WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਗੁਰਪ੍ਰੀਤ ਕੌਰ ਗੈਦੂ
ਯੂਨਾਨ

GurpreetK Gaidu

ਰੰਗ
ਗੁਰਪ੍ਰੀਤ ਕੌਰ ਗੈਦੂ, ਯੂਨਾਨ
 
gurpreetK-gaidu01ਹਾਂ ਸਖੀ,
ਤੇਰੀ ਗੱਲ ਤਾਂ 
ਵਾਜਿਬ ਐ,
ਦੁਨੀਆਂ ਰੰਗ ਬਿਰੰਗੀ
ਭਾਵੇ ਮਨ ਨੂੰ ।
ਪਰ ਜਦੋਂ ਕਦੇ 
ਰੰਗਾਂ ਨਾਲ ਵੀ
ਧੱਕੇ ਸ਼ਾਹੀ ਹੁੰਦੀ ਦੇਖਾਂ। 
ਫਿਰ ਦਿਲ ਨੂੰ ਤਰਸ ਜਿਹਾ ਆਉਂਦੈ ਰੰਗਾਂ ਤੇ
ਫਿਰ ਦਿਲ ਨੂੰ 
ਖੋਹ ਜਿਹੀ ਪੈਂਦੀ ਐ।
ਫਿਰ ਮਨ ਨੂੰ ਨਾ 
ਇਹ ਭਾਉਂਦੀ ਗੱਲ।
ਫਿਰ ਦਿਲ ਕਰੇ 
ਇਹਨਾਂ ਨੂੰ ਰਲਾ ਕੇ 
ਇੱਕੋ ਈ ਬਣਾ ਦਿਆਂ।
ਸਾਰੇ ਰੰਗਾਂ ਦਾ 
ਭੇਦ ਈ ਮਿਟਾ ਦਿਆਂ
ਬਸ ਸਫੇਦੋ ਸਫੇਦ ਹੀ 
ਬਣਾ ਦਿਆਂ ।
ਚਲਾਕ ਜਿਹਾ ਮਨੁੱਖ 
ਆਪ ਤਾਂ ਵੰਡਿਆ ਈ ਸੀ
ਇਹਨਾਂ ਭੋਲੇ ਭਾਲੇ ਜਿਹੇ 
ਮਾਸੂਮ ਜਿਹੇ ਰੰਗਾਂ ਨੂੰ 
ਵੀ ਨਾ ਬਖਸ਼ਿਆ ।
ਕੋਈ ਖੁਸ਼ੀ ਦਾ
ਤੇ ਕੋਈ ਗਮੀ ਦਾ ਬਣਾ 
ਰੰਗਾਂ ਨੂੰ ਵੀ ਵੰਡ ਕੇ ਰੱਖ ਦਿੱਤਾ ।
 16/05/2019

ਪੈੜਾਂ /ਯਾਦਾਂ 
ਗੁਰਪ੍ਰੀਤ ਕੌਰ ਗੈਦੂ, ਯੂਨਾਨ
 
ਇਹਨਾਂ ਪੈੜਾਂ ਦਾ
ਮੈਂ ਕੀ ਕਰਾਂ?
ਇਹਨਾਂ ਮੈਨੂੰ
 ਬੜਾ ਸਤਾਇਆ।
 
ਨਾ ਸਰਦੀ ਨਾਲ 
ਸੀਤਲ ਹੋਈਆਂ।
ਨਾ ਗਰਮ ਪਵਨ ਨੇ 
ਲੂਹੀਆਂ। 
 
ਮੈਨੂੰ ਘਰ  ਤੱਕ 
ਸਤਾਵਣ ਆਈਆਂ ।
ਮੇਰੀਆਂ ਪੈੜਾਂ ਮੈਨੂੰ
ਚਿੜ੍ਹਾਵਣ ਆਈਆਂ।
 
ਇਹ ਅਸਮਾਨੀ 
ਪੁੱਜੀਆਂ ਪੈੜਾਂ।
ਮੇਰੇ ਸਿਰ ਉੱਤੇ
ਗਮ ਬਰਸਾਵਣ ਆਈਆਂ।
 
ਮੈਨੂੰ ਧੱਕੇ ਦੇਹ,
ਦੇਣ ਹਲੂਣੇ ।
ਮੇਰੇ ਵਲ ਵਲੇ ਹੋਏ ਦੂਣੇ।
ਮੇਰਾ ਹੌਸਲਾ ਢਾਵਣ ਆਈਆਂ ।
 
ਜੀ ਕਰੇ ਕਿਣਕਾ ਕਿਣਕਾ 
ਕਾਇਨਾਤ ਦਾ
ਜੋੜ ਲਵਾਂ ਮੈਂ।
ਕੱਢਾਂ ਅਰਕ 
ਨਿਚੋੜ  ਲਵਾਂ ਮੈਂ।
ਬੀਤਿਆ ਸਮਾਂ 
ਦਿਖਾਵਣ ਆਈਆਂ।
 
ਕੀ  ਇਹਨਾਂ ਨੇ ਮੈਨੂੰ
ਕਰਨਾ ਕਹਿਣਾ।
ਜੇ ਇਹਨਾਂ ਨੂੰ ਵਾਪਿਸ 
ਮੋੜ ਦਿਆਂ ਮੈਂ।
ਬੱਸ ਸਾਹ ਮੇਰਾ
ਕੱਢਾਵਣ ਆਈਆਂ।
17/05/2019

ਦਰਦ
ਚੱਲ ਵੇ ਦਰਦਾ
ਤੈਨੂੰ ਵੰਡ ਵੰਡਾ ਕੇ ਆਵਾਂ,
ਉਂਗਲੀ ਫੜ੍ਹ ਤੇ ਤੈਨੂੰ ਕਿੱਧਰੇ 
ਛੱਡ ਕੇ ਆਵਾਂ।
 
ਲੋਕੀਂ ਕਹਿਣ 
ਤੂੰ ਵੰਡਿਆ ਘਟਦੈਂ 
ਚੱਲ ਤੈਨੂੰ ਘੱਟ ਘਟਾ ਕੇ 
ਲਿਆਵਾਂ!
ਸੁੱਟਾਂ ਦੂਰ ਤੇ 
ਤੈਥੋਂ ਲੁਕ- ਲੁਕ ਆਵਾਂ ।
 
ਮੁੱਠੀ-ਮੁੱਠੀ ਵੰਡਾਂ 
ਤੇ ਪੰਡ-ਪੰਡ ਚੁੱਕ 
ਲਿਆਵਾਂ।
ਇਹ ਦੂਣਾ ਚੌਣਾ 
ਪਲਾਂ 'ਚ ਕਰ ਲਿਆਵਾਂ।
 
ਡਰਦਾ- ਡਰਦਾ ਦਰਦ ਵੀ 
ਮੇਰੇ ਕੋਲ ਹੀ ਬਹਿ ਗਿਆ 
ਗੋਡੇ ਲੱਗ ਲੱਗ 
ਹੁਬਕੀ-ਹੁਬਕੀ ਰੋਇਆ  
ਦਰਦ ਨੂੰ ਮੇਰੇ ਤੇ
ਦਰਦ ਜਿਹਾ ਸੀ ਆਇਆ।
 
ਗਿਆ ਸੀ ਉਂਗਲੀ ਫੜ੍ਹ ਕੇ 
ਗਲ ਲੱਗ ਕੇ ਮੁੜਿਆ 
ਗਈ ਸੀ ਕਿੱਧਰੇ ਵੰਡਣ-ਵੰਡਾਉਣ,
ਪਰ ਮੇਰੇ ਸਿਰ ਤੇ ਚੜ੍ਹਿਆ 
ਮੇਰਾ ਹੀ ਦਰਦ ਸੀ 
ਮੇਰਾ ਹੀ ਹੋ ਕੇ ਮੁੜਿਆ ।
 
ਦੋਰਾਹਾ
ਦੋਰਾਹਾ ਮੇਰੇ ਸਾਹਮਣੇ ਸੀ,
ਪਰ ਮੇਰਾ ਕਿਸੇ ਵੀ
ਰਾਹ ਵੱਲ ਮੂੰਹ ਨਹੀਂ ਸੀ ਹੋ ਰਿਹਾ,
ਕੋਈ ਇੱਕ ਰਾਹ ਚੁਣਿਆ ਨਹੀਂ ਜਾ ਰਿਹਾ ਸੀ ।
ਉੱਠਦੀ,ਕੋਸ਼ਿਸ਼ ਕਰਦੀ,
ਕਿਸੇ ਰਾਹ ਵੱਲ ਵਧਣ ਦੀ,
ਪਰ ਪਰੇਸ਼ਾਨ ਹੋ 
ਫਿਰ ਬੈਠ ਜਾਂਦੀ।
ਫੈਸਲਾ ਕਰਨਾ ਮੈਨੂੰ,
ਬਹੁਤ ਕਠਿਨ ਤੇ ਮੁਸ਼ਕਿਲ
ਮਾਲੂਮ ਹੋ ਰਿਹਾ ਸੀ।
ਮਨ ਦੋਚਿੱਤੀ ਵਿੱਚ ਫਸਿਆ ਹੋਇਆ  ਸੀ।
ਏਸੇ ਕਸ਼ਮ-ਕਸ਼ ਵਿੱਚ
ਕਿ ਤੁਰਾਂ ਕਿ ਨਾ, 
ਰਾਹ ਵੱਲ ਵਧਾਂ ਕਿ ਨਾ-
ਆਪਣੇ ਆਪ ਨਾਲ ਜੱਦੋ-ਜਹਿਦ
ਕਰ ਰਹੀ ਸੀ।
ਸੋਚ ਵਿੱਚ ਡੁੱਬੀ ਬੈਠੀ ਸਾਂ,
ਕਿ ਏਨੇ ਨੂੰ ਇੱਕ ਆਵਾਜ਼ 
ਮੇਰੇ ਕੰਨਾਂ ਵਿੱਚ ਪਈ ।
ਸਿਰਫ ਆਵਾਜ਼ ਹੀ ਨਹੀਂ ਸੀ, 
ਇੱਕ ਤਾਹਨਾ ਸੀ।
ਮਾਂ ਦੀ ਓਸ ਘੂਰ ਵਰਗੀ ਆਵਾਜ਼-
ਜੀਹਦੇ ਵਿੱਚ ਹੱਲਾਸ਼ੇਰੀ ਵੀ ਸੀ
ਗੁੱਸਾ ਵੀ, ਤਾਹਨਾ ਵੀ, 
ਤੇ ਢੇਰ ਸਾਰਾ ਪਿਆਰ ਵੀ।
ਇਹ ਆਵਾਜ਼ ਮੈਨੂੰ 
ਇਕ ਰਾਹ ਵੱਲੋਂ ਆਈ ਸੀ,
ਦੋਹਾਂ ਵਿੱਚੋਂ ਇੱਕ ਰਾਹ 
ਮੈਨੂੰ ਉਲਾਂਭਾ ਦੇ ਰਿਹਾ ਸੀ।
 ਮੈਂ ਤੇਰਾ ਰਾਹ ਹਾਂ
ਕੋਈ ਹੋਰ ਨਹੀਂ ,
ਮੈਂ ਹੀ ਤੈਨੂੰ ਤੇਰੀ ਮੰਜ਼ਿਲ 'ਤੇ ਪਹੁੰਚਾਵਾਂਗਾ, 
ਮੈਂ ਹੀ ਤੇਰਾ ਸਾਥੀ ਬਣਾਂਗਾ।
ਬਸ ਤੂੰ ਇੰਝ ਕਰ,
ਤੁਰੀ ਚੱਲ ।
"ਰਸਤੇ ਵਿੱਚ ਜੋ ਵੀ ਆਵੇ,
ਜੋ ਵੀ ਹੋਵੇ,
ਤੈਨੂੰ ਸਤਾਵੇ ਤੈਨੂੰ ਭਟਕਾਵੇ, 
ਪਰ ਤੂੰ ਮੈਨੂੰ ਛੱਡੀ ਨਾ।
ਮੈਂ ਹੀ ਇੱਕ ਦਿਨ
ਤੈਨੂੰ ਤੇਰੀ ਮੰਜ਼ਿਲ ਤੇ ਪਹੁੰਚਾਵਾਂਗਾ।"
ਮੈਨੂੰ ਇਸ ਤਾਹਨੇ ਨੇ ਹਲੂਣਿਆ,
ਝਿੜਕਿਆ ਤੇ ਝੰਜੋੜਿਆ,
ਮੈਂ ਉੱਠ ਕੇ ਰਾਹ ਵੱਲ ਨੂੰ ਹੋ ਤੁਰੀ,
ਆਪਣੀ ਮੰਜ਼ਿਲ ਵੱਲ।
ਫੈਸਲਾ ਕਰਨਾ
ਆਸਾਨ ਹੋ ਗਿਆ 
ਤੇ ਮੇਰੇ ਕਦਮ ਆਪ-ਮੁਹਾਰੇ ਹੀ
ਮੰਜ਼ਿਲ ਵੱਲ ਨੂੰ ਹੋ ਤੁਰੇ।
18/05/2019
 

 

ਗੁਰਪ੍ਰੀਤ ਕੌਰ ਗੈਦੂ 
Ajit Singh  rightangleindia@gmail.com


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2019, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019, 5abi.com