WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਡਾ ਗੁਰਮੀਤ ਸਿੰਘ ਬਰਸਾਲ
ਕੈਲੇਫੋਰਨੀਆਂ

ਧੂਤੇ !!
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ

ਲੋਕੀਂ ਪੁੱਛਣ ਧੂਤੇ ਕਿਹੜੇ ?
ਪੁੱਟਦੇ ਜੋ ਸਿੱਖੀ ਦੇ ਵਿਹੜੇ ।
ਮੂਰਖਤਾ ਬਲਬੂਤੇ ਜਿਹੜੇ ।
ਖੁਦ ਨੂੰ ਸਿੱਖ ਸਦਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਗੁਰੂਆਂ ਨੀਵਾਂ ਰਹਿਣਾ ਦੱਸਿਆ ।
ਨਾਲ ਸਬਰ ਦੇ ਸਹਿਣਾ ਦੱਸਿਆ ।
ਮਾਖਿਓਂ ਮਿੱਠਾ ਕਹਿਣਾ ਦੱਸਿਆ ।
ਪਰ ਜੋ ਅੱਗ ਵਰਾਂਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਬਾਣੀ ਛੱਡ ਕੇ ਬਾਣਾ ਫੜਿਆ ।
ਪੂਜਾ, ਹਵਨ ਕਰਾਣਾ ਫੜਿਆ ।
ਸੰਗਤ ਨੂੰ ਭੜਕਾਣਾ ਫੜਿਆ ।
ਪਾਧੇ ਕੀਆਂ ਪੁਗਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਬਾਣੀ, ਵਾਂਗ ਮੰਤਰਾਂ ਪੜ੍ਹਦੇ ।
ਗੁਰੂ-ਸਿਧਾਂਤ ਮੰਨਣ ਤੋਂ ਡਰਦੇ ।
ਸ਼ਬਦ-ਵੀਚਾਰ ਕਦੇ ਨਾ ਕਰਦੇ ।
ਛਿੱਕਲੀ-ਲੜੀਆਂ ਲਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਜਦ ਤੋਂ ਗਿਆਨ-ਯੁੱਗ ਹੈ ਆਇਆ ।
ਸੋਸ਼ਲ ਮੀਡੀਏ ਸੱਚ ਦਿਖਾਇਆ ।
ਅੰਧ-ਵਿਸ਼ਵਾਸਾਂ ਜੱਗ ਹਸਾਇਆ ।
ਜਿਸਤੋਂ ਰਹੇ ਡਰਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਦੇਖੇ ਗੁਰੂ-ਦੁਆਰੇ ਜਾਕੇ ।
ਅਕਲਾਂ ਜੋੜਿਆਂ ਵਿੱਚ ਛੁਪਾਕੇ ।
ਗਿਆਨ-ਗੁਰੂ ਦੀ ਜੋਤ ਭੁਲਾਕੇ ।
ਘਿਓ ਦੀ ਜੋਤ ਜਗਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਜਿੱਥੇ ਪੈਰ ਸਾਫ ਨੇ ਕਰਦੇ ।
ਅੰਮ੍ਰਿਤ ਕਹਿਕੇ ਚੂਲੀਆਂ ਭਰਦੇ ।
ਕਰਨੋਂ ਕਰਮ-ਕਾਂਡ ਨਾ ਡਰਦੇ ।
ਸ਼ਰਧਾ ਅਜਬ ਦਿਖਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਗੁਰੂਆਂ ਜਾਤ-ਪਾਤ ਮਿਟਾਈ ।
ਇਨ੍ਹਾਂ ਮੁੜਕੇ ਗਲ਼ ਨਾਲ ਲਾਈ ।
ਪੁੱਟ ਕੇ ਊਚ-ਨੀਚ ਦੀ ਖਾਈ ।
ਛੂਆ-ਛਾਤ ਵਧਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਗੁਰੂਆਂ ਔਰਤ ਸੀ ਸਤਿਕਾਰੀ ।
ਇਹਨਾਂ ਕਰਤੀ ਮੁੜ ਦੁਖਿਆਰੀ ।
ਭਰਦੇ ਹੀਣ-ਭਾਵਨਾ ਭਾਰੀ ।
ਜੋ ਤਿਓਹਾਰ ਮਨਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਦਸਮੇ ਗੁਰਾਂ ਵੱਲ ਪਿੱਠ ਕਰਕੇ ।
ਉਹਨਾਂ ਦਾ ਹੀ ਨਾਂ ਫਿੱਟ ਕਰਕੇ ।
ਔਰਤ ਜਾਤੀ ਨੂੰ ਠਿੱਠ ਕਰਕੇ ।
ਬਿਪਰੀ ਨਾਟ ਪੜਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਸਮਝਣ ਗੁਰੂ ਗ੍ਰੰਥ ਅਧੂਰਾ ।
ਜੋੜ ਬਚਿੱਤਰ ਕਰਦੇ ਪੂਰਾ ।
ਪਾਕੇ ਅੰਮ੍ਰਿਤ ਦੇ ਵਿੱਚ ਕੂੜਾ ।
ਸਿੱਖੀ ਧ੍ਰੋਹ ਕਮਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਬਾਹਰੋਂ ਮਜਹਬ ਧਾਰ ਤਾਂ ਲੀਤਾ ।
ਅੰਦਰ ਧਰਮ ਨਾ ਧਾਰਣ ਕੀਤਾ ।
ਅੰਮ੍ਰਿਤ ਰੋਜ ਕਦੇ ਨਾ ਪੀਤਾ ।
ਕੇਵਲ ਰੀਤ ਨਿਭਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
22/10/2016

ਵਿਚਾਰ ਅਤੇ ਤਲਵਾਰ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ

ਜਦ ਬੰਦੇ ਦੀ ਸੋਚ ਦਲੀਲੋਂ ਹਾਰੀ ਹੈ ।
ਮੂਰਖਤਾ ਨਾਲ ਕੱਢੀ ਉਸ ਕਟਾਰੀ ਹੈ ।।
ਤਰਕ-ਸੂਝ ਜਦ ਉਸਦੇ ਵਸ ਵਿੱਚ ਆਈ ਨਾ,
‘ਮਿੱਠਤ’ ‘ਨੀਵੀਂ’ ਵੀ ਉਸਨੇ ਦੁਰਕਾਰੀ ਹੈ ।।
ਉੱਚਾ ਬੋਲਣ ਦੀ ਵੀ ਪੈਂਦੀ ਲੋੜ ਨਹੀਂ,
ਜੇਕਰ ਆਖੀ ਗੱਲ ਬਜਨ ਦੀ ਭਾਰੀ ਹੈ ।।
ਸੱਚ ਨਾਲ ਤਲਵਾਰ ਜਦੋਂ ਟਕਰਾਈ ਹੈ,
ਸੱਚ ਨੇ ਸਾਹਵੇਂ ਬੈਹਕੇ ਬਾਜੀ ਮਾਰੀ ਹੈ ।।
ਸ਼ਬਦ ਨਾਲੋਂ ਹਥਿਆਰ ਨੂੰ ਉੱਚਾ ਰੱਖਣ ਦੀ,
ਗਿਆਨ-ਯੁੱਗ ਨੇ ਨੀਤੀ ਸਦਾ ਨਿਕਾਰੀ ਹੈ ।।
ਉਸਨੇ ਕਿਸੇ ਬਿਵੇਕ ਅਕਲ ਤੋਂ ਕੀ ਲੈਣਾ,
ਜਿਸ ਪੂਜਾ,ਹਵਨਾਂ ਨਾਲ ਜਿੰਦ ਗੁਜਾਰੀ ਹੈ ।।
ਜਿਸਦਾ ਪੱਲਾ ਸੱਚ ਵਿਚਾਰੋਂ ਖਾਲੀ ਹੈ,
ਬਿਰਤੀ ਹੁੰਦੀ ਉਸਦੀ ਹੀ ਹੰਕਾਰੀ ਹੈ ।।
ਸੱਚ ਝੂਠ ਦਾ ਜਦ ਵੀ ਪੰਗਾ ਪੈਂਦਾ ਹੈ,
ਝੂਠੇ ਨੂੰ ਹੀ ਸ਼ਹਿ ਮਿਲਦੀ ਸਰਕਾਰੀ ਹੈ ।।
ਜੈਸਾ ਸੇਵੇ ਬੰਦਾ ਤੈਸਾ ਹੋ ਜਾਂਦਾ,
ਗੁਰੂਆਂ ਬਾਣੀ ਵਿੱਚ ਇਹ ਗੱਲ ਉਚਾਰੀ ਹੈ ।।
ਬਾਣੀ ਆਖੇ ਗਿਆਨ ਬਿਨਾ ਤੇ ਧਰਮ ਨਹੀਂ ,
ਰੱਖੀ ਭਾਵੇਂ ਝੂਠ-ਤਸੱਲੀ ਭਾਰੀ ਹੈ ।।
ਬਾਹਰੋਂ ਭਾਵੇਂ ਲੱਖ ਅਡੰਬਰ ਕਰ ਦੇਖੋ,
ਅਮਲਾਂ ਬਾਝੋਂ ਹੁੰਦੀ ਸਦਾ ਖੁਆਰੀ ਹੈ ।।
02/06/16

 

ਇੱਕ ਗ੍ਰੰਥ –ਇੱਕ ਪੰਥ
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ

ਇੱਕੋ ਗੁਰੂ ਗ੍ਰੰਥ ਹੈ ਸਾਡਾ ।
ਉਸ ਅਨੁਸਾਰੀ ਪੰਥ ਹੈ ਸਾਡਾ ॥
ਸਾਡੀ ਰਹਿਤ-ਮਰਿਆਦਾ ਇੱਕ ਹੈ ।
ਗੁਰੂ ਗ੍ਰੰਥ ਦੇ ਸ਼ਬਦਾਂ ਵਿੱਚ ਹੈ ॥
ਗੁਰੂ ਗ੍ਰੰਥ ਤੋਂ ਬਾਹਰ ਨਾ ਜਾਈਏ ।
ਹੋਰ ਗ੍ਰੰਥ ਨਾ ਵਿੱਚ ਰਲਾਈਏ ॥
ਗੁਰੂ ਗ੍ਰੰਥ ਦੇ ਪਾਠ ਪਿਆਰੇ ।
ਸਾਡੇ ਲਈ ਨੇ ਸਿੱਖਿਆ ਸਾਰੇ ॥
ਗੁਰਬਾਣੀ ਦੇ ਸਭ ਉਪਦੇਸ਼ ।
ਜੀਵਨ ਲਈ ਸੱਚਾ ਸੰਦੇਸ਼ ॥
ਗੁਰਬਾਣੀ ਦੇ ਜੋ ਸਿਧਾਂਤ ।
ਸਾਡੇ ਲਈ ਨੇ ਜੀਵਨ ਜਾਂਚ ॥
ਗੁਰ ਹੀ ਨਿੱਤਨੇਮ ਹੈ ਮੇਰਾ ।
ਗੁਰ ਹੀ ਮੇਰਾ ਪੰਧ ਦਸੇਰਾ ॥
ਗੁਰਬਾਣੀ ਨਾ ਮੰਤਰ ਜਾਣੋ ।
ਹਰ ਸਿੱਖਿਆ ਨੂੰ ਜੀਕੇ ਮਾਣੋ ॥
ਸਮਝ ਸਮਝ ਗੁਰਬਾਣੀ ਗਾਈਏ ।
ਤੋਤੇ ਵਾਂਗ ਨਾ ਰੱਟੇ ਲਾਈਏ ॥
ਜਦ ਸ਼ਬਦਾਂ ਦੇ ਅਰਥ ਵਿਚਾਰੋ ।
ਭਾਵ ਅਰਥ ਵੀ ਨਾਲ ਚਿਤਾਰੋ ॥
ਜੇਕਰ ਅਰਥ ਸਮਝ ਨਾ ਪਾਈਏ ।
ਸੰਗਤ ਨਾਲ ਵਿਚਾਰ ਚਲਾਈਏ ॥
ਜਿੰਨੀ ਸਮਝ `ਚ ਆਈ ਜਾਵੇ ।
ਜੀਵਨ ਵਿੱਚ ਅਪਣਾਈ ਜਾਵੇ ॥
ਸੁਣਦੇ ਜਾਈਏ ਪੜਦੇ ਜਾਈਏ ।
ਪੜ੍ਹ ਸੁਣ ਧਾਰਨ ਕਰਦੇ ਜਾਈਏ ॥
ਗੁਰੂ ਗ੍ਰੰਥ ਵਿੱਚ ਨਾਨਕ ਹੱਸਦਾ ।
ਸ਼ਬਦਾਂ ਅੰਦਰ ਓਹ ਹੀ ਵਸਦਾ ॥
ਗੁਰੂ ਗ੍ਰੰਥ ਤਾਂ ਗੁਰੂ ਹੈ ਪੂਰਾ ।
ਕਦੇ ਨਾ ਸਮਝੋ ਕਿਤੋਂ ਅਧੂਰਾ ॥
ਪੂਰੇ ਗੁਰ ਕੀ ਪੂਰੀ ਦੀਖਿਆ ।
ਦੋਖੀ ਕਹਿਣ ਅਧੂਰੀ ਦੀਖਿਆ ॥
ਗੁਰੂ ਗ੍ਰੰਥ ਵਿੱਚ ਏਕਾ ਬਾਣੀ ।
ਆਪੇ ਗੁਰੂ ਸਥਾਪਿਤ ਜਾਣੀ ॥
ਬਾਣੀ ਧੁਰ ਤੋਂ ਗੱਦੀ ਪਾਈ ।
ਬਣਕੇ ਸਭਦਾ ਗੁਰੂ ਸਥਾਈ ॥
ਗੁਰੂ ਗ੍ਰੰਥ ਸਮਰੱਥ ਗੁਰੂ ਹੈ ।
ਗੁਰ ਸ਼ਬਦਾਂ ਦੀ ਮੱਤ ਗੁਰੂ ਹੈ ॥
ਗੁਰੂ ਗ੍ਰੰਥ ਵਿੱਚ ਬਾਣੀ ਗੁਰ ਹੈ ।
ਇਸ ਬਾਣੀ ਦਾ ਸੋਮਾ ਧੁਰ ਹੈ ॥
ਧੁਰ ਤੋਂ ਗਿਆਨ ਗੁਰੂ ਹੈ ਬਣਿਆ ।
ਬ੍ਰਹਿਮੰਡੀ ਨਿਯਮਾਂ ਦਾ ਜਣਿਆ ॥
ਜੋਤ ਗੁਰੂ ਦੀ ਗਿਆਨ ਗੁਰੂ ਦਾ ।
ਇੱਕੋ ਗਿਆਨ ਪੈਗਾਮ ਗੁਰੂ ਦਾ ॥
ਸੱਚਾ ਗਿਆਨ ਗੁਰਬਾਣੀ ਸਾਡੀ ।
ਇੱਕ ਹੀ ਜੋਤ ਕਹਾਣੀ ਸਾਡੀ ॥
ਏਕੋ ਹੈ ਭਾਈ ਏਕੋ ਹੈ ।
ਸਾਹਿਬੁ ਮੇਰਾ ਏਕੋ ਹੈ ॥
24/05/16

 

ਵਿਗਿਆਨਿਕ-ਭਾਵਨਾਵਾਂ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ

ਅੰਧ-ਵਿਸ਼ਵਾਸ ਨੂੰ ਜੋ ਮਾਨਤਾ ਕਾਨੂੰਨੀ ਦੇਵੇ,
ਸਮਝੋ ਉਹ ਜੱਗ ਵਿੱਚ ਭੇਡੂਆਂ ਦਾ ਦੇਸ ਹੈ ।
ਜੋਤਿਸ਼ ਕਿਆਫਿਆਂ ਨੂੰ ਕਹਿੰਦੇ ਵਿਗਿਆਨ ਜਿੱਥੇ,
ਸਮਝੋ ਗਿਆਨ ਵਾਲੀ ਪੱਟੀ ਉੱਥੇ ਮੇਸ ਹੈ ।
ਭੋਗਦੇ ਬੇ-ਸ਼ਰਮ ਹੋ ਕਾਢਾਂ ਵਿਗਿਆਨ ਦੀਆਂ,
ਰਹਿੰਦੇ ਵਿਗਿਆਨ ਦੇ ਵਿਰੁੱਧ ਜੋ ਹਮੇਸ਼ ਹੈ ।
ਪਰਜਾ ਨੂੰ ਲੁੱਟਣੇ ਦਾ ਝੂਠ ਜੇ ਕੋਈ ਨੰਗਾ ਕਰੇ,
ਲੱਗ ਜਾਂਦੀ ਉੱਥੇ ਧਾਰਮਿਕਤਾ ਨੂੰ ਠੇਸ ਹੈ ।
ਸ਼ਰਧਾ ਦੇ ਨਾਮ ਤੇ ਬਣਾਈ ਚੱਲੋ ਉੱਲੂ ਭਾਵੇਂ,
ਸੱਚ ਤੇ ਤਰਕ ਉੱਤੇ ਬਣ ਜਾਂਦਾ ਕੇਸ ਹੈ ।
ਪਰ ਬੰਦੇ ਦੀਆਂ ਵਿਗਿਆਨਿਕ ਜੋ ਭਾਵਨਾਵਾਂ,
ਉਹਨਾਂ ਵਾਲੀ ਠੇਸ ਹੁੰਦੀ ਕਦੇ ਨਾ ਵਿਸ਼ੇਸ਼ ਹੈ ।
ਭਾਵਨਾ ਵਲੂੰਧਰੀ ਏ ਜਦੋਂ ਵਿਗਿਆਨ ਵਾਲੀ,
ਨਿਆਂ ਤੇ ਕਾਨੂੰਨ ਕਾਹਤੋਂ ਵਟ ਜਾਂਦਾ ਘੇਸ ਹੈ ।
ਅੰਧ-ਵਿਸ਼ਵਾਸ ਟੈਕਨੌਲੋਜੀ ਦੇ ਨਾਲ ਫੈਲੇ,
ਅਗਾਂਹ-ਵਧੂ ਦੇਸ਼ਾਂ ਲਈ ਇਹ ਕੇਹਾ ਸੰਦੇਸ਼ ਹੈ ।
13/04/16

ਪੂਜਾ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ

ਸੁਣ ਪ੍ਰਸੰਸਾ ਆਪਣੀ ਬੰਦਾ ਜਿਹੜਾ ਚੌੜ `ਚ ਆਉਂਦਾ ।
ਦੂਜੇ ਨੂੰ ਵੀ ਆਪਣੇ ਵਰਗਾ ਸਮਝਕੇ ਫੂਕ ਛਕਾਉਂਦਾ ।
ਖੁਸ਼ ਹੋ ਚਮਚਾਗਿਰੀ ਤੋਂ ਅਗਲਾ ਜੋ ਵੀ ਦੇਣਾ ਚਾਹੁੰਦਾ ।
ਓਸੇ ਨੂੰ ਉਹ ਸੇਵਾਫਲ਼ ਮੰਨ ਝੋਲੀ ਹੈ ਭਰਵਾਉਂਦਾ ।
ਏਸੇ ਨੀਤੀ ਬੱਝਾ ਬੰਦਾ ਰੱਬ ਨੂੰ ਰੋਜ ਧਿਆਉਂਦਾ ।
ਪੂਜਾ ਦਾ ਸੰਕਲਪ ਵੀ ਅੱਜ ਕੱਲ ਇਹੋ ਹੀ ਦਰਸਾਉਂਦਾ ।

ਆਪਣੇ ਜਾਣੇ ਬੰਦਾ ਰੱਬ ਨੂੰ ਲਾਲਚ ਦੇ ਪਰਚਾਉਂਦਾ ।
ਕੁਝ ਪਾਉਣ ਦੀ ਇੱਛਾ ਦੇ ਨਾਲ ਉਸਦੇ ਹੈ ਗੁਣ ਗਾਉਂਦਾ ।
ਲਾਲਚ ਦੇ ਲਈ ਬੰਦਿਆਂ ਵਾਂਗੂ ਉਸਨੂੰ ਦਾਣਾ ਪਾਉਂਦਾ ।
ਵੱਡੀ ਇੱਛਾ ਮਨ ਵਿੱਚ ਰੱਖਕੇ ਛੋਟੀ ਭੇਟ ਚੜਾਉਂਦਾ ।
ਰੱਬ ਜੀ ਦੇ ਗੁਣ ਗਾਕੇ ਲੱਗਦਾ ਉਸਨੂੰ ਉਹ ਵਡਿਆਉਂਦਾ ।
ਏਹੀ ਨੁਕਤਾ ਇਸ ਦੁਨੀਆਂ ਨੂੰ ਰਿਸ਼ਵਤ ਖੋਰ ਬਣਾਉਂਦਾ ।

ਸੋਚੋ, ਜਿਹੜਾ ਰੱਬ ਬੰਦੇ ਨੂੰ ਧਰਤੀ ਤੇ ਪਹੁੰਚਾਉਂਦਾ ।
ਉਸਤੋਂ ਆਪਣੇ ਨਾਮ ਦਾ ਮੁੜ-ਮੁੜ ਗਾਨ ਕਿਓਂ ਕਰਵਾਉਂਦਾ ।
ਧਰਤੀ ਤੇ ਕਿਓਂ ਓਸੇ ਤੋਂ ਫਿਰ ਆਪਣਾ ਆਪ ਛੁਪਾਉਂਦਾ ।
ਆਪਣਾ ਆਪ ਲੁਕਾਕੇ ਕਿਧਰੇ ਉਸ ਤੋਂ ਕਿਓਂ ਲਭਵਾਉਂਦਾ ।
ਆਪੇ ਘੱਲਦਾ, ਆਪੇ ਛੁੱਪਦਾ, ਆਪੇ ਲੱਭਣ ਲਾਉਂਦਾ ।
ਉਸਨੂੰ ਲੱਭਦਾ–ਲੱਭਦਾ ਬੰਦਾ ਓਸੇ ਵਿੱਚ ਸਮਾਉਂਦਾ ॥
07/04/16

 

ਚਾਨਣ !!
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ

ਝੂਠ ਦੇ ਬੱਦਲ਼ ਛਟ ਰਹੇ ਨੇ ।
ਸੂਰਜ ਅੱਗੋਂ ਹਟ ਰਹੇ ਨੇ ॥
ਅੰਧਕਾਰ ਦੇ ਵਹਿਮ ਫੈਲਾਏ,
ਇੱਕ-ਇੱਕ ਕਰਕੇ ਘਟ ਰਹੇ ਨੇ ।
ਝੀਤਾਂ ਥਾਣੀਂ ਚਾਂਨਣ ਲੰਘਿਆਂ,
ਕਾਲੇ ਭੂਰੇ ਫਟ ਰਹੇ ਨੇ ।
ਕਿਰਨਾਂ ਦੇ ਝਲਕਾਰੇ ਹਰ ਇੱਕ,
ਚੱਕਰਵਿਊ ਨੂੰ ਕੱਟ ਰਹੇ ਨੇ ।
ਭਰਮ-ਜਾਲ਼ ਦੀਆਂ ਜੜਾਂ ਦਿਲਾਂ `ਚੋਂ,
ਮੋਕਲੀਆਂ ਕਰ ਪੱਟ ਰਹੇ ਨੇ ।
ਠੇਡੇ ਖਾ-ਖਾ ਡਿਗ-ਡਿਗ ਉੱਠ-ਉੱਠ,
ਫਿਰ ਵੀ ਰਾਹੀ ਡਟ ਰਹੇ ਨੇ ।
ਪੱਥਰ ਯੁੱਗੀਏ ਗਿਆਨ ਯੁੱਗ ਵਿੱਚ,
ਪੱਥਰ ਚੱਟ-ਚੱਟ ਬਟ ਰਹੇ ਨੇ ।
ਫਿਰ ਭੀ ਅੰਧਕਾਰ ਦੇ ਪ੍ਰੇਮੀ,
ਮੁੜ-ਮੁੜ ਪੱਥਰ ਚੱਟ ਰਹੇ ਨੇ ।
ਚਾਨਣ ਦੇ ਵਿੱਚ ਤੁਰਨਾ ਛੱਡਕੇ,
ਚਾਨਣ-ਚਾਨਣ ਰਟ ਰਹੇ ਨੇ ॥
30/03/16

 

ਸ਼ਬਦ ਦੀ ਕਮਾਈ !!
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ

ਗੁਰਬਾਣੀ ਨੂੰ ਸੁਣਨਾ ਪੜ੍ਹਨਾ,
ਸਿੱਖਕੇ ਅੱਗੇ ਪੜ੍ਹਾਉਣਾ ।
ਹਰ ਸ਼ਬਦ ਦੇ ਅਰਥਾਂ ਦੇ ਨਾਲ,
ਭਾਵ ਅਰਥ ਸਮਝਾਉਣਾ ।
ਗੁਰ ਸਿੱਖਿਆ ਨੂੰ ਸਮਝ ਸਮਝਕੇ,
ਜੀਵਨ ਵਿੱਚ ਅਪਣਾਉਣਾ ।
ਬਾਣੀ ਦੇ ਉਪਦੇਸ਼ਾਂ ਉੱਪਰੋਂ,
ਖੁਦ ਨੂੰ ਘੋਲ ਘੁਮਾਉਣਾ ।
ਵਾਂਗ ਮੰਤਰਾਂ ਮੁੜ ਮੁੜ ਇੱਕੋ,
ਤੋਤਾ ਰਟਣੀ ਨਾਲੋਂ,
ਗੁਰਮਤਿ ਵਿੱਚ ਤਾਂ ਹੁੰਦਾ ਏ ਇੰਝ,
ਗੁਰ ਕਾ ਸ਼ਬਦ ਕਮਾਉਣਾ ॥
24/03/16

ਜੀਵਨ !!
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ

ਫਿਕਰਾਂ ਵਿੱਚ ਨਾ ਐਵੇਂ ਸਮਾਂ ਲੰਘਾਇਆ ਕਰ ।
ਜੱਗ ਨੂੰ ਤੱਕਕੇ ਥੋੜਾ ਜਿਹਾ ਮੁਸਕਾਇਆ ਕਰ ॥

ਜੇਕਰ ਰਾਤੀਂ ਗੂੜੀ ਨੀਂਦਰ ਚਾਹੁੰਨਾ ਏਂ ,
ਦਿਨ ਸੱਜਣਾ ਸੁਕਿਰਤ ਦੀ ਭੇਟ ਚੜ੍ਹਾਇਆ ਕਰ ।

ਹੋਰਾਂ ਤੋਂ ਜੇ ਝਾਕ ਹੈ ਮਿੱਠਿਆਂ ਬਚਨਾਂ ਦੀ,
ਦੁਨੀਆਂ ਨੂੰ ਵੀ ਮਿੱਠੇ ਬਚਨ ਸੁਣਾਇਆ ਕਰ ।

ਜੇਕਰ ਸੱਜਣਾ ਭਲਾ ਆਪਦਾ ਮੰਗਦਾ ਏਂ,
ਆਪਣੇ ਹੱਥੀਂ ਵੀ ਕੋਈ ਭਲਾ ਕਮਾਇਆ ਕਰ ।

ਮਾਣਸ ਦਾ ਰਤ ਪੀਣ ਬਰਾਬਰ ਹੁੰਦਾ ਹੈ,
ਹੱਕ ਪਰਾਇਆ ਭੁੱਲਕੇ ਵੀ ਨਾ ਖਾਇਆ ਕਰ ।

ਬੱਧਾ-ਰੁੱਧਾ ਜੇ ਕੁਝ ਚੰਗਾ ਕਰ ਬੈਠਾਂ,
ਜਣੇ-ਖਣੇ ਕੋਲ ਐਵੇਂ ਨਾ ਜਿਤਲਾਇਆ ਕਰ ।

ਆਪਣਾ ਹੀ ਘਰ ਫੂਕ ਤਮਾਸ਼ਾ ਦੇਖੀਦਾ,
ਪਰ-ਉਪਕਾਰ ਦੇ ਬਦਲੇ ਨਾ ਕੁਝ ਚਾਹਿਆ ਕਰ ।

ਅੱਖਾਂ ਮੀਚ ਭਰੋਸਾ ਕਰ ਪਛਤਾਵਣ ਤੋਂ,
ਚਿਹਰੇ ਪਿਛਲੇ ਚਿਹਰੇ ਨੂੰ ਅਜਮਾਇਆ ਕਰ ।

ਜਿੰਦਗੀ ਜੀਣ ਦਾ ਮਤਲਬ ਬਹਿਕੇ ਸਮਝ ਲਵੀਂ,
ਜੀਵਨ ਜੀਣ ਤੋਂ ਪਹਿਲਾਂ ਨਾ ਮਰ ਜਾਇਆ ਕਰ ॥
15/03/16

ਸਿੱਖ ਸੋਚ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ

ਭਲਾ ਸਰਬੱਤ ਵਾਲਾ ਸੋਚਦੀ ਸੀ ਸੋਚ ਜਿਹੜੀ,
ਸੋਚੇ ਅੱਜ ਆਪ ਕਿੰਝ ਬਚਣਾ ਖੁਆਰੀ ਤੋਂ ।
ਵਰਗਾਂ ਦੀ ਘੜੀ ਮਰਿਆਦਾ ਕੋਲੋਂ ਬਾਗੀ ਹੋਕੇ,
ਲੁੱਟ-ਕੁੱਟ ਵਾਲੀ ਲੀਕ ਲੀਡਰਾਂ ਦੀ ਮਾਰੀ ਤੋਂ ॥
ਪੰਥ-ਪੰਥ ਆਖਕੇ ਵੀ ਪੰਥ ਦੇ ਵਿਰੁੱਧ ਰਹਿੰਦੀ,
ਰਹਿੰਦੀ ਬੇ-ਧਿਆਨੀ ਰਾਜਨੀਤੀ ਦੀ ਮਕਾਰੀ ਤੋਂ ।
ਏਕਤਾ ਦੇ ਨਾਮ ਉੱਤੇ ਰੈਲੀਆਂ ‘ਚ ਪੁੱਜ ਜਾਂਦੀ,
ਭਾਵੇਂ ਪਛਤਾਉਂਦੀ ਪਿੱਛੋਂ ਉੱਥੇ ਹੋਈ ਖੁਆਰੀ ਤੋਂ ॥
ਵਾਰ-ਵਾਰ ਥੋਖਾ ਖਾਕੇ ਹਰ ਵਾਰ ਭੁੱਲ ਜਾਂਦੀ,
ਝੱਟ ਪਿੱਛੇ ਲੱਗ ਜਾਂਦੀ ਥੋੜਾ ਪੁਚਕਾਰੀ ਤੋਂ ।
ਸਿੱਖ ਸੋਚ ਕਦੇ ਕੁਰਬਾਨੀ ਤੋਂ ਨਾ ਪਿੱਛੇ ਰਹਿੰਦੀ,
ਲੀਡਰ ਨਾ ਰਹਿੰਦੇ ਪਿੱਛੇ ਕਦੇ ਵੀ ਗਦਾਰੀ ਤੋਂ ॥
ਭਾਵੇਂ ਨਹੀਂ ਜਾਗੀ ਪਰ ਅੰਗੜਾਈ ਲੈ ਰਹੀ ਏ,
ਮਜਹਬੀ ਜਨੂਨ ਵਾਲੀ ਨੀਤੀ ਦੀ ਖੁਮਾਰੀ ਤੋਂ ।
ਬੰਦਿਆਂ ਨੂੰ ਛੱਡਕੇ ਵਿਚਾਰ ਜਦੋਂ ਆਗੂ ਬਣੇ,
ਬੇਗਮਪੁਰੇ ਦੀ ਕਿਹੜਾ ਰੋਕਲੂ ਉਸਾਰੀ ਤੋਂ ॥॥
16/12/15

ਚੋਣ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ

ਬਾਬੇ ਨਾਨਕ ਜਾਨਸ਼ੀਨ ਕਿੰਝ ਚੁਣਿਆਂ ਸੀ,
ਬਾਕੀ ਗੁਰੂਆਂ ਨੀਤੀ ਓਹੀਓ ਧਾਰੀ ਸੀ ।
ਦਸਵੇਂ ਨਾਨਕ ਪੰਜ ਸਿੰਘਾਂ ਨੂੰ ਚੁਣਨ ਸਮੇ,
ਸਿਰ ਦੇਵਣ ਦੀ ‘ਵਾਜ ਸੰਗਤ ਵਿੱਚ ਮਾਰੀ ਸੀ ।
ਜੱਥੇਦਾਰਾਂ ਜਰਨੈਲਾਂ ਦੀ ਚੋਣ ਸਮੇ,
ਸਿੱਖਾਂ ਦੀ ਹਰ ਯੋਗਤਾ ਗਈ ਵਿਚਾਰੀ ਸੀ ।
ਬਹੁ-ਸੰਮਤੀ ਤੋਂ ਸਰਬ-ਸੰਮਤੀ ਉੱਪਰ ਸੀ ,
ਗੁਣਾ ਦਾ ਪਲੜਾ ਗਿਣਤੀ ਨਾਲੋਂ ਭਾਰੀ ਸੀ ।
ਵਿਚਾਰਧਾਰਾ ਪ੍ਰਧਾਨ ਸਦਾ ਸੀ ਨਿੱਜ ਨਾਲੋਂ,
ਤਾਹੀਓਂ ਪੰਚ-ਪ੍ਰਧਾਨੀ ਗਈ ਸਤਿਕਾਰੀ ਸੀ ।
ਲੋਕ-ਤੰਤਰ ਤੇ ਸਿੱਖੀ ਵਿਚਲਾ ਫਰਕ ਇਹੋ,
ਸਿਰਾਂ ਦੀ ਗਿਣਤੀ ਨਾਲੋਂ ਬੁੱਧ ਸਵਿਕਾਰੀ ਸੀ ।
ਹਰ ਅਹੁਦਾ ਸੰਗਤ ਤੋਂ ਰਹਿੰਦਾ ਛੋਟਾ ਸੀ,
ਸੇਵਾ ਵੀ ਨਿਸ਼ਕਾਮੀ, ਪਰ-ਉਪਕਾਰੀ ਸੀ ।
ਸਹਿਣਸ਼ੀਲਤਾ, ਮਿੱਠਤ ਅਤੇ ਨਿਮਰਤਾ ਸੀ,
ਅੱਜ ਵਾਂਗੂ ਨਾ ਅਹੁਦਾ ਕੋਈ ਹੰਕਾਰੀ ਸੀ ।
ਨਿੱਜ ਨੂੰ ਛੱਡਕੇ ਭਲਾ ਜਗਤ ਦਾ ਮੰਗਦੀ ਜੋ ,
ਗੁਰਮਤਿ ਬਖਸ਼ੀ ਨੀਤੀ ਬਹੁਤ ਪਿਆਰੀ ਸੀ ।
ਜਦ ਤੋਂ ਸਿੱਖਾਂ ਗੁਰਮਤਿ-ਜੁਗਤੀ ਛੱਡੀ ਹੈ,
ਤਦ ਤੋਂ ਹੋਈ ਸ਼ੁਰੂ ਖੱਜਲ ਤੇ ਖੁਆਰੀ ਸੀ ॥
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਇੱਕੋ-ਇੱਕ !!
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ

ਅੰਦਰੋਂ-ਬਾਹਰੋਂ ਖੁਦ ਨੂੰ ਇੱਕ ਬਣਾਉਣਾ ਪਊ ।
ਇੱਕ ਦੇ ਸਾਹਵੇਂ ਸਿੱਖਾ, ਸੀਸ ਝੁਕਾਉਣਾ ਪਊ ॥
ਜੇਕਰ ਜੱਗ ਨੂੰ ਇੱਕ ਜੋਤ ਹੀ ਜਾਣ ਰਿਹੈਂ,
ਮਨ ਵਿੱਚ ਕੱਢੀਆਂ ਕੰਧਾਂ ਨੂੰ ਫਿਰ ਢਾਹੁਣਾ ਪਊ ॥
ਜੀਵਨ ਵਿੱਚੋਂ ਕਰਮ-ਕਾਂਢ ਤੇ ਵਹਿਮ ਭਰਮ,
ਹਰ ਇੱਕ ਅੰਧ-ਵਿਸ਼ਵਾਸ ਨੂੰ ਦੂਰ ਭਜਾਉਣਾ ਪਊ ॥
ਗੈਰ-ਕੁਦਰਤੀ ਕ੍ਰਿਸ਼ਮਿਆਂ ਵਾਲੀਆਂ ਝਾਕਾਂ ਛੱਡ,
ਕੁਦਰਤ ਦੇ ਨਿਯਮਾਂ ਨੂੰ ਯਾਰ ਬਣਾਉਣਾ ਪਊ ॥
ਗੁਰ-ਸ਼ਬਦਾਂ ਦੇ ਭਾਵ-ਅਰਥਾਂ ਨੂੰ ਜਾਨਣ ਲਈ,
ਸ਼ਬਦੀ-ਅਰਥਾਂ ਤੋਂ ਉੱਪਰ ਨੂੰ ਆਉਣਾ ਪਊ ॥
ਗੁਰਬਾਣੀ ਨੂੰ ਤਨ ਦੇ ਤਲ ਤੋਂ ਉੱਪਰ ਕਰ,
ਮਨ ਦੇ ਤਲ ਤੇ ਜਾ ਸਭ ਨੂੰ ਸਮਝਾਉਣਾ ਪਊ ॥
ਗੁਰ-ਸਿਖਿਆ ਨੂੰ ਗਾ-ਗਾ ਪੜ੍ਹ-ਪੜ੍ਹ ਨਹੀਂ ਸਰਨਾ,
ਉਪਦੇਸ਼ਾਂ ਨੂੰ ਜੀਵਨ ਵਿੱਚ ਅਪਣਾਉਣਾ ਪਊ ॥
ਜਿਸਨੂੰ ਤੂੰ ਸੰਸਾਰ ਤੋਂ ਵੱਖਰਾ ਸਮਝ ਰਿਹੈਂ,
ਜ਼ਰੇ-ਜ਼ਰੇ ‘ਚੋਂ ਦਰਸ਼ਣ ਉਸਦਾ ਪਾਉਣਾ ਪਊ ॥
ਸਭ ਸਮਝੌਤੇ-ਬਾਦੀ ਗੱਲਾਂ ਨੂੰ ਛੱਡਕੇ ,
ਆਪਣੀ ਰਹਿਤ ‘ਚੋਂ ‘ਇੱਕ’ ਨੂੰ ਹੀ ਪ੍ਰਗਟਾਉਣਾ ਪਊ ॥
27/06/2015

ਅਜੋਕੀ ਸੰਗਤ !
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ

ਜੇਕਰ ਗੁਰੂ ਦੇ ਨਾਮ ਤੇ ਹੋਏ ਮੇਲਾ,
ਸੰਗਤ ਲੱਖਾਂ ਹਜਾਰਾਂ ਵਿੱਚ ਜੁੜ ਜਾਂਦੀ ।
ਕਰਮ-ਕਾਂਢ ਜੇ ਧਰਮ ਦੇ ਨਾਮ ਹੋਵੇ,
ਅੱਖਾਂ ਮੀਚ ਦਿਖਾਵੇ ਵਿੱਚ ਰੁੜ੍ਹ ਜਾਂਦੀ ।
ਜਿੱਥੇ ਜੀਭ ਦੇ ਰਸ ਦਾ ਹੋਏ ਲੰਗਰ,
ਪੰਗਤ ਉਸੇ ਅਸਥਾਨ ਵੱਲ ਮੁੜ ਜਾਂਦੀ ।
ਐਪਰ ਗੁਰੂ-ਗਿਆਨ ਜਦ ਵਰਤਦਾ ਹੈ,
ਹਵਾ ਵਾਂਗ ਚੁਫੇਰੇ ਨੂੰ ਉੜ ਜਾਂਦੀ ॥

19/03/2015

ਗੁਰਬਾਣੀ-ਸ਼ਕਤੀ!
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ

ਦਸਵੇਂ ਗੁਰਾਂ ਨੇ ਜਿਹਨੂੰ ਗੁਰੂ ਸੀ ਬਣਾਇਆ ਸਾਡਾ,
ੳਹੀ ਬਾਣੀ ਅੱਜ ਗੁਰਬਾਣੀ ਅਖਵਾਉਂਦੀ ਹੈ ।
ਖਾਲਸੇ ਦਾ ਪੂਰਾ ਗੁਰੂ ਬਣੀ ਗੁਰਬਾਣੀ ਇਹੋ,
ਇਹੋ ਗੁਰਬਾਣੀ ਰਹਿਤ ਸਿੱਖ ਦੀ ਕਹਾਉਂਦੀ ਹੈ ॥

ਮਨੁੱਖਤਾ ਦੇ ਨਾਲ ਹੀ ਇਹ ਦੁੱਖ-ਸੁੱਖ ਬਣਦੇ ਨੇ,
ਨਰਕ-ਸਵਰਗ ਵੀ ਏਥੇ ਦਰਸਾਉਂਦੀ ਹੈ ।
ਅਗਲਿਆਂ-ਪਿਛਲਿਆਂ ਜਨਮਾਂ ਦਾ ਡਰ ਕੱਢ,
ਬਾਕੀ ਬਚੀ ਜਿੰਦਗੀ ਸਵਾਰਨਾ ਸਿਖਾਉਂਦੀ ਹੈ ॥

ਮਜ਼ਹਬਾਂ ਨੇ ਜਿਹੜਾ ਰੱਬ ਅਸਮਾਨੀ ਚਾਹੜਿਆ ਸੀ,
ਗੁਰਬਾਣੀ ਜ਼ਰੇ-ਜ਼ਰੇ ਵਿੱਚੋਂ ਪ੍ਰਗਟਾਉਂਦੀ ਹੈ ।
ਭੋਲੇ ਸ਼ਰਧਾਲੂਆਂ ਦੀ ਲੁੱਟ ਲਈ ਪੁਜਾਰੀਆਂ ਦੇ,
ਵੱਲੋਂ ਮਾਰੇ ਸੰਗਲ ਤੇ ਜੰਦਰੇ ਤੜਾਉਂਦੀ ਹੈ ॥

ਡਰ ਅਤੇ ਲਾਲਚਾਂ ਲਈ ਕਰੀ ਜਾਂਦੀ ਪੂਜਾ ਛੱਡ,
ਰੱਬ ਨਾਲ ਬੰਦੇ ਦੀ ਮੁਹੱਬਤ ਨਿਭਾਉਂਦੀ ਹੈ ।
ਧਰਮ ਦੇ ਨਾਂ ਤੇ ਜਿਹਨੂੰ ਲੁੱਟ ਕੋਈ ਸਕਦਾ ਨਾ,
ਬੰਦੇ ਨੂੰ ਵਿਵੇਕ-ਸ਼ੀਲ ਬਾਣੀ ਹੀ ਬਣਾਉਂਦੀ ਹੈ ॥

ਗੁਰਬਾਣੀ ਕਦੇ ਖੋਜ-ਕਾਰਜਾਂ ਵਿਰੁੱਧ ਨਾਹੀਂ,
ਗਿਆਨ-ਵਿਗਿਆਨ ਨੂੰ ਇਹ ਰਸਤੇ ਦਿਖਾਉਂਦੀ ਹੈ ।
ਜੋ ਵੀ ਗੁਰਬਾਣੀ ਨੂੰ ਸਮਝ ਨਾਲ ਪੜ੍ਹਦਾ ਹੈ ,
ਗੁਰਬਾਣੀ ਉਹਨੂੰ ਸਦਾ ਸੱਚ ਦ੍ਰਿੜਾਉਂਦੀ ਹੈ ॥

ਸੁਰ-ਨਰ-ਮੁਨ-ਜਨ ਖੋਜਦੇ ਨੇ ਜਿਹਨੂੰ ਸਾਰੇ,
ਅਮ੍ਰਿਤ ਹਰ ਪਲ ਬੰਦੇ ਨੂੰ ਛਕਾਉਂਦੀ ਹੈ ।
ਸਿੱਖੀ ਦਾ ਅਸੂਲ ਪਹਿਲਾ ਕਰਨੀ ਕਿਰਤ ਹੁੰਦੀ,
ਕਿਰਤ ਨੂੰ ਸੁਕਿਰਤ ਵਿੱਚ ਬਾਣੀ ਹੀ ਵਟਾਉਂਦੀ ਹੈ ॥

ਜਿਸਦੇ ਦਿਮਾਗ ਵਿੱਚ ਵੱਸ ਜਾਵੇ ਇੱਕ ਵਾਰ,
ਉਸ ਨੂੰ ਖੰਡੇ ਦੀ ਤਿੱਖੀ ਧਾਰ ਤੇ ਨਚਾਉਂਦੀ ਹੈ ।
ਜੀਵੋ ਅਤੇ ਜੀਣ ਦੇਵੋ ਨਾਲੋਂ ਇਹ ਤਾਂ ਅੱਗੇ ਜਾਕੇ,
ਦੂਜਿਆਂ ਨੂੰ ਜੀਣ ਵਾਲੀ ਪੌੜੀ ਤੇ ਚੜਾਉਂਦੀ ਹੈ ॥

ਜਾਦੂ-ਟੂਣੇ-ਜੋਤਸ਼ ਤੇ ਵਹਿਮ-ਭਰਮ ਛੱਡ ਸਾਰੇ,
ਵਿਪਰੀ ਝਮੇਲਿਆਂ ਨੂੰ ਸਿੱਧੇ ਰਾਹੇ ਪਾਉਂਦੀ ਹੈ ।
ਗੁਰਬਾਣੀ ਵਾਲੇ ਭਾਵ ਅਰਥ ਵਿਚਾਰ ਦੇਖੋ,
ਗੁਰਬਾਣੀ ਸੱਚ ਦੀਆਂ ਗੱਲਾਂ ਹੀ ਸੁਣਾਉਂਦੀ ਹੈ ॥

ਅੰਧ-ਵਿਸ਼ਵਾਸ ਤੇ ਕਰਮ-ਕਾਂਢ ਸੁੱਟ ਪਾਸੇ,
ਸਾਂਝੇ ਰੱਬ ਵਾਲੀ ਸਾਂਝੀ ਭਗਤੀ ਬਤਾਉਂਦੀ ਹੈ ।
ਸਾਰੀ ਦੁਨੀੳ ਦੇ ਵਿੱਚ ਇੱਕ ਹੀ ਦਿਖਾਕੇ ਜੋਤ,
ਤੇਰੇ-ਮੇਰੇ ਵਾਲਾ ਸਾਰਾ ਭਰਮ ਮਿਟਾਉਂਦੀ ਹੈ ॥

ਗੈਰ-ਵਿਗਿਆਨਿਕ ਕਰਿਸ਼ਮੇ ਤੇ ਕਰਾਮਾਤਾਂ,
ਛੱਡਕੇ ਹਕੀਕਤਾਂ ਦੇ ਨਾਲ ਟਕਰਾਉਂਦੀ ਹੈ ।
ਕੁਦਰਤ ਵਾਲੇ ਨਿਯਮਾਂ ਦੇ ਅੰਗ-ਸੰਗ ਰੱਖ,
ਰੱਬ ਦਾ ਹੁਕਮ ਆਖ ਸਾਨੂੰ ਸਮਝਾਉਂਦੀ ਹੈ ॥

ਸਾਧ-ਸੰਤ-ਡੇਰੇਦਾਰ ਬਣਦੇ ਵਿਚੋਲੇ ਜਿਹੜੇ,
ਬਾਬੇ ਇਹ ਅਖੌਤੀਆਂ ਨੂੰ ਦੂਰ ਤੋਂ ਭਜਾਉਂਦੀ ਹੈ ।
ਗੁਰਬਾਣੀ ਧਾਰ ਬੰਦਾ ਗੁਰਬਾਣੀ ਬਣ ਜਾਂਦਾ,
ਜੀਵਨ 'ਚ ਧਾਰੀ ਬਾਣੀ ਰੱਬ ਜੀ ਨੂੰ ਭਾਉਂਦੀ ਹੈ ॥

ਬੰਦੇ ਵਿੱਚੋਂ ਗੁਰੂ ਚੇਲਾ ਹੋਣ ਵਾਲਾ ਭਰਮ ਕੱਢ,
ਸੁਰਤੀ ਨੂੰ ਚੇਲਾ ਗੁਰੂ ਗਿਆਨ ਨੂੰ ਧਰਾਂਉਂਦੀ ਹੈ ।
ਬੰਦੇ ਅਤੇ ਰੱਬ ਦੀਆਂ ਪਰਤਾਂ ਨੂੰ ਦੂਰ ਕਰ,
ਦੋਨਾਂ ਦੀਆਂ ਆਪੋਂ ਵਿੱਚ ਗੱਲਾਂ ਕਰਵਾਉਂਦੀ ਹੈ ॥

ਇੱਕੋ ਗੁਰਬਾਣੀ ਦੀ ਵਿਚਾਰ ਜਦੋਂ ਕਰੀਦੀ ਏ,
ਇੱਕ ਨਾਲ ਹੀ ਉਹ ਸਾਡਾ ਰਾਬਤਾ ਰਖਾਉਂਦੀ ਹੈ ।
ਇੱਕ ਨਾਲ ਬੰਦਾ ਜਦ ਜੁੜਦਾ ਏ ਇੱਕੋ ਰਾਹੀਂ,
ਇੱਕ-ਮਿੱਕ ਵਾਲੀ ਉਹ ਅਵਸਥਾ ਸਦਾਉਂਦੀ ਹੈ ॥

ਇੱਕ ਹੀ ਗ੍ਰੰਥ-ਪੰਥ ਇੱਕ ਗੁਰ-ਰੱਬ ਸਾਡਾ,
ਇੱਕੋ ਮਰਿਆਦਾ ਗੁਰਬਾਣੀ ਫਰਮਾਉਂਦੀ ਹੈ ।
ਇੱਕ ਹੀ ਤਖਤ ਉਹਦਾ ਜਿੱਥੋਂ ਸੱਚਾ ਸੇਧ ਦੇਵੇ,
ਸ਼ਕਤੀ-ਨਿਯਮ ਰੂਪੀ ਜੱਗ ਨੂੰ ਚਲਾਉਂਦੀ ਹੈ ॥

05/10/2014

 

ਗੁਰਬਾਣੀ-ਉਪਦੇਸ਼
ਡਾ ਗੁਰਮੀਤ ਸਿੰਘ ਬਰਸਾਲ ਸੈਨਹੋਜੇ

ਗੁਰੂ-ਗ੍ਰੰਥ ਸਾਹਿਬ ਦੀ ਬਾਣੀ,
ਪੜ੍ਹ-ਸੁਣ ਰੋਜ ਵਿਚਾਰੋ ।
ਜੋ ਜੋ ਸਮਝ ‘ਚ ਆਉਂਦਾ ਜਾਵੇ,
ਜੀਵਨ ਦੇ ਵਿੱਚ ਧਾਰੋ ॥
ਦੋ ਗੱਲਾਂ ਵੀ ਧਾਰਨ ਦੇ ਨਾਲ,
ਜੀਵਨ ਬਦਲ ਹੈ ਜਾਦਾ ।
ਐਵੇਂ ਨਾ ਬਸ ਗੱਡੀਆਂ ਲੱਦਕੇ,
ਭਾਰ ਨਾਲ ਹੰਕਾਰੋ ॥
ਤੋਤਾ ਰਟਨਾਂ ਦੇ ਨਾਲ ਕੇਵਲ,
ਯਾਦ ਪਹਾੜੇ ਹੋਵਣ ।
ਜੀਵਨ ਰੂਪ ਸਵਾਲਾਂ ਖਾਤਿਰ,
ਬੁੱਧ ਵਿਵੇਕ ਚਿਤਾਰੋ ॥
ਰੱਟੇ ਲਾਵਣ ਨਾਲ ਤੇ ਬੰਦਾ,
ਮੰਤਰ ਹੀ ਮੰਨ ਬਹਿੰਦਾ ।
ਗੁਰਬਾਣੀ ਉਪਦੇਸ਼ਾਂ ਨੂੰ ਨਾ,
ਗਿਣ-ਮਿਣ ਕਦੇ ਉਚਾਰੋ ॥
ਗੁਰ ਬਾਬੇ ਦੇ ਪਾਠ ਸਦਾ ਹੀ,
ਸਮਝ ਸਮਝ ਕੇ ਪੜ੍ਹੀਏ ।
ਹਾਸਲ ਹੋਈ ਸਿੱਖਿਆ ਨਾ,
ਮੁੜ ਮਨ ਤੋਂ ਕਦੇ ਉਤਾਰੋ ॥
ਗੁਰਬਾਣੀ ਨੂੰ ਜੀਵਨ ਦੇ ਵਿੱਚ,
ਸਦਾ ਹੀ ਚੱਲਦੀ ਰੱਖਿਓ ।
ਐਵੇਂ ਨਾ ਬਸ ਕਰਮ-ਕਾਂਢ ਕਰ ,
ਪਾਕੇ ਭੋਗ ਵਿਸਾਰੋ ॥
ਗੁਰਬਾਣੀ ਤਾਂ ਹਰ ਬੰਦੇ ਦੇ,
ਜੀਵਨ ਨੂੰ ਰੁਸ਼ਨਾਉਂਦੀ ।
ਪੜ੍ਹ-ਸੁਣ,ਧਾਰਨ ਕਰ,ਬਣ ਬਾਣੀ,
ਬਾਣੀ ਹੀ ਪਰਚਾਰੋ ॥
02/10/2014

ਜਾਤੀ-ਸੂਚਕ !
ਡਾ ਗੁਰਮੀਤ ਸਿੰਘ ਬਰਸਾਲ

ਜਾਤੀ-ਸੂਚਕ ਗੋਤ ਨੂੰ ਜਦ ਵੀ ਨਾਂ ਦੇ ਨਾਲ ਲਗਾਈਏ ।
ਅਣਜਾਣੇ ਹੀ ਜਾਤ-ਪਾਤ ਨੂੰ ਅਸੀਂ ਸਾਂਭਦੇ ਜਾਈਏ ॥

ਵਰਣ-ਵੰਡ ਦੇ ਨਾਲ ਵਿਪਰ ਨੇ ਐਸੀ ਖੇਡ ਬਣਾਈ ,
ਸੱਭ ਤੋਂ ਉੱਪਰ ਆਪ ਤੇ ਬਾਕੀ ਨੀਚਮ-ਨੀਚ ਸਦਾਈਏ ॥

ਨੀਤੀ ਧਾਰ ਸਮਾਜ ਵੰਡਣ ਲਈ ਚੱਕਰਵਿਊ ਉਸ ਘੜਿਆ ,
ਜਾਤ-ਗਰਭੁ ਤੇ ਹੀਣ-ਭਾਵਨਾ ਸੁੱਤੇ-ਸਿਧ ਅਪਣਾਈਏ ॥

ਕੁੱਲ-ਜਾਤੀ ਦੇ ਕਾਰਣ ਜੱਗ ਤੇ ਕੋਈ ਨਾ ਬਣਦਾ ਵੱਡਾ ,
ਵੱਡੇ ਹੋਵਣ ਖਾਤਿਰ ਸੱਜਣੋਂ ਵੱਡੇ ਕਰਮ ਕਮਾਈਏ ॥

ਕਿਰਤ ਕਾਰਣ ਹੀ ਜੇਕਰ ਸਾਨੂੰ ਜਾਤਾਂ ਵਿੱਚ ਹੈ ਵੰਡਿਆ ,
ਫਿਰ ਕਾਹਤੋਂ ਨਾ ਕਿਰਤ ਬਦਲਕੇ ਬਦਲ ਜਾਤਾਂ ਨੂੰ ਪਾਈਏ ॥

ਭਾਈਚਾਰਾ ਤੋੜਨ ਲਈ ਜਿਸ ਵਰਗ-ਵਿਤਕਰਾ ਘੜਿਆ ,
ਕਿਓਂ ਗੁਰ-ਨਾਨਕ ਛੱਡ ਚੇਲੇ ਉਸ ਮੰਨੂ ਦੇ ਅਖਵਾਈਏ ॥

ਜੇਕਰ ਕਿਤੇ ਪਛਾਣ ਦੀ ਖਾਤਿਰ ਬਣਦੀ ਹੈ ਮਜਬੂਰੀ ,
ਕਾਹਤੋਂ ਨਾ ਫਿਰ ਗੋਤ ਨੂੰ ਛੱਡਕੇ ਪਿੰਡ ਤਖੱਲਸ ਲਾਈਏ ,

ਕਿਓਂ ਨਾ ਸਾਰੇ ਪਿੰਡ ਨਿਵਾਸੀ ਸਾਂਝਾ ਨਾਂ ਅਪਣਾਕੇ ,
ਗੋਤਾਂ-ਜਾਤਾਂ ਦੇ ਨਾਲ ਤੁਰਦੀ ਊਚ-ਨੀਚ ਦਫਨਾਈਏ ॥

ਇੱਕ ਜੋਤ ਤੋਂ ਉਪਜੇ ਸਾਰੇ ਵੱਡਾ-ਛੋਟਾ ਨਾ ਕੋਈ ,
ਮਾਣਸ ਦੀ ਤਾਂ ਜਾਤ ਹੈ ਇੱਕੋ ਸਭਨਾਂ ਨੂੰ ਸਮਝਾਈਏ ॥
08/09/2014

 

ਇਸ਼ਾਰੇ !!
ਡਾ ਗੁਰਮੀਤ ਸਿੰਘ ਬਰਸਾਲ

ਅੰਦਰ ਖੋਜੇਂ ,ਬਾਹਰ ਖੋਜੇਂ, ਖੋਜੇਂ ਧਰਤੀ ਸਾਰੀ ।
ਕੁਦਰਤ ਦਾ ਕੋਈ ਅੰਤ ਨਹੀਂ ਹੈ ,ਰੱਬੀ ਖੇਡ ਨਿਆਰੀ॥

ਜੀਵ ਸੋਚਦਾ ਖੁਦ ਨੂੰ ਇੱਥੇ ,ਇੱਕੋ ਜਿੰਦ ਨਿਮਾਣੀ ।
ਪਰ ਨਾ ਸੋਚੇ ਦੇਹ ਵਿੱਚ ਲੱਖਾਂ ਜੀਵ ਨੇ ਬਹੁ-ਪਰਕਾਰੀ ॥

ਪਾਣੀ ਅੰਦਰ ਅੱਗ ਹੈ ਵਸਦੀ, ਅੱਗ ਅੰਦਰ ਹੈ ਪਾਣੀ ।
ਇੱਕ ਦੂਜੇ ਦੀ ਬਣੀ ਵਿਰੋਧੀ , ਸਾਂਝੇ ਤੱਤ ਦੀ ਯਾਰੀ ॥

ਨਰ ਤੇ ਮਾਦਾ ਭਾਵੇਂ ਵੱਖ ਵੱਖ ,ਮੂਲ ਜੀਵ ਤਾਂ ਇੱਕੋ ,
ਹਰ ਨਾਰੀ ਵਿੱਚ ਪੁਰਖ ਹੈ ਵਸਦਾ ,ਹਰ ਪੁਰਖ ਵਿੱਚ ਨਾਰੀ ॥

ਬੰਦੇ ਅੰਦਰ ਰਾਮ ਹੈ ਰਮਿਆਂ, ਧਰਮੀ ਲੋਕੀਂ ਕਹਿੰਦੇ ,
ਲੇਕਨ ਰਾਮ ਅੰਦਰ ਸਭ ਰਹਿੰਦੇ , ਇਹ ਨਾ ਕਦੇ ਵਿਚਾਰੀ ॥

ਹਰ ਬੰਦੇ ਦੇ ਅੰਦਰ ਕਹਿੰਦੇ , ਕੋਈ ਆਤਮਾ ਹੁੰਦੀ ।
ਬੰਦਾ ਵਸੇ ਆਤਮਾ ਅੰਦਰ , ਵਿਰਲੇ ਗੱਲ ਚਿਤਾਰੀ॥

ਇੱਕੋਂ ਜਦੋਂ ਅਨੇਕ ਸੀ ਹੋਇਆ, ਨਿਰਗੁਣ ਰੂਪ ਨੂੰ ਛੱਡਕੇ ।
ਹਸਦੀ ਵਸਦੀ ਦੁਨੀਆਂ ਸਜ ਗਈ, ਨਿਰਾਕਾਰੋਂ ਆਕਾਰੀ ॥

20/08/2014
 

ਡਾ ਗੁਰਮੀਤ ਸਿੰਘ ਬਰਸਾਲ, ਕੈਲੇਫੋਰਨੀਆਂ
gsbarsal@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com