ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ


ਏਥੇ ਪੌਣਾਂ ਵਗਣ ਕੁਪੱਤੀਆਂ

- ਡਾ ਅਮਰਜੀਤ ਟਾਂਡਾ (ਸਿਡਨੀ)

ਏਥੇ ਪੌਣਾਂ ਵਗਣ ਕੁਪੱਤੀਆਂ
ਕਿਹੜੇ ਸੂਰਜ ਕਰਾਂ ਪ੍ਰਣਾਮ
ਏਥੇ ਦੁਸ਼ਮਣ ਪਾਣੀ ਬਣ ਗਏ
ਕਿਹਨੂੰ ਸਿਜਦੇ ਕਰਾਂ ਸਲਾਮ

ਕਿਤੇ ਪਰਬਤ ਖ਼ੁਰਨ ਅਕਾਸ਼ ਵਿੱਚ
ਤੇ ਸਾਗਰ ਵਿਚ ਭੂਚਾਲ
ਬੈਠਾ ਲਾਸ਼ਾਂ ਗਿਣਦਾ ਚੰਨ ਇਕ
ਰੂਹਾਂ ਨੂੰ ਲਿਖਦਾ ਹਾਲ

ਸਮਾਂ ਹੋਇਆ ਬੇਖ਼ਬਰ ਸੀ
ਨਾ ਰਹੀ ਕਿਸੇ ਦੀ ਸਾਰ
ਰੱਬ ਰਿਹਾ ਵੱਟਦਾ ਆਂਦਰਾਂ
ਮਚੀ ਜੱਗ ਵਿਚ ਹਾਹਾਕਾਰ

ਦੀਪ ਸਜੇ ਬਨ੍ਹੇਰਿਆਂ
ਛੱਲਾਂ ਵਿਚ ਗਏ ਖ਼ਰ
ਗੀਤ ਸੁਆਏ ਹੱਸਦੇ
ਗਏ ਸਾਗਰ ਦੀ ਕੁੱਖ਼ ਮਰ

ਲ਼ੱਖ ਅੰਬਰੀ ਲਾਸ਼ਾਂ ਉੱਡੀਆਂ
ਤੱਟੀਂ ਲਹੂ ਦੇ ਚੜ੍ਹੇ ਤੂਫ਼ਾਨ
ਕਿਤਿਓਂ ਜ਼ਾਲਮ ਪਾਣੀ ਆਇਆ
ਝੱਟ ਪੂੰਝ ਗਿਆ ਅਸਮਾਨ

ਨਾ ਵਸਦਾ ਸਾਡੇ ਕੋਲ ਚੰਦ
ਨਾ ਸਾਹ ਇੱਕ ਸਾਡੀ ਜ਼ਿੰਦ
ਸੱਭ ਚਾਰ-ਚੁਫ਼ੇਰੇ ਲਾਸ਼ਾਂ
ਗਿਣਤੀ ਵਧੀ ਪਲ ਤੇ ਬਿੰਦ

ਹਿੱਕ ਧਰਤੀ ਦੀ ਪਾਟ ਗਈ
ਨੀਲਾ ਅੰਬਰ ਕੰਬਿਆ
ਹਰ ਪਾਸੇ ਲਾਸ਼ਾਂ ਵਿਛ ਗਈਆਂ
ਗਿਆ ਸਾਗਰ ਰੰਗਿਆ

ਇਹ ਪਾਣੀ ਜਿੱਧਰੋਂ ਲੰਘਦੇ
ਸਦਾ ਕਬਰਾਂ ਗਿਣਦੇ
ਇਹ ਹਨ ਪਿੱਤਰਾਂ ਦੇ ਪਿੰਡ ਦੇ
ਨਿੱਤ ਹਿੱਕਾਂ ਮਿਣਦੇ

ਦਿਨ ਚਾਰ ਗਏ ਸਨ ਛੁੱਟੀਆਂ
ਤੇ ਦੇਖਣ ਤੇਰੇ ਰੰਗ
ਬਿਨ ਲਾਸ਼ ਸੁਨੇਹੇ ਆ ਗਏ
ਤੇ ਟੁੱਟੀ ਲੱਭੀ ਵੰਗ

ਏਥੇ ਹੱਸਦੇ ਖੇਡਦੇ ਰਾਤ ਦਿਨ
ਪਲੀਂ ਜਾਂਦੇ ਸਾਗਰ ਖਾ
ਸੀਨੇ ਰੱਖ ਕੇ ਫੁੱਲ ਗੁਲਾਬ ਇੱਕ
ਝੱਟ ਦੇਣ ਸੂਰਜ ਦਫ਼ਨਾ

ਕਿਹਨੂੰ ਦੱਸਾਂ ਚੀਸਾਂ ਆਂਦਰੀਂ
ਕਿਹਨੂੰ ਹਿੱਕ ਵਖਾਵਾਂ ਖੋਲ੍ਹ
ਕਿਹੜਾ ਦਰਦ ਵੰਡਾਵੇ ਕਿਸੇ ਦਾ
ਕੀਹਦੇ ਚੁੰਮ ਲਾਂ ਮਾਖ਼ੇ ਬੋਲ

ਏਥੇ ਕਿਸੇ ਨੂੰ ਖ਼ਬਰ ਸਾਰ ਨਾ
ਕਿਹੜੇ ਘਰ ਵਿਚ ਸੁੱਤਾ ਰੱਬ
ਕਿੱਥੇ ਮੱਮਤਾ ਰੁਲਦੀ ਥੱਕ ਕੇ
ਤੇ ਦਰ ਤੇ ਸੁੱਤੀ ਅੱਗ

ਏਥੇ ਦੁੱਖ ਨੇ ਰੂਹਾਂ ਸਾਰੀਆਂ
ਏਥੇ ਸੋਗੀ ਫਿਰਦੇ ਦਿਨ
ਏਥੇ ਰੀਝਾਂ ਡਾਹ ਕੇ ਚੁੱਲ੍ਹੇ
ਰੁੱਖ਼ ਲੈਣ ਸ਼ਾਮ ਨੂੰ ਰਿੰਨ੍ਹ

ਏਥੇ ਪਾਣੀ ਅਉਂਦੇ ਖੌਲਦੇ
ਤੇ ਚੜ੍ਹ ਜਾਂਦੇ ਅਸਮਾਨ
ਏਥੇ ਪਲ ਵਿਚ ਹਿੱਲਣ ਧਰਤੀਆਂ
ਆਵੇ ਮੁੱਠੀ ਦੇ ਵਿਚ ਜਾਨ

ਓਏ ਨਵੇਂ ਸਾਲ ਦਿਆ ਸੂਰਜਾ
ਆਹ ਬਹਿ ਜਾ ਦੋ ਪਲ ਕੋਲ
ਤੇ ਏਸ ਕੁਪੱਤੀ ਰੁੱਤ ਵਿਚ
ਦੋ ਸੀਨੇ ਲਈਏ ਖ਼ੋਲ੍ਹ

ਭਲਾ ਹੁੰਦਾ ਨਾ ਤੂੰ ਆਉਂਦਾ
ਤੇ ਰਹਿੰਦਾ ਤਹਾਂ 2
ਜਦ ਗੋਦੀ ਲਾਸ਼ਾਂ ਸੁੱਤੀਆਂ
ਕਿੰਜ਼ ਆਣ ਨੂੰ ਅੰਦਰ ਕਹਾਂ

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][