੱਕਾ ਦੁੱਕਾ ਵੰਗ ਦੇ ਟੋਟੇ ਦੱਸਣ,
ਸ਼ਗਨਾ ਵਰਗੀ ਰਾਤ ਬਿਤਾ ਕੇ ਚੱਲੇ।

=ਖ਼ਬਰੇ ਐਡੀ ਕਿਹੜੀ ਸੀ ਮਜਬੂਰੀ,
ਹਫ਼ੜਾ ਦਫ਼ੜੀ ਖ਼ੂਬ ਮਚਾਕੇ ਚੱਲੇ।

=ਹੱਸਦੇ ਵੀ ਸਨ, ਅੱਖ਼ ਵੀ ਭਰ ਲੈਂਦੇ ਸਨ,
ਦਿਲ ਵਿਚ ਸ਼ਾਇਦ ਦਰਦ ਛੁਪਾ ਕੇ ਚੱਲੇ।

=ਉਸ ਦੀ ਅੱਖ਼ ਦੀ ਬੇਚੈਨੀ ਸੀ ਦੱਸਦੀ,
ਆਪਣੇ ਮਨ ਦਾ ਚੈਨ ਗੁਆ ਕੇ ਚੱਲੇ।

=ਆਏ ਤਾਂ ਸਨ ਹਾਸੇ ਖ਼ੇੜੇ ਲੈ ਕੇ,
ਜਾਣ ਸਮੇਂ ਪਰ ਖ਼ੂਬ ਰੁਆ ਕੇ ਚੱਲੇ।

=ਜੇਕਰ ਸਾਡੇ ਨਾਲ਼ ਈ ਸਨ ਬਹਾਰਾਂ,
ਫ਼ਿਰ ਕਿਓਂ ਵਾਲ਼ੀ ਫ਼ੁੱਲ ਸਜਾ ਕੇ ਚੱਲੇ।

=ਪਲਕਾਂ ਉਤੇ ਜਿਨ੍ਹਾਂ ਬਿਠਾਇਆ ਸਾਨੂੰ,
ਅੱਜ ਉਹ ਕਿੱਦਾਂ ਅੱਖ਼ ਭੁੰਆਂ ਕੇ ਚੱਲੇ।

=ਸਾਨੂੰ ਪਾ ਗਏ ਗ਼ਮ ਦੇ ਲੰਮੇ ਪੈਂਡੇ,
ਆਪਣਾ ਤਾਂ ਉਹ ਪੰਧ ਮੁਕਾ ਕੇ ਚੱਲੇ।

=ਏਦਾਂ ਵਿਛੜੇ ਜੀਕਰ ਫ਼ਿਰ ਨਹੀਂ ਮਿਲਣਾ,
“ਸਾਥੀ” ਨੂੰ ਇੰਝ ਗਲ਼ੇ ਲਗਾ ਕੇ ਚੱਲੇ।

08/11/2013

ਗ਼ਜ਼ਲ
ਸਾਥੀ ਲਧਿਆਣਵੀ-ਲੰਡਨ

ਜਿੱਥੇ ਕਿਤੇ ਹਨ੍ਹੇਰਾ ਪਿਆਰੇ ਰੋਸ਼ਨੀ ਕਰੋ।
ਨਾ ਕਹਿ ਤੇਰਾ ਮੇਰਾ ਪਿਆਰੇ ਰੋਸ਼ਨੀ ਕਰੋ।

=ਦੀਪ ਤੋਂ ਦੀਪ ਜਗਾਇਆਂ ਕਦੇ ਨਾ ਲੋਅ ਘਟੇ,
ਦੀਪ ‘ਚ ਦਮ ਬਥੇਰਾ ਪਿਆਰੇ ਰੋਸ਼ਨੀ ਕਰੋ।

=ਹਰ ਪਾਸੇ ਹੀ ਰੋਸ਼ਨੀਆਂ ਫ਼ੈਲਾਅ ਦੇਵੋ,
ਖ਼ਿੜ ਜਾਏ ਚਾਰ ਚੁਫ਼ੇਰਾ ਪਿਆਰੇ ਰੋਸ਼ਨੀ ਕਰੋ।

= ਖ਼ੋਲ਼੍ਹੋ ਮਨ ਦੇ ਬੰਦ ਦਰਵਾਜ਼ੇ ਝਿਜਕੋ ਨਾ,
ਅੰਦਰ ਰਹੇ ਨਾ ਨ੍ਹੇਰਾ ਪਿਆਰੇ ਰੋਸ਼ਨੀ ਕਰੋ।

=ਗ਼ਗ਼ਨ ਦੀ ਚਾਦਰ ਗਿੱਲੀ ਤੇ ਘਸਮੈਲ਼ੀ ਹੈ,
ਲੋਅ ਤੋਂ ਸੱਖ਼ਣਾ ਵਿਹੜਾ ਪਿਆਰੇ ਰੋਸ਼ਨੀ ਕਰੋ।

=ਰੋਸ਼ਨੀਆਂ ਦੇ ਦੁਸ਼ਮਣ ਨ੍ਹੇਰਾ ਚਾਹੁੰਦੇ ਨੇ,
ਕਰਕੇ ਤਕੜਾ ਜੇਰਾ ਪਿਆਰੇ ਰੋਸ਼ਨੀ ਕਰੋ।

=ਘਰ ਦੀ ਹਰ ਇੱਕ ਨੁੱਕਰ ਰੋਸ਼ਨ ਹੋ ਜਾਵੇ,
ਰੋਸ਼ਨ ਹੋ ਜਾਏ ਵਿਹੜਾ ਪਿਆਰੇ ਰੋਸ਼ਨੀ ਕਰੋ।

=ਰਾਤੀਂ ਜੇਕਰ ਰੋਸ਼ਨੀਆਂ ਫ਼ੈਲਾਓਗੇ,
ਚੜ੍ਹੇਗਾ ਸੋਨ-ਸਵੇਰਾ ਪਿਆਰੇ ਰੋਸ਼ਨੀ ਕਰੋ।

=ਆਦਮ ਆਦਮ ਦਾ ਹੀ ਦੁਸ਼ਮਣ ਬਣੇ ਕਿਓਂ,
ਛੱਡੋ ਝਗੜਾ ਝੇੜਾ ਪਿਆਰੇ ਰੋਸ਼ਨੀ ਕਰੋ।

=ਜ਼ਿੰਦਗ਼ੀ ਤਾਂ ਹੈ ਇੱਕ ਬੁਲਬੁਲਾ ਪਾਣੀ ਦਾ,
ਜੋਗੀ ਵਾਲ਼ਾ ਫ਼ੇਰਾ ਪਿਆਰੇ ਰੋਸ਼ਨੀ ਕਰੋ।

=ਮਨ ਨੂੰ ਹੋਰ ਵਿਸ਼ਾਲ ਕਰੋ “ਲੁਧਿਆਣਵੀ”,
ਵੱਡਾ ਕਰ ਲਓ ਘੇਰਾ ਪਿਆਰੇ ਰੋਸ਼ਨੀ ਕਰੋ।

drsathi41@gmail.com
03/11/2013

 

ਗ਼ਜ਼ਲ
ਸਾਥੀ ਲੁਧਿਆਣਵੀ, ਲੰਡਨ

ਇਨਸਾਨ ਚੋਂ ਇਨਸਾਨ ਮਨਫ਼ੀ ਹੋ ਗ਼ਿਆ।
ਕੀਮਤੀ ਸਾਮਾਨ ਮਨਫ਼ੀ ਹੋ ਗਿਆ।

=ਬੰਦਾ ਜਿਉਂਦਾ ਜਾਗਦਾ ਰੋਬੋਟ ਹੈ,
ਇਸ ਚੋਂ ਦੀਨ ਈਮਾਨ ਮਨਫ਼ੀ ਹੋ ਗਿਆ।

=ਬੰਦੇ ਅੰਦਰ ਰਹਿ ਗਿਆ ਕੇਵਲ ਜਨੂੰਨ,
ਉਸ ਚੋਂ ਵੇਦ ਕੁਰਾਨ ਮਨਫ਼ੀ ਹੋ ਗਿਆ।

=ਗ਼ਲਤ ਸਾਂ ਮੈਂ,ਸੋਚਿਆ ਸੀ ਮੈਂ ਜਦੋਂ,
ਇਨਸਾਨ ਚੋਂ ਹੈਵਾਨ ਮਨਫ਼ੀ ਹੋ ਗਿਆ।

=ਜਦ ਤੋਂ ਸਿੱਕੇ ਚੜ੍ਹਨ ਲੱਗੇ ਕੀਮਤੀ,
ਮੰਦਰੋਂ ਭਗ਼ਵਾਨ ਮਨਫ਼ੀ ਹੋ ਗਿਆ।

=ਬਿਨ ਸ਼ਨਾਖ਼ਤ ਸ਼ਖ਼ਸ ਹੈ ਇਕ ਮਰ ਗਿਆ,
ਆਮ ਇਕ ਇਨਸਾਨ ਮਨਫ਼ੀ ਹੋ ਗਿਆ।

=ਸ਼ਹਿਰ ਚੋਂ ਧੂੰਆਂ ਮਸਲਸਲ ਉੱਠ ਰਿਹੈ,
ਨਿੱਖ਼ਰਿਆ ਅਸਮਾਨ ਮਨਫ਼ੀ ਹੋ ਗਿਆ।

=ਜਦ ਤੋਂ ਸ਼ਹਿਰ ਜੰਗਲ ਵੱਲ ਨੂੰ ਫ਼ੈਲਿਆ,
ਜੰਗਲ ਬੀਆਬਾਨ ਮਨਫ਼ੀ ਹੋ ਗਿਆ।

=ਜ਼ਿੰਦਗ਼ੀ ਵਿਚ ਖ਼ਲਬਲੀ ਹੈ ਇਸ ਕਦਰ,
ਜੀਵਨ ਚੋਂ ਅਰਮਾਨ ਮਨਫ਼ੀ ਹੋ ਗਿਆ।

=ਜ਼ਿੰਦਗ਼ੀ ਚੋਂ ਹੋ ਗਿਆ ਮਨਫ਼ੀ ਸਕੂਨ,
ਚੈਨ ਮੇਰੀ ਜਾਨ ਮਨਫ਼ੀ ਹੋ ਗਿਆ।

=ਅੱਜ ਕੱਲ ਹਥਿਆਰ ਨਹੀਂ ਪਹਿਲਾਂ ਜਿਹੇ,
ਅੱਜ ਕੱਲ ਤੀਰ ਕਮਾਨ ਮਨਫ਼ੀ ਹੋ ਗਿਆ।

=ਘਰ ਦਾ ਫ਼ਿਰ ਮਾਹੌਲ ਤਨਹਾ ਹੋ ਗਿਆ,
ਘਰ ਚੋਂ ਇਕ ਮਹਿਮਾਨ ਮਨਫ਼ੀ ਹੋ ਗਿਆ।

=ਸੱਚ ਨੂੰ ਫ਼ਾਂਸੀ ਹੈ, ਉਹ ਨਾ ਸਮਝਿਆ,
ਬੰਦਾ ਸੀ ਨਾਦਾਨ, ਮਨਫ਼ੀ ਹੋ ਗਿਆ।

=ਇਹ ਤਮੰਨਾ ਹੈ ਕਿ ਦੁਨੀਆਂ ਨਾ ਕਹੇ,
"ਸਾਥੀ" ਚੋਂ ਇਨਸਾਨ ਮਨਫ਼ੀ ਹੋ ਗਿਆ।

drsathi41@gmail.com
08/09/2013

 

ਗ਼ਜ਼ਲ
ਡਾ.ਸਾਥੀ ਲੁਧਿਆਣਵੀ

ਆ ਗਏ ਅੱਜ ਉਹ ਹੱਥਾਂ ਵਿਚ ਗ਼ੁੱਲਦਸਤੇ ਫ਼ੜ ਕੇ।
ਉਹ ਜੋ ਗਏ ਸੀ ਨਿੱਕੀ ਜਿਹੀ ਇਕ ਗੱਲ ਤੋਂ ਲੜ ਕੇ।

=ਖ਼ੂੰਜੇ ਖ਼ੜ੍ਹੀ ਬਹਾਰ ਦਾ ਚਿਹਰਾ ਖ਼ਿੜ ਉੱਠਿਆ ਹੈ,
ਅੰਤਮ ਪੱਤਾ ਰੁੱਖ਼ ਤੋਂ ਜਿਓਂ ਹੀ ਡਿੱਗਿਆ ਝੜ ਕੇ

=ਰਾਤੀਂ ਜਾਗਣ ਆਸ਼ਕ, ਚੋਰ ਲੁਟੇਰੇ, ਕੁੱਤੇ,
ਜਾਂ ਕੋਈ ਜੋਗੀ ਉੱਠ ਕੇ ਗਾਵੇ ਵੱਡੇ ਤੜਕੇ।

=ਆਪਣੇ ਅੰਤਮ ਸਾਹਾਂ 'ਤੇ ਹੈ ਪੱਤਝੜ ਸ਼ਾਇਦ,
ਕੱਲਾ ਕਾਰਾ ਸੁੱਕਾ ਪੱਤਾ ਰੁੱਖ਼ 'ਤੇ ਖ਼ੜਕੇ।

=ਗਲ਼ੀਏਂ ਗਲ਼ੀਏਂ ਰੁਲ਼ਦੇ ਪਏ ਯਤੀਮਾਂ ਵਾਂਗੂੰ,
ਸੁੱਕੇ ਪੱਤੇ ਰੁੱਖ਼ਾਂ ਤੋਂ ਜੋ ਡਿੱਗੇ ਝੜ ਕੇ।

=ਆਪਣੀ ਪੀੜ ਲੁਕਾਉਂਦੇ ਰਹੀਏ ਘਰ ਤੋਂ ਬਾਹਰ,
ਰੋਈਏ ਦਰਦਾਂ-ਵਿੰਨ੍ਹੇ ਹਰਦਮ ਅੰਦਰ ਵੜ ਕੇ।

=ਆਪਣੀ ਧੁੰਨ ਵਿਚ ਜੰਗਲ਼ ਵਿਚੀਂ ਟੁਰਿਆ ਜਾਵੇ,
ਰਾਹੀ ਉੱਤੇ ਬੱਦਲ ਗੱਜੇ, ਬਿੱਜਲੀ ਕੜਕੇ।

=ਤੈਨੂੰ ਤੱਕਿਆਂ ਦਿਲ ਦੇ ਅੰਦਰ ਕੁਝ ਕੁਝ ਹੋਵੇ,
ਸੱਜਣਾ ਦੇ ਘਰ ਵੱਲ ਨੂੰ ਜਾਂਦੀਏ ਕਾਲ਼ੀਏ ਸੜਕੇ।

=ਅੱਖ਼ਾਂ ਵਿੱਚੀ ਰਾਤ ਗ਼ੁਜ਼ਰਦੀ ਰਫ਼ਤਾ ਰਫ਼ਤਾ,
ਨੀਂਦਰ ਸਾਨੂੰ ਪੈਂਦੀ ਕਿੱਧਰੇ ਵੱਡੇ ਤੜਕੇ।

=ਬਾਬੇ ਸ਼ੇਖ਼ ਫ਼ਰੀਦ ਦੀ ਬਾਣੀ ਚੇਤੇ ਆਈ,
ਵੇਖ਼ੇ ਜਦ ਦੁਨੀਆਂ ਦੇ ਦੁੱਖ਼ ਮੈਂ ਉੱਚੇ ਚੜ੍ਹ ਕੇ।

=ਅੱਧੀਂ ਰਾਤੀ ਬਾਹਰ ਖ਼ੜ੍ਹੀ ਬੇਚੈਨ ਹਵਾ ਹੈ,
''ਸਾਥੀ'' ਸੋਚੇ ਉਸਦਾ ਸ਼ਾਇਦ ਬੂਹਾ ਖ਼ੜਕੇ।

drsathi41@gmail.com
07/09/2013

ਗ਼ਜ਼ਲ

ਸਾਨੂੰ ਤੋਲ ਨਾ ਤੂੰ ਐਵੇਂ ਚੰਨਾ ਤਾਰਿਆਂ ਦੇ ਨਾਲ਼।
ਤੈਨੂੰ ਹੇਜ ਕੋਈ ਹੈ ਨੀ ਸਾਡੇ ਢਾਰਿਆਂ ਦੇ ਨਾਲ਼।
=ਅਸੀਂ ਅੰਬਰਾਂ ਨੂੰ ਛੂਹਣ ਦੇ ਖ਼ੁਆਬ ਲੈ ਲਏ,
ਸਾਨੂੰ ਈਰਖ਼ਾ ਨਹੀਂ ਤੇਰਿਆਂ ਚੁਬਾਰਿਆਂ ਦੇ ਨਾਲ਼।
=ਐਵੇਂ ਖ਼ੁਦ ਨੂੰ ਤੂੰ ਝੂਠੀਆਂ ਤਸੱਲੀਆਂ ਨਾ ਦੇਹ,
ਕੋਈ ਜਿੱਤਦਾ ਨਹੀਂ ਇੱਥੇ ਪੱਤੇ ਹਾਰਿਆਂ ਦੇ ਨਾਲ਼।
=ਜਦੋਂ ਯਾਦ ਆਉਂਦੀ ਸਾਨੂੰ ਝੂਠੇ ਲਾਰਿਆ ਦੀ ਗੱਲ,
ਸਾਡੀ ਪੀੜ ਆਉਂਦੀ ਬਾਹਰ ਹੰਝੂ ਖ਼ਾਰਿਆ ਦੇ ਨਾਲ਼।
=ਤੇਰੇ ਸਾਥ ਬਾਝੋਂ ਨਹੀਓਂ ਸਾਨੂੰ ਮਿਲਣਾ ਸਕੂਨ,
ਅਸੀਂ ਰੱਜਣਾ ਨਹੀਂ ਰੰਗਲੇ ਗ਼ੁਬਾਰਿਆ ਦੇ ਨਾਲ਼।
=ਤੇਰੀ ਚੁੱਪ ਦੀ ਆਵਾਜ਼ ਸਾਥੋਂ ਸਹਿ ਨਹੀਓਂ ਹੋਣੀ,
ਅਸੀਂ ਜਿਉਂਦੇ ਹਾਂ ਪਿਆਰਿਓ ਹੁੰਗਾਰਿਆ ਦੇ ਨਾਲ਼।
=ਜੇ ਤੂੰ ਮਿਲਣੈਂ ਪਿਆਰੇ ਸਾਖ਼ਸ਼ਾਤ ਆ ਕੇ ਮਿਲ਼,
ਗੱਲ ਬਣਨੀ ਨਹੀਂ ਦੂਰ ਤੋਂ ਇਸ਼ਾਰਿਆ ਦੇ ਨਾਲ਼।
=ਖ਼ੌਰੇ ਆਸ਼ਕਾਂ ਦੀ ਮਿੱਟੀ ਦੀ ਤਾਸੀਰ ਕੈਸੀ ਹੈ,
ਅੰਗ ਅੰਗ ਕਟਵਾਂਦੇ ਤਿੱਖ਼ੇ ਆਰਿਆ ਦੇ ਨਾਲ਼।
=ਜਿਨ੍ਹਾਂ ਦਰਦ ਵੰਡਾਇਆ ਸਾਡਾ ਔਕੜਾਂ ਸਮੇਂ,
ਸਾਨੂੰ ਮੋਹ ਉਨ੍ਹਾਂ ਮਿੱਤਰਾਂ ਪਿਆਰਿਆ ਦੇ ਨਾਲ਼।
=ਕਈ ਡੁੱਬ ਗਏ ਵਲੈਤ ਦੇ ਸਮੁੰਦਰਾਂ ਦੇ ਵਿਚ,
ਬੜੀ ਬੁਰੀ ਹੋਈ ਮਾਵਾਂ ਦੇ ਦੁਲਾਰਿਆਂ ਦੇ ਨਾਲ਼।
=ਸਾਡੀ ਹੋ ਗਈ ਹੈ ਵਲੈਤ ਵਿਚ ਜ਼ਿੰਦਗ਼ੀ ਤਮਾਮ,
ਜਿਹੜੀ ਸ਼ੁਰੂ ਹੋਈ ਕੱਚਿਆਂ ਕੁਆਰਿਆ ਦੇ ਨਾਲ਼।
=ਸਾਨੂੰ "ਸਾਥੀ" ਕੱਲੇ ਨਾਲ਼ ਹੀ ਪਿਆਰ ਨਹੀਂ ਹੈ,
ਅਸੀਂ ਕਰੀਏ ਪਿਆਰ ਲੋਕਾਂ ਸਾਰਿਆ ਦੇ ਨਾਲ਼।

drsathi41@gmail.com
16/08/2013


ਜੋਗਿੰਦਰ ਸਿੰਘ ਥਿੰਦ

ਗਜ਼ਲ
ਜੋਗਿੰਦਰ ਸਿੰਘ "ਥਿੰਦ"

ਪੈਰਾਂ ਦੀ ਚਾਪ ਲਈ, ਕਨ ਨੂੰ ਲਗਾਈ ਰੱਖਦੇ
ਦਿਲ ਦਿਲਦਾਰ ਨੂੰ,ਵਹਿਮਾਂ 'ਚ ਪਾਈ ਰੱਖਦੇ ।

ਉਡਿਆ ਏ ਕਾਂ ਬਨੇਰੇਓਂ ਆਸਾਂ ਨੇ ਟੁਟੀਆਂ
ਸਿਰ ਸੁਟ ਐਵੇਂ, ਢੇਰੀਆਂ ਨੇ ਢਾਈ ਰੱਖਦੇ।

ਉਂਗੂਠੇ ਤੇ ਠੋਡੀ ਰੱਖ, ਬੂਹੇ ਵਲ ਤੱਕ ਤੱਕ
ਇਕ ਦੋ ਉਂਗਲਾਂ ਦੰਦਾਂ 'ਚ ਦਬਾਈ ਰੱਖਦੇ।

ਤਲੋ ਮੱਛੀ ਹੋਕੇ ਭੱਜ ਭੱਜ ਜਾਣ ਬੂਹੇ ਵੱਲ
ਰੋਟੀ ਪਾਣੀ ਭੁਲ ਜੁਤੀਆਂ ਘਿਸਾਈ ਰੱਖਦੇ।

ਪਤਾ ਏ ਕਿ ਜਾਣ ਵਾਲੇ ਮੁੜ੍ਹਦੇ ਨਹੀ ਕਦੀ
ਦੀਪ ਆਸਾਂ ਦੇ, ਫਿਰ ਵੀ ਜਗਾਈ ਰੱਖਦੇ ।

ਕਦੀ ਫਕੀਰ ਕਦੀ ਸ਼ਹਿੰਸ਼ਾਹ ਮਰੀਦ ਕਦੀ
ਭਾਗ ਬੰਦੇ ਨੂੰ, ਕੀ ਤੋਂ ਕੀ ਏ ਬਣਾਈ ਰੱਖਦੇ ।

ਥਿੰਦ ਉਠ ਵੇਖ ਉਹੀਓ ਲਣਗ ਦੇ ਨੇ ਪਾਰ
ਨਾਲ ਕਾਫਲੇ ਜੋ, ਪੈਰਾਂ ਨੂੰ ਮਿਲਾਈ ਰੱਖਦੇ।

22/02/14

 

ਹਾਇਕੁ ਸ਼ੈਲੀ ਵਿਚ ਪੰਜਾਬੀ ਕਵਿਤਾਵਾਂ
ਜੋਗਿੰਦਰ ਸਿੰਘ "ਥਿੰਦ"

ਬੇ-ਖਬਰ ਨੇ
ਅਗਲੇ ਪਲ ਕੀ ਏ
ਖੁਸ਼ੀ ਜਾਂ ਗਮ

ਤਿਖੜ ਧੁਪ
ਨੰਗੇ ਪੈਰ ਰੇਤ ਤੇ
ਸਿਖਰੇ ਨਿਓਂ

ਨਹੀਂ ਲੱਭਦੇ
ਆਲੇ 'ਚ ਰਖੇ ਦੀਵੇ
ਬਾਬੇ, ਨਾਂ ਖੂਂਡ

ਵਿਚ ਵਚਾਲੇ
ਸੋਚਾਂ ਦੇ ਤਾਣੇ-ਬਾਣੇ
ਨਵੇ ਜ਼ਮਾਨੇ

22/02/14

ਗਜ਼ਲ
ਜੋਗਿੰਦਰ ਸਿੰਘ "ਥਿੰਦ"

ਇਕ ਪੈਰ ਕਿਤੇ, ਦੂਜਾ ਕਿਤੇ, ਅੱਪਣੇ ਆਪ ਨੂੰ ਲੱਭ ਰਹੇਂ ਹਾਂ ।
ਅੱਖਾਂ ਬੰਦ ਤੇ ਬੁਲ ਫੜਕਨ, ਪੀੜ੍ਹਾਂ ਦਿਲ 'ਚ ਦੱਭ ਰਹੇਂ ਹਾਂ।

ਮਾਣੋਂ ਖੁਸ਼ੀਆਂ ਤੇ ਹੱਸੋ ਖੇਡੋ, ਸਾਡੀ ਦੁਆ ਬਣਕੇ ਦਵਾ ਸੱਗੇ,
ਕਦੀਨਾ ਪੁਛਣਾ ਹਾਲ ਸਾਡਾ, ਅਸੀਂ ਤਾਂ ਪੱਥਰ ਚੱਬ ਰਹੇਂ ਹਾਂ।

ਆਣਾ ਤਾਂ ਅਚਣਚੇਤ ਆਓਣਾ, ਦਰ ਅਪਣਾ ਸਦਾ ਰਹੇ ਖੁਲਾ,
ਝੱਲ ਝੱਲ ਤੀਰ ਤਾਹਿਨਿਆਂ ਦੇ, ਵੇਖਣਾ ਹਸਦੇ ਲੱਗ ਰਹੇਂ ਹਾਂ।

ਚਲ ਚਲ ਹੁਣ ਤਾਂ ਚੂਰ ਹੋਏ, ਲੀਹੋਂ ਲੱਗਦਾ ਗੱਡੀ ਲੱਥ ਹੋਈ,
ਹੋ ਸਕੇ ਤਾਂ ਯਾਰੋ ਮਾਫ ਕਰਨਾ, ਕੀਤੇ ਕੌਲਾਂ ਤੋਂ ਭੱਝ ਰਹੇਂ ਹਾਂ।

ਜੁਗ ਬੀਤੇ, ਕਈ ਸਦੀਆਂ ਬੀਤੀਂ, ਤੇ ਹੁਣ ਵੀ ਆਲਮ ਇਹੋ ਹੈ,
ਸੁਬਾ ਤੋਂ ਸ਼ਾਮ ਤੇ ਰਾਤ ਹੋਈ, ਅਜੇ ਵੀ ਸ਼ਾਮ ਨੂੰ ਲੱਭ ਰਹੇਂ ਹਾਂ।

ਕਿਆ ਸਿਆਣਿਆਂ ਬਲ੍ਹੈ ਅੱਗ, ਧੂਆਂ ਇਸ਼ਕ ਦਾ ਨਾ ਨਿਕਲੇ,
ਓਨ੍ਹਾਂ ਤੋਂ ਪੀੜ੍ਵਾਂ ਛੁਪ ਜਾਵਨ, ਤਾਂ ਹੀ ਤਾਂ ਏਨਾ ਸੱਜ ਰਹੇਂ ਹਾਂ ।

ਹੱਡ ਪੈਰ ਹੋਏ ਵਾਂਗ ਲਕੜਾਂ ਦੇ, ਬੁਲ ਸੁਕੇ ਤੇ ਬੇਜਾਨ ਅੱਖੀਆਂ,
ਥਿੰਦ, ਮੰਗ ਲੈ ਜੋ ਤੂੰ ਮੰਗਣਾਂ ਏ, ਤੇਰੇ ਦਰ ਤੋਂ ਜਾ ਅੱਜ ਰਹੇਂ ਹਾਂ।

ਇੰਜ: ਜੋਗਿੰਦਰ ਸਿੰਘ "ਥਿੰਦ"
(ਅਮ੍ਰਿਤਸਰ--ਸਿਡਨੀ)
15/01/2014

 

ਕਵਿਤਾ ਸੇਦੋਕਾ ਸ਼ੈਲੀ ਵਿਚ
ਬੇਗਰਜ਼ ਮਹਿਕ

(1)
ਬੇਗਰਜ਼ ਨੇ
ਮਹਿਕਾਂ ਜੋ ਵੰਡਦੇ
ਫੁਲ ਰੰਗ ਬਰੰਗੇ

ਗਰਜ਼ੀ ਬੰਦੇ
ਕੁਝ ਸਿਖੋ ਏਨ੍ਹਾਂ ਤੋਂ
ਲੈ ਕੀ ਜਾਣਾਂ ਜਹਾਂ ਤੋਂ

(2)
ਲਾਲੀ ਉੱਡਕੇ
ਚੱੜ੍ਹੀ ਏ ,ਅੱਸਮਾਨੇ
ਖੂਨ ਹੋਆ ਮੁਲਤਾਨੇ

ਖੂਨੀ ਰੰਗਦਾ
ਬੁਲਾ ਇਕ ਆਇਆ
ਦੋਵੇਂ ਘਰ ਉਜਾੜੇ

(3)
ਢਾਂਬਾਂ ਛੱਪੜ
ਭੌਣੀ, ਲਮੀਆਂ ਲੱਜਾਂ
ਪਿੰਡੋ ਪਿੰਡ ਜਾ ਲੱਭਾਂ

ਮਿੱਟ ਗੈ ਸਾਰੇ
ਥੱਲੇ ਹੀ ਥੱਲੇ ਪਾਣੀ
ਬਨੂੰ ਰੇਤ-ਕਹਾਨੀ

ਇੰਜ:ਜੋਗਿੰਦਰ ਸਿੰਘ ਥਿੰਦ, ਸਿਡਨੀ
17/11/13

ਕਵਿਤਾ ਸੇਦੋਕਾ ਸ਼ੈਲੀ ਵਿਚ
ਸੱਚ ਨਿਤਾਰਾ
ਜੋਗਿੰਦਰ ਸਿੰਘ ਥਿੰਦ, ਸਿ਼ਡਨੀ

ਕੁਰੱਪਟ ਨੂੰ
ਕੁਰੱਪਟ ਹੀ ਖਾਵੇ
ਪੈਸਾ ਰੰਗ ਵਿਖਾਵੇ
ਰੱਤ ਨਿਚੋੜੇ
ਡ੍ਹਾਢਾ ਦੱਬੇ ਤੇ ਘੂਰੇ
ਗਰੀਬ ਪਿਆ ਝੂਰੇ


ਲਹੂ ਸੱਭ ਦਾ
ਹੈ ਲਾਲ ਹੀ ਰੰਗ ਦਾ
ਸੱਭ, ਹੋਰ ਢੰਗ ਦਾ
ਵਖਰੇ ਸਾਰੇ
ਕਰਨ ਪੈ ਪਸਾਰਾ
ਹੋਵੇ ਸੱਚ ਨਿਤਾਰਾ

31.08.2013

 

ਗਜ਼ਲ

ਅੱਖਾਂ 'ਚ ਉਹ ਲੱਖ ਪਾਣੀ ਭਰਦੇ ਰਹੇ
ਜ਼ਾਲਮ ਫਿਰ ਵੀ ਜ਼ੁਲਮ ਕਰਦੇ ਰਹੇ।

ਕੀ ਮਿਲੂਗਾ ਹੋਰ ਜ਼ਖਮਾਂ ਨੂੰ ਫਰੋਲ ਕੇ
ਦਰਦ ਓਹੋ ਜੋ ਇਹਨਾਂ 'ਚ ਭਰਦੇ ਰਹੇ

ਸਹੋਗੇ ਕਿਨਾਂ ਕਿ ਚਿਰ ਨਾਲ ਮੇਰੇ ਦੋਸਤੋ
ਨਿਸ਼ਤਰ ਤਾਂ ਨਿਤ ਹੀ ਨਵੇਂ ਵਰਦੇ ਰਹੇ

ਪੋ ਫਟਾਲੇ ਬੁਝ ਗਏ ਸ਼ਮਾਂ ਦੇ ਨਾਲ ਉਹ
ਹੱਸ ਹੱਸ ਕੇ ਕਈ ਏਦਾਂ ਵੀ ਮਰਦੇ ਰਹੇ

ਹਵਾ ਨੇ ਅੱਜ ਕਿਉਂ ਮਹਿਕਾਂ ਖਿਲ਼ਾਰੀਆਂ
ਆਸ਼ਕਾਂ ਦੇ ਦਿਲ ਕੀ ਰਾਤ ਜਲਦੇ ਰਹੇ

"ਥਿੰਦ" ਹੁਣ ਬਸ ਤਮਾਸ਼ਾ ਬੰਦ ਕਰਦੇ
ਦਿਲ ਤੇ ਜਿਗਰ ਇਹ ਕਿਵੇਂ ਜਰਦੇ ਰਹੇ

ਜੋਗਿੰਦਰ ਸਿੰਘ ਥਿੰਦ, ਸਿਡਨੀ
24/08/2013

 

ਤਾਂਕਾ ਸ਼ੈਲੀ ਵਿਚ ਇਕ ਕਵਿਤਾ

ਕਿਹੋ ਜਹੀ ਆਜ਼ਾਦੀ

ਰੋੜੀ ਕੁਟਦੀ
ਲੀਰਾਂ ਬਣੇ ਨੇ ਪੋਟੇ
ਆਜ਼ਾਦੀ ਨਾਲ
ਸੁੱਕੀ ਖਾਵੇ ਰੋਟੀਆਂ
ਭੁੱਖੇ ਢਿੱਡ ਆਜ਼ਾਦ।

ਵੇਖੇ ਨੀਝਾਂ ਲਾ
ਅਖਬਾਰਾਂ 'ਚ ਛਪੇ
ਰੰਗੀਲੇ ਨੋਟ
ਹਸਰਤਾਂ ਦਿਲ 'ਚ
ਇਹ ਹਨ ਆਜ਼ਾਦ।

ਰੁੱਝੇ ਨੇ ਬੱਚੇ
ਕਹਿਣ ਨੂੰ ਆਜ਼ਾਦ
ਹੈ ਨਿਮੋਝੂਣੇ
ਨਿੱਕੇ ਦਿਲ ਮਸੋਸੇ
ਸਹਿਮੇ- ਮੁਰਝਾਏ ।

ਜੋਗਿੰਦਰ ਸਿੰਘ ਥਿੰਦ
(ਸਿਡਨੀ)
17/08/2013

 

ਸੇਦੋਕਾ ਸ਼ੈਲੀ ਵਿਚ ਕਵੀਤਾ

ਜੰਜ
ਜੋਗਿੰਦਰ ਸਿੰਘ "ਥਿੰਦ"

ਜੰਜ ਉਤਰੀ
ਮੁੰਡੇ ਬੱਚੇ ਕੁੜੀਆਂ
ਵੇਖਣ ਚੜ੍ਹ, ਬਿਨੇਰੇ

ਮਿਲਨੀ ਹੋਈ
ਕੋਰੇ ਰੇਝੇ ਵਿਛਾਏ
ਛੰਦ ਪਾ, ਬੰਨ੍ਹੀ ਜੰਜ

ਸੋਚਣ ਜਾਂਜੀ
ਸੁਹਣਾਂ ਛੰਦ ਹੀ ਪਾ
ਲਈ ਸੌਖੀ ਹੀ ਛੁਡਾ

ਜੋਗਿੰਦਰ ਸਿੰਘ ਥਿੰਦ।
(ਅੰਮ੍ਰਿਤਸਰ--ਹਾਲ ,ਸਿਡਨੀ)
06/08/2013

 

ਸੇਦੋਕਾ ਸ਼ੈਲੀ ਵਿਚ ਇਕ ਕਵੀਤਾ

ਭੁਲੇ ਤੰਦੂਰ
ਜੋਗਿੰਦਰ ਸਿੰਘ "ਥਿੰਦ"

(1)
ਭਖੇ ਤੰਦੂਰ
ਭਾਬੀ ਲਾਵੇ ਰੋਟੀਆਂ
ਮੁੜਕੋ ਮੁੜਕੀ ਹੋ

ਗੋਲ ਬੇਂਗਣ
ਕੋਲਿਆਂ ਤੇ ਭੁਜਦੇ
ਖਾਈਏ ਮਜ਼ੇ ਲੈ ਲੈ
(2)
ਭੁਲ੍ਹੇ ਤੰਦੂਰ
ਨਾ ਰਹੀਆਂ ਭਾਬੀਆਂ
ਜੋ ਦੇਣ ਚੋਪੜੀਆਂ

ਨਾ ਲਵੇਰੀਆਂ
ਨਾ ਰਹੀਆਂ ਬੂਰੀਆਂ
ਪੈਕਟਾਂ 'ਚ ਪੈ ਗੀਆਂ

(3)
ਪੀਲੇ ਨੇ ਰੰਗ
ਪੀ ਪੀ ਨਸ਼ੇ ਤੇ ਭੰਗ
ਇਹ ਨੇ ਸਾਡੇ ਸੰਗ

ਲੱਭੋ ਸੂਰਮੇ
ਮੁਛ ਵੱਟ ਗਭਰੂ
ਬੀਤੇ ਦੀਆਂ ਨੇ ਗਲਾਂ

ਜੋਗਿੰਦਰ ਸਿੰਘ ਥਿੰਦ (ਸਿਡਨੀ)
01/08/2013

 

ਪੰਜਾਬੀ ਗਜ਼ਲ
ਜੋਗਿੰਦਰ ਸਿੰਘ "ਥਿੰਦ"

ਪਲਕਾਂ ਤੇ ਟਿਕੇ ਜੋ ਅੱਥਰੂ ਤੂੰ ਅਜੇ ਸਜਾ ਕੇ ਰੱਖ
ਸੱਜਰੇ ਬੜੇ ਨੇ ਜ਼ਖ਼ਮ ਇਹ ਤੂੰ ਅੱਜੇ ਲੁਕਾ ਕੇ ਰੱਖ

ਮੁਠੀ ਚਿ ਨਮੱਕ ਲਈ ਏਥੇ ਫਿਰਦਾ ਏ ਹਰ ਕੇਈ
ਤੂੰ ਅਪਣੇ ਜ਼ਖ਼ਮ ਇੰਜ, ਨਾ ਸੱਭ ਨੂੰ ਵਖਾ ਕੇ ਰੱਖ

ਦੇਂਦੇ ਬੜੇ ਡ੍ਵਾਵੇ ਤੇ ਲਾਲਚ ਨਰਕਾਂ ਤੇ ਸੁਰਗਾਂ ਦੇ
ਕੀ ਲੈਣਾ ਸੁਰਗਾਂ ਤੋਂ,ਪੰਜ ਤੱਤ ਇੰਸਾਨ ਬਣਾ ਕੇ ਰੱਖ

ਬੁਲਾਂ ਤੇ ਸਾਹ ਅੱਟਕਾ ਕੇ ਪੌਹੰਚਾਂ ਗੇ ਹਰ ਹਾਲ ਵਿਚ
ਤੂੰ ਦਿਲ ਵਿਚ ਅਪਣੇ, ਆਸ ਦੇ, ਦੀਵੇ ਜਗਾ ਕੇ ਰੱਖ

ਰੁੱਖ਼ਾਂ ਦੇ ਸਾਰੇ ਆਲ੍ਹਣੇ ਲੈ ਗਈਆਂ ਉਡਾਕੇ ਹਨ੍ਹੇਰੀਆਂ
"ਥਿੰਦ" ਨੇ ਤਾਂ ਕਿਹਾ ਸੀ, ਤੂੰ ਵਿਉਂਤਾਂ ਬਣਾ ਕੇ ਰੱਖ

ਜੋਗਿੰਦਰ ਸਿੰਘ ਥਿੰਦ (ਸਿਡਨੀ)
ਮੋਬਾਈਲ ਨੰ 0468400585
01/08/2013

 

"ਸੇਦੋਕਾ" ਸ਼ੈਲੀ ਵਿਚ ਕਵੀਤਾ
ਮਾਂ-ਪਿਓ
ਜੋਗਿੰਦਰ ਸਿੰਘ "ਥਿੰਦ"

(1)
ਰਿਸ਼ਤੇ ਬੜੇ
ਚਾਚੀਆਂ ਤੇ ਤਾਈਆਂ
ਭਰਾ ਭਰਜਾਈਆਂ
(2)
ਪਿਓ ਜਿਹਾ ਨਾ
ਚਾਚਾ ਨਾ ਹੀ ਤਾਇਆ
ਨਾ ਹੀ ਹਮ-ਸਾਇਆ
(3)
ਮਾਂ ਦੀ ਮੱਮਤਾ
ਸਦਾ ਸਦਾ ਸਦੀਵੀ
ਨਿੱਘ ਅਨੋਖਾ ਭਾਸੇ
(4)
ਮਾਂ ਦੀ ਬੁਕੱਲ
ਖੁੱਸੇ ਤਾਂ ਦਿਲ ਖੁੱਸੇ
ਦੇਵੇ ਕੌਣ ਦਿਲਾਸੇ

ਜੋਗਿੰਦਰ ਸਿੰਘ "ਥਿੰਦ"
ਸਿਡਨੀ, ਆਸਟ੍ਰੇਲੀਆ
23/07/2013


ਸਿੰਮੀਪ੍ਰੀਤ ਕੌਰ, ਪੰਜਾਬ

ਕਵਿਤਾ
ਸਿੰਮੀਪ੍ਰੀਤ ਕੌਰ, ਪੰਜਾਬ

ਹਨ੍ਹੇਰਿਆਂ ਦੀ ਹਿੱਕ ‘ਤੇ
ਪੋਲੇ-ਪੋਲੇ ਪੱਬ ਧਰਦੀ ਕੁੜੀਏ
ਅੱਖ ਬਚਾ ਕੇ ਕੋਠੇ ਚੜ੍ਹ
ਚੰਨ ਨੂੰ ਤੱਕਦੀ ਕੁੜੀਏ ।

ਨੀ ਤੂੰ ਵਾਰੇ-ਵਾਰੇ ਜਾਂਵਦੀ
ਤੱਕ-ਤੱਕ ਨਿਹਾਰਦੀ
ਪੋਹ ਮਹੀਨੇ ਨੰਗੇ ਪੈਰੀਂ
ਕਾਹਤੋਂ ਠਰਦੀ ਕੁੜੀਏ

ਉਹਲੇ ਕੋਨੇ ਵਿੱਚ ਬਹਿ ਕੇ
ਸੂਹੇ-ਸੂਹੇ ਰੇਸ਼ਮ ਲੈ ਕੇ
ਫੁਲਕਾਰੀ ‘ਤੇ ਕੀਹਦੇ ਨਾਂ ਦੇ
ਤੋਪੇ ਭਰਦੀ ਕੁੜੀਏ

ਬੁੱਲ੍ਹੀਂ ਕੋਈ ਨਾਂ ਬੋਲਦਾ
ਨੀਰ ਕਈ ਰਾਜ਼ ਖੋਲਦਾ
ਕੀਹਨੂੰ ਚੇਤੇ ਕਰ-ਕਰ
ਠੰਢੇ ਹਿਟਕੋਰੇ ਭਰਦੀ ਕੁੜੀਏ

ਨਾ ਬਖੇਰ ਮੁਹੱਬਤੀ ਰੰਗ
ਕੋਈ ਨੀਂ ਹੋਣਾ ਤੇਰੇ ਸੰਗ
ਬੁੱਤ ਨਾ ਕਦੀ ਪਿਘਲੇ
ਐਂਵੇ ਪੱਥਰਾਂ ‘ਤੇ ਵਰ੍ਹਦੀ ਕੁੜੀਏ

ਹੋ ਜਾਦੈਂ ਮੁਹੱਬਤ ਦਾ ਕਤਲ
ਨਫ਼ਰਤਾਂ ਦੀ ਹੈ ਦਲਦਲ
ਪਰਦੇ ‘ਚ ਰਹਿੰਦੀ
ਝੂਠੀ ਤਸੱਲੀ ‘ਚ ਪਲਦੀ ਕੁੜੀਏ

ਸਿੰਮੀਪ੍ਰੀਤ ਕੌਰ
11/07/2013

ਪਿਓ ਦੀ ਸਰਦਾਰੀ
ਸਿੰਮੀਪ੍ਰੀਤ ਕੌਰ, ਪੰਜਾਬ

ਬੜੀ ਛੋਟੀ ਜੇਹੀ
ਸਾਂ ਮੈਂ ਉਦੋਂ
ਤੇ ਮੇਰੀ ਦਾਦੀ
ਮੈਨੰ ਅਕਸਰ ਹੀ
ਕਹਿੰਦੀ
‘ਪਿਓ ਦੀ ਪੱਗ ਨੂੰ
ਦਾਗੀ ਨੀਂ ਕਰੀਦਾ’
ਪਰ ਮੈਨੂੰ ਕੁਝ ਸਮਝ
ਨਾ ਆਉਂਦੀ ਕਿ
ਕੀ ਆਖਦੀ ਏ ਦਾਦੀ?

ਇਕ ਦਿਨ ਦਾਦੀ
ਬਾਹਰੋਂ ਆਈ ਤੇ
ਮੈਨੂੰ ਦੱਸਣ ਲੱਗੀ
ਫਲਾਣਿਆਂ ਦੀ ਕੁੜੀ
ਘਰੋਂ ਭੱਜ ’ਗੀ
ਉਹਦੇ ਪਿਓ ਨੇ
ਫੜ ਕੇ ਟੁਕੜੇ ਟੁਕੜੇ
ਕਰ ਦਿੱਤੇ ਵੱਢ ਦਿੱਤੀ
ਪਿਓ ਦੀ ਪੱਗ ਨੂੰ ਦਾਗ਼ੀ
ਕਰ ’ਤਾ ਚੰਦਰੀ ਨੇ

ਮੈਂ ਸੋਚਿਆ ਜਦੋ
ਵੱਢਿਆ ਹੋਣੈ ਛਿੱਟੇ ਪੈ
ਗਏ ਹੋਣੇ ਆ ਪਿਓ ਦੀ
ਪੱਗ ‘ਤੇ
ਫਿਰ ਦਾਦੀ
ਮੈਨੂੰ ਸਮਝਾਉਂਦੀ
‘ਵੇਖੀਂ ਤੂੰ...’
ਫਿਰ ਮੇਰੇ
ਜਿਹ਼ਨ ‘ਚ ਗੱਲ ਬੈਠ ਗਈ
ਜੇ ਘਰੋਂ ਭੱਜੀਂ
ਤਾਂ ਮੈਂ ਵੱਢੀ ਜਾਵਾਂਗੀ
ਤੇ ਮੇਰੇ ਲਹੂ ਨਾਲ
ਪਿਓ ਦੀ...।

ਅੱਜ ਬੜਾ ਦੁੱਖ ਹੁੰਦਾ
ਆਸ-ਪਾਸ ਦੇਖ ਮਾਹੌਲ
ਦਾਦੀ ਤਾਂ ਸਮਝਾਉਂਦੀ ਹੋਵੇਗੀ ਜਰੂਰ
ਪਰ ਪੋਤੀਆਂ ਦਾਦੀ ਕੋਲ ਬਹਿ ਕੇ
ਨਹੀ ਸੁਣਦੀਆਂ
ਸਿੱਖਿਆ ਭਰੀਆਂ ਗੱਲਾਂ
ਫਾਲਤੂ ਲੱਗਦੀਆਂ ਨੇ
ਉਹਨਾਂ ਨੂੰ ਇਹ ਗੱਲਾਂ
ਬਹਿੰਦੀਆਂ ਨੇ ਹੁਣ
ਟੀ.ਵੀ ਮੂਹਰੇ
ਅਸ਼ਲੀਲਤਾ ਭਰੇ
ਦੇਖਦੀਆਂ ਨੇ ਪ੍ਰੋਗਰਾਮ
ਪਿਓ ਕਿਵੇਂ ਬਚਾਵੇ ਪੱਗ ?
ਤਾਹੀਂਓ ਅਣਜੰਮੀਆਂ
ਹੀ ਇਸੇ ਮਾਹੌਲ ਦੀ
ਭੇਂਟ ਚੜ੍ਹ ਜਾਵਣ
ਬਚਾ ਕੇ ਰੱਖਿਓ ਨੀਂ
ਪਿਓ ਦੀ ਪੱਗ...
ਪਿਓ ਦੀ ਸਰਦਾਰੀ....।

ਸਿੰਮੀਪ੍ਰੀਤ ਕੌਰ
11/07/2013


ਦਲਵੀਰ ਕੌਰ, ਇੰਗਲੈਂਡ

ਕੁਝ ਹਿੰਦਸੇ
ਦਲਵੀਰ ਕੌਰ, ਇੰਗਲੈਂਡ

ਕੁਝ ਹਿੰਦਸੇ
ਘੱਟਦੇ ਸਨ
ਤੇ ਸਮਾਂ ਬੇ-ਜੋੜ ਸੀ!
ਚਾਰੇ ਦਿਸ਼ਾਵਾਂ ਦੇ ਨਾਮ ਬਦਲ
ਵਰਕਿਆਂ ਤੇ
ਉਸ ਸਮਾਂਨਾਂਤਰ ਲਕੀਰਾਂ ਵਾਹ ਦਿੱਤੀਆਂ।
ਕੁਝ ਕੁ ਸਮੇਂ ਤੋਂ
ਵਿੱਥ ਘੱਟਦੀ ਵੱਧਦੀ ਹੈ
ਸੱਜੇ ਖਲੋ ਵੇਖਿਆਂ
ਸਵਾਲ ਪੂਰਬ ਦਿਸ਼ਾ ਦਾ ਹੈ
ਖੱਬੇ ਖਲੋਣ ਤੇ
ਉੰਗਲ ਪੱਛਮ ਵੱਲ ਹੈ
ਅੰਦਰ ਮਨੋਵੇਗ ਦਾ ਤਾਪ।
ਸਮਰਪਣ ਕਿਸਨੂੰ ਕਰਨਾਂ ਹੈ?
ਮੈਂ ਪੁੱਛਦੀ ਹਾਂ
“ਆਤਮ ਸਮਰਪਣ ਕਿਸਨੇ ਕਰਨਾਂ ਹੈ”
ਲਾਸ਼ ਹਿਲਦੀ ਹੈ
“ਸ਼ਾਇਦ ਅਜੇ
ਅੱਗੇ ਰਸਤਾ ਸਾਫ ਨਹੀਂ”
ਭੀੜ ਭੱਜ ਤੁਰੀ ਹੈ!!

28/05/2013


ਅਨਮੋਲ ਕੌਰ, ਕਨੇਡਾ

ਸੋਚ
ਅਨਮੋਲ ਕੌਰ, ਕਨੇਡ

ਪਤਾ ਨਹੀ, ਦੂਜਿਆਂ ਨੂੰ ਦੁੱਖ ਦੇ ਕੇ, ਲੋਕਾਂ ਨੂੰ ਨੀਂਦ ਕਿਵੇਂ ਆਉਂਦੀ ਏ
ਸਾਨੂੰ ਤਾਂ, ਹੋਰਾਂ ਲੋਕਾਂ ਦੇ ਸੰਤਾਪ ਦੀ, ਤੜਫ ਹੀ ਬੜਾ ਸਤਾਉਂਦੀ ਏ।

ਬਹੁਤ ਨੇ, ਜੋ ਕਿਸੇ ਦੇ ਹੋਏ ਨੁਕਸਾਨ ਤੇ, ਅਦੰਰੋਂ ਬਾਹਰੋਂ ਖੁਸ਼ ਹੋਏ ਹੱਸਦੇ।
ਐਸੇ ਵੀ ਹੈਨ, ਜੋ ਦੂਜਿਆਂ ਲਈ, ਆਪਣੀ ਹਾਨੀ ਕਰਵਾ ਕੇ ਵੀ, ਨਾ ਦੱਸਦੇ।

ਕਿਸੇ ਦੀ ਸਫਲਤਾ ਦੇਖ, ਕਈ ਈਰਖਾ ਅਤੇ ਨਫਰਤ ਨਾਲ ਜਾਂਦੇ ਨੇ ਭਰ।
ਉਹ ਵੀ ਹੈਨ, ਜੋ ਕਿਸੇ ਦੀ ਕਾਮਯਾਬੀ ਲਈ, ਕਰਨ ਅਰਦਾਸ ਜਾਂਦੇ ਨੇ ਖੜ੍ਹ।

ਮਹਿਫਲਾਂ ਵਿਚ, ਮੈਂ ਮੈਂ ਦਾ ਰੱਟਾ ਲਾ, ਆਪਣੇ-ਆਪ ਨੂੰ ਹੁਸ਼ਿਆਰ ਕਹਾਉਂਦੇ ਨੇ
ਕਈ, ਸਭ ਕੁੱਝ ਜਾਣਦੇ ਹੋਏ ਵੀ, ਅਨਜਾਣ ਬਣ, ਨਿਮਰਤਾ ਦਾ ਪੱਲਾ ਅਪਣਾਉਂਦੇ ਨੇ

ਵੱਡੀ ਗਿਣਤੀ ਆ ਉਹਨਾਂ ਦੀ, ਜੋ ਆਪਣੇ ਸੁਆਰਥੀ ਲਾਲਚ ਲਈ ਲੜਦੇ ਨੇ।
ਚੰਦ ਕੁ ਉਹ ਵੀ ਨੇ, ਜੋ ਦੂਜਿਆਂ ਦੇ ਭਲੇ ਲਈ ਆਪਾ ਗੁਆ, ਆ ਖੜ੍ਹਦੇ ਨੇ।

ਦੋਹਾਂ ਸਿਰਾਂ ਦੇ ਸੁਵਾਮੀ ਸੁਣ, ਇਹ ਵੀ ਹੈ ਤੇਰੇ ਤੇ ਉਹ ਵੀ ਹੈ ਤੇਰੇ
ਭਲਾ ਕਰ, ਤੂੰ ਦੋਹਾਂ ਦਾ, ਤੇ ਸੁਮੰਦਰ ਭਰੇ ਅਣਗਿਣਤ ਅਵਗੁਣ ਕੱਟ ਮੇਰੇ।

ਅਨਮੋਲ ਕੌਰ
09/11/2013

 

ਆਸ
ਅਨਮੋਲ ਕੌਰ
, ਕਨੇਡ

ਜਦੋਂ ਤੇਰੀ ਮੇਹਰਬਾਨੀ, ਮੇਰਾ ਸ਼ੁਕਰੀਆ, ਰਲ ਬਹਿੰਦੇ ਨੇ ।
ੳਦੋਂ ਹੀ
, ਤੇਰਾ ਨਾਮੁ”, ਮੇਰੇ ਹੋਂਠ ਸ਼ਰੇਆਮ ਲੈਂਦੇ ਨੇ ॥

ਅੱਖੀਆਂ ਮੇਰੀਆਂ ਤੋਂ, ਬੇਸ਼ੱਕ ਬਹੁਤ ਦੂਰ ਏ ।
ਪਰ ਅਹਿਸਾਸ ਤੇਰੀ ਹੋਂਦ ਦਾ
, ਆਸ-ਪਾਸ ਜ਼ਰੂਰ ਏ ॥

ਸ਼ੁਭ ਸੁਭਾਅ ਤੇਰਾ, ਮੇਰੇ ਮਨ ਨੂੰ, ਨਿੱਤ ਹੈ ਭਾਉਂਦਾ ।
ਕਿਉਂ ਨਹੀ ਤੇਰੇ ਵਰਗੀ
, ਪੁੱਛਦਾ ਸਵਾਲ ਦਿਲ ਕੁਰਲਾਉਂਦਾ ॥

ਆਪਣਾ ਹੀ ਤਾਣਾ-ਪੇਟਾ, ਤੂੰ ਵਗਲਿਆ ਹੈ ਚੁਫੇਰੇ ।
ਕੋਈ ਰੋਸ਼ਨੀ ਵੀ ਦ੍ਹੇ
, ਘੁੰਮਾ ਨਾਂ ਮੈਨੂੰ ਵਿਚ ਹਨੇਰੇ ॥

ਸਬੱਬੀਂ ਹੀ ਦਰ ਤੇਰੇ ਤੇ, ਜਦੋਂ ਆਮੋ-ਸਾਹਮਣਾ ਹੋਵੇਗਾ।
ਖੁਸ਼ੀ ਦੇ ਹੰਝੂਆਂ ਨਾਲ
, ਮੇਰਾ ਦਿਲ, ਤੇਰੀ ਸਰਦਲ ਧੋਵੇਗਾ ॥

ਮੇਰੀ ਆਸ ਦੀਆਂ ਟਹਿਣੀਆਂ ਨੂੰ, ਜਦੋਂ ਪਵੇਗਾ ਬੂਰ ।
ਮੈ ਨਹੀਂ ਹੋਵਾਂਗੀ ਮਗਰੂਰ
, ਤੇ ਤੂੰਵੀ ਨਹੀਂ ਹੋਵੇਂਗਾ ਦੂਰ ॥

ਅਨਮੋਲ ਕੌਰ
27/05/2013


ਮਲਕੀਅਤ "ਸੁਹਲ"

ਗਜ਼ਲ ( ਪਛਤਾਇਉ ਨਾ )
ਮਲਕੀਅਤ “ਸੁਹਲ”

ਸੱਪਾਂ ਨੂੰ ਘਰ ਪਾਲ ਕੇ ਦੁੱਧ ਪਿਲਾਇਉ ਨਾ ।
ਇਕ ਦਿਨ ਡੰਗ ਚਲਾਵਣਗੇ ਪਛਤਾਇਉ ਨਾ ।

ਖ਼ੂਨ ਦੇ ਰਿਸ਼ਤੇ ਵੀ ਤਾਂ ਆਪਣੇ ਬਣਦੇ ਨਹੀਂ
ਖ਼ੂਨ ਦੇ ਬਦਲੇ, ਖ਼ੂਨ ਦੇ ਸੁਹਲੇ ਗਾਇਉ ਨਾ ।

ਹੈ ਸ਼ੀਸ਼ੇ ਵਰਗਾ ਦਿਲ, ਨਾ ਕਿਧਰੇ ਟੁੱਟ ਜਾਵੇ
ਟੁੱਟੇ ਦਿਲ ‘ਤੇ ਜੋੜ ਕਦੇ ਵੀ ਲਾਇਉ ਨਾ ।

ਫ਼ੱਲ ਮਿੱਠਾ ਖਾਵਣ ਖਾਤਰ ਬੂਟਾ ਲਉਂਦੇ ਹਾਂ
ਪਰ! ਕੌੜੇ ਅੱਕਾਂ ਤਾਈਂ ਪਾਣੀ ਪਾਇਉ ਨਾ।

ਫਰਕ ਬੜਾ ਹੈ , ਆਪਣੇ ਅਤੇ ਬੇਗਾਨੇ ਦਾ
ਅਕ੍ਰਿਤਘਣ ਦੇ ਨਾਲ ਹੱਥ ਮਿਲਾਇਉ ਨਾ ।

ਜੋ ਕੀਤਾ ਚੰਗਾ- ਮਾੜਾ ਦਰਪਣ ਦਸੇਗਾ
ਜ਼ਿੰਦਗ਼ੀ ਦੇ ਕੰਪੀਊਟਰ ਨੂੰ ਠੁਕਰਾਇਉ ਨਾ।

ਮਾਣ ਹੁੰਦਾ ਹੈ ਆਪਣਿਆਂ ‘ਤੇ ਕਹਿੰਦੇ ਨੇ
ਫਿਰ ਵੀ, ਬਚ ਕੇ ਲੰਘੋ ਠਿੱਬੀ ਖਾਇਉ ਨਾ।

ਜੇ ਵਾੜ ਖੇਤ ਨੂੰ ਖਾ ਜਾਏ, ਦਸੋ! ਜੀ ਕਰਨਾ
ਬੱਕਰੇ ਬ੍ਹੋਲ ਦੇ ਰਾਖ਼ੇ ਕਦੇ ਬਿਠਾਇਉ ਨਾ ।

ਮਧੂ- ਮੱਖ਼ੀਆਂ ਮਸਤ ਸ਼ਹਿਦ ਦੇ ਖ਼ੱਗੇ ‘ਤੇ
ਉਨ੍ਹਾਂ ਨੂੰ ਕੋਈ ਪੱਥਰ ਮਾਰ ਉਡਾਇਉ ਨਾ ।

ਸੱਪਾਂ ਦੇ ਪੁੱਤ ਮਿੱਤ ਨਹੀਂ ਹੁੰਦੇ ਸੁਣਦੇ ਹਾਂ
ਦੋਮੂਹੀਂ ਸੱਪਣੀਂ ਅੱਗੇ ਬੀਨ ਵਜਾਇਉ ਨਾ ।

“ਸੁਹਲ’ ਬਲਦੇ ਭਾਂਬੜ ਠੰਡ੍ਹੇ ਕਿੰਝ ਕਰਨੇ
ਬਲਦੀ ਉਤੇ ਤੇਲ ਕਦੇ ਛਿੜਕਾਇਉ ਨਾ।

ਨੋਸ਼ਹਿਰਾ ਬਹਾਦਰ, ਡਾ-ਤਿੱਬੜੀ (ਗੁਰਦਾਸਪੁਰ)
ਮੋਬਾ- 98728-48610

24/08/2013

ਗਜ਼ਲ (ਆਦਮਖ਼ੋਰ )
ਮਲਕੀਅਤ “ਸੁਹਲ’

ਗੰਗਾ ਨ੍ਹਾਤੇ ਆਦਮਖ਼ੋਰ ।
ਚੋਰਾਂ ਨੂੰ ਵੀ ਪੈ ਗਏ ਮੋਰ।

ਰਿਸ਼ਵਤਖ਼ੋਰੀ ,ਗੁੰਡਾਗਰਦੀ
ਰਾਜੇ ਦੇ ਸਿਰ ਝੁੱਲਦੀ ਚੌਰ।

ਪੰਡਤ, ਭਾਈ, ਮੁੱਲਾਂ ਜੀ ਨੂੰ
ਵੇਖੋ ! ਚੜ੍ਹੀ ਜਨੂਨੀਂ ਲੋਰ।

ਡਰਨਾ ਕੀ ਬਘਿਆੜਾਂ ਨੇ
ਕੱਚੀਆਂ ਤੰਦਾਂ ਦੀ ਹੈ ਬੌਰ।

ਰੇਤਾ ਵਾਲੀਆਂ ਕੰਧਾਂ ਨੂੰ
ਪਾਣੀ ਨੇ ਪਾ ਦੇਣਾ ਨੌਰ।

ਧੋਖ਼ੇਬਾਜ ਪਿਆਰੇ ਨੇਤਾ
ਉਪਰੋਂ ਹੋਰ ਤੇ ਅੰਦਰੋਂ ਹੋਰ।

ਸਾਧਾਂ ਦੇ ਵੀ ਭੇਸ ਨਿਆਰੇ
ਤੁਰਦੇ ਕਈ ਤਰਾਂ ਦੀ ਤੋਰ।

ਜ਼ਬਰ-ਜਿਨਾਹ ਬੰਦ ਨਾ ਹੋਣੇ
ਹਾਕਮ ਦੇ ਨੇ ਹੱਥ ਕਮਜ਼ੋਰ।

ਵੋਟਰ ਅੰਨ੍ਹਾਂ ਹੋ ਜਾਂਦਾ ਹੈ
ਦਾਰੂ ਦਾ ਜਦ ਚਲਦਾ ਦੌਰ।

ਮਿਲਾਵਟ-ਖ਼ੋਰੀ ਵਧਦੀ ਜਾਏ
ਲੇਬਲ ਲਗੇ ਨਵੇਂ ਨਕੋਰ।

“ਸੁਹਲ”!ਸੱਪ ਨਿਉਲਾ ਲੜਦੈ
ਕਿਉਂਕਿ, ਸੱਪਣੀ ਹੈ ਕਮਜ਼ੋਰ।

ਨੁਸ਼ਹਿਰਾ ਬਹਾਦਰ,ਡਾ: ਤਿੱਬੜੀ
(ਗੁਰਦਾਸਪੁਰ) ਮੋਬਾ-98728-48610
24/08/2013

ਗ਼ਜ਼ਲ

ਕਦੇ ਮਾਣ ਨਾ ਕਰੀਏ ਖੁੰਢੇ ਹਥਿਆਰਾਂ ਤੇ ।
ਝੂੱਠੇ ਮੱਥੇ ਨਾ ਟੇਕੀਏ ਮੰਦਿਰਾਂ ਮਜ਼ਾਰਾਂ ਤੇ ।

ਬੜੇ ਕਤਲ ਹੁੰਦੇ ਨੇ ਜ਼ਬਰਾਂ - ਜਨਾਹਾਂ ਦੇ,
ਤਾਂ ਵੀ ਦੋਸ਼ ਮੜ੍ਹਦੇ ਹੋ ਚਲੀਆਂ ਤਲਵਾਰਾਂ ਤੇ।

ਜੋ ਵੀ ਮਾਣ ਕਰਦੇ ਨੇ ਸੁੰਦਰ ਜਵਾਨੀ ਦਾ,
ਛਡ ਕੇ ਘਰ ਆਪਣੇ ਨੂੰ ਅੱਖ ਰਖਣ ਹਜ਼ਾਰਾਂ ਤੇ।

ਡੁੱਬਕੇ ਮਰਦੇ ਵੀ ਨਹੀਂ ਜੋ ਬੇ-ਗੈਰਤ ਨੇ ਬੰਦੇ,
ਭਾਵੇਂ ਛਪਦੀ ਹੈ ਉਨ੍ਹਾਂ ਦੀ ਸੁਰਖ਼ੀ ਅਖਬਾਰਾਂ ਤੇ।

ਨਸ਼ੇ ਵਿਚ ਹੋ ਕੇ ਚੂਰ ਜੋ ਆਪਾ ਵੀ ਭੁੱਲੇ ਨੇ,
ਕਿਵੇਂ ਕਰੀਏ ਇਤਬਾਰ ਇਹੋ ਜਿਹੇ ਗ਼ਵਾਰਾਂ ਤੇ।

ਸੁਭ੍ਹਾ ਦਾ ਭੁੱਲਿਆ ਜੋ ਸ਼ਾਮੀਂ ਘਰ ਨਾ ਆਵੇ ,
ਗੁਮਸ਼ੁਦਾ ਦੇ ਇਸ਼ਤਿਹਾਰ ਲਾਈਏ ਦੀਵਾਰਾਂ ਤੇ।

"ਸੁਹਲ" ਫਿਰ ਨਹੀ ਮਿਲਣੀ ਇਹ ਜ਼ਿੰਦਗੀ ਤੈਨੂੰ,
ਆਉ ਸੱਬਰ ਕਰਨਾ ਸਿੱਖੀਏ ਪੱਤਝੜ ਬਹਾਰਾਂ ਤੇ।

ਮਲਕੀਅਤ "ਸੁਹਲ" 98728-48610
ਨਸ਼ਹਿਰਾ ਬਹਾਦਰ, ਡਾ: ਪੁਲ ਤਿੱਬੜੀ (ਗੁਰਦਾਸਪੁਰ)
24/08/2013

ਗਜ਼ਲ
ਮਲਕੀਅਤ "ਸੁਹਲ'

ਸੁਪਨਾ ਰਹਿ ਗਿਆ ਅੱਧੂਰਾ
ਇਕ ਤਸਵੀਰ ਵੇਖਣ ਦਾ।
ਜਿਉਂ ਚਿਤਰਕਾਰ ਨੂੰ ਬੁਰਸ਼
ਦੀ ਅਖ਼ੀਰ ਵੇਖਣ ਦਾ।

ਸੱਸੀ ਵਾਂਗਰਾਂ ਹੈ ਸਾਂਵਲੀ
ਜਿਹੀ ਉਸ ਦੀ ਨੁਹਾਰ,
ਖ਼ੁਆਬ ਹੋਇਆ ਨਾ ਪੂਰਾ
ਸੋਹਣੀ ਹੀਰ ਵੇਖਣ ਦਾ।

ਉਹ ਤਾਂ ਹੁਸੀਨ ਨਹੀਂ ਏਨੀ
ਪਰ ! ਉਹ ਰੱਬ ਦੀ ਮੂਰਤ,
ਕੀਤਾ ਨਿਸ਼ਚੈ ਬੜਾ ਯਾਰੋ
ਉੱਚੀ ਜ਼ਮੀਰ ਵੇਖਣ ਦਾ।

ਸੋਭਾ ਸਿੰਘ ਵੀ ਇਕ ਵਾਰੀ
ਜੇਕਰ ਝਾਤ ਪਾ ਜਾਂਦਾ,
ਤਾਂ ਮਜ਼ਾ ਬੜਾ ਹੀ ਆਉਂਦਾ
ਉਹਦੀ ਤਸਵੀਰ ਵੇਖਣ ਦਾ।

ਪਾਣੀ ਪੁਲਾਂ ਤੋਂ ਲੰਘਦੇ
ਕਈ ਵਾਰ ਨੇ ਤੱਕੇ,
ਸੁਪਨਾ ਆਇਆ ਨਾ ਕਦੇ
ਉਹਦੀ ਤਕਦੀਰ ਵੇਖਣ ਦਾ।

ਜੇ ਕਰਵਟ ਸਮੇ ਨੇ ਬਦਲੀ
ਮੈਂ ਅਪਣੇ ਆਪ ਬਦਲਾਂਗਾ,
ਤਾਂ ਵਕਤ ਕਦੇ ਨਾ ਆਵੇ
ਖ਼ੂਨੀ ਸਮਸ਼ੀਰ ਵੇਖਣ ਦਾ।

"ਸੁਹਲ" ਅਰਸ਼ ਤੇ ਚੜ੍ਹ ਕੇ
ਸਿਰ ਭਾਰ ਜੋ ਡਿਗਦੇ,
ਅਉਂਦਾ ਹੈ ਵਕਤ ਮਾੜਾ
ਪੈਰੀਂ ਜੰਜ਼ੀਰ ਵੇਖਣ ਦਾ।

ਮਲਕੀਅਤ "ਸੁਹਲ" 98728-48610
ਨਸ਼ਹਿਰਾ ਬਹਾਦਰ, ਡਾ: ਪੁਲ ਤਿੱਬੜੀ (ਗੁਰਦਾਸਪੁਰ)
24/08/2013

ਬਾਤ ਕੋਈ ਪਾ ਗਿਆ
ਮਲਕੀਅਤ "ਸੁਹਲ", ਗੁਰਦਾਸਪੁਰ

ਵਿਛੜੇ ਹੋਏ ਸੱਜਣਾਂ ਦੀ
ਬਾਤ ਕੋਈ ਪਾ ਗਿਆ ।
ਬਾਤ ਕੈਸੀ ਪਾ ਗਿਆ ,
ਬਸ! ਅੱਗ ਸੀਨੇਂ ਲਾ ਗਿਆ।

ਯਾਦ ਉਹਦੀ ਵਿਚ ਭਾਵੇਂ
ਬੀਤ ਗਿਆ ਰਾਤ ਦਿਨ ,
ਰੋਗ ਐਸਾ ਚੰਦਰਾ ਜੋ
ਹੱਢੀਆਂ ਨੂੰ ਖਾ ਗਿਆ ।

ਯਾਰ ਦੇ ਦੀਦਾਰ ਬਾਝੋਂ
ਜੱਗ ਸੁੱਨਾਂ ਜਾਪਦਾ ਏ,
ਵੀਰਾਨ ਹੋਈ ਜ਼ਿੰਦਗੀ ਦਾ
ਗੀਤ ਕੋਈ ਗਾ ਗਿਆ ।

ਮੱਚਦੀ ਹੋਈ ਅੱਗ ਦਾ
ਮੈਂ ਸੇਕ ਸੀਨੇਂ ਝੱਲਿਆ,
ਉਹ ਤਪੇ ਮਾਰੂਥਲ ਵਾਂਗ
ਸਾਨੂੰ ਵੀ ਤਪਾ ਗਿਆ।

ਰਾਤ ਸਾਰੀ ਅੱਖੀਆਂ ਚੋਂ
ਕਿਣ - ਮਿਣ ਸੀ ਹੋ ਰਹੀ,
ਪਰ ! ਉਹ ਤੂਫ਼ਾਨ ਬਣ
ਦਿਲ ਉਤੇ ਛਾ ਗਿਆ।

ਮੈਂ ਕਈ ਵਾਰੀ ਦਿਲ ਨੂੰ
ਧਰਵਾਸ ਦੇ ਕੇ ਵੇਖਿਆ,
ਉੇਹ ਰੇਤ ਦੇ ਘਰ ਵਾਂਗਰਾਂ
ਸੁਪਨਿਆਂ ਨੂੰ ਢਾ ਗਿਆ।

"ਸੁਹਲ" ਅੱਖਾਂ ਬੰਦ ਕਰ
ਜਦ ਵੀ ਮੈਂ ਝਾਕਿਆ ,
ਇਉਂ ਮੈਨੂੰ ਜਾਪਿਆ ਕਿ
ਆ ਗਿਆ ਉਹ ਆ ਗਿਆ।

ਵਿਛੜੇ ਹੋਏ ਸੱਜਣਾਂ ਦੀ
ਬਾਤ ਕੋਈ ਪਾ ਗਿਆ।
ਬਾਤ ਕੈਸੀ ਪਾ ਗਿਆ ,
ਬਸ! ਅੱਗ ਸੀਨੇਂ ਲਾ ਗਿਆ।

ਮਲਕੀਅਤ "ਸੁਹਲ",
ਨਸ਼ਹਿਰਾ ਬਹਾਦਰ ਡਾ: ਤਿੱਬੜੀ (ਗੁਰਦਾਸਪੁਰ)
ਮੋਬਾ-98728-48610
23/07/2013

 

ਧੀਆਂ ਦੀ ਬਰਬਾਦੀ
ਮਲਕੀਅਤ ”ਸੁਹਲ”

ਇਨ੍ਹਾਂ ਡਾਲਰ ਪੌਂਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।

ਗ਼ੋਦੀ ਵਿਚ ਖਡਾਉਂਦੇ ਸੀ,
ਮਾਪੇ ਸੀਨੇ ਨਾਲ ਲਗਾ ਕੇ ।
ਮਾਂ ਤਾਂ ਸੁਪਨੇ ਲੈਂਦੀ ਸੀ ,
ਧੀ ਦੇ ਗਲ 'ਚ ਬਸਤਾ ਪਾ ਕੇ ।
ਪੜ੍ਹ ਲਿਖ ਕੇ ਧੀ ਰਾਣੀ
ਉਹ ਮਾਣੇ ਰੱਜ ਆਜ਼ਾਦੀ ;
ਇਨ੍ਹਾਂ ਡਾਲਰ ਪੌਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।

ਅੱਜ ਪੁਤਾਂ ਨਾਲੋਂ ਵੀ ,
ਧੀਆਂ ਵੱਧ ਪੜ੍ਹਾਉਂਦੇ ਲੋਕੀਂ ।
ਹੁਣ ਧੀ ਦੀ ਲੋਹੜੀ ਨੂੰ ,
ਪੁਤਾਂ ਵਾਂਗ ਮਨਾਉਂਦੇ ਲੋਕੀਂ ।
ਮਾਪੇ ਸੋਚਾਂ ਵਿਚ ਡੁੱਬੇ
ਕਿਥੇ ਧੀ ਦੀ ਕਰੀਏ ਸ਼ਾਦੀ ;
ਇਨ੍ਹਾਂ ਡਾਲਰ ਪੌਂਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।

ਸੁਪਨਾਂ ਲੈ ਵਿਦੇਸ਼ਾਂ ਦੇ ,
ਨਿੱਤ ਨਵੀਂ ਉਡਾਰੀ ਮਾਰਨ ।
ਮਾਪੇ ਜੂਆ ਲਾ ਬਹਿੰਦੇ ,
ਭਾਵੇਂ ਜਿੱਤ ਜਾਣ ਜਾਂ ਹਾਰਨ ।
ਧੀ ਵੀ ਅੜੀਅਲ ਹੋ ਜਾਂਦੀ ,
ਜਿਉਂ ਕਸਮ ਹੁੰਦੀ ਏ ਖਾਧੀ ।
ਇਨ੍ਹਾਂ ਡਾਲਰ ਪੌਂਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।

"ਸੁਹਲ" ਇਹੋ ਜਿਹੇ ਸੁਪਨੇ ,
ਹੁੰਦੇ ਕਿਸੇ ਕਿਸੇ ਦੇ ਪੂਰੇ ।
ਘਰ ਉਜੜ ਜਾਂਦੇ ਨੇ ,
ਫਿਰ ਕੋਈ ਇਕ ਦੂਜੇ ਨੂੰ ਘੂਰੇ।
ਘਰ ਫ਼ੂਕ ਤਮਾਸ਼ਾ ਬਣਿਆਂ ,
ਸੋਚਾਂ ਵਿਚ ਪਈ ਸ਼ਹਿਜ਼ਾਦੀ ।
ਇਨ੍ਹਾਂ ਡਾਲਰ ਪੌਂਡਾਂ ਨੇ ,
ਕੀਤੀ ਧੀਆਂ ਦੀ ਬਰਬਾਦੀ ।

ਮਲਕੀਅਤ "ਸੁਹਲ",
ਨਸ਼ਹਿਰਾ ਬਹਾਦਰ ਡਾ: ਤਿੱਬੜੀ (ਗੁਰਦਾਸਪੁਰ)
ਮੋਬਾ-98728-48610
23/07/2013

ਚੰਦੂਆ ਤੂੰ ਕੀ ਖ਼ਟਿਆ
ਮਲਕੀਅਤ ਸਿੰਘ "ਸੁਹਲ"

ਤੱਤੀ ਲੋਹ ਤੇ ਬਿਠਾ ਕੇ ,
ਅੱਗ ਕਹਿਰ ਦੀ ਮਚਾ ਕੇ,
ਚੰਦੂਆ ! ਤੂੰ ਕੀ ਖ਼ੱਟਿਆ?

ਚੁਗਲੀ ਤੂੰ ਜਦੋਂ ਸੀ ਲਗਾਈ।
ਪੈ ਗਈ ਹਰ-ਪਾਸੇ ਹਾਲ-ਦੁਹਾਈ।
ਲੋਕਾਂ ਨੇਂ ਸੀ ਲਾਅਨੱਤ ਪਾਈ ।
ਤੈਨੂੰ ਸ਼ਰਮ ਰਤਾ ਨਾ ਆਈ ।
ਤੂੰ, ਝੂਠਾ ਹੀ ਢੌਂਗ ਰਚਾ ਕੇ ,
ਅੱਗ ! ਕਹਿਰ ਦੀ ਮਚਾ ਕੇ;
ਚੰਦੂਆ ! ਤੂੰ ਕੀ ਖ਼ੱਟਿਆ ?

ਸਾਰੇ ਮਚ ਗਈ ਹਾ-ਹਾ ਕਾਰ।
ਕੀਤੀ ਨਾ ਤੂੰ ਜ਼ਰਾ ਵੀ ਵੀਚਾਰ।
ਖ਼ਟੀ ਜੱਗ ਤੋਂ ਵੀ ਤੂੰ ਫਿਟਕਾਰ ।
ਚੰਦੂ ਬਣਿਆਂ ਬੜਾ ਹੁਸ਼ਿਆਰ ।
ਤੂੰ , ਤਾਂਢਵ ਨਾਚ - ਨੱਚਾ ਕੇ ,
ਅੱਗ ! ਕਹਿਰ ਦੀ ਮਚਾ ਕੇ;
ਚੰਦੂਆ ! ਤੂੰ ਕੀ ਖ਼ੱਟਿਆ ?

ਮੀਆਂ ਮੀਰ ਨੇਂ ਅੱਰਜ ਗੁਜ਼ਾਰੀ ।
ਗੁਰੂ ਪੰਜਵਾਂ ਹੈ , ਪਰ-ਉਪਕਾਰੀ।
ਮੈਨੂੰ , ਮੌਕਾ ਦਿਉ ਇਕ ਵਾਰੀ।
ਮਿਟਾਵਾਂ, ਮੁਗਲਾਂ ਦੀ ਸਰਦਾਰੀ।
ਤੂੰ ! ਦੁਸ਼ਟਾਂ ਦਾ ਚਿੱਤ ਪ੍ਰਚਾ ਕੇ,
ਚੰਦੂਆ ! ਤੂੰ ਕੀ ਖ਼ੱਟਿਆ ?

ਤੇਰੀ ਨੂੰਹ ਸੁਣ ਕੇ ਸੀ ਆਈ ।
ਉਹ ਵੇਖ ਕੇ ਬੜੀ ਘਬਰਾਈ ।
ਤੈਨੂੰ , ਸ਼ਰਮ ਰਤਾ ਨਾ ਆਈ ।
ਕਿਹੜੀ ਕੀਤੀ ਤੂੰ ਨੇਕ ਕਮਾਈ ।
ਤੂੰ 'ਸੁਹਲ" ਤੋਂ , ਬਚ- ਬਚਾਕੇ ,
ਵੇ ਚੰਦੂਆ ! ਤੂੰ ਕੀ ਖ਼ੱਟਿਆ ?

ਤੱਤੀ ਲੋਹ ਤੇ ਬਿਠਾ ਕੇ ,
ਅੱਗ ਕਹਿਰ ਦੀ ਮਚਾ ਕੇ ,
ਚੰਦੂਆ ! ਤੂੰ ਕੀ ਖ਼ੱਟਿਆ ?

27/05/2013
ਨੁਸ਼ਹਿਰਾ ਬਹਾਦਰ, ਡਾ: ਤਿੱਬੜੀ
ਗੁਰਦਾਸਪੁਰ) ਮੋਬਾ-98728-48610

 

ਆਪਣੀ ਹੀ ਕੁੱਲੀ
ਮਲਕੀਅਤ "ਸੁਹਲ"

ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ ।
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।

ਬੜਾ ਮਜ਼ਾ ਆਉਂਦਾ ਲੋਕੋ ਕਿਰਤ ਕਮਾਈ ਦਾ ।
ਆਪਣਾ ਹੀ ਕਰੀਦਾ ਤੇ ਆਪਣਾ ਹੀ ਖਾਈਦਾ ।
ਰੁੱਖੀ-ਮਿੱਸੀ ਰੋਟੀ ਦਿਓ , ਅਜ਼ਬ ਨਜ਼ਾਰਿਓ ,
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।

ਬਾਲੜੀ ਦੇ ਸਿਰ ਉਤੇ ਚੁੰਨੀ ਲੀਰੋ ਲੀਰ ਹੈ।
ਹੱਥ ਅੱਡ ਮੰਗਣੇਂ ਦੀ ਪੈਰਾਂ 'ਚ ਜੰਜੀਰ ਹੈ ।
ਖ਼ੂਨ ਸਾਡਾ ਪੀਤਾ ਤੁਸਾਂ ਰੰਗਲੇ ਚੁਬਾਰਿਓ ,
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।

ਵੇਖੋ! ਮੇਰਾ ਭੁੱਖਾ-ਭਾਣਾ ਸੁੱਤਾ ਪਰਵਾਰ ਹੈ ।
ਪੀ ਕੇ ਸਾਡਾ ਖ਼ੂਨ ਕੋਈ ਮਾਰਦਾ ਡਕਾਰ ਹੈ ।
ਕਢ੍ਹਿਉ ਨਾ ਗਾਲਾਂ ਮੈਨੂੰ ਝਿੜਕਾਂ ਨਾ ਮਾਰਿਓ ,
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।

ਬੰਗਲਾ ਬਣਾਇਆ ਅਸੀਂ ਵਢ੍ਹੇ ਸਰਦਾਰ ਦਾ ।
ਫਿਰ ਵੀ ਉਹ "ਸੁਹਲ" ਉਤੇ ਜ਼ੁਲਮ ਗੁਜ਼ਾਰਦਾ।
ਸੁਣ ਮੇਰੀ ਗੱਲ ਬੋਲੋ! ਚੰਨ ਤੇ ਸਿਤਾਰਿਓ ,
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।

ਕੀ ਆਖਾਂ ਲੋਕੋ ਆਈਆਂ ਗਈਆਂ ਸਰਕਾਰਾਂ ਨੂੰ।
ਹੱਕ ਸਾਡਾ ਖਾਧਾ ਪੁਛੋ! ਦੇਸ਼ ਦੇ ਗ਼ਦਾਰਾਂ ਨੂੰ ।
ਜੋਕਾਂ ਵਾਂਗ ਚੰਬੜੋ ਨਾ ਖ਼ੂਨੀ ਹਤਿਆਰਿਓ ,
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।

ਮਲਕੀਅਤ "ਸੁਹਲ"
ਨੋਸ਼ਹਿਰਾ ਬਹਾਦਰ ਡਾ- ਤਿੱਬੜੀ (ਗੁਰਦਾਸਪੁਰ)

16/04/2013


ਰਵਿੰਦਰ ਰਵੀ, ਕਨੇਡਾ

ਰਿਸ਼ਤਿਆਂ ਦੀ ਸ਼ੂਨਯਤਾ
ਰਵਿੰਦਰ ਰਵੀ, ਕਨੇਡਾ

ਅਸੀਂ ਨਾਈਟ ਕਲੱਬਾਂ ਵਿਚ ਜਾਗਦੇ
ਤੇ ਘਰਾਂ ਵਿਚ ਸੌਂਦੇ ਹਾਂ।
ਸਾਡਾ ਸਮਾਂ ਸੂਰਜ ਨਾਲ ਨਹੀਂ,
ਸਾਡੇ ਨਾਲ ਚੜ੍ਹਦਾ ਹੈ।

ਪਲਕ ਬੰਦ ਹੁੰਦਿਆਂ ਹੀ,
ਰਾਤ ਪੈ ਜਾਂਦੀ ਹੈ।
ਸੁਫਨੇ, ਸੱਤਰੰਗੀਆ ਦੇ
ਦੇਸ਼ ਤੁਰ ਪੈਂਦੇ ਹਨ।

‘ਡਰੱਗ’ ਦੇ ਨਸ਼ੇ ਹੇਠ,
ਫੈਂਟਸੀ ਭੋਗਦੇ, ਅਸੀਂ
ਆਪਣੇ ਆਪ ਦੇ ਵਿਚ ਡੁੱਬਦੇ,
ਫੈਲਦੇ, ਸੁਕੜਦੇ, ਚੜ੍ਹਦੇ –
ਰਿਸ਼ਤਿਆਂ ਦੀ ਸ਼ੂਨਯਤਾ ਵਿਚ –
‘ਕੇਵਲ ਆਪ’ ਬਣ ਜਾਂਦੇ ਹਾਂ!

ਦੁਨੀਆਂ ‘ਚ ਰਹਿੰਦੇ ਹੋਏ ਵੀ,
ਦੁਨੀਆਂ ਤੋਂ ਪਾਰ ਤੁਰ ਜਾਂਦੇ ਹਾਂ!!

03/05/2013

ਸੁੱਕੀ ਨਦੀ ਦਾ ਗੀਤ
ਰਵਿੰਦਰ ਰਵੀ

ਏਸ ਨਦੀ ਨੇ ਸੁੱਕ ਜਾਣਾ ਹੈ,
ਸਾਗਰ ਜੇਡ ਹੈ ਇਸਦੀ ਪਿਆਸ।
ਤੁਰਦਿਆਂ, ਤੁਰਦਿਆਂ ਸੋਮੇਂ ਸੁੱਕ ਗਏ,
ਆਪੇ ਵਿਚ, ਆਪਾ ਪਰਵਾਸ।

ਵਿਸ਼ਵ-ਤਪਾਓ, ਵਗਦੀਆਂ ਲੂਆਂ,
ਖਰੀਆਂ ਬਰਫਾਂ, ਪਰਬਤ ਨੰਗੇ।
ਸੜ, ਸੁੱਕ ਝੜ ਗਏ ਵਣ ਦੇ ਕੋਲੋਂ,
ਪੰਛੀ ਅਜੇ ਵੀ ਛਾਂਵਾਂ ਮੰਗੇ।
ਅੱਖਾਂ ਦੇ ਵਿਚ ਨਜ਼ਰ ਖਿੰਡ ਗਈ,
ਧੁੰਦਲਾ, ਧੁੰਦਲਾ ਹੈ ਪ੍ਰਕਾਸ਼।

ਪਿਆਸੇ ਬੱਦਲ, ਛਿਦਰੀਆਂ ਛਾਵਾਂ,
ਛਾਤੀਆਂ ਵਿਚ, ਜਿਓਂ ਸੁੱਕੀਆਂ ਮਾਵਾਂ।
ਕਿਧਰੋਂ ਵੀ ਕਨਸੋਅ ਨਾਂ ਆਵੇ,
ਕਿਸ ਨੂੰ ਪੁੱਛਾਂ? ਕਿੱਧਰ ਜਾਂਵਾਂ?
ਨਾਂ ਧਰਤੀ, ਨਾਂ ਅੰਬਰ ਆਪਣਾਂ,
ਨਦੀ ‘ਚ, ਸੁੱਕੀ ਨਦੀ ਦਾ ਵਾਸ।

ਸੂਰਜ ਹੇਠਾਂ ਥਲ ਤਪਦਾ ਹੈ,
ਅੱਗ ਦੇ ਭਾਂਬੜ ਚਾਰ ਚੁਫੇਰੇ।

ਅੰਦਰ ਵਲ ਨੂੰ ਮੁੜੀਆਂ ਨਜ਼ਰਾਂ,
ਅੰਦਰ ਵੀ ਹਨ ਸੰਘਣੇ ‘ਨ੍ਹੇਰੇ।
ਇਸ ਰੁੱਤੇ, ਇਸ ਉਮਰੇ ਬਣਦਾ,
ਆਪੇ ਵਿਚ, ਆਪਾ ਨਿਰਵਾਸ।

ਏਸ ਨਦੀ ਨੇ ਸੁੱਕ ਜਾਣਾ ਹੈ,
ਸਾਗਰ ਜੇਡ ਹੈ ਇਸਦੀ ਪਿਆਸ।
ਤੁਰਦਿਆਂ, ਤੁਰਦਿਆਂ ਸੋਮੇਂ ਸੁੱਕ ਗਏ,
ਆਪੇ ਵਿਚ, ਆਪਾ ਪਰਵਾਸ।

22/05/2013

ਇਕ ਸੂਰਜ ਹੋਰ
ਰਵਿੰਦਰ ਰਵੀ, ਕਨੇਡਾ

ਮੈਂ ਫੇਰ ਆਪਣੇ ਆਪ ਉੱਤੇ,
ਗਰਜ ਰਿਹਾ ਹਾਂ।
ਮੈਂ ਫੇਰ ਭਾਸ਼ਾ
ਸਿਰਜ ਰਿਹਾ ਹਾਂ।

ਮੇਰੇ “ਵੈਬਸਾਈਟ”1 ਹੀ,
ਮੇਰੀ ਅਮਰਤਾ ਦੇ ਨਿਸ਼ਾਨ ਹਨੱ।

”ਸਾਈਬਰਸਪੇਸ”2 ਵਿਚ,
ਮੇਰੇ ਅਨੇਕਾਂ ਰੂਪ:
ਇਨਸਾਨ ਹਨ,
ਭਗਵਾਨ ਤੇ ਸ਼ੈਤਾਨ ਹਨ!

ਟੁੱਟਦੀ, ਬਣਦੀ ਧੁਨੀ,
ਖਿੰਡਦੇ, ਉੱਡਦੇ ਸੁਰ,
ਮੇਰੇ ਹੀ ਸੰਤੁਲਨ ਨੂੰ,
ਤੋੜਦਾ ਸੰਗੀਤ ਹਨ!

ਮੈਂ “ਸੁਰ”3 ਵਿਚ “ਅਸੁਰ”4,
ਸ਼ਤਰੂ ਵਿਚ ਮੀਤ ਹਾਂ!

ਗਿਆਨ ਤੇ ਵਿਗਿਆਨ ਵਿਚ,
ਕਾਇਆਕਲਪ:
ਕਲਪਨਾ, ਮਿਥਿਹਾਸ ਦੀ ਹੀ ਰੀਤ ਹਾਂ!

”ਟਵਿਟਰ”5 ਵਿਚ ਬਹੁਤ ਕੁਝ,
ਅਣਕਿਹਾ, ਅਲਹਿਦਾ ਹੈ।
ਹਰ ਸ਼ਬਦ ਮੌਨ,
ਹਰ ਸ਼ਬਦ ਸੁਨੇਹਾ ਹੈ।

”ਫੇਸ ਬੁਕ”6 ਉੱਤੇ ਵੀ,
ਮੇਰਾ ਹੀ ਸ਼ੋਰ, ਝਲਕਣ
ਮੇਰੀਆਂ ਖਾਮੋਸ਼ੀਆਂ।

ਬਣੇ, ਅੱਧ-ਬਣੇ ਸ਼ਬਦ, ਅਰਥ,
ਫੂੱਲ਼ ਨੂੰ ਖੇੜੇ ਦੀਆਂ ਸਰਗੋਸ਼ੀਆਂ!

ਸ਼ੀਸ਼ੇ ਵਿਚ ਊਲ ਜਲੂਲ਼,
ਖਾਕਾ ਵੀ ਮੇਰਾ ਹੈ।
ਹਰ ਵਾਕ ਅਧੂਰਾ,
ਹਰ ਅਰਥ ਪੂਰਾ ਹੈ।

ਦਾਇਰਾ, ਰੇਖਾਵਾਂ ਵਿਚ ਟੁੱਟਦਾ ਹੈ,
ਕਦੇ ਰੇਖਾ ਬਿੰਦੂਆਂ ਵਿਚ,
ਬਿੰਦੂ ਸ਼ੂਨਯ ਵੀ ਹੈ, ਦੀਵਾ ਵੀ।

ਹਵਾ ਇਨ੍ਹਾਂ,
”ਆਬਰਾ ਕਦਾਬਰਾ”7 ਚਿਤਰਾਂ ਨੂੰ,
ਰੁੱਤ ਵਾਂਗ, ਉਡਾ ਕੇ ਲੈ ਜਾਂਦੀ ਹੈ।
ਰੰਗਾਂ, ਫੁੱਲਾਂ ਤੇ ਮਹਿਕਾਂ ਦੇ ਕੰਨਾਂ ਵਿਚ,
ਕੁਝ ਕਹਿ ਜਾਂਦੀ ਹੈ।

ਮੈਂ ਦਰਿਅਵਾਂ ਦੀ ਬੋਲੀ ਸਮਝਦਾ ਹਾਂ,
ਮੈਨੂੰ ਸਮੁੰਦਰਾਂ ਦੇ ਅਰਥ ਆਉਂਦੇ ਹਨ।
ਪਰਬਤ, ਵਣ, ਧਰਤੀ, ਅੰਬਰ,
ਜਿਸ ਵਰਣਮਾਲਾ ਦੇ ਅੱਖਰ ਹਨ,
ਉਹ ਸ਼ਬਦਾਂ ਵਿਚ ਨਹੀਂ,
ਸੰਕੇਤਾਂ ਵਿਚ ਲਿਖੀ ਜਾਂਦੀ ਹੈ।

ਮੈਂ ਆਦਿ ਜੁਗਾਦਿ ਤੋਂ ਵਿਚਰਦਾ:
ਪਿੰਡ ਹਾਂ, ਬ੍ਰਹਮੰਡ ਹਾਂ।
ਖੰਡ, ਖੰਡ ਹਾਂ,
ਅਖੰਡ ਹਾਂ।

ਥਲ ਤੇ ਨਖਲਿਸਤਾਨ ਵੀ,
ਮੇਰੇ ਹੀ ਵਜੂਦ ਹਨ –
ਮੇਰੇ ਅੰਦਰ, ਇਕ ਦੂਜੇ ਵਿਚ
ਵੱਗਦੇ ਹਨ, ਵੱਸਦੇ ਹਨ।
ਮੇਰੇ ਬਾਗ਼ ਵਿਚ ਫੁੱਲ ਹੀ ਨਹੀਂ,
ਕੰਡੇ ਵੀ ਹੱਸਦੇ ਹਨ!

ਮੈਂ ਜ਼ਿੰਦਗੀ ਨਹੀਂ,
”ਮਹਾਂ ਜ਼ਿੰਦਗੀ”8 ਹਾਂ!

ਇੱਕੋ ਸਮੇਂ, ਮੈਂ
ਬਲ ਰਿਹਾ, ਸੜ ਰਿਹਾ ਤੇ
ਰੌਸ਼ਨੀ ਵੀ ਕਰ ਰਿਹਾ।

ਮੈਂ, ਇਕ ਸੂਰਜ ਹੋਰ ਹਾਂ
ਤੇ ਹੋਰ ਅੰਬਰੀਂ ਚੜ੍ਹ ਰਿਹਾ!

ਮੇਰੇ “ਵੈਬਸਾਈਟ”,
“ਸਾਈਬਰਸਪੇਸ” ਵਿਚ:
ਆਉਣ ਵਾਲਾ ਸਮਾਂ ਹੈ,
ਸਮੇਂ ਦੇ ਨਿਸ਼ਾਨ ਹਨ।

ਮੇਰੇ ਅਨੇਕਾਂ ਰੂਪ,
ਇਨਸਾਨ ਹਨ,
ਭਗਵਾਨ ਤੇ ਸ਼ੈਤਾਨ ਹਨ!!!

07/04/2013

1. cyberspace 2. website
3. ਸੁਰ: ਦੇਵਤਾ 4. ਅਸੁਰ: ਰਾਖਸ਼ਿਸ਼
5. Twitter 6. FaceBook
7. ਆਬਰਾ ਕਦਾਬਰਾ: Absurd 8. ਮਹਾਂ ਜ਼ਿੰਦਗੀ:
Larger than life


ਜੋਗਿੰਦਰ ਸੰਘੇੜਾ, ਕਨੇਡਾ

ਮੁਬਾਰਕ
ਜੋਗਿੰਦਰ ਸੰਘੇੜਾ, ਕਨੇਡਾ

ਕਿਸ ਗੱਲ ਦੀ ਦਿਆਂ ਮੁਬਾਰਕ ਮੈਂ, ਕਿਹੜਾ ਤੀਰ ਕਿਸੇ ਨੇ ਮਾਰ ਲਿਆ
ਜਾਂ ਭੁੱਖਿਆਂ ਦਾ ਕਿਸੇ ਢਿੱਡ ਭਰਤਾ, ਜਾਂ ਭਰਮਾਂ ‘ਚੋਂ ਕੱਢ ਬਾਹਰ ਲਿਆ॥

ਜਾਂ ਸੜਕਾਂ ਤੇ ਰੁਲਦੀ ਮਨੁੱਖਤਾ ਦੀ, ਧੀਆਂ ਭੈਣਾਂ ਦੀ ਇਜ਼ਤ ਰੁਲ੍ਹਦੀ ਦੀ
ਜਾਂ ਵੋਟਾਂ ਲਈ ਵਰਤਾਏ ਨਸਿ਼ਆਂ ਦੀ, ਜਾਂ ਮਜ਼ਲੂਮਾਂ ਉੱਤੇ ਹੁੰਦੇ ਜ਼ੁਲਮਾਂ ਦੀ
ਬਾਬੇ ਬਾਬਰ ਹੱਥ ਆਈ ਸੱਤਿਆ ਦੀ, ਜਾਂ ਕੁੱਖਾਂ ਵਿੱਚ ਹੋ ਰਹੀ ਹੱਤਿਆ ਦੀ
ਲੋਕਾਂ ਦਿਆਂ ਹੱਡਾਂ ਦਾ ਪੁਲ੍ਹ ਬੰਨ ਕੇ, ਜਿਹਨੇ ਕੁੱਲ ਦਾ ਬੇੜਾ ਤਾਰ ਲਿਆ
ਕਿਸ ਗੱਲ ਦੀ ਦਿਆਂ ਮੁਬਾਰਕ ਮੈਂ, ਕਿਹੜਾ ਤੀਰ ਕਿਸੇ ਨੇ ਮਾਰ ਲਿਆ
ਜਾਂ ਭੁੱਖਿਆਂ ਦਾ ਕਿਸੇ ਢਿੱਡ ਭਰਤਾ, ਜਾਂ ਭਰਮਾਂ ਚੋਂ ਕੱਢ ਬਾਹਰ ਲਿਆ॥

ਜਿਥੇ ਭੁੱਖੇ ਵੀ ਨ੍ਹੇਰੇ ਵਿਚ ਸੌਂਦੇ ਨੇ, ਜਿਥੇ ਮਾਫ਼ੀਆ ਹਕੂਮਤ ਕਰਦੇ ਨੇ
ਜਿਥੇ ਬਾਦਲ ਸਿਰ ਮੰਡਰਾਉਂਦੇ ਨੇ, ਜਿਥੇ ਸੱਚ ਕਹਿਣੋਂ ਵੀ ਡਰਦੇ ਨੇ
ਜਿਥੇ ਧਰਮ ਦੇ ਪਹੀਏ ਲੁੱਟ ਦੀ ਗੱਡੀ, ਪਹਿਰਾਵੇ ਦਾ ਭੇਸ ਧਾਰ ਲਿਆ
ਕਿਸ ਗੱਲ ਦੀ ਦਿਆਂ ਮੁਬਾਰਕ ਮੈਂ, ਕਿਹੜਾ ਤੀਰ ਕਿਸੇ ਨੇ ਮਾਰ ਲਿਆ
ਜਾਂ ਭੁੱਖਿਆਂ ਦਾ ਕਿਸੇ ਢਿੱਡ ਭਰਤਾ, ਜਾਂ ਭਰਮਾਂ ਚੋਂ ਕੱਢ ਬਾਹਰ ਲਿਆ॥

ਜਿਹੜੇ ਸੰਗਤਾਂ ਦੇ ਚੜ੍ਹੇ ਚੜਾਵੇ ਨੂੰ, ਅੱਗ ਲਾ ਲਾ ਰੱਬ ਮਨਾਉਂਦੇ ਨੇ
ਜਿਹੜੇ ਬਿਜਲੀ ਲੱਖ ਕਰੋੜਾਂ ਦੀ, ਇਕ ਦਿਨ ਵਿੱਚ ਫੂਕ ਮੁਕਾਉਂਦੇ ਨੇ
ਜਿਹੜੀ ਨਫ਼ਰਤ ਕਰੀ ਮਨੁੱਖਤਾ ਨੂੰ, ਜਿੱਥੇ ਸ਼ੈਤਾਨਾਂ ਦੇ ਡੰਕੇ ਵੱਜਦੇ ਨੇ
ਜਿਹਨੂੰ ਲੰਗਰ ਆਖਣ ਦਾਤੇ ਦਾ, ਜਿਥੇ ਤਕੜੇ ਈ ਖਾਹ ਖਾਹ ਰੱਜਦੇ ਨੇ
ਮਾਇਆ ਤੇ ਚੌਧਰ ਪਾਉਣੇ ਲਈ, ਇਕ ਦੂਜੇ ਦੀ ਪੱਗ ਨੂੰ ਉਤਾਰ ਲਿਆ
ਕਿਸ ਗੱਲ ਦੀ ਦਿਆਂ ਮੁਬਾਰਕ ਮੈਂ, ਕਿਹੜਾ ਤੀਰ ਕਿਸੇ ਨੇ ਮਾਰ ਲਿਆ
ਜਾਂ ਭੁੱਖਿਆਂ ਦਾ ਕਿਸੇ ਢਿੱਡ ਭਰਤਾ, ਜਾਂ ਭਰਮਾਂ ‘ਚੋਂ ਕੱਢ ਬਾਹਰ ਲਿਆ॥

ਜਿੱਥੇ ਰੱਬ ਸੋਨੇ ਦੇ ਮੰਦਰੀਂ ਰਹਿੰਦਾ, ਜਿਥੇ ਰੱਬ ਲਈ ਤਖਤ ਨੇ ਧਰਮਾਂ ਦੇ
ਜਿੱਥੇ ਰੱਬ ਨੂੰ ਲੋੜ ਅਰਦਾਸਾਂ ਦੀ, ਜਿੱਥੇ ਰੱਬ ਦੇ ਕੰਮ ਵਹਿਮਾਂ ਭਰਮਾਂ ਦੇ
ਜਿੱਥੇ ਨਸਿ਼ਆਂ ਦੇ ਦਰਿਆ ਵਗਦੇ, ਜਿਥੇ ਮਨੁੱਖਤਾ ਨੂੰ ਬੰਦਾ ਮਾਰ ਰਿਹਾ
ਕਿਸ ਗੱਲ ਦੀ ਦਿਆਂ ਮੁਬਾਰਕ ਮੈਂ, ਕਿਹੜਾ ਤੀਰ ਕਿਸੇ ਨੇ ਮਾਰ ਲਿਆ
ਜਾਂ ਭੁੱਖਿਆਂ ਦਾ ਕਿਸੇ ਢਿੱਡ ਭਰਤਾ, ਜਾਂ ਭਰਮਾਂ ਚੋਂ ਕੱਢ ਬਾਹਰ ਲਿਆ॥

ਜਿਥੇ ਸਿੱਖਿਆ ਲਈ ਸਕੂਲ ਬੜੇ, ਪਰ ਸਕੂਲਾਂ ਵਿਚ ਕੋਈ ਟੀਚਰ ਨਹੀਂ
ਜਿਥੇ ਪੜ੍ਹਨਾ ਤਾਂ ਹਰ ਕੋਈ ਚਾਹੇ, ਪੜ੍ਹ ਲਿਖ ਕੇ ਵੀ ਕੋਈ ਫ਼ੀਚਰ ਨਹੀਂ
ਜਿਥੇ ਪੱਥਰਾਂ ਨੂੰ ਦੁੱਧਾਂ ਦੇ ਨਾਲ ਧੋਂਦੇ, ਜਿਥੇ ਬੱਚੇ ਦੁੱਧ ਲਈ ਬਿਲਕਦੇ ਨੇ
ਜਿਥੇ ਭੁੱਖੇ ਨੰਗੇ ਲੋਕੀਂ ਸੌਂਦੇ ਨੇ ਲੱਖਾਂ, ਚੜ੍ਹਦੇ ਰੱਬ ਨੂੰ ਰੁਮਾਲੇ ਸਿਲਕ ਦੇ ਨੇ
ਜਿਥੇ ਬਾਣੀ ਪੜ੍ਹ ਪੜ੍ਹ ਲੱਦਣ ਗੱਡੇ, ਪਰ ਮਨੁੱਖਤਾ ਨੂੰ ਮਨੋਂ ਵਿਸਾਰ ਲਿਆ
ਕਿਸ ਗੱਲ ਦੀ ਦਿਆਂ ਮੁਬਾਰਕ ਮੈਂ, ਕਿਹੜਾ ਤੀਰ ਕਿਸੇ ਨੇ ਮਾਰ ਲਿਆ
ਜਾਂ ਭੁੱਖਿਆਂ ਦਾ ਕਿਸੇ ਢਿੱਡ ਭਰਤਾ, ਜਾਂ ਭਰਮਾਂ ਚੋਂ ਕੱਢ ਬਾਹਰ ਲਿਆ॥

ਜਿਥੇ ਬੰਦਿਆਂ ਦੀ ਚਾਲ ਸ਼ੈਤਾਨੀ ਏ, ਇਹੇ ਜੋ ਸ਼ੋਰ ਪਟਾਕਿਆਂ ਬੰਬਾਂ ਦਾ
ਜਿਥੇ ਰੱਬ ਨੇ ਕੌਮ ਤੋਂ ਮੰਗਿਆ ਏ, ਗੁਰਦੁਆਰਾ ਸੋਨੇ ਦੀਆਂ ਕੰਧਾਂ ਦਾ
ਕਿਸ ਧਰਮ ਗਰੰਥ ਚ' ਲਿਖਿਆ ਏ, ਕਿਸੇ ਰੱਬ ਨੇ ਧਰਮ ਬਣਾਏ ਨੇ
ਕਹਿੜੇ ਪੀਰਾਂ ਪੈਗੰਬਰਾਂ ਗੁਰੂਆਂ ਨੇ, ਇਨਸਾਨਾਂ ਉਤੇ ਫ਼ਤਵੇ ਲਾਏ ਨੇ
ਜਿਥੇ ਸੱਚ ਬੋਲਣ ਵਾਲੇ ਜੋਗੀ ਦਾ, ਲਾ ਲਾ ਫਤਵੇ ਸੀਸ ਉਤਾਰ ਲਿਆ
ਕਿਸ ਗੱਲ ਦੀ ਦਿਆਂ ਮੁਬਾਰਕ ਮੈਂ, ਕਿਹੜਾ ਤੀਰ ਕਿਸੇ ਨੇ ਮਾਰ ਲਿਆ
ਜਾਂ ਭੁੱਖਿਆਂ ਦਾ ਕਿਸੇ ਢਿੱਡ ਭਰਤਾ, ਜਾਂ ਭਰਮਾਂ ਚੋਂ ਕੱਢ ਬਾਹਰ ਲਿਆ

ਜੋਗਿੰਦਰ ਸੰਘੇੜਾ
647-854-6044
16
/06/2013

 

 

 

ਦਿਨ ਵਿਸਾਖੀ ਦਾ
ਜੋਗਿੰਦਰ ਸੰਘੇੜਾ, ਕਨੇਡਾ

ਆਇਆ ਦਿਨ ਵਿਸਾਖੀ ਦਾ ਸਾਰੇ ਰਲ੍ਹ ਕੇ ਖੁਸ਼ੀ ਮਨਾਈਏ
ਬਾਣੀ ਸੱਚੇ ਸਤਿਗੁਰ ਦੀ ਬਹਿ ਕੇ ਅਮਰਤ ਵੇਲੇ ਗਾਈਏ=॥

ਇਹ ਜਾੱਮਾ ਇਨਸਾਨੀ ਜੋ ਮਿਲਣਾ ਵਾਰ-ਵਾਰ ਨਾ ਮੁੜਕੇ
ਫਿਰ ਝਗੜੇ ਕਾਹਦੇ ਲਈ ਬੈਠੋ ਨਾਲ ਪਿਆਰ ਦੇ ਜੁੜਕੇ
ਦਿਲੋਂ ਭੁੱਲਕੇ ਨਫ਼ਰਤ ਨੂੰ ਆਪੇ ਵਿੱਚ ਪਿਆਰ ਵਧਾਈਏ
ਆਇਆ ਦਿਨ ਵਿਸਾਖੀ ਦਾ ਸਾਰੇ ਰਲ੍ਹ ਕੇ ਖੁਸ਼ੀ ਮਨਾਈਏ
ਬਾਣੀ ਸੱਚੇ ਸਤਿਗੁਰ ਦੀ ਬਹਿ ਕੇ ਅਮਰਤ ਵੇਲੇ ਗਾਈਏ=॥

ਇਹ ਦਿਨ ਵੱਡ ਭਾਗਾਂ ਦਾ ਏ੍ਹਦਾ ਆਪਣਾ ਅਜ਼ਬ ਨਜ਼ਾਰਾ
ਮੇਲੇ ਲੱਗਦੇ ਖੁਸ਼ੀਆਂ ਦੇ ਨੱਚਦਾ ਗਾਉਂਦਾ ਏ ਜੱਗ ਸਾਰਾ
ਭੰਗੜੇ ਪਾਵੋ ਰਲ੍ਹ ਮਿਲ ਕੇ ਦੋਹੇ ਗੀਤ ਰੱਵਈਏ ਗਾਈਏ
ਆਇਆ ਦਿਨ ਵਿਸਾਖੀ ਦਾ ਸਾਰੇ ਰਲ੍ਹ ਕੇ ਖੁਸ਼ੀ ਮਨਾਈਏ
ਬਾਣੀ ਸੱਚੇ ਸਤਿਗੁਰ ਦੀ ਬਹਿ ਕੇ ਅਮਰਤ ਵੇਲੇ ਗਾਈਏ=॥

ਅਮਰਤ ਬਰਸੇ ਬਾਣੀ ਦਾ ਕਿਧਰੇ ਸਤਸੰਗ ਪਏ ਹੁੰਦੇ
ਆਓ ਆਪਾਂ ਵੀ ਸੁਣੀਏਂ ਕਿਤੇ ਰਹਿ ਨਾ ਜਾਈਏ ਖੁੰਝੇ
ਭਾਣਾ ਮੰਨ ਕੇ ਸਤਿਗੁਰ ਦਾ ਨਾਮ ਅਮ੍ਰਤ ਦੇ ਵਿੱਚ ਨਾਹੀਏ
ਆਇਆ ਦਿਨ ਵਿਸਾਖੀ ਦਾ ਸਾਰੇ ਰਲ੍ਹ ਕੇ ਖੁਸ਼ੀ ਮਨਾਈਏ
ਬਾਣੀ ਸੱਚੇ ਸਤਿਗੁਰ ਦੀ ਬਹਿ ਕੇ ਅਮਰਤ ਵੇਲੇ ਗਾਈਏ=॥

ਨਾ ਵੈਰੀ ਕੋਈ ਨਾ ਬੇਗਾਨਾ ਉਸ ਦਾ ਨੂਰ ਪਸਾਰਾ ਜੱਗ ਦਾ
ਸਭ ਜੀਵਾਂ ਵਿੱਚ ਦੇਖੇ "ਜੋਗੀ" ਹਰ ਪਾਸੇ ਦੀਦ ਹੈ ਰੱਬ ਦਾ
ਮੌਕਾ ਰੱਬ ਨੂੰ ਮਿਲਣੇ ਦਾ ਨਾ ਇਹ ਬਦੀਆਂ ਵਿੱਚ ਗਵਾਈਏ
ਆਇਆ ਦਿਨ ਵਿਸਾਖੀ ਦਾ ਸਾਰੇ ਰਲ੍ਹ ਕੇ ਖੁਸ਼ੀ ਮਨਾਈਏ
ਬਾਣੀ ਸੱਚੇ ਸਤਿਗੁਰ ਦੀ ਬਹਿ ਕੇ ਅਮਰਤ ਵੇਲੇ ਗਾਈਏ=॥

08/04/2013
ਜੋਗਿੰਦਰ ਸੰਘੇੜਾ, ਕਨੇਡਾ

 

"ਮਿੰਨਾ ਮਿੰਨਾ ਹੱਸਦੇ ਰਹੇ"
ਜੋਗਿੰਦਰ ਸੰਘੇੜਾ, ਕਨੇਡਾ

ਸਾਡੀ ਬੇ ਵਸੀ ਤੇ ਬੇਸ਼ੱਕ ਓਹੋ ਮਿੰਨਾ ਮਿੰਨਾ ਹੱਸਦੇ ਰਹੇ
ਸਾਡੀ ਵੀ ਮਜ਼ਬੂਰੀ ਸੀ ਦਿਲ ਦੀਆਂ ਗੱਲਾਂ ਦੱਸਦੇ ਰਹੇ=॥
ਉਹਨਾ ਦੀਆਂ ਸੋਚਾਂ ਦੇ ਵਿੱਚ ਸਾਡੇ ਲਈ ਉਹ ਕਾਦਰ ਸੀ
ਖੁਦ ਨੂੰ ਸਮਝ ਰਹੇ ਸੀ ਓਹੋ ਭਰੀ ਹੋਈ ਕੋਈ ਗਾਗਰ ਸੀ
ਸਾਡੇ ਉਤੇ ਤਰਸ ਕਰਨ ਲਈ ਤਾਹਨੇ ਮੇਹਣੇ ਕੱਸਦੇ ਰਹੇ
ਸਾਡੀ ਵੀ ਮਜ਼ਬੂਰੀ ਸੀ ਦਿਲ ਦੀਆਂ ਗੱਲਾਂ ਦੱਸਦੇ ਰਹੇ=॥
ਓਹੋ ਨੇ ਉਚੇ ਰੁਤਬਿਆਂ ਵਾਲੇ ਸਾਡੀ ਕੋਈ ਔਕਾਤ ਨਹੀਂ
ਉਹਨਾਂ ਲਈ ਨਿੱਤ ਨਵੇਂ ਸਵੇਰੇ ਸਾਡੇ ਲਈ ਭਰਬਾਤ ਨਹੀਂ
ਅਸੀਂ ਉਮਰ ਗਵਾਈ ਐਵੇਂ ਓਹ ਉਮਰਾਂ ਵਿੱਚ ਵੱਸਦੇ ਰਹੇ
ਸਾਡੀ ਵੀ ਮਜ਼ਬੂਰੀ ਸੀ ਦਿਲ ਦੀਆਂ ਗੱਲਾਂ ਦੱਸਦੇ ਰਹੇ=॥
ਓਹੋ ਗੱਲਾਂ ਨਾਲ ਹੀ ਬਾਜ਼ੀ ਜਿੱਤ ਜਾਂਦੇ ਹਰ ਵਾਰ ਕੋਈ
ਸਾਡੇ ਪੱਲੇ ਵਿੱਚ ਹਰ ਵਾਰੀ ਹੀ ਪੈਂਦੀ ਭੈੜੀ ਹਾਰ ਕੋਈ
ਅਸੀਂ ਜੋਗੀ ਜਿੰਨਾਂ ਨੇੜੇ ਹੋਏ ਓਹੋ ਪਰੇ ਹੀ ਨੱਸਦੇ ਰਹੇ
ਸਾਡੀ ਵੀ ਮਜ਼ਬੂਰੀ ਸੀ ਦਿਲ ਦੀਆਂ ਗੱਲਾਂ ਦੱਸਦੇ ਰਹੇ=॥
ਸਾਡੀ ਬੇ ਵਸੀ ਤੇ ਬੇਸ਼ੱਕ ਓਹੋ ਮਿੰਨਾ ਮਿੰਨਾ ਹੱਸਦੇ ਰਹੇ
ਸਾਡੀ ਵੀ ਮਜ਼ਬੂਰੀ ਸੀ ਦਿਲ ਦੀਆਂ ਗੱਲਾਂ ਦੱਸਦੇ ਰਹੇ=॥

ਜੋਗਿੰਦਰ ਸੰਘੇੜਾ (ਜੋਗੀ ਬਿਲਗੇ ਵਾਲਾ)
07/04/2013


ਅਮਨਦੀਪ ਸਿੰਘ

ਨਵਾਂ ਵਰ੍ਹਾ
ਅਮਨਦੀਪ ਸਿੰਘ

ਸਮੇਂ ਦੇ ਫ਼ਲਕ ਤੋਂ
ਵਰ੍ਹੇ ਦਾ ਇੱਕ ਤਾਰਾ ਟੁੱਟਿਆ।
ਦਿਲ ਨੂੰ ਕੱਝ੍ਹ ਹੋਇਆ
ਨੈਣਾਂ ਦਾ ਚਸ਼ਮਾ ਫੁੱਟਿਆ।
ਯਾਦ ਦੀ ਇੱਕ ਲੀਹ ਜਿਹੀ
ਉੱਠਦੀ ਚਲੀ ਗਈ।
ਦਿਲ ਦੀਆਂ ਨਾਜ਼ੁਕ ਤਹਿਆਂ
ਤੜਪਾਉਂਦੀ ਚਲੀ ਗਈ।
ਉਦਾਸ ਸ਼ਾਮ ਹੈ ਫੈਲ ਰਹੀ
ਖ਼ਿਆਲਾਂ ਦੇ ਵਿੱਚ।
ਦਰਦ ਦੀ ਖ਼ਲਿਸ਼ ਹੈ ਉੱਠ ਰਹੀ
ਸਾਲਾਂ ਦੇ ਵਿੱਚ।
ਇਸ ਖ਼ਲਿਸ਼ ਨੇ
ਆਪਣਾ ਜਮਾਲ ਹੈ ਦਿਖਾ ਦਿੱਤਾ।
ਇੱਕ ਹੋਰ ਸੁਪਨਿਆਂ ਭਰੇ
ਸੂਰਜ ਨੂੰ ਉਗਾ ਦਿੱਤਾ।
ਸੁਪਨਿਆਂ ਭਰੇ ਵਰ੍ਹੇ ਦੇ
ਸੂਰਜ ਨੂੰ ਸਲਾਮ ਹੈ!
ਅੱਖਾਂ 'ਚ ਆਸ ਦੀ ਚਮਕ
ਤੇ ਹੱਥਾਂ 'ਚ ਜਾਮ ਹੈ!

ਟੱਪੇ
ਅਮਨਦੀਪ ਸਿੰਘ

ਸਾਡੇ ਕੋਲ ਖਲੋ ਮਾਹੀਆ!
ਅਸਾਂ ਰੌਸ਼ਨੀ ਜਲਾਈ ਹੈ -
ਤੂੰ ਵੀ ਲੈਂਦਾ ਜਾ ਲੋਅ ਮਾਹੀਆ!

ਸੁਪਨੇ ਤਰਸਦੇ ਰਹਿੰਦੇ ਨੇ!
ਵਰ੍ਹਿਆਂ ਦੇ ਵਰ੍ਹੇ ਵੇਖੋ -
ਕਿਵੇਂ ਪਾਣੀ ਵਾਂਗ ਵਹਿੰਦੇ ਨੇ!

ਵੇਖੋ! ਨਵਾਂ ਵਰ੍ਹਾ ਚੜ੍ਹ ਆਇਆ!
ਸਾਡੇ ਦਿਲੀਂ ਕਸਕ ਰਹੀ-
ਕਿਉਂ ਤੂੰ ਨਹੀਂ ਆਇਆ!

ਜ਼ਿੰਦਗੀ ਦੀ ਹੱਸਦੀ ਨੁਹਾਰ ਵੇਖੋ!
ਬਾਹਰ ਤਾਂ ਖ਼ੁਸ਼ਬੋਈ ਹੈ-
ਅੰਦਰ ਗ਼ਮਾਂ ਦੇ ਖ਼ਾਰ ਵੇਖੋ!

ਕੋਇਲਾਂ ਦੀ ਕੂਕ ਸੁਣੇਂਦੀ ਏ!
ਇੱਕ ਤੇ ਤੂਫ਼ਾਨ, ਦੂਜੀ
ਮਨ ਵਿੱਚ ਹੂਕ ਸੁਣੇਂਦੀ ਏ!

ਡਾਲੀ ਨਾਲ਼ ਫੁੱਲ ਨੇ ਲਟਕ ਰਹੇ!
ਇੱਕ ਤੇਰੇ ਵਾਝੋਂ ਸੋਹਣਿਆਂ -
ਅਸੀਂ ਦਰ ਦਰ ਭਟਕ ਰਹੇ!

ਵੇਖੋ! ਸੱਧਰਾਂ ਦਾ ਹੜ੍ਹ ਆਇਆ!
ਨਵੀਆਂ ਉਮੀਦਾਂ ਲੈ ਕੇ -
ਇਹ ਨਵਾਂ ਵਰ੍ਹਾ ਚੜ੍ਹ ਆਇਆ!

ਬਾਰਾਂਮਾਹ
ਅਮਨਦੀਪ ਸਿੰਘ

ਜਨਵਰੀ ਮਹੀਨਾ ਆਇਆ, ਨਵਾਂ ਸਾਲ ਮੁਬਾਰਿਕ ਹੋਵੇ।
ਠੰਡੀਆਂ ਸਰਦ ਰਾਤਾਂ 'ਚ, ਕੇਈ ਇਕੱਲਾ ਨਾ ਸੋਵੇ।

ਫਰਵਰੀ ਮਹੀਨਾ ਆਇਆ, ਨਿੰਮੀ੍ਹ ਨਿੰਮੀ੍ਹ ਫ਼ੁਹਾਰ ਵਗੀ।
ਮਾਹੀ ਨੂੰ ਮਿਲਣ ਦੀ ਤਾਂਘ੍ਹ ਸਾਡੇ ਦਿਲੀਂ ਜਗੀ।

ਮਾਰਚ ਮਹੀਨਾ ਆਇਆ, ਰੁੱਖਾਂ ਤੇ ਨਵੇਂ ਪੱਤਰ ਆਏ
ਪਰ ਤੇਰੇ ਵਗੈਰ ਮਾਹੀ ਵੇ, ਸਾਨੂੰ ਇਹ ਮੌਸਮ ਨਾ ਭਾਏ।

ਅਪ੍ਰੈਲ ਮਹੀਨਾ ਆਇਆ, ਕਣਕਾਂ ਪੱਕੀਆਂ ਵੇ।
ਤੇਰੇ ਬਿਨਾ ਮੈਂ ਪਲ ਵੀ ਰਹਿ ਨਾ ਸੱਕੀਆਂ ਵੇ।

ਮਈ ਮਹੀਨਾ ਆਇਆ, ਬਾਗ਼ਾਂ 'ਚ ਨਵੇਂ ਫੁੱਲ ਖਿੜੇ।
ਤੇਰੇ ਆਉਣ ਦਾ ਚਾਅ ਸਾਨੂੰ ਨਿੱਤ ਨਿੱਤ ਚੜ੍ਹੇ।

ਜੂਨ ਦਾ ਮਹੀਨਾ, ਕਹਿਰ ਦੀ ਲੂ ਵੱਗੇ।
ਬਿਰਹਾ ਦੀ ਤਪਦੀ ਰੇਤ, ਸਾਡੇ ਬਦਨ ਤੇ ਲੱਗੇ।

ਜੁਲਾਈ ਮਹੀਨਾ ਆਇਆ, ਸਿੱਲਾ੍ਹ ਸਿੱਲਾ੍ਹ ਮੌਸਮ ਹੈ
ਬਿਰਹਾ ਦੀ ਸਿੱਲੀ੍ਹ ਰਾਤ ਤੇ ਅੱਖਾਂ ਦੇ ਵਿੱਚ ਗ਼ਮ ਹੈ

ਅਗਸਤ ਮਹੀਨਾ ਆਇਆ, ਸਾਵਣ ਦੀਆਂ ਘਟਾਵਾਂ ਚੜ੍ਹੀਆਂ।
ਮਾਹੀ ਦੀਆਂ ਯਾਦਾਂ ਸਾਡੇ ਦਿਲਾਂ 'ਚ ਆ ਵੜੀਆਂ।

ਸਿਤੰਬਰ ਮਹੀਨਾ ਆਇਆ, ਮੌਸਮ ਬਦਲ ਰਿਹਾ
ਪਰ ਸਾਡੇ ਦਿਲ ਦਾ ਹਾਲ ਅਜੇ ਨਹੀਂ ਬਦਲ ਰਿਹਾ

ਅਕਤੂਬਰ ਮਹੀਨਾ ਆਇਆ, ਰੁੱਖਾਂ ਤੇ ਪੱਤਝੜ੍ਹ ਛਾਈ
ਸਾਡੇ ਦਿਲ ਦੀ ਸਿਸਕਦੀ ਕਲੀ ਵੀ ਹੌਲੀ ਹੌਲੀ ਕੁਮਲਾਈ

ਨਵੰਬਰ ਮਹੀਨਾ ਆਇਆ, ਹਰ ਡਗਰ ਮੇਲੇ ਨੇ
ਪਰ ਤੇਰੇ ਬਿਨਾ ਇਸ ਦਿਲ ਦੇ ਪੰਛੀ ਇੱਕਲੇ ਨੇ

ਦਿਸੰਬਰ ਮਹੀਨਾ ਆਇਆ, ਇੱਕ ਵਰਾ੍ਹ ਬੀਤ ਗਿਆ
ਤੇਰੇ ਆਉਣ ਦੀ ਆਸ ਵਿੱਚ ਇਹ ਦਿਲ ਹੈ ਜੀ ਰਿਹਾ

29/12/2013

ਨਾ ਕੋਈ ਹਿੰਦੂ, ਨਾ ਮੁਸਲਮਾਨ
ਅਮਨਦੀਪ ਸਿੰਘ, ਅਮਰੀਕਾ

ਪੱਛਮ 'ਚੋਂ ਸੂਰਜ ਚੜ੍ਹਿਆ -
ਰਹਸਮਈ ਬੇਈਂ ਵਿੱਚੋਂ -
ਇੱਕ ਸਦਾ ਉੱਠੀ -
'ਨਾ ਕੋਈ ਹਿੰਦੂ, ਨਾ ਮੁਸਲਮਾਨ।'
ਇਸ ਵਿੱਚ ਕਿੰਨਾ ਸੱਚ ਤੇ ਕਿੰਨੀ ਜਾਨ !
ਜੇ ਸਭ ਕੋਈ ਇਸਨੂੰ ਸਮਝੇ ਤੇ ਜਾਣੇ
ਤਾਂ ਧਰਤੀ ਤੋਂ ਸਭ ਦੁੱਖ ਦਰਦ ਮਿਟ ਜਾਣ
ਨਾ ਕਿਤੇ ਮਜ਼ਹਬੀ ਦੰਗੇ ਹੋਣ
ਨਾ ਨਿਰਦੋਸ਼ਾਂ ਦੀਆਂ ਜਾਨਾਂ ਜਾਣ
ਬਾਬੇ ਨਾਨਕ ਦੇ ਸੁਪਨੇ ਫਿਰ ਸੱਚ ਹੋ ਜਾਣ !

29/11/2013

ਸਿੱਖ ਕਤਲੇਆਮ ਨੂੰ ਯਾਦ ਕਰਕੇ
ਅਮਨਦੀਪ ਸਿੰਘ, ਅਮਰੀਕਾ

(1)
ਭਿਆਨਕ ਯਾਦ ਹਨੇਰੀ ਬਣ
ਜਦ ਆ ਵੜਦੀ ਹੈ!
ਇੱਕ ਅੱਗ ਜਿਹੀ
ਸੀਨੇ ਉੱਠ ਖੜਦੀ ਹੈ!
ਸਮੇਂ ਨੇ ਜਦ
ਜ਼ੁਲਮ ਕਮਾਇਆ!
ਧਰਤੀ ਨੂੰ ਅੱਗ
ਵਿੱਚ ਜਲਾਇਆ!
ਤਵਾਰੀਖ਼ ਵੀ
ਫੁੱਟ ਫੁੱਟ ਰੋਈ!
ਜਦ ਹਿਆਤ ਗਈ!
ਸੜਕਾਂ ਵਿੱਚ ਖੋਹੀ!
ਉਫ! ਸ਼ਰੇਆਮ
ਜਵਾਨੀ ਨੂੰ ਲੁੱਟਿਆ ਗਿਆ!
ਗਲੀਆਂ ‘ਚ ਹੀ
ਲਾਸ਼ਾਂ ਨੂੰ ਸੁੱਟਿਆ ਗਿਆ!
ਇਨਸਾਨ ਘਰਾਂ ਵਿੱਚ
ਜਿੰਦਾ ਜਲਾਏ ਗਏ!
ਬੇਰਹਿਮ ਪਿਆਸ ਦੇ
ਸ਼ਿਕਾਰ ਬਣਾਏ ਗਏ!
ਜੀਵਤ ਸ਼ਹਿਰ ਜਦ
ਕਤਲਗ਼ਾਹ ਬਣਾਇਆ ਗਿਆ!
ਚੁਣ ਚੁਣ ਕੇ ਇਨਸਾਨਾਂ ਨੂੰ
ਤਖ਼ਰੀਬ ‘ਚ ਵਹਾਇਆ ਗਿਆ!
ਹਾਏ! ਅਜ਼ਲ ਤੋਂ ਹੀ
ਆਦਮੀ ਵਹਿਸ਼ੀ ਰਿਹਾ!
ਜੰਗਲੀ ਤਹਿਜ਼ੀਬ ਦਾ
ਅੰਸ਼ ਉਸ ਵਿੱਚ ਬਾਕੀ ਰਿਹਾ!

(2)
ਉਹ ਜੋ ਇੱਕ ਸ਼ੋਕ ਵਿੱਚ
ਹੋਣ ਦਾ ਕਰ ਰਹੇ ਸੀ ਦਿਖਾਵਾ!
ਤਾਜੋ-ਤਖ਼ਤ ਦੇ ਗ਼ਮ ਦਾ
ਕੋਈ ਸੋਚ ਰਹੇ ਸੀ ਮੁਦਾਵਾ!
ਜਿਸਨੇ ਸ਼ਹਿਰ ਨੂੰ
ਕਤਲਗ਼ਾਹ ਸੀ ਬਣਾਇਆ!
ਉਹਨਾਂ ਵਾਸਤੇ ਇੱਕ
ਛੋਟੀ ਘਟਨਾ ਦਾ ਸੀ ਸਾਇਆ!
ਉਹਨਾਂ ਦੀ ਬੇਇੰਤਹਾਈ ਨੇ
ਉਸ ਜੁਨੂੰ ਨੂੰ ਹਵਾ ਦਿੱਤੀ!
ਜਿਸਦੇ ਜ਼ੁਲਮ ਨੇ
ਹਰ ਅੱਖ ਰੁਆ ਦਿੱਤੀ!
ਆਹ! ਕਿਸੇ ਨੇ ਅਫ਼ਸੋਸ ਦਾ
ਇੱਕ ਬੋਲ ਵੀ ਨਾ ਬੋਲਿਆ!
ਸਬਰ ਦੇ ਪੈਮਾਨੇ ਨੂੰ
ਉਹਨਾਂ ਆਪ ਹੈ ਡੋਲ੍ਹਿਆ!
ਜ਼ਖ਼ਮਾਂ ‘ਤੇ ਨਾਂ ਹੀ
ਮਲ੍ਹਮ ਲਗਾਈ ਗਈ!
ਉਹਨਾਂ ਦੀ ਪੀੜ ਸਗੋਂ
ਹੋਰ ਗਿਰਾਂ ਬਣਾਈ ਗਈ!
ਗਿਲਾ ਕਿਉਂ ਨਾ ਹੋਵੇ
ਹਰ ਇੱਕ ਨਮ ਅੱਖ ਨੂੰ!
ਬਲ਼ ਪੈਣ ਨਾ ਕਿਉਂ
ਸਮੇਂ ਦੇ ਸਾਫ਼ ਪੱਖ ਨੂੰ!

(3)
ਇਹ ਕਹਾਣੀ ਅਜ਼ਲ ਤੋਂ ਹੀ
ਇੰਝ ਦਹੁਰਾਈ ਗਈ!
ਹਰ ਵਾਰ ਜ਼ਿੰਦਗੀ ਦੀ
ਤਬਾਹੀ ਮਚਾਈ ਗਈ!
ਇਸਦਾ ਸਾਇਆ ਪਤਾ ਨਹੀਂ
ਕਦ ਤੱਕ ਰਹੇਗਾ?
ਹੋਰ ਕਦ ਤੱਕ ਫ਼ਲਕ
ਇਸਦੀ ਤਪਸ਼ ਸਹੇਗਾ?
ਕਦ ਤੱਕ ਆਦਮੀ
ਇੰਝ ਜ਼ਖਮੀ ਹੀ ਤਰਸੇਗਾ?
ਕਦ ਇਸ ਆਲਮ ‘ਤੇ
ਅਬਰੇ-ਨੈਸਾਂ ਵਰਸੇਗਾ?

09/11/2013

ਟਿਮ ਟਿਮ ਚਮਕੇ ਨਿੱਕਾ ਤਾਰਾ
ਅਮਨਦੀਪ ਸਿੰਘ, ਅਮਰੀਕਾ
(ਅੰਗਰੇਜ਼ੀ ਕਵਿਤਾ ਟਵਿੰਕਲ ਟਵਿੰਕਲ ਲਿਟਲ ਸਟਾਰ ਤੋਂ ਪ੍ਰੇਰਿਤ)

ਟਿਮ ਟਿਮ ਚਮਕੇ ਨਿੱਕਾ ਤਾਰਾ
ਲਗਦਾ ਮੈਨੂੰ ਬੜਾ ਪਿਆਰਾ
ਬੜੀ ਹੈਰਾਨੀ ਨਾਲ ਮੈਂ ਤੱਕਾਂ
ਅੰਬਰ ਦੇ ਵਿੱਚ ਹੀਰਾ ਨਿਆਰਾ!

ਜਦੋਂ ਬਲਦਾ ਸੂਰਜ ਛੁਪ ਜਾਵੇ
ਜਦੋਂ ਰਤਾ ਵੀ ਚਮਕ ਨਾ ਪਾਵੇ
ਉਦੋਂ ਉਹ ਆ ਝਲਕ ਦਿਖਾਵੇ
ਚਮਕੇ ਸਾਰੀ ਰਾਤ, ਨਾ ਜਾਵੇ!

ਗਹਿਰੇ ਨੀਲੇ ਅੰਬਰ ਵਿੱਚੋਂ
ਤੱਕੇ ਉਹ ਪਰਦੇ ਦੇ ਵਿੱਚੋਂ
ਉਦੋਂ ਤੀਕ ਨਾ ਪਲਕ ਝਪਕਾਵੇ
ਜਦ ਤੱਕ ਸੂਰਜ ਨਾ ਚੜ੍ਹ ਆਵੇ!

ਫੇਰ ਉਹ ਰਾਹੀ ਹਨੇਰੇ ਦੇ ਵਿੱਚ
ਤੇਰਾ ਰਿਣੀ ਹਰ ਫੇਰੇ ਦੇ ਵਿੱਚ
ਉਹ ਖਬਰੇ ਕਿੱਧਰ ਭਟਕੇ?
ਜੇ ਨਾ ਤੂੰ ਟਿਮ ਟਿਮ ਚਮਕੇ!

ਜਿੱਦਾਂ ਤੇਰੀ ਟਿਮ ਟਿਮਾਹਟ
ਹਨੇਰੇ ਦੇ ਵਿੱਚ ਕਰੇ ਨਿਲਾਹਟ
ਮੈਂ ਨਾ ਜਾਣਾ ਕੌਣ ਨਿਆਰਾ
ਟਿਮ ਟਿਮ ਚਮਕੇ ਨਿੱਕਾ ਤਾਰਾ!

ਆਓ ਬਰਫ਼ ‘ਚ ਖੇਡੀਏ!
ਅਮਨਦੀਪ ਸਿੰਘ, ਅਮਰੀਕਾ

ਆਓ ਬਰਫ਼ ‘ਚ ਖੇਡੀਏ!
ਚਿੱਟੀ ਚਿੱਟੀ,
ਕਪਾਹ ਦੀਆਂ ਫੁੱਟੀਆਂ ਵਰਗੀ ਬਰਫ਼।
ਫੈਲ ਗਈ ਹੈ ਧਰਤੀ ‘ਤੇ ਹਰ ਤਰਫ਼!
ਮੌਸਮ ਦੀ ਪਹਿਲੀ ਬਰਫ਼
ਬੜੀ ਚੰਗੀ ਹੈ ਲਗਦੀ ।
ਮਨ ਦੇ ਵਿੱਚ ਖ਼ੁਸ਼ੀ ਦੀ
ਇੱਕ ਤਰੰਗ ਹੈ ਵਗਦੀ ।

ਆਓ ਬਰਫ਼ ਦੀਆਂ ਗੇਂਦਾਂ ਬਣਾ
ਇੱਕ ਦੂਜੇ ਤੇ ਸੁੱਟੀਏ ।
ਜਾਂ ਫਿਰ ਬਰਫ਼-ਗੱਡੀ ਰੇੜ੍ਹ ਕੇ
ਫਿਸਲਣ ਦੇ ਮਜ਼ੇ ਲੁੱਟੀਏ ।
ਬਰਫ਼ ‘ਚ ਢਕਿਆ ਜਹਾਨ
ਅਦਭੁਤ ਹੈ ਲਗਦਾ ।
ਇੱਕ ਸੁਪਨ ਲੋਕ
ਦੇ ਵਾਂਗ ਹੈ ਸੱਜਦਾ ।

28/04/2013

ਗ਼ਜ਼ਲ
ਅਮਨਦੀਪ ਸਿੰਘ

ਵਿਸਾਲੇ-ਯਾਰ ਕਦੋਂ ਹੋਏਗਾ?
ਉਸਦਾ ਦੀਦਾਰ ਕਦੋਂ ਹੋਏਗਾ?
ਅੱਖੀਆਂ 'ਚੋਂ ਤਾਂ ਗੁਜ਼ਰ ਗਿਆ,
ਤੀਰ ਦਿਲ ਦੇ ਪਾਰ ਕਦੋਂ ਹੋਏਗਾ?
ਜੋ ਸੂਰਤ ਉੱਪਰ ਮਿੱਟ ਗਿਆ,
ਜਾਂ ਤੇ ਨਿਸਾਰ ਕਦੋਂ ਹੋਏਗਾ?
ਮੇਰੇ ਜੁਨੂੰ ਦਾ ਸ਼ੋਰੋਗੁਲ ਹੈ ਜੋ,
ਉਹ ਅਸਰਾਰ ਕਦੋਂ ਹੋਏਗਾ?
ਰੂਹ ਦਾ ਸੁੰਨਾ ਸੁੰਨਾ ਜੰਗਲ,
ਮੁੜ ਫਿਰ ਦਿਆਰ ਕਦੋਂ ਹੋਏਗਾ?
ਅੱਖੀਆਂ 'ਚੋਂ ਜੋ ਰਾਤ ਭਰ ਨਾ ਵਿਹਾ-
ਹੰਝੂ ਪਾਰਾਵਾਰ ਕਦੋਂ ਹੋਏਗਾ?

ਗ਼ਜ਼ਲ
ਅਮਨਦੀਪ ਸਿੰਘ

ਇਹ ਰਸਮ ਇਹ ਰਿਵਾਜ਼ ਤੋੜ ਦਿਓ!
ਦਰਿਆ ਵਗਦੇ ਹੋਏ ਮੋੜ ਦਿਓ!
ਇਸ ਦੇ ਟੁੱਟਣ ਦੀ ਨਾ ਉਡੀਕ ਕਰੋ-
ਇਹ ਤਿਲਸਮ ਖ਼ੁਦ ਹੀ ਤੋੜ ਦਿਓ!
ਦਿਲਾਂ ਵਿਚ ਇੱਕ ਨਹਿਰ ਪੁੱਟ ਕੇ-
ਸਤਲੁਜ ਅਤੇ ਝਨਾਂ ਨੂੰ ਜੋੜ ਦਿਓ!
ਸੜ ਚੁੱਕੀਆਂ ਇਹ ਧਾਰਨਾਵਾਂ-
ਗੰਦੇ ਪਾਣੀ ਨਾਲ ਰੋੜ, ਦਿਓ!

ਨਵੀਂ ਰੁਬਾਈ (ਧੀਆਂ ਦੇ ਨਾਂ)
ਅਮਨਦੀਪ ਸਿੰਘ

ਇਹ ਉਹ ਚਿਣਗ ਹੈ
ਜੋ ਕਦੇ ਭਾਂਬੜ ਬਣ ਕੇ ਜਲ ਉੱਠੇਗੀ
ਇਹ ਹੋਂਦ ਉਸ ਲੋ ਦੀ ਹੈ
ਜੋ ਕਦੇ ਚਾਨਣ ਕਰ ਉੱਠੇਗੀ !
ਪੀੜਾਂ ਦੇ ਇਸ ਮਾਰੂਥਲ 'ਚੋਂ
ਇਹ ਡਾਚੀ ਜਦ ਲੰਘ ਜਾਵੇਗਾ
ਨਖਿਲਸਤਾਨ ਦੀ ਧਰਤੀ
ਉਸਨੂੰ ਸਜਦਾ ਕਰ ਉੱਠੇਗੀ !

06/04/2013


ਲਾਡੀ ਸੁਖਜਿੰਦਰ ਕੌਰ ਭੁੱਲਰ
ਪਿੰਡ ਫ਼ਰੀਦ ਸਰਾਏ
ਤਹਿ: ਸੁਲਤਾਨਪੁਰ ਲੋਧੀ, (ਕਪੂਰਥਲਾ)
ਫੋਨ ਨੰ:- 9781191910

ਗ਼ਜ਼ਲ
‘ਪੰਜਾਬਣ ਸ਼ਿੰਗਾਰੀ’
ਲਾਡੀ ਸੁਖਜਿੰਦਰ ਕੌਰ ਭੁੱਲਰ

ਪੋਨੀ ਤੇ ਮੋਨੀ ਦੀ ਆਈ ਵਾਰੀ ।
ਰਾਮਾ! ਹੁਣ ਕਿਹਨੇ ਕੱਢਣੀ ਫੁਲਕਾਰੀ ।

ਮਿੱਟੀ ਲਾਉਂਦੀ ਪਸੀਨੇ ਭਿੱਜੀ ਜੋ,
ਹੁਣ ਉਹ ੲਤਰ ਫੁਲੇਲ ’ਚ ਮਹਿਕੇ ਸਾਰੀ।

ਸਭ ਦੇ ਝੱਟ ਦਿਲਾਂ ਨੂੰ ਮੋਹ ਲੈਂਦੀ ਸੀ,
ਉਹ ਅੱਖੀਂ ਪਾਈ ਸੁਰਮੇ ਦੀ ਧਾਰੀ ।

ਸਿੰਗ ਤਵੀਤ ਗਲ਼ੇ ਪਾ, ਸੱਗੀ ਸਿਰ ਲਾ,
ਰਹਿੰਦੀ ਸੀ ਉਹ ਪੰਜਾਬਣ ਸ਼ਿੰਗਾਰੀ ।

ਚਾਦਰ, ਝੱਗਾ , ਪੱਗ, ਕੇਸ ਸਭ ਛੱਡ ਕੇ,
ਗਜਨੀ ਕੱਟ, ਜੀਨਾਂ ਦੀ ਆਈ ਵਾਰੀ ।

ਕੰਨ, ਬੁੱਲ੍ਹ ’ਚ ਕੋਕੇ ਵਾਲਾਂ ਨੂੰ ਜੈਲੱ,
ਕਿੱਥੇ ਗਈ ਮੁੰਡਿਆਂ ਦੀ ਸਰਦਾਰੀ ?

ਪਹਿਲਾਂ ਧੀਆਂ ਜੌਬਾਂ ਨਹੀਂ ਸੀ ਕਰਦੀਆਂ,
‘ਲਾਡੀ’ ਲਾਵਣ ਅੰਬਰੀ ਅੱਜ ਉਡਾਰੀ ।

17/11/13

ਇਨਕਲਾਬ ਵਰਗਾ
ਲਾਡੀ ਸੁਖਜਿੰਦਰ ਕੌਰ ਭੁੱਲਰ

ਜ਼ਰੂਰੀ ਤਾਂ ਨਹੀਂ ਹਰ ਮੁੱਖ ਹੋਵੇ, ਖਿੜੇ ਗੁਲਾਬ ਵਰਗਾ।
ਜਿਵੇਂ ਹਰ ਸੋਚ ਵਿਚ ਹੁੰਦਾ ਨਹੀਂ ਕੁਝ ਇਨਕਲਾਬ ਵਰਗਾ।

ਕਈਆਂ ’ਤੇ ਹੈ ਮਾਣ ਕੀਤਾ ਕਈਆਂ ਨੂੰ ਸਵਾਲ ਕੀਤਾ,
ਜਵਾਬ ਕਿਤੋਂ ਨਹੀਂ ਮਿਲਿਆ ਆਪਣਿਆ ਦੇ ਜਵਾਬ ਵਰਗਾ।

ਬੜੇ ਮੰਤਰੀ ਬਣਦੇ ਨੇ, ਲਵਾਉਂਦੇ ਨਾਅਰੇ ਥਾਂ-ਥਾਂ ’ਤੇ,
ਨਹੀਂ ਸੁਣਿਆ ਕਦੇ ਕੋਈ ਹੁਣ ਨਾਅਰਾ ਇਨਕਲਾਬ ਵਰਗਾ।

ਕਹਿੰਦੇ ਸੀ ਜਿਸ ਨੂੰ ਸੋਨੇ ਦੀ ਚਿੜੀ ਹੈ ਇਹ ਪੰਜਾਬ,
ਰਿਹਾ ਨਾ ਚਿੜੀ ਹੁਣ ਲੱਗਦਾ ਹੈ ਉਜੜੇ ਇਹ ਖਾਬ ਵਰਗਾ।

ਉਂਝ ਦੋ-ਚਾਰ ਰਚਨਾਵਾਂ ਲਿਖ ਕੇ ਬਣਦੇ ਬਹੁਤ ਉਸਤਾਦ,
ਨਹੀਂ ‘ਲਾਡੀ’ ਨੂੰ ਉਸਤਾਦ ਮਿਲਣਾ ‘ਕੌਸਤੁਭ’ ਜਨਾਬ ਵਰਗਾ।

ਲਾਡੀ ਸੁਖਜਿੰਦਰ ਕੌਰ ਭੁੱਲਰ
ਫੋਨ ਨੰ:- 97811-91910
26/08/2013

ਗ਼ਜ਼ਲ
‘ਝੂਠੇ ਹਾਸੇ’
ਲਾਡੀ ਸੁਖਜਿੰਦਰ ਕੌਰ ਭੁੱਲਰ

ਨਾ ਝੂਠੇ ਹਾਸੇ ਹੱਸਿਆ ਕਰ।
ਦਿਲ ਦੀ ਗੱਲ ਵੀ ਦੱਸਿਆ ਕਰ।
ਦਿਲ ਤੈਨੂੰ ਵੇਖਣ ਨੂੰ ਬੇਤਾਬ,
ਸਾਨੂੰ ਵੇਖ ਨਾ ਨਸਿਆ ਕਰ।
ਲੰਘਿਆ ਨਾ ਕਰ ਘੂਰੀ ਵੱਟ ਕੇ,
ਤੂੰ ਖਿੜ-ਖਿੜ ਕੇ ਵੀ ਹੱਸਿਆ ਕਰ।
ਜੁਲਫ਼ ਨੂੰ ਤੂੰ ਇਹ ਸਮਝਾ ਦੇ ਖਾਂ,
ਕਿ ਨਾਗ ਵਾਂਗ ਨਾ ਡਸਿਆ ਕਰ।
ਰਹਿ ਹਰ ਵੇਲੇ ਤੂੰ ਰੰਗਾਂ ਵਿਚ,
ਭਾਵੇਂ ਦੂਰ ਸਾਥੋਂ ਵਸਿਆ ਕਰ।
ਹਾਸੇ ਰੱਖ ਛੁਪਾ ਕੇ ਭਾਵੇਂ,
ਸਭ ਦੁੱਖ ‘ਲਾਡੀ’ ਨੂੰ ਦਸਿਆ ਕਰ।

ਲਾਡੀ ਸੁਖਜਿੰਦਰ ਕੌਰ ਭੁੱਲਰ
ਫੋਨ ਨੰ:- 97811-91910
16/06/2013

 

ਗ਼ਜ਼ਲ
“ਖੀਰ ਪੂੜੇ”
ਲਾਡੀ ਸੁਖਜਿੰਦਰ ਕੌਰ ਭੁੱਲਰ

ਪੱਕਣ ਨਾ ਹੁਣ ਖੀਰ ਪੂੜੇ।
ਪੀੜ੍ਹੇ ਰਹੇ ਨ ਰਹੇ ਭੰਗੂੜੇ।
ਹਰ ਪਾਸੇ ਪਟਿਆਂ ਦਾ ਫ਼ੈਸ਼ਨ,
ਦਿਸਣੇ ਨੇ ਹੁਣ ਕਿੱਥੋਂ ਜੂੜੇ।
ਪੰਜਾਬੀ ਬੋਲਣ ਏ ਬੀ ਸੀ,
ਭੁੱਲੇ ਫਿਰਦੇ ਐੜੇ ਊੜੇ।
ਬਾਵ੍ਹਾ ਹੋਈਆਂ ਖ਼ਾਲੀ ਅੱਜ ਕਲ੍ਹ,
ਵਿੱਚ ਜਿਨ੍ਹਾਂ ਸਨ ਰਗਲੇ ਚੂੜੇ।
ਜਿਸ ਨੂੰ ਫਿਕਰ ਹੈ ਲੂਣ ਮਿਰਚ ਦਾ,
ਕਿੱਥੋਂ ਝੂਟੇ ਉਹ ਭੰਗੂੜੇ।
ਪਿਆਰ ਮੁਹੱਬਤ ਦੀ ਥਾਂ ‘ਲਾਡੀ’,
ਹਰ ਦਿਲ ਵਿੱਚ ਭਰੇ ਨੇ ਕੂੜੇ।

ਲਾਡੀ ਸੁਖਜਿੰਦਰ ਕੌਰ ਭੁੱਲਰ
ਫੋਨ ਨੰ:- 97811-91910
16/06/2013

ਗ਼ਜ਼ਲ
‘ਦਰਿੰਦਗੀ ਯੁੱਗ’

ਕੁੱਝ ਕੁਖਾਂ ਵਿੱਚ ਮੁਕਾਈਆਂ ਧੀਆਂ !
ਕੁੱਝ ਪੱਥਰ ਕਹਿ ਕੇ ਨਿਵਾਈਆਂ ਧੀਆਂ !

ਵੇਖੋ ! ਕਲਯੁਗੀ ਇਹ ਚਾਚੇ, ਤਾਏ,
ਜਿਹਨਾਂ ਮਾੜੀ ਨਜ਼ਰ ਤਕਾਈਆਂ ਧੀਆਂ !

ਹਲਕੇ ਹੋਏ ਹੋਏ ਦਰਿੰਦਿਆਂ ਨੇ,
ਕੁੱਝ ਜਿੰਦਾ ਲਾਸ਼ ਬਣਾਈਆਂ ਧੀਆਂ !

ਕੁੱਝ ਭੁੱਖੇ, ਲੋਭੀ, ਲਾਲਚੀ ਲੋਕਾਂ ,
ਦਾਜ ਦੀ ਬਲੀ ਹੈ ਚੜਾਈਆਂ ਧੀਆਂ !

‘ਲਾਡੀ ਭੁੱਲਰ’ ਇਹ ਬਹੁਤ ਬਹਾਦਰ ਨੇ,
ਜੋ ਦਰਿੰਦਗੀ ਯੁੱਗ ’ਚ ਆਈਆਂ ਧੀਆਂ !

02/06/2013

ਗ਼ਜ਼ਲ
‘ਕਾਗ਼ਜ਼ੀ ਫੁੱਲਾਂ ’ਚ ’
ਲਾਡੀ ਸੁਖਜਿੰਦਰ ਕੌਰ ਭੁੱਲਰ

ਹੱਥ ਲਹੂ ਵਿਚ ਰੰਗੇ ਨੇ ।
ਬਣਦ ੇ ਚੰਗੇ-ਚੰਗੇ ਨੇ ।
ਰੱਬ ਦੇ ਵੀ ਹੰਝੂ ਡਿੱਗੇ,
ਬੇਗੁਨਾਹ ਜਦੋਂ ਟੰਗੇ ਨੇ ।
ਕਾਗ਼ਜ਼ੀ ਫੁੱਲਾਂ ’ਚ ਖ਼ੁਸ਼ਬੂ ਨਾ,
ਭਾਵੇਂ ਰੰਗ ਬਰੰਗੇ ਨੇ ।
ਪਾਗ਼ਲ ਹੋਏ ਫਿਰਦੇ ਨੇ ,
ਜ਼ੁਲਫ਼ਾਂ ਦੇ ਜੋ ਡੰਗੇ ਨੇ ।
ਜੋ ਉਲਫ਼ਤ ਦੀ ਰਾਹ ਤੁਰੇ,
ਪੀੜਾਂ ’ਚ ਉਹ ਟੰਗੇ ਨੇ ।
ਵੇਖ ਲਿਆ ਹੈ ਦਿਲ ਲਾ ਕੇ,
ਇਸ ਰਾਹ ’ਚ ਬੜੇ ਪੰਗੇ ਨੇ ।
ਹੁਣ ਦਿਨ ਉਹਨਾਂ ਦੇ ਥੋੜੇ ,
ਪਾਪ ਜਿਨ੍ਹਾਂ ਦੇ ਨੰਗੇ ਨੇ ।
‘ਲਾਡੀ’ ਲੱਥ ਨਾ ਸਕਣ ਜਿੱਥੋਂ,
ਐਸੀ ਸੂਲ਼ੀ ਟੰਗੇ ਨੇ ।

22/05/2013
ਲਾਡੀ ਸੁਖਜਿੰਦਰ ਕੌਰ ਭੁੱਲਰ, ਪਿੰਡ ਫ਼ਰੀਦ ਸਰਾਏ
ਤਹਿ: ਸੁਲਤਾਨਪੁਰ ਲੋਧੀ, (ਕਪੂਰਥਲਾ)
ਫੋਨ ਨੰ:- 9781191910

ਗ਼ਜ਼ਲ
‘ਮਤਲਬ ਖ਼ਾਤਰ’
ਲਾਡੀ ਸੁਖਜਿੰਦਰ ਕੌਰ ਭੁੱਲਰ

ਦਿਲ ਦਾ ਖ਼ੂਨ ਵਹਾਉਣ ਨੂੰ ਕਿਸ ਦਾ ਜੀਅ ਕਰਦਾ ।
ਪਾਗਲ ਜਿਹਾ ਕਹਾਉਣ ਨੂੰ ਕਿਸ ਦਾ ਜੀਅ ਕਰਦਾ ।

ਉਲਫ਼ਤ ਖ਼ਾਤਰ ਪੱਟ ਚੀਰਿਆ ਮਹੀਵਾਲ ਨੇ,
ਆਪਣਾ ਤਨ ਪੜਾਉਣ ਨੂੰ ਕਿਸ ਦਾ ਜੀਅ ਕਰਦਾ ।

ਲਵਾਉਣੀ ਪੈਂਦੀ ਏ ਇਹ ਇੱਕ ਮਲ੍ਹਮ ਜਿਹੀ,
ਨਹੀਂ ਤਾਂ ਜ਼ਖ਼ਮ ਦਖਾਉਣ ਨੂੰ ਕਿਸ ਦਾ ਜੀਅ ਕਰਦਾ।

ਇੱਜ਼ਤ, ਦਾਜ, ਮਾੜੀ ਨੀਤੋਂ ਡਰਦੇ ਨੇ ਲੋਕੀਂ ,
ਕਤਲ ਕੁੱਖ ਕਰਾਉਣ ਨੂੰ ਕਿਸ ਦਾ ਜੀਅ ਕਰਦਾ ।

ਮਤਲਬ ਖ਼ਾਤਰ ਤੈਨੂੰ ਕੋਈ ਮਿਲਣ ਆਏ,
ਐਵੇਂ ਸਮਾਂ ਗਵਾਉਣ ਨੂੰ ਕਿਸ ਦਾ ਜੀਅ ਕਰਦਾ ।

ਇਹ ਮਿਟੇ ਹੋਏ ਲੇਖਾਂ ਦਾ ਹੀ ਮੈਂ ਅੱਖਰ ਹਾਂ ,
ਲੇਖ ਸੜੇ ਅਖਵਾਉਣ ਨੂੰ ਕਿਸ ਦਾ ਜੀਅ ਕਰਦਾ ।

ਜੇ ਕੋਟ ’ਚ ਕੇਸ ਲੜੇ ਬਿਨ ਬਾਲੋ ਮਿਲ ਜਾਂਦੀ,
ਮਾਹੀ ਟੱਪੇ ਗਾਉਣ ਨੂੰ ਕਿਸ ਦਾ ਜੀਅ ਕਰਦਾ ।

ਕਤਲ ਹੋਈਆਂ ਖ਼ਾਹਸ਼ਾਂ ਦੀ ਲਾਸ਼ ਹੈ ‘ਲਾਡੀ’,
ਆਪਾ ਕਤਲ ਕਰਾਉਣ ਨੂੰ ਕਿਸ ਦਾ ਜੀਅ ਕਰਦਾ ।

ਲਾਡੀ ਸੁਖਜਿੰਦਰ ਕੌਰ ਭੁੱਲਰ,
ਫੋਨ ਨੰ:-9781191910

‘ਗ਼ਜ਼ਲ’ ਸੱਟ
ਲਾਡੀ ਸੁਖਜਿੰਦਰ ਕੌਰ ਭੁੱਲਰ, ਪਿੰਡ ਫ਼ਰੀਦ ਸਰਾਏ

ਦਿੱਲੀ ’ਚ ਘਟਨਾ ਘਟੀ ਹੈ ਭਾਰੀ ।
ਬਹਾਦਰ ਧੀ ਦਰਿੰਦਿਆਂ ਹੱਥੋਂ ਹਾਰੀ ।
ਜਿੰਦ ਕੁੜੀ ਦੀ ਤੜਫਾ ਦਰਿੰਦਿਆਂ ਨੇ,
ਜਣਨੀ ਮਾਂ ਦੀ ਕੁੱਖ ’ਤੇ ਸੱਟ ਹੈ ਮਾਰੀ ।
ਉਸ ਧੀ ਨੂੰ ਮਿਲਦਾ ਇਨਸਾਫ ਕਿੱਦਾ,
ਜਦ ਮੁਨਸਿਫ ਹੀ ਬਣਗੇ ਨੇ ਵਪਾਰੀ ।
ਦਰਿੰਦਿਆਂ ਨੂੰ ਫ਼ਾਂਸੀ ਦੀ ਲੋੜ ਨਹੀਂ,
ਉਸ ਵੇਲੇ ਹੀ ਗੋਲ਼ੀ ਜਾਂਦੀ ਮਾਰੀ ।
‘ਲਾਡੀ’ ਨਾ ਕਿਸੇ ’ਤੇ ਹੁਣ ਕਰੀ ਭਰੋਸਾ,
ਇੱਥੇ ਹਰ ਬੰਦਾ ਬਣਿਆ ਹੈ ਸ਼ਿਕਾਰੀ ।

11/04/2013
ਲਾਡੀ ਸੁਖਜਿੰਦਰ ਕੌਰ ਭੁੱਲਰ, ਪਿੰਡ ਫ਼ਰੀਦ ਸਰਾਏ
ਤਹਿ: ਸੁਲਤਾਨਪੁਰ ਲੋਧੀ (ਕਪੂਰਥਲਾ)
ਫੋਨ ਨੰ:-9781191910

 

 

‘ਹੰਝੂ ਵੀ ਕੁਰਲਾਏ’
ਲਾਡੀ ਸੁਖਜਿੰਦਰ ਕੌਰ ਭੁੱਲਰ, ਪਿੰਡ ਫ਼ਰੀਦ ਸਰਾਏ

ਅੱਖੀਆਂ ਰੋਂਈਆਂ ਹੰਝੂ ਆਏ ।
ਪਰ ਅੱਜ ਵੇਖੇ ਹੰਝੂ ਵੀ ਕੁਰਲਾਏ ।

ਪੀੜਾਂ ਵਿਝਿਆ ਮੇਰਾ ਜਿਸਮ ਵੇਖ ਕੇ,
ਬੱਚਿਆਂ ਤੱਕ ਸਭ ਦੇ ਸਭ ਘਬਰਾਏ ।

ਮੱਛੀ ਵਾਂਗਰ ਜਿੰਦ ਤੜਫ਼ਾ-ਤੜਫ਼ਾ ਕੇ,
ਹਲਕੇ ਦਰਿੰਦਿਆਂ ਨੇ ਜਸ਼ਨ ਮਨਾਏ ।

ਕਲੀਆਂ ਦੇ ਸਨ ਕਿੱਡੇ-ਕਿੱਡੇ ਸੁਪਨੇ,
ਕੜਮੇ ਮਾਲੀ ਨੇ ਚੁੱਕ ਰਾਖ ਬਣਾਏ ।

ਜੋ ਧੀਆਂ ਜ਼ਿੰਦਾ ਲਾਸ਼ ਨੇ ਬਣੀਆਂ,
ਸਾਰੇ ਇਹ ਪੁਆੜੇ ਸਰਕਾਰ ਦੇ ਪਾਏ।

ਜੋ ਰਾਕਸ਼ ਹੱਥ ਧੀਆਂ ਨੂੰ ਪਾਵਣ,
ਫਿਰ ਸਰਕਾਰ ਇਨ੍ਹਾਂ ਨੂੰ ਲਾਵੇ ਫਾਏ।

ਰੱਬਾ! ਕੋਈ ਐਸਾ ਭੇਜ ਧਰਤੀ ’ਤੇ,
ਜੋ ਦਰਿੰਦਿਆਂ ਨੂੰ ਹੁਣ ਸਬਕ ਸਿਖਾਏ।

ਦਿੱਲੀ ’ਚ ਕਹਿਰ ਦਾ ਝੱਖੜ ਝੁਲਿਆ,
ਰੱਬਾ! ਫੇਰ ਕਦੇ ਇਹ ਮੁੜ ਨਾ ਆਏ।

ਰੱਬਾ! ਇਹ ਬੇਕਦਰੇ ਲੋਕਾਂ ਉੱਤੇ,
ਮੈਨੂੰ ਭੋਰਾ ਹੁਣ ਇਤਬਾਰ ਨ ਆਏ।

ਜਿੰਨੇ ਮਰਜ਼ੀ ਰੋਣੇ ਰੋ ਲੈ ‘ਲਾਡੀ’,
ਅੱਜ ਕੋਈ ਮਾੜੇ ਦੀ ਬਾਤ ਨਾ ਪਾਏ।

03/04/2013
ਲਾਡੀ ਸੁਖਜਿੰਦਰ ਕੌਰ ਭੁੱਲਰ, ਪਿੰਡ ਫ਼ਰੀਦ ਸਰਾਏ
ਤਹਿ: ਸੁਲਤਾਨਪੁਰ ਲੋਧੀ (ਕਪੂਰਥਲਾ)
ਫੋਨ ਨੰ:-9781191910

ਗ਼ਜ਼ਲ
ਸੁਖਜਿੰਦਰ ਕੌਰ ਭੁੱਲਰ, ਕਪੂਰਥਲਾ
ਕਿੱਥੋਂ ਆਉਣ ਕੰਜਕਾਂ  ਕੁਆਰੀਆਂ !
ਜੱਗ ’ਚ ਆਉਣ ਤੋਂ ਪਹਿਲਾਂ ਮਾਰੀਆਂ ! 
ਮਾਂ ਦੇ ਕਿਹੜੇ ਮੰਦਿਰ ਹੁਣ ਜਾਈਏ ,
ਧੱਕੇ  ਮਾਰੇ  ਸਾਨੂੰ ਨੇ  ਪੁਜਾਰੀਆਂ ! 
ਪੈਸੇ ਲਈ ਸੌਦੇ ਹੋਣ ਸ਼ਰੀਰਾਂ ਦੇ ,
ਥਾਂ-ਥਾਂ ਖੋਲ੍ਹੇ ਨੇ ਹੱਟ  ਵਪਾਰੀਆਂ ! 
ਹਰ ਖੇਤਰ ਵਿੱਚ ਅਸੀਂ ਨਾਂ ਚਮਕਾਏ ,
ਲਾਈਆਂ ਵਿੱਚ ਹੈ ਅਰਸ਼ ਉਡਾਰੀਆਂ ! 
ਇੱਕ ਵਾਰ ਜੱਗ ਵਿਖਾ ਮਾਂ ਮੇਰੀਏ ,
ਕਾਹਤੋਂ ਤੈਂ ਹਿੰਮਤਾਂ  ਨੇ ਹਾਰੀਆਂ ! 
ਜਾਨ ਵੀ ਵਾਰ ਦੇਣੀ ਸੀ “ਲਾਡੀ” ਨੇ ,
ਦਿੰਦਾ ਕੋਈ ਖੁਸ਼ੀਆਂ  ਉਧਾਰੀਆਂ !
24/03/13
ਲਾਡੀ ਸੁਖਜਿੰਦਰ ਕੌਰ ਭੁੱਲਰ, ਪਿੰਡ ਫ਼ਰੀਦ ਸਰਾਏ
ਤਹਿ: ਸੁਲਤਾਨਪੁਰ ਲੋਧੀ, ਕਪੂਰਥਲਾ
ਫੋਨ ਨੰ:-97811 91910

ਇੰਦਰਜੀਤ ਪੁਰੇਵਾਲ, ਨਿਊਯਾਰਕ

 

ਜਿਊਂਦੇ ਜੀਅ
ਇੰਦਰਜੀਤ ਪੁਰੇਵਾਲ, ਨਿਊਯਾਰਕ

ਮਾਂ ਨੂੰ ਮਦਰ ਡੇਅ ਤੇ
ਪਿਓ ਨੂੰ ਫਾਦਰ ਡੇਅ ਤੇ
ਯਾਦ ਕਰਨ ਵਾਲੇ ਲੋਕਾਂ ਦੇ
ਦੇਸ਼ ਵਿਚ ਰਹਿੰਦਾ ਹਾਂ ਮੈਂ
ਜਦ ਨਵਾਂ ਨਵਾਂ ਆਇਆ
ਤਾਂ ਸੁਣ ਹੈਰਾਨ ਹੋਇਆ
ਸ਼ਾਵਾ ! ਇਹੋ ਜਿਹੀ ਔਲਾਦ ਦੇ
ਜੋ ਜਵਾਨੀ ਦੀ ਦਹਿਲੀਜ਼ ਟੱਪਦੇ ਹੀ
ਹੋ ਜਾਂਦੀ ਉਡਾਰੂ ਤੇ ਬਣਾ ਲੈਂਦੀ
ਖੁਦ ਆਪਣਾ ਨਵਾਂ ਆਲ੍ਹਣਾ
ਸਾਲ ਬਾਦ ਘਰ ਫੇਰਾ ਪਾਂਦੇ
ਕਈ ਤਾਂ ਉਹ ਵੀ ਨਾ
ਫੋਨ ਤੇ ਹੀ ਸਾਰ ਲੈਂਦੇ
ਲ਼ਾਹਣਤ ਇਹੋ ਜਿਹੇ ਸਮਾਜ ਤੇ
ਇਹੋ ਜਿਹੀ ਔਲਾਦ ਤੇ

ਆਪਣੇ ਆਪ ਤੇ
ਆਪਣੇ ਸਮਾਜ ਤੇ
ਮਾਣ ਮਹਿਸੂਸ ਕਰਦਾ
ਨਿਰੰਤਰ ਵਹਿੰਦਾ ਰਿਹਾ
ਸਮੇਂ ਦਾ ਦਰਿਆ
ਇੱਕ, ਦੋ ਤਿੰਨ, ਚਾਰ..ਨਹੀਂ
ਸੀਤਾ ਦੇ ਬਨਵਾਸ ਤੋਂ ਵੀ
ਵੱਧ ਸਮਾਂ ਰੋੜ੍ਹ ਕੇ ਲੈ ਗਿਆ
ਸਮੇਂ ਦੇ ਝੱਖੜਾਂ ਨੇ
ਪਹਿਲਾਂ ਪਿਓ ਖੋਹਿਆ
ਫਿਰ ਵੱਡਾ ਭਰਾ
ਤੇ ਕਈ ਸੱਜਣ ਬੇਲੀ

ਨਦੀ ਕਿਨਾਰੇ ਰੁੱਖੜਾ
ਬਣੀ ਬੈਠੀ ਮਾਂ
ਜਦੋਂ ਵੀ ਫੋਨ ਕਰਦੀ
ਤਾਂ ਮੈਥੋਂ ਉਹਦੇ ਹਟਕੋਰੇ
ਸੁਣੇ ਨਾ ਜਾਂਦੇ
ਉਸ ਨੂੰ ਢਾਰਸ ਬਨ੍ਹਾਉਂਦਾ
ਖੁਦ ਡੋਲ ਜਾਂਦਾ
ਮਾਂ ਆਖਦੀ ਪੁੱਤ
ਇਕ ਵਾਰੀ ਜਿਂਊਦੇ ਜੀਅ..
ਮੇਰਾ ਸਾਹ ਸੂਤਿਆ ਜਾਂਦਾ
ਬੋਲ ਹਲਕ 'ਚ ਅਟਕ ਜਾਂਦਾ
ਫੋਨ ਕੱਟ ਦੇਂਦਾ--
ਮੈਂ ਅਭਾਗਾ ਤਾਂ
ਮਦਰ ਡੇਅ ਜਾਂ ਫਾਦਰ ਡੇਅ
ਤੇ ਵੀ ਨਾ ਜਾ ਸਕਦਾ
ਕਨੂੰਨੀ ਅੜਚਣਾਂ ਦੀਆਂ
ਬੇੜੀਆਂ ਪੈਰੀਂ ਪਾਈ
ਪਤਾ ਨਹੀਂ ਸ਼ਾਇਦ
ਅਜੇ ਇਕ ਬਨਵਾਸ
ਹੋਰ ਕੱਟਣਾ ਪਵੇ
ਕੁਝ ਨਹੀਂ ਕਹਿ ਸਕਦਾ
ਪਰ ਹੁਣ ਮੈਂ
ਇਸ ਧਰਤੀ ਦੇ
ਲੋਕਾਂ ਨੂੰ ਨਹੀਂ ਕੋਸਦਾ
ਨਾ ਹੀ ਇਸ ਸਮਾਜ ਨੂੰ
ਇਹ ਲੋਕ ਤਾਂ ਮੇਰੇ ਤੋਂ
ਕਈ ਗੁਣਾ ਚੰਗੇ ਨੇ
ਜਿਂਊਦੇ ਜੀਅ ਮਾਂ ਪਿਓ
ਨੂੰ ਤਾਂ ਮਿਲਦੇ ਨੇ
ਭਾਂਵੇ ਸਾਲ ਵਿਚ
ਇੱਕ ਵਾਰ ਹੀ ਸਹੀ

12/05/2013

ਬੰਦੇ ਦੀ ਜਾਤ
ਇੰਦਰਜੀਤ ਪੁਰੇਵਾਲ, ਨਿਊਯਾਰਕ

ਨਾ ਮੈਂ ਪੰਛੀ ਨਾ ਮੈਂ ਜਾਨਵਰ, ਮੈਂ ਬੰਦੇ ਦੀ ਜਾਤ ਵੇ ਲੋਕੋ।
ਪਰ ਮੇਰੇ ਕੰਮ ਪਾ ਦੇਂਦੇ ਨੇ ਪਸ਼ੂਆਂ ਨੂੰ ਵੀ ਮਾਤ ਵੇ ਲੋਕੋ।

... ਸ਼ਕਲ ਮੋਮਨਾਂ ਵਰਗੀ ਮੇਰੀ, ਭੋਲੀ-ਭਾਲੀ ਸੋਹਣੀ ਸੂਰਤ,
ਪਾਪੀ, ਢੌਂਗੀ ਅਤੇ ਫਰੇਬੀ, ਇਹ ਮੇਰੀ ਔਕਾਤ ਵੇ ਲੋਕੋ।

ਹੇਰਾਫੇਰੀ ਠੱਗੀਠੋਰੀ ਬੇਈਮਾਨੀ ਮੇਰੇ ਹੱਡੀਂ ਰਚ ਗਈ,
ਕਿਸੇ ਵੇਲੇ ਨਾ ਭਲੀ ਗੁਜ਼ਾਰਾਂ, ਦਿਨ ਹੋਵੇ ਜਾਂ ਰਾਤ ਵੇ ਲੋਕੋ।

ਝੂਠ ਬੋਲ ਕੇ ਸਰਦਾ ਜਾਵੇ, ਸੱਚ ਬੋਲਣ ਦੀ ਲੋੜ ਕੀ ਮੈਨੂੰ,
ਗੁੜਤੀ ਦੇ ਵਿਚ ਮਿਲਿਆ ਮੈਨੂੰ, ਕਿੱਦਾਂ ਕਰਨਾ ਘਾਤ ਵੇ ਲੋਕੋ।

ਮੈਂ ਸਿਆਣਾ ਸਬ ਤੋਂ ਵਧ ਕੇ, ਸਾਰੀ ਦੁਨੀਆ ਮੂਰਖ ਜਾਪੇ,
ਆਪਣੇ ਅੰਦਰ ਕਦੀ ਨਾ ਮਾਰੀ, ਇੱਕ ਵਾਰੀ ਵੀ ਝਾਤ ਵੇ ਲੋਕੋ।

ਧਰਮ ਦੀ ਚਾਦਰ ਉੱਤੇ ਲੈ ਕੇ, ਰੱਬ ਨੂੰ ਧੋਖਾ ਦੇ ਲੈਨਾਂ ਵਾਂ,
ਭੋਲਾ ਰੱਬ ਕੀ ਜਾਣੇ-ਬੁੱਝੇ, ਇਹ ਮੇਰੀ ਕਰਾਮਾਤ ਵੇ ਲੋਕੋ।

ਕਿਹੜੇ ਮੂੰਹ ਨਾਲ ਉਸ ਰੱਬ ਦਾ ਮੈਂ, ਕਰਾਂ ਦੱਸੋ ਸ਼ੁਕਰਾਨਾ ਯਾਰੋ,
ਸਬ ਤੋਂ ਉਤੱਮ ਮੈਨੂੰ ਬਖਸ਼ੀ, ਹਉਮੇ ਵਾਲੀ ਦਾਤ ਵੇ ਲੋਕੋ।

ਹੱਥ ਜੋੜ ਕੇ ਕਰਾਂ ਬੇਨਤੀ, ਬਣ ਸਕਦੇ ਤੇ ਬੰਦੇ ਬਣ ਜਾਓ,
ਵਾਰ-ਵਾਰ ਨਹੀਂ ਆਉਣਾ ਜੱਗ ਤੇ, ਸਾਂਭੋ ਮਿਲੀ ਸੌਗਾਤ ਵੇ ਲੋਕੋ।

12/04/13
ਇੰਦਰਜੀਤ ਸਿੰਘ ਪੁਰੇਵਾਲ
1-845-702-1886

ਗੀਤ
'ਸਿਹਰਿਆਂ ਨਾਲ ਵਿਆਹ'
ਇੰਦਰਜੀਤ ਪੁਰੇਵਾਲ, ਨਿਊਯਾਰਕ

ਮੈਂ ਦੁਨੀਆਂ ਕੋਲੋਂ ਡਰਦੀ ਨਾ,
ਤੈਨੂੰ ਝੂਠੀ ਹਾਮੀ ਭਰਦੀ ਨਾ,
ਉਂਝ ਨਾਂਹ ਚੰਦਰਿਆ ਕਰਦੀ ਨਾ,
ਜਦ ਮਰਜ਼ੀ ਜਾਂਵੀ ਆ ਮੁੰਡਿਆ।
ਮੈਂ ਘਰੋਂ ਨਹੀਂ ਜਾਣਾ ਨੱਸ ਕੇ,
ਮੈਨੂੰ ਸਿਹਰਿਆਂ ਨਾਲ ਵਿਆਹ ਮੁੰਡਿਆ।

ਮੈਨੂੰ ਖਿਆਲ ਬਾਪੂ ਦੀ ਪੱਗ ਦਾ ਵੇ,
ਉਲਾਂਭਾ ਨਹੀਂ ਲੈਣਾ ਜੱਗ ਦਾ ਵੇ,
ਇਹ ਕੰਮ ਨਾ ਚੰਗਾ ਲੱਗਦਾ ਵੇ,
ਇੱਜ਼ਤ ਨਹੀਂ ਲਾਉਣੀ ਦਾਅ ਮੁੰਡਿਆ,
ਮੈਂ ਘਰੋਂ ਨਹੀਂ ਜਾਣਾ....................।

ਇਹ ਗੱਲ ਸਰਾ-ਸਰ ਝੂਠੀ ਵੇ,
ਏਦਾਂ ਨਹੀਂ ਪਾਉਣੀ 'ਗੂਠੀ ਵੇ,
ਲੈ ਕੇ ਗਿਰੀ ਛਵਾਰੇ ਠੂਠੀ ਵੇ,
ਮੇਰੇ ਸ਼ਗਨ ਝੋਲੀ ਵਿਚ ਪਾ ਮੁੰਡਿਆ।
ਮੈਂ ਘਰੋਂ ਨਹੀਂ ਜਾਣਾ.................।

ਜੇ ਜ਼ਿੰਦਗ਼ੀ ਦਾ ਮਜ਼ਾ ਲੈਣਾ ਵੇ,
ਮੰਨ 'ਪੁਰੇਵਾਲ' ਦਾ ਕਹਿਣਾ ਵੇ,
ਸਿੱਧੇ ਰਾਹੇ ਜਾਣਾ ਪੈਣਾ ਵੇ,
ਨਾ ਪੁੱਠੇ ਪਾਸੇ ਜਾ ਮੁੰਡਿਆ।
ਮੈਂ ਘਰੋਂ ਨਹੀਂ ਜਾਣਾ ਨੱਸ ਕੇ,
ਮੈਨੂੰ ਸਿਹਰਿਆਂ ਨਾਲ ਵਿਆਹ ਮੁੰਡਿਆ।

੦੨/੦੪/੨੦੧੩
ਇੰਦਰਜੀਤ ਪੁਰੇਵਾਲ, ਨਿਊਯਾਰਕ
ਬੇਤਾਰ: ੧-੮੪੫-੭੦੨-੧੮੮੬


ਰਾਜਿੰਦਰ ਜਿੰਦ, ਨਿਊਯਾਰਕ
ਗਜ਼ਲ
ਰਾਜਿੰਦਰ ਜਿੰਦ,ਨਿਊਯਾਰਕ

ਖੁਸ਼ਬੂ ਵੰਡਦੇ ਲੋਕਾਂ ਨੂੰ ਅਪਮਾਨ ਮਿਲੇ।
ਚੁੱਭਦੇ ਹੋਏ ਕੰਡਿਆਂ ਨੂੰ ਸਨਮਾਨ ਮਿਲੇ।

ਤੱਤੀਆਂ-ਤੱਤੀਆਂ ਛਾਂਵਾਂ ,ਧੁੱਪਾਂ ਠਰੀਆਂ ਨੇ,
ਬਾਗ ਵੀ ਉਸਨੂੰ ਉੱਜੜੇ 'ਤੇ ਵੀਰਾਨ ਮਿਲੇ।

ਝੂਠੇ ਨੂੰ ਇਹ ਲੋਕ ਸਿੰਘਾਸਨ ਦੇਂਦੇ ਨੇ,
ਸੱਚ ਬੋਲਦੇ ਝੱਲਿਆਂ ਨੂੰ ਸ਼ਮਸ਼ਾਨ ਮਿਲੇ।

ਮਨ ਦਾ ਸੇਕ ਤਾਂ ਫਿਰ ਵੀ ਸੀਤਲ ਹੋਇਆ ਨਾ,
ਬੇਸ਼ੱਕ ਮੈਨੂੰ ਕਿੰਨੇ ਹੀ ਭਗਵਾਨ ਮਿਲੇ।

ਬਾਗ ਲਾਉਣ ਦੀਆਂ ਸੋਚਾਂ ਲੈ ਕੇ ਤੁਰਿਆ ਸੀ,
ਪੈਰ-ਪੈਰ ਤੇ ਜਿਸ ਨੂੰ ਬੀਆਬਾਨ ਮਿਲੇ।

ਹਾਲ ਅਸਾਂ ਦਾ ਪੁੱਛਣ ਆਏ ਰੋ ਪਏ ਉਹ,
ਦਰਦਾਂ ਦੇ ਕੁਝ ਐਸੇ ਵੀ ਵਰਦਾਨ ਮਿਲੇ।

ਮਲ੍ਹਮ ਲਾਉਦਿਆਂ ਜ਼ਖਮ ਜਿੰਨਾ ਤੋਂ ਛਿੱਲੇ ਗਏ,
ਜੀਵਣ ਵਿਚ ਕੁਝ ਐਸੇ ਵੀ ਅਣਜਾਨ ਮਿਲੇ।

ਮਾਰ ਕੇ ਵੀ ਉਹ ਮੈਨੂੰ ਸ਼ਾਇਦ ਚਾਹੁੰਦਾ ਸੀ,
ਉਸ ਦੇ ਘਰ ਚੋਂ ਕੁਝ ਐਸੇ ਪ੍ਰਮਾਣ ਮਿਲੇ।

ਸਾਰੀ ਉਮਰ ਹੀ ਥਾਂ ਨਾ ਲੱਭੀ ਬੈਠਣ ਲਈ,
'ਜਿੰਦ' ਚੰਦਰੇ ਨੂੰ ਧਰਤੀ ਨਾ ਅਸਮਾਨ ਮਿਲੇ।
.......
੧-੯੧੭-੭੭੬-੯੯੫੬

17/06/2013


ਹਰਦਮ ਸਿੰਘ ਮਾਨ

 

ਗ਼ਜ਼ਲ
ਹਰਦਮ ਸਿੰਘ ਮਾਨ

ਆਪਣੇ ਘਰ ਦੀ ਪਤਝੜ ਏਦਾਂ ਦੂਰ ਭਜਾਵਾਂ ਮੈਂ।
ਮਨ ਦੇ ਵਿਹੜੇ ਨਿੱਤ ਨਵੇਂ ਕੁੱਝ ਫੁੱਲ ਸਜਾਵਾਂ ਮੈਂ।

ਰੋਜ਼ ਸਵੇਰੇ ਵੇਖਾਂ ਉੱਗੇ, ਦਸ ਸਿਰ ਹੋਰ ਨਵੇਂ
ਆਪਣੇ ਮਨ ਦਾ ਰਾਵਣ ਸ਼ਾਮੀਂ ਰੋਜ਼ ਜਲਾਵਾਂ ਮੈਂ।

ਤਨ-ਧਰਤੀ ਦਾ ਕੋਨਾ ਕੋਨਾ ਪਲ ਵਿਚ ਗਾਹ ਲਵਾਂ
ਮਨ-ਅੰਬਰ ਦੀ ਪਰਕਰਮਾ ਦੀ ਥਾਹ ਨਾ ਪਾਵਾਂ ਮੈਂ।

ਉਸ ਪੱਥਰ ਦਾ ਮਨ ਵੀ ਸ਼ਾਇਦ ਕਦੇ ਤਾਂ ਪਿਘਲ ਪਵੇ
ਸ਼ਾਮ ਸਵੇਰੇ ਕਿੰਨੇ ਹੀ ਫੁੱਲ ਬਲੀ ਚੜਾਵਾਂ ਮੈਂ।

ਭਟਕੇ ਸੁਪਨੇ ਜਿੱਥੇ ਬਹਿ ਕੇ ਕੁਝ ਪਲ ਕਰਨ ਆਰਾਮ
ਮਨ ਦੀ ਦੁਨੀਆਂ ਅੰਦਰ ਲੱਭਾਂ ਉਹ ਸਿਰਨਾਵਾਂ ਮੈਂ।

ਸ਼ੀਸ਼ਾ ਮੈਨੂੰ 'ਮੁਜਰਿਮ ਮੁਜਰਿਮ' ਆਖੇ ਅਕਸਰ 'ਮਾਨ'
ਨੇਰੇ ਦੀ ਸੱਥ ਅੰਦਰ ਬਹਿ ਕੇ 'ਜੱਜ' ਕਹਾਵਾਂ ਮੈਂ।

ਇਨਸਾਨਾਂ ਦੀ ਖੁਸ਼ਬੂ ਲੱਭਦੈ ਇਸ ਨਗਰੀ ਚੋਂ 'ਮਾਨ'
ਬੱਚਿਆਂ ਵਰਗੇ ਭੋਲੇ ਮਨ ਨੂੰ ਕਿੰਜ ਸਮਝਾਵਾਂ ਮੈਂ।

31/01/2014

 

 

ਸਮੇਂ ਦੀ ਅੱਖ
ਹਰਦਮ ਸਿੰਘ ਮਾਨ

ਪੱਥਰਾਂ ਦੇ ਨਾਲ ਬੋਝੇ ਹਰ ਸਮੇਂ ਭਰਦੇ ਨੇ ਲੋਕ।
ਉਂਜ ਕਲੋਲਾਂ ਸ਼ੀਸ਼ਿਆਂ ਦੇ ਨਾਲ ਵੀ ਕਰਦੇ ਨੇ ਲੋਕ।

ਗ਼ੈਰ ਜੇ ਹੌਕਾ ਭਰੇ ਤਾਂ ਉਹ ਵੀ ਲਗਦਾ ਜੁਰਮ ਹੈ
ਖ਼ੁਦ ਗੁਨਾਹ ਕਰਕੇ ਹਜਾਰਾਂ ਪਾਂਵਦੇ ਪਰਦੇ ਨੇ ਲੋਕ।

ਹੰਝੂਆਂ ਦਾ ਖਾਰਾ ਸਾਗਰ ਭੋਰਾ ਵੀ ਨਾ ਛਲਕਦਾ
ਹਾਸਿਆਂ ਨੂੰ ਬੁੱਲ੍ਹਾਂ ਤੇ ਇਉਂ ਬੋਚ ਕੇ ਧਰਦੇ ਨੇ ਲੋਕ।

ਛਾਂਗਦੇ ਛਾਂਵਾਂ ਸੀ ਜਦ ਉਹ, ਰੁੱਖ ਨੂੰ ਪੁੱਛਿਆ ਕਿਸੇ
ਰੁੱਖ ਨੇ ਹੱਸ ਕੇ ਕਿਹਾ ਕਿ ਆਪਣੇ ਘਰ ਦੇ ਨੇ ਲੋਕ।

ਮੋਹ-ਮੁਹੱਬਤ, ਪਿਆਰ, ਚਾਹਤ ਇਹ ਤਾਂ ਰਸਮਾਂ ਨੇ ਜਨਾਬ!
ਰਿਸ਼ਤਿਆਂ ਤੋਂ ਚੋਰੀ ਚੋਰੀ ਗੱਲਾਂ ਇਉਂ ਕਰਦੇ ਨੇ ਲੋਕ।

ਮਾਨ ਤੇਰੇ ਸ਼ਹਿਰ ਦਾ ਦਸਤੂਰ ਹੀ ਇਹ ਬਣ ਗਿਆ
ਊਣਿਆਂ ਨੂੰ ਹੋਰ ਊਣਾ, ਭਰਿਆਂ ਨੂੰ ਭਰਦੇ ਨੇ ਲੋਕ।

ਹਰਦਮ ਸਿੰਘ ਮਾਨ
maanhardam@gmail.com


ਜਸਵਿੰਦਰ ਸਿੰਘ “ਰੁਪਾਲ”, ਲੁਧਿਆਣਾ

ਗ਼ਜ਼ਲ
ਜਸਵਿੰਦਰ ਸਿੰਘ ‘ਰੁਪਾਲ’

ਮੇਰੇ ਅਤੀਤ ਨੇ ਵੀ ਤਾਂ ,ਕਦੇ ਵਾਪਸ ਨਹੀਂ ਆਉਣਾ ।
ਪੁਰਾਣੀ ਰੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

ਕਿਸੇ ਗੂੜ੍ਹੇ ਨਸ਼ੇ ਅੰਦਰ, ਮੈਂ ਜਿਸ ਨੂੰ ਸਮਝਿਆ ਜਾਲਮ,
ਮੇਰੇ ਉਸ ਮੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

ਕਿ ਹੁਣ ਤਾਂ ਯਾਦ ਜਿਸ ਦੀ ਦਾ ਹੈ ਬੱਸ ਇੱਕ ਟਿਮਕਣਾ ਬਾਕੀ,
ਓਹ ਭੋਲੀ ਪ੍ਰੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

ਕੇਹੀ ਓਹ ਰੁੱਤ ਆਈ ਸੀ,ਘਟਾ ਅੰਬਰ ਤੇ ਛਾਈ ਸੀ,
ਹਵਾ ਉਸ ਸੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

ਜਦੋਂ ਹੋਵਾਂ ਮੈਂ ਸ਼ੀਸ਼ੇ ਸਾਹਮਣੇ,ਲੱਭਦੀ ਸ਼ਰਾਫ਼ਤ ਹੀ,
ਹੜ੍ਹੀ ਹੋਈ ਨੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

ਗੀਤ ਅੱਜ ਲੱਖ ਗਾ ਤੂੰ,ਪਰ ਜੋ ਗਾਇਆ ਉਸ ਜ਼ਮਾਨੇ ਵਿੱਚ,
‘ਰੁਪਾਲ’ ਉਸ ਗੀਤ ਨੇ ਵੀ ਤਾਂ, ਕਦੇ ਵਾਪਸ ਨਹੀਂ ਆਉਣਾ ।

30/03/2013
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰ.ਸਕੂਲ
9814715796
ਭੈਣੀ ਸਾਹਿਬ (ਲੁਧਿਆਣਾ)-141126
rupaljs@gmail.com

 

ਕਰੀਂ ਬਖਸਿ਼ਸ਼ ਮੇਰੇ ਸਤਿਗੁਰ
ਜਸਵਿੰਦਰ ਸਿੰਘ ‘ਰੁਪਾਲ’

ਤੇਰੀ ਬਖਸਿ਼ਸ਼ ਨੂੰ ਚਾਹਵਾਂ ਮੈਂ,ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।
ਤੇਰਾ ਨਾਂ ਸਦ ਹੀ ਧਿਆਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਰਹੇ ਜਦ ਪਹਿਰ ਰਾਤਿਰ ਦਾ,ਨਾ ਸੁਰਜ ਹੋ ਉਦੇ ਹੋਇਆ,
ਤੇਰਾ ਜਸ ਉਠ ਕੇ ਗਾਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਬਣਾਂ ਉਦਮੀ ਕਰਾਂ ਇਸ਼ਨਾਨ,ਤੇਰੀ ਬਾਣੀ ਉਚਾਰਾਂ ਮੈਂ,
ਤੇ ਨਿੱਤਨੇਮੀ ਕਹਾਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਕਿਰਤ ਕਰਦੇ ਕਿਤੇ ਪਲ ਭਰ ਨਾ ਮਨ ਤੋਂ ਵਿਸਰ ਤੂੰ ਜਾਵੇਂ,
ਜੇ ਵਿਸਰਾਂ ਮਰ ਹੀ ਜਾਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਕਮਾਵਾਂ ਕਿਰਤ ਚੋਂ ਜੋ ਖਰਚ ਹੋਵੇ ਧਰਮ-ਕਰਮਾਂ ਤੇ,
ਸਦਾ ਹੀ ਵੰਡ ਖਾਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਤੇਰੇ ਦਰ ਤੋਂ ਬਿਨਾਂ ਭੁੱਲ ਕੇ ਵੀ ਕੋਈ ਹੋਰ ਦਰ ਜਾਵਾਂ,
ਸਿਦਕ ਇਸ ਦਰ ਤੇ ਲਿਆਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਵਿਕਾਰਾਂ ਵੱਲ ਨਾ ਦਿਲ ਜਾਵੇ,ਨਾ ਪੰਜਾਂ ਵੱਸ ਕਿਤੇ ਆਵੇ,
ਕਿ ਆਪੇ ਨੂੰ ਬਚਾਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਬਚਾ ਰੱਖੀਂ ਭਰਮ ਭੇਖਾਂ ਅਤੇ ਸਭ ਕਰਮ ਕਾਂਡਾਂ ਤੋਂ,
ਦਿਖਾਵੇ ਨੂੰ ਭੁਲਾਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

ਸਦਾ ਹੱਕ ਸੱਚ ਦੀ ਖਾਤਰ,ਅੜਾਂ ਹਰ ਜੁਲਮ ਦੇ ਅੱਗੇ,
‘ਰੁਪਾਲ’ਸਿਰ ਵੀ ਕਟਾਵਾਂ ਮੈਂ, ਕਰੀਂ ਬਖਸਿ਼ਸ਼ ਮੇਰੇ ਸਤਿਗੁਰ ।

30/03/2013
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰ.ਸਕੂਲ
9814715796
ਭੈਣੀ ਸਾਹਿਬ (ਲੁਧਿਆਣਾ)-141126
rupaljs@gmail.com


ਡਾ:ਗੁਰਮਿੰਦਰ ਸਿੱਧੂ

gurminder-sidhu

ਚੱਲ ! ਪਰਤ ਚੱਲੀਏ
ਡਾ: ਗੁਰਮਿੰਦਰ ਸਿੱਧੂ

ਚੱਲ! ਪਰਤ ਚੱਲੀਏ
ਉਮਰਾਂ ਦੀ ਕੁੰਜ ਲਾਹ ਕੇ
ਅਨੁਭਵ ਦੇ ਤਾਜ ਉਤਾਰ ਕੇ
ਉਸ ਕੱਚ-ਕੁਆਰੀ ਰੁੱਤ ਵੱਲ
ਜਦੋਂ ਝੱਲ-ਵਲੱਲੀਆਂ ਮਾਰਦੇ
ਆਪਾਂ ਸੱਚ ਦੇ ਹਾਣੀ ਹੋ ਜਾਂਦੇ.

ਚੱਲ ! ਪਰਤ ਚੱਲੀਏ
ਉਸ ਤਾਂਬੇ-ਰੰਗੀ ਦੁਪਹਿਰ ਵੱਲ
ਜਦੋਂ ਤੇਰੀ ਸੱਜਰੀ ਪੈੜ ਦਾ ਰੇਤਾ
ਮੇਰੀ ਹਿੱਕ ਨਾਲ ਲੱਗ ਕੇ ਠੰਢਾ ਠਾਰ ਹੋ ਜਾਂਦਾ
ਤੇ ਮੈਂ ਤਪਦੇ ਥਲਾਂ ਵਿੱਚ
ਕਣੀਆਂ ਦੀ ਫਸਲ ਬੀਜ ਦਿੰਦੀ

ਚੱਲ ! ਪਰਤ ਚੱਲੀਏ
ਉਸ ਸੋਨ-ਸੁਨਹਿਰੀ ਸ਼ਾਮ ਵੱਲ
ਜਦੋਂ ਮੇਰੇ ਚਰਖੇ ਦੀ ਘੁਕਰ ਸੁਣ ਕੇ
ਤੂੰ ਸਾਲਮ ਦਾ ਸਾਲਮ ਪਹਾੜੀ ਜੋਗੀ ਹੋ ਜਾਂਦਾ
ਤੇ ਮੈਂ ਮੁਹੱਬਤ ਦੇ ਸਾਰੇ ਗਲੋਟੇ
ਤੇਰੇ ਕਰਮੰਡਲ ਵਿੱਚ ਪਾ ਦਿੰਦੀ

ਚੱਲ! ਪਰਤ ਚੱਲੀਏ
ਉਸ ਉਦਾਸ ਸਾਂਵਲੀ ਰਾਤ ਵੱਲ
ਜਦੋਂ ਛੱਤ 'ਤੇ ਲੇਟਿਆਂ, ਅਸਮਾਨ ਮੈਨੂੰ
ਸਲੇਟੀ ਕਾਗ਼ਜ਼'ਤੇ ਲਿਖਿਆ ਤੇਰਾ ਖ਼ਤ ਲੱਗਦਾ
ਤੇ ਮੈਂ ਤਾਰਿਆਂ ਦੇ ਹਰਫ ਪੜ੍ਹਦੀ ਪੜ੍ਹਦੀ
ਏਨਾ ਲੰਮਾ ਖ਼ਤ ਲਿਖਣ ਵਾਲੇ ਤੇਰੇ ਹੱਥ ਟੋਲਦੀ ਰਹਿੰਦੀ

ਚੱਲ! ਪਰਤ ਚੱਲੀਏ
ਉਸ ਸੰਗਦੀ ਜਿਹੀ ਸੁਬਾਹ ਵੱਲ
ਜਦੋਂ ਤੇਰੀਆਂ ਸੂਰਜੀ ਨਿਗਾਹਾਂ ਪੈਂਦਿਆਂ ਹੀ
ਮੇਰੇ ਬਰਫ-ਰੰਗੇ ਚਿਹਰੇ 'ਤੇ ਕਸੁੰਭੜਾ ਬਿਖਰ ਜਾਂਦਾ
ਤੇ ਮੇਰੀਆਂ ਸਾਰੀਆਂ ਟਹਿਣੀਆਂ ਉਤੇ
ਹਸਰਤਾਂ ਦੀਆਂ ਚਿੜੀਆਂ ਚਹਿਕਣ ਲੱਗਦੀਆਂ

ਕਿ ਜ਼ਿੰਦਗੀ ਤਾਂ ਉਹੀ ਹੁੰਦੀ ਹੈ
ਜਦੋਂ ਚਿੜੀਆਂ ਚਹਿਕਦੀਆਂ ਨੇ
ਕਿ ਜ਼ਿੰਦਗੀ ਤਾਂ ਉਹੀ ਹੁੰਦੀ ਹੈ
ਜਦੋਂ ਸਰਘੀਆਂ ਮਹਿਕਦੀਆਂ ਨੇ ।

05/10/2013

ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ
ਡਾ: ਗੁਰਮਿੰਦਰ ਸਿੱਧੂ

ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ
ਹਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ

ਵਿੱਚ ਸੰਦੂਕ ਦੇ ਰਹਿਗੀਆਂ ਧਰੀਆਂ
ਨਾ ਕੱਢੀਆਂ ਨਾ ਪਾਈਆਂ
ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ

ਇੱਕ ਝਾਂਜਰ ਸਾਡੀ ਰੂਹ ਦੀ ਬੇੜੀ
ਇੱਕ ਜਨਮਾਂ ਦੀ ਭਟਕਣ
ਇੱਕ ਝਾਂਜਰ ਜਦ ਅੰਗ ਲਗਾਵਾਂ
ਚਾਰ ਦਿਸ਼ਾਵਾਂ ਥਿਰਕਣ
ਲੱਭਦੇ ਨਾ ਅਗਲੇ ਦਰਵਾਜ਼ੇ, ਢੂੰਢ ਢੂੰਢ ਕੁਰਲਾਈਆਂ
ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ

ਇੱਕ ਝਾਂਜਰ ਰੁੱਸਦੀ, ਇੱਕ ਮੰਨਦੀ
ਇੱਕ ਝਾਂਜਰ ਵੈਰਾਗਣ
ਇੱਕ ਝਾਂਜਰ ਨਿੱਤ ਕੰਜ-ਕੁਆਰੀ
ਇੱਕ ਤਾਂ ਸਦਾ ਸੁਹਾਗਣ
ਬਾਕੀ ਸਭ ਦੇ ਸਾਲੂ ਫਿਕੇ, ਚੱਲੀਆਂ ਬਿਨ-ਮੁਕਲਾਈਆਂ
ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ

ਇੱਕ ਝਾਂਜਰ ਦੇ ਬੋਰ ਉਲਝ ਗਏ
ਇੱਕ ਦੇ ਝੜ ਗਏ ਸਾਰੇ
ਇੱਕ ਝਾਂਜਰ ਦੇ ਘੁੰਗਰੂ ਉਡ ਕੇ
ਬਣੇ ਅਰਸ਼ ਦੇ ਤਾਰੇ
ਜਿੱਥੋਂ ਤੁਰੀਆਂ ਉੱਥੇ ਖੜ੍ਹੀਆਂ,ਖਿੜੀਆਂ ਨਾ ਕੁਮਲਾਈਆਂ
ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ।

ਵਿੱਚ ਸੰਦੂਕ ਦੇ ਰਹਿਗੀਆਂ ਧਰੀਆਂ
ਨਾ ਕੱਢੀਆਂ ਨਾ ਪਾਈਆਂ
ਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ।

ਪਰਦੇਸੀਂ ਜਾ ਰਹੇ ਪੁੱਤਾਂ ਦੇ ਨਾਂ
ਡਾ: ਗੁਰਮਿੰਦਰ ਸਿੱਧੂ

ਲੱਗਿਆ ਵੀਜ਼ਾ ਹੋਈ ਤਿਆਰੀ
ਖੁਸ਼ੀਆਂ ਦੀ ਪੰਡ ਹੋ ਗਈ ਭਾਰੀ
ਇਸ ਮਿੱਟੀ ਦੀਆਂ ਮੁੱਠਾਂ ਨਾ ਪਰ ਥਿਆਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ

ਪੌਂਡਾਂ ਵਾਲਾ ਦੇਸ ਬੁਲਾਏ
ਕਿਉਂ ਘਬਰਾਏਂ ਝੱਲੀਏ ਮਾਏ!
ਹੁਣ ਨਾ ਤੈਨੂੰ ਤੰਗੀਆਂ ਕਦੇ ਸਤਾਉਣਗੀਆਂ
ਪਰਦੇਸਾਂ ਦੀਆਂ ਮਿੱਟੀਆਂ ਰੰਗ ਦਿਖਾਉਣਗੀਆਂ

ਵੰਡ ਦਿੱਤਾ ਸਭ ਲੀੜਾ-ਲੱਤਾ
ਕਿੱਲੀ ਟੰਗਿਆ ਰਹਿ ਗਿਆ ਕੁੜਤਾ
ਉੱਤੇ ਕੱਢੀਆਂ ਮੋਰਨੀਆਂ ਤੜਪਾਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ

ਬਕਸੇ ਵਿੱਚ ਕਿਤਾਬਾਂ ਭਰੀਆਂ
ਫੋਟੋਆਂ, ਟੇਪਾਂ ਨੁੱਕਰੇ ਧਰੀਆਂ
ਕੋਲੋਂ ਦੀ ਜਦ ਲੰਘੂੰਗੀ ਕੁਰਲਾਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ

ਸੋਨੇ ਦਾ ਮਾਂ! ਮਹਿਲ ਪਵਾ ਦੂੰ
ਉੱਤੇ ਤੇਰਾ ਨਾਂ ਲਿਖਵਾ ਦੂੰ
ਚਾਚੀਆਂ ਤਾਈਆਂ ਅੱਗੇ ਪਿੱਛੇ ਭੌਣਗੀਆਂ
ਅੱਖਾਂ ਨਾ ਭਰ ਮਾਏ! ਖੁਸ਼ੀਆਂ ਆਉਣਗੀਆਂ

ਚੁੱਕ ਛਣਕਣਾ,ਗੇਂਦ,ਖਿਡੌਣਾ
ਫਿਰੂੰ ਟੋਲਦੀ ਰੌਣਾ-ਭੋਣਾ
ਦਾਦੀਆਂ ਹਿੱਸੇ ਹੁਣ ਇਹ ਜੂਨਾਂ ਆਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ

ਹੱਥੀਂ ਕਦੇ ਨਾ ਪਾਣੀ ਪਾਇਆ
ਭਈਆਂ ਉੱਤੇ ਹੁਕਮ ਚਲਾਇਆ
ਕਿੱਦਾਂ ਪੁੱਤ ਮਜ਼ਦੂਰੀਆਂ ਤੈਥੋਂ ਹੋਣਗੀਆਂ?
ਸੁਣ ਸੁਣ ਮੈਂ ਤੱਤੜੀ ਨੂੰ ਗਸ਼ੀਆਂ ਆਉਣਗੀਆਂ

ਮਾਂ ! ਤੇਰਾ ਪੁਤ ਸ਼ੇਰਾਂ ਵਰਗਾ
ਸ਼ੇਰਾਂ ਚੋਂ ਸ਼ਮਸ਼ੇਰਾਂ ਵਰਗਾ
ਖੁਦ ਤਕਦੀਰਾਂ ਮੈਥੋਂ ਲੇਖ ਲਿਖਾਉਣਗੀਆਂ
ਰਾਹ ਦੀਆਂ ਸੂਲਾਂ ਆਪਣਾ ਰੂਪ ਵਟਾਉਣਗੀਆਂ

ਰਾਹ ਵਿੱਚ ਤੇਰੇ ਵਿਛਣ ਗਲੀਚੇ
ਹਰੀਆਂ ਛਾਵਾਂ, ਸੁਰਖ ਬਗੀਚੇ
ਏਥੇ ਸਾਰੀਆਂ ਵੇਲਾਂ ਪਰ ਕੁਮਲਾਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ

ਚੰਗਾ ਹੁਣ ਤੂੰ ਰੱਬ ਹਵਾਲੇ!
ਸਭ ਅਸੀਸਾਂ ਲੈ ਜਾ ਨਾਲੇ!
ਏਹੀ ਤੇਰੀ ਔਖੀ ਘੜੀ ਲੰਘਾਉਣਗੀਆਂ
ਮਾਂ ਕਮਲੀ ਦੀਆਂ ਗੱਲਾਂ ਚੇਤੇ ਆਉਣਗੀਆਂ।

27/06/2013

ਗੁਜਰੀ
ਡਾ: ਗੁਰਮਿੰਦਰ ਸਿੱਧੂ

 

 

gujri
 
ਇੱਕ ਗੁਜਰੀ ਹੁੰਦੀ ਹੈ ਜਿਹਦੀ ਮਿੱਟੀ ਚੀਕਣੀ
ਕਲਾਕਾਰ ਹੱਥਾਂ ਦੀ ਸਿਰਜੀ
ਹੁਨਰਾਂ ਨਾਲ ਤਰਾਸ਼ੀ ਹੋਈ
ਅੱਗ ਦੇ ਆਵੇ ਪੱਕੀ ਹੋਈ
ਰੰਗ ਰੋਗਨ ਦੇ ਨਾਲ ਲਿਸ਼ਕਦੀ
ਸੁਰਮ-ਸੁਰਾਹੀਆਂ ਅੱਖਾਂ ਵਾਲੀ
ਲਾਲ ਯਾਕੂਤੀ ਹੋਂਠਾਂ ਵਾਲੀ
ਸਿਰ 'ਤੇ ਰੰਗਲੀ ਮਟਕੀ ਚੁੱਕੀ ਡਰਾਇੰਗ-ਰੂਮ ਦੀ ਬਣੇ ਸਜਾਵਟ
ਜਾਂ ਬਾਲਾਂ ਦਾ ਖੇਡ ਖਿਡੌਣਾ ਇੱਕ ਗੁਜਰੀ ਹੁੰਦੀ ਹੈ
ਜਿਹਦੀ ਮਿੱਟੀ ਮਾਸ ਦੀ
ਵਸਲ-ਪਲਾਂ ਦੀ ਸਿਰਜੀ ਹੋਈ
ਕੁੱਖ ਦੇ ਆਵੇ ਪੱਕੀ ਹੋਈ
ਜੋਬਨ ਦੀ ਧੁੱਪ ਨਾਲ ਲਿਸ਼ਕਦੀ
ਸ਼ਹਿਦ-ਨਹਾਈਆਂ ਅੱਖਾਂ ਵਾਲੀ
ਗ਼ਜ਼ਲਾਂ ਵਰਗੇ ਹੋਂਠਾਂ ਵਾਲੀ
ਸੱਤ ਰੰਗਾਂ ਦਾ ਪਹਿਨ ਕੇ ਲਹਿੰਗਾ
ਸਿਰ 'ਤੇ ਦੁੱਧ ਦੀ ਮਟਕੀ ਚੁੱਕੀ ਹੋਕਾ ਦਿੰਦੀ ਗਲੀ ਗਲੀ
ਉਂਜ ਤਾਂ ਹੁੰਦੀਆਂ ਨੇ
ਸਭ ਕੁੜੀਆਂ ਹੀ ਗੁਜਰੀਆਂ
ਅੰਬੜੀ ਦੀਆਂ ਸੋਨੇ ਦੀਆਂ ਡਲੀਆਂ
ਵੰਝਲੀ ਵਰਗੇ ਬੋਲਾਂ ਜਿਹੀਆਂ
ਖੱਟੀਆਂ ਮਿੱਠੀਆਂ ਗੋਲ੍ਹਾਂ ਜਿਹੀਆਂ
ਬਾਬਲ-ਬਾਗੀਂ ਮੋਰਨੀਆਂ
ਘਰ ਘਰ ਖੇਡਣ ਵਾਲੀ ਰੁੱਤ ਤੋਂ
ਘਰ ਬਣਾਉਣ ਦੇ ਮੌਸਮ ਤੀਕਰ
ਚੁੱਕ ਖਾਬਾਂ ਦੀ ਸੰਦਲੀ ਮਟਕੀ
ਮਟਕ ਮਟਕ ਕੇ ਤੁਰਦੀਆਂ
ਪਰ ਉਹ ਗੁਜਰੀ ਕੇਹੀ ਗੁਜਰੀ ਸੀ?
ਚਮਤਕਾਰੀ ਮਿੱਟੀ ਦੀ ਸਿਰਜੀ
ਸੱਚ ਦੇ ਆਵੇ ਪੱਕੀ ਹੋਈ
ਨਾਮ-ਖੁਮਾਰੀ ਨਾਲ ਸ਼ਿੰਗਾਰੀ,
ਸਿਰ ਮਟਕੀ ਕੁਰਬਾਨੀਆਂ ਵਾਲੀ
ਵਿਸਾਹ-ਘਾਤ ਦੀਆਂ ਨਹੁੰਦਰਾਂ ਛਿੱਲੀ
ਲਹੂ ਦੀ ਚੁੰਨੀ, ਲਹੂ ਦੇ ਲੀੜੇ
ਛਾਲਿਆਂ ਲੱਦੇ ਨੰਗੇ ਪੈਰੀਂ
ਠੰਢੇ ਬੁਰਜ ਦੀ ਅੱਗ ਤੱਕ ਪਹੁੰਚ ਗਈ ਸੀ ਜਿਹੜੀ।
ਕੰਤ ਜਦੋਂ ਪਰਦੇਸੀਂ ਜਾਂਦੇ
ਗੋਰੀਆਂ ਦੇ ਨੈਣਾਂ ਦੇ ਵਿਹੜੇ
ਸਤਲੁਜ ਅਤੇ ਬਿਆਸ ਉੱਤਰਦੇ
ਪਰ ਜਦ ਉਹਦੇ ਸਿਰ ਦਾ ਸਾਂਈਂ
ਕਤਲਗਾਹਾਂ ਦੇ ਦੇਸ ਨੂੰ ਤੁਰਿਆ
ਆਰੇ ਚੱਲ ਗਏ ਹੋਣੇ ਨੇ,
ਉਹਦੇ ਨਰਮ ਕਾਲਜੇ ਉੱਤੇ
ਉਫ! ਉਹ ਕਿਹੇ ਸੂਰਜੀ ਪਲ ਸਨ!
ਜਦ ਦੰਦਾਂ ਵਿੱਚ ਚੁੰਨੀ ਨੱਪ ਕੇ
ਉਹਨੇ ਆਪਣਾ ਦਰਦ ਦਬਾਇਆ
ਇੱਕ ਵੀ ਹੰਝੂ ਨਾ ਛਲਕਾਇਆ
' ਤੇਰਾ ਭਾਣਾ ਮੀਠਾ ਲਾਗੈ ' ਖੁਦ ਨੂੰ ਇਹ ਗੁਰ-ਵਾਕ ਸੁਣਾਇਆ
'ਸ਼ੁਕਰ ਤੇਰਾ'ਕਹਿ ਸੀਸ ਨਿਵਾਇਆ ਪੁੱਤਰਾਂ ਦੇ ਠੋਹਕਰ ਵੀ ਲੱਗੇ
ਮਾਵਾਂ ਪੀੜੋ-ਪੀੜ ਹੁੰਦੀਆਂ
ਕੀੜੀ ਦੇ ਆਟੇ ਨੂੰ ਡੋਲ੍ਹਣ
ਦੁਖਦੀ ਥਾਂ ਨੂੰ ਮੁੜ ਮੁੜ ਚੁੰਮਣ
ਅੱਥਰੂਆਂ ਦੀਆਂ ਕਰਨ ਟਕੋਰਾਂ
ਪਰ ਜਦ ਉਹਦੇ ਲਾਲ ਨੂੰ ਵਿੰਨ੍ਹਿਆ
ਸਾਜਿਸ਼-ਭਿੱਜੇ ਤੀਰਾਂ ਨੇ,
ਸੂਲਾਂ ਨੇ ,ਸ਼ਮਸ਼ੀਰਾਂ ਨੇ
ਸੱਪਾਂ ਦੇ ਵਿਹੁ-ਡੰਗਾਂ ਨੇ
ਲਹੂ-ਤਿਹਾਏ ਰੰਗਾਂ ਨੇ
ਜਿਸਮ ਹੋ ਗਿਆ ਛਲਣੀ ਛਲਣੀ
ਬੱਗੇ ਮੁੱਖ 'ਤੇ ਲਾਲ-ਤਤੀ੍ਹਰੀ
ਮਾਛੀਵਾੜੇ ਦੇ ਜੰਗਲ ਵਿੱਚ
ਤੱਕ ਕੰਡਿਆਂ ਦੀ ਸੇਜ 'ਤੇ ਸੁੱਤਾ
ਰੁੱਗ ਤਾਂ ਵੱਢੇ ਗਏ ਹੋਣਗੇ
ਮਾਂ ਦੀ ਇੱਕ ਇੱਕ ਆਂਦਰ 'ਚੋਂ ਵੀ
ਉਫ! ਉਹ ਕਿਹੇ ਸੂਰਜੀ ਪਲ ਸਨ!
ਜਦ ਜ਼ਖਮਾਂ ਦੇ ਝੁਰਮਟ 'ਤੇ ਉਸ
ਰੱਬੀ ਰਜ਼ਾ ਦੀ ਮਲ੍ਹਮ ਲਗਾਈ
ਥਾਪੜ ਥਾਪੜ ਪੀੜ ਸੁਆਈ
ਫਿਰ ਸ਼ੁਕਰਾਂ ਦੀ ਧੂਫ ਜਗਾਈ
ਦਾਦੀਆਂ ਦੇ ਹੋਂਠਾਂ 'ਤੇ ਤੁਰਕੇ,
ਲੋਰੀਆਂ ਪਹੁੰਚਣ ਘੋੜੀਆਂ ਤੀਕਰ
ਪਰ ਜਦ ਉਹਨੇ ਪੋਤਰਿਆਂ ਨੂੰ
ਭੇਜਣ ਲਈ ਕਸਾਈ-ਖਾਨੇ
ਅੰਤਿਮ ਵਾਰ ਸ਼ਿੰਗਾਰਿਆ ਹੋਣੈ
ਚੁੰਮ ਚੁੰਮ ਮਸਤਕ ਠਾਰਿਆ ਹੋਣੈ
ਫਟਿਆ ਹੋਊ ਜਵਾਲਾਮੁਖੀ
ਉਹਦੀ ਧਰਤੀ ਦੇ ਅੰਦਰ ਵੀ
ਉਫ! ਉਹ ਕਿਹੇ ਸੂਰਜੀ ਪਲ ਸਨ!
ਅੰਗ ਅੰਗ ਦੇ ਭੂਚਾਲ ਨੂੰ ਉਸ ਜਦ
ਸਿਮਰਨ ਨਾਲ ਟਿਕਾਇਆ ਹੋਣੈ
ਸ਼ੁਕਰਾਨੇ ਦਾ ਦੀਵਾ
ਰੂਹ ਦੀ ਥਾਲੀ ਵਿੱਚ ਟਿਕਾਇਆ ਹੋਣੈ
ਹੈ ਆਸਾਨ ਇਹ ਕਹਿਣਾ,ਉਹ ਮਹਾਨ ਬੜੀ ਸੀ
ਰੱਬੀ ਨੂਰ ਸੀ, ਉਹ ਤਾਂ ਡੋਲ ਨਹੀਂ ਸਕਦੀ ਸੀ
ਪੀੜਾਂ ਦੇ ਅਹਿਸਾਸ ਤੋਂ ਸੀ ਉਹ ਬਹੁਤ ਉਚੇਰੀ
ਉਹ ਸੀ ਨਾਮ 'ਚ ਰੰਗੀ ਹੋਈ
ਕੁੱਖ ਉਹਦੀ ਸੀ ਚਾਨਣ ਚਾਨਣ
ਸੱਚ ਹੈ ਇਹ
ਪਰ ਇਹ ਵੀ ਸੱਚ ਹੈ
ਜੇ ਉਹ ਮਾਸ-ਮਿੱਟੀ ਦਾ ਬੁੱਤ ਸੀ
ਜੇ ਜੁੱਸਾ ਰੋਟੀ ਮੰਗਦਾ ਸੀ
ਤੇਹ ਉਹਦੀ ਸੀ ਪਾਣੀ ਲੱਭਦੀ
ਸਾਹਾਂ ਲਈ ਸੀ ਹਵਾ ਲੋੜੀਂਦੀ
ਫਿਰ ਤਾਂ ਫੱਟ ਵੀ ਲੱਗੇ ਹੋਣੇ
ਫਿਰ ਤਾਂ ਪੀੜ ਵੀ ਹੋਈ ਹੋਣੀ
ਫਿਰ ਹੰਝੂ ਵੀ ਆਏ ਹੋਣੇ
ਉਫ! ਉਹ ਕੇਹੀ ਅੰਬਰੀ ਰੂਹ ਸੀ!
ਜਿਸਮ ਸੀ ਜਾਂ ਕੋਈ ਕਰਾਮਾਤ ਸੀ
ਕੇਹਾ ਸੀ ਸ਼ਾਹਕਾਰ ਖੁਦਾ ਦਾ!
ਜਿਹਨੇ ਸਬਰ-ਸਮੁੰਦਰ ਪੀਤੇ
ਜ਼ਖਮਾਂ 'ਤੇ ਫੁਲਕਾਰੀ ਦਿੱਤੀ
ਇੱਕ ਵਾਰੀ ਵੀ 'ਸੀਅ' ਨਾ ਕੀਤੀ
ਕੀਤਾ ਤਾਂ ਸ਼ੁਕਰਾਨਾ ਕੀਤਾ
ਜਿਹੜੀ ਆਪ ਰਤਾ ਨਾ ਡੋਲੀ
ਨਾ ਹੀ ਡੋਲਿਆ ਉਹਦਾ ਜਾਇਆ
ਨਾ ਉਹਦੇ ਜਾਏ ਦੇ ਜਾਏ
ਹੈ ਕੋਈ ਗੁਜਰੀ ਉਹਦੇ ਵਰਗੀ?
ਸੀ ਕੋਈ ਗੁਜਰੀ ਉਹਦੇ ਵਰਗੀ?
ਕਦੇ ਵੀ ਗੁਜਰੀ ਉਹਦੇ ਵਰਗੀ?
ਕਿਤੇ ਵੀ ਗੁਜਰੀ ਉਹਦੇ ਵਰਗੀ?
ਤਵਾਰੀਖ ਦਾ ਹਰ ਵਰਕਾ ਹਰ ਸਤਰ ਫਰੋਲੋ
ਧਰਤੀ ਦੇ ਹਰ ਕੋਨੇ ਦੀ ਮਿੱਟੀ ਨੂੰ ਫੋਲੋ ਕਿਤੇ ਵੀ ਨਹੀਂਓਂ ਲੱਭਣੀ ਗੁਜਰੀ ਉਹਦੇ ਵਰਗੀ?
ਕਿਤੇ ਵੀ ਨਹੀਂਓਂ ਹੋਣੀ ਗੁਜਰੀ ਉਹਦੇ ਵਰਗੀ? ਵੇ ਇਤਿਹਾਸ ਲਿਖੰਦੜਿਓ!ਕੋਈ ਫਰਜ਼ ਨਿਭਾਓ!
ਕਲਮ ਚੁੱਕੋ,ਅੱਖਰਾਂ ਨੂੰ ਸੱਚ ਦੀ ਵਾਟ ਦਿਖਾਓ!
ਨਾ ਪੰਜਾਬ ਦੇ, ਨਾ ਹੀ ਹਿੰਦ ਦੇ
ਦੁਨੀਆਂ ਦੇ ਇਤਿਹਾਸ 'ਚ ਉਹਦਾ ਕਾਂਡ ਲਿਖਾਓ!

ਡਾ:ਗੁਰਮਿੰਦਰ ਸਿੱਧੂ
ਚੰਡੀਗੜ੍ਹ, 07/03/2012

 

ਔਰਤ-ਦਿਵਸ 'ਤੇ
ਔਰਤ ! ਓ ਔਰਤ!
ਡਾ: ਗੁਰਮਿੰਦਰ ਸਿੱਧੂ

ਔਰਤ ! ਓ ਔਰਤ!
ਇਹੋ ਜੂਨ ਤੇਰੀ
ਇਹ ਤੂੰ ਹੀ ਹੰਢਾਣੀ
ਕਿਸੇ ਨਾ ਹੰਢਾਣੀ
ਜਦ ਤਿਲ੍ਹਕੇਂ, ਤਾਂ ਦੇਵੇ ਸਹਾਰਾ ਨਾ ਕੋਈ
ਜਦ ਡਿੱਗੇਂ, ਉਠਾਵੇ ਦੁਬਾਰਾ ਨਾ ਕੋਈ
ਤੂੰ ਖੁਦ ਛਾਲ ਮਾਰੀ, ਸਮੁੰਦਰ 'ਚ ਮੋਹ ਦੇ
ਜਦ ਡੁੱਬੇਂ, ਤਾਂ ਬਣਦਾ ਕਿਨਾਰਾ ਨਾ ਕੋਈ

ਔਰਤ! ਓ ਔਰਤ!
ਇਹੋ ਹੋਣੀ ਤੇਰੀ
ਇਹ ਤੂੰ ਹੀ ਪੁਗਾਣੀ
ਕਿਸੇ ਨਾ ਪੁਗਾਣੀ
ਤੂੰ ਹਾਰੀ, ਜਦ ਹੋਈ ਮਜਬੂਰ ਆਪਣੇ ਤੋਂ
ਤੂੰ ਹਾਰੀ, ਜਦ ਹਾਰੀ ਸੰਧੂਰ ਆਪਣੇ ਤੋਂ
ਤੂੰ ਰੁਕ ਨਾ ਸੀ ਸਕਦੀ, ਤੂੰ ਝੁਕ ਨਾ ਸੀ ਸਕਦੀ
ਤੂੰ ਹਾਰੀ ਤਾਂ ਹਾਰੀ ਹੈਂ ਨੂਰ ਆਪਣੇ ਤੋਂ

ਔਰਤ! ਓ ਔਰਤ!
ਇਹੋ ਹਾਰ ਤੇਰੀ
ਇਹ ਤੂੰ ਹੀ ਜਿਤਾਣੀ
ਕਿਸੇ ਨਾ ਜਿਤਾਣੀ
ਕੋਈ ਜੂਏ 'ਚ ਹਾਰੇ , ਤੂੰ ਫਿਰ ਉਹੋ ਔਰਤ
ਕੋਈ ਅੱਗ ਵਿੱਚ ਸਾੜੇ , ਤੂੰ ਫਿਰ ਉਹੋ ਔਰਤ
ਕੋਈ ਪ੍ਰੀਖਿਆ ਮੰਗੇ, ਤੂੰ ਫਿਰ ਉਹੋ ਔਰਤ
ਕੋਈ ਲਹੂ ਵਿੱਚ ਤਾਰੇ, ਤੂੰ ਫਿਰ ਉਹੋ ਔਰਤ

ਔਰਤ ! ਓ ਔਰਤ !
ਇਹੋ ਕੁੰਜ ਤੇਰੀ
ਇਹ ਤੂੰ ਹੀ ਹੈ ਲਾਹਣੀ
ਕਿਸੇ ਨੇ ਨਾ ਲਾਹਣੀ
ਆਪਣੇ ਖੰਭ ਤੂੰ ਆਪ ਉਗਾਣੇ
ਜੇ ਕਿਤੇ ਆਪਣੀ ਤੂੰ ਸ਼ਕਤੀ ਪਛਾਣੇਂ
ਤੂੰ ਦੁਰਗਾ ਸੀ ਹੁੰਦੀ ,ਤੂੰ ਭਾਗੋ ਸੀ ਹੁੰਦੀ
ਜੇ ਕਿਤੇ ਸਮਿਆਂ ਦੀ ਮਿੱਟੀ ਨੂੰ ਛਾਣੇਂ

ਔਰਤ! ਓ ਔਰਤ
ਇਹੋ ਲਾਟ ਤੇਰੀ
ਇਹ ਤੂੰ ਹੀ ਜਗਾਣੀ
ਕਿਸੇ ਨਾ ਜਗਾਣੀ
ਔਰਤ! ਓ ਔਰਤ!
ਇਹੋ ਜੂਨ ਤੇਰੀ
ਇਹ ਤੂੰ ਹੀ ਬਚਾਣੀ
ਕਿਸੇ ਨਾ ਬਚਾਣੀ ।

ਬਗਾਵਤਨਾਮਾ
ਡਾ: ਗੁਰਮਿੰਦਰ ਸਿੱਧੂ

ਮੈਂ ਹੱਵਾ ਦੀ ਜਾਈ
ਅੱਜ ਤੁਹਾਨੂੰ ਮੁਖਾਤਿਬ ਹਾਂ
ਖੱਖੜੀਆਂ ਮੱਥੇ 'ਚ ਇਕ ਸਵਾਲ ਲੈ ਕੇ
ਸੁੰਨੀਆਂ ਅੱਖਾਂ 'ਚ ਇੱਕ ਮਸ਼ਾਲ ਲੈ
ਜਦ ਦੋ ਆਦਮ ਆਪਸ ਦੇ ਵਿੱਚ ਉਲਝਦੇ ਨੇ
ਭਖਦੇ ਬੋਲਾਂ ਦੀ ਜਦੋਂ ਜੰਗ ਛੇੜਦੇ ਨੇ
ਕਿਉਂ ਹੁੰਦਾ ਹੈ?
ਮਾਂ,ਧੀ ਜਾਂ ਫਿਰ ਭੈਣ ਦਾ ਬਲਾਤਕਾਰ
ਸੁਆਦ ਸੁਆਦ ਹੁੰਦੇ ਓ
ਮੇਰੀ ਲਾਜ ਦੇ ਕੱਜਣ ਨੂੰ ਪਾੜ
ਮੇਰੀ ਕੁੱਖ ਵੱਲ ਭੇਜਦੇ ਓ
ਹਵਸ ਲਿਬੜੇ ਆਪਣੇ ਲਫਜ਼ਾਂ ਦੀ ਭੀੜ
ਬਾਤ ਏਥੇ ਹੀ ਨਾ ਮੁੱਕਦੀ
ਮੈਂ ਜਦੋਂ ਵੀ
ਇਸ ਤਰ੍ਹਾਂ ਦੀ
ਚਗਲੀ ਜੂਨ ਹੰਢਾਉਂਦੀ ਹੋਈ
ਕੁਝ ਸੋਹਣੇਰਾ ਸਿਰਜਦੀ ਹਾਂ
ਕੁਝ ਚੰਗੇਰਾ ਕਰ ਦਿਖਾਵਾਂ
ਫਿਰ ੳਦੋਂ ਵੀ
ਸਭ ਅਸੀਸਾਂ ਤੁਹਾਡੇ ਹਿੱਸੇ
' ਸਾਈਂ ਜੀਵੇ''-' ਬੁੱਢ ਸੁਹਾਗਣ '
' ਵੀਰ ਜਿਉਣ '-' ਪੁੱਤ ਖਿਡਾਵੇਂ '
ਹਰ ਅਰਮਾਨ ਤੁਹਾਡੀ ਖਾਤਿਰ
ਹਰ ਵਰਦਾਨ ਤੁਹਾਡੀ ਖਾਤਿਰ
ਹੋ ਸਕੇ ਤਾਂ
ਸਰਵ-ਉੱਚਤਾ ਦੀ ਕਾਲੀ ਨਕਾਬ ਲਾਹ ਕੇ
ਈਮਾਨ ਦੇ ਸ਼ੀਸ਼ੇ ਦੇ ਵਿੱਚ
ਆਪਣਾ ਮੂੰਹ ਤੱਕਿਓ!
ਜਿਹੜੇ ਮੂੰਹ ਨਾਲ ਕਹਿੰਦੇ ਓ
ਕਿ ਔਰਤ ਆਪਣੇ ਹਸ਼ਰ ਲਈ
ਬੱਸ ਆਪ ਜ਼ਿੰਮੇਵਾਰ ਹੈ
ਪੈਰ ਦੀ ਜੁੱਤੀ ਦਾ
ਸਿਰ ਵੱਲ ਆਉਣਾ ਸੋਗਵਾਰ ਹੈ
ਮੈਂ ਕਹਿੰਦੀ ਹਾਂ
ਕੱਢ ਲਏ ਮੈਂ ਪੈਰ
ਇਸ ਦਲਦਲ ਦੇ ਵਿੱਚੋਂ
ਅੱਜ ਐਲਾਨਾਂ
ਆਪਣੇ ਮਕਤਲ ਦੇ ਵਿੱਚੋਂ
ਹੁਣ ਤੁਹਾਡੇ ਸਾਜਿਸ਼ੀ
ਚੱਕਰ- ਵਿਊਹ ਵਿੱਚ ਆਉਣਾ ਨਹੀਂ ਮੈਂ
ਹੁਣ ਨਕਲੀ ਪਰਮੇਸ਼ਰਾਂ ਦੀ
ਰਜ਼ਾ ਵਿੱਚ ਸੌਣਾ ਨਹੀਂ ਮੈਂ
ਹੁਣ ਤੁਹਾਡੀ ਚੱਕੀ ਬਣ ਕੇ
ਇਸ ਤਰ੍ਹਾਂ ਭੌਣਾ ਨਹੀਂ ਮੈਂ
ਹੁਣ ਤੁਹਾਡੇ ਸਾਜਿਸ਼ੀ
ਚੱਕਰ- ਵਿਊਹ ਵਿੱਚ ਆਉਣਾ ਨਹੀਂ ਮੈਂ।

ਡਾ:ਗੁਰਮਿੰਦਰ ਸਿੱਧੂ
ਚੰਡੀਗੜ੍ਹ, 08/03/2012


ਬੁਢਾਪਾ
ਬਿੱਟੂ ਖੰਗੂੜਾ, ਲੰਡਨ

bittu-khangura1

ਦੁਪਹਿਰ ਹੁੰਦੀ ਸਿਖਰਾ ਵਾਲੀ
ਡੂੰਘੀ ਸ਼ਾਮ ਠਰੰਮਾ ਹੁੰਦਾ ਏ

ਖੇਤ ਅੜਿਕਾ ਸੁੱਕੀ ਟਾਹਲੀ
ਪਿਛਲੀ ਉਮਰ ਨਿਕੰਮਾ ਹੁੰਦਾ ਏ

ਸਰੀਰ ਹੋ ਜਂਾਦਾ ਲਹੂ ਤੋ ਖਾਲੀ
ਵਹਿਣ ਦਿਲਾ ਦਾ ਲੰਮਾ ਹੁੰਦਾ ਏ

ਨੀਂਦ ਦੀ ਛੋਟੀ ਜਿਹੀ ਪਿਆਲੀ
ਸੁਪਨਾ ਲੰਮ ਸਲੰਮਾ ਹੁੰਦਾ ਏ

ਸੁਕੇ ਪੱਤਰ ਟੁੱਟੇ ਤਰਕਾਲੀ
ਹਰਾ ਕਚੂਰ ਬੇਰੰਗਾ ਹੁੰਦਾ ਏ

ਖੜੋਤ ਚ ਹੋਵੇ ਕਾਈ ਕਾ਼ਲੀ
ਵਗਦਾ ਪਾਣੀ ਚੰਗਾ ਹੁੰਦਾ ਏ

ਸ਼ਮਾ ਬੁਝੇ ਰੌਸ਼ਨੀ ਤੋ ਖਾਲੀ
ਸੜਕੇ ਵੀ ਨਾ ਪਤੰਗਾ ਹੁੰਦਾ ਏ

ਬਿੱਟੂ ਚੇਤੇ ਆਵੇ ਚੂਰੀ ਵਾਲੀ
ਬੁੱਢੇ ਵਾਰੇ ਖਾਲੀ ਛੰਨਾ ਹੂੰਦਾ ਏ

06/03/2013
+44 7877792555
bittulatala@hotmail.co.uk  

 

 

phull-khangura1
 
ਰੂੜੀ ਵਾਲੇ ਫੁੱਲ
ਬਿੱਟੂ ਖੰਗੂੜਾ, ਲੰਡਨ

ਰੂੜੀ ਵਾਲੇ ਫੁੱਲਾਂ ਦੀ ਪਰੀਤ
ਮਹਿਲੀ ਬਾਗਾ ਦਾ ਖਾਬ ਸੀ

ਬੇਬੱਸ ਹੌਕਿਆ ਦਾ ਸੰਗੀਤ
ਕੂੰਜ ਨੂੰ ਚੁਕਿਆ ਉਕਾਬ ਸੀ

ਖੰਭਾਂ ਦੇ ਕਤਲ ਦੀ ਸੀ ਰੀਤ
ਅਧਵਾਟੇ ਟੁੱਟੀ ਪਰਵਾਜ਼ ਸੀ

ਬੋਲੀ ਚੀਖ ਯੱਖ ਠੰਡੀ ਸੀਤ
ਸਿਸਕਦੀ ਨਾ ਆਵਾਜ ਸੀ

ਚਿੱਟੀ ਚੁੰਨੀ ਹੋਜੇ ਨਾ ਪਲੀਤ
ਹੰਝੂ ਖਾਰਿਆ ਦਾ ਰਿਵਾਜ ਸੀ

ਤੰਦਾ ਤੰਦਾ ਕਿਰਿਆ ਅਤੀਤ
ਖਾਮੋਸ਼ ਰਾਹਾ ਦਾ ਸਾਜ ਸੀ

ਬਿੱਟੂ ਬਣ ਗਿਆ ਏ ਗੀਤ
ਦਫਨ ਡੂੰਘਾ ਜੋ ਰਾਜ ਸੀ

02/03/2013
+44 7877792555
bittulatala@hotmail.co.uk  

ਘੱਟ ਗਿਣਤੀ
ਬਿੱਟੂ ਖੰਗੂੜਾ, ਲੰਡਨ

ਨਿੱਕੇ ਨਿੱਕੇ ਦੀਵਿਆ ਨੂੰ ਕੌਣ ਪੁਛਦਾ
ਹਨੇਰਾ ਤਾ ਵੱਡੇ ਸੂਰਜਾ ਨੂੰ ਡਕਾਰ ਲੈਦਾਂ

ਇਕੋ ਹੀ ਕਾਨੂੰਨ ਛੱਡ ਜਾਂਦਾ ਕਿਸੇ ਨੂੰ
ਕਿਸੇ ਨੂੰ ਮੂੰਹ ਹਨੇਰੇ ਫਾਂਸੀ ਚਾੜ ਲੈਂਦਾ

ਚਿੱਟੇ ਦਿਨ ਜਾਲਮ ਬੰਦੂਕਾ ਦਾ ਕਾਫਲਾ
ਬੋਲਣ ਦੀ ਆਜਾਦੀ ਨੂੰ ਰਾੜ੍ਹ ਲੈਂਦਾ

ਬੇਸੁਰੇ ਸਾੜਿਆ ਦਾ ਬਲਦਾ ਇਹ ਲਾਂਬੜ
ਸੁਰਮਈ ਵੀਣਾ ਨੂੰ ਸਾੜ ਲੈਂਦਾ

ਲੋਕਤੰਤਰ ਬਹੁਗਿਣਤੀਆ ਦਾ ਮੁੱਲ
ਘਟ ਗਿਣਤੀ ਦੀ ਚੁੱਪ ਨੂੰ ਲਤਾੜ ਲੈਂਦਾ

ਜਾਬਰ ਸ਼ਰੇਆਮ ਲੁੱਟ ਲੈਂਦੇ ਨੇ ਇਜਤਾ
ਨਾਬਰ ਕਰ ਬੰਦ ਕਿਵਾੜ ਲੈਂਦਾ

ਜਦੋ ਨਾ ਪੁੱਗੇ ਰਿਸ਼ਤਾ ਮਨਮਰਜੀ ਦਾ
ਦਫਾ ਬਲਾਤਕਾਰ ਦੀ ਚਾੜ ਲੈਂਦਾ

ਬੂਹਾ ਖੋਲਣ ਤੋ ਡਰਦਾ ਹੁਸਨ ਜਿਹੜਾ
ਇਸ਼ਕੇ ਲਈ ਕੰਧਾ ਨੂੰ ਪਾੜ ਲੈਂਦਾ

ਨਗਾਰਖਾਨੇ ਚ ਤੂਤੀ ਦੀ ਕੌਣ ਸੁਣਦਾ
ਬਿੱਟੂ ਐਂਵੇ ਆਪਣਾ ਖੁਨ ਸਾੜ ਲੈਂਦਾ

02/03/2013
+44 7877792555
bittulatala@hotmail.co.uk  


ਜਨਮੇਜਾ ਸਿੰਘ ਜੌਹਲ, ਲੁਧਿਆਣਾ

janmeja

ਕੁੜੀਆਂ ਚਿੜੀਆਂ
ਜਨਮੇਜਾ ਸਿੰਘ ਜੌਹਲ, ਲੁਧਿਆਣਾ

ਇਕ ਚਿੜੀ ਨੇ
ਕੁੜੀ ਨੂੰ ਪੁਛਿਆ

ਤੇਰੇ ਨਾਲ
ਮੇਰਾ ਨਾਓਂ
ਕਿਓਂ ਲਾਉਂਦੇ ਨੇ

ਮੈਂ ਤਾਂ ਉਡਦੀ
ਵਿਚ ਅਸਮਾਨੀਂ
ਤੇਰੇ ਬੰਧਨ
ਲਾਉਂਦੇ ਨੇ

ਮੇਰੇ ਗੀਤ ਤਾਂ
ਮਿੱਠੇ ਮਿੱਠੇ
ਤੇਰੇ ਦੁੱਖ
ਕਿਉਂ ਗਾਉਂਦੇ ਨੇ

ਮੇਰੇ ਖੰਭ ਤਾਂ
ਭੂਰੇ ਕੂਲ਼ੇ
ਤੇਰੇ ਕੁਤਰ
ਦਬਾਉਂਦੇ ਨੇ

ਐਨੀ ਜ਼ਾਲਮ
ਤੇਰੀ ਦੁਨੀਆਂ
ਪਰ ਤੈਨੂੰ
ਮੇਰ ਨਾਲ
ਮਿਲਾਉਂਦੇ ਨੇ

ਇਕ ਚਿੜੀ ਨੇ
ਕੁੜੀ ਨੂੰ ਪੁਛਿਆ

ਤੇਰੇ ਨਾਲ
ਮੇਰਾ ਨਾਓਂ
ਕਿਓਂ ਲਾਉਂਦੇ ਨੇ

18/07/2013

ਐ ਕਵਿਤਾ
ਜਨਮੇਜਾ ਸਿੰਘ ਜੌਹਲ, ਲੁਧਿਆਣਾ

ਐ ਕਵਿਤਾ
ਮੈਨੂੰ ਪਤਾ ਲੱਗਾ ਏ
ਤੇਰੀ ਕਿਤਾਬ ਛਪੀ ਹੈ
ਤੂੰ ਸਭ ਨੂੰ ਭੇਜੀ ਹੈ
ਪਰ ਮੈਨੂੰ ਨਹੀਂ

ਇਹ ਤੂੰ ਚੰਗਾ ਕੀਤਾ
ਮੈਨੂੰ ਕਿਤਾਬ ਨਹੀਂ ਭੇਜੀ

ਜੇ ਭੇਜ ਦਿੰਦੀ ਤਾਂ
ਮੈਨੂੰ ਪਤਾ ਲੱਗ ਜਾਣੇ ਸਨ

ਤੇਰੇ ਦੁੱਖਾਂ ਦੇ
ਵਗਦੇ ਦਰਿਅਵਾਂ
ਦੇ ਸਿਰਨਾਵੇ

ਤੇਰੇ ਤੋਂ ਅਪਹੁੰਚ ਹੋਈ
ਗੋਦੀ ਦਾ ਨਿੱਘ

ਦਿਸ ਪੈਣੇ ਸਨ
ਤੇਰੇ ਖਾਰੇ
ਹੰਝੂਆਂ ਦੇ ਲੂਣ

ਕਿੱਥੇ ਸਹਿ ਹੋਣਾ ਸੀ
ਮੈਥੋਂ ਇੰਨਾਂ
ਦਰਦ ਦਾ ਜਵਾਰ ਭਾਟਾ

ਜੇ ਹੋਇਆ
ਚੰਗਾ ਹੀ ਹੋਇ

14/07/2013

ਏਸੇ ਲਈ ਹਾਂ ਮੈਂ ਪੰਜਾਬੀ
ਜਨਮੇਜਾ ਸਿੰਘ ਜੌਹਲ, ਲੁਧਿਆਣਾ

 

 

Mai Punjabi1
 
ਮੇਰੇ ਵਿਚ ਵੱਸਦਾ ਪੰਜਾਬ
ਏਸੇ ਲਈ ਹਾਂ ਮੈਂ ਪੰਜਾਬੀ

ਮਹਿਕਾਂ ਵੰਡੇ ਮਿੱਟੀ ਵਿਚ ਪੰਜਾਬ
ਏਸੇ ਲਈ ਹਾਂ ਮੈਂ ਪੰਜਾਬੀ

ਆਵੇ ਖੁਸ਼ੀ, ਨੱਚੇ ਪੂਰਾ ਪੰਜਾਬ
ਏਸੇ ਲਈ ਹਾਂ ਮੈਂ ਪੰਜਾਬੀ

ਪਵੇ ਦੁੱਖ, ਰੋਵੇ ਜ਼ਾਰੋ ਜ਼ਾਰ ਪੰਜਾਬ
ਏਸੇ ਲਈ ਹਾਂ ਮੈਂ ਪੰਜਾਬੀ

ਸੱਥਾਂ ਕਰਨ ਲੇਖਾ ਜੋਖਾ ਵਿਚ ਪੰਜਾਬ
ਏਸੇ ਲਈ ਹਾਂ ਮੈਂ ਪੰਜਾਬੀ

ਭਲਾ ਸਰਬੱਤ ਦਾ ਮੰਗੇ ਸਦਾ ਪੰਜਾਬ
ਏਸੇ ਲਈ ਹਾਂ ਮੈਂ ਪੰਜਾਬੀ

ਹਿਮਾਲੇ ਦੀਆਂ ਪੌਣਾਂ ਥੱਲੇ ਵਸੇ ਪੰਜਾਬ
ਏਸੇ ਲਈ ਹਾਂ ਮੈਂ ਪੰਜਾਬੀ

ਲੋਰੀਆਂ ਦੇਣ ਮਾਵਾਂ ਵਿਚ ਪੰਜਾਬ
ਏਸੇ ਲਈ ਹਾਂ ਮੈਂ ਪੰਜਾਬੀ

ਆਏ ਗਏ ਨੂੰ ਝੱਲਦਾ ਰਹੇ ਪੰਜਾਬ
ਏਸੇ ਲਈ ਹਾਂ ਮੈਂ ਪੰਜਾਬੀ

ਕੁੱਲ ਦੁਨੀਆ ਵਿਚ ਝੰਡੇ ਗੱਡੇ ਪੰਜਾਬ
ਏਸੇ ਲਈ ਹਾਂ ਮੈਂ ਪੰਜਾਬੀ
15/02/2013

ਹਾਇਕੂ - ਜਨਮੇਜਾ ਸਿੰਘ ਜੌਹਲ ਦੇ ... ਕੁੱਝ

ਰੱਬ ਨੂੰ ਪਾਵੋ
ਐਵੇ ਨਾ ਕੁਰਲਾਵੋ
ਆਪੇ ਬੁਲਾਵੇ

ਪੱਤਾ ਨਾ ਹਿੱਲੇ
ਸਿੱਖਰ ਦੁਪਹਿਰਾ
ਖੁਰਪਾ ਚੱਲੇ

ਹਵਾ ਰੁਮਕੇ
ਦੇਖ ਨਹੀਂ ਸਕਦੇ
ਏ.ਸੀ. ਕਮਰੇ

ਹਾਇਕੂ ਫੁੱਲ
ਬੰਦਾ ਅੱਕਲੋਂ ਗੁੱਲ
ਠੋਕਦਾ ਟੁੱਲ

ਕੁੱਤੇ ਵੀ ਫੇਲ
ਸਾਇਕਲ ਨਕਾਰਾ
ਹੱਸਣ ਬੱਚੇ

ਮੀਂਹ ਆਇਆ
ਚਿੱਠੀ ਭਿੱਜੜ ਹੋਈ
ਸੁਨੇਹਾ ਚੁੱਪ

ਅੱਕ ਦੇ ਫੁੱਲ
ਨਹੀਂ ਕੌੜੇ ਲੱਗਦੇ
ਬੱਕਰੀਆਂ ਨੂੰ

ਆਪਣਾ ਸੱਚ
ਧੁਰ ਅੰਦਰ ਤੀਕ
ਕੂੜ ਕੰਬਾਵੇ

ਘੜੀ ਦੀ ਟਿੱਕ
ਨੀਂਦਰ ਕਿੰਝ ਆਵੇ
ਕੰਮ ’ਤੇ ਜਾਣਾ

ਪੱਗ ਬੰਨਣੀ
ਸਿੱਖਣ ਦੀ ਕੀ ਲੋੜ
ਆਪੇ ਲੁਹਾਈ

ਹੱਕ ਮੰਗੀਏ
ਹਰ ਯੁੱਗ ਨੇ ਦਿੱਤੇ
ਪੁਲਸੀ ਡੰਡੇ

ਕਿਰਤੀ ਭੁੱਖਾ
ਹੜਤਾਲ ਲਮਕੀ
ਕਲਰਕਾਂ ਦੀ

ਕੁੱਤੇ ਭੌਂਕਣ
ਚੋਰਾਂ ਨੇ ਲਾਈ ਸੰਨ
ਚਾਕਰ ਸੁੱਤੇ

ਹੱਥ ਨਾ ਆਵੇ
ਰੰਗ ਜੋ ਅਸਮਾਨੀ
ਨਕੰਮਾ ਬੰਦਾ

ਕੈਂਚੀ ਸੈਂਕਲ
ਹੁਣ ਨਹੀਂ ਚੱਲਦਾ
ਵਧੀ ਉਮਰ

ਸੁਪਨੇ ਵਿੱਚ
ਸੁਪਨਾ ਇੱਕ ਵੇਖਾਂ
ਕਿੱਧਰ ਜਾਵਾਂ

ਧੀਦੋ ਆਇਆ
ਨੈੱਟ ਗਰਮਾਇਆ
ਖੁਸ਼ੀਆਂ ਵੰਡੇ

ਭਿੱਜਿਆ ਖ਼ਤ
ਮਨੋ ਜੋੜ ਕੇ ਪੜੇ
ਘੁੱਲ਼ੇ ਅੱਖਰ

ਕਾਰਜ ਪੂਰਾ
ਸੌਖਾ ਜਿਹਾ ਲੱਗਦਾ
ਮੁਰਝਾਉਣਾ

ਕੁੱਤੇ ਝਾਕਣ
ਓ ਲੰਗਰ ਸੁੱਟਦਾ
ਖੁਸ਼ੀ ’ਚ ਖੀਵੇ

ਕੰਮਪੂਟਰ
ਨਾ ਹੱਸੇ ਨਾ ਰੋਆਵੇ
ਚੱਲਦਾ ਜਾਵੇ

ਗੁਸਲ ਬੈਠੇ
ਅਖਬਾਰਾਂ ਪੜੀਆਂ
ਪਾਣੀ ਛਡਿਆ

ਗੀਤ ਨਾ ਗਾਵੀਂ
ਚਿੜੀਏ ਪਿਆਰੀਏ
ਕਾਂ ਨੇ ਸੁਣਦੇ

ਮੂੰਹ ਹਨੇਰੇ
ਕੁੱਤੇ ਪਏ ਭੌਂਕਣ
ਚੋਰ ਫੜਿਆ
ਮਲਾਲਾ ਬੋਲੀ
ਦਹਿਸ਼ਤੀ ਕੰਬਣ
ਮੱਛੀ ਤੜਫੇ

ਦੀਵੇ-ਚਾਨਣ
ਨਾ ਰੋਸ਼ਨ ਕਰਿਆ
ਕੰਧਾਂ ਓਹਲੇ

ਇਕੋ ਫਰੇਮ
ਹਰ ਬੰਦਾ ਬੰਨਿਆ
ਛੋਟੀਆਂ ਸੋਚਾਂ

ਜੰਮੇ ਹਾਇਕੁ
ਪਾਵੇ ਰੋਜ਼ ਪੁਆੜੇ
ਭਿੜੇ ਲੇਖਕ

ਰਾਂਝਾ ਬੋਲਿਆ
ਇਹ ਨਹੀਂ ਤਾਂ ਹੋਰ
ਖੱਚਰ ਤੋਰ

ਫੁੱਲ ਖਿੜਿਆ
ਟਾਹਣੀ ਝੁੱਕ ਗਈ
ਖੁਸ਼ਬੂ ਅੱਗੇ

ਵਿਦੇਸ਼ੀ ਪੁੱਤ
ਸਵੇਰਿਆਂ ਦੇ ਸੁੱਤੇ
ਰਾਤੀਂ ਜਾਗਣ

ਅਮਲੀ ਰੋਵੇ
ਡੱਬੀ ਖੜਕੇ ਖਾਲੀ
ਜਾਗੂ ਤੜਕੇ

ਵਿਦੇਸ਼ੀਂ ਬੈਠਾ
ਰੂੜੀਆਂ ਨੂੰ ਤਰਸੇ
ਪੋਂਡ ਕਮਾਵੇ

ਅੰਦਰ ਬੈਠਾ
ਅਬਦਾਲੀ ਆਪਣੇ
ਲੁੱਟਦਾ ਜਾਵੇ

ਹਾਇਕੂ ਕੀ ਹੈ
ਛਿਣ ਦੀ ਹੀ ਗੱਲ ਹੈ
ਮਨ ਦਾ ਖੂਹ

ਹਾਇਕੂ ਆਇਆ
ਗੱਭਣ ਹੋਈ ਸੋਚ
ਜਨਮੇ ਤਾਰ


ਇਕ ਸੁਪਨੇ  ਦਾ ਹਾਸਿਲ
ਸੁਰਜੀਤ ਕੌਰ ਟਰਾਂਟੋ

Surjit Kaur Toronto

 

surjit1
 
ਕਿਸੇ ਹਨੇਰੀ ਰਾਤ
ਟਾਂਵੇਂ ਟਾਂਵੇਂ ਤਾਰਿਆਂ ਦੀ ਛਾਂਵੇਂ
ਨੀਂਦ ਨੇ ਆਪਣੀ ਕੁੱਖ ‘ਚ
ਸੋਚਾਂ ਦਾ
ਬੀ ਜਦ ਬੀਜਿਆ
ਉਸ ਵੇਲੇ
ਆਪਣੇ ਨਿੱਕੇ ਜਿਹੇ ਪਿੰਡ ਦੇ
ਨਿੱਘੇ ਜਿਹੇ ਘਰ ਦੀ ਛੱਤ ‘ਤੇ
ਅਚਿੰਤ ਸੁੱਤੀ ਪਈ ਸਾਂ ਮੈਂ……

ਉਸ ਸੁਪਨੇ ਦਾ ਅੰਕੁਰ
ਪਤਾ ਨਹੀਂ ਕਿਵੇਂ
ਘਰ ਤੋਂ ਕੋਹਾਂ ਮੀਲ ਦੂਰ
ਕਿਸ ਅਜਨਬੀ ਦਿਸ਼ਾ ‘ਚ
ਫੁੱਟ ਨਿਕਲਿਆ
ਕਿ ਪੈਰਾਂ ਨੂੰ ਖੰਭ ਉਗ ਆਏ !
ਤੇ………………
ਉਸ ਸੁਪਨੇ ਦੀ ਤਾਬੀਰ
ਚੁਗਦਿਆਂ… ਚੁਗਦਿਆਂ…
ਕਿੰਨੀਆਂ ਧਰਤੀਆਂ
ਕਿੰਨੇ ਸਮੁੰਦਰ ਗਾਹੇ
ਕਿ ਸੋਚਾਂ ਨੂੰ ਛਾਲੇ ਪੈ ਗਏ….!!

ਬੀਜ ਤੋਂ ਅੰਕੁਰ
ਅੰਕੁਰ ਤੋਂ ਰੁਖ ਬਣ
ਉਹੀ ਸੋਚਾਂ
ਅਜਨਬੀ ਜਿਹੀਆਂ
ਮੇਰੇ ਵਿਹੜੇ ਖੜੀਆਂ ਹਨ
ਜੜ-ਹੀਣ !
ਤੇ ਘਰ???
ਘਰ ਜੋ ਕੋਹਾਂ ਮੀਲ
ਪਿੱਛੇ ਛੱਡ ਆਈ ਸਾਂ
ਉਸੇ ਨੂੰ ਲੱਭ ਰਹੀਂ ਹਾਂ…….. !

31/01/2013

ਸੁਰਖ ਜੋੜੇ ‘ਚ ਸਜੀ ਕੁੜੀ !
ਸੁਰਜੀਤ ਕੌਰ ਟਰਾਂਟੋ

ਸੁਰਖ ਜੋੜੇ ‘ਚ ਸਜੀ ਕੁੜੀ
ਅੱਖਾਂ ਵਿਚ ਕੁਛ ਜਗਦਾ ਬੁਝਦਾ
ਕੈਨਵਸ ਤੇ ਕੁਛ ਬਣਦਾ ਮਿਟਦਾ !

ਮੁੱਠੀ ਭਰ ਚੌਲ ਪਿਛਾਂਹ ਨੂੰ ਸੁੱਟਕੇ
ਛਡ ਜਾਂਦੀ ਹੈ
ਖੰਜਿਆਂ ‘ਚ ਖੇਡੀਆਂ ਲੁਕਣ-ਮੀਟੀਆਂ
ਵਿਹੜੇ ਵਿਚ ਉਡੀਕਦੀਆਂ ਸਖੀਆਂ
ਸੰਦੂਕ ਵਿਚ ਪਈਆਂ ਰੰਗ ਬਿਰੰਗੀਆਂ ਚੁੰਨੀਆਂ
ਅਲਮਾਰੀ ‘ਚ ਪਈਆਂ ਕਿਤਾਬਾਂ
ਕਿਤਾਬਾਂ ‘ਚ ਪਏ ਖਤ
ਖਤਾਂ ‘ਚ ਪਏ ਨਿਹੋਰੇ
ਕੁਛ ਹਾਸੇ-
ਕੁਛ ਰੋਸੇ
ਅੱਖਾਂ ‘ਚੋਂ ਕੇਰੇ ਹੰਝੂ !

ਕੱਕੀ ਕੈਨਵਸ ਤੇ
ਕਿੰਨਾ ਕੁਝ ਸਮੇਟੀ
ਮਹਿੰਦੀ ਰੱਤੇ ਪੈਰੀਂ
ਹੌਲੀ ਹੌਲੀ ਪਬ ਧਰਦੀ
ਘਰ ਦੀ ਦਹਿਲੀਜ ਟੱਪ
ਇਕ ਪੁਲਾਂਘ ਵਿਚ
ਕਰ ਜਾਂਦੀ ਹੈ ਤੈਅ
ਕਿੰਨੇ ਲੰਮੇ ਫਾਸਲੇ
ਰਿਸ਼ਤਿਆਂ ਦੇ
ਮਰਿਆਦਾਵਾਂ ਦੇ
ਰਸਮਾਂ ਦੇ
ਸਲੀਕਿਆਂ ਦੇ
ਮੁਹਾਂਦਰਿਆਂ ਦੇ
ਤੇ ਜਿਸਮਾਂ ਦੇ !

31/01/2013


ਕੌਂਸਲਰ ਮੋਤਾ ਸਿੰਘ
ਲਮਿੰਗਟਨ ਸਪਾ, ਬਰਤਾਨੀਆ

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਨਹੀਂ ਦਿਸਦਾ ਉਜਾਲਾ, ਅੰਧੇਰ ਹੀ ਅੰਧੇਰ ਹੈ।
ਹਨ੍ਹੇਰੀ ਰਾਤ ਦੇ ਓਹਲੇ, ਨਾਂ ਦਿਸਦੀ ਸਵੇਰ ਹੈ।।

ਲਗਦਾ ਚੋਰੀ ਹੋ ਗਿਆ, ਜਿਵੇਂ ਕਲ ਦਾ ਸੂਰਜ,
ਗ੍ਰਹਣੇ ਚੰਦ ਨੇ ਵੀ, ਚੜ੍ਹਨ 'ਚ ਲਾਈ ਦੇਰ ਹੈ।।

ਮਸਤੇ ਹਾਥੀਆਂ ਨੇ, ਮਧੋਲ ਦਿੱਤਾ ਇਹ ਚਮਨ,
ਨਹੀਂ ਬਚਿਆ ਕੋਈ ਫੁੱਲ, ਤਬਾਹੀ ਚੁਫੇਰ ਹੈ।।

ਸਾਧੂਆਂ 'ਤੇ ਬਹੁਰੂਪੀਆਂ ਦਾ, ਹਲ਼ਕਿਆ ਟੋਲਾ,
ਧਰਮਾਂ ਦਾ ਹੁਣ, ਫਿਰ ਰਿਹਾ ਪੁੱਠਾ ਗੇੜ ਹੈ।।

ਪ੍ਰੀਤ ਹੈ ਨਫ਼ਰਤ, ਬੇਅਕਲੀ ਦਾ ਨਾਮ ਹੈ ਅਕਲ,
ਰੁਹਾਨੀਅਤ ਦੇ ਮਸਤਕ 'ਤੇ, ਪੈ ਗਈ ਤ੍ਰੇੜ ਹੈ।।

ਨਾ ਸਾਂਝ, ਤਾਂਘ, ਉੜੀਕ, ਪਰੁਹਣਚਾਰੀ ਹੀ ਰਹੀ,
ਨਾਂ ਭੁੜਕਦਾ ਆਟਾ, ਨਾਂ ਬੋਲੇ ਕਾਂ, ਸੁੱਨੀ ਬਨੇਰ ਹੈ।।

ਜਾਦੂ, ਟੂਣੇ, ਬਹਿਮਾਂ ਦੇ ਬਾਜ਼ਾਰ, ਲਗੇ ਹਰ ਤਰਫ਼,
ਰਾਵਣਾਂ ਦੇ ਬੁੱਤ ਲਗਦੇ ਰੋਜ਼,ਹਰ ਪਿੰਡ 'ਜਠੇਰ' ਹੈ।।

ਹੈ ਕੋਈ ਮਸੀਹਾ ਦਿਸਦਾ, ਜੋ ਦਰਦ ਦਾ ਦਾਰੂ ਬਣੇ,
ਦੇਵੇ ਹੋਕਾ 'ਜਾਗਦੇ ਰਹਿਣਾ',ਜਦ ਤਕ ਨਾਂ ਸਵੇਰ ਹੈ।।
10/02/14

ਦਿੱਲੀ '84
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਕਿਵੇਂ ਭੁੱਲ ਸਕਦਾ ਸਾਨੂੰ, ਇਤਿਹਾਸ ਦਿੱਲੀ ਸ਼ਹਿਰ ਦਾ।
ਉੱਨੀ ਸੌ ਚੁਰਾਸੀ 'ਚ ਹੋਇਆ ਨਾਸ, ਦਿਲੀ ਸ਼ਹਿਰ ਦਾ॥

ਸੀ ਪਲਾਂ ਦੇ ਵਿਚ ਜਦੋਂ, ਮਨੁੱਖਤਾ ਡਾਇਨ ਬਣ ਗਈ,
ਦਿਨ ਦਿਹਾੜੇ ਕਤਲ, ਕੀਤਾ ਵਿਸ਼ਵਾਸ ਦਿੱਲੀ ਸ਼ਹਿਰ ਦਾ॥

ਚਾਂਦਨੀ ਚੌਂਕ ਦੀ ਧਰਤੀ, ਮੁੜ ਬਣੀ ਸੀ ਕਤਲਗਾਹ,
ਖੂਨ ਨਾਲ ਲਿੱਬੜਿਆ ਸੀ ਲਿਬਾਸ, ਦਿੱਲੀ ਸ਼ਹਿਰ ਦਾ॥

ਮੰਦਰਾਂ ਦੇ ਟੱਲ ਵੀ ਹੋ ਗਏ ਸੀ, ਚੁੱਪ ਵੇਖਕੇ ਕਹਿਰ,
ਦਰਿੰਦਿਆਂ ਨੇ ਨੋਚਿਆ ਸੀ, ਮਾਸ ਦਿੱਲੀ ਸ਼ਹਿਰ ਦਾ॥

ਗਲੀ ਗਲੀ ਖੇਡੀ ਗਈ ਸੀ, ਹੋਲੀ ਮਨੱਖੀ ਖੂਨ ਦੀ,
ਹਰ ਘਰ ਮੁਹੱਲਾ ਹੋਇਆ ਰਾਖ਼, ਦਿੱਲੀ ਸ਼ਹਿਰ ਦਾ॥

ਗਲ਼ਾਂ 'ਚ ਪਾਕੇ ਟਾਇਰ, ਬੁੱਤ ਵਾਂਗੂੰ ਸਾੜੇ ਗਏ ਸਿੱਖ,
ਖੂਨ ਪੀਕੇ ਸੀ ਕੱਢਿਆ ਭੜਾਸ, ਦਿੱਲੀ ਸ਼ਹਿਰ ਦਾ॥

ਰਾਮ ਦੇਵੀ ਨੇ ਲੁਕਾਇਆ, ਭੈਣ ਸਿਮਰਨ ਕੋਰ ਨੂੰ,
ਬਣ ਰਾਖਾ ਖੜਿਆ, 'ਗੁਰਦਾਸ' ਦਿੱਲੀ ਸ਼ਹਿਰ ਦਾ॥

ਗੁਰੂ ਤੇਗ ਬਹਾਦਰ ਨੇ ਤੱਕ ਕਹਿਰ ਸੀ ਇਹ ਕਿਹਾ,
ਗੇੜ ਪੁੱਠੇ ਪੈ ਗਿਆ ,ਇਤਿਹਾਸ ਦਿੱਲੀ ਸ਼ਹਿਰ ਦਾ॥

ਅਮਨ ਦੇ ਰਾਖੇ ਵੀ ਰਹੇ ਵੇਖਦੇ, ਮੀਚਕੇ ਅੱਖੀਂਆਂ,
ਮੀਚ ਅੱਖਾਂ ਰਿਹਾ ਸੁੱਤਾ, ਇਨਸਾਫ਼ ਦਿੱਲੀ ਸ਼ਹਿਰ ਦਾ॥

ਭੁਲ ਕੇ ਧਰਮ ਡੁੱਬੀ ਮਨੁੱਖਤਾ, ਨਫਰਤ ਦੇ ਸਰੋ
ਡੁੱਬਿਆ ਜਮੁਨਾ 'ਚ, ਵਿਸ਼ਵਾਸ ਦਿਲੀ ਸ਼ਹਿਰ ਦਾ॥

ਖੁੱਦ ਮਾਲੀ ਜਦੋਂ ਸੀ ਛਿੜਕੀ ਜਹਿਰ, ਅਪਣੇ ਚਮਨ 'ਤੇ,
ਹੋਇਆ ਸੀ ਹਰ ਬਗੀਚਾ ਉਦਾਸ, ਦਿੱਲੀ ਸ਼ਹਿਰ ਦਾ॥

ਰਾਮ ਦਾ ਤਰਸੂਲ, ਨਾਨਕ ਦੇ ਸਿਰ' 'ਤੇ ਵਰ੍ਹਦਾ ਵੇਖਕੇ,
ਰੱਬ ਦਾ 'ਧਰਮ' ਸੀ ਹੋਇਆ ਨਿਰਾਸ਼, ਦਿੱਲੀ ਸ਼ਹਿਰ ਦਾ॥

ਡੁਲ ਖੂਨ ਸਿੱਖਾਂ ਦਾ, ਹਰ ਮੁਹੱਲਾ, ਸੜਕ ਰੰਗੀ ਗਈ,
ਲਹੂ ਰੰਗਾ ਸੀ ਹੋ ਗਿਆ ਅਕਾਸ਼, ਦਿਲੀ ਸ਼ਹਿਰ ਦਾ॥

ਕਰਬਲਾ ਦੀ ਹਕੀਕਤ, ਦਿੱਲੀ 'ਚ ਮੁੜ ਦੁਹਰਾਈ ਗਈ,
ਮੁਹਰਮ ਵਰਗਾ ਹੋ ਗਿਆ, ਲਿਵਾਸ ਦਿਲੀ ਸ਼ਹਿਰ ਦਾ॥

ਲਟਕਾਏ ਗਏ ਸਿੱਖ ਮੁੰਡੇ, ਉਨ੍ਹਾਂ ਦੀ ਪਗੜੀ ਦੇ ਨਾਲ ,
ਰਾਜਨੀਤੀ ਨੇ ਸੀ ਕੀਤਾ ਵਿਨਾਸ਼, ਦਿੱਲੀ ਸ਼ਹਿਰ ਦਾ॥

ਲੰਘੇ ਤਿੰਨ ਦਹਾਕੇ, ਪਰ ਜ਼ਖਮ ਨੇ ਅਲ੍ਹੇ, ਦਿਲਾਂ 'ਚ ਪੀੜ,
ਸੱਚ ਹੈ ਕਿ ਬੋਲ਼ਾ ਹੋ ਗਿਆ ਇਨਸਾਫ, ਦਿੱਲੀ ਸ਼ਹਿਰ ਦਾ॥

24/01/2014

ਮੇਰਾ ਦੇਸ਼
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਦੇਸ਼ ਮੇਰਾ ਸੁਣੀਦਾ ਹੈ, ਤਰੱਕੀ ਦੀ ਰਾਹ 'ਤੇ।
ਦੀਰਘ ਰੋਗ ਦਾ ਰੋਗੀ, ਹੈ ਆਖਰੀ ਸਾਹ 'ਤੇ॥

ਅਨਾਜ ਦੀਆਂ ਕੋਠੀਆ ਨਹੀਂ, ਗੋਦਾਮ ਭਰੇ ਨੇ,
ਸੜਕਾਂ ਦੇ ਕੰਢੇ, ਅਨਾਜ ਦੇ ਢੇਰ ਸੜ ਰਹੇ ਨੇ॥

ਚੁਹਿਆਂ ਦੀ ਈਦ, ਰੁਲਦਾ ਗੁਦਾਮਾਂ 'ਚ ਅਨਾਜ,
ਕਿਉਂ ਫਿਰ, ਸੜਕਾਂ 'ਤੇਲੋਕ, ਭੁੱਖੇ ਮਰ ਰਹੇ ਨੇ॥

ਇਹ ਨੀਜ਼ਾਮ ਅਸਲ ਵਿਚ, ਅੰਨਾਂ 'ਤੇ ਬੋਲ਼ਾ ਹੈ,
ਅੰਨੀ ਪੀਂਹਦੀ 'ਤੇ, ਅਵਾਰਾ ਕੁੱਤੇ ਪਲ਼ ਰਹੇ ਨੇ॥

ਇਨਸਾਫ ਵੀ, ਉਲੂਆਂ 'ਤੇ ਬਾਂਦਰਾਂ ਦੇ ਹੱਥ ਹੈ,
ਰੋਜ ਮੁਹੱਬਤ ਦਾ ਕਤਲ, 'ਤੇ ਸਿਵੇ ਜਲ ਰਹੇ ਨੇ॥

ਬੇਗੁਨਾਹਾਂ ਦਾ ਕਤਲ, ਬਲਾਤਕਾਰ ਦੀਆਂ ਖ਼ਬਰਾਂ,
ਸਰਕਾਰ ਦੇ ਆਸਰੇ, ਨਸ਼ੇ ਖੋਰ ਪਲ਼ ਰਹੇ ਨੇ॥

ਗੁਰਦਵਾਰੇ, ਮੰਦਰੀਂ,ਧਰਮ ਵਿਕਦਾ ਰਾਤ ਦਿਨ
ਰੱਬ ਨੂੰ ਵੀ ਰਿਸ਼ਵਤ ਲੈ, ਸੁਨੇਹਾਂ ਘਲ ਰਹੇ ਨੇ॥

ਨਾਂ ਕਿਸੇ ਸਾਂਝ 'ਤੇ ਮੁਹੱਬਤ, ਦੀ ਗਲ ਹੈ ਹੁੰਦੀ,
ਦੋਸਤ ਵੀ ਹੁਣ, ਦੋਸਤੀ ਦੀ ਲਾਹ ਖੱਲ ਰਹੇ ਨੇ॥

ਸ਼ਰਮ-ਹਿਆ ਵੀ ਹੈ ਹੁਣ, ਖੰਭ ਲਾਕੇ ਉਡ ਗਈ,
ਹਮਸ਼ੀਰਾਂ 'ਚ ਵੀ ,ਇਸ਼ਕ ਦੇ ਕਿੱਸੇ ਚਲ ਰਹੇ ਨੇ॥

ਹੈ ਰਾਖੇ 'ਤੇ ਚੋਰਾਂ ਦੀ ਦੋਸਤੀ, ਇਕੋ ਮਿਲੀ ਭੁੱਕਤ,
ਰਿਸ਼ਵਤਾਂ ਲੈ, ਹੁਕਮਰਾਨਾਂ ਦੇ ਧੰਦੇ ਚੱਲ ਰਹੇ ਨੇ॥

ਹੈ ਲੁਟੇਰਿਆਂ ਦੀ ਚਾਂਦੀ, ਨਹੀਂ ਦੇਸ਼ ਦੀ ਤਰੱਕੀ,
ਕਿਰਤੀਆਂ ਦੀਆਂ ਹੱਡੀਆਂ, ਧੂੰਣੇ ਜਲ ਰਹੇ ਨੇ॥

ਇਕ ਮੁੱਠ ਹੋਕੇ, ਬਦਲਨਾ ਪਵੇਗਾ ਇਹ ਨਿਜ਼ਾਮ,
ਸ਼ਹੀਦਾਂ ਦੇ ਇਤਿਹਾਸ, ਇਹ ਸੁਨੇਹੇਂ ਘਲ ਰਹੇ ਨੇ॥

24/01/2014

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਯਾਦ ਤੇਰੀ ਨੂੰ, ਮੈਂ ਅਪਨਾ ਲਿਆ।
ਮੈਂ ਯਾਦ ਕਰਕੇ, ਤੈਨੂੰ ਪਾ ਲਿਆ॥

ਯਾਦ ਨਾ ਭੁੱਲੇਗੀ, ਮੌਤ ਤੋਂ ਪਹਿਲਾਂ,
ਯਾਦਾਂ ਦਾ ਪਟਾ, ਮੈਂ ਲਿਖਵਾ ਲਿਆ॥

ਯਾਦਾਂ ਦੇ ਸਹਾਰੇ, ਕੱਟ ਜਾਏਗਾ ਸਫ਼ਰ,
ਉਦਾਸ ਦਿਲ ਨੂੰ, ਮੈਂ ਸਮਝਾ ਲਿਆ ॥

ਮਸਜਿਦ 'ਚ ਮੈਂ, ਇਬਾਦਤ ਨੂੰ ਗਿਆ,
ਲੈ ਨਾਮ ਤੇਰਾ, ਮੈਂ ਗੁਣਗੁਣਾ ਲਿਆ ॥

ਬਰਫ਼ ਵਾਂਗੂੰ ਹੋ ਗਿਆ, ਜਦ ਦਿਲ ਮੇਰਾ,
ਕਰ ਕਰ ਤੈਨੂੰ ਯਾਦ, ਮੈਂ ਗਰਮਾ ਲਿਆ॥

ਨਹੀਂ ਹੋ ਸਕਦਾ, ਤੇਰੀ ਯਾਦ ਭੁਲ ਜਾਏ,
ਯਾਦ ਦੇ ਆਸਰੇ,ਦਿਲ ਲਰਜ਼ਾ ਲਿਆ॥

ਉੜੀਕ ਤੇਰੀ, ਦੀਦਾਰ 'ਚ ਬਦਲ ਜਾਏਗੀ,
ਯਾਦ ਮੁੱਕ ਜਾਏਗੀ,ਜਦੋਂ ਤੈਨੂੰ ਪਾ ਲਿਆ॥

15/01/2014

ਰੁਬਾਈ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਇਨਸਾਨ ਹੈਂ, ਤਾਂ ਮੁਸ਼ਕਲ ਹਰ ਬੰਦੇ ਦੀ ਸਮਝ।
ਸਮਝਨ ਦੀ ਹੈ ਗਲ, ਬੁਰੇ, ਚੰਗੇ ਦੀ ਸਮਝ॥
ਜਿਵੇਂ ਅੱਖ ਦੀ ਹਮਦਰਦੀ, ਅਪਨੇ ਜਿਸਮ ਨਾਲ,
ਏਸੇ ਤਰਾਂ ਬੰਦੇ, ਮੁਸ਼ਕਲ ਹਰ ਬੰਦੇ ਦੀ ਸਮਝ॥

ਚਾਹਤ ਹੈ, ਕਰਾਂ ਬੰਦਗੀ ਤੇਰੇ ਪਿਆਰ ਦੀ।
ਰਹਾਂ ਭਰਦਾ ਹਾਜ਼ਰੀ, ਤੇਰੇ ਦਰਬਾਰ ਦੀ॥
ਚਾਹਤ ਬਿਨਾਂ, ਬੰਦਗੀ ਹੈ ਭਲਾ ਕਿਸ ਕੰਮ,
ਗਲ ਸੁ਼ਰੂ ਹੁੰਦੀ, ਚਾਹਤ ਤੋਂ ਇਕਰਾਰ ਦੀ॥

ਦੁਖੀ ਦੇ ਪੂੰਝ ਹੰਝੂ, ਗਲੇ ਲਗੌਣਾ ਅਵਾਦਤ ਹੈ।
ਪਿਆਸੇ ਨੂੰ ਘੁੱਟ, ਪਾਣੀ ਪਿਲੌਣਾ ਅਵਾਦਤ ਹੈ॥
ਅਵਾਦਤ ਹੈ, ਮਜ਼ਲੂਮਾਂ ਦੀ ਰਾਖੀ ਲਈ ਖੜਨਾ,
ਘੋਰ ਹਨੇਰੇ ਵਿਚ ਦੀਵਾ ਜਗੌਣਾ,ਅਵਾਦਤ ਹੈ॥

ਮੈਂ ਤੇਰੇ ਦਰਬਾਰ ਦੀ ,ਦਸਤਕ ਕਰਾਂ।
ਸਰਦਲ ਤੇਰੇ 'ਤੇ ਝੁਕ, ਮਸਤਕ ਧਰਾਂ॥
ਕਿਸੇ ਵੀ ਭਾ,ਮਹਿੰਗਾ ਨਹੀਂ ਇਹ ਸੌਦਾ,
ਚਾਹਤ ਹੈ ਇਹ, ਕੀ ਸੁਰਖੁਰੂ ਹੋਕੇ ਮਰਾਂ॥

ਮਰਕੇ ਵੀ, ਜਿਉਂਦੇ ਰਹੇ ਕਈ ਲੋਕ।
ਜਿਉਂਦੇ ਵੀ, ਮਰਦੇ ਰਹੇ ਕਈ ਲੋਕ॥
ਮਰਨ 'ਤੇ ਜੀਣ ਵਿਚ ਹੈ ਫਰਕ ਕੀ,
ਭੁਲੇਖੇ ਦਾ, ਹਿਸਾਬ ਕਰਦੇ ਰਹੇ ਲੋਕ॥
10/01/2010

ਨਵਾਂ ਸਾਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਹੋਏ ਮੁਬਾਰਕ, ਸਾਲ ਨਵਾਂ।
ਜਨਮੇਂ ਰੋਜ ,ਖਿ਼ਆਲ ਨਵਾਂ॥
ਪੁੱਟੋ ਨਵੀਂ, ਪੁਲਾਂਗ ਦੋਸਤੋ,
ਲੰਘੇ ਨਾਂ ਇਹ ਅਨਮੋਲ ਸਮਾਂ।
ਹੋਏ ਮੁਬਾਰਕ ਸਾਲ ਨਵਾਂ॥

ਸਾਲ ਨਵਾਂ ਹੈ,ਰੋਜ ਸਵੇਰਾ।
ਵੇਖਕੇ ਚਾਨਣ,ਭੱਜੇ ਹਨੇਰਾ॥
ਉਪਜੇ ਨਿਤ, ਸਾਂਝ ਦਿਲਾਂ ਦੀ,
ਹੋਏ ਵਿਸਾ਼ਲ, ਪ੍ਰੀਤ ਦਾ ਘੇਰਾ॥
ਗਲਾਂ ਹੋਵਨ, ਸੱਥਾਂ 'ਚ ਬਹਿਕੇ,
ਆਉ ਲੱਭੀਏ, ਉਹ ਸਮਾਂ।
ਹੋਏ ਮੁਬਾਰਕ ਸਾਲ ਨਵਾਂ॥

ਧਰਮਾਂ ਦੀ ਨਫ਼ਰਤ, ਮੁੱਕ ਜਾਏ।
ਭੇਤ-ਭਾਵ ਰੰਗਾਂ ਦਾ, ਰੁੱਕ ਜਾਏ॥
ਤਿੱਤਰ ਹੋਣ,ਡਾਕੂ,ਠੱਗ,ਲੁਟੇਰੇ,
ਗੁਰਬਤ ਦਾ, ਸੂਰਜ ਛੁੱਪ ਜਾਏ॥
ਭੁੱਖੇ ਪੇਟ ਨਾਂ ,ਹੁਣ ਕੋਈ ਸੌਂਮੇ
ਲੰਘੇ ਰਾਤ ਸੁਖਾਲੀ, ਬਿਨਾਂ ਗਮਾਂ।
ਹੋਏ ਮੁਬਾਰਕ ਸਾਲ ਨਵਾਂ॥

ਵੱਗੇ ਪੌਣ, ਜੋ ਮਹਿਕਾਂ ਵੰਡੇ।
ਰਾਹਾਂ ਵਿਚ ਨਾਂ ਹੋਵਨ ਕੰਡੇ॥
ਮੰਜਿਲ ਵਲ ਵੱਧਦੇ ਜਾਵਣ,
ਕੰਗਲੀ ਪਾਕੇ,ਔਰਤਾਂ ਬੰਦੇ॥
ਸਂਵਰੀਏ ਧਰਤੀ ਦਾ ਵਿੜ੍ਹਾ,
ਰੰਗਾਂ 'ਚ ਲੰਘ ਜਾਏ ਸਮਾਂ।
ਹੋਏ ਮੁਬਾਰਕ ਸਾਲ ਨਵਾਂ॥
05/01/2014

 

ਪਿੰਡ ਦੀ ਕੁੜੀ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ, 30/12/13

ਅਲੱੜ ਜੇਹੀ ਇਕ ਮੁਟਿਆਰ, ਤੱਕੀ 'ਮੋਨੇ' ਪਿੰਡ ਵਿਚਕਾਰ।
ਜੋਵਨ ਦੀ ਸੀ ਟੀਸੀ ਉੱਤੇ, ਚੰਨ ਵਾਂਗ ਉਹ ਚਮਕ ਰਹੀ ਸੀ।
ਸੋਨ ਪਰੀ ਜਉਂ ਦਮਕ ਰਹੀ ਸੀ॥
ਉਸਦੇ ਬੁੱਲਾਂ ਦੀ ਮੁਸਕਾਨ, ਮੁਰਦੀ ਰੂਹ ਵਿਚ ਪਾਵੇ ਜਾਨ।
ਲੂੰ ਲੂੰ ਉਸਦਾ ਟੱਪਦਾ ਡਿੱਠਾ,ਕਈਆਂ ਨੂੰ ਉਹ ਡਸਦਾ ਡਿੱਠਾ॥
ਜੋਬਨ ਦੇ ਸਾਗਰ ਵਿਚ ਤਰਦੀ, ਮੌਨ ਜਿਹਾ ਕੁਝ ਗਾ ਰਹੀ ਸੀ।
ਪਿਆਰ ਪ੍ਰੀਤ ਦੇ ਮੋਤੀ ਹੰਝੂ, ਦਿਲ ਗਾਗਰ ਵਿਚ ਪਾ ਰਹੀ ਸੀ॥
ਇਕ ਪ੍ਰਦੇਸੀ ਕੋਲੋਂ ਲੰਘਦਾ, ਖੜਾ ਹੋ ਗਿਆ ਖੰਗਦਾ ਖੰਗਦਾ॥
ਉਹ, ਉਸਨੂੰ ਤੱਕਨ ਦੀ ਖਾਤਿਰ, ਨੈਣਾਂ ਨਾਲ ਡੱਸਨ ਦੀ ਖਾਤਿਰ।
ਮੁੜ ਮੁੜ ਫੇਰੀਆਂ ਪਾਈ ਜਾਵੇ,
ਕਿਸੇ ਦੀ ਤੇਹ ਬੁਝਾਵਨ ਖਾਤਿਰ, ਸਿਰ 'ਤੇ ਨੀਰ ਉਠਾਈ ਜਾਵੇ॥
ਪਿਆ ਪ੍ਰਦੇਸੀ ਸੋਚਾਂ ਅੰਦਰ, ਕਿਸ ਥੀਂ ਇਹ ਹੈ ਰਾਸ ਰਚਾਈ।
ਜਾਂ ਭੁੱਲ ਆਪਣੇ ਆਪ ਨੂੰ, ਪਿਆਸੀ ਰੁਹ ਨੇ ਪਿਆਸ ਬੁਝਾਈ॥
ਇੰਦਰ ਦੀ ਉਹ ਪਰੀ ਨਹੀਂ ਸੀ, ਸੋਨੇ ਵਿਚ ਉਹ ਜੜੀ ਨਹੀਂ ਸੀ॥
ਫੈਸ਼ਨ ਦਾ ਉਹ ਨਾਂ ਪੜਛਾਵਾਂ, ਸੁੰਦਰਤਾ ਦਾ ਭਾ ਜਿਹਾ ਸੀ।
ਪਿੰਡ ਦੀ ਕੁਦਰਤ, ਰੱਬ ਦੀ ਕੁਦਰਤ, ਗੁਦੜੀ ਲਾਲ ਚਮਕਾ ਰਹੀ ਸੀ॥
ਆਪਣੀਆਂ ਅੱਖਾਂ ਦੀ ਤੱਕਣੀ, ਹੋਰਾਂ ਦੇ ਵਿਚ ਵੇਖ ਰਹੀ ਸੀ।
ਪ੍ਰੀਤ ਪਿਆਰ ਦਾ ਧਾਗਾ ਲੈਕੇ, ਭੋਰੇ ਦਾ ਦਿਲ ਮੇਚ ਰਹੀ ਸੀ॥
ਉਸ ਦੇ ਬੁੱਲੀਂ ਹਾਸਾ ਤੱਕਕੇ, ਹੱਥਾਂ ਦੇ ਵਿਚ ਕਾਸਾ ਤੱਕਕੇ,
ਕਾਦਰ ਦਿਲ ਵਿਚ ਖੁਸ਼ੀ ਮਨਾਵੇ।
ਕਾਰਾਗਰੀ ਵੇਖਨ ਲਈ ਆਪਣੀ, ਪੰਜਾਬ ਦੇਸ਼ ਗਰਾ 'ਚ ਆਵੇ॥
ਨਾਂ ਹੱਥੀਂ ਸੀ ਚੂੜਾ ਕੋਈ, ਪਰ ਦਿਲ ਅੰਦਰ ਛੜਕ ਰਿਹਾ ਸੀ।
ਉਸਦੇ ਤਨ ਤੇ ਕੋਰਾ ਖੱਦਰ, ਨਾਲ ਦਮਕ ਦੇ ਚਮਕ ਰਿਹਾ ਸੀ॥
ਪਰ ਇਹ ਕੋਈ ਨਜ਼ਾਰਾ ਹੈ ਸੀ, ਅਜ ਮੈਂ ਇਹ ਨਜ਼ਾਰਾ ਤੱਕਿਆ,
ਰੂਸ ਦਾ ਨਵਾਂ ਸਿਤਾਰਾ ਤੱਕਿਆ॥
ਘੜੀਆਂ ਵਿਚ ਜੋ ਦੂਰ ਹੋ ਗਿਆ, ਪ੍ਰਦੇਸੀ ਦਾ ਦਿਲ ਚੂਰ ਹੋ ਗਿਆ॥
ਟੁੱਟੇ ਦਿਲ ਇਹ ਆਖਿਆ,
''ਉਹ ਫੁੱਲਾ ਮੁਸਕਾਈ ਜਾਵੀਂ,ਕਿਤੇ ਨਾ ਡਾਲੀ ਨਾਲੋਂ ਟੁੱਟਕੇ,
ਆਪਣੀ ਮਹਿਕ ਮੁਕਾਈ ਜਾਵੀਂ॥
ਤੂੰ ਮੁਰਝਾਇਆ ਜਗ ਮੁਰਝਾਇਆ,ਦਮਕ ਤੇਰੀ ਹੈ ਦਮਕ ਦੇਸ਼ ਦੀ।
ਮੋਤੀ ਵਾਂਗੂੰ ਹੋਰ ਵੀ ਚਮਕੀਂ,ਤੇਰੀ ਚਮਕ ਹੈ ਚਮਕ ਦੇਸ਼ ਦੀ॥'' (12-2-1954)

ਸਾਂਝੀ ਵਾਲਤਾ ਹੈ ਸੀ ਨਿਸ਼ਾਨ ਤੇਰਾ।
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ, 30/12/13

ਤੂੰ ਸੈਂ ਸੀ ਜਨਮਿਆ ਦੁਖੀ ਦੀ ਰੱਖਿਆ ਲਈ, ਜਾਲਮ ਜੁਲਮ ਦੀ ਜੜ ਪੁਟਾਨ ਖਾਤਿਰ।
ਇੱਕੋ ਏਕਤਾ ਦਾ ਮਿਸ਼ਨ ਦਸ ਕੇ 'ਤੇ, ਜਾਤ ਪਾਤ 'ਤੇ ਧਰਮਾਂ ਦੇ ਭੇਤ ਮਿਟਾਨ ਖਾਤਿਰ॥
ਅਮ੍ਰਿਤ ਇੱਕੋ ਹੀ ਬਾਟੇ 'ਚੋਂ, ਛਕਾ ਕੇ ਤੇ, ਨੀਵੇਂ 'ਤੇ ਨੀਚਾਂ ਨੂ ਉਚੇ ਸਜਾਨ ਖਾਤਿਰ॥
ਪੁੱਤ੍ਰ ਆਪਣੇ ਚਿਣਾ ਕੇ ਨੀਂਆਂ ਅੰਦਰ, ਲੱਖਾਂ ਮਾਂਵਾਂ ਦੇ ਪੁੱਤ ਬਚਾਣ ਖਾਤਿਰ॥
ਸਦਾ ਇਕ ਓਂਕਾਰ ਦਾ ਰਾਹ ਦੱਸੇ,ਨੀਲੇ ਅੰਬਰੀਂ ਝੁੱਲੇ ਨੀਲਾ ਨਿਸ਼ਾਨ ਤੇਰਾ॥
ਨਵੇਂ ਯੁਗ ਦਾ ਨਵਾਂ ਸਿਂ਼ਗਾਰ ਜੋ ਹੈ,ਸਾਂਝੀ ਵਾਲਤਾ ਹੈ ਸੀ ਨਿਸ਼ਾਨ ਤੇਰਾ॥

ਨਾ ਤੂੰ ਹਿਂਦੂਆਂ ਦਾ,ਨਾ ਮੋਮਨਾ ਦਾ, ਨਾ ਹੀ ਸਿੱਖ ਤੈਂਨੂੰ ਰਿਝਾ ਸਕਦੇ॥
ਤੂੰ ਹੈ ਸਾਰਿਆਂ ਦਾ ਜੇ ਕੋਈ ਵੇਖ ਸਕੇ,ਤੇਰੇ ਦਰ 'ਤੇ ਕੌਣ ਨਹੀਂ ਆ ਸਕਦੇ॥
ਏਥੇ ਮਾਣ ਹੈ, ਨੀਚ ਨਿਮਾਣਿਆਂ ਦਾ, ਉਚੇ ਬੰਸ ਦੇ ਵੀ ਏਥੇ ਆ ਸਕਦੇ॥
ਤੇਰੇ ਖੰਡੇ ਦੀ ਪਹੁਲ ਦਾ ਅਮੀਂ ਪੀਕੇ, ਨਾਈ,ਛੀਂਬੇ ਵੀ ਸਿੰਘ ਅਖਵਾ ਸਕਦੇ॥
ਮੁਰਦੀ ਰੁਹਾਂ 'ਚ ਜਿਂਦਗੀ ਪਾ ਦੇਵੇ, ਐਸਾ ਵੇਖਿਆ ਗੂੜ ਗਿਆਨ ਤੇਰਾ।
ਜਾਤ ਪਾਤ ਤੋਂ ਪਰੇ ਤੇ ਏਕਤਾ ਦਾ, ਸਾਂਝੀ ਵਾਲਤਾ ਹੇੈ ਸੀ ਨਿਸ਼ਾਨ ਤੇਰਾ॥

ਬੰਦੇ ਬਿਗੜੇ ਨੂੰ ਬੰਦਾ ਬਣਾ ਦੇਵੇਂ, ਨਾਤਾ ਜੋੜ ਲਵੇਂ ਜੀ ਪ੍ਰਾਣ ਵਾਲਾ॥
ਤਲੀ ਸੀਸ 'ਤੇ ਬੁੱਲਾ 'ਤੇ ਨਾਮ ਇਕੋ, ਰਾਹ ਦਸਿਆ ਪ੍ਰੀਤਮ ਵਲ ਜਾਣ ਵਾਲਾ॥
ਰੂਪ ਖਾਲਸਾ ਤੇਰਾ ਪਰ ਜੇ ਉਹ ਹੋਏ ਖਾਲਿਸ, ਜੋਸ਼ ਘਟੇ ਨਾ ਖੰਡੇ ਦੀ ਪਾਣ ਵਾਲਾ॥
ਨਾਮ ਸਿਮਰਨ 'ਤੇ ਕਿਰਤ ਕਮਾਈ ਕਰਕੇ, ਰਾਹ ਇਕੋ ਹੈ ਪ੍ਰੀਤਮ ਵਲ ਜਾਣ ਵਾਲਾ॥
ਬੁਧੂ ਸ਼ਾਹ ਫਕੀਰ ਨੇ ਸਮਝਿਆ ਸੀ, ਨਵੇਂ ਯੁਗ ਦਾ ਨਵਾਂ ਫੁਰਮਾਨ ਤੇਰਾ।
ਗੁਰੂ ਨਾਨਕ ਦੇ ਨੂਰ ਦੀ ਨਵੀਂ ਊਸ਼ਾ, ਸਾਂਝੀਵਾਲਤਾ ਹੈ ਸੀ ਨਿਸ਼ਾਨ ਤੇਰਾ॥

ਸੇਜ ਸੂਲਾਂ ਦੀ 'ਤੇ ਪੈਰਾਂ 'ਚ ਪਏ ਛਾਲੇ, ਮਾਛੀਵਾੜੇ ਦੇ ਜੰਗਲੀਂ ਕੌਣ ਸੌਂਦਾ॥
ਛੱਡਕੇ ਤਖ਼ਤ 'ਤੇ ਆਰ ਪਰਿਵਾਰ ਸਾਰਾ,ਵਾਂਗ ਫੱਕਰਾ ਦੇ ਫਿਰੇ ਕੌਣ ਭੌਂਦਾ॥
ਲਾੜੀ ਮੌਤ ਨੂੰ ਹੱਸਕੇ ਪ੍ਰਨਾਨ ਖਾਤਿਰ,ਸਿਹਰੇ ਪੁਤ੍ਰਾਂ ਦੇ ਸਿਰਾਂ 'ਤੇ ਕੌਣ ਲਉਂਦਾ॥
ਹੀਰੇ, ਲਾਲਾ ਦੀ ਲੜੀ ਲੁਟਾ ਕੇ ਫਿਰ,ਕੰਡੇ, ਕੰਕਰਾਂ ਦੀ ਗਲ 'ਚ ਕੌਣ ਪਉਂਦਾ ॥
ਸੈਂ ਤੂੰ ਨਵੀਂ ਮਿਸਾਲ ਜਹਾਨ ਅੰਦਰ,ਪਰਉਪਕਾਰ ਕਿਵੇਂ ਭੁੱਲੂ ਜਹਾਨ ਤੇਰਾ॥
ਜੋ ਮਨੁੱਖਤਾ ਲਈ ਬ੍ਰਦਾਨ ਬਣਿਆ, ਸਾਂਝੀਵਾਲਤਾ ਹੈ ਸੀ ਨਿਸ਼ਾਨ ਤੇਰਾ॥

ਭੁਲੇ ਅਸੀਂ ਹਾਂ ਤੇਰੇ ਮਿਸ਼ਨ ਨੂੰ ਅਜ,ਟਾਣ੍ਹੇ ਇਕੋ ਦਰਖਤ ਦੇ ਖਹਿਣ ਲਗ ਪਏ॥
ਉਸਰੇ ਜਿਹੜੇ ਸ਼ਹੀਦਾਂ ਦੀ ਨੀਂ ਉਪਰ,ਬੁਰਜ਼ ਅਜ ਹੁਣ ਪੰਥ ਦੇ ਢਹਿਣ ਲਗ ਪਏ॥
ਹੁਣ ਤਾਂ ਬਾੜ ਹੀ ਖੇਤ ਨੂੰ ਖਾ ਰਹੀ ਹੈ, ਭੈਣ ਵੀਰਾਂ 'ਚ ਵਿਤਕਰੇ ਪੈਣ ਲਗ ਪਏ॥
ਜੇਕਰ ਅਜ ਨਾਂ ਅਇਓਂ,ਤਾਂ ਕੀ ਆਇਓਂ, ਆਖਿਰ ਦੁਖੀ ਹੋਏ ਇਹੌ ਕਹਿਣ ਲਗ ਪਏ॥
ਕੂਕ ਦਿਲਾਂ ਦੀ ਅਜ ਜੇ ਸੁਣੇ ਪ੍ਰੀਤਮ,'ਮੋਤੀ' ਭੁੱਲੂ ਨਾ ਕਦੇ ਅਹਿਸਾਨ ਤੇਰਾ।
ਆ ਤੂੰ ਦੱਸ ਦੇ ਇਨ੍ਹਾਂ ਪਖੰਡੀਆਂ ਨੂੰ, ਸਾਂਝੀਵਾਲਤਾ ਹੈ ਸੀ ਨਿਸ਼ਾਨ ਤੇਰਾ॥

 

ਜੇ ਦ੍ਰਿੜ ਇਰਾਦੇ, ਨੀਅਤ ਸਾਫ ਹੈ।
'ਤੇ ਸੁਹਿਰਦ ਸਾਥੀਆਂ ਦਾ ਸਾਥ ਹੈ॥
ਮੰਜਿਲ 'ਤੇ ਪੁੱਜਣਾ, ਮੁਸ਼ਕਲ ਨਹੀਂ,
ਕਹਿਂਦੇ, ਸੁਣਦੇ ਮੁੱਕਦੀ ਬਾਟ ਹੈ॥

ਜੋ ਦੇਵੇ ਸਾਥ, ਉਹੀ ਹੁੰਦਾ ਸਾਥੀ।
ਮਿਲਕੇ ਸਾਥੀ ਨੂੰ ਮੁਕਦੀ ਉਦਾਸੀ॥
ਹਜੂਮ ਸਾਥੀਆਂ ਦਾ ਬਣੇ ਕਾਫ਼ਲਾ,
ਨਾ ਦੇਵੇ ਸਾਥ, ਉਹ ਨਹੀਂ ਸਾਥੀ॥

ਗਲ ਕਹਿਣੀ, ਗਲ ਸੁਣਨੀ, ਇਕ ਕਲਾ ਹੈ।
ਸੁਣਨੇ ਸੁਣਾਨੇ 'ਚ ਹੁੰਦਾ, ਸਭ ਦਾ ਭਲਾ ਹੈ॥
ਆਉ ਸਾਥੀਓ, ਇਕ ਸੋਚ, ਇਕ ਮੁੱਠ ਹੋਈਏ,
ਵਿਉਂਤ 'ਚ ਆ ਸਕਦਾ, ਸਭ ਸਿਲਸਲਾ ਹੈ॥

27/12/13

ਧੀਆਂ
ਮੋਤਾ ਸਿੰਘ

ਧੀਆਂ ਧਨ ਹੈ, ਅਮੁੱਲ ਸਾਡੇ ਦੇਸ਼ ਦਾ।
ਖ਼ਜਾਨਾ ਇਹ ਹੈ, ਅਤੁੱਲ ਸਾਡੇ ਦੇਸ਼ ਦਾ

ਇਹ ਪਿਆਰ ਹੈ, ਮਾਪਿਆਂ, ਵੀਰਾਂ ਲਈ,
ਘਰ ਦੀ ਰੌਣਕ, ਸ਼ਿੰਗਾਰ ਪਤੀ ਦੇਸ਼ ਦਾ॥

ਧੀਆਂ, ਮਾਪੇ ਘਰ ਦਾ ਹੈ ਮਾਣ ਹਮੇਸ਼ਾ,
ਕੋਈ ਪਿਆਰ ਨਹੀਂ ਹੈ, ਇਸ ਮੇਚ ਦਾ॥

ਸਾਡੀਆਂ ਧੀਆਂ, ਸਮਾਜ ਦਾ ਨੇ ਸ਼ਿੰਗਾਰ,
ਹੋਰ ਸ਼ਿੰਗਾਰ ਨਹੀਂ, ਇਸ ਦੇ ਮੇਚ ਦਾ॥

ਜੁਆਨ ਹੋਕੇ ਧੀਆਂ, ਬਣਨ ਆਪ ਮਾਂਵਾਂ,
ਵੱਧਦਾ ਹੈ ਪਰਿਵਾਰ , ਸਾਡੇ ਦੇਸ਼ ਦਾ॥

ਸਹੁਰੇ ਘਰ ਹਨ, ਅਰਮਾਨ ਪਤੀ ਦਾ,
ਸੁਹੱਪਨ ਨੂੰ ਮਾਣ, ਇਨ੍ਹਾ ਦੇ ਵੇਸ ਦਾ॥

ਜਿਵੇਂ ਧਰਤੀ 'ਚ, ਉਗਦੇ ਹਨ ਬੀਜ,
ਧੀਆਂ ਦੇ ਪੱਲੇ ਹੈ, ਭੇਤ ਏਸ ਦਾ॥

ਨਾਂ ਜਨਮ ਲੈਣ ਜੇ ਘਰਾਂ ਵਿਚ ਧੀਆਂ,
ਹੋਵੇਗਾ ਵਾਧਾ ਕਿਵੇਂ, ਮਨੁੱਖੀ ਵਰੇਸ ਦਾ॥

ਮਾਪਿਓ, ਸੋਚਣਾ 'ਤੇ ਰਹਿਣਾ ਖ਼ਬਰਦਾਰ,
ਧੀਆਂ 'ਤੇ ਜੁਲਮ ਨੂੰ ਹੈ ਰੱਬ ਵੇਖਦਾ॥

ਕਤਲ ਕਰਦੇ ਨੇ, ਜੋ ਕੁੱਖਾਂ 'ਚ ਧੀਆਂ,
ਹਨ ਮਹਾਂ ਪਾਪੀ,'ਤੇ ਕਲੰਕ ਦੇਸ਼ ਦਾ॥

ਨਵੰਬਰ 2013

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਉੱਖੜ ਗਏ ਪੈਰ, ਕਈ ਵਾਰ ਮੇਰੇ.
ਮਿੱਧੇ ਰਾਹਾਂ ਦੇ ਰੋੜ ਮੈਂ ਵਥੇਰੇ..

ਨਹੀਂ ਮੁਸ਼ਕਲਾਂ 'ਚ, ਡੋਲਿਆ ਮੈਂ,
ਹੋਏ ਕਦੇ ਪਸਤ, ਨਾ ਹੋਸਲੇ ਮੇਰੇ..

ਨ੍ਹੇਰਿਆਂ 'ਚ ਵੀ, ਨਹੀਂ ਰਾਹ ਭੁੱਲਾ,
ਸ਼ਾਮ ਵੇਲੇ ਵੀ, ਤੱਕੇ ਮੈਂ ਸਵੇਰੇ ..

ਵੇਖਕੇ ਮੈਨੂੰ, ਲੁਟੇਰਾ ਸ਼ਰਮਾ ਗਿਆ,
ਸਭ ਕੁਝ ਲੁਟਾਕੇ, ਨਹੀਂ ਹੰਝੂ ਕੇਰੇ..

ਹੱਕਾ ਲਈ ਲੜਨਾ, ਹੈ ਧਰਮ ਮੇਰਾ,
ਗਲਤ ਬੰਧਨਾ ਦੇ, ਤੋੜੇ ਮੈਂ ਘੇਰੇ..

ਰੁਸ਼ਨਾਏ ਰਾਹ ਮੇਰੇ, ਪੱਕੇ ਯਕੀਨ ਨੇ,
ਮੰਜਿਲ ਨੂੰ ਵੇਖਿਆ, ਨੇੜੇ ਤੋਂ ਨੇੜੇ..

ਸਾਥੀ ਦਾ ਹੱਥ ਫੱੜ, ਰਿਹਾ ਤੁਰਦਾ,
ਉਜਾੜਾਂ ਵਿਚ ਵੀ, ਤੱਕੇ ਮੈਂ ਖੇੜੇ..

ਆਸ਼ਕੀ ਦੇ ਰੰਗ, ਵਿਚ ਹਾਂ ਰੰਗਿਆ,
ਮਹਿਬੂਬ ਦੇ ਦਿਲ ਵਿਚ, ਮੇਰੇ ਡੇਰੇ..

ਹੋਸ਼ ਆਵੇ ਹਮੇਸ਼ਾ, ਖਾਕੇ ਠੋਕਰ,
ਰਾਤ ਮਗਰੋਂ ਹੀ, ਅਉਂਦੇ ਸਵੇਰੇ..

ਮੋਤਾ ਸਿੰਘ 16-12-03

 

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਇਹ ਆਖ਼ਰੀ ਬੋਲ, ਅਲਬਿਦਾ ਮੁਬਾਰਕ।
ਯਾਦ ਬੀਤੇ ਸਮੇਂ ਦਾ ,ਸਿਲਸਲਾ ਮੁਬਾਰਕ॥

ਇਹ ਰੱਕੜ ‘ਚ ਉੱਗਿਆ, ਪੋਲ੍ਹੀ ਦਾ ਫੁੱਲ,
ਪਾਣੀ ‘ਤੇ ਉਭਰਿਆ,ਬੁਲਬੁਲਾ ਮੁਬਾਰਕ॥

ਕਾਲੀਆਂ ਬਦਲੀਆਂ ‘ਚੋ ਚਮਕੀ ਬਿਜਲੀ,
ਘੜੀ ਭਰ ਉਠਿਆ, ਇਹ ਭੁਚਾਲ ਮੁਬਾਰਕ॥

ਇਕ ਅੰਨਾ ਚੂਹਾ, ਤੂੜੀ ‘ਚੌਂ ਲੱਭੇ ਖ਼ੁਰਾਕ,
ਜਲ ਮਰਦਾ, ਪਤੰਗਾ ਮਨਚਲਾ ਮੁਬਾਰਕ॥

ਬੁੱਝ ਰਹੀ ਮੋਮਬੱਤੀ, ਧੂੰਆਂ ਰੋਈ ਰੋਸ਼ਨੀ,
ਵਿਛੋੜੇ ਦੀ ਅੱਗ ‘ਚ, ਦਿੱਲਜਲੀ ਮੁਬਾਰਕ॥

ਟੁੱਟੀ ਹੋਈ ਬੰਝਲੀ ‘ਚੋਂ ਉਠੀ ਆਵਾਜ਼,
ਬੋਲ ਮੇਰੇ,ਆਖਰੀ ਅਲਬਿਦਾ ਮੁਬਾਰਕ॥

ਚੁੱਪ ਦਾ ਸੰਗੀਤ, ਮੇਰੇ ਸਾਹਾਂ ‘ਚ ਬੋਲਦਾ,
ਹੰਝੂਆਂ ਓਲ੍ਹੇ ਛੁਪਿਆ, ਤਿਲਮਿਲਾ ਮੁਬਾਰਕ॥

ਯਾਦ ਕਰ ਕੱਟ ਲਵਾਂਗਾ, ਰਹਿਂਦਾ ਸਫ਼ਰ,
ਆਖਰੀ ਬੋਲ ਮੇਰੇ,ਅਲਬਿਦਾ ਮੁਬਾਰਕ॥

31.08.2013

 

ਮਾਂ!
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਮਾਂ, ਰੱਬ ਤੋਂ ਵੀ ਉੱਚੀ ਹੈ ਤੇਰੀ ਥਾਂ।
ਤੂੰ ਹੀ ਤਾਂ ਹੈ ,ਜਿਸ ਦੱਸਿਆ ਰੱਬ ਦਾ ਪਤਾ,
ਰੱਬ ਨਾ ਮਿਲਿਆ, ਪਤਾ, ਰਹਿ ਗਿਆ,ਪਤਾ॥
ਰੱਬ ਕਹਿਂਦਾ ਹੋਵੇਗਾ,ਮਾਂ ਦੀ ਗੋਦੀ ਵਸਾਂ॥

ਮਾਂ ਧਰਤੀ ਸਭ ਤੋਂ ਵੱਡੀ ਮਾਂ ਹੈ।
ਮਨੁੱਖਤਾ ਦੀ, ਪਸ਼ੂ,ਪੰਛੀਆਂ ਦੀ,
ਹਰ ਸਾਹ ਲੈਂਦ, ਜੀਵ, ਜੰਤੂਆਂ ਦੀ।
ਬੋੜ੍ਹ ਵਰਗੀ, ਸ਼ਾਂਤ ਠੰਡੀ ਛਾਂ ਹੈ॥

ਮਾਂ, ਤੇਰੇ ਬਿਨਾਂ, ਬਿਰਾਨ ਸੀ ਜਹਾਂ।
ਮਾਂ ਜਨਨੀ ਹੈ ,ਮਮਤਾ ਦੀ ਮੂਰਤ,
ਪਿਆਰ ਦਾ ਖ਼ਜਾਨਾ, ਮੋਹਿਣੀ ਸੂਰਤ।
ਤੇਰੇ ਬਿਨਾ ਨਾ, ਮਿਲਦਾ ਇਹ ਸਮਾਂ॥

ਜਨਮ ਦੇਵੇਂ, ਗੋਦੀ ਲੈ ਪਾਲੇਂ ਪਲੋਸੇਂ।
ਰੋਂਦਿਆਂ ਨੂੰ, ਗ਼ਲ ਨਾਲ ਘੱਟ ਲਾਵੇਂ,
ਲਿੱਬੜਿਆਂ ਨੂੰ ਵੀ, ਲੈ ਗੋਦੀ ਚਾਵੇਂ।
ਕਦੇ ਨਾ ਰਖਦੀਂ,ਦਿਲ ਵਿਚ ਰੋਸੇ॥

ਮਾਂ, ਤੂੰ ਹੈ ਦਿੱਤੀ, ਮੈਂਨੂੰ ਮਾਂ ਬੋਲੀ।
ਫੜਾਕੇ ਉਂਗਲੀ, ਸਿਖਾਇਆ ਖਲੋਨਾ,
ਮੱਮਾਂ ਕਹਿਣਾ, ਪਾਪਾ ਕਹਿ ਬਲੌਣਾ।
ਜਹਾਂ ਦੇਖਣ ਦੀ,ਖਿੜਕੀ ਖੋਲੀ॥

ਮਾਂ, ਤੂੰ ‘ਮਾਂਵਾਂ’ ਦੀ ਮਾਂ ,ਜੁਲਮ ਝੱਲਦੀ।
ਤੇਰਾ ਅਹਿਸਾਨ ਪੁਤਰ,ਭੁਲ ਜਾਵਣ,
ਜੰਮਣ ਤੋਂ ਪਹਿਲਾਂ,ਮਾਰ ਮੁਕਾਵਣ।
ਲੰਮੀਂ ਕਥਾ ਹੈ,ਇਸ ਛਲਬਲ ਦੀ॥

28/05/2013

 

ਬੇਕਾਬੂ ਮਸਤ ਹਾਥੀ, ਮਿੱਧਦੇ ਫ਼ੁੱਲ ਕਲੀਆਂ,
ਕਾਮ ਮੱਤੇ ਰਾਖ਼ਸਸ, ਘੁੱਮ ਰਹੇ ਚੰਘਿਆੜਦੇ।
ਇਹ ਦਰਿਂਦੇ, ਆਜ਼ਾਦ ਘੁੱਮਦੇ ਆਕਾਸ਼ ਵਿਚ,
ਬੇਖੌਫ ਖੂਨੀ ਸਿ਼ਕਰੇ, ਬੋਟ ਚਿੜੀਆਂ ਮਾਰਦੇ॥
ਇਹ ਆਵਾਰਾ ਕੁੱਤੇ, ਨ੍ਹੇਰੇ ‘ਚ ਚੌਂਕਦੇ ਗਿੱਦੜ,
ਹਲਕਾਏ ਫਿਰਨ, ਜੀਵ ਜੰਤੂ ਮਾਰਦੇ, ਡਕਾਰਦੇ॥
ਉੱਜੜਦਾ ਲਗਦਾ ਹੈ, ਹੁਣ ਇਹ ਸਾਡਾ ਚਮਨ,
ਕਦੋਂ ਤਕ ਵੇਖੋਗੇ, ਹੁੰਦੇ ਕੰਮ ਇਹ ਨਿਘਾਰ ਦੇ॥
ਬਣ ਬੈਠੇ ਠੱਗ ਲੁਟੇਰੇ, ਧਰਮ ਦੇ ਰਖਵਾਲੇ ਸੰਤ,
ਰੱਬਘਰ ਵੀ ਅੱਡੇ ਨੇ, ਨਫ਼ਰਤ ‘ਤੇ ਬਿਓਪਾਰ ਦੇ॥
ਮੁਛਕਿਆ ਪਾਣੀ, ਹਵਾ ‘ਚ ਵੀ ਘੁਲ ਗਈ ਜ਼ਹਿਰ,
ਵਰ੍ਹਦੇ ਬੱਦਲ ਆਕਾਸ਼ ‘ਤੋਂ ਅੱਗ ਦੀ ਬੁਛਾਰ ਦੇ॥
ਹੈ ਕੋਈ ਰਹਿਬਰ,ਜੋ ਹੁਣ ਸਾਡੀ ਅਰਜੋਈ ਸੁਣੇ,
ਆ ਸਾਂਭੇ ਚਮਨ, ਆਵਣ ਦਿਨ ਫਿਰ ਬਹਾਰ ਦੇ॥

28/05/2013

ਨਾ ਦਵਾ ਦਾ ਅਸਰ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਨਾ ਦਵਾ ਦਾ ਅਸਰ ਹੈ, ਨਾ ਦੁਵਾ ਦਾ ਅਸਰ ਹੈ।
ਮਹਿਬੂਬ ਦੀ ਨਜ਼ਰ,ਨਾ ਦਿਲਰੁਬਾਂ ਦਾ ਅਸਰ ਹੈ॥

ਸ਼ਾਇਦ ਮੇਰੇ ਹੀ ਇਕਮਾਦ ਦਾ, ਹੈ ਇਹ ਕਸੂਰ,
ਮੇਰੇ ਆਪਣੇ ਹੀ ਗੁਨਾਹਾਂ ਦਾ,ਇਹ ਬਸ਼ਰ ਹੈ॥

ਗੁਨਾਹਗਾਰ ਘੁਮ ਰਹੇ ਨੇ, ਬੇਖੌਫ ਦਿਨ ਰਾਤ,
ਖ਼ਬਰ ਬੇਗੁਨਾਹਾਂ ਦੀ ਹੀ, ਹੁੰਦੀ ਨਸ਼ਰ ਹੈ॥

ਮਾਂ ਧਰਤੀ ਦਾ ਵਿਹੜਾ, ਕੂੜੇ ਨਾਲ ਭਰਿਆ,
ਗੰਧਲਾ ਕੀਤਾ ਪਾਣੀ, ਨਾ ਛੱਡੀ ਕਸਰ ਹੈ॥

ਹੁਣ ਮਨੁਖਤਾ ਦਾ ਦੁਸ਼ਮਨ, ਆਪੇ ਹੈ ਮਨੁਖ,
ਧਰਮ ‘ਤੇ ਹੁਣ, ਅਧਰਮੀਆਂ ਦੀ ਜਕੜ ਹੈ॥

ਧੀ ਪੁੱਤਰ ਵੀ, ਮਾਂ ਦਾ ਨਿਰਾਦਰ ਕਰ ਰਹੇ,
ਰਿਸ਼ਤਿਆਂ ਤੋਂ ਜਿਆਦਾ, ਪੈਸੇ ਦੀ ਪਕੜ ਹੈ॥

ਮਰਜ਼ ਏਨੀ ਵਧ ਗਈ, ਬੇ ਇਲਾਜ ਹੈ ਮਰੀਜ਼,
ਸ਼ਾਇਦ ਹੁਣ, ਦਵਾ ਤੇ ਦੁਆ ਵੀ ਵੇਸਫਲ ਹੈ॥

15/05/2013

ਬਦਲ ਗਿਆ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਸਮਾਂ ਬਦਲ ਗਿਆ, ’ਤੇ ਬੰਦਾ ਬਦਲ ਗਿਆ।
ਜਿੰਦਗੀ ਬਦਲ ਗਈ, ’ਤੇ ਧੰਦਾ ਬਦਲ ਗਿਆ॥

ਮੌਸਮ ਬਦਲ ਗਏ, ਹਵਾਵਾਂ ਵੀ ਬਦਲੀਆ,
ਪੀਂਘ ਦਾ ਰੰਗ, ਸੱਤ ਰੰਗਾ ਬਦਲ ਗਿਆ॥

ਬਾਗਵਾਂ ਵੀ ਹੁਣ, ਵੇਚਦਾ ਕਾਗਜ਼ ਦੇ ਫੁੱਲ,
ਬਦਲ ਗਈ ਬੁਲਬੁਲ, ਚੰਬਾ ਬਦਲ ਗਿਆ॥

ਨਹੀਂ ਵਗਦੇ ਹਲ, ਨਹੀਂ ਢੋਲੇ ਗੌਂਦੇ ਹਾਲੀ,
ਨਹੀਂ ਰਹੇ ਕਸੀਏ, ਰੰਬਾ ਬਦਲ ਗਿਆ॥

ਕੁੱਤਾ ਨਹੀਂ ਸੁਣਦਾ, ਨਾ ਟਿੰਡਾ ਦਾ ਰਾਗ,
ਆੜਾਂ ‘ਚ ਵਗਦਾ, ’ਜਲਗੰਗਾ’ਬਦਲ ਗਿਆ॥

ਪੀੜੀ ਨਹੀਂ ਰਹੀ ਹੁਣ, ਮਾਂ ਦਾਦੀ ਦਾ ‘ਤੱਖਤ’,
ਨਾ ਰਹੀ ‘ਚਾਰਪਾਈ’ ਮੰਜਾ ਬਦਲ ਗਿਆ॥

ਤੂੰਬੀ ਦੀ ਤਾਰ, ਤੇ ਅਲਗੋਜ਼ੇ ਵੀ ਚੁੱਪ ਨੇ,
ਨਹੀਂ ਬੱਜਦੀ ਸਰੰਗੀ, ਸੁਰੰਗਾ ਬਦਲ ਗਿਆ॥

ਹੁਣ ਰਾਂਝੇ, ਬਾਰਾਂ ਵਰ੍ਹੇ ਚਾਰਨ ਨਾ ਮੱਝੀਆਂ,
ਹੁਸਨ ਦੀ ਸ਼ਮਾਂ ਠੰਡੀ, ਪਤੰਗਾ ਬਦਲ ਗਿਆ॥

ਸੰਤਾਂ ਦੇ ਭੇਸ ਵਿਚ, ਫਿਰਦੇ ਨੇ ਹੁਣ ਲੁਟੇਰੇ
ਧਰਮ ਦੀ ਕਿਰਤ ਦਾ, ਧੰਦਾ ਬਦਲ ਗਿਆ॥,

12/04/2013

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਤਸਵੀਰ ਲੈ ਘੁਮ ਰਿਹਾਂ, ਬਾਜਾਰ ਵਿਚ,
ਕੋਈ ਸੂਰਤ, ਨਾਲ ਤੇਰੇ ਮਿਲਦੀ ਨਹੀਂ॥

ਹਨ ਬੁਲੀਂਆਂ ਤੇ ਹਾਸੇ ‘ਤੇ ਅੱਖੀਂ ਇਸ਼ਾਰੇ,
ਕੋਈ ਸੁਣਦੀ ਗਲ, ਕਿਸੇ ਦਿਲ ਦੀ ਨਹੀਂ॥

ਰੰਗੀਨਗੀ ਹੈ ਇਸ ਚਮਨ ‘ਚ ਹਰ ਖੂੰਜੇ,
ਪਿਆਰ ਦੀ ਕਲੀ,ਕਿਤੇ ਖਿਲਦੀ ਨਹੀਂ॥

ਤੁਰਦਿਆਂ, ਬੀਤ ਗਏ ਨੇ ਯੁਗ ਕਈ,
ਨਜ਼ਰ ਅਓਂਦੀ ਅਜੇ, ਮੰਜਿਲ ਦੀ ਨਹੀਂ॥

ਲਿਸਟ ਲੰਮੀ ਦੋਸਤਾਂ ਦੀ ਵੱਧਦੀ ਗਈ,
ਇੰਟਰੀ ਇਕ ਵੀ,ਜਿਂਦਾ ਦਿਲ ਦੀ ਨਹੀਂ॥

ਲੱਭ ਲਿਆ ਮੈਂ ਹਰ ਖਜ਼ਾਨਾ ‘ਤੇ ਦੌਲਤ,
ਓੁਹ ਗੁਆਚੀ,ਚੀਜ਼’ਅਜੇ ਲੱਭਦੀ ਨਹੀਂ॥

ਵੇਖੋ ਕੂੜ ਦਾ ਪ੍ਰਚਾਰ, ਹੁੰਦਾ ਰਾਤ ਦਿਨ
ਗਲ ਸੁਣੀਦੀ ਅਜਕਲ, ਕਿਸੇ ਚੱਜਦੀ ਨਹੀਂ॥

ਕੀ ਕਰਾਂਗੇ, ਯਾਰਾਂ ਦੀ ਯਾਰੀ ‘ਤੇ ਨਾਜ਼,
ਗਲ ਕਰਦੇ ਜੋ, ਕਦੇ ਦਿਲ ਦੀ ਨਹੀਂ॥

28/03/2013

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਸੀਨੇ ਦੀ ਪੀੜ ਦੇ ਮੈਂ, ਅੱਖਰ ਬਣਾ ਲਏ।
ਫੁੱਲਾਂ ਤੋਂ ਕੂਲੇ ,ਇਹ ਨਸ਼ਤਰ ਬਣਾ ਲਏ॥

ਝੱਖੜ-ਹਨੇਰੀ ਝੁੱਲੀ, ਪਰ ਮੈਂ ਸਬਰ ਕਰ,
ਰਾਹਾਂ ਦੇ ਰੋੜੇ-ਕੰਡੇ, ਬਿਸਤਰ ਬਣਾ ਲਏ॥

ਸਿ਼ਕਵੇ ਗਿਲੇ ਕਰਦੇ, ਆਏ ਜੋ ਭਰੇ ਪੀਤੇ,
ਯਾਰ ਉਹ ਮੈਂ ਅਪਣੇ, ਅਕਸਰ ਬਣਾ ਲਏ॥

ਵਗਦੀ ਹਵਾ ‘ਚ, ਉਡਦੇ ਆਏ ਜੋ ਫੰਵੇ,
ਮਰਹਮ ਜ਼ਖਮਾਂ ਦੀ, ਤਤਪਰ ਬਣਾ ਲਏ॥

ਤੱਕ ਮੋਤੀ ਝਲਕਦੇ,ਫੁੱਲਾਂ ‘ਤੇ ਪਈ ਤ੍ਰੇਲ,
ਮਕਤਾ ਪਰੋ ਗਜ਼ਲ ਦੇ, ਸ਼ੇਅਰ ਬਣਾ ਲਏ॥

ਸਮਝਿਆ ਉਸ ਹੱਤਕ ਨੂੰ, ਹੈ ਬਰਦਾਨ ਮੈਂ,
‘ਹਮ ਪਿਆਲੇ’, ਮੈਖ਼ਾਨੇ ਦੇ ਬਾਹਰ ਬੈਠਾ ਗਏ॥

ਪੀ ਗਿਆ ਮੈਂ ਜਹਿਰ, ਸਮਝਕੇ, ਹੈ ਅਮ੍ਰਿਤ,
ਦਰਦ ਸਾਰੇ ਆਪਣੇ, ਹੱਡੀਂ ਰਚਾ ਲਏ॥

26/03/2013

 

 
 
 

ਯਾਦ

ਚਲੇ ਗਏ ਸੀ ਤੂਸੀਂ, ਕਿਉਂ ਦਿਲ ਲੈ ਗਏ ਮੇਰਾ,
ਭਾਲ ਵਿਚ ਇਸਦੀ,ਪਿਆਰ ਕਰਦਾ ਰਹਾਂਗਾ ਮੈਂ।

ਲੁੱਟ ਗਏ ਇਸ ਮੁਰੀਦ ਕੋਲ, ਕੀ ਹੋਰ ਜੋ ਦੇ ਸਕਾਂ,
ਸੰਗ ਨਗਮੇ, ਸੇ਼ਅਰ, ਇਜ਼ਹਾਰ ਕਰਦਾ ਰਹਾਂਗਾ ਮੈਂ।

ਭਾਲਦਾ, ਭੁੱਲ ਭੁਲਾਂਦਾ, ਪੁੱਜਾਂਗਾ ਦਰ ਤੇਰੇ ਇਕ ਦਿਨ,
ਲੰਘ ਜੰਗਲ ਬੇਲੇ ਪਰਬਤ, ਝਨਾ ਤਰਦਾ ਰਹਾਂਗਾ ਮੈਂ।

ਪਿਆਸਾ ਹਾਂ, ਪਪੀਹੇ ਤਰਾਂ, ਲੱਭਦਾ ਰਹਾਂਗਾ ‘ਬੂੰਦ’,
ਸਬਰ ਨੂੰ ਜਾਣ ਅਮ੍ਰਿਤ , ਘੁੱਟ ਭਰਦਾ ਰਹਾਂਗਾ ਮੈਂ।

ਲੋਕ ਸਮਝਣਗੇ ਹੈ ਪਾਗਲ, ’ਤੇ ਪੱਥਰ ‘ਮੋਤੀ’ ਨਹੀਂ,
ਰੱਖਕੇ ਦਿਲ ‘ਤੇ ਪੱਥਰ, ਸਭ ਜਰਦਾ ਰਹਾਂਗਾ ਮੈਂ।

ਕਿਵੇਂ ਮੁੱਕ ਸਕਦੀ ਹੈ ਯਾਦ, ਪੀਕੇ ਸਬਰ ਦਾ ਘੁੱਟ,
ਸੌ ਵਾਰ ਮਰਕੇ ਵੀ ਜੀਵਾਂਗਾ, ਮਰਦਾ ਰਹਾਂਗਾ ਮੈਂ।

ਸੁਣੋਗੇ ਕਬ਼ਰ ਵਿਚੋਂ ਵੀ, ਪਿਆਰ ਦੀ ਇਹ ਆਵਾਜ਼,
‘ਤੂੰ ਪਿਆਰਾ ਸੀ, ਪਿਆਰਾ ਹੈਂ, ਕਰਦਾ ਰਹਾਂਗਾ ਮੈਂ।

ਜੇ ਮਿੱਟੇ ਦੁਨੀਆਂ ਪਰਲੋ ਦੇ ਦਿਨ, ਨਾਂ ਮਿਟਾਂਗਾ ਮੈ,
ਨਾ ਆ ਮਿਲੋਗੇ ਜਦ ਤਕ, ਯਾਦ ਕਰਦਾ ਰਹਾਂਗਾ ਮੈਂ॥

(08/01/2013)

ਚਲਾ ਗਿਆ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਮਹਿਫਲ ਦਾ, ਬਾਦਸ਼ਾਹ ਚਲਾ ਗਿਆ।
ਸੱਚ ਮੰਡਲੀ ਦਾ, ਰਹਿਨੁਮਾ ਚਲਾ ਗਿਆ।

ਸੀ ਬੋਲ ਜਿਸਦੇ ਮਿੱਠੇ, ਵੰਡਦੇ ਮਿਠਾਸ,
ਅਦਬ ਦੀ ਚੜ੍ਹਦੀ, ਸੁਵ੍ਹਾ ਚਲਾ ਗਿਆ।

ਰਾਜਨੀਤੀ ਦੇ ਕੂੜ ਨਾਲ, ਭਰੀ ਬੇੜੀ,
ਡੁਬਦੀ ਬਚੌਂਦਾ, ਮਲਾਹ ਚਲਾ ਗਿਆ।

ਸੀ ਮਹਿਫਲਾਂ ਦੀ ਰੌਣਕ, ਯਾਰਾਂ ਦਾ ਯਾਰ,
ਜਸ਼ਨਾਂ ਦੇ ਜਾਮ ਦਾ, ਸਿਲਸਲਾ ਚਲਾ ਗਿਆ।

ਖਿੜਦੇ ਸੀ ਚਿਹਰੇ, ਵੇਖ ਓਸਦੀ ਮੁਸਕਰਾਹਟ,
ਪੀੜ ਕਿਵੇਂ, ਲੋਕਾਂ ਦੀ ਭੁਲਾ ਚਲਾ ਗਿਆ।

ਚਿਰਾਗ ਸੀ ਉਹ, ਸੀ ਰੋਸ਼ਨੀ ਹੀ ਰੋਸ਼ਨੀ,
ਕੌਣ ਦਰਿੰਦਾ, ਜੋ ਇਸਨੂੰ ਬੁਝਾ ਚਲਾ ਗਿਆ।

ਮਾਂ ਬੋਲੀ ਪੰਜਾਬੀ ਦਾ, ਉਹ ਪੁਜਾਰੀ ਸੀ ਸੱਚਾ,
ਖੇਡਾਂ ਦਾ ਆਸ਼ਕ, ਸਾਹਿਤ ਦੀ ਕਲਾ ਚਲਾ ਗਿਆ।

ਕਿਵੇਂ ਭੁੱਲ ਸਕਦੇ ਯਾਰ, ਤੇਰੇ ਵਰਗੀ ਯਾਰੀ,
ਜਗਦਾ ਰਹੇਗਾ ਚਿਰਾਗ, ਜੋ ਤੂੰ ਜਲਾ ਚਲਾ ਗਿਆ॥

(08/01/2013)

ਰੱਬ ਨਹੀਂ ਵਸਦਾ ਏਥੇ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਲੁੱਟ ਕਿਰਤੀ ਦੀ ਕਿਰਤ, ਉਸਾਰੇ ਗਿਰਜੇ, ਰੱਬ ਨਹੀਂ ਵਸਦਾ ਏਥੇ।
ਰਹਿਮਤਾਂ ਦਾ ਪਾ ਭੁਲੇਖਾ, ਰੱਬ ਦਾ ਨਿਕਟੀ ਬਣ, ਝੂਠ ਪਾਦਰੀ ਵੇਚੇ॥
ਮੇਰੇ ਸ਼ਾਹ ਜੇ ਰੱਬ ਨੂੰ ਮਿਲਨਾ, ਦਮ ਦਮ ਕਰਲੈ ਚੇਤੇ।
ਬਈ ਰੱਬ ਨਹੀਂ ਵਸਦਾ ਏਥੇ॥

ਉਹ ਠਹਿਰਦਾ ਲਾਲੋ ਦੇ ਘਰ, ਟੁੱਕਰ ਖਾਂਦਾ ਸੁੱਕੇ।
ਨਾ ਉਹ ਰੀਝੇ ਧਨ ਦੌਲਤ, ਨਾ ਜਾਤਿ ਕਿਸੇ ਦੀ ਪੁੱਛੈ।
ਝੂਠੇ ਪਾਠਾਂ ਨੂੰ ਸੁਣ ਨਾਂ ਰੀਝੇ ,ਨਾਂ ਮੰਨੇ ਨਾਂ ਰੁਸੇ।
ਮੇਰੇ ਸ਼ਾਹ ਉਹ ਸਭਦਾ ਬਾਲੀ, ਭਾਂਵੇਂ ਬੰਦੇ ਭਾਂਵੇ ਕੁੱਤੇ।
ਬਈ ਰੱਬ ਨਹੀਂ ਵਸਦਾ ਏਥੇ॥

ਕਿਉਂ ਕੁੱਟਦੇ ਹੋ ਢੋਲ ਨਗਾਰੇ,ਕਉਂ ਖੜਕਾਵੋਂ ਛੈਣੇ।
ਖ਼ੀਰ ਪੂੜਿਆਂ ਨਜ਼ਰ ਨਾ ਮਾਰੇ, ਬੇਰ ਭੀਲਣੀ ਲੈਣੇ।
ਛੱਡ ਪਾਖੰਡ ਰਸਤੇ ਪੈ ਜਾ, ਸੱਚ ਦੇ ਪਾ ਲੈ ਗਹਿਣੇ।
ਵੇਖੀਂ ਖੁੰਜ ਨਾ ਜਾਵੇ ਵੇਲਾ, ਲਗ ਯਾਰਾ ਤੂੰ ਕਹਿਣੇ।
ਰੱਖ ਯਾਰਾਂ ਨੂੰ ਚੇਤੇ।
ਬਈ ਰੱਬ ਨਹੀਂ ਵਸਦਾ ਏਥੇ॥

ਬੰਦਾ ਜੇ ਬੰਦਾ ਹੀ ਬਣ ਜਾਏ, ਸੋਚੇ ਨਾ ਬੋਲੇ ਮੰਦਾ।
ਚਹੁ ਪਾਸੀਂ ਮੁਹੱਬਤ ਵੰਡੇ, ਕਰੇ ਨੇਕ ਕਮਾਈ ਧੰਦਾ।
ਮੰਨ ਭਾਂਣਾ, ਕੁਦਰਤ ਦੀ ਰਹਿਮਤ, ਫਿਰ ਚੰਗਾ ਹੀ ਚੰਗਾ।
ਮੇਰੇ ਸ਼ਾਹ ਇਹ ਜੂਨ ਮਨੁੱਖੀ, ਵਾਰ ਵਾਰ ਨਹੀਂ ਥਿਉਣੀ,
ਬਈ ਤੈਂ ਕਿਸਮਤ ਆਪ ਬਨਾਉਣੀ॥

ਉੱਠੀ ਛੱਲ ਸਮੁੰਦਰ ਪਿਂਡੇ, ਫਿਰ ਪਾਣੀ ਵਿਚ ਸਮਾਵੇ।
ਲਿਸ਼ਕਾਂ ਮਾਰ ਬੁਲਬੁਲਾ ਉਠਿਆ, ਦੋ ਪਲ ਵਿਚ ਮੋ ਜਾਵੇ।
ਲੈ ਮੁਕਾ ਚਾਣਨ ਵਿਚ ਪੈਂਡਾ, ਚੰਨ ਚੜਿਆ ਛੁਪ ਜਾਵੇ।
ਖੁੰਜ੍ਹਾ ਵੇਲਾ ਹੱਥ ਨਾ ਆਵੇ, ਕਰ ਹਰ ਦਮ ਰੱਬ ਨੂੰ ਚੇਤੇ॥
ਬਈ ਰੱਬ ਨਹੀਂ ਵਸਦਾ ਏਥੇ॥ ਬਈ ਰੱਬ ਨਹੀਂ ਵਸਦਾ ਏਥੇ॥

10/01/2013

ਸ਼ਹੀਦ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਮੌਤ ਮੇਰੀ, ਹੋ ਸਕਦੀ ਹੈ, ਪਰ,
ਇਹ, ਜਿੰਦਗੀ ਹੈ ਕੌਮ ਦੀ।
ਛੁੱਪ ਸਕਦਾ ਸੂਰਜ, ਸ਼ਾਮ ਵੇਲੇ,
ਉੜੀਕ ਰਖਣੀ, ਫਿਰ ਸਵੇਰ ਆਵੇਗੀ ਜਰੂਰ॥

ਚੁੱਪ ਛਾ ਜਾਏਗੀ, ਹਨੇਰਾ ਘੁੱਪ ਹੋਵੇਗਾ।
ਚਹਿਚਹਾਓਂਦੇ ਪੰਛੀਆਂ ਦਾ ਰਾਗ,
ਨਾ ਸੁਣੋਗੇ, ਚੁੱਪ ਹੋਵੇਗਾ॥

ਪਹੁ ਫੁਟੇਲੇ, ਸੂਹਾ ਲਾਲ ਰੰਗਾ ਊਜਾਲਾ,
ਪੂਰਵ ਦੀ ਗੋਦੀ ‘ਚੋਂ ਉਠੇਗਾ।
ਚਮਗਿੱਦੜਾਂ ਨੇ ਮੂੰਹ ਛੁਪਾਕੇ ਲੁਕ ਜਾਣਾਂ,
ਦਿਲਾਂ ਦੇ ਹਨੇਰਿਆਂ ਦਾ, ਜ਼ਾਲ ਟੁੱਟੇਗਾ॥

ਇਹ ਪ੍ਰਭਾਤ ਜਗਾ ਸਕੇਗੀ,ਸੁੱਤੀ ਜੁਆਨੀ ਦੀ ਰੂਹ।
ਉਹ ਹੁਸੀਨਾ, ਨਾਮ ਜਿਸਦਾ ‘ਆਜਾਦੀ’,
ਦਸਤਕ ਕਰੇਗੀ ਸਾਡੀ ਬਰੁਹ॥

ਮੇਰੇ ਖੂਨ ਦੇ ਛਿਟਿਆਂ ਦੇ, ਹਰ ਨਿਸ਼ਾਨ ਵਿਚੋਂ,
ਇਕ ਇਨਕਲਾਬ਼ ਉਠੇਗਾ।
ਨੌਜੁਆਨਾਂ ਦੇ ਰੋਹ ਦਾ ਲਾਵਾ
ਇਕ ਹੜ ਬਹਿ ਤੁਰੇਗਾ,
ਸਾਮਰਾਜ ਦੀ ਜੜ ਪੱਟੇਗਾ॥

ਵਧਦਾ ਰਹੇਗਾ ਇਹ ਹਜੂਮ,
ਹੱਕ ‘ਤੇ ਸੱਚ ਦੇ ਨਾਰ੍ਹੇ, ਗੂੰਜ ਉਠਣਗੇ।
ਨਵੀਂ ਪੁਲਾਂਗ ਪੁੱਟਣਗੇ॥

ਜੂਝਨ ਦਾ ਚਾਅ, ਸੰਗਰਾਮ ਬਣ ਉਠੇਗਾ।
ਮਹਿਬੂਬ ਆਜਾਦੀ ਦਾ ਘੂੰਡ,
ਚੁੱਕਣ ਦੀ ਚਾਹ ਊਪਜੇਗੀ,
ਇਕ ਤੂਫਾਨ ਬਣਕੇ, ਇਕ ਜੁਬਾਨ ਬਣਕੇ,
ਹਰ ਇਕ ਦੇਸ਼ ਵਾਸੀ, ਮਰਦ ਔਰਤ,
ਹਰ ਮਜ਼ਦੂਰ ,ਕਿਸਾਨ ਜੁੱਟੇਗਾ॥

ਸ਼ਹੀਦ, ਕੁਰਬਾਨੀ ਦਾ ਪ੍ਰਣ ਕਰ,
ਨਿਰਭੈ ਹੋ ਫਾਂਸੀ ਦਾ ਰੱਸਾ, ਚੁੰਮਣਗੇ।
ਇਹ ਰੱਸੀ ਤਿਲਕ ਜਾਵੇਗੀ,
ਸ਼ਹੀਦਾਂ ਦੀ ਫੋਲਾਦੀ ਰਗਾਂ ਦੀ ਛੋਹ,
ਜੁਲਮ ਦੀ ਤਲਵਾਰ ਮੁਰਝਾ ਜਾਵੇਗੀ,
ਮੁਰਝਾਏ ਫੁੱਲਾਂ ਤਰਾਂ, ਸ਼ਰਮਾ ਜਾਵੇਗੀ,
ਕਾਤਿਲ ਦੇ ਤੌਰ ਘੁੰਮਣਗੇ॥

ਪਿੰਜਰੇ ‘ਚੋਂ ਉਡੇ ਆਜ਼ਾਦ ਪੰਛੀ,
ਅਸਮਾਨ ਵਿਚ ਉਡਾਰੀਆਂ ਭਰਨਗੇ।
ਸ਼ਹੀਦਾਂ ਦੀ, ਜੈ ਜੈਕਾਰ ਕਰਨਗੇ।
ਖੂੰਨ ਨਾਲ ਸਿਂਜੀ ਮਾਂ ਧਰਤੀ, ਫਿਰ ਮੁਸਕਰਾ ਸਕੇਗੀ।
ਮੇਰੀ ਸਮਾਧ ‘ਤੇ ਇਕ ਫੁੱਲ ਰੱਖੇਗੀ॥

21/01/2013

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਨਾ ਰਿਹਾ ਗਿਲਾ, ਜਾਂ ਤੂੰ ਅਪਨਾ ਲਿਆ।
ਸੱਚ ਹੈ ਕਿ, ਸੱਚ ਨੂੰ ਮੈ ਅੱਜ ਪਾ ਲਿਆ।
ਚਿਰਾਂ ਦੇ ਰੋਗੀ ਨੂੰ, ਮਸੀਹਾ ਮਿਲ ਗਿਆ,
ਲਾਕੇ ਸੀਨੇ ਮੈਂਨੂੰ, ਜਦ ਤੂੰ ਗਰਮਾ ਲਿਆ।
ਬੁੱਝ ਗਈ ਪਿਆਸ, ਪੀਕੇ ‘ਜਾਮੇ ਨਜ਼ਰ’
ਚਿਰਾਂ ਤੋਂ ਪਿਆਸਾ ਸੀ, ਤਪਿਆ ਪਿਆ।
ਯਾਰਾਂ ਦਾ ਦੀਦ ਹੁੰਦਾ, ਮੰਜਿਲ ਦਾ ਪੜਾ,
ਰਾਹ ਸੁਖਾਲੇ ਮਿਲੇ ਜੀਵਨ ਦੀ ਦਿਸ਼ਾ।
ਕੌਣ ਹੈ ਮਿੱਤਰ ਆਪਣਾ, ਕੌਣ ਦੁਸ਼ਮਨ,
ਰਾਹ ਪਿਆਂ ਜਾਂ ਬਾਹ ਪਿਆਂ, ਲਗੇ ਪਤਾ।
ਸੀ ਹਨੇਰ, ਮੇਰੇ ਜਿੰਦਗੀ ਦੇ ਮਹਿਲ ਵਿਚ,
ਇਕੋ ਚਿਣਗ, ਪਿਆਰ ਦੀ ਰੁਸ਼ਨਾ ਲਿਆ।
ਆਈ ਬਹਾਰ, ਵਰਸੀ ਰਹਿਮਤ ਦੀ ਕਣੀ,
ਭਰਮਾਕੇ ਕਲੀਆਂ, ਭੰਵਰਿਆਂ ਨੇ ਗਾ ਲਿਆ।
ਬਣਾਵੋਂ ਜਦ ਆਪਣਾ, ਪਰਾਇਆ ਦੋਸਤੋ,
ਰੁਤਵਾ ਮਨੁੱਖਤਾ ਦਾ, ਸਮਝੌ ਪਾ ਲਿਆ।

25/01/2013

ਤੇਰੀ ਨਜ਼ਰ ਨੂੰ
 ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਆ ਮੈਂ ਤੇਰੀ ਨਜ਼ਰ ਨੂੰ, ਕੁਝ ਤਾਂ ਨਜ਼ਰ ਕਰ ਸਕਾਂ।
ਅਤੇ ਸਂਵਾਰਾਂ ਜੁਲਫ, ਮਾਂਗ ‘ਚ ਸੰਧੂਰ ਭਰ ਸਕਾਂ॥

ਚਾਹ ਮੇਰੀ ਹੈ ਇਹ, ਕੁਝ ਦੇ ਸਕਾਂ, ਕੁੱਝ ਲੈ ਸਕਾਂ,
ਦਰਦ ਸਾਰੇ ਜਗਤ ਦਾ, ਇਕੱਲਾ ਹੀ ਜਰ ਸਕਾਂ॥

ਕੀ ਕਰਾਂਗਾ ਸਾਂਭ, ਮੁਹੱਬਤ ‘ਤੇ ਦੌਲਤ ਦੀ ਪੰਡ,
ਸੁਰਖ਼ੁਰੂ ਹੋਵਾਂ, ਕਿਸੇ ਦੀ ਲੋੜ ਪੂਰੀ ਕਰ ਸਕਾਂ॥

ਪੀ ਲਵਾਂਗਾ ਪੀੜ ਦੀ ਪੀੜਾ, ਜੇਕਰ  ਪੀ ਸਕਾਂ,
‘ਤੇ ਤਸੀਹੇ ਯਾਰ ਲਈ, ਸਾਰੇ ਦੇ ਸਾਰੇ ਜਰ ਸਕਾਂ॥

ਭਰਾਂ ਸਾਹਾਂ ’ਚ ਸਾਹ, ਦੇਕੇ ਸਾਹ ਉਧਾਰੇ ਆਪਣੇ,
ਮੋਈ ਇਨਸਾਨੀਅਤ ਨੂੰ, ਮੁੜ ਜਿਓੁਂਦਾ ਕਰ ਸਕਾਂ॥

ਚਿੱਤਰ ਸਕਾਂ ਸਮੇਂ ਦੇ, ਪਿੰਡੇ ਤੇ ਮੁਹੱਬਤ ਦੀ ਕਲਾ,
ਸਰਘੀ ਦੇ ਰੰਗ, ਸ਼ਾਮਾਂ ਦੇ ਮੁਖੜੇ ‘ਤੇ ਭਰ ਸਕਾਂ॥

ਆਪ ਜਾਗਾਂ, ‘ਤੇ ਜਗਾਵਾਂ, ਹਰ ਮਨੁੱਖ ਦੀ ਚੇਤਨਾ,
ਸਾਮ੍ਹਨੇ ਜੁਲਮ ਦੇ, ਮੈਂ ਦੀਵਾਰ ਬਣਕੇ ਖੱੜ ਸਕਾਂ॥

ਪਤਝੜ ਦੀਆਂ ਪੱਤੀਆਂ ਨੂੰ, ਉਡਾ ਲੈ ਗਈ ਹਵਾ,
ਇਨ੍ਹਾਂ ਉਦਾਸ ਟਾਣ੍ਹੀਆਂ ‘ਤੇ, ਹਰਿਆਵਲ ਭਰ ਸਕਾਂ॥

ਅਖੀਰ ਮੇਰੀ ਚਿਤਾ ਦੀ ਰਾਖ ‘ਚੋ ਉਡੇਗਾ ਫ਼ਲੂਸ,
ਪਰਾਂ ਵਿਚ ਉਸਦੇ ਵਿਸ਼ਵਾਸ ਦੀ, ਰੁਹ ਭਰ ਸਕਾਂ॥

31/01/2013

ਹੰਸਾਂ ਦਾ ਹੰਸ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਸੁਣੋ ਪੰਜਾਬੀ ਦੋਸਤੋ, ਦਿਲ ਦੀ ਗਲ ਸੁਣਾਂਵਾਂਗਾ ਮੈਂ।
ਹੁਣ ਰਾਜਨੀਤੀ ਨੂੰ ਵੀ, ਸੰਗੀਤ ਵਿਚ ਗਾਵਾਂਗਾ ਮੈਂ॥

ਮੇਰਾ ਸੰਗੀਤ, ਮੇਰੇ ਗੀਤ, ਸੁਣ ਸਕੋਗੇ ਹੁਣ ਮੁਫ਼ਤ,
‘ਵੋਟ ਦੇਵੋ, ਵੋਟ ਦੇਵੋ’ ਕਹਿਂਦਾ, ਢੋਲ ਵਜਾਵਾਂਗਾ ਮੈਂ॥

ਬਾਦਲਕਿਆਂ ਦੀ ਹੋਈ ਮੇਹਰ,’ਤੇ ਗੁਰੂ ਦੀ ਕਿਰਪਾ,
ਜੋ ਵੀ ਸਰਦਾ ਬਣਿਆ ਫੰਡ, ਅਰਦਾਸ ਕਰਵਾਵਾਂ ਮੈਂ॥

ਸ਼ਹਿਰਾਂ ਦੀ ਗਲੀਆਂ‘ਚ, ਵਜੇਗਾ ਆਰਕੈਸਟਾ ਮੇਰਾ,
ਜੱਥੇਦਾਰਾਂ ਨੂੰ ਨਾਲ ਲੈਕੇ, ਪਿਂਡਾਂ ‘ਚ ਜਾਵਾਂਗਾ ਮੈਂ॥

ਲੋੜ ਪਈ ਤਾਂ, ਅਮ੍ਰਿਤ ਖੰਡੇ ਬਾਟੇ ਦਾ ਛਕ ਲਵਾਂਗਾ,
ਬੋਲੇ ਸੋ ਨਿਹਾਲ ਗੱਜਕੇ ਜੈਕਾਰੇ, ਬੁਲਾਵਾਂਗਾ ਮੈਂ॥

ਮੇਰੀ ਚੋਣ ਰੈਲੀ, ਹਰ ਮੁੰਡਾ ਕੁੜੀ ਯਾਦ ਕਰਸੀ,
ਬਿਨਾਂ ਸੱਦੇ, ਮੁਫਤ, ਹਰ ਮਹਿਫਲ ‘ਚ ਗਾਵਾਂਗਾ ਮੈਂ॥

ਰਾਜਨੀਤੀ ਦੇ ਰਾਗਾਂ ‘ਚ ਹੋਵਣਗੇ ਸੁਰ ਸੰਗੀਤ ਦੇ,
ਨਵੀਂਆਂ ਸੁਰਾਂ, ‘ਤੇ ਨਵੀਂਆਂ ਤਰਜਾਂ ਬਣਾਵਾਂਗਾ ਮੈਂ॥

ਇਨ੍ਹਾਂ ‘ਬਾਦਲ’ ਦੇ ਬੱਦਲਾਂ ਨੇ ਹੈ, ਕਰਨੀ ਵਰਖਾ,
ਫੰਡਾਂ ਵਿਚ ਆਪਣਾ ਹਿੱਸਾ , ਹੱਸਕੇ ਪਾਵਾਂਗਾ ਮੈਂ॥

ਸੂਰੀਲੇ ਮੇਰੇ ਭਾਸ਼ਨ , ਸੁਰਾ ‘ਤੇ ਰਾਗਾਂ ਵਿਚ ਸੁਣੋ,
ਗਾ ਵਿਚ ਅਸੈਂਬਲੀ, ਨਵੀਂ ਪਿਰਤ ਪਾਵਾਂਗਾ ਮੈਂ॥

ਮੇਰੇ ਗੀਤ ਸੁਣਕੇ, ਕਾਮਰੇਡ ਵੀ ਚੁੱਪ ਹੋ ਜਾਣਗੇ,
ਦੇਕੇ ਭਾਜ ਚੋਣਾਂ ’ਚ, ਕਾਂਗਰਸੀ ਹਰਾਵਾਂਗਾ ਮੈਂ॥

 ਆਓ, ਮੁਫ਼ਤ ਸੁਣੋ ਮੇਰੇ ਗੀਤ,’ ਤੇ ਪਾਵੋ ਵੋਟਾਂ,
ਕੀਤਾ ਅਹਿਸਾਨ ਨਾ ਕਦੇ, ਭੁਲਾਂਵਾਗਾ ਮੈਂ॥

ਹਾਰਿਆ ਹੰਸ
ਹਾਏ, ਮੇਰੇ ਰਾਜਨੀਤੀ ਦੇ ਸਾਜ ਟੁੱਟ ਗਏ।
ਸੀ ਲੁੱਟਦੇ ਅਸੀਂ, ਹੁਣ ਆਪ ਲੁੱਟ ਗਏ॥

ਪਹਿਲਾਂ ਟਿਕਟ ਦਾ, ਫਿਰ ਵੋਟਾਂ ਦਾ ਮੁੱਲ,
ਲੋਕਾਂ ਦੀ ਭੀੜ’ਚ, ਮੇਰੇ ਦਮ ਘੁੱਟ ਗਏ॥

ਕਰਕੇ ਰਿਆਜ਼, ਇਕੱਠੇ ਕੀਤੇ ਸੀ ਦਮੜੇ,
ਰਾਜਨੀਤੀ ਦੇ ਜੂਏ ‘ਚ ਸਾਰੇ ਲੁੱਟ ਗਏ॥

ਚਾਹ ਸੀ, ਰਾਜਨੀਤੀ ਨੂੰ ਨਵਾਂ ਰੰਗ ਦੇਵਾਂ,
ਟੁੱਟ ਗਏ ਸਾਜ, ਤੂੰਬੀ ਦੇ ਤੰਦ ਟੁੱਟ ਗਏ॥

ਮੁਫ਼ਤ ਗੀਤ ਗਾਏ, ’ਤੇ ਵੰਡੀ ਵੀ ,ਅੰਗੂਰੀ,
ਲੋਕਾਂ ਨਾਲ ਮਿਲਾਂਦੇ, ਮੇਰੇ ਹੱਥ ਥੱਕ ਗਏ॥

ਆਖਿਰ ਇਹ ਨਸੀਹਤ, ਦੇਂਦਾ ਹਾਂ ਲੋਕੋ,
ਚੰਗਾ ਹੈ ਬੰਦਾ, ਰਾਜਨੀਤੀ ਤੋਂ ਬਚ ਰਹੇ॥

ਕਲਾ ਨੂੰ ਤਿਆਗ ਨਾ, ਕਰਿਓ ਰਾਜਨੀਤੀ,
ਲੁੱਟੇ ਜਾਵੋਗੇ ਨਾਂ ਕੁੱਲੀ ‘ਤੇ ਕੱਖ ਰਹੇ॥
08/02/2013


ਸ਼ਿਵਚਰਨ ਜੱਗੀ ਕੁੱਸਾ

ਇੱਕ ਪ੍ਰਣਾਮ ਤੇਰੇ ਨਾਮ
ਸ਼ਿਵਚਰਨ ਜੱਗੀ ਕੁੱਸਾ, ਲੰਡਨ

ਭਗਤੀ ਅਤੇ ਸ਼ਕਤੀ,
ਤਪੱਸਿਆ ਅਤੇ ਬਲੀਦਾਨ,
ਮੁਹੱਬਤ ਦੇ ਹੀ ਤਾਂ ਅਰਥ ਨੇ...!
ਇੱਕ-ਦੂਜੇ ਦੀ ਇਬਾਦਤ, ਆਪਣੀ ਭਗਤੀ ਹੈ!
ਇਕ-ਦੂਜੇ ਦਾ ਸਾਥ, ਆਪਣੀ ਸ਼ਕਤੀ ਹੈ!
ਇੱਕ-ਦੂਜੇ ਲਈ ਤੜਪ, ਆਪਣੀ ਤਪੱਸਿਆ,
....ਅਤੇ ਇੱਕ-ਦੂਜੇ ਤੋਂ ਦੂਰੀ,
ਆਪਣਾ ਬਲੀਦਾਨ ਹੀ ਤਾਂ ਹੈ...?
ਕਹਿੰਦੇ ਨੇ ਕਿ ਅੱਖਾਂ ਤੋਂ ਦੂਰ ਹੋਣ ਨਾਲ਼,
ਬੰਦਾ ਦਿਲ ਤੋਂ ਵੀ ਦੂਰ ਹੋ ਜਾਂਦੈ...?
ਪਰ ਮੈਂ ਇਸ ਬੇਹੂਦੇ ਕਥਨ ਨੂੰ
ਮੁੱਢੋਂ ਨਿਕਾਰਦਾ ਹਾਂ!
ਤੂੰ ਤਾਂ ਸਦਾ ਮੇਰੀ ਰੂਹ ਅੰਦਰ,
ਦਿਨੇ ਸੂਰਜ ਵਾਂਗ
ਅਤੇ ਰਾਤ ਨੂੰ
ਕਿਸੇ ਦੀਪ ਵਾਂਗ ਬਲ਼ ਰਹੀ ਹੈਂ!!

27/07/2013

ਜਿੰਦ ਮੇਰੀਏ...!
ਸ਼ਿਵਚਰਨ ਜੱਗੀ ਕੁੱਸਾ, ਲੰਡਨ

ਜਿਹੜੀ ਮੁਹੱਬਤ ਨੂੰ ਤੂੰ ਫ਼ੂਕ ਮਾਰ ਕੇ
ਦੀਵੇ ਵਾਂਗ ਬੁਝੀ ਸਮਝ ਲਿਆ,
ਉਸ ਮੁਹੱਬਤ ਨੂੰ
ਬੁਝੀ ਸਮਝਣਾ ਤਾਂ ਤੇਰਾ ਇੱਕ, ਬੱਜਰ ਭਰਮ ਸੀ!!
ਉਹ ਮੁਹੱਬਤ ਤਾਂ ਲਟਾ-ਲਟ ਜਗ ਰਹੀ ਹੈ
ਕਿਸੇ ਲਾਟ ਵਾਂਗ
...ਤੇ ਸਦੀਵੀ ਜਗੂਗੀ ਮੇਰੇ ਹਿਰਦੇ ਅੰਦਰ…!
ਫ਼ੂਕਾਂ ਨਾਲ਼ ਵੀ ਕਦੇ
ਪਾਕ-ਪਵਿੱਤਰ ਤੇ ਸੱਚੀ-ਸੁੱਚੀ ਮੁਹੱਬਤ ਦੇ
ਚਿਰਾਗ ਬੁਝੇ ਨੇ ਜਿੰਦ ਮੇਰੀਏ…?
........
ਚਾਹੇ ਆਪਣੀ ਮੁਹੱਬਤ ਦੀ ਉਮਰ
ਲੋਹੜੀ ਤੋਂ ਇੱਕ ਦਿਨ ਪਹਿਲਾਂ ਜੰਮੇਂ
ਬਾਲ ਜਿੱਡੀ ਹੀ ਸੀ,
ਪਰ ਮੇਰੀ ਝੋਲ਼ੀ ਬਹੁਤ ਕੁਝ ਪਾਇਆ ਤੂੰ,
ਤੇ ਕਰ ਦਿੱਤਾ ਮੈਨੂੰ ਮਾਲਾ-ਮਾਲ!
ਚਾਹੇ ਤੂੰ ਹਮੇਸ਼ਾ ਚਿਤਾਰਦੀ ਰਹੀ ਮੇਰੇ ਔਗੁਣ,
ਪਰ ਬਖ਼ਸ਼ਣਹਾਰੀਏ,
ਮੈਂ ਤਾਂ ਰਹਿੰਦੀ ਜ਼ਿੰਦਗੀ ਤੇਰੇ ਗੁਣ ਹੀ ਗਿਣੂੰਗਾ,
ਤੇ ਲਾਈ ਰੱਖੂੰਗਾ ਤੇਰੀ ਮਿੱਠੀ-ਨਿੱਘੀ ਯਾਦ ਨੂੰ
ਹਮੇਸ਼ਾ ਸੀਨੇ ਨਾਲ਼!
.............
ਅੱਜ ਦਿਲ 'ਤੇ 'ਠੱਕ-ਠੱਕ' ਹੋਈ
ਸਮਝ ਨਾ ਆਈ
ਕਿ ਜ਼ਿੰਦਗੀ ਦੇ ਬੂਹੇ 'ਤੇ ਮੁਹੱਬਤ,
ਜਾਂ ਫ਼ਿਰ ਤਬਾਹੀ ਦਸਤਕ ਦੇ ਰਹੀ ਸੀ?
ਪਰ ਅੱਜ ਅਵਾਜ਼ ਦਿੰਦੀ ਮੌਤ ਨੂੰ ਕਿਹਾ,
ਅਜੇ ਮੈਂ ਨਹੀਂ ਮਰਨਾ,
ਕਿਉਂਕਿ ਅਜੇ ਮੈਨੂੰ ਰੋਣ ਵਾਲ਼ਾ ਕੋਈ ਨਹੀਂ...!

02/06/2013

ਦਿਲ ਵਿਚ ਬਲ਼ਦੇ ਭਾਂਬੜ ਦਾ ਸੇਕ

 

dil-kussa1
 
 
 
ਦਿਲ ਵਿਚ ਬਲਦੇ ਭਾਂਬੜ ਦਾ ਸੇਕ ਕਦੇ ਵੀ,
ਚਿਹਰੇ ਤੱਕ ਨਹੀਂ ਸੀ ਆਉਣ ਦਿੱਤਾ
ਮਨ ਦੀ ਪੀੜ ਤਾਂ ਮੈਂ ਕਦੇ
ਆਪਣੇ ਪ੍ਰਛਾਂਵੇਂ ਤੱਕ ਨਹੀਂ ਪਹੁੰਚਣ ਦਿੱਤੀ
ਪਰ ਦਿਲ ਵਿਚ ਦੱਬੀ ਪੀੜ ਦੇ ਹਾਉਕੇ ਗਿਣਦਾ
ਬਿਤਾ ਦਿੰਦਾ ਹਾਂ ਸਾਰੀ ਰਾਤ!
ਤੈਨੂੰ ਸਿਰੋਪੇ ਵਾਂਗ ਗਲ਼ ਪਾਇਆ ਸੀ ਸ਼ਰਧਾ ਨਾਲ
ਪਰ ਕੀ ਪਤਾ ਸੀ?
ਕਿ ਸਿਰੋਪੇ ਤੋਂ ਸੱਪ ਦਾ ਰੂਪ ਧਾਰਨ ਕਰ ਲਵੇਂਗੀ??
ਹੁਣ ਦੇਖਿਆ ਨਾ ਕਰ ਮੇਰੀ ਮੁਸਕੁਰਾਹਟ ਵੱਲ
ਮੇਰੀ ਅੰਤਰ-ਆਤਮਾਂ ਦੇ ਦਰਦ ਦੇ ਅੰਕੜੇ ਗਿਣਿਆਂ ਕਰ!
ਤੈਨੂੰ ਯਾਦ ਕਰਨ ਤੋਂ ਪਹਿਲਾਂ ਤਾਂ ਕਦੇ
ਰੱਬ ਦਾ ਨਾਂ ਨਹੀਂ ਸੀ ਲਿਆ ਚੰਦਰੀਏ
ਹਾਰ ਜਾਂਦਾ ਸੀ ਥਾਂ-ਥਾਂ, ਤੇਰੀ ਜਿੱਤ ਲਈ
ਤੈਨੂੰ ਉਚਾ ਦੇਖਣ ਲਈ, ਆਪ ਬੌਣਾ ਬਣ ਜਾਂਦਾ ਸੀ!
ਹੁਣ ਵਾਰ-ਵਾਰ ਪੁੱਛਦਾ ਹਾਂ
ਹਾਉਕੇ ਦੀ ਹਿੱਕ ਵਿਚੋਂ ਨਿਕਲ਼ੇ ਇੱਕ ਹੋਰ ਹਾਉਕੇ ਨੂੰ
ਕਿਉਂ ਡਿੱਗਿਆ ਮੈਂ ਮੂਧੇ ਮੂੰਹ ਓਸ ਦੇ ਮਗਰ ਲੱਗ ਕੇ?
ਕਿਉਂਕਿ ਉਡਾਰੀ ਤਾਂ ਮੇਰੀ ਅੰਬਰਾਂ ਨੂੰ ਉਡ ਜਾਣ ਵਾਲੀ ਸੀ!
ਕਦੇ ਹਾਰ ਬਣ ਕੇ ਸ਼ਾਨ ਬਣਦੀ ਸੀ ਮੇਰੇ ਗਲ਼ ਦੀ
ਪਰ ਡੁੱਬ ਜਾਣੀਏਂ,
ਅੱਜ ਤਾਂ ਤੂੰ ਮੇਰੀ ਜਿੰਦਗੀ ਦੀ 'ਹਾਰ' ਬਣ ਤੁਰ ਗਈ!
02/03/2013

 

ਕਟੇ ਕਟੇ ਕੁੱਸਾ1
 
 
 
ਕਦੇ-ਕਦੇ
ਸ਼ਿਵਚਰਨ ਜੱਗੀ ਕੁੱਸਾ, ਲੰਡਨ

ਕਦੇ-ਕਦੇ ਆਪਣੀ ਜ਼ਿੰਦਗੀ ਦੇ ਸੁਹਾਣੇ ਪਲਾਂ ਬਾਰੇ ਸੋਚ,
ਦੁਖੀ ਅਤੇ ਨਿਰਾਸ਼ ਹੋ ਜਾਂਦਾ ਹਾਂ
ਰੋਜ਼ ਆਪਣੇ ਹੀ ਖ਼ਿਆਲਾਂ ਨਾਲ਼ ਹੁੰਦੀ ਮੇਰੀ ਅਣ-ਬਣ
ਤੇ ਮੈਂ ਆਪਣੇ ਹੀ ਵਿਚਾਰਾਂ ਨਾਲ਼ ਹੁੰਦਾ ਹੇਠ-ਉੱਤੇ!!
ਕਾਸ਼! ਪੜ੍ਹ ਸਕਦੀ ਤੂੰ ਮੇਰੇ ਦਿਲ ਜਾਂ ਅੰਤਰ-ਆਤਮਾਂ ਨੂੰ
ਮੇਰੇ ਦਿਲ 'ਚੋਂ ਤਾਂ ਕਮਲ਼ੀਏ ਅਵਾਜ਼ ਹੀ 'ਇੱਕ' ਨਿਕਲ਼ਦੀ ਹੈ
...ਤੇ ਉਹ ਹੈ ਤੇਰੀ 'ਬ੍ਰਿਹੋਂ' ਦੀ ਅਵਾਜ਼!
ਸ਼ਿਕਵੇ ਅਤੇ ਸ਼ਕਾਇਤਾਂ ਨਾਲ਼,
ਪੈ ਗਏ ਨੇ ਦਿਲ 'ਤੇ ਛਾਲੇ...ਤੇ ਰੂਹ 'ਤੇ ਅੱਟਣ!
ਬਾਹਰਲਾ ਮੈਨੂੰ ਕੋਈ ਨਾ ਮਾਰ ਸਕਦਾ
ਮਾਰਿਆ ਤਾਂ ਮੈਨੂੰ ਬੁੱਕਲ਼ ਦੇ ਸੱਪਾਂ ਨੇ!!
ਤੇਰੀਆਂ ਵਧੀਕੀਆਂ ਨਾਲ਼ ਰੂਹ 'ਤੇ ਪਈਆਂ ਲਾਸਾਂ
ਤੇ ਆਤਮਾਂ ਤੋਂ ਲੱਥੀਆਂ ਟਾਕੀਆਂ ਨੂੰ, ਲੋਕ-ਲਾਜ ਦੇ ਡਰੋਂ
ਆਪਣੀ ਸ਼ਰਮ ਦੀ ਲੋਈ ਨਾਲ਼ ਹੀ ਢਕ ਲੈਂਦਾ!
ਕਦੇ ਕ੍ਰਿਸਮਿਸ ਆਉਂਦੀ ਤੇ ਕਦੇ ਨਵਾਂ ਸਾਲ,
ਕਦੇ ਵੈਸਾਖੀ ਆਉਂਦੀ ਤੇ ਕਦੇ ਦੀਵਾਲ਼ੀ
ਦੀਵੇ-ਮੋਮਬੱਤੀਆਂ ਦੀ ਹੁੰਦੀ ਭਰਮਾਰ ਅਤੇ ਰੌਸ਼ਨੀ
ਪਰ ਮੇਰਾ ਮਨ ਤਾਂ ਮੱਸਿਆ ਦੀ ਰਾਤ ਵਾਂਗ
ਧੁਆਂਖਿਆ ਹੀ ਰਹਿੰਦਾ...!

06/02/2013


ਇੰਦਰ ਸੁਧਾਰ

inder-sudhar1

ਬੇਚੈਨ ਖਿਆਲ
ਇੰਦਰ ਸੁਧਾਰ

ਚਿਤ ਕਰਦਾ ਆਪਣੇ ਅਰਮਾਨਾਂ ਨੂੰ ਹਵਾ ਹਵਾਲੇ ਕਰ ਦੇਵਾਂ ,
ਸ਼ਾਇਦ ਓਹ ਵੀ ਅੰਬਰਾਂ ਵਿਚ ਉਡਾਰੀ ਲਾ ਆਵਣ ,
ਦਿਲ ਦੇ ਕੋਨੇ  ਵਿਚ ਉਡੀਕਾਂ ਵਿਚ ਸਧਰਾਂ,
ਸ਼ਾਇਦ ਓਹ ਵੀ ਕਿਸੇ ਦਾ ਜੀ ਪਰਚਾ ਆਵਣ,
ਹਿੰਮਤ ਨਾਲ ਵਜੂਦ ਮੈਂ ਆਪਣਾ ਪਾਉਣਾ ਏ ,
ਪਰ ਕੀ ਪਤਾ ਨਜ਼ਰਾਂ ਨਾ ਕੁਝ ਢਾ ਜਾਵਣ ,
ਸਬਰ ਰਖਣ ਦੀ ਆਦਤ ਪਾਈ ਰੁਖਾਂ ਨੇ  ,
ਪਰ ਜਿੰਦਗੀ ਵਿਚ ਪਤਝੜਾਂ ਨਾ ਛਾ ਜਾਵਣ ,
ਦਿਲ ਉਡਾਰੀਆਂ ਭਰਦਾ ਵਾਂਗ ਪਰਿੰਦੇ ਦੇ ,
ਪਰ ਦਰ ਲਗਦਾ ਕਿਤੇ ਨੋਚ ਨੋਚ ਨਾ ਖਾ ਜਾਵਣ ,
ਨੈਣਾ ਦੇ ਸ਼ੀਸ਼ੇ ਮਾਰਨ ਲਗ ਲਿਸ਼ਕੋਰ ਗਏ ,
'ਇੰਦਰਾ' ਹੁਣ ਓਹ ਅੱਖੀਂ ਘੱਟਾ ਨਾ ਪਾ ਜਾਵਣ ........
 24/03/2013

 

 
 
 
 
ਕਵਿਤਾ
ਇੰਦਰ ਸੁਧਾਰ

ਕਰਵਟ ਬਦਲ ਰਹੇ ਨੇ ਕਿਉਂ ਖਿਆਲ ਅਜਕਲ,
ਖਬਰੇ ਕਿਉਂ ਹੋ ਰਿਹਾ ਹਾ ਬੇਹਾਲ ਅਜਕਲ
ਆਵਾਜ ਦੇ ਰਿਹਾ ਹਾ ਆਪਣੇ ਅਤੀਤ ਨੂੰ,
ਵਕਤ ਦੀ ਹੈ ਮੱਧਮ ਚਾਲ ਅਜਕਲ
ਲੂਹ ਜੋ ਵਗ ਰਹੀ ਹੈ ਮੇਰੇ ਦਿਲ ਦੇ ਅੰਦਰ,
ਬਣ ਕੇ ਉਭਰ ਹੈ ਉਹ ਮਸ਼ਾਲ ਅਜਕਲ
ਹੌਂਸਲੇ ਦੀ ਤਰਜ ਤੇ ਕੁੱਲ ਦੁਨੀਆ ਪਾ ਲਵਾ ਮੈਂ,
ਪਰ ਸ਼ਿਕਾਰੀ ਵੀ ਫਸ ਰਹੇ ਨੇ ਵਿਚ ਜਾਲ ਅਜਕਲ
ਹਸਰਤਾਂ ਸੀ ਜੋ ਦਿਲ ਚ ਟਹਿਕਦਿਆਂ,
ਮਿਲ ਰਹੇ ਨੇ ਉਹਨਾਂ ਦੇ ਕੰਕਾਲ ਅਜਕਲ
ਸ਼ਾਇਰ ਦੀ ਕੈਸੀ ਕਿਸਮਤ ਆਪਣੀ ਹੀ ਅਗ ਫਰੋਲੇ,
ਫਿਰ ਵੀ ਉਠਦੇ ਰਹਿੰਦੇ ਨੇ ਸਵਾਲ ਅਜਕਲ
ਗਲਬਾਤ ਦੀ ਕੋਸ਼ਿਸ਼ ਕਰਦਾ ਰਹਿ ‘ਇੰਦਰ’,
ਦਿਲ ਦੀਆਂ ਤਾਰਾਂ ਟੁੱਟ ਰਹੀਆਂ ਨੇ ਫਿਲਹਾਲ

08/03/2012


ਰੌਲਾ ਤਾ ਹੈ
ਰਵੀ ਸਚਦੇਵਾ, ਆਸਟ੍ਰੇਲੀਆ

ਰੌਲਾ ਤਾ ਹੈ ਮੇਰੇ ਹੀ ਵਰਗਾ.......
ਗੰਧਲੀ ਹੁੰਦੀ ਕੁਦਰਤ ਦਾ।
ਟੋਬੇ 'ਚ ਇਕੱਠੇ ਹੋਏ, ਬਾਸੀ ਪਾਣੀ ਦਾ।
ਨਦੀ 'ਚ ਮਿਲਦੇ ਫੈਕਟਰੀ ਦੇ ਤੇਜ਼ਾਬੀ ਪਾਣੀ ਦਾ।
ਜੰਗਲਾਂ 'ਚ ਟੁੱਟਦੇ ਨਿਰਤਰ ਬਿਰਛਾਂ ਦਾ।
ਪੱਤਛੜ 'ਚ ਭੁਜੇ ਡਿਗਦੇ ਪੱਤਿਆਂ ਦਾ।

ਰੌਲਾ ਤਾ ਹੈ ਮੇਰੇ ਹੀ ਵਰਗਾ.......
ਧੰਦੇ 'ਚ ਹਲਾਲ ਝੱਟਕ ਕੇ ਮਾਰੇ ਦਾ।
ਬੁਚਰਖਾਨੇ 'ਚ ਨਿੱਤ ਕੱਟਦੇ ਕੱਟੀਆਂ ਦਾ।
ਬਿਨ ਪਾਣੀ ਤੜਫੀ ਮੱਛੀ ਦਾ।
ਬਿਨ ਚਮੜੀ ਪੁੱਠੀ ਲੱਟਕਦੀ ਬੱਕਰੀ ਦਾ।
ਢਿੱਡ ਅੰਦਰ ਜਾਂਦੀ ਮਾਸੂਮਾ ਦੀ ਹਰ ਉਸ ਬੋਟੀ ਦਾ।

ਰੌਲਾ ਤਾ ਹੈ ਮੇਰੇ ਹੀ ਵਰਗਾ.......
ਦਾਜ ਬਲੀ ਚੜ੍ਹ, ਨਿੱਤ ਲੁੜ੍ਹਕਦੀਆਂ ਉਨ੍ਹਾਂ ਧੀਆ ਦਾ।
ਵਾਂਗ ਦਾਮਿਨੀ ਨਿੱਤ ਦਾਮਨ ਦਾਗੀ ਹੁੰਦੀਆ ਉਨ੍ਹਾਂ ਭੈਣਾ ਦਾ।
ਪਹਿਲਾ ਜੰਮਣ ਤੋਂ ਮੁੱਕ ਜਾਵਣ ਵਾਲਿਆ ਉਨ੍ਹਾਂ ਬੱਚੀਆਂ ਦਾ।

ਰੌਲਾ ਤਾ ਹੈ........
ਵਹਿਦੇ ਅਲਹਿਦਗੀ ਦੇ ਏਨ੍ਹਾਂ ਹੰਝੂਆਂ ਦਾ।
ਹੱਦ ਤੋਂ ਵੱਧ ਕੀਤੀ, ਤੇਰੀ ਉਸ ਮੁੱਹਬਤ ਦਾ।
ਉਸਾਰੇ ਤੇਰੇ ਸੰਗ, ਉਨ੍ਹਾਂ ਸਾਰੇ ਮਹਿਲਾਂ ਦਾ।
ਸੁੰਗਧਾ ਖਿੱਲਾਰਦੇ ਤੇਰੇ ਉਨ੍ਹਾਂ ਤੱਤੇ ਸਾਹਾਂ ਦਾ।
ਤੇਰੇ ਸਾਹਾਂ ਨਾਲ ਚੱਲਦੇ ਰਵੀ ਦੇ ਏਨ੍ਹਾਂ ਸਾਹਾਂ ਦਾ।
ਜੋ ਹੁਣ ਮੁੱਕ ਜਾਣੇ ਤੇਰੇ ਬਿਨ......!!

12/03/2013
ਰਵੀ ਸਚਦੇਵਾ
ਸਚਦੇਵਾ ਮੈਡੀਕੋਜ, ਮੁਕਤਸਰ (ਪੰਜਾਬ)
ਅਜੋਕੀ ਰਿਹਾਇਸ਼ - ਮੈਲਬੋਰਨ (ਆਸਟੇ੍ਲੀਆ)
ਮੋਬਾਇਲ ਨੰਬਰ - 0061- 449965340
ਈਮੇਲ - ravi_sachdeva35@yahoo.com


ਕਰਨਵੀਰ ਸਿੰਘ ਬੈਣੀਵਾਲ, ਪੰਜਾਬ

ਸੁੱਤੀ ਜ਼ਮੀਰ
ਕਰਨਵੀਰ ਸਿੰਘ ਬੈਣੀਵਾਲ

ਪੱਟ ਸੁੱਟਿਆ ਸਾਨੂੰ ਝੂਠੀਆਂ ਸ਼ੋਹਰਤਾਂ ਨੇ,
ਮਾਰ ਕੇ ਠੱਗੀਆ ਅਸੀ ਅਮੀਰ ਹੋ ਗਏ
ਲੱਖਾਂ ਨੋਟਾਂ ਨਾਲ ਜ਼ੇਬਾਂ ਭਰ ਲਈਆਂ,
ਲੋੜਵੰਦਾਂ ਲਈ ਦਿਲੋ ਦੇ ਗਰੀਬ ਹੋ ਗਏ

ਨਾ ਕੀਮਤ ਕੋਈ ਹੰਝੂ ਡੁੱਲ੍ਹਦਿਆਂ ਦੀ,
ਤੱਪਦੇ ਦਿਲਾਂ 'ਤੇ ਰੋਟੀ ਸੇਕਦੇ ਹਾਂ
ਪੱਤਾਂ ਲੁੱਟ ਹੁੰਦੀਆਂ ਸ਼ਰੇ ਬਜ਼ਾਰ ਲੋਕੋ,
ਅਸੀ ਖੜ੍ਹ ਕੇ ਬਨੇਰਿਆਂ 'ਤੇ ਵੇਖਦੇ ਹਾਂ

ਨੀਲੀਆ ਪੱਗਾਂ ਹੀ ਸਾਡੇ ਕੋਲ ਰਹਿ ਗਈਆਂ,
ਰੰਗ ਲਹੂ ਦਾ ਤੇ ਜਿਵੇਂ ਬੱਸ ਚਿੱਟਾ ਹੋ ਗਿਆ
ਗ਼ੈਰਤ, ਜ਼ਮੀਰ ਦੀਆਂ ਗੱਲਾਂ ਹੁਣ ਕਿਤਾਬੀ ਬੱਸ,
ਸਿਦਕ, ਅਣਖ ਦਾ ਰੋਹਬ ਹੁਣ ਫ਼ਿੱਕਾ ਹੋ ਗਿਆ

ਜੱਥੇਦਾਰ ਕੀ, ਪ੍ਰਧਾਨ ਕੀ ਹੁਣ ਖਾਣ ਸੋਹਾਂ,
ਕਹਿੰਦੇ ਮੁੱਕਰਨਾਂ ਝੁੱਠ ਬੋਲਣਾਂ ਗੱਲ-ਗੱਲ ਓੁੱਤੇ
ਸਰ੍ਹੋ ਹਥੇਲੀਆਂ 'ਤੇ ਪਕੌੜੇ ਥੁੱਕ ਦੇ,
ਫੁੱਲ ਖਿਲਾ ਦੇਣੇ ਅਸੀਂ ਪੱਤਝੜ ਰੁੱਤੇ

ਇਕ ਪਾਸੇ 'ਨੰਨੀ ਛਾਂ' ਹੱਕ ਮੰਗੇ ਔਰਤਾਂ ਲਈ,
ਦੂਜੇ ਪਾਸੇ ਚੁੰਨੀਆਂ ਲੀਰੋ-ਲੀਰ ਹੁੰਦੀਆਂ
ਕੀ ਬਜ਼ੁਰਗ, ਕੀ ਭੈਣ-ਵੀਰ ਸਭ 'ਤੇ ਲਾਠੀਚਾਰਜ,
ਸ਼ਰਾਰਤੀ ਅਨਸਰ ਆਖ ਸਰਕਾਰ ਨੇ ਅੱਖਾਂ ਮੁੰਦੀਆਂ

ਕੀ ਬੇਰੁਜ਼ਗਾਰੀ, ਨਸ਼ੇ, ਰਿਸ਼ਵਤਖੋਰੀ,
ਕਹਿਦੇ ਪੰਜਾਬ ਹੇ ਤਰੱਕੀ ਦੀ ਰਾਹ ਓੁਤੇ
ਵੋਟਾ ਪੰਥ ਦੇ ਨਾਂ 'ਤੇ ਤੁਸੀਂ ਪਾਈ ਜਾਂਦੇ,
ਉਠੋ ਜਾਗੋ ਪੰਜਾਬੀਓ, ਨਾ ਰਹੋ ਸੁੱਤੇ

'ਬੈਣੀਵਾਲ' ਦੀ ਜਿੰਨੀ ਕੁ ਸੋਚ ਯਾਰੋ,
ਲਿਖ ਕੇ ਓਨਾ ਕੁ ਬੋਲ ਦਿਤਾ
ਮਾਫ਼ ਕਰਨਾ ਲੱਗਿਆ ਜੇ ਬੁਰਾ ਹੋਵੇ,
ਬੇਸਮਝ ਹਾਂ, ਦਿਲ ਦਾ ਪਰਦਾ ਖੋਲ੍ਹ ਦਿਤਾ

15/06/2013

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2013, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi.com