WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਗਗਨਦੀਪ ਸਿੰਘ ਸੰਧੂ
 
ਪੰਜਾਬ

ਇੱਕ ਕੁੜੀ
ਗਗਨਦੀਪ ਸਿੰਘ ਸੰਧੂ

ਇੱਕ ਕੁੜੀ ਤੱਕੀ
ਮੈਂ ਗੀਤ ਜੇਹੀ
ਨਿਰਛਲ ;
ਕੱਚੀ ਉਮਰ ਦੀ ਪ੍ਰੀਤ ਜੇਹੀ
ਇੱਕ ਕੁੜੀ . . .

ਲਟ ਜੁਲਫ਼ਾਂ ਦੀ ਮੱਥੇ ਇਉਂ ਮੇਲ੍ਹੇ
ਜਿਉਂ ਬੱਚਾ ਨਾਗ ਦਾ ਖੇਲ੍ਹ ਰਿਹਾ
ਸੀਨੇ ਬੰਨ੍ਹਿਆ ਅੱਗ ਨੂੰ ਉਹਨੇ
ਲੈ ਤ੍ਰੇਲ ਤੋਂ ਲਹਿਰ ਸੀਤ ਜੇਹੀ
ਇੱਕ ਕੁੜੀ . . .

ਮਾਖਿਓਂ ਮਿੱਠੀ ਗੁਲਾਬੋਂ ਬਣੀ
ਗੁਲਕੰਦ ਜੇਹੀ
ਚਰਖਾ ਕੱਤਦੀ ਤ੍ਰੀਮਤ ਦੇ
ਮੋਢਿਓ ਨਿਕਲੀ ਤੰਦ ਜੇਹੀ
ਸੁੱਤੀਆਂ ਸੱਧਰਾਂ ਨੂੰ
ਉਹਨੇ ਇੰਝ ਟੁੰਬਿਆ ਕਿ...
ਸੀਨੇਓ ਨਿਕਲੀ ਚੀਕ ਜੇਹੀ
ਇੱਕ ਕੁੜੀ ਤੱਕੀ . . .

ਮਾਰੂਥਲੀ ਧਰਤੀ 'ਤੇ
ਖੁੱਲ੍ਹ ਕੇ ਵ੍ਹਦੀ ਬਰਸਾਤ ਜੇਹੀ
ਜੁਲਫ਼ਾਂ ਦੀ ਛਾਂ
ਹਨ੍ਹੇਰਿਆਂ ਜੇਹੀ;
ਲਾਲੀ ਮੁੱਖੜੇ ਦੀ
ਚੌਦ੍ਹਵੀਂ ਦੀ ਚਾਨਣੀ ਰਾਤ ਜੇਹੀ
ਹੱਸਦੀ ਤੋਂ ਛਿੜੇ
ਪਾਣੀਆਂ ਵਿਚਲੇ ਸੰਗੀਤ ਜੇਹੀ
ਇੱਕ ਕੁੜੀ ਤੱਕੀ . . .

ਉਹ ਡੋਕੇ ਦੁੱਧ ਦੇ ਘਿਓ ਜੇਹੀ
ਕਸ਼ਮੀਰ ਦੇ ਲਾਲ ਸਿਓ ਜੇਹੀ
ਕੱਚੇ ਦੁੱਧ 'ਚ
ਕੰਗਣਾ ਖੇਡਣ ਦੀ ਰੀਤ ਜੇਹੀ
ਇੱਕ ਕੁੜੀ ਤੱਕੀ
ਮੈਂ ਗੀਤ ਜੇਹੀ!!

ਇੱਕ ਕੁੜੀ ਤੱਕੀ
ਮੈਂ ਗੀਤ ਜੇਹੀ !!
12/07/17

 

ਤੇਰੇ ਨਾਂ
ਗਗਨਦੀਪ ਸਿੰਘ ਸੰਧੂ

ਕੰਨਾਂ ਦੇ ਲੋਟਣ ਜਿਉਂ ਫੁੱਲ
ਝੁਮਕਾ ਵੇਲ ਦੇ,
ਕਾਲੇ ਗੇਂਸੂ ਮਹਿਕਾਏ
ਚਮੇਲੀਆ ਤੇਲ ਦੇ,

ਗੋਰੇ ਮੁੱਖੜੇ ਨੂੰ ਸੰਗਾਂ ਨੇ
ਸੰਧੂਰੀ ਰੰਗਿਆ
ਗਛ ਖਾ ਹੋ ਗਏ ਪਿੱਠ ਪਰਨੇ
ਨੈਣਾਂ ਨੇ ਜਦੋਂ ਸੱਪਾਂ ਨੂੰ ਡੰਗਿਆ...!!

ਪਿੱਪਲੀ ਕਰੂਬਲਾਂ ਜੇਹੇ ਅੰਗਾਂ ਨੂੰ
ਛੁਹਣਾ ਦਿਲ ਲੋਚਦਾ,
ਖੋਹ ਲਵਾਂ ਮਹਿਕਾ ਅਮਲਤਾਸ਼ੀ ਤੈਥੋਂ
ਗੁਲ਼ ਏਹੋ ਸੋਚਦਾ

ਸੋਖ਼ ਲਈਆਂ ਅਸਮਾਨੋਂ ਨਿਲੱਤਣਾਂ
ਅੱਖਾਂ ਨੀਲੀਆਂ,
ਹੁਸਨ ਤੇਰਾ; ਜਲਵਾ-ਏ-ਕਾਇਨਾਤ
ਹਵਾਂਵਾਂ ਕੀਲੀਆਂ...!!

ਕੋਈ ਛੈਲ ਗੱਭਰੂ ਨਾ ਪਸੰਦ
ਆਵੇ ਤਿੱਖੇ ਨੱਕ ਦੇ,
ਰੂਪ ਦੇ ਨਜਾਰੇ ਅੰਬਰੋਂ
ਚੰਨ ਤਾਰੇ ਤੱਕਦੇ,

ਪਾਣੀਆਂ ਦੇ ਵਾਂਗ ਲਹਿਰਾਵੇ
ਲੱਕ ਤੇਰਾ ਪਤਲਾ,
ਤੇਰੇ ਬਾਝੋਂ ਅਧੂਰੀਆਂ ਨੇ ਗਜ਼ਲਾਂ
ਕੀ ਮਕਤਾ ਤੇ ਕੀ ਮਤਲਾ...!!
30/06/2017

 

ਪੰਜਾਬਣ
ਗਗਨਦੀਪ ਸਿੰਘ ਸੰਧੂ

ਮਰੂਏ 'ਤੇ ਮੀਂਹ ਪੈਣ ਪਿੱਛੋਂ
ਮਹਿਕਾਂ ਜਿੱਦਾਂ ਆਉਦੀਆਂ
ਮਸਤੀ 'ਚ ਚਿੜੀਆਂ ਜਿੱਦਾਂ
ਰੇਤਿਆਂ 'ਚ ਨਹਾਉਦੀਆਂ

ਨੀਲੀਆਂ ਜੇਹੀਆਂ ਅੱਖਾਂ ਤੇਰੀਆਂ
ਜਾਦੂ ਏਦਾਂ ਪਾਉਦੀਆਂ
ਨੀਲੀਆਂ ਜੇਹੀਆਂ. . .

ਸਾਹਾਂ ਵਿੱਚੋਂ ਮਹਿਕਾਂ
ਆਉਣ ਤੇਰੇ ਸੌਫੀਂਆ
ਹਾਹਾਕਾਰ ਮੱਚ ਜਾਣੀ ਜੇ
ਪਾਉਣੋ ਪੈਲਾਂ ਜੁਲਫ਼ਾਂ ਨਾ ਰੋਕੀਆਂ

ਰਾਹਾਂ ਵਿੱਚ ਬੈਠ ਮੋਰ
ਭਰਦੇ ਨੇ ਚੌਕੀਂਆਂ
ਰਾਹਾਂ ਵਿੱਚ ਬੈਠ. . .

ਪਿੱਪਲਾਂ ਦੇ ਪੱਤ ਵਜਾਉਦੇ
ਦੇਖ ਤੈਨੂੰ ਤਾੜੀਆਂ
ਮੌਤੋ ਬੇਪਰਵਾਹ ਹੋਏ
ਲੋਰਾਂ ਭੌਰਿਆਂ ਨੂੰ ਚਾੜੀਆਂ

ਪਿੰਡਾਂ ਦੇ ਪਿੰਡ ਆਸ਼ਿਕ ਕਰਤੇ
ਏਹੋ ਗੱਲਾਂ ਮਾੜੀਆਂ
ਨੀ ਤੇਰੀਆਂ ਏਹੋ ਮਾੜੀਆਂ

ਰੇਤਲੇ ਟਿੱਬਿਆਂ ਤੋਂ ਲੰਘਿਆ
ਕੋਈ ਸੱਪ ਜਿੱਦਾਂ ਮੇਲ੍ਹਦਾ
ਰੰਗਲਾ ਪਰਾਂਦਾ ਤੇਰਾ
ਲੱਕ ਨਾਲ ਖੇਲ੍ਹਦਾ
ਗਿੱਠ ਲੰਮੀ ਧੌਣ ਬਾਰੇ
ਕਹਾਂ ਕਿਵੇਂ ਬੋਲ ਕੇ !
ਹਿੱਕ ਦੇ ਤਵੀਤ ;
ਨੌ-ਲੱਖੇ ਰੱਖ ਦਿੱਤੇ ਰੋਲ ਕੇ
ਕੰਨਾਂ ਵਾਲੇ ਝੁਮਕਿਆਂ ਦਾ
ਤੇਰੇ ਮੁੱਲ ਕੋਈ ਨਾ
ਸੱਚੀ
ਹੋਰ ਦੁਨੀਆਂ 'ਤੇ ਤੇਰੇ ਤੁੱਲ ਕੋਈ ਨਾ
ਹੋਰ ਦੁਨੀਆਂ 'ਤੇ . . .!!
15/06/17

 

 

"ਬੁੱਤ ਸ਼ਿਕਨ"
ਗਗਨਦੀਪ ਸਿੰਘ ਸੰਧੂ

ਉਡਦੀਆਂ ਜੁਲਫ਼ਾਂ
ਨਸ਼ਿਆਈਆਂ ;
ਅੱਲ੍ਹੜ ਅੱਖਾਂ
ਫਰਕਦਿਆਂ ਹੋਠਾਂ
ਜਦੋਂ ਪਹਿਲੀ ਵਾਰ
ਦੁਪੱਟੇ ਪਿੱਛੇ
ਆਪਾ ਕੱਜਿਆ
. . . ਤਾਂ
ਮੈਨੂੰ . . .
ਇੰਝ ਲੱਗਿਆ
ਜਿਵੇਂ ,
ਕਈ ਹਜ਼ਾਰ ਤਰੰਗਾਂ
ਮੇਰੇ ਜਿਸਮ ਵਿੱਚ
ਸਮਾ ਗਈਆਂ ਹੋਣ ,
ਕਈ ਹਜ਼ਾਰ ਸੁਰ
ਮੇਰੀ ਰੂਹ ਵਿੱਚ
ਉਤਰ ਗਏ ਹੋਣ

ਤੇ ਮੈਂ . . .

ਉਹਨਾਂ ਸੁਰਾਂ ਦੀ
ਉਗਲ ਫੜ੍ਹ
ਉਹਨਾਂ ਤਰੰਗਾਂ 'ਤੇ
ਸਵਾਰ ਹੋ
ਕਈ ਖੁਆਵ ਉਣ ਲਏ

ਪਰ . . .
ਉਹ ਤਾਂ
ਪੱਥਰਾਂ ਵਿੱਚੋਂ ਝਾਕਦੀ
ਦਿਲਕਸ਼ ਮੂਰਤ ਤੋਂ ਬਿਨ੍ਹਾਂ
ਕੁਝ ਵੀ ਨਹੀ ਸੀ!

ਫਿਰ
ਮੈਂ ਓਸੇ ਰਾਤ
ਮਲਕੜੇ ਜਿਹੇ
ਅਪਣੇ ਔਜ਼ਾਰਾਂ ਉੱਤੇ
ਇਕ ਸਫੇਦ ਚਾਦਰ
ਪਾ ਦਿੱਤੀ
ਤੇ ਕੋਸੀਆਂ ਯਾਦਾਂ ਦੇ
ਯਖ਼ ਦਿ੍ਸਾਂ ਨੂੰ
ਓਸ ਚਾਦਰ ਹੇਠ
. . . ਛੁਪਾ ਦਿੱਤਾ ।

ਹੁਣ ਮੈਂ
ਓਸ ਸਫੇਦ ਚਾਦਰ ਉੱਤੇ
ਤਲਖ਼ੀਆਂ ਭਰੇ
ਕੰਡੇ ਉਗਾ ਲਏ ਨੇ,
ਜਿੰਨ੍ਹਾਂ ਨੂੰ
ਸਾਰੀ - ਸਾਰੀ ਰਾਤ
ਸਹਿਲਾਉਦਿਆਂ - ਸਹਿਲਾਉਦਿਆਂ
ਨੀਂਦ ਉੱਤੋ ਦੀ ਪਈ ਤੋਂ
ਸੌਂਅ ਜਾਦਾਂ ਹਾਂ।

ਪੱਥਰ ਪਿੱਛਲੀ
ਦਿਲਕਸ਼ ਮੂਰਤ
ਸਾਂਹ ਲੈਦੀਂ ਹੈ
. . . ਜਾਂ ਨਹੀਂ
ਪਤਾ ਨਹੀ ?
ਹਾਂ . . .
ਔਜ਼ਾਰਾਂ ਦੀ ਧੜਕਣ ਤਾਂ
ਹਾਲੇ ਵੀ ਚਲਦੀ ਹੈ
ਪਰ ਤਲਖੀਆਂ ਦੇ
ਕੰਡਿਆਂ ਦਾ ਝੁੰਬਲਮਾਟਾ
ਨੰਗੇ ਪਿੰਡੇ
ਉੱਠਣ ਹੀ ਨਹੀਂ ਦਿੰਦਾ ।
23/05/17
 

 

ਗਗਨਦੀਪ ਸਿੰਘ ਸੰਧੂ
gagansandhu2688@gmail.com

 +917589431402
23/05/2017


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com