|
ਨਵੇਂ ਸਾਲ
ਤੇ……
-
ਸੁਰਿੰਦਰ ਮਾਹਲ (ਲੈੱਸਟਰ)
ਕਿਹੋ ਜਿਹਾ ਯਾਰੋ ਨਵਾਂ ਚੜ੍ਹਿਆ ਇਹ ਸਾਲ ਹੈ।
ਸੋਚਾਂ ‘ਚ ਤੁਫਾਨ ਹਰ ਦਿਲ ‘ਚ ਭੁਚਾਲ਼ ਹੈ।
ਖੁਸ਼ੀਆਂ ਉਹ ਲੁੱਟ ਸਾਡੇ ਰੋਣੇ ਪੱਲੇ ਪਾ ਗਏ।
ਆਸਾਂ ਦਾ ਮਹੱਲ ਇੱਕੋ ਠੁੱਡੇ ਨਾਲ ਢਾਅ ਗਏ।
ਸਾਡੀ ਬਰਬਾਦੀ ਲਈ ਹੀ ਬੁਣਿਆਂ ਏਹ ਜਾਲ਼ ਹੈ
ਕਿਹੋ ਜਿਹਾ ਯਾਰੋ………
ਲੱਗਦਾ ਮੁਹੱਬਤਾਂ ਦਾ ਆਇਆ ਹੁਣ ਖੌ ਹੈ।
ਇਹਨੂੰ ਕਹਿੰਦੇ ਜ਼ੋਰਵਰਾਂ ਸੱਤੀਂ ਵੀਹੀਂ ਸੌ ਹੈ।
ਮਾੜਿਆਂ ਨਿਤਾਣਿਆਂ ਦਾ ਜਿਉਣਾ ਹੀ ਮੁਹਾਲ ਹੈ..
ਕਿਹੋ ਜਿਹਾ ਯਾਰੋ………
ਗੱਲਾਂ ਦੁੱਧ ਘਿਓ ਦੀਆਂ ਗਈਆਂ ਸੱਭ ਭੁੱਲ ਨੇ
ਮੋੜ ਮੋੜ ਉੱਤੇ ਠੇਕੇ ਨਵੇਂ ਗਏ ਖੁੱਲ੍ਹ ਨੇ
ਘਰ ਦੀਆਂ ਇੱਜ਼ਤਾਂ ਦਾ ਕਿਸਨੂੰ ਖ਼ਿਆਲ ਹੈ ..
ਕਿਹੋ ਜਿਹਾ ਯਾਰੋ………
ਗੁਰੂ, ਦੇਸ਼ ਭਗਤਾਂ ਦਾ ਨਾਮ ਵੇਚ ਖਾ ਲਿਆ ।
ਪੈਸਾ ਬੱਸ ਜੋੜਨਾ ਨਿਸ਼ਾਨਾ ਹੈ ਬਣਾ ਲਿਆ ।
ਲੁੱਟਣਾਂ ਹੀ ਅੱਜ ਹਰ ਆਗੂ ਦਾ ਕਮਾਲ ਹੈ…
ਕਿਹੋ ਜਿਹਾ ਯਾਰੋ………
ਮਾਹਲ ਮੰਗੇ ਖ਼ੈਰਾਂ ਕਿ ਪਿਆਰ ਰਹੇ ਵੱਸਦਾ।
ਵਿੱਚੋਂ ਲੀਰੋ ਲੀਰ ਭਾਵੇਂ ਉੱਤੋਂ ਲੱਗੇ ਹੱਸਦਾ।
ਪਿਆਰ ਹੀ ਮਨੁੱਖਤਾ ਲਈ ਬਣਨਾ ਮਸ਼ਾਲ ਹੈ…
ਭਾਵੇਂ ਸੋਚਾਂ ‘ਚ ਤੁਫਾਨ ਹਰ ਦਿਲ ‘ਚ ਭੁਚਾਲ਼ ਹੈ……
ਪਿਆਰ ਹੀ ਮਨੁੱਖਤਾ ਲਈ ਬਣਨਾ ਮਸ਼ਾਲ ਹੈ … |