WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ, ਬਰਤਾਨੀਆ

ਤੋਬਾ ਤੋਬਾ
ਰਵਿੰਦਰ ਸਿੰਘ ਕੁੰਦਰਾ,  ਯੂ. ਕੇ.

ਤੋਬਾ ਤੋਬਾ ਹੋ ਗਈ ਸਾਡੀ,
ਸਾਡੇ ਤਾਂ ਹੁਣ ਹੱਥ ਖੜ੍ਹੇ ਨੇ।
ਪਹਿਲੇ ਮਸਲੇ ਹੱਲ ਨਹੀਂ ਹੁੰਦੇ,
ਹੋਰ ਵੀ ਅੱਗੇ ਕਈ ਅੜੇ ਨੇ।
ਕਿਸ ਨੂੰ ਕਹੀਏ ਕੋਈ ਨਹੀਂ ਸੁਣਦਾ,
ਸੁਣਨ ਵਾਲੇ ਬੱਸ ਅੜਬ ਬੜੇ ਨੇ।
ਲੋ ਲਿਹਾਜ ਹੁਣ ਕੋਈ ਨੀ ਸਾਡੀ,
ਸੋਚ ਸੋਚ ਸਾਡੇ ਵਾਲ ਝੜੇ ਨੇ।
ਗੱਲ ਕਰਨ ਲਈ ਮੂੰਹ ਜੇ ਖੋਲ੍ਹੋ,
ਸਾਨੂੰ ਚੁੱਪ ਕਰਾ ਦਿੰਦੇ ਨੇ।
ਬੁੱਢੇ ਹੋ ਗਏ ਸਾਨੂੰ ਦੱਸ ਕੇ,
ਸਾਡੇ ਮੂੰਹ ਤਾਲ਼ਾ ਲਾ ਦਿੰਦੇ ਨੇ।
ਹੱਡ ਬੀਤੀਆਂ ਗੱਲਾਂ ਦਾ ਯਾਰੋ,
ਹੁਣ ਤੇ ਕੋਈ ਮੁੱਲ ਨਹੀਂ ਪੈਂਦਾ।
ਚਿੱਟੇ ਸੱਚ ਨੂੰ ਝੂਠ ਨੇ ਮੰਨਦੇ,
ਕੋਈ ਪੈਰੀਂ ਪਾਣੀ ਪੈਣ ਨੀ ਦਿੰਦਾ।
ਸਾਡੀਆਂ ਸਾਰੀਆਂ ਕਦਰਾਂ ਕੀਮਤਾਂ,
ਘੱਟੇ ਵਿੱਚ ਹੁਣ ਰੁਲ਼ ਗਈਆਂ ਨੇ।
ਲੱਖਾਂ ਦੀਆਂ ਕਈ ਗੱਲਾਂ ਸਾਡੀਆਂ,
ਕੌਡੀਆਂ ਤੋਂ ਵੀ ਥੁੜ੍ਹ ਗਈਆਂ ਨੇ।
ਲੱਚਰਤਾ ਸਿਰ ਗਲ਼ੀਆਂ ਕਰਦੀ,
ਨੰਗੇਜ ਖੜ੍ਹਾ ਹੁਣ ਸਾਨੂੰ ਘੂਰੇ।
ਬੰਦ ਕਰ ਲਈਏ ਅਸੀਂ ਭਾਵੇਂ ਅੱਖਾਂ,
ਭਾਵੇਂ ਢੋਅ ਲਈਏ ਹੁਣ ਬੂਹੇ।
ਸਿਰ ਵਿੱਚ ਗਲ਼ੀਆਂ ਕਰੇ ਜਵਾਨੀ,
ਨਸ਼ਿਆਂ ਵਿੱਚ ਮਦਹੋਸ਼ ਹੋ ਫਿਰਦੀ।
ਘਾਲ਼ ਕਮਾਈ ਕੀਤੀ ਸਾਡੀ,
ਸਾਡੇ ਹੱਥੋਂ ਜਾਵੇ ਕਿਰਦੀ।
ਹਾਲਤ ਹੁਣ ਇਹ ਹੁਣ ਹੋ ਗਈ ਸਾਡੀ,
ਕਹਿਣ ਨੂੰ ਰਹਿ ਗਈ ਗੱਲ ਨਾ ਬਾਕੀ।
ਨਾ ਸਾਡੇ ਕਹਿਣੇ ਵਿੱਚ ਕਾਕਾ,
ਨਾ ਸੁਣਦੀ ਸਾਡੀ ਗੱਲ ਹੁਣ ਕਾਕੀ।
ਉਲਟਾ ਚੋਰ ਕੋਤਵਾਲ ਨੂੰ ਡਾਂਟੇ,
ਤੇ ਕੋਤਵਾਲ ਸਿਰੋ ਸਿਰ ਪਿੱਟੀ ਜਾਵੇ।
ਸੱਚ ਨੂੰ ਫਾਂਸੀਆਂ ਨਿੱਤ ਨਿੱਤ ਲੱਗਣ,
ਤੇ ਝੂਠ ਹੁਣ ਫੰਧਾ ਖਿੱਚੀ ਜਾਵੇ।
ਬਦਮਾਸ਼ਾਂ ਦੇ ਗਲ਼ ਹਾਰ ਪੈਣ ਨਿੱਤ,
ਸ਼ਰੀਫ਼ਾਂ ਦੇ ਸਿਰ ਪੈਂਦੀਆਂ ਜੁੱਤੀਆਂ।
ਗਰੀਬਾਂ ਦੇ ਘਰ ਸੰਨ੍ਹਾਂ ਲੱਗਣ,
ਰਲ਼ ਬੈਠੇ ਹੁਣ ਚੋਰ ਤੇ ਕੁੱਤੀਆਂ।
ਕਿਹੜੀ ਕਹੀਏ ਕਿਹੜੀ ਛੱਡੀਏ,
ਸਾਨੂੰ ਤਾਂ ਹੁਣ ਸਮਝ ਨੀਂ ਆਉਂਦੀ।
ਲਹੂ ਲੁਹਾਣ ਹੁਣ ਆਤਮਾ ਸਾਡੀ,
ਅੰਦਰੋ ਅੰਦਰੀ ਪਈ ਕੁਰਲਾਂਦੀ।
ਰੋਣਾ ਚਾਹੀਏ ਰੋ ਨਹੀਂ ਹੁੰਦਾ,
ਨਾ ਸਾਡੇ ਤੋਂ ਹੱਸਿਆ ਜਾਂਦਾ।
ਸਾਰੀਆਂ ਗੱਲਾਂ ਮਨ ਵਿੱਚ ਰੱਖ ਕੇ,
ਹੋਰ ਵੀ ਸਾਡਾ ਦਿਲ ਘਬਰਾਂਦਾ।
ਨਹੀਂ ਲੱਗਦਾ ਹੁਣ ਇਸ ਦੁਨੀਆ ਵਿੱਚ,
ਸਾਡਾ ਵੀ ਕੋਈ ਝੱਟ ਜੇ ਟੱਪੇ।
ਖੋਲ੍ਹ ਬਾਹਾਂ ਜੋ ਮਿਲਦੇ ਸਨ ਧਾ ਕੇ,
ਉਹੀਓ ਸਾਨੂੰ ਮਾਰਨ ਧੱਕੇ।
ਬੇਸੁਰੀ ਹੁਣ ਡੱਫਲੀ ਸਾਡੀ,
ਤਾਲੋਂ ਘੁੱਥੀ ਬੇਤਾਲ ਹੋ ਗਈ।
ਉਲਝ ਗਈਆਂ ਨੇ ਜੀਵਨ ਤੰਦਾਂ,
ਤਾਣੀ ਮੱਕੜ ਜਾਲ਼ ਹੋ ਗਈ।
ਕੀ ਕੱਤੀਏ ਤੇ ਕੀ ਹੁਣ ਬੁਣੀਏ,
ਪੂਣੀ ਵੀ ਹੁਣ ਛੋਹ ਨਹੀਂ ਹੁੰਦੀ।
ਫਰੜਾ ਹੋ ਗਿਆ ਸਾਡਾ ਤੱਕਲ਼ਾ,
ਜੀਵਨ ਚਰਖੜੀ ਝੋ ਨਹੀਂ ਹੁੰਦੀ।
ਜੀਅ ਕਰਦਾ ਹੁਣ ਇਸ ਦੁਨੀਆ ਤੋਂ,
ਕੂਚ ਜਹਾ ਬੱਸ ਕਰ ਹੀ ਜਾਈਏ।
ਹੋ ਸਕੇ ਕਿਸੇ ਹੋਰ ਜਗ੍ਹਾ ਹੁਣ,
ਆਪਣੀ ਕਿਸਮਤ ਜਾ ਅਜ਼ਮਾਈਏ।
ਬੁੱਲੇ ਵਢੀਏ ਫੇਰ ਤੋਂ ਮੁੜ ਕੇ,
ਮਨ ਆਈਆਂ ਦੇ ਢੋਲ ਵਜਾਈਏ।
ਦੁਸ਼ਮਣਾਂ ਤੋਂ ਗਿਣ ਗਿਣ ਲਈਏ ਬਦਲੇ,
ਹਰ ਥਾਂ ਆਪਣੀ ਧੌਂਸ ਜਮਾਈਏ।
04/02/2017

 

ਨੌਂ ਸੌ ਚੂਹੇ ਤੇ ਮੈਂ
ਰਵਿੰਦਰ ਸਿੰਘ ਕੁੰਦਰਾ,  ਯੂ. ਕੇ.

ਨੌਂ ਸੌ ਚੂਹੇ ਖਾ ਬੈਠੀ ਹਾਂ,
ਚਿੱਤ ਅਪਣਾ ਪਰਚਾ ਬੈਠੀ ਹਾਂ,
ਬੜੇ ਪੁਆੜੇ ਪਾ ਬੈਠੀ ਹਾਂ,
ਦੁਸ਼ਮਣ ਕਈ ਬਣਾ ਬੈਠੀ ਹਾਂ।
ਦੱਸੋ ਹੁਣ ਮੈਂ ਕਿੱਧਰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ।

ਹੱਜ ਜਾਣ ਦਾ ਹੱਜ ਨਹੀਂ ਰਹਿ ਗਿਆ,
ਭੁੱਲ ਬਖਸ਼ਾਉਣ ਦਾ ਪੱਜ ਨਹੀਂ ਰਹਿ ਗਿਆ।
ਜਿਉਣ ਦਾ ਕੋਈ ਚੱਜ ਨਹੀਂ ਰਹਿ ਗਿਆ,
ਰਲਣ ਲਈ ਕੋਈ ਵੱਗ ਨਹੀਂ ਰਹਿ ਗਿਆ।
ਦੱਸੋ ਹੁਣ ਮੈਂ ਕਿੱਧਰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ।

ਜਿੱਧਰ ਜਾਵਾਂ ਕੋਈ ਮੂੰਹ ਨਹੀਂ ਲਾਉਂਦਾ,
ਹਰ ਕੋਈ ਮਿਲਣੋਂ ਕੰਨੀ ਕਤਰਾਉਂਦਾ,
ਸੌ ਬਹਾਨੇ ਨਿੱਤ ਘੜ ਦਿਖਲਾਉਂਦਾ,
ਰਿਸ਼ਤੇ ਨਾਤੇ ਤੋੜ ਵਿਖਾਉਂਦਾ।
ਦੱਸੋ ਹੁਣ ਮੈਂ ਕਿੱਧਰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ।

ਚੂਹੇ ਨਾ ਖਾਂਦੀ ਤਾਂ ਹੋਰ ਕੀ ਖਾਂਦੀ,
ਖੀਰਾਂ ਪੂੜੇ ਕਿੱਥੋਂ ਲਿਆਂਦੀ,
ਢਿੱਡ ਦੀਆਂ ਆਂਦਰਾਂ ਕਿਵੇਂ ਵਰਾਂਦੀ,
ਤੇ ਬਲਦੀ ਅੱਗ ਨੂੰ ਕਿਵੇਂ ਬੁਝਾਂਦੀ।
ਦੱਸੋ ਹੁਣ ਮੈਂ ਕਿੱਧਰ ਜਾਵਾਂ,
ਰਹਿੰਦੀ ਉਮਰ ਨੂੰ ਕਿਵੇਂ ਲੰਘਾਵਾਂ।

ਤੂੰ ਨਿੱਤ ਮੈਨੂੰ ਤੋਹਮਤਾਂ ਲਾਵੇਂ,
ਮੇਰੇ ਔਗੁਣ ਖੂਬ ਗਿਣਾਵੇਂ,
ਆਪਣੇ ਪਰਦੇ ਵਿੱਚ ਛੁਪਾਵੇਂ,
ਕਿਸ ਤੋਂ ਕਿਸ ਦਾ ਇਨਸਾਫ਼ ਕਰਾਵੇਂ।
ਤੇਰੇ ਪਰਦੇ ਫ਼ਾਸ਼ ਕਰ ਦਿਖਾਵਾਂ,
ਰਹਿੰਦੀ ਉਮਰ ਮੈਂ ਇਵੇਂ ਲੰਘਾਵਾਂ।

ਸੁਣ ਉਏ ਮੇਰਿਆ ਸੁਥਰਿਆ ਲੋਕਾ,
ਦਰ ਦਰ ਦੇਂਦੀ ਹਾਂ ਮੈਂ ਹੋਕਾ,
ਫੇਰ ਆਪਣੀ ਪੀੜ੍ਹੀ ਹੇਠ ਸੋਟਾ,
ਛੱਡ ਕਰਨਾ ਹੰਕਾਰ ਤੂੰ ਫੋਕਾ।
ਹੁਣ ਤੇਰੇ ਸਾਹਵੇਂ ਮੈਂ ਖੜ੍ਹ ਜਾਵਾਂ,
ਰਹਿੰਦੀ ਉਮਰ ਨੂੰ ਇਵੇਂ ਲੰਘਾਵਾਂ।

ਪੋਲ ਤੇਰੇ ਵੀ ਖੋਲ੍ਹ ਦਿਆਂ ਮੈਂ,
ਤੱਕੜੀ ਵਿੱਚ ਤੈਨੂੰ ਤੋਲ ਦਿਆਂ ਮੈਂ,
ਸੱਚ ਤੇਰਾ ਵੀ ਬੋਲ ਦਿਆਂ ਮੈਂ,
ਚੁਰੱਸਤੇ ਵਿੱਚ ਤੇਰੀ ਰੋਲ ਦਿਆਂ ਮੈਂ।
ਤੇਰੇ ਸਾਹਵੇਂ ਮੈਂ ਖੜ੍ਹ ਜਾਵਾਂ,
ਰਹਿੰਦੀ ਉਮਰ ਨੂੰ ਇਵੇਂ ਲੰਘਾਵਾਂ।
18/09/2015

 

ਮੇਰੀ ਫੱਤੋ
ਰਵਿੰਦਰ ਸਿੰਘ ਕੁੰਦਰਾ,  ਯੂ. ਕੇ.

ਕਈ ਭੈੜੇ ਭੈੜੇ ਯਾਰ ਨੇ ਮੇਰੀ ਫੱਤੋ ਦੇ,
ਅਫਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।

ਦੇਖਣ ਨੂੰ ਤਾਂ ਸੂਰਤ ਬੜੀ ਹੀ ਭੋਲ਼ੀ ਹੈ,
ਪਰ ਅੰਦਰੋਂ ਜ਼ਹਿਰ ਦੀ ਸਮਝੋ ਮਿੱਠੀ ਗੋਲ਼ੀ ਹੈ।
ਕਈ ਗੱਲਾਂ ਬਾਤਾਂ ਕਰਨ ਚ ਬੜੀ ਹੀ ਲੋਹਲੀ ਹੈ,
ਕਹਿਣੀ ਤੇ ਕਰਨੀ ਵਿੱਚ ਬੜੀ ਹੀ ਛੋਹਲੀ ਹੈ।
ਕੁੱਝ ਸ਼ੱਕੀ ਜਿਹੇ ਇਕਰਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।

ਕਈ ਐਰਿਆਂ ਗੈਰਿਆਂ ਨਾਲ ਯਾਰੀ ਪਾ ਬਹਿੰਦੀ,
ਬਿਨਾ ਸੋਚੇ ਸਮਝੇ ਪੁਆੜੇ ਹੋਰ ਵਧਾ ਲੈਂਦੀ,
ਰਾਹ ਜਾਂਦੀਆਂ ਕਈ ਬਲਾਵਾਂ ਅਪਣੇ ਗਲ਼ ਪਾ ਲੈਂਦੀ,
ਅਣਭੋਲ ਜਿਹੇ ਵਿੱਚ ਚੱਕਰ ਕਈ ਚਲਾ ਬਹਿੰਦੀ।
ਕਈ ਵੱਖਰੇ ਜਿਹੇ ਵਿਚਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।

ਅਕਲ ਦੀ ਗੱਲ ਸਮਝਾਵਾਂ ਅੱਗੋਂ ਹੈ ਲੜਦੀ,
ਖੋਪਰੀ ਵਿੱਚ ਚੰਗੀ ਗੱਲ ਸੌਖਿਆਂ ਨਹੀਂ ਵੜਦੀ,
ਹਰ ਗਲੀ ਵਿੱਚ ਭਾਗੋ ਵਾਂਗੂ ਜਾ ਖੜ੍ਹਦੀ,
ਕਸੂਰ ਆਪਣਾ ਦੂਜੇ ਦੇ ਗਲ਼ ਨਿੱਤ ਮੜ੍ਹਦੀ।
ਐਸੇ ਗੁਣ ਬੇ ਸ਼ੁਮਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।

ਪੰਜ ਨਵਾਜ਼ਾਂ ਪੜ੍ਹ ਕੇ ਖ਼ੁਦਾ ਧਿਆ ਲੈਂਦੀ,
ਮੁਸੱਲੇ ਦੀਆਂ ਚੀਕਾਂ ਖ਼ੂਬ ਕਢਾ ਲੈਂਦੀ,
ਤਸਬੀ ਤਾਈਂ ਵਖ਼ਤ ਬੜਾ ਹੀ ਪਾ ਲੈਂਦੀ,
ਮੌਲਵੀਆਂ ਦੀ ਤੋਬਾ ਖ਼ੂਬ ਕਰਾ ਲੈਂਦੀ।
ਉਹ ਮੱਥੇ ਲੱਗਣੋਂ ਇਨਕਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।

ਭਲਾ ਬੰਦਾ ਰਾਹ ਛੱਡ ਕੇ ਉਸ ਤੋਂ ਤੁਰਦਾ ਹੈ,
ਪਰ ਬੁਰਾ ਸੌ ਵਲ਼ ਪਾਕੇ ਉਸ ਤੱਕ ਪੁੱਜਦਾ ਹੈ,
ਮਾੜੀ ਢਾਣੀ ਵਿੱਚ ਉਸਦਾ ਹੀ ਜੱਸ ਪੁੱਗਦਾ ਹੈ,
ਲਫੰਗਾ ਲਾਣਾ ਉਸ ਦੀ ਝੋਲੀ ਚੁੱਕਦਾ ਹੈ।
ਕਈ ਗੁੰਡਿਆਂ ਦੇ ਸਰਦਾਰ ਨੇ ਮੇਰੀ ਫੱਤੋ ਦੇ,
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।

ਕਈ ਲੱਲੂ ਪੰਜੂ ਉਸਦੇ ਬੜੇ ਹੀ ਡੰਗੇ ਹੋਏ,
ਕਈ ਸੂਲੀਆਂ ਉੱਤੇ ਅੱਜ ਅਜੇ ਵੀ ਟੰਗੇ ਹੋਏ,
ਕਈ ਮੁੜ ਸੁਧਰਨ ਦੀ ਹੱਦ ਤੋਂ ਬੱਸ ਲੰਘੇ ਹੋਏ,
ਕਈ ਨਹੀਂ ਪੈਰੀਂ ਫਿਰ ਆਏ ਉਸਦੇ ਝੰਬੇ ਹੋਏ।
ਕਈ ਦਰ ਤੇ ਖੜੇ ਬੀਮਾਰ ਨੇ ਮੇਰੀ ਫੱਤੋ ਦੇ।
ਅਫ਼ਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।

ਕਈ ਭੈੜੇ ਭੈੜੇ ਯਾਰ ਨੇ ਮੇਰੀ ਫੱਤੋ ਦੇ,
ਅਫਸਾਨੇ ਕਈ ਹਜ਼ਾਰ ਨੇ ਮੇਰੀ ਫੱਤੋ ਦੇ।
01/07/2015

 

ਦਿਲ ਇੱਕ ਤੇ ਇਸ਼ਕ ਅਨੇਕ
ਰਵਿੰਦਰ ਸਿੰਘ ਕੁੰਦਰਾ,  ਯੂ. ਕੇ.

ਅਥਰੇ ਦਿਲ ਦੀ ਗਾਥਾ ਮੈਂ ਕੀ ਆਖਾਂ,
ਮੇਰੀ ਇੱਕ ਨਾ ਇਸ ਨੇ ਕਦੀ ਮੰਨੀ।
ਥੱਕ ਗਿਆਂ ਸਮਝਾ ਕੇ ਲੱਖ ਵਾਰੀਂ,
ਨਾ ਫਿਰ ਭੱਜਦਾ ਰੋਜ਼ ਵੱਖ ਵੱਖ ਕੰਨੀ।
ਨਹੀਂ ਮੰਨਿਆ ਮੇਰੀ ਦਲੀਲ ਇੱਕ ਵੀ,
ਪੰਗਾ ਇਸ਼ਕ ਦਾ ਐਸਾ ਇਹ ਪਾ ਬੈਠਾ।
ਮਾਸ਼ੂਕ ਇੱਕ ਨਾਲ ਨਾ ਇਹ ਰੱਜ ਸਕਿਆ,
ਦਿਲ ਕਈਆਂ ਦੇ ਹੱਥ ਪਕੜਾ ਬੈਠਾ।
ਪਹਿਲਾਂ ਤਮੰਨਾ ਦਾ ਇਸ ਨੂੰ ਫ਼ਤੂਰ ਚੜ੍ਹਿਆ,
ਦਿਨ ਰਾਤ ਰਿਹਾ ਉਸਦਾ ਜਾਪ ਕਰਦਾ।
ਹੋਰ ਸਾਰੀਆਂ ਸੁਰਾਂ ਤੇ ਤਾਲ ਭੁੱਲਿਆ,
ਉਸ ਦੇ ਨਾਮ ਦਾ ਰਿਹਾ ਅਲਾਪ ਕਰਦਾ।
ਅਲ੍ਹੜ ਬਰੇਸ ਤੇ ਇਸ਼ਕ ਦਾ ਤਾਪ ਐਸਾ,
ਸਿਰ ਧੜ ਦੀ ਬਾਜ਼ੀ ਇਹ ਮਾਰ ਬੈਠਾ।
ਤਮੰਨਾ ਆਪਣੀ ਸਿਰਫ਼ ਵਿੱਚ ਵਾੜ ਦਿਲ ਦੇ,
ਭੁਲਾ ਕੇ ਸੁੱਧ ਬੁੱਧ, ਆਪਣੇ ਯਾਰ ਬੈਠਾ।
ਮਰਜ਼ ਵਧੀ ਤੇ ਫ਼ੇਰ ਲਾਇਲਾਜ ਹੋ ਗਈ,
ਦਿਲ ਤੇ ਮਰਜ਼ੀ ਨੇ ਜਦੋਂ ਇੱਕ ਵਾਰ ਕੀਤਾ।
ਪੈਰ ਪੈਰ ਤੇ ਪਾਏ ਉਸ ਉਹ ਪੁਆੜੇ,
ਤਹਿਸ ਨਹਿਸ ਫੇਰ ਇਸਦਾ ਵਕਾਰ ਕੀਤਾ।
ਨਿਭਾਵੇ ਕਿਸ ਨਾਲ ਤੇ ਕਿਸ ਤੋਂ ਮੂੰਹ ਮੋੜੇ,
ਗਿਆ ਰਗੜਿਆ ਪੁੜਾਂ ਵਿਚਕਾਰ ਐਸਾ।
ਤਮੰਨਾ ਇਸ ਪਾਸੇ ਤੇ ਮਰਜ਼ੀ ਉਸ ਪਾਸੇ,
ਬੇੜਾ ਡੋਲਿਆ ਵਿੱਚ ਮੰਝਧਾਰ ਐਸਾ।
ਮਰਜ਼ੀ ਕਹੇ ਤੂੰ ਮੈਥੋਂ ਨੀ ਭੱਜ ਸਕਦਾ,
ਰਹਿ ਮੇਰਾ ਤੂੰ ਸਦਾ ਦਿਲਦਾਰ ਬਣਕੇ।
ਮੈਂ ਤੇਰੀ ਹਾਂ ਤੇ ਤੂੰ ਹੈ ਮੇਰਾ ਸੱਜਣਾ,
ਤੂੰ ਹੈਂ ਗਹਿਣਾ ਤੇ ਮੇਰਾ ਸ਼ਿੰਗਾਰ ਸਦਕੇ।
ਨਹੀਂ ਹਿੱਲ ਸਕਦਾ ਇੱਕ ਇੰਚ ਵੀ ਤੂੰ,
ਜਦੋਂ ਤੱਕ ਨਾ ਮਿਲੇ ਮੇਰੀ ਇਜਾਜ਼ਤ।
ਕਰ ਮਿੰਨਤਾਂ ਤੇ ਭਾਵੇਂ ਹੁਣ ਪਾ ਤਰਲੇ,
ਕਰਨੀ ਪੈਸੀ ਹੁਣ ਤੈਨੂੰ ਮੇਰੀ ਇਬਾਦਤ।
ਮੈਂ ਵੀ ਇਜਾਜ਼ਤ ਹਾਂ ਮੈਨੂੰ ਨਾ ਘੱਟ ਸਮਝੀਂ,
ਮੇਰੇ ਸਾਹਮਣੇ ਕੀ ਤਮੰਨਾ ਤੇ ਕੀ ਮਰਜ਼ੀ।
ਮੇਰਾ ਇਸ਼ਕ ਹੈ ਗੂੜ੍ਹਾ ਤੇ ਪੁਰ ਹਕੀਕੀ,
ਸਮਝ ਬੈਠੀਂ ਨਾ ਇਸ ਨੂੰ ਕਦੀ ਫ਼ਰਜ਼ੀ।
ਕੋਈ ਤਰਸ ਨਾ ਕਰੇ ਨਾ ਯਕੀਨ ਇਸਤੇ,
ਪਿਆਰ ਸੱਚਾ ਇਹ ਕਿਸ ਨੂੰ ਜਤਾਏ ਜਾਕੇ।
ਦੇਵੇ ਤਸੱਲੀਆਂ ਭਾਵੇਂ ਇਹ ਲੱਖ ਵਾਰੀ,
ਭਾਵੇਂ ਲੱਖਾਂ ਹੀ ਤਰਲੇ ਇਹ ਪਾਏ ਜਾਕੇ।
ਜਦੋਂ ਤਿੰਨਾਂ ਨੇ ਜੀਣਾ ਹਰਾਮ ਕੀਤਾ,
ਫੇਰ ਭੱਜ ਕੇ ਸ਼ਾਂਤੀ ਦੇ ਦੁਆਰ ਪਹੁੰਚਾ।
ਕਹੇ ਰੱਖ ਲੈ ਮੈਨੂੰ ਤੂੰ ਜਾਣ ਅਪਣਾ,
ਮੈਂ ਭੁੱਲਿਆ ਭਟਕਿਆ ਖੁਆਰ ਪਹੁੰਚਾ।
ਨਹੀਂ ਮਿਲਦੀ ਮੈਨੂੰ ਹੁਣ ਕਿਤੇ ਢੋਈ,
ਬਚਾ ਲੈ, ਸਾਂਭ ਲੈ ਗਲ਼ੇ ਲਗਾ ਮੈਨੂੰ।
ਛੁਡਾ ਦੇ ਤਿੰਨਾਂ ਬਲਾਵਾਂ ਤੋਂ ਪਿੱਛਾ ਮੇਰਾ,
ਸੱਚੇ ਪਿਆਰ ਦਾ ਸਬਕ ਪੜ੍ਹਾ ਮੈਨੂੰ।
ਸ਼ਾਂਤੀ ਕਹੇ ਹੁਣ ਨਹੀਂ ਹੈ ਵੱਸ ਮੇਰੇ,
ਤੇਰੇ ਦਿਲ ਨੂੰ ਕੋਈ ਧਰਵਾਸ ਦੇਣਾ।
ਤੈਨੂੰ ਕੀਤੇ ਦਾ ਫਲ ਪਊ ਭੁਗਤਣਾ ਹੁਣ,
ਇਹਨਾਂ ਰਲ ਹੁਣ ਤੈਨੂੰ ਬਣਵਾਸ ਦੇਣਾ।
ਤੇਰੀ ਝੌਂਪੜੀ ਬਣੂੰ ਹੁਣ ਵਿੱਚ ਵਣ ਦੇ,
ਜਿੱਥੇ ਬੰਦਾ ਨਾ ਬੰਦੇ ਦੀ ਜ਼ਾਤ ਲੱਭੂ।
ਰਹੇਂ ਤਰਸਦਾ ਜਿੱਥੇ ਹੁਣ ਟੁਕੜਿਆਂ ਨੂੰ,
ਮੰਗਣ ਵਾਸਤੇ ਨਾ ਤੈਨੂੰ ਖ਼ੈਰਾਤ ਲੱਭੂ।
ਦਰ ਦਰ ਦੇ ਭਟਕਣੇ ਨਾਲੋਂ ਜੇ ਤੂੰ,
ਇੱਕ ਦਰ ਦਾ ਹੋਕੇ ਕਦੀ ਬਹਿ ਜਾਂਦਾ।
ਹੁਣ ਬਹੁਤਿਆਂ ਦੁਖੜਿਆਂ ਦੇ ਝੱਲਣੇ ਤੋਂ,
ਇੱਕ ਅੱਧਾ ਹੀ ਦੁਖੜਾ ਤੂੰ ਸਹਿ ਜਾਂਦਾ।
ਹੁਣ ਤੇ ਰੱਬ ਹੀ ਕਰੇਗਾ ਤੇਰੀ ਖ਼ਲਾਸੀ,
ਹੋਰ ਕਿਸੇ ਦੇ ਨਹੀਂ ਹੁਣ ਵੱਸ ਸੱਜਣਾ।
ਹੱਦ ਹੁੰਦੀ ਹੈ ਸਦਾ ਹੀ ਹਰ ਗੱਲ ਦੀ,
ਹਰ ਪਾਸੇ ਨੂੰ ਛੱਡਦੇ ਹੁਣ ਤੂੰ ਭੱਜਣਾ।
ਟਿਕ ਬਹਿ ਕੇ ਹੁਣ ਤੇ ਸਬਕ ਸਿੱਖ ਲੈ,
ਟੇਕ ਮੱਥਾ ਤੇ ਭੁੱਲ ਬਖਸ਼ਾ ਰੱਬ ਤੋਂ।
ਭੁੱਲ ਜਾ ਹੁਣ ਸਾਰੇ ਉਹ ਕੰਮ ਪੁੱਠੇ,
ਚੰਗੇ ਰਸਤੇ ਦੀ ਕਦਰ ਬੱਸ ਪਾ ਅੱਜ ਤੋਂ।
12/03/2015

ਬੋਲੀ ਅਤੇ ਵਿਰਸਾ
ਰਵਿੰਦਰ ਸਿੰਘ ਕੁੰਦਰਾ,  ਯੂ. ਕੇ.

ਜਿਨ੍ਹਾਂ ਪੰਛੀਆਂ ਆਪਣੀ ਉਡਾਨ ਛੱਡੀ,
ਨਾ ਉਹ ਟਾਹਣ ਦੇ ਰਹੇ ਨਾ ਆਲ੍ਹਣੇ ਦੇ।
ਭੁੱਲ ਗਏ ਉਹ ਬੱਦਲਾਂ ਦਾ ਸੰਗ ਕਰਨਾ,
ਰਹੇ ਕਾਬਲ ਨਾ ਪੌਣਾਂ ਸੰਗ ਗਾਵਣੇ ਦੇ।
ਪਹੁ ਫੁੱਟਣ ਤੇ ਚਿੜੀ ਜੇ ਨਾ ਚੂਕੇ,
ਚੀਂ ਚੀਂ ਕਰਨ ਦੀ ਆਪਣੀ ਉਹ ਜਾਚ ਭੁੱਲੇ।
ਲੱਗੇ ਕਰਨ ਉਹ ਨਕਲ ਕਦੀ ਘੁੱਗੀਆਂ ਦੀ,
ਆਪਣੀ ਅਸਲੋਂ ਹੀ ਸਾਰੀ ਔਕਾਤ ਭੁੱਲੇ।
ਘੁੱਗੀਆਂ ਦਾ ਸਦਾ ਘੁੱਗੂੰ ਘੂੰ ਕਰਨਾ,
ਨਹੀਂ ਜੱਗ ਤੋਂ ਰਿਹਾ ਕਦੀ ਭੁੱਲਿਆ ਇਹ।
ਕਬੂਤਰ ਗੁਰੜਘੂੰ ਕਹਿਣ ਵਿੱਚ ਮਾਹਿਰ ਸਦਾ,
ਹੋਰ ਪੰਛੀ ਬਰਾਬਰ ਨਾ ਤੁੱਲਿਆ ਇਹ।
ਕਾਂ ਭੁੱਲ ਕੇ ਵੀ ਕਾਂ ਨਹੀਂ ਕਿਹਾ ਜਾਂਦਾ,
ਜੇ ਕਾਂ ਕਾਂ ਦੀ ਰੌਲੀ ਨਾ ਪਾਵੇ ਕਦੀ।
ਕੋਇਲ ਮਿਠੜੀ ਨਹੀਂ ਕਿਸੇ ਨੂੰ ਭਾਅ ਸਕਦੀ,
ਜੇਕਰ ਬਿਰਹਾ ਦੇ ਗੀਤ ਨਾ ਗਾਵੇ ਕਦੀ।
ਕਲੀਆਂ ਕਦੀ ਨਾ ਆਪਣੀ ਮਹਿਕ ਦੇਵਣ,
ਜੇਕਰ ਭੰਵਰੇ ਨਾ ਉਨ੍ਹਾਂ ਤੋਂ ਜਾਣ ਸਦਕੇ।
ਅੰਮ੍ਰਿਤ ਬੂੰਦ ਨਾ ਟਪਕੇ ਬਬੀਹੇ ਦੇ ਲਈ,
ਕਰੇ ਪੁਕਾਰ ਨਾ ਜੇਕਰ ਉਹ ਉੱਠ ਤੜਕੇ।
ਕੁਦਰਤ ਕਾਦਰ ਨੇ ਅਨੋਖੀ ਹੈ ਸਾਜ ਰੱਖੀ,
ਜਿਸ ਵਿੱਚ ਬੋੱਲੀ ਦੀ ਸਾਂਝ ਹੈ ਬੜੀ ਪੱਕੀ।
ਸਮਝਣ ਆਪਣੇ ਹਾਵ ਤੇ ਭਾਵ ਤਾਂਹੀ,
ਜੇਕਰ ਭੁੱਲਣ ਨਾ ਆਪਣੀ ਉਹ ਗੱਲਬਾਤ ਸੱਚੀ।
ਪਛਾਣ ਹਰ ਜੀਵ ਦੀ ਬੋਲੀ ਦੇ ਨਾਲ ਬੱਝੀ,
ਬਿਨਾ ਬੋਲੀ ਤੋਂ ਸਭ ਬੇਕਾਰ ਹੈ ਜੀ।
ਭੁੱਲ ਜਾਣ ਉਹ ਆਪਣੀ ਜ਼ੁਬਾਨ ਜੇਕਰ,
ਜੀਣਾ ਉਨ੍ਹਾਂ ਦਾ ਫੇਰ ਦੁਰਕਾਰ ਹੈ ਜੀ।
26/01/2015

 

ਅੰਬ ਖਾਣੇ ਕਿ ਦਰੱਖਤ ਗਿਣਨੇ
ਰਵਿੰਦਰ ਸਿੰਘ ਕੁੰਦਰਾ

ਚੂਪੀ ਜਾਹ ਤੂੰ ਅੰਬ ਸੰਧੂਰੀ, ਦਿਨ ਰਾਤੀਂ ਬੁੱਲੇ ਵੱਢੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।

ਬਹੁਤੇ ਚੱਕਰਾਂ ਦੇ ਵਿੱਚ ਪੈਕੇ, ਤੰਗ ਨਾ ਅਪਣੇ ਦਿਲ ਨੂੰ ਕਰ ਤੂੰ,
ਪਿਆਰ ਵਫ਼ਾ ਅੱਜ ਕੋਈ ਸ਼ੈਅ ਨਹੀਂ, ਸਦਮੇਂ ਤਕੜਾ ਹੋਕੇ ਜਰ ਤੂੰ।
ਛੱਡ ਦੇ ਭਲੇ ਦਿਨਾਂ ਦੀਆਂ ਆਸਾਂ, ਬੱਸ ਐਵੇਂ ਨਾ ਦੜ ਵੱਟੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।

ਜਿਨ੍ਹਾਂ ਨੂੰ ਤੂੰ ਦਿਲ ਜਾਨ ਤੋਂ ਚਾਹੇਂ, ਨਹੀਂ ਰਹਿਣਗੇ ਤੇਰੇ ਬਣਕੇ,
ਇੱਥੇ ਕੋਈ ਕਦਰਦਾਨ ਨਹੀਂ, ਅਸੂਲੋਂ ਨੇ ਸਭ ਥੋਥੇ ਛਣਕੇ।
ਕਦਰ ਲਈ ਉਮੀਦ ਲਗਾਣਾ, ਅਸਲੋਂ ਹੀ ਤੂੰ ਛੱਡੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।

ਅੱਕੀਂ ਚੜ੍ਹਨ ਪਲ਼ਾਹੀਂ ਉੱਤਰਨ, ਐਸੇ ਬੜੇ ਨੇ ਯਾਰ ਪਿਆਰੇ,
ਸਾਈਆਂ ਕਿਤੇ ਵਧਾਈਆਂ ਕਿਧਰੇ, ਰੰਗ ਦਿਖਾਵਣ ਨਿੱਤ ਨਿਆਰੇ।
ਆਪਣੀ ਪੈੜ ਬਚਾ ਕੇ ਤੁਰ ਤੂੰ, ਦੂਜੇ ਦੀ ਪੈੜ ਨਾ ਕੱਢੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।

ਬੁਰਾ ਕਿਤੇ ਦਿਸ ਜਾਵੇ ਹੁੰਦਾ, ਬੰਦ ਅੱਖਾਂ ਨੂੰ ਕਰ ਲੈ ਸੱਜਣਾ,
ਜੇਕਰ ਕੋਈ ਮੰਦਾ ਬੋਲੇ, ਕੰਨ ਤੇ ਉਂਗਲ਼ੀ ਧਰ ਲੈ ਸੱਜਣਾ।
ਜੇ ਦਿਲ ਕਰੇ ਕੋਈ ਗੱਲ ਕਹਿਣ ਨੂੰ, ਜ਼ੁਬਾਨ ਦੰਦਾਂ ਵਿੱਚ ਦੱਬੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।

ਨਾ ਕਰ ਐਵੇਂ ਪੱਕੇ ਵਾਅਦੇ, ਨਾ ਹਿੱਕ ਥਾਪੜ ਕਰ ਤੂੰ ਦਾਅਵੇ,
ਜਦ ਕਿਸੇ ਨੇ ਧੋਖਾ ਕੀਤਾ, ਤੇਰੇ ਪੱਲੇ ਆਉਣਗੇ ਹਾਅਵੇ।
ਕਿਉਂ ਕਰਦਾ ਏਂ ਦਿਲ ਨੂੰ ਥੋਹੜਾ, ਵਾਅਦੇ ਦਾਅਵੇ ਛੱਡੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।

ਜਿਸ ਭਾਅ ਵਿਕਦੀ ਝੱਟ ਹੀ ਲੈ ਲਾ, ਇਹ ਵੀ ਨਾ ਹੱਥੋਂ ਖੁਸ ਜਾਵੇ,
ਥੋੜੀ ਛੱਡ ਬਹੁਤੀ ਨੂੰ ਭੱਜਿਆਂ, ਥੋੜ੍ਹੀ ਵੀ ਨਾ ਕੋਈ ਲੁੱਟ ਜਾਵੇ।
ਚੜ੍ਹ ਗਏ ਭਾਅ ਤਾਂ ਹੱਥ ਮਲੇਂਗਾ, ਹੁਣ ਲੱਗਦੇ ਭਾਅ ਹੀ ਲੱਦੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।

ਚੂਪੀ ਜਾਹ ਤੂੰ ਅੰਬ ਸੰਧੂਰੀ, ਦਿਨ ਰਾਤੀਂ ਬੁੱਲੇ ਵੱਢੀ ਜਾਹ,
ਕੀ ਕਰਨਾ ਦਰੱਖਤਾਂ ਨੂੰ ਗਿਣ ਕੇ, ਬੱਸ ਪੱਕੇ ਅੰਬ ਤੂੰ ਲੱਭੀ ਜਾਹ।
12/11/2014

 

ਅਣਖ ਨੂੰ ਵੰਗਾਰ
ਰਵਿੰਦਰ ਸਿੰਘ ਕੁੰਦਰਾ

ਕਲੀਆਂ ਟੁੱਟ ਜਾਣ ਜੇਕਰ ਡਾਲੀਆਂ ਤੋਂ,
ਦੁੱਖ ਉਸ ਤੋਂ ਪੌਦੇ ਨੂੰ ਹੋਵੇ ਕੋਈ।
ਹੋਰ ਕੌਣ ਇਸ ਦਰਦ ਨੂੰ ਸਮਝ ਸਕੇ,
ਦੁੱਖ ਪੌਦੇ ਦਾ ਹੋਰ ਕਿਵੇਂ ਸਹੇ ਕੋਈ।
ਬੋਟ ਕੋਈ ਜੋ ਪੰਛੀ ਦੇ ਆਹਲਣੇ ਚੋਂ,
ਲੁੜਕ ਤੜਪ ਜ਼ਮੀਨ ਤੇ ਆਣ ਡਿੱਗੇ।
ਪੁੱਛੋ ਪੰਛੀ ਦੇ ਹਿਰਦੇ ਨੂੰ ਹੱਥ ਲਾਕੇ,
ਨੈਣ ਕਿੰਨੇ ਕੁ ਹੰਝੂਆਂ ਨਾਲ ਭਿੱਜੇ।
ਕਰੋ ਖਿਆਲ ਜ਼ਰਾ ਆਪਣੇ ਪੁੱਤਰਾਂ ਵੱਲ,
ਹੋਣ ਸੱਤ ਤੇ ਨੌਂ ਦੀ ਉਮਰ ਦੇ ਉਹ।
ਛੁੱਟੇ ਉਂਗਲੀ ਉਹਨਾਂ ਤੋਂ ਵਕਤ ਭੈੜੇ,
ਹੋਣ ਵੱਖ ਉਹ ਸਦਾ ਲਈ ਤੁਸਾਂ ਤੋਂ ਉਹ।
ਚਿਣੇ ਜਾਣ ਜੇ ਨੀਹਾਂ ਦੇ ਵਿੱਚ ਸੋਚੋ,
ਕਿਵੇਂ ਝੱਲੋਗੇ ਤੁਸੀਂ ਇਹ ਜ਼ੁਲਮ ਦੱਸੋ।
ਕਿਵੇਂ ਸਹੋਗੇ ਸੱਲ ਜਿੰਦਾਂ ਵਿੱਛੜੀਆਂ ਦਾ,
ਕਿਵੇਂ ਜੀਓਗੇ ਜ਼ਿੰਦਗੀ ਤੁਸੀਂ ਦੱਸੋ।
ਧੰਨ ਜਿਗਰਾ ਸੀ ਮਾਸੂਮ ਜਿੰਦੜੀਆਂ ਦਾ,
ਜਿਨ੍ਹਾਂ ਧਰਮ ਤੇ ਕੌਮ ਦੀ ਆਨ ਖਾਤਰ।
ਨਹੀਂ ਜ਼ੁਲਮ ਨੂੰ ਕਤਈ ਕਬੂਲ ਕੀਤਾ,
ਭਾਵੇਂ ਕੰਧਾਂ ਵਿੱਚ ਚਿਣੇ ਗਏ ਸ਼ਾਨ ਖਾਤਰ।
ਰਹੇ ਚੜ੍ਹਦੀ ਕਲਾ ਵਿੱਚ ਆਖਰੀ ਦਮ ਤੱਕ,
ਜੈਕਾਰੇ ਜਿੱਤ ਦੇ ਹਮੇਸ਼ਾ ਉਹ ਲਾਂਵਦੇ ਰਹੇ।
ਠੁਕਰਾ ਕੇ ਲਾਲਚ ਉਹ ਜ਼ਿੰਦਗੀ ਦੇ ਸਭ ਹੀ,
ਜ਼ਾਲਮ ਨੂੰ ਹੱਸ ਕੇ ਠੁੱਠ ਵਿਖਾਂਵਦੇ ਰਹੇ।
ਕਿਉਂ ਭੁੱਲ ਬੈਠੇ ਅਸੀਂ ਉਨ੍ਹਾਂ ਜੋਧਿਆਂ ਨੂੰ,
ਕਿਉਂ ਖੂਨ ਸਾਡਾ ਅੱਜ ਖੌਲਦਾ ਨਹੀਂ।
ਕਿੱਥੇ ਗਿਆ ਉਹ ਸਿਦਕ ਤੇ ਜੋਸ਼ ਸਾਡਾ,
ਕਿਉਂ ਸਿੱਖ ਇਤਿਹਾਸ ਅੱਜ ਫੋਲਦਾ ਨਹੀਂ।
ਕਿਉਂ ਜ਼ਮੀਰ ਆਪਣੀ ਅੱਜ ਮਾਰ ਅਸੀਂ,
ਰਸਤੇ ਬੁਜ਼ਦਿਲੀ ਦੇ ਵੱਲ ਅਸੀਂ ਚੱਲ ਪਏ।
ਕਿਉਂ ਪਸ਼ੂਆਂ ਤੇ ਪੰਛੀਆਂ ਤੋਂ ਹੋ ਬਦਤਰ,
ਢਹਿੰਦੀਆਂ ਕਲਾਂ ਦੇ ਵੱਲ ਅਸੀਂ ਠੱਲ ਪਏ।
ਮੌਕਾ ਅਜੇ ਵੀ ਹੈ ਕਿ ਸੰਭਲ ਜਾਈਏ,
ਰੁੜ੍ਹਦੀ ਬੇੜੀ ਨੂੰ ਆਓ ਬਚਾ ਲਈਏ।
ਸਬਕ ਸਿੱਖ ਮਾਸੂਮ ਉਨ੍ਹਾਂ ਜਿੰਦੜੀਆਂ ਤੋਂ,
ਸਿੱਖ ਹੋਣ ਦਾ ਫਰਜ਼ ਨਿਭਾ ਦੇਈਏ।
ਸ਼ਾਨ ਸਿੱਖੀ ਦੇ ਸੁੰਦਰ ਇਤਿਹਾਸ ਦੇ ਲਈ,
ਜ਼ਿੰਦਗੀ ਕੌਮ ਦੇ ਲੇਖੇ ਅੱਜ ਲਾ ਦਈਏ।
ਪੈਦਾ ਕਰੀਏ ਫੇਰ ਉਹ ਜਜ਼ਬਾ ਮੁੜਕੇ,
ਨਾਮ ਕੌਮ ਦਾ ਫੇਰ ਚਮਕਾ ਦਈਏ।

ਰਵਿੰਦਰ ਸਿੰਘ ਕੁੰਦਰਾ
25
/12/13

 

 


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com